ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ

-ਸੁਰਿੰਦਰ ਕੋਛੜ
ਹਰੀ ਸਿੰਘ ਨਲੂਆ ਨੇ 17 ਅਕਤੂਬਰ 1836 ਨੂੰ ਜਮਰੌਦ ਕਿਲ੍ਹੇ ਦੀ ਨੀਂਹ ਰੱਖ ਕੇ ਨੇੜੇ ਹੋਰ ਛੋਟੇ ਕਿਲ੍ਹਿਆਂ-ਬੁਰਜ ਹਰੀ ਸਿੰਘ, ਕਿਲ੍ਹਾ ਬਾੜਾ ਅਤੇ ਕਿਲ੍ਹਾ ਮਿਚਨੀ ਆਦਿ ਦਾ ਨਿਰਮਾਣ ਸ਼ੁਰੂ ਕਰਵਾਇਆ। ਜਦੋਂ ਇਨ੍ਹਾਂ ਕਿਲ੍ਹਿਆਂ ਦੇ ਨਿਰਮਾਣ ਦੀ ਖ਼ਬਰ ਕਾਬਲ ਅਫ਼ਗ਼ਾਨਾਂ ਕੋਲ ਪੁੱਜੀ ਤਾਂ ਉਹ ਸਮਝ ਗਏ ਕਿ ਹਰੀ ਸਿੰਘ ਪਿਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬਲ ਨੂੰ ਖ਼ਾਲਸਾ ਰਾਜ ਵਿੱਚ ਮਿਲਾਉਣ ਦੀ ਤਿਆਰੀ ਵਿੱਚ ਹੈ। ਇਸ ’ਤੇ ਅਮੀਰ ਦੋਸਤ ਮੁਹੰਮਦ ਖ਼ਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗ਼ਾਜ਼ੀਆਂ ਦੇ ਭਾਰੀ ਲਸ਼ਕਰ ਸਹਿਤ ਮਿਰਜ਼ਾ ਸਮੀ ਖ਼ਾਨ ਨੂੰ ਆਪਣਾ ਲਾਇਬੁਲ ਸਲਤਨਤ ਮੁਕੱਰਰ ਕਰ ਕੇ 15 ਅਪਰੈਲ 1837 ਨੂੰ ਖ਼ਾਲਸੇ ਉੱਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ।

ਉੱਧਰ, ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲ੍ਹਿਆਂ ਦੇ ਨਿਰਮਾਣ ਵਿੱਚ ਦਿਨ-ਰਾਤ ਜੁਟੇ ਰਹਿਣ ਕਰਕੇ ਹਰੀ ਸਿੰਘ ਨਲੂਆ ਥਕੇਵੇਂ ਕਾਰਨ ਪਿਸ਼ਾਵਰ ਦੇ ਕਿਲ੍ਹੇ ਵਿੱਚ ਬੀਮਾਰ ਪਏ ਸਨ। ਦੂਜੇ ਪਾਸੇ ਲਾਹੌਰ ਵਿੱਚ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਅੰਗਰੇਜ਼ ਅਫ਼ਸਰਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫ਼ੌਜ ਮੰਗਵਾਈ ਗਈ ਸੀ।

ਹਰੀ ਸਿੰਘ ਨਲੂਆ ਦੁਆਰਾ ਨਿਯੁਕਤ ਕੀਤੇ ਕਿਲ੍ਹਾ ਜਮਰੌਦ ਦੇ ਕਿਲ੍ਹੇਦਾਰ ਅਤੇ ਉਨ੍ਹਾਂ ਦੇ ਪਾਲਿਤ ਪੁੱਤਰ ਮਹਾਂ ਸਿੰਘ ਮੀਰਪੁਰੀਏ ਵੱਲੋਂ ਰੋਜ਼ਾਨਾ ਅਫ਼ਗ਼ਾਨੀਆਂ ਵੱਲੋਂ ਜੰਗੀ ਤਿਆਰੀਆਂ ਦੀਆਂ ਖ਼ਬਰਾਂ ਪੁੱਜ ਰਹੀਆਂ ਸਨ। ਮਹਾਂ ਸਿੰਘ ਨੇ ਕਿਲ੍ਹੇ ਵਿੱਚੋਂ ਸ. ਨਲੂਆ ਨੂੰ ਲਿਖਤੀ ਸੁਨੇਹਾ ਭੇਜ ਕੇ ਫ਼ੌਜ ਦੀ ਮੰਗ ਕੀਤੀ। ਹਰੀ ਸਿੰਘ ਨਲੂਆ ਨੇ ਉਸ ਦੇ ਖ਼ਤ ਸਮੇਤ ਆਪਣੇ ਵੱਲੋਂ ਇੱਕ ਅਰਜ਼ੀ ਲਿਖਵਾ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਿਜਵਾ ਦਿੱਤੀ, ਜਿਸ ਵਿੱਚ ਉਨ੍ਹਾਂ ਪਿਸ਼ਾਵਰ ਦੀ ਫ਼ੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਇਹ ਸੁਨੇਹਾ 26 ਅਪਰੈਲ ਦੀ ਦੁਪਹਿਰ ਰਾਜਾ ਧਿਆਨ ਸਿੰਘ ਕੋਲ ਪੁੱਜਿਆ ਪਰ ਉਸ ਨੇ ਇਸ ਬਾਰੇ ਮਹਾਰਾਜੇ ਨੂੰ ਜਾਣਕਾਰੀ ਨਾ ਦਿੱਤੀ, ਜਿਸ ਕਾਰਨ 30 ਅਪਰੈਲ ਤੱਕ ਵੀ ਲਾਹੌਰ ਦਰਬਾਰ ਵੱਲੋਂ ਪਿਸ਼ਾਵਰ ਕੋਈ ਜਵਾਬ ਨਾ ਪੁੱਜਿਆ।

ਉੱਧਰ, 27 ਅਪਰੈਲ ਨੂੰ ਅਫ਼ਗਾਨ ਦੱਰਾ ਖ਼ੈਬਰ ਦੇ ਪੂਰਬੀ ਸਿਰੇ ’ਤੇ ਪੁੱਜ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਸ.ਨਲੂਆ ਦੇ ਕਿਲ੍ਹੇ ਵਿੱਚ ਮੌਜੂਦ ਨਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਅਤੇ ਅਗਲੇ ਦਿਨ 28 ਅਪਰੈਲ ਨੂੰ ਉਨ੍ਹਾਂ ਨੇ ਕਿਲ੍ਹੇ ’ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਗੋਲਾਬਾਰੀ ਦੇ ਜਵਾਬ ਵਿੱਚ ਮਹਾਂ ਸਿੰਘ ਨੇ ਵੀ ਕਿਲ੍ਹੇ ਵਿੱਚੋਂ ਅਫ਼ਗ਼ਾਨੀਆਂ ਉੱਤੇ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਹ ਸਿਲਸਿਲਾ ਰਾਤ ਦਾ ਹਨੇਰਾ ਹੋਣ ਤਕ ਚੱਲਦਾ ਰਿਹਾ।

ਦੂਜੇ ਦਿਨ ਵੀ ਅਫ਼ਗ਼ਾਨੀਆਂ ਨੇ ਦਿਨ ਚੜ੍ਹਦਿਆਂ ਹੀ ਕਿਲ੍ਹੇ ਉੱਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲ੍ਹੇ ਵਿੱਚ ਮੌਜੂਦ ਇੱਕ ਹਜ਼ਾਰ ਖ਼ਾਲਸਾ ਫ਼ੌਜ ਦਾ ਅਫ਼ਗ਼ਾਨੀਆਂ ਦੇ 30,000 ਲਸ਼ਕਰ ਅੱਗੇ ਜ਼ਿਆਦਾ ਦੇਰ ਤੱਕ ਡਟੇ ਰਹਿਣਾ ਅਸੰਭਵ ਸੀ ਪਰ ਫਿਰ ਵੀ ਖ਼ਾਲਸਾ ਫ਼ੌਜ ਦੇ ਹੌਂਸਲੇ ਬੁਲੰਦ ਰਹੇ ਅਤੇ ਉਹ ਅਫ਼ਗ਼ਾਨੀਆਂ ਉੱਤੇ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। 30 ਅਪਰੈਲ ਨੂੰ ਅਫ਼ਗ਼ਾਨੀ, ਕਿਲ੍ਹੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਡੇਗਣ ਵਿੱਚ ਕਾਮਯਾਬ ਹੋ ਗਏ। ਇਸ ਦੇ ਬਾਵਜੂਦ ਉਨ੍ਹਾਂ ਦਾ ਕਿਲ੍ਹੇ ਅੰਦਰ ਵੜਨ ਦਾ ਹੌਂਸਲਾ ਨਾ ਹੋਇਆ। ਜਦੋਂ ਰਾਤ ਹੋਈ ਤਾਂ ਖ਼ਾਲਸਾ ਫ਼ੌਜ ਨੇ  ਕਿਲ੍ਹੇ ਦੀ ਫ਼ਸੀਲ ਦਾ ਪਾੜ੍ਹ ਰੇਤ ਦੀਆਂ ਬੋਰੀਆਂ ਰੱਖ ਕੇ ਬੰਦ ਕਰ ਦਿੱਤਾ। ਕਿਲ੍ਹੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫ਼ੌਜੀ ਮਦਦ ਬਾਰੇ ਸ. ਨਲੂਆ ਨੂੰ ਸੂਚਿਤ ਕਰਨਾ ਜ਼ਰੂਰੀ ਸੀ। ਖ਼ਾਲਸੇ ਦਾ ਅੰਤਿਮ ਸੰਦੇਸ਼ ਉਨ੍ਹਾਂ ਤਕ ਪਹੁੰਚਾਉਣ ਲਈ ਬੀਬੀ ਹਰਸ਼ਰਨ ਕੌਰ ਪਠਾਣੀ ਦਾ ਭੇਸ ਬਣਾ ਕੇ ਰਾਤ ਕਿਲ੍ਹੇ ਵਿੱਚੋਂ ਨਿਕਲ ਕੇ 30 ਅਪਰੈਲ ਨੂੰ ਪਿਸ਼ਾਵਰ ਪੁੱਜ ਗਈ।

ਜਦੋਂ ਮਹਾਂ ਸਿੰਘ ਦਾ ਖ਼ਤ ਸ. ਨਲੂਆ ਕੋਲ ਪੁੱਜਿਆ ਤਾਂ ਆਪਣੀ ਬੀਮਾਰੀ ਅਤੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ੳੱੁਠ ਖੜ੍ਹੇ ਹੋਏ। ਇੱਥੋਂ ਹੀ ਉਨ੍ਹਾਂ ਨੇ ਮਹਾਂ ਸਿੰਘ ਵੱਲੋਂ ਲਿਖੇ ਅੰਤਿਮ ਖ਼ਤ ਦੇ ਨਾਲ ਆਪਣਾ ਇੱਕ ਖ਼ਤ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਿਜਵਾ ਦਿੱਤਾ। ਸ. ਨਲੂਆ ਨੇ 15 ਮਾਰਚ ਤੋਂ 21 ਅਪਰੈਲ ਤਕ ਲਗਾਤਾਰ ਫ਼ੌਜੀ ਇਮਦਾਦ ਲਈ ਚਾਰ ਅਰਜ਼ੀਆਂ ਲਾਹੌਰ ਦਰਬਾਰ ਵੱਲ ਭੇਜੀਆਂ। ਭਾਵੇਂ ਕੰਵਰ ਦੀ ਸ਼ਾਦੀ ਹੋ ਚੁੱਕੀ ਸੀ ਪਰ ਮਹਾਰਾਜਾ, ਅੰਗਰੇਜ਼ ਮਹਿਮਾਨਾਂ ਨੂੰ ਸੈਰ ਅਤੇ ਸ਼ਿਕਾਰ ਕਰਾਉਣ ਮਗਰੋਂ ਲਾਹੌਰ ਤੋਂ ਵਿਦਾ ਕਰਨ ਵਿੱਚ ਰੁੱਝੇ ਰਹੇ, ਜਿਸ ਕਾਰਨ ਰਾਜਾ ਧਿਆਨ ਸਿੰਘ ਨੂੰ ਫ਼ੌਜਾਂ ਪਿਸ਼ਾਵਰ ਨਾ ਭੇਜਣ ਦਾ ਬਹਾਨਾ ਮਿਲ ਗਿਆ।

ਫਿਰ ਸਰਦਾਰ ਨਲੂਆ ਨੇ ਪਿਸ਼ਾਵਰ ਕਿਲ੍ਹੇ ਵਿਚਲੀ ਫ਼ੌਜ ਨੂੰ ਜਮਰੌਦ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਬੁਰਜ ਹਰੀ ਸਿੰਘ ਦੇ ਨੇੜੇ ਪੁੱਜ ਕੇ ਉਨ੍ਹਾਂ ਨੇ ਫ਼ੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ। ਇੱਕ ਹਿੱਸਾ ਨਿਧਾਨ ਸਿੰਘ ‘ਪੰਜ ਹੱਥਾਂ’ ਨਾਲ ਤੋਰ ਦਿੱਤਾ, ਦੂਸਰਾ ਅਮਰ ਸਿੰਘ ਖੁਰਦ ‘ਮਜੀਠੀਆ’ ਨਾਲ ਅਤੇ ਤੀਜਾ ਆਪਣੇ ਨਾਲ ਰੱਖਿਆ। ੳੱੁਧਰ ਜਦੋਂ ਅਫ਼ਗ਼ਾਨੀ ਕਿਲ੍ਹੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠੇ ਸਨ ਤਾਂ ਹਰੀ ਸਿੰਘ ਨਲੂਆ ਨੇ ਜਮਰੌਦ ਪੁੱਜ ਕੇ ਅਫ਼ਗ਼ਾਨੀਆਂ ’ਤੇ ਅਜਿਹਾ ਹਮਲਾ ਕੀਤਾ ਕਿ ਜਮਰੌਦ ਦੇ ਕਿਲ੍ਹੇ ਦੇ ਬਾਹਰ ਦੂਰ-ਦੂਰ ਤਕ ਅਫ਼ਗ਼ਾਨੀਆਂ ਦੇ ਧੜ ਤੋਂ ਅਲੱਗ ਹੋਏ ਸਿਰ ਨਜ਼ਰ ਆ ਰਹੇ ਸਨ। ਅਫ਼ਗ਼ਾਨੀ ਸੈਨਾ ਵਿੱਚ ਤਰਥੱਲੀ ਮੱਚ ਗਈ। ਸ. ਨਲੂਆ ਦੇ ਜਵਾਨਾਂ ਨੇ ਭੱਜਦੇ ਅਫ਼ਗ਼ਾਨੀਆਂ ਕੋਲੋਂ ਉਨ੍ਹਾਂ ਦੀਆਂ 14 ਵੱਡੀਆਂ ਤੋਪਾਂ ਵੀ ਖੋਹ ਲਈਆਂ।

ਇਸ ਮਗਰੋਂ ਜਦੋਂ ਸਰਦਾਰ ਨਲੂਆ ਆਪਣੀ ਫ਼ੌਜ ਨੂੰ ਆਰਾਮ ਦੇਣ ਲਈ ਕੈਂਪ ਵਿੱਚ ਭੇਜਣ ਦੀ ਸੋਚ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਿਧਾਨ ਸਿੰਘ ‘ਪੰਜ ਹੱਥਾ’ ਸਿਰਫ਼ 1500 ਸਿਪਾਹੀਆਂ ਨੂੰ ਨਾਲ ਲੈ ਕੇ ਅਫ਼ਗ਼ਾਨੀਆਂ ਨੂੰ ਅੱਗੇ ਲਾ ਕੇ ਦੁੜਾਉਂਦਾ ਹੋਇਆ ਦੱਰਾ ਖ਼ੈਬਰ  ਅੰਦਰ ਕਾਫ਼ੀ ਦੂਰ ਤਕ ਚਲਾ ਗਿਆ ਹੈ। ਇਸ ’ਤੇ ਉਸ ਨੂੰ ਵਾਪਸ ਲਿਆਉਣ ਲਈ ਸ. ਨਲੂਆ ਨੂੰ ਉਸ ਦੇ ਪਿੱਛੇ ਜਾਣਾ ਪਿਆ।  ਉਧਰੋ ਸ਼ਮਸਉੱਦੀਨ ਖ਼ਾਨ ਨੇ 2000 ਜੰਗੀ ਸਿਪਾਹੀਆਂ ਨਾਲ ਦੱਰਾ ਖ਼ੈਬਰ ਵਿੱਚ ਪੁੱਜ ਕੇ ਅਫ਼ਗ਼ਾਨੀਆਂ ਨੂੰ ਖ਼ਾਲਸੇ ਨਾਲ ਯੁੱਧ ਲਈ ਪ੍ਰੇਰਿਆ। ਕੁਝ ਨੇ ਤਾਂ ਉਸ ਦੀ ਇੱਕ ਨਾ ਸੁਣੀ ਅਤੇ ਬਾਕੀ ਨਿਧਾਨ ਸਿੰਘ ‘ਪੰਜ ਹੱਥਾ’ ਵੱਲ ਨੂੰ ਵਾਪਸ ਮੁੜ ਆਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਉਸ ਸਮੇਂ ਸਰਦਾਰ ਨਲੂਆ ਸਰਕਮਰ (ਰਤੀ ਚੱਟਾਨ) ਦੇ ਸਥਾਨ ’ਤੇ ਸਨ। ਇੱਥੇ ਇੱਕ ਚੱਟਾਨ ਵਿੱਚ ਗੁਫ਼ਾ ਬਣੀ ਹੋਈ ਸੀ, ਜਿਸ ਵਿੱਚ ਲੁਕੇ ਗ਼ਾਜ਼ੀਆਂ ਨੇ ਸ. ਨਲੂਆ ਉੱਤੇ ਗੋਲੀ ਚਲਾ ਦਿੱਤੀ। ਇੱਕ ਗੋਲੀ ਉਨ੍ਹਾਂ ਦੀ ਛਾਤੀ ਵਿੱਚ ਅਤੇ ਇੱਕ ਪੱਟ ਵਿੱਚ ਲੱਗੀ। ਜ਼ਖ਼ਮੀ ਹੋਣ ਮਗਰੋਂ ਵੀ ਉਨ੍ਹਾਂ ਨੇ ਹੌਂਸਲੇ ਤੋਂ ਕੰਮ ਲਿਆ ਅਤੇ ਅਮਰ ਸਿੰਘ ਖੁਰਦ ਨੂੰ ਨਿਧਾਨ ਸਿੰਘ ਦੀ ਮਦਦ ਲਈ ਭੇਜ ਕੇ ਆਪਣਾ ਘੋੜਾ ਕਿਲ੍ਹਾ ਜਮਰੌਦ ਵੱਲ ਮੋੜ ਲਿਆ। ਕਿਲ੍ਹੇ ਵਿੱਚ ਪੁੱਜਣ ਮਗਰੋਂ ਉਨ੍ਹਾਂ ਮਹਾਂ ਸਿੰਘ ਮੀਰਪੁਰੀਏ ਨੂੰ ਆਖਿਆ ਕਿ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਜ਼ਖ਼ਮੀ ਹੋ ਗਿਆ ਹਾਂ।

ਸਰਦਾਰ ਨਲੂਆ ਨੂੰ ਆਪਣਾ ਆਖ਼ਰੀ ਸਮਾਂ ਆਉਣ ਦਾ ਗਿਆਨ ਹੋਣ ’ਤੇ ਉਨ੍ਹਾਂ ਮਹਾਂ ਸਿੰਘ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਸਾਰੀ ਫ਼ੌਜ ਸਰਕਾਰ ਦੀ ਵਫ਼ਾਦਾਰ ਤੇ ਨਮਕ ਹਲਾਲ ਹੋ ਕੇ ਰਹੇ ਅਤੇ ਮੇਰੀ ਮੌਤ ਦੀ ਖ਼ਬਰ ਲਾਹੌਰ ਤੋਂ ਮੱਦਦ ਆਉਣ ਤੱਕ ਗੁਪਤ ਰੱਖੀ ਜਾਵੇ। ਇਸ ਮਗਰੋਂ ਕੁਝ ਹੋਰ ਸ਼ਬਦ ਕਹਿ ਕੇ ਉਨ੍ਹਾਂ ਦੀ ਆਵਾਜ਼ ਮੱਧਮ ਪੈ ਗਈ। ਸਿੱਖ ਰਾਜ ਦੇ ਸਤੰਭ ਇਸ ਬਹਾਦਰ ਜਰਨੈਲ ਨੇ 30 ਅਪਰੈਲ 1837 ਨੂੰ ਪ੍ਰਾਣ ਤਿਆਗ ਦਿੱਤੇ। ਮਹਾਂ ਸਿੰਘ ਮੀਰਪੁਰੀਏ ਨੇ ਕੁਝ ਪ੍ਰਮੁੱਖ ਸਰਦਾਰਾਂ ਨੂੰ ਬੁਲਾ ਕੇ ਧਾਰਮਿਕ ਰੀਤੀ-ਰਿਵਾਜਾਂ ਨਾਲ ਸਰਦਾਰ ਸਾਹਿਬ ਦਾ ਸਸਕਾਰ ਅੱਧੀ ਰਾਤ ਨੂੰ ਕਿਲ੍ਹੇ ਵਿੱਚ ਕਨਾਤਾਂ ਦੇ ਅੰਦਰ ਕਰ ਦਿੱਤਾ। ਬਾਅਦ ਵਿੱਚ ਉਸੇ ਜਗ੍ਹਾ ’ਤੇ ਹਰੀ ਸਿੰਘ ਨਲੂਆ ਦੀ ਸਮਾਧ ਬਣਾ ਦਿੱਤੀ ਗਈ।

ਲੈ ਸਾਰ ਜਮਰੌਦ ਦੀ ਸਿੰਘਾ ਸਰਦਾਰਾ: ਸਰਦਾਰ ਹਰੀ ਸਿੰਘ ਨਲੂਆ

-ਦਵਿੰਦਰ ਸਿੰਘ
ਜ਼ੋਏ-ਜ਼ਾਹਰਾ ਰਹੇ ਨਾ ਜ਼ਰਾ ਕਾਇਮ,
ਐਸਾ ਸਿੱਖਾਂ ਪਠਾਣਾਂ ਨੂੰ ਡੰਗਿਆ ਜੀ।
ਹਰੀ ਸਿੰਘ ਸਰਦਾਰ ਤਲਵਾਰ ਫੜਕੇ,
ਮੂੰਹ ਸੈਆਂ ਪਠਾਣਾਂ ਦਾ ਰੰਗਿਆ ਜੀ।
ਅਫ਼ਜ਼ਲ ਖ਼ਾਨ ਪਠਾਣ ਦਲੇਰ ਯਾਰੋ,
ਮੂੰਹ ਫੇਰ ਕੇ ਲੜਨ ਤੋਂ ਸੰਗਿਆ ਜੀ।
ਕਾਦਰਯਾਰ ਉਹ ਛਡ ਮੈਦਾਨ ਗਿਆ,
ਦਰ੍ਹਾ ਜਾ ‘ਖ਼ੈਬਰ’ ਵਾਲਾ ਲੰਘਿਆ ਜੀ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਆਰੇ ਤੇ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਪਰਿਵਾਰ ਮੁੱਢ ਕਦੀਮ ਤੋਂ ਬਹਾਦਰ ਯੋਧਿਆਂ ਦਾ ਪਰਿਵਾਰ ਸੀ ਅਤੇ ਖਾਲਸਾ ਰਾਜ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਇਸ ਪਰਿਵਾਰ ਨੇ ਬਹਾਦਰੀ ਅਤੇ ਵਫ਼ਾਦਾਰੀ ਸਦਕਾ ਆਪਣੀ ਇਕ ਅਲੱਗ ਪਛਾਣ ਬਣਾਈ ਹੋਈ ਸੀ। ਹਰੀ ਸਿੰਘ ਨਲੂਆ ਦੇ ਦਾਦਾ ਸ. ਹਰਿਦਾਸ ਸਿੰਘ ਉੱਪਲ ਦੀ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ ਬਾਬਾ ਨੌਧ ਸਿੰਘ ਨਾਲ ਪਹਿਲੀ ਮੁਲਾਕਾਤ ਸੰਨ 1726 ਦੇ ਕਰੀਬ ਜਿਹੇ ਮਜੀਠੇ ਦੇ ਮੁਕਾਮ ‘ਤੇ ਹੋਈ। ਉਸ ਸਮੇਂ ਮਜੀਠੇ ਦੇ ਸ਼ੇਰਗਿੱਲ ਪੂਰੀ ਤਰ੍ਹਾਂ ਨਾਲ ਮੁਗਲ ਹਕੂਮਤ ਦੇ ਤਰਫ਼ਦਾਰ ਸਨ ਪਰ ਸ. ਗੁਲਾਬ ਸਿੰਘ ਸ਼ੇਰਗਿੱਲ (ਸ. ਨੌਧ ਸਿੰਘ ਦਾ ਸਾਲਾ) ਅਤੇ ਸ. ਹਰਿਦਾਸ ਸਿੰਘ ਉੱਪਲ ਕੌਮ ਦੀ ਆਜ਼ਾਦੀ ਲਈ ਯੁੱਧਾਂ ਵਿਚ ਹਿੱਸਾ ਲੈਂਦੇ ਸਨ। ਬਾਬਾ ਨੌਧ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ. ਚੜ੍ਹਤ ਸਿੰਘ ਨੇ ਸ਼ੁੱਕਰਚਕੀਆ ਮਿਸਲ ਕਾਇਮ ਕੀਤੀ ਅਤੇ ਆਪਣੇ ਅਧੀਨ ਸਿਪਾਹੀਆਂ ਦੀ ਨਫ਼ਰੀ ਵੀ 100 ਤੋਂ ਵਧਾ ਲਈ। ਉਨ੍ਹਾਂ ਨੇ ਸਾਰੀ ਨਫਰੀ ਦੀ ਕਮਾਨ ਸ. ਹਰਿਦਾਸ ਸਿੰਘ ਉੱਪਲ ਦੇ ਹੱਥ ਸੌਂਪੀ ਹੋਈ ਸੀ। ਬਾਅਦ ਵਿਚ ਸ. ਚੜ੍ਹਤ ਸਿੰਘ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ ਅਤੇ ਉਥੇ ਪੱਕਾ ਕਿਲਾ ਤਿਆਰ ਕਰਵਾ ਕੇ ਇਸ ਨਗਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਹਰਿਦਾਸ ਸਿੰਘ ਵੀ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ। ਸ. ਹਰਿਦਾਸ ਸਿੰਘ ਹਰੇਕ ਯੁੱਧ ਵਿਚ ਸ. ਚੜ੍ਹਤ ਸਿੰਘ ਸ਼ੁੱਕਰਚਕੀਆ ਦੇ ਹਮ-ਰਕਾਬ ਰਹੇ ਅਤੇ ਸੰਨ 1762 ਵਿਚ ਕੁੱਪ-ਰਹੀੜਾ ਵਿਚ ਵੱਡੇ ਘੱਲੂਘਾਰੇ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਸੇ ਅਹੁਦੇ ‘ਤੇ ਉਨ੍ਹਾਂ ਦੇ ਸਪੁੱਤਰ ਸ. ਗੁਰਦਾਸ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸ. ਗੁਰਦਾਸ ਸਿੰਘ ਪਹਿਲਾਂ ਤਾਂ ਸ. ਚੜ੍ਹਤ ਸਿੰਘ ਦੇ ਨਾਲ ਅਤੇ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਸ. ਮਹਾਂ ਸਿੰਘ ਨਾਲ ਹਮ-ਰਕਾਬ ਹੋ ਕੇ ਹਰ ਮੁਹਿੰਮ ‘ਚ ਹਿੱਸਾ ਲੈਂਦੇ ਰਹੇ। ਸੰਨ 1792 ਵਿਚ ਸ. ਮਹਾਂ ਸਿੰਘ ਦੇ ਅਕਾਲ ਚਲਾਣੇ ਮਗਰੋਂ ਸੰਨ 1798 ਵਿਚ ਸ. ਗੁਰਦਾਸ ਸਿੰਘ ਦਾ ਵੀ ਦੇਹਾਂਤ ਹੋ ਗਿਆ। ਉਸ ਦੇ ਦੋ ਬੱਚੇ ਸਨ¸ਸ. ਹਰੀ ਸਿੰਘ (ਜਨਮ ਸੰਨ 1791 ਈ.) ਅਤੇ ਬੀਬੀ ਕਿਸ਼ਨ ਦੇਵੀ (ਜਨਮ ਸੰਨ 1795 ਈ.)।

ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।

ਜਨਮ:
ਇਸ ਮਹਾਨ ਜਰਨੈਲ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਇਹ ਹੋਣਹਾਰ ਬਾਲਕ ਅਜੇ ਸੱਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਇਸ ਕਰਕੇ ਇਸ ਦੇ ਬਚਪਨ ਦੇ ਦਿਨ ਇਸ ਦੇ ਮਾਮੇ ਦੇ ਘਰ ਗੁਜ਼ਰੇ। ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਿਆ। ਪਰਮਾਤਮਾ ਵੱਲੋਂ ਹੀ ਉਨ੍ਹਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਪ੍ਰਵੀਣਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਫ਼ਾਰਸੀ ਅਤੇ ਗੁਰਮੁਖੀ ਦੀ ਲਿਖਤ-ਪੜ੍ਹਤ ਵਿਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ।

ਬਸੰਤੀ ਦਰਬਾਰ ਵਿੱਚ ਚੋਣ:
ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਹ ਮੁਕਾਬਲਾ ਸਾਲ ਵਿਚ ਇਕ ਵਾਰੀ ਹੁੰਦਾ ਸੀ ਤਾਂ ਕਿ ਨੌਜਵਾਨਾਂ ਦੇ ਹੌਸਲੇ ਬੁਲੰਦ ਹੋ ਸਕਣ। ਈਸਵੀ ਸੰਨ 1805 ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਾਇਆ ਸੀ। ਇਸ ਵਿਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ।

ਸਰਦਾਰੀ ਦਾ ਸਮਾਂ:
ਇਸੇ ਤਰ੍ਹਾਂ 1807 ਈਸਵੀ ਵਿਚ ਕਸੂਰ ਦੀ ਫ਼ਤਹਿ ਸਮੇਂ ਸਰਦਾਰ ਹਰੀ ਸਿੰਘ ਨੇ ਮਹਾਨ ਬੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ। ਮਹਾਰਾਜਾ ਨੇ 1810 ਵਿਚ ਮੁਲਤਾਨ ਉਂਤੇ ਚੜ੍ਹਾਈ ਕਰਨ ਲਈ ਖ਼ਾਲਸਾ ਫੌਜ ਨੂੰ ਹੁਕਮ ਦਿੱਤਾ। ਅੱਗੋਂ ਉਥੋਂ ਦਾ ਨਵਾਬ ਮਜੱਫਰ ਖ਼ਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲ੍ਹੇ ਦੇ ਭਰੋਸੇ ਤੇ ਖ਼ਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰ-ਏ-ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲ੍ਹੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ ਮੰਗ ਕੀਤੀ। ਇਸ ਸਮੇਂ ਸ. ਹਰੀ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ। ਇਹ ਮਹਾਨ ਅਤੇ ਭਿਆਨਕ ਕੰਮ ਸ. ਹਰੀ ਸਿੰਘ ਅਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨਿਡਰਤਾ ਤੇ ਦਲੇਰੀ ਨਾਲ ਸਿਰੇ ਚਾੜ੍ਹਿਆ। ਇਸ ਜੰਗ ਵਿਚ ਸ. ਹਰੀ ਸਿੰਘ ਨੇ ਜ਼ਖ਼ਮੀ ਹੁੰਦਿਆਂ ਵੀ ਹੌਸਲਾ ਨਾ ਹਾਰਿਆ।

ਇਸ ਤੋਂ ਛੁੱਟ 1818 ਈਸਵੀ ਵਿਚ ਮੁਲਤਾਨ ਦੀ ਅਖ਼ੀਰਲੀ ਫ਼ਤਹਿ ਅਤੇ ਫਿਰ ਕਸ਼ਮੀਰ ਜਿੱਤਣ ਵਿਚ ਆਪ ਨੇ ਵੱਡੇ ਕਾਰਨਾਮੇ ਕੀਤੇ। ਕਸ਼ਮੀਰ ਦੇ ਵਿਗੜ ਚੁਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਲਈ ਆਪ ਦੀ ਡਿਊਟੀ ਲਾਈ ਗਈ ਸੀ। ਆਪ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਆਪ ਨੇ ਹੀ ਵੱਡੀਆਂ ਘਾਲਾਂ ਘਾਲ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿਚ ਮਿਲਾ ਕੇ ਲਾਹੇਵੰਦ ਸੂਬਾ ਬਣਾ ਲਿਆ। ਆਪ ਦੇ ਰਾਜ ਪ੍ਰਬੰਧ ਤੇ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰ ਖ਼ਾਲਸਾ ਰਾਜ ਵਿਚ ਕੇਵਲ ਆਪ ਜੀ ਨੂੰ ਹੀ ਮਿਲਿਆ।
ਇਸ ਤੋਂ ਇਲਾਵਾ ਨੁਸ਼ਹਿਰੇ ਤੇ ਜਹਾਂਗੀਰ ਦੀ ਜੰਗ ਵਿਚ ਬੜੀ ਨਿਡਰਤਾ ਤੇ ਜੰਗੀ ਹੁਨਰ ਨਾਲ ਸ. ਹਰੀ ਸਿੰਘ ਨੇ ਫ਼ਤਹਿ ਪਾਈ। ਇਸ ਦੇ ਬਾਰੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ। ਸੰਨ 1834 ਈ. ਵਿਚ ਸ਼ੇਰ-ਏ-ਪੰਜਾਬ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਫੈਸਲਾ ਕੀਤਾ ਕਿ ਪਿਸ਼ਾਵਰ ਤੇ ਸਰਹੱਦੀ ਸੂਬੇ ਜਿੰਨੀ ਦੇਰ ਤਕ ਖ਼ਾਲਸਾ ਰਾਜ ਵਿਚ ਨਹੀਂ ਮਿਲ ਜਾਂਦੇ ਓਨੀ ਦੇਰ ਤਕ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਧਾਵਿਆਂ ਤੋਂ ਛੁਟਕਾਰਾ ਨਹੀਂ ਦਿਵਾਇਆ ਜਾ ਸਕਦਾ। ਭਾਵ ਸੂਬਾ ਪਿਸ਼ਾਵਰ ਨੂੰ ਅਫਗਾਨਿਸਤਾਨ ਨਾਲੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਵੇ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ਤੇ ਹੱਲਾ ਬੋਲਣ ਲਈ ਆਖਿਆ। 27 ਅਪ੍ਰੈਲ ਸੰਨ 1834 ਈ. ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਰਾਹੀਂ ਖ਼ਾਲਸਾ ਫੌਜ ਪਾਰ ਕਰਵਾਈ। ਓਧਰ ਪਿਸ਼ਾਵਰ ਦੇ ਹਾਕਮਾਂ ਨੇ ਵੀ ਤੁਰਤ-ਫੁਰਤ ਖ਼ਾਲਸਾ ਫੌਜ ਨੂੰ ਰੋਕਣ ਲਈ ਚਮਕਨੀ ਦੀ ਹੱਦ ਤੇ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪਿਸ਼ਾਵਰ ਦੇ ਰਾਹ ਨੂੰ ਕਾਬੂ ਵਿਚ ਕਰ ਲਿਆ।

ਇਕ ਵਾਰੀ ਸ. ਹਰੀ ਸਿੰਘ ਮੁਜੱਫਰਾਬਾਦ ਦੇ ਰਾਹ ਕਸ਼ਮੀਰ ਤੋਂ ਆਉਂਦੇ ਹੋਏ ਮਾਂਗਲੀ ਦੇ ਨੇੜੇ ਪਹੁੰਚੇ। ਉਨ੍ਹਾਂ ਦਾ ਰਾਹ ਮਾਂਗਲੀ ਦੇ ਦਰ੍ਹਾ ਹਜ਼ਾਰੇ ਦੇ ਭਾਰੀ ਲਸ਼ਕਰ ਨੇ ਰੋਕ ਲਿਆ। ਇਹ ਸਰਦਾਰ ਦਾ ਸਾਮਾਨ ਲੁੱਟਣਾ ਚਾਹੁੰਦੇ ਸਨ। ਸਰਦਾਰ ਨੇ ਇਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੇ ਰਾਹ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਦਿਨ ਰੱਬ ਦਾ ਭਾਣਾ ਐਸਾ ਵਰਤਿਆ ਕਿ ਮੀਂਹ ਪੈਣ ਲੱਗ ਪਿਆ। ਜਦ ਮੀਂਹ ਹਟਿਆ ਤਾਂ ਲੋਕਾਂ ਨੇ ਆਪਣੇ ਕੋਠਿਆਂ ਦੀਆਂ ਛੱਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁੱਛਣ ਤੇ ਪਤਾ ਲੱਗਾ ਕਿ ਇਹ ਲੋਕ ਛੱਤਾਂ ਇਸ ਲਈ ਕੁੱਟ ਰਹੇ ਹਨ ਕਿ ਇਥੇ ਦੀ ਮਿੱਟੀ ਨੂੰ ਕੁੱਟਣ-ਮਿੱਟੀ ਆਖਦੇ ਹਨ, ਜੇ ਇਸ ਨੂੰ ਕੁੱਟਿਆ ਨਾ ਜਾਵੇ ਤਾਂ ਠੀਕ ਨਹੀਂ ਬੈਠਦੀ। ਇਧਰ ਸਰਦਾਰ ਨੇ ਵੀ ਭਾਂਪ ਲਿਆ ਕਿ ਇਹ ਲੋਕ ਵੀ ਇਸੇ ਮਿੱਟੀ ਦੇ ਬਣੇ ਹੋਏ ਹਨ, ਕੁੱਟ ਖਾਣ ਤੋਂ ਬਿਨਾਂ ਰਸਤਾ ਨਹੀਂ ਦੇਣਗੇ। ਇਸ ਲਈ ਖ਼ਾਲਸੇ ਨੇ ਚੜ੍ਹਾਈ ਕੀਤੀ ਅਤੇ ਤੀਹ ਹਜ਼ਾਰ ਫੌਜ ਉਤੇ ਕੇਵਲ ਸੱਤ-ਹਜ਼ਾਰ ਸਿੰਘਾਂ ਨੇ ਫ਼ਤਹਿ ਪਾਈ।
ਜਦੋਂ ਖ਼ਾਲਸਾ ਫੌਜ ਉਨ੍ਹਾਂ ਦੇ ਮੋਰਚਿਆਂ ਤੇ ਪਹੁੰਚਣ ਵਾਲੀ ਸੀ ਤਾਂ ਅੱਗੋਂ ਧੂੰਆਂਧਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ। ਤੋਪਾਂ ਦੀ ਗੋਲਾਬਾਰੀ ਨਾਲ ਆਕਾਸ਼ ਕੰਬ ਉਠਿਆ। ਇਸੇ ਸਮੇਂ ਹਾਜੀ ਖਾਨ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ ਹਸਨਵਾਲੀਏ ਦੀ ਤਲਵਾਰ ਨਾਲ ਸਖ਼ਤ ਫੱਟੜ ਹੋ ਗਿਆ। ਅਫ਼ਗਾਨ ਦਲੇਰੀ ਨਾਲ ਲੜੇ ਪਰ ਖ਼ਾਲਸੇ ਦੇ ਜ਼ੋਰ ਅੱਗੇ ਟਿਕ ਨਾ ਸਕੇ। ਮਈ 1834 ਈਸਵੀ ਨੂੰ ਬਾਅਦ ਦੁਪਹਿਰ ਤਕ ਜਿੱਤ ਦਾ ਬਿਗਲ ਵੱਜ ਚੁਕਾ ਸੀ ਅਤੇ ਪਿਸ਼ਾਵਰ ਉਂਤੇ ਸਿੰਘਾਂ ਦਾ ਅਧਿਕਾਰ ਹੋ ਗਿਆ। ਹੁਣ ਸਾਰਾ ਸਰਹੱਦੀ ਇਲਾਕਾ ਖ਼ਾਲਸੇ ਦੇ ਅਧੀਨ ਹੋ ਗਿਆ ਸੀ। ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੁੜ ਗਿਆ। ਖ਼ਾਲਸੇ ਦੇ ਇਸ ਮਹਾਨ ਕਰਤਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਂ ਦਿੱਤਾ ਹੈ। ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿਚ ਪਿਸ਼ਾਵਰ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ, ਕਿਉਂਕਿ ਉਨ੍ਹਾਂ ਨੇ ਬਾਰਕਜਈਆਂ ਹੱਥੋਂ ਛੁਟਕਾਰਾ ਪਾਇਆ ਸੀ।
ਦੇਖ ਨੀਤ ਪ੍ਰੀਤ ਸ਼ਾਮ, ਸਭ ਮੁਗ਼ਲ ਠਹਿਰਾਏ ਜਾਤ।
ਧਿਆਵਤ ਜੀਆ ਤੇ, ਜੋਊ ਬੀਰ ਸੁਨ ਪਾਤੇ,
ਉਪਮਾ ਦੁਸ਼ਮਨ ਭੀ ਗਾਤੇ, ਦੇਖ ਸੁਧ ਵਿਸਰਾਏ ਜਾਤ।
ਦਸਮ ਗੁਰੂ ਜੀ ਪਿਆਰੇ, ਬੀਰ ਰਸ ਕੇ ਸੰਵਾਰੇ,
ਸੱਤ ਧਰਮ ਰਖਵਾਰੇ, ਕਰੁਨਾ ਰਸੁ ਵਰਸਾਏ ਜਾਤ।
ਗਏ ਜਗਤ ਹੂੰ ਕੋ ਛੋੜ, ਏਸ ਠੀਕਰੇ ਕੋ ਫ਼ੋੜ,
ਮਹਾਰਾਜ ਹਰਿਦੇ ਤੋੜ, ਹਰੀ ਹਰ ਪਦ ਪਾਏ ਜਾਤ।

ਪਿਸ਼ਾਵਰ ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਉਪਰ ਔਰੰਗਜ਼ੇਬ ਨੇ ਜੋ ਪ੍ਰਤੀ ਸਿਰ ਇਕ ਦੀਨਾਰ (ਚਾਰ ਮਾਸੇ ਦਾ ਸੋਨੇ ਦਾ ਸਿੱਕਾ) ਜਜ਼ੀਆ ਲਾਇਆ ਹੋਇਆ ਸੀ, ਪੂਰੀ ਤਰ੍ਹਾਂ ਹਟਾ ਦਿੱਤਾ। ਇਸ ਤਰ੍ਹਾਂ ਇਸ ਬਿਖੜੇ ਇਲਾਕੇ ਦਾ ਫੌਜੀ ਮੁਲਕੀ ਰਾਜ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਇਸ ਵਧੀਆ ਰਾਜ ਪ੍ਰਬੰਧ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦੇ ਸੂਬੇ ਵਿਚ ਵੀ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ। ਇਹ ਵਡਿਆਈ ਸ. ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਮਿਲੀ।

ਜਮਰੌਦ ਕਿਲ੍ਹੇ ਦੀ ਜੰਗ :
ਹਰੀ ਸਿੰਘ ਨਲਵਾ ਕੋਲ ਸੁਮੇਰਗੜ੍ਹ ਕਿਲ੍ਹੇ ਵਿੱਚ 10,000 ਫ਼ੌਜ ਸੀ। ਇਹ ਅਫ਼ਗ਼ਾਨਾਂ ਦੀ ਫ਼ੌਜ ਤੋਂ ਬਹੁਤ ਘੱਟ ਸੀ। ਸੁਮੇਰਗੜ੍ਹ ਦਾ ਕਿਲ੍ਹਾ ਬੜਾ ਵੱਡਾ ਤੇ ਮਜ਼ਬੂਤ ਸੀ। ਜੇ ਹਰੀ ਸਿੰਘ, ਮਹਾਰਾਜੇ ਦੇ ਆਦੇਸ਼ ਮੁਤਾਬਕ ਚਲਦਾ ਤਾਂ ਉਹ ਆਰਾਮ ਨਾਲ ਇਸ ਕਿਲ੍ਹੇ ਵਿੱਚ ਡਟਿਆ ਰਹਿੰਦਾ ਕਿਉਂਕਿ ਸਾਰੀ ਅਫ਼ਗ਼ਾਨ ਫ਼ੌਜ ਇਸ ਕਿਲ੍ਹੇ ‘ਤੇ ਕਬਜ਼ਾ ਨਹੀਂ ਸੀ ਕਰ ਸਕਦੀ। ਇਸ ਤੋਂ ਇਲਾਵਾ ਹਰੀ ਸਿੰਘ ਨੇ ਆਪਣਾ ਤੋਪਖ਼ਾਨਾ ਅਲੀ ਮਰਦਾਨ ਦੀ ਛੋਟੀ ਪਹਾੜੀ ਉਪਰ ਤਾਇਨਾਤ ਕੀਤਾ ਹੋਇਆ ਸੀ। ਉਹਨੇ ਸੁਮੇਰਗੜ੍ਹ ਨੂੰ ਸੰਭਾਲਣ ਵਾਸਤੇ 600 ਬੰਦੇ ਪਿੱਛੇ ਛੱਡੇ ਅਤੇ ਬਾਕੀ ਫ਼ੌਜ ਲੈ ਕੇ ਜਮਰੌਦ ਵੱਲ ਮਹਾਂ ਸਿੰਘ ਦੀ ਮਦਦ ਵਾਸਤੇ ਕੂਚ ਕੀਤਾ। ਹਰੀ ਸਿੰਘ ਨਲਵਾ, ਦੋਸਤ ਮੁਹੰਮਦ ਦੀ ਫ਼ੌਜ ਨੂੰ ‘ਖ਼ੈਬਰ’ ਦੇ ਮੂੰਹ ‘ਤੇ ਹੀ ਦਲੇਰੀ ਤੇ ਬਹਾਦਰੀ ਨਾਲ ਟੱਕਰ ਲੈ ਕੇ ਰੋਕਣਾ ਚਾਹੁੰਦਾ ਸੀ। ਉਸ ਦੀ ਮਸ਼ਹੂਰੀ ਇੱਕ ਸਫ਼ਲ ਕਮਾਂਡਰ ਦੇ ਤੌਰ ‘ਤੇ ਸੀ ਅਤੇ ਉਹਦੇ ਮੈਦਾਨ ਵਿੱਚ ਆਉਣ ਨਾਲ ਹੀ ਜੰਗ ਦਾ ਰੁਖ਼ ਬਦਲ ਜਾਣਾ ਸੀ। ਹਰੀ ਸਿੰਘ ਨਲਵੇ ਨੂੰ ਪਤਾ ਸੀ ਕਿ ਉਹ ਸੁਮੇਰਗੜ੍ਹ ਵਿੱਚ ਟਿਕ ਕੇ ਲਾਹੌਰ ਤੋਂ ਆਉਣ ਵਾਲੀਆਂ ਫ਼ੌਜਾਂ ਦਾ ਇੰਤਜ਼ਾਰ ਕਰਨ ਲੱਗ ਪਿਆ ਤਾਂ ਅਫ਼ਗ਼ਾਨ ਜਮਰੌਦ ਦੇ ਕਿਲ੍ਹੇ ਵਿੱਚ ਬੈਠੇ ਖ਼ਾਲਸਾ ਰਾਜ ਦੇ ਬੰਦੇ ਕਤਲ ਕਰਕੇ ਆਲੇ-ਦੁਆਲੇ ਦੇ ਪਿੰਡ ਤਬਾਹ ਕਰ ਦੇਣਗੇ ਤੇ ਵਸਨੀਕਾਂ ਨੂੰ ਕਤਲ ਕਰ ਦੇਣਗੇ। ਜੇ ਅਜਿਹਾ ਹੋਇਆ ਤਾਂ ਅਫ਼ਗ਼ਾਨਾਂ ਲਈ ‘ਅਟਕ’ ਦਾ ਰਾਹ ਖੁੱਲ੍ਹ ਜਾਵੇਗਾ। ਅਫ਼ਗ਼ਾਨ, ਖ਼ਾਲਸਾ ਫ਼ੌਜ ਵੱਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਜਿੱਤੇ ਹੋਏ ਨਾਰਥ ਵੈਸਟ ਫ਼ਰੰਟੀਅਰ ਦੇ ਇਲਾਕੇ ਨੂੰ ਮੁੜ ਆਪਣੇ ਕਬਜ਼ੇ ਵਿੱਚ ਕਰ ਲੈਣਗੇ।

ਜਰਨੈਲ ਹਰੀ ਸਿੰਘ ਨੇ ਮੌਕੇ ਦੇ ਹਾਲਾਤ ਭਲੀ-ਭਾਂਤ ਸਮਝ ਕੇ, ਜਮਰੌਦ ਜਾ ਕੇ ਅਫ਼ਗ਼ਾਨਾਂ ਨਾਲ ਟੱਕਰ ਲੈਣੀ ਖ਼ਾਲਸਾ ਰਾਜ ਦੇ ਹੱਕ ਵਿੱਚ ਠੀਕ ਸਮਝੀ। ਹਰੀ ਸਿੰਘ ਨਲਵੇ ਦਾ ਦਬਦਬਾ, ਦਲੇਰੀ, ਬਹਾਦਰੀ ਤੇ ਫ਼ੌਜੀ ਸੂਝ-ਬੂਝ ਤੋਂ ਅਫ਼ਗ਼ਾਨ ਘਬਰਾਉਂਦੇ ਸਨ। ਉਹ ਖ਼ਾਲਸਾ ਫ਼ੌਜ ਦੇ ਇਸ ਨਿਰਭੈ ਜਰਨੈਲ ਤੋਂ ਕਈ ਵਾਰੀ ਮਾਤ ਖਾ ਚੁੱਕੇ ਸਨ। ਹਰੀ ਸਿੰਘ ਨਲਵਾ ਜਮਰੌਦ, ਪਿਸ਼ਾਵਰ ਅਤੇ ਨਾਰਥ ਵੈਸਟ ਫ਼ਰੰਟੀਅਰ ਵਾਲੇ ਇਲਾਕੇ ਦੀ ਖ਼ਾਲਸਾ ਰਾਜ ਲਈ ਅਹਿਮੀਅਤ ਸਮਝਦਾ ਸੀ। ਉਹਨੂੰ ਪਤਾ ਸੀ ਕਿ ਸਾਹਮਣੇ ਅਫ਼ਗ਼ਾਨਾਂ ਦੀ ਬਹੁਤ ਵੱਡੀ ਫ਼ੌਜ ਹੈ ਜੋ ਖ਼ਾਲਸਾ ਫ਼ੌਜ ਤੋਂ ਕਈ ਗੁਣਾ ਵੱਧ ਹੈ। ਇਸ ਵੇਲੇ ਮਰਨ-ਮਾਰਨ ਤੇ ਕੁਰਬਾਨੀ ਦਾ ਸਮਾਂ ਆ ਗਿਆ ਹੈ। ਜਰਨੈਲ ਹਰੀ ਸਿੰਘ ਨਲਵਾ ਜਾਨ ਤਲੀ ‘ਤੇ ਰੱਖ ਕੇ ਖ਼ਾਲਸਾ ਫ਼ੌਜ ਨਾਲ ਲੈ ਜਮਰੌਦ ਵੱਲ ਚੱਲ ਪਿਆ। ਉਹ ਲਾਹੌਰ ਦੇ ਹਾਲਾਤ ਨੂੰ ਸਮਝਦਾ ਸੀ ਤੇ ਉਹਨੂੰ ਪਤਾ ਸੀ ਕਿ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਜਸ਼ਨਾਂ ਉਪਰੰਤ ਤੁਰਨ ਵਾਲੀ ਫ਼ੌਜ ਜਮਰੌਦ ਪਹੁੰਚਣ ਤਕ ਅਫ਼ਗ਼ਾਨ ਇਲਾਕੇ ਜਿੱਤ ਕੇ ਆਪਣੇ ਅਧੀਨ ਕਰ ਚੁੱਕੇ ਹੋਣਗੇ। ਇਸ ਕਰਕੇ ਹੁਣ ਹੀ ਸਮਾਂ ਹੈ ਪਠਾਣ ਫ਼ੌਜਾਂ ਨਾਲ ਟੱਕਰ ਲੈ ਕੇ ਉਨ੍ਹਾਂ ਨੂੰ ਰੋਕਣ ਦਾ।

ਅਫ਼ਗ਼ਾਨ 30 ਅਪਰੈਲ 1837 ਦੀ ਸਵੇਰ ਨੂੰ ਜਮਰੌਦ ਦਾ ਕਿਲ੍ਹਾ ਘੇਰ ਕੇ ਸਮਝ ਰਹੇ ਸਨ ਕਿ ਜਿੱਤ ਉਨ੍ਹਾਂ ਦੀ ਹੈ ਕਿ ਅਚਾਨਕ ਲੜਾਈ ਦੇ ਮੈਦਾਨ ਵਿੱਚ ਹਰੀ ਸਿੰਘ ਨਲਵਾ ਪੁੱਜ ਗਿਆ। ਹਰੀ ਸਿੰਘ ਨਲਵੇ ਕੋਲ ਸੱਤ ਬਟਾਲੀਅਨ ਇਨਫ਼ੈਂਟਰੀ ਸੀ ਤੇ 4,500 ਘੁੜਸਵਾਰ ਸਨ। ਉਸ ਕੋਲ ਵੱਖ-ਵੱਖ ਆਕਾਰ ਦੀਆਂ 25 ਤੋਪਾਂ ਸਨ। ਇਸ ਫ਼ੌਜ ਵਿੱਚ ਦੋ ਬਟਾਲੀਅਨ ਅਤੇ 4,000 ਘੁੜਸਵਾਰ ਜਮਾਂਦਾਰ ਖੁਸ਼ਾਲ ਸਿੰਘ ਦੇ ਸਨ ਜਿਨ੍ਹਾਂ ਬਾਰੇ ਉਹਨੂੰ ਭਰੋਸਾ ਨਹੀਂ ਸੀ ਕਿਉਂਕਿ ਜਮਾਂਦਾਰ ਉਹਦੇ ਖ਼ਿਲਾਫ਼ ਸੀ।

ਜਰਨੈਲ ਹਰੀ ਸਿੰਘ ਨਲਵੇ ਦੀਆਂ ਫ਼ੌਜਾਂ ਨੇ ਦੁਸ਼ਮਣ ਦੀਆਂ ਤਿੰਨ ਤੋਪਾਂ ਕਬਜ਼ੇ ਵਿੱਚ ਲੈ ਲਈਆਂ ਅਤੇ ਅਫ਼ਗ਼ਾਨਾਂ ਦੇ ਪੈਰ ਮੁਕੰਮਲ ਤੌਰ ‘ਤੇ ਉਖਾੜ ਦਿੱਤੇ। ਮੁੱਲਾਂ ਮੁਹਮੰਦ ਖ਼ਾਨ, ਨਾਇਬ ਅਮੀਰ ਅਖੁੰਡਜ਼ਾਦਾ ਅਤੇ ਨਾਇਬ ਜ਼ਰੀਨ ਖ਼ਾਨ ਦੇ ਪੈਰ ਉੱਖੜ ਗਏ। ਉਨ੍ਹਾਂ ਦੀ ਫ਼ੌਜ ਜ਼ਖ਼ਮੀ ਅਫ਼ਗ਼ਾਨ ਸਰਦਾਰਾਂ ਨੂੰ ਮੈਦਾਨ ਵਿੱਚ ਹੀ ਛੱਡ ਕੇ ਤਿੱਤਰ-ਬਿੱਤਰ ਹੋ ਗਈ। ਬਾਕੀ ਅਫ਼ਗ਼ਾਨ ਡਵੀਜ਼ਨਾਂ ਵਿੱਚ ਵੀ ਭਾਜੜ ਪੈ ਗਈ। ਸਿਰਫ਼ ਮੁਹੰਮਦ ਅਫ਼ਜ਼ਲ ਖ਼ਾਨ ਮੈਦਾਨ ਵਿੱਚ ਟਿਕਿਆ ਰਿਹਾ। ਦੋਸਤ ਮੁਹੰਮਦ ਦਾ ਛੋਟਾ ਪੁੱਤਰ ਮੁਹੰਮਦ ਹੈਦਰ ਖ਼ਾਨ ਮੈਦਾਨ ਵਿੱਚੋਂ ਭੱਜ ਗਿਆ। ਦੋਸਤ ਮੁਹੰਮਦ ਦੇ ਦੂਜੇ ਪੁੱਤਰ ਤੇ ਨਵਾਬ ਜੱਬਾਰ ਖ਼ਾਨ ਹਾਲੇ ਪਹਾੜਾਂ ਵਿੱਚ ਲੁਕੇ ਹੋਏ ਸਨ। ਪਹਾੜੀਆਂ ਵਿੱਚ ਲੁਕਿਆ ਹੋਇਆ ਮੁਹੰਮਦ ਅਕਬਰ ਖ਼ਾਨ ਆਪਣੇ ਸਾਹਮਣੇ ਸਿੱਖ ਫ਼ੌਜ ਦੀ ਟੁਕੜੀ ਦੇਖ ਕੇ ਲੜਨ ਨੂੰ ਵਧਿਆ ਪਰ ਟਿਕ ਨਾ ਸਕਿਆ। ਇਸ ਘਮਾਸਾਨ ਲੜਾਈ ਵਿੱਚ ਖ਼ਾਲਸਾ ਫ਼ੌਜ ਦੀ ਮੁੱਢਲੀ ਜਿੱਤ ਹੋਈ।

ਸ: ਹਰੀ ਸਿੰਘ ਦਾ ਪਿੱਛਾ ਕਰਦਿਆਂ ਇਕ ਪਹਾੜੀ ਗੁਫਾ ਵਿਚ ਲੁਕੇ ਪਠਾਣਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਸ: ਨਲੂਆ ਦੀ ਛਾਤੀ ਵਿਚ ਅਤੇ ਦੂਜੀ ਵੱਖੀ ਵਿਚ ਲੱਗੀ। ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਣ ਦੇ ਬਾਵਜੂਦ ਬੜੇ ਹੌਸਲੇ ਨਾਲ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਮੋੜ ਲਈਆਂ ਅਤੇ ਸਿੱਧੇ ਕਿਲ੍ਹੇ ਵਿਚ ਪਹੁੰਚ ਗਏ। ਸਰਦਾਰ ਮਹਾਂ ਸਿੰਘ ਨੇ ਧਿਆਨ ਪੂਰਬਕ ਨਲਵੇ ਨੂੰ ਘੋੜੇ ਤੋਂ ਉਤਾਰਿਆ। ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ, ਇਨ੍ਹਾਂ ਕਾਲੇ ਪਰਬਤਾਂ ਵਿਚ ਖ਼ਾਲਸਾਈ ਝੰਡੇ ਦੀ ਇੱਜ਼ਤ-ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤਕ ਡਟੇ ਰਹਿਣ ਦੀ ਪ੍ਰੇਰਨਾ ਕੀਤੀ। ਅੰਤ ਸਮਾਂ ਨੇੜੇ ਆਇਆ ਜਾਣ ਕੇ ਕਿਲ੍ਹੇਦਾਰ ਸ: ਮਹਾਂ ਸਿੰਘ ਨੂੰ ਕਿਹਾ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਨਹੀਂ ਪਹੁੰਚ ਜਾਂਦੇ, ਤਦ ਤੱਕ ਮੇਰੀ ਸ਼ਹੀਦੀ ਦੀ ਖਬਰ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ। ਅੱਗੇ ਹੋਰ ਵੀ ਕਈ ਕੁਝ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ। ਇਹ ਸਮਾਂ 30 ਅਪ੍ਰੈਲ 1837 ਦੀ ਰਾਤ ਦਾ ਸੀ। ਸ. ਮਹਾਂ ਸਿੰਘ ਨੇ ਸਰਦਾਰ ਨਲਵਾ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ।

ਜਾਂ ਕੋ ਸੁਨ ਨਾਮ, ਓ ਬਹਾਦੁਰੀ ਕੇ ਕਾਮ,
ਇਸ ਅਦੁੱਤੀ ਜਰਨੈਲ ਦੀ ਸ਼ਹਾਦਤ ਸਮੇਂ ਮਹਾਰਾਜੇ ਨੇ ਅੱਥਰੂ ਕੇਰਦਿਆਂ ਕਿਹਾ, ‘ਮੈਨੂੰ ਅੱਜ ਸਿੱਖ ਰਾਜ ਦਾ ਥੰਮ੍ਹ ਡਿਗਣ ਦਾ ਅਹਿਸਾਸ ਹੋਇਆ ਹੈ।” ਜਦੋਂ ਸ: ਹਰੀ ਸਿੰਘ ਨਲੂਆ ਸ਼ਹੀਦ ਹੋਇਆ, ਉਸ ਸਮੇਂ ਉਹ 3 ਲੱਖ 67 ਹਜ਼ਾਰ ਦੀ ਸਾਲਾਨਾ ਆਮਦਨ ਵਾਲੀ ਜਗੀਰ ਦਾ ਮਾਲਕ ਸੀ। ਕਲਗੀਧਰ ਪਾਤਸ਼ਾਹ ਦੇ ਇਸ ਮਹਾਨ ਯੋਧੇ ਦੀ ਕੁਰਬਾਨੀ ਦਾ ਜ਼ਿਕਰ ਅੱਜ ਵੀ ਬੜੇ ਮਾਣ ਨਾਲ ਕੀਤਾ ਜਾਂਦਾ ਹੈ। ਸ਼ਹਾਦਤ ਦੇ ਦਿਹਾੜੇ ‘ਤੇ ਉਸ ਦੀ ਮਹਾਨ ਸ਼ਹਾਦਤ ਸਾਡਾ ਮਾਰਗ ਦਰਸ਼ਨ ਕਰਦਿਆਂ ਸਮੁੱਚੀ ਕੌਮ ਨੂੰ ਪ੍ਰੇਰਨਾ ਦੇ ਰਹੀ ਹੈ।

ਸਰਦਾਰ ਜੱਸਾ ਸਿੰਘ ਆਹਲੂਵਾਲੀਆ

-ਹਰਮਹਿੰਦਰ ਚਹਿਲ
ਸ਼ਾਇਦ ਹੀ ਕੋਈ ਅਜਿਹਾ ਸਿੱਖ ਹੋਵੇ ਜਿਸ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਨਾ ਸੁਣਿਆ ਹੋਵੇ। ਜਦੋਂ ਕਿਤੇ ਸਿੱਖ ਇਤਿਹਾਸ ਅਤੇ ਖਾਸ ਕਰਕੇ 18ਵੀਂ ਸਦੀ ਦੇ ਸਿੱਖ ਸੂਰਬੀਰਾਂ ਦੀ ਗੱਲ ਚੱਲਦੀ ਹੈ ਤਾਂ ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਮਹਾਨ ਯੋਧੇ ਹੀ ਨਹੀਂ ਸਨ ਸਗੋਂ ਉਨ੍ਹਾਂ ਵਿਚ ਕੌਮ ਦੀ ਅਗਵਾਈ ਕਰਨ ਵਾਲੇ ਸਾਰੇ ਗੁਣ ਸਨ। ਉਨ੍ਹਾਂ ਬੜੇ ਔਖੇ ਵੇਲਿਆਂ ਵਿਚ ਸਿੱਖ ਪੰਥ ਦੀ ਅਗਵਾਈ ਕੀਤੀ ਅਤੇ ਔਖੇ ਵੇਲੇ ਵੀ ਬੜੇ ਬੇਬਾਕ ਹੋ ਕੇ ਪੰਥ ਨੂੰ ਮੁਸ਼ਕਿਲ ‘ਚੋਂ ਕੱਢਣ ਲਈ ਢੁਕਵੇਂ ਫੈਸਲੇ ਲਏ।

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਲਾਹੌਰ ਜਿਲੇ ਦੇ ਪਿੰਡ ਆਹਲੂਵਾਲ ਵਿਖੇ ਸਰਦਾਰ ਬਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਰਿਵਾਰ ਇਕ ਚੰਗਾ ਖਾਂਦਾ ਪੀਂਦਾ ਜਿਮੀਦਾਰਾ ਪਰਿਵਾਰ ਸੀ। ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਉਪਰੰਤ ਉਨ੍ਹਾਂ ਦੇ ਮਾਤਾ ਜੀ ਜੱਸਾ ਸਿੰਘ ਨੂੰ ਦਿੱਲੀ ਲੈ ਗਏ। ਉਥੇ ਜਾ ਕੇ ਉਨ੍ਹਾਂ ਨੂੰ ਮਾਤਾ ਸੁੰਦਰੀ ਜੀ ਦੇ ਨੇੜੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਮਾਤਾ ਸੁੰਦਰੀ ਜੀ ਦੀ ਸੰਗਤ ਵਿਚ ਜੱਸਾ ਸਿੰਘ ਬੜਾ ਰਸਭਿੰਨਾ ਕੀਰਤਨ ਕਰਨ ਲੱਗੇ। ਕੁਝ ਸਮੇਂ ਬਾਅਦ ਉਨ੍ਹਾਂ ਦੇ ਮਾਤਾ ਜੀ ਉਨ੍ਹਾਂ ਨੂੰ ਲੈ ਕੇ ਵਾਪਸ ਪੰਜਾਬ ਆ ਗਏ ਤੇ ਜਲੰਧਰ ਨੇੜੇ ਵਸੇਬਾ ਕੀਤਾ। ਗੁਰਬਾਣੀ ਨਾਲ ਜੁੜੇ ਹੋਣ ਕਾਰਨ ਜੱਸਾ ਸਿੰਘ ਹਰ ਰੋਜ਼ ਸਵੇਰੇ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰਦੇ, ਬੜੀ ਸੋਹਣੀ ਰਬਾਬ ਵਜਾਉਂਦੇ। ਸੰਗਤਾਂ ਕੀਰਤਨ ਸੁਣ ਕੇ ਨਿਹਾਲ ਹੋ ਜਾਂਦੀਆਂ। ਇਕ ਵਾਰ ਗੁਰਪੁਰਬ ਮੌਕੇ ਜੱਸਾ ਸਿੰਘ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਗਏ। ਉਥੇ ਨਵਾਬ ਕਪੂਰ ਸਿੰਘ ਹੋਰਾਂ ਨੇ ਜੱਸਾ ਸਿੰਘ ਦਾ ਕੀਰਤਨ ਸੁਣਿਆ ਤਾਂ ਬੜੇ ਪ੍ਰਭਾਵਤ ਹੋਏ। ਉਨ੍ਹਾਂ ਪਰਿਵਾਰ ਨੂੰ ਬੇਨਤੀ ਕਰਦਿਆਂ ਜੱਸਾ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ।

ਨਵਾਬ ਕਪੂਰ ਸਿੰਘ ਜਿੱਥੇ ਬੜੇ ਬਹਾਦਰ ਅਤੇ ਯੋਗ ਲੀਡਰ ਸਨ, ਉਥੇ ਬੜੇ ਸ਼ਰਧਾਵਾਨ ਸਿੱਖ ਸਨ। ਉਨ੍ਹਾਂ ਬੜੀ ਛੇਤੀ ਜੱਸਾ ਸਿੰਘ ਅੰਦਰਲੇ ਬਹਾਦਰੀ ਅਤੇ ਲੀਡਰੀ ਦੇ ਗੁਣ ਪਛਾਣ ਲਏ। ਉਦੋਂ ਮੁਗਲ ਹੁਕਮਰਾਨ ਸਿੱਖਾਂ ਨੂੰ ਖਤਮ ਕਰਨ ‘ਤੇ ਤੁਲੇ ਹੋਏ ਸਨ। ਇਸ ਕਰਕੇ ਸਿੱਖਾਂ ਨੂੰ ਬੜੀਆਂ ਜੰਗਾਂ ਲੜਨੀਆਂ ਪਈਆਂ। ਜੱਸਾ ਸਿੰਘ ਹਰ ਜੰਗ ‘ਚ ਵਧ ਚੜ੍ਹ ਕੇ ਹਿੱਸਾ ਲੈਂਦੇ ਅਤੇ ਯੋਗਤਾ ਨਾਲ ਜਿੱਤ ਪ੍ਰਾਪਤ ਕਰਦੇ। ਉਸ ਵੇਲੇ ਇੱਕ ਘਾਟ ਜ਼ਰੂਰ ਸੀ ਕਿ ਸਿੱਖ ਵੱਖੋ ਵੱਖਰੇ ਦਰਜਨਾਂ ਗਰੁਪਾਂ ‘ਚ ਵੰਡੇ ਹੋਏ ਸਨ, ਕੋਈ ਸਾਂਝੀ ਕਮਾਂਡ ਨਹੀਂ ਸੀ।

ਪੰਥ ਨੇ 1745 ਵਿਚ ਸਰਬੱਤ ਖਾਲਸਾ ਬੁਲਾਇਆ। ਉਸ ਵੇਲੇ ਨਵਾਬ ਕਪੂਰ ਸਿੰਘ ਨੇ ਸਾਰੇ ਲੀਡਰਾਂ ਨਾਲ ਸਲਾਹ ਮਸ਼ਵਰਾ ਕੀਤਾ। ਬੜੀ ਸੋਚ ਵਿਚਾਰ ਪਿੱਛੋਂ ਬਾਰਾਂ ਗਰੁਪ ਬਣਾਏ ਗਏ। ਹਰ ਇਕ ਨੂੰ ਵੱਖਰਾ ਨਾਮ, ਵੱਖਰਾ ਝੰਡਾ ਅਤੇ ਵੱਖਰਾ ਹੀ ਲੀਡਰ ਦਿੱਤਾ ਗਿਆ। ਇਨ੍ਹਾਂ ਗਰੁਪਾਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਜੱਸਾ ਸਿੰਘ ਨੂੰ ਆਹਲੂਵਾਲੀਆ ਮਿਸਲ ਦਾ ਮੁਖੀ ਬਣਾਇਆ ਗਿਆ। ਇਥੋਂ ਹੀ ਉਨ੍ਹਾਂ ਦੇ ਨਾਂ ਨਾਲ ਆਹਲੂਵਾਲੀਆ ਲਾਇਆ ਜਾਣ ਲੱਗਾ। ਇਸ ਤੋਂ ਬਿਨਾ ਉਨ੍ਹਾਂ ਨੂੰ ਸਾਰੀਆਂ ਮਿਸਲਾਂ ਦੀਆਂ ਫੌਜਾਂ ਦਾ ਸੁਪਰੀਮ ਕਮਾਂਡਰ ਥਾਪਿਆ ਗਿਆ। ਸਾਰੀਆਂ ਮਿਸਲਾਂ ਦਾ ਇਕੱਠ ਜਿਸ ਨੂੰ ਦਲ ਖਾਲਸਾ ਕਿਹਾ ਗਿਆ, ਦੇ ਮੁਖੀ ਨਵਾਬ ਕਪੂਰ ਸਿੰਘ ਸਨ। ਪਰ 1753 ਵਿਚ ਮੌਤ ਤੋਂ ਪਹਿਲਾਂ ਉਹ ਆਪਣੀ ਥਾਂ ਜੱਸਾ ਸਿੰਘ ਆਹਲੂਵਾਲੀਆ ਨੂੰ ਦੇ ਗਏ। ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਫੌਜਾਂ ਨੂੰ ਬੜੀ ਯੋਗ ਅਗਵਾਈ ਦਿੱਤੀ ਤੇ 1761 ‘ਚ ਖਾਲਸੇ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ। ਇਸ ਮਹਾਨ ਜਿੱਤ ਮੌਕੇ ਖਾਲਸਾ ਪੰਥ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਬਖਸ਼ਿਆ। ਹਰਿਮੰਦਰ ਸਾਹਿਬ, ਜਿਸ ਦੀ ਕਿ ਅਬਦਾਲੀ ਨੇ ਤਬਾਹੀ ਕੀਤੀ ਸੀ, ਦੀ ਨਵ-ਉਸਾਰੀ ਦਾ ਕੰਮ ਵੀ ਸਰਦਾਰ ਆਹਲੂਵਾਲੀਆ ਨੇ ਹੀ ਕਰਵਾਇਆ।

ਇਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ 1738 ‘ਚ ਹਿੰਦ ‘ਤੇ ਭਰਵਾਂ ਹਮਲਾ ਬੋਲਿਆ। ਛੇਤੀ ਹੀ ਉਸ ਨੇ ਮੁਗਲ ਸਾਮਰਾਜ ਦੀ ਜੜ੍ਹਾਂ ਉਖਾੜ ਦਿੱਤੀਆਂ। ਬਹੁਤ ਭਾਰੀ ਲੁੱਟ ਮਾਲ ਦੇ ਸਮਾਨ ਨਾਲ ਉਹ 1739 ਵਿਚ ਵਾਪਸ ਇਰਾਨ ਵੱਲ ਮੁੜਿਆ। ਹੋਰ ਸਮਾਨ ਤੋਂ ਬਿਨਾਂ ਉਸ ਨੇ ਹਜ਼ਾਰਾਂ ਹਿੰਦੂ ਔਰਤਾਂ ਨੂੰ ਬੰਦੀ ਬਣਾਇਆ ਹੋਇਆ ਸੀ। ਜਦੋਂ ਉਹ ਪੰਜਾਬ ‘ਚੋਂ ਲੰਘਣ ਲੱਗਿਆ ਤਾਂ ਇਨ੍ਹਾਂ ਬੀਬੀਆਂ ਨੂੰ ਰਿਹਾ ਕਰਵਾਉਣਾ ਸਿੱਖ ਪੰਥ ਨੇ ਆਪਣਾ ਫਰਜ਼ ਸਮਝਿਆ। ਇਸ ਕੰਮ ਨੂੰ ਅੰਜ਼ਾਮ ਦੇਣ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਦੇ ਦਸਤੇ ਤਿਆਰ ਕੀਤੇ ਅਤੇ ਹਮਲੇ ਅਰੰਭ ਦਿੱਤੇ। ਬੜੀ ਛੇਤੀ ਉਨ੍ਹਾਂ ਸਭ ਔਰਤਾਂ ਨੂੰ ਰਿਹਾ ਕਰਵਾ ਕੇ ਘਰੋ ਘਰੀਂ ਪਹੁੰਚਾਇਆ।

ਨਾਦਰ ਸ਼ਾਹ ਦੇ ਕਤਲ ਤੋਂ ਬਾਅਦ ਉਸ ਦਾ ਹੀ ਇਕ ਕਮਾਂਡਰ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। ਦਸੰਬਰ 1747 ਤੋਂ ਸ਼ੁਰੂ ਹੋ ਕੇ 1769 ਤੱਕ ਅਬਦਾਲੀ ਨੇ ਹਿੰਦ ‘ਤੇ ਪੂਰੇ ਨੌਂ ਹਮਲੇ ਕੀਤੇ। ਹਰ ਵਾਰ ਉਸ ਦੀਆਂ ਫੌਜਾਂ ਨੂੰ ਪੰਜਾਬ ‘ਚੋਂ ਲੰਘ ਕੇ ਜਾਣਾ ਪੈਂਦਾ, ਜਿੱਥੇ ਉਸ ਦਾ ਅੱਗੇ ਜਾਣਾ ਅਤੇ ਪਿਛਾਂਹ ਮੁੜਨਾ, ਸਿੰਘ ਫੌਜਾਂ ਦੁੱਭਰ ਕਰ ਦਿੰਦੀਆਂ। ਉਹ ਵੇਖ ਰਿਹਾ ਸੀ ਕਿ ਸਿੱਖ ਦਿਨੋਂ ਦਿਨ ਤਾਕਤਵਰ ਹੋ ਰਹੇ ਹਨ ਅਤੇ ਆਲੇ ਦੁਆਲੇ ਫੈਲਦੇ ਜਾ ਰਹੇ ਹਨ। ਉਸ ਦੇ ਪੰਜਵੇਂ ਹਮਲੇ ਵੇਲੇ ਤੱਕ ਸਿੱਖ ਇੰਨੇ ਤਾਕਤਵਰ ਹੋ ਗਏ ਸਨ ਕਿ ਉਨ੍ਹਾਂ ਅਬਦਾਲੀ ਦੇ ਜਨਰਲ ਨੂਰ ਉਦ ਦੀਨ ਬਾਮਜ਼ਾਈ ਨੂੰ ਪੰਜਾਬ ਹੀ ਨਾ ਲੰਘਣ ਦਿੱਤਾ ਤੇ ਹਰਾ ਕੇ ਵਾਪਸ ਭਜਾ ਦਿੱਤਾ। ਇਸ ਵੇਲੇ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਹਾਕਮ ਥਾਪ ਦਿੱਤਾ ਹੋਇਆ ਸੀ। ਅਬਦਾਲੀ ਦੰਦ ਪੀਹਣ ਲੱਗਾ। ਉਸ ਨੇ ਐਲਾਨ ਕੀਤਾ ਕਿ ਉਸ ਦਾ ਅਗਲਾ ਹਮਲਾ ਸਿਰਫ ਅਤੇ ਸਿਰਫ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੋਵੇਗਾ।

ਇਸੇ ਮੰਤਵ ਨਾਲ ਫਰਵਰੀ 1762 ਵਿਚ ਅਹਿਮਦਸ਼ਾਹ ਅਬਦਾਲੀ ਨੇ ਭਾਰੀ ਫੌਜ ਨਾਲ ਹਿੰਦ ਵੱਲ ਨੂੰ ਕੂਚ ਕੀਤਾ। ਸਿੱਖ ਵੀ ਸਮਝ ਗਏ ਕਿ ਇਸ ਵਾਰ ਅਬਦਾਲੀ ਲੁੱਟ ਮਾਰ ਕਰਨ ਨਹੀਂ ਬਲਕਿ ਸਿੱਖਾਂ ਨੂੰ ਖਤਮ ਕਰਨ ਆ ਰਿਹਾ ਹੈ। ਉਹ ਆਪਣੀ ਤਾਕਤ ਦਾ ਅਨੁਮਾਨ ਲਾਉਂਦਿਆਂ ਵਿਉਂਤਾਂ ਬਣਾਉਣ ਲੱਗੇ। ਉਨ੍ਹਾਂ ਨੂੰ ਪਤਾ ਸੀ ਕਿ ਅਬਦਾਲੀ ਦੀ ਲੱਖਾਂ ਦੀ ਫੌਜ ਨਾਲ ਉਹ ਆਹਮੋ-ਸਾਹਮਣੇ ਲੜਾਈ ਨਹੀਂ ਲੜ ਸਕਦੇ। ਇਸ ਕਰਕੇ ਪੰਥ ਦੇ ਮੁਖੀ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀਆਂ ਮਿਸਲਾਂ ਦੇ ਮੋਢੀਆਂ ਨਾਲ ਮਿਲ ਕੇ ਸਲਾਹਾਂ ਕੀਤੀਆਂ। ਫੈਸਲਾ ਇਹ ਹੋਇਆ ਕਿ ਇਸ ਵੇਲੇ ਸਿੱਖ ਪਾਸੇ ਹੋ ਜਾਣ ਤਾਂ ਕਿ ਇਸ ਵੱਡੀ ਆਫਤ ਤੋਂ ਬਚਾ ਹੋ ਸਕੇ। ਸਾਰੀ ਸਿੱਖ ਆਬਾਦੀ ਨੂੰ ਇਕੱਠਾ ਕਰਕੇ ਕਾਫਲੇ ਦੇ ਰੂਪ ਵਿਚ ਮਾਲਵੇ ਵੱਲ ਜਾਣ ਦਾ ਐਲਾਨ ਹੋਇਆ। ਕਿਉਂਕਿ ਮਾਲਵੇ ਵਿਚ ਉਸ ਵੇਲੇ ਮੁਗਲ ਰਾਜ ਨਹੀਂ ਸਗੋਂ ਆਲਾ ਸਿੰਘ ਦਾ ਰਾਜ ਸੀ। ਸੋ ਉਮੀਦ ਸੀ ਕਿ ਉਥੇ ਸੁਰੱਖਿਆ ਮਿਲੇਗੀ।

ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਕਾਫਲੇ ਦੇ ਵਿਚਕਾਰ ਲੈ ਕੇ ਸਿੰਘ ਫੌਜੀ ਆਲੇ ਦੁਆਲੇ ਹੋ ਗਏ। ਇਸ ਤਰ੍ਹਾਂ ਕਾਫਲੇ ਨੂੰ ਤੋਰਦੇ ਉਹ ਮਾਲਵੇ ਵੱਲ ਵਧਣ ਲੱਗੇ। ਉਧਰੋਂ ਅਬਦਾਲੀ ਵੀ ਮਾਰੋ ਮਾਰ ਕਰਦਾ ਆ ਰਿਹਾ ਸੀ। ਅਬਦਾਲੀ ਦੀਆਂ ਫੌਜਾਂ ਅਤੇ ਸਿੱਖ ਕਾਫਲੇ ਦੇ ਵਿਚਕਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਢਿੱਲੋਂ ਅਤੇ ਹੋਰ ਮਿਸਲਦਾਰ ਸਨ। ਇਸ ਵਿਉਂਤਬੰਦੀ ਦਾ ਸਾਰਾ ਦਿਸ਼ਾ ਨਿਰਦੇਸ਼ ਜੱਸਾ ਸਿੰਘ ਆਹਲੂਵਾਲੀਆ ਦਾ ਸੀ। ਕਾਫਲਾ ਤੁਰਦਾ ਗਿਆ ਤੇ ਕਾਫਲੇ ਨੂੰ ਬਚਾਉਂਦੇ ਹੋਏ ਆਹਲੂਵਾਲੀਆ ਅਤੇ ਹੋਰ ਮੋਢੀ, ਅਬਦਾਲੀ ਨਾਲ ਲੜਦੇ ਹੋਏ ਕਾਫਲੇ ਦੇ ਮਗਰ ਮਗਰ ਪਿਛਾਂਹ ਹਟਦੇ ਗਏ। ਪਰ ਅਬਦਾਲੀ ਦੀ ਫੌਜ ਬਹੁਤ ਵੱਡੀ ਸੀ ਤੇ ਉਹ ਟਿੱਡੀ ਦਲ ਦੀ ਤਰ੍ਹਾਂ ਉਪਰ ਚੜ੍ਹਦੀ ਆਉਂਦੀ ਗਈ। ਆਖਰ ਕਾਫਲਾ ਮਲੇਰਕੋਟਲੇ ਨੇੜਲੇ ਪਿੰਡ ਕੁੱਪ ਰਹੀੜੇ ਆ ਪਹੁੰਚਿਆ। ਇੱਥੇ ਵੱਡੀ ਢਾਬ ਸੀ ਅਤੇ ਮੋਢੀਆਂ ਸੋਚਿਆ ਕਿ ਪਾਣੀ ਲਈ ਇਸ ਤੋਂ ਵਧੀਆ ਥਾਂ ਹੋਰ ਕਿਧਰੇ ਨਹੀਂ ਮਿਲੇਗੀ। ਸੋ ਉਨ੍ਹਾਂ ਕਾਫਲਾ ਆਪਣੇ ਘੇਰੇ ਅੰਦਰ ਲੈ ਲਿਆ ਅਤੇ ਆਪ ਸਿਰਾਂ ‘ਤੇ ਕੱਫਣ ਬੰਨ ਕੇ ਲੜਨ ਲੱਗੇ।

ਇੱਥੇ ਸਿੰਘ ਫੌਜੀਆਂ ਅਤੇ ਉਨ੍ਹਾਂ ਦੇ ਜਰਨੈਲਾਂ ਦੀ ਬਹਾਦਰੀ ਬਿਆਨ ਕਰਨ ਲਈ ਸ਼ਬਦ ਮੁੱਕ ਜਾਂਦੇ ਹਨ। ਚੜ੍ਹਤ ਸਿੰਘ ਸ਼ੁਕਰਚੱਕੀਆ ਦੇ ਪੰਜ ਘੋੜੇ ਮਾਰੇ ਗਏ ਪਰ ਉਹ ਇਕ ਨੂੰ ਛੱਡ ਕੇ ਦੂਜੇ ‘ਤੇ ਸਵਾਰ ਹੋ ਜਾਂਦਾ ਸੀ। ਇਵੇਂ ਹੀ ਹੋਰਨਾਂ ਲੀਡਰਾਂ ਦੇ ਸਰੀਰ ਜ਼ਖਮਾਂ ਨਾਲ ਭਰ ਗਏ ਪਰ ਉਹ ਲੜਨੋਂ ਨਾ ਹਟੇ। ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਉਪਰ ਜ਼ਖਮਾਂ ਦੇ ਬਹੱਤਰ ਨਿਸ਼ਾਨ ਸਨ। ਪਰ ਨਾ ਉਨ੍ਹਾਂ ਦਰਦ ਮੰਨਿਆ ਤੇ ਨਾ ਲੜਨੋਂ ਹਟੇ। ਇਤਿਹਾਸ ਕਹਿੰਦਾ ਹੈ ਕਿ ਜੱਸਾ ਸਿੰਘ ਲੜਦੇ ਹੋਏ ਅਬਦਾਲੀ ਦੇ ਸਾਹਮਣੇ ਜਾ ਪਹੁੰਚੇ। ਅਬਦਾਲੀ ਨੂੰ ਨਿਸ਼ਾਨਾ ਬਣਾ ਕੇ ਖੰਡੇ ਦਾ ਇੰਨਾ ਭਰਵਾਂ ਵਾਰ ਕੀਤਾ ਕਿ ਅਬਦਾਲੀ ਤਾਂ ਪਾਸਾ ਵੱਟ ਗਿਆ ਪਰ ਉਸ ਦਾ ਘੋੜਾ ਵਿਚਕਾਰੋਂ ਚੀਰਿਆ ਗਿਆ। ਸਿੱਖਾਂ ਦਾ ਹੌਸਲਾ ਵੇਖ ਕੇ ਅਬਦਾਲੀ ਨੇ ਦੰਦਾਂ ਹੇਠ ਜੀਭ ਲੈ ਲਈ। ਪਰ ਉਸ ਦੀ ਫੌਜ ਦੀ ਗਿਣਤੀ ਬਹੁਤ ਵੱਡੀ ਸੀ ਤੇ ਸਿੱਖ ਘਿਰੇ ਹੋਏ ਸਨ। ਅਬਦਾਲੀ ਦਾ ਹੁਕਮ ਸੀ ਕਿ ਕਿਸੇ ਵੀ ਗੈਰ ਮੁਸਲਿਮ ਨੂੰ ਜਿਉਂਦਾ ਨਹੀਂ ਛੱਡਣਾ।

ਸ਼ਾਮ ਹੋਣ ਤੱਕ ਉਸ ਨੇ ਕਰੀਬ ਵੀਹ ਹਜ਼ਾਰ ਸਿੱਖ ਮਾਰ ਮੁਕਾਏ। ਆਪਣੀ ਜਾਚੇ ਉਸ ਨੇ ਸਭ ਸਿੱਖ ਮਾਰ ਦਿੱਤੇ ਸਨ। ਇੰਨੇ ਨੂੰ ਹਨੇਰਾ ਪੈਣ ਲੱਗਾ। ਉਸ ਦੀਆਂ ਫੌਜਾਂ ਪਿਛਾਂਹ ਹਟ ਗਈਆਂ। ਇੱਧਰ ਬਚੇ ਹੋਏ ਸਿੱਖ ਬਰਨਾਲੇ ਵੱਲ ਨਿਕਲ ਗਏ। ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ।

ਅਗਲੇ ਦਿਨ ਕੁਝ ਉਦਾਸ ਸਿੰਘਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਪੁੱਛਿਆ ਕਿ ਜਥੇਦਾਰ ਜੀ ਆਪਣੇ ਤਾਂ ਸਭ ਲੋਕ ਮਾਰੇ ਗਏ, ਹੁਣ ਕੀ ਬਣੇਗਾ। ਸਰਦਾਰ ਜੱਸਾ ਸਿੰਘ ਨੇ ਮੁਸਕਰਾਉਂਦਿਆਂ ਕਿਹਾ ਕਿ ਕਾਣ ਕਾਣ ਝੜ ਗਿਆ ਹੈ ਤੇ ਜੋ ਬਚਿਆ ਹੈ ਇਹ ਸ਼ੁੱਧ ਖਾਲਸਾ ਹੈ। ਫਿਕਰ ਨਾ ਕਰੋ, ਗੁਰੂ ਦਾ ਹੁਕਮ ਹੈ ਕਿ ਖਾਲਸੇ ਨੇ ਦਿਨੋਂ ਦਿਨ ਵਧਦੇ ਹੀ ਜਾਣਾ ਹੈ।

ਇਹ ਗੱਲ ਉਦੋਂ ਸੱਚ ਹੋ ਨਿੱਬੜੀ ਜਦੋਂ ਘੱਲੂਘਾਰੇ ਦੇ ਸਿਰਫ ਚਾਰ ਕੁ ਮਹੀਨੇ ਬਾਅਦ ਹੀ ਸਿੰਘਾਂ ਨੇ ਸਰਹਿੰਦ ਦੇ ਸੂਬੇਦਾਰ ਜ਼ੈਨ ਖਾਨ ਨੂੰ ਹਰਾ ਕੇ ਕੁੱਪ ਰਹੀੜੇ ਦਾ ਬਦਲਾ ਲੈ ਲਿਆ। ਸਿੰਘਾਂ ਦੀ ਗਿਣਤੀ ਇੰਨੀ ਛੇਤੀ ਵਧੀ ਕਿ ਅਗਲੀ ਦੀਵਾਲੀ ਉਨ੍ਹਾਂ ਅੰਮ੍ਰਿਤਸਰ ਆ ਮਨਾਈ। ਅਬਦਾਲੀ ਸਿੱਖਾਂ ਦੀ ਚੜ੍ਹਤ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸ ਨੇ ਸਮਝੌਤਾ ਕਰਨ ਲਈ ਟੀਮ ਭੇਜੀ। ਪਰ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਵਾਪਸ ਮੋੜ ਦਿੱਤਾ ਕਿ ਖਾਲਸੇ ਨੂੰ ਕਿਸੇ ਦੀ ਦਇਆ ਨਹੀਂ ਚਾਹੀਦੀ। ਅਸੀਂ ਜੋ ਕਰਾਂਗੇ ਗੁਰੂ ਦੀ ਮਿਹਰ ਨਾਲ ਕਰਾਂਗੇ।

ਅਬਦਾਲੀ ਫਿਰ ਤੋਂ ਚੜ੍ਹਾਈ ਕਰਕੇ ਆ ਗਿਆ। ਇਸ ਲੜਾਈ ਨੂੰ ਅੰਮ੍ਰਿਤਸਰ ਦੀ ਦੂਸਰੀ ਲੜਾਈ ਕਿਹਾ ਜਾਂਦਾ ਹੈ। ਘੱਲੂਘਾਰੇ ਵੇਲੇ ਉਹ ਆਪ ਆਪਣੀਆਂ ਫੌਜਾਂ ਦੀ ਅਗਵਾਈ ਕਰ ਰਿਹਾ ਸੀ। ਇੱਧਰ ਸਿੱਖ ਫੌਜਾਂ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੀ। ਦਿਨ ਚੜ੍ਹਦਿਆਂ ਹੀ ਲੜਾਈ ਸ਼ੁਰੂ ਹੋਈ ਤੇ ਸ਼ਾਮ ਤੱਕ ਬੰਦ ਹੋ ਗਈ। ਇਸ ਲੜਾਈ ਵਿਚ ਅਬਦਾਲੀ ਦੀ ਸ਼ਰਮਨਾਕ ਹਾਰ ਹੋਈ ਤੇ ਉਸ ਦੀਆਂ ਫੌਜਾਂ ਲਾਹੌਰ ਵੱਲ ਪਰਤ ਗਈਆਂ। ਸਿੰਘਾਂ ਨੇ ਬਹੁਤ ਸਾਰੇ ਅਫਗਾਨੀ ਫੌਜੀ ਬੰਦੀ ਬਣਾ ਲਏ। ਇਨ੍ਹਾਂ ਸਾਰਿਆਂ ਤੋਂ ਹਰਿਮੰਦਰ ਸਾਹਿਬ ਦੀ ਢਾਹੀ ਹੋਈ ਇਮਾਰਤ ਦੀ ਉਸਾਰੀ ਕਰਵਾਈ ਗਈ। ਸਰੋਵਰ, ਜੋ ਅਬਦਾਲੀ ਫੌਜਾਂ ਨੇ ਮਿੱਟੀ ਘੱਟੇ ਨਾਲ ਪੂਰ ਦਿੱਤਾ ਸੀ, ਉਹ ਸਾਫ ਕਰਵਾਇਆ ਗਿਆ। ਸਾਰਾ ਕੰਮ ਕਰਵਾ ਕੇ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਨੂੰ ਇਕੱਠੇ ਕੀਤਾ ਅਤੇ ਚੰਗਿਆਈ ਦਾ ਪਾਠ ਪੜ੍ਹਾਇਆ। ਇਸ ਉਪਰੰਤ ਇਹ ਕਹਿ ਕੇ ਕਿ ਉਹ ਵਾਪਸ ਕਦੇ ਪੰਜਾਬ ਨਾ ਆਉਣ, ਸਭ ਨੂੰ ਰਿਹਾ ਕਰ ਦਿੱਤਾ ਗਿਆ। ਇਸ ਨਾਲ ਅਬਦਾਲੀ ਦੀਆਂ ਫੌਜਾਂ ਵਿਚ ਸਿੱਖਾਂ ਪ੍ਰਤੀ ਬੜੀ ਹੀ ਸ਼ਰਧਾ ਭਾਵਨਾ ਜਾਗੀ। ਕਿਉਂਕਿ ਉਨ੍ਹਾਂ ਦਿਨ੍ਹਾਂ ਵਿਚ ਬੰਦੀ ਫੌਜੀਆਂ ਨੂੰ ਆਮ ਤੌਰ ‘ਤੇ ਮਾਰ ਦਿੱਤਾ ਜਾਂਦਾ ਸੀ। ਅਬਦਾਲੀ ਤੱਕ ਇਹ ਗੱਲ ਪਹੁੰਚੀ ਤਾਂ ਉਹ ਜੱਸਾ ਸਿੰਘ ਆਹਲੂਵਾਲੀਆ ਦੇ ਕਿਰਦਾਰ ਤੋਂ ਬੜਾ ਪ੍ਰਭਾਵਤ ਹੋਇਆ। ਇਸ ਤੋਂ ਪਿੱਛੋਂ ਵੀ ਉਸ ਨੇ ਇੱਧਰ ਵੱਲ ਹਮਲਾ ਕੀਤਾ ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੀ ਕਿਉਂਕਿ ਸਿੱਖ ਬਹੁਤ ਤਾਕਤਵਰ ਹੋ ਚੁਕੇ ਸਨ। ਅੱਗੇ ਚੱਲ ਕੇ ਉਦੋਂ ਤਾਂ ਸਿੱਖਾਂ ਨੇ ਦੁਨੀਆਂ ਨੂੰ ਹੈਰਾਨ ਹੀ ਕਰ ਦਿੱਤਾ ਜਦੋਂ ਦਿੱਲੀ ਦੇ ਲਾਲ ਕਿਲੇ ‘ਤੇ ਖਾਲਸਈ ਕੇਸਰੀ ਝੰਡਾ ਜਾ ਲਹਿਰਾਇਆ।

ਪਿੱਛੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣਾ ਸਦਰ ਮੁਕਾਮ ਕਪੂਰਥਲਾ ਬਣਾ ਲਿਆ। ਉਨ੍ਹਾਂ ਆਪਣੀ ਆਖਰੀ ਉਮਰ ਹਰਿਮੰਦਰ ਸਾਹਿਬ ਦੀ ਸੇਵਾ ਵਿਚ ਗੁਜ਼ਾਰੀ। ਗੁਰੂ ਘਰ ਦੇ ਪ੍ਰਬੰਧਾਂ ‘ਚ ਸੁਧਾਰ ਕਰਨ ਲਈ ਬੜਾ ਕੁਝ ਕੀਤਾ। ਅੰਮ੍ਰਿਤਸਰ ਸ਼ਹਿਰ ਦੀ ਉਸਾਰੀ ਕਰਵਾਈ। ਆਖਰ 65 ਸਾਲ ਦੀ ਉਮਰ ਭੋਗ ਕੇ 1783 ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਗੁਰੂ ਚਰਨਾਂ ਵਿਚ ਜਾ ਬਿਰਾਜੇ।

ਮਾਧੋ ਦਾਸ: ਬੈਰਾਗੀ ਤੋਂ ਸਿੱਖ ਸਜਣ ਵੱਲ ਪੇਸ਼ਕਦਮੀ

-ਸੁਰਜੀਤ ਸਿੰਘ ਪੰਛੀ
ਬੰਦਾ ਸਿੰਘ ਬਹਾਦਰ ਦੇ ਪਿਤਾ ਰਾਮ ਦੇਵ ਨੇ ਉਸ ਦਾ ਨਾਂ ਲਛਮਣ ਦੇਵ ਰੱਖਿਆ। ਪੁਣਛ ਦਾ ਇਲਾਕਾ ਪਛੜਿਆ ਹੋਣ ਕਰ ਕੇ ਉਹ ਬਚਪਨ ਵਿਚ ਵਿੱਦਿਆ ਤੋਂ ਕੋਰਾ ਰਹਿ ਗਿਆ। ਦੂਜੇ ਮੁੰਡਿਆਂ ਵਾਂਗ ਉਸ ਨੂੰ ਸ਼ਿਕਾਰ, ਘੋੜ-ਸਵਾਰੀ ਤੇ ਤੀਰ-ਅੰਦਾਜ਼ੀ ਦਾ ਸ਼ੌਕ ਸੀ। ਮਾਤਾ-ਪਿਤਾ ਵੱਲੋਂ ਵਿਰਸੇ ਵਿਚ ਮਿਲੇ ਸੰਸਕਾਰਾਂ ਕਾਰਨ ਉਹ ਨਰਮ ਦਿਲ, ਜਜ਼ਬਾਤੀ ਤੇ ਸੰਵੇਦਨਸ਼ੀਲ ਸੀ। ਉਸ ਨਾਲ ਇਕ ਕਹਾਣੀ, ਗਰਭਵਤੀ ਹਿਰਨੀ ਨੂੰ ਮਾਰਨ ‘ਤੇ ਉਸ ਦੇ ਬੱਚਿਆਂ ਨੂੰ ਤੜਫਦੇ ਦੇਖ ਕੇ ਉਸ ਦਾ ਮਨ ਅਹਿੰਸਾ ਵੱਲ ਮੋੜਾ ਖਾ ਗਿਆ, ਨਾਲ ਜੁੜੀ ਹੋਈ ਹੈ।

ਉਨ੍ਹਾਂ ਦਿਨਾਂ ਵਿਚ ਸੰਤ-ਮਹਾਤਮਾ ਤੇ ਜੋਗੀ ਆਦਿ ਕਸ਼ਮੀਰ ਵਿਚਲੇ ਤੀਰਥਾਂ ਦੀ ਯਾਤਰਾ ਲਈ ਜਾਂਦੇ ਜਾਂ ਮੁੜਦੇ ਹੋਏ ਰਾਜੌਰੀ ਵਿਚ ਠਹਿਰਦੇ ਸਨ। ਬੰਦਾ ਸਿੰਘ ਬਹਾਦਰ ਉਨ੍ਹਾਂ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ। ਜਾਨਕੀ ਦਾਸ ਬੈਰਾਗੀ ਯਾਤਰਾ ਕਰਦਿਆਂ ਰਾਜੌਰੀ ਠਹਿਰਿਆ। ਉਸ ਦੇ ਉਪਦੇਸ਼ਾਂ ਨੇ ਉਸ ਨੂੰ ਇਸ ਕਦਰ ਕੀਲ ਲਿਆ ਕਿ ਉਹ ਘਰ-ਘਾਟ ਛੱਡ ਕੇ ਉਸ ਦੀ ਮੰਡਲੀ ਵਿਚ ਰਲ ਗਿਆ। ਇਹ ਗੁਰਦਾਸਪੁਰ, ਹੁਸ਼ਿਆਰਪੁਰ ਹੁੰਦੇ ਹੋਏ ਪਹਾੜਾਂ ਤੇ ਜੰਗਲਾਂ ਨੂੰ ਗਾਹੁੰਦੇ ਸਿਰਮੌਰ ਦੇ ਇਲਾਕੇ ਵਿਚ ਘੁੰਮਦੇ ਰਹੇ। ਜਾਨਕੀ ਦਾਸ ਨਾਲ ਮਿਲਾਪ ਕਾਰਨ ਉਸ ਦਾ ਮਨ ਮੀਟ ਅਤੇ ਸ਼ਰਾਬ ਆਦਿ ਨੂੰ ਘ੍ਰਿਣਾ ਕਰਨ ਲੱਗ ਪਿਆ।
1686 ਦੇ ਵਿਸਾਖੀ ਮੇਲੇ ਸਮੇਂ ਜਾਨਕੀ ਦਾਸ ਦੀ ਇਹ ਮੰਡਲੀ ਕਸੂਰ ਨੇੜੇ ਬਾਬਾ ਰਾਮ ਥੰਮਣ ਦੇ ਡੇਰੇ ਪੁੱਜੀ। ਉਥੇ ਗੁਰੂ ਨਾਨਕ ਦੇਵ ਜੀ ਦੇ ਰਿਸ਼ਤੇਦਾਰ ਬਾਬਾ ਰਾਮ ਥੰਮਣ ਦੀ ਸਮਾਧ ਹੈ। ਉਥੇ ਮੇਲੇ ਸਮੇਂ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਹਨ।

ਸਵਾਮੀ ਰਾਮਦਾਸ ਸਮਰੱਥ ਸਵਾਮੀ ਰਾਮਾਨੰਦ ਦਾ ਚੇਲਾ ਸੀ ਜੋ ਵੈਸ਼ਨਵ ਬਿਰਾਗੀ ਸੀ। ਐਮ. ਐਸ਼ ਚਾਂਦਲਾ ਅਨੁਸਾਰ ਸਵਾਮੀ ਰਾਮਦਾਸ ਸਮਰੱਥ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ੍ਰੀਨਗਰ (ਗੜ੍ਹਵਾਲ) ਦੇ ਸਥਾਨ ‘ਤੇ ਮਿਲਿਆ ਸੀ। ਸਵਾਮੀ ਸ਼ਿਵਾ ਜੀ ਦਾ ਵੀ ਗੁਰੂ ਸੀ। ਗੁਰੂ ਜੀ ਸ਼ਾਹੀ ਪਹਿਰਾਵੇ ਵਿਚ ਠਾਠ ਨਾਲ ਘੋੜੇ ‘ਤੇ ਸਵਾਰ ਸਨ ਅਤੇ ਵੱਡੀ ਗਿਣਤੀ ਵਿਚ ਆਪਣੇ ਹਥਿਆਰਬੰਦ ਸਿੱਖਾਂ ਨਾਲ ਸ਼ਿਕਾਰ ਖੇਡ ਰਹੇ ਸਨ। ਉਸ ਨੇ ਅਚੰਭੇ ਨਾਲ ਗੁਰੂ ਜੀ ਨੂੰ ਕਿਹਾ, “ਨਾਨਕ ਕੀ ਗਾਦੀ ਦੇ ਵਾਰਸ ਹੋ, ਕਿਆ ਯਹ ਠਾਠ-ਬਾਠ ਆਪ ਕੋ ਸ਼ੋਭਾ ਦੇਤਾ ਹੈ?” ਗੁਰੂ ਜੀ ਨੇ ਉਤਰ ਦਿੱਤਾ, “ਜ਼ਾਹਿਰਾ ਅਮੀਰੀ, ਬਾਤਨ ਫਕੀਰੀ, ਗੁਰੂ ਨਾਨਕ ਨੇ ਮਾਇਆ ਤਿਆਗੀ ਥੀ, ਸੰਸਾਰ ਨਹੀਂ ਤਿਆਗਾ ਥਾ।” ਸਵਾਮੀ ਨੇ ਖੁਸ਼ ਹੋ ਕੇ ਕਿਹਾ, “ਯਹ ਬਾਤ ਹਮਾਰੇ ਮਨ ਭਾਵਤੀ ਹੈ।”

ਸ਼ਿਵਾ ਜੀ ਨੇ ਸਵਾਮੀ ਨੂੰ ਉਤਰੀ ਭਾਰਤ ਵਿਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦੇਣ ਲਈ ਕਿਹਾ ਤਾਂ ਕਿ ਔਰੰਗਜ਼ੇਬ ਅਤੇ ਉਸ ਦੀ ਫੌਜ, ਆਪਣਾ ਸਾਰਾ ਧਿਆਨ ਦੱਖਣ ਵੱਲ ਨਾ ਲਾ ਸਕਣ। ਸਵਾਮੀ ਨੇ ਬੇਨਤੀ ਮੰਨਦਿਆਂ ਉਤਰੀ ਭਾਰਤ ਵਿਚ ਫਿਰ-ਤੁਰ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਵਾਮੀ ਵੱਖ-ਵੱਖ ਬੈਰਾਗੀ ਡੇਰਿਆਂ ਦਾ ਭ੍ਰਮਣ ਕਰਦਾ ਹੋਇਆ ਵਿਸਾਖੀ ਦੇ ਮੇਲੇ ਮੌਕੇ 1686 ਵਿਚ ਰਾਮ ਥੰਮਣ ਜਾ ਪਹੁੰਚਿਆ ਤਾਂ ਕਿ ਉਥੇ ਆਏ ਬੈਰਾਗੀ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕਰ ਸਕਣ। ਉਨ੍ਹਾਂ ਦਾ ਸੰਦੇਸ਼ ਸੀ, “ਬੈਰਾਗ ਦਾ ਅਰਥ ਮੰਗਤਿਆਂ ਵਾਂਗ ਹੱਥ ਵਿਚ ਠੂਠਾ ਫੜ੍ਹ ਕੇ ਥਾਂ-ਥਾਂ ਮੰਗਦੇ ਫਿਰਨਾ ਨਹੀਂ ਹੈ। ਆਪਣੀਆਂ ਸਮਾਜਕ ਅਤੇ ਨੈਤਿਕ ਜ਼ਿੰਮੇਵਾਰੀਆਂ ਵੱਲੋਂ ਭੱਜਣਾ ਨਹੀਂ ਹੈ। ਦੁਨੀਆਵੀ ਵਸਤਾਂ ਦਾ ਮੋਹ ਤਿਆਗਣਾ ਹੈ। ਇਸ ਦਾ ਅਰਥ ਦੁਨਿਆਵੀ ਬੰਧਨਾਂ ਤੋਂ ਆਜ਼ਾਦ ਹੋ ਕੇ ਆਪ ਦੇਸ਼ ਕੌਮ ਦੇ ਮਾਣ ਸਤਿਕਾਰ ਅਤੇ ਆਜ਼ਾਦੀ ਲਈ ਲੜ ਮਰਨ ਲਈ ਤਿਆਰ ਹੋਣਾ ਹੈ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਦੂਸਰਿਆਂ ਦੀ ਕਮਾਈ ‘ਤੇ ਪਲਣ ਵਾਲੀ ਜੋਕ ਹੈ।”

ਇਸ ਤਰ੍ਹਾਂ ਦੇ ਭਾਸ਼ਣਾਂ ਦਾ ਬੰਦਾ ਸਿੰਘ ਬਹਾਦਰ ‘ਤੇ ਬਹੁਤ ਪ੍ਰਭਾਵ ਪਿਆ। ਉਸ ਨੇ ਬੇਨਤੀ ਕੀਤੀ ਕਿ ਉਸ ਨੂੰ ਆਪਣਾ ਚੇਲਾ ਬਣਾ ਲੈਣ। ਸਵਾਮੀ ਨੇ ਪਰਖ ਤੋਂ ਪਿੱਛੋਂ ਆਪਣਾ ਚੇਲਾ ਬਣਾ ਲਿਆ ਅਤੇ ਦੀਕਸ਼ਾ ਦਿੱਤੀ। ਉਸ ਦਾ ਨਾਂ ਮਾਧੋ ਦਾਸ ਰੱਖ ਦਿੱਤਾ।
ਸ਼ਿਵਾ ਜੀ ਦੀ ਤਾਜ਼ਪੋਸ਼ੀ (6 ਜੂਨ) 16 ਜੂਨ 1674 ਨੂੰ ਹੋ ਗਈ ਸੀ। ਸ਼ਿਵਾ ਜੀ ਆਜ਼ਾਦ ਤੇ ਖੁਦਮੁਖਤਾਰ ਰਾਜਾ ਸੀ ਅਤੇ ਨੇੜਲੇ ਭਵਿਖ ਵਿਚ ਉਸ ਨੂੰ ਮੁਗਲਾਂ ਤੋਂ ਵੀ ਕੋਈ ਖਤਰਾ ਨਹੀਂ ਸੀ। ਸੋ ਉਸ ਨੇ ਆਪਣਾ ਧਿਆਨ ਦੱਖਣ ਵੱਲ ਕੀਤਾ। ਉਸ ਨੇ ਗੋਲਕੰਡਾ ਦੇ ਰਾਜੇ ਨਾਲ ਮਿਲ ਕੇ ਤਾਮਿਲਨਾਡੂ ਤੇ ਦੱਖਣ ਵਿਚ ਬੀਜਾਪੁਰ ‘ਤੇ ਸਾਂਝਾ ਹਮਲਾ ਕੀਤਾ। ਉਸ ਨੇ ਆਪਣੇ ਰਾਜ ਦੀ ਸੁਰੱਖਿਆ ਅਤੇ ਮਾਲੀਏ ਦੀ ਵਸੂਲੀ ਯਕੀਨੀ ਬਣਾਉਣਾ ਸੀ। ਆਪਣੇ ਇਸ ਮੰਤਵ ਲਈ ਉਸ ਨੇ ਰਾਏਗੜ੍ਹ ਤੋਂ ਉਤਰ ਦਾ ਇਲਾਕਾ ਮੋਰੋਪੰਤ ਪੇਸ਼ਵਾ ਨੂੰ ਸੰਭਾਲ ਦਿੱਤਾ। ਮੋਰੋਪੰਤ ਸਵਾਮੀ ਜੀ ਦੇ ਡੇਰੇ ਕਤਲੀ (ਨਾਸਕ) ਵਿਚ ਆਇਆ। ਮੋਰੋਪੰਤ ਨੇ ਸਵਾਮੀ ਜੀ ਦੇ ਚੇਲਿਆਂ ਨੂੰ ਕਸਰਤ ਕਰਦਿਆਂ ਅਤੇ ਲੜਾਈ ਦਾ ਅਭਿਆਸ ਕਰਦਿਆਂ ਦੇਖਿਆ। ਚੇਲਿਆਂ ਵਿਚ ਮਾਧੋ ਦਾਸ ਨੂੰ ਲੜਾਈ ਲੜਦਿਆਂ ਚੁਸਤੀ ਤੇ ਫੁਰਤੀ ਅਤੇ ਸਰੀਰਕ ਗਠਣ ਨੇ ਉਸ ਨੂੰ ਪ੍ਰਭਾਵਿਤ ਕੀਤਾ। ਮੋਰੋਪੰਤ ਨੇ ਸਵਾਮੀ ਦੀ ਆਗਿਆ ਨਾਲ ਮਾਧੋ ਦਾਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਮੋਰੋਪੰਤ ਦੀ ਨੌਕਰੀ ਸਮੇਂ ਉਸ ਨੇ ਮਹੱਤਵਪੂਰਨ ਯੁੱਧ ਕਲਾ, ਰੁਹੇਲਾ ਯੁੱਧ ਦੀ ਸਿਖਿਆ ਵੀ ਗ੍ਰਹਿਣ ਕੀਤੀ। ਉਸ ਨੇ ਗੋਆ ਅਤੇ ਚਾਉਲ ਦੀਆਂ ਲੜਾਈਆਂ ਵਿਚ ਵੀ ਹਿੱਸਾ ਲਿਆ ਅਤੇ ਮੁਗਲ ਫੌਜਾਂ ਨਾਲ ਕਈ ਝੜਪਾਂ ਵਿਚ ਸ਼ਾਮਿਲ ਸੀ। ਜਦੋਂ ਉਸ ਨੇ ਉਘੇ ਮਰਾਠਾ ਖਾਨਦਾਨ ਛੋਟੀਆਂ-ਛੋਟੀਆਂ ਗਰਜ਼ਾਂ ਪਿੱਛੇ ਮੁਗਲਾਂ ਨਾਲ ਰਲਦੇ ਦੇਖੇ ਤਾਂ ਉਸ ਨੂੰ ਦੁੱਖ ਹੋਇਆ। ਉਨ੍ਹਾਂ ਦੀ ਮਦਦ ਨਾਲ ਮੁਗਲਾਂ ਨੇ ਮਰਾਠਿਆਂ ਦੇ ਕਈ ਗੜ੍ਹਾਂ ‘ਤੇ ਕਬਜ਼ਾ ਕਰ ਕੇ ਸ਼ੰਭਾ ਜੀ ਦੀਆਂ ਫੌਜਾਂ ਨੂੰ ਕੁਝ ਕਿਲ੍ਹਿਆਂ ਤਕ ਸੀਮਤ ਕਰ ਦਿੱਤਾ। ਵਾਹੀਯੋਗ ਜਮੀਨ ‘ਤੇ ਕਬਜ਼ਾ ਕਰ ਲਿਆ। ਸ਼ੰਭਾ ਜੀ ਤੇ ਉਸ ਦੇ ਵਜ਼ੀਰ ਕਵੀ ਦਾਸ ਦੀਆਂ ਜੀਭਾਂ ਕੱਟ ਦਿੱਤੀਆਂ ਸਨ। ਦੋਵਾਂ ਨੂੰ ਗਿਆਰਾਂ ਸਾਥੀਆਂ ਸਮੇਤ 24 ਦਿਨ ਤੱਕ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਖੋਪੜ ਵਿਚ ਫੂਸ ਭਰ ਕੇ ਦੱਖਣ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਵਾਜੇ-ਗਾਜੇ ਨਾਲ ਘੁੰਮਾਇਆ ਗਿਆ।

ਇਸ ਨਾਲ ਮਾਧੋ ਦਾਸ ਨੇ ਸਮਝਿਆ ਕਿ ਬਾਦਸ਼ਾਹ ਔਰੰਗਜ਼ੇਬ ਦੇ ਜਿਉਂਦਿਆਂ ਮੁਗਲ ਸਰਕਾਰ ਦਾ ਖਾਤਮਾ ਔਖਾ ਹੈ। ਜਦੋਂ ਤੱਕ ਰਾਜਾ ਜੈ ਸਿੰਘ ਤੇ ਉਸ ਦਾ ਪੁੱਤਰ ਰਾਮ ਸਿੰਘ ਅਤੇ ਹੋਰ ਰਾਜਪੂਤ ਤੇ ਜੱਟ ਜਰਨੈਲ ਔਰੰਗਜ਼ੇਬ ਨਾਲ ਹਨ ਤਾਂ ਕੋਈ ਵੀ ਹਥਿਆਰਬੰਦ ਵਿਦਰੋਹ ਲੰਮੇ ਸਮੇਂ ਤੱਕ ਲੜਿਆ ਨਹੀਂ ਜਾ ਸਕਦਾ। ਇਸੇ ਨਿਰਾਸ਼ਾ ਕਾਰਨ ਉਹ ਨੌਕਰੀ ਛੱਡ ਕੇ ਮੱਠ ਵਿਚ ਵਾਪਸ ਆ ਗਿਆ।

ਸਵਾਮੀ ਰਾਮ ਦਾਸ ਸਮਰੱਥ ਦੀ ਮੌਤ ਪਿੱਛੋਂ ਕਤਲੀ ਸਥਿਤ ਮੱਠ ਦਾ ਅਨੁਸ਼ਾਸਨ ਤੇ ਪ੍ਰਾਣ ਸ਼ਕਤੀ ਖਤਮ ਹੋ ਚੁਕੀ ਸੀ। ਮਾਧੋ ਦਾਸ ਮੱਠ ਦੇ ਵਰਤਾਰੇ ਕਾਰਨ ਗੋਦਾਵਰੀ ਦੇ ਕਿਨਾਰੇ ਆ ਬਹਿੰਦਾ। ਉਦਾਸ ਮਨ ਨਾਲ ਗੋਦਾਵਰੀ ਵਿਚ ਪੈਂਦੀਆਂ ਘੁੰਮਣ ਘੇਰੀਆਂ ਨੂੰ ਦੇਖ ਆਪ ਵੀ ਇਨ੍ਹਾਂ ਵਿਚ ਗੁਆਚ ਜਾਂਦਾ। ਇਕ ਦਿਨ ਔਘੜ ਪੰਥ ਦਾ ਜੋਗੀ ਮਿਲ ਗਿਆ ਜਿਸ ਨੂੰ ਲੋਕ ਲੋਨੀ ਕਹਿੰਦੇ ਸਨ। ਉਸ ਦਾ ਪਿੰਡ ਲੋਨੀ ਨਾਸਿਕ ਦੇ ਦੱਖਣ ਪੂਰਬ ਵੱਲ 80 ਕਿਲੋਮੀਟਰ ‘ਤੇ ਸੀ। ਜੋਗੀ ਤੋਂ ਪ੍ਰਭਾਵਿਤ ਹੋ ਕੇ ਆਪਣੀ ਰਾਮ ਕਹਾਣੀ ਉਸ ਨੂੰ ਸੁਣਾਈ। ਉਹ ਜੋਗੀ ਨਾਲ ਲੋਨੀ ਚਲਿਆ ਗਿਆ। ਜੋਗੀ ਨੇ ਉਸ ਨੂੰ ਤਾਂਤ੍ਰਿਕ ਵਿੱਦਿਆ ਸਿਖਾਈ। ਤਾਂਤ੍ਰਿਕ ਵਿੱਦਿਆ ਕਾਰਨ ਉਹ ਖੁਸ਼ ਅਤੇ ਹੰਕਾਰੀ ਹੋ ਗਿਆ। ਮਰਨ ਦੇ ਕਿਨਾਰੇ ਲੋਨੀ ਨੇ ਉਸ ਨੂੰ ਤਾਂਤ੍ਰਿਕ ਵਿੱਦਿਆ ਵਾਲੀ ਪੋਥੀ ਵੀ ਦੇ ਦਿੱਤੀ।

ਮਾਧੋ ਦਾਸ, ਲੋਨੀ ਦੇ ਸਵਰਗ ਸਿਧਾਰਨ ਪਿੱਛੋਂ ਇਕੱਲਪੁਣੇ ਤੋਂ ਦੁਖੀ ਹੋ ਕੇ ਰਾਜਸਥਾਨ ਵਿਚ ਦਾਦੂਵਾੜੇ ਜੈਤ ਰਾਮ ਕੋਲ ਚਲਿਆ ਗਿਆ। ਜੈਤ ਰਾਮ ਤੇ ਮਾਧੋ ਦਾਸ ਹਾਣੀ ਸਨ। ਮਾਧੋ ਦਾਸ ਪਹਿਲਾਂ ਵੀ ਦਾਦੂਵਾੜੇ ਜਾਂਦਾ-ਆਉਂਦਾ ਰਹਿੰਦਾ ਸੀ। ਮਾਧੋ ਦਾਸ ਸੁਭਾਅ ਤੋਂ ਅਭਿਲਾਸ਼ੀ ਸੀ। ਉਦਮੀ ਅਤੇ ਤਲਖ ਸੀ ਪਰ ਜੈਤ ਰਾਮ ਨਿਮਰ ਤੇ ਨਿਮਾਣਾ ਸੀ। ਮਾਧੋ ਦਾਸ ਵੱਲੋਂ ਆਪਣੀ ਬਹਾਦਰੀ ਦੀਆਂ ਘਟਨਾਵਾਂ ਅਤੇ ਤਾਂਤ੍ਰਿਕ ਵਿੱਦਿਆ ਬਾਰੇ ਦੱਸਣ ‘ਤੇ ਜੈਤ ਰਾਮ ਨੇ ਕਿਹਾ, “ਦੁਨੀਆਂ ਦੁੱਖਾਂ ਦਾ ਘਰ ਹੈ। ਸੰਸਾਰਕ ਵਸਤਾਂ ਨਾਲੋਂ ਮੋਹ ਤਿਆਗ, ਨਿਰਲੇਪ ਰਹਿ ਕੇ ਸਮਾਂ ਗੁਜ਼ਾਰ। ਤੈਥੋਂ ਪਹਿਲਾਂ ਬਥੇਰੇ ਇਹ ਕੂੜ ਦਾ ਸੌਦਾ ਕਰ ਕੇ ਤੁਰ ਗਏ।” ਮਾਧੋ ਦਾਸ ਕੁਝ ਮਹੀਨਿਆਂ ਪਿਛੋਂ ਲੋਨੀ ਨੂੰ ਮੁੜ ਗਿਆ।

ਮਾਧੋ ਦਾਸ ਦੀ ਲੋਨੀ ਦੇ ਮੱਠ ਤੋਂ ਗੈਰਹਾਜ਼ਰੀ ਕਾਰਨ ਜੋਗੀ ਦੇ ਦੂਜੇ ਚੇਲਿਆਂ ਨੇ ਮੱਠ ‘ਤੇ ਕਬਜ਼ਾ ਕਰ ਲਿਆ। ਬਜ਼ੁਰਗ ਜੋਗੀ ਨੇ ਉਸ ਨੂੰ ਸਮਝਾਇਆ ਕਿ ਹੁਣ ਉਸ ਦੀ ਇਥੇ ਪੁੱਗਣੀ ਨਹੀਂ। ਉਸ ਨੇ ਨਾਂਦੇੜ ਦੇ ਡੇਰੇ ਜਾਣ ਲਈ ਕਿਹਾ। ਨਾਂਦੇੜ ਦੇ ਡੇਰੇ ਦੇ ਮੁਖੀ ਨੇ ਔਘੜ ਨਾਥ ਤੋਂ ਮਾਧੋ ਦਾਸ ਬਾਰੇ ਪਹਿਲਾਂ ਹੀ ਸੁਣਿਆ ਹੋਇਆ ਸੀ। ਮਾਧੋ ਦਾਸ ਦੇ ਪਛਾਣ ਦੱਸਣ ‘ਤੇ ਉਸ ਨੂੰ ਡੇਰੇ ਵਿਚ ਦਾਖਲਾ ਤਾਂ ਮਿਲ ਗਿਆ ਪਰ ਜੋਗੀ ਦੇ ਵਿਸ਼ਵਾਸਪਾਤਰਾਂ ਵਿਚ ਥਾਂ ਨਾ ਮਿਲੀ।

ਡੇਰੇ ਵਿਚ ਰਹਿੰਦਿਆਂ ਮਾਧੋ ਦਾਸ ਤਾਂਤ੍ਰਿਕ ਵਿੱਦਿਆ ਕਾਰਨ ਲੋਕਾਂ ਵਿਚ ਹਰਮਨਪਿਆਰਾ ਹੋ ਗਿਆ ਅਤੇ ਡੇਰੇ ਦੇ ਮੁਖੀ ਨੇ ਆਪਣਾ ਵਾਰਸ ਥਾਪ ਦਿੱਤਾ। ਮੁਖੀ ਦੇ ਮਰਨ ਪਿੱਛੋਂ ਉਹ ਡੇਰੇ ਦਾ ਮੁਖੀ ਬਣ ਗਿਆ। ਡੇਰੇ ਵਿਚ ਬਿਨਾ ਭੇਦਭਾਵ ਦੇ ਲੰਗਰ ਛਕਾਇਆ ਜਾਂਦਾ ਸੀ। ਪੈਸੇ ਨਾਲ ਗਰੀਬਾਂ ਦੀ ਮਦਦ ਕੀਤੀ ਜਾਂਦੀ ਸੀ। ਲੋਕਾਂ ਵਿਚ ਉਸ ਦਾ ਸਤਿਕਾਰ ਸੀ ਪਰ ਉਹ ਅਜੇ ਵੀ ਅਸ਼ਾਂਤ ਸੀ।
1692 ਵਿਚ ਮਾਧੋ ਦਾਸ ਡੇਰਾ ਛੱਡ ਕੇ ਗੋਦਾਵਰੀ ਦੇ ਕਿਨਾਰੇ ਕਿਨਾਰੇ ਚੱਲ ਪਿਆ। ਨਾਂਦੇੜ ਨੇੜੇ ਸੁਹਾਵਣੀ ਥਾਂ ਨੇ ਉਸ ਨੂੰ ਮੋਹ ਲਿਆ। ਸ਼ਹਿਰ ਤੋਂ ਬਾਹਰ ਕੁਝ ਦੂਰੀ ‘ਤੇ ਗੋਦਾਵਰੀ ਦੇ ਕਿਨਾਰੇ ਆਪਣੀ ਕੁਟੀਆ ਬਣਾ ਕੇ ਰਹਿਣ ਲੱਗਾ। ਜੰਤਰਾਂ-ਮੰਤਰਾਂ ਕਾਰਨ ਇਥੇ ਵੀ ਪ੍ਰਸਿਧ ਹੋ ਗਿਆ। ਪ੍ਰਸਿਧੀ ਕਾਰਨ ਚੰਚਲ ਹੋ ਗਿਆ। ਉਸ ਦੇ ਚੇਲੇ ਵੀ ਬਣ ਗਏ।

ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਛੱਡਣ ਪਿਛੋਂ, ਆਪਣੇ ਬੱਚੇ ਤੇ ਮਾਤਾ ਗੁਜਰੀ ਸ਼ਹੀਦ ਕਰਵਾਉਣ, ਚਮਕੌਰ ਸਾਹਿਬ ਤੇ ਮੁਕਤਸਰ ਦੀਆਂ ਲੜਾਈਆਂ ਲੜਨ ਪਿੱਛੋਂ ਤਲਵੰਡੀ ਸਾਬੋ ਠਹਿਰੇ ਸਨ। ਉਥੋਂ ਦੱਖਣ ਨੂੰ ਜਾਂਦਿਆਂ ਉਹ ਕੇਵਲ, ਝੋਰੜੀ, ਸਰਸਾ, ਨੌਹਰਾ, ਛੀਨ ਤਲਾਈ, ਭਾਦਰਾ, ਸੁਹੇਵਾ, ਮਧੂ ਸਿੰਘਣਾ ਆਦਿ ਤੋਂ ਹੋ ਕੇ ਪਿੰਡ ਨਰਾਇਣਾ ਪੁੱਜੇ। ਉਥੇ ਦਾਦੂ ਭਗਤ ਦਾ ਦੁਆਰਾ ਹੈ। ਦਾਦੂ ਦਾ ਚੇਲਾ ਜੈਤ ਰਾਮ ਇਥੇ ਰਹਿੰਦਾ ਸੀ।

ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮ ਬਾਰੇ ਗੱਲਾਂ ਕੀਤੀਆਂ। ਆਪਣੀ ਸਾਰੀ ਹੱਡਬੀਤੀ ਸੁਣਾਈ। ਜੈਤ ਰਾਮ ਨੂੰ ਮਾਧੋ ਦਾਸ ਨੇ ਰਾਜਿਆਂ ਦੇ ਆਪਣੇ ਮਤਲਬ ਖਾਤਰ ਮੁਗਲਾਂ ਨਾਲ ਰਲਣ ਬਾਰੇ ਦੱਸਿਆ ਸੀ। ਜੈ ਸਿੰਘ ਅਤੇ ਮਰਾਠਿਆਂ ਦੇ ਬਾਰੇ ਵੀ ਦੱਸਿਆ ਸੀ। ਗੁਰੂ ਜੀ ਨੇ ਜੈਤ ਰਾਮ ਨੂੰ ਕਿਹਾ ਕਿ ਰਾਜਪੂਤ ਰਾਜਿਆਂ ਕੋਲੋਂ ਮੁਗਲਾਂ ਵਿਰੁਧ ਉਨ੍ਹਾਂ ਨੂੰ ਸਹਾਇਤਾ ਦਿਵਾਏ। ਜੈਤ ਰਾਮ ਨੇ ਕਿਹਾ, “ਮਾਰਵਾੜ ਵਿਚ ਮੁਗਲਾਂ ਤੇ ਮਰਾਠਿਆਂ ਵਿਚ ਲੜਾਈ ਜ਼ੋਰਾਂ ‘ਤੇ ਹੈ। ਉਹ ਤੁਹਾਡੀ ਮਦਦ ਨਹੀਂ ਕਰ ਸਕਦੇ।” ਉਸ ਨੇ ਗੁਰੂ ਜੀ ਨੂੰ ਮਾਧੋ ਦਾਸ ਬਾਰੇ ਦੱਸ ਪਾਈ, “ਉਹ ਬੜਾ ਜਵਾਨ ਜੋਸ਼ੀਲਾ ਅਤੇ ਅੱਗ ਵਰਗਾ ਰਾਜਪੂਤ ਪੰਜਾਬੀ ਹੈ। ਉਸ ਨੂੰ ਮਹਾਂਰਾਸ਼ਟਰ ਵਿਚ ਰਹਿੰਦਿਆਂ ਬਹੁਤ ਸਾਲ ਹੋ ਗਏ ਹਨ। ਉਹ ਬਾਦਸ਼ਾਹਤ ਨੂੰ ਹਰਾਉਣ ਦੇ ਢੰਗ-ਤਰੀਕੇ ਜਾਣਦਾ ਹੈ। ਉਹ ਸ਼ਿਵਾਜੀ ਦੀ ਫੌਜ ਵਿਚ ਰਹਿ ਚੁਕਾ ਹੈ। ਕਈ ਲੜਾਈਆਂ ਵੀ ਲੜ ਚੁਕਾ ਹੈ। ਗੁਰੀਲੇ ਯੁੱਧ ਦਾ ਮਾਹਰ ਹੈ।” ਜੈਤ ਰਾਮ ਨੇ ਗੁਰੂ ਜੀ ਨੂੰ ਉਸ ਦੇ ਥਾਂ ਟਿਕਾਣੇ ਬਾਰੇ ਵੀ ਦੱਸ ਦਿੱਤਾ।