- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਬੱਬਰ ਸੁੰਦਰ ਪੁੱਤਰ ਪੰਡਤ ਨੰਦ ਨਾਲ ਭਨੋਟ ਗੋਤ ਦਾ ਬ੍ਰਾਹਮਣ ਪਿੰਡ ਕੋਟ ਫਤੂਹੀ ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਬੱਬਰ ਅਕਾਲੀ ਲਹਿਰ ਵਿੱਚ ਭਾਗ ਲੈਣ ਸਮੇਂ ਉਹ ਤੀਹ ਕੁ ਸਾਲ ਦਾ ਚੰਗੀ ਸਿਹਤ ਵਾਲਾ ਜਵਾਨ ਸੀ। ਕੋਟ ਫਤੂਹੀ ਪਿੰਡ ਵਿੱਚ ਉਨ੍ਹਾਂ ਦੀ ਹਲਵਾਈ ਦੀ ਦੁਕਾਨ ਸੀ।
ਸੁੰਦਰ ਨੇ ਭਾਵੇਂ ਕਿਸੇ ਝੋਲੀ ਚੁੱਕ ਦੇ ਕਤਲ ਵਿੱਚ ਹਿੱਸਾ ਨਹੀਂ ਲਿਆ ਸੀ ਪਰ ਬੱਬਰ ਅਕਾਲੀ ਜਥੇ ਦੀਆਂ ਸਰਗਰਮੀਆਂ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਸੀ। ਪਿੰਡ ਕੋਟ ਫਤੂਹੀ ਬੱਬਰਾਂ ਦੀ ਹਾਈਕੋਰਟ ਸੀ ਅਤੇ ਚੋਟੀ ਦੇ ਬੱਬਰਾਂ ਦੀਆਂ ਮੀਟਿੰਗਾਂ ਇੱਥੇ ਹੁੰਦੀਆਂ ਰਹਿੰਦੀਆਂ ਸਨ। ਪੰਡਤ ਸੁੰਦਰ ਮੋਢੇ 'ਤੇ ਹਲਵਾਈਆਂ ਵਾਲਾ ਖੁਰਚਣਾ ਰੱਖੀ, ਪਿੰਡ ਦੇ ਆਲੇ ਦੁਆਲੇ ਅਤੇ ਪਿੰਡ ਵਿੱਚ ਪੂਰੀ ਨਿਗ੍ਹਾ ਰੱਖਦਾ ਕਿ ਕੋਈ ਪੁਲਿਸ ਵਾਲਾ ਵਰਦੀ ਜਾਂ ਸਫੈਦ ਕੱਪੜਿਆਂ ਵਿੱਚ ਪਿੰਡ ਨਾ ਆਵੇ। ਪਿੰਡ ਦੇ ਲੋਕਾਂ ਨੂੰ ਉਹ ਆਖਦਾ ਕਿ ਕਿਸੇ ਪੁਲਿਸ ਵਾਲੇ ਨੂੰ ਕੋਈ ਚਾਹ ਤਾਂ ਕੀ ਪਾਣੀ ਵੀ ਨਾ ਪਿਲਾਵੇ।
ਪੁਲਿਸ ਪਿੰਡ ਕੋਟ ਫਤੂਹੀ ਵੜਨ ਦਾ ਹੌਂਸਲਾ ਨਾ ਕਰਦੀ। ਉਸ 'ਤੇ ਇਲਜ਼ਾਮ ਸੀ ਕਿ ਉਹ ਬੱਬਰ ਅਕਾਲੀ ਦੁਆਬਾ ਅਖਬਾਰ ਪਿੰਡ ਵਿੱਚ ਵੰਡਦਾ ਸੀ ਅਤੇ ਛਪੇ ਇਸ਼ਤਿਹਾਰ ਪਿੰਡ ਦੀਆਂ ਕੰਧਾਂ 'ਤੇ ਲਾਉਂਦਾ ਹੁੰਦਾ ਸੀ। ਮਿ. ਲੁਈਸ ਏ. ਬੁੱਲ ਦੀ ਅਦਾਲਤ ਵਿੱਚ ਬੱਬਰ ਸੁੰਦਰ ਨੇ ਬਿਆਨ ਦਿੱਤਾ ਕਿ ਦਲੀਪੇ ਸਿਪਾਹੀ ਨੇ ਉਸ ਨੂੰ ਬਹੁਤ ਕੁੱਟਿਆ। ਪੁਲਿਸ ਸਾਰਾ ਦਿਨ ਹੀ ਉਸ ਨੂੰ ਕੁੱਟਦੀ ਅਤੇ ਰਾਤ ਨੂੰ ਉਣੀਂਦਾ ਰੱਖਦੀ ਕਿ ਉਹ ਤਸੀਹਿਆਂ ਤੋਂ ਡਰ ਕੇ ਬੱਬਰਾਂ ਵਿਰੁੱਧ ਬਿਆਨ ਦੇਣਾ ਮੰਨ ਜਾਵੇ ਪਰ ਇਹ ਡੋਲਿਆ ਨਹੀਂ। ਪੁਲਿਸ ਵਲੋਂ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ।
ਗਵਾਹੀਆਂ ਦੇਣ ਵਾਲੇ ਵੀ ਉਸ ਤੋਂ ਡਰਦੇ ਸਨ, ਇਸ ਲਈ ਕੋਈ ਵੀ ਉਸ ਵਿਰੁੱਧ ਗਵਾਹੀ ਦੇਣ ਲਈ ਤਿਆਰ ਨਾ ਹੋਇਆ। ਮਿਸਟਰ ਜੇ. ਕੇ. ਟੱਪ ਸੈਸ਼ਨ ਜੱਜ ਨੇ ਫੈਸਲਾ ਸੁਣਾਉਂਦਿਆਂ ਲਿਖਿਆ, ''ਸੁੰਦਰ ਦੇ ਖਿਲਾਫ ਭੁਗਤੀਆਂ ਗਵਾਹੀਆਂ ਸਾਬਤ ਨਹੀਂ ਕਰਦੀਆਂ ਕਿ ਉਸ ਨੇ ਬੱਬਰ ਕੰਸਪਾਇਰੇਸੀ ਕੇਸ ਵਿੱਚ ਹਿੱਸਾ ਪਾਇਆ ਹੋਵੇ। ਮੈਂ ਅਸੈਸਰਜ਼ ਨਾਲ ਸਹਿਮਤ ਨਹੀਂ ਹਾਂ। ਇਸ ਲਈ ਮੈਂ ਉਸ ਨੂੰ ਦੋਸ਼ੀ ਨਾ ਸਮਝਦਾ ਹੋਇਆ ਬਰੀ ਕਰਦਾ ਹਾਂ।''
ਇਸ ਬੱਬਰ ਨੇ ਪੰਡਤਾਂ ਦੀ ਲਾਜ ਰੱਖ ਕੇ ਆਜ਼ਾਦੀ ਦੀ ਲਹਿਰ ਵਿੱਚ ਆਪਣਾ ਯੋਗ ਹਿੱਸਾ ਪਾਇਆ