Showing posts with label ਆਜ਼ਾਦੀ ਦੇ ਸੰਘਰਸ਼ ਵਿੱਚ ਗਦਰ ਪਾਰਟੀ ਤੇ ਬੱਬਰ ਅਕਾਲੀ ਲਹਿਰਾਂ ਦਾ ਯੋਗਦਾਨ. Show all posts
Showing posts with label ਆਜ਼ਾਦੀ ਦੇ ਸੰਘਰਸ਼ ਵਿੱਚ ਗਦਰ ਪਾਰਟੀ ਤੇ ਬੱਬਰ ਅਕਾਲੀ ਲਹਿਰਾਂ ਦਾ ਯੋਗਦਾਨ. Show all posts

ਸਿੱਖ ਵਿਰਸਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ

ਰਾਜਵਿੰਦਰ ਸਿੰਘ ਰਾਹੀ (98157-51332)
ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਲਹਿਰ ਦਾ ਅਜਿਹਾ ਮਹਾਂਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ।

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਪਿੰਡ ਵਿਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿਚ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਸਨ।

ਮੇਰੇ ਸਾਹਮਣੇ ਇਹ ਸੁਆਲ ਹੈ ਕਿ ਉਹ ਕਿਹੜੇ ਸੰਸਕਾਰ ਸਨ, ਕਿਹੜਾ ਮਾਹੌਲ ਸੀ, ਤੇ ਕਿਹੜੇ ਹਾਲਾਤ ਸਨ, ਜਿਨ੍ਹਾਂ ਕਰ ਕੇ ਰਾਜਕੁਮਾਰਾਂ ਵਾਂਗ ਪਲਿਆ ਬੱਚਾ ਵੱਡਾ ਹੋ ਕੇ ਮਹਾਨ ਇਨਕਲਾਬੀ ਹੋ ਨਿਬੜਦਾ ਹੈ ਤੇ ਮੌਤ ਨੂੰ ਜਿਸ ਦਿੜ੍ਹਤਾ ਨਾਲ ਉਹ ਗਲੇ ਲਗਾਉਂਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਆਮ ਤੌਰ ‘ਤੇ, ਜਿਸ ਤਰ੍ਹਾਂ ਦੀ ਆਰਥਿਕ ਅਤੇ ਸਮਾਜੀ ਹੈਸੀਅਤ ਕਰਤਾਰ ਸਿੰਘ ਦੇ ਪਰਿਵਾਰ ਦੀ ਸੀ, ਅਜਿਹੇ ਪਰਿਵਾਰ ਵੇਲੇ ਦੀ ਹਕੂਮਤ ਦੇ ਖੈਰ ਖਵਾਹ ਹੁੰਦੇ ਹਨ ਤੇ ਹਕੂਮਤੀ ਮਿਲਵਰਤਨ ਉਨ੍ਹਾਂ ਲਈ ਤਰੱਕੀ ਦੀਆਂ ਪੌੜੀਆਂ ਬਣ ਜਾਂਦਾ ਹੈ। ਜਿਸ ਤਰ੍ਹਾਂ ਦੀ ਪੁੱਜਤ ਸ਼ਹੀਦ ਸਰਾਭੇ ਦੇ ਦਾਦੇ ਸ. ਬਦਨ ਸਿੰਘ ਦੀ ਸੀ, ਅਜਿਹੀ ਹੈਸੀਅਤ ਵਾਲੇ ਪਰਿਵਾਰਾਂ ਨੂੰ ਅੰਗਰੇਜ਼ਾਂ ਨੇ ”ਸਰਦਾਰ ਬਹਾਦਰਾਂ” ਦੇ ਖਿਤਾਬ ਬਖਸ਼ ਰੱਖੇ ਸਨ। ਪਰ ਲਗਦਾ ਹੈ ਕਿ ਸ. ਬਦਨ ਸਿੰਘ ਦੇ ਪਰਿਵਾਰ ਨੇ ਅੰਗਰੇਜ਼ ਹਕੂਮਤ ਤੋਂ ਇੱਕ ਤਰ੍ਹਾਂ ਨਾਲ ਆਪਣੀ ਦੂਰੀ ਹੀ ਬਣਾ ਰੱਖੀ ਸੀ।

ਮਨੋਵਿਗਿਆਨੀਆਂ ਅਨੁਸਾਰ ਪਰਿਵਾਰ ਦੇ ਮੈਂਬਰਾਂ ਅਤੇ ਮਾਹੌਲ ਦਾ ਬੱਚੇ ਦੇ ਜਨਮ ਸਮੇਂ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਸਮੁੱਚਾ ਜੀਵਨ ਇਕ ਬਾਲਗ ਉੱਤੇ ਨਿਰਭਰ ਕਰਦਾ ਹੈ, ਬਾਲਗਾਂ ਵੱਲੋਂ ਜਥੇਬੰਦ ਅਤੇ ਨਿਰਦੇਸ਼ਤ ਹੁੰਦਾ ਹੈ। ਬਹੁਤ ਹੀ ਮੁੱਢਲੀ ਉਮਰ ਵਿਚ ਬੱਚਾ ਬਾਲਗਾਂ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਹ ਨਾ ਕੇਵਲ ਤੁਰਨਾ ਬੋਲਣਾ ਅਤੇ ਵਸਤੂਆਂ ਦੀ ਵਰਤੋਂ ਸਹੀ ਤੌਰ ‘ਤੇ ਕਰਨਾ ਸਿੱਖਦਾ ਹੈ, ਸਗੋਂ ਸੋਚਣਾ, ਮਹਿਸੂਸ ਕਰਨਾ ਅਤੇ ਆਪਣਾ ਖੁਦ ਦਾ ਵਰਤਾਓ ਕੰਟ੍ਰੋਲ ਕਰਨਾ ਸਿਖਦਾ ਹੈ।

ਪਰਿਵਾਰਕ ਸੰਸਕਾਰ ਅਤੇ ਮੁੱਢਲੀ ਸਿੱਖਿਆ ਵੀ ਬੱਚੇ ਦੀ ਸਖ਼ਸ਼ੀਅਤ ਨੂੰ ਘੜਨ ਡੌਲਣ ਵਿਚ ਕੇਂਦਰੀ ਭੂਮਿਕਾ ਅਦਾ ਕਰਦੇ ਹਨ। ਜਨਮ ਸਮੇਂ ਬੱਚੇ ਦਾ ਕੋਈ ਧਰਮ ਅਤੇ ਵਰਨ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਿਸੇ ਰਿਸ਼ਤੇ ਦਾ ਅਨੁਭਵ ਹੁੰਦਾ ਹੈ। ਉਦੋਂ ਨਾ ਉਹ ਕਿਸੇ ਸੱਭਿਆਚਾਰਕ ਤਾਣੇ ਦੀ ਤੰਦ ਹੁੰਦਾ ਹੈ। ਬੱਚੇ ਦਾ ਮਨ ਨਿਰਮਲ, ਨਿਰਮੋਹ ਅਤੇ ਸਭ ਕੁਝ ਵੱਲੋਂ ਅਟੰਕ ਹੁੰਦਾ ਹੈ। ਸਿਰਫ, ਅੰਤਰ ਪ੍ਰੇਰਣਾ ਦਾ ਅਧਾਰ ਬਣਦੀਆਂ ਕੁਝ ਕੁ ਰੀਤੀਆਂ ਜੋ ਇਸ ਨੂੰ ਵਿਰਸੇ ‘ਚ ਮਿਲੀਆਂ ਹੁੰਦੀਆਂ ਹਨ। ਫਿਰ ਜਿਸ ਮਾਹੌਲ ‘ਚ ਬੱਚਾ ਪਲਦਾ ਹੈ ਉਸ ਵਿਚ ਪ੍ਰਚਲਿਤ ਸੰਸਕਾਰ ਉਸ ਦੇ ਮਨ ਅੰਦਰ ਪਹਿਲਾਂ ਪੋਲੇ ਪੈਰੀ ਅਤੇ ਫਿਰ ਅਸਰਦਾਰ ਤਰੀਕੇ ਨਾਲ ਘਰ ਕਰਨ ਲੱਗਦੇ ਹਨ। ਇਹ ਅਗਾਂਹ ਚਲ ਕੇ, ਉਸ ਦੇ ਵਿਸ਼ਵਾਸ, ਉਸ ਦੇ ਅਕੀਦੇ, ਉਸ ਦੇ ਬੋਲਚਾਲ ਬਣ ਕੇ ਉਸ ਦੇ ਵਤੀਰੇ ਨੂੰ ਉਮਰ ਭਰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਜੋ ਕੁਝ ਵੀ ਜੀਵਨ ਦੇ ਮੁੱਢਲੇ ਪੱਖ ਵਿਚ ਮਨ ਅੰਦਰ ਸਮਾਉਂਦਾ ਹੈ ਉਹ ਅਤਿ ਪ੍ਰਭਾਵਕਾਰੀ ਹੁੰਦਾ ਹੈ ਅਤੇ ਉਸ ਦੀ ਜੀਵਨ ਭਰ ਆਵੇਗੀ ਤੀਬਰਤਾ ਨਾਲ ਪਾਲਣਾ ਹੁੰਦੀ ਹੈ। ਇਸੇ ਕਾਰਨ ਮੁੱਢਲੀ ਸਿੱਖਿਆ ਦਾ ਬਹੁਤ ਮਹੱਤਵ ਹੈ।

ਪਰਿਵਾਰ ਵੱਲੋਂ ਅੱਠ ਕੁ ਸਾਲ ਦੀ ਉਮਰੋਂ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਪਾਇਆ ਗਿਆ। ਚਾਰ ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅਗਾਂਹ ਪੰਜਵੀਂ ਦਾ ਵਰਨੈਕੁਲਰ ਸਕੂਲ ਗੁਜਰਵਾਲ ਵਿਚ ਸੀ, ਜੋ ਪਿੰਡੋਂ ਪੰਜ ਮੀਲ ਦੂਰ ਸੀ। ਪੰਜਵੀਂ ਵਿਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੱਛੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਵਾਇਆ ਗਿਆ। ਇਥੇ ਇਹ ਗੱਲ ਵੀ ਖਾਸ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ ਪਰਿਵਾਰ ਵੱਲੋਂ ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿਚ ਹੀ ਦਾਖਲਾ ਕਰਵਾਇਆ ਜਾਂਦਾ ਹੈ, ਜੋ ਉਸ ਵਕਤ ਸਿੱਖ ਰਹਿਤ ਬਹਿਤ ਦੇ ਮਾਹੌਲ ਵਾਲਾ ਸਕੂਲ ਸੀ। ਜਦ ਕਿ ਉਸ ਵਕਤ ਲੁਧਿਆਣੇ ਵਿਚ ਈਸਾਈਆਂ ਦਾ ਮਿਸ਼ਨ ਸਕੂਲ, ਮੁਸਲਮਾਨਾਂ ਦਾ ਇਸਲਾਮੀਆ ਸਕੂਲ ਤੇ ਹਿੰਦੂਆਂ ਦਾ ਆਰੀਆ ਸਕੂਲ ਬਹੁਤ ਪੁਰਾਣੇ ਸਕੂਲ ਸਨ। ਖਾਲਸਾ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਿੱਖ ਬੱਚੇ ਵੀ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਹੁੰਦੇ ਸਨ। ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਕਾਇਮ ਰੱਖਣ ਲਈ ਸਿੱਖ ਦਾਨਿਸ਼ਵਰਾਂ ਨੇ 1905 ਵਿਚ ਖਾਲਸਾ ਸਕੂਲ ਚਾਲੂ ਕਰ ਦਿੱਤਾ ਸੀ।

ਸਕੂਲਾਂ ਵਿਚ ਅੱਠਵੀਂ ਤੱਕ ਤਾਂ ਉਰਦੂ ਪੜ੍ਹਾਈ ਜਾਂਦੀ ਸੀ। ਅਗਾਹਾਂ ਨੌਵੀਂ ਦਸਵੀਂ ਜਿਨ੍ਹਾਂ ਨੂੰ ਉਦੋਂ ਜੂਨੀਅਰ-ਸੀਨੀਅਰ ਕਿਹਾ ਜਾਂਦਾ ਸੀ, ਵਿਚ ਅੰਗ੍ਰੇਜ਼ੀ ਦੀ ਪੜ੍ਹਾਈ ਸ਼ੁਰੂ ਹੁੰਦੀ ਸੀ। ਖਾਲਸਾ ਸਕੂਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਸੀ। ਵਿਦਿਆਰਥੀ ਉਦੋਂ ਬੰਨੋ ਦੇ ਅਹਾਤੇ ਵਾਲੇ ਬੋਰਡਿੰਗ ਵਿਚ ਰਿਹਾ ਕਰਦੇ ਸਨ। ਜੂਨੀਅਰ-ਸੀਨੀਅਰ ਜਮਾਤਾਂ ਵਿਚ ਵੀ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਚਮਿੰਡਾ ਹੀ ਸੀ। ਉਸ ਵਕਤ ਸਕੂਲ ਦਾ ਮਾਹੌਲ ਕਿਹੋ ਜਿਹਾ ਸੀ, ਬਾਬਾ ਚਮਿੰਡਾ ਅਨੁਸਾਰ: ”ਇਸ ਸਕੂਲ ਦਾ ਵਾਤਾਵਰਣ ਸਿੱਖੀ ਪਿਆਰ, ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼  ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ। ਗੁਰਮਤਿ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਮਾਲਵਾ ਖਾਲਸਾ ਹਾਈ ਸਕੂਲ ਦੇ ਬੋਰਡਿੰਗ ਵਿਚ  ਰਹਿਣ ਵਾਲੇ ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉਠਣਾ ਅਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਰਜ਼ ਇਕੱਠੇ ਹੋ ਕੇ ਗੁਰਦੁਆਰਾ ਜਾਂਦੇ, ਢੋਲਕੀ ਚਿਮਟਿਆਂ ਨਾਲ ਸ਼ਬਦ ਕੀਰਤਨ ਕਰਦੇ, ਜੋਟੀਆਂ ਦੇ ਸ਼ਬਦ ਪੜ੍ਹਦੇ, ਮਸਤੀ ਵਿਚ ਆ ਕੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਦੇ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਂਕ ਨਾਲ ਨਿੱਤ ਕਰਦੇ ਸਨ। ਸਭਨਾ ਲਈ ਸਿੱਖੀ ਰਹਿਤ ਵਿਚ ਤਿਆਰ-ਬਰਤਿਆਰ ਰਹਿਣਾ ਜ਼ਰੂਰੀ ਸੀ। ਰੇਬ ਕੱਛਹਿਰਾ ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਤੇ ਕੇਸਾਂ ਨੂੰ ਸਤਿਕਾਰ ਵੱਜੋਂ ਢੱਕ ਕੇ ਰੱਖਣਾ। ਕਮਰੇ ਵਿਚੋਂ ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵੱਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿਰਾਸ ਦੇ ਮੌਕੇ ਗੁਰਦੁਆਰੇ ਵਿਚ ਫਿਰ ਦੀਵਾਨ ਸੱਜਦਾ।”

ਮਾਲਵਾ ਖਾਲਸਾ ਹਾਈ ਸਕੂਲ ਵਿਚ ਵਿਦਿਆਰਥੀਆਂ ਦੀ ‘ਖਾਲਸਾ ਭੁਜੰਗੀ ਸਭਾ’ ਬਣਾਈ ਹੋਈ ਸੀ। ਜੋ ਸਾਰੀਆਂ ਸਰਗਰਮੀਆਂ ਵਿਚ ਮੋਹਰੀ ਰਹਿੰਦੀ ਸੀ। ਗ਼ਦਰ ਲਹਿਰ ਵਿਚ ਜੇਲ ਕੱਟਣ ਵਾਲੇ ਗਿਆਨੀ ਨਾਹਰ ਸਿੰਘ ਗੁੱਜਰਵਾਲ ਅਨੁਸਾਰ : ”ਖਾਲਸਾ ਯੰਗ ਮੈਨਜ਼ ਲੀਗ (ਖਾਲਸਾ ਭੁਜੰਗੀ ਸਭਾ) ਲੁਧਿਆਣਾ 1885 ਈ. ਵਿਚ ਕਾਇਮ ਹੋਈ। ਖਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ ਬਹੁਤੇ ਮਿਸ਼ਨ ਹਾਈ ਸਕੂਲ ਵਿਚ ਹੀ ਪੜ੍ਹਿਆ ਕਰਦੇ ਸਨ। ਸੋ ਖਾਲਸਾ ਭੁਜੰਗੀ ਸਭਾ ਦਾ ਜ਼ੋਰ-ਤੋਰ ਭੀ ਇਸੇ ਸਕੂਲ ਵਿਚ ਹੀ ਸੀ। ਜਦੋਂ ਖਾਲਸਾ ਸਕੂਲ ਲੁਧਿਆਣਾ ਦੇ ਖੁੱਲਣ ਦੇ ਖਿਆਲ ਤੇ ਉਦਮ ਆਰੰਭ ਹੋਣ ਲੱਗੇ, ਉਸ ਯਤਨ ਤੇ ਪ੍ਰਰਨਾ ਵਿਚ ਇਸ ਭੁਜੰਗੀ ਸਭਾ ਦਾ ਖਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿਚ ਇਸ ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਕ ਇਕੱਠਾਂ ਵਿਚ ਇਸ ਦੇ ਪ੍ਰਤੀਨਿਧਾਂ ਨੂੰ ਖਾਸ ਤੌਰ ਪਰ ਬੁਲਾਇਆ ਜਾਂਦਾ ਸੀ, ਤੇ ਹਰ ਪੰਥਕ ਮਸਲੇ ਵਿਚ ਇਹ ਸਭਾ ਹਿੱਸਾ ਲੈਂਦੀ ਸੀ। ਖਾਲਸਾ ਹਾਈ ਸਕੂਲ ਖੁੱਲ ਜਾਣ ਪਰ ਸਭਾ ਦਾ ਸਭ ਜੋਰ-ਤੋਰ ਖਾਲਸਾ ਸਕੂਲ ਵਿਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਈ. ਨੂੰ ਜਾਰੀ ਹੋਇਆ। 1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਸਭਾ ਦੇ ਹਫਤਾਵਾਰੀ ਦੀਵਾਨ ਜੋ ਐਤਵਾਰ ਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਨ੍ਹਾਂ ਵਿਚ ਕੀਰਤਨ ਕਰਿਆ ਕਰਦੇ ਤੇ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਦਸ਼ਮੇਸ਼ ਜੀ ਦੇ ਅਵਤਾਰ ਗੁਰਪੁਰਬਾਂ ਸਮੇਂ ਨਗਰ ਕੀਰਤਨ ਵਿਚ ਸ਼ਾਮਿਲ ਹੁੰਦੇ ਤੇ ਅਖੰਡ ਪਾਠ ਕਰਦੇ। ਸਕੂਲ ਵਿਚ ਬਹੁਤ ਵਾਰ ਗੁਰਪੁਰਬਾਂ ਦੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ, ਜਿਨ੍ਹਾਂ ਵਿਚ ਭਾਈ ਸਾਹਿਬ ਵੀ ਸ਼ਾਮਿਲ ਹੁੰਦੇ ਰਹੇ।” ਸੋ ਇਹ ਕਿਤੇ ਹੋ ਸਕਦਾ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਿਲ ਨਾ ਹੁੰਦਾ ਹੋਵੇ ? ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ: ਉਹ ਤਾਂ ਹਰ ਸਰਗਰਮੀ ਵਿਚ ਮੂਹਰੇ ਰਹਿੰਦਾ ਸੀ, ਹਰ ਵੇਲੇ ਟਪੂੰ-ਟਪੂੰ ਕਰਦਾ ਰਹਿੰਦਾ ਸੀ। ਇਸੇ ਕਰਕੇ ਸਕੂਲ ਵਿਚ ਉਸ ਦਾ ਨਾਂਅ ‘ਉੱਡਣਾ ਸੱਪ’ ਰੱਖਿਆ ਹੋਇਆ ਸੀ।

1910-1911 ਦੌਰਾਨ ਭਾਈ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ ਉੜੀਸਾ ਚਲਿਆ ਗਿਆ, ਜਿੱਥੇ ਉਸਨੇ ਦਸਵੀਂ ਪਾਸ ਕੀਤੀ। ਲਗਦਾ ਹੈ ਕਿ ਦਸਵੀਂ ਤੋਂ ਬਾਅਦ ਭਾਈ ਕਰਤਾਰ ਸਿੰਘ ਨੇ ਵਿਦੇਸ਼ ਵਿਚ ਜਾ ਕੇ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ ਹੋਵੇ। ਪਹਿਲਾਂ ਜ਼ਿਕਰ ਕਰ ਚੁਕੇ ਹਾਂ ਕਿ ਪਰਿਵਾਰ ਕਾਫੀ ਪੜ੍ਹਿਆ ਲਿਖਿਆ ਸੀ। ਭਾਈ ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ, ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉੱਤੇ ਉਦੋਂ ਲੱਗੇ ਹੋਏ ਸਨ। ਬਖਸ਼ੀਸ਼ ਸਿੰਘ ਉੜੀਸਾ ਵਿਚ ਜੰਗਲਾਤ ਮਹਿਕਮੇ ਵਿਚ ਸੀ ਤੇ ਇਕ ਚਾਚਾ ਯੂ.ਪੀ. ਵਿਚ ਸਬ ਇੰਸਪੈਕਟਰ ਸੀ। ਉਸ ਵਕਤ ਪੜ੍ਹਾਈ ਦੀਆਂ ਦੋ ਧਾਰਾਵਾਂ ਸਨ, ਜਿਨ੍ਹਾਂ ਨੇ ਅੰਗ੍ਰੇਜ਼ ਦੀ ਚਾਕਰੀ ਕਰਨੀ ਹੁੰਦੀ ਸੀ, ਉਹ ਇੰਗਲੈਂਡ ਜਾ ਕੇ ਪੜ੍ਹਾਈ ਕਰਦੇ ਸਨ, ਤੇ ਜਿਨ੍ਹਾਂ ਨੇ ਅਜ਼ਾਦ ਜੀਵਨ ਜਿਉਣਾ ਹੁੰਦਾ ਸੀ ਉਹ ਅਮਰੀਕਾ ਨੂੰ ਤਰਜ਼ੀਹ ਦਿੰਦੇ ਸਨ। ਭਾਰਤ ਦੇ ਬਹੁਤੇ ਖਾਸ ਕਰ ਬੰਗਾਲੀ ਹਿੰਦੂ ਵਿਦਿਆਰਥੀ ਇੰਗਲੈਂਡ ਜਾ ਕੇ ਪੜ੍ਹਾਈ ਕਰਨ ਨੂੰ ਤਰਜ਼ੀਹ ਦਿੰਦੇ ਸਨ। ਪਰ  ਭਾਈ ਕਰਤਾਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਦਾ ਫ਼ੈਸਲਾ ਕੀਤਾ।ਭਾਈ ਕਰਤਾਰ ਸਿੰਘ ਜਨਵਰੀ 1912 ਵਿਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਪਹੁੰਚਿਆ ਅਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਦਾਖਲਾ ਲੈਣ ਦੀ ਕੋਸ਼ਿਸ ਕੀਤੀ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿਚ ਕੰਮ ਕਰਦੇ ਸਨ। ਇਸ ਸਟੇਟ ਦਾ ਪੌਣ ਪਾਣੀ ਵੀ ਪੰਜਾਬ ਵਰਗਾ ਹੀ ਹੈ। ਅੰਗ੍ਰੇਜ਼ਾਂ ਦੇ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਭਾਈ ਕਰਤਾਰ ਸਿੰਘ ਫਰਵਰੀ 1913 ਵਿਚ ਅਮਰੀਕਾ ਪਹੁੰਚਿਆ ਸੀ।

ਜਿਸ ਵਕਤ ਭਾਈ ਕਰਤਾਰ ਸਿੰਘ ਅਮਰੀਕਾ ਪਹੁੰਚਿਆ ਉਸ ਵਕਤ ਭਾਰਤੀਆਂ ਵਿਚ ਅੰਗ੍ਰੇਜ਼ ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਬਰਕਲੇ ਯੂਨੀਵਰਸਿਟੀ ਨੇੜੇ ਹਿੰਦੂ ਵਿਦਿਆਰਥੀਆਂ ਨੇ ਨਾਲੰਦਾ ਹੋਸਟਲ ਬਣਾਇਆ ਹੋਇਆ ਸੀ। ਜਿਸ ਵਿਚ ਜਤਿੰਦਰ ਨਾਥ ਲਹਿਰੀ, ਸੁਰਿੰਦਰ ਬੋਸ ਅਤੇ ਤਾਰਕ ਨਾਥ ਵਰਗੇ ਵਿਦਿਆਰਥੀ ਰਹਿੰਦੇ ਸਨ, ਜੋ ਅੰਗ੍ਰੇਜ਼ਾਂ ਵਿਚ ਪ੍ਰਚਾਰ ਕਰਦੇ ਸਨ। ਜੋ ਵਿਦਿਆਰਥੀ ਬਾਬਾ ਜਵਾਲਾ ਸਿੰਘ (ਜੋ ਪਿੱਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ) ਦੇ ਵਜੀਫੀਆਂ ‘ਤੇ ਪੜ੍ਹਨ ਆਏ ਸਨ, ਉਹ ਯੂਨੀਵਰਸਿਟੀ ਨੇੜੇ ਹੀ ਸ਼ੈਟੁੱਕ ਹੋਟਲ ਵਿਚ ਰਹਿੰਦੇ ਸਨ, ਜਿਨ੍ਹਾਂ ਦਾ ਇੰਚਾਰਜ ਲਾਲਾ ਹਰਦਿਆਲ ਸੀ, ਜੋ ਉਸ ਵਕਤ ਸਟੇਟ ਫੋਰਟ ਯੂਨੀਵਰਸਿਟੀ ਦੇ ਅਰਾਜਕਤਾਵਾਦੀ ਵਿਚਾਰਾਂ ਕਾਰਨ ਕੱਢ ਦਿੱਤਾ ਸੀ।

ਹਰਦਿਆਲ ਉਸ ਵਕਤ ਅੰਗ੍ਰੇਜ਼ਾਂ ਵਿਰੁੱਧ ਖੁੱਲਮ ਖੁੱਲਾ ਪ੍ਰਚਾਰ ਕਰ ਰਿਹਾ ਸੀ। 1912 ਦੌਰਾਨ ਦਿੱਲੀ ‘ਚ ਜੋ ਵਾਇਸਰਾਏ ਹਾਰਡਿੰਗ ਉਪਰ ਬੰਬ ਸੁੱਟਿਆ ਗਿਆ ਸੀ,  ਹਰਦਿਆਲ ਨੇ ਉਸ ਦੀ ਗੱਜ ਵੱਜ ਕੇ ਪੂਰੀ ਜੈ ਜੈ ਕਾਰ ਕੀਤੀ ਸੀ। ਪਰ ਹਿੰਦੂ ਵਿਦਿਆਰਥੀਆਂ ਦੀ ਕਿਸੇ ਲਿਖਤ ਵਿਚ ਭਾਈ ਕਰਤਾਰ ਸਿੰਘ ਦੀ ਕਿਸੇ ਸਰਗਰਮੀ ਦਾ ਜ਼ਿਕਰ ਨਹੀਂ ਕੀਤਾ ਗਿਆ। ਹਾਂ ! ਇਕ ਥਾਂ ਲਾਲਾ ਹਰਦਿਆਲ ਦੇ ਸਾਲੇ ਗੋਬਿੰਦ ਬਿਹਾਰੀ ਲਾਲ (ਜੋ ਬਾਬਾ ਜਵਾਲਾ ਸਿੰਘ ਦਾ ਵਜੀਫਾਖੋਰ ਸੀ) ਨੇ ਸ਼ੈਟੁੱਕ ਹੋਟਲ ਵਿਚ ਹੋਈ ਇਕ ਮੀਟਿੰਗ ਦਾ ਜ਼ਿਕਰ ਕੀਤਾ ਹੈ, ਜਿਸ ਦੀ ਪ੍ਰਧਾਨਗੀ ਹਰਦਿਆਲ ਨੇ ਕੀਤੀ ਸੀ, ਤੇ ਭਾਈ ਕਰਤਾਰ ਸਿੰਘ ਉਸ ਵਿਚ ਸ਼ਾਮਿਲ ਹੋਇਆ ਸੀ।

ਵੈਸੇ ਜਿਸ ਵਕਤ ਸਰਾਭਾ ਪੰਜਾਬ ਤੋਂ ਅਮਰੀਕਾ ਲਈ ਚੱਲਿਆ ਸੀ, ਉਸ ਵਕਤ ਸਿੱਖਾਂ ਵਿਚ ਅੰਗ੍ਰੇਜ਼ ਵਿਰੋਧੀ ਭਾਵਨਾਵਾਂ ਭੜਕ ਉਠੀਆਂ ਸਨ। ਅੰਗ੍ਰੇਜ਼ਾਂ ਨੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਸੀ, ਤੇ ਭਾਈ ਰਣਧੀਰ ਸਿੰਘ ਇਸ ਘੋਲ ਵਿਚ ਸਰਗਰਮ ਸੀ। ਭਾਈ ਕਰਤਾਰ ਸਿੰਘ ਰਸਤੇ ਵਿਚ ਹਾਂਗਕਾਂਗ ਦੇ ਗੁਰਦੁਆਰੇ ਵਿਚ ਰੁਕਿਆ ਸੀ, ਜੋ ਅੰਗ੍ਰੇਜ਼ ਵਿਰੋਧੀ ਪ੍ਰਚਾਰ ਦਾ ਕੇਂਦਰ ਬਣ ਚੁੱਕਿਆ ਸੀ। ਉਸ ਵਕਤ ਗੁਰਦੁਆਰੇ ਦਾ ਗ੍ਰੰਥੀ ਭਾਈ ਭਗਵਾਨ ਸਿੰਘ ‘ਪ੍ਰੀਤਮ’ ਸੀ, ਜੋ ਪਿੱਛੋਂ ਜਾ ਕੇ ਮਸ਼ਹੂਰ ਕਵੀ ਤੇ ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ। ਭਾਈ ਕਰਤਾਰ ਸਿੰਘ ਦੀ ਇੱਥੇ ਭਾਈ ਭਗਵਾਨ ਸਿੰਘ ਨਾਲ ਚੰਗੀ ਦੋਸਤੀ ਪੈ ਗਈ। ਜਿਸ ਨੂੰ ਭਾਈ ਜੀ ਨੇ ਬਾਅਦ ਵਿਚ ਮਾਣ ਨਾਲ ਯਾਦ ਕੀਤਾ ਸੀ : ”ਥੋੜੀ ਦੇਰ ਬਾਅਦ ਸਵੇਰ ਦੇ ਦਰਸ਼ਨ ਕਰਨ ‘ਤੇ ਇਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ ਗਿਆਤ ਵੀ ਨਹੀਂ ਸੀ ਕਿ ਮੈਂ ਇਕ ਅਜਿਹੇ ਨੌਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ, ਜੋ ਮੇਰੇ ਬੱਚਿਆਂ ਨਾਲੋਂ ਵੀ ਪਿਆਰਾ ਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ, ਬੱਚਾ ਸੀ ਅਜੇ, ਦਾੜ੍ਹੀ ਨਹੀਂ ਉਤਰੀ ਸੀ, ਮਿਲਣ ਸਾਰ, ਸੁੰਦਰ, ਸੰਜੀਦਾ ਤੇ ਹੋਣਹਾਰ।

ਹਰ ਹਫਤੇ ਗੁਰਦੁਆਰੇ ਵਿਚ ਲੈਕਚਰ ਹੋਣ ਤੋਂ ਇਲਾਵਾ ਖੇਲਾਂ ਵੀ ਹੁੰਦੀਆਂ ਸਨ। ਕੁਸ਼ਤੀਆਂ, ਗੋਲਾ ਸੁੱਟਣਾ, ਆਦਿਕਾ ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਹਾਬਸੇ ਵਗੈਰਾ ਸਧਾਰਨ ਜਿੰਦਗੀ ਸੀ। ਬਤੌਰ ਗ੍ਰੰਥੀ ਮੈਂ ਦੋ ਵਾਰੀ ਹਰ ਰੋਜ਼ ਸਾਰੇ ਮੁਸਾਫਿਰਾਂ ਨੂੰ ਮਿਲ਼ਿਆ ਕਰਦਾ ਸੀ, ਉਨ੍ਹਾਂ ਦੇ ਨਾਂਅ ਪਤੇ ਲਿਖਿਆ ਕਰਦਾ ਸੀ, ਸ਼ਿਕਾਇਤਾਂ ਸੁਣਦਾ ਤੇ ਅਗਰ ਕੋਈ ਸੇਵਾ ਜਾਂ ਲੋੜ ਹੋਵੇ ਤਾਂ ਪੂਰੀ ਕਰਦਾ, ਹਰ ਸੁਬਾ ਤੇ ਸ਼ਾਮ ਨੂੰ। ਉਹ ਕੱਲ ਰਾਤੀਂ ਆਇਆ ਸੀ ਤੇ ਅੱਜ ਸਵੇਰੇ ਮਿਲੇ। ਇਕ ਲੈਕਚਰ ਸੁਣਿਆ ਤੇ ਇਕ ਗੋਲਾਬਾਜ਼ੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿਚ ਬੜੀ ਦਿਲਚਸਪੀ ਰੱਖਦਾ। ਚੀਨ, ਜਪਾਨ, ਕੈਨੇਡਾ ਤੇ ਅਮਰੀਕਾ ਬਾਰੇ ਖਬਰਾਂ ਪੁੱਛਦਾ ਰਹਿੰਦਾ। ਚੰਦ ਹਫਤਿਆਂ ਦੀ ਵਾਕਫੀ ਮੇਰੇ ਦਿਲ ‘ਤੇ ਕਾਫੀ ਅਸਰ ਕਰ ਗਈ ਤੇ ਉਸ ਦੇ ਵੀ। 1914 ਵਿਚ ਅਸੀਂ ਅਮਰੀਕਾ ਵਿਚ ਇਕ ਵਾਰੀ ਫਿਰ ਗਲੇਬਾਂ ਆ ਹੋਏ।”

ਲਗਦਾ ਹੈ ਕਿ ਭਾਈ ਕਰਤਾਰ ਸਿੰਘ ਦਾ ਪੜ੍ਹਾਈ ਵਿਚ ਮਨ ਨਹੀਂ ਲੱਗਿਆ ਤੇ ਨਾ ਹੀ ਉਸ ਦਾ ਹਿੰਦੂ ਵਿਦਿਆਰਥੀਆਂ ਨਾਲ ਕਰੂਰਾਂ ਮਿਲਿਆ ਹੋਵੇਗਾ। ਉਹ ਜਲਦੀ ਹੀ ਯੁਲੋ ਕਾਉਂਟੀ ਵਿਚ ਆਪਣੇ ਪਿੰਡ ਦੇ ਭਾਈ ਰੁਲੀਆ ਸਿੰਘ ਕੋਲ ਚਲਿਆ ਗਿਆ। ਉਸ ਵਕਤ ਗ਼ਦਰ ਪਾਰਟੀ ਬਣਾਉਣ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਭਾਈ ਕਰਤਾਰ ਸਿੰਘ ਨੇ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਭਾਵੇਂ ਉਸ ਦਾ ਨਾਂਅ ਪਾਰਟੀ ਦੇ ਅਹੁਦੇਦਾਰਾਂ ਵਿਚ ਨਹੀਂ ਆਉਂਦਾ ਪਰ ਜਦ ਨਵੰਬਰ 1913 ਤੋਂ ‘ਗ਼ਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਭਾਈ ਕਰਤਾਰ ਸਿੰਘ ਪਰਚੇ ਦੇ ਬਾਨੀਆਂ ਵਿਚ ਸ਼ਾਮਿਲ ਸੀ। ਜਦ ਦਸੰਬਰ 1913 ਵਿਚ ਗੁਰਮੁਖੀ ‘ਗ਼ਦਰ’ ਸ਼ੁਰੂ ਹੋਇਆ ਤਾਂ ਭਾਈ ਕਰਤਾਰ ਸਿੰਘ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿਚ ਭਾਈ ਕਰਤਾਰ ਸਿੰਘ ਹੀ ਕਰਦਾ ਸੀ। ਭਾਈ ਕਰਤਾਰ ਸਿੰਘ ਦਾ ਪਰਚੇ ਵਿਚ ਕੰਮ ਕਰਨ ਦਾ ਸਮਾਂ ਸਾਲ ਤੋਂ ਵੀ ਘੱਟ ਬਣਦਾ ਹੈ, ਪਰ ਇੰਨੇ ਥੋੜੇ ਸਮੇਂ ਵਿਚ ਹੀ ਉਸ ਨੇ ਆਪਣੇ ਕੰਮ ਅਤੇ ਲਿਆਕਤ ਨਾਲ ਆਪਣੀ ਸ਼ਖ਼ਸੀਅਤ ਨੂੰ ਸਥਾਪਤ ਕਰ ਦਿੱਤਾ ਸੀ। ਉਸ ਦੇ ਸਾਥੀਆਂ ਵਿਚ ਉਸ ਦਾ ਕਾਫੀ ਸਤਿਕਾਰ ਬਣ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸਿੱਖ ਗਦਰੀ, ਸਿੱਖ ਧਰਮ ਅਤੇ ਇਤਿਹਾਸਕ ਵਿਰਸੇ ਤੋਂ ਪ੍ਰੇਰਣਾ ਲੈਂਦੇ ਸਨ। ਇਸ ਦਾ ਪ੍ਰਤੱਖ ਸਬੂਤ ‘ਗ਼ਦਰ’ ਅਖਬਾਰ ਹੈ। ਉਰਦੂ ਪਰਚੇ ਉਪਰ ਬੈਨਰ ਲਾਈਨ ਸੀ ‘ਅੰਗ੍ਰੇਜ਼ੀ ਰਾਜ ਕਾ ਦੁਸ਼ਮਨ’ ਪਰ ਗੁਰਮੁਖੀ ‘ਗ਼ਦਰ’ ਉਪਰ ਗੁਰਬਾਣੀ ਦੇ ਇਹ ਸ਼ਬਦ ਬੈਨਰ ਲਾਈਨ ਵੱਜੋਂ ਲਿਖੇ ਹੋਏ ਸਨ ”ਜੇ ਤਉ ਪਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ”।

ਜਦ ਅਗਸਤ 1914 ਵਿਚ ਪਹਿਲਾ ਸੰਸਾਰ ਯੁੱਧ ਲਗ ਜਾਣ ਦੇ ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚੱਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਭਾਈ ਕਰਤਾਰ ਸਿੰਘ, ਪੰਜਾਬ ਪਹੁੰਚਣ ਵਾਲੇ ਗ਼ਦਰੀਆਂ ਵਿਚ ਸ਼ਾਮਿਲ ਸਨ। ਕਲਕੱਤੇ ਦੀਆਂ ਬੰਦਰਗਾਹਾਂ ‘ਤੇ ਅੰਗ੍ਰੇਜ਼ਾਂ ਨੇ ਨਾਕੇ ਲਗਾ ਰੱਖੇ ਸਨ। ਭਾਈ ਕਰਤਾਰ ਸਿੰਘ ਹੋਰੀ ਕੋਲੰਬੋ ਰਾਹੀਂ ਭਾਰਤ ਵਿਚ ਦਾਖਲ ਹੋਏ ਸਨ। ਅੰਗ੍ਰੇਜ਼ ਸਰਕਾਰ ਨੇ ਭਾਵੇਂ ਕਲਕੱਤੇ ਦੀਆਂ ਬੰਦਰਗਾਹਾਂ ‘ਤੇ ਗ਼ਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਵੇਈ ਪੂੰਈ ਆਦਿ ਨੂੰ ਗ੍ਰਿਫਤਾਰ ਕਰਕੇ ਇਕ ਤਰ੍ਹਾਂ ਲਹਿਰ ਦਾ ਲੱਕ ਹੀ ਤੋੜ ਦਿੱਤਾ ਸੀ ਪਰ ਫਿਰ ਜਿਵੇਂ ਲਹਿਰ ਉਭਰ ਕੇ ਸਿਖਰ ਤੱਕ ਪਹੁੰਚੀ, ਇਹ ਇਕ ਤਰ੍ਹਾਂ ਨਾਲ ਕਰਾਮਾਤ ਹੀ ਸੀ। ਇਸ ਕਰਾਮਾਤ ਪਿੱਛੇਂ ਭਾਈ ਕਰਤਾਰ ਸਿੰਘ ਸਰਾਭੇ ਦੀ ਅਣਥੱਕ ਮਿਹਨਤ ਸੀ। ਇਕ ਪਾਸੇ ਉਸ ਨੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ  ਨਾਲ ਤਾਲ ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਫਿਰੋਜ਼ਪੁਰ ਮੀਆਂਮੀਰ, ਬੰਨੂ ਕੁਹਾਟ ਰਾਵਲ ਪਿੰਡੀ, ਅੰਬਾਲਾ, ਫੈਜ਼ਾਬਾਦ, ਬਨਾਰਸ ਆਦਿ ਦੀਆਂ ਫੌਜੀ ਛਾਉਣੀਆਂ ਵਿਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ। ਉਸ ਦਾ ਕੰਮ ਦੇਖ ਕੇ ਬੰਗਾਲੀ ਇਨਕਲਾਬੀ ਸਚਿੰਦਰ ਨਾਥ ਸਨਿਆਲ ਵੀ ਹੈਰਾਨ ਰਹਿ ਗਿਆ ਸੀ, ”ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਇਕਲ ‘ਤੇ ਪਿੰਡਾਂ ਵਿਚ ਲਗਭਗ 40-50 ਮੀਲ ਦਾ ਚੱਕਰ ਲਗਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ ਸਨ। ਇਨੀਂ ਮਿਹਨਤ ਕਰਨ ‘ਤੇ ਵੀ ਉਹ ਥੱਕਦੇ ਨਹੀਂ ਸਨ। ਜਿਨੀਂ ਉਹ ਮਿਹਨਤ ਕਰਦੇ ਸਨ, ਉਨੀਂ ਹੀ ਉਨ੍ਹਾਂ ਵਿਚ ਫੁਰਤੀ ਆ ਜਾਂਦੀ ਸੀ।”

ਕਰਤਾਰ ਸਿੰਘ ਸਰਾਭੇ ਦੀ ਸਿੱਖ ਪਛਾਣ ਦਾ ਮਸਲਾ
ਜਦ ਅਸੀਂ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਆਖਦੇ ਹਾਂ ਤਾਂ ਬਹੁਤ ਸਾਰੇ ਖੱਬੇ ਪੱਖੀ ਭਾਈ ਕਰਤਾਰ ਸਿੰਘ ਸਰਾਭੇ ਦੀ ਬੋਦੀਆਂ ਵਾਲੀ ਫੋਟੋ ਨੂੰ ਉਭਾਰ ਕੇ ਗ਼ਦਰ ਲਹਿਰ ਨੂੰ ‘ਭਾਰਤੀਆਂ’ ਦੀ ਲਹਿਰ ਸਿੱਧ ਕਰਨ ‘ਤੇ ਜ਼ੋਰ ਲਗਾਉਂਦੇ ਹਨ। ਭਾਈ ਕਰਤਾਰ ਸਿੰਘ ਨੇ ਅਮਰੀਕਾ ਵਿਚ ਕੇਸ ਉਦੋਂ ਕਟਵਾਏ ਸਨ, ਜਦ ਗ਼ਦਰ ਪਾਰਟੀ ਨੇ ਜਰਮਨੀ ਦੀ ਸਹਾਇਤਾ ਨਾਲ ਉਸ ਨੂੰ ਨਿਊਯਾਰਕ ਦੀ ਅੇਵੀਏਸ਼ਨ ਅਕੈਡਮੀ ਤੋਂ ਹਵਾਈ ਜ਼ਹਾਜ਼ ਚਲਾਉਣਾ ਸਿੱਖਣ ਦੀ ਯੋਜਨਾ ਬਣਾਈ ਸੀ। ਇਹ ਫੈਸਲਾ ਪਾਰਟੀ ਨੇ ਲੰਬੀ ਤਿਆਰੀ ਦੇ ਮੱਦੇਨਜ਼ਰ ਕੀਤਾ ਸੀ। ਉਨ੍ਹਾਂ ਨੂੰ ਖਿਆਲ ਹੀ ਨਹੀਂ ਸੀ ਕਿ ਜੰਗ ਕਾਰਨ ਨੂੰ ਉਨ੍ਹਾਂ ਨੂੰ ਤੱਤ ਭੜੱਤੇ ਹੀ ਭਾਰਤ ਜਾਣਾ ਪਵੇਗਾ। ਐਵੀਏਸ਼ਨ ਅਕੈਡਮੀ ਦਾ ਨਿਯਮ ਸੀ ਕਿ ਜੇਕਰ ਵਿਦਿਆਰਥੀਆਂ ਨੇ ਆਪਣੇ ਸਰੂਪ ਮੁਤਾਬਿਕ ਸਿਖਲਾਈ ਲੈਣੀ ਹੈ ਤਾਂ ਕਲਾਸ ਵਿਚ ਘੱਟੋ ਘੱਟ 25 ਵਿਦਿਆਰਥੀ ਹੋਣੇ ਚਾਹੀਦੇ ਹਨ। ਜੇਕਰ 25 ਤੋਂ ਘੱਟ ਹਨ ਤਾਂ ਉਨ੍ਹਾਂ ਨੂੰ ਗੋਰੇ ਵਿਦਿਆਰਥੀਆਂ ਵਾਲਾ ਸਰੂਪ ਧਾਰਨ ਕਰਨਾ ਪਵੇਗਾ। ਸੋ ਉਸ ਵਕਤ ਉਥੇ 25 ਸਿੱਖ ਵਿਦਿਆਰਥੀ ਇਕੱਠੇ ਨਹੀਂ ਹੋ ਸਕਦੇ ਸਨ। ਜਿਸ ਕਰਕੇ ਕਾਹਲੀ ਵਿਚ ਭਾਈ ਕਰਤਾਰ ਸਿੰਘ ਨੂੰ ਆਪਣਾ ਸਿੱਖੀ ਸਰੂਪ ਤਿਆਗਣਾ ਪਿਆ।

ਦੂਜਾ ਭਾਰਤ ਪਰਤਣ ਸਮੇਂ ਜੇਕਰ ਭਾਈ ਕਰਤਾਰ ਸਿੰਘ ਨੇ ਸਿੱਖੀ ਸਰੂਪ ਤਜਿਆ ਹੁੰਦਾ ਤਾਂ ਉਹ ਕੋਲੰਬੋ ਦੀ ਬਜਾਏ ਬੇਖਟਕੇ ਹੀ ਕਲਕੱਤੇ ਦੇ ਰਸਤੇ ਆ ਸਕਦਾ ਸੀ, ਕਿਉਂਕਿ ਅੰਗ੍ਰੇਜ਼ ਸਰਕਾਰ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਹੀ ਸਮਝਦੀ ਸੀ।  ਬਾਹਰੋਂ ਆਉਣ ਵਾਲੇ ਮੋਨਿਆਂ ਦੀ ਕੋਈ ਪੁੱਛ ਗਿੱਛ ਨਹੀਂ ਸੀ ਹੁੰਦੀ। ਪੰਡਿਤ ਪਰਮਾਨੰਦ ਝਾਂਸੀ, ਪ੍ਰਿਥਵੀ ਸਿੰਘ ਅਜ਼ਾਦ ਤੇ ਪੰਡਤ ਜਗਤ ਰਾਮ ਇਸੇ ਤਰ੍ਹਾਂ ਹੀ ਨਿਕਲ ਆਏ ਸਨ।

ਤੀਜਾ, ਜੇ ਕਰ ਭਾਈ ਕਰਤਾਰ ਸਿੰਘ ਪਤਿਤ ਹੁੰਦਾ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਪੁਰਸ਼ ਨੇ ਉਸ ਦਾ ਭਰੋਸਾ ਤਾਂ ਕੀ ਕਰਨਾ ਸੀ, ਉਸ ਨਾਲ ਗੱਲ ਵੀ ਨਹੀਂ ਕਰਨੀ ਸੀ। ਉਹਨਾਂ ਨੇ ਉਸ ਨੂੰ ਲਾਹਣਤਾਂ ਪਾਉਂਦਿਆਂ ਕਹਿਣਾ ਸੀ ਕਿ ਦੇਸ਼ ਅਜ਼ਾਦ ਕਰਵਾਉਂਣ ਦੀ ਗੱਲ ਬਆਦ ‘ਚ ਕਰੀਂ ਪਹਿਲਾਂ ਕੇਸ਼ ਦਾਹੜੀ ਰੱਖ ਕੇ ਆ। ਉਸ ਸਮੇਂ ਦੇ ਆਮ ਸਿੱਖ ਵੀ ਪਤਿਤ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸਨ।

ਚੌਥਾ, ਜਦ ਸਨਿਆਲ ਪਹਿਲੀ ਵਾਰ ਪੰਜਾਬ ਆਉਂਦਾ ਹੈ ਤਾਂ ਉਹ ਕਿਹੋ ਜਿਹੇ ਸਰਾਭੇ ਨੂੰ ਮਿਲਦਾ ਹੈ, ਇਹਨਾ ਸ਼ਬਦਾਂ ਤੋਂ ਹੀ ਪਤਾ ਲੱਗ ਜਾਂਦਾ ਹੈ ”ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਸੀ, ਪੱਛਮ ਵਿਚ ਠੰਢ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਹਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ ਵਿਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ ਰਵਾਨਾ ਹੋ ਗਏ।”

ਇਨਕਲਾਬੀ ਕਵੀ ਅਮਰਜੀਤ ਚੰਦਨ ਅਨੁਸਾਰ : ”ਬੜੇ ਸਾਲ ਪਹਿਲਾਂ ਕਿਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲਦੀ ਇਕੋ ਇਕ ਬੋਦਿਆਂ ਵਾਲੀ ਤਸਵੀਰ ਨੂੰ ਅੰਮ੍ਰਿਤਸਰ ਦੇ ਗੁਰਦਿਆਲ ਸਿੰਘ ਫੋਟੋਗ੍ਰਾਫਰ ਨੂੰ ਆਖ ਕੇ ਭੱਦੀ ਜਿਹੀ ਪੱਗ ਬਣਵਾ ਦਿੱਤੀ ਸੀ।”

ਕਿਰਤੀ ਬਾਬਿਆਂ ਨੇ ਸਰਾਭੇ ਦੀ ਬੋਦਿਆਂ ਵਾਲੀ ਫੋਟੋ ‘ਤੇ ਪੱਗ ਇਸ ਕਰਕੇ ਬਨਵਾਈ ਸੀ, ਕਿਉਂਕਿ ਉਨ੍ਹਾਂ ਜਿਹੋ ਜਿਹਾ ਸਰਾਭਾ ਦੇਖਿਆ ਸੀ, ਉਹ ਉਸ ਨੂੰ ਉਹੋ ਜਿਹਾ ਹੀ ਦੇਖਣਾ ਚਾਹੁੰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਉਸ ਦਾ ਗਲਤ ਪ੍ਰਭਾਵ ਪਾਉਣ ਵਾਲੀ ਮੋਨੀ ਫੋਟੋ ਲੋਕਾਂ ਵਿਚ ਜਾਵੇ। ਇਹ ਦੇਖ ਕੇ ਉਨ੍ਹਾਂ ਅੰਦਰ ਖੋਹ ਪੈਂਦੀ ਸੀ।

ਗ਼ਦਰ ਦੀ ਅਸਫਲਤਾ ਤੋਂ ਬਾਅਦ
ਜਦ 19 ਫਰਵਰੀ 1915 ਦਾ ਗ਼ਦਰ ਫੇਲ੍ਹ ਹੋ ਗਿਆ ਤਾਂ ਲਹਿਰ ਦੀ ਇਕ ਤਰ੍ਹਾਂ ਨਾਲ ਰੀੜ੍ਹ ਹੀ ਟੁੱਟ ਗਈ ਸੀ। ਫੜੋ ਫੜੀ ਅਤੇ ਜਬਰ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ ਸੀ। ਪਾਰਟੀ ਦੇ ਲਾਹੌਰ ਵਿਚਲੇ ਚਾਰੇ ਹੈਡ ਕੁਆਟਰਾਂ ‘ਤੇ ਛਾਪੇ ਪੈ ਗਏ ਸਨ ਤੇ ਦਰਜਨਾਂ ਹੀ ਗ਼ਦਰੀ ਪੁਲਿਸ ਦੇ ਹੱਥ ਆ ਗਏ ਸਨ, ਉਹ ਕਮਰਾ ਹੀ ਛਾਪੇ ਤੋਂ ਬਚਿਆ ਸੀ ਜਿੱਥੇ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਬੋਸ ਰੁਕਿਆ ਹੋਇਆ ਸੀ। ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਉਸ ਨੂੰ ਦਿੱਲੀ ਵੱਲ ਦੀ ਗੱਡੀ ਚੜ੍ਹਾ ਦਿੱਤਾ। ਬੋਸ ਸਿੱਧਾ ਦੇਹਰਾਦੂਨ ਪ੍ਰੋ. ਪੂਰਨ ਸਿੰਘ ਕੋਲ ਚਲਿਆ ਗਿਆ। ਜਿਥੇ ਉਹ ਪ੍ਰੋਫੈਸਰ ਸਾਹਿਬ ਦੇ ਅਧੀਨ ਜੰਗਲਾਤ ਵਿਭਾਗ ਵਿਚ ਨੌਕਰੀ ਕਰਦਾ ਰਿਹਾ ਸੀ। ਪ੍ਰੋ. ਪੂਰਨ ਸਿੰਘ ਹੋਰਾਂ ਨੇ ਉਸ ਨੂੰ ਬੱਚ ਬਚਾ ਕੇ ਜਪਾਨ ਭੇਜ ਦਿੱਤਾ, ਜਿਥੇ ਪ੍ਰੋ. ਸਾਹਿਬ ਦੇ ਪੜ੍ਹਾਈ ਦੌਰਾਨ ਦੇ ਦੋਸਤ ਰਹਿੰਦੇ ਸਨ। ਹੁਣ ਭਾਈ ਕਰਤਾਰ ਸਿੰਘ, ਭਾਈ ਜਗਤ ਸਿੰਘ ਤੇ ਭਾਈ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਨੇ ਅਫਗਾਨਿਸਤਾਨ ਦੀ ਸਰਹੱਦ ਵੱਲ ਬੱਚ ਕੇ ਨਿਕਲ ਜਾਣ ਦਾ ਫੈਸਲਾ ਕਰ ਲਿਆ। ਉਹ ਲਾਇਲਪੁਰ ਤੋਂ ਸ. ਹਰਚੰਦ ਸਿੰਘ ਰਾਈਸ ਲਾਇਲਪੁਰ ਜੋ ਰਕਾਬ ਗੰਜ ਐਜੀਟੇਸ਼ਨ ਦੇ ਆਗੂ ਸਨ, ਕੋਲੋਂ 100 ਰੁਪਿਆ ਲੈ ਕੇ ਪਠਾਣੀ ਭੇਸ ਧਾਰ ਕੇ ਪਿਸ਼ੌਰ ਚਲੇ ਗਏ। ਪਿਸ਼ੌਰ ਉਹ ਸਿੰਘ ਸਭਾ  ਦੇ ਗੁਰਦੁਆਰੇ ਵਿਚ ਠਹਿਰੇ, ਜਿਥੇ ਦਾ ਗ੍ਰੰਥੀ ਭਾਈ ਬਾਗ ਸਿੰਘ ਸੀ, ਭਾਈ ਬਾਗ ਸਿੰਘ ਦੀ ਸਿੱਖ ਪੰਥ ਵਿਚ ਚੰਗੀ ਮਾਨਤਾ ਸੀ। ਨਾਵਲਕਾਰ ਨਾਨਕ ਸਿੰਘ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ, ਜਿੰਨਾਂ ਨੇ ਉਸ ਨੂੰ ਇਕ ਹਿੰਦੂ ਤੋਂ ਸਿੱਖ ਬਣਨ ਦਾ ਕਾਇਆਂ ਕਲਪ ਕੀਤਾ ਸੀ।

ਭਾਈ ਕਰਤਾਰ ਸਿੰਘ ਸਰਾਭਾ ਸਣੇ ਸਵੇਰੇ ਤਿੰਨੇ ਜਣੇ ਊਠ ‘ਤੇ ਸਮਾਨ ਲੱਦ ਕੇ ਪਿਸ਼ੌਰ ਤੋਂ ਮਿਚਨੀ ਪਹੁੰਚ ਗਏ, ਇਹ ਥਾਂ ਉਤਰ ਪੱਛਮ ਵੱਲ ਹੈ, ਇਥੇ ਜਾ ਕੇ ਉਹ ਨਦੀ ਦੇ ਕਿਨਾਰੇ ਅਰਾਮ ਕਰਨ ਬੈਠ ਗਏ। ਭਾਈ ਕਰਤਾਰ ਸਿੰਘ ਨੇ ‘ਗ਼ਦਰ’ ਅਖਬਾਰ ਵਿਚ ਛੱਪ ਚੁਕੀ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ, ਜੋ ਉਸ ਦੇ ਮੂੰਹ ਜ਼ੁਬਾਨੀ ਯਾਦ ਸੀ।

”ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ,
ਅੱਗ ਲੱਗੀ ਦੇਸ਼ ਨਾ ਸਹਾਰੋ ਧੁੱਪ ਜੀ,
ਬੁਝਣੀ ਇਹ ਤਾਂ ਹੀ ਹੈ ਸਰੀਰ ਤੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ,
ਯੁੱਧ ਵਿਚ ਪਵੇਗਾ ਜ਼ਰੂਰ ਮਰਨਾ,
ਪਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸ਼ੇਰ ਹੋ ਕੇ ਗਿੱਦੜਾਂ ਦਾ ਕਰੋ ਕੰਮ ਉਏ,
ਸੁਣ ਕੇ ਗ਼ਦਰ ਦਿਲ ਖਾਵੇ ਗਮ ਉਏ,
ਗੀਦੀ ਬਣਂੋ ਸ਼ੇਰੋ ਕਿਉਂ ਮੈਦਾਨੋਂ ਭੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਹੱਥ ਸ਼ਮਸ਼ੇਰ ਕੁਦ ਪਓ ਮੈਦਾਨ ਜੀ,
ਮਾਰ ਮਾਰ ਵੈਰੀਆਂ ਦੇ ਲਾਹੋ ਘਾਣ ਜੀ,
ਵੈਰੀਆਂ ਦਾ ਆਓ ਲਹੂ ਪੀਏ ਰੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ,
ਕਾਇਰਤਾ ਗਰੀਬੀ ਮਿੱਟ ਜਾਵੇ ਤਾਪ ਤਾਂ,
ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ”

ਇਹ ਨਿਰੀ ਪੁਰੀ ਕਵਿਤਾ ਹੀ ਨਹੀਂ ਸੀ, ਪੂਰਾ ਸਿੱਖ ਇਤਿਹਾਸ ਤੇ ਗੁਰੂ ਸਾਹਿਬ ਉਨ੍ਹਾਂ ਦੇ ਸਾਹਮਣੇ ਆ ਖੜੇ ਸਨ। ਸਿੱਖ ਧਰਮ ਦਾ ਨੈਤਿਕ ਕਦਰ ਪ੍ਰਬੰਧ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸੀ, ਕਿ ਉਹ ਮੈਦਾਨੋਂ ਨੱਸ ਜਾਣ, ਇਹ ਆਪਣੇ ਗੁਰੂ ਵੱਲੋਂ ਪਿੱਠ ਮੋੜਨਾ ਸੀ। ਇਹ ਆਪਣੇ ਧਰਮ ਨੂੰ ਕਲੰਕ ਲਾਉਣਾ ਸੀ। ਰਾਸ ਬਿਹਾਰੀ ਸਾਹਮਣੇ ਅਜਿਹੀ ਕੋਈ ਰੋਕ ਨਹੀਂ ਸੀ। ਉਹ ਭੱਜ ਕੇ ਜਾਪਾਨ ਚਲਿਆ ਗਿਆ।

ਸਿੱਖ ਵਿਰਸੇ ਨੇ ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਪੈਰਾਂ ਨੂੰ ਜੂੜ ਪਾ ਲਿਆ ਸੀ। ਉਨ੍ਹਾਂ ਨੇ ਪਿੱਛੇ ਮੁੜ ਕੇ ਫਿਰ ਲੜਾਈ ਲੜਨ ਦਾ ਫੈਸਲਾ ਕਰ ਲਿਆ। ਮਿਚਨੀ ਤੋਂ ਵਾਪਿਸ ਪਿਸ਼ੌਰ ਪਰਤ ਆਏ। ਪਿਸ਼ੌਰ ਤੋਂ ਲਾਲੇਮੂਸਾ ਦਾ ਟਿਕਟ ਲਿਆ। ਉਥੋਂ ਗੱਡੀ ਬਦਲ ਕੇ ਬਲਵਾਲ ਜਾ ਪਹੁੰਚੇ, ਪਠਾਣੀ ਕੱਪੜੇ ਲਾਹ ਕੇ ਗੱਠੜੀ ਵਿਚ ਬੰਨ ਲਏ। ਸਟੇਸ਼ਨ ਦੇ ਲਾਗੇ ਹੀ ਚੱਕ  ਨੰਬਰ 5 ਸੀ, ਇਥੋਂ ਦੇ ਪੈਨਸਨੀ ਸਿਪਾਹੀ ਰਾਜਿੰਦਰ ਸਿੰਘ ਨੇ ਭਾਈ ਜਗਤ ਸਿੰਘ ਨੂੰ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ। ਰਾਜਿੰਦਰ ਸਿੰਘ ਨੇ ਰਸਾਲਦਾਰ ਗੰਡਾ ਸਿੰਘ ਨੂੰ ਦੱਸ ਦਿੱਤਾ , ਉਸ ਨੇ ਪੁਲਿਸ ਕੋਲ ਮੁਖ਼ਬਰੀ ਕਰ ਦਿੱਤੀ। ਸੀ.ਆਈ.ਡੀ. ਦੇ ਡਿਪਟੀ ਐਲ.ਐਲ. ਟਾਪਕਿਨ ਅਤੇ ਦਰੋਗਾ ਲਿਆਕਤ ਖਾਨ ਨੇ ਭਾਰੀ ਫੋਰਸ ਲਿਜਾ ਕੇ ਤਿੰਨ ਮਾਰਚ 1915 ਨੂੰ ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਭਾਈ ਹਰਨਾਮ ਸਿੰਘ ਕੋਟਲਾ ਨੂੰ ਗ੍ਰਿਫਤਾਰ ਕਰ ਲਿਆ।

ਫਾਂਸੀ ਦੇ ਤਖਤੇ ਤੋਂ
ਸਰਾਭੇ ਹੋਰਾਂ ਸਮੇਤ ਲਾਹੌਰ ਵਿਚ 82 ਗ਼ਦਰੀਆਂ ‘ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਜਿਸ ਵਿਚ 62 ਮੁਲਜ਼ਮ ਹਾਜ਼ਰ ਸਨ। ਇਸ ਕੇਸ ਵਿਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਨਿਧਾਨ ਸਿੰਘ ਚੁੱਘਾ ਸਮੇਤ ਗ਼ਦਰ ਲਹਿਰ ਦੀ ਲਗਭਗ ਸਮੁੱਚੀ ਲੀਡਰਸ਼ਿੱਪ ਸ਼ਾਮਿਲ ਸੀ। ਜੇਲ੍ਹ ਵਿਚ ਵਿਆਹ ਵਰਗਾ ਮਾਹੌਲ ਸੀ। ਕਿਸੇ ਨੂੰ ਵੀ ਮੌਤ ਦਾ ਭੈਅ ਨਹੀਂ ਸੀ। ਦਿਨ ਰਾਤ ਜੇਲ੍ਹ ਵਿਚ ਗੁਰਬਾਣੀ ਦਾ ਪਾਠ ਤੇ ਕੀਰਤਨ ਚੱਲਦਾ ਰਹਿੰਦਾ ਸੀ। ਗ਼ਦਰੀ ‘ਗ਼ਦਰ ਦੀਆਂ ਗੂੰਜਾਂ’ ਦੀਆਂ ਕਵਿਤਾਵਾਂ ਗਾਉਂਦੇ ਰਹਿੰਦੇ ਸਨ। ਭਾਈ ਕਰਤਾਰ ਸਿੰਘ ਸਰਾਭਾ ਦੇ ਚਿਹਰੇ ‘ਤੇ ਅਨੋਖਾ ਜਲਾਲ ਸੀ। ਉਹ ਦਿਨ ਰਾਤ ਹੱਸਦਾ ਖੇਡਦਾ ਰਹਿੰਦਾ ਸੀ ਤੇ ਸਭ ਦਾ ਮਨ ਪਰਚਾਈ ਰੱਖਦਾ ਸੀ। ਜੇਲ੍ਹ ਅਮਲੇ ਤੋਂ ਉਹ ਭੋਰਾ ਵੀ ਨਹੀਂ ਝਿਪਦਾ ਸੀ। ਸੁਰਪਡੈਂਟ ਨੂੰ ਹੱਸ ਕੇ ਆਖਦਾ ਸੀ, ਤੁਸੀਂ ਸਾਨੂੰ ਫਾਂਸੀ ਹੀ ਦੇ ਦਿਉਂਗੇ? ਹੋਰ ਕੀ ਕਰ ਲਉਂਗੇ?

ਮੁਕੱਦਮੇ ਦੌਰਾਨ ਜੱਜਾਂ ਨੇ ਲਿਖਿਆ ਸੀ ਕਿ ” ਆਪਣੀ ਉਮਰ ਦੇ ਬਾਵਜੂਦ ਉਹ ਉਨ੍ਹਾਂ 61 ਮੁਲਜ਼ਮਾਂ ਵਿਚੋਂ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿਚੋਂ ਇਕ ਹੈ, ਤੇ ਉਸ ਦਾ ‘ਡੋਜੀਅਰ’ (ਗੁਪਤ ਫਾਈਲ) ਸਭ ਤੋਂ ਭਾਰੀ ਹੈ। ਇਸ ਸਾਜ਼ਿਸ਼ ਵਿਚ ਅਮਰੀਕਾ ਸਮੇਤ ਰਸਤੇ ਦੇ ਅਤੇ ਭਾਰਤ ਵਿਚ ਅਜਿਹੀ ਕੋਈ ਕਾਰਵਾਈ ਨਹੀਂ ਜਿਸ ਵਿਚ ਮੁਲਜ਼ਮ ਨੇ ਆਪਣੀ ਭੂਮਿਕਾ ਨਾ ਨਿਭਾਈ ਹੋਵੇ।” ਮੁਕੱਦਮੇ ਦੌਰਾਨ ਜਿਸ ਦਲੇਰੀ ਨਾਲ ਭਾਈ ਕਰਤਾਰ ਸਿੰਘ ਨੇ ਬਿਆਨ ਦਿੱਤੇ ਸਨ, ਉਸ ਨੇ ਜੱਜਾਂ ਨੂੰ ਵੀ ਅਚੰਭੇ ਵਿਚ ਪਾ ਦਿੱਤਾ। ਉਸ ਨੂੰ ਮੌਤ ਦਾ ਭੋਰਾ ਭੈਅ ਨਹੀਂ ਸੀ। ਜੱਜਾਂ ਨੇ 13 ਸਤੰਬਰ 1915 ਨੂੰ ਫੈਸਲਾ ਸੁਣਾਇਆ। ਜਿਸ ਵਿਚ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਾਇਸਰਾਏ ਨੇ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ। ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ ਸੁਰ ਸਿੰਘ ਵਾਲਾ, ਸੀ੍ਰ ਵਿਸ਼ਨੂ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ ਗਿੱਲ ਵਾਲੀ, ਸੁਰੈਣ ਸਿੰਘ ਇਕ ਤੇ ਸੁਰੈਣ ਸਿੰਘ ਦੂਜਾ,ਹਰਨਾਮ ਸਿੰਘ ਸਿਆਲਕੋਟੀ ਸਮੇਤ 7 ਜਣਿਆਂ ਦੀ ਫਾਂਸੀ ਬਰਕਰਾਰ ਰੱਖੀ ਗਈ।

ਅਖੀਰ ਫਾਂਸੀ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਸਰਾਭੇ ਦਾ ਦਾਦਾ ਬਦਨ ਸਿੰਘ ਆਖਰੀ ਮੁਲਾਕਾਤ ਕਰਨ ਲਈ ਆਇਆ। ਉਸ ਵਕਤ ਕਰਤਾਰ ਸਿੰਘ ਦੇ ਚਿਹਰੇ ‘ਤੇ ਅਨੋਖਾ ਜਲਾਲ ਸੀ। ਦਾਦਾ ਪੋਤਰੇ ਨੂੰ ਦੇਖ ਕੇ ਭਾਵਨਾਵਾਂ ਦੇ ਵਹਿਣ ਵਿਚ ਵਹਿ ਤੁਰਿਆ। ਦਾਦੇ ਨੂੰ ਫਿੱਸਿਆ ਦੇਖ ਕੇ ਭਾਈ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ, ”ਬਾਬਾ ਜੀ ਗੁਰਸਿੱਖ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ?” ਪੋਤਰੇ ਦਾ ਹੌਸਲਾ ਦੇਖ ਕੇ ਦਾਦਾ ਵੀ ਮੁੜ ਚੜ੍ਹਦੀਆਂ ਕਲਾਂ ਵਿਚ ਹੋ ਗਿਆ ਸੀ।

15 ਨਵੰਬਰ ਦੀ ਰਾਤ ਨੂੰ ਜੇਲ੍ਹ ਵਿਚ ਕੋਈ ਨਾ ਸੁੱਤਾ, ਸਾਰਿਆਂ ਨੇ ਰਲ ਕੇ ਇਕ ਸਾਂਝੀ ਕਵਿਤਾ ਤਿਆਰ ਕੀਤੀ, ਜੋ ਰਲ ਮਿਲ ਕੇ ਪੜ੍ਹੀ ਗਈ। 16 ਨਵੰਬਰ ਨੂੰ ਅੰਮ੍ਰਿਤ ਵੇਲੇ ਭਾਈ ਕਰਤਾਰ ਸਿੰਘ ਸਮੇਤ ਸੱਤਾਂ ਜਣਿਆਂ ਨੂੰ ਕੇਸੀ ਇਸ਼ਨਾਨ ਕਰਵਾਇਆ ਗਿਆ। ਫਾਂਸੀ ਦੇ ਤਖਤਿਆਂ ਵੱਲ ਜਾਂਦੇ ਹੋਏ ਸਰਾਭੇ ਹੋਰਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ:

”ਸੁਣਨਾ ਖਾਲਸਾ ਸੀ ਸਾਡੇ ਕੂਚ ਡੇਰੇ,
ਅਸੀਂ ਆਖਰੀ ਫਤਿਹ ਗਜਾ ਚਲੇ,
ਕੰਮ ਅਸਾਂ ਦੇ ਅੱਜ ਤੋਂ ਖਤਮ ਹੋ ਗਏ,
ਕੰਮ ਤੁਸਾਂ ਦੇ ਸ਼ੁਰੂ ਕਰਵਾ ਚੱਲੇ।”

ਕੋਠੜੀਆਂ ਵਿਚ ਬੰਦ ਕੈਦੀਆਂ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ ‘ਸੱਚਖੰਡ ਜਾਣ ਵਾਲਿਓ ਸਾਡੇ ਜਾ ਕੇ ਸੁਨਹਿੜੇ ਤੁਸੀਂ ਦੇਣੇ’ ਉਨ੍ਹਾਂ ਦੇ ਜਾਂਦਿਆਂ ਹੀ ਕੋਠੜੀਆਂ ਵਿਚੋਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉਠੇ, ਜੋ ਲਗਾਤਾਰ ਗੂੰਜਦੇ ਰਹੇ। ਉਧਰ ਸੱਤੇ ਰੂਹਾਂ ਅੰਮ੍ਰਿਤ ਵੇਲੇ ਸੱਚਖੰਡ ਵੱਲ ਉਡਾਰੀ ਮਾਰ ਗਈਆਂ।

ਬੱਬਰ ਕਰਤਾਰ ਸਿੰਘ ਨਿੱਝਰ

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਪਿੰਡ ਪੰਡੋਰੀ ਨਿੱਝਰਾਂ, ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ. 38 ਅਤੇ ਰਕਬਾ ਜ਼ਮੀਨ 511 ਹੈਕਟੇਅਰ ਹੈ। ਇਹ ਪਿੰਡ ਆਦਮਪੁਰ ਦੁਆਬਾ ਤੋਂ ਭੋਗਪੁਰ ਨੂੰ ਜਾਣ ਵਾਲੀ ਸੜਕ ਤੋਂ ਤਿੰਨ ਕੁ ਮੀਲ ਜਾ ਕੇ ਸੱਜੇ ਹੱਥ ਅੱਧਾ ਕੁ ਮੀਲ 'ਤੇ ਹੈ। ਮੁੱਖ ਸੜਕ ਤੋਂ ਪਿੰਡ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਵਾਲਿਆਂ ਨੇ ਬੱਬਰਾਂ ਦੀ ਯਾਦ ਵਿੱਚ ਗੇਟ ਬਣਾਇਆ ਹੋਇਆ ਹੈ। ਬੱਬਰ ਅਕਾਲੀ ਲਹਿਰ ਵਿੱਚ ਇਸ ਪਿੰਡ ਦੇ ਨਿੱਝਰ ਗੋਤ ਵਾਲਿਆਂ ਦਾ ਸਭ ਤੋਂ ਵੱਧ ਯੋਗਦਾਨ ਹੈ। 

ਨਿੱਝਰ ਗੋਤ ਬਾਰੇ ਡਾ. ਬਖਸ਼ੀਸ਼ ਸਿੰਘ ਨਿੱਝਰ, ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼ ਦਾ ਕਥਨ ਹੈ ਕਿ ਨਿੱਝਰ ਗੋਤ ਰਾਜਪੂਤ ਗੋਤ ਤੇ ਬਾਬਾ ਰਾਣਾ ਦੀ ਅਗਵਾਈ ਵਿੱਚ ਆਪਣਾ ਪਿੰਡ ਨਿਜਰੌਲੀਆਂ ਜ਼ਿਲ੍ਹਾ ਗੁੜਗਾਉਂ ਛੱਡ ਕੇ ਚਾਰ ਕੁ ਸੌ ਸਾਲ ਪਹਿਲਾਂ ਆ ਕੇ ਪਹਿਲਾਂ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿੱਚ ਅਬਾਦ ਹੋਏ। ਉਹ ਲੇਖਕ ਨੂੰ ਦੱਸਿਆ ਕਰਦੇ ਸਨ ਕਿ ਕੇਵਲ ਰਾਜਪੂਤ ਹੀ ਰਾਣਾ ਖਿਤਾਬ ਦੇ ਹੱਕਦਾਰ ਸਨ। ਬਾਬਾ ਰਾਣਾ ਦੀ ਸਮਾਧ 'ਤੇ ਨਿੱਝਰ ਆਪਣੇ ਨਵੇਂ ਵਿਆਹੇ ਜੋੜਿਆਂ ਨੂੰ ਮੱਥਾ ਟਿਕਾਉਣ ਲਿਆਉਂਦੇ ਹਨ। ਡੁਮੇਲੀ ਤੋਂ ਬਾਅਦ ਨਿੱਝਰ ਜੱਟ ਹੋਰ ਕਈ ਪਿੰਡਾਂ ਵਿੱਚ ਅਬਾਦ ਹੋ ਗਏ। 

ਬੱਬਰ ਕਰਤਾਰ ਸਿੰਘ ਦੇ ਪਿਤਾ ਸ. ਦੇਵਾ ਸਿੰਘ ਗਦਰ ਲਹਿਰ ਦੇ ਦਿਨਾਂ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੈਨੇਡਾ ਦੀ ਕਮਾਈ ਛੱਡ ਕੇ ਪਿੰਡ ਆ ਗਿਆ ਸੀ। ਉਸ ਦੀ ਸਿੱਖਿਆ 'ਤੇ ਹੀ ਉਸ ਦੇ ਪੁੱਤਰ ਕਰਤਾਰ ਸਿੰਘ ਉਮਰ 20 ਸਾਲ ਅਤੇ ਹੁਕਮ ਸਿੰਘ ਉਮਰ 18 ਸਾਲ ਬੱਬਰਾਂ ਦੀ ਸੇਵਾ ਕਰਦੇ ਉਨ੍ਹਾਂ ਦੇ ਹੀ ਹਮਖਿਆਲ ਬਣ ਗਏ। ਸੰਨ 1922 ਅਤੇ 1923 ਵਿੱਚ ਚੋਟੀ ਦੇ ਬੱਬਰ ਕਰਮ ਸਿੰਘ ਦੌਲਤਪੁਰ, ਬਾਬੂ ਸੰਤਾ ਸਿੰਘ ਛੋਟੀ ਹਰਿਉਂ, ਬੱਬਰ ਧੰਨਾ ਸਿੰਘ ਬਹਿਬਲਪੁਰ ਅਤੇ ਇਸੇ ਪਿੰਡ ਦੇ ਵਤਨ ਸਿੰਘ ਝੀਰ ਕਈ-ਕਈ ਦਿਨ ਪਿੰਡ ਪੰਡੋਰੀ ਨਿੱਝਰਾਂ ਰਹਿੰਦੇ ਸਨ। ਪਿੰਡ ਦਾ ਬਹੁਤ ਸਾਰੀ ਬੇਅਬਾਦ ਜ਼ਮੀਨ ਵਿੱਚ ਦਰਖਤਾਂ ਦੀ ਸੰਘਣੀ ਝਿੜੀ ਵਿੱਚ ਇੱਕ ਛੰਨਪਾਈ ਹੋਈ ਸੀ, ਜੋ ਕਿ ਬੱਬਰਾਂ ਦੀ ਛੁਪਣਗਾਹ ਸੀ। ਪਿੰਡ ਦੇ ਨੌਜਵਾਨ ਘਰਾਂ ਤੋਂ ਲਿਆ ਕੇ ਉਨ੍ਹਾਂ ਦੀ ਲੰਗਰ ਪਾਣੀ ਦੀ ਪੂਰੀ ਸੇਵਾ ਕਰਦੇ ਸਨ। ਉਨ੍ਹਾਂ ਵਿੱਚ ਹੀ ਬੱਬਰ ਕਰਤਾਰ ਸਿੰਘ ਸਨ। 

ਉਸ ਉੱਤੇ ਇਹ ਦੋਸ਼ ਸਾਬਤ ਹੋ ਗਿਆ ਕਿ ਉਸ ਨੇ ਗਦਾਰ ਲਾਭ ਸਿੰਘ ਢੱਡੇ ਫਤੇਹ ਸਿੰਘ ਅਤੇ ਅਰਜਨ ਸਿੰਘ ਪਟਵਾਰੀ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਲਿਆ ਸੀ। ਉਸ ਵਿਰੁੱਧ ਪੰਡੋਰੀ ਨਿੱਝਰਾਂ ਦੇ ਦੋਨੋਂ ਲੰਬੜਦਾਰਾਂ ਅਤੇ ਦੋਨੋਂ ਚੌਂਕੀਦਾਰਾਂ ਮੌਲੂ ਅਤੇ ਜੀਵਨ ਨੇ ਠੋਕ ਕੇ ਗਵਾਹੀਆਂ ਦਿੱਤੀਆਂ ਸਨ। ਖਾਸਕਰ ਸਰਕਾਰ ਦੇ ਝੋਲੀਚੁੱਕ ਰਣਜੀਤ ਸਿੰਘ ਉਰਫ ਅਜੀਤ ਸਿੰਘ ਨੇ ਉਸ ਨੂੰ ਬਹੁਤ ਖਤਰਨਾਕ ਬੱਬਰ ਅਕਾਲੀ ਦੱਸਿਆ ਸੀ। ਐਡੀਸ਼ਨਲ ਸ਼ੈਸ਼ਨ ਜੱਜ ਮਿਸਟਰ ਟੱਪ ਨੇ ਉਸ ਦੀ ਜਵਾਨੀ ਦਾ ਲਿਹਾਜ ਕਰਕੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਜਦੋਂ ਹਾਈਕੋਰਟ ਨੇ ਉਸ ਦੇ ਕੇਸ 'ਤੇ ਨਜ਼ਰਸਾਨੀ ਕੀਤੀ ਤਾਂ ਲੰਬੜਦਾਰ, ਚੌਂਕੀਦਾਰਾਂ ਅਤੇ ਅਜੀਤ ਸਿੰਘ ਦੀਆਂ ਠੋਸ ਗਵਾਹੀਆਂ ਕਾਰਨ ਉਸ ਨੂੰ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਡਾ. ਬਖਸ਼ੀਸ਼ ਸਿੰਘ ਨਿੱਝਰ ਹੁਰੀਂ ਇਸ ਬੱਬਰ ਨੂੰ 1985 'ਚ ਮਿਲੇ ਤਾਂ ਉਹ 84 ਸਾਲ ਦੀ ਉਮਰ ਵਿੱਚ ਚੰਗਾ ਸਿਹਤਮੰਦ ਸੀ।

ਬੱਬਰ ਪੰਡਤ ਸੁੰਦਰ

- ਵਾਸਦੇਵ ਸਿੰਘ ਪਰਹਾਰ 
ਫੋਨ 206-434-1155
ਬੱਬਰ ਸੁੰਦਰ ਪੁੱਤਰ ਪੰਡਤ ਨੰਦ ਨਾਲ ਭਨੋਟ ਗੋਤ ਦਾ ਬ੍ਰਾਹਮਣ ਪਿੰਡ ਕੋਟ ਫਤੂਹੀ ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਬੱਬਰ ਅਕਾਲੀ ਲਹਿਰ ਵਿੱਚ ਭਾਗ ਲੈਣ ਸਮੇਂ ਉਹ ਤੀਹ ਕੁ ਸਾਲ ਦਾ ਚੰਗੀ ਸਿਹਤ ਵਾਲਾ ਜਵਾਨ ਸੀ। ਕੋਟ ਫਤੂਹੀ ਪਿੰਡ ਵਿੱਚ ਉਨ੍ਹਾਂ ਦੀ ਹਲਵਾਈ ਦੀ ਦੁਕਾਨ ਸੀ। 
ਸੁੰਦਰ ਨੇ ਭਾਵੇਂ ਕਿਸੇ ਝੋਲੀ ਚੁੱਕ ਦੇ ਕਤਲ ਵਿੱਚ ਹਿੱਸਾ ਨਹੀਂ ਲਿਆ ਸੀ ਪਰ ਬੱਬਰ ਅਕਾਲੀ ਜਥੇ ਦੀਆਂ ਸਰਗਰਮੀਆਂ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਸੀ। ਪਿੰਡ ਕੋਟ ਫਤੂਹੀ ਬੱਬਰਾਂ ਦੀ ਹਾਈਕੋਰਟ ਸੀ ਅਤੇ ਚੋਟੀ ਦੇ ਬੱਬਰਾਂ ਦੀਆਂ ਮੀਟਿੰਗਾਂ ਇੱਥੇ ਹੁੰਦੀਆਂ ਰਹਿੰਦੀਆਂ ਸਨ। ਪੰਡਤ ਸੁੰਦਰ ਮੋਢੇ 'ਤੇ ਹਲਵਾਈਆਂ ਵਾਲਾ ਖੁਰਚਣਾ ਰੱਖੀ, ਪਿੰਡ ਦੇ ਆਲੇ ਦੁਆਲੇ ਅਤੇ ਪਿੰਡ ਵਿੱਚ ਪੂਰੀ ਨਿਗ੍ਹਾ ਰੱਖਦਾ ਕਿ ਕੋਈ ਪੁਲਿਸ ਵਾਲਾ ਵਰਦੀ ਜਾਂ ਸਫੈਦ ਕੱਪੜਿਆਂ ਵਿੱਚ ਪਿੰਡ ਨਾ ਆਵੇ। ਪਿੰਡ ਦੇ ਲੋਕਾਂ ਨੂੰ ਉਹ ਆਖਦਾ ਕਿ ਕਿਸੇ ਪੁਲਿਸ ਵਾਲੇ ਨੂੰ ਕੋਈ ਚਾਹ ਤਾਂ ਕੀ ਪਾਣੀ ਵੀ ਨਾ ਪਿਲਾਵੇ। 
ਪੁਲਿਸ ਪਿੰਡ ਕੋਟ ਫਤੂਹੀ ਵੜਨ ਦਾ ਹੌਂਸਲਾ ਨਾ ਕਰਦੀ। ਉਸ 'ਤੇ ਇਲਜ਼ਾਮ ਸੀ ਕਿ ਉਹ ਬੱਬਰ ਅਕਾਲੀ ਦੁਆਬਾ ਅਖਬਾਰ ਪਿੰਡ ਵਿੱਚ ਵੰਡਦਾ ਸੀ ਅਤੇ ਛਪੇ ਇਸ਼ਤਿਹਾਰ ਪਿੰਡ ਦੀਆਂ ਕੰਧਾਂ 'ਤੇ ਲਾਉਂਦਾ ਹੁੰਦਾ ਸੀ। ਮਿ. ਲੁਈਸ ਏ. ਬੁੱਲ ਦੀ ਅਦਾਲਤ ਵਿੱਚ ਬੱਬਰ ਸੁੰਦਰ ਨੇ ਬਿਆਨ ਦਿੱਤਾ ਕਿ ਦਲੀਪੇ ਸਿਪਾਹੀ ਨੇ ਉਸ ਨੂੰ ਬਹੁਤ ਕੁੱਟਿਆ। ਪੁਲਿਸ ਸਾਰਾ ਦਿਨ ਹੀ ਉਸ ਨੂੰ ਕੁੱਟਦੀ ਅਤੇ ਰਾਤ ਨੂੰ ਉਣੀਂਦਾ ਰੱਖਦੀ ਕਿ ਉਹ ਤਸੀਹਿਆਂ ਤੋਂ ਡਰ ਕੇ ਬੱਬਰਾਂ ਵਿਰੁੱਧ ਬਿਆਨ ਦੇਣਾ ਮੰਨ ਜਾਵੇ ਪਰ ਇਹ ਡੋਲਿਆ ਨਹੀਂ। ਪੁਲਿਸ ਵਲੋਂ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ। 
ਗਵਾਹੀਆਂ ਦੇਣ ਵਾਲੇ ਵੀ ਉਸ ਤੋਂ ਡਰਦੇ ਸਨ, ਇਸ ਲਈ ਕੋਈ ਵੀ ਉਸ ਵਿਰੁੱਧ ਗਵਾਹੀ ਦੇਣ ਲਈ ਤਿਆਰ ਨਾ ਹੋਇਆ। ਮਿਸਟਰ ਜੇ. ਕੇ. ਟੱਪ ਸੈਸ਼ਨ ਜੱਜ ਨੇ ਫੈਸਲਾ ਸੁਣਾਉਂਦਿਆਂ ਲਿਖਿਆ, ''ਸੁੰਦਰ ਦੇ ਖਿਲਾਫ ਭੁਗਤੀਆਂ ਗਵਾਹੀਆਂ ਸਾਬਤ ਨਹੀਂ ਕਰਦੀਆਂ ਕਿ ਉਸ ਨੇ ਬੱਬਰ ਕੰਸਪਾਇਰੇਸੀ ਕੇਸ ਵਿੱਚ ਹਿੱਸਾ ਪਾਇਆ ਹੋਵੇ। ਮੈਂ ਅਸੈਸਰਜ਼ ਨਾਲ ਸਹਿਮਤ ਨਹੀਂ ਹਾਂ। ਇਸ ਲਈ ਮੈਂ ਉਸ ਨੂੰ ਦੋਸ਼ੀ ਨਾ ਸਮਝਦਾ ਹੋਇਆ ਬਰੀ ਕਰਦਾ ਹਾਂ।'' 
ਇਸ ਬੱਬਰ ਨੇ ਪੰਡਤਾਂ ਦੀ ਲਾਜ ਰੱਖ ਕੇ ਆਜ਼ਾਦੀ ਦੀ ਲਹਿਰ ਵਿੱਚ ਆਪਣਾ ਯੋਗ ਹਿੱਸਾ ਪਾਇਆ

ਬੱਬਰ ਬਚਿੰਤ ਸਿੰਘ ਡਮੁੰਡਾ

-ਵਾਸਦੇਵ ਸਿੰਘ ਪਰਹਾਰ ਫੋਨ 206-434-1155
ਪਿੰਡ ਡਮੁੰਡਾ ਜ਼ਿਲ੍ਹਾ ਜਲੰਧਰ ਦੀ ਹੱਦ ਬਸਤ ਨੰ. 64 ਅਤੇ ਰਕਬਾ ਜ਼ਮੀਨ 397 ਹੈਕਟੇਅਰ ਹੈ। ਇਹ ਕਸਬਾ ਆਦਮਪੁਰ ਤੋਂ ਚੜ੍ਹਦੇ ਵੱਲ ਨੂੰ ਜਾਂਦੀ ਨਹਿਰ 'ਤੇ ਚਾਰ ਕੁ ਮੀਲ 'ਤੇ ਨਹਿਰ ਤੋਂ ਅੱਧਾ ਕੁ ਮੀਲ ਉੱਤਰ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਦੇ ਕਈ ਸੂਰਮਿਆਂ ਨੇ ਦੇਸ਼ ਦੀ ਆਜ਼ਾਦੀ ਲਈ ਬੱਬਰ ਅਕਾਲੀ ਲਹਿਰ ਸਮੇਂ ਪੁਲਿਸ ਦੇ ਤਸ਼ੱਦਦ ਝੱਲੇ, ਜਾਇਦਾਦਾਂ ਕੁਰਕ ਕਰਵਾਈਆਂ, ਜੂਹਬੰਦ ਕੀਤੇ ਗਏ ਪਰ ਅੰਗਰੇਜ਼ ਸਰਕਾਰ ਤੋਂ ਮਾਫੀ ਨਾ ਮੰਗੀ। ਇਸ ਪਿੰਡ ਦੇ ਬੱਬਰ ਬਚਿੰਤ ਸਿੰਘ ਦਾ ਨਾਂਅ ਬੱਬਰ ਅਕਾਲੀ ਟਰਾਇਲ ਕੇਸ ਨੰ. 3, ਜਿਹੜਾ ਕਿ ਮਿਸਟਰ ਹੈਰੀਸਨ ਐਡੀਸ਼ਨਲ ਸੈਸ਼ਨ ਜੱਜ ਲਾਹੌਰ ਦੀ ਅਦਾਲਤ ਵਿੱਚ ਚੱਲਿਆ, 22 ਨੰਬਰ 'ਤੇ ਹੈ। ਇਸ ਕੇਸ 'ਚ 37 ਬੱਬਰਾਂ ਦੇ ਨਾਂਅ ਹਨ। 
ਬੱਬਰ ਬਚਿੰਤ ਸਿੰਘ 4 ਅਪ੍ਰੈਲ, 1925 ਨੂੰ ਗ੍ਰਿਫਤਾਰ ਹੋਇਆ ਅਤੇ 20 ਫਰਵਰੀ, 1926 ਨੂੰ ਉਸ ਨੂੰ ਉਮਰ ਕੈਦ ਹੋਈ। ਉਸ ਨੂੰ ਖਤਰਨਾਕ ਬੱਬਰ ਸਮਝ ਕੇ ਅੰਗਰੇਜ਼ ਸਰਕਾਰ ਨੇ ਉਸ ਨੂੰ ਕਾਲ਼ੇਪਾਣੀ (ਅੰਡੇਮਾਨ) ਭੇਜ ਦਿੱਤਾ। ਬਹੁਤੇ ਬੱਬਰਾਂ ਦੀ ਤਰ੍ਹਾਂ ਬਚਿੰਤ ਸਿੰਘ ਨੇ ਕੁਝ ਸਮਾਂ ਫੌਜ ਦੀ ਨੌਕਰੀ ਕੀਤੀ ਸੀ। ਉਸ ਦੇ ਵਿਚਾਰ ਦੇਸ਼ ਲਈ ਕੁਝ ਕਰਨ ਦੇ ਸਨ, ਜਿਸ ਕਰਕੇ ਉਸ ਨੇ ਸ਼ਾਦੀ ਦੇ ਬੰਧਨ ਵਿੱਚ ਨਾ ਫਸਣ ਦਾ ਫੈਸਲਾ ਕੀਤਾ। ਉਹ ਇਸ ਲਹਿਰ ਦੇ ਚੋਟੀ ਦੇ ਬੱਬਰਾਂ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ, ਬਾਬੂ ਸੰਤਾ ਸਿੰਘ ਛੋਟੀ ਹਰਿਉਂ, ਬੰਤਾ ਸਿੰਘ ਧਾਮੀਆਂ ਅਤੇ ਵਰਿਆਮ ਸਿੰਘ ਧੁੱਗਾ ਦੇ ਬਹੁਤ ਨੇੜੇ ਸੀ। ਬੱਬਰਾਂ ਦੇ ਵੱਡੇ-ਵੱਡੇ ਕਾਰਨਾਮਿਆਂ ਵਿੱਚ ਹਿੱਸਾ ਲੈਂਦਾ ਰਿਹਾ। ਕੋਟਲੀ ਬਾਵਾ ਦਾਸ ਦੇ ਝੋਲੀਚੁੱਕ ਮੁਖਬਰ ਜਵਾਲਾ ਸਿੰਘ ਦੇ ਕਤਲ ਵਿੱਚ 13-14 ਨਵੰਬਰ, 1923 ਨੂੰ ਉਸ ਨੇ ਹਿੱਸਾ ਪਾਇਆ ਸੀ। 
ਬੱਬਰ ਕਰਮ ਸਿੰਘ ਦੌਲਤਪੁਰ ਸਟੇਜਾਂ ਤੋਂ ਕਿਹਾ ਕਰਦੇ ਸਨ -
ਝੋਲੀ-ਚੁੱਕ ਹਰਾਂਬੜੇ ਸੱਚ ਦੱਸਾਂ,
ਬੱਬਰ ਵੱਢਣਗੇ ਵਾਂਗ ਗੰਡੇਰੀਆਂ ਦੇ। 
12 ਦਸੰਬਰ, 1923 ਨੂੰ ਕਠਾਰ ਲਾਗੇ ਪਿੰਡ ਮੰਡੇਰਾਂ 'ਚ ਬੱਬਰਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਮੰਡੇਰਾਂ ਦੇ ਜਗਤ ਸਿੰਘ ਨੇ ਬੱਬਰਾਂ ਨਾਲ ਵਿਸ਼ਵਾਸਘਾਤ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਇਸ ਸਾਕੇ ਵਿੱਚ ਦੋ ਬੱਬਰ ਬੰਤਾ ਸਿੰਘ ਧਾਮੀਆਂ ਅਤੇ ਜੁਆਲਾ ਸਿੰਘ ਸਹੋਤਾ ਫਤਹਿਪੁਰ ਕੋਠੀ ਤਾਂ ਸ਼ਹੀਦ ਹੋ ਗਏ ਪਰ ਬੱਬਰ ਵਰਿਆਮ ਸਿੰਘ ਧੁੱਗਾ ਪੁਲਿਸ ਦੇ ਸਿਪਾਹੀ ਵਜ਼ੀਰ ਖਾਨ ਨੂੰ ਜ਼ਖਮੀ ਕਰਕੇ ਬਚ ਨਿੱਕਲਿਆ। ਪੁਲਿਸ ਨੇ ਚੁਬਾਰੇ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਵਰਿਆਮ ਸਿੰਘ ਧੁੱਗਾ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਸੀ। ਮੰਡੇਰਾਂ ਤੋਂ ਭੱਜ ਕੇ ਉਹ ਤਿੰਨ ਕੁ ਮੀਲ ਦੱਖਣ ਵੱਲ ਪਿੰਡ ਡਮੁੰਡਾ ਬਚਿੰਤ ਸਿੰਘ ਕੋਲ ਬੜੀ ਨਾਜ਼ੁਕ ਹਾਲਤ ਵਿੱਚ ਪਹੁੰਚਿਆ। 
ਬਚਿੰਤ ਸਿੰਘ ਨੇ ਤਿੰਨ ਦਿਨ ਤੱਕ ਉਸ ਹੀ ਮਰਹਮ ਪੱਟੀ ਕੀਤੀ, ਪਰ ਫਿਰ ਪਿੰਡ ਤੋਂ ਮੁਖਬਰ ਤੋਂ ਵਰਿਆਮ ਸਿੰਘ ਨੂੰ ਬਚਾਉਣ ਲਈ ਆਪਣੇ ਸਾਈਕਲ 'ਤੇ ਬਿਠਾ ਕੇ ਉਸ ਨੂੰ ਪਿੰਡ ਦੌਲਤਪੁਰ (ਨੇੜੇ ਕਾਲ਼ਾ ਬੱਕਰਾ) ਜ਼ਿਲ੍ਹਾ ਜਲੰਧਰ ਵਿਖੇ ਛੱਡ ਆਇਆ। ਮੰਡੇਰਾਂ ਦਾ ਮੁਖਬਰ ਜਗਤਾ ਸੂਹ ਲੈਣ ਲਈ ਡਮੁੰਡੇ ਆਇਆ, ਜਿਸ ਤੋਂ ਚੌਕੰਨਾ ਹੋ ਕੇ ਬਚਿੰਤ ਸਿੰਘ ਨੂੰ ਉਸ ਨੂੰ ਆਪਣੇ ਘਰੋਂ ਪਰ੍ਹੇ ਕਰਨਾ ਪਿਆ। ਉਸ ਸਮੇਂ ਪਿੰਡਾਂ ਵਿੱਚ ਘਰਾਂ ਦੇ ਬੂਹੇ ਦਿਨ ਵੇਲੇ ਕੋਈ ਬੰਦ ਨਹੀਂ ਸਨ ਕਰਦੇ ਅਤੇ ਲੋਕੀਂ ਇੱਕ ਦੂਜੇ ਦੇ ਘਰ ਬਿਨਾਂ ਬੂਹਾ ਖੜਕਾਏ ਜਾਣਾ ਗਲਤ ਨਹੀਂ ਸਮਝਦੇ ਸਨ। ਬੱਬਰ ਬਚਿੰਤ ਸਿੰਘ ਦੀ ਨਿਗਰਾਨੀ ਲਈ ਪੁਲਿਸ ਦਾ ਇੱਕ ਸਿਪਾਹੀ ਡਮੁੰਡਾ ਹੀ ਰਹਿੰਦਾ ਸੀ। ਉਹ ਸਾਰਾ ਦਿਨ ਪਿੰਡ ਦੇ ਚੌਧਰੀਆਂ ਦੇ ਥੜ੍ਹੇ 'ਤੇ ਤਾਸ਼ ਖੇਡਦਾ ਰਹਿੰਦਾ, ਪਰ ਅੱਖ ਬੱਬਰ ਦੇ ਘਰ ਵੱਲ ਰੱਖਦਾ ਕਿ ਕੌਣ ਉਸ ਦੇ ਘਰ ਆਇਆ ਗਿਆ ਹੈ। 
ਬੱਬਰ ਆਪਣੇ ਦੋਸਤ ਲੱਡੂ (ਲਛਮਣ ਸਿੰਘ) ਰਾਹੀਂ ਆਪਣੇ ਸਾਥੀ ਬੱਬਰਾਂ ਨੂੰ ਲੁਕਣ ਥਾਵਾਂ 'ਤੇ ਰੋਟੀ ਭੇਜਦਾ ਹੁੰਦਾ ਸੀ, ਪਰ ਪਿੰਡ ਵਿੱਚ ਕਿਸੇ ਨੂੰ ਪਤਾ ਨਾ ਲੱਗਣ ਦਿੰਦਾ। ਉਹ ਰੋਟੀਆਂ, ਦਾਲ਼-ਸਬਜ਼ੀ ਇੱਕ ਲੋਹੇ ਦੀ ਬਾਲਟੀ ਵਿੱਚ ਟਿਕਾ ਕੇ ਉੱਪਰ ਕੱਪੜਾ ਰੱਖ ਕੇ ਉਸ 'ਤੇ ਇੱਕ ਸਾਬਣ ਦੀ ਟਿੱਕੀ ਰੱਖ ਲੈਂਦਾ। ਜੇ ਕੋਈ ਪੁੱਛਦਾ ਤਾਂ ਕਹਿੰਦਾ ਕਿ ਕਿਸੇ ਵਗਦੇ ਹਲਟ 'ਤੇ ਕੱਪੜੇ ਧੋਣ ਚੱਲਿਆ ਹਾਂ। ਉਸ ਨੂੰ ਕਈ ਵਾਰੀ ਥਾਣੇ ਬੁਲਾ ਕੇ ਮਾਰਿਆ-ਕੁੱਟਿਆ ਗਿਆ ਪਰ ਇਸ ਬਹਾਦਰ ਨੇ ਪੁਲਿਸ ਨੂੰ ਕੁਝ ਨਾ ਦੱਸਿਆ। ਉਸ ਨੂੰ ਦੇਸ਼ ਆਜ਼ਾਦ ਹੋਣ 'ਤੇ 12 ਕਿਲ੍ਹੇ ਜ਼ਮੀਨ ਹਿਸਾਰ ਜ਼ਿਲ੍ਹੇ ਵਿੱਚ ਸਰਕਾਰ ਨੇ ਦਿੱਤੀ ਅਤੇ ਕੁਝ ਪੈਨਸ਼ਨ ਵੀ ਲਾਈ। ਬੱਬਰ ਬਚਿੰਤ ਸਿੰਘ ਅਤੇ ਲਛਮਣ ਸਿੰਘ ਦੋਵੇਂ ਸੰਨ 1974 ਵਿੱਚ ਇੱਕ ਦੂਜੇ ਤੋਂ ਅੱਗੇ-ਪਿੱਛੇ ਸੁਰਗਵਾਸ ਹੋ ਗਏ। 
ਬੱਬਰ ਬਚਿੰਤ ਸਿੰਘ ਨੂੰ ਪਹਿਲਾਂ ਮੁਲਤਾਨ ਜੇਲ੍ਹ ਵਿੱਚ ਰੱਖਿਆ ਗਿਆ ਤੇ ਫਿਰ ਕਾਲ਼ੇ ਪਾਣੀ ਭੇਜ ਦਿੱਤਾ ਗਿਆ। ਰਾਹ ਵਿੱਚ ਕਲਕੱਤੇ ਦੀ ਅਲੀਪੁਰ ਜੇਲ੍ਹ ਵਿੱਚ ਜਹਾਜ਼ ਦੀ ਸੀਟ ਮਿਲਣ ਤੱਕ ਰੱਖਿਆ ਗਿਆ। ਅਲੀਪੁਰ ਜੇਲ੍ਹ ਦੇ ਅੰਗਰੇਜ਼ ਦਰੋਗੇ ਨੂੰ ਬਚਿੰਤ ਸਿੰਘ ਨੇ ਸਲਾਮ ਨਾ ਕੀਤੀ ਬਲਕਿ ਆਪਣੇ ਦੋਵੇਂ ਹੱਥ ਕੱਛਾਂ ਵਿੱਚ ਦੇ ਕੇ ਦਰੋਗੇ ਸਾਹਮਣੇ ਖੜ੍ਹਾ ਰਿਹਾ। ਦਰੋਗੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ, ''ਇਸ ਕੋ ਬੋਲੋ ਕਿ ਹਮ ਕੋ ਸਲਾਮ ਕਰੇ।'' ਬਚਿੰਤ ਸਿੰਘ ਉਸੇ ਤਰ੍ਹਾਂ ਕੱਛਾਂ ਵਿੱਚ ਹੱਥ ਦੇਈ ਖੜ੍ਹਾ ਰਿਹਾ। ਖਿਝ ਕੇ ਦਰੋਗੇ ਨੇ ਚਾਰ-ਪੰਜ ਐਂਗਲੋ ਇੰਡੀਅਨ ਸਿਪਾਹੀਆਂ ਨੂੰ ਕਿਹਾ, ''ਇਸ ਕੇ ਹਾਥ ਜ਼ਬਰਦਸਤੀ ਪਕੜ ਕਰ ਸਲਾਮ ਕਰਾਓ।'' ਚਾਰੇ ਸਿਪਾਹੀ ਬਚਿੰਤ ਸਿੰਘ ਨੇ ਵਗਾਹ ਕੇ ਪਰ੍ਹੇ ਸੁੱਟ ਦਿੱਤੇ। ਫੇਰ ਹੋਰ ਕਈ ਸਿਪਾਹੀ ਆ ਗਏ ਅਤੇ ਬਚਿੰਤ ਸਿੰਘ ਨੂੰ ਫੜ੍ਹ ਕੇ ਕੋਠੀ ਬੰਦ ਕਰ ਦਿੱਤਾ ਗਿਆ। 
ਅਗਲੇ ਹੀ ਦਿਨ ਬਚਿੰਤ ਸਿੰਘ ਨੂੰ ਵਾਪਸ ਮੁਲਤਾਨ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿੱਚ ਉਸ ਨੂੰ ਐਨਾ ਕੁੱਟਿਆ ਗਿਆ ਕਿ ਉਹ ਬੇਹੋਸ਼ ਹੋ ਗਿਆ। ਜਿਸ ਦੀ ਗਲਵਕੜੀ 'ਚੋਂ ਬੰਗਾਲੀ ਸਿਪਾਹੀ ਨਾ ਛੁਡਾ ਸਕੇ, ਉਸ ਨੂੰ ਕਿੰਨਾ ਕੁ ਕਟਾਪਾ ਚਾੜ੍ਹਿਆ ਗਿਆ ਹੋਵੇਗਾ ਕਿ ਉਹ ਬੇਹੋਸ਼ ਹੋ ਗਿਆ। ਮੀਆਂ ਬੋਣ ਚੰਦ ਡਿਪਟੀ ਸੁਪਰਇਨਟੈਂਡੈਂਟ ਆਪ ਇਹ ਤਸੀਹੇ ਦੁਆ ਰਿਹਾ ਸੀ। ਫੇਰ ਕੋਠੀ ਬੰਦ ਕਰ ਦਿੱਤਾ ਗਿਆ। ਡਿਪਟੀ ਦੇਖਣ ਆਇਆ ਕਿ ਕੁੱਟ ਤੋਂ ਡਰਿਆ ਬਚਿੰਤ ਸਿੰਘ ਉਸ ਦੀਆਂ ਮਿੰਨਤਾਂ ਕਰੇਗਾ ਪਰ ਬਚਿੰਤ ਸਿੰਘ ਜ਼ਖਮੀ ਸ਼ੇਰ ਦੀ ਤਰ੍ਹਾਂ ਭੜਕ ਉੱਠਿਆ, ''ਓ ਕੁੱਤਿਆ! ਤੂੰ ਕੀ ਸਮਝਦਾ ਏਂ ਮੈਂ ਤੇਰੇ ਵਰਗੇ ਨੀਚ ਦੀਆਂ ਮਿੰਨਤਾਂ ਕਰਾਂਗਾ? ਚੰਡਾਲਾ! ਯਾਦ ਰੱਖੀਂ, ਜਦੋਂ ਮੈਂ ਜਿਊਂਦਾ ਜੇਲ੍ਹੋਂ ਬਾਹਰ ਨਿੱਕਲਿਆ ਸਭ ਤੋਂ ਪਹਿਲਾਂ ਤੇਰੇ ਹੀ ਸੀਰਵੇਂ ਪੀਵਾਂਗਾ। ਆਪਣੇ ਮਾਤਹਿਤਾਂ ਸਾਹਮਣੇ ਆਪਣੀ ਬੇਇੱਜ਼ਤੀ ਤੋਂ ਖਿਝ ਕੇ ਡਿਪਟੀ ਨੇ ਕੋਠੀ ਅੰਦਰ ਹੀ ਕੁੱਟ-ਕੁੱਟ ਕੇ ਬਚਿੰਤ ਸਿੰਘ ਨੂੰ ਬੇਹੋਸ਼ ਕਰ ਦਿੱਤਾ। ਅਗਸਤ 1935 ਵਿੱਚ ਬਚਿੰਤ ਸਿੰਘ ਨੂੰ ਲਾਹੌਰ ਭੇਜ ਦਿੱਤਾ ਗਿਆ। ਉਸ ਦੀ ਸਜ਼ਾ 19 ਮਹੀਨੇ ਹੋਰ ਵਧਾ ਦਿੱਤੀ ਗਈ। 
ਬੱਬਰ ਅਕਾਲੀ ਟਰਾਇਲ ਕੇਸਾਂ ਦੀ ਅਗਵਾਈ, ਗਵਾਹਾਂ ਦੇ ਬਿਆਨਾਂ ਅਤੇ ਫੈਸਲਿਆਂ ਦੀਆਂ ਨਕਲਾਂ ਲਾਹੌਰ ਹਾਈਕੋਰਟ ਤੋਂ ਡਾ. ਬਖਸ਼ੀਸ਼ ਸਿੰਘ ਨਿੱਝਰ ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼ ਨੇ ਆਪਣੇ ਇੱਕ ਹਮਜਮਾਤੀ ਵਕੀਲ ਰਾਹੀਂ ਮੰਗਵਾਈਆਂ। ਤਕਰੀਬਨ ਇੱਕ ਹਜ਼ਾਰ ਸਫੇ ਦੀ ਇਸ ਫਾਈਲ ਨੂੰ ਜਿਲਦ ਬੰਨ੍ਹਵਾ ਕੇ ਉਨ੍ਹਾਂ ਰੱਖੀ ਹੋਈ ਸੀ ਤੇ ਮੈਂ ਉਨ੍ਹਾਂ ਤੋਂ ਪੜ੍ਹਨ ਲਈ ਪ੍ਰਾਪਤ ਕੀਤੀ ਸੀ। ਇਸ ਫਾਈਲ ਵਿੱਚੋਂ ਬੱਬਰ ਬਚਿੰਤ ਸਿੰਘ ਦੇ ਖਿਲਾਫ ਇਸੇ ਪਿੰਡ ਦੇ ਉਨ੍ਹਾਂ ਦੇ ਇੱਕ ਬੰਦੇ ਨੇ ਜੋ ਬਿਆਨ ਦਿੱਤਾ, ਉਹ ਇਸ ਪ੍ਰਕਾਰ ਸਨ - ''ਬਚਿੰਤ ਸਿੰਘ ਬੱਬਰ ਅਕਾਲੀ ਕੰਸਪਾਇਰੇਸੀ ਕੇਸ ਨੰ. 2 ਸੰਨ 1925 ਦਾ ਮੁਲਜ਼ਮ ਤੀਜੀ-ਚੌਥੀ ਪੁਸ਼ਤ 'ਚੋਂ ਮੇਰੇ ਚਾਚੇ ਦਾ ਪੁੱਤ ਹੈ। ਦਸ-ਬਾਰਾਂ ਸਾਲ ਹੋਏ, ਉਸ ਦੀ ਮਾਤਾ ਦੀ ਮੌਤ ਪਿੱਛੋਂ ਉਹ ਮੇਰੇ ਘਰ ਹੀ ਰੋਟੀ ਖਾਂਦਾ ਸੀ, ਕਿਉਂਕਿ ਉਹ ਵਿਆਹਿਆ ਹੋਇਆ ਨਹੀਂ ਸੀ। ਜਦ ਕਦੇ ਉਸ ਦੇ ਪ੍ਰਹੁਣੇ ਵੀ ਆਉਂਦੇ ਤਾਂ ਖਾਣਾ ਮੇਰੇ ਘਰੋਂ ਹੀ ਜਾਂਦਾ ਸੀ। 10-11 ਮਹੀਨਿਆਂ ਦੀ ਗੱਲ ਹੈ ਕਿ ਮੈਂ ਆਪਣੇ ਖੂਹ 'ਤੇ ਨਹਾ ਰਿਹਾ ਸੀ, ਜਿਹੜਾ ਵੱਡੀ ਡਰੋਲੀ ਵਾਲੇ ਰਾਹ 'ਤੇ ਵਾਕਿਆ ਹੈ। 
ਜਦ ਬਚਿੰਤ ਸਿੰਘ ਮੇਰੇ ਕੋਲ ਦੀ ਲੰਘਿਆ ਤਾਂ ਮੈਨੂੰ ਆਖਿਆ ਕਿ ਉਨ੍ਹਾਂ ਮਹਿਮਾਨਾਂ ਲਈ ਚਾਹ ਤਿਆਰ ਕਰਵਾ ਕੇ ਲਿਆਵਾਂ। ਉਹ ਵੱਡੀ ਡਰੋਲੀ ਵਲੋਂ ਆ ਰਹੇ ਸਨ। ਵੀਹ ਕੁ ਦਿਨ ਪਿੱਛੋਂ ਮੈਂ ਆਪਣੇ ਗੱਡੇ ਲਈ ਬਾਂਸ ਲੈਣ ਲਈ ਬਚਿੰਤ ਸਿੰਘ ਦੀ ਹਵੇਲੀ ਗਿਆ ਤਾਂ ਮੈਂ ਉੱਥੇ ਤਿੰਨ ਪ੍ਰਾਹੁਣੇ ਬੈਠੇ ਦੇਖੇ। ਉਨ੍ਹਾਂ 'ਚੋਂ ਦੋ ਤਾਂ ਉਹ ਸਨ, ਜੋ ਮੈਂ ਬਚਿੰਤ ਸਿੰਘ ਨਾਲ ਪਹਿਲਾਂ ਦੇਖੇ ਸਨ। ਕੁਝ ਦੇਰ ਮਗਰੋਂ ਜਦੋਂ ਬਚਿੰਤ ਸਿੰਘ ਉਨ੍ਹਾਂ ਲਈ ਰੋਟੀ ਲੈਣ ਆਇਆ ਤਾਂ ਮੈਂ ਪੁੱਛਿਆ ਕਿ ਪ੍ਰਹੁਣੇ ਕੌਣ ਹਨ। ਉਸ ਨੇ ਆਖਿਆ ਕਿ ਉਸ ਦੇ ਦੋਸਤ ਹਨ। ਇਕੱਠੇ ਰੈਜਮੈਂਟ 'ਚ ਹੁੰਦੇ ਸਨ, ਉਨ੍ਹਾਂ ਦੇ ਨਾਂਅ ਧੰਨਾ ਸਿੰਘ ਬਹਿਬਲਪੁਰ, ਵਰਿਆਮ ਸਿੰਘ ਧੁੱਗਾ ਅਤੇ ਬੰਤਾ ਸਿੰਘ ਧਾਮੀਆਂ ਹਨ।'' 
ਇਸ ਕੇਸ ਵਿੱਚ ਰੱਖਾ ਰਾਮ ਗਵਾਹ 266 ਪੁੱਤਰ ਰਾਧਾ ਰਾਮ, ਉਮਰ 30 ਸਾਲ ਜਾਤ ਸਨਿਆਰਾ, ਪਿੰਡ ਡਰੋਲੀ ਥਾਣਾ ਆਦਮਪੁਰ ਨੇ ਮਿਤੀ 14 ਅਕਤੂਬਰ, 1924 ਨੂੰ ਜੋ ਬਿਆਨ ਦਿੱਤੇ, ਉਹ ਕੇਸ ਦੀ ਫਾਈਲ ਦੇ ਪੰਨਾ ਨੰ. 563 'ਤੇ ਇਸ ਤਰ੍ਹਾਂ ਹਨ - ''ਬਚਿੰਤ ਸਿੰਘ ਨੇ ਮੈਨੂੰ ਇੱਕ ਠੂਠੀ, ਦੋ ਸੋਨੇ ਦੇ ਫੁੱਲ, ਤਿੰਨ ਸੋਨੇ ਦੇ ਟਿੱਕੇ ਤੇ ਇੱਕ ਸੋਨੇ ਦੀ ਪੌਂਹਚੀ ਦਿਖਾਈ। ਉਨ੍ਹਾਂ ਗਹਿਣਿਆਂ ਦੀ ਲਾਖ ਪਹਿਲਾਂ ਹੀ ਉੱਤਰੀ ਹੋਈ ਸੀ। ਉੱਪਰ ਇੱਕ ਤੋਲੇ ਦੀ ਕੀਮਤ 24 ਰੁਪਏ ਲਿਖੀ ਹੋਈ ਸੀ। ਸਾਰਿਆਂ ਦਾ ਵਜ਼ਨ ਕੋਈ ਦਸ ਕੁ ਤੋਲੇ ਸੀ ਅਤੇ ਵੇਚਣ ਲਈ ਰੱਖੇ ਹੋਏ ਸਨ। ਕੁੱਲ ਕੀਮਤ 240 ਰੁਪਏ ਬਣਦੀ ਸੀ, ਜਿਨ੍ਹਾਂ 'ਚੋਂ 115 ਰੁਪਏ ਉਸ ਵੇਲੇ ਦਿੱਤੇ ਸਨ।'' 
ਬੱਬਰਾਂ ਨੇ ਇਹ ਰਕਮ ਕੈਦ ਹੋਏ ਬੱਬਰਾਂ ਦੇ ਟੱਬਰਾਂ ਦੀ ਮੱਦਦ ਲਈ ਅਤੇ ਅਸਲਾ ਖਰੀਦਣ ਲਈ ਰੱਖੀ ਹੋਈ ਸੀ। ਬਚਿੰਤ ਸਿੰਘ ਨੇ ਪਾਂਛਟਾ ਤਹਿਸੀਲ ਫਗਵਾੜਾ ਵਿੱਚ ਇੱਕ ਵਾਰ ਡਾਕਾ ਮਾਰਨ ਦੀ ਸਕੀਮ ਬਣਾਈ ਸੀ, ਜੋ ਸਿਰੇ ਨਾ ਚੜ੍ਹ ਸਕੀ। ਬੱਬਰ ਬਚਿੰਤ ਸਿੰਘ ਅਤੇ ਹੋਰ ਬੱਬਰਾਂ ਨੇ ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਵਿਰੁੱਧ ਵਧੀਕੀਆਂ ਜਿਵੇਂ ਕਿ ਗੁਰਦੁਆਰਾ ਰਕਾਬ ਗੰਜ ਦੀ ਦੀਵਾਰ ਢਾਹੁਣਾ, ਗਦਰੀ ਬਾਬਿਆਂ ਨੂੰ ਕਲਕੱਤਾ ਬੰਦਰਗਾਹ 'ਤੇ ਗੋਲੀਆਂ ਨਾਲ ਭੁੰਨਣਾ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚਿਆਂ ਵਿੱਚ ਨਿਹੱਥੇ ਸਿੱਖਾਂ ਨੂੰ ਡਾਂਗਾਂ ਨਾਲ ਕੁੱਟਣਾ, ਘੋੜਿਆਂ ਦੇ ਪੈਰਾਂ ਹੇਠ ਦਰੜਨਾ ਆਦਿ ਨੂੰ ਨਾ ਸਹਾਰਦੇ ਹੋਏ ਹਥਿਆਰਬੰਦ ਸੰਘਰਸ਼ ਦਾ ਫੈਸਲਾ ਕੀਤਾ ਸੀ। ਵਾਅਦਾ ਮੁਆਫ ਅਨੂਪ ਸਿੰਘ ਮਾਣਕੋ ਨੇ ਵੀ ਇਸ ਕੇਸ ਵਿੱਚ ਬਿਆਨ ਦਿੱਤਾ ਸੀ ਕਿ ''ਬੱਬਰ ਅਕਾਲੀ ਅਖਬਾਰ ਪ੍ਰਿੰਟ ਕਰਨ ਵਾਲਾ ਡੁਪਲੀਕੇਟਰ ਬੱਬਰ ਬਚਿੰਤ ਸਿੰਘ ਕੋਲ ਸੀ ਤੇ ਬਾਬੂ ਸੰਤਾ ਸਿੰਘ ਛੋਟੀ ਹਰਿਉਂ ਦੇ ਕਹਿਣ 'ਤੇ ਉਸ ਨੇ ਬਚਿੰਤ ਸਿੰਘ ਤੋਂ ਲੈ ਕੇ ਸੰਤਾ ਸਿੰਘ ਦੇ ਹਵਾਲੇ ਕੀਤਾ ਸੀ, ਜਿਸ ਨੇ ਅੱਗੇ ਇਹ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਕਿਤੇ ਛੁਪਾਇਆ ਸੀ।'' 
ਬੱਬਰ ਸੰਤਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸ 'ਤੇ ਤਸ਼ੱਦਦ ਕਰਕੇ ਪੁਲਿਸ ਨੇ ਉਸ ਤੋਂ ਮਿਲੀ ਜਾਣਕਾਰੀ ਨਾਲ 9 ਹੋਰ ਬੱਬਰ ਫੜੇ ਸਨ। ਬਚਿੰਤ ਸਿੰਘ ਪਾਸੋਂ ਉਹ ਗੰਨ ਵੀ ਫੜ੍ਹੀ ਗਈ, ਜਿਸ ਨਾਲ ਘੁੜਿਆਲ ਦੇ ਸੂਬੇਦਾਰ ਗੇਂਦਾ ਸਿੰਘ ਦਾ ਕਤਲ ਹੋਇਆ ਸੀ। 
ਇਸ ਪਿੰਡ ਦਾ ਦਲੀਪ ਸਿੰਘ ਪੁੱਤਰ ਅੱਛਰ ਸਿੰਘ ਅੰਗਰੇਜ਼ ਸਰਕਾਰ ਦਾ ਮੁਖਬਰ ਸੀ। ਮੰਡੇਰਾਂ ਵਾਲਾ ਮੁਖਬਰ ਜਗਤਾ ਇਸ ਦਾ ਯਾਰ ਸੀ। ਬੱਬਰਾਂ ਨੇ ਦਲੀਪ ਸਿੰਘ ਨੂੰ ਸੋਧਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਚਾਚੇ ਚੌਧਰੀ ਰਾਮ ਕਿਸ਼ਨ ਨੇ ਬੱਬਰਾਂ ਨਾਲ ਸੁਲਾਹ ਸਫਾਈ ਕਰਵਾ ਦਿੱਤੀ। ਚੌਧਰੀ ਰਾਮ ਕਿਸ਼ਨ ਦਿਲੋਂ ਬੱਬਰਾਂ ਨਾਲ ਸੀ ਤੇ ਬੱਬਰਾਂ ਦੀ ਮਾਲੀ ਮੱਦਦ ਵੀ ਕਰ ਦਿਆ ਕਰਦਾ ਸੀ। ਆਪਣੇ ਸਮੇਂ ਵਿੱਚ ਇਹ ਪਿੰਡ ਦਾ ਚੌਧਰੀ ਸੀ ਅਤੇ ਸਰਕਾਰੇ ਦਰਬਾਰੇ ਵੀ ਇਸ ਦੀ ਬੱਧੀ ਛੁੱਟਦੀ ਸੀ। ਅੰਗਰੇਜ਼ ਡਿਪਟੀ ਕਮਿਸ਼ਨਰ ਆਦਮਪੁਰ ਆਇਆ ਅਤੇ ਬੱਬਰਾਂ ਵਿਰੁੱਧ ਸੂਹਾਂ ਦੇਣ ਵਾਲਿਆਂ ਨੂੰ ਮੁਰੱਬੇ ਜ਼ਮੀਨ ਦੇਣੇ ਸਨ। ਮੰਡੇਰਾਂ ਵਾਲੇ ਜਗਤੇ ਨੂੰ ਮੁਰੱਬੇ ਬਾਰੇ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਚੌਧਰੀ ਰਾਮ ਕ੍ਰਿਸ਼ਨ ਨੂੰ ਮੁਰੱਬਾ ਦਿੱਤਾ ਜਾਵੇ, ਮੈਂ ਜੋ ਕੁਝ ਵੀ ਕੀਤਾ ਹੈ, ਇਨ੍ਹਾਂ ਦੇ ਸਿਰ 'ਤੇ ਕੀਤਾ ਹੈ।'' 
ਅੱਗੋਂ ਚੌਧਰੀ ਰਾਮ ਕ੍ਰਿਸ਼ਨ ਨੇ ਕਿਹਾ ਕਿ ਮੇਰਾ ਭਤੀਜਾ ਦਲੀਪ ਸਿੰਘ ਹਰ ਵਕਤ ਪੁਲਿਸ ਨਾਲ ਰਹਿੰਦਾ ਹੈ, ਇਸ ਦਾ ਖਰਚ ਕਾਫੀ ਹੈ ਅਤੇ ਆਮਦਨ ਘੱਟ, ਮੁੱਰਬਾ ਇਸ ਨੂੰ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦਲੀਪ ਸਿੰਘ ਨੂੰ ਇੱਕ ਮੁਰੱਬਾ ਚੱਕ ਨੰ. 24 ਤਹਿਸੀਲ ਬਿਹਾੜੀ ਜ਼ਿਲ੍ਹਾ ਮੁਲਤਾਨ ਵਿੱਚ ਅਲਾਟ ਕਰ ਦਿੱਤਾ। ਸ਼ਹੀਦੇ-ਆਜ਼ਮ ਸ. ਭਗਤ ਸਿੰਘ ਵਿਰੁੱਧ ਖਟਕੜ ਕਲਾਂ ਜਾਂ ਆਲੇ-ਦੁਆਲੇ ਦੇ ਕਿਸੇ ਪਿੰਡ 'ਚੋਂ ਗਵਾਹੀ ਦੇਣ ਲਈ ਕੋਈ ਨਹੀਂ ਸੀ ਮਿਲ ਰਿਹਾ। ਇੱਕ ਅਮਲੀ ਜਿਹਾ ਖਟਕੜ ਕਲਾਂ ਦਾ ਮਹਿੰਗਾ ਨਾਮੀ ਪੁਲਿਸ ਨੇ ਮਨਾ ਲਿਆੁੰ। ਇਹ ਛੜਾ ਹੀ ਸੀ। ਇਸ ਨੂੰ ਵੀ ਇਸੇ ਚੱਕ ਵਿੱਚ ਇੱਕ ਮੁਰੱਬਾ ਜ਼ਮੀਨ ਮਿਲੀ ਹੋਈ ਸੀ। ਮਹਿੰਗਾ ਛੜਾ ਸੀ ਅਤੇ ਦਲੀਪ ਸਿੰਘ ਦੇ ਘਰ ਹੀ ਰੋਟੀ ਖਾਂਦਾ ਸੀ। ਦੋਨੋਂ ਹੀ ਇਕੱਠੇ ਸ਼ਰਾਬ ਪੀਂਦੇ ਸਨ। ਕੁਝ ਸਾਲਾਂ ਬਾਅਦ ਮਹਿੰਗਾ ਆਪਣੀ ਮੁਰੱਬਾ ਜ਼ਮੀਨ ਦਲੀਪ ਸਿੰਘ ਨੂੰ ਵੇਚ ਕੇ ਖਟਕੜ ਕਲਾਂ ਆ ਗਿਆ ਅਤੇ ਬੜੀ ਭੈੜੀ ਹਾਲਤ ਵਿੱਚ ਮਰਿਆ। 

ਬੱਬਰ ਬਿਸ਼ਨ ਸਿੰਘ ਮਾਂਗਟ

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਬੱਬਰ ਬਿਸ਼ਨ ਸਿੰਘ ਪੁੱਤਰ ਸ. ਈਸ਼ਰ ਸਿੰਘ ਮਾਂਗਟ ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵਾਸੀ ਸੀ। ਇਸ ਪਿੰਡ ਦੀ ਹੱਦ ਬਸਤ ਨੰ. 16 ਰਕਬਾ 471 ਏਕੜ ਹੈ। ਉਹ ਗੁਰਸਿੱਖ ਸੀ ਅਤੇ ਪਿੰਡ ਦੇ ਅਕਾਲੀ ਜਥੇ ਦਾ ਜਥੇਦਾਰ ਸੀ। ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਨਾਲ ਵਧੀਕੀਆਂ ਦੇਖ ਕੇ ਉਹ ਇਸ ਜ਼ਾਲਮ ਸਰਕਾਰ ਨੂੰ ਦੇਸ਼ 'ਚੋਂ ਕੱਢਣ ਦੇ ਵਿਚਾਰਾਂ ਦਾ ਧਾਰਨੀ ਬਣ ਕੇ ਸਰਕਾਰ ਵਿਰੁੱਧ ਪ੍ਰਚਾਰ ਕਰਿਆ ਕਰਦਾ ਸੀ। ਉਸ ਅੰਦਰ ਦੇਸ਼ ਭਗਤੀ ਦਾ ਜਜ਼ਬਾ ਦੇਖ ਕੇ ਬੱਬਰ ਕਰਮ ਸਿੰਘ ਦੌਲਤਪੁਰ ਨੇ ਉਸ ਨੂੰ ਸਤੰਬਰ 1922 ਵਿੱਚ ਆਪਣੇ ਨਿਕਟਵਰਤੀਆਂ ਵਿੱਚ ਸ਼ਾਮਲ ਕਰ ਲਿਆ। 
8 ਅਗਸਤ, 1922 ਨੂੰ ਸਰਕਾਰ ਨੇ ਉਸ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦੇ ਕੇ ਉਸ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ 400 ਰੁਪਏ ਨਕਦ ਇਨਾਮ ਅਤੇ ਇੱਕ ਮੁਰੱਬਾ ਜ਼ਮੀਨ ਲਾਇਲਪੁਰ ਦੀ ਬਾਰ ਵਿੱਚ ਦੇਣ ਦਾ ਐਲਾਨ ਵੀ ਕਰ ਦਿੱਤਾ। ਬੰਬੇਲੀ ਵਾਲੇ ਸਾਕੇ ਸਮੇਂ ਚਾਰ ਬੱਬਰਾਂ ਨੂੰ 1200 ਪੁਲਿਸ ਅਤੇ ਮਿਲਟਰੀ ਦੇ ਰਸਾਲੇ ਨੇ ਘੇਰਾ ਪਾ ਲਿਆ। ਚਾਰੇ ਹੀ ਬੱਬਰਾਂ ਦਾ ਅਸਲਾ ਉਨ੍ਹਾਂ ਦੇ ਸਾਥੀ ਗੱਦਾਰ ਅਨੂਪ ਸਿੰਘ ਨੇ ਉਰ੍ਹੇ-ਪਰ੍ਹੇ ਕਰ ਦਿੱਤਾ ਸੀ। ਕੇਵਲ ਕ੍ਰਿਪਾਨਾਂ ਲੈ ਕੇ ਹੀ ਉਹ ਪੁਲਿਸ ਨੂੰ ਲਲਕਾਰਦੇ ਪਿੰਡੋਂ ਬਾਹਰ ਚੋਅ ਵੱਲ ਨੂੰ ਨਿੱਕਲੇ। 
ਬੱਬਰ ਬਿਸ਼ਨ ਸਿੰਘ ਨੇ ਆਪਣੇ ਆਪ ਨੂੰ ਡਿੱਭ ਵਿੱਚ ਲੁਕੋ ਲਿਆ ਪਰ ਪੁਲਿਸ ਕਪਤਾਨ ਨੂੰ ਘੋੜੇ ਤੇ ਬੈਠੇ ਨੂੰ ਡਿੱਭ ਵਿੱਚ ਕੁਝ ਹਿਲਜੁਲ ਦਿਸੀ ਤਾਂ ਉਸ ਨੇ ਦੋ ਘੋੜ ਸਵਾਰ ਉੱਧਰ ਨੂੰ ਭੇਜੇ। ਬੱਬਰ ਨੇ ਲਲਕਾਰਾ ਮਾਰਿਆ ਤਾਂ ਇੱਕ ਘੋੜਸਵਾਰ ਘੋੜੇ ਤੋਂ ਡਿੱਗ ਪਿਆ ਤੇ ਬੱਬਰ ਨੇ ਕ੍ਰਿਪਾਨ ਦੇ ਵਾਰ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਦੂਜੇ ਘੋੜਸਵਾਰ ਨੇ ਬੱਬਰ 'ਤੇ ਗੋਲੀ ਚਲਾਈ, ਜਿਸ ਨਾਲ ਬੱਬਰ ਪਾਣੀ ਵਿੱਚ ਡਿੱਗ ਕੇ ਸ਼ਹੀਦ ਹੋ ਗਿਆ। 
ਬੱਬਰ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਭਰਾ ਗੁਰਬਖਸ਼ ਸਿੰਘ ਨੂੰ ਸਰਕਾਰ ਨੇ ਜੂਹ ਬੰਦ ਕਰ ਦਿੱਤਾ ਅਤੇ ਉਸ ਨੂੰ ਦੋ ਵੇਲੇ ਪਿੰਡ ਦੇ ਲੰਬੜਦਾਰ ਪਾਸ ਹਾਜ਼ਰੀ ਲਵਾਉਣੀ ਪੈਂਦੀ ਸੀ।

ਬੱਬਰ ਕਰਮ ਸਿੰਘ ਝਿੰਗੜ

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਪਿੰਡ ਝਿੰਗੜ ਹੱਦ ਬਸਤ ਨੰ. 196 ਅਤੇ ਰਕਬਾ ਜ਼ਮੀਨ 485 ਹੈਕਟੇਅਰ ਹੈ। ਇਹ ਕਸਬਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੰਗਿਆਂ ਤੋਂ ਚਾਰ ਕੁ ਮੀਲ ਦੱਖਣ ਵੱਲ ਹੈ। ਬੱਬਰ ਦੇ ਪਿਤਾ ਦਾ ਨਾਂਅ ਦੁਨੀ ਚੰਦ ਸ਼ੇਰਗਿੱਲ ਸੀ। ਗਦਰ ਲਹਿਰ ਦੇ ਪ੍ਰਭਾਵ ਹੇਠ ਉਹ ਕੈਨੇਡਾ ਦੀ ਕਮਾਈ ਛੱਡ ਕੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਦੇ ਇਰਾਦੇ ਨਾਲ ਦੇਸ਼ ਨੂੰ ਆਇਆ ਸੀ। ਉਸ ਦਾ ਸਭ ਤੋਂ ਨੇੜਲਾ ਬੱਬਰ ਮਾਸਟਰ ਦਲੀਪ ਸਿੰਘ ਗੋਸਲ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਨਾਲ ਸੀ। ਉਸ ਦੀ ਕੋਸ਼ਿਸ਼ ਅਤੇ ਹਿੰਮਤ ਸਦਕਾ ਬੱਬਰ ਕਿਸ਼ਨ ਸਿੰਘ ਗੜਗੱਜ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਦੇ ਜਥਿਆਂ ਦਾ ਮੇਲ ਹੋਇਆ ਅਤੇ ਨਵੇਂ ਜਥੇ ਦਾ ਨਾਂ ਬੱਬਰ ਅਕਾਲੀ ਰੱਖਿਆ ਗਿਆ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਨਵੇਂ ਜਥੇ ਦਾ ਮੁੱਖ ਜਥੇਦਾਰ ਸਵੀਕਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਕਿ ਅੱਗੇ ਤੋਂ ਬੱਬਰ ਕਰਮ ਸਿੰਘ ਨੂੰ ਬਾਕੀ ਬੱਬਰ, ਬੱਬਰ ਸਾਬ੍ਹ ਆਖ ਕੇ ਬੁਲਾਇਆ ਕਰਨ। 
ਉਸ ਵਿਰੁੱਧ ਉਸ ਪਿੰਡ ਦੇ ਲੰਬੜਦਾਰ ਨੇ ਗਵਾਹੀ ਦਿੰਦਿਆਂ ਆਖਿਆ ਕਿ 8 ਮਾਰਚ, 1022 ਨੂੰ ਉਸ ਨੇ ਪਿੰਡ ਝਿੰਗੜਾਂ ਵਿੱਚ ਬੱਬਰ ਅਕਾਲੀਆਂ ਦਾ ਇੱਕ ਇਕੱਠ ਕੀਤਾ ਅਤੇ ਪਿੰਡ ਦੇ ਬਾਹਰ ਸਾਰੇ ਰਸਤਿਆਂ 'ਤੇ ਨੰਗੀਆਂ ਕਿਰਪਾਨਾਂ ਵਾਲੇ ਅਕਾਲੀ ਖੜ੍ਹੇ ਕਰ ਦਿੱਤੇ ਕਿ ਪਿੰਡੋਂ ਬਾਹਰ ਜਾਂ ਅੰਦਰ ਕਿਸੇ ਨੂੰ ਨਾ ਆਉਣ ਦੇਣ। ਇਸ ਇਕੱਠ ਵਿੱਚ ਹੋਰ ਬੱਬਰਾਂ ਅਤੇ ਕਰਮ ਸਿੰਘ ਝਿੰਗੜ ਨੇ ਸਰਕਾਰ ਵਿਰੁੱਧ ਭੜਕਾਊ ਤਕਰੀਰ ਕੀਤੀ ਸੀ। ਬੱਬਰ ਕਿਸ਼ਨ ਸਿੰਘ ਗੜਗੱਜ ਬੱਬਰ ਕਰਮ ਸਿੰਘ ਝਿੰਗੜ ਨੂੰ ਆਪਣੀ ਸੱਜੀ ਬਾਂਹ ਸਮਝਦਾ ਸੀ। ਬੱਬਰ ਨੂੰ ਉਸ ਦੀ ਮਾਤਾ ਅਤੇ ਭਰਾ ਨੇ ਪੁਲਿਸ ਨੂੰ ਬੁਲਾ ਕੇ ਉਸ ਦੇ ਹਥਿਆਰ ਪਰ੍ਹੇ ਕਰਕੇ ਗ੍ਰਿਫਤਾਰ ਕਰਵਾਇਆ ਸੀ। 
ਬੱਬਰ ਨੇ ਲੁਈਸ ਏ. ਬੁਲ ਮੈਜਿਸਟਰੇਟ 17 ਫਰਵਰੀ, 1924 ਨੂੰ ਕੋਈ ਬਿਆਨ ਨਾ ਦਿੱਤਾ। ਬਿਆਨ ਦੀ ਥਾਂ ਉਸ ਨੇ ਇੱਕ ਪਰਚੇ 'ਤੇ ਲਿਖ ਕੇ ਦਿੱਤਾ, ਜਿਸ ਵਿੱਚ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ, ਜਿਵੇਂ ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਦਾ ਮੋਰਚਾ, ਮਾਰਸ਼ਲ ਲਾਅ, ਬਜਬਜਘਾਟ ਕਲਕੱਤਾ ਵਿੱਚ ਅੱਤਿਆਚਾਰ, ਪੰਜਾਬ ਪੁਲਿਸ ਅਤੇ ਸੀ. ਆਈ. ਡੀ. ਦੀਆਂ ਵਹਿਸ਼ੀਆਣਾ ਬਦਸਲੂਕੀਆਂ ਦਾ ਜ਼ਿਕਰ ਸੀ। ਬੱਬਰ ਨੂੰ ਬੱਬਰ ਅਕਾਲੀ ਜਥੇ ਵਲੋਂ ਸਰਕਾਰ ਵਿਰੁੱਧ ਸਾਜ਼ਿਸ਼ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਹੋਈ। ਮੁਲਤਾਨ ਜੇਲ੍ਹ ਵਿੱਚ ਬੱਬਰਾਂ ਦਾ ਵਾਸਤਾ ਇੱਕ ਬੁੱਚੜ ਜੇਲ੍ਹ ਸੁਪਰਡੈਂਟ ਗੋਕਲ ਚੰਦ ਨਾਲ ਪਿਆ। ਇਹ ਕਾਲ਼ਾ ਬਾਹਮਣ ਰਾਵਣ ਵਰਗੀਆਂ ਮੁੱਛਾਂ ਰੱਖ ਕੇ ਨਿਰਾ ਜਮਦੂਤ ਲਗਦਾ ਸੀ। ਕੈਦੀਆਂ ਨੂੰ ਘਟੀਆ ਖਾਣਾ ਅਤੇ ਸਖਤ ਮੁਸ਼ੱਕਤ ਕਰਾ ਕੇ ਖੁਸ਼ ਹੁੰਦਾ ਸੀ। 
ਬੱਬਰਾਂ ਨੇ ਭੁੱਖ ਹੜਤਾਲ ਕਰ ਦਿੱਤੀ ਅਤੇ ਇਸ ਦੀ ਖਬਰ ਬੱਬਰਾਂ ਨੇ ਜੇਲ੍ਹ ਅੰਦਰ ਰੇੜ੍ਹੇ 'ਤੇ ਰਾਸ਼ਣ ਲਿਆਉਣ ਵਾਲੇ ਬੰਦੇ ਰਾਹੀਂ ਅਖਬਾਰਾਂ ਤੱਕ ਪੁੱਜਦੀ ਕਰ ਦਿੱਤੀ। ਜਿਸ ਵੇਲੇ ਖਬਰਾਂ ਅਖਬਾਰਾਂ ਵਿੱਚ ਛਪੀਆਂ ਤਾਂ ਕਾਲਜਾਂ ਵਿੱਚ ਪੜ੍ਹਦੇ ਮੁੰਡਿਆਂ ਅਤੇ ਗੋਕਲ ਚੰਦ ਦੇ ਪੁੱਤਰ ਅਤੇ ਪੁੱਤਰੀ ਨੇ ਵੀ ਪੜ੍ਹੀਆਂ ਕਿ ਉਨ੍ਹਾਂ ਦਾ ਪਿਤਾ ਕਿੱਡਾ ਵੱਡਾ ਜ਼ਾਲਮ ਹੈ। ਨਾਲ ਦੇ ਮੁੰਡੇ ਕੁੜੀਆਂ ਉਨ੍ਹਾਂ ਨੂੰ ਲਾਹਣਤਾਂ ਪਾਉਂਦੇ। ਬੱਚੇ ਆਪਣੀ ਮਾਂ ਨਾਲ ਰੋਜ਼ ਪਿੱਟ ਸਿਆਪਾ ਕਰਦੇ ਤਾਂ ਉਸ ਨੇ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ 'ਤੇ ਤਾਂ 'ਰਾਏ ਬਹਾਦਰ' ਦਾ ਰੁਤਬਾ ਲੈਣ ਦਾ ਭੂਤ ਸਵਾਰ ਸੀ। ਉਸ ਦੇ ਲੜਕੇ ਨੇ ਪਿਤਾ ਦੇ ਨਾਂਅ ਇੱਕ ਚਿੱਠੀ ਲਿਖੀ ਅਤੇ ਰੇਲ ਗੱਡੀ ਹੇਠਾਂ ਆ ਕੇ ਨਿੱਤ ਦੀਆਂ ਲਾਹਣਤਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਲਿਆ। ਬੱਬਰਾਂ ਨੇ ਜਦੋਂ ਇਹ ਖਬਰ ਸੁਣੀ ਤਾਂ ਆਮ ਦੁਨਿਆਵੀ ਬੰਦਿਆਂ ਦੀ ਤਰ੍ਹਾਂ ਉਨ੍ਹਾਂ ਕੋਈ ਖੁਸ਼ੀ ਨਾ ਮਨਾਈ ਸਗੋਂ ਉਸ ਨੌਜਵਾਨ ਦੀ ਮੌਤ 'ਤੇ ਅਫਸੋਸ ਪ੍ਰਗਟ ਕੀਤਾ। 
ਜਦੋਂ ਦਰੋਗਾ ਬੱਬਰ ਕਰਮ ਸਿੰਘ ਝਿੰਗੜ ਨੂੰ ਮਿਲਿਆ ਤਾਂ ਉਸ ਨਾਲ ਬੜੇ ਦਰਦ ਭਰੇ ਲਫਜ਼ਾਂ ਵਿੱਚ ਢਾਰਸ ਬਨ੍ਹਾਈ। ਬੱਬਰਾਂ ਦੇ ਨਾਲ ਹੀ ਇਸ ਜੇਲ੍ਹ ਵਿੱਚ ਇੱਕ ਰਾਜਸੀ ਕੈਦੀ ਅੰਮ੍ਰਿਤਸਰੀਆ ਬੁੱਘਾ ਮੱਲ ਵੀ ਮਾਰਸ਼ਲ ਲਾਅ ਅਧੀਨ ਕੈਦ ਸੀ। ਉਸ ਕੋਲ ਦਰੋਗਾ ਰੋਣ ਲੱਗਾ ਕਿ ਮੇਰੀ ਬੱਬਰਾਂ ਨਾਲ ਸੁਲ੍ਹਾ ਕਰਵਾ ਦਿਓ, ਮੈਥੋਂ ਆਪਣੀ ਘਰਵਾਲੀ ਅਤੇ ਪੁੱਤਰੀਆਂ ਦੇ ਵਿਰਲਾਪ ਸੁਣੇ ਨਹੀਂ ਜਾਂਦੇ। ਬੁੱਘਾ ਮੱਲ ਦੇ ਮਨਾਉਣ 'ਤੇ ਬੱਬਰਾਂ ਨੇ ਭੁੱਖ ਹੜਤਾਲ, ਜੋ 16 ਨਵੰਬਰ, 1926 ਤੋਂ ਸ਼ੁਰੂ ਸੀ, 20 ਜਨਵਰੀ, 1927 ਨੂੰ ਖਤਮ ਹੋਈ। ਅਖਬਾਰਾਂ ਵਿੱਚ ਇਸ ਭੁੱਖ ਹੜਤਾਲ ਦੀ ਖਬਰ ਨੇ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ ਅਤੇ ਹਾਈਕੋਰਟ ਦੇ ਚੀਫ ਜਸਟਿਸ ਸਰ ਸ਼ਾਦੀ ਲਾਲ ਨੂੰ ਜੇਲ੍ਹਾਂ ਅੰਦਰ ਜਾ ਕੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣ ਕੇ ਰਿਪੋਰਟ ਪੇਸ਼ ਕਰਨ ਦਾ ਹੁਕਮ ਹੋਇਆ। 
ਝਿੰਗੜ ਸਾਬ੍ਹ ਨੇ ਜੇਲ੍ਹ ਵਾਲਿਆਂ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਕਰਤੂਤਾਂ ਦੱਸੀਆਂ ਕਿ ਬੱਬਰਾਂ ਨੂੰ ਟਿਕਟਿਕੀ (ਇੱਕ ਸਟੈਂਡ) ਨਾਲ ਨੰਗਾ ਕਰਕੇ ਬੰਨ੍ਹ ਕੇ ਪਿੱਠ 'ਤੇ ਤੀਹ ਤੀਹ ਬੈਂਤਾਂ ਪੂਰੇ ਜ਼ੋਰ ਨਾਲ ਮਾਰਨ ਲਈ ਹੱਟੇ-ਕੱਟੇ ਕੈਦੀ ਰੱਖੇ ਹੋਏ ਸਨ। ਦਰੋਗਾ ਕੋਲ ਬੈਠ ਕੇ ਬੈਂਤਾਂ ਦੀ ਗਿਣਤੀ ਕਰਦਾ ਅਤੇ ਖੁਸ਼ ਹੁੰਦਾ ਸੀ। ਸਰ ਸ਼ਾਦੀ ਲਾਲ ਨੇ ਸਹੀ ਰਿਪੋਰਟ ਪੇਸ਼ ਕੀਤੀ ਅਤੇ ਅੱਗੇ ਤੋਂ ਬੈਂਤਾਂ ਦੀ ਸਜ਼ਾ, ਚੱਕੀ ਪੀਹਣੀ, ਕੋਹਲੂ ਗੇੜਨ ਆਦਿ ਦੀਆਂ ਮੁਸ਼ੱਕਤਾਂ ਰਾਜਸੀ ਕੈਦੀਆਂ ਤੋਂ ਲੈਣੀਆਂ ਬੰਦ ਹੋਈਆਂ। ਬੱਬਰਾਂ ਦੇ ਕੇਸ ਦੀ ਕੋਰਟ ਵਿੱਚ ਸੁਣਵਾਈ ਸਮੇਂ ਮੀਰ ਫਜ਼ਲ ਇਮਾਮ ਡੀ. ਐਸ. ਪੀ. ਇੰਚਾਰਜ ਝਿੰਗੜ ਸਾਬ੍ਹ ਅਤੇ ਬੱਬਰ ਕਿਸ਼ਨ ਸਿੰਘ ਗੜਗੱਜ ਦੀ ਨੋਕ-ਝੋਕ ਹੁੰਦੀ ਹੀ ਰਹਿੰਦੀ ਸੀ। 
ਜਦੋਂ ਮੀਰ ਸਾਬ੍ਹ ਆਪਣੀਆਂ ਪ੍ਰਾਪਤੀਆਂ ਦੱਸਦੇ ਤਾਂ ਝਿੰਗੜ ਸਾਬ੍ਹ ਉਸ ਨੂੰ ਜਵਾਬ ਦਿੰਦੇ ਕਿ ਤੁਸੀਂ ਸਿੱਖ ਇਤਿਹਾਸ ਤੋਂ ਵਾਕਫ ਨਹੀਂ, ਅਸੀਂ ਬੰਦ-ਬੰਦ ਕਟਵਾਉਣ, ਆਰਿਆਂ ਨਾਲ ਤਨ ਚੀਰੇ ਜਾਣ ਵਾਲਿਆਂ ਦੀ ਔਲਾਦ ਹਾਂ, ਦੱਸ ਕੇ ਉਸ ਨੂੰ ਲਾਜਵਾਬ ਕਰ ਦਿੰਦੇ।

ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ

- ਵਾਸਦੇਵ ਸਿੰਘ ਪਰਹਾਰ
206-434-1155
ਪਿੰਡ ਰਾਮਗੜ੍ਹ ਝੁੰਗੀਆਂ ਭੂਤ ਗੋਤ ਦੇ ਰਾਮ ਸਿੰਘ ਪਿੰਡ ਖਾਨਖਾਨਾ ਤੋਂ ਉੱਠ ਕੇ ਕਰੀਬ 250 ਕੁ ਸਾਲ ਪਹਿਲਾਂ ਆ ਕੇ ਰੱਖੀ ਸੀ। ਭੂਤ ਗੋਤ ਵਾਲੇ ਜੱਟ ਆਪਣਾ ਮੁੱਢ ਭੱਟੀ ਰਾਜਪੂਤਾਂ ਵਿੱਚੋਂ ਮੰਨਦੇ ਹਨ। ਇਸ ਪਿੰਡ ਦੇ ਨਾਲ ਹੀ ਕੁਝ ਹੋਰ ਲੋਕਾਂ ਨੇ ਆ ਕੇ ਝੁੰਗੀਆਂ ਪਾ ਲਈਆਂ, ਇਸ ਕਰਕੇ ਇਸ ਪਿੰਡ ਦਾ ਨਾਮ ਰਾਮਗੜ੍ਹ ਝੁੰਗੀਆਂ ਬਣ ਗਿਆ। 
ਬੱਬਰ ਉਦੈ ਸਿੰਘ ਦੇ ਪਿਤਾ ਦਾ ਨਾਂਅ ਸ. ਬੀਰ ਸਿੰਘ ਸੀ। ਬੱਬਰ ਉਦੈ ਸਿੰਘ ਬਚਪਨ ਤੋਂ ਹੀ ਬਹੁਤ ਅਣਖੀਲੇ ਸੁਭਾਅ ਦਾ ਸੀ। ਪਿੰਡ ਕੌਲਗੜ੍ਹ ਵਿਖੇ ਚੋਟੀ ਦੇ ਬੱਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸ. ਕਰਮ ਸਿੰਘ ਦੌਲਤਪੁਰ, ਹਰਨਾਮ ਸਿੰਘ ਰਾਮਗੜ੍ਹ ਕਾਨੂੰਗੋਆਂ, ਦਲੀਪ ਸਿੰਘ ਸਾਂਧਰਾ, ਬਾਵਾ ਸਿੰਘ ਕੌਲਗੜ੍ਹ ਅਤੇ ਆਸਾ ਸਿੰਘ ਭਕੜੁੱਦੀ ਨੂੰ ਬੁਲਾਇਆ ਗਿਆ ਸੀ। ਇਸ ਮੀਟਿੰਗ ਵਿੱਚ ਬੱਬਰ ਕਰਮ ਸਿੰਘ ਦੌਲਤਪੁਰ ਨੇ ਮਤਾ ਪੇਸ਼ ਕੀਤਾ ਕਿ ਸਰਕਾਰ ਦੇ ਝੋਲੀਚੁੱਕਾਂ ਨੂੰ ਖਤਮ ਕਰਨ ਦਾ ਕੰਮ ਕਰਨ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਇਸ ਦੀ ਪ੍ਰੋੜਤਾ ਉਦੈ ਸਿੰਘ ਨੇ ਕੀਤੀ ਕਿ ਸਾਨੂੰ ਬੱਬਰਾਂ ਦੇ ਦੋਖੀਆਂ ਨੂੰ ਸੁਧਾਰਨ ਦੀ ਦੇਰ ਨਹੀਂ ਕਰਨੀ ਚਾਹੀਦੀ। ਉਦੈ ਸਿੰਘ ਦੀ ਰਾਏ ਨਾਲ ਸਹਿਮਤ ਹੁੰਦੇ ਹਾਜ਼ਰੀਨ ਨੇ ਬੱਬਰਾਂ ਦੇ ਦੋਖੀਆਂ ਦੇ ਨਾਸ਼ ਕਰਨ ਦਾ ਕੰਮ ਆਰੰਭ ਕਰ ਦਿੱਤਾ। 
ਬੱਬਰ ਉਦੈ ਸਿੰਘ ਸਿੱਖਾਂ ਵਿਰੁੱਧ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਕਾਰਨ ਭਗੌੜਾ ਹੋ ਗਿਆ ਸੀ। ਬਜਬਜਘਾਟ ਕਲਕੱਤਾ ਵਿਖੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰਾਂ 'ਤੇ ਗੋਲੀਆਂ ਦੀ ਬੁਛਾੜ, ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੱਖਾਂ 'ਤੇ ਲਾਠੀਆਂ ਅਤੇ ਗੋਲ਼ੀਆਂ ਚਲਾਉਣੀਆਂ, ਜੈਤੋ ਦੇ ਮੋਰਚੇ ਵਿੱਚ ਸਿੱਖਾਂ 'ਤੇ ਅੱਤਿਆਚਾਰ, ਉਦੈ ਸਿੰਘ ਦੀ ਜ਼ਮੀਰ ਲਈ ਅਸਹਿ ਸਨ। 
ਉਸ ਨੇ ਹੇਠ ਲਿਖੀਆਂ ਵਾਰਦਾਤਾਂ ਵਿੱਚ ਹਿੱਸਾ ਲਿਆ ਸੀ -
1. 3 ਜੁਲਾਈ, 1923 ਨੂੰ ਬਿਛੋੜੀ ਦੇ ਲੰਬੜਦਾਰ ਕਾਕਾ ਤੋਂ ਸਰਕਾਰੀ ਅਮਲੇ ਦੀ 570 ਰੁਪਏ 2 ਆਨੇ ਰਕਮ ਲੁੱਟਣੀ। 
2. ਜੱਸੋਵਾਲ ਵਿਖੇ ਬੱਬਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਾ। 
3. ਫਰਵਰੀ 3, 1923 ਨੂੰ ਜਾਡਲਾ ਦੇ ਸ਼ਾਹੂਕਾਰ ਮੁਣਸ਼ੀ ਰਾਮ ਦੇ ਡਾਕੇ ਵਿੱਚ ਸ਼ਾਮਲ ਹੋਣਾ। 
4. ਹਿਆਤਪੁਰ ਰੁੜਦੀ ਦੇ ਦੀਵਾਨ ਦੇ ਕਤਲ ਵਿੱਚ ਸ਼ਾਮਲ ਹੋਣਾ। 
5. ਲਾਭ ਸਿੰਘ ਢੱਡੇ ਫਤਹਿ ਸਿੰਘ ਦੇ ਕਤਲ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣਾ। 
6. ਬਹਿਬਲਪੁਰ ਦੇ ਹਜ਼ਾਰਾ ਸਿੰਘ ਦੇ ਕਤਲ ਵਿੱਚ ਹਿੱਸਾ ਲੈਣਾ। 
7. ਪਿੰਡ ਪੰਡੋਰੀ ਨਿੱਝਰਾਂ ਦੇ ਲੰਬੜਦਾਰਾਂ ਅਤੇ ਚੌਂਕੀਦਾਰਾਂ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਲੈਣਾ। 
8. ਰਲ਼ਾ ਅਤੇ ਦਿੱਤੂ ਕੌਲਗੜ੍ਹ ਦੇ ਕਤਲਾਂ ਵਿੱਚ ਹਿੱਸਾ ਲੈਣਾ। 
ਬੱਬਰ ਉਦੈ ਸਿੰਘ ਦੀ ਸੁਪਤਨੀ 1 ਸਾਲ ਦਾ ਪੁੱਤਰ ਪਰੀਤੂ ਛੱਡ ਕੇ ਅਕਾਲ ਚਲਾਣਾ ਕਰ ਗਈ, ਜੋ ਉਹ ਲਾਵਾਰਸਾਂ ਵਾਂਗ ਪਲ਼ਦਾ ਰਿਹਾ। 
ਬੱਬਰ ਉਦੈ ਸਿੰਘ ਵੀ ਗੱਦਾਰ ਅਨੂਪ ਸਿੰਘ ਮਾਣਕੋ ਦੀ ਗਦਾਰੀ ਕਾਰਨ ਬੰਬੇਲੀ ਵਾਲੇ ਸਾਕੇ ਵਿੱਚ 1 ਸਤੰਬਰ, 1923 ਨੂੰ ਅੰਗਰੇਜ਼ ਸਰਕਾਰ ਦੀ ਪੁਲਿਸ ਅਤੇ ਮਿਲਟਰੀ ਰਸਾਲੇ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਇਆ। ਇਸ ਮੁਕਾਬਲੇ ਦਾ ਹਾਲ ਇਸੇ ਸਾਕੇ ਵਿੱਚ ਸ਼ਹੀਦ ਹੋਏ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਬਿਸ਼ਨ ਸਿੰਘ ਮਾਂਗਟ ਅਤੇ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀਆਂ ਜੀਵਨੀਆਂ ਵਿੱਚ ਲਿਖ ਚੁੱਕਾ ਹਾਂ। ਪਿੰਡ ਬੰਬੇਲੀ ਰਿਆਸਤ ਕਪੂਰਥਲਾ ਦਾ ਪਿੰਡ, ਫਗਵਾੜੇ ਤੋਂ 8 ਕੁ ਮੀਲ ਉੱਤਰ ਦਿਸ਼ਾ ਵੱਲ ਹੈ। ਅੰਗਰੇਜ਼ ਸਰਕਾਰ ਜਦੋਂ ਚਾਹੇ ਰਿਆਸਤੀ ਇਲਾਕੇ ਵਿੱਚ ਆਪਣੀ ਪੁਲਿਸ ਭੇਜ ਸਕਦੀ ਸੀ। ਮੁਕਾਬਲਾ ਖਤਮ ਹੋਣ ਤੋਂ ਬਾਅਦ ਲਾਸ਼ਾਂ ਬਾਰੇ ਕਾਨੂੰਨੀ ਕਾਰਵਾਈ ਲਈ ਕਪੂਰਥਲਾ ਦੇ ਦਰੋਗਾ ਦੇ ਹਵਾਲੇ ਕੀਤੀਆਂ ਗਈਆਂ। 

ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ

 -ਵਾਸਦੇਵ ਸਿੰਘ ਪਰਹਾਰ 
ਫੋਨ 206-434-1155
ਪਿੰਡ ਪੰਡੋਰੀ ਗੰਗਾ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰ. 81 ਅਤੇ ਰਕਬਾ ਜ਼ਮੀਨ 299 ਹੈਕਟੇਅਰ ਹੈ। ਇਹ ਮਾਹਲਪੁਰ ਤੋਂ 7 ਕੁ ਮੀਲ ਦੂਰ ਦੱਖਣ-ਪੱਛਮ ਵੱਲ ਸਥਿਤ ਹੈ। ਇਹ ਪਿੰਡ ਬੜਾ ਪਿੰਡ ਤੋਂ ਆ ਕੇ ਸਹੋਤਾ ਜੱਟਾਂ ਨੇ ਵਸਾਇਆ ਪਰ ਜ਼ਮੀਨ ਅਬਾਦ ਕਰਨ ਲਈ ਉਨ੍ਹਾਂ ਬੁੱਧਵਾਲ ਗੋਤ ਦੇ ਮਿਹਨਤੀ ਸੈਣੀਆਂ ਨੂੰ ਵੀ ਆਪਣੇ ਪਿੰਡ ਵਸਾ ਲਿਆ। ਉਹ ਸਮਾਂ ਸੀ ਕਿ ਮਾਲਕਾਂ ਤੋਂ ਸਰਕਾਰੀ ਮਾਮਲਾ ਵੀ ਮਸਾਂ ਦੇ ਹੁੰਦਾ ਸੀ। ਇਸ ਲਈ ਬਹੁਤੇ ਜ਼ਮੀਨਾਂ ਦੇ ਮਾਲਕ ਬੇਜ਼ਮੀਨਿਆਂ ਨੂੰ ਜ਼ਮੀਨਾਂ ਦੇ ਦਿੰਦੇ ਸਨ ਕਿ ਉਹ ਸਰਕਾਰੀ ਮਾਮਲਾ ਦੇਈ ਜਾਣ। ਇਸ ਪਿੰਡ ਦੇ ਸੈਣੀਆਂ ਨੇ ਵੀ ਰੁੜਕੀ ਖਾਸ ਵਾਲਿਆਂ ਦੀ ਤਰ੍ਹਾਂ ਪੂਰਨ ਏਕੇ ਦਾ ਸਬੂਤ ਦਿੱਤਾ। ਪਿੰਡ ਦੇ ਲੋਕਾਂ ਨੂੰ ਬੱਬਰ ਦੇ ਨਿਕਟਵਰਤੀ ਹੋਣ ਕਰਕੇ ਪੁਲਿਸ ਨੇ ਬਹੁਤ ਤੰਗ ਕੀਤਾ। ਪਿੰਡ ਵਿੱਚ ਪੁਲਿਸ ਦੀ ਚੌਂਕੀ ਬਿਠਾਈ ਗਈ ਤਾਂ ਪਿੰਡ ਦਾ ਕੋਈ ਵੀ ਆਦਮੀ ਉਨ੍ਹਾਂ ਨੂੰ ਰੋਟੀ ਪਾਣੀ ਨਾ ਦਿੰਦਾ, ਸਿਵਾਏ ਲੰਬੜਦਾਰ ਭੁੱਲਾ ਸਿੰਘ ਸਹੋਤਾ ਦੇ। ਉਸ ਨਾਲ ਪਿੰਡ ਵਾਲੇ ਸਿੱਧੇ ਮੂੰਹ ਗੱਲ ਨਾ ਕਰਦੇ। ਪਿੰਡ ਵਿੱਚ ਪੁਲਿਸ ਦੀ ਚੌਂਕੀ ਦਾ ਖਰਚ ਵੀ ਪਿੰਡ ਵਾਲਿਆਂ 'ਤੇ ਪਾਇਆ ਗਿਆ ਅਤੇ ਪਿੰਡ ਦੇ ਕਈ ਬੰਦਿਆਂ ਨੂੰ ਬੱਬਰਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਕਈ ਸਾਲ ਕੈਦ ਭੁਗਤਣੀ ਪਈ ਸੀ। 
ਬੱਬਰ ਮਹਿੰਦਰ ਸਿੰਘ ਸਪੁੱਤਰ ਸ. ਲਾਭ ਸਿੰਘ ਸੈਣੀ ਗੋਤ ਦੇ ਬੁਧਵਾਲ ਦੇ ਘਰ ਹੋਇਆ। ਉਸ ਨੇ ਬੱਡੋਂ ਦੇ ਖਾਲਸਾ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਸਕੂਲ ਦੇ ਹੈੱਡਮਾਸਟਰ ਸ. ਹਰੀ ਸਿੰਘ ਧੂਤ ਸਨ। ਛੋਟੀ ਉਮਰ ਵਿੱਚ ਹੀ ਬੱਬਰ ਦੇ ਮਾਪੇ ਚੜ੍ਹਾਈ ਕਰ ਗਏ ਸਨ। ਉਹ ਮਾਂ-ਪਿਓ ਦੀ ਇਕਲੌਤੀ ਔਲਾਦ ਸੀ। ਉਸ ਨੇ ਫੌਜ ਦੀ 47 ਰੈਜਮੈਂਟ ਵਿੱਚ ਨੌਕਰੀ ਕੀਤੀ। ਉਹ ਬੜਾ ਚੁਸਤ-ਪਸ਼ਤ ਅਤੇ ਡਿਊਟੀ ਦਾ ਪਾਬੰਦ ਸੀ। ਅੰਗਰੇਜ਼ ਸਰਕਾਰ ਵਿਰੁੱਧ ਉਹ ਅਕਸਰ ਫੌਜੀਆਂ ਵਿੱਚ ਤਕਰੀਰਾਂ ਕਰਦਾ ਹੁੰਦਾ ਸੀ। ਨਨਕਾਣਾ ਸਾਹਿਬ ਦੇ ਸਾਕੇ, ਗੁਰੂ ਕੇ ਬਾਗ ਦੇ ਮੋਰਚੇ ਅਤੇ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਬਾਰੇ ਉਹ ਆਪਣੇ ਸਾਥੀਆਂ ਨੂੰ ਦੱਸ ਕੇ ਅੰਗਰੇਜ਼ ਸਰਕਾਰ ਵਿਰੁੱਧ ਕਰਨ ਦੀ ਕੋਸ਼ਿਸ਼ ਕਰਦਾ। ਉਸ ਦਾ ਕੋਰਟ ਮਾਰਸ਼ਲ ਹੋਇਆ ਅਤੇ ਅਪ੍ਰੈਲ 1922 ਵਿੱਚ ਉਸ ਨੂੰ ਫੌਜ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ। 
ਬੱਬਰ ਦੀ ਸ਼ਹੀਦੀ ਬਾਰੇ ਚਸ਼ਮਦੀਦ ਗਵਾਹਾਂ ਪਾਲ ਕੌਰ ਅਤੇ ਸ਼ਿਵ ਸਿੰਘ ਪਿੰਡ ਬੰਬੇਲੀ ਰਿਆਸਤ ਕਪੂਰਥਲਾ ਨੇ ਬੱਬਰ ਨੂੰ ਸ਼ਹੀਦ ਹੁੰਦਿਆਂ ਅੱਖੀਂ ਦੇਖਿਆ ਸੀ, ਦਾ ਬਿਆਨ ਡਾ. ਬਖਸ਼ੀਸ਼ ਸਿੰਘ ਨਿੱਝਰ ਨੇ ਲਿਖਿਆ ਹੈ ਕਿ ਬੱਬਰ ਦੀ ਚੜ੍ਹਦੀ ਜਵਾਨੀ ਦੇਖ ਕੇ ਪੁਲਿਸ ਕਮਿਸ਼ਨਰ ਮਿ. ਸਮਿੱਥ ਨੇ ਇੱਕ ਸਿੱਖ ਅਫਸਰ ਨੂੰ ਆਖਿਆ ਕਿ ਉਹ ਕਿਰਪਾਨ ਰੱਖ ਕੇ ਐਧਰ ਆ ਜਾਵੇ, ਉਸ ਨੂੰ ਕੋਈ ਸਜ਼ਾ ਨਹੀਂ ਹੋਵੇਗੀ। ਸਿੱਖ ਅਫਸਰ ਦੇ ਕਹਿਣ 'ਤੇ ਵੀ ਬੱਬਰ ਕਿਰਪਾਨ ਫੜ ਕੇ ਸਭ ਤੋਂ ਅੱਗੇ ਪੁਲਿਸ ਤੇ ਤਲਵਾਰ ਨਾਲ ਹੀ ਹਮਲਾਵਰ ਹੋਇਆ ਅਤੇ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ 1 ਸਤੰਬਰ, 1923 ਨੂੰ ਆਪਣੇ ਸਾਥੀ ਬੱਬਰ ਗੱਦਾਰ ਅਨੂਪ ਸਿੰਘ ਦੀ ਗੱਦਾਰੀ ਕਾਰਨ ਸ਼ਹੀਦ ਹੋ ਕੇ ਆਪਣਾ ਨਾਂਅ ਅਮਰ ਕਰ ਗਿਆ। 

ਅਣਗੌਲੇ ਸਫ਼ਿਆਂ ਦੀ ਦਾਸਤਾਨ

-ਹਰਪ੍ਰੀਤ ਸਿੰਘ
ਬੱਬਰ ਅਕਾਲੀ ਲਹਿਰ
ਜਗੋਵਾਲ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਬ੍ਰਿਟਿਸ਼ ਅਫ਼ਸਰ, ਜੈਲਦਾਰ, ਲੰਬੜਦਾਰ, ਪਟਵਾਰੀ ਪੁਲੀਸ ਦੇ ਸੂਹੀਏ, ਚਾਪਲੂਸ ਤੇ ਖ਼ੁਸ਼ਾਮਦੀਦ ਜੋ ਬੱਬਰ ਲਹਿਰ ਦੇ ਰਾਹ ਵਿੱਚ ਰੁਕਾਵਟ ਵੀ ਸਨ ਅਤੇ ਦੇਸ਼ ਨੂੰ ਲੁੱਟਣ ਤੇ ਲਤਾੜਨ ਵਾਲਿਆਂ ਦੇ ਹਮਾਇਤੀ ਵੀ ਸਨ, ਨੂੰ ਜਾਂ ਤਾਂ ਸਿੱਧੇ ਰਾਹ ਪਾਇਆ ਜਾਵੇ ਜਾਂ ਫਿਰ ‘ਲੰਮੇ ਰਾਹ’। ਫਿਰ ਲਗਾਤਾਰ ਇੱਕ ਵਿਲੱਖਣ ਲਹਿਰ ਚੱਲੀ ਜਿਸ ਵਿੱਚ ਪੁਲੀਸ ਦੇ ਸੂਹੀਏ ਤੇ ਹੋਰ ਗੱਦਾਰਾਂ ਨੂੰ ‘ਲੰਮੇ ਰਾਹ’ ਪਾਇਆ ਗਿਆ। ਇਨ੍ਹਾਂ ਵਿੱਚ ਜੈਲਦਾਰ ਕਿਸ਼ਨ ਸਿੰਘ (1923), ਅਰਜਨ ਸਿੰਘ ਪਟਵਾਰੀ, ਬੂਟਾ ਸਿੰਘ ਲੰਬੜਦਾਰ (1923), ਲਾਭ ਸਿੰਘ, ਹਜ਼ਾਰਾ ਸਿੰਘ, ਸੂਬੇਦਾਰ ਗੈਂਦਾ ਸਿੰਘ ਤੇ ਚੌਧਰੀ ਰੱਲਾ ਰਾਮ ਸ਼ਾਮਲ ਸਨ। ਇਨ੍ਹਾਂ ਘਟਨਾਵਾਂ ਨੇ ਇੱਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਨ੍ਹਾਂ ਦੇ ਕੰਮਾਂ ਵਿੱਚ ਖੜੋਤ ਆਉਣ ਲੱਗੀ ਤੇ ਦੂਜੇ ਪਾਸੇ ਸਰਕਾਰੀ ਵਫ਼ਾਦਾਰਾਂ ਵਿੱਚ ਡਰ ਫੈਲ ਗਿਆ। ਬ੍ਰਿਟਿਸ਼ ਹਕੂਮਤ ਨੇ ਵੱਡੀਆਂ ਇਨਾਮੀ ਰਾਸ਼ੀਆਂ, ਜ਼ਮੀਨਾਂ, ਜਾਇਦਾਦਾਂ, ਜਗੀਰਾਂ ਦੀ ਬੋਛਾਰ ਕਰ ਕੇ ਬੱਬਰਾਂ ਖ਼ਿਲਾਫ ਸੂਹ ਕੱਢਣ ਲਈ ਸੂਹੀਆਂ ਨੂੰ ਮੁੜ ਉਤਸ਼ਾਹਿਤ ਕਰਨ ਦੇ ਯਤਨ ਕੀਤੇ। ਇਸ ਦੇ ਨਾਲ-ਨਾਲ ਦੁਆਬੇ ਵਿੱਚ ਸਪੈਸ਼ਲ ਫੋਰਸ, ਸਿਪਾਹੀ, ਭਰਤੀ ਕੀਤੇ, ਬਖ਼ਤਰਬੰਦ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਸਰਕਾਰੀ ਮਸ਼ੀਨਰੀ ਰਾਹੀਂ ਬੱਬਰਾਂ ਖ਼ਿਲਾਫ਼ ਪ੍ਰਚਾਰ ਕਰ ਕੇ ਲੋਕ ਲਹਿਰ ਬਣਨ ਤੋਂ ਰੋਕੀ ਗਈ।

ਬੱਬਰ ਲਹਿਰ ਦੀਆਂ ਗਤੀਵਿਧੀਆਂ ਦੀ ਗੂੰਜ ਲੰਡਨ ਵਿੱਚ ਵੀ ਪਈ ਅਤੇ ਇੰਗਲੈਂਡ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਲਹਿਰ ਨੂੰ ਕੁਚਲਣ ਦੀ ਤਾਕੀਦ ਕੀਤੀ। ਸਰਕਾਰ ਨੇ ਬੱਬਰਾਂ ਉੱਪਰ ਦੋ ਵਾਰ ਇਨਾਮੀ ਰਾਸ਼ੀ ਰੱਖ ਕੇ ਉਨ੍ਹਾਂ ਨੂੰ ਫੜਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਬੱਬਰ ਉਡਾਰੂ ਸਨ ਜੋ ਆਪਣੀਆਂ ਗਤੀਵਿਧੀਆਂ ਨੂੰ ਖ਼ਾਸ ਪ੍ਰੋਗਰਾਮ ਅਨੁਸਾਰ ਕਰਦੇ। ਬੱਬਰ ਅਕਾਲੀ ਲਹਿਰ ਦੇ ਕੁਝ ਖ਼ਾਸ ਪੱਖਾਂ ਨੇ ਇਸ ਨੂੰ ਲੋਕਾਂ ਨਾਲ ਜੋੜਿਆ। ਇੱਕ ਉਦਾਹਰਨ ਬੱਬਰਾਂ ਦੀ ਇਸ ਪਹਿਲਕਦਮੀ ਬਾਰੇ ਚਰਚਾ ਯੋਗ ਹੈ। ਦੁਆਬਾ ਅੰਬਾਂ ਲਈ ਵਿਸ਼ਵ ਪ੍ਰਸਿੱਧ ਸੀ, ਹੁਸ਼ਿਆਰਪੁਰ-ਪ੍ਰਮੁੱਖ ਮਾਰਗ ’ਤੇ ਅੰਬਾਂ ਦੇ ਲੱਖਾਂ ਰੁੱਖ ਸਨ, ਜਿਸ ਦਾ ਠੇਕਾ ਸਰਕਾਰ ਕਰਦੀ ਤੇ ਲੱਖਾਂ ਰੁਪਏ ਆਪਣੀ ਝੋਲੀ ਪਾ ਲੈਂਦੀ। ਬੱਬਰਾਂ ਨੇ ਇਸ਼ਤਿਹਾਰ ਜਾਰੀ ਕੀਤਾ ਕਿ ਕੋਈ ਆਦਮੀ ਮੌਸਮ ਆਉਣ ’ਤੇ ਅੰਬਾਂ ਦਾ ਠੇਕਾ ਨਾ ਲਵੇ ਨਹੀਂ ਤਾਂ ਸਰਕਾਰੀ ਏਜੰਟ ਸਮਝ ਕੇ ਨਜਿੱਠਿਆ ਜਾਵੇਗਾ ਕਿਉਂਕਿ ਅੰਬਾਂ ’ਤੇ ਹੱਕ ਰਾਹੀਆਂ ਦਾ ਹੈ, ਕਿਸਾਨਾਂ ਦਾ ਹੈ, ਜਿਨ੍ਹਾਂ ਦੇ ਖੇਤਾਂ ਨਾਲ ਰੁੱਖ ਲੱਗੇ ਹਨ। ਕੁਦਰਤ ਦੀ ਵਸਤ ਨੂੰ ਜਨ ਸਮੂਹ ਲਈ ਖੁੱਲ੍ਹਾ ਰੱਖਣਾ ਮਾਨਵੀ ਗੁਣ ਹੈ ਪਰ ਆਪਣੀ ਜੇਬ ਲਈ ਲੋਕਾਂ ਦੀ ਚੀਜ਼ ਉਨ੍ਹਾਂ ਤੋਂ ਖੋਹ ਕੇ ਮੰਡੀ ਵਿੱਚ ਬੇਅਦਬ ਕਰਨੀ ਮੁਨਾਫ਼ਾਵਾਦੀ ਸ਼ੋਸ਼ਣਕਾਰੀ ਬਿਰਤੀ ਹੈ। ਇਸੇ ਮੁਨਾਫ਼ੇ ਅਤੇ ਲੁੱਟ ਦੀ ਤਰਜ਼ ’ਤੇ ਹੀ ਅੰਗਰੇਜ਼ੀ ਬਸਤੀਵਾਦ ਖੜ੍ਹਾ ਸੀ, ਜਿਸ ਨੇ ਵਿਸ਼ਵ ਦੇ ਕਈ ਖੇਤਰ ਉਜਾੜ ਦਿੱਤੇ ਸਨ, ਚਾਹੇ ਉਹ ਭਾਰਤ ਦਾ ਖਿੱਤਾ ਹੋਵੇ ਜਾਂ ਅਫ਼ਰੀਕਾ ਦਾ। ਬੱਬਰਾਂ ਦੀ ਇਸ ਗਤੀਵਿਧੀ ਨਾਲ ਦੋ ਸਾਲ (1922-1923) ਕਿਸੇ ਨੇ ਅੰਬਾਂ ਦਾ ਠੇਕਾ ਲੈਣ ਦੀ ਜੁਰੱਅਤ ਨਹੀਂ ਕੀਤੀ ਤੇ ਅੰਬਾਂ ਦਾ ਲੁਤਫ਼ ਆਮ ਲੋਕਾਂ ਨੇ ਲਿਆ। ਬੱਬਰਾਂ ਨੇ ਤਤਕਾਲੀ ਵਿਸ਼ਵ ਦੀ ਪ੍ਰਮੁੱਖ ਸ਼ਕਤੀ ਨਾਲ ਟੱਕਰ ਲਈ, ਬ੍ਰਿਟਿਸ਼ ਤਖ਼ਤ ਨੂੰ ਅੰਗੂਠਾ ਦਿਖਾਇਆ ਤੇ ਪੰਜਾਬ ਦੀ ਬਾਗ਼ੀਆਨਾ ਅਤੇ ਆਜ਼ਾਦਾਨਾ ਤਬੀਅਤ ਨੂੰ ਹੋਰ ਸੁਨਹਿਰਾ ਕਰ ਕੇ ਲਿਖਿਆ।

1923 ਤੋਂ ਬਾਅਦ ਸਰਕਾਰ ਬੱਬਰਾਂ ਨੂੰ ਦੋ ਪੱਧਰਾਂ ’ਤੇ ਘੇਰਨ ਦੀ ਯੋਜਨਾ ਤਿਆਰ ਕਰਦੀ ਹੈ। ਪਹਿਲਾ ਬੱਬਰਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਕੇ, ਦੂਜਾ ਹਥਿਆਰਬੰਦ, ਕੁਟਲਨੀਤੀ ਰਾਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1920), ਗੁਰਦੁਆਰਾ ਸੁਧਾਰ ਲਹਿਰ ਨੂੰ ਅਹਿੰਸਾ ਦੇ ਮਾਰਗ ’ਤੇ ਚੱਲ ਕੇ ਸਰਕਾਰੀ ਹਮਾਇਤ ਜਾਂ ਸਹਿਯੋਗ ਨਾਲ ਮੰਤਵ ਪੂਰਾ ਕਰਨਾ ਚਾਹੁੰਦੀ ਸੀ ਪਰ ਬੱਬਰ ਨਿੱਖੜ ਕੇ ਹਥਿਆਰਬੰਦ ਬਗ਼ਾਵਤ ਤੇ ਹੱਕਾਂ ਦੀ ਪ੍ਰਾਪਤੀ ਲਈ ਤਤਪਰ ਰਹੇ। ਇੱਕ ਕੌਮ, ਇੱਕ ਉਦੇਸ਼ ਲਈ ਦੋਫਾੜ ਹੋ ਗਈ। ਸਰਕਾਰ ਨੇ ਲਾਭ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 29-30 ਮਈ 1923 ਨੂੰ ਬੱਬਰਾਂ ਵਿਰੁੱਧ, ਉਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੀਦੀ, ਦਾ ਮਤਾ ਪਾਸ ਕਰਵਾ ਲਿਆ। ਲਹਿਰ ’ਤੇ ਇਸ ਦਾ ਕਾਫ਼ੀ ਅਸਰ ਪਿਆ। ਫਿਰ ਵੀ ਬੱਬਰ ਆਪਣੇ ਉਦੇਸ਼ ਲਈ ਆਪਣੀ ਵਿਚਾਰਧਾਰਾ ਮੁਤਾਬਕ ਚੱਲਦੇ ਰਹੇ।

ਦੂਜੇ ਪਾਸੇ ਸਰਕਾਰੀ ਮਸ਼ੀਨਰੀ ਨੇ ਆਪਣੇ ਪੂਰੇ ਸਾਧਨਾਂ ਨਾਲ ਬੱਬਰਾਂ ਦੇ ਪੁਰਾਣੇ, ਨਵੇਂ ਟਿਕਾਣਿਆਂ ਕਿਸ਼ਨਪੁਰ, ਜੱਸੋਵਾਲ, ਪਰਾਗਪੁਰ, ਪੰਡੋਰੀ ਨਿਝਰਾ, ਦੌਲਤਪੁਰ, ਕੋਟਫਤੂਹੀ, ਸੋਂਦਪੁਰ, ਮਾਹਿਲਪੁਰ, ਚੱਬੇਵਾਲ, ਸਿਰਹਾਲਾ ਕਲਾਂ, ਬਾੜੀਆਂ, ਬੱਡੋ, ਬਸੀ ਕਲਾਂ, ਗੜ੍ਹਸ਼ੰਕਰ, ਲਹਿਲੀਆਂ, ਬਿਲਾਸਪੁਰ, ਫਤਿਹਪੁਰ ਕੋਠੀ, ਮਖ਼ਸੂਸਪੁਰ, ਪਲਾਹੀ ਆਦਿ ’ਤੇ ਅਚਾਨਕ ਛਾਪੇ ਮਾਰੇ, ਸੂਹੀਆਂ, ਗੱਦਾਰਾਂ ਦੀ ਸਾਜ਼ਿਸ਼ ਦੇ ਸ਼ਿਕਾਰ ਹੋਏ ਬੱਬਰ ਗ੍ਰਿਫ਼ਤਾਰ ਕੀਤੇ ਜਾਣ ਲੱਗੇ। ਇਹ ਟਿਕਾਣੇ ਬੱਬਰਾਂ ਦੇ ਜੱੱਦੀ ਪਿੰਡ ਵੀ ਸਨ, ਜਿੱਥੇ ਉਨ੍ਹਾਂ ਦੇ ਪਰਿਵਾਰ, ਸਾਕ ਸਕੀਰੀ ਸੰਬੰਧ ਵੀ ਸਨ। ਇਸ ਦੌਰਾਨ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੇ ਇਤਿਹਾਸ ਨੂੰ ਨਾ ਫਰੋਲਿਆਂ ਗਿਆ ਤੇ ਨਾ ਹੀ ਰਾਸ਼ਟਰ ਪੱਧਰ ’ਤੇ ਉਭਾਰਿਆ ਗਿਆ। ਦੋਵੇਂ ਘਟਨਾਵਾਂ ਸ਼ਹਾਦਤ ਦੀਆਂ ਹਨ। ਅਨੂਪ ਸਿੰਘ ਦੀ ਗੱਦਾਰੀ ਅਤੇ ਬੰਬੇਲੀ ਵਿੱਚ ਕਰਮ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਧੰਨਾ ਸਿੰਘ ਬਹਿਲਪੁਰੀਆ ਧੋਖੇ ਦਾ ਸ਼ਿਕਾਰ ਹੁੰਦਾ, ਪੁਲੀਸ ਦੇ ਘੇਰੇ ਵਿੱਚ ਫਸ ਗਿਆ, ਪੁਲੀਸ ਉਸ ਨੂੰ ਉਦੋਂ ਗ੍ਰਿਫ਼ਤਾਰ ਕਰਦੀ ਹੈ, ਜਦੋਂ ਉਹ ਸੁੱਤਾ ਪਿਆ ਸੀ। ਉਸ ਦਾ ਖ਼ੁਦ ਨਾਲ ਵਾਅਦਾ ਸੀ ਕਿ ਜੀਊਂਦੇ ਜੀਅ ਪੁਲੀਸ ਦੇ ਹੱਥ ਨਹੀਂ ਆਉਣਾ, ਆਜ਼ਾਦੀ ਨਾਲ ਜੀਉਣਾ ਤੇ ਦੇਸ਼ ਦੀ ਆਜ਼ਾਦੀ ਖਾਤਰ ਸ਼ਹੀਦ ਹੋਣਾ ਹੈ। ਉਸ ਨੇ ਵੱਖੀ ਨਾਲ ਰੱਖੇ ਬੰਬ ਨੂੰ ਦੱਬ ਕੇ ਸਮੇਤ ਆਪਣੇ ਤੇ ਸਿਪਾਹੀਆਂ ਦੇ ਆਪਣਾ ਕੌਲ ਪੁਗਾ ਦਿੱਤਾ। ਸੱਤ ਤੋਂ ਨੌਂ ਪੁਲੀਸ ਸਿਪਾਹੀ ਤੇ ਅਫ਼ਸਰ ਵੀ ਮਾਰੇ ਗਏ।

ਇਸ ਗੱਲ ਨਾਲ ਦੂਜੀ ਘਟਨਾ ਰਤਨ ਸਿੰਘ ਰਕੱੜ ਦੀ ਜੁੜਦੀ ਹੈ, ਜੋ ਫ਼ੌਜ ਵਿੱਚੋਂ ਬਾਗ਼ੀ ਹੋ ਕੇ ਬੱਬਰਾਂ ਦਾ ਸਾਥੀ ਬਣਿਆ ਸੀ। ਪੁਲੀਸ ਦੇ ਘੇਰੇ ਵਿੱਚ ਫਸ ਗਿਆ ਪਰ ਜਮੀਰ ਨਾਲ ਸਾਂਝ ਸੀ ਕਿ ਜੀਊਂਦੇ ਜੀਅ ਗ੍ਰਿਫ਼ਤਾਰੀ ਨਹੀਂ ਦੇਵੇਗਾ। ਉਸ ਕੌਲ ਪਿਸਤੌਲ ਸੀ, ਜਿਸ ਦੀਆਂ ਸਭ ਗੋਲੀਆਂ ਵਰਤ ਕੇ ਇੱਕ ਖ਼ੁਦ ਲਈ ਰੱਖ ਲਈ ਤੇ ਅੰਤ ਆਪਣੀ ਮਰਜ਼ੀ ਨਾਲ ਸ਼ਹਾਦਤ ਪ੍ਰਾਪਤ ਕੀਤੀ। ਇੱਥੇ ਵੀ 5 ਦੇ ਕਰੀਬ ਸਿਪਾਹੀ ਫੱਟੜ ਹੋਏ। ਇਨ੍ਹਾਂ ਦੋਵਾਂ ਬੱਬਰਾਂ ਦੀ ਕੁਰਬਾਨੀ ਸਵੈ ਵਿਸ਼ਵਾਸ ਵਿੱਚੋਂ ਉਭਰੀ ਦ੍ਰਿੜ੍ਹਤਾ, ਅਡੋਲਤਾ ਅਤੇ ਜਜ਼ਬੇ ਵਿੱਚੋਂ ਪੈਦਾ ਹੋਈ। ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਬੱਬਰ ਕਾਤਲ ਨਹੀਂ ਸਗੋਂ ਦੇਸ਼ ਭਗਤ ਸਨ, ਜੋ ਸਮੇਂ ਸਮੇਂ ਮਾਨਵਤਾ ਲਈ, ਉਸ ਦੇ ਉਚੇਰੇ ਜੀਵਨ ਲਈ ਖ਼ੁਦ ਨੂੰ ਵੀ ਰੋੜਾ ਨਹੀਂ ਬਣਨ ਦਿੰਦੇ ਸਨ। ਵੱਡੀ ਕੁਰਬਾਨੀ ਦੇ ਬਾਵਜੂਦ ਬੱਬਰ ਇਤਿਹਾਸ ਵਿੱਚੋਂ ਕਿਉਂ ਅਣਗੌਲੇ ਰਹੇ, ਇਹ ਚਿੰਤਨ ਕਰਨ ਦਾ ਵਿਸ਼ਾ ਹੈ।

ਸੈਂਕੜੇ ਗ੍ਰਿਫ਼ਤਾਰੀਆਂ, ਫਾਂਸੀਆਂ, ਉਮਰ ਕੈਦਾਂ, ਤਸ਼ੱਦਦ, ਤਸੀਹੇ ਝੱਲਦਿਆਂ ਬੱਬਰਾਂ ਦਾ ਸੱਚ, ਨਿਆਂ ਅਤੇ ਹੱਕ ਖ਼ਾਤਰ ਸੰਘਰਸ਼ ਸਦਾ ਚੱਲਦਾ ਰਿਹਾ। ਬੱਬਰਾਂ ਨੇ ਪ੍ਰਤੀਰੋਧੀ ਬਿਰਤੀ ਨੂੰ ਜੇਲ੍ਹ ਵਿੱਚ ਵੀ ਕਾਇਮ ਰੱਖਿਆ, ਚਾਹੇ ਉਹ ਜੇਲ੍ਹ ਅੰਦਰ ਗੁਰਪੁਰਬ ਮਨਾਉਣਾ ਹੋਵੇ, ਵਧੀਆ ਖਾਣ-ਪੀਣ, ਪਹਿਨਣ ਲਈ ਸੰਘਰਸ਼, ਭੁੱਖ-ਹੜਤਾਲ ਹੋਵੇ, ਭਗਤ ਸਿੰਘ ਦੀ ਭੁੱਖ ਹੜਤਾਲ ਵਿੱਚ ਸ਼ਮੂਲੀਅਤ ਹੋਵੇ, ਜੇਲ੍ਹ ਵਾਰਡਨਾਂ, ਪੁਲੀਸ ਅਫ਼ਸਰਾਂ ਦੇ ਹੁਕਮਾਂ ਤੋਂ ਬਗ਼ਾਵਤ ਆਦਿ ਨੇ ਉਨ੍ਹਾਂ ਨੂੰ ਦੇਸ਼ ਭਗਤਾਂ ਤੇ ਜਜ਼ਬੇ ਵਾਲੇ ਯੋਧੇ ਵਜੋਂ ਸਿਰਜਿਆ। ਅਤੀਤ ਰਾਹੀਂ, ਇਤਿਹਾਸ ਵਰਤਮਾਨ ਨੂੰ ਭਵਿੱਖ ਵਿੱਚ ਦੇਖਣ ਵਾਲੀ ਅੱਖ ਦਿੰਦਾ ਹੈ ਪਰ ਸੱਤਾ ਇਸ ਅੱਖ ਵਿੱਚ ਸਦਾ ਟੀਰ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਇਸ ਅੱਖ ਉੱਪਰ ਕਾਲੇ ਚਸ਼ਮੇ ਪੁਆ ਦਿੰਦੀ ਹੈ ਜਾਂ ਫਿਰ ਅੱਖਾਂ ਕੱਢਣ ’ਚ ਯਕੀਨ ਰੱਖਦੀ ਹੈ। ਸੱਤਾਸ਼ੀਲ ਤਾਕਤਾਂ ਤਰਸ, ਮਾਨਵੀ ਕੀਮਤਾਂ, ਅਹਿੰਸਾ, ਮਾਨਵਤਾ ਨੂੰ ਲੈ ਕੇ ਨਹੀਂ ਚੱਲਦੀਆਂ, ਜੇ ਚੱਲਦੀਆਂ ਵੀ ਹਨ ਤਾਂ ਸੱਤਾ ਸਥਾਪਤੀ ਲਈ। ਇਨ੍ਹਾਂ ਕੀਮਤਾਂ ਨੂੰ ਆਪਣੀ ਸਥਾਪਤੀ ਲਈ ਢਾਲ ਕੇ ਦੂਜਿਆਂ ਦੇ ਸੱਭਿਆਚਾਰ ਦਾ ਹਿੱਸਾ ਜ਼ਰੂਰ ਬਣਾ ਦਿੰਦੀ ਹੈ। ਬੱਬਰਾਂ ਦੇ ਸੰਘਰਸ਼ ਦੀ ਮਹੱਤਤਾ ਵੀ ਉਸ ਵਿਚਾਰਧਾਰਕ ਪ੍ਰਤੀਰੋਧ ਕਰਕੇ ਹੀ ਹੈ, ਜੋ ਆਪਣੇ ਸਮੇਂ ਦੀਆਂ ਧਾਰਮਿਕ ਤੇ ਰਾਜਸੀ ਸੰਸਥਾਵਾਂ ਦੇ ਪ੍ਰਵਚਨ ਤੋਂ ਉੱਪਰ ਉੱਠ ਕੇ ਆਪਣਾ ਵੱਖਰਾ ਰਾਹ ਲੱਭਦੀ ਹੈ। ਬੇਸ਼ੱਕ ਬੱਬਰ ਲਹਿਰ ਦੇ ਸੰਗਠਨ, ਵਿਧੀਆਂ ਅਤੇ ਕਾਰਜਾਂ ਵਿੱਚ ਖਾਮੀਆਂ ਵੀ ਸਨ, ਗਹਿਰੀ ਰਾਜਸੀ ਸੂਝ ਦੀ ਘਾਟ ਸੀ ਪਰ ਤਤਕਾਲੀ ਪ੍ਰਸਥਿਤੀਆਂ ਦੇ ਟਕਰਾਅ ਨੇ ਹਥਿਆਰਬੰਦ ਪ੍ਰੰਪਰਾ ਦੇ ਵਿਸ਼ਵਾਸ ਅਤੇ ਗ਼ੁਲਾਮੀ ਦੀ ਜ਼ਿੱਲਤ ਨੇ ਇੱਕ ਅਜਿਹਾ ਸੰਘਰਸ਼ ਸਿਰਜਿਆ ਜੋ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਿਆ। ਇਸ ਦਾ ਪੁਨਰ ਅਧਿਆਪਨ ਹੋਣਾ ਜ਼ਰੂਰੀ ਹੈ।

ਬੱਬਰ ਬਾਬੂ ਸੰਤਾ ਸਿੰਘ ਛੋਟੀ ਹਰਿਓਂ

- ਵਾਸਦੇਵ ਸਿੰਘ ਪਰਹਾਰ 
ਫੋਨ 206-434-1155
ਬੱਬਰ ਬਾਬੂ ਸੰਤਾ ਸਿੰਘ ਪੁੱਤਰ ਸ. ਸੂਬਾ ਸਿੰਘ ਭੱਟੀ ਦਾ ਜਨਮ ਪਿੰਡ ਛੋਟੀ ਹਰਿਓਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਜੱਸਾਂ ਦੀ ਕੁੱਖੋਂ ਹੋਇਆ। ਭੱਟੀ ਗੋਤ ਦੇ ਇਤਿਹਾਸ ਬਾਰੇ ਵਸਾਖਾ ਸਿੰਘ ਸੰਤ ਸਿਪਾਹੀ ਦੀ ਇੱਕ ਵੱਡ-ਅਕਾਰੀ ਪੁਸਤਕ ''ਮਾਲਵਾ ਸਿੱਖ ਇਤਿਹਾਸ'' ਵਿੱਚ ਲਿਖਿਆ ਹੈ, ''ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਜੱਟਾਂ ਦਾ ਪਿਛੋਕੜ ਰਾਜਪੂਤਾਂ ਵਿੱਚੋਂ ਹੈ। ਸੰਨ 1153 ਵਿੱਚ ਭੱਟੀ ਗੋਤ ਦਾ ਆਦਿ ਰਾਓ ਮੁਹੰਮਦ ਗੌਰੀ ਨਾਲ ਲੜਦਾ ਸ਼ਹੀਦ ਹੋ ਗਿਆ। ਉਸ ਦਾ ਪੁੱਤਰ ਖੀਵਾ ਰਾਓ ਉਸ ਪ੍ਰਾਂਤ ਦਾ ਚੌਧਰੀ ਬਣਿਆ ਤਾਂ ਉਸ ਨੇ ਸਰਸਾ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਲੱਧੂ ਕੋਟੀਏ ਬਸੀੜਾ ਦੀ ਪੁੱਤਰੀ ਨਾਲ ਵਿਆਹ ਕੀਤਾ। ਕਾਰਮ ਇਹ ਕੀਤੀ ਕਿ ਜੇ ਇਸ ਦੇ ਪੁੱਤਰ ਹੋਏ ਉਹ ਰਾਜਪੂਤ ਕਹਾਉਣ ਦੀ ਬਜਾਏ ਜੱਟ ਕਹਾਵੇਗਾ। ਖੀਵਾ ਰਾਓ ਦੇ ਘਰ ਸਿੱਧੂ ਨਾਂਅ ਦਾ ਪੁੱਤਰ ਪੈਦਾ ਹੋਇਆ। ਜੈਸਲਮੇਰੀਆਂ ਨੇ ਉਸ ਨੂੰ ਕੁੱਲ ਰੀਤ ਤੋੜਨ ਕਰਕੇ ਉਸ ਨੂੰ ਖੀਵਾ ਖੋਟਾ ਆਖ ਕੇ ਤਿਆਗ ਦਿੱਤਾ ਤਾਂ ਖੀਵੇ ਨੇ ਵੀ ਆਪਣੇ ਆਪ ਨੂੰ ਜੱਟ ਕਹੇ ਜਾਣ ਦਾ ਤਿਆਗਪਨ ਦੇ ਦਿੱਤਾ। ਇਹ ਮੰਗਲਮਈ ਘਟਨਾ ਸੰਨ 1210 ਦੇ ਲਗਭਗ ਹੋਈ। ਸਿੱਧੂ ਦੀ ਦਸਵੀਂ ਪੀੜ੍ਹੀ ਵਿੱਚ ਬੈਰਾੜ ਹੋਇਆ, ਜਿਸ ਨੇ ਸੰਨ 1526 ਵਿੱਚ ਬਾਬਰ ਦੀ ਮੱਦਦ ਕਰਕੇ ਭਟਿਆਣੇ ਦੀ ਚੌਧਰ ਪ੍ਰਾਪਤ ਕੀਤੀ।'' ਇਸ ਤਰ੍ਹਾਂ ਸਿੱਧੂ ਨੂੰ ਦਾਦਕਿਆਂ ਵਲੋਂ ਮਾਰਧਾੜ ਅਤੇ ਨਾਨਕਿਆਂ ਵਲੋਂ ਖੇਤੀ ਦਾ ਧੰਦਾ ਵਿਰਸੇ ਵਿੱਚ ਮਿਲਿਆ। ਉਸ ਪਾਸ ਕਿਰਤ ਦੇ ਦੋ ਸੰਦ ਸਨ ਤਲਵਾਰ ਤੇ ਹਲ਼। ਸਿੱਖ ਗੁਰੂਆਂ ਦੀ ਸੰਗਤ ਨੇ ਇਨ੍ਹਾਂ ਦਾ ਕਾਇਆਕਲਪ ਕੀਤਾ। 
ਪਿੰਡ ਛੋਟੀ ਹਰਿਓਂ ਦੇ ਆਬਾਦ ਹੋਣ ਬਾਰੇ ਦੰਦ ਕਥਾ ਚੱਲੀ ਆਉਂਦੀ ਹੈ ਕਿ ਇਹ ਵਿਧਵਾ ਮਾਈ ਦੇ ਦੋ ਪੁੱਤਰ ਸਨ ਤੇ ਉਸ ਨੇ ਆਪਣੀ ਜਾਇਦਾਦ ਦੋਨਾਂ ਪੁੱਤਰਾਂ ਵਿੱਚ ਵੰਡ ਦਿੱਤੀ। ਵੱਡੇ ਪੁੱਤਰ ਨੇ ਪਿੰਡ ਵੱਡੀ ਹਰਿਓਂ ਅਤੇ ਛੋਟੇ ਪੁੱਤਰ ਨੇ ਪਿੰਡ ਛੋਟੀ ਹਰਿਓਂ ਆਬਾਦ ਕੀਤੇ। ਅੱਜ ਤੱਕ ਦੋਨਾਂ ਪਿੰਡਾਂ ਦੇ ਵਸਨੀਕ ਮਾਈ ਦੀ ਸਮਾਧ 'ਤੇ ਉਸ ਦੀ ਯਾਦ ਵਿੱਚ ਸਾਲਾਨਾ ਮੇਲਾ ਲਾਉਂਦੇ ਹਨ। 
ਬਾਬੂ ਸੰਤਾ ਸਿੰਘ ਨੇ ਪਹਿਲਾਂ ਖਾਲਸਾ ਹਾਈ ਸਕੂਲ ਸਮਰਾਲਾ ਵਿਖੇ ਬਤੌਰ ਕਲਰਕ ਕੁਝ ਸਾਲ ਕੰਮ ਕੀਤਾ, ਜਿਸ ਕਰਕੇ ਲੋਕੀਂ ਉਸ ਨੂੰ ਬਾਬੂ ਆਖਣ ਲੱਗ ਪਏ। ਫੇਰ ਉਹ ਫੌਜ ਵਿੱਚ ਭਰਤੀ ਹੋ ਕੇ 54 ਸਿੱਖ ਰੈਜਮੈਂਟ ਵਿੱਚ ਕਲਰਕ ਲੱਗਾ। ਜਲੰਧਰ ਛਾਉਣੀ ਵਿੱਚ ਪੋਸਟਿੰਗ ਸਮੇਂ ਉਹ ਨਾਲ ਦੇ ਪਿੰਡ ਪਰਾਗਪੁਰ ਵਿਖੇ ਸੰਤ ਕਰਤਾਰ ਸਿੰਘ ਦੀ ਕੁਟੀਆ ਵਿੱਚ ਜਾਂਦਾ ਹੁੰਦਾ ਸੀ, ਜਿੱਥੇ ਉਸ ਦੀ ਮੁਲਾਕਾਤ ਬੱਬਰ ਕਿਸ਼ਨ ਸਿੰਘ ਗੜਗੱਜ ਨਾਲ ਹੁੰਦੀ ਰਹਿੰਦੀ ਸੀ। ਉਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਨੇ ਸਿੱਖਾਂ ਵਿਰੁੱਧ ਬੜੇ ਜ਼ੁਲਮ ਢਾਹੇ। ਸਾਕਾ ਨਨਕਾਣਾ ਸਾਹਿਬ ਅਤੇ ਗੁਰੂ ਕੇ ਬਾਗ ਦੇ ਮੋਰਚੇ ਦੇ ਜ਼ੁਲਮ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। 
ਬਾਬੂ ਸੰਤਾ ਸਿੰਘ ਨੇ 26 ਜਨਵਰੀ, 1922 ਨੂੰ ਫੌਜ ਵਿੱਚੋਂ ਡਿਸਚਾਰਜ ਲੈ ਲਿਆ ਕਿਉਂਕਿ ਉਸ ਦੀਆਂ ਅੰਗਰੇਜ਼ ਅਫਸਰਾਂ ਨਾਲ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਉਸ ਨੇ ਅੰਗਰੇਜ਼ ਸਰਕਾਰ ਦੇ ਚਾਟੜਿਆਂ ਅਤੇ ਝੋਲੀਚੁੱਕਾਂ ਨੂੰ ਮਾਰ ਕੇ ਅੰਗਰੇਜ਼ ਸਰਕਾਰ ਦਾ ਬੋਰੀਆ ਬਿਸਤਰਾ ਗੋਲ ਕਰਨ ਦੀ ਸੋਚੀ। ਉਹ ਬੱਬਰ ਅਕਾਲੀਆਂ ਦੇ ਦੀਵਾਨਾਂ ਵਿੱਚ ਆਪਣੀਆਂ ਲਿਖੀਆਂ ਕਵਿਤਾਵਾਂ ਤਰੰਨਮ ਨਾਲ ਗਾਉਂਦਾ ਹੁੰਦਾ ਸੀ, ਜਿਸ ਨਾਲ ਸਰੋਤੇ ਕੀਲੇ ਜਾਂਦੇ ਸਨ। ਉਸ ਦੇ ਪਿੰਡ ਦੇ ਲੋਕਾਂ ਨੇ ਉਸ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਸ ਦੀ ਸਮਾਧ ਬਣਾਈ ਹੋਈ ਹੈ ਅਤੇ ਸਮਰਾਲਾ ਵਿਖੇ ਆਈ. ਟੀ. ਆਈ. ਦਾ ਨਾਂਅ ਬਾਬੂ ਸੰਤਾ ਸਿੰਘ ਆਈ. ਟੀ. ਆਈ. ਰੱਖਿਆ ਹੋਇਆ ਹੈ। 
ਇਸ ਨੇ ਹੇਠ ਲਿਖੀਆਂ ਵਾਰਦਾਤਾਂ ਵਿੱਚ ਹਿੱਸਾ ਲਿਆ - 
* 10 ਫਰਵਰੀ, 1923 ਨੂੰ ਰਾਣੀਪੁਰ ਦੇ ਜ਼ੈਲਦਾਰ ਬਿਸ਼ਨ ਦਾ ਕਤਲ ਉਸ ਨੇ ਇਕੱਲਿਆਂ ਕੀਤਾ। 
* ਡਾਕਾ ਜਮਸ਼ੇਰ ਰੇਲਵੇ ਸਟੇਸ਼ਨ 3-4 ਮਾਰਚ, 1923 
* ਲਾਭ ਸਿੰਘ ਢੱਡੇ ਫਤਹਿ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਵਿੱਚ 14,17 ਅਤੇ 23 ਮਾਰਚ, 1923
* ਡਾਕਾ ਅਤੇ ਕਤਲ ਬੂਟਾ ਸਿੰਘ ਨੰਬਰਦਾਰ ਅਤੇ ਉਸ ਦੇ ਪੋਤਰੇ ਸੁਰਜਣ ਸਿੰਘ ਨੰਗਲਸ਼ਾਮਾ ਮਿਤੀ 12 ਮਾਰਚ, 1923
* ਡਾਕਾ ਅਤੇ ਕਤਲ ਰਲ਼ਾ ਸਿੰਘ ਅਤੇ ਦਿੱਤੂ ਸਫੈਦਪੋਸ਼ ਪਿੰਡ ਕੌਲਗੜ੍ਹ ਮਿਤੀ 21 ਮਾਰਚ, 1923
* ਕਤਲ ਮਿਸਤਰੀ ਲਾਭ ਸਿੰਘ ਗੜ੍ਹਸ਼ੰਕਰ ਮਿਤੀ 19 ਮਾਰਚ, 1923
* ਕਤਲ ਹਜ਼ਾਰ ਸਿੰਘ ਨੰਬਰਦਾਰ ਬਹਿਲਪੁਰ ਮਿਤੀ 27 ਮਾਰਚ, 1923
8. ਕਤਲ ਸੂਬੇਦਾਰ ਗੇਂਦਾ ਸਿੰਘ ਪੁਆਰ ਪਿੰਡ ਘੁੜਿਆਲ ਮਿਤੀ 17 ਅਪ੍ਰੈਲ, 1923
ਬੱਬਰ ਲਹਿਰ ਨੂੰ ਸਿਖਰ ਤੱਕ ਪਹੁੰਚਾਉਣ ਵਿੱਚ ਬਾਬੂ ਸੰਤਾ ਸਿੰਘ ਦਾ ਵੱਡਾ ਯੋਗਦਾਨ ਸੀ। ਉਪਰੋਕਤ ਵਾਰਦਾਤਾਂ ਤੋਂ ਬਾਅਦ ਅੰਗਰੇਜ਼ ਸਰਕਾਰ ਦੀ ਦੁਆਬੇ ਵਿੱਚ ਮਸ਼ੀਨਰੀ ਫੇਲ੍ਹ ਹੁੰਦੀ ਦੇਖ ਕੇ ਇਸ ਦੀ ਗੂੰਜ ਇੰਗਲੈਂਡ ਦੀ ਪਾਰਲੀਮੈਂਟ ਤੱਕ ਪਹੁੰਚੀ। ਸਰਕਾਰ ਦੇ ਝੋਲੀਚੁੱਕ ਬੱਬਰਾਂ ਤੋਂ ਭੈਅਭੀਤ ਹੋ ਕੇ ਬੁੜਬੁੜਾ ਕੇ ਰਾਤਾਂ ਨੂੰ ਉੱਠਦੇ ਤੇ ਆਖਦੇ ਬੱਬਰ ਆ ਗਏ ਓਏ ਲੋਕੋ, ਮੈਨੂੰ ਬਚਾਵੋ। ਮੁਖਬਰ ਅਫਸਰਾਂ ਕੋਲ ਬੱਬਰਾਂ ਬਾਰੇ ਸੂਹ ਦੇਣ ਲੱਗਿਆਂ ਅੱਗਾ ਪਿੱਛਾ ਦੇਖ ਕੇ ਉਨ੍ਹਾਂ ਦੇ ਕੰਨ ਵਿੱਚ ਗੱਲ ਕਰਦੇ। 
ਮੀਰ ਫਜ਼ਲ ਇਮਾਮ ਡਿਪਟੀ ਸੁਪਰਡੈਂਟ ਪੁਲਿਸ (ਸੀ. ਆਈ. ਡੀ.) ਬੱਬਰਾਂ ਦੇ ਕੇਸ ਦਾ ਇੰਚਾਰਜ ਸੀ। ਉਸ ਨੇ ਕਾਹਨ ਸਿੰਘ ਨਾਮੀ ਸਬ ਇੰਸਪੈਕਟਰ ਨੂੰ ਸੰਤ ਕਰਤਾਰ ਸਿੰਘ ਦਾ ਚੇਲਾ ਬਣਾ ਦਿੱਤਾ ਅਤੇ ਉਹ ਸੰਤ ਦਾ ਗੜਵਈ ਬਣ ਕੇ ਉਸ ਦੀ ਹਰ ਵਕਤ ਸੇਵਾ ਕਰਦਾ। ਇਹ ਸੰਤ ਪਹਿਲਾਂ ਮੁਸਲਮਾਨ ਸੀ ਅਤੇ ਫਿਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਇਸ ਦੀ ਕੁਟੀਆ ਵਿੱਚ ਬੱਬਰਾਂ ਦੀਆਂ ਮੀਟਿੰਗਾਂ ਹੁੰਦੀਆਂ ਅਤੇ ਪਿਛਲੀਆਂ ਵਾਰਦਾਤਾਂ ਅਤੇ ਅੱਗੇ ਦੇ ਪ੍ਰੋਗਰਾਮਾਂ ਦਾ ਉਸ ਨੂੰ ਸਭ ਪਤਾ ਸੀ। ਪੁਲਿਸ ਦੀ ਥੋੜ੍ਹੀ ਜਿਹੀ ਮਾਰਕੁੱਟ ਤੇ ਹੀ ਇਹ ਬੱਬਰਾਂ ਨੂੰ ਫੜਾਉਣਾ ਮੰਨ ਗਿਆ। ਮੀਰ ਫਜ਼ਲ ਇਮਾਮ ਨੇ ਇਸ ਨੂੰ ਸੰਤਾ ਸਿੰਘ ਨੂੰ ਗ੍ਰਿਫਤਾਰ ਕਰਵਾਉਣ ਲਈ ਮਨਾ ਲਿਆ। ਇਹ ਬਾਬੂ ਸੰਤਾ ਸਿੰਘ, ਅਨੂਪ ਸਿੰਘ ਮਾਣਕੋ, ਬੱਬਰ ਦਲੀਪ ਸਿੰਘ ਧਾਮੀਆਂ ਨੂੰ ਬਠਿੰਡੇ ਵੱਲ ਲੈ ਗਿਆ। ਕਈ ਦਿਨ ਤਾਂ ਸਾਰੇ ਪਿੰਡਾਂ ਵਿੱਚ ਘੁੰਮਦੇ ਰਹੇ, ਫੇਰ ਉਸ ਨੇ ਕਿਹਾ ਕਿ ਸਾਡਾ ਇਕੱਠਿਆਂ ਰਹਿਣਾ ਠੀਕ ਨਹੀਂ ਤੁਸੀਂ ਦੋਨੋਂ ਦਲੀਪਾ ਅਤੇ ਅਨੂਪ ਸਿੰਘ ਇੱਧਰ ਰਹੋ ਅਤੇ ਮੈਂ ਅਤੇ ਸੰਤਾ ਸਿੰਘ ਬਰਨਾਲੇ ਵੱਲ ਜਾਂਦੇ ਹਾਂ। ਫੇਰ ਮਸਤੂਆਣੇ ਦੇ ਮੇਲੇ 'ਤੇ ਤੁਸੀਂ ਵੀ ਮਸਤੂਆਣੇ ਆ ਜਾਇਓ। ਦੋ ਦਿਨਾਂ ਬਾਅਦ ਦਲੀਪਾ ਅਤੇ ਅਨੂਪ ਸਿੰਘ ਦੁਆਬੇ ਨੂੰ ਆ ਗਏ। ਸੰਤ ਕਰਾਤਰ ਸਿੰਘ ਬੱਬਰ ਨੂੰ ਠੀਕਰੀਵਾਲ ਗੁਰਦੁਆਰੇ ਲੈ ਗਿਆ। 
ਮੀਰ ਫਜ਼ਲ ਇਮਾਮ ਡਿਪਟੀ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਅਮਲਾ-ਫੈਲਾ ਲੈ ਕੇ ਬਰਨਾਲੇ ਪੁੱਜ ਗਿਆ। ਸੰਤ ਇੱਕ ਦਿਨ ਸੰਤਾ ਸਿੰਘ ਨੂੰ ਕਹਿਣ ਲੱਗਾ ਕਿ ਆਪਾਂ ਦਲੀਪੇ ਹੁਰਾਂ ਦੀ ਖਬਰ ਤਾਂ ਲਈਏ ਤੇ ਚੱਲ ਬਠਿੰਡੇ ਚਲੀਏ। ਇਹ ਦੋਨੋਂ ਬਰਨਾਲਾ ਤੋਂ ਬਠਿੰਡਾ ਜਾਣ ਵਾਲੀ ਗੱਡੀ ਚੜ੍ਹੇ। ਸੰਤ ਨੇ ਬੱਬਰ ਨੂੰ ਟਰੇਨ ਦੇ ਇੱਕ ਫੱਟੇ 'ਤੇ ਸੌਣ ਲਈ ਕਿਹਾ ਤੇ ਉਹ ਆਪਣੀ ਗਠੜੀ ਸਿਰ ਹੇਠਾਂ ਰੱਖ ਕੇ ਸੌਂ ਗਿਆ। ਬਰਨਾਲੇ ਤੋਂ ਡਿਪਟੀ ਨੇ ਪੰਜ ਹੱਟੇ-ਕੱਟੇ ਸਿਪਾਹੀ ਬੱਬਰ ਵਾਲੇ ਡੱਬੇ ਵਿੱਚ ਬਿਠਾ ਦਿੱਤੇ ਤਾਂ ਕਿ ਉਸ 'ਤੇ ਨਿਗਾਹ ਰੱਖਣ ਕਿ ਕਿਤੇ ਰਾਹ ਵਿੱਚ ਹੀ ਨਾ ਉੱਤਰ ਜਾਵੇ। ਜਦੋਂ ਗੱਡੀ ਤਪਾ ਸਟੇਸ਼ਨ 'ਤੇ ਪੁੱਜੀ ਤਾਂ ਸਿਪਾਹੀਆਂ ਨੇ ਦੇਖਿਆ ਕਿ ਬੱਬਰ ਘੂਕ ਸੁੱਤਾ ਪਿਆ ਹੈ ਤੇ ਉਨ੍ਹਾਂ ਨੇ ਉਸ ਨੂੰ ਦਬੋਚ ਕੇ ਫੁਰਤੀ ਨਾਲ ਦੋਨੋਂ ਹੱਥ ਪਿੱਛੇ ਕਰਕੇ ਹੱਥਕੜੀ ਲਾ ਲਈ। ਡਿਪਟੀ ਆਪ ਸੈਕਿੰਡ ਕਲਾਸ ਦੇ ਡੱਬੇ ਵਿੱਚ ਸੀ। ਰਾਮਪੁਰਾ ਫੂਲ ਸਟੇਸ਼ਨ 'ਤੇ ਪੁਲਿਸ ਨੇ ਬੱਬਰ ਨੂੰ ਉਤਾਰ ਲਿਆ। ਬਰਨਾਲੇ ਉਸ ਨੂੰ ਇਸ ਕਰਕੇ ਗ੍ਰਿਫਤਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਬੱਬਰ ਦੇ ਨਾਲ ਉਸ ਦੇ ਹੋਰ ਸਾਥੀ ਹੋਣ 'ਤੇ ਪੁਲਿਸ ਵਾਲਿਆਂ ਨੂੰ ਨਾ ਮਾਰ ਦੇਣ। 
ਮੀਰ ਫਜ਼ਲ ਇਮਾਮ ਬੜਾ ਸ਼ਾਤਰ ਦਿਮਾਗ ਸੀ। ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੁਜਰਮਾਂ ਨੂੰ ਭਰਮਾ ਲੈਂਦਾ ਸੀ। ਪੜ੍ਹਿਆ ਤਾਂ ਉਹ ਉਰਦੂ ਦੀਆਂ ਚਾਰ ਜਮਾਤਾਂ ਹੀ, ਇਸ ਲਈ ਅੰਗਰੇਜ਼ੀ ਉਸ ਲਈ ਕਾਲਾ ਅੱਖਰ ਭੈਂਸ ਬਰਾਬਰ ਵਾਲੀ ਗੱਲ ਸੀ। ਉੱਪਰਲੇ ਅਫਸਰਾਂ ਤੋਂ ਅੰਗਰੇਜ਼ੀ ਵਿੱਚ ਆਈ ਚਿੱਠੀ 'ਤੇ ਉਰਦੂ ਵਿੱਚ ''ਬਾ ਤਰਜ਼ਮਾ ਉਰਦੂ ਵਿੱਚ ਕਰਕੇ ਪੇਸ਼ ਕੀਆ ਜਾਏ'' ਕਲਰਕ ਨੂੰ ਆਖ ਦਿੰਦਾ। ਗੁਰਬਾਣੀ ਦੇ ਹਵਾਲੇ ਦੇ ਕੇ ਬੱਬਰਾਂ ਤੋਂ ਸੱਚ ਉਗਲ਼ਵਾ ਲੈਂਦਾ ਤੇ ਆਖਦਾ ਸਿੰਘ ਲਈ ਝੂਠ ਬੋਲਣਾ ਮੁਰਦਾ ਖਾਣ ਵਾਲੀ ਗੱਲ ਏ, ਅਸੀਂ ਤੇਰੇ ਨਾਲ ਜ਼ੋਰ-ਜਬਰਦਸਤੀ ਨਹੀਂ ਕਰਨੀ, ਆਪੇ ਹੀ ਸੱਚੋ-ਸੱਚ ਦੱਸ ਦੇ। ਜੇ ਕੋਈ ਕੁਝ ਨਾ ਦੱਸਦਾ ਤਾਂ ਆਖ ਦਿੰਦਾ ਚੰਗਾ ਕੁਝ ਹੋਰ ਸੋਚ ਲੈ ਅਤੇ ਮੁਲਜ਼ਮ ਨੂੰ ਆਪਣੇ ਬੁੱਚੜਾਂ ਮਾਤਹਿਤਾਂ ਅੱਗੇ ਸੁੱਟ ਦਿੰਦਾ ਕਿ ਇਸ ਨੂੰ ਤਸੀਹੇ ਦੇਵੋ। 
ਬੱਬਰ ਸੰਤਾ ਸਿੰਘ ਨੂੰ ਉਸ ਨੇ ਕਿਹਾ ਕਿ ਸੰਤ ਕਰਤਾਰ ਸਿੰਘ ਨੇ ਤੈਨੂੰ ਗ੍ਰਿਫਤਾਰ ਕਰਵਾਇਆ ਹੈ ਤੇ ਤੂੰ ਸਭ ਕੁਝ ਸੱਚੋ ਸੱਚ ਦੱਸ ਦੇ ਤਾਂ ਅਸੀਂ ਤੈਨੂੰ ਛੱਡ ਦਿਆਂਗੇ ਅਤੇ ਤੂੰ ਸੰਤ ਤੋਂ ਬਦਲਾ ਲੈ ਲਈ। ਬੱਬਰ ਉਸ ਦੀਆਂ ਭਰਮਾਊ ਗੱਲਾਂ ਵਿੱਚ ਆ ਗਿਆ। ਪਹਿਲਾਂ ਤਾਂ ਉਸ ਨੇ ਉਸ ਨੂੰ ਸਭ ਕੁਝ ਖਾਧਾ-ਪੀਤਾ ਦੱਸ ਦਿੱਤਾ। ਡਿਪਟੀ ਨੇ ਉਸ ਦੇ ਬਿਆਨ ਮੈਜਿਸਟਰੇਟ ਅੱਗੇ ਦੁਆਉਣ ਲਈ ਉਸ ਨੂੰ ਅਬਦੁੱਲ ਫਤੇਹ ਮੈਜਿਸਟਰੇਟ ਫਸਟ ਕਲਾਸ ਜਲੰਧਰ ਅੱਗੇ ਪੇਸ਼ ਕੀਤਾ। ਮੀਆਂ ਅਬੁੱਦਲ ਫਤੇਹ ਰੱਬ ਤੋਂ ਡਰਨ ਵਾਲਾ ਬੰਦਾ ਸੀ, ਇਸ ਲਈ ਉਸ ਨੇ ਬੱਬਰ ਨੂੰ ਆਖਿਆ ਕਿ ਮੈਂ ਫਸਟ ਕਲਾਸ ਮੈਜਿਸਟੇਰਟ ਹਾਂ ਮੇਰੇ ਅੱਗੇ ਦਿੱਤਾ ਤੇਰਾ ਬਿਆਨ ਤੇਰੇ ਖਿਲਾਫ ਵੀ ਵਰਤਿਆ ਜਾ ਸਕਦਾ ਹੈ ਅਤੇ ਉਸ ਨੇ ਪੁਲਿਸ ਨੂੰ ਕਮਰੇ 'ਚੋਂ ਬਾਹਰ ਜਾਣ ਲਈ ਕਿਹਾ। ਬੱਬਰ ਲਹਿਰ ਦੀ ਜਿੰਦ ਜਾਨ ਇਹ ਹਸਤੀ ਜੀਹਦੇ ਦਿਮਾਗ ਵਿੱਚ 24 ਘੰਟੇ ਕਿਸੇ ਮੁਹਿੰਮ ਨੂੰ ਸਿਰੇ ਚੜ੍ਹਾਉਣ ਦੀ ਵਿਉਂਤ ਬਣਦੀ ਰਹਿੰਦੀ ਨੇ ਆਪਣੀ ਮਰਜ਼ੀ ਨਾਲ ਲਹਿਰ ਦੇ ਸਾਰੇ ਪਰਦੇ ਫਾਸ਼ ਕਰ ਦਿੱਤੇ। ਮੈਜਿਸਟਰੇਟ ਆਪਣੀ ਕਲਮ ਨਾਲ ਬੱਬਰ ਦੇ ਬਿਆਨ ਲਿਖਦਾ ਅਤੇ ਅਖੀਰ ਵਿੱਚ ਲਿਖਿਆ ਬੱਬਰ ਨੂੰ ਸੁਣਾ ਕੇ ਉਸ ਦੇ ਦਸਤਖਤ ਕਰਵਾ ਲੈਂਦਾ। 
ਸੱਤ ਦਿਨ ਤੱਕ ਬੱਬਰ ਦੇ ਬਿਆਨ ਰਿਕਾਰਡ ਹੁੰਦੇ ਰਹੇ, ਜਿਨ੍ਹਾਂ ਵਿੱਚ ਬੱਬਰ ਲਹਿਰ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮੁਖੀ ਬੱਬਰਾਂ, ਸਾਰੀਆਂ ਵਾਰਦਾਤਾਂ ਵਿੱਚ ਹਿੱਸਾ ਲੈਣ ਵਾਲਿਆਂ ਦੇ ਨਾਂ ਰਿਕਾਰਡ ਕਰਾ ਦਿੱਤੇ। ਬੱਬਰ ਦੇ ਬਿਆਨਾਂ ਤੋਂ ਪੁਲਿਸ ਨੇ 36 ਬੱਬਰ ਗ੍ਰਿਫਤਾਰ ਕੀਤੇ, ਜਿਨ੍ਹਾਂ ਵਿੱਚੋਂ ਨਬਾਲਗ ਬੱਬਰ ਮਿਲਖਾ ਸਿੰਘ ਨਿੱਝਰ ਵੀ ਸੀ। ਕਿਉਂਕਿ ਸੰਤਾ ਸਿੰਘ ਦੀ ਗਵਾਹੀ ਅਤੇ ਕੇਸ ਦੀ ਲਾਹੌਰ ਕੋਰਟ ਵਿੱਚ ਟਰਾਇਲ ਸਮੇਂ ਮਿਲਖਾ ਸਿੰਘ ਵੀ ਮੁਲਜ਼ਮਾਂ ਵਿੱਚ ਖੜ੍ਹਾ ਹੁੰਦਾ ਸੀ। ਉਸ ਨੇ ਬੱਬਰ ਲਹਿਰ ਦਾ ਇਤਿਹਾਸ ਲਿਖ ਕੇ ਇੱਕ ਮਹਾਨ ਕੰਮ ਕੀਤਾ ਹੈ। ਟਰਾਇਲ ਕੇਸ ਵਿੱਚ ਬੱਬਰ ਸੰਤਾ ਸਿੰਘ ਨੇ ਕੋਈ ਵੀ ਬਿਆਨ ਨਾ ਦਿੱਤਾ ਅਤੇ ਕਿਹਾ ਕਿ ਇਹ ਅਦਾਲਤ ਕੇਵਲ ਇੱਕ ਡਰਾਮਾ ਹੈ। ਕੇਸ ਦੀ ਸੁਣਵਾਈ ਦੌਰਾਨ ਮੀਆਂ ਫਜਲ ਇਮਾਮ ਡਿਪਟੀ ਨਾਲ ਬੱਬਰ ਕਿਸ਼ਨ ਸਿੰਘ ਗੜਗੱਜ ਅਤੇ ਕਰਮ ਸਿੰਘ ਝਿੰਗੜ ਹਾਸਾ ਮਖੌਲ ਕਰ ਲਿਆ ਕਰਦੇ ਸਨ। 
ਬੱਬਰ ਕਰਮ ਸਿੰਘ ਝਿੰਗੜ ਨੇ ਡਿਪਟੀ ਨੂੰ ਕਿਹਾ, ''ਮੀਰ ਸਾਬ੍ਹ ਤੁਹਾਡਾ ਜਾਦੂ ਚੱਲ ਗਿਆ ਹੈ ਪਰ ਦੇਖ ਲੈਣਾ ਸਾਡਾ ਸ਼ੇਰ ਕਿਸ ਸ਼ਾਨ ਨਾਲ ਫਾਂਸੀ ਚੜ੍ਹੇਗਾ। ਸਾਡੇ ਬਾਬੂ ਤੋਂ ਗਲਤੀ ਹੋ ਗਈ ਪਰ ਫਾਂਸੀ ਚੜ੍ਹ ਕੇ ਉਹ ਅਗਲੀ ਪਿਛਲੀ ਸਭ ਕਸਰ ਕੱਢ ਦੇਣਗੇ। ਕੋਲ ਖੜ੍ਹੇ ਬਾਬੂ ਸੰਤਾ ਸਿੰਘ ਨੇ ਨੀਵੀਂ ਪਾਈ ਰੱਖੀ ਪਰ ਉਸ ਦੇ ਮੱਥੇ 'ਤੇ ਤਰੇਲੀਆਂ ਦਿਸ ਰਹੀਆਂ ਸਨ। ਜਦੋਂ ਸੰਤਾ ਸਿੰਘ ਤੋਂ ਬੱਬਰ ਮਿਲਖਾ ਸਿੰਘ ਨੇ ਪੁੱਛਿਆ ਕਿ ਤੁਸੀਂ ਇਕਬਾਲੀਆ ਬਿਆਨ ਕਿਉਂ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਮੀਰ ਫਜ਼ਲ ਇਮਾਮ ਡਿਪਟੀ ਨੇ ਕੁਰਾਨ ਦੀ ਕਸਮ ਖਾ ਕੇ ਕਿਹਾ ਸੀ ਕਿ ਉਹ ਮੈਨੂੰ ਛੱਡ ਦੇਵੇਗਾ ਅਤੇ ਮੈਂ ਸੰਤ ਕਰਤਾਰ ਸਿੰਘ ਤੋਂ ਬਦਲਾ ਲੈ ਲਵਾਂਗਾ। ਜ਼ੋਸ਼ ਵਿੱਚ ਆ ਕੇ ਮੈਥੋਂ ਸਭ ਕੁਝ ਦੱਸ ਹੋ ਗਿਆ। 
ਸੰਤ ਕਰਤਾਰ ਸਿੰਘ ਨੇ ਵੀ ਸਾਰੇ ਬੱਬਰਾਂ ਵਿਰੁੱਧ ਗਵਾਹੀਆਂ ਦਿੱਤੀਆਂ ਸਨ। ਉਸ ਦਾ ਅੰਤ ਵੀ ਬੜਾ ਭੈੜਾ ਹੋਇਆ। ਉਹ ਥਾਣੇਦਾਰ ਕਾਹਨ ਸਿੰਘ ਦੇ ਘਰ ਮਾਡਲ ਟਾਊਨ ਜਲੰਧਰ ਵਿਖੇ ਅੱਡੀਆਂ ਰਗੜ-ਰਗੜ ਕੇ ਮਰਿਆ। ਥਾਣੇਦਾਰ ਨੇ ਉਸ ਨੂੰ ਇਨਾਮ ਵਿੱਚ ਮਿਲੀ ਇੱਕ ਮੁਰੱਬਾ ਜ਼ਮੀਨ ਪਹਿਲਾਂ ਹੀ ਆਪਣੇ ਨਾਮ ਲੁਆ ਲਈ ਸੀ। 
ਬਾਬੂ ਸੰਤਾ ਸਿੰਘ ਪੰਜ ਕੁ ਫੁੱਟ ਦੀ ਹੱਡੀਆਂ ਦੀ ਮੁੱਠ, ਜੋ ਪੰਡਾਰੀ ਨਿੱਝਰਾਂ ਦੇ ਨਿਆਣਿਆਂ ਨੂੰ ਵੀ ਬੱਬਰ ਸ਼ੇਰ ਬਣਾਉਣ ਵਾਲੀ ਹਸਤੀ ਸੰਨ 1921 ਤੋਂ ਫਰਵਰੀ 1926  ਬੱਬਰ ਲਹਿਰ ਨੂੰ ਸਿਖਰ 'ਤੇ ਪਹੁੰਚਾ ਕੇ ਆਖਿਰ ਇਹ ਜੋਤ ਬੁਝ ਗਈ ਅਤੇ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਣਾਮਈ ਯਾਦਾਂ ਛੱਡ ਗਈ।

ਕਿਉਂ ਵਿਸਾਰੇ ਗਏ, ਢੁੱਡੀਕਿਆਂ ਦੇ ਗਦਰੀ ਬਾਬੇ?--(ਕਿਸ਼ਤ ਨੰ.1)

ਬਹੁਤੇ ‘ਸਿਆਣੇ`, ‘ਵਿਦਵਾਨ` ਤੇ ‘ਇਤਿਹਾਸਕਾਰ` ਇਹ ‘ਸੁਮੱਤ` ਦਿੰਦੇ ਹਨ ਕਿ `ਚਲੋ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਕਿਸੇ ਦੀ ਕੁਰਬਾਨੀ ਵੱਧ ਕਿ ਘੱਟ, ਸਾਨੂੰ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਵਿਚ ਕੋਈ ਵੱਖਰੇਵਾਂ ਨਹੀਂ ਕਰਨਾ ਚਾਹੀਦੀ।` ਦੇਖਣ ਨੂੰ ਤਾਂ ਇਹ ਗੱਲ ਸਿਆਣੀ ਲੱਗ ਸਕਦੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇੱਕ ਫਿਰਕੇ ਦੇ ਅਜਿਹੇ ਆਜ਼ਾਦੀ ਘੁਲਾਟੀਆਂ ਨੂੰ ਉਚਿਆਇਆ ਜਾਵੇ, ਜਿਨ੍ਹਾਂ ਦੀ ਕੁਰਬਾਨੀ ਨਿਗੂਣੀ ਹੋਵੇ ਤੇ ਦੂਜੇ ਪਾਸੇ ਇੱਕ ਫਿਰਕੇ ਦੇ ਲੋਕਾਂ ਨੂੰ ਛੁਟਿਆਇਆ ਜਾਵੇ, ਜਿਨ੍ਹਾਂ ਨੇ ਕੁਰਬਾਨੀਆਂ ਅਤੇ ਬਲੀਦਾਨਾਂ ਨਾਲ ਇਤਿਹਾਸ ਸਿਰਜਿਆ ਹੋਵੇ ਤਾਂ ਲੋਕਾਂ ਦੇ ਮਨਾਂ ਵਿਚ ਸ਼ੰਕੇ ਤੇ ਸੁਆਲ ਪੈਦਾ ਹੋਣੇ ਸੁਭਾਵਕ ਹਨ। ਪਿੰਡ ਢੁੱਡੀਕਿਆਂ ਦੇ ਗਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਦੇ ਮਾਮਲੇ ਵਿਚ ਇਹੋ ਭਾਣਾ ਵਰਤਿਆ ਹੈ।
– ਰਾਜਵਿੰਦਰ ਸਿੰਘ ਰਾਹੀ
ਪਹਿਲਾਂ ਫਿਰੋਜ਼ਪੁਰ ਅਤੇ ਅੱਜ ਮੋਗਾ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਢੁੱਡੀਕੇ ਕਿਸੇ ਸਮੇਂ ਗਦਰ ਪਾਰਟੀ ਦੇ ਸਬ ਸੈਂਟਰ ਵਜੋਂ ਮਸ਼ਹੂਰ ਰਿਹਾ ਹੈ। ਅੰਗਰੇਜ਼ਾਂ ਵੇਲੇ ਦੇ ਸਰਕਾਰੀ ਰਿਕਾਰਡ ਮੁਤਾਬਕ ਢੁੱਡੀਕੇ ਅਤੇ ਇਸ ਦੇ ਆਲੇ ਦੁਆਲੇ ਪੰਦਰਾਂ ਵੀਹ ਕਿਲੋਮੀਟਰ ਦੇ ਘੇਰੇ ਵਿਚ ਪੈਣ ਵਾਲੇ ਪਿੰਡ ਖਤਰਨਾਕ ਇਲਾਕੇ ਵਜੋਂ ਦਰਜ ਕੀਤੇ ਗਏ ਹਨ। ਇਨ੍ਹਾਂ ਪਿੰਡਾਂ ਵਿਚ ਉਹ ਗਦਰੀ ਯੋਧੇ ਵੀ ਹੋਏ ਹਨ ਜਿਨ੍ਹਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹਨ, ਲਾਹੌਰ, ਮੁਲਤਾਨ, ਹਜਾਰੀ ਬਾਗ ਦੀਆਂ ਜੇਲ੍ਹਾਂ ਦੇ ਨਰਕ ਵੀ ਭੋਗੇ ਹਨ ਤੇ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਦਾ ਜਬਰ ਵੀ ਅਪਣੇ ਸਰੀਰਾਂ `ਤੇ ਹੰਢਾਇਆ ਹੈ। ਪਰ ਉਨ੍ਹਾਂ ਨੇ ਆਪਣਾ ਸਿੱਖੀ ਸਿਦਕ ਨਹੀਂ ਹਾਰਿਆ। ਇਨ੍ਹਾਂ ਪਿੰਡਾਂ ਵਿਚ ਸੈਂਕੜੇ ਹੀ ਉਹ ਗੁੰਮਨਾਮ ਲੋਕ ਵੀ ਹੋਏ ਹਨ, ਜਿਨ੍ਹਾਂ ਜਾਨਾਂ ਤਲੀ `ਤੇ ਰੱਖਕੇ, ਗਦਰੀਆਂ ਦੀਆਂ ਮੀਟਿੰਗਾਂ ਵਿਚ ਭਾਗ ਲਿਆ, ਭਗੌੜੇ ਗਦਰੀਆਂ ਨੂੰ ਸੰਭਾਲਿਆ, ਉਨ੍ਹਾਂ ਨੂੰ ਖੇਤਾਂ ਵਿਚ ਰੋਟੀ-ਟੁੱਕ ਪਹੁੰਚਾਇਆ, ਉਨ੍ਹਾਂ ਦੇ ਹਥਿਆਰ ਸੰਭਾਲੇ ਪਰ ਉਨ੍ਹਾਂ ਬਾਰੇ ਕਦੇ ਵੀ ‘ਭੇਦ ਸੰਦੂਕ’ ਦਾ ਜਿੰਦਰਾ ਨਹੀਂ ਖੋਲ੍ਹਿਆ।

ਹਰ ਤਰ੍ਹਾਂ ਦੀਆਂ ਲਹਿਰਾਂ ਵਿਚ ਵੱਖ ਵੱਖ ਵਰਗਾਂ `ਚੋਂ ਅਨੇਕਾਂ ਤਰ੍ਹਾਂ ਦੇ ਲੋਕ ਆਉਂਦੇ ਹਨ। ਕਿਸੇ ਦਾ ਰੋਲ ਵੱਧ ਹੁੰਦਾ ਹੈ ਕਿਸੇ ਦਾ ਘੱਟ ਹੁੰਦਾ ਹੈ, ਕੋਈ ਵੱਡੀ ਕੁਰਬਾਨੀ ਕਰ ਜਾਂਦਾ ਹੈ ਕੋਈ ਛੋਟੀ ਸਰਗਰਮੀ ਤੱਕ ਹੀ ਸੀਮਤ ਰਹਿ ਜਾਂਦਾ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਚੱਲੀਆਂ ਲਹਿਰਾਂ ਵਿਚ ਵੀ ਇਹ ਵਰਤਾਰਾ ਵਾਪਰਿਆ ਹੈ। ਬਸਤੀਵਾਦ ਵਿਰੁਧ ਚੱਲੀ ਲੜਾਈ `ਚ ਵੱਖ ਵੱਖ ਵਿਚਾਰਾਂ ਤੇ ਵੱਖ ਵੱਖ ਕਿਰਦਾਰਾਂ ਦੇ ਲੋਕ ਸਾਮਲ ਹੋ ਜਾਂਦੇ ਹਨ। ਭਾਵੇਂ ਭਾਰਤ ਵਿਚ ਬਸਤੀਵਾਦ ਵਿਰੁਧ ਚੱਲੀ ਲਹਿਰ ਵਿਚ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਸਨ ਪਰ ਇਸ ਲੜਾਈ ਵਿਚ ਸ਼ਹੀਦੀਆਂ, ਕੁਰਬਾਨੀਆਂ ਅਤੇ ਦੁਸ਼ਵਾਰੀਆਂ ਝੱਲਣ ਵਿਚ ਸਿੱਖ ਕੌਮ ਦਾ ਨੰਬਰ ਸਭ ਤੋਂ ਉਤੇ ਹੈ ਤੇ ਆਬਾਦੀ ਤੇ ਲਿਹਾਜ ਨਾਲ ਇਸ ਦੀ ਗਿਣਤੀ ਆਟੇ `ਚ ਲੂਣ ਬਰਾਬਰ ਵੀ ਨਹੀਂ ਹੈ। ਪਰ ਬਹੁਤੇ ‘ਸਿਆਣੇ`, ‘ਵਿਦਵਾਨ` ਤੇ ‘ਇਤਿਹਾਸਕਾਰ` ਇਹ ‘ਸੁਮੱਤ` ਦਿੰਦੇ ਹਨ ਕਿ `ਚਲੋ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਕਿਸੇ ਦੀ ਕੁਰਬਾਨੀ ਵੱਧ ਕਿ ਘੱਟ, ਸਾਨੂੰ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਵਿਚ ਕੋਈ ਵੱਖਰੇਵਾਂ ਨਹੀਂ ਕਰਨਾ ਚਾਹੀਦੀ।` ਦੇਖਣ ਨੂੰ ਤਾਂ ਇਹ ਗੱਲ ਸਿਆਣੀ ਲੱਗ ਸਕਦੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇੱਕ ਫਿਰਕੇ ਦੇ ਅਜਿਹੇ ਆਜ਼ਾਦੀ ਘੁਲਾਟੀਆਂ ਨੂੰ ਉਚਿਆਇਆ ਜਾਵੇ, ਜਿਨ੍ਹਾਂ ਦੀ ਕੁਰਬਾਨੀ ਨਿਗੂਣੀ ਹੋਵੇ ਤੇ ਦੂਜੇ ਪਾਸੇ ਇੱਕ ਫਿਰਕੇ ਦੇ ਲੋਕਾਂ ਨੂੰ ਛੁਟਿਆਇਆ ਜਾਵੇ, ਜਿਨ੍ਹਾਂ ਨੇ ਕੁਰਬਾਨੀਆਂ ਅਤੇ ਬਲੀਦਾਨਾਂ ਨਾਲ ਇਤਿਹਾਸ ਸਿਰਜਿਆ ਹੋਵੇ ਤਾਂ ਲੋਕਾਂ ਦੇ ਮਨਾਂ ਵਿਚ ਸ਼ੰਕੇ ਤੇ ਸੁਆਲ ਪੈਦਾ ਹੋਣੇ ਸੁਭਾਵਕ ਹਨ। ਪਿੰਡ ਢੁੱਡੀਕਿਆਂ ਦੇ ਗਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਦੇ ਮਾਮਲੇ ਵਿਚ ਇਹੋ ਭਾਣਾ ਵਰਤਿਆ ਹੈ।

ਜੇਕਰ ਸੈਕੂਲਰ ਇਤਿਹਾਸਕਾਰਾਂ ਅਤੇ ਸਰਕਾਰਾਂ ਦੀਆਂ ਨਜ਼ਰਾਂ ਵਿਚ ਸਾਰੇ ਸ਼ਹੀਦ ਤੇ ਆਜ਼ਾਦੀ ਘੁਲਾਟੀਏ ਇੱਕੋ ਜਿਹਾ ਦਰਜਾ ਰੱਖਦੇ ਹਨ ਤਾਂ ਢੁੱਡੀਕਿਆਂ ਦੇ ਗਦਰੀ ਬਾਬਿਆਂ ਨਾਲ ਇਹ ਕੀ ਭਾਣਾ ਵਾਪਰਿਆ ਕਿ ਉਨ੍ਹਾਂ ਦੀਆਂ ਮਹਾਨ ਸ਼ਹੀਦੀਆਂ ਤੇ ਕੁਰਬਾਨੀਆਂ ਨੂੰ ਛੁਟਿਆਇਆ ਗਿਆ ਤੇ ਲਾਲਾ ਲਾਜਪਤ ਰਾਏ ਦੀ ਨਿਗੂਣੀ ਕੁਰਬਾਨੀ ਨੂੰ ਐਨਾ ਉਚਿਆਇਆ ਗਿਆ? ਇਸ ਸੁਆਲ ਦਾ ਜੁਆਬ ਲੱਭਣ ਲਈ ਇਸ ਵਰਤਾਰੇ ਦੀਆਂ ਕਈ ਗੁੰਝਲਾਂ ਖੋਹਲਣੀਆਂ ਪੈਣਗੀਆਂ। ਭਾਰਤ ਦੀਆਂ ਕੇਂਦਰੀ ਸਰਕਾਰਾਂ ਵਲੋਂ ਗਦਰੀ ਬਾਬੇ ਹੀ ਨਹੀਂ ਭੁਲਾਏ ਗਏ, ਨਾਮਧਾਰੀ ਸ਼ਹੀਦਾਂ, ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਤੇ ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦਾਂ ਤੇ ਮੁਸਾਫਰਾਂ ਨੂੰ ਵੀ ਹਾਲਾਂ ਤੱਕ ਆਜ਼ਾਦੀ ਘੁਲਾਟੀਏ ਹੀ ਨਹੀਂ ਮੰਨਿਆ ਗਿਆ ਸੀ। ਖੱਬੇ ਪੱਖੀ ਕਾਰਕੁੰਨ ਅਤੇ ਵਿਦਵਾਨ ਇਸ ਨੂੰ ਸਿਰਫ਼ ਸਰਕਾਰਾਂ ਦੀ ਬੇਰੁਖੀ ਕਹਿ ਕੇ ਪੱਲਾ ਝਾੜ ਦਿੰਦੇ ਹਨ। ਪਰ ਇਹ ਬੇਰੁਖੀ ਦੇ ਪਿਛੇ ਕੋਈ ਵੱਡੇ ਕਾਰਨ ਤਾਂ ਜ਼ਰੂਰ ਹੋਣਗੇ? ਖੱਬੇ ਪੱਖੀ ਇਨ੍ਹਾਂ ਕਾਰਨਾ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਡਰ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਸੈਕੂਲਰ ਵਿਚਾਰਧਾਰਾ ਉਨ੍ਹਾਂ ਦਾ ਰਸਤਾ ਰੋਕ ਲੈਂਦੀ ਹੈ। ਇਹ ਵਗੈਰ ਕਾਰਨਾਂ ਤੋਂ ਹੀ ਨਹੀਂ ਹੋ ਜਾਂਦਾ ਕਿ ਅੰਡੇਮਾਨ ਦੀਆਂ ਕਾਲ ਕੋਠੜੀਆਂ ਵਿਚ, ਅਕਹਿ ਤਸ਼ੱਦਦ ਝੱਲ ਕੇ ਵੀ ਆਪਣੇ ਵਿਰਸੇ  ਦਾ ਝੰਡਾ ਬੁਲੰਦ ਰੱਖਣ ਵਾਲੇ ਗਦਰੀ ਬਾਬੇ ਤਾਂ ਅਣਗੌਲੇ ਕਰ ਦਿਤੇ ਜਾਣ ਤੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਵਾਲੇ ਵੀਰ ਸਾਵਰਕਰ ਦੇ ਨਾਂ `ਤੇ ਅੰਡੇਮਾਨ ਦੇ ਏਅਰਪੋਰਟ ਦਾ ਨਾਂ ਰੱਖਿਆ ਜਾਵੇ ਤੇ ਉਸ ਦੇ ਬੁੱਤ ਲਗਾਏ ਜਾਣ।

ਇਹ ਇਕ ਪ੍ਰਮੁੱਖ ਤੱਥ ਅਤੇ ਸੱਚ ਹੈ ਕਿ ਭਾਰਤ ਵਿਚ ਹਿੰਦੂ ਵਰਗ ਦੀ ਬਹੁਗਿਣਤੀ ਹੋਣ ਕਾਰਨ ਭਾਰਤੀ ਸਟੇਟ ਦੀ ਵਾਗਡੋਰ ਉੱਚ ਜਾਤੀ ਹਿੰਦੂ ਵਰਗ ਦੇ ਹੱਥ ਵਿਚ ਹੈ। ਇਸ ਅੰਦਰ ਭਾਰਤ ਵਿਚ ਵਸਣ ਵਾਲੇ ਵੱਖ ਵੱਖ ਧਰਮਾਂ, ਕੌਮਾਂ ਤੇ ਸੱਭਿਆਚਾਰਾਂ ਨੁੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿਚ ਅਭੇਦ ਕਰਨ ਲੈਣ ਦੀ ਬੜੀ ਪ੍ਰਬਲ ਤੇ ਮਾਰੂ ਕਰੁਚੀ ਮੌਜੂਦ ਹੈ। ਸਿੱਖ ਕੌਮ ਦੀ ਨਿਆਰੀ ਹਸਤੀ, ਵਿਲੱਖਣ ਪਛਾਣ ਤੇ ਸ਼ਾਨਾਮੱਤਾ ਇਤਿਹਾਸ, ਸਦੀਆਂ ਤੋਂ ਇਸ ਵਰਗ ਦੀ ਅੱਖ ਵਿਚ ਰੋੜ ਵਾਂਗ ਰੜਕ ਰਿਹਾ ਹੈ। 1947 ਤੋਂ ਬਾਅਦ ਰਾਜਸੀ ਸੱਤਾ ਇਸ ਦੇ ਹੱਥ ਵਿਚ ਆਉਣ ਕਰਕੇ ਇਸ ਦੀ ਹਾਲਤ ਹੈ ‘ਸਿਰ `ਤੇ ਨ੍ਹੀ ਕੁੰਡਾ ਹਾਥੀ ਫਿਰੇ ਲੁੰਡਾ।` ਇਤਿਹਾਸ, ਸਿੱਖ ਕੌਮ ਦੀ ਆਤਮਿਕ ਸ਼ਕਤੀ ਹੈ। ਹਰ ਸਿੱਖ ਦੀ ਅੰਤਰ ਪ੍ਰੇਰਨਾ ਸਿੱਖ ਇਤਿਹਾਸ ਹੈ। ਜਿਹੜੀਆਂ ਵੀ ਲਹਿਰਾਂ ਵਿਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਾਂ ਹਿੱਸਾ ਲਿਆ ਹੈ ਉਹ ਸਭ ਤੋਂ ਪਹਿਲਾਂ ਆਪਣੇ ਇਤਿਹਾਸ ਤੋਂ ਪ੍ਰੇਰਤ ਹੋ ਕੇ ਲਿਆ ਹੈ। ਨਾਮਧਾਰੀ, ਗਦਰ ਲਹਿਰ, ਕਾਮਾਗਾਟਾ ਮਾਰੂ ਤੇ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦ ਵੀ ਨੜਿਨਵੇਂ ਫੀਸਦੀ ਸਿੱਖ ਹਨ। ਭਾਰਤ ਸਰਕਾਰ ਇਨ੍ਹਾਂ ਸਿੱਖਾਂ ਦੀਆਂ ਗੁਰਬਾਨੀਆਂ ਮਿਟਾ ਦੇਣਾ ਚਾਹੁੰਦੀ ਹੈ। ਉਸ ਨੂੰ ਪਤਾ ਹੈ ਕਿ ਸਿੱਖ ਕੌਮ ਨੂੰ ਆਪਣੇ ਇਤਿਹਾਸ ਦਾ ਮਾਣ ਹੀ ਨਹੀਂ ਹੰਕਾਰ ਵੀ ਹੈ। ਸਰਕਾਰ ਇਨ੍ਹਾਂ ਦੀ ਧੌਣ ਵਿਚੋਂ ਅਭਿਮਾਨ ਦਾ ਇਹ ਕਿੱਲਾ ਕੱਢ ਦੇਣਾ ਚਾਹੁੰਦੀ ਹੈ। ਇਸੇ ਕਰਕੇ ਉਹ ਸਿੱਖ ਸ਼ਹੀਦਾਂ ਦੀ ਖਿੱਚੀ ਗਈ ਵੱਡੀ ਲਕੀਰ ਨੂੰ ਛੋਟਾ ਕਰਨ ਲਈ ਨਿਗੂਣੀਆਂ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਲੋਕ ਮਨਾਂ ਵਿਚ ਸਥਾਪਤ ਕਰਨਾ ਚਾਹੁੰਦੀ ਹੈ। ਖਾਸਕਰ ਉਹਨਾਂ ਨੂੰ ਜੋ ਦੇਸ਼ ਭਗਤ ਹੋਣ ਨਾਲੋਂ ਹਿੰਦੂਵਾਦੀ ਵਿਚਾਰਧਾਰਾ ਦੇ ਪੈਰੋਕਾਰ ਪਹਿਲਾਂ ਸਨ। ਢੁੱਡੀਕਿਆਂ ਦੇ ਗਦਰੀ ਬਾਬੇ ਵੀ ਹਿੰਦੂਵਾਦੀ ਸਰਕਾਰ ਦੀ ਇਸੇ ਬਦਨੀਤੀ ਦਾ ਸ਼ਿਕਾਰ ਹੋਏ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਢੁੱਡੀਕੇ ਨਿਵਾਸੀ ਪਿੰਡ ਦੇ ਵਿਕਾਸ ਦੇ ਲਾਲਚ ਵੱਸ ਗਲਤ ਇਤਿਹਾਸ ਦੀ ਸਥਾਪਤੀ `ਚ ਭਾਗੀਦਾਰ ਬਣ ਗਏ ਹਨ। ਇਥੋਂ ਦੇ ਮਹਾਨ ਗਦਰੀ ਬਾਬਿਆਂ ਦੇ ਜੀਵਨ `ਤੇ ਸੰਖੇਪ ਝਾਤ ਮਾਰਿਆਂ ਹੀ ਜਿਥੇ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ, ਉਥੇ ਸਰਕਾਰ ਦੀ ਬਦਨੀਤੀ ਪ੍ਰਤੀ ਗੁੱਸਾ ਵੀ ਆਉਂਦਾ ਹੈ।

ਸ਼ਹੀਦ ਈਸ਼ਰ ਸਿੰਘ ਢੁੱਡੀਕੇ
ਭਾਈ ਸਾਹਿਬ ਦਾ ਜਨਮ ਪਿੰਡ ਢੁੱਡੀਕ ਵਿਖੇ ਹੀ 1882 ਈਸਵੀ ਨੂੰ ਮਾਤਾ ਧਰਮ ਕੌਰ ਦੇ ਅਤੇ ਪਿਤਾ ਸ. ਸੱਜਣ ਸਿੰਘ ਢੀਂਡਸਾ ਦੇ ਘਰ ਹੋਇਆ। ਪਰਿਵਾਰ ਖੇਤੀਬਾੜੀ ਦਾ ਕੰਮ ਹੀ ਕਰਦਾ ਸੀ। ਆਪ ਦੇ ਦੋ ਭਰਾ ਹੋਰ ਵੀ ਸਨ ਜਿਨ੍ਹਾਂ ਵਿਚੋਂ ਇੱਕ ਵੱਡਾ ਤੇ ਇਕ ਆਪ ਤੋਂ ਛੋਟਾ ਸੀ। ਪੰਜਾਬੀ ਪੜ੍ਹਨੀ ਲਿਖਣੀ ਪਿੰਡ ਦੇ ਡੇਰੇ ਤੋਂ ਹੀ ਸਿੱਖੀ ਸੀ। ਸਿੱਖ ਸੰਸਕਾਰਾਂ ਦਾ ਆਪ `ਤੇ ਬੜਾ ਗੂੜ੍ਹਾ ਰੰਗ ਚੜ੍ਹਿਆ ਹੋਇਆ ਸੀ, ਜਿਥੇ ਆਪ ਦਰਸ਼ਨੀ ਜੁਆਨ ਸਨ ਉਥੇ ਸੇਵਾ ਦੇ ਵੀ ਪੁੰਜ ਸਨ। ਜਦ ਪੰਜਾਬ ਵਿਚ ਪਲੇਗ ਦੀ ਬੀਮਾਰੀ ਫੈਲੀ ਹੋਈ ਸੀ ਤਾਂ ਪਿੰਡ ਵਿਚ ਆਪ ਦਾ ਇਕ ਮਿੱਤਰ ਵੀ ਇਸ ਦਾ ਸ਼ਿਕਾਰ ਹੋ ਗਿਆ। ਇਹ ਬੀਮਾਰੀ ਪਿੰਡ `ਚ ਜਾਂ ਪਰਿਵਾਰ `ਚ ਨਾ ਫੈਲ ਜਾਵੇ ਲੋਕ ਮਰੀਜਾਂ ਦਾ ਬਾਹਰ ਖੇਤਾਂ ਵਿਚ ਟਿਕਾਣਾ ਕਰ ਦਿੰਦੇ ਸਨ। ਸ. ਈਸ਼ਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਸ ਮਿੱਤਰ ਦੀ ਕੋਲ ਰਹਿ ਕੇ ਸੇਵਾ ਸੰਭਾਲ ਕੀਤੀ।

ਜਦ ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ `ਚ ਅਮਰੀਕਾ, ਕੈਨੇਡਾ ਦੀ ਅਮੀਰੀ ਅਤੇ ਉਥੇ ਦੇ ਰੁਜਗਾਰ ਦੀਆਂ ਗੱਲਾਂ ਚੱਲੀਆਂ ਤਾਂ ਗਰੀਬੀ ਦੀ ਦਲ ਦਲ ਵਿਚ ਫਸੀ ਸਿੱਖ ਕਿਸਾਨੀ `ਚ ਵੀ ਉਥੇ ਜਾ ਕੇ ਚੰਗੀਆਂ ਕਮਾਈਆਂ ਕਰਨ ਦੀ ਲਾਲਸਾ ਨੇ ਜ਼ੋਰ ਫੜਿਆ। ਇਸ ਰੁਝਾਨ ਦਾ ਅਸਰ ਭਾਈ ਈਸ਼ਰ ਸਿੰਘ `ਤੇ ਵੀ ਹੋਇਆ। ਉਹ ਵੀ ਪੈਸੇ ਦਾ ਬੰਦੋਬਸਤ ਕਰਕੇ 1907 ਵਿਚ ਕੈਨੇਡਾ ਪਹੁੰਚ ਗਿਆ ਤੇ ਵੈਨਕੂਵਰ ਦੀ ਲੱਕੜ ਮਿੱਲ ਵਿਚ ਉਸ ਨੂੰ ਨੌਕਰੀ ਵੀ ਮਿਲ ਗਈ। ਉੱਥੇ ਉਸ ਦੇ ਪੈਰ ਲੱਗਣ ਹੀ ਲੱਗੇ ਸਨ ਕਿ ਪਿੰਡੋਂ ਬਹੁਤ ਹੀ ਮੰਦਭਾਗੀ ਸੁਣੌਣੀ ਆ ਗਈ ਕਿ ਉਸ ਦੇ ਵੱਡੇ ਅਤੇ ਛੋਟੇ, ਦੋਵੇਂ ਭਰਾਵਾਂ ਦੀ ਹੀ ਮੌਤ ਹੋ ਗਈ ਹੈ। ਭਰਾਵਾਂ ਦੀ ਮੌਤ ਅਤੇ ਪਿਛੇ ਮਾਂ ਪਿਉ ਦੀ ਹਾਲਤ ਵੱਲ ਸੋਚ ਕੇ ਈਸ਼ਰ ਸਿੰਘ ਦਾ ਮਨ ਉਦਾਸ ਹੋ ਗਿਆ ਤੇ ਉਹ 1911 ਵਿਚ ਕੈਨੇਡਾ ਛੱਡ ਕੇ ਵਾਪਸ ਪਿੰਡ ਢੁੱਡੀਕੇ ਪੁਹੂੰਚ ਗਿਆ। ਘਰ ਆ ਕੇ ਦੇਖਿਆ ਤਾਂ ਮਾਂ ਪਿਉ ਦੀ ਹਾਲਤ ਸੱਚ ਮੁੱਚ ਹੀ ਬਹੁਤ ਮੰਦੀ ਸੀ।

ਭਾਈ ਈਸ਼ਰ ਸਿੰਘ ਦਾ ਵੱਡਾ ਭਰਾ ਜੈਤੋ ਨੇੜੇ ਪਿੰਡ ਲੱਖੜ ਵਾਲ ਦੇ ਸ. ਫੁੰਮਣ ਸਿੰਘ ਦੀ ਧੀ ਬੀਬੀ ਰਾਮ ਕੌਰ ਨਾਲ ਵਿਆਹਿਆ ਹੋਇਆ ਸੀ ਪਰ ਉਹ ਮੁਕਲਾਵਾ ਲਿਆਉਣ ਤੋਂ ਪਹਿਲਾਂ ਹੀ ਪੂਰਾ ਹੋ ਗਿਆ ਸੀ। ਹੁਣ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਬੀਬੀ ਰਾਮ ਕੌਰ ਦਾ ਮੁਕਲਾਵਾ ਸ. ਈਸ਼ਰ ਸਿੰਘ ਨੂੰ ਲਿਆਉਣਾ ਪਿਆ। ਉਹ ਬੀਬੀ ਰਾਮ ਕੌਰ ਨੂੰ ਘਰ ਆਪਣੇ ਮਾਂ ਪਿਉ ਦੀ ਸੇਵਾ ਲਈ ਛੱਡ ਕੇ ਆਪ ਨੌ ਕੁ ਮਹੀਨਿਆਂ ਪਿਛੋਂ ਹੀ ਮੁੜ ਕੈਨੇਡਾ ਵਾਪਸ ਆ ਚਲੇ ਗਿਆ। ਉੱਥੇ ਜਦ 1913 ਵਿਚ ਗਦਰ ਪਾਰਟੀ ਬਣ ਗਈ ਤਾਂ ਆਪ ਉਸ ਦੇ ਮੈਂਬਰ ਬਣ ਗਏ ਤੇ ਦੂਰ ਦੂਰ ਤੱਕ ਜਾ ਕੇ ਪਾਰਟੀ ਲਈ ਫੰਡ ਇਕੱਠਾ ਕੀਤਾ। ਜਦ ਅਗਸਤ 1914 ਵਿਚ ਪਾਰਟੀ ਵਲੋਂ ਵਾਪਸ ਭਾਰਤ ਜਾ ਕੇ ਗਦਰ ਮਚਾਉਣ ਦਾ ਐਲਾਨ ਕੀਤਾ ਗਿਆ ਤਾਂ ਭਾਈ ਈਸ਼ਰ ਸਿੰਘ ਵੀ ਆਪਣੇ ਪੇਂਡੂ ਭਾਈ ਪਾਖਰ ਸਿੰਘ ਤੇ ਉਤਮ ਸਿੰਘ ਨਾਲ ਪਤੰਗੇ ਵਾਂਗ ਸਮ੍ਹਾਂ ਤੇ ਸੜਨ ਲਈ ਤਿਆਰ ਹੋ ਗਏ। ਪਹਿਲਾਂ ਉਹ ਐਸਐਸ ਮੰਗੋਲੀਆ ਜਹਾਜ ਰਾਹੀਂ  ਵੈਨਕੂਵਰ ਤੋਂ ਹਾਂਗਕਾਂਗ ਪੁੱਜੇ। ਉਥੋਂ ਆਸਟ੍ਰੇਲੀਅਨ ਨਾਮ ਦਾ ਫਰਾਂਸੀਸੀ ਜਹਾਜ ਫੜ ਕੇ 12 ਨਵੰਬਰ 1914 ਨੂੰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਪੁੱਜ ਗਏ। ਭਾਵੇਂ ਇਥੇ ਤਲਾਸ਼ੀ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਇਤਰਾਜ਼ਯੋਗ ਚੀਜ਼ ਤਾਂ ਨਾ ਮਿਲੀ ਪਰ ਫਿਰ ਵੀ ਉਨ੍ਹਾਂ ਨੂੰ 14 ਦਸੰਬਰ ਨੂੰ ਹਿੰਦੁਸਤਾਨ ਦੀ ਧਰਤੀ `ਤੇ ਧਨਾਸ਼ਖੇਤੀ ਲਿਜਾ ਕੇ ਅੰਗਰੇਜ਼ੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਧਨਾਸ਼ਖੇਤੀ ਤੋਂ ਗੱਡੀ ਰਾਹੀਂ ਪੰਜਾਬ ਵੱਲ ਤੋਰ ਲਿਆ ਜਿਥੇ ਉਹ 19-20 ਦਸੰਬਰ ਨੂੰ ਲੁਧਿਆਣੇ ਦੇ ਸਟੇਸ਼ਨ `ਤੇ ਪੁੱਜੇ। ਇਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿਚ ਰੱਖਿਆ ਗਿਆ ਤੇ ਬਾਅਦ ਵਿਚ ਭਾਈ ਈਸ਼ਰ ਸਿੰਘ ਤੇ ਪਾਖਰ ਸਿੰਘ ਨੂੰ ਢੁੱਡੀਕੇ ਲਿਜਾ ਕੇ ਜੂਹ ਬੰਦ ਕਰ ਦਿਤਾ ਗਿਆ ਤੇ ਮਹੀਨੇ ਕੁ ਬਾਅਦ ਜਮਾਨਤਾਂ ਮੰਗ ਲਈਆਂ ਗਈਆਂ। ਪਰ ਭਾਈ ਈਸ਼ਰ ਸਿੰਘ ਪਿੰਡ ਦੇ ਜ਼ੈਲਦਾਰ ਨੂੰ ਇਹ ਕਹਿ ਕੇ ਪਿੰਡੋਂ ਖਿਸਕ ਗਏ ਕਿ ਉਹ ਸਹੁਰਿਆਂ ਨੂੰ ਚੱਲੇ ਹਨ, ਪਰ ਉਹ ਰੂਪੋਸ਼ ਹੋ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗ ਪਏ।

ਭਾਈ ਈਸ਼ਰ ਸਿੰਘ ਰੂਪੋਸ਼ ਹੋ ਕੇ ਤਾਰਾ ਸਿੰਘ ਅਤੇ ਪੂਰਨ ਸਿੰਘ ਦੇ ਨਾਵਾਂ `ਤੇ ਗਦਰੀ ਪਾਰਟੀ ਨੂੰ ਜਥੇਬੰਦ ਕਰਨ ਦੇ ਕੰਮ ਵਿਚ ਜੁਟ ਗਏ। ਉਨ੍ਹਾਂ ਨੇ ਫਿਰੋਜ਼ਪੁਰ ਜਿਲੇ ਵਿਚ ਡਿਊਟੀ ਸੰਭਾਲ ਲਈ। ਉਨ੍ਹਾਂ ਦੇ ਰੂਪੋਸ਼ ਹੁੰਦੀਆਂ ਹੀ ਪੁਲਿਸ ਨੇ ਘਰ `ਤੇ ਸਖਤੀ ਵਧਾ ਦਿਤੀ, ਉਨ੍ਹਾਂ ਨੂੰ ਫੜਨ ਲਈ ਪਿੰਡ ਵਿਚ ਵੀ ਛਾਪੇ ਮਾਰੇ ਜਾਂਦੇ। ਪਰ ਭਾਈ ਈਸ਼ਰ ਸਿੰਘ ਦੀ ਪਤਨੀ ਰਾਮ ਕੌਰ ਨੇ ਬੜੇ ਜਬ੍ਹੇ ਨਾਲ ਪੁਲਿਸ ਦਾ ਮੁਕਾਬਲਾ ਕੀਤਾ। ਉਹ ਥਾਣੇਦਾਰਾਂ ਮੂਹਰੇ ਸਿੱਧੇ ਹੀ ਜੁਆਬ ਦਿੰਦੀ ਹੁੰਦੀ ਸੀ। ਭਾਈ ਈਸ਼ਰ ਸਿੰਘ ਦੇ ਰੂਪੋਸ਼ ਹੋਣ ਨਾਲ ਢੁੱਡੀਕੇ ਪਿੰਡ ਗਦਰੀਆਂ ਦਾ ਵੱਡਾ ਗੜ੍ਹ ਬਣ ਗਿਆ। ਭਾਈ ਪਾਖਰ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਸ਼ਾਮ ਸਿੰਘ, ਭਾਈ ਪਾਲਾ ਸਿੰਘ ਸਪੁੱਤਰ ਕਾਲਾ ਸਿੰਘ, ਭਾਈ ਪਾਲਾ ਸਿੰਘ ਸਪੁੱਤਰ ਬੱਗਾ ਸਿੰਘਾ, ਮਾਸਟਰ ਫੇਰਾ ਸਿੰਘ, ਭਾਈ ਸੁੰਦਰ ਸਿੰਘ, ਭਾਈ ਅਮਰ ਸਿੰਘ, ਲਾਲਾ ਸਾਂਈ ਦਾਸ, ਬਾਬਾ ਸੋਧੂ ਰਾਮ ਆਦਿ ਤਾਂ ਢੁੱਡੀਕਿਆਂ ਦੇ ਹੀ ਸਨ । ਇਸ ਅੱਡੇ `ਤੇ ਬਾਬਾ ਰੂੜ ਸਿੰਘ ਚੂਹੜਚੱਕ, ਰੋਡਾ ਸਿੰਘ ਰੋਡੇ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਨਿਧਾਨ ਸਿੰਘ ਮਹੇਸ਼ਰੀ, ਭਾਈ ਹਰੀ ਸਿੰਘ, ਭਾਈ ਸੰਤਾ ਸਿੰਘ ਕੋਕਰੀ ਕਲਾਂ, ਭਾਈ ਫੂਲਾ ਸਿੰਘ ਨੰਗਲ, ਭਾਈ ਜੰਗੀਰ ਸਿੰਘ ਸਮਾਧ ਭਾਈ ਕੀ, ਬਾਬਾ ਫੂਲਾ ਸਿੰਘ, ਬਾਬਾ ਗੇਂਦਾ ਸਿੰਘ ਦਾਉਧਰ, ਭਾਈ ਸੁਦਾਗਰ ਸਿੰਘ ਚੂਹੜਚੱਕ, ਭਾਈ ਕਰਤਾਰ ਸਿੰਘ ਚੂਹੜਚੱਕ, ਬਾਬਾ ਅਰਜਨ ਸਿੰਘ ਜਗਰਾਓਂ, ਬਾਬੂ ਅਮਰ ਸਿੰਘ ਐਜੀਨੀਅਰ ਸ਼ੇਰਪੁਰ ਕਲਾਂ, ਭਾਈ ਇੰਦਰ ਸਿੰਘ ਸ਼ੇਖ਼ ਦੌਲਤ, ਭਾਈ ਕਰਤਾਰ ਸਿੰਘ ਨਵਾਂ ਚੰਦ, ਭਾਈ ਪੋਹਲਾ ਸਿੰਘ ਬਰਸਾਲ, ਭਾਈ ਜਗਤ ਸਿੰਘ ਬਿੰਜਲ, ਬਾਬਾ ਇੰਦਰ ਸਿੰਘ ਮੱਲ੍ਹਾ ਆਦਿ ਗਦਰੀ ਵੀ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਆਉਂਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਭਾਈ ਉਤਮ ਸਿੰਘ ਹਾਂਸ ਸ਼ਹੀਦ ਕਰਤਾਰ ਸਿੰਘ ਸਰਾਭਾ, ਭਾਈ ਜਵੰਦ ਸਿੰਘ ਨੰਗਲ, ਭਾਈ ਮਾਂਧਾ ਸਿੰਘ ਕੱਚਰਭੰਨ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਬੀਰ ਸਿੰਘ ਬਾਹੋਵਾਲ ਤੇ ਪ੍ਰੇਮ ਸਿੰਘ ਸੁਰ ਸਿੰਘ ਵਾਲਾ ਵਰਗੇ ਗਦਰੀ ਵੀ ਢੁੱਡੀਕੇ ਵਿਚ ਮੀਟਿੰਗਾਂ ਕਰਵਾਉਣ ਜਾਂ ਲੁਕ ਛਿਪ ਕੇ ਆਰਾਮ ਕਰਨ ਲਈ ਆਉਂਦੇ ਰਹੇ ਹਨ। ਡਾ. ਅਰੂੜ ਸਿੰਘ ਸੰਘਵਾਲ ਇਥੇ ਆ ਕੇ ਬੰਬ ਬਣਾਉਣ ਦੀ ਸਿਖਲਾਈ ਦਿੰਦੇ ਹੁੰਦੇ ਸਨ।

ਗਦਰ ਪਾਰਟੀ ਵਲੋਂ ਗਦਰ ਕਰਨ ਲਈ 21 ਫਰਵਰੀ 1915 ਦਾ ਦਿਨ ਮਿਥਿਆ ਗਿਆ ਸੀ। ਇਸ ਗਦਰ ਦੀ ਸ਼ੁਰੂਆਤ ਲਾਹੌਰ ਦੀ ਮੀਆਂਮੀਰ ਛਾਉਣ ਅਤੇ ਫਿਰੋਜ਼ਪੁਰ ਦੀ ਛਾਉਣੀ ਤੋਂ ਹੋਣੀ ਸੀ। ਉੱਘੇ ਕਮਿਊਨਿਸਟ ਨੇਤਾ ਅਤੇ ਲੇਖਕ ਗੁਰਚਰਨ ਸਿੰਘ ਸਹਿੰਸਰਾ ਅਨੁਸਾਰ 14 ਫਰਵਰੀ 1915 ਨੂੰ ਪਿੰਡ ਗੁੱਜਰਵਾਲ (ਲੁਧਿਆਣਾ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਸਮੇਤ ਭਾਈ ਈਸ਼ਰ ਸਿੰਘ ਢੁੱਡੀਕੇ ਤੋਂ ਇਲਾਵਾ ਮਾਲਵੇ ਦੇ ਹੋਰ ਗਦਰੀ ਵੀ ਪਹੁੰਚੇ ਹੋਏ ਸਨ। ਜਿਥੇ 21 ਫਰਵਰੀ ਨੂੰ ਫਿਰੋਜ਼ਪੁਰ ਪਹੁੰਚ ਕੇ ਗਦਰ ਕਰਨ ਦੀ ਅਰਦਾਸ ਕੀਤੀ ਗਈ। ਇਥੋਂ ਕਰਤਾਰ ਸਿੰਘ ਸਰਾਭਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨਾਲ ਗੱਲਬਾਤ ਕਰਕੇ ਸੱਜਣ ਸਿੰਘ ਨਾਰੰਗਵਾਲ ਨਾਲ ਫਿਰੋਜ਼ਪੁਰ ਨੂੰ ਚਲਿਆ ਗਿਆ। ਪਰ 21 ਫਰਵਰੀ ਦੇ ਗਦਰ ਬਾਰੇ ਮੁਖਬਰ ਕ੍ਰਿਪਾਲ ਸਿੰਘ ਵਲੋਂ ਭੇਦ ਨਸ਼ਰ ਕੀਤੇ ਜਾਣ ਕਰਕੇ ਗਦਰ ਦੀ ਤਰੀਕ 19 ਫਰਵਰੀ ਕਰ ਦਿਤੀ ਗਈ। ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ 17 ਫਰਵਰੀ ਨੂੰ ਢੰਡਾਰੀ ਕਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ 19 ਫਰਵਰੀ ਨੂੰ ਫਿਰੋਜ਼ਪੁਰ ਜਾਣ ਲਈ ਅਰਦਾਸ ਕੀਤੀ ਗਈ। 19 ਫਰਵਰੀ ਨੂੰ 40 ਗਦਰੀਆਂ ਦਾ ਜਥਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਅਗਵਾਈ ਵਿਚ ਲੁਧਿਆਣੇ ਤੋਂ ਚੱਲਿਆ ਤੇ ਭਾਈ ਈਸ਼ਰ ਸਿੰਘ ਢੁੱਡੀਕੇ ਤੇ ਭਾਈ ਉਤਮ ਸਿੰਘ ਹਾਂਸ ਇਸ ਗੱਡੀ ਵਿਚ ਮੁੱਲਾਂਪੁਰ ਦੇ ਸਟੇਸ਼ਨ ਤੋਂ ਸਵਾਰ ਹੋਏ। ਪਰ ਉਥੇ ਗਏ ਜਥੇ ਨੂੰ ਕਰਤਾਰ ਸਿੰਘ ਸਰਾਭਾ ਨੇ ਦਸਿਆ ਕਿ ਇਸ ਦਿਨ ਵਾਲੇ ਗਦਰ ਦੀ ਸੂਹ ਵੀ ਸਰਕਾਰ ਨੂੰ ਮਿਲ ਗਈ ਹੈ, ਜਿਨ੍ਹਾਂ ਫੌਜੀਆਂ ਨੇ ਗਦਰ ਕਰਨਾ ਸੀ, ਉਹ ਬੇਹਥਿਆਰੇ ਕਰ ਦਿਤੇ ਗਏ ਹਨ। ਸਰਕਾਰ ਨੇ ਗਦਰ ਦੀ ਇਹ ਕੋਸ਼ਿਸ਼ ਵੀ ਨਾਕਾਮ ਕਰ ਦਿਤੀ ਸੀ। ਸਰਾਭਾ ਦੇ ਕਹਿਣ ਤੇ ਅਖੀਰ ਨੂੰ ਜਥਾ ਖਾਲੀ ਹੱਥ ਹੀ ਇਧਰ ਉਧਰ ਖਿੰਡ ਗਿਆ।

ਭਾਵੇਂ ਗਦਰ ਦੀ ਸਕੀਮ ਫੇਲ੍ਹ ਹੋ ਗਈ ਸੀ ਪਰ ਭਾਈ ਈਸ਼ਰ ਸਿੰਘ ਢੁੱਡੀਕੇ ਹੋਰਾਂ ਨੇ ਹੌਂਸਲਾ ਨਹੀਂ ਹਾਰਿਆ ਸੀ। ਉਨ੍ਹਾਂ ਨੇ ਹਥਿਆਰਬੰਦ ਹੋ ਕੇ ਗਦਰ ਲਹਿਰ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ ਸੀ। ਇਸ ਮਕਸਦ ਲਈ ਉਨ੍ਹਾਂ ਨੇ ਰੇਲਵੇ ਫਾਟਕਾਂ `ਤੇ ਤਾਇਨਾਤ ਕੀਤੀਆਂ ਗਈਆਂ ਪੁਲਿਸ ਗਾਰਦਾਂ ਕੋਲੋਂ ਹਥਿਆਰ ਖੋਹਣ ਦੀ ਸਕੀਮ ਬਣਾਈ ਸੀ। ਇਸ ਮਕਸਦ ਲਈ ਭਾਈ ਈਸ਼ਰ ਸਿੰਘ, ਭਾਈ ਉੱਤਮ ਸਿੰਘ ਹਾਂਸ, ਬਾਬਾ ਮਾਂਧਾ ਸਿੰਘ ਤੇ ਬਾਬਾ ਗੁਰਮੁਖ ਸਿੰਘ ਲਲਤੋਂ ਆਦਿ ਨੇ ਦੋਰਾਹੇ ਫਾਟਕ `ਤੇ ਲੱਗੀ ਗਾਰਦ ਕੋਲੋਂ ਹਥਿਆਰ ਖੋਹਣ ਦਾ ਪ੍ਰੋਗਰਾਮ ਬਣਾਇਆ। ਉਥੇ ਉਹ ਨਹਿਰ ਦੇ ਪੁਲ ਲਾਗੇ ਪਹੁੰਚ ਵੀ ਗਏ ਪਰ ਇੱਕ ਤਾਂ ਸੰਤਰੀ ਬਹੁਤ ਚੌਕਸ ਸਨ ਦੂਜਾ ਉਨ੍ਹਾਂ ਕੋਲ ਹਥਿਆਰ ਬਹੁਤ ਨਿਗੂਣੇ ਸਨ ਜਿਸ ਕਰਕੇ ਇਹ ਸਕੀਮ ਅੱਗੇ ਪਾ ਦਿੱਤੀ। ਇਸ ਤੋਂ ਬਾਅਦ 25 ਮਈ 1915 ਨੂੰ ਪਿੰਡ ਢੁੱਡੀਕੇ ਦੇ ਬਾਹਰ ਦਾਊਧਰ ਵਾਲੇ ਪਾਸੇ ਸੂਏ ਕੋਲ ਗਦਰੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਭਾਈ ਈਸ਼ਰ ਸਿੰਘ ਤੋਂ ਇਲਾਵਾ ਬਾਬਾ ਪਾਖਰ ਸਿੰਘ ਸਮੇਤ ਹੋਰ ਬਹੁਤ ਸਾਰੇ ਗਦਰੀ ਸ਼ਾਮਲ ਹੋਏ। ਇਸ ਮੀਟਿੰਗ ਵਿਚ 5 ਜੂਨ ਨੂੰ ਕਪੂਰਥਲਾ ਦੇ ਅਸਲਾਖਾਨੇ `ਤੇ ਹਮਲਾ ਕਰਕੇ ਉਥੋਂ ਹਥਿਆਰ ਲੁੱਟਣ ਦੀ ਸਕੀਮ ਬਣਾਈ ਗਈ। ਪਰ ਜਦ ਭਾਈ ਈਸ਼ਰ ਸਿੰਘ ਹੋਰੀਂ 5 ਜੂਨ ਨੂੰ ਕਪੂਰਥਲੇ ਇਕੱਠੇ ਹੋਏ ਤਾਂ ਉਥੇ ਪਹੁੰਚੇ ਗਦਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਅਸਲਾਖਾਨੇ `ਤੇ ਹਮਲਾ ਕਰਨ ਦਾ ਪ੍ਰੋਗਰਾਮ 12 ਜੂਨ ਦਾ ਤੈਅ ਕੀਤਾ ਗਿਆ ਪਰ ਉਸ ਤੋਂ ਪਹਿਲਾਂ 11 ਜੂਨ ਨੂੰ ਅੰਮ੍ਰਿਤਸਰ ਨੇੜੇ ਵੱਲਾ ਪਿੰਡ ਦੀ ਨਹਿਰ ਦੇ ਰੇਲਵੇ ਪੁਲ `ਤੇ ਤਾਇਨਾਤ ਗਾਰਦ ਕੋਲੋਂ ਹਥਿਆਰ ਖੋਹਣ ਦਾ ਤਹੱਈਆ ਕੀਤਾ ਗਿਆ। ਇਹ ਜਥੇ ਅੱਧੀ ਰਾਤ ਨੂੰ ਜਾ ਕੇ ਪੁਲ ਨੇੜੇ ਝਾੜ-ਝਖਾੜ ਵਿਚ ਛੁਪ ਕੇ ਬੈਠਾ ਰਿਹਾ। ਗਦਰੀਆਂ ਦੇ ਇਸ ਗੁਰੀਲਾ ਜਥੇ ਵਿਚ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਬਾਬਾ ਪਾਲਾ ਸਿੰਘ (ਵੱਡਾ) ਢੁੱਡੀਕੇ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਪ੍ਰੇਮ ਸਿੰਘ ਸੁਰ ਸਿੰਘ, ਭਾਈ ਬੰਤਾ ਸਿੰਘ ਸੰਘਵਾਲ, ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਉੱਤਮ ਸਿੰਘ ਹਾਂਸ, ਭਾਈ ਕਾਲਾ ਸਿੰਘ ਸੁਰ ਸਿੰਘ ਵਾਲਾ ਆਦਿ ਸਨ। ਜਦ ਸਵੇਰੇ ਚਾਰ ਵਜੇ ਮਾਲ ਗੱਡੀ ਪੁਲ ਉਤੋਂ ਲੰਘਣ ਲੱਗੀ ਤਾਂ ਉਸ ਦੇ ਖੜਾਕ ਦਾ ਫਾਇਦਾ ਉਠਾ ਕੇ ਇਹ ਗੁਰੀਲੇ ਜਥੇ ਦੇ ਸਿਰਲੱਥ ਬਾਜ਼ ਵਾਂਗ ਗਾਰਦ `ਤੇ ਝਪਟ ਗਏ। ਜਵੰਦ ਸਿੰਘ ਨੰਗਲ ਕਲਾਂ ਤੇ ਬੰਤਾ ਸਿੰਘ ਸੰਘਵਾਲ ਨੇ ਪਿਸਤੌਲਾਂ ਦੀਆਂ ਗੋਲੀਆਂ ਮਾਰ ਕੇ ਸੰਤਰੀ ਫੂਲ ਸਿੰਘ ਸੁੱਟ ਲਿਆ। ਜਦ ਗਾਰਦ ਦਾ ਨਾਇਕ ਚਤਰ ਸਿੰਘ ਉਠਿਆ ਤਾਂ ਕਾਲਾ ਸਿੰਘ ਨੇ ਗੋਲੀ ਮਾਰਕੇ ਉਹਨੂੰ ਵੀ ਢੇਰੀ ਕਰ ਦਿਤਾ ਬਾਕੀ ਦੀ ਗਾਰਦ ਵਾਲੇ ਅਸਲਾ ਛੱਡ ਕੇ ਭੱਜ ਗਏ। ਜਥੇ ਦੇ ਹੱਥ ਛੇ ਰਾਈਫਲਾਂ ਤੇ ਬਹੁਤ ਸਾਰੇ ਕਾਰਤੂਸ ਲੱਗੇ ਜੋ ਉਹ ਲੈ ਕੇ ਤਰਨਤਾਰਨ ਵੱਲ ਨੂੰ ਚੱਲ ਪਏ। ਪਰ ਜਾਨਾਂ ਬਚਾ ਕੇ ਭੱਜੇ ਗਾਰਦ ਦੇ ਸਿਪਾਹੀਆਂ ਵਲੋਂ ਰੌਲਾ ਪਾਉਣ ਨਾਲ ਪੁਲਿਸ ਵਾਲੇ ਤੇ ਲੋਕਾਂ ਦੀ ਵਾਹਰ ਚੜ੍ਹ ਕੇ ਇਨ੍ਹਾਂ ਪਰਜਾ ਭਗਤ ਗਦਰੀਆਂ ਦੇ ਪਿੱਛੇ ਪੈ ਗਈ। ਇਹ ਗਦਰੀ ਗੁਰੀਲੇ ਗੋਲੀਆਂ ਚਲਾਉਂਦੇ ਹੋਏ ਅੱਗੇ ਵਧਦੇ ਗਏ। ਪਿਛੇ ਪੁਲਿਸ ਵੀ ਗੋਲੀਆਂ ਚਲਾਉਂਦੀ ਆ ਰਹੀ ਸੀ। ਤਰਨਤਾਰਨ ਵਾਲੇ ਪਾਸੇ ਜਾਣ ਦਾ ਖ਼ਤਰਾ ਭਾਂਪ ਕੇ ਇਹ ਜਥਾ ਬਿਆਸ ਦਰਿਆ ਦੇ ਗੋਇੰਦਵਾਲ ਸਾਹਿਬ ਪੱਤਣ ਵੱਲ ਮੁੜ ਗਿਆ। ਪੱਤਣ ਤੋਂ ਇਹ ਜਥਾ ਬੇੜੀ ਵਿਚ ਚੜ੍ਹਕੇ ਦਰਿਆ ਪਾਰ ਕਰਕੇ ਕਪੂਰਥਲਾ ਦੀ ਹਦੂਦ ਵਿਚ ਜਾ ਵੜਿਆ। ਪੁਲਿਸ ਦੀ ਮੀਂਹ ਵਾਂਗ ਵਰ੍ਹ ਰਹੀ ਗੋਲੀਬਾਰੀ ਦਾ ਜੁਆਬ ਬੇੜੀ ਵਿਚੋਂ ਦਿੰਦੇ ਗਦਰੀਆਂ ਦੀ ਗੋਲੀ ਨਾਲ ਇਕ ਮਲਾਹ ਮਾਰਿਆ ਗਿਆ। ਪਿਛਾ ਕਰ ਰਹੀ ਪੁਲਿਸ ਨੇ ਅਗਾਂਹ ਕਪੂਰਥਲਾ ਦੇ ਹਾਕਮਾਂ ਨੂੰ ਤਾਰਾਂ ਦੇ ਕੇ ਮੂਹਰੇ ਪੁਲਿਸ ਮੰਗਵਾ ਲਈ ਸੀ। ਪੁਲਿਸ ਨੇ ਡਾਕੂ ਡਾਕੂ ਕਹਿ ਕੇ ਪੇਂਡੂ ਲੋਕਾਂ ਦੀ ਵਾਹਰ ਵੀ ਇਕੱਠੀ ਕਰ ਲਈ ਸੀ। ਗਦਰੀ ਗੁਰੀਲੇ ਮੰਡ ਦੇ ਝਾੜ ਝਖਾੜ ਵਿਚ ਲੁਕ ਗਏ। ਛੱਤੀ ਘੰਟੇ ਦੇ ਮੁਕਾਬਲੇ ਤੋਂ ਬਾਅਦ ਕੁਝ ਗਦਰੀ ਫੜੇ ਗਏ ਤੇ ਕੁਝ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਬਚ ਕੇ ਨਿਕਲ ਜਾਣ ਵਾਲਿਆਂ ਵਿਚ ਭਾਈ ਈਸ਼ਰ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਬਾਬਾ ਪਾਲਾ ਸਿੰਘ (ਵੱਡਾ) ਢੁੱਡੀਕੇ, ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਉਤਮ ਸਿੰਘ ਹਾਂਸ, ਭਾਈ ਰੂੜ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ (ਜੋ ਪਿਛੋਂ ਵਾਅਦਾ ਮੁਆਫ਼ ਗਵਾਹ ਬਣ ਗਿਆ) ਆਦਿ ਸਨ।

ਇਸ ਘਟਨਾ ਤੋਂ ਪਹਿਲਾਂ 25 ਅਪ੍ਰੈਲ 1915 ਨੂੰ ਜਦ ਭਾਈ ਜਵੰਦ ਸਿੰਘ ਨੰਗਲ ਕਲਾਂ ਨੇ ਆਪਣੇ ਪਿੰਡ ਦੇ ਜ਼ੈਲਦਾਰ ਚੰਦਾ ਸਿੰਘ, ਜਿਸ ਨੇ ਗਦਰੀ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਫੜਾਇਆ ਸੀ, ਨੂੰ ਸੋਧਿਆ ਸੀ ਤਾਂ ਇਸ ਐਕਸ਼ਨ ਵਿਚ ਵੀ ਭਾਈ ਈਸ਼ਰ ਸਿੰਘ ਢੁੱਡੀਕੇ ਸ਼ਾਮਲ ਸੀ। ਉਨ੍ਹਾਂ ਨਾਲ ਬੂਟਾ ਸਿੰਘ ਅਕਾਲਗੜ੍ਹ, ਬੰਤਾ ਸਿੰਘ ਸੰਘਵਾਲ ਆਦਿ ਸਨ।

ਕਪੂਰਥਲਾ ਅਤੇ ਵੱਲਾ ਪੁਲ ਦੇ ਐਕਸ਼ਨ ਫੇਲ੍ਹ ਹੋ ਜਾਣ ਬਾਅਦ ਭਾਈ ਈਸ਼ਰ ਸਿੰਘ ਢੁੱਡੀਕੇ ਅਤੇ ਭਾਈ ਉਤਮ ਸਿੰਘ ਹਾਂਸ ਨੇ ਅਫਗਾਨਸਤਾਨ ਵੱਲ ਚਲੇ ਜਾਣ ਦੀ ਸਕੀਮ ਬਣਾਈ ਸੀ। ਉਹ ਹੋਤੀ ਮਰਦਾਨ ਤੱਕ ਚਲੇ ਵੀ ਗਏ ਸਨ ਪਰ ਜੂਨ ਦੇ ਅਖੀਰ ਵਿਚ ਵਾਪਸ ਆ ਗਏ। ਭਾਈ ਈਸ਼ਰ ਸਿੰਘ ਢੁੱਡੀਕੇ ਅਤੇ ਭਾਈ ਉਤਮ ਸਿੰਘ ਹਾਂਸ ਨੇ ਗਦਰੀ ਸਰਗਰਮੀਆਂ ਨੂੰ ਜਾਰੀ ਰੱਖਣ ਲਈ ਸਾਧੂਆਂ ਦਾ ਭੇਸ ਧਾਰ ਲਿਆ ਸੀ। ਉਹ ਫਰੀਦਕੋਟ ਰਿਆਸਤ ਦੇ ਪਿੰਡ ਮਹਿਮਾ ਸਰਜਾ (ਨੇੜੇ ਮੰਡੀ ਗੋਨੇਆਣਾ) ਦੇ ਖੇਤਾਂ ਵਿਚ ਇਕ ਕੁੱਟੀਆ ਬਣਾ ਕੇ ਰਹਿਣ ਲੱਗ ਪਏ ਸਨ। ਇਹ ਕੁਟੀਆ ਇਕ ਤਰ੍ਹਾਂ ਨਾਲ ਰੂਪੋਸ਼ ਗਦਰੀਆਂ ਦਾ ਅੱਡਾ ਹੀ ਸੀ। ਭਾਵੇਂ ਉਹ ਦੂਰ ਦੂਰ ਤੱਕ ਨਿਕਲ ਜਾਂਦੇ ਸਨ ਪਰ ਆਮ ਸਾਧੂਆਂ ਦੀ ਤਰ੍ਹਾਂ ਪਿੰਡਾਂ ਵਿਚੋਂ ਰੋਟੀ ਪਾਣੀ ਨਹੀਂ ਮੰਗਦੇ ਸਨ, ਕੁਟੀਆ `ਚ ਆਪਣੀ ਰੋਟੀ ਆਪ ਬਣਾਇਆ ਕਰਦੇ ਸਨ। ਸਰਕਾਰ ਦੇ ਕਿਸੇ ਚਤਰ ਮੁਖਬਰ ਨੇ ਉਨ੍ਹਾਂ ਦੀ ਇਹ ਹਰਕਤ ਤਾੜ ਲਈ ਜੋ ਉਨ੍ਹਾਂ ਨੂੰ ਆਮ ਸਾਧੂਆਂ ਨਾਲੋਂ ਵੱਖ ਕਰਦੀ ਸੀ। ਇੱਕ ਦਿਨ ਉਸ ਮੁਖਬਰ ਨੇ ਕੁਟੀਆ `ਚ ਜਾ ਕੇ ਮਿੱਠਾ ਪਿਆਰਾ ਹੋ ਕੇ ਆਖਿਆ, ‘ਸੰਤੋ, ਜੇ ਕੁਝ ਚਾਹੀਦਾ ਹੋਵੇ ਤਾਂ ਪਿੰਡੋਂ ਲੈ ਆਇਆ ਕਰੋ।` ਪਰ ਭਾਈ ਈਸ਼ਰ ਸਿੰਘ ਹੋਰਾਂ ਨੇ ਅੱਗੋਂ ਜੁਆਬ ਦਿੱਤਾ, ‘ਮੰਗਣਾ ਖਾਲਸੇ ਦਾ ਧਰਮ ਨਹੀਂ।` ਉਨ੍ਹਾਂ ਦੇ ਇਸ ਜੁਆਬ ਨਾਲ ਮੁਖਬਰ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਉਸ ਨੇ ਜਾ ਕੇ ਪੁਲਿਸ ਕੋਲ ਇਤਲਾਹ ਕਰ ਦਿਤੀ। ਪੁਲਿਸ ਨੇ ਆ ਕੇ ਜਕ ਭਾਈ ਈਸ਼ਰ ਸਿੰਘ ਅਤੇ ਭਾਈ ਉਤਮ ਸਿੰਘ ਹਾਂਸ ਨੂੰ ਘੇਰਾ ਪਾਇਆ ਤਾਂ ਉਹ ਸਬਜ਼ੀ ਬਣਾਉਣ ਲਈ ਖੇਤ ਵਿਚੋਂ ਗੁਆਰੇ ਦੀਆਂ ਫਲੀਆਂ ਤੋੜ ਰਹੇ ਸਨ। ਉਸ ਵਕਤ ਉਹ ਬਿਲਕੁਲ ਖਾਲੀ ਹੱਥ ਸਨ, ਉਨ੍ਹਾਂ ਦੇ ਹਥਿਆਰ ਕੁਟੀਆ ਵਿਚ ਪਏ ਸਨ। ਚਾਰੇ ਪਾਸੇ ਪੁਲਿਸ ਦਾ ਘੇਰਾ ਪਿਆ ਤੱਕ ਕੇ ਉਨ੍ਹਾਂ ਨੇ ਆਪਣੀ ਹੋਣੀ ਨੂੰ ਭਾਂਪ ਲਿਆ ਸੀ। ਉਹ ਬੜੀ ਚੜ੍ਹਦੀਕਲਾ ਵਾਲੇ ਰੌਅ ਵਿਚ ‘ਗਦਰ ਗੂੰਜਾਂ` ਦੀਆਂ ਬੈਤਾਂ ਗਾਉਣ ਲੱਗ ਪਏ। ਉਨ੍ਹਾਂ ਦੀ ਕੁਟੀਆ ਦੀ ਤਲਾਸ਼ੀ ਲੈਣ ਉਪਰੰਤ ਪੁਲਿਸ ਦੇ ਹੱਥ ਇਕ ਰੀਵਾਲਵਰ, ਇਕ ਆਟੋਮੈਟਿਕ ਪਸਤੌਲ ਤੇ ਬਹੁਤ ਸਾਰੇ ਕਾਰਤੂਸ ਹੱਥ ਲੱਗੇ।

ਭਾਈ ਈਸ਼ਰ ਸਿੰਘ ਅਤੇ ਭਾਈ ਉਤਮ ਸਿੰਘ ਹਾਂਸ ਨੂੰ ਪਹਿਲਾਂ ਲੁਧਿਆਣਾ ਤੇ ਫਿਰ ਲਾਹੌਰ ਲਿਜਾਇਆ ਗਿਆ, ਜਿਥੇ ਆਪ ਉਪਰ ਬੇਇੰਤਹਾ ਤਸ਼ੱਦਦ ਕਰਕੇ ਪਾਰਟੀ ਦੇ ਭੇਦ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਰ ਸੂਰਮਿਆਂ ਨੇ ਅਕਹਿ ਜਬਰ ਆਪਣੇ ਪਿੰਡੇ `ਤੇ ਝੱਲਦਿਆਂ ਹੋਇਆਂ, ਕੋਈ ਵੀ ਭੇਦ ਜੁਬਾਨ `ਤੇ ਨਾ ਲਿਆਂਦਾ। ਇਨ੍ਹਾਂ ਸਮੇਤ ਸੌ ਹੋਰ ਗਦਰੀਆਂ `ਤੇ ਸਰਕਾਰ ਉਲਟਾਉਣ ਦਾ ਦੋਸ਼ ਲਾ ਕੇ ‘ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ` ਚਲਾਇਆ ਗਿਆ। ਜੋ 29 ਅਕਤੂਬਰ 1915 ਨੂੰ ਸ਼ੁਰੂ ਹੋਇਆ ਤੇ ਜਿਸਦਾ ਫੈਸਲਾ 30 ਮਾਰਚ 1916 ਨੂੰ ਸੁਣਾਇਆ ਗਿਆ। ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਬੀਰ ਸਿੰਘ ਬਾਹੋਵਾਲ, ਭਾਈ ਰੰਗਾ ਸਿੰਘ ਖੁਰਦਪੁਰ ਤੇ ਭਾਈ ਰੂੜ ਸਿੰਘ ਢੁੱਡੀਕੇ ਨੂੰ ਫਾਂਸੀ ਅਤੇ ਘਰ ਘਾਟ ਜਬਤੀ ਦੀ ਸਜਾ ਸੁਣਾਈ ਗਈ। ਫਾਂਸੀ ਦੀ ਸਜਾ ਸੁਣ ਕੇ ਇਨ੍ਹਾਂ ਨਿਰਭੈ ਯੋਧਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ, ਉਹ ਚੜ੍ਹਦੀ ਕਲਾ `ਚ ਜੈਕਾਰੇ ਗੂੰਜਾਊਂਦੇ ਹੋਏ 18 ਜੂਨ 1916 ਐਤਵਾਰ ਵਾਲੇ ਦਿਨ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ `ਤੇ ਝੂਟ ਕੇ ਸ਼ਹਾਦਤ ਦਾ ਜਾਮ ਪੀ ਗਏ।

ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਨਜ਼ਰਬੰਦੀ ਦੌਰਾਨ ਇਹ ਸਿੰਘ ਜੇਲ੍ਹ ਵਿੱਚ ਕੀਰਤਨ ਅਤੇ ਪਾਠ ਕਰਦੇ ਰਹਿੰਦੇ ਸਨ।
ਸਰਕਾਰ ਵਲੋਂ ਇਨ੍ਹਾਂ ਯੋਧਿਆਂ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਦੀ ਬਜਾਏ ਜੇਲ੍ਹ ਵਿਚ ਹੀ ਸਾੜ ਦਿਤੀਆਂ ਗਈਆਂ।

ਨੋਟ: 
 ਗਦਰੀ ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ ਨੂੰ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਨੇ ਭੁਲਾਈ ਰੱਖਿਆ ਹੈ। ਪਿੰਡ ਵਾਲਿਆਂ ਵਲੋਂ ਪੈਰਵਈ ਕਰਨ `ਤੇ ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ 84 ਵਰ੍ਹਿਆਂ ਬਾਅਦ 25 ਜਨਵਰੀ 2010 ਨੂੰ ਢੁੱਡੀਕੇ ਦੇ ਪ੍ਰਾਇਮਰੀ ਸਕੂਲ ਦਾ ਨਾਮ ਸ਼ਹੀਦ ਈਸ਼ਰ ਸਿੰਘ ਦੇ ਨਾਂ `ਤੇ ਰਖਿਆ ਗਿਆ ਹੈ। ਉਹ ਵੀ ਚੋਣਾਂ ਦੌਰਾਨ ਸ. ਮਨਪ੍ਰੀਤ ਸਿੰਘ ਬਾਦਲ ਪਹਿਲਾਂ ਪਿੰਡ ਵਾਲਿਆਂ ਨਾਲ ਵਾਅਦਾ ਕਰ ਗਿਆ ਸੀ, ਫਿਰ ਪਿੰਡ ਨਿਵਾਸੀਆਂ ਵਲੋਂ ਵਾਰ ਵਾਰ ਚੰਡੀਗੜ੍ਹ ਗੇੜੇ ਮਾਰ ਕੇ ਇਹ ਵਾਅਦਾ ਯਾਦ ਕਰਵਾਉਣ ਉਪਰੰਤ ਸ਼ਹੀਦ ਦੇ ਨਾਂ `ਤੇ ਨਾਮਕਰਨ ਕੀਤਾ ਗਿਆ।

ਸਰੋਤ ਪੁਸਤਕਾਂ ਤੇ ਰਸਾਲੇ :
ਭਾਈ ਸਾਹਿਬ ਭਾਈ ਰਣਧੀਰ ਸਿੰਘ ‘ਜੇਲ੍ਹ ਚਿੱਠੀਆਂ`
ਸੋਹਣ ਸਿੰਘ ਪੂਨੀ ‘ਕੈਨੇਡਾ ਦੇ ਗਦਰੀ ਯੋਧੇ`
ਬਾਬਾ ਭਗਤ ਸਿੰਘ ਬਿਲਗਾ ‘ਗਦਰ ਲਹਿਰ ਦੇ ਅਣਗੌਲੇ ਵਰਕੇ`
ਬਾਬਾ ਹਰਭਜਨ ਸਿੰਘ ਚਮਿੰਡਾ ‘ਲਹੂ ਭਿੰਨੀਆਂ ਯਾਦਾਂ`
ਸ.ਜਗਜੀਤ ਸਿੰਘ  ‘ਗਦਰ ਪਾਰਟੀ ਲਹਿਰ`
ਗੁਰਚਰਨ ਸਿੰਘ ਸਹਿੰਸਰਾ ‘ਗਦਰ ਪਾਰਟੀ ਦਾ ਇਤਿਹਾਸ`
ਅਮਰਜੀਤ ਸਿੰਘ ਢੁੱਡੀਕੇ ‘ਗਦਰ ਪਾਰਟੀ ਦੀਆਂ ਪੈੜਾਂ`
ਕਾਮਰੇਡ ਪਿਆਰਾ ਸਿੰਘ ਢੁੱਡੀਕੇ (ਕੈਨੇਡੀਅਨ) ‘ਸੋਵੀਨਾਰ-12  ‘ਮੇਲਾ ਢੁੱਡੀਕੇ ਦੇ ਗਦਰੀ ਬਾਬਿਆਂ ਦਾ`
ਮਾਸਟਰ ਹਰੀ ਸਿੰਘ ਢੁੱਡੀਕੇ  ‘ਸੋਵੀਨਰ 12-13 ਮੇਲਾ ਢੁੱਡੀਕੇ ਦੇ ਗਦਰੀ ਬਾਬਿਆਂ ਦਾ`

ਗਦਰ ਪਾਰਟੀ ਵਿਚ ਢੁੱਡੀਕੇ ਪਿੰਡ ਦੀ ਸ਼ਮੂਲੀਅਤ :
ਸ਼ਹੀਦ ਬਾਬਾ ਈਸ਼ਰ ਸਿੰਘ
ਸ਼ਹੀਦ ਬਾਬਾ ਰੂੜ ਸਿੰਘ
ਬਾਬਾ ਪਾਖਰ ਸਿੰਘ
ਜਥੇਦਾਰ ਪਾਲਾ ਸਿੰਘ
ਬਾਬਾ ਪਾਲਾ ਸਿੰਘ (ਵੱਡਾ)
ਭਾਈ ਮਹਿੰਦਰ ਸਿੰਘ
ਬਾਬਾ ਸ਼ਾਮ ਸਿੰਘ
ਬਾਬਾ ਅਤਰ ਸਿੰਘ
ਮਾਸਟਰ ਫੇਰਾ ਸਿੰਘ
ਬਾਬਾ ਸੁੰਦਰ ਸਿੰਘ
ਬਾਬਾ ਸੋਧੂ ਰਾਮ
ਬਾਬਾ ਸਾਈਂਦਾਸ

ਢੁੱਡੀਕੇ ਅਤੇ ਚੂਹੜਚੱਕ ਨਿਵਾਸੀਆਂ ਦੀ ਗਦਰ ਪਾਰਟੀ `ਚ ਸ਼ਮੂਲੀਅਤ ਕਾਰਨ, ਅੰਗਰੇਜ਼ ਸਰਕਾਰ ਵਲੋਂ ਪਿੰਡ ਚੂਹੜਚੱਕ ਵਿਚ ਪੁਲਿਸ ਦੀ ਤਾਜੀਰੀ ਚੌਂਕੀ ਬਿਠਾਈ ਗਈ। ਜਿਸ ਦਾ ਖਰਚਾ ਢੁੱਡੀਕੇ ਅਤੇ ਚੂਹੜਚੱਕ ਪਿੰਡਾਂ ਨੂੰ ਸਾਂਝੇ ਤੌਰ `ਤੇ ਦੇਣਾ ਪੈਂਦਾ ਸੀ।

ਢੁੱਡੀਕਿਆਂ ਦੇ ਕਾਮਾਗਾਟਾਮਾਰੂ ਜਹਾਜ ਦੇ ਮੁਸਾਫਰ ਜੋ ਬਲਬਜ (ਕਲਕੱਤਾ) ਘਾਟ ਤੋਂ ਗ੍ਰਿਫ਼ਤਾਰ ਕਰਕੇ ਲੁਧਿਆਣੇ ਜੇਲ੍ਹ ਵਿਚ ਬੰਦ ਕੀਤੇ ਗਏ :
ਸ. ਇੰਦਰ ਸਿੰਘ ਪੁੱਤਰ ਸ. ਸੁੰਦਰ ਸਿੰਘ ਪੱਤੀ ਨੱਥੂ
ਸ. ਬੱਗਾ ਸਿੰਘ ਪੁੱਤਰ ਸ. ਹਰਨਾਮ ਸਿੰਘ ਪੱਤੀ ਨੱਥੂ
ਸ. ਜੀਵਨ ਸਿੰਘ ਪੱਤੀ ਨੱਥੂ
ਸ. ਮੇਵਾ ਸਿੰਘ ਪੱਤੀ ਨੱਥੂ
ਸ. ਪ੍ਰੇਮ ਸਿੰਘ ਪੱਤੀ ਨੱਥੂ

ਆਜ਼ਾਦ ਹਿੰਦ ਫੌਜ ਵਿਚ ਢੁੱਡੀਕਿਆਂ ਦੇ ਸਿਪਾਹੀ :
ਸ. ਮੁਖਤਿਆਰ ਸਿੰਘ ਪੁੱਤਰ ਕਪੂਰ ਸਿੰਘ ਕੋਲੂ ਪੱਤੀ
ਸ. ਬਖਤੌਰ ਸਿੰਘ ਪੁੱਤਰ ਸ. ਹੀਰਾ ਸਿੰਘ ਬਾਜਾ ਪੱਤੀ
ਸ. ਹਰਦਿਆਲ ਸਿੰਘ ਪੁੱਤਰ ਸ. ਭਾਨ ਸਿੰਘ ਹੇਅਰ ਪੱਤੀ
ਸ. ਗੁਰਦਿਆਲ ਸਿੰਘ ਪੁੱਤਰ ਸ. ਸੰਤਾ ਸਿੰਘ ਕਪੂਰਾ ਪੱਤੀ
ਸ. ਸੰਤਾ ਸਿੰਘ ਪੁੱਤਰ ਸ. ਮਾਨ ਸਿੰਘ ਨੱਥੂ ਪੱਤੀ
ਸ. ਹਜੂਰਾ ਸਿੰਘ ਪੁੱਤਰ ਸ. ਬੱਗਾ ਸਿੰਘ ਨੱਥੂ ਪੱਤੀ
ਸ. ਅਜੈਬ ਸਿੰਘ ਪੁੱਤਰ ਸ. ਸੰਤਾ ਸਿੰਘ ਕੋਲੂ ਪੱਤੀ
ਸ. ਗੁਰਦਿਆਲ ਸਿੰਘ ਬਾਬਾ ਪੱਤੀ
ਸ੍ਰੀਦੇਵੀ ਦਾਸ ਝੰਡਾ ਪੱਤੀ

ਜੈਤੋ ਦੇ ਮੋਰਚੇ ਵਿਚ ਸ਼ਹੀਦ ਅਤੇ ਸ਼ਾਮਲ ਹੋਣ ਵਾਲੇ :
ਸ. ਹਰਨਾਮ ਸਿੰਘ ਸ਼ਹੀਦ
ਸ. ਨਿੱਕਾ ਸਿੰਘ ਕਪੂਰਾ ਪੱਤੀ (ਗ੍ਰਿਫ਼ਤਾਰੀ ਦਿੱਤੀ)

ਗੁਰੂ ਕੇ ਬਾਗ ਦੇ ਮੋਰਚੇ ਵਿਚ ਸ਼ਹੀਦੀ ਪਾਈ :
ਸ. ਹਰੀ ਸਿੰਘ

ਢੁੱਡੀਕੇ ਨਿਵਾਸੀਆਂ ਦੀ ਗਦਰ ਪਾਰਟੀ `ਚ ਸ਼ਮੂਲੀਅਤ ਕਾਰਨ ਜਿਨ੍ਹਾਂ ਲੰਬੜਦਾਰਾਂ ਦੀਆਂ ਲੰਬੜਦਾਰੀਆਂ ਤੋੜੀਆਂ ਗਈਆਂ:
ਸ. ਬਿਸ਼ਨ ਸਿੰਘ ਝੰਡਾ ਪੱਤੀ
ਸ. ਜੀਵਾ ਸਿੰਘ ਕੋਲੂ ਪੱਤੀ
ਸ. ਕਾਲਾ ਸਿੰਘ ਬਾਜਾ ਪੱਤੀ
ਸ. ਬੂੜ ਸਿੰਘ ਕਪੂਰਾ ਪੱਤੀ