ਖ਼ਾਲਸਾ ਰਾਜ ਦਾ ਬਾਨੀ ਬਾਬਾ ਬੰਦਾ ਸਿੰਘ ਬਹਾਦਰ -ਮਹਿੰਦਰ ਸਿੰਘ ਚਚਰਾੜੀ

ਬਾਬਾ ਬੰਦਾ ਸਿੰਘ ਬਹਾਦਰ 1708 ਈ: ਵਿਚ ਉਦੋਂ ਸਿੱਖ ਬਣਿਆ ਸੀ, ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਦੇ ਆਖਰੀ ਪੜਾਅ ਦੌਰਾਨ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਉਸਨੂੰ ਮਿਲੇ ਸਨ। ਇਹ ਕੋਈ ਅਚਾਨਕ ਹੋਇਆ ਮੇਲ ਨਹੀਂ ਸੀ, ਸਗੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਖੁਦ ਉਸਦੀ ਭਾਲ ਵਿਚ ਸਨ, ਤਾਂ ਕਿ 'ਰਾਜ ਕਰੇਗਾ ਖ਼ਾਲਸਾ' ਦੇ ਸੰਕਲਪ ਦੀ ਪੂਰਤੀ ਹੋ ਸਕੇ। ਇਸ ਲਈ ਉਨ੍ਹਾਂ ਇਸ ਕਾਰਜ ਲਈ ਬੰਦਾ ਸਿੰਘ ਬਹਾਦਰ ਨੂੰ ਚੁਣਿਆ, ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਰਹਿੰਦਾ ਕਾਰਜ ਪੂਰਾ ਕੀਤਾ।ਨੰਦੇੜ ਤੋਂ ਪੰਜਾਬ ਤਕ ਲਗਭਗ 2000 ਕਿਲੋਮੀਟਰ ਦਾ ਪੈਂਡਾ ਪੈਦਲ ਤਹਿ ਕਰਨ, ਫੌਜ ਤਿਆਰ ਕਰਨ ਅਤੇ ਸੰਘਰਸ਼ ਕਰਕੇ ਦੋ ਸਾਲਾਂ 'ਚ ਸਿੱਖ ਕੌਮ ਲਈ ਵੱਖਰੇ ਦੇਸ਼ ਦੀ ਸਥਾਪਨਾ ਕਰਨੀ ਬੰਦਾ ਸਿੰਘ ਬਹਾਦਰ ਦਾ ਲਾਸਾਨੀ ਕਾਰਨਾਮਾ ਸੀ। ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਤੁਰਿਆ ਸੀ, ਉਸ ਵੇਲੇ ਉਸ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਪੰਜ ਤੀਰ, ਖੰਡਾ ਤੇ ਨਗਾਰਾ ਸੀ। 'ਪੰਥ ਪ੍ਰਕਾਸ਼' ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਲਾਹ-ਮਸ਼ਵਰੇ ਲਈ ਪੰਜ ਸਿੰਘ, ਜਿਨ੍ਹਾਂ ਦੇ ਨਾਂ ਬਿਨੋਦ ਸਿੰਘ, ਬਾਜ ਸਿੰਘ, ਕਾਹਨ ਸਿੰਘ, ਦਇਆ ਸਿੰਘ ਤੇ ਰਣ ਸਿੰਘ ਸਨ, ਵੀ ਬੰਦਾ ਸਿੰਘ ਬਹਾਦਰ ਦੇ ਨਾਲ ਤੋਰੇ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਨਾਲ ਭੇਜੇ। ਇਨ੍ਹਾਂ 25 ਸਿੰਘਾਂ ਨਾਲ ਬੰਦਾ ਸਿੰਘ ਬਹਾਦਰ ਨੇ ਸਿੱਖ ਕੌਮ ਦਾ ਆਪਣਾ ਰਾਜ ਸਥਾਪਤ ਕਰਨ ਲਈ ਸੰਘਰਸ਼ ਅਰੰਭਿਆ।

ਕੀ ਇਤਿਹਾਸਕਾਰਾਂ ਤੇ ਸਿੱਖ ਕੌਮ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਨਸਾਫ਼ ਕੀਤਾ - ਡਾ.ਹਰਚੰਦ ਸਿੰਘ ਸਰਹਿੰਦੀ

ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਨੇ ਅਠਾਰਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮੁਗਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ-ਗਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇੱਕ ਜਾਂ²ਬਾਜ਼ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵੱਜੋਂ ਉਭਰ ਕੇ ਸਾਹਮਣੇ ਆਇਆ।