ਬੱਬਰ ਜੁਆਲਾ ਸਿੰਘ ਸਹੋਤਾ ਪਿੰਡ ਫਤਿਹਪੁਰ ਕੋਠੀ

-ਵਾਸਦੇਵ ਸਿੰਘ ਪਰਹਾਰ
ਬੱਬਰ ਜੁਆਲਾ ਸਿੰਘ ਸਹੋਤਾ ਪੁੱਤਰ ਸ. ਸੁੰਦਰ ਸਿੰਘ ਸਹੋਤਾ ਦਾ ਜਨਮ ਪਿੰਡ ਫਤਿਹਪੁਰ ਕੋਠੀ ਵਿਖੇ ਸੰਨ 1896 ਵਿੱਚ ਹੋਇਆ ਸੀ। ਸਹੋਤਾ ਗੋਤ ਦਾ ਮੁੱਢ ਵੀ ਰਾਜਪੂਤਾਂ ਦੇ ਜੰਜੂਆ ਗੋਤ ਵਿੱਚੋਂ ਹੈ। ਦੁਆਬੇ ਦੇ ਅਕਬਰੀ ਜੱਟਾਂ ਵਿੱਚ ਬੈਂਸ ਗੋਤ ਤੋਂ ਬਾਅਦ ਇਨ੍ਹਾਂ ਦਾ ਦੂਜਾ ਨੰਬਰ ਹੈ। A Glossary of the Tribes and casts vol.3 Page 344 ਅਨੁਸਾਰ ਇਹ ਦੁਆਬੇ ਦੇ ਢਾਈ ਘਰੇ ਅਕਬਰੀ ਜੱਟਾਂ ਵਿੱਚੋਂ ਹਨ। ਪਹਿਲਾ ਨੰਬਰ ਬੈਂਸਾਂ ਦਾ ਦੂਜਾ ਸਹੋਤਿਆਂ ਦਾ ਅਤੇ ਅੱਧਾ ਚੌਹਾਨਾਂ ਦਾ ਹੈ। 
ਬੈਂਸਾਂ ਦਾ ਹੈਡਕੁਆਰਟਰ ਮਾਹਿਲਪੁਰ, ਸਹੋਤਿਆਂ ਦਾ ਗੜ੍ਹਦੀਵਾਲਾ ਅਤੇ ਚੌਹਾਨਾਂ ਦਾ ਬੁੱਢੀ ਪਿੰਡ ਹੈ। ਇਹ ਤਿੰਨੇ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਨ। ਡਾ. ਜਗਜੀਤ ਸਿੰਘ ਚੌਹਾਨ ਖਾਲਿਸਤਾਨੀ ਸਮਰਥਕ ਬੁੱਢੀ ਪਿੰਡ (ਨੇੜੇ ਉੜਮੁੜ ਟਾਂਡਾ) ਦੇ ਸਨ। ਡਾ. ਬਖਸ਼ੀਸ਼ ਸਿੰਘ ਨਿੱਝਰ, ਉੱਘੇ ਇਤਿਹਾਸਕਾਰ ਨੇ ਲੇਖਕ ਨੂੰ ਦੱਸਿਆ ਸੀ ਕਿ ਵੀਹਵੀਂ ਸਦੀ ਦੇ ਪਹਿਲੇ ਮੱਧ ਤੱਕ ਇਹ ਢਾਈ ਘਰੇ ਅਕਬਰੀ ਜੱਟ ਆਪਣੇ ਰਿਸ਼ਤੇ ਦੁਆਬੇ ਦੇ ਆਮ ਜੱਟਾਂ ਦੀ ਬਜਾਏ ਮਾਝੇ ਦੇ ਅਕਬਰੀ ਜੱਟਾਂ ਨਾਲ ਹੀ ਕਰਦੇ ਸਨ। ਇਸ ਦੇ ਰੋਸ ਵਜੋਂ ਦੁਆਬੇ ਦੇ ਬਾਕੀ ਗੋਤਾਂ ਦੇ ਜੱਟਾਂ ਨੇ ਇਨ੍ਹਾਂ ਦੀ ਹੈਂਕੜ ਵਿਰੁੱਧ ਰੋਸ ਕੀਤਾ ਸੀ। (ਹੁਸ਼ਿਆਰ ਸਿੰਘ ਦਲੇਰ ਨੇ ਵੀ ਆਪਣੀ ਪੁਸਤਕ ਜੱਟਾਂ ਦੇ ਗੋਤਾਂ ਬਾਰੇ ਵਿੱਚ ਇਨ੍ਹਾਂ ਦਾ ਮੁੱਢ ਜੰਜੂਆ ਰਾਜਪੂਤਾਂ ਵਿੱਚੋਂ ਹੀ ਲਿਖਿਆ ਹੈ। 
ਫਤਿਹਪੁਰ ਤੇ ਕੋਠੀ ਦੋ ਜੁੜਵੇਂ ਪਿੰਡ ਹਨ। ਕੋਈ ਪਿੰਡ ਦੇ ਹੋਣ ਦਾ ਜ਼ਿਕਰ ਆਈਨੇ ਅਕਬਰੀ ਵਿੱਚ ਵੀ ਮਿਲਦਾ ਹੈ। ਸੰਨ 1889 ਦੇ ਬੰਦੋਬਸਤ ਅਨੁਸਾਰ ਪਿੰਡ ਫਤਿਹਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੱਦ ਬਸਤ ਨੰ. 337 ਅਤੇ ਰਕਬਾ 245 ਹੈਕਟੇਅਰ, ਕੋਠੀ ਦਾ ਹੱਦ ਬਸਤ ਨੰ. 335 ਅਤੇ ਰਕਬਾ 482 ਹੈਕਟੇਅਰ ਹੈ। ਯੁੱਧ ਨੀਤਕ ਵਿਉਂਤਬੰਦੀ ਨਾਲ ਬਣਾਏ ਛੋਟੇ ਕਿਲ੍ਹੇ ਨੂੰ ਕੋਠੀ ਕਹਿੰਦੇ ਹਨ। ਚੌਹਾਂ ਦਿਸ਼ਾਵਾਂ ਤੋਂ ਕੁਦਰਤੀ ਪਹਾੜੀਆਂ ਨਾਲ ਇਹ ਪਿੰਡ ਘਿਰਿਆ ਹੋਇਆ ਹੈ, ਜਿਸ ਵਿੱਚ ਆਉਣ ਲਈ ਕੇਵਲ ਇੱਕ ਹੀ ਰਸਤਾ ਮਾਹਲਪੁਰ ਵਲੋਂ ਆਉਣ ਦਾ ਹੈ। 
ਫੱਤੂ ਨਾਂਅ ਦੇ ਇੱਕ ਉੱਦਮੀ ਸਹੋਤਾ ਜੱਟ ਨੇ ਆਪਣੇ ਜੱਦੀ ਪਿੰਡ ਬੜਾ ਪਿੰਡ (ਜਲੰਧਰ) ਤੋਂ ਆ ਕੇ ਇਹ ਸੋਲਵੀਂ ਸਦੀ 'ਚ ਵਸਾਇਆ ਸੀ। ਬੜਾ ਪਿੰਡ ਦੀ ਅਬਾਦੀ ਵਧਣ ਕਾਰਨ, ਮਾਲ ਡੰਗਰ ਲਈ ਖੁੱਲ੍ਹੀਆਂ ਚਰਾਂਦਾਂ, ਸਦਾ ਵਗਦੇ ਚੋਅ ਅਤੇ ਚਸ਼ਮਿਆਂ, ਬਿਨਾਂ ਕਿਸੇ ਲੜਾਈ ਝਗੜੇ ਤੋਂ ਉਹ ਇਸ ਬੇਅਬਾਦ ਪਈ ਧਰਤੀ 'ਤੇ ਵਸ ਗਿਆ। 
ਇਹ ਪਿੰਡ ਬੱਬਰ ਅਕਾਲੀਆਂ ਦੇ ਲੁਕਣ ਲਈ ਇੱਕ ਸੁਰੱਖਿਅਤ ਥਾਂ ਸੀ। ਇੱਥੇ ਇੱਕ ਟਿੱਬੇ ਦੇ ਬੱਬਰਾਂ ਨੇ ਲੁਕ ਕੇ ਪੁਲਿਸ ਦਾ ਮੁਕਾਬਲਾ ਕਰਨ ਲਈ ਮੋਰਚੇ ਬਣਾਏ ਹੋਏ ਸਨ। ਪੁਲਿਸ ਵਾਲੇ ਇਸ ਨੂੰ ਬੱਬਰਾਂ ਦਾ ਅਸਲਾਖਾਨਾ ਆਖਦੇ ਸਨ। ਬੱਬਰਾਂ ਦੀ ਉਡਾਰੂ ਪ੍ਰੈਸ, ਜਿਸ ਨਾਲ ਬੱਬਰ ਅਕਾਲੀ ਅਖਬਾਰ ਛਪਦਾ ਸੀ, ਇੱਥੋਂ ਹੀ ਫੜ੍ਹੀ ਗਈ ਸੀ। ਫਤਿਹਪੁਰ ਦੇ ਸਾਰੇ ਹੀ ਵਸਨੀਕ ਸਹੋਤਾ ਗੋਤ ਦੇ ਜੱਟ ਸਨ ਅਤੇ ਕਈ ਬੱਬਰ ਜਥੇ ਦੇ ਸਰਗਰਮ ਮੈਂਬਰ ਸਨ। ਕਈ ਵਾਰੀ ਪੁਲਿਸ ਛਾਪੇ ਮਾਰਦੀ ਤਾਂ ਬੱਬਰ ਅਸਾਨੀ ਨਾਲ ਪਹਾੜੀ ਜੰਗਲਾਂ ਵਿੱਚ ਜਾ ਲੁਕਦੇ। ਖਿਝ ਕੇ ਪੁਲਿਸ ਨੇ ਇੱਕ ਵਾਰ ਸਾਰੇ ਪਿੰਡ ਨੂੰ ਬੰਬਾਂ ਨਾਲ ਉਡਾ ਕੇ ਅੱਗ ਨਾਲ ਫੂਕ ਦੇਣ ਦੀ ਸਕੀਮ ਵੀ ਬਣਾਈ ਸੀ।
ਇਸ ਪਿੰਡ ਦੇ ਬੱਬਰ ਭਗਵਾਨ ਸਿੰਘ ਪੁੱਤਰ ਦੁੱਲਾ ਸਿੰਘ ਨੂੰ ਉਮਰ ਕੈਦ ਅਤੇ ਬੱਬਰ ਪਰਸ਼ੋਤਮ ਸਿੰਘ ਨੂੰ ਵੀ ਕਈ ਸਾਲ ਜੇਲ੍ਹ 'ਚ ਰਹਿਣਾ ਪਿਆ ਸੀ। ਬੱਬਰ ਜੁਆਲਾ ਸਿਘਿ ਸਹੋਤਾ ਨੇ ਵੀ ਹੋਰ ਬੱਬਰਾਂ ਦੀ ਤਰ੍ਹਾਂ ਕੁਝ ਸਾਲ ਫੌਜ ਦੀ ਨੌਕਰੀ ਕੀਤੀ ਸੀ, ਜਿੱਥੇ ਉਹ ਚੰਗੇ ਦੌੜਾਕਾਂ ਵਿੱਚ ਗਿਣਿਆ ਜਾਂਦਾ ਸੀ। ਹਥਿਆਰ ਚਲਾਉਣੇ ਤਾਂ ਹਰ ਇੱਕ ਫੌਜੀ ਨੂੰ ਆ ਹੀ ਜਾਂਦੇ ਹਨ। ਫੌਜ ਵਿੱਚ ਉਸ ਦਾ ਰਿਕਾਰਡ ਚੰਗਾ ਸੀ ਪਰ ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਵਿਰੁੱਧ ਕੀਤੀਆਂ ਕਾਰਵਾਈਆਂ ਅਤੇ ਅੱਤਿਆਚਾਰਾਂ ਨੇ ਉਸ ਨੂੰ ਵੰਗਾਰਿਆ ਅਤੇ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਉਸ ਨੇ ਫੌਜ ਦੀ ਨੌਕਰੀ ਛੱਡ ਦਿੱਤੀ। ਉਹ ਵੀ ਬੱਬਰਾਂ ਦੇ ਖਿਆਲਾਂ ਦਾ ਸੀ ਕਿ ਸ਼ਾਂਤਮਈ ਢੰਗ ਨਾਲ ਅੰਦੋਲਨਾਂ ਨਾਲ ਅੰਗਰੇਜ਼ ਹਿੰਦੁਸਤਾਨ ਛੱਡਣ ਨਹੀਂ ਲੱਗੇ ਅਤੇ ਹਥਿਆਰਬੰਦ ਸੰਘਰਸ਼ ਜ਼ਰੂਰੀ ਹੈ। ਸੋ, ਉਹ ਬੱਬਰ ਜਥੇ ਵਿੱਚ ਅੰਗਰੇਜ਼ ਸਰਕਾਰ ਦੇ ਚਾਟੜਿਆਂ ਅਤੇ ਝੋਲੀਚੁੱਕਾਂ ਦੇ ਸੁਧਾਰ ਲਈ ਸ਼ਾਮਲ ਹੋ ਗਿਆ। ਕਈ ਵਾਰਦਾਤਾਂ ਵਿੱਚ ਉਸ ਨੇ ਹਿੱਸਾ ਲਿਆ ਸੀ। ਖਾਸਕਰ ਬੱਬਰ ਅਕਾਲੀ ਅਖਬਰ ਦੇ ਛਾਪਣ ਅਤੇ ਵੰਡਣ ਵਿੱਚ।
 12 ਦਸੰਬਰ, 1923 ਨੂੰ ਪਿੰਡ ਮੰਡੇਰਾਂ ਜ਼ਿਲ੍ਹਾ ਜਲੰਧਰ ਵਿਖੇ ਉਸੇ ਪਿੰਡ ਦੇ ਗੱਦਾਰ ਜਗਤੇ, ਜੋ ਬੱਬਰਾਂ ਦਾ ਸਾਥੀ ਸੀ, ਦੀ ਮੁਖਬਰੀ 'ਤੇ ਪੁਲਿਸ ਅਤੇ ਮਿਲਟਰੀ ਰਸਾਲੇ ਦੇ ਘੇਰੇ ਵਿੱਚ ਆ ਗਿਆ। ਉਸ ਦੇ ਨਾਲ ਇਸ ਘੇਰੇ ਵਿੱਚ ਬੰਤਾ ਸਿੰਘ ਧਾਮੀਆਂ ਅਤੇ ਵਰਿਆਮ ਸਿੰਘ ਧੁੱਗਾ ਸਨ। ਉਨ੍ਹਾਂ ਨੇ ਹਥਿਆਰ ਸੁੱਟ ਕੇ ਗ੍ਰਿਫਤਾਰ ਹੋਣ ਨਾਲੋਂ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਅਤੇ ਮਿਸਤਰੀ ਬੇਅੰਤ ਸਿੰਘ ਦੇ ਚੁਬਾਰੇ ਵਿੱਚ ਡਟ ਗਏ। ਪਿੰਡ ਦੇ ਘਰਾਂ ਦੀਆਂ ਛੱਤਾਂ ਤੋਂ ਪੁਲਿਸ ਵਾਲੇ ਚੁਬਾਰੇ ਵੱਲ ਨੂੰ ਗੋਲੀਆਂ ਚਲਾਉਂਦੇ, ਅੱਗੋਂ ਗੋਲੀ ਦਾ ਜਵਾਬ ਗੋਲੀ ਵਿੱਚ ਮਿਲਦਾ। 
ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਇਸ ਮੁਕਾਬਲੇ ਲਈ ਮਿਲਟਰੀ ਦੇ ਰਸਾਲੇ ਨੂੰ ਵੀ ਬੁਲਾ ਲਿਆ ਸੀ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਖੁਦ ਇਸ ਮੁਕਾਬਲੇ ਦੀ ਨਿਗਰਾਨੀ ਮੌਕੇ 'ਤੇ ਕਰ ਰਹੇ ਸਨ। ਇੱਕ ਘੰਟੇ ਤੱਕ ਮਿਲਟਰੀ ਰਸਾਲੇ ਦੀ ਜ਼ਬਰਦਸਤ ਫਾਇਰਿੰਗ 'ਤੇ ਵੀ ਬੱਬਰ ਅੱਗੋਂ ਗੋਲੀਆਂ ਚਲਾਉਂਦੇ ਰਹੇ। ਪੇਸ਼ ਨਾ ਜਾਂਦੀ ਦੇਖ ਕੇ ਸ਼ਾਮ ਦੇ ਹਨੇਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਕੜਬ ਦੀਆਂ ਭਰੀਆਂ ਦੇ ਢੇਰ ਲਾ ਕੇ ਉੱਪਰ ਮਿੱਟੀ ਦਾ ਤੇਲ ਪਾ ਕੇ ਜੁਬਾਰੇ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਅੱਗ ਲਾ ਦਿੱਤੀ। ਖਿੜਕੀਆਂ ਅਤੇ ਦਰਵਾਜ਼ੇ ਜਲ਼ ਕੇ ਡਿੱਗਣ ਨਾਲ ਰਸਾਲੇ ਵਾਲਿਆਂ ਦੀਆਂ ਗੋਲੀਆਂ ਨਾਲ ਬੱਬਰ ਜੁਆਲਾ ਸਿੰਘ ਅੱਗ ਵਿੱਚ ਡਿੱਗ ਕੇ ਮੌਕੇ 'ਤੇ ਸ਼ਹੀਦ ਹੋ ਗਿਆ। ਬੱਬਰ ਬੰਤਾ ਸਿੰਘ ਵੀ ਜ਼ਖਮੀ ਹੋਇਆ ਅੱਗ ਨਾਲ ਕਾਫੀ ਝੁਲਸ ਕੇ ਤੜਫ ਰਿਹਾ ਸੀ। ਵਰਿਆਮ ਸਿੰਘ ਧੁੱਗਾ ਅੱਗ ਨਾਲ ਕਾਫੀ ਝੁਲਸ ਗਿਆ ਸੀ। ਉਸ ਨੇ ਆਪਣਾ ਕੁੜਤਾ ਅਤੇ ਪੱਗ ਵੀ ਲਾਹ ਕੇ ਅੱਗ ਵਿੱਚ ਸੁੱਟ ਦਿੱਤੀ। ਬੰਤਾ ਸਿੰਘ ਨੇ ਉਸ ਨੂੰ ਕਿਹਾ ਕਿ ਮੇਰੇ ਗੋਲੀ ਮਾਰ ਕੇ ਭੱਜ ਜਾਹ। ਉਸ ਨੇ ਇਸੇ ਤਰ੍ਹਾਂ ਕੀਤਾ ਅਤੇ ਚੁਬਾਰੇ ਤੋਂ ਛਾਲ ਮਾਰ ਕੇ ਇੱਕ ਵਜ਼ੀਰ ਖਾਂ ਨਾਮੀ ਪੁਲਿਸ ਦੇ ਸਿਪਾਹੀ ਦੇ ਗੋਲੀ ਮਾਰ ਕੇ ਬਚ ਕੇ ਨਿੱਕਲ ਗਿਆ ਤੇ ਚਾਰ ਮੀਲ ਤੇ ਬੱਬਰ ਬਚਿੰਤ ਸਿੰਘ ਮਨਿਹਾਸ ਕੋਲ ਨੰਗੇ ਪਿੰਡੇ ਅੱਗ ਵਿੱਚ ਝੁਲਸਿਆ ਪਹੁੰਚ ਗਿਆ। 
ਆਜ਼ਾਦੀ ਮਿਲਣ ਤੋਂ ਬਾਅਦ ਮੰਡੇਰਾਂ ਦੇ ਲੋਕਾਂ ਨੇ ਮਿਸਤਰੀ ਬੇਅੰਤ ਸਿੰਘ ਦੇ ਚੁਬਾਰੇ ਵਾਲੀ ਥਾਂ 'ਤੇ ਇੱਕ ਚੰਗਾ ਗੁਰਦੁਆਰਾ ਬਣਾਇਆ ਹੋਇਆ ਹੈ ਤੇ ਹਰ ਸਾਲ 12 ਦਸੰਬਰ ਵਾਲੇ ਦਿਨ ਸ਼ਹੀਦ ਬੱਬਰਾਂ ਦੀ ਯਾਦ ਮਨਾਉਂਦੇ ਹਨ। ਲੇਖਕ ਖੁਦ ਇਸ ਗੁਰਦੁਆਰੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਇੱਕ ਵਾਰ ਗਿਆ ਸੀ। 

ਬੱਬਰ ਵਰਿਆਮ ਸਿੰਘ ਧੁੱਗਾ

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਬੱਬਰ ਅਕਾਲੀ ਜਥੇ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਸੀ ਅਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਆਪਣੇ ਨਾਂਅ ਨਾਲ ਗੋਤ ਲਿਖਣ ਦੀ ਮਨਾਹੀ ਸੀ। ਇਸੇ ਕਰਕੇ ਤੁਸੀਂ ਪੁਰਾਣੇ ਸਿਆਸੀ ਲੀਡਰਾਂ ਦੇ ਨਾਵਾਂ ਪਿੱਛੇ ਗੋਤ ਦੀ ਬਜਾਏ ਉਨ੍ਹਾਂ ਦੇ ਪਿੰਡਾਂ ਦੇ ਨਾਮ ਮਿਲਦੇ ਹਨ, ਜਿਵੇਂ ਪ੍ਰਤਾਪ ਸਿੰਘ ਕੈਰੋਂ, ਮੋਹਣ ਸਿੰਘ ਤੁੜ, ਜੀਵਨ ਸਿੰਘ ਉਮਰਾਨੰਗਲ ਅਤੇ ਸੋਹਣ ਸਿੰਘ ਜਲਾਲਉਸਮਾ। ਇਸੇ ਤਰ੍ਹਾਂ ਪਿੰਡ ਧੁੱਗਾ ਹੱਦ ਬਸਤ ਨੰ. 187 ਰਕਬਾ 99 ਹੈਕਟੇਅਰ, ਤਹਿਸੀਲ ਹੁਸ਼ਿਆਰਪੁਰ ਦੇ ਬੱਬਰ ਅਕਾਲੀ ਵਰਿਆਮ ਸਿੰਘ ਨੇ ਆਪਣੇ ਨਾਮ ਪਿੱਛੇ ਆਪਣੇ ਪਿੰਡ ਧੁੱਗਾ ਦਾ ਨਾਂਅ ਲਿਖਿਆ ਸੀ। 
ਇਹ ਪਿੰਡ ਹੁਸ਼ਿਆਰਪੁਰ ਤੋਂ ਟਾਂਡਾ ਉੜਮੁੜ ਨੂੰ ਜਾਣ ਵਾਲੀ ਸੜਕ ਤੋਂ ਦੱਖਣ ਦਿਸ਼ਾ ਨੂੰ ਤਿੰਨ ਕੁ ਕਿਲੋਮੀਟਰ ਅਤੇ ਇੰਨਾ ਕੁ ਹੀ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜਾਣ ਵਾਲੀ ਸੜਕ ਤੋਂ ਹੈ। ਬੱਬਰ ਵਰਿਆਮ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਸਰਹਾਲਾ ਕਲਾਂ ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ ਆਪਣੇ ਮਾਮੇ ਸ. ਸੁਹੇਲ ਸਿੰਘ ਪਾਸ ਰਹਿ ਕੇ ਪ੍ਰਾਪਤ ਕੀਤੀ। ਦੁਆਬੇ ਦੇ ਲੋਕਾਂ ਨੂੰ ਜਦੋਂ ਬਾਰ ਵਿੱਚ ਮੁਰੱਬੇ ਮਿਲੇ ਤਾਂ ਉੱਧਰ ਚੱਕ ਨੰਬਰ ਦੇ ਨਾਲ ਆਪਣੇ ਜੱਦੀ ਪਿੰਡਾਂ ਦੇ ਨਾਂਅ ਲਿਖਦੇ ਸਨ। 16-17 ਸਾਲ ਦੀ ਉਮਰ ਵਿੱਚ ਉਹ ਫੌਜ ਵਿੱਚ ਭਰਤੀ ਹੋ ਗਿਆ। 
ਪਿੰਡ ਮੰਡੇਰਾਂ ਦੇ ਪੁਲਿਸ ਮੁਕਾਬਲੇ 'ਚੋਂ ਅੱਧ ਸੜਿਆ ਬੱਬਰ ਬਚ ਕੇ ਬੱਬਰ ਬਚਿੰਤ ਸਿੰਘ ਕੋਲ ਪਿੰਡ ਡਮੁੰਡਾ ਜ਼ਿਲ੍ਹਾ ਜਲੰਧਰ ਪਹੁੰਚਿਆ। ਜਗਤ ਸਿੰਘ ਮੁਖਬਰ ਦੀ ਮਿੱਤਰਤਾ ਪਿੰਡ ਡਮੁੰਡੇ ਦੇ ਝੋਲੀਚੁੱਕ ਚੌਧਰੀਆਂ ਨਾਲ ਸੀ, ਜਿਨ੍ਹਾਂ ਦੀ ਆਦਮਪੁਰ ਥਾਣੇ ਵਿੱਚ ਪੂਰੀ ਚਲਦੀ ਸੀ। ਬੱਬਰ ਬਚਿੰਤ ਸਿੰਘ ਤਿੰਨ ਕੁ ਦਿਨ ਵਰਿਆਮ ਸਿੰਘ ਦਾ ਇਲਾਜ ਆਪਣੇ ਘਰੇ ਕਰਦਾ ਰਿਹਾ ਪਰ ਇੱਕ ਦਿਨ ਗੱਦਾਰ ਜਗਤ ਸਿੰਘ ਹੀ ਉਸ ਦੇ ਘਰ ਆ ਗਿਆ। ਬੱਬਰ ਨੇ ਉਸ ਨੂੰ ਵਿਹੜੇ ਵਿੱਚ ਹੀ ਬਿਠਾ ਕੇ ਗੱਲਾਂ ਬਾਤਾਂ ਕਰਕੇ ਮੋੜ ਦਿੱਤਾ। ਬਚਿੰਤ ਸਿੰਘ ਦੀ ਨਿਗਰਾਨੀ ਲਈ ਪੁਲਸਿ ਦਾ ਇੱਕ ਸਿਪਾਹੀ ਸਫੈਦ ਕੱਪੜਿਆਂ ਵਿੱਚ ਚੌਧਰੀਆਂ ਦੇ ਘਰ ਅੱਗੇ ਥੜ੍ਹੇ 'ਤੇ ਲੋਕਾਂ ਨਾਲ ਤਾਸ਼ ਖੇਡਦਾ ਰਹਿੰਦਾ ਪਰ ਉਸ ਦੀ ਨਿਗਾਹ ਬੱਬਰ ਬਚਿੰਤ ਸਿੰਘ ਦੇ ਘਰ ਵੱਲ ਹੁੰਦੀ। 
ਬੱਬਰ ਵਰਿਆਮ ਸਿੰਘ ਨੂੰ ਬਚਾਉਣ  ਲਈ ਉਹ ਉਸ ਰਾਤ ਉਸ ਨੂੰ ਸਾਈਕਲ 'ਤੇ ਬਿਠਾ ਕੇ ਪਿੰਡ ਦੌਲਤਪੁਰ ਸੁਰੈਣ ਸਿੰਘ ਕੋਲ ਛੱਡ ਆਇਆ। ਸੁਰੈਣ ਸਿੰਘ ਦੌਲਤਪੁਰ ਨੇ 20 ਕੁ ਦਿਨ ਬੱਬਰ ਦਾ ਇਲਾਜ ਅਲਾਵਲਪੁਰ ਦੇ ਡਾਕਟਰ ਸੁਰੈਣ ਸਿੰਘ ਤੋਂ ਕਰਵਾਇਆ। ਉਹ ਠੀਕ ਹੋ ਆਪਣੇ ਮਾਮੇ ਪਾਸ ਲਾਇਲਪੁਰ ਚਲਾ ਗਿਆ। ਬੱਬਰ ਦੀ ਤਲਾਸ਼ ਵਿੱਚ ਪੁਲਿਸ ਨੇ ਦਿਨ ਰਾਤ ਇੱਕ ਕੀਤਾ ਪਿਆ ਸੀ। ਉਸ ਦੇ ਮਾਮੇ ਸੁਹੇਲ ਸਿੰਘ ਨੂੰ ਥਾਣੇ ਬੁਲਾ ਕੇ ਬਿਠਾ ਛੱਡਦੇ ਤੇ ਉਹ ਆਪਣੀ ਫਸਲ ਵੀ ਨਾ ਬੀਜ ਸਕਿਆ। ਉਸ ਨੇ ਆਪਣੇ ਭਾਣਜੇ ਨੂੰ ਕਿਹਾ, ''ਕਾਕਾ ਵਰਿਆਮ ਤੰਗੀ ਦੀ ਤਾਂ ਅੱਤ ਹੋ ਗਈ ਆ, ਕੀ ਕਰੀਏ। ਵਰਿਆਮ ਸਿੰਘ ਨੇ ਕਿਹਾ, ''ਮਾਮਾ ਐਂ ਕਰ, ਤੂੰ ਪੁਲਿਸ ਨੂੰ ਦੱਸ ਆ ਕਿ ਮੈਂ ਪਿੰਡ ਢੈਪਈ ਤੇ ਸਰ ਸ਼ਮੇਰ ਦੇ ਰੇਲਵੇ ਸਟੇਸ਼ਨ ਦੇ ਲਾਗੇ ਕਣਕ ਦੀ ਖਲ਼ੀ ਵਿੱਚ ਹੋਵਾਂਗਾ, ਮੈਨੂੰ ਫੜ ਲੈਣ। ਇਸ ਤਰ੍ਹਾਂ ਤੇਰਾ ਛੁਟਕਾਰਾ ਹੋ ਜਾਊ।'' ਸੁਹੇਲ ਸਿੰਘ ਨੇ ਠੀਕਰੀਵਾਲ ਥਾਣੇ ਘਨੱਈਆ ਸਿੰਘ ਨੂੰ ਖਬਰ ਕਰ ਦਿੱਤੀ। ਥਾਣੇਦਾਰ ਨੇ ਇਲਾਕੇ ਦੇ ਸਭ ਜ਼ੈਲਦਾਰ, ਨੰਬਰਦਾਰ ਤੇ ਪੁਲਿਸ ਫੋਰਸ ਲੈ ਕੇ ਛਾਪਾ ਮਾਰਿਆ। 
ਸੁਹੇਲ ਸਿੰਘ ਨੇ ਅੱਧ ਕੁ ਮੀਲ ਤੋਂ ਹੀ ਥਾਣੇਦਾਰ ਨੂੰ ਕਿਹਾ ਕਿ ਔਹ ਖੜ੍ਹਾ ਏ ਵਰਿਆਮ ਸਿੰਘ। ਥਾਣੇਦਾਰ ਨੇ ਚਾਰੇ ਪਾਸਿਆਂ ਤੋਂ ਧਾੜ ਨੂੰ ਅੱਗੇ ਵਧਣ ਲਈ ਗਿਆ। ਦੇਖ ਕੇ ਬੱਬਰ ਨੇ ਸਾਰੇ ਪਾਸੀਂ ਪੱਕੀ ਰਫਲ ਦੀ ਇੱਕ-ਇੱਕ ਗੋਲੀ ਹੀ ਚਲਾਈ ਕਿ ਮੰਗਵੀਂ ਧਾੜ ਪੂਛਾਂ ਦਬਾ ਕੇ ਭੱਜ ਗਈ। ਇੱਕ ਸਿੱਖ ਸਿਪਾਹੀ ਅੱਗੇ ਵਧਣੋਂ ਨਾ ਹਟਿਆ ਤਾਂ ਬੱਬਰ ਨੇ ਉਸ ਨੂੰ ਕਿਹਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਤੈਨੂੰ ਆਖਦਾ ਹਾਂ ਕਿ ਮੁੜ ਜਾਹ। ਪਰ ਉਹ ਨਾ ਮੁੜਿਆ ਤਾਂ ਬੱਬਰ ਨੇ ਇੱਕ ਗੋਲੀ ਨਾਲ ਉਸ ਨੂੰ ਢੇਰੀ ਕਰ ਦਿੱਤਾ। ਥਾਣੇਦਾਰ ਘਨਈਆ ਸਿੰਘ ਨੂੰ ਇਸ ਅਸਫਲਤਾ ਲਈ ਸੁਪਰਡੈਂਟ ਪੁਲਿਸ ਡੀਗਾਲ ਨੇ ਸਸਪੈਂਡ ਕਰ ਦਿੱਤਾ। 
ਬਾਰ 'ਚੋਂ ਦੁਆਬੇ ਵਿੱਚ ਆ ਕੇ ਵਰਿਆਮ ਸਿੰਘ ਨੇ ਦੋਬਾਰਾ ਬੱਬਰ ਜਥਾ ਕਾਇਮ ਕਰਨ ਲਈ ਨਵੇਂ ਸਾਥੀ ਆਪਣੇ ਨਾਲ ਜੋੜ ਕੇ ਬੱਬਰਾਂ ਨੂੰ ਸ਼ਹੀਦ ਕਰਵਾਉਣ ਜਾਂ ਗ੍ਰਿਫਤਾਰ ਕਰਵਾ ਕੇ ਸਰਕਾਰ ਵਲੋਂ ਇਨਾਮ ਲੈਣ ਵਾਲਿਆਂ ਤੋਂ ਬਦਲਾ ਲੈਣ ਦਾ ਸੋਚਿਆ। ਫਰਵਰੀ 1924 ਵਿੱਚ ਆਪਣੇ ਮਿੱਤਰ ਸੁਰੈਣ ਸਿੰਘ ਦੌਲਤਪੁਰ ਕੋਲ ਆਇਆ। ਭਾਨ ਸਿੰਘ ਰੰਧਾਵਾ ਮਸੰਦਾਂ, ਲਾਭ ਸਿੰਘ ਸੁਰਾਨੁਸੀ, ਧੰਨਾ ਸਿੰਘ (ਵਾਇਦਾ ਮੁਆਫ) ਅਤੇ ਊਧਮ ਸਿੰਘ ਨੇ ਬੋਗਪੁਰ ਰੇਲਵੇ ਸਟੇਸ਼ਨ ਲਾਗੇ ਇੱਕ ਮੀਟਿੰਗ ਕੀਤੀ ਤੇ ਫੈਸਲਾ ਕੀਤਾ ਕਿ ਪਿੰਡ ਸਗਰਾਂਵਾਲੀ ਦੇ ਨੰਬਰਦਾਰ ਜਵਾਹਰਾ ਦਾ ਸੁਧਾਰ ਕੀਤਾ ਜਾਵੇ ਕਿਉਂਕਿ ਉਹ ਪੁਲਿਸ ਨਾਲ ਮਿਲ ਕੇ ਕਾਲੀਆਂ ਪੱਗਾਂ ਬੰਨ੍ਹਣ ਵਾਲੇ ਸ਼ਰੀਫ ਅਕਾਲੀਆਂ ਨੂੰ ਭੋਗਪੁਰ ਪੁਲਿਸ ਚੌਕੀ ਸਦਵਾ ਕੇ ਉਨ੍ਹਾਂ ਦੀ ਖਾਹ-ਮਖਾਹ ਬੇਇੱਜ਼ਤੀ ਕਰਵਾ ਦਿੰਦਾ ਸੀ। 
ਸੋ, ਉਨ੍ਹਾਂ ਨੇ ਰਾਤ ਨੂੰ ਜਵਾਹਰੇ ਦਾ ਘਰ ਜਾ ਘੇਰਿਆ ਪਰ ਉਹ ਘਰ ਨਹੀਂ ਸੀ। ਉਸ ਦੀ ਘਰਵਾਲੀ ਅਤੇ ਦੋ ਬੱਚੇ ਘਰ ਸਨ। ਘਰਵਾਲੀ ਲੱਗੀ ਮਿੰਨਤਾਂ-ਤਰਲੇ ਕਰਨ ਕਿ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਕੁਝ ਨਾ ਕਹੋ। ਉਹ ਨੰਬਰਦਾਰ ਨਾਲ ਜੋ ਕਰਨਾ ਹੈ ਸੋ ਕਰੋ। ਉਸ ਨੇ ਘਰ ਪਈ ਨਕਦੀ ਅਤੇ ਗਹਿਣੇ ਬੱਬਰਾਂ ਅੱਗੇ ਰੱਖ ਦਿੱਤੀਆਂ ਕਿ ਇਹ ਲੈ ਜਾਵੋ। ਬੱਬਰ ਵਰਿਆਮ ਸਿੰਘ ਨੇ ਕੋਠੇ 'ਤੇ ਚੜ੍ਹ ਕੇ ਉੱਚੀ ਅਵਾਜ਼ ਵਿੱਚ ਪਿੰਡ ਵਾਲਿਆਂ ਨੂੰ ਸੁਣਾਇਆ ਕਿ ਮੈਂ ਵਰਿਆਮ ਸਿੰਘ ਧੁੱਗਾ ਹਾਂ। ਅਸੀਂ ਜਵਾਹਰੇ ਨੂੰ ਮੁਰੱਬੇ ਇਨਾਮ ਦੇਣ ਲਈ ਆਏ ਸੀ ਪਰ ਰੱਬ ਨੇ ਉਸ ਨੂੰ ਕੁਝ ਚਿਰ ਹੋਰ ਦੇ ਦਿੱਤਾ ਹੈ, ਜੋ ਉਹ ਅਜੇ ਨਹੀਂ ਮਿਲਿਆ। ਅਸੀਂ ਫੇਰ ਕਦੇ ਆਵਾਂਗੇ। ਦੁਆਬੇ ਵਿੱਚ ਪੁਲਿਸ ਅਤੇ ਅਫਸਰ ਫੇਰ ਚੌਕੰਨੇ ਹੋ ਗਏ।
ਅਗਲੇ ਦਿਨ ਉਨ੍ਹਾਂ ਨੇ ਧੁੱਗਾ ਲਾਗੇ ਦੇ ਪਿੰਡ ਸ਼ੇਰਪੁਰ ਪੱਕਾ ਵਿਖੇ ਝੋਲੀਚੁੱਕ ਅਨੰਤਰਾਮ ਦੇ ਘਰ ਛਾਪਾ ਮਾਰਿਆ ਪਰ ਉਹ ਪਿੰਡ ਛੱਡ ਕੇ ਬਗੈਰ ਕਿਸੇ ਨੂੰ ਦੱਸੇ ਪਰਿਵਾਰ ਸਮੇਤ ਕਿਤੇ ਚਲਾ ਗਿਆ ਸੀ। ਦੁਆਬੇ ਵਿੱਚ ਤਰਥੱਲੀ ਮਚਾ ਕੇ ਬੱਬਰ ਫੇਰ ਬਾਰ ਨੂੰ ਚਲਿਆ ਗਿਆ ਅਤੇ ਉੱਧਰ ਵੀ ਬੱਬਰ ਜਥਾ ਕਾਇਮ ਕੀਤਾ। ਰਲ਼ਾ ਸਿੰਘ ਮਾਣਕੋ ਡ੍ਰਿਜਕੋਟ ਦੇ ਘਰ ਰਲ਼ਾ ਸਿੰਘ, ਈਸ਼ਰ ਸਿੰਘ ਮਾਣਕੋ, ਬੰਤਾ ਸਿੰਘ, ਨੌਰੰਗ ਸਿੰਘ ਗੁਰੂਸਰ, ਸੁੰਦਰ ਸਿੰਘ ਲੋਹਕੇ, ਗੁੱਜਰ ਸਿੰਘ ਢੈਪਈ, ਮੁਕੰਦ ਸਿੰਘ ਜਵੰਦੀ ਅਤੇ ਨਿੱਕਾ ਸਿੰਘ ਨੇ ਇਕੱਠੇ ਹੋ ਕੇ ਚੱਕ ਨੰ. 96 ਦੇ ਨੰਬਰਦਾਰ ਮੋਹਣ ਸਿੰਘ ਨੂੰ ਸੋਧਣ ਲਈ ਚੱਲ ਪਏ। ਉਸ ਦੇ ਹਾਤੇ ਦੁਆਲੇ ਉੱਚੀ ਕੰਧ ਸੀ। ਵਰਿਆਮ ਸਿੰਘ ਨੇ ਕੰਧ 'ਤੇ ਚੜ੍ਹ ਕੇ ਵਿਹੜੇ ਵਿੱਚ ਛਾਲ ਮਾਰੀ ਤਾਂ ਅਵਾਜ਼ ਸੁਣ ਕੇ ਮੋਹਣ ਸਿੰਘ ਨੇ ਵਰਿਆਮ ਸਿੰਘ ਜੱਫਾ ਪਾ ਕੇ ਹੇਠਾਂ ਸੁੱਟ ਲਿਆ। ਵਰਿਆਮ ਸਿੰਘ ਨੇ ਹੇਠੋਂ ਪਏ ਨੇ ਉਸ ਦੇ ਢਿੱਡ ਵਿੱਚ ਰਿਵਾਲਵਰ ਦੀ ਇੱਕ ਗੋਲੀ ਮਾਰ ਕੇ ਉਸ ਨੂੰ ਢੇਰੀ ਕਰ ਦਿੱਤਾ। ਗੋਲੀ ਦੀ ਅਵਾਜ਼ ਸੁਣ ਕੇ ਮੋਹਣ ਸਿੰਘ ਦਾ ਲੜਕਾ ਅਤੇ ਭਤੀਜਾ ਜਦੋਂ ਬੱਬਰ ਵੱਲ ਵਧੇ ਤਾਂ ਉਨ੍ਹਾਂ ਦੇ ਵੀ ਛਾਤੀ ਵਿੱਚ ਇੱਕ ਇੱਕ ਗੋਲੀ ਮਾਰੀ। 
ਬਾਹਰ ਪਿੰਡ ਵਾਲੇ ਵੀ ਇਕੱਠੇ ਹੋ ਗਏ। ਬੱਬਰ ਨੇ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਕੋਈ ਡਾਕੂ ਨਹੀਂ। ਅਸੀਂ ਦੇਸ਼ ਭਗਤ ਬੱਬਰ ਅਕਾਲੀ ਹਾਂ। ਮੋਹਣ ਸਿੰਘ ਵਰਗੇ ਅੰਗਰੇਜ਼ ਸਰਕਾਰ ਦੇ ਝੋਲੀਚੁੱਕਾਂ ਦਾ ਸੁਧਾਰ ਕਰਦੇ ਹਾਂ। ਪਿੰਡ ਵਾਲਾ ਤਾਂ ਕੋਈ ਅੱਗੇ ਨਾ ਆਇਆ ਪਰ ਮੋਹਣ ਸਿੰਘ ਦਾ ਨੌਕਰ ਖੇਤਾਂ ਵਲੋਂ ਆ ਕੇ ਕਹੀ ਲੈ ਕੇ ਬੱਬਰ ਵੱਲ ਨੂੰ ਕਹੀ ਉਲਾਰ ਕੇ ਪਿਆ ਤਾਂ ਬੱਬਰ ਨੇ ਉਸ ਦੇ ਵੀ ਗੋਲੀ ਮਾਰ ਕੇ ਢੇਰੀ ਕਰ ਦਿੱਤਾ। ਸਵੇਰ ਨੂੰ ਚਾਰ ਲਾਸ਼ਾਂ ਗੱਡਿਆਂ 'ਤੇ ਪਾ ਕੇ ਜੜਾਂਵਾਲੇ ਤੋਂ ਲਾਇਲਪੁਰ ਨੂੰ ਜਾਂਦੀ ਸੜਕ 'ਤੇ ਲੋਕਾਂ ਦੀ ਭੀੜ ਨੇ ਦੇਖੇ। ਪੁਲਿਸ ਫਿਕਰਾਂ ਵਿੱਚ ਪੈ ਗਈ। ਦੁਆਬੇ ਵਿੱਚੋਂ ਸੀ. ਆਈ. ਡੀ. ਇੰਸਪੈਕਟਰ ਲਾਲਾ ਬੂਟਾ ਰਾਮ ਨੂੰ ਲਾਇਲਪੁਰ ਦੇ ਪੁਲਿਸ ਕਪਤਾਨ ਪਾਸ ਭੇਜਿਆ ਗਿਆ। ਉਸ ਨੇ ਜੜਾਂਵਾਲੇ ਥਾਣੇ ਡੇਰੇ ਲਾ ਲਏ ਅਤੇ ਬੱਬਰ ਵਰਿਆਮ ਸਿੰਘ ਬਾਰੇ ਸੂਹਾਂ ਕੱਢਣ ਲੱਗਾ। ਉਸ ਨੇ ਲਾਲਾ ਸਾਹਿਬ ਦਿੱਤਾ ਆੜ੍ਹਤੀਏ ਰਾਹੀਂ ਰਲ਼ਾ ਸਿੰਘ ਨਾਲ ਸੰਪਰਕ ਬਣਾਇਆ ਅਤੇ ਬੱਬਰ ਵਰਿਆਮ ਸਿੰਘ ਦੀ ਗ੍ਰਿਫਤਾਰੀ ਲਈ ਸਰਕਾਰ ਵਲੋਂ 2 ਮੁਰੱਬੇ ਜ਼ਮੀਨ ਅਤੇ ਤਿੰਨ ਹਜ਼ਾਰ ਰੁਪਏ ਨਕਦ ਦੇਣ ਦਾ ਐਲਾਨ ਵੀ ਦੱਸਿਆ। ਆੜ੍ਹਤੀਏ ਸਾਹਿਬ ਦਿੱਤਾ ਨੇ ਰਲ਼ਾ ਸਿੰਘ ਨੂੰ ਭਰਮਾ ਲਿਆ ਕਿ ਆਪਾਂ ਇਨਾਮ ਅੱਧੋ-ਅੱਧ ਕਰ ਲਵਾਂਗੇ, ਤੂੰ ਵਰਿਆਮ ਸਿੰਘ ਨੂੰ ਗ੍ਰਿਫਤਾਰ ਕਰਵਾ ਦੇ। 
ਵਰਿਆਮ ਸਿੰਘ ਦੀ ਰਲ਼ਾ ਸਿੰਘ ਨਾਲ ਰਿਸ਼ਤੇਦਾਰੀ ਸੀ। ਰਲ਼ਾ ਸਿੰਘ ਦੀ ਲੜਕੀ ਪਿੰਡ ਢੇਸੀਆਂ ਦੇ ਮੰਗਲ ਸਿੰਘ ਦੇ ਲੜਕੇ ਨਾਲ ਵਿਆਹੀ ਹੋਈ ਸੀ। ਮੰਗਲ ਸਿੰਘ ਦੀ ਰਿਹਾਇਸ਼ ਮੁਰੱਬੇ ਵਿੱਚ ਹੀ ਸੀ, ਜਿਸ ਨੂੰ ਲੋਕੀਂ ਡੇਰਾ ਮੰਗਲ ਸਿੰਘ ਆਖਦੇ ਸਨ। ਇੱਕ ਦਿਨ ਰਲ਼ਾ ਸਿੰਘ ਨੇ ਸੀ. ਆਈ. ਡੀ. ਇੰਸਪੈਕਟਰ ਬੂਟਾ ਰਾਮ ਨੂੰ ਦੱਸਿਆ ਕਿ ਬੱਬਰ ਵਰਿਆਮ ਸਿੰਘ, ਮੰਗਲ ਸਿੰਘ ਦੇ ਡੇਰੇ ਠਹਿਰਿਆ ਹੋਇਆ ਹੈ। ਬੂਟਾ ਰਾਮ ਨੇ ਪੁਲਿਸ ਕਪਤਾਨ ਡ੍ਰੀਗੀਲ ਨੂੰ ਤਾਰ ਭੇਜੀ ਕਿ ਤੁਰੰਤ ਜੜ੍ਹਾਂਵਾਲੇ ਥਾਣੇ ਪਹੁੰਚ ਜਾਵੇ ਅਤੇ ਉਹ ਤਿੰਨ ਵਜੇ ਹੀ ਪਹੁੰਚ ਗਿਆ। ਮੰਗਲ ਸਿੰਘ ਦੇ ਡੇਰੇ ਰਲ਼ਾ ਸਿੰਘ ਨੇ ਬੱਬਰ ਨੂੰ ਗੱਲੀਂ-ਬਾਤੀਂ ਲਾ ਲਿਆ। ਖਾਣਾ ਖਾਧਾ ਅਤੇ ਬੱਬਰ ਨੂੰ ਕਿਹਾ ਕਿ ਤੂੰ ਅਰਾਮ ਕਰ ਆਪਣੀ ਬੰਦੂਕ ਮੰਗਲ ਸਿੰਘ ਨੂੰ ਫੜਾ ਦੇ ਤਾਂ ਕਿ ਉਹ ਬਾਹਰ ਪਹਿਰਾ ਦੇਵੇ ਅਤੇ ਆਪਣਾ ਰਿਵਾਲਵਰ ਮੈਨੂੰ ਫੜਾ ਦੇ। ਜੇ ਤੈਨੂੰ ਨੀਂਦ ਆ ਗਈ ਤਾਂ ਮੈਂ ਤੇਰੇ ਪਹਿਰੇ 'ਤੇ ਖੜ੍ਹਾ ਰਹਾਂਗਾ। 
ਦੇਖੋ ਹੋਣੀ ਦੇ ਕਾਰੇ, ਜਿਹੜੇ ਹਥਿਆਰਾਂ ਸਮੇਤ ਬੱਬਰ ਅੱਧ ਸੜਿਆ ਨੰਗੇ ਧੜ ਮੰਡੇਰਾਂ ਪੁਲਿਸ ਮੁਕਾਬਲੇ 'ਚੋਂ ਬਚ ਨਿੱਕਲਿਆ ਸੀ, ਉਹੀ ਹਥਿਆਰ ਉਸ ਨੇ ਮੀਸਣੇ ਗਦਾਰਾਂ ਨੂੰ ਆਪ ਹੀ ਫੜਾ ਦਿੱਤੇ। ਉਹ ਇੱਕ ਤਿੰਨ ਫੁੱਟੀ ਕ੍ਰਿਪਾਨ ਹਿੱਕ ਨਾਲ ਲਾ ਕੇ ਸੌਂ ਗਿਆ। ਪੁਲਿਸ ਦੀ ਭਾਰੀ ਫੋਰਸ ਲੈ ਕੇ ਪੁਲਿਸ ਕਪਤਾਨ ਡ੍ਰੀਗਾਲ ਨੇ ਡੇਰਾ ਮੰਗਲ ਸਿੰਘ ਨੂੰ ਆ ਘੇਰਿਆ। ਬੱਬਰ ਵੀ ਘੋੜਿਆਂ ਦੀ ਅਵਾਜ਼ ਸੁਣ ਕੇ ਕ੍ਰਿਪਾਨ ਧੂਹ ਕੇ ਬਾਹਰ ਨੂੰ ਦੌੜਿਆ। ਉਸ ਨੇ ਪੁਲਿਸ ਕਪਤਾਨ ਨੂੰ ਘੋੜੇ ਚੜ੍ਹੇ ਦੀ ਬਾਂਹ 'ਤੇ ਕ੍ਰਿਪਾਨ ਨਾਲ ਵਾਰ ਕਰਕੇ ਬਾਂਹ ਵੱਢ ਦਿੱਤੀ ਅਤੇ ਕਪਤਾਨ ਨੂੰ ਘੋੜੇ ਤੋਂ ਹੇਠਾਂ ਧੂਹ ਲਿਆ। ਅਜੇ ਉਹ ਉਸ ਦੀ ਗਰਦਨ 'ਤੇ ਕ੍ਰਿਪਾਨ ਨਾਲ ਵਾਰ ਕਰਨ ਲੱਗਾ ਸੀ ਕਿ ਸਾਹਿਬ ਦਿੱਤਾ ਨੇ ਉਸ ਨੂੰ ਪਿੱਛੋਂ ਜੱਫਾ ਪਾ ਲਿਆ। ਜਦੋਂ ਨੂੰ ਇੰਸਪੈਕਟਰ ਬੂਟਾ ਰਾਮ ਨੇ ਬੱਬਰ ਦੇ ਸਿਰ ਵਿੱਚ ਤਿੰਨ ਗੋਲੀਆਂ ਮਾਰ ਕੇ ਉਸ ਨੂੰ ਸਵਰਗ ਪਹੁੰਚਾ ਦਿੱਤਾ। 
ਰਲ਼ਾ ਸਿੰਘ ਗੱਦਾਰ ਭਾਵੇਂ 96 ਚੱਕ ਵਾਲੇ ਚਾਰ ਕਤਲਾਂ ਵਿੱਚ ਸ਼ਾਮਲ ਸੀ ਪਰ ਉਹ ਵਾਅਦਾ ਮੁਆਫ ਬਣ ਕੇ ਬਚ ਗਿਆ। ਪਰ ਹੋਰ ਪੰਜ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ ਕਿ ਉਹ ਇਨ੍ਹਾਂ ਕਤਲਾਂ ਵਿੱਚ ਸ਼ਾਮਲ ਸਨ। ਰਲ਼ਾ ਸਿੰਘ ਨੂੰ ਇੱਕ ਮੁਰੱਬਾ ਮਿਲਿਆ ਜੋ ਪਾਕਿਸਤਾਨ ਬਣਨ ਤੋਂ ਬਾਅਦ ਉਸ ਨੇ ਭੋਗਪੁਰ ਲਾਗਲੇ ਪਿੰਡ ਬਹਿਰਾਮ ਵਿੱਚ ਮਿਲਿਆ ਅਤੇ ਸਾਹਿਬ ਦਿੱਤਾ ਨੂੰ ਦੋ ਮੁਰੱਬਿਆਂ ਦੀ ਜ਼ਮੀਨ ਕਿੱਥੇ ਅਲਾਟ ਹੋਈ, ਬਾਰੇ ਪਤਾ ਨਹੀਂ ਲੱਗ ਸਕਿਆ। ਮਿਸਟਰ ਡ੍ਰੀਗਾਲ ਨੂੰ ਵੀ ਬਤੌਰ ਗਵਾਹ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪਹਿਲੇ ਬੱਬਰ ਕੰਸਪਾਇਰੇਸੀ ਕੇਸ ਵਾਲੇ ਸਾਰੇ ਬੱਬਰ ਵੀ ਹਾਜ਼ਰ ਸਨ। 
ਡ੍ਰੀਗਾਲ ਦੀ ਬਾਂਹ ਦਾ ਟੁੰਡ ਦੇਖ ਕੇ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਮਖੌਲ ਕੀਤਾ ਤੇ ਕਿਹਾ ਕਿ ਸਾਬ੍ਹ ਇੰਗਲੈਂਡ ਜਾ ਕੇ ਲੋਕਾਂ ਨੂੰ ਦੱਸ ਦੇਣਾ ਕਿ ਘੇਰੇ ਵਿੱਚ ਆ ਕੇ ਵੀ ਬੱਬਰ ਕਿਸ ਤਰ੍ਹਾਂ ਝਪਟਦੇ ਹਨ ਅਤੇ ਉਨ੍ਹਾਂ ਦੀ ਦਿੱਤੀ ਨਿਸ਼ਾਨੀ ਟੁੰਡ ਲੋਕਾਂ ਨੂੰ ਦਿਖਾਇਆ ਕਰੀਂ। ਬੱਬਰ ਮਿਲਖਾ ਸਿੰਘ ਨਿੱਝਰ, ਜੋ ਉਸ ਸਮੇਂ ਨਬਾਲਗ ਹੀ ਸੀ ਪਰ ਅਦਾਲਤ ਵਿੱਚ ਹਾਜ਼ਰ ਸੀ, ਨੇ ਇਹ ਲਿਖਿਆ ਹੈ ਆਪਣੀ ਪੁਸਤਕ ''ਬੱਬਰ ਅਕਾਲੀ ਲਹਿਰ ਦਾ ਇਤਿਹਾਸ'' ਪੰਨਾ 353 'ਤੇ। 

ਬੱਬਰ ਹਰਬੰਸ ਸਿੰਘ ਸਰਹਾਲਾ ਖੁਰਦ

- ਵਾਸਦੇਵ ਸਿੰਘ ਪਰਹਾਰ
ਫੋਨ 206-434-1153
ਬੱਬਰ ਹਰਬੰਸ ਸਿੰਘ ਦਾ ਜਨਮ ਪਿੰਡ ਸਰਹਾਲਾ ਖੁਰਦ ਵਿਖੇ ਸ. ਖੇਮ ਸਿੰਘ ਬੈਂਸ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਸੀ। ਇਸ ਪਿੰਡ ਦੀ ਹੱਦ ਬਸਤ ਨੰਬਰ 59 ਅਤੇ ਰਕਬਾ 350 ਹੈਕਟੇਅਰ ਹੈ। ਸਾਰਾ ਪਿੰਡ ਬੈਂਸ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਹੈ। ਇਹ ਥਾਣਾ ਮਾਹਲਪੁਰ ਤੋਂ ਚਾਰ ਕੁ ਮੀਲ ਪੱਛਮ ਵੱਲ ਸਥਿਤ ਹੈ। 
ਬੱਬਰ ਪੜ੍ਹਿਆ-ਲਿਖਿਆ ਅਤੇ ਗੁਰਬਾਣੀ ਦਾ ਚੰਗਾ ਕਥਾਵਾਚਕ ਸੀ। ਗੁਰੂ ਕੇ ਬਾਗ ਦੇ ਮੋਰਚੇ ਵਿੱਚ ਇਹ ਇਲਾਕੇ ਦੇ ਸਿੰਘਾਂ ਦਾ ਜਥਾ ਲੈ ਕੇ ਗਿਆ ਸੀ, ਜਿੱਥੇ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ। ਉਹ ਪਿੰਡ ਦੀ ਸੱਥ ਵਿੱਚ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਵਿਰੁੱਧ ਪ੍ਰਚਾਰ ਕਰਿਆ ਕਰਦਾ ਅਤੇ ਪਿੰਡ ਦੇ ਝੋਲੀਚੁੱਕਾਂ ਅਤੇ ਨੰਬਰਦਾਰਾਂ ਨੂੰ ਚੰਗੀਆਂ ਟਕੋਰਾਂ ਲਾਉਂਦਾ ਹੁੰਦਾ ਸੀ, ਜਿਸ ਕਰਕੇ ਉਹ ਉਨ੍ਹਾਂ ਦੀਆਂ ਅੱਖਾਂ ਵਿੱਚ ਰੜਕਦਾ ਸੀ। ਵਾਅਦਾ ਮੁਆਫ ਸੰਤ ਕਰਤਾਰ ਸਿੰਘ ਨੇ ਪਹਿਲੇ ਕੰਪਾਇਰੇਸੀ ਕੇਸ ਵਿੱਚ ਉਸ ਵਿਰੁੱਧ ਗਵਾਹੀ ਦਿੱਤੀ ਸੀ ਕਿ ਉਹ ਅਕਾਲੀਆਂ ਦੇ ਦੀਵਾਨ ਵਿੱਚ ਪਿੰਡ ਬੁਹਾਲੀ ਵਿਖੇ ਹਾਜ਼ਰ ਸੀ ਤੇ ਉੱਥੋਂ ਬੱਬਰ ਕਿਸ਼ਨ ਸਿੰਘ ਗੜਗੱਜ ਦੇ ਨਾਲ ਮੇਰੀ ਕੁਟੀਆ ਪਿੰਡ ਪਰਾਗਪੁਰ ਵਿਖੇ ਆਇਆ ਸੀ। 
ਪਹਿਲੇ ਬੱਬਰ ਕੰਪਾਇਰੇਸੀ ਕੇਸ ਵਿੱਚੋਂ ਬਰੀ ਹੋਣ ਵਾਲਿਆਂ ਵਿੱਚੋਂ ਉਹ ਵੀ ਇੱਕ ਸੀ। ਇਸ ਕੇਸ ਦਾ ਜੱਜ ਮਿਸਟਰ ਜੇ. ਕੇ. ਐਮ. ਟੱਪ, ਐਡੀਸ਼ਨ ਸੈਸ਼ਨ ਜੱਜ ਲਾਹੌਰ, ਆਇਰਲੈਂਡ ਦਾ ਬਸ਼ਿੰਦਾ ਸੀ, ਜੋ ਆਜ਼ਾਦੀ ਸੰਘਰਸ਼ ਕਰਨ ਵਾਲਿਆਂ ਨਾਲ ਦਿਲੋਂ ਹਮਦਰਦੀ ਰੱਖਦਾ ਸੀ। ਜਿਉਂਦੇ ਰਹੇ ਬੱਬਰਾਂ ਨੇ ਬੱਬਰ ਮਿਲਖਾ ਸਿੰਘ ਨਿੱਝਰ ਨੂੰ ਦੱਸਿਆ ਸੀ ਕਿ ਉਸ ਦੀ ਨਰਮੀ ਕਾਰਨ ਹੀ ਉਸ ਨੇ ਬੱਬਰਾਂ ਨੂੰ ਜ਼ਿਆਦਾ ਸਖਤ ਸਜ਼ਾਵਾਂ ਨਾ ਦਿੱਤੀਆਂ। ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ 90 ਵਿੱਚੋਂ ਅੱਧਿਆਂ ਨੂੰ ਫਾਂਸੀ ਹੋਣੀ ਸੀ। 
28 ਫਰਵਰੀ, 1925 ਨੂੰ ਪਹਿਲੇ ਬੱਬਰ ਕੰਸਪਾਇਰੇਸੀ ਕੇਸ ਵਿੱਚੋਂ ਬਰੀ ਹੋ ਕੇ ਬੱਬਰ ਹਰਬੰਸ ਸਿੰਘ ਆਨੰਦਪੁਰ ਸਾਹਿਬ ਚਲੇ ਗਿਆ। ਉਸ ਸਮੇਂ ਸੰਤ ਹਰੀ ਸਿੰਘ ਕਹਾਰਪੁਰ ਵਾਲੇ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੀ ਨਵੇਂ ਸਿਰੇ ਤੋਂ ਉਸਾਰੀ ਕਰਵਾ ਰਹੇ ਸਨ। ਨੀਹਾਂ ਦੀ ਪੁਟਾਈ ਖਤਮ ਹੋਣ ਤੇ ਸੰਤ ਮਹਾਂਪੁਰਖਾਂ ਨੇ ਹੁਕਮ ਕੀਤਾ ਕਿ ਜਿੰਨੀ ਵੀ ਮਾਇਆ ਨਕਦ ਇਕੱਠੀ ਹੋਈ ਹੈ, ਉਹ ਸਾਰੀ ਨੀਹਾਂ ਵਿੱਚ ਖਲਾਰ ਦਿੱਤੀ ਜਾਵੇ। ਸੇਵਕਾਂ ਨੇ ਕਿਹਾ ਕਿ ਅੱਗੋਂ ਇੱਟਾਂ, ਸੀਮੈਂਟ, ਸਰੀਆ ਅਤੇ ਹੋਰ ਸਮੱਗਰੀ ਕਾਹਦੇ ਨਾਲ ਖਰੀਦਾਂਗੇ। ਉਸ ਸਮੇਂ ਚਾਂਦੀ ਦੇ ਰੁਪਏ ਅਤੇ ਅਠਿਆਨੀਆਂ, ਚੁਆਨੀਆਂ ਦੇ ਸਿੱਕੇ ਚਲਦੇ ਸਨ। ਸੰਤਾਂ ਨੇ ਕਿਹਾ ਹੋਰ ਮਾਇਆ ਦਾ ਪ੍ਰਬੰਧ ਕਲਗੀਆਂ ਵਾਲੇ ਦੀ ਕ੍ਰਿਪਾ ਨਾਲ ਆਪੇ ਹੋ ਜਾਵੇਗਾ। 
ਬੱਬਰ ਹਰਬੰਸ ਸਿੰਘ ਉਸ ਸਮੇਂ ਇਸ ਉਸਾਰੀ ਦੇ ਪ੍ਰਬੰਧ ਵਿੱਚ ਸੰਤਾਂ ਦੇ ਸਹਾਇਕ ਦੇ ਤੌਰ 'ਤੇ ਕੰਮ ਕਰਦੇ ਰਹੇ। ਫੇਰ ਉਹ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਸੈਕਟਰੀ ਲੱਗ ਗਏ। ਬੱਬਰ ਮਾਸਟਰ ਉਜਾਗਰ ਸਿੰਘ ਵੀ ਉਸਦੇ ਨਾਲ ਸਹਾਇਕ ਸੈਕਟਰੀ ਲੱਗ ਗਿਆ। ਉਹ ਵੀ ਬੱਬਰਾਂ ਨੂੰ ਫੜਾ ਕੇ ਇਨਾਮ ਲੈਣ ਵਾਲਿਆਂ ਤੋਂ ਬਦਲੇ ਲੈਣ ਲਈ ਉਤਾਵਲਾ ਸੀ। ਸੰਨ 1939 ਈ. ਦੇ ਸ਼ੁਰੂ ਵਿੱਚ ਇਨ੍ਹਾਂ ਨੇ ਪੁਰਾਣੇ ਬੱਬਰਾਂ ਦੀ ਇੱਕ ਮੀਟਿੰਗ ਗੁਰਦੁਆਰਾ ਸਿੰਘ ਸਭਾ ਹੁਸ਼ਿਆਰਪੁਰ ਵਿਖੇ ਬੁਲਾਈ, ਜਿਸ ਵਿੱਚ ਇਨ੍ਹਾਂ ਦੋਹਾਂ ਤੋਂ ਇਲਾਵਾ ਬੱਬਰ ਪਿਆਰਾ ਸਿੰਘ ਧਾਮੀਆਂ, ਬੱਬਰ ਬਚਿੰਤ ਸਿੰਘ ਡਮੁੰਡਾ, ਬੱਬਰ ਬੂਟਾ ਸਿੰਘ ਪੰਡੋਰੀ ਨਿੱਝਰਾਂ ਅਤੇ ਬੱਬਰ ਬੋਲਾ ਸਿੰਘ ਕਾਠੇ ਅਧਿਕਾਰੇ ਹਾਜ਼ਰ ਹੋਏ। ਦੇਰ ਰਾਤ ਤੱਕ ਮੀਟਿੰਗ ਚਲਦੀ ਰਹੀ। ਗਿਆਨੀ ਹਰਬੰਸ ਸਿੰਘ ਨੇ ਤਜਵੀਜ਼ ਰੱਖੀ ਕਿ ਬੱਬਰ ਅਕਾਲੀ ਪਾਰਟੀ ਦੀਆਂ ਲੀਹਾਂ 'ਤੇ ਨਵੀਂ ਪਾਰਟੀ ਬਣਾ ਕੇ ਬੱਬਰਾਂ ਨੂੰ ਸ਼ਹੀਦ ਕਰਵਾ ਕੇ ਇਨਾਮ ਲੈਣ ਵਾਲੇ ਸਰਕਾਰ ਦੇ ਪਿੱਠੂਆਂ ਤੋਂ ਗਿਣ ਗਿਣ ਕੇ ਹਿਸਾਬ ਲਿਆ ਜਾਵੇ। 
ਨਵੀਂ ਪਾਰਟੀ ਦਾ ਨਾਂਅ ਯੁੱਗ ਪਲਟਾਊ ਪਾਰਟੀ ਰੱਖਿਆ ਜਾਵੇ। ਹਾਜ਼ਰ ਬੱਬਰਾਂ ਨੇ ਇਹ ਮਤਾ ਪ੍ਰਵਾਨ ਕਰ ਲਿਆ। ਗਿਆਨੀ ਹਰਬੰਸ ਸਿੰਘ ਬਾਕੀ ਹੋਰ ਬੱਬਰਾਂ ਨਾਲ ਵੀ ਸੰਪਰਕ ਕਰਦੇ ਰਹੇ। ਬਹੁਤ ਸਾਰੇ ਨਵੇਂ ਭਗੌੜੇ ਫੌਜੀ ਉਨ੍ਹਾਂ ਕੋਲ ਕੀਰਤਪੁਰ ਸਾਹਿਬ ਆ ਕੇ ਪੁਰਾਣੇ ਬੱਬਰਾਂ ਦੇ ਬਦਲੇ ਲੈਣ ਲਈ ਉਨ੍ਹਾਂ ਦੀ ਅਗਵਾਈ ਚਾਹੁੰਦੇ ਸਨ। ਸੰਨ 1940 ਦੇ ਹੋਲੇ-ਮਹੱਲੇ ਮੌਕੇ ਇੱਕ ਵੱਡੀ ਮੀਟਿੰਗ ਪੁਰਾਣੇ ਅਤੇ ਨਵੇਂ ਰਲ਼ੇ ਬੱਬਰਾਂ ਦੀ ਹੋਈ, ਜਿਸ ਵਿੱਚ ਬੱਬਰ ਹਰਬੰਸ ਸਿੰਘ ਨੂੰ ਪਾਰਟੀ ਦਾ ਨੇਤਾ ਅਤੇ ਪਾਰਟੀ ਦਾ ਨਾਂਅ ਯੁੱਗ ਪਲਟਾਊ ਪਾਰਟੀ ਰੱਖ ਕੇ ਕੇਸਗੜ੍ਹ ਸਾਹਿਬ ਗੁਰਦੁਆਰੇ ਵਿੱਚ ਅਰਦਾਸ ਕਰਕੇ ਜੈਕਾਰਾ ਬੁਲਾ ਦਿੱਤਾ। 
ਉਨ੍ਹੀਂ ਦਿਨੀਂ ਬੱਬਰ ਨੂੰ ਪਤਾ ਲੱਗਾ ਕਿ ਇੱਕ ਸੀ. ਆਈ. ਡੀ. ਦਾ ਬੰਦਾ ਮੇਲਾ ਸਿੰਘ ਗੁਰਦੁਆਰੇ ਵਿੱਚ ਸੇਵਾਦਾਰ ਲੱਗਾ ਹੋਇਆ ਸੀ ਤੇ ਉਹ ਬੱਬਰਾਂ ਬਾਰੇ ਰਿਪੋਰਟਾਂ ਭੇਜਦਾ ਰਹਿੰਦਾ ਸੀ। ਇੱਕ ਦਿਨ ਬੱਬਰ ਨੇ ਉਸ ਨੂੰ ਆਪਣੇ ਪਾਸ ਕੀਰਤਪੁਰ ਸਾਹਿਬ ਇਸ ਬਹਾਨੇ ਨਾਲ ਬੁਲਾਇਆ ਕਿ ਉਸਦੇ ਰਾਹੀਂ ਇੱਕ ਫੌਜੀ ਭਗੌੜੇ ਨੂੰ ਪੁਲਿਸ ਦੇ ਪੇਸ਼ ਕਰਵਾਉਣਾ ਹੈ। ਦੀਵਾਲੀ ਤੋਂ ਅਗਲਾ ਦਿਨ ਸੀ। ਮੇਲਾ ਸਿੰਘ ਆਉਣ ਲੱਗਾ ਆਪਣੇ ਨਾਲ ਇੱਕ ਹੋਰ ਸਾਥੀ ਨੂੰ ਵੀ ਨਾਲ ਲੈ ਆਇਆ। ਚੁਬਾਰੇ ਵਿੱਚ ਗਿਆਨੀ ਹਰਬੰਸ ਸਿੰਘ ਦੇ ਨਾਲ ਮਾਸਟਰ ਉਜਾਗਰ ਸਿੰਘ ਧਾਮੀਆਂ, ਨਿਰਮਲ ਸਿੰਘ ਸਰੀਂਹ ਅਤੇ ਬਾਬਾ ਗੇਂਦਾ ਸਿੰਘ ਸਨ। ਜਦੋਂ ਮੇਲਾ ਸਿੰਘ ਆਇਆ ਤਾਂ ਗਿਆਨੀ ਜੀ ਨੇ ਬੜੇ ਪਿਆਰ ਨਾਲ ਫਤਹਿ ਬੁਲਾਈ। ਭਗੌੜੇ ਬਾਰੇ ਗੱਲਾਂ ਕਰਦੇ ਹੇਠਾਂ ਉਤਰਨ ਲੱਗ ਪਏ। ਪਿੱਛੋਂ ਮਾਸਟਰ ਉਜਾਗਰ ਸਿੰਘ ਨੇ ਪਿਸਤੌਲ ਦੇ ਦੋ ਫਾਇਰ ਕੀਤੇ, ਦੋਨੋਂ ਹੀ ਮਿਸ ਹੋ ਗਏ। 
ਪਿੱਛੇ ਮੁੜ ਕੇ ਮੇਲਾ ਸਿੰਘ ਨੇ ਦੇਖ ਲਿਆ ਕਿ ਫਾਇਰ ਤਾਂ ਉਸ 'ਤੇ ਕੀਤੇ ਹਨ, ਉਹ ਦੌੜ ਗਿਆੁੰ। ਹੇਠਾਂ ਝੁੱਗੀ ਵਿੱਚ ਬੈਠੇ ਫੌਜੀਆਂ ਨੇ ਫਾਇਰ ਕੀਤੇ, ਜਿਸ ਨਾਲ ਮੇਲਾ ਸਿੰਘ ਦੇ ਨਾਲ ਆਇਆ ਬੰਦਾ ਥਾਂ 'ਤੇ ਹੀ ਡਿੱਗ ਪਿਆ ਅਤੇ ਮਰ ਗਿਆ। ਮੇਲਾ ਸਿੰਘ ਹਨੇਰੇ ਵਿੱਚ ਬਚ ਕੇ ਥਾਣੇ ਪਹੁੰਚ ਗਿਆ ਤੇ ਰਿਪੋਰਟ ਦਰਜ ਕਰਵਾਈ, ਜਿਸ ਵਿੱਚ ਗਿਆਨੀ ਹਰਬੰਸ ਸਿੰਘ, ਗੇਂਦਾ ਸਿੰਘ, ਉਜਾਗਰ ਸਿੰਘ ਧਾਮੀਆਂ ਅਤੇ ਸ਼ਮਸ਼ੇਰ ਸਿੰਘ ਮੋਰਾਂਵਾਲੀ ਦੇ ਨਾਮ ਲਿਖਵਾਏ। ਨਿਰਮਲ ਸਿੰਘ ਦੀ ਥਾਂ ਸ਼ਮਸ਼ੇਰ ਸਿੰਘ ਦਾ ਨਾਂਅ ਉਸ ਨੇ ਭੁਲੇਖੇ ਨਾਲ ਲਿਖਾ ਦਿੱਤਾ। ਉਹ ਤਾਂ ਦੀਵਾਲੀ ਵਾਲੇ ਦਿਨ ਹੀ ਆਪਣੇ ਪਿੰਡ ਮੋਰਾਂਵਾਲੀ ਗਿਆ ਸੀ। ਪੁਲਿਸ ਨੇ ਉਸ ਨੂੰ ਉਸ ਦੇ ਪਿੰਡੋਂ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਸਾਰੇ ਭਗੌੜੇ ਹੋ ਗਏ। 
ਮੇਲਾ ਸਿੰਘ ਦੀ ਚਸ਼ਮਦੀਦ ਗਵਾਹੀ 'ਤੇ ਬੇਗੁਨਾਹ ਸ਼ਮਸ਼ੇਰ ਸਿੰਘ ਮੋਰਾਂਵਾਲੀ ਨੂੰ ਜਲੰਧਰ ਜੇਲ੍ਹ ਵਿੱਚ ਫਾਂਸੀ ਲਾ ਦਿੱਤਾ ਗਿਆ। ਕਹਾਰਪੁਰੀ ਸੰਤਾਂ ਦੇ ਇੱਕ ਹੋਰ ਸੇਵਕ ਰਾਮ ਸਿੰਘ ਗੱਤਕਾ ਮਾਸਟਰ ਨੂੰ ਗਿਆਨੀ ਹਰਬੰਸ ਸਿੰਘ ਜੀ ਨੇ ਅਕਾਲੀ ਲੀਡਰਾਂ ਦੀ ਮਦਦ ਨਾਲ ਤਰਨਤਾਰਨ ਸਾਹਿਬ ਗੁਰਦੁਆਰੇ ਵਿੱਚ ਇੱਕ ਕਮਰਾ ਦੁਆ ਦਿੱਤਾ। ਊਧਮ ਸਿੰਘ ਨਾਗੋਕੇ ਹੁਰਾਂ ਦੀ ਮਦਦ ਨਾਲ ਇੱਕ ਡੁਪਲੀਕੇਟਰ ਖਰੀਦ ਕੇ ਬੱਬਰ ਅਕਾਲੀ ਅਖਬਾਰ ਦੀ ਤਰ੍ਹਾਂ ਜੁੱਗ ਪਲਟਾਊ ਨਾਂਅ ਦਾ ਪਰਚਾ ਛਾਪ ਕੇ ਹੱਥੋ-ਹੱਥੀ ਵੰਡਣਾ ਸ਼ੁਰੂ ਕਰ ਦਿੱਤਾ। 
ਮਾਰਚ 1942 ਵਿੱਚ ਗਿਆਨੀ ਜੀ ਨਿਰਮਲ ਸਿੰਘ ਸਰੀਂਹ ਅਤੇ ਗੇਂਦਾ ਸਿੰਘ ਅੰਮ੍ਰਿਤਸਰ ਦੇ ਪਿੰਡ ਜਾਮਾਰਾਏ ਦੇ ਸਕੂਲ ਦੇ ਕੁਆਰਟਰਾਂ ਵਿੱਚੋਂ ਕਿਸੇ ਮੁਖਬਰ ਦੀ ਸੂਹ 'ਤੇ ਬੇਹੋਸ਼ ਕਰਕੇ ਪੁਲਿਸ ਨੇ ਗ੍ਰਿਫਤਾਰ ਕਰ ਲਏ। ਨਿਰਮਲ ਸਿੰਘ ਅਤੇ ਗੇਂਦਾ ਸਿੰਘ ਤਾਂ ਬਰੀ ਹੋ ਗਏ ਪਰ ਗਿਆਨੀ ਹਰਬੰਸ ਸਿੰਘ ਨੂੰ 3 ਅਪ੍ਰੈਲ, 1944 ਨੂੰ ਫਾਂਸੀ ਲਾ ਦਿੱਤਾ ਗਿਆ।