ਅਣਗੌਲਿਆ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ - ਕੁਲਬੀਰ ਸਿੰਘ ਸਿੱਧੂ ਆਈ. ਏ. ਐੱਸ. (ਰਿਟਾ.)


ਮਨੁੱਖਤਾ ਦੇ ਇਤਿਹਾਸ ਵਿੱਚ ਰੱਬ ਦੇ ਬੰਦਿਆਂ ਦੀ ਤਕਦੀਰ ਤੇ ਤਦਬੀਰ ਦੀ ਵੀ ਇੱਕ ਅਨੋਖੀ ਹੀ ਕਹਾਣੀ ਹੈ। ਰੱਬੀ ਰਜ਼ਾ ਦੀ ਇੱਕ ਅਲੌਕਿਕ ਸਿਮਤ ਇਹ ਵੀ ਹੈ ਕਿ ਮਨੁੱਖਤਾ ਦੇ ਲਿਖੇ ਇਤਿਹਾਸ ਵਿੱਚ ਈਸਾ ਮਸੀਹ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਹੱਕ-ਸੱਚ ਦੇ ਰਖਵਾਲਿਆ ਨੂੰ ਸੂਲ੍ਹੀ ਤੇ ਚੜ੍ਹਣਾ ਪਿਆ ਹੈ। ਪਰ ਇਹ ਵੀ ਕੁਦਰਤ ਦੀ ਵਿਡੰਬਣਾ ਹੈ ਕਿ ਜਿਹੜੀ ਲੋਕਾਈ ਦੇ ਲਈ ਉਹ ਮਸੀਹਾ ਬਣ ਕੇ ਆਏ; ਉਸ ਦੁਨੀਆਂ ਨੇ ਹੀ ਉਨ੍ਹਾਂ ਨੂੰ ਆਪਣੀ ਬੇਰੁਖ਼ੀ ਅਤੇ ਆਪਣੀ ਅਕ੍ਰਿਤਘਣਤਾ ਦੇ ਕਾਰਨ ਉਨ੍ਹਾਂ ਨੂੰ ਢੇਰ ਚਿਰ ਅਣਗੌਲੇ ਰੱਖ ਕੇ ਵਿਸਾਰ ਦਿੱਤਾ।

ਇਕ ਪਾਸੇ ਦੁਨੀਆਂ ਇਹ ਵੀ ਕਹਿੰਦੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ-ਮੁਰੀਦਾਂ ਨੂੰ ਵਿਸਾਰ ਦਿੰਦੀਆਂ ਹਨ, ਉਹ ਵੀ ਸਫਾ ਹਸਤੀ ਤੋਂ ਮਿਟ ਜਾਂਦੀਆਂ ਹਨ। ਪਰ ਇਸ ਦੇ ਬਾਵਜੂਦ ਵੀ ਪਤਾ ਨਹੀਂ ਇਹ ਕਿਹੋ ਜਿਹੀ ਇਲਾਹੀ ਰਜਾ ਹੈ ਕਿ ਈਸਾ ਮਸੀਹ ਤੋਂ ਲੈ ਕੇ ਅਜੋਕੇ ਸਮੇਂ ਤੱਕ ਕੌਮ ਦੇ ਸ਼ਹੀਦਾਂ-ਮੁਰੀਦਾਂ ਨੂੰ ਦੁਨੀਆਂ ਨੇ ਅਕਸਰ ਭੁਲਾਇਆ ਤੇ ਵਿਸਾਰਿਆ ਹੀ ਹੈ। ਹਾਂ! ਇੰਨਾਜ਼ਰੂਰ ਹੈ ਕਿ ਕਦੇ-ਕਦੇ ਕੁੱਝ ਮਜਬੂਰੀ ਮਾਤਰ ਸ਼ਹੀਦੀ ਪਹਿਰਿਆਂ ਦੇ ਤਹਿਤ ਕਿਸੇ ਵਿਖਾਵੇ ਵਜੋਂ ਅਸੀਂ ਕੌਮੀ ਦਿਹਾੜੇ ਜਾਂ ਸ਼ਤਾਬਦੀਆਂ ਮਨਾਉਣ ਵੇਲੇ ਆਪਣੇ ਭਾਸ਼ਣਾਂ ਅਤੇ ਦਮਗਜਿਆਂ ਵਿੱਚ ਸ਼ਹੀਦਾਂ ਦਾ ਕੋਈ ਜ਼ਿਕਰ ਛੇੜਦੇ ਹਾਂ। ਪਰ ਸਮੁੱਚੇ ਤੌਰ ਤੇ ਕੌਮ ਦੇ ਇਨ੍ਹਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਾਡੀ ਮਾਨਸਿਕਤਾ ਜਾਂ ਸਾਡੀ ਚੇਤਨਾ ਦਾ ਅੰਗ ਨਹੀਂ ਬਣਦੀਆਂ।

--ਤੇ ਆਖਿਰ ਬੰਦਾ ਸਿੰਘ ਬਹਾਦਰ ਫੜਿਆ ਹੀ ਕਿਉਂ ਗਿਆ? - ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ


ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਕਾਰਣ ਬਹੁਤ ਸਾਰੇ ਲੇਖਕਾਂ ਅਤੇ ਵਿਦਵਾਨਾ ਨੇ ਇਤਿਹਾਸ ਦੀਆਂ ਅਨੇਕਾਂ ਪਰਤਾਂ ਨੂੰ ਮੁੜ ਤੋਂ ਫਰੋਲਦਿਆਂ, ਵਿਚਾਰ ਚਰਚਾ ਕਰਦਿਆਂ ਬਹੁਤ ਨਵੀਆਂ ਗੱਲਾਂ ਸੁਆਲੀਆ ਰੂਪ ਵਿੱਚ ਸਾਹਮਣੇ ਰੱਖੀਆਂ ਹਨ। ਲਿਖੇ ਹੋਏ ਅਤੇ ਲਿਖਾਏ ਹੋਏ ਇਤਿਹਾਸ ਦਾ ਅੰਤਰ ਮਹਿਸੂਸਦਿਆਂ ਜਿਆਦਾ ਲਿਖਾਰੀਆਂ ਇਤਿਹਾਸਿਕ ਹਵਾਲਿਆਂ ਨਾਲੋਂ ਗੁਰਮਤਿ ਸਿਧਾਂਤ ਅਤੇ ਗੁਰਮਤਿ ਫਿਲਾਸਫੀ ਦੇ ਦ੍ਰਿਸ਼ਟੀਕੋਣ ਨੂੰ ਉੱਪਰ ਰੱਖਿਆ ਹੈ ਜਿਸ ਨਾਲ ਭਵਿੱਖ ਵਿੱਚ ਇਤਿਹਾਸ ਦਾ ਮਿਥਿਹਾਸ ਬਣਨ ਤੋਂ ਠੱਲ ਪੈਣ ਦੇ ਆਸਾਰ ਨਜਰ ਆਉਣ ਲੱਗੇ ਹਨ। ਇਹ ਇੱਕ ਸਿਹਤਮੰਦ ਅਤੇ ਜਾਗਰੁਕਤਾ ਭਰਿਆ ਰੁਝਾਨ ਹੈ। ਗੁਰਮਤਿ ਦੀ ਕਸਵੱਟੀ ਤੇ ਪਰਖਦਿਆਂ ਗੁਰੂ ਕਾਲ ਨਾਲ ਸਬੰਧਤ ਲਿਖਿਆ ਗਿਆ ਇਤਿਹਾਸ ਵੀ ਜਿਆਦਾਤਰ ਦੂਜੇ ਮਜਹਬਾਂ ਦੀ ਰੀਸੇ ਕਰਿਸ਼ਮੇ ਭਰਪੂਰ ਆਕਰਸ਼ਣ ਵਾਲਾ ਮਿਥਿਹਾਸ ਹੀ ਜਾਪਣ ਲਗਦਾ ਹੈ, ਤਾਂ ਬਾਅਦ ਵਾਲੇ ਇਤਿਹਾਸ ਦਾ ਠੀਕ ਹੋਣਾ ਕਿੰਝ ਵਿਚਾਰਿਆ ਜਾ ਸਕਦਾ ਹੈ। ਗੁਰਮਤਿ ਸਿਧਾਂਤ ਤੋਂ ਸਖਣੇ, ਕੇਵਲ ਇਤਿਹਾਸਕ ਹਵਾਲਿਆਂ ਦੀ ਮਦਦ ਅਤੇ ਹਕੂਮਤਾਂ ਦੇ ਥਾਪੜੇ ਨਾਲ ਲਿਖੇ ਗਏ ਸਿੱਖ ਇਤਿਹਾਸ ਦਾ ਮੰਤਵ ਹੁਣ ਗੁੱਝਾ ਨਹੀਂ ਰਿਹਾ।