ਰਾਜਵਿੰਦਰ ਸਿੰਘ ਰਾਹੀ 98157-51332
ਸ਼ਹੀਦ ਕਰਤਾਰ ਸਿੰਘ ਸਰਾਭਾ, ਗਦਰ ਲਹਿਰ ਦਾ ਅਜਿਹਾ ਮਹਾਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ।
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿੱਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਪਹਿਲਾਂ ਪਿੰਡ ਵਿੱਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿੱਚ ਚੰਗੀਆਂ ਨੌਕਰੀਆਂ `ਤੇ ਲੱਗੇ ਹੋਏ ਸਨ।
ਮੇਰੇ ਸਾਹਮਣੇ ਇਹ ਸੁਆਲ ਹੈ ਕਿ ਉਹ ਕਿਹੜੇ ਸੰਸਕਾਰ ਸਨ, ਕਿਹੜਾ ਮਾਹੌਲ ਸੀ, ਤੇ ਕਿਹੜੇ ਹਾਲਾਤ ਸਨ? ਜਿਨ੍ਹਾਂ ਕਰ ਕੇ ਰਾਜਕੁਮਾਰਾਂ ਵਾਂਗ ਪਲਿਆ ਬੱਚਾ ਵੱਡਾ ਹੋ ਕੇ ਮਹਾਨ ਇਨਕਲਾਬੀ ਹੋ ਨਿਬੜਦਾ ਹੈ ਤੇ ਮੌਤ ਨੂੰ ਜਿਸ ਦਿੜ੍ਹਤਾ ਨਾਲ ਉਹ ਗਲੇ ਲਗਾਉਂਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਆਮ ਤੌਰ `ਤੇ, ਜਿਸ ਤਰ੍ਹਾਂ ਦੀ ਆਰਥਿਕ ਅਤੇ ਸਮਾਜੀ ਹੈਸੀਅਤ ਕਰਤਾਰ ਸਿੰਘ ਦੇ ਪਰਿਵਾਰ ਦੀ ਸੀ, ਅਜਿਹੇ ਪਰਿਵਾਰ ਵੇਲੇ ਦੀ ਹਕੂਮਤ ਦੇ ਖੈਰ ਖਵਾਹ ਹੁੰਦੇ ਹਨ ਤੇ ਹਕੂਮਤੀ ਮਿਲਵਰਤਨ ਉਨ੍ਹਾਂ ਲਈ ਤਰੱਕੀ ਦੀਆਂ ਪੌੜੀਆਂ ਬਣ ਜਾਂਦਾ ਹੈ। ਜਿਸ ਤਰ੍ਹਾਂ ਦੀ ਹੈਸੀਅਤ ਸ਼ਹੀਦ ਸਰਾਭੇ ਦੇ ਦਾਦੇ ਸ. ਬਚਨ ਸਿੰਘ ਦੀ ਸੀ, ਅਜਿਹੀ ਹੈਸੀਅਤ ਵਾਲੇ ਪਰਿਵਾਰਾਂ ਨੂੰ ਅੰਗਰੇਜ਼ਾਂ ਨੇ "ਸਰਦਾਰ ਬਹਾਦਰਾਂ" ਦੇ ਖਿਤਾਬ ਬਖਸ਼ ਰੱਖੇ ਸਨ। ਪਰ ਲਗਦਾ ਹੈ ਕਿ ਸ. ਬਚਨ ਸਿੰਘ ਦੇ ਪਰਿਵਾਰ ਨੇ ਅੰਗਰੇਜ਼ ਹਕੂਮਤ ਤੋਂ ਇੱਕ ਤਰ੍ਹਾਂ ਨਾਲ ਆਪਣੀ ਦੂਰੀ ਹੀ ਬਣਾ ਰੱਖੀ ਸੀ।
ਮਨੋਵਿਗਿਆਨੀਆਂ ਅਨੁਸਾਰ ਪਰਿਵਾਰ ਦੇ ਮੈਂਬਰਾਂ ਅਤੇ ਮਾਹੌਲ ਦਾ ਬੱਚੇ ਦੇ ਜਨਮ ਸਮੇਂ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਸਮੁੱਚਾ ਜੀਵਨ ਇੱਕ ਬਾਲਗ ਉੱਤੇ ਨਿਰਭਰ ਕਰਦਾ ਹੈ, ਬਾਲਗਾਂ ਵੱਲੋਂ ਜਥੇਬੰਦੀ ਅਤੇ ਨਿਰਦੇਸ਼ਤ ਹੁੰਦਾ ਹੈ। ਬਹੁਤ ਹੀ ਮੁੱਢਲੀ ਉਮਰ ਵਿੱਚ ਬੱਚਾ ਬਾਲਗਾਂ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਹ ਨਾ ਕੇਵਲ ਤੁਰਨਾ ਬੋਲਣਾ ਅਤੇ ਵਸਤੂਆਂ ਦੀ ਵਰਤੋਂ ਸਹੀ ਤੌਰ `ਤੇ ਕਰਨਾ ਸਿੱਖਦਾ ਹੈ, ਸਗੋਂ ਸੋਚਣਾ, ਮਹਿਸੂਸ ਕਰਨਾ ਅਤੇ ਆਪਣਾ ਖੁਦ ਦਾ ਵਰਤਾਓ ਕੰਟ੍ਰੋਲ ਕਰਨਾ ਸਿਖਦਾ ਹੈ।
ਪਰਿਵਾਰਕ ਸੰਸਕਾਰ ਅਤੇ ਮੁੱਢਲੀ ਸਿੱਖਿਆ ਵੀ ਬੱਚੇ ਦੀ ਸਖ਼ਸ਼ੀਅਤ ਨੂੰ ਘੜਨ ਡੌਲਣ ਵਿੱਚ ਕੇਂਦਰੀ ਭੂਮਿਕਾ ਅਦਾ ਕਰਦੇ ਹਨ। ਜਨਮ ਸਮੇਂ ਬੱਚੇ ਦਾ ਕੋਈ ਧਰਮ ਅਤੇ ਵਰਨ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਿਸੇ ਰਿਸ਼ਤੇ ਦਾ ਅਨੁਭਵ ਹੁੰਦਾ ਹੈ। ਉਦੋਂ ਨਾ ਉਹ ਕਿਸੇ ਸੱਭਿਆਚਾਰਕ ਭਾਣੇ ਦੀ ਤੰਦ ਹੁੰਦਾ ਹੈ। ਬੱਚੇ ਦਾ ਮਨ ਨਿਰਮਲ, ਨਿਰਮੋਹ ਅਤੇ ਸਭ ਕੁੱਝ ਵੱਲੋਂ ਅਟੰਕ ਹੁੰਦਾ ਹੈ। ਸਿਰਫ, ਅੰਤਰ ਪ੍ਰੇਰਣਾ ਦਾ ਅਧਾਰ ਬਣਦੀਆਂ ਕੁੱਝ ਕੁਰੀਤੀਆਂ ਜੋ ਇਸ ਨੂੰ ਵਿਰਸੇ `ਚ ਮਿਲੀਆਂ ਹੁੰਦੀਆਂ ਹਨ। ਫਿਰ ਜਿਸ ਮਾਹੌਲ `ਚ ਬੱਚਾ ਪਲਦਾ ਹੈ ਉਸ ਵਿੱਚ ਪ੍ਰਚਲਿਤ ਸੰਸਕਾਰ ਉਸ ਦੇ ਮਨ ਅੰਦਰ ਪਹਿਲਾਂ ਪੋਲੇ ਪੈਰੀ ਅਤੇ ਫਿਰ ਅਸਰਦਾਰ ਤਰੀਕੇ ਨਾਲ ਘਰ ਕਰਨ ਲੱਗਦੇ ਹਨ। ਇਹ ਅਗਾਂਹ ਚਲ ਕੇ, ਉਸ ਦੇ ਵਿਸ਼ਵਾਸ, ਉਸ ਦੇ ਅਕੀਦੇ, ਉਸ ਦੇ ਬੋਲਚਾਲ ਬਣ ਕੇ ਉਸ ਦੇ ਵਤੀਰੇ ਨੂੰ ਉਮਰ ਭਰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਜੋ ਕੁੱਝ ਵੀ ਜੀਵਨ ਦੇ ਮੁੱਢਲੇ ਪੱਖ ਵਿੱਚ ਮਨ ਅੰਦਰ ਸਮਾਉਂਦਾ ਹੈ ਉਹ ਅਤਿ ਪ੍ਰਭਾਵਕਾਰੀ ਹੁੰਦਾ ਹੈ ਅਤੇ ਉਸ ਦਾ ਜੀਵਨ ਭਰ ਆਵੇਗੀ ਤੀਬਰਤਾ ਨਾਲ ਪਾਲਣਾ ਹੁੰਦੀ ਹੈ। ਇਸੇ ਕਾਰਨ ਮੁੱਢਲੀ ਸਿੱਖਿਆ ਦਾ ਬਹੁਤ ਮਹੱਤਵ ਹੈ। 2
ਪਰਿਵਾਰ ਵੱਲੋਂ 8 ਕੁ ਸਾਲ ਦੀ ਉਮਰੋਂ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਈਮਰੀ ਸਕੂਲ ਵਿੱਚ ਪੜ੍ਹਨ ਪਾਇਆ ਗਿਆ। 4 ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅਗਾਂਹ ਪੰਜਵੀਂ ਦਾ ਵਰਨੈਕੁਲਰ ਸਕੂਲ ਗੁਜਰਵਾਲ ਵਿੱਚ ਸੀ, ਜੋ ਪਿੰਡੋਂ ਪੰਜ ਮੀਲ ਦੂਰ ਸੀ। ਪੰਜਵੀਂ ਵਿੱਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੰਡੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਇਥੇ ਇਹ ਗੱਲ ਵੀ ਖਾਸ ਤੌਰ `ਤੇ ਨੋਟ ਕਰਨ ਵਾਲੀ ਹੈ ਕਿ ਪਰਿਵਾਰ ਵੱਲੋਂ ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਹੀ ਦਾਖਲਾ ਕਰਵਾਇਆ ਜਾਂਦਾ ਹੈ, ਜੋ ਉਸ ਵਕਤ ਰਹਿਤ ਬਹਿਤ ਦੇ ਮਾਹੌਲ ਵਾਲਾ ਸਕੂਲ ਸੀ। ਜਦ ਕਿ ਉਸ ਵਕਤ ਲੁਧਿਆਣੇ ਵਿੱਚ ਈਸਾਈਆਂ ਦਾ ਮਿਸ਼ਨ ਸਕੂਲ, ਮੁਸਲਮਾਨਾਂ ਦਾ ਇਸਲਾਮੀਆ ਸਕੂਲ ਤੇ ਹਿੰਦੂਆਂ ਦਾ ਆਰੀਆ ਸਕੂਲ ਬਹੁਤ ਪੁਰਾਣੇ ਸਕੂਲ ਸਨ। ਖਾਲਸਾ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਿੱਖ ਬੱਚੇ ਵੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਸਨ। ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਕਾਇਮ ਰੱਖਣ ਲਈ ਸਿੱਖ ਦਾਨਿਸ਼ਵਰਾਂ ਨੇ 1905 ਵਿੱਚ ਖਾਲਸਾ ਸਕੂਲ ਚਾਲੂ ਕਰ ਦਿੱਤਾ ਸੀ।
ਸਕੂਲਾਂ ਵਿੱਚ ਅੱਠਵੀਂ ਤੱਕ ਤਾਂ ਉਰਦੂ ਪੜ੍ਹਾਈ ਜਾਂਦੀ ਸੀ। ਅਗਾਹਾਂ ਨੌਵੀਂ ਦਸਵੀਂ ਜਿਨ੍ਹਾਂ ਨੂੰ ਉਦੋਂ ਜੂਨੀਅਰ-ਸੀਨੀਅਰ ਕਿਹਾ ਜਾਂਦਾ ਸੀ, ਵਿੱਚ ਅੰਗ੍ਰੇਜ਼ੀ ਦੀ ਪੜ੍ਹਾਈ ਸ਼ੁਰੂ ਹੁੰਦੀ ਸੀ। ਖਾਲਸਾ ਸਕੂਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ। ਵਿਦਿਆਰਥੀ ਉਦੋਂ ਬੰਨੇ ਦੇ ਅਹਾਤੇ ਵਾਲੇ ਬੋਰਡਿੰਗ ਵਿੱਚ ਰਿਹਾ ਕਰਦੇ ਸਨ। ਜੂਨੀਅਰ-ਸੀਨੀਅਰ ਜਮਾਤਾਂ ਵਿੱਚ ਵੀ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਚਮਿੰਡਾ ਹੀ ਸੀ। ਉਸ ਵਕਤ ਸਕੂਲ ਦਾ ਮਾਹੌਲ ਕਿਹੋ ਜਿਹਾ ਸੀ, ਬਾਬਾ ਚਮਿੰਡਾ ਅਨੁਸਾਰ: "ਇਸ ਸਕੂਲ ਦਾ ਵਾਤਾਵਰਣ ਸਿੱਖੀ ਪਿਆਰ, ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ। ਗੁਰਮਤਿ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਮਾਲਵਾ ਖਾਲਸਾ ਹਾਈ ਸਕੂਲ ਦੇ ਬੋਰਡਿੰਗ ਵਿੱਚ ਰਹਿਣ ਵਾਲੇ ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉਠਣਾ ਅਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਰਜ਼ ਇਕੱਠੇ ਹੋ ਕੇ ਗੁਰਦੁਆਰਾ ਜਾਂਦੇ, ਢੋਲਕੀ ਚਿਮਟਿਆਂ ਨਾਲ ਸ਼ਬਦ ਕੀਰਤਨ ਕਰਦੇ, ਜੋਟੀਆਂ ਦੇ ਸ਼ਬਦ ਪੜ੍ਹਦੇ, ਮਸਤੀ ਵਿੱਚ ਆ ਕੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਦੇ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਂਕ ਨਾਲ ਨਿੱਤ ਕਰਦੇ ਸਨ। ਸਭਨਾ ਲਈ ਸਿੱਖੀ ਰਹਿਤ ਵਿੱਚ ਤਿਆਰ-ਬਰਤਿਆਰ ਰਹਿਣਾ ਜ਼ਰੂਰੀ ਸੀ। ਰੇਬ ਕੱਛਹਿਰਾ ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਤੇ ਕੇਸਾਂ ਨੂੰ ਸਤਿਕਾਰ ਵੱਜੋਂ ਢੱਕ ਕੇ ਰੱਖਣਾ। ਕਮਰੇ ਵਿਚੋਂ ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵੱਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿਰਾਸ ਦੇ ਮੌਕੇ ਗੁਰਦੁਆਰੇ ਵਿੱਚ ਫਿਰ ਦੀਵਾਨ ਸੱਜਦਾ।" 3
ਮਾਲਵਾ ਖਾਲਸਾ ਹਾਈ ਸਕੂਲ ਵਿੱਚ ਵਿਦਿਆਰਥੀਆਂ ਦੀ ‘ਖਾਲਸਾ ਭੁਜੰਗੀ ਸਭਾ’ ਬਣਾਈ ਹੋਈ ਸੀ। ਜੋ ਸਾਰੀਆਂ ਸਰਗਰਮੀਆਂ ਵਿਚ ਮੋਹਰੀ ਰਹਿੰਦੀ ਸੀ। ਗ਼ਦਰ ਲਹਿਰ ਵਿੱਚ ਜੇਲ ਕੱਟਣ ਵਾਲੇ ਗਿਆਨੀ ਨਾਹਰ ਸਿੰਘ ਗੁੱਜਰਵਾਲ ਅਨੁਸਾਰ: "ਖਾਲਸਾ ਯੰਗ ਮੈਨਰਜ਼ ਲੀਗ (ਖਾਲਸਾ ਭੁਜੰਗੀ ਸਭਾ) ਲੁਧਿਆਣਾ 1885 ਈ. ਵਿੱਚ ਕਾਇਮ ਹੋਈ। ਖਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ ਬਹੁਤੇ ਮਿਸ਼ਨ ਹਾਈ ਸਕੂਲ ਵਿੱਚ ਹੀ ਪੜ੍ਹਿਆ ਕਰਦੇ ਸਨ। ਸੋ ਖਾਲਸਾ ਭੁਜੰਗੀ ਸਭਾ ਦਾ ਜ਼ੋਰ-ਤੋਰ ਭੀ ਇਸੇ ਸਕੂਲ ਵਿੱਚ ਹੀ ਸੀ। ਜਦੋਂ ਖਾਲਸਾ ਸਕੂਲ ਲੁਧਿਆਣਾ ਦੇ ਖੁੱਲਣ ਦੇ ਖਿਆਲ ਤੇ ਉਦਮ ਆਰੰਭ ਹੋਣ ਲੱਗੇ, ਉਸ ਯਤਨ ਤੇ ਪ੍ਰਰਨਾ ਵਿੱਚ ਇਸ ਭੁਜੰਗੀ ਸਭਾ ਦਾ ਖਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿੱਚ ਇਸ ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਕ ਇਕੱਠਾਂ ਵਿੱਚ ਇਸ ਦੇ ਪ੍ਰਤੀਨਿਧਾਂ ਨੂੰ ਖਾਸ ਤੌਰ ਪਰ ਬੁਲਾਇਆ ਜਾਂਦਾ ਸੀ, ਤੇ ਹਰ ਪੰਥਕ ਮਸਲੇ ਵਿੱਚ ਇਹ ਸਭਾ ਹਿੱਸਾ ਲੈਂਦੀ ਸੀ। ਖਾਲਸਾ ਹਾਈ ਸਕੂਲ ਖੁੱਲ ਜਾਣ ਪਰ ਸਭਾ ਦਾ ਸਭ ਜੋਰ-ਤੋਰ ਖਾਲਸਾ ਸਕੂਲ ਵਿੱਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਈ. ਨੂੰ ਜਾਰੀ ਹੋਇਆ। 1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਸਭਾ ਦੇ ਹਫਤਾਵਾਰੀ ਦੀਵਾਨ ਜੋ ਐਤਵਾਰ ਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਨ੍ਹਾਂ ਵਿੱਚ ਕੀਰਤਨ ਕਰਿਆ ਕਰਦੇ ਤੇ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਦਸ਼ਮੇਸ਼ ਜੀ ਦੇ ਅਵਤਾਰ ਗੁਰਪੁਰਬਾਂ ਸਮੇਂ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਤੇ ਅਖੰਡ ਪਾਠ ਕਰਦੇ। ਸਕੂਲ ਵਿੱਚ ਬਹੁਤ ਵਾਰ ਗੁਰਪੁਰਬਾਂ ਦੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ, ਜਿਨ੍ਹਾਂ ਵਿੱਚ ਭਾਈ ਸਾਹਿਬ ਵੀ ਸ਼ਾਮਿਲ ਹੁੰਦੇ ਰਹੇ।" ਸੋ ਇਹ ਕਿਤੇ ਹੋ ਸਕਦਾ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਇਨ੍ਹਾਂ ਗਤਿਵਿਧਿਆਂ ਵਿੱਚ ਸ਼ਾਮਿਲ ਨਾ ਹੁੰਦਾ ਹੋਵੇ? ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ: ਉਹ ਤਾਂ ਹਰ ਸਰਗਰਮੀ ਵਿੱਚ ਮੂਹਰੇ ਰਹਿੰਦਾ ਸੀ, ਹਰ ਵੇਲੇ ਟਪੂੰ-ਟਪੂੰ ਕਰਦਾ ਰਹਿੰਦਾ ਸੀ। ਇਸੇ ਕਰਕੇ ਸਕੂਲ ਵਿੱਚ ਉਸ ਦਾ ਨਾਂਅ ‘ਉੱਡਣਾ ਸੱਪ’ ਰੱਖਿਆ ਹੋਇਆ ਸੀ।
1910-1911 ਦੌਰਾਨ ਭਾਈ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ ਉੜੀਸਾ ਚਲਿਆ ਗਿਆ; ਜਿੱਥੇ ਉਸਨੇ ਦਸਵੀਂ ਪਾਸ ਕੀਤੀ। ਲਗਦਾ ਹੈ ਕਿ ਦਸਵੀਂ ਤੋਂ ਬਾਅਦ ਭਾਈ ਕਰਤਾਰ ਸਿੰਘ ਨੇ ਵਿਦੇਸ਼ ਵਿੱਚ ਜਾ ਕੇ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ ਹੋਵੇ। ਪਹਿਲਾਂ ਜ਼ਿਕਰ ਕਰ ਚੁਕੇ ਹਾਂ ਕਿ ਪਰਿਵਾਰ ਕਾਫੀ ਪੜ੍ਹਿਆ ਲਿਖਿਆ ਸੀ। ਭਾਈ ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ, ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉੱਤੇ ਉਦੋਂ ਲੱਗੇ ਹੋਏ ਸਨ। ਬਖਸ਼ੀਸ਼ ਸਿੰਘ ਉੜੀਸਾ ਵਿੱਚ ਜੰਗਲਾਤ ਮਹਿਕਮੇ ਵਿੱਚ ਸੀ ਤੇ ਇੱਕ ਚਾਚਾ ਯੂ. ਪੀ. ਵਿੱਚ ਸਬ ਇੰਸਪੈਕਟਰ ਸੀ। ਉਸ ਵਕਤ ਪੜ੍ਹਾਈ ਦੀਆਂ ਦੋ ਧਾਰਾਵਾਂ ਸਨ, ਜਿਨ੍ਹਾਂ ਨੇ ਅੰਗ੍ਰੇਜ਼ੀ ਦੀ ਚਾਕਰੀ ਕਰਨੀ ਹੁੰਦੀ ਸੀ, ਉਹ ਇੰਗਲੈਂਡ ਜਾ ਕੇ ਪੜ੍ਹਾਈ ਕਰਦੇ ਸਨ, ਤੇ ਜਿਨ੍ਹਾਂ ਨੇ ਅਜ਼ਾਦ ਜੀਵਨ ਜਿਉਣਾ ਹੁੰਦਾ ਸੀ ਉਹ ਅਮਰੀਕਾ ਨੂੰ ਤਰਜ਼ੀਹ ਦਿੰਦੇ ਸਨ। ਸੋ ਭਾਈ ਕਰਤਾਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਨੂੰ ਤਰਜ਼ੀਹ ਦਿੱਤੀ। ਭਾਈ ਕਰਤਾਰ ਸਿੰਘ ਜਨਵਰੀ 1912 ਵਿੱਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਪਹੁੰਚਿਆ ਅਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿੱਚ ਦਾਖਲਾ ਲੈ ਲਿਆ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿੱਚ ਕੰਮ ਕਰਦੇ ਸਨ। ਇਸ ਸਟੇਟ ਦਾ ਪੌਣ ਪਾਣੀ ਵੀ ਪੰਜਾਬ ਵਰਗਾ ਹੀ ਹੈ। ਅੰਗ੍ਰੇਜ਼ਾਂ ਦੀਆਂ ਖੂਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਭਾਈ ਕਰਤਾਰ ਸਿੰਘ ਫਰਵਰੀ 1913 ਵਿੱਚ ਅਮਰੀਕਾ ਪਹੁੰਚਿਆ ਸੀ।
ਜਿਸ ਵਕਤ ਭਾਈ ਕਰਤਾਰ ਸਿੰਘ ਅਮਰੀਕਾ ਪਹੁੰਚਿਆ ਉਸ ਵਕਤ ਭਾਰਤੀਆਂ ਵਿੱਚ ਅੰਗ੍ਰੇਜ਼ ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਬਰਕਲੇ ਯੂਨੀਵਰਸਿਟੀ ਨੇੜੇ ਹਿੰਦੂ ਵਿਦਿਆਰਥੀਆਂ ਨੇ ਨਾਲੰਦਾ ਹੋਸਟਲ ਬਣਾਇਆ ਹੋਇਆ ਸੀ। ਜਿਸ ਵਿੱਚ ਜਤਿੰਦਰ ਨਾਥ ਲਹਿਰੀ, ਸੁਰਿੰਦਰ ਬੋਸ ਅਤੇ ਤਾਰਕ ਨਾਥ ਵਰਗੇ ਵਿਦਿਆਰਥੀ ਰਹਿੰਦੇ ਸਨ। ਜੋ ਅੰਗ੍ਰੇਜ਼ਾਂ ਵਿੱਚ ਪ੍ਰਚਾਰ ਕਰਦੇ ਸਨ। ਜੋ ਵਿਦਿਆਰਥੀ ਬਾਬਾ ਜਵਾਲਾ ਸਿੰਘ (ਜੋ ਪਿੱਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ) ਦੇ ਵਜੀਫੀਆਂ `ਤੇ ਪੜ੍ਹਨ ਆਏ ਸਨ, ਉਹ ਯੂਨੀਵਰਸਿਟੀ ਨੇੜੇ ਹੀ ਸ਼ੈਟੁੱਕ ਹੋਟਲ ਵਿੱਚ ਰਹਿੰਦੇ ਸਨ, ਜਿਨ੍ਹਾਂ ਦਾ ਇੰਚਾਰਜ ਲਾਲਾ ਹਰਦਿਆਲ ਸੀ, ਜੋ ਉਸ ਵਕਤ ਸਟੇਟ ਫਾਰਟ ਯੂਨੀਵਰਸਿਟੀ ਦੇ ਅਰਾਜਕਤਾਵਾਦੀ ਵਿਚਾਰਾਂ ਕਾਰਨ ਕੱਢ ਦਿੱਤਾ ਸੀ।
ਹਰਦਿਆਲ ਉਸ ਵਕਤ ਅੰਗ੍ਰੇਜ਼ਾਂ ਵਿਰੁੱਧ ਖੁੱਲਮ ਖੁੱਲਾ ਪ੍ਰਚਾਰ ਕਰ ਰਿਹਾ ਸੀ। 1912 ਦੌਰਾਨ ਦਿੱਲੀ `ਚ ਜੋ ਵਾਇਸਰਾਏ ਹਾਰਡਿੰਗ ਉਪਰ ਬੰਬ ਸੁੱਟਿਆ ਗਿਆ ਸੀ, ਹਰਦਿਆਲ ਨੇ ਉਸ ਦੀ ਪੂਰੀ ਜੈ ਜੈ ਕਾਰ ਕੀਤੀ ਸੀ। ਪਰ ਹਿੰਦੂ ਵਿਦਿਆਰਥੀਆਂ ਦੀ ਕਿਸੇ ਲਿਖਤ ਵਿੱਚ ਭਾਈ ਕਰਤਾਰ ਸਿੰਘ ਦੀ ਕਿਸੇ ਸਰਗਰਮੀ ਦਾ ਜ਼ਿਕਰ ਨਹੀਂ ਕੀਤਾ ਗਿਆ। ਹਾਂ! ਇੱਕ ਥਾਂ ਲਾਲਾ ਹਰਦਿਆਲ ਦੇ ਸਾਲੇ ਗੋਬਿੰਦ ਬਿਹਾਰੀ ਲਾਲ (ਜੋ ਬਾਬਾ ਜਵਾਲਾ ਸਿੰਘ ਦਾ ਵਜੀਫਾਖੋਰ ਸੀ) ਨੇ ਸ਼ੈਟੁੱਕ ਹੋਟਲ ਵਿੱਚ ਹੋਈ ਇੱਕ ਮੀਟਿੰਗ ਦਾ ਜ਼ਿਕਰ ਕੀਤਾ ਹੈ, ਜਿਸ ਦੀ ਪ੍ਰਧਾਨਗੀ ਹਰਦਿਆਲ ਨੇ ਕੀਤੀ ਸੀ, ਤੇ ਭਾਈ ਕਰਤਾਰ ਸਿੰਘ ਉਸ ਵਿੱਚ ਸ਼ਾਮਿਲ ਹੋਇਆ ਸੀ।
ਵੈਸੇ ਜਿਸ ਵਕਤ ਸਰਾਭਾ ਪੰਜਾਬ ਤੋਂ ਅਮਰੀਕਾ ਲਈ ਚਲਿਆ ਸੀ, ਉਸ ਵਕਤ ਸਿੱਖਾਂ ਵਿੱਚ ਅੰਗ੍ਰੇਜ਼ ਵਿਰੋਧੀ ਭਾਵਨਾਵਾਂ ਭੜਕ ਉਠੀਆਂ ਸਨ। ਅੰਗ੍ਰੇਜ਼ਾਂ ਨੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਸੀ, ਤੇ ਭਾਈ ਰਣਧੀਰ ਸਿੰਘ ਇਸ ਘੋਲ ਵਿੱਚ ਸਰਗਰਮ ਸੀ। ਭਾਈ ਕਰਤਾਰ ਸਿੰਘ ਰਸਤੇ ਵਿੱਚ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਰੁਕਿਆ ਸੀ, ਜੋ ਅੰਗ੍ਰੇਜ਼ ਵਿਰੋਧੀ ਪ੍ਰਚਾਰ ਦਾ ਕੇਂਦਰ ਬਣ ਚੁਕਿਆ ਸੀ। ਉਸ ਵਕਤ ਗੁਰਦੁਆਰੇ ਦਾ ਗ੍ਰੰਥੀ ਭਾਈ ਭਗਵਾਨ ਸਿੰਘ ‘ਪ੍ਰੀਤਮ’ ਸੀ, ਜੋ ਪਿੱਛੋਂ ਜਾ ਕੇ ਮਸ਼ਹੂਰ ਕਵੀ ਤੇ ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ। ਭਾਈ ਕਰਤਾਰ ਸਿੰਘ ਦਾ ਇੱਥੇ ਭਾਈ ਭਗਵਾਨ ਸਿੰਘ ਨਾਲ ਚੰਗੀ ਦੋਸਤੀ ਪੈ ਗਈ। ਜਿਸ ਨੂੰ ਭਾਈ ਜੀ ਨੇ ਬਾਅਦ ਵਿੱਚ ਮਾਣ ਨਾਲ ਯਾਦ ਕੀਤਾ ਸੀ: "ਥੋੜੀ ਦੇਰ ਬਾਅਦ ਸਵੇਰ ਦੇ ਦਰਸ਼ਨ ਕਰਨ `ਤੇ ਇੱਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ ਗਿਆਤ ਵੀ ਨਹੀਂ ਸੀ ਕਿ ਮੈਂ ਇੱਕ ਅਜਿਹੇ ਨੌਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ, ਜੋ ਮੇਰੇ ਬੱਚਿਆਂ ਨਾਲੋਂ ਵੀ ਪਿਆਰਾ ਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ, ਬੱਚਾ ਸੀ ਅਜੇ, ਦਾੜ੍ਹੀ ਨਹੀਂ ਉਤਰੀ ਸੀ, ਮਿਲਣ ਸਾਰ, ਸੁੰਦਰ, ਸੰਜੀਦਾ ਤੇ ਹੋਣਹਾਰ।
ਹਰ ਹਫਤੇ ਗੁਰਦੁਆਰੇ ਵਿੱਚ ਲੈਕਚਰ ਹੋਣ ਤੋਂ ਇਲਾਵਾ ਖੇਲਾਂ ਵੀ ਹੁੰਦੀਆਂ ਸਨ। ਕੁਸ਼ਤੀਆਂ, ਗੋਲਾ ਸੁੱਟਣਾ, ਆਦਿਕਾ ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਹਾਸਲੇ ਵਗੈਰਾ ਸਧਾਰਨ ਜਿੰਦਗੀ ਸੀ। ਬਤੌਰ ਗ੍ਰੰਥੀ ਮੈਂ ਦੋ ਵਾਰੀ ਹਰ ਰੋਜ਼ ਸਾਰੇ ਮੁਸਾਫਿਰਾਂ ਨੂੰ ਮਿਲ਼ਿਆ ਕਰਦਾ ਸੀ, ਉਨ੍ਹਾਂ ਦੇ ਨਾਂਅ ਪਤੇ ਲਿਖਿਆ ਕਰਦਾ ਸੀ, ਸ਼ਿਕਾਇਤਾਂ ਸੁਣਦਾ ਤੇ ਅਗਰ ਕੋਈ ਸੇਵਾ ਜਾਂ ਲੋੜ ਹੋਵੇ ਤਾਂ ਪੂਰੀ ਕਰਦਾ, ਹਰ ਸੁਭਾ ਤੇ ਸ਼ਾਮ ਨੂੰ। ਉਹ ਕੱਲ ਰਾਤੀਂ ਆਇਆ ਸੀ ਤੇ ਅੱਜ ਸਵੇਰੇ ਮਿਲੇ। ਇੱਕ ਲੈਕਚਰ ਸੁਣਿਆ ਤੇ ਇੱਕ ਗੋਲਾਬਾਜ਼ੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿੱਚ ਬੜੀ ਦਿਲਚਸਪੀ ਰਖਦਾ। ਚੀਨ, ਜਪਾਨ, ਕੈਨੇਡਾ ਤੇ ਅਮਰੀਕਾ ਬਾਰੇ ਖਬਰਾਂ ਪੁੱਛਦਾ ਰਹਿੰਦਾ। ਚੰਦ ਹਫਤਿਆਂ ਦੀ ਵਾਕਫੀ ਮੇਰੇ ਦਿਲ `ਤੇ ਕਾਫੀ ਅਸਰ ਕਰ ਗਈ ਤੇ ਉਸ ਦੇ ਵੀ। 1914 ਵਿੱਚ ਅਸੀਂ ਅਮਰੀਕਾ ਵਿੱਚ ਇੱਕ ਵਾਰੀ ਫਿਰ ਗਲੇਬਾਂ ਆ ਹੋਏ।" 9
ਲਗਦਾ ਹੈ ਕਿ ਭਾਈ ਕਰਤਾਰ ਸਿੰਘ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਿਆ ਤੇ ਨਾ ਹੀ ਉਸ ਦੀ ਹਿੰਦੂ ਵਿਦਿਆਰਥੀਆਂ ਨਾਲ ਕਰੂਰਾਂ ਮਿਲਿਆ ਹੋਵੇਗਾ। ਉਹ ਜਲਦੀ ਹੀ ਯੁਲੋ ਕਾਉਂਟੀ ਵਿੱਚ ਆਪਣੇ ਪਿੰਡ ਦੇ ਭਾਈ ਰੁਲੀਆ ਸਿੰਘ ਕੋਲ ਚਲਿਆ ਗਿਆ। ਉਸ ਵਕਤ ਗਦਰ ਪਾਰਟੀ ਬਣਾਉਣ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਭਾਈ ਕਰਤਾਰ ਸਿੰਘ ਨੇ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਭਾਵੇਂ ਉਸ ਦਾ ਨਾਂਅ ਪਾਰਟੀ ਦੇ ਅਹੁਦੇਦਾਰਾਂ ਵਿੱਚ ਨਹੀਂ ਆਉਂਦਾ ਪਰ ਜਦ ਨਵੰਬਰ 1913 ਤੋਂ ‘ਗਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਭਾਈ ਕਰਤਾਰ ਸਿੰਘ ਪਰਚੇ ਦੇ ਬਾਨੀਆਂ ਵਿੱਚ ਸ਼ਾਮਿਲ ਸੀ। ਜਦ ਦਸੰਬਰ 1913 ਵਿੱਚ ਗੁਰਮੁਖੀ ‘ਗਦਰ’ ਸ਼ੁਰੂ ਹੋਇਆ ਤਾਂ ਭਾਈ ਕਰਤਾਰ ਸਿੰਘ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿੱਚ ਭਾਈ ਕਰਤਾਰ ਸਿੰਘ ਹੀ ਕਰਦਾ ਸੀ। ਭਾਈ ਕਰਤਾਰ ਸਿੰਘ ਦਾ ਪਰਚੇ ਵਿੱਚ ਕੰਮ ਕਰਨ ਦਾ ਸਮਾਂ ਸਾਲ ਤੋਂ ਵੀ ਘੱਟ ਬਣਦਾ ਹੈ, ਪਰ ਇੰਨੇ ਥੋੜੇ ਸਮੇਂ ਵਿੱਚ ਹੀ ਉਸ ਨੇ ਆਪਣੇ ਕੰਮ ਅਤੇ ਲਿਆਕਤ ਨਾਲ ਆਪਣੀ ਸ਼ਖਸੀਅਤ ਨੂੰ ਸਥਾਪਤ ਕਰ ਦਿੱਤਾ ਸੀ। ਉਸ ਦੇ ਸਾਥੀਆਂ ਵਿੱਚ ਉਸ ਦਾ ਕਾਫੀ ਸਤਿਕਾਰ ਬਣ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸਿੱਖ ਗਦਰੀ, ਸਿੱਖ ਧਰਮ ਅਤੇ ਇਤਿਹਾਸਕ ਵਿਰਸੇ ਤੋਂ ਪ੍ਰੇਰਣਾ ਲੈਂਦੇ ਸਨ। ਇਸ ਦਾ ਪ੍ਰਤੱਖ ਸਬੂਤ ‘ਗਦਰ’ ਅਖਬਾਰ ਹੈ। ਉਰਦੂ ਪਰਚੇ ਉਪਰ ਬੈਨਰ ਲਾਈਨ ਸੀ ‘ਅੰਗ੍ਰੇਜ਼ੀ ਰਾਜ ਕਾ ਦੁਸ਼ਮਨ’ ਪਰ ਗੁਰਮੁਖੀ ‘ਗਦਰ’ ਉਪਰ ਗੁਰਬਾਣੀ ਦਾ ਇਹ ਸ਼ਬਦ ਬੈਨਰ ਲਾਈਨ ਵੱਜੋਂ ਲਿਖੇ ਹੋਏ ਸਨ: ‘ਜੇ ਤਉ ਪਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ"।
ਜਦ ਅਗਸਤ 1914 ਵਿੱਚ ਪਹਿਲਾ ਸੰਸਾਰ ਯੁੱਧ ਲਗ ਜਾਣ ਦੇ ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਭਾਈ ਕਰਤਾਰ ਸਿੰਘ, ਪੰਜਾਬ ਪਹੁੰਚਣ ਵਾਲੇ ਗਦਰੀਆਂ ਵਿੱਚ ਸ਼ਾਮਿਲ ਸਨ। ਕਲਕੱਤੇ ਦੀਆਂ ਬੰਦਰਗਾਹਾਂ `ਤੇ ਅੰਗ੍ਰੇਜ਼ਾਂ ਨੇ ਨਾਕੇ ਲਗਾ ਰੱਖੇ ਸਨ। ਭਾਈ ਕਰਤਾਰ ਸਿੰਘ ਹੋਰੀ ਕੋਲੰਬੋ ਰਾਹੀਂ ਭਾਰਤ ਵਿੱਚ ਦਾਖਲ ਹੋਏ ਸਨ। ਅੰਗ੍ਰੇਜ਼ ਸਰਕਾਰ ਨੇ ਭਾਵੇਂ ਕਲਕੱਤੇ ਦੀਆਂ ਬੰਦਰਗਾਹਾਂ `ਤੇ ਗਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਵੇਈ ਪੂੰਈ ਆਦਿ ਨੂੰ ਗ੍ਰਿਫਤਾਰ ਕਰਕੇ ਇੱਕ ਤਰ੍ਹਾਂ ਲਹਿਰ ਦਾ ਲੱਕ ਹੀ ਤੋੜ ਦਿੱਤਾ ਸੀ। ਪਰ ਫਿਰ ਜਿਵੇਂ ਲਹਿਰ ਉਭਰ ਕੇ ਸਿਖਰ ਤੱਕ ਪਹੁੰਚੀ, ਇਹ ਇੱਕ ਤਰ੍ਹਾਂ ਨਾਲ ਕਰਾਮਾਤ ਹੀ ਸੀ। ਇਸ ਕਰਾਮਾਤ ਲਈ ਭਾਈ ਕਰਤਾਰ ਸਿੰਘ ਸਰਾਭੇ ਦੀ ਅਣਥੱਕ ਮਿਹਨਤ ਸੀ। ਇੱਕ ਪਾਸੇ ਉਸ ਨੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲ ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਫਿਰੋਜ਼ਪੁਰ ਮੀਆਂਮੀਰ, ਬੰਨੂ ਕੁਹਾਰ ਰਾਵਲ ਪਿੰਡੀ, ਅੰਬਾਲਾ, ਫੈਜ਼ਾਬਾਦ, ਬਨਾਰਸ ਆਦਿ ਦੀਆਂ ਫੌਜੀ ਛਾਉਣੀਆਂ ਵਿੱਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ। ਉਸ ਦਾ ਕੰਮ ਦੇਖ ਕੇ ਬੰਗਾਲੀ ਇਨਕਲਾਬੀ ਸਚਿੰਦਰ ਨਾਥ ਸਨਿਆਲ ਵੀ ਹੈਰਾਨ ਰਹਿ ਗਿਆ ਸੀ, "ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਇਕਲ `ਤੇ ਪਿੰਡਾਂ ਵਿੱਚ ਲਗਭਗ 40-50 ਮੀਲ ਦਾ ਚੱਕਰ ਲਗਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ ਸਨ। ਇਨੀਂ ਮਿਹਨਤ ਕਰਨ `ਤੇ ਵੀ ਉਹ ਥੱਕਦੇ ਨਹੀਂ ਸਨ। ਜਿਨੀਂ ਉਹ ਮਿਹਨਤ ਕਰਦੇ ਸਨ, ਉਨੀਂ ਹੀ ਉਨ੍ਹਾਂ ਵਿੱਚ ਫੁਰਤੀ ਆ ਜਾਂਦੀ ਸੀ।" 10
ਕਰਤਾਰ ਸਿੰਘ ਸਰਾਭੇ ਦਾ ਸਿੱਖ ਪ੍ਰਚਾਰ ਦਾ ਮਸਲਾ
ਜਦ ਅਸੀਂ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਦੀ ਆਖਦੇ ਹਾਂ ਤਾਂ ਬਹੁਤ ਸਾਰੇ ਖੱਬੇ ਪੱਖੀ ਭਾਈ ਕਰਤਾਰ ਸਿੰਘ ਸਰਾਭੇ ਦੀ ਬੋਦੀਆਂ ਵਾਲੀ ਫੋਟੋ ਨੂੰ ਉਤਾਰ ਕੇ ਗ਼ਦਰ ਲਹਿਰ ਨੂੰ ‘ਭਾਰਤੀਆਂ’ ਦੀ ਲਹਿਰ ਸਿੱਧ ਕਰਨ `ਤੇ ਜ਼ੋਰ ਲਗਾਉਂਦੇ ਹਨ। ਭਾਈ ਕਰਤਾਰ ਸਿੰਘ ਨੇ ਅਮਰੀਕਾ ਵਿੱਚ ਕੇਸ ਉਦੋਂ ਕਟਵਾਏ ਸਨ, ਜਦ ਗਦਰ ਪਾਰਟੀ ਨੇ ਜਰਮਨੀ ਦੀ ਸਹਾਇਤਾ ਨਾਲ ਉਸ ਨੂੰ ਨਿਊਯਾਰਕ ਦੀ ਅੇਵੀਏਸ਼ਨ ਅਕੈਡਮੀ ਤੋਂ ਹਵਾਈ ਜ਼ਹਾਜ਼ ਚਲਾਉਣਾ ਸਿੱਖਣ ਦੀ ਯੋਜਨਾ ਬਣਾਈ ਸੀ। ਇਹ ਫੈਸਲਾ ਪਾਰਟੀ ਨੇ ਲੰਬੀ ਤਿਆਰੀ ਦੇ ਮੱਦੇਨਜ਼ਰ ਕੀਤਾ ਸੀ। ਉਨ੍ਹਾਂ ਨੂੰ ਖਿਆਲ ਹੀ ਨਹੀਂ ਸੀ ਕਿ ਜੰਗ ਕਾਰਨ ਨੂੰ ਉਨ੍ਹਾਂ ਨੂੰ ਤੱਤ ਭੜੱਤੇ ਹੀ ਭਾਰਤ ਜਾਣਾ ਪਵੇਗਾ। ਐਵੀਏਸ਼ਨ ਅਕੈਡਮੀ ਦਾ ਨਿਯਮ ਸੀ ਕਿ ਜੇਕਰ ਵਿਦਿਆਰਥੀਆਂ ਨੇ ਆਪਣੇ ਸਰੂਪ ਮੁਤਾਬਿਕ ਸਿਖਲਾਈ ਲੈਣੀ ਹੈ ਤਾਂ ਕਲਾਸ ਵਿੱਚ ਘੱਟੋ ਘੱਟ 25 ਵਿਦਿਆਰਥੀ ਹੋਣੇ ਚਾਹੀਦੇ ਹਨ। ਜੇਕਰ 25 ਤੋਂ ਘੱਟ ਹਨ ਤਾਂ ਉਨ੍ਹਾਂ ਨੂੰ
ਗੋਰੇ ਵਿਦਿਆਰਥੀਆਂ ਵਾਲਾ ਸਰੂਪ ਧਾਰਨ ਕਰਨਾ ਪਵੇਗਾ। ਸੋ ਉਸ ਵਕਤ ਉਥੇ 25 ਸਿੱਖ ਵਿਦਿਆਰਥੀ ਇਕੱਠੇ ਨਹੀਂ ਹੋ ਸਕਦੇ ਸਨ। ਜਿਸ ਕਰਕੇ ਕਾਹਲੀ ਵਿੱਚ ਭਾਈ ਕਰਤਾਰ ਸਿੰਘ ਨੂੰ ਆਪਣਾ ਸਿੱਖੀ ਸਰੂਪ ਤਿਆਗਣਾ ਪਿਆ।
ਦੂਜਾ ਭਾਰਤ ਪਰਤਣ ਸਮੇਂ ਜੇਕਰ ਭਾਈ ਕਰਤਾਰ ਸਿੰਘ ਨੇ ਸਿੱਖੀ ਸਰੂਪ ਤਜਿਆ ਹੁੰਦਾ ਤਾਂ ਉਹ ਕੋਲੰਬੋ ਦੀ ਬਜਾਏ ਬੇਖਟਕੇ ਹੀ ਕਲਕੱਤੇ ਦੇ ਰਸਤੇ ਆ ਸਕਦਾ ਸੀ, ਕਿਉਂਕਿ ਅੰਗ੍ਰੇਜ਼ ਸਰਕਾਰ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਹੀ ਸਮਝਦੀ ਸੀ। 12 ਬਾਹਰੋਂ ਆਉਣ ਵਾਲੇ ਮੋਨਿਆਂ ਦੀ ਕੋਈ ਪੁੱਛ ਗਿੱਛ ਨਹੀਂ ਸੀ ਹੁੰਦੀ। ਪੰਡਿਤ ਪਰਮਾਨੰਦ ਝਾਂਸੀ, ਪ੍ਰਿਥਵੀ ਸਿੰਘ ਅਜ਼ਾਦ ਤੇ ਪੰਡਤ ਜਗਤ ਰਾਮ ਇਸੇ ਤਰ੍ਹਾਂ ਹੀ ਨਿਕਲ ਆਏ ਸਨ। 13
ਤੀਜਾ, ਜੇ ਕਰ ਭਾਈ ਕਰਤਾਰ ਸਿੰਘ ਪਤਿਤ ਹੁੰਦਾ ਤਾਂ ਭਾਈ ਸਾਹਿਬ ਰਣਧੀਰ ਸਿੰਘ ਵਰਗੇ ਧਾਰਮਿਕ ਪੁਰਸ਼ ਨੇ ਉਸ ਦਾ ਭਰੋਸਾ ਤਾਂ ਕੀ ਕਰਨਾ ਸੀ, ਉਸ ਨਾਲ ਗੱਲ ਵੀ ਨਹੀਂ ਕਰਨੀ ਸੀ। ਉਸ ਸਮੇਂ ਦੇ ਆਮ ਸਿੱਖ ਵੀ ਪਤਿਤ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸਨ।
ਚੌਥਾ, ਜਦ ਸਨਿਆਲ ਪਹਿਲੀ ਵਾਰ ਪੰਜਾਬ ਆਉਂਦਾ ਹੈ ਤਾਂ ਉਹ ਕਿਹੋ ਜਿਹੇ ਸਰਾਭੇ ਨੂੰ ਮਿਲਦਾ ਹੈ, "ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਸੀ, ਪੱਛਮ ਵਿੱਚ ਠੰਢ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇੱਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਹਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ ਵਿੱਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ ਰਵਾਨਾ ਹੋ ਗਏ।" 14
ਇਨਕਲਾਬੀ ਕਵੀ ਅਮਰੀਕ ਚੰਦਨ ਅਨੁਸਾਰ: "ਬੜੇ ਸਾਲ ਪਹਿਲਾਂ ਕੀਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲਦੀ ਇਕੋ ਇੱਕ ਬੋਦਿਆਂ ਵਾਲੀ ਤਸਵੀਰ ਨੂੰ ਅੰਮ੍ਰਿਤਸਰ ਦੇ ਗੁਰਦਿਆਲ ਫੋਟੋਗ੍ਰਾਫਰ ਨੂੰ ਆਖ ਕੇ ਭੱਦੀ ਜਿਹੀ ਪੱਗ ਬਣਵਾ ਦਿੱਤੀ ਸੀ।"
ਕੀਰਤੀ ਬਾਬਿਆਂ ਨੇ ਸਰਾਭੇ ਦੀ ਬੋਦਿਆਂ ਵਾਲੀ ਫੋਟੋ `ਤੇ ਪੱਗ ਇਸ ਕਰਕੇ ਬਨਵਾਈ ਸੀ, ਕਿਉਂਕਿ ਉਨ੍ਹਾਂ ਜਿਹੋ ਜਿਹਾ ਸਰਾਭਾ ਦੇਖਿਆ ਸੀ, ਉਹ ਉਸ ਨੂੰ ਉਹੋ ਜਿਹਾ ਹੀ ਦੇਖਣਾ ਚਾਹੁੰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਉਸ ਦਾ ਗਲਤ ਪ੍ਰਭਾਵ ਪਾਉਣ ਵਾਲੀ ਫੋਟੋ ਲੋਕਾਂ ਵਿੱਚ ਜਾਵੇ। ਇਹ ਦੇਖ ਕੇ ਉਨ੍ਹਾਂ ਅੰਦਰ ਖੋਹ ਪੈਂਦੀ ਸੀ।
ਗਦਰ ਦੀ ਅਸਫਲਤਾ ਤੋਂ ਬਾਅਦ
ਜਦ 19 ਫਰਵਰੀ 1915 ਦਾ ਗ਼ਦਰ ਫੇਲ੍ਹ ਹੋ ਗਿਆ ਤਾਂ ਲਹਿਰ ਦੀ ਇੱਕ ਤਰ੍ਹਾਂ ਨਾਲ ਰੀੜ੍ਹ ਹੀ ਟੁੱਟ ਗਈ ਸੀ। ਫੜੋ ਫੜੀ ਅਤੇ ਜਬਰ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ ਸੀ। ਪਾਰਟੀ ਦੇ ਲਾਹੌਰ ਵਿਚਲੇ ਚਾਰੇ ਹੈਡ ਕੁਆਟਰਾਂ `ਤੇ ਛਾਪੇ ਪੈ ਗਏ ਸਨ ਤੇ ਦਰਜਨਾਂ ਹੀ ਗ਼ਦਰੀ ਪੁਲਿਸ ਦੇ ਹੱਥ ਆ ਗਏ ਸਨ, ਉਹ ਕਮਰਾ ਹੀ ਛਾਪੇ ਤੋਂ ਬਚਿਆ ਸੀ ਜਿੱਥੇ ਬੰਗਾਲੀ ਇਨਕਲਾਬੀ ਰਾਮ ਬਿਹਾਰੀ ਬੋਸ ਰੁਕਿਆ ਹੋਇਆ ਸੀ। ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਉਸ ਨੂੰ ਦਿੱਲੀ ਵੱਲ ਦੀ ਗੱਡੀ ਚੜ੍ਹਾ ਦਿੱਤਾ। ਬੋਸ ਸਿੱਧਾ ਦੇਹਰਾਦੂਨ ਪ੍ਰੋ. ਪੂਰਨ ਸਿੰਘ ਕੋਲ ਚਲਿਆ ਗਿਆ। ਜਿਥੇ ਉਹ ਪ੍ਰੋਫੈਸਰ ਸਾਹਿਬ ਦੇ ਅਧੀਨ ਜੰਗਲਾਤ ਵਿਭਾਗ ਵਿੱਚ ਨੌਕਰੀ ਕਰਦਾ ਰਿਹਾ ਸੀ। ਪ੍ਰੋ. ਪੂਰਨ ਸਿੰਘ ਹੋਰਾਂ ਨੇ ਉਸ ਨੂੰ ਬੱਚ ਬਚਾ ਕੇ ਜਪਾਨ ਭੇਜ ਦਿੱਤਾ, ਜਿਥੇ ਪ੍ਰੋ. ਸਾਹਿਬ ਦੇ ਪੜ੍ਹਾਈ ਦੌਰਾਨ ਦੇ ਦੋਸਤ ਰਹਿੰਦੇ ਸਨ। ਹੁਣ ਭਾਈ ਕਰਤਾਰ ਸਿੰਘ, ਭਾਈ ਜਗਤ ਸਿੰਘ ਤੇ ਭਾਈ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਨੇ ਅਫਗਾਨਿਸਤਾਨ ਦੀ ਸਰਹੱਦ ਵੱਲ ਬੱਚ ਕੇ ਨਿਕਲ ਜਾਣ ਦਾ ਫੈਸਲਾ ਕਰ ਲਿਆ। ਉਹ ਲਾਇਲਪੁਰ ਤੋਂ ਸ. ਹਰਚੰਦ ਸਿੰਘ ਰਾਈਸ ਲਾਇਲਪੁਰ ਜੋ ਰਕਾਬ ਗੰਜ ਐਜੀਟੇਸ਼ਨ ਦੇ ਆਗੂ ਸਨ, ਕੋਲੋਂ 100 ਰੁਪਿਆ ਲੈ ਕੇ ਪਠਾਣੀ ਭੇਸ ਤਾਰ ਕੇ ਪਿਸ਼ੌਰ ਚਲੇ ਗਏ।
ਪਿਸ਼ੌਰ ਉਹ ਸਿੰਘ ਸਭਾ ਸਦਰ ਦੇ ਗੁਰਦੁਆਰੇ ਵਿੱਚ ਠਹਿਰੇ, ਜਿਥੇ ਦਾ ਗ੍ਰੰਥੀ ਭਾਈ ਵਾਗ ਸਿੰਘ ਸੀ, ਭਾਈ ਵਾਂਗ ਸਿੰਘ ਦੀ ਸਿੱਖ ਪੰਥ ਵਿੱਚ ਚੰਗੀ ਮਾਨਤਾ ਸੀ। ਨਾਵਲਕਾਰ ਨਾਨਕ ਸਿੰਘ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ।
ਸਵੇਰੇ ਤਿੰਨੇ ਜਣੇ ਊਠ `ਤੇ ਸਮਾਨ ਲੱਦ ਕੇ ਪਿਸ਼ੌਰ ਤੋਂ ਮਿਚਨੀ ਪਹੁੰਚ ਗਏ, ਇਹ ਥਾਂ ਉਤਰ ਪੱਛਮ ਵੱਲ ਹੈ, ਇਥੇ ਜਾ ਕੇ ਉਹ ਨਦੀ ਦੇ ਕਿਨਾਰੇ ਅਰਾਮ ਕਰਨ ਬੈਠ ਗਏ। ਭਾਈ ਕਰਤਾਰ ਸਿੰਘ ਨੇ ‘ਗ਼ਦਰ’ ਅਖਬਾਰ ਵਿੱਚ ਛੱਪ ਚੁਕੀ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ, ਜੋ ਉਸ ਦੇ ਮੂੰਹ ਜ਼ੁਬਾਨੀ ਯਾਦ ਸੀ।
‘ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ, ਅੱਗ ਲੱਗੀ ਦੇਸ਼ ਨਾ ਸਹਾਰੋ ਧੁੱਪ ਜੀ, ਬੁਝਣੀ ਇਹ ਤਾਂ ਹੀ ਹੈ ਸਰੀਰ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ, ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸ਼ੇਰ ਹੋ ਕੇ ਗਿੱਦੜਾਂ ਦਾ ਕਰੋ ਕੰਮ ਉਏ, ਸੁਣ ਕੇ ਗਦਰ ਦਿਲ ਖਵੇ ਗੰਮ ਉਏ, ਜਿੱਦੀ ਬਣੋ ਸ਼ੇਰੋ ਕਿਉਂ ਮੈਦਾਨੋਂ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਹੱਥ ਸ਼ਮਸ਼ੇਰ ਕੂਦ ਪਓ ਮੈਦਾਨ ਜੀ, ਮਾਰ ਮਾਰ ਵੈਰੀਆਂ ਦੇ ਲਾਹੋ ਆਣ ਜੀ, ਵੈਰੀਆਂ ਦਾ ਆਓ ਲਹੂ ਪੀਏ ਰੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ, ਕਾਇਰਤਾ ਗਰੀਬੀ ਮਿੱਟ ਜਾਵੇ ਤਾਪ ਤਾਂ, ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ" ਇਹ ਨਿਰੀ ਪੂਰੀ ਕਵਿਤਾ ਹੀ ਨਹੀਂ ਸੀ, ਪੂਰਾ ਸਿੱਖ ਇਤਿਹਾਸ ਤੇ ਗੁਰੂ ਸਾਹਿਬ ਉਨ੍ਹਾਂ ਦੇ ਸਾਹਮਣੇ ਆ ਖੜੇ ਸਨ। ਸਿੱਖ ਧਰਮ ਦਾ ਨੈਤਿਕ ਕਦਰ ਪ੍ਰਬੰਧ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸੀ, ਕਿ ਉਹ ਮੈਦਾਨੋਂ ਨੱਸ ਜਾਣ, ਇਹ ਆਪਣੇ ਗੁਰੂ ਵੱਲੋਂ ਪਿੱਠ ਮੋੜਨਾ ਸੀ। ਇਹ ਆਪਣੇ ਧਰਮ ਨੂੰ ਕਲੰਕ ਲਾਉਣਾ ਸੀ। ਰਾਸ ਬਿਹਾਰੀ ਸਾਹਮਣੇ ਅਜਿਹੀ ਕੋਈ ਰੋਕ ਨਹੀਂ ਸੀ। ਉਹ ਭੱਜ ਕੇ ਜਾਪਾਨ ਚਲਿਆ ਗਿਆ।
ਸਿੱਖ ਵਿਰਸੇ ਨੇ ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਪੈਰਾਂ ਨੂੰ ਜੂੜ ਪਾ ਲਿਆ ਸੀ। ਉਨ੍ਹਾਂ ਨੇ ਪਿੱਛੇ ਮੁੜ ਕੇ ਫਿਰ ਲੜਾਈ ਲੜਨ ਦਾ ਫੈਸਲਾ ਕਰ ਲਿਆ। ਮਿਚਨੀ ਤੋਂ ਵਾਪਿਸ ਪਿਸ਼ੌਰ ਪਰਤ ਆਏ। ਪਿਸ਼ੌਰ ਲਾਲੇਮੂਸਾ ਦਾ ਟਿਕਟ ਲਿਆ। ਉਥੋਂ ਗੱਡੀ ਬਦਲ ਕੇ ਬਲਵਾਲ ਜਾ ਪਹੁੰਚੇ, ਪਠਾਣੀ ਕੱਪੜੇ ਲਾਹ ਕੇ ਗੱਠੜੀ ਵਿੱਚ ਬੰਨ ਲਏ। ਸਟੇਸ਼ਨ ਦੇ ਲਾਗੇ ਹੀ ਚੈੱਕ ਨੰਬਰ 5 ਸੀ, ਇਥੋਂ ਦੇ ਪੈਨਸਨੀ ਸਿਪਾਹੀ ਰਜਿੰਦਰ ਸਿੰਘ ਨੇ ਭਾਈ ਜਗਤ ਸਿੰਘ ਨੂੰ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ। 19 ਰਜਿੰਦਰ ਸਿੰਘ ਨੇ ਰਸਾਲਦਾਰ ਗੰਡਾ ਸਿੰਘ ਨੂੰ ਦਸ ਦਿੱਤਾ, ਉਸ ਨੇ ਪੁਲਿਸ ਕੋਲ ਮੁਖਬਰੀ ਕਰ ਦਿੱਤੀ। ਸੀ. ਆਈ. ਡੀ. ਦੇ ਡਿਪਟੀ ਐਲ. ਐਲ. ਟਾਪਕਿਨ ਅਤੇ ਦਰੋਗਾ ਲਿਆਕਤ ਖਾਨ ਨੇ ਭਾਰੀ ਫੋਰਸ ਲਿਜਾ ਕੇ 3 ਮਾਰਚ 1915 ਨੂੰ ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਭਾਈ ਹਰਨਾਮ ਸਿੰਘ ਕੋਟਲਾ ਨੂੰ ਗ੍ਰਿਫਤਾਰ ਕਰ ਲਿਆ।
ਫਾਂਸੀ ਦੇ ਤਖਤੇ ਤੋਂ
ਲਾਹੌਰ ਵਿੱਚ 82 ਗ਼ਦਰੀਆਂ `ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਜਿਸ ਵਿੱਚ 62 ਮੁਲਜ਼ਮ ਹਾਜ਼ਰ ਸਨ। ਇਸ ਕੇਸ ਵਿੱਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਨਿਧਾਨ ਸਿੰਘ ਚੁੱਗਾ ਸਮੇਤ ਗ਼ਦਰ ਲਹਿਰ ਦੀ ਲਗਭਗ ਸਮੁੱਚੀ ਲੀਡਰ ਸਿੱਖ ਸ਼ਾਮਿਲ ਸੀ। ਜੇਲ ਵਿੱਚ ਵਿਆਹ ਵਰਗਾ ਮਾਹੋਲ ਸੀ। ਕਿਸੇ ਨੂੰ ਵੀ ਮੌਤ ਦਾ ਭੈ ਨਹੀਂ ਸੀ। ਦਿਨ ਰਾਤ ਜੇਲ ਵਿੱਚ ਗੁਰਬਾਣੀ ਦਾ ਪਾਠ ਤੇ ਕੀਰਤਨ ਚਲਦਾ ਰਹਿੰਦਾ ਸੀ। ਗ਼ਦਰੀ ‘ਗ਼ਦਰ ਦੀਆਂ ਗੂੰਜਾਂ’ ਦੀਆਂ ਕਵਿਤਾਵਾਂ ਗਾਉਂਦੇ ਰਹਿੰਦੇ ਸਨ। ਭਾਈ ਕਰਤਾਰ ਸਿੰਘ ਸਰਾਭਾ ਦੇ ਚਿਹਰੇ `ਤੇ ਅਨੋਖਾ ਜਲਾਲ ਸੀ। ਉਹ ਦਿਨ ਰਾਤ ਹਸਦਾ ਖੇਡਦਾ ਰਹਿੰਦਾ ਸੀ ਤੇ ਸਭ ਦਾ ਮਨ ਪਰਚਾਈ ਰਖਦਾ ਸੀ। ਜੇਲ ਅਮਲੇ ਤੋਂ ਉਹ ਭੋਰਾ ਵੀ ਨਹੀਂ ਛਿਪਦਾ ਸੀ। ਸੁਰਪਡੈਂਟ ਨੂੰ ਹੱਸ ਕੇ ਆਖਦਾ ਸੀ, ਤੁਸੀਂ ਸਾਨੂੰ ਫਾਂਸੀ ਹੀ ਦੇ ਦਿਉਂਗੇ? ਹੋਰ ਕੀ ਕਰ ਲਉਗੇ?
ਮੁਕੱਦਮੇ ਦੌਰਾਨ ਜੱਜਾਂ ਨੇ ਲਿਖਿਆ ਸੀ ਕਿ ਆਪਣੀ ਉਮਰ ਦੇ ਬਾਵਜੂਦ ਉਹ ਉਨ੍ਹਾਂ 61 ਮੁਲਜ਼ਮਾਂ ਵਿਚੋਂ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿਚੋਂ ਇੱਕ ਹੈ, ਤੇ ਉਸ ਦਾ ‘ਡੋਜੀਅਰ’ (ਗੁਪਤ ਫਾਈਲ) ਸਭ ਤੋਂ ਭਾਰੀ ਹੈ। ਇਸ ਸਾਜ਼ਿਸ਼ ਵਿੱਚ ਅਮਰੀਕਾ ਸਮੇਤ ਦੇ ਰਸਤੇ ਦੇ ਅਤੇ ਭਾਰਤ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਜਿਸ ਵਿੱਚ ਮੁਲਜ਼ਮ ਨੇ ਆਪਣੀ ਭੂਮਿਕਾ ਨਾ ਨਿਭਾਈ ਹੋਵੇ। ਮੁਕੱਦਮੇ ਦੌਰਾਨ ਜਿਸ ਦਲੇਰੀ ਨਾਲ ਭਾਈ ਕਰਤਾਰ ਸਿੰਘ ਨੇ ਬਿਆਨ ਦਿੱਤੇ ਸਨ, ਉਸ ਨੇ ਜੱਜਾਂ ਨੂੰ ਵੀ ਅਚੰਭੇ ਵਿੱਚ ਪਾ ਦਿੱਤਾ। ਉਸ ਨੂੰ ਮੌਤ ਦਾ ਭੋਰਾ ਭੈ ਨਹੀਂ ਸੀ। ਜੱਜਾਂ ਨੇ 13 ਸਤੰਬਰ 1915 ਨੂੰ ਫੈਸਲਾ ਸੁਣਾਇਆ। ਜਿਸ ਵਿੱਚ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਾਈ ਸਰਾਏ ਦੀ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ। ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਸ. ਬਸ਼ਿਨੂ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ ਗਿੱਲ ਵਾਲੀ ਸੁਰੈਣ ਸਿੰਘ ਇੱਕ ਤੇ ਸੁਰੈਣ ਸਿੰਘ ਦੂਜਾ ਸਮੇਤ 7 ਜਣਿਆਂ ਦੀ ਫਾਂਸੀ ਬਰਕਰਾਰ ਰੱਖੀ ਗਈ।
ਅਖੀਰ ਫਾਂਸੀ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਸਰਾਭੇ ਦਾ ਦਾਦਾ ਬਚਨ ਸਿੰਘ ਆਖਰੀ ਮੁਲਾਕਾਤ ਕਰਨ ਲਈ ਆਇਆ। ਉਸ ਵਕਤ ਕਰਤਾਰ ਸਿੰਘ ਦੇ ਚਿਹਰੇ `ਤੇ ਅਨੋਖਾ ਜਲਾਲ ਸੀ। ਦਾਦਾ ਪੋਤਰੇ ਨੂੰ ਦੇਖ ਕੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਤੁਰਿਆ। ਦਾਦੇ ਨੂੰ ਫਿਸਿਆ ਦੇਖ ਕੇ ਭਾਈ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਹੋਂਸਲਾ ਦਿੰਦਿਆਂ ਕਿਹਾ, ਬਾਬਾ ਜੀ ਗੁਰਸਿੱਖ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ? 23
15 ਨਵੰਬਰ ਦੀ ਰਾਤ ਨੂੰ ਜੇਲ੍ਹ ਵਿੱਚ ਕੋਈ ਨਾ ਸੁੱਤਾ, ਸਾਰਿਆਂ ਨੇ ਰਲ ਕੇ ਇੱਕ ਸਾਂਝੀ ਕਵਿਤਾ ਤਿਆਰ ਕੀਤੀ, ਜੋ ਰਲ ਮਿਲ ਕੇ ਪੜ੍ਹੀ ਗਈ। 24 ਅੰਮ੍ਰਿਤ ਵੇਲੇ ਭਾਈ ਕਰਤਾਰ ਸਿੰਘ ਸਮੇਤ ਸੱਤਾਂ ਜਣਿਆਂ ਨੂੰ ਕੇਸੀ ਇਸ਼ਨਾਨ ਕਰਵਾਇਆ ਗਿਆ। ਫਾਂਸੀ ਦੇ ਤਖਤਿਆਂ ਵੱਲ ਜਾਂਦੇ ਹੋਏ ਸਰਾਭੇ ਹੋਰਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੁਣਨਾ ਖਾਲਸਾ ਸੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਗਜਾ ਚਲੇ, ਕੰਮ ਅਸਾਂ ਦੇ ਅੱਜ ਤੋਂ ਖਤਮ ਹੋ ਗਏ, ਕੰਮ ਤੁਸਾਂ ਦੇ ਸ਼ੁਰੂ ਕਰਵਾ ਚੱਲੇ। ਕੋਠੜੀਆਂ ਵਿੱਚ ਬੰਦ ਕੈਦੀਆਂ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ ‘ਸੱਚਖੰਡ ਜਾਣ ਵਾਲਿਓ ਸਾਡੇ ਜਾ ਕੇ ਸੁਨਹਿੜੇ ਤੁਸੀਂ ਦੇਣੇ’ ਉਨ੍ਹਾਂ ਦੇ ਜਾਂਦਿਆਂ ਹੀ ਕੋਠੜੀਆਂ ਵਿਚੋਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉਠੇ।
ਹਵਾਲੇ
1-ਵਲੇਰੀ ਮੁਖੀਨਾ, ‘ਬੱਚੇ ਤੋਂ ਇਸ਼ਨਾਨ’ ਪੰਨਾ - 272-ਸੁਰਜੀਤ ਸਿੰਘ ਢਿੱਲੋਂ, ਪੰਜਾਬੀ ਟ੍ਰਿਿਬਊਨ 25 ਮਈ 2014
3-ਸਰਾਭੇ ਦੇ ਸਾਥੀ ਗਿ. ਹਰਭਜਨ ਸਿੰਘ ਸਾਥੀ (ਸੰਪਾਦਕ ਗਿ. ਅਜਮੇਰ ਸਿੰਘ ਲੋਹਗੜ੍ਹ) ਪੰਨਾ 22-23
4-ਭਾਈ ਸਾਹਿਬ ਰਣਧੀਰ ਸਿੰਘ, ਜੇਲ੍ਹ ਚਿੱਠੀਆਂ, ਪੰਨਾ 84-85
5-ਗਿ. ਹਰਭਜਨ ਸਿੰਘ ਚਮਿੰਡਾ ‘ਬਾਲਾ ਜਰਨੈਲ’ ਪੰਨਾ - 5
6-‘ਕਿਰਤੀ’ ਅਪ੍ਰੈਲ 1927
7-F.C Isemonger and J. Slattery, Ghadar Conspisracy Report, p-51
8-Emily C. Brown, Hardayal: Hindu Revolutionary and Rationalist, P-141-42
9-ਗ਼ਦਰੀ ਬਾਬਾ ਭਗਵਾਨ ਸਿੰਘ ‘ਪ੍ਰੀਤਮ’ (ਸੰਪਾਦਕ: ਡਾ. ਗੁਰਦੇਵ ਸਿੰਘ ਸਿੱਧੂ, ਸੁਰਿੰਦਰਪਾਲ ਸਿੰਘ) ਪੰਨਾ 74-75
10. ਸਚਿੰਦਰ ਨਾਥ ਸਨਿਆਲ, ‘ਬੰਦੀ ਜੀਵਨ’ ਪੰਨਾ - 49
11. ਲਿਖਤਾਂ: ਗਦਰੀ ਬਾਬਾ ਜਵਾਲਾ ਸਿੰਘ (ਸੰਪਾਦਕ: ਬਲਵੀਰ ਪਰਵਾਨਾ) ਪੰਨਾ - 49
12. Sir Michael O' Dwyer, 'India as i knew it' P-190
13. ਗੁਰਚਰਨ ਸਿੰਘ ਸਹਿੰਦਰਾ, ‘ਗਦਰੀ ਪਾਰਟੀ ਦਾ ਇਤਿਹਾਸ’ ਪੰਨਾ 71
14. ਸਚਿੰਦਰ ਨਾਥ ਸਨਿਆਲ ‘ਬੰਦੀ ਜੀਵਨ’ ਪੰਨਾ - 19
15. ਅਮਰਜੀਤ ਚੰਦਨ ‘ਫੈਲਸੂਫੀਆਂ’ ਪੰਨਾ - 42
16. Statment of parmanand Jhansi, 'The Makers of Modern Punjab (Compiled by Dr. Kirpal Singh, Prithipal singh Kapur) p-139
17. ਪੂਰਨ ਸਿੰਘ ਜੀਵਨੀ ਤੇ ਕਵਿਤਾ (ਸੰਪਾਦਕ: ਮਹਿੰਦਰ ਸਿੰਘ ਰੰਧਾਵਾ) ਪੂਰਨ ਸਿੰਘ ਦੀ ਪਤਨੀ ਮਾਇਆ ਦੇਵੀ ਦਾ ਬਿਆਨ - ਪੰਨਾ 70
18. ਗਿ. ਹੀਰਾ ਸਿੰਘ ਦਰਦ, "ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ, ਪੰਨਾ - 28
19. ਉਪਰੋਕਤ ਪੰਨਾ 29
20. ਭਾਈ ਪਰਮਾਨੰਦ, ‘ਮੇਰੀ ਆਪ ਬੀਤੀ’ ਪੰਨਾ 70
21. First Lahor conspiracy case (eds: Malwinderjit Singh Waraich, Harish Jain) P-126
22. ਪ੍ਰਿਥਵੀ ਸਿੰਘ ਅਜ਼ਾਦ, ‘ਕ੍ਰਾਂਤੀ ਪੱਖ ਦਾ ਪਥਿਕ’ ਪੰਨਾ - 99
23. ਸੰਤ ਸਿਪਾਹੀ ਵਸਾਖਾ ਸਿੰਘ ‘ਮਾਲਵਾ ਸਿੱਖ ਇਤਿਹਾਸ’ ਭਾਗ ਦੂਜਾ ਪੰਨਾ - 313
24.’ਕਿਰਤੀ’ ਅਗਸਤ 1926
25. ਸੰਤ ਸਿਪਾਹੀ ਵਸਾਖਾ ਸਿੰਘ, ‘ਮਾਲਵਾ ਸਿੰਘ ਇਤਿਹਾਸ’ (ਭਾਗ ਦੂਜਾ) ਪੰਨਾ - 312