ਗ਼ਦਰ ਲਹਿਰ ਦਾ ਨਾਇਕ: ਸ਼ਹੀਦ ਕਰਤਾਰ ਸਿੰਘ ਸਰਾਭਾ

ਰਾਜਵਿੰਦਰ ਸਿੰਘ ਰਾਹੀ 98157-51332
ਸ਼ਹੀਦ ਕਰਤਾਰ ਸਿੰਘ ਸਰਾਭਾ, ਗਦਰ ਲਹਿਰ ਦਾ ਅਜਿਹਾ ਮਹਾਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ।

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿੱਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਪਹਿਲਾਂ ਪਿੰਡ ਵਿੱਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿੱਚ ਚੰਗੀਆਂ ਨੌਕਰੀਆਂ `ਤੇ ਲੱਗੇ ਹੋਏ ਸਨ।

ਮੇਰੇ ਸਾਹਮਣੇ ਇਹ ਸੁਆਲ ਹੈ ਕਿ ਉਹ ਕਿਹੜੇ ਸੰਸਕਾਰ ਸਨ, ਕਿਹੜਾ ਮਾਹੌਲ ਸੀ, ਤੇ ਕਿਹੜੇ ਹਾਲਾਤ ਸਨ? ਜਿਨ੍ਹਾਂ ਕਰ ਕੇ ਰਾਜਕੁਮਾਰਾਂ ਵਾਂਗ ਪਲਿਆ ਬੱਚਾ ਵੱਡਾ ਹੋ ਕੇ ਮਹਾਨ ਇਨਕਲਾਬੀ ਹੋ ਨਿਬੜਦਾ ਹੈ ਤੇ ਮੌਤ ਨੂੰ ਜਿਸ ਦਿੜ੍ਹਤਾ ਨਾਲ ਉਹ ਗਲੇ ਲਗਾਉਂਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਆਮ ਤੌਰ `ਤੇ, ਜਿਸ ਤਰ੍ਹਾਂ ਦੀ ਆਰਥਿਕ ਅਤੇ ਸਮਾਜੀ ਹੈਸੀਅਤ ਕਰਤਾਰ ਸਿੰਘ ਦੇ ਪਰਿਵਾਰ ਦੀ ਸੀ, ਅਜਿਹੇ ਪਰਿਵਾਰ ਵੇਲੇ ਦੀ ਹਕੂਮਤ ਦੇ ਖੈਰ ਖਵਾਹ ਹੁੰਦੇ ਹਨ ਤੇ ਹਕੂਮਤੀ ਮਿਲਵਰਤਨ ਉਨ੍ਹਾਂ ਲਈ ਤਰੱਕੀ ਦੀਆਂ ਪੌੜੀਆਂ ਬਣ ਜਾਂਦਾ ਹੈ। ਜਿਸ ਤਰ੍ਹਾਂ ਦੀ ਹੈਸੀਅਤ ਸ਼ਹੀਦ ਸਰਾਭੇ ਦੇ ਦਾਦੇ ਸ. ਬਚਨ ਸਿੰਘ ਦੀ ਸੀ, ਅਜਿਹੀ ਹੈਸੀਅਤ ਵਾਲੇ ਪਰਿਵਾਰਾਂ ਨੂੰ ਅੰਗਰੇਜ਼ਾਂ ਨੇ "ਸਰਦਾਰ ਬਹਾਦਰਾਂ" ਦੇ ਖਿਤਾਬ ਬਖਸ਼ ਰੱਖੇ ਸਨ। ਪਰ ਲਗਦਾ ਹੈ ਕਿ ਸ. ਬਚਨ ਸਿੰਘ ਦੇ ਪਰਿਵਾਰ ਨੇ ਅੰਗਰੇਜ਼ ਹਕੂਮਤ ਤੋਂ ਇੱਕ ਤਰ੍ਹਾਂ ਨਾਲ ਆਪਣੀ ਦੂਰੀ ਹੀ ਬਣਾ ਰੱਖੀ ਸੀ।

ਮਨੋਵਿਗਿਆਨੀਆਂ ਅਨੁਸਾਰ ਪਰਿਵਾਰ ਦੇ ਮੈਂਬਰਾਂ ਅਤੇ ਮਾਹੌਲ ਦਾ ਬੱਚੇ ਦੇ ਜਨਮ ਸਮੇਂ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਸਮੁੱਚਾ ਜੀਵਨ ਇੱਕ ਬਾਲਗ ਉੱਤੇ ਨਿਰਭਰ ਕਰਦਾ ਹੈ, ਬਾਲਗਾਂ ਵੱਲੋਂ ਜਥੇਬੰਦੀ ਅਤੇ ਨਿਰਦੇਸ਼ਤ ਹੁੰਦਾ ਹੈ। ਬਹੁਤ ਹੀ ਮੁੱਢਲੀ ਉਮਰ ਵਿੱਚ ਬੱਚਾ ਬਾਲਗਾਂ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਹ ਨਾ ਕੇਵਲ ਤੁਰਨਾ ਬੋਲਣਾ ਅਤੇ ਵਸਤੂਆਂ ਦੀ ਵਰਤੋਂ ਸਹੀ ਤੌਰ `ਤੇ ਕਰਨਾ ਸਿੱਖਦਾ ਹੈ, ਸਗੋਂ ਸੋਚਣਾ, ਮਹਿਸੂਸ ਕਰਨਾ ਅਤੇ ਆਪਣਾ ਖੁਦ ਦਾ ਵਰਤਾਓ ਕੰਟ੍ਰੋਲ ਕਰਨਾ ਸਿਖਦਾ ਹੈ।

ਪਰਿਵਾਰਕ ਸੰਸਕਾਰ ਅਤੇ ਮੁੱਢਲੀ ਸਿੱਖਿਆ ਵੀ ਬੱਚੇ ਦੀ ਸਖ਼ਸ਼ੀਅਤ ਨੂੰ ਘੜਨ ਡੌਲਣ ਵਿੱਚ ਕੇਂਦਰੀ ਭੂਮਿਕਾ ਅਦਾ ਕਰਦੇ ਹਨ। ਜਨਮ ਸਮੇਂ ਬੱਚੇ ਦਾ ਕੋਈ ਧਰਮ ਅਤੇ ਵਰਨ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਿਸੇ ਰਿਸ਼ਤੇ ਦਾ ਅਨੁਭਵ ਹੁੰਦਾ ਹੈ। ਉਦੋਂ ਨਾ ਉਹ ਕਿਸੇ ਸੱਭਿਆਚਾਰਕ ਭਾਣੇ ਦੀ ਤੰਦ ਹੁੰਦਾ ਹੈ। ਬੱਚੇ ਦਾ ਮਨ ਨਿਰਮਲ, ਨਿਰਮੋਹ ਅਤੇ ਸਭ ਕੁੱਝ ਵੱਲੋਂ ਅਟੰਕ ਹੁੰਦਾ ਹੈ। ਸਿਰਫ, ਅੰਤਰ ਪ੍ਰੇਰਣਾ ਦਾ ਅਧਾਰ ਬਣਦੀਆਂ ਕੁੱਝ ਕੁਰੀਤੀਆਂ ਜੋ ਇਸ ਨੂੰ ਵਿਰਸੇ `ਚ ਮਿਲੀਆਂ ਹੁੰਦੀਆਂ ਹਨ। ਫਿਰ ਜਿਸ ਮਾਹੌਲ `ਚ ਬੱਚਾ ਪਲਦਾ ਹੈ ਉਸ ਵਿੱਚ ਪ੍ਰਚਲਿਤ ਸੰਸਕਾਰ ਉਸ ਦੇ ਮਨ ਅੰਦਰ ਪਹਿਲਾਂ ਪੋਲੇ ਪੈਰੀ ਅਤੇ ਫਿਰ ਅਸਰਦਾਰ ਤਰੀਕੇ ਨਾਲ ਘਰ ਕਰਨ ਲੱਗਦੇ ਹਨ। ਇਹ ਅਗਾਂਹ ਚਲ ਕੇ, ਉਸ ਦੇ ਵਿਸ਼ਵਾਸ, ਉਸ ਦੇ ਅਕੀਦੇ, ਉਸ ਦੇ ਬੋਲਚਾਲ ਬਣ ਕੇ ਉਸ ਦੇ ਵਤੀਰੇ ਨੂੰ ਉਮਰ ਭਰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਜੋ ਕੁੱਝ ਵੀ ਜੀਵਨ ਦੇ ਮੁੱਢਲੇ ਪੱਖ ਵਿੱਚ ਮਨ ਅੰਦਰ ਸਮਾਉਂਦਾ ਹੈ ਉਹ ਅਤਿ ਪ੍ਰਭਾਵਕਾਰੀ ਹੁੰਦਾ ਹੈ ਅਤੇ ਉਸ ਦਾ ਜੀਵਨ ਭਰ ਆਵੇਗੀ ਤੀਬਰਤਾ ਨਾਲ ਪਾਲਣਾ ਹੁੰਦੀ ਹੈ। ਇਸੇ ਕਾਰਨ ਮੁੱਢਲੀ ਸਿੱਖਿਆ ਦਾ ਬਹੁਤ ਮਹੱਤਵ ਹੈ। 2

ਪਰਿਵਾਰ ਵੱਲੋਂ 8 ਕੁ ਸਾਲ ਦੀ ਉਮਰੋਂ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਈਮਰੀ ਸਕੂਲ ਵਿੱਚ ਪੜ੍ਹਨ ਪਾਇਆ ਗਿਆ। 4 ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅਗਾਂਹ ਪੰਜਵੀਂ ਦਾ ਵਰਨੈਕੁਲਰ ਸਕੂਲ ਗੁਜਰਵਾਲ ਵਿੱਚ ਸੀ, ਜੋ ਪਿੰਡੋਂ ਪੰਜ ਮੀਲ ਦੂਰ ਸੀ। ਪੰਜਵੀਂ ਵਿੱਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੰਡੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਇਥੇ ਇਹ ਗੱਲ ਵੀ ਖਾਸ ਤੌਰ `ਤੇ ਨੋਟ ਕਰਨ ਵਾਲੀ ਹੈ ਕਿ ਪਰਿਵਾਰ ਵੱਲੋਂ ਉਸ ਨੂੰ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਹੀ ਦਾਖਲਾ ਕਰਵਾਇਆ ਜਾਂਦਾ ਹੈ, ਜੋ ਉਸ ਵਕਤ ਰਹਿਤ ਬਹਿਤ ਦੇ ਮਾਹੌਲ ਵਾਲਾ ਸਕੂਲ ਸੀ। ਜਦ ਕਿ ਉਸ ਵਕਤ ਲੁਧਿਆਣੇ ਵਿੱਚ ਈਸਾਈਆਂ ਦਾ ਮਿਸ਼ਨ ਸਕੂਲ, ਮੁਸਲਮਾਨਾਂ ਦਾ ਇਸਲਾਮੀਆ ਸਕੂਲ ਤੇ ਹਿੰਦੂਆਂ ਦਾ ਆਰੀਆ ਸਕੂਲ ਬਹੁਤ ਪੁਰਾਣੇ ਸਕੂਲ ਸਨ। ਖਾਲਸਾ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਿੱਖ ਬੱਚੇ ਵੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਸਨ। ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਉਨ੍ਹਾਂ ਦਾ ਧਰਮ ਅਤੇ ਸੱਭਿਆਚਾਰ ਕਾਇਮ ਰੱਖਣ ਲਈ ਸਿੱਖ ਦਾਨਿਸ਼ਵਰਾਂ ਨੇ 1905 ਵਿੱਚ ਖਾਲਸਾ ਸਕੂਲ ਚਾਲੂ ਕਰ ਦਿੱਤਾ ਸੀ।

ਸਕੂਲਾਂ ਵਿੱਚ ਅੱਠਵੀਂ ਤੱਕ ਤਾਂ ਉਰਦੂ ਪੜ੍ਹਾਈ ਜਾਂਦੀ ਸੀ। ਅਗਾਹਾਂ ਨੌਵੀਂ ਦਸਵੀਂ ਜਿਨ੍ਹਾਂ ਨੂੰ ਉਦੋਂ ਜੂਨੀਅਰ-ਸੀਨੀਅਰ ਕਿਹਾ ਜਾਂਦਾ ਸੀ, ਵਿੱਚ ਅੰਗ੍ਰੇਜ਼ੀ ਦੀ ਪੜ੍ਹਾਈ ਸ਼ੁਰੂ ਹੁੰਦੀ ਸੀ। ਖਾਲਸਾ ਸਕੂਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ। ਵਿਦਿਆਰਥੀ ਉਦੋਂ ਬੰਨੇ ਦੇ ਅਹਾਤੇ ਵਾਲੇ ਬੋਰਡਿੰਗ ਵਿੱਚ ਰਿਹਾ ਕਰਦੇ ਸਨ। ਜੂਨੀਅਰ-ਸੀਨੀਅਰ ਜਮਾਤਾਂ ਵਿੱਚ ਵੀ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਚਮਿੰਡਾ ਹੀ ਸੀ। ਉਸ ਵਕਤ ਸਕੂਲ ਦਾ ਮਾਹੌਲ ਕਿਹੋ ਜਿਹਾ ਸੀ, ਬਾਬਾ ਚਮਿੰਡਾ ਅਨੁਸਾਰ: "ਇਸ ਸਕੂਲ ਦਾ ਵਾਤਾਵਰਣ ਸਿੱਖੀ ਪਿਆਰ, ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ। ਗੁਰਮਤਿ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਮਾਲਵਾ ਖਾਲਸਾ ਹਾਈ ਸਕੂਲ ਦੇ ਬੋਰਡਿੰਗ ਵਿੱਚ ਰਹਿਣ ਵਾਲੇ ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉਠਣਾ ਅਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਰਜ਼ ਇਕੱਠੇ ਹੋ ਕੇ ਗੁਰਦੁਆਰਾ ਜਾਂਦੇ, ਢੋਲਕੀ ਚਿਮਟਿਆਂ ਨਾਲ ਸ਼ਬਦ ਕੀਰਤਨ ਕਰਦੇ, ਜੋਟੀਆਂ ਦੇ ਸ਼ਬਦ ਪੜ੍ਹਦੇ, ਮਸਤੀ ਵਿੱਚ ਆ ਕੇ ਰਸਭਿੰਨੇ ਕੀਰਤਨ ਦਾ ਆਨੰਦ ਮਾਣਦੇ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਂਕ ਨਾਲ ਨਿੱਤ ਕਰਦੇ ਸਨ। ਸਭਨਾ ਲਈ ਸਿੱਖੀ ਰਹਿਤ ਵਿੱਚ ਤਿਆਰ-ਬਰਤਿਆਰ ਰਹਿਣਾ ਜ਼ਰੂਰੀ ਸੀ। ਰੇਬ ਕੱਛਹਿਰਾ ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਤੇ ਕੇਸਾਂ ਨੂੰ ਸਤਿਕਾਰ ਵੱਜੋਂ ਢੱਕ ਕੇ ਰੱਖਣਾ। ਕਮਰੇ ਵਿਚੋਂ ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵੱਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿਰਾਸ ਦੇ ਮੌਕੇ ਗੁਰਦੁਆਰੇ ਵਿੱਚ ਫਿਰ ਦੀਵਾਨ ਸੱਜਦਾ।" 3

ਮਾਲਵਾ ਖਾਲਸਾ ਹਾਈ ਸਕੂਲ ਵਿੱਚ ਵਿਦਿਆਰਥੀਆਂ ਦੀ ‘ਖਾਲਸਾ ਭੁਜੰਗੀ ਸਭਾ’ ਬਣਾਈ ਹੋਈ ਸੀ। ਜੋ ਸਾਰੀਆਂ ਸਰਗਰਮੀਆਂ ਵਿਚ ਮੋਹਰੀ ਰਹਿੰਦੀ ਸੀ। ਗ਼ਦਰ ਲਹਿਰ ਵਿੱਚ ਜੇਲ ਕੱਟਣ ਵਾਲੇ ਗਿਆਨੀ ਨਾਹਰ ਸਿੰਘ ਗੁੱਜਰਵਾਲ ਅਨੁਸਾਰ: "ਖਾਲਸਾ ਯੰਗ ਮੈਨਰਜ਼ ਲੀਗ (ਖਾਲਸਾ ਭੁਜੰਗੀ ਸਭਾ) ਲੁਧਿਆਣਾ 1885 ਈ. ਵਿੱਚ ਕਾਇਮ ਹੋਈ। ਖਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ ਬਹੁਤੇ ਮਿਸ਼ਨ ਹਾਈ ਸਕੂਲ ਵਿੱਚ ਹੀ ਪੜ੍ਹਿਆ ਕਰਦੇ ਸਨ। ਸੋ ਖਾਲਸਾ ਭੁਜੰਗੀ ਸਭਾ ਦਾ ਜ਼ੋਰ-ਤੋਰ ਭੀ ਇਸੇ ਸਕੂਲ ਵਿੱਚ ਹੀ ਸੀ। ਜਦੋਂ ਖਾਲਸਾ ਸਕੂਲ ਲੁਧਿਆਣਾ ਦੇ ਖੁੱਲਣ ਦੇ ਖਿਆਲ ਤੇ ਉਦਮ ਆਰੰਭ ਹੋਣ ਲੱਗੇ, ਉਸ ਯਤਨ ਤੇ ਪ੍ਰਰਨਾ ਵਿੱਚ ਇਸ ਭੁਜੰਗੀ ਸਭਾ ਦਾ ਖਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿੱਚ ਇਸ ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਕ ਇਕੱਠਾਂ ਵਿੱਚ ਇਸ ਦੇ ਪ੍ਰਤੀਨਿਧਾਂ ਨੂੰ ਖਾਸ ਤੌਰ ਪਰ ਬੁਲਾਇਆ ਜਾਂਦਾ ਸੀ, ਤੇ ਹਰ ਪੰਥਕ ਮਸਲੇ ਵਿੱਚ ਇਹ ਸਭਾ ਹਿੱਸਾ ਲੈਂਦੀ ਸੀ। ਖਾਲਸਾ ਹਾਈ ਸਕੂਲ ਖੁੱਲ ਜਾਣ ਪਰ ਸਭਾ ਦਾ ਸਭ ਜੋਰ-ਤੋਰ ਖਾਲਸਾ ਸਕੂਲ ਵਿੱਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਈ. ਨੂੰ ਜਾਰੀ ਹੋਇਆ। 1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਸਭਾ ਦੇ ਹਫਤਾਵਾਰੀ ਦੀਵਾਨ ਜੋ ਐਤਵਾਰ ਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਨ੍ਹਾਂ ਵਿੱਚ ਕੀਰਤਨ ਕਰਿਆ ਕਰਦੇ ਤੇ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਦਸ਼ਮੇਸ਼ ਜੀ ਦੇ ਅਵਤਾਰ ਗੁਰਪੁਰਬਾਂ ਸਮੇਂ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੇ ਤੇ ਅਖੰਡ ਪਾਠ ਕਰਦੇ। ਸਕੂਲ ਵਿੱਚ ਬਹੁਤ ਵਾਰ ਗੁਰਪੁਰਬਾਂ ਦੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ, ਜਿਨ੍ਹਾਂ ਵਿੱਚ ਭਾਈ ਸਾਹਿਬ ਵੀ ਸ਼ਾਮਿਲ ਹੁੰਦੇ ਰਹੇ।" ਸੋ ਇਹ ਕਿਤੇ ਹੋ ਸਕਦਾ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਇਨ੍ਹਾਂ ਗਤਿਵਿਧਿਆਂ ਵਿੱਚ ਸ਼ਾਮਿਲ ਨਾ ਹੁੰਦਾ ਹੋਵੇ? ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ: ਉਹ ਤਾਂ ਹਰ ਸਰਗਰਮੀ ਵਿੱਚ ਮੂਹਰੇ ਰਹਿੰਦਾ ਸੀ, ਹਰ ਵੇਲੇ ਟਪੂੰ-ਟਪੂੰ ਕਰਦਾ ਰਹਿੰਦਾ ਸੀ। ਇਸੇ ਕਰਕੇ ਸਕੂਲ ਵਿੱਚ ਉਸ ਦਾ ਨਾਂਅ ‘ਉੱਡਣਾ ਸੱਪ’ ਰੱਖਿਆ ਹੋਇਆ ਸੀ।

1910-1911 ਦੌਰਾਨ ਭਾਈ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ ਉੜੀਸਾ ਚਲਿਆ ਗਿਆ; ਜਿੱਥੇ ਉਸਨੇ ਦਸਵੀਂ ਪਾਸ ਕੀਤੀ। ਲਗਦਾ ਹੈ ਕਿ ਦਸਵੀਂ ਤੋਂ ਬਾਅਦ ਭਾਈ ਕਰਤਾਰ ਸਿੰਘ ਨੇ ਵਿਦੇਸ਼ ਵਿੱਚ ਜਾ ਕੇ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ ਹੋਵੇ। ਪਹਿਲਾਂ ਜ਼ਿਕਰ ਕਰ ਚੁਕੇ ਹਾਂ ਕਿ ਪਰਿਵਾਰ ਕਾਫੀ ਪੜ੍ਹਿਆ ਲਿਖਿਆ ਸੀ। ਭਾਈ ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ, ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉੱਤੇ ਉਦੋਂ ਲੱਗੇ ਹੋਏ ਸਨ। ਬਖਸ਼ੀਸ਼ ਸਿੰਘ ਉੜੀਸਾ ਵਿੱਚ ਜੰਗਲਾਤ ਮਹਿਕਮੇ ਵਿੱਚ ਸੀ ਤੇ ਇੱਕ ਚਾਚਾ ਯੂ. ਪੀ. ਵਿੱਚ ਸਬ ਇੰਸਪੈਕਟਰ ਸੀ। ਉਸ ਵਕਤ ਪੜ੍ਹਾਈ ਦੀਆਂ ਦੋ ਧਾਰਾਵਾਂ ਸਨ, ਜਿਨ੍ਹਾਂ ਨੇ ਅੰਗ੍ਰੇਜ਼ੀ ਦੀ ਚਾਕਰੀ ਕਰਨੀ ਹੁੰਦੀ ਸੀ, ਉਹ ਇੰਗਲੈਂਡ ਜਾ ਕੇ ਪੜ੍ਹਾਈ ਕਰਦੇ ਸਨ, ਤੇ ਜਿਨ੍ਹਾਂ ਨੇ ਅਜ਼ਾਦ ਜੀਵਨ ਜਿਉਣਾ ਹੁੰਦਾ ਸੀ ਉਹ ਅਮਰੀਕਾ ਨੂੰ ਤਰਜ਼ੀਹ ਦਿੰਦੇ ਸਨ। ਸੋ ਭਾਈ ਕਰਤਾਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਨੂੰ ਤਰਜ਼ੀਹ ਦਿੱਤੀ। ਭਾਈ ਕਰਤਾਰ ਸਿੰਘ ਜਨਵਰੀ 1912 ਵਿੱਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਪਹੁੰਚਿਆ ਅਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿੱਚ ਦਾਖਲਾ ਲੈ ਲਿਆ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿੱਚ ਕੰਮ ਕਰਦੇ ਸਨ। ਇਸ ਸਟੇਟ ਦਾ ਪੌਣ ਪਾਣੀ ਵੀ ਪੰਜਾਬ ਵਰਗਾ ਹੀ ਹੈ। ਅੰਗ੍ਰੇਜ਼ਾਂ ਦੀਆਂ ਖੂਫੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਭਾਈ ਕਰਤਾਰ ਸਿੰਘ ਫਰਵਰੀ 1913 ਵਿੱਚ ਅਮਰੀਕਾ ਪਹੁੰਚਿਆ ਸੀ।

ਜਿਸ ਵਕਤ ਭਾਈ ਕਰਤਾਰ ਸਿੰਘ ਅਮਰੀਕਾ ਪਹੁੰਚਿਆ ਉਸ ਵਕਤ ਭਾਰਤੀਆਂ ਵਿੱਚ ਅੰਗ੍ਰੇਜ਼ ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਬਰਕਲੇ ਯੂਨੀਵਰਸਿਟੀ ਨੇੜੇ ਹਿੰਦੂ ਵਿਦਿਆਰਥੀਆਂ ਨੇ ਨਾਲੰਦਾ ਹੋਸਟਲ ਬਣਾਇਆ ਹੋਇਆ ਸੀ। ਜਿਸ ਵਿੱਚ ਜਤਿੰਦਰ ਨਾਥ ਲਹਿਰੀ, ਸੁਰਿੰਦਰ ਬੋਸ ਅਤੇ ਤਾਰਕ ਨਾਥ ਵਰਗੇ ਵਿਦਿਆਰਥੀ ਰਹਿੰਦੇ ਸਨ। ਜੋ ਅੰਗ੍ਰੇਜ਼ਾਂ ਵਿੱਚ ਪ੍ਰਚਾਰ ਕਰਦੇ ਸਨ। ਜੋ ਵਿਦਿਆਰਥੀ ਬਾਬਾ ਜਵਾਲਾ ਸਿੰਘ (ਜੋ ਪਿੱਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ) ਦੇ ਵਜੀਫੀਆਂ `ਤੇ ਪੜ੍ਹਨ ਆਏ ਸਨ, ਉਹ ਯੂਨੀਵਰਸਿਟੀ ਨੇੜੇ ਹੀ ਸ਼ੈਟੁੱਕ ਹੋਟਲ ਵਿੱਚ ਰਹਿੰਦੇ ਸਨ, ਜਿਨ੍ਹਾਂ ਦਾ ਇੰਚਾਰਜ ਲਾਲਾ ਹਰਦਿਆਲ ਸੀ, ਜੋ ਉਸ ਵਕਤ ਸਟੇਟ ਫਾਰਟ ਯੂਨੀਵਰਸਿਟੀ ਦੇ ਅਰਾਜਕਤਾਵਾਦੀ ਵਿਚਾਰਾਂ ਕਾਰਨ ਕੱਢ ਦਿੱਤਾ ਸੀ।

ਹਰਦਿਆਲ ਉਸ ਵਕਤ ਅੰਗ੍ਰੇਜ਼ਾਂ ਵਿਰੁੱਧ ਖੁੱਲਮ ਖੁੱਲਾ ਪ੍ਰਚਾਰ ਕਰ ਰਿਹਾ ਸੀ। 1912 ਦੌਰਾਨ ਦਿੱਲੀ `ਚ ਜੋ ਵਾਇਸਰਾਏ ਹਾਰਡਿੰਗ ਉਪਰ ਬੰਬ ਸੁੱਟਿਆ ਗਿਆ ਸੀ, ਹਰਦਿਆਲ ਨੇ ਉਸ ਦੀ ਪੂਰੀ ਜੈ ਜੈ ਕਾਰ ਕੀਤੀ ਸੀ। ਪਰ ਹਿੰਦੂ ਵਿਦਿਆਰਥੀਆਂ ਦੀ ਕਿਸੇ ਲਿਖਤ ਵਿੱਚ ਭਾਈ ਕਰਤਾਰ ਸਿੰਘ ਦੀ ਕਿਸੇ ਸਰਗਰਮੀ ਦਾ ਜ਼ਿਕਰ ਨਹੀਂ ਕੀਤਾ ਗਿਆ। ਹਾਂ! ਇੱਕ ਥਾਂ ਲਾਲਾ ਹਰਦਿਆਲ ਦੇ ਸਾਲੇ ਗੋਬਿੰਦ ਬਿਹਾਰੀ ਲਾਲ (ਜੋ ਬਾਬਾ ਜਵਾਲਾ ਸਿੰਘ ਦਾ ਵਜੀਫਾਖੋਰ ਸੀ) ਨੇ ਸ਼ੈਟੁੱਕ ਹੋਟਲ ਵਿੱਚ ਹੋਈ ਇੱਕ ਮੀਟਿੰਗ ਦਾ ਜ਼ਿਕਰ ਕੀਤਾ ਹੈ, ਜਿਸ ਦੀ ਪ੍ਰਧਾਨਗੀ ਹਰਦਿਆਲ ਨੇ ਕੀਤੀ ਸੀ, ਤੇ ਭਾਈ ਕਰਤਾਰ ਸਿੰਘ ਉਸ ਵਿੱਚ ਸ਼ਾਮਿਲ ਹੋਇਆ ਸੀ।

ਵੈਸੇ ਜਿਸ ਵਕਤ ਸਰਾਭਾ ਪੰਜਾਬ ਤੋਂ ਅਮਰੀਕਾ ਲਈ ਚਲਿਆ ਸੀ, ਉਸ ਵਕਤ ਸਿੱਖਾਂ ਵਿੱਚ ਅੰਗ੍ਰੇਜ਼ ਵਿਰੋਧੀ ਭਾਵਨਾਵਾਂ ਭੜਕ ਉਠੀਆਂ ਸਨ। ਅੰਗ੍ਰੇਜ਼ਾਂ ਨੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਸੀ, ਤੇ ਭਾਈ ਰਣਧੀਰ ਸਿੰਘ ਇਸ ਘੋਲ ਵਿੱਚ ਸਰਗਰਮ ਸੀ। ਭਾਈ ਕਰਤਾਰ ਸਿੰਘ ਰਸਤੇ ਵਿੱਚ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਰੁਕਿਆ ਸੀ, ਜੋ ਅੰਗ੍ਰੇਜ਼ ਵਿਰੋਧੀ ਪ੍ਰਚਾਰ ਦਾ ਕੇਂਦਰ ਬਣ ਚੁਕਿਆ ਸੀ। ਉਸ ਵਕਤ ਗੁਰਦੁਆਰੇ ਦਾ ਗ੍ਰੰਥੀ ਭਾਈ ਭਗਵਾਨ ਸਿੰਘ ‘ਪ੍ਰੀਤਮ’ ਸੀ, ਜੋ ਪਿੱਛੋਂ ਜਾ ਕੇ ਮਸ਼ਹੂਰ ਕਵੀ ਤੇ ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ। ਭਾਈ ਕਰਤਾਰ ਸਿੰਘ ਦਾ ਇੱਥੇ ਭਾਈ ਭਗਵਾਨ ਸਿੰਘ ਨਾਲ ਚੰਗੀ ਦੋਸਤੀ ਪੈ ਗਈ। ਜਿਸ ਨੂੰ ਭਾਈ ਜੀ ਨੇ ਬਾਅਦ ਵਿੱਚ ਮਾਣ ਨਾਲ ਯਾਦ ਕੀਤਾ ਸੀ: "ਥੋੜੀ ਦੇਰ ਬਾਅਦ ਸਵੇਰ ਦੇ ਦਰਸ਼ਨ ਕਰਨ `ਤੇ ਇੱਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ ਗਿਆਤ ਵੀ ਨਹੀਂ ਸੀ ਕਿ ਮੈਂ ਇੱਕ ਅਜਿਹੇ ਨੌਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ, ਜੋ ਮੇਰੇ ਬੱਚਿਆਂ ਨਾਲੋਂ ਵੀ ਪਿਆਰਾ ਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ, ਬੱਚਾ ਸੀ ਅਜੇ, ਦਾੜ੍ਹੀ ਨਹੀਂ ਉਤਰੀ ਸੀ, ਮਿਲਣ ਸਾਰ, ਸੁੰਦਰ, ਸੰਜੀਦਾ ਤੇ ਹੋਣਹਾਰ।

ਹਰ ਹਫਤੇ ਗੁਰਦੁਆਰੇ ਵਿੱਚ ਲੈਕਚਰ ਹੋਣ ਤੋਂ ਇਲਾਵਾ ਖੇਲਾਂ ਵੀ ਹੁੰਦੀਆਂ ਸਨ। ਕੁਸ਼ਤੀਆਂ, ਗੋਲਾ ਸੁੱਟਣਾ, ਆਦਿਕਾ ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਹਾਸਲੇ ਵਗੈਰਾ ਸਧਾਰਨ ਜਿੰਦਗੀ ਸੀ। ਬਤੌਰ ਗ੍ਰੰਥੀ ਮੈਂ ਦੋ ਵਾਰੀ ਹਰ ਰੋਜ਼ ਸਾਰੇ ਮੁਸਾਫਿਰਾਂ ਨੂੰ ਮਿਲ਼ਿਆ ਕਰਦਾ ਸੀ, ਉਨ੍ਹਾਂ ਦੇ ਨਾਂਅ ਪਤੇ ਲਿਖਿਆ ਕਰਦਾ ਸੀ, ਸ਼ਿਕਾਇਤਾਂ ਸੁਣਦਾ ਤੇ ਅਗਰ ਕੋਈ ਸੇਵਾ ਜਾਂ ਲੋੜ ਹੋਵੇ ਤਾਂ ਪੂਰੀ ਕਰਦਾ, ਹਰ ਸੁਭਾ ਤੇ ਸ਼ਾਮ ਨੂੰ। ਉਹ ਕੱਲ ਰਾਤੀਂ ਆਇਆ ਸੀ ਤੇ ਅੱਜ ਸਵੇਰੇ ਮਿਲੇ। ਇੱਕ ਲੈਕਚਰ ਸੁਣਿਆ ਤੇ ਇੱਕ ਗੋਲਾਬਾਜ਼ੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿੱਚ ਬੜੀ ਦਿਲਚਸਪੀ ਰਖਦਾ। ਚੀਨ, ਜਪਾਨ, ਕੈਨੇਡਾ ਤੇ ਅਮਰੀਕਾ ਬਾਰੇ ਖਬਰਾਂ ਪੁੱਛਦਾ ਰਹਿੰਦਾ। ਚੰਦ ਹਫਤਿਆਂ ਦੀ ਵਾਕਫੀ ਮੇਰੇ ਦਿਲ `ਤੇ ਕਾਫੀ ਅਸਰ ਕਰ ਗਈ ਤੇ ਉਸ ਦੇ ਵੀ। 1914 ਵਿੱਚ ਅਸੀਂ ਅਮਰੀਕਾ ਵਿੱਚ ਇੱਕ ਵਾਰੀ ਫਿਰ ਗਲੇਬਾਂ ਆ ਹੋਏ।" 9

ਲਗਦਾ ਹੈ ਕਿ ਭਾਈ ਕਰਤਾਰ ਸਿੰਘ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਿਆ ਤੇ ਨਾ ਹੀ ਉਸ ਦੀ ਹਿੰਦੂ ਵਿਦਿਆਰਥੀਆਂ ਨਾਲ ਕਰੂਰਾਂ ਮਿਲਿਆ ਹੋਵੇਗਾ। ਉਹ ਜਲਦੀ ਹੀ ਯੁਲੋ ਕਾਉਂਟੀ ਵਿੱਚ ਆਪਣੇ ਪਿੰਡ ਦੇ ਭਾਈ ਰੁਲੀਆ ਸਿੰਘ ਕੋਲ ਚਲਿਆ ਗਿਆ। ਉਸ ਵਕਤ ਗਦਰ ਪਾਰਟੀ ਬਣਾਉਣ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਭਾਈ ਕਰਤਾਰ ਸਿੰਘ ਨੇ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਭਾਵੇਂ ਉਸ ਦਾ ਨਾਂਅ ਪਾਰਟੀ ਦੇ ਅਹੁਦੇਦਾਰਾਂ ਵਿੱਚ ਨਹੀਂ ਆਉਂਦਾ ਪਰ ਜਦ ਨਵੰਬਰ 1913 ਤੋਂ ‘ਗਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਭਾਈ ਕਰਤਾਰ ਸਿੰਘ ਪਰਚੇ ਦੇ ਬਾਨੀਆਂ ਵਿੱਚ ਸ਼ਾਮਿਲ ਸੀ। ਜਦ ਦਸੰਬਰ 1913 ਵਿੱਚ ਗੁਰਮੁਖੀ ‘ਗਦਰ’ ਸ਼ੁਰੂ ਹੋਇਆ ਤਾਂ ਭਾਈ ਕਰਤਾਰ ਸਿੰਘ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿੱਚ ਭਾਈ ਕਰਤਾਰ ਸਿੰਘ ਹੀ ਕਰਦਾ ਸੀ। ਭਾਈ ਕਰਤਾਰ ਸਿੰਘ ਦਾ ਪਰਚੇ ਵਿੱਚ ਕੰਮ ਕਰਨ ਦਾ ਸਮਾਂ ਸਾਲ ਤੋਂ ਵੀ ਘੱਟ ਬਣਦਾ ਹੈ, ਪਰ ਇੰਨੇ ਥੋੜੇ ਸਮੇਂ ਵਿੱਚ ਹੀ ਉਸ ਨੇ ਆਪਣੇ ਕੰਮ ਅਤੇ ਲਿਆਕਤ ਨਾਲ ਆਪਣੀ ਸ਼ਖਸੀਅਤ ਨੂੰ ਸਥਾਪਤ ਕਰ ਦਿੱਤਾ ਸੀ। ਉਸ ਦੇ ਸਾਥੀਆਂ ਵਿੱਚ ਉਸ ਦਾ ਕਾਫੀ ਸਤਿਕਾਰ ਬਣ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸਿੱਖ ਗਦਰੀ, ਸਿੱਖ ਧਰਮ ਅਤੇ ਇਤਿਹਾਸਕ ਵਿਰਸੇ ਤੋਂ ਪ੍ਰੇਰਣਾ ਲੈਂਦੇ ਸਨ। ਇਸ ਦਾ ਪ੍ਰਤੱਖ ਸਬੂਤ ‘ਗਦਰ’ ਅਖਬਾਰ ਹੈ। ਉਰਦੂ ਪਰਚੇ ਉਪਰ ਬੈਨਰ ਲਾਈਨ ਸੀ ‘ਅੰਗ੍ਰੇਜ਼ੀ ਰਾਜ ਕਾ ਦੁਸ਼ਮਨ’ ਪਰ ਗੁਰਮੁਖੀ ‘ਗਦਰ’ ਉਪਰ ਗੁਰਬਾਣੀ ਦਾ ਇਹ ਸ਼ਬਦ ਬੈਨਰ ਲਾਈਨ ਵੱਜੋਂ ਲਿਖੇ ਹੋਏ ਸਨ: ‘ਜੇ ਤਉ ਪਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ"।

ਜਦ ਅਗਸਤ 1914 ਵਿੱਚ ਪਹਿਲਾ ਸੰਸਾਰ ਯੁੱਧ ਲਗ ਜਾਣ ਦੇ ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਭਾਈ ਕਰਤਾਰ ਸਿੰਘ, ਪੰਜਾਬ ਪਹੁੰਚਣ ਵਾਲੇ ਗਦਰੀਆਂ ਵਿੱਚ ਸ਼ਾਮਿਲ ਸਨ। ਕਲਕੱਤੇ ਦੀਆਂ ਬੰਦਰਗਾਹਾਂ `ਤੇ ਅੰਗ੍ਰੇਜ਼ਾਂ ਨੇ ਨਾਕੇ ਲਗਾ ਰੱਖੇ ਸਨ। ਭਾਈ ਕਰਤਾਰ ਸਿੰਘ ਹੋਰੀ ਕੋਲੰਬੋ ਰਾਹੀਂ ਭਾਰਤ ਵਿੱਚ ਦਾਖਲ ਹੋਏ ਸਨ। ਅੰਗ੍ਰੇਜ਼ ਸਰਕਾਰ ਨੇ ਭਾਵੇਂ ਕਲਕੱਤੇ ਦੀਆਂ ਬੰਦਰਗਾਹਾਂ `ਤੇ ਗਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਵੇਈ ਪੂੰਈ ਆਦਿ ਨੂੰ ਗ੍ਰਿਫਤਾਰ ਕਰਕੇ ਇੱਕ ਤਰ੍ਹਾਂ ਲਹਿਰ ਦਾ ਲੱਕ ਹੀ ਤੋੜ ਦਿੱਤਾ ਸੀ। ਪਰ ਫਿਰ ਜਿਵੇਂ ਲਹਿਰ ਉਭਰ ਕੇ ਸਿਖਰ ਤੱਕ ਪਹੁੰਚੀ, ਇਹ ਇੱਕ ਤਰ੍ਹਾਂ ਨਾਲ ਕਰਾਮਾਤ ਹੀ ਸੀ। ਇਸ ਕਰਾਮਾਤ ਲਈ ਭਾਈ ਕਰਤਾਰ ਸਿੰਘ ਸਰਾਭੇ ਦੀ ਅਣਥੱਕ ਮਿਹਨਤ ਸੀ। ਇੱਕ ਪਾਸੇ ਉਸ ਨੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲ ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਫਿਰੋਜ਼ਪੁਰ ਮੀਆਂਮੀਰ, ਬੰਨੂ ਕੁਹਾਰ ਰਾਵਲ ਪਿੰਡੀ, ਅੰਬਾਲਾ, ਫੈਜ਼ਾਬਾਦ, ਬਨਾਰਸ ਆਦਿ ਦੀਆਂ ਫੌਜੀ ਛਾਉਣੀਆਂ ਵਿੱਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ। ਉਸ ਦਾ ਕੰਮ ਦੇਖ ਕੇ ਬੰਗਾਲੀ ਇਨਕਲਾਬੀ ਸਚਿੰਦਰ ਨਾਥ ਸਨਿਆਲ ਵੀ ਹੈਰਾਨ ਰਹਿ ਗਿਆ ਸੀ, "ਉਨੀਂ ਦਿਨੀਂ ਕਰਤਾਰ ਸਿੰਘ ਬਹੁਤ ਸਖਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਇਕਲ `ਤੇ ਪਿੰਡਾਂ ਵਿੱਚ ਲਗਭਗ 40-50 ਮੀਲ ਦਾ ਚੱਕਰ ਲਗਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ ਸਨ। ਇਨੀਂ ਮਿਹਨਤ ਕਰਨ `ਤੇ ਵੀ ਉਹ ਥੱਕਦੇ ਨਹੀਂ ਸਨ। ਜਿਨੀਂ ਉਹ ਮਿਹਨਤ ਕਰਦੇ ਸਨ, ਉਨੀਂ ਹੀ ਉਨ੍ਹਾਂ ਵਿੱਚ ਫੁਰਤੀ ਆ ਜਾਂਦੀ ਸੀ।" 10

ਕਰਤਾਰ ਸਿੰਘ ਸਰਾਭੇ ਦਾ ਸਿੱਖ ਪ੍ਰਚਾਰ ਦਾ ਮਸਲਾ

ਜਦ ਅਸੀਂ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਦੀ ਆਖਦੇ ਹਾਂ ਤਾਂ ਬਹੁਤ ਸਾਰੇ ਖੱਬੇ ਪੱਖੀ ਭਾਈ ਕਰਤਾਰ ਸਿੰਘ ਸਰਾਭੇ ਦੀ ਬੋਦੀਆਂ ਵਾਲੀ ਫੋਟੋ ਨੂੰ ਉਤਾਰ ਕੇ ਗ਼ਦਰ ਲਹਿਰ ਨੂੰ ‘ਭਾਰਤੀਆਂ’ ਦੀ ਲਹਿਰ ਸਿੱਧ ਕਰਨ `ਤੇ ਜ਼ੋਰ ਲਗਾਉਂਦੇ ਹਨ। ਭਾਈ ਕਰਤਾਰ ਸਿੰਘ ਨੇ ਅਮਰੀਕਾ ਵਿੱਚ ਕੇਸ ਉਦੋਂ ਕਟਵਾਏ ਸਨ, ਜਦ ਗਦਰ ਪਾਰਟੀ ਨੇ ਜਰਮਨੀ ਦੀ ਸਹਾਇਤਾ ਨਾਲ ਉਸ ਨੂੰ ਨਿਊਯਾਰਕ ਦੀ ਅੇਵੀਏਸ਼ਨ ਅਕੈਡਮੀ ਤੋਂ ਹਵਾਈ ਜ਼ਹਾਜ਼ ਚਲਾਉਣਾ ਸਿੱਖਣ ਦੀ ਯੋਜਨਾ ਬਣਾਈ ਸੀ। ਇਹ ਫੈਸਲਾ ਪਾਰਟੀ ਨੇ ਲੰਬੀ ਤਿਆਰੀ ਦੇ ਮੱਦੇਨਜ਼ਰ ਕੀਤਾ ਸੀ। ਉਨ੍ਹਾਂ ਨੂੰ ਖਿਆਲ ਹੀ ਨਹੀਂ ਸੀ ਕਿ ਜੰਗ ਕਾਰਨ ਨੂੰ ਉਨ੍ਹਾਂ ਨੂੰ ਤੱਤ ਭੜੱਤੇ ਹੀ ਭਾਰਤ ਜਾਣਾ ਪਵੇਗਾ। ਐਵੀਏਸ਼ਨ ਅਕੈਡਮੀ ਦਾ ਨਿਯਮ ਸੀ ਕਿ ਜੇਕਰ ਵਿਦਿਆਰਥੀਆਂ ਨੇ ਆਪਣੇ ਸਰੂਪ ਮੁਤਾਬਿਕ ਸਿਖਲਾਈ ਲੈਣੀ ਹੈ ਤਾਂ ਕਲਾਸ ਵਿੱਚ ਘੱਟੋ ਘੱਟ 25 ਵਿਦਿਆਰਥੀ ਹੋਣੇ ਚਾਹੀਦੇ ਹਨ। ਜੇਕਰ 25 ਤੋਂ ਘੱਟ ਹਨ ਤਾਂ ਉਨ੍ਹਾਂ ਨੂੰ

ਗੋਰੇ ਵਿਦਿਆਰਥੀਆਂ ਵਾਲਾ ਸਰੂਪ ਧਾਰਨ ਕਰਨਾ ਪਵੇਗਾ। ਸੋ ਉਸ ਵਕਤ ਉਥੇ 25 ਸਿੱਖ ਵਿਦਿਆਰਥੀ ਇਕੱਠੇ ਨਹੀਂ ਹੋ ਸਕਦੇ ਸਨ। ਜਿਸ ਕਰਕੇ ਕਾਹਲੀ ਵਿੱਚ ਭਾਈ ਕਰਤਾਰ ਸਿੰਘ ਨੂੰ ਆਪਣਾ ਸਿੱਖੀ ਸਰੂਪ ਤਿਆਗਣਾ ਪਿਆ।

ਦੂਜਾ ਭਾਰਤ ਪਰਤਣ ਸਮੇਂ ਜੇਕਰ ਭਾਈ ਕਰਤਾਰ ਸਿੰਘ ਨੇ ਸਿੱਖੀ ਸਰੂਪ ਤਜਿਆ ਹੁੰਦਾ ਤਾਂ ਉਹ ਕੋਲੰਬੋ ਦੀ ਬਜਾਏ ਬੇਖਟਕੇ ਹੀ ਕਲਕੱਤੇ ਦੇ ਰਸਤੇ ਆ ਸਕਦਾ ਸੀ, ਕਿਉਂਕਿ ਅੰਗ੍ਰੇਜ਼ ਸਰਕਾਰ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਹੀ ਸਮਝਦੀ ਸੀ। 12 ਬਾਹਰੋਂ ਆਉਣ ਵਾਲੇ ਮੋਨਿਆਂ ਦੀ ਕੋਈ ਪੁੱਛ ਗਿੱਛ ਨਹੀਂ ਸੀ ਹੁੰਦੀ। ਪੰਡਿਤ ਪਰਮਾਨੰਦ ਝਾਂਸੀ, ਪ੍ਰਿਥਵੀ ਸਿੰਘ ਅਜ਼ਾਦ ਤੇ ਪੰਡਤ ਜਗਤ ਰਾਮ ਇਸੇ ਤਰ੍ਹਾਂ ਹੀ ਨਿਕਲ ਆਏ ਸਨ। 13

ਤੀਜਾ, ਜੇ ਕਰ ਭਾਈ ਕਰਤਾਰ ਸਿੰਘ ਪਤਿਤ ਹੁੰਦਾ ਤਾਂ ਭਾਈ ਸਾਹਿਬ ਰਣਧੀਰ ਸਿੰਘ ਵਰਗੇ ਧਾਰਮਿਕ ਪੁਰਸ਼ ਨੇ ਉਸ ਦਾ ਭਰੋਸਾ ਤਾਂ ਕੀ ਕਰਨਾ ਸੀ, ਉਸ ਨਾਲ ਗੱਲ ਵੀ ਨਹੀਂ ਕਰਨੀ ਸੀ। ਉਸ ਸਮੇਂ ਦੇ ਆਮ ਸਿੱਖ ਵੀ ਪਤਿਤ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸਨ।

ਚੌਥਾ, ਜਦ ਸਨਿਆਲ ਪਹਿਲੀ ਵਾਰ ਪੰਜਾਬ ਆਉਂਦਾ ਹੈ ਤਾਂ ਉਹ ਕਿਹੋ ਜਿਹੇ ਸਰਾਭੇ ਨੂੰ ਮਿਲਦਾ ਹੈ, "ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਸੀ, ਪੱਛਮ ਵਿੱਚ ਠੰਢ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇੱਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਹਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ ਵਿੱਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ ਰਵਾਨਾ ਹੋ ਗਏ।" 14

ਇਨਕਲਾਬੀ ਕਵੀ ਅਮਰੀਕ ਚੰਦਨ ਅਨੁਸਾਰ: "ਬੜੇ ਸਾਲ ਪਹਿਲਾਂ ਕੀਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲਦੀ ਇਕੋ ਇੱਕ ਬੋਦਿਆਂ ਵਾਲੀ ਤਸਵੀਰ ਨੂੰ ਅੰਮ੍ਰਿਤਸਰ ਦੇ ਗੁਰਦਿਆਲ ਫੋਟੋਗ੍ਰਾਫਰ ਨੂੰ ਆਖ ਕੇ ਭੱਦੀ ਜਿਹੀ ਪੱਗ ਬਣਵਾ ਦਿੱਤੀ ਸੀ।"

ਕੀਰਤੀ ਬਾਬਿਆਂ ਨੇ ਸਰਾਭੇ ਦੀ ਬੋਦਿਆਂ ਵਾਲੀ ਫੋਟੋ `ਤੇ ਪੱਗ ਇਸ ਕਰਕੇ ਬਨਵਾਈ ਸੀ, ਕਿਉਂਕਿ ਉਨ੍ਹਾਂ ਜਿਹੋ ਜਿਹਾ ਸਰਾਭਾ ਦੇਖਿਆ ਸੀ, ਉਹ ਉਸ ਨੂੰ ਉਹੋ ਜਿਹਾ ਹੀ ਦੇਖਣਾ ਚਾਹੁੰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਉਸ ਦਾ ਗਲਤ ਪ੍ਰਭਾਵ ਪਾਉਣ ਵਾਲੀ ਫੋਟੋ ਲੋਕਾਂ ਵਿੱਚ ਜਾਵੇ। ਇਹ ਦੇਖ ਕੇ ਉਨ੍ਹਾਂ ਅੰਦਰ ਖੋਹ ਪੈਂਦੀ ਸੀ।

ਗਦਰ ਦੀ ਅਸਫਲਤਾ ਤੋਂ ਬਾਅਦ

ਜਦ 19 ਫਰਵਰੀ 1915 ਦਾ ਗ਼ਦਰ ਫੇਲ੍ਹ ਹੋ ਗਿਆ ਤਾਂ ਲਹਿਰ ਦੀ ਇੱਕ ਤਰ੍ਹਾਂ ਨਾਲ ਰੀੜ੍ਹ ਹੀ ਟੁੱਟ ਗਈ ਸੀ। ਫੜੋ ਫੜੀ ਅਤੇ ਜਬਰ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ ਸੀ। ਪਾਰਟੀ ਦੇ ਲਾਹੌਰ ਵਿਚਲੇ ਚਾਰੇ ਹੈਡ ਕੁਆਟਰਾਂ `ਤੇ ਛਾਪੇ ਪੈ ਗਏ ਸਨ ਤੇ ਦਰਜਨਾਂ ਹੀ ਗ਼ਦਰੀ ਪੁਲਿਸ ਦੇ ਹੱਥ ਆ ਗਏ ਸਨ, ਉਹ ਕਮਰਾ ਹੀ ਛਾਪੇ ਤੋਂ ਬਚਿਆ ਸੀ ਜਿੱਥੇ ਬੰਗਾਲੀ ਇਨਕਲਾਬੀ ਰਾਮ ਬਿਹਾਰੀ ਬੋਸ ਰੁਕਿਆ ਹੋਇਆ ਸੀ। ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਉਸ ਨੂੰ ਦਿੱਲੀ ਵੱਲ ਦੀ ਗੱਡੀ ਚੜ੍ਹਾ ਦਿੱਤਾ। ਬੋਸ ਸਿੱਧਾ ਦੇਹਰਾਦੂਨ ਪ੍ਰੋ. ਪੂਰਨ ਸਿੰਘ ਕੋਲ ਚਲਿਆ ਗਿਆ। ਜਿਥੇ ਉਹ ਪ੍ਰੋਫੈਸਰ ਸਾਹਿਬ ਦੇ ਅਧੀਨ ਜੰਗਲਾਤ ਵਿਭਾਗ ਵਿੱਚ ਨੌਕਰੀ ਕਰਦਾ ਰਿਹਾ ਸੀ। ਪ੍ਰੋ. ਪੂਰਨ ਸਿੰਘ ਹੋਰਾਂ ਨੇ ਉਸ ਨੂੰ ਬੱਚ ਬਚਾ ਕੇ ਜਪਾਨ ਭੇਜ ਦਿੱਤਾ, ਜਿਥੇ ਪ੍ਰੋ. ਸਾਹਿਬ ਦੇ ਪੜ੍ਹਾਈ ਦੌਰਾਨ ਦੇ ਦੋਸਤ ਰਹਿੰਦੇ ਸਨ। ਹੁਣ ਭਾਈ ਕਰਤਾਰ ਸਿੰਘ, ਭਾਈ ਜਗਤ ਸਿੰਘ ਤੇ ਭਾਈ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਨੇ ਅਫਗਾਨਿਸਤਾਨ ਦੀ ਸਰਹੱਦ ਵੱਲ ਬੱਚ ਕੇ ਨਿਕਲ ਜਾਣ ਦਾ ਫੈਸਲਾ ਕਰ ਲਿਆ। ਉਹ ਲਾਇਲਪੁਰ ਤੋਂ ਸ. ਹਰਚੰਦ ਸਿੰਘ ਰਾਈਸ ਲਾਇਲਪੁਰ ਜੋ ਰਕਾਬ ਗੰਜ ਐਜੀਟੇਸ਼ਨ ਦੇ ਆਗੂ ਸਨ, ਕੋਲੋਂ 100 ਰੁਪਿਆ ਲੈ ਕੇ ਪਠਾਣੀ ਭੇਸ ਤਾਰ ਕੇ ਪਿਸ਼ੌਰ ਚਲੇ ਗਏ।

 ਪਿਸ਼ੌਰ ਉਹ ਸਿੰਘ ਸਭਾ ਸਦਰ ਦੇ ਗੁਰਦੁਆਰੇ ਵਿੱਚ ਠਹਿਰੇ, ਜਿਥੇ ਦਾ ਗ੍ਰੰਥੀ ਭਾਈ ਵਾਗ ਸਿੰਘ ਸੀ, ਭਾਈ ਵਾਂਗ ਸਿੰਘ ਦੀ ਸਿੱਖ ਪੰਥ ਵਿੱਚ ਚੰਗੀ ਮਾਨਤਾ ਸੀ। ਨਾਵਲਕਾਰ ਨਾਨਕ ਸਿੰਘ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ।

ਸਵੇਰੇ ਤਿੰਨੇ ਜਣੇ ਊਠ `ਤੇ ਸਮਾਨ ਲੱਦ ਕੇ ਪਿਸ਼ੌਰ ਤੋਂ ਮਿਚਨੀ ਪਹੁੰਚ ਗਏ, ਇਹ ਥਾਂ ਉਤਰ ਪੱਛਮ ਵੱਲ ਹੈ, ਇਥੇ ਜਾ ਕੇ ਉਹ ਨਦੀ ਦੇ ਕਿਨਾਰੇ ਅਰਾਮ ਕਰਨ ਬੈਠ ਗਏ। ਭਾਈ ਕਰਤਾਰ ਸਿੰਘ ਨੇ ‘ਗ਼ਦਰ’ ਅਖਬਾਰ ਵਿੱਚ ਛੱਪ ਚੁਕੀ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ, ਜੋ ਉਸ ਦੇ ਮੂੰਹ ਜ਼ੁਬਾਨੀ ਯਾਦ ਸੀ।

‘ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ, ਅੱਗ ਲੱਗੀ ਦੇਸ਼ ਨਾ ਸਹਾਰੋ ਧੁੱਪ ਜੀ, ਬੁਝਣੀ ਇਹ ਤਾਂ ਹੀ ਹੈ ਸਰੀਰ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ, ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸ਼ੇਰ ਹੋ ਕੇ ਗਿੱਦੜਾਂ ਦਾ ਕਰੋ ਕੰਮ ਉਏ, ਸੁਣ ਕੇ ਗਦਰ ਦਿਲ ਖਵੇ ਗੰਮ ਉਏ, ਜਿੱਦੀ ਬਣੋ ਸ਼ੇਰੋ ਕਿਉਂ ਮੈਦਾਨੋਂ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਹੱਥ ਸ਼ਮਸ਼ੇਰ ਕੂਦ ਪਓ ਮੈਦਾਨ ਜੀ, ਮਾਰ ਮਾਰ ਵੈਰੀਆਂ ਦੇ ਲਾਹੋ ਆਣ ਜੀ, ਵੈਰੀਆਂ ਦਾ ਆਓ ਲਹੂ ਪੀਏ ਰੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ, ਕਾਇਰਤਾ ਗਰੀਬੀ ਮਿੱਟ ਜਾਵੇ ਤਾਪ ਤਾਂ, ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ" ਇਹ ਨਿਰੀ ਪੂਰੀ ਕਵਿਤਾ ਹੀ ਨਹੀਂ ਸੀ, ਪੂਰਾ ਸਿੱਖ ਇਤਿਹਾਸ ਤੇ ਗੁਰੂ ਸਾਹਿਬ ਉਨ੍ਹਾਂ ਦੇ ਸਾਹਮਣੇ ਆ ਖੜੇ ਸਨ। ਸਿੱਖ ਧਰਮ ਦਾ ਨੈਤਿਕ ਕਦਰ ਪ੍ਰਬੰਧ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸੀ, ਕਿ ਉਹ ਮੈਦਾਨੋਂ ਨੱਸ ਜਾਣ, ਇਹ ਆਪਣੇ ਗੁਰੂ ਵੱਲੋਂ ਪਿੱਠ ਮੋੜਨਾ ਸੀ। ਇਹ ਆਪਣੇ ਧਰਮ ਨੂੰ ਕਲੰਕ ਲਾਉਣਾ ਸੀ। ਰਾਸ ਬਿਹਾਰੀ ਸਾਹਮਣੇ ਅਜਿਹੀ ਕੋਈ ਰੋਕ ਨਹੀਂ ਸੀ। ਉਹ ਭੱਜ ਕੇ ਜਾਪਾਨ ਚਲਿਆ ਗਿਆ।

ਸਿੱਖ ਵਿਰਸੇ ਨੇ ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਪੈਰਾਂ ਨੂੰ ਜੂੜ ਪਾ ਲਿਆ ਸੀ। ਉਨ੍ਹਾਂ ਨੇ ਪਿੱਛੇ ਮੁੜ ਕੇ ਫਿਰ ਲੜਾਈ ਲੜਨ ਦਾ ਫੈਸਲਾ ਕਰ ਲਿਆ। ਮਿਚਨੀ ਤੋਂ ਵਾਪਿਸ ਪਿਸ਼ੌਰ ਪਰਤ ਆਏ। ਪਿਸ਼ੌਰ ਲਾਲੇਮੂਸਾ ਦਾ ਟਿਕਟ ਲਿਆ। ਉਥੋਂ ਗੱਡੀ ਬਦਲ ਕੇ ਬਲਵਾਲ ਜਾ ਪਹੁੰਚੇ, ਪਠਾਣੀ ਕੱਪੜੇ ਲਾਹ ਕੇ ਗੱਠੜੀ ਵਿੱਚ ਬੰਨ ਲਏ। ਸਟੇਸ਼ਨ ਦੇ ਲਾਗੇ ਹੀ ਚੈੱਕ ਨੰਬਰ 5 ਸੀ, ਇਥੋਂ ਦੇ ਪੈਨਸਨੀ ਸਿਪਾਹੀ ਰਜਿੰਦਰ ਸਿੰਘ ਨੇ ਭਾਈ ਜਗਤ ਸਿੰਘ ਨੂੰ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ। 19 ਰਜਿੰਦਰ ਸਿੰਘ ਨੇ ਰਸਾਲਦਾਰ ਗੰਡਾ ਸਿੰਘ ਨੂੰ ਦਸ ਦਿੱਤਾ, ਉਸ ਨੇ ਪੁਲਿਸ ਕੋਲ ਮੁਖਬਰੀ ਕਰ ਦਿੱਤੀ। ਸੀ. ਆਈ. ਡੀ. ਦੇ ਡਿਪਟੀ ਐਲ. ਐਲ. ਟਾਪਕਿਨ ਅਤੇ ਦਰੋਗਾ ਲਿਆਕਤ ਖਾਨ ਨੇ ਭਾਰੀ ਫੋਰਸ ਲਿਜਾ ਕੇ 3 ਮਾਰਚ 1915 ਨੂੰ ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਭਾਈ ਹਰਨਾਮ ਸਿੰਘ ਕੋਟਲਾ ਨੂੰ ਗ੍ਰਿਫਤਾਰ ਕਰ ਲਿਆ।

ਫਾਂਸੀ ਦੇ ਤਖਤੇ ਤੋਂ

ਲਾਹੌਰ ਵਿੱਚ 82 ਗ਼ਦਰੀਆਂ `ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਜਿਸ ਵਿੱਚ 62 ਮੁਲਜ਼ਮ ਹਾਜ਼ਰ ਸਨ। ਇਸ ਕੇਸ ਵਿੱਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਨਿਧਾਨ ਸਿੰਘ ਚੁੱਗਾ ਸਮੇਤ ਗ਼ਦਰ ਲਹਿਰ ਦੀ ਲਗਭਗ ਸਮੁੱਚੀ ਲੀਡਰ ਸਿੱਖ ਸ਼ਾਮਿਲ ਸੀ। ਜੇਲ ਵਿੱਚ ਵਿਆਹ ਵਰਗਾ ਮਾਹੋਲ ਸੀ। ਕਿਸੇ ਨੂੰ ਵੀ ਮੌਤ ਦਾ ਭੈ ਨਹੀਂ ਸੀ। ਦਿਨ ਰਾਤ ਜੇਲ ਵਿੱਚ ਗੁਰਬਾਣੀ ਦਾ ਪਾਠ ਤੇ ਕੀਰਤਨ ਚਲਦਾ ਰਹਿੰਦਾ ਸੀ। ਗ਼ਦਰੀ ‘ਗ਼ਦਰ ਦੀਆਂ ਗੂੰਜਾਂ’ ਦੀਆਂ ਕਵਿਤਾਵਾਂ ਗਾਉਂਦੇ ਰਹਿੰਦੇ ਸਨ। ਭਾਈ ਕਰਤਾਰ ਸਿੰਘ ਸਰਾਭਾ ਦੇ ਚਿਹਰੇ `ਤੇ ਅਨੋਖਾ ਜਲਾਲ ਸੀ। ਉਹ ਦਿਨ ਰਾਤ ਹਸਦਾ ਖੇਡਦਾ ਰਹਿੰਦਾ ਸੀ ਤੇ ਸਭ ਦਾ ਮਨ ਪਰਚਾਈ ਰਖਦਾ ਸੀ। ਜੇਲ ਅਮਲੇ ਤੋਂ ਉਹ ਭੋਰਾ ਵੀ ਨਹੀਂ ਛਿਪਦਾ ਸੀ। ਸੁਰਪਡੈਂਟ ਨੂੰ ਹੱਸ ਕੇ ਆਖਦਾ ਸੀ, ਤੁਸੀਂ ਸਾਨੂੰ ਫਾਂਸੀ ਹੀ ਦੇ ਦਿਉਂਗੇ? ਹੋਰ ਕੀ ਕਰ ਲਉਗੇ?

ਮੁਕੱਦਮੇ ਦੌਰਾਨ ਜੱਜਾਂ ਨੇ ਲਿਖਿਆ ਸੀ ਕਿ ਆਪਣੀ ਉਮਰ ਦੇ ਬਾਵਜੂਦ ਉਹ ਉਨ੍ਹਾਂ 61 ਮੁਲਜ਼ਮਾਂ ਵਿਚੋਂ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿਚੋਂ ਇੱਕ ਹੈ, ਤੇ ਉਸ ਦਾ ‘ਡੋਜੀਅਰ’ (ਗੁਪਤ ਫਾਈਲ) ਸਭ ਤੋਂ ਭਾਰੀ ਹੈ। ਇਸ ਸਾਜ਼ਿਸ਼ ਵਿੱਚ ਅਮਰੀਕਾ ਸਮੇਤ ਦੇ ਰਸਤੇ ਦੇ ਅਤੇ ਭਾਰਤ ਵਿੱਚ ਅਜਿਹੀ ਕੋਈ ਕਾਰਵਾਈ ਨਹੀਂ ਜਿਸ ਵਿੱਚ ਮੁਲਜ਼ਮ ਨੇ ਆਪਣੀ ਭੂਮਿਕਾ ਨਾ ਨਿਭਾਈ ਹੋਵੇ। ਮੁਕੱਦਮੇ ਦੌਰਾਨ ਜਿਸ ਦਲੇਰੀ ਨਾਲ ਭਾਈ ਕਰਤਾਰ ਸਿੰਘ ਨੇ ਬਿਆਨ ਦਿੱਤੇ ਸਨ, ਉਸ ਨੇ ਜੱਜਾਂ ਨੂੰ ਵੀ ਅਚੰਭੇ ਵਿੱਚ ਪਾ ਦਿੱਤਾ। ਉਸ ਨੂੰ ਮੌਤ ਦਾ ਭੋਰਾ ਭੈ ਨਹੀਂ ਸੀ। ਜੱਜਾਂ ਨੇ 13 ਸਤੰਬਰ 1915 ਨੂੰ ਫੈਸਲਾ ਸੁਣਾਇਆ। ਜਿਸ ਵਿੱਚ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਾਈ ਸਰਾਏ ਦੀ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ। ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਸ. ਬਸ਼ਿਨੂ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ ਗਿੱਲ ਵਾਲੀ ਸੁਰੈਣ ਸਿੰਘ ਇੱਕ ਤੇ ਸੁਰੈਣ ਸਿੰਘ ਦੂਜਾ ਸਮੇਤ 7 ਜਣਿਆਂ ਦੀ ਫਾਂਸੀ ਬਰਕਰਾਰ ਰੱਖੀ ਗਈ।

ਅਖੀਰ ਫਾਂਸੀ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਸਰਾਭੇ ਦਾ ਦਾਦਾ ਬਚਨ ਸਿੰਘ ਆਖਰੀ ਮੁਲਾਕਾਤ ਕਰਨ ਲਈ ਆਇਆ। ਉਸ ਵਕਤ ਕਰਤਾਰ ਸਿੰਘ ਦੇ ਚਿਹਰੇ `ਤੇ ਅਨੋਖਾ ਜਲਾਲ ਸੀ। ਦਾਦਾ ਪੋਤਰੇ ਨੂੰ ਦੇਖ ਕੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਤੁਰਿਆ। ਦਾਦੇ ਨੂੰ ਫਿਸਿਆ ਦੇਖ ਕੇ ਭਾਈ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਹੋਂਸਲਾ ਦਿੰਦਿਆਂ ਕਿਹਾ, ਬਾਬਾ ਜੀ ਗੁਰਸਿੱਖ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ? 23

15 ਨਵੰਬਰ ਦੀ ਰਾਤ ਨੂੰ ਜੇਲ੍ਹ ਵਿੱਚ ਕੋਈ ਨਾ ਸੁੱਤਾ, ਸਾਰਿਆਂ ਨੇ ਰਲ ਕੇ ਇੱਕ ਸਾਂਝੀ ਕਵਿਤਾ ਤਿਆਰ ਕੀਤੀ, ਜੋ ਰਲ ਮਿਲ ਕੇ ਪੜ੍ਹੀ ਗਈ। 24 ਅੰਮ੍ਰਿਤ ਵੇਲੇ ਭਾਈ ਕਰਤਾਰ ਸਿੰਘ ਸਮੇਤ ਸੱਤਾਂ ਜਣਿਆਂ ਨੂੰ ਕੇਸੀ ਇਸ਼ਨਾਨ ਕਰਵਾਇਆ ਗਿਆ। ਫਾਂਸੀ ਦੇ ਤਖਤਿਆਂ ਵੱਲ ਜਾਂਦੇ ਹੋਏ ਸਰਾਭੇ ਹੋਰਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੁਣਨਾ ਖਾਲਸਾ ਸੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਗਜਾ ਚਲੇ, ਕੰਮ ਅਸਾਂ ਦੇ ਅੱਜ ਤੋਂ ਖਤਮ ਹੋ ਗਏ, ਕੰਮ ਤੁਸਾਂ ਦੇ ਸ਼ੁਰੂ ਕਰਵਾ ਚੱਲੇ। ਕੋਠੜੀਆਂ ਵਿੱਚ ਬੰਦ ਕੈਦੀਆਂ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ ‘ਸੱਚਖੰਡ ਜਾਣ ਵਾਲਿਓ ਸਾਡੇ ਜਾ ਕੇ ਸੁਨਹਿੜੇ ਤੁਸੀਂ ਦੇਣੇ’ ਉਨ੍ਹਾਂ ਦੇ ਜਾਂਦਿਆਂ ਹੀ ਕੋਠੜੀਆਂ ਵਿਚੋਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉਠੇ।

ਹਵਾਲੇ
1-ਵਲੇਰੀ ਮੁਖੀਨਾ, ‘ਬੱਚੇ ਤੋਂ ਇਸ਼ਨਾਨ’ ਪੰਨਾ - 27
2-ਸੁਰਜੀਤ ਸਿੰਘ ਢਿੱਲੋਂ, ਪੰਜਾਬੀ ਟ੍ਰਿਿਬਊਨ 25 ਮਈ 2014
3-ਸਰਾਭੇ ਦੇ ਸਾਥੀ ਗਿ. ਹਰਭਜਨ ਸਿੰਘ ਸਾਥੀ (ਸੰਪਾਦਕ ਗਿ. ਅਜਮੇਰ ਸਿੰਘ ਲੋਹਗੜ੍ਹ) ਪੰਨਾ 22-23
4-ਭਾਈ ਸਾਹਿਬ ਰਣਧੀਰ ਸਿੰਘ, ਜੇਲ੍ਹ ਚਿੱਠੀਆਂ, ਪੰਨਾ 84-85
5-ਗਿ. ਹਰਭਜਨ ਸਿੰਘ ਚਮਿੰਡਾ ‘ਬਾਲਾ ਜਰਨੈਲ’ ਪੰਨਾ - 5
6-‘ਕਿਰਤੀ’ ਅਪ੍ਰੈਲ 1927
7-F.C Isemonger and J. Slattery, Ghadar Conspisracy Report, p-51
8-Emily C. Brown, Hardayal: Hindu Revolutionary and Rationalist, P-141-42
9-ਗ਼ਦਰੀ ਬਾਬਾ ਭਗਵਾਨ ਸਿੰਘ ‘ਪ੍ਰੀਤਮ’ (ਸੰਪਾਦਕ: ਡਾ. ਗੁਰਦੇਵ ਸਿੰਘ ਸਿੱਧੂ, ਸੁਰਿੰਦਰਪਾਲ ਸਿੰਘ) ਪੰਨਾ 74-75
10. ਸਚਿੰਦਰ ਨਾਥ ਸਨਿਆਲ, ‘ਬੰਦੀ ਜੀਵਨ’ ਪੰਨਾ - 49
11. ਲਿਖਤਾਂ: ਗਦਰੀ ਬਾਬਾ ਜਵਾਲਾ ਸਿੰਘ (ਸੰਪਾਦਕ: ਬਲਵੀਰ ਪਰਵਾਨਾ) ਪੰਨਾ - 49
12. Sir Michael O' Dwyer, 'India as i knew it' P-190
13. ਗੁਰਚਰਨ ਸਿੰਘ ਸਹਿੰਦਰਾ, ‘ਗਦਰੀ ਪਾਰਟੀ ਦਾ ਇਤਿਹਾਸ’ ਪੰਨਾ 71
14. ਸਚਿੰਦਰ ਨਾਥ ਸਨਿਆਲ ‘ਬੰਦੀ ਜੀਵਨ’ ਪੰਨਾ - 19
15. ਅਮਰਜੀਤ ਚੰਦਨ ‘ਫੈਲਸੂਫੀਆਂ’ ਪੰਨਾ - 42
16. Statment of parmanand Jhansi, 'The Makers of Modern Punjab (Compiled by Dr. Kirpal Singh, Prithipal singh Kapur) p-139
17. ਪੂਰਨ ਸਿੰਘ ਜੀਵਨੀ ਤੇ ਕਵਿਤਾ (ਸੰਪਾਦਕ: ਮਹਿੰਦਰ ਸਿੰਘ ਰੰਧਾਵਾ) ਪੂਰਨ ਸਿੰਘ ਦੀ ਪਤਨੀ ਮਾਇਆ ਦੇਵੀ ਦਾ ਬਿਆਨ - ਪੰਨਾ 70
18. ਗਿ. ਹੀਰਾ ਸਿੰਘ ਦਰਦ, "ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ, ਪੰਨਾ - 28
19. ਉਪਰੋਕਤ ਪੰਨਾ 29
20. ਭਾਈ ਪਰਮਾਨੰਦ, ‘ਮੇਰੀ ਆਪ ਬੀਤੀ’ ਪੰਨਾ 70
21. First Lahor conspiracy case (eds: Malwinderjit Singh Waraich, Harish Jain) P-126
22. ਪ੍ਰਿਥਵੀ ਸਿੰਘ ਅਜ਼ਾਦ, ‘ਕ੍ਰਾਂਤੀ ਪੱਖ ਦਾ ਪਥਿਕ’ ਪੰਨਾ - 99
23. ਸੰਤ ਸਿਪਾਹੀ ਵਸਾਖਾ ਸਿੰਘ ‘ਮਾਲਵਾ ਸਿੱਖ ਇਤਿਹਾਸ’ ਭਾਗ ਦੂਜਾ ਪੰਨਾ - 313
24.’ਕਿਰਤੀ’ ਅਗਸਤ 1926

25. ਸੰਤ ਸਿਪਾਹੀ ਵਸਾਖਾ ਸਿੰਘ, ‘ਮਾਲਵਾ ਸਿੰਘ ਇਤਿਹਾਸ’ (ਭਾਗ ਦੂਜਾ) ਪੰਨਾ - 312

ਬਾਬਾ ਸੋਹਣ ਸਿੰਘ ਭਕਨਾ ਦੀ ਜੀਵਨੀ ‘ਮੇਰੀ ਰਾਮ ਕਹਾਣੀ’

ਰਾਜਵਿੰਦਰ ਸਿੰਘ ਰਾਹੀ

ਗ਼ਦਰ ਲਹਿਰ ਦੀ ਸੌ ਸਾਲਾ ਬਰਸੀ ਦੇ ਸ਼ੁਭ ਅਵਸਰ ਤੇ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਅਸਲੋਂ ਹੀ ਅਣਗੌਲੀ ਲਿਖਤ ‘ਮੇਰੀ ਰਾਮ ਕਹਾਣੀਂ’ ਪਾਠਕਾਂ ਦੀ ਭੇਟ ਕਰਦਿਆਂ ਖੁਸ਼ੀ ਤੇ ਤਸੱਲੀ ਦਾ ਸੁਖਾਵਾਂ ਅਨੁਭਵ ਹੋ ਰਿਹਾ ਹੈ, ਕਿ ਇਸ ਲਿਖਤ ਨਾਲ ਉਸ ਲਹਿਰ ਦੇ ਕਈ ਅਣਗੌਲੇ ਤੇ ਅਣਛੋਹੇ ਪੱਖਾਂ ਤੇ ਨਵਾਂ ਪ੍ਰਕਾਸ਼ ਪਵੇਗਾ। ਇਸ ਲਿਖਤ ਨਾਲ ਲਹਿਰ ਦੇ ਓਹਲੇ ‘ਚ ਰਹੇ ਤੇ ਅਣਛੋਹੇ ਪੱਖ ਹੀ ਸਾਹਮਣੇ ਨਹੀਂ ਆਉਣਗੇ, ਸਗੋਂ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਦੇ ਵੀ ਕਈ ਉਹਨਾਂ ਪੱਖਾਂ ਤੇ ਪ੍ਰਕਾਸ਼ ਪਵੇਗਾ ਜੋ ਹੁਣ ਤੱਕ ਪਾਠਕਾਂ ਦੇ ਸਾਹਮਣੇ ਨਹੀਂ ਆ ਸਕੇ । ਇਹਨਾਂ ਨਵੇਂ ਤੱਥਾਂ ਦੀ ਲੋਅ ਵਿਚ ਬਾਬਾ ਜੀ ਦੀ ਮੁਕੰਮਲ ਸ਼ਖਸੀਅਤ ਨੂੰ ਜਾਨਣ ਤੇ ਸਮਝਣ ਵਿਚ ਮਦਦ ਮਿਲੇਗੀ । ਇਹੋ ਹੀ ਨਹੀਂ, ਇਸ ਲਿਖਤ ਦੇ ਬ੍ਰਿਤਾਂਤ, ਬੋਲੀ, ਸ਼ੈਲੀ ਤੇ ਪੇਸ਼ਕਾਰੀ ਨਾਲ ਬਾਬਾ ਜੀ ਅੰਦਰ ਮੌਜੂਦ ਉਸ ਪ੍ਰਤਿਭਾ ਦੇ ਵੀ ਦਰਸ਼ਨ ਹੋਣਗੇ, ਜਿਸ ਸਦਕੇ ਉਹਨਾਂ ਅੰਦਰ ਇੱਕ ਵੱਡਾ ਲੇਖਕ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਪਈਆਂ ਸਨ ਪਰ ਸਿਆਸੀ ਸਰਗਰਮੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਮੁਹਾਣ ਹੋਰ ਪਾਸੇ ਮੋੜ ਦਿੱਤਾ ਸੀ ।

ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਸਵੈ – ਜੀਵਨੀ ‘ਮੇਰੀ ਰਾਮ ਕਹਾਣੀ’ ਉਸ ਸਮੇਂ 1930 ਵਿਚ ਲਿਖਣੀ ਸ਼ੁਰੂ ਕੀਤੀ ਸੀ ਜਿਸ ਵਕਤ ਉਹ ਲਾਹੌਰ ਜੇਲ੍ਹ ਵਿਚ ਬੰਦ ਸਨ । ‘ਮੇਰੀ ਰਾਮ ਕਹਾਣੀਂ ਦੀਆਂ ਤਿੰਨ ਕਿਸ਼ਤਾਂ ਮਾਰਚ, ਅਪ੍ਰੈਲ, ਤੇ ਮਈ 1930 ਦੇ “ਕਿਰਤੀ” ਪਰਚੇ ਵਿਚ ਛਪੀਆਂ ਸਨ । ਪਰ ਇਸ ਦੇ ਨਾਲੋਂ- ਨਾਲ ਸ੍ਰੀ ਅੰਮ੍ਰਿਤਸਰ ਤੋਂ ਨਿਕਲਦੇ ਰੋਜ਼ਾਨਾ ਅਖ਼ਬਾਰ ‘ਅਕਾਲੀ ਤੇ ਪਰਦੇਸੀ’ ਵਿਚ ‘ਮੇਰੀ ਰਾਮ ਕਹਾਣੀਂ ਫਰਵਰੀ 1930 ਤੋਂ ਲੜੀਵਾਰ ਛਪਣੀ ਸ਼ੁਰੂ ਹੋਈ ਸੀ ਜੋ ਲਗਭਗ ਜਨਵਰੀ 1931 ਤੱਕ ਛਪੀ ਸੀ । ਪਰ ਵਿਚ ਵਿਚਾਲੇ, 14 ਮਈ 1930 ਤੋਂ ਲੈ ਕੇ 2 ਨਵੰਬਰ 1930 ਤੱਕ ਇਹ ਜੀਵਨੀ ਅਖ਼ਬਾਰ ਵਿਚ ਛਪਣੀ ਬੰਦ ਵੀ ਰਹੀ ਸੀ । ਕਿਸੇ ਕਾਰਨ ਕਰਕੇ ਇਸ ਸਮੇਂ ਦੌਰਾਨ ‘ਅਕਾਲੀ ਤੇ ਪਰਦੇਸੀ ਛਪਣਾ ਬੰਦ ਹੈ ਗਿਆ ਸੀ । ਅਖ਼ਬਾਰ ਨੇ 3 ਨਵੰਬਰ 1930 ਤੇ ਨੋਟ ਦੇ ਕੇ ਇਹ ਜੀਵਨੀ ਫਿਰ ਉਥੋਂ ਹੀ ਛਾਪਣੀ ਸ਼ੁਰੂ ਕਰ ਦਿੱਤੀ ਸੀ ਜਿਥੇ ਉਹਨਾਂ 13 ਮਈ 1930 ਵਿਚ ਛੱਡੀ ਸੀ।

ਦੁਨੀਆਂ ਵਿੱਚ ‘ਜੇਲ੍ਹ ਸਾਹਿਤ ਦਾ ਬਹੁਤ ਚਰਚਾ ਹੁੰਦਾ ਰਿਹਾ ਹੈ। ਦੁਨੀਆਂ ਦੇ ਬਹੁਤ ਸਾਰੇ ਲੇਖਕਾਂ ਅਤੇ ਸਿਆਸੀ ਹਸਤੀਆਂ ਨੇ ਜੇਲ੍ਹਾਂ ਵਿਚ ਬੰਦ ਹੋਣ ਦੌਰਾਨ ਬਹੁਤ ਕੁਝ ਲਿਖਿਆ ਹੈ, ਜਿਨ੍ਹਾਂ ਵਿਚ ਕਵਿਤਾਵਾਂ ਵੀ ਹਨ, ਵਾਰਤਕ ਵੀ ਹੈ ਤੇ ਚਿੱਠੀਆਂ ਵੀ ਹਨ ।

ਜੇਲ੍ਹਾਂ ਵਿਚ ਬੰਦ ਇਹ ਲੋਕ ਜ਼ਿਆਦਾਤਰ ਸਿਆਸੀ ਕਾਰਨਾਂ ਕਰਕੇ ਕਾਲ ਕੋਠੜੀਆਂ ਅੰਦਰ ਡੱਕੇ ਜਾਂਦੇ ਸਨ। ਇਹਨਾਂ ਸੱਚ ਦੇ ਆਸ਼ਕਾਂ ਨੇ ਸਮੇਂ ਦੀਆਂ ਹਕੂਮਤਾਂ ਨਾਲ ਦਸਤਪੰਜਾ ਲਿਆ ਹੁੰਦਾ ਸੀ ਤੇ ਜ਼ਾਲਮ ਹਕੂਮਤਾਂ ਨੇ ਉਹਨਾਂ ਦੀ ਸੱਚ ਦੀ ਆਵਾਜ਼ ਨੂੰ ਦਬਾਉਣ ਲਈ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰੱਖਿਆ ਹੁੰਦਾ ਸੀ । ਫੜਕੇ ਜੇਲ੍ਹਾਂ ਵਿਚ ਡੱਕੇ ਇਹਨਾਂ ਲੇਖਕਾਂ ਦੀਆਂ ਲਿਖਤਾਂ ਨੇ ਸਮਾਜ ਦੀ ਵਿਕਾਸ- ਮੁਖੀ ਤਬਦੀਲੀ ਤੇ ਬਹੁਤ ਹੀ ਜਬਰਦਸਤ ਪ੍ਰਭਾਵ ਪਾਇਆ ਹੈ, ਕਿਉਂਕਿ ਇਹਨਾਂ ਲਿਖਤਾਂ ਨੇ ਲੋਕਾਂ ਦੀ ਹਮਦਰਦੀ ਉਸ ਕਾਜ ਨਾਲ ਜੋੜੀ ਸੀ, ਜਿਸ ਕਾਜ ਨਾਲ ਇਹ ਲੇਖਕ ਜਾਂ ਸਿਆਸੀ ਹਸਤੀਆਂ ਪ੍ਰਤੀਬੱਧ ਹੁੰਦੀਆਂ ਸਨ । ‘ਜੇਲ੍ਹ ਸਾਹਿਤ ਨੂੰ ਕਾਫ਼ੀ ਹੱਦ ਤੱਕ ਨਿਰਮਲ ਸਾਹਿਤ ਮੰਨਿਆ ਜਾਂਦਾ ਹੈ।ਕਿਉਕਿ ਇਕ ਤਾਂ ਉਹ ਬਾਹਰੀ ਪ੍ਰਭਾਵਾਂ ਦੇ ਪ੍ਰਦੂਸ਼ਣ ਤੋਂ ਬਹੁਤ ਹੱਦ ਤੱਕ ਸੁਰਖੁਰੂ ਹੁੰਦਾ ਹੈ, ਦੂਜਾ ਇਕਾਂਤ ਨੇ ਉਸ ਲੇਖਕ ਨੂੰ ਇਕ ਤਰ੍ਹਾਂ ਨਾਲ ਧਿਆਨੀ ਬਣਾ ਦਿੱਤਾ ਹੁੰਦਾ ਹੈ , ਅਤੇ ਤੀਜਾ ਉਸ ਦਾ ਜੀਵਨ ਅਨੁਭਵ ਵੀ ਨਿੱਤਰਿਆ ਹੁੰਦਾ ਹੈ ।ਜੇਲ੍ਹ ਦੀ ਜ਼ਿੰਦਗੀ ਵਿਅਕਤੀ ਨੂੰ ਬਹੁਤ ਬਦਲ ਦਿੰਦੀ ਹੈ।ਇਥੇ ਆ ਕੇ ਵਿਅਕਤੀ ਦੀਆਂ ਸਾਰੀਆਂ ਨਿੱਜੀ ਕਮੀਆਂ- ਪੇਸ਼ੀਆਂ ਨੰਗੀਆਂ ਹੋ ਜਾਂਦੀਆਂ ਹਨ। ਜੇ ਵਿਅਕਤੀ ਕਿਸੇ ਆਦਰਸ਼ ਅਤੇ ਅਕੀਦੇ ਨਾਲ ਨਾ ਜੁੜਿਆ ਹੋਵੇ ਤਾਂ ਇਹ ਘਾਟਾਂ ਤੇ ਕਮਜ਼ੋਰੀਆਂ ਵਿਅਕਤੀ ਨੂੰ ਹੰਢਾਉਣਾ ਸ਼ੁਰੂ ਕਰ ਦਿੰਦੀਆਂ ਹਨ। ਪਰ ਕਿਸੇ ਵੱਡੇ ਆਦਰਸ਼ ਅਤੇ ਅਕੀਦੇ ਨਾਲ ਜੁੜੇ ਵਿਅਕਤੀ ਇਹਨਾਂ ਘਾਟਾਂ ਕਮਜ਼ੋਰੀਆਂ ‘ਤੇ ਕਾਬੂ ਪਾ ਕੇ ਨਿਰੋਲ ਕੁੰਦਨ ਬਣ ਨਿਕਲਦੇ ਹਨ । ਸੋ ਅਜਿਹੇ ਵਿਅਕਤੀਆਂ ਵਲੋਂ ਰਚੀਆਂ ਗਈਆਂ ਲਿਖਤਾਂ ਸੱਚੇ ਸੁੱਚੇ ਅਨੁਭਵ ਦੀ ਉਪਜ ਹੁੰਦੀਆਂ ਹਨ।

ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਤੇ ਰਾਜਿੰਦਰ ਪ੍ਰਸ਼ਾਦ ਆਦਿ ਵਲੋਂ ਜੇਲ੍ਹਾਂ ਵਿਚ ਬੈਠਕੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹਨ। ਆਜ਼ਾਦੀ ਸੰਗਰਾਮ ਦੀ ਇਲੀਟਾਂ- ਮੁਖੀ ਧਾਰਾ ਦੇ ਪਥ ਪ੍ਰਦਸ਼ਕ ਹੋਣ ਕਾਰਨ ਅੰਗਰੇਜ਼ ਸਰਕਾਰ ਵਲੋਂ ਇਹਨਾਂ ਨੂੰ ਜੇਲ੍ਹਾਂ ਵਿਚ ਹਰ ਤਰ੍ਹਾਂ ਦੀਆਂ ਸੁਖ- ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ । ਉਝ ਵੀ ਸਿਆਸੀ ਲੀਡਰਾਂ ਦੇ ਤੌਰ ਤੇ ਇਹਨਾਂ ਦਾ ਕੱਦ- ਬੁੱਤ ਬਹੁਤ ਵੱਡਾ ਸੀ। ਸੋ ਇਹਨਾਂ ਸਿਆਸੀ ਹਸਤੀਆਂ ਲਈ ਜੇਲ੍ਹਾਂ ਵਿਚ ਬੈਠਕੇ ਆਪਣਾ ਵਕਤ ਲਿਖਣ- ਪੜ੍ਹਨ ਦੇ ਕਾਰਜ ਦੇ ਲੇਖੇ ਲਾ ਛੱਡਣ ‘ਚ ਕੋਈ ਸਮੱਸਿਆ ਨਹੀਂ ਸੀ। ਪਰ ਗ਼ਦਰ ਲਹਿਰ ਦੀ ਧਾਰਾ ਤਾਂ ਅਸਲੋਂ ਹੀ ਵੱਖਰੀ ਸੀ- ਵੇਲੇ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਅਤਿ ਦਰਜੇ ਦੀ ਖ਼ਤਰਨਾਕ ! ਜਿਸ ਕਾਰਨ ਅੰਗਰੇਜ਼ੀ ਸਾਮਰਾਜ ਦਾ ਹਰ ਕਰਿੰਦਾ ਇਹਨਾਂ ਗ਼ਦਰੀਆਂ ਨਾਲ ਨਫ਼ਰਤ ਭਰੀ ਖ਼ਾਰ ਖਾਦਾ ਸੀ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਸੀ ! ਜੇਲ੍ਹਾਂ ਵਿਚ ਵੀ ਇਹਨਾਂ ਗ਼ਦਰੀਆਂ ਨੂੰ ਅਨੇਕਾਂ ਤਰ੍ਹਾਂ ਦੇ ਅਣਮਨੁੱਖੀ ਕਸ਼ਟ ਪਹੁੰਚਾਏ ਜਾਂਦੇ ਸਨ ਤੇ ਹਰ ਤਰ੍ਹਾਂ ਨਾਲ ਉਹਨਾਂ ਦਾ ਮਨੋਬਲ ਤੋੜਨ ਤੇ ਉਹਨਾਂ ਨੂੰ ਜਿਸਮਾਨੀ ਤੌਰ ਤੇ ਖ਼ਤਮ ਕਰ ਦੇਣ ਦੀਆਂ ਗੋਂਦਾ ਗੁੰਦੀਆਂ ਜਾਂਦੀਆਂ ਸਨ। ਸੋ ਅਜਿਹੀਆਂ ਦੁਸ਼ਵਾਰ ਹਾਲਤਾਂ ਵਿਚ ਇਹ ਗ਼ਦਰੀ ਸੂਰਬੀਰ ਤਾਂ ਘਰਾਂ ਨੂੰ ਚਿੱਠੀ ਲਿਖਣ ਲਈ ਵੀ ਤਰਸਦੇ ਸਨ, ਇਹਨਾਂ ਕੋਲ ਕਾਗ਼ਜ਼, ਕਲਮ ਤੇ ਸਿਆਹੀ ਕਿੱਥੋਂ ਆਉਣੀ ਸੀ ? ਪਰ ਇਹਨਾਂ ਕਠਨ ਹਾਲਤਾਂ ਦੇ ਬਾਵਜੂਦ ਵੀ ਅੱਜ ਸਾਡੇ ਕੋਲ ਗ਼ਦਰੀ ਸੂਰਬੀਰਾਂ ਦੀਆਂ ਦੋ ਅਹਿਮ ਰਚਨਾਵਾਂ ‘ਜੇਲ੍ਹ ਸਾਹਿਤ’ ਵਜੋਂ ਮੌਜੂਦ ਹਨ ਜੋ ਲਹਿਰ ਦੇ ਅਸਲ ਖਾਸੇ, ਉਠਾਣ, ਅਤੇ ਸਮੁੱਚੇ ਚਲਣ ਨੂੰ ਸਮਝਣ ਵਿਚ ਬੇਹੱਦ ਸਹਾਈ ਹੋਣਗੀਆਂ ।

ਪਹਿਲੀ ਲਿਖਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ‘ਜੇਲ੍ਹ ਚਿੱਠੀਆਂ’ ਹੈ ਜੋ ਜੇਲ੍ਹਾਂ ਵਿੱਚ ਬੰਦ ਗਦਰੀਆਂ ਦੇ ਸਮੁੱਚੇ ਚਰਿਤਰ ਦਾ ਪ੍ਰਮਾਣਕ ਦਸਤਾਵੇਜ਼ ਹੈ। ਇਸ ਦਸਤਾਵੇਜ਼ੀ ਲਿਖਤ ਚ ਇਹਨਾਂ ਗਦਰੀਆਂ ਦਾ ਜੋ ਕਿਰਦਾਰ ਉਘੜਦਾ ਹੈ, ਉਹ ਗ਼ਦਰ ਲਹਿਰ ਦੇ ਸਥਾਪਤ ਲੇਖਕਾਂ ਵਲੋਂ ਲਿਖੇ ਗਏ ਇਤਿਹਾਸ ਤੋਂ ਬਿਲਕੁਲ ਹੀ ਉਲਟ ਹੈ। ਇਸ ਲਿਖਤ ਤੋਂ ਪਤਾ ਲੱਗਦਾ ਹੈ ਕਿ ਇਹ ਗ਼ਦਰੀ ਕਿਸ ਚੀਜ਼ ਤੋਂ ਪ੍ਰੇਰਿਤ ਹੋ ਕੇ ਗ਼ਦਰ ਲਹਿਰ ਵਿੱਚ ਸ਼ਾਮਲ ਹੋਏ ਸਨ, ਉਹਨਾਂ ਦੇ ਪ੍ਰੇਰਨਾ ਸਰੋਤ ਕਿਹੜੇ ਸਨ, ਉਹਨਾਂ ਨੇ ਜੇਲ੍ਹਾਂ ਵਿਚ ਆਪਣੇ ਸਿੱਖੀ ਸਰੂਪ ਅਤੇ ਕੱਕਾਰਾਂ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੀਆਂ ਸਖਤ ਘਾਲਨਾਵਾਂ ਘਾਲੀਆਂ ਸਨ । ਉਹਨਾਂ ਨੇ ਅਕਿਹ ਤੇ ਅਸਹਿ ਤਸੀਹਿਆਂ ਦਾ ਕਿਵੇਂ ਖਿੜੇ ਮੱਥੇ ਟਾਕਰਾ ਕੀਤਾ ਸੀ । ਇਸ ਲਿਖਤ ਵਿਚੋਂ ਇਹ ਤੱਥ ਵੀ ਉਭਰਕੇ ਸਾਹਮਣੇ ਆਉਦਾ ਹੈ ਕਿ ਇਹਨਾਂ ਗਦਰੀਆਂ ਨੇ ਵੀਹ-ਵੀਹ ਸਾਲਾਂ ਦੀਆਂ ਕੈਦਾਂ ਕਿਵੇਂ ਅਥਾਹ ਪ੍ਰੇਮ ਤੇ ਸ਼ਰਧਾ ਨਾਲ ਗੁਰਬਾਣੀ ਦਾ ਜਾਪ ਕਰਦਿਆਂ ਸਿੱਖੀ ਸਿਦਕ ਦੇ ਸਹਾਰੇ ਕੱਟੀਆਂ ਸਨ। ਪਰ ਰਾਸ਼ਟਰਵਾਦੀ ਤੇ ਨਾਸਤਕਵਾਦੀ ਲੇਖਕਾਂ ਨੇ ‘ਜੇਲ੍ਹ ਚਿੱਠੀਆਂ ਨੂੰ ਗ਼ਦਰੀ ਸਾਹਿਤ ਵਿਚੋਂ ਖਾਰਜ ਕਰ ਰੱਖਿਆ ਹੈ ਤੇ ਇਹ ਲਿਖਤ ਸਿਰਫ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸ਼ਰਧਾਲੂਆਂ ਤੱਕ ਹੀ ਸੀਮਤ ਹੈ ਕੇ ਰਹਿ ਗਈ ਹੈ ।

ਗ਼ਦਰੀ ‘ਜੇਲ੍ਹ ਸਾਹਿਤ, ਵਿੱਚ ਦੂਜੀ ਅਹਿਮ ਲਿਖਤ ਬਾਬਾ ਸੋਹਣ ਸਿੰਘ ਭਕਨਾ ਦੀ ‘ਮੇਰੀ ਰਾਮ ਕਹਾਣੀਂ ਨੂੰ ਰੱਖਿਆ ਜਾ ਸਕਦਾ ਹੈ। ਬਾਬਾ ਜੀ ਨੇ ਇਸ ਲਿਖਤ ਵਿਚ ਹੀ ਦੱਸ ਦਿੱਤਾ ਹੈ ਕਿ ਇਸ ਲਿਖਤ ਨੂੰ ਬਾਹਰ ਭੇਜਣਾ ਤਾਂ ਦੂਰ ਦੀ ਗੱਲ, ਜੇਲ੍ਹ ਵਿਚ ਲਿਖਣਾ ਹੀ ਜਾਨ ਜੋਖੋਂ ਵਿੱਚ ਪਾਉਣਾ ਸੀ ਜਿਥੇ ਬੇਹੱਦ ਸਖਤ ਪਹਿਰੇ ਲੱਗੇ ਹੁੰਦੇ ਸਨ। ਲਿਖਣ ਦੇ ‘ਅਪਰਾਧ ਦਾ ਪਤਾ ਲੱਗਣ ‘ਤੇ ਹੋਰ ਕੈਦ ਵੀ ਵਧ ਸਕਦੀ ਸੀ, ਡੰਡਾ ਬੇੜੀ ਤੋਂ ਲੈ ਕੇ ਹੋਰ ਘਿਣਾਉਣੇ ਤਸੀਹੇ ਵੀ ਦਿੱਤੇ ਜਾ ਸਕਦੇ ਸਨ । ਇਹਨਾਂ ਖ਼ਤਰਿਆਂ ਦੀ ਬਿਨਾ ਪ੍ਰਵਾਹ ਕੀਤੇ ਜੇ ਬਾਬਾ ਜੀ ਨੇ ਇਹ ਲਿਖਤ ਲਿਖ ਵੀ ਲਈ ਸੀ ਤਾਂ ਇਸ ਨੂੰ ਜੇਲ੍ਹੋਂ ਬਾਹਰ ਕੱਢਣਾ ਕੋਈ ਸੌਖੀ ਜਿਹੀ ਗੱਲ ਨਹੀਂ ਸੀ। ਫੜੇ ਜਾਣ ਤੇ ਹਰ ਕਰਮਚਾਰੀ ਲਈ ਰੋਜ਼ੀ ਰੋਟੀ ਤੋਂ ਹੱਥ ਧੋਣ ਤੋਂ ਲੈ ਕੇ ਹੋਰ ਸਜ਼ਾਵਾਂ ਵੀ ਮਿਲ ਸਕਦੀਆਂ ਸਨ। ਇਸ ਲਿਖਤ ਦਾ ਉਹ ਹਾਲ ਸੀ ਜੋ ਮੀਆਂ ਗ਼ਾਲਬ ਨੇ ਆਪਣੇ ਇਕ ਕਠਨ ਜਿਹੇ ਸ਼ੇਅਰ ਵਿਚ ਬਿਆਨ ਕੀਤਾ ਹੈ

‘ਦਾਮ- ਏ- ਹਰ ਮੌਜ ਪੇ ਹਲਕਾ ਏ ਸਮਕਾਮ ਨਿਹੰਗ
ਦੇਖੇਂ ਕਤਰੇ ਪੇ ਕਿਆ ਗੁਜਰੇਗੀ ਗੌਹਰ ਹੰਨੇ ਤੱਕ

ਇਹ ਮਿੱਥ ਪ੍ਰਚੱਲਤ ਹੈ ਕਿ ਅਸਮਾਨ ਵਿਚੋਂ ਇੱਕ ਸਵਾਂਤ ਬੁੰਦ ਟਪਕਦੀ ਹੈ ਜੋ ਸਮੁੰਦਰ ਵਿੱਚ ਪਈ ਸਿੱਪੀ ਦੇ ਮੂੰਹ ਵਿਚ ਪੈ ਕੇ ਮੋਤੀ ਦਾ ਰੂਪ ਧਾਰਦੀ ਹੈ ! ਮੀਆਂ ਗ਼ਾਲਬ ਆਖਦੇ ਹਨ ਕਿ ਸਮੁੰਦਰ ਦੀ ਹਰ ਲਹਿਰ ‘ਤੇ ਸੌ ਸੌ ਸਿਰਾਂ ਵਾਲੇ ਮਗਰਮੱਛ ਬੈਠੇ ਹਨ, ਇਹਨਾਂ ਮਗਰਮੱਛਾਂ ਵਿੱਚ ਦੀ ਲੰਘ ਕੇ ਬੂੰਦ ਨੇ ਸਿੱਪ ਤੱਕ ਜਾਣਾ ਹੈ, ਦੇਖਦੇ ਹਾਂ ਮੋਤੀ ਬਣਨ ਤੱਕ ਇਸਦਾ ਕੀ ਹਸ਼ਰ ਹੋਵੇਗਾ ! ਸੋ ਬਾਬਾ ਸੋਹਣ ਸਿੰਘ ਭਕਨਾ ਦੀ ‘ਰਾਮ ਕਹਾਣੀਂ ਜੇਲ੍ਹੋਂ ਹੋ ਕੇ ਕਿਵੇਂ ਛਪੀ, ਇਹ ਵੀ ਇੱਕ ਜਸੂਸੀ ਕਿਸਮ ਦੇ ਅਫ਼ਸਾਨੇ ਤੇ ਘੱਟ ਨਹੀਂ ਹੈ । ਇੱਕ ਮੁਲਾਕਾਤ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਨੇ ਇਸ ਸੁਆਲ, ਕਿ ‘ਮੇਰੀ ਰਾਮ ਕਹਾਣੀਂ ਜੇਲ੍ਹੋਂ ਬਾਹਰ ਆ ਕੇ ਕਿਸ ਤਰ੍ਹਾਂ ਛਪੀ ਸੀ? ਦਾ ਜੁਆਬ ਦਿੰਦਿਆਂ ਇਹ ਕਹਿ ਕੇ ਰਹੱਸ ਬਰਕਰਾਰ ਰੱਖਿਆ ਸੀ ਕਿ ਜੇਲ੍ਹ ਕਰਮਚਾਰੀਆਂ ਵਿੱਚ ਅਸੀਂ ਆਪਣੇ ਸੈੱਲ ਬਣਾਏ ਹੋਏ ਸਨ । ਪਰ ਇਸ ਰਹੱਸ ਨੂੰ ਸੋਹਣ ਸਿੰਘ ਜੋਸ਼ ਨੇ ਬਾਬਾ ਸੋਹਣ ਸਿੰਘ ਭਕਨਾ ਦੀ ਲਿਖੀ ਜੀਵਨੀ ਵਿੱਚ ਖੋਲ੍ਹ ਦਿੱਤਾ ਹੈ ।

ਲਾਹੌਰ ਵਿਚ ਗੁਰੂ ਪੰਚਮ ਪਾਤਸ਼ਾਹ ਦੀ ਯਾਦ ਵਿੱਚ ਬਣੇ ਗੁਰਦੁਆਰਾ ਡੇਹਰਾ ਸਾਹਿਬ ਦਾ ਗ੍ਰੰਥੀ ਅੱਛਰ ਸਿੰਘ ਗਦਰੀਆਂ ਦਾ ਹਮਦਰਦ ਸੀ, ਜਿਸਨੇ ਲਾਹੌਰ ਜੇਲ੍ਹ ਦੇ ਵਾਰਡਰਾਂ ਨਾਲ ਚੰਗੇ ਸਬੰਧ ਬਣਾਏ ਹੋਏ ਸਨ ਤੇ ਬਾਬਾ ਸੋਹਣ ਸਿੰਘ ਭਕਨਾ ਨੇ ਇਹਨਾਂ ਜੇਲ੍ਹ ਵਾਰਡਰਾਂ ਨਾਲ ਤਾਲਮੇਲ ਕਰਕੇ ਭਾਈ ਅੱਛਰ ਸਿੰਘ ਰਾਹੀਂ ਬਾਹਰਲੇ ਸੰਸਾਰ ਨਾਲ ਨਾਤਾ ਜੋੜਿਆ ਹੋਇਆ ਸੀ । ਸੌ ਵਿਸਵੇ ਇਸੇ ਗ੍ਰੰਥੀ ਅੱਛਰ ਸਿੰਘ ਰਾਹੀਂ ਮੇਰੀ ‘ਰਾਮ ਕਹਾਣੀਂ ਜੇਲ੍ਹੋਂ ਬਾਹਰ ਆ ਕੇ ‘ਅਕਾਲੀ ਤੇ ਪਰਦੇਸੀਂ ਵਿੱਚ ਛਪਣੀ ਸ਼ੁਰੂ ਹੋਈ ਸੀ। ਪਰ ਬਾਬਾ ਸੋਹਣ ਸਿੰਘ ਭਕਨਾ ਨੇ ਇਹ ਲਿਖਤ ‘ਅਕਾਲੀ ਤੇ ਪਰਦੇਸੀਂ ਅਖਬਾਰ ਵਿੱਚ ਹੀ ਕਿਉਂ ਛਪਵਾਉਣੀ ਸ਼ੁਰੂ ਕੀਤੀ, ਜਦੋਂ ਕਿ ਖੱਬੇ ਪੱਖੀਆਂ ਦੀ ਧਾਰਨਾ ਅਨੁਸਾਰ ਤਾਂ ‘ਇਹ ਅਖ਼ਬਾਰ ‘ਧਰਮ ਨਿਰਪੱਖ’ (ਸ਼ੲਚੁਲਰੳਰ) ਨਹੀਂ ਸੀ, ਜਿਸ ਨੂੰ ਕਿ ਗਦਰ ਲਹਿਰ ਦੇ ਮੀਰੀ ਗੁਣ ਵਜੋਂ ਪੇਸ਼ ਕੀਤਾ ਤੇ ਉਚਿਆਇਆ ਜਾਂਦਾ ਹੈ । ਇਹ ਅਖਬਾਰ ਤਾਂ ਉਸ ਵਕਤ ਸਿੱਖ ਪੰਥ ਦੀ ਮੁੱਖ ਧਾਰਾ ਦੀ ਤਰਜਮਾਨੀ ਕਰ ਰਿਹਾ ਸੀ, ਤੇ ਇਸ ਦਾ ਸੰਪਾਦਕ ਵੀ ਮਾਸਟਰ ਤਾਰਾ ਸਿੰਘ ਸੀ ਜੋ ਬਾਅਦ ਵਿਚ ਸਿੱਖ ਪੰਥ ਦਾ ਸਿਰਮੌਰ ਆਗੂ ਬਣ ਕੇ ਉਭਰਿਆ । ਸੋ ਖੱਬੇ ਪੱਖੀਆਂ ਦੇ ਤਰਕ ਮੁਤਾਬਿਕ ਤਾਂ ਇਹ ਅਖਬਾਰ ਫਿਰਕੂ ਰਾਜਨੀਤੀਂ ਦਾ ਵਾਹਕ ਤੇ ਪ੍ਰਚਾਰਕ ਸੀ । ਪਰ ਇਥੇ ਅਕਾਲੀ ਤੇ ਪਰਦੇਸੀ’ਦੇ ਸਿਧਾਂਤਕ ਖਾਸੇ ਤੇ ਰਾਜਸੀ ਰੋਲ ਬਾਰੇ ਸੰਖੇਪ ਵਿਚ ਗੱਲ ਕਰਨੀ ਕੁਥਾਵੀਂ ਨਹੀਂ ਹੋਵੇਗੀ।

ਪ੍ਰੋਂ.ਹਰਬੰਸ ਸਿੰਘ ਵਲੋਂ ਤਿਆਰ ਕੀਤੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਾਪੇ ਗਏ ਸਿੱਖ ੲਨਸਾੲਾਕਲੋਪੀਡ ਦੇ ਇੰਦਰਾਜ ਅਨੁਸਾਰ ‘ਅਕਾਲੀ ਤੇ ਪਰਦੇਸੀ’ ਸ਼ੁਰੂ ਵਿੱਚ ਸਿਰਫ਼ ਇਕੱਲਾ ‘ਅਕਾਲੀ’ਅਖਬਾਰ ਹੀ ਸੀ, ਜੋ ਮਾਸਟਰ ਸੁੰਦਰ ਸਿੰਘ ਸਿੰਘ ਲਾਇਲਪੁਰੀ ਹੋਰਾਂ ਦੀ ਹਿੰਮਤ ਨਾਲ 21 ਮਈ 1920 ਨੂੰ ਲਾਹੌਰ ਤੋਂ ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਕੱਢਿਆ ਗਿਆ ਸੀ । ਇਸ ਅਖਬਾਰ ਨੂੰ ਸ੍ਰ ਹਰਚੰਦ ਸਿੰਘ ਲਾਇਲਪੁਰੀ, ਜੱਥੇਦਾਰ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਪ੍ਰਿੰ ਨਿਰੰਜਣ ਸਿੰਘ, ਸਰਦੂਲ ਸਿੰਘ ਕਵੀਸ਼ਰ ਤੇ ਨਨਕਾਣਾ ਸਾਹਿਬ ਸਾਕੇ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਦਲੀਪ ਸਿੰਘ ਦੀ ਹਿਮਾਇਤ ਹਾਸਲ ਸੀ । ਪਹਿਲਾਂ ਗਿਆਨੀ ਹੀਰਾ ਸਿੰਘ ਦਰਦ ਅਤੇ ਬਾਅਦ ਵਿਚ ਭਾਈ ਮੰਗਲ ਸਿੰਘ ਬੀ. ਏ ਵੀ ਇਸਦੇ ਸੰਪਾਦਕਾਂ ਵਿੱਚ ਸ਼ਾਮਲ ਹੈ ਗਏ ਸਨ । ਜਦ ਸਿੱਖ ਪੰਥ ਵਲੋਂ ਆਪਣੇ ਗੁਰੂ ਘਰਾਂ ਨੂੰ ਬ੍ਰਾਹਮਣਵਾਦੀ ਮਹੰਤਾਂ ਦੇ ਕਬਜ਼ੇ ਤੇ ਦੁਰਾਚਾਰੀ ਅਮਲਾਂ ਤੋਂ ਮੁਕਤ ਕਰਵਾਉਣ ਲਈ ਕੁਰਬਾਨੀਆਂ ਭਰੀ ਮੁਹਿੰਮ ਚਲਾਈ ਗਈ ਤਾਂ ‘ਅਕਾਲੀ। ਇਸ ਲਹਿਰ ਦਾ ਤਰਜਮਾਨ ਬਣ ਗਿਆ ਤੇ ਇਸ ਅਖਬਾਰ ਨੇ ਸਿੱਖ ਪੰਥ ਦੇ ਜਜ਼ਬਿਆਂ ਅੰਦਰ ਲੋਹੜੇ ਦਾ ਉਭਾਰ ਪੈਦਾ ਕੀਤਾ । ਇਸ ਦੇ ਨਾਲ ਹੀ ਅੰਗਰੇਜ਼ੀ ਸਰਕਾਰ ਦੀ ਕਰੋਪੀ ਲਗਾਤਾਰ ਅਕਾਲੀ ਤੇ ਨਾਜ਼ਲ ਹੁੰਦੀ ਰਹੀ ਤੇ ਇਸ ਦੇ ਸੰਪਾਦਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਰਿਹਾ ਤੇ ਜ਼ਮਾਨਤਾਂ ਜ਼ਬਤ ਕਰ ਲਈਆਂ ਜਾਂਦੀਆਂ ਸਨ । ਜਿਸ ਕਰਕੇ ਅਖ਼ਬਾਰ ਦਾ ਨਾਂਅ ਵਾਰ ਵਾਰ ਬਦਲਣਾ ਪੈਂਦਾ ਸੀ ।

ਇਧਰ ਉੱਘੇ ਗ਼ਦਰੀ ਭਾਈ ਪਿਆਰਾ ਸਿੰਘ ਲੰਗੇਰੀ ਤੇ ਭਾਈ ਭਾਗ ਸਿੰਘ ਕੈਨੇਡੀਅਨ 1920 ਵਿੱਚ ਜੇਲ੍ਹਾਂ ਤੋਂ ਰਿਹਾਅ ਹੋ ਗਏ ਸਨ । ਭਾਈ ਪਿਆਰਾ ਸਿੰਘ ਲੰਗੇਰੀ ਨੂੰ ਸਿੱਖ ਲੀਗ ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਲਿਆ ਗਿਆ ਸੀ । ਭਾਈ ਪਿਆਰਾ ਸਿੰਘ ਲੰਗੇਰੀ ਅਤੇ ਭਾਈ ਭਾਗ ਸਿੰਘ ਕਨੇਡੀਅਨ ਹੁਰਾਂ ਵੱਲੋਂ ਹੋਰਨਾਂ ਗਦਰੀਆਂ ਨਾਲ ਮਿਲਕੇ ‘ਅਮਰੀਕਨ-ਕੈਨੇਡੀਅਨ ਸੁਸਾਇਟੀ, ਬਣਾਈ ਗਈ । ਇਸ ਸੁਸਾਇਟੀ ਦੀ ਸਹਾਇਤਾ ਨਾਲ ਉਹਨਾਂ ਵੱਲੋਂ ਅਕਤੂਬਰ 1922 ‘ਚ ਸ੍ਰੀ ਅੰਮ੍ਰਿਤਸਰ ਤੋਂ ‘ਪਰਦੇਸੀ ਖਾਲਸਾਂ ਅਖ਼ਬਾਰ ਕੱਢਿਆ ਗਿਆ ਜਿਸ ਦੇ ਸੰਪਾਦਕ ਮਾਸਟਰ ਤਾਰਾ ਸਿੰਘ ਨੂੰ ਬਣਾਇਆ ਗਿਆ। ‘ਅਕਾਲੀ’ ਅਤੇ “ਪਰਦੇਸੀ ਖਾਲਸਾ ਦੀ ਸਿਧਾਤਕ ਤੇ ਸਿਆਸੀ ਸੁਰ ਰਲਦੀ ਹੋਣ ਕਾਰਨ ਅਤੇ ‘ਅਕਾਲੀਂ ਉਤੇ ਅੰਗਰੇਜ਼ ਸਰਕਾਰ ਦੇ ਲਗਾਤਰ ਹੋ ਰਹੇ ਜਬਰ ਨੂੰ ਮੁੱਖ ਰੱਖਦਿਆਂ, ਦੋਵਾਂ ਅਖਬਾਰਾਂ ਦੇ ਪ੍ਰਬੰਧਕਾਂ ਵਲੋਂ ਦੋਵਾਂ ਅਖ਼ਬਾਰਾਂ ਨੂੰ ਇੱਕ ਕਰਕੇ “ਅਕਾਲੀ ਤੇ ਪਰਦੇਸੀ’ ਅਖ਼ਬਾਰ ਕੱਢਣਾ ਜਾਰੀ ਰੱਖਿਆ ਗਿਆ । ਇਹ ਅਖ਼ਬਾਰ ਵੀ ਸਿੱਖ ਪੰਥ ਦੀ ਮੁੱਖ ਧਾਰਾ ਦਾ ਤਰਜਮਾਨ ਬਣ ਗਿਆ ! ‘ਨਨਕਾਣਾ ਸਾਹਿਬ ਦਾ ਸਾਕਾ ‘ਜੈਤੋਂ ਦਾ ਮੋਰਚਾ, ‘ਗੁਰੂ ਕੇ ਬਾਗ ਦਾ ਮੋਰਚਾਂ ਆਦਿ ਸਿੱਖ ਸੰਘਰਸ਼ਾਂ ਵਿਚ ਇਸ ਅਖ਼ਬਾਰ ਵੱਲੋਂ ਮੋਹਰੀ ਰੋਲ ਨਿਭਾਇਆ ਗਿਆ ।

ਸੋ ਆਪਣੇ ਸਮੇਂ ‘ਚ ਧਾਰਮਿਕ ਅਤੇ ਸਿਆਸੀ ਖੇਤਰ ਦਾ ਜੁਝਾਰੂ ਅਖ਼ਬਾਰ ਹੋਣ ਕਰਕੇ ‘ਅਕਾਲੀ ਤੇ ਪਰਦੇਸੀਂ ਅਖ਼ਬਾਰ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਦੀ ਸਵੈ- ਜੀਵਨੀ ਛਾਪਣ ਦੀ ਜੁਰੁਅੱਤ ਕੀਤੀ ਗਈ ਸੀ । ਪੰਜਾਬ ਦੀਆਂ ਗ਼ੈਰ –ਸਿੱਖ ਧਾਰਮਕ ਤੇ ਸਿਆਸੀ ਜਥੇਬੰਦੀਆਂ ਵੱਲੋਂ ਉਸ ਵਕਤ ਲਾਹੌਰ ਤੋਂ ਬਹੁਤ ਸਾਰੇ ਪੱਤਰ ਕੱਢੇ ਜਾਂਦੇ ਸਨ ਪਰ ਉਹਨਾਂ ਵਲੋਂ ਬਾਬਾ ਜੀ ਦੀ ਇਹ ਲਿਖਤ ਛਾਪੀ ਹੀ ਨਹੀਂ ਜਾਣੀ ਸੀ ਕਿਉਕਿ ਉਹਨਾਂ ਵੱਲੋਂ ਗ਼ਦਰ ਲਹਿਰ ਨੂੰ ਤਹਿ ਦਿਲੋਂ ਪ੍ਰਵਾਨ ਹੀ ਨਹੀਂ ਕੀਤਾ ਗਿਆ ਸੀ, ਜਦ ਕਿ ਸਿੱਖ ਪੰਥ ਦੀ ਮੁੱਖ ਧਾਰਾ ਨੇ ਇਸ ਲਹਿਰ ਨੂੰ ਪੂਰਨ ਸੁਹਿਰਦਤਾ ਤੇ ਦਿਲੀ ਜਜ਼ਬੇ ਨਾਲ ਪ੍ਰਵਾਨ ਕੀਤਾ ਹੋਇਆ ਸੀ ।

ਜਦ ‘ਅਕਾਲੀ ਤੇ ਪਰਦੇਸੀਂ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ‘ਮੇਰੀ ਰਾਮ ਕਹਾਣੀਂ ਛਪਣੀ ਸ਼ੁਰੂ ਹੋਈ ਤਾਂ ਇਸ ਨਾਲ ਅਖ਼ਬਾਰ ਦੀ ਵਿਕਰੀ ਬਹੁਤ ਵਧ ਗਈ ਸੀ । ਇਸ ਲਿਖਤ ਦੇ ਲਿਖੇ ਜਾਣ ਵੇਲੇ ਬਾਬਾ ਸੋਹਣ ਸਿੰਘ ਭਕਨਾ ਲਾਹੌਰ ਜੇਲ੍ਹ ਵਿੱਚ ਬੰਦ ਸਨ, ਇਸ ਕਾਰਨ ਉਹਨਾਂ ਕੋਲ ਅੰਦਰ ਕੋਈ ਲਿਖਤੀ ਸਰੋਤ ਤਾਂ ਨਹੀਂ ਸਨ । ਸੋ ਬਾਬਾ ਜੀ ਨੇ ਜੋ ਵੀ ਲਿਖਿਆ ਉਹ ਆਪਣੀ ਯਾਦਦਾਸ਼ਤ ਦੇ ਅਧਾਰ ਤੇ ਲਿਖਿਆ ਹੈ।ਪਰ ਜੇਲ੍ਹ ਜੀਵਨ ਦਾ ਦਬਾਓ ਹੋਣ ਕਾਰਨ ਇਹ ਸੰਖੇਪ ਹੀ ਲਿਖਿਆ ਜਾ ਸਕਦਾ ਸੀ ਜਾਂ ਸਮੇਂ ਸਮੇਂ ਜੋ ਵੀ ਯਾਦ ਆਇਆ ਉਹ ਉਸੇ ਤਰ੍ਹਾਂ ਲਿਖ ਦਿੱਤਾ ਗਿਆ । ਪਰ ਫਿਰ ਵੀ ਇਸ ਲਿਖਤ ਰਾਹੀਂ ਗ਼ਦਰ ਲਹਿਰ ਦੇ ਵੱਖ-ਵੱਖ ਪੱਖਾਂ ‘ਤੇ ਨਵਾਂ ਪ੍ਰਕਾਸ਼ ਪੈਂਦਾ ਹ । ਇਸ ਲਿਖਤ ਤੋਂ ਪਤਾ ਲਗਦਾ ਹੈ ਅਮਰੀਕਾ ਵਿੱਚ ਭਾਰਤ ਤੇ ਗਏ ਪੜ੍ਹੇ ਲਿਖੇ ਭਾਰਤੀਆਂ , ਭਾਵ ਸ਼ਹਿਰੀ ਬਾਬੂਆਂ ਵੱਲੋਂ ਕਿਵੇ, ਪੰਜਾਬ ਤੋਂ ਗਏ ਭੋਲੇ ਭਾਲੇ ਪੇਂਡੂ ਲੋਕਾਂ ਨਾਲ ਧੋਖੇਬਾਜ਼ੀਆਂ ਕੀਤੀਆਂ ਜਾਂਦੀਆਂ ਸਨ ਤੇ ਉਹਨਾਂ ਦੀ ਸਾਦਗੀ ਤੇ ਸੁਹਿਰਦਤਾ ਦਾ ਨਜਾਇਜ਼ ਲਾਭ ਉਠਾਇਆ ਜਾਂਦਾ ਸੀ। ਜਿਸ ਕਰਕੇ ਉਹਨਾਂ ਸਿੱਧੇ ਸਾਦੇ ਪੇਂਡੂ ਲੋਕਾਂ ਵਿੱਚ ਇਹ ‘ਸ਼ਹਿਰੀ ਬਾਬੂ’ ਲੋਕ ਆਪਣਾ ਵਿਸ਼ਵਾਸ ਤੇ ਪੜਤ ਗੁਆਚੁੱਕੇ ਸਨ ।

ਇਹਨਾਂ ਸ਼ਹਿਰੀ ਬਾਬੂਆਂ ਵਿੱਚ ਜ਼ਿਆਦਾਤਰ ਹਿੰਦੂ ਤੇ ਬੰਗਾਲੀ ਬਾਬੂ ਸਨ। ਬਾਬਾ ਜੀ ਦੀ ਲਿਖਤ ਵਿਚੋਂ ਗ਼ਦਰ ਲਹਿਰ ਵਿਚ ਸ਼ਾਮਲ ਹੋਏ ਅਜਿਹੇ ਤੱਤਾਂ ਦਾ ਵੱਖਰਾ ਹੀ ਕਿਰਦਾਰ ਉੱਭਰਕੇ ਸਾਹਮਣੇ ਆਉਦਾ ਹੈ, ਕਿ ਕਿਵੇਂ ਇਹ ਲੋਕ ਆਪਣੇ ਸੁਆਰਥਾਂ ਲਈ ਲਹਿਰ ਵਿੱਚ ਸ਼ਾਮਲ ਹੋਏ ਸਨ, ਜਿੰਨਾਂ ਵਿੱਚ ਬਾਬੂ ਤਾਰਕਨਾਥ ਦਾਸ, ਜੀ ਡੀ ਕੁਮਾਰ, ਲਾਲਾ ਠਾਕੁਰ ਦਾਸ ਧੂਰੀ, ਭਾਈ ਪਰਮ ‘ਨੰਦ (ਲਾਹੌਰੀ ਤੇ ਰਾਮਚੰਦਰ ਆਦਿ ਉਭਰਵੇਂ ਨਾ ਸ਼ਾਮਲ ਹਨ ।

ਗ਼ਦਰ ਲਹਿਰ ਦੇ ਬਹੁਤੇ ਇਤਿਹਾਸਕਾਰਾਂ ਵਲੋਂ ਗ਼ਦਰ ਲਹਿਰ ਨੂੰ ਸਿਰਫ਼ ਲਾਲਾ ਹਰਦਿਆਲ ਨਾਲ ਹੀ ਜੋੜ ਦਿੱਤਾ ਗਿਆ ਹੈ ਤੇ ਇਹ ਤੱਥ ਵੀ ਪ੍ਰਚਲਤ ਕਰ ਦਿੱਤਾ ਗਿਆ ਹੈ ਕਿ ਗ਼ਦਰ ਅਖ਼ਬਾਰ ਕੱਢਣ ਦੀ ਤਜਵੀਜ਼ ਲਾਲਾ ਹਰਦਿਆਲ ਦੀ ਹੀ ਸੀ । ਪਰ ਬਾਬਾ ਸੋਹਣ ਸਿੰਘ ਭਕਨਾ ਦੀ ਲਿਖਤ ਵਿਚੋਂ ਲਾਲਾ ਹਰਦਿਆਲ ਦਾ ਵੱਖਰਾ ਹੀ ਕਿਰਦਾਰ ਉਘੜਕੇ ਸਾਹਮਣੇ ਆਉਦਾ ਹੈ। ਲਿਖਤ ਤੋਂ ਪਤਾ ਲੱਗਦਾ ਹੈ ਕਿ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਵੱਲੋਂ ਪਹਿਲਾਂ ਹਿੰਦੀ ਐਸੋਸੀਏਸ਼ਨ ਬਣਾ ਲਈ ਗਈ ਸੀ, ਲੋਕਾਂ ਨੂੰ ਜਥੇਬੰਦ ਤੇ ਜਾਗਰੂਕ ਕਰਨ ਵਿੱਚ ਆ ਰਹੀਆਂ ਔਕੜਾਂ ਨੂੰ ਭਾਂਪ ਕੇ ਬਾਬਾ ਸੋਹਣ ਸਿੰਘ ਭਕਨਾ ਅਖ਼ਬਾਰ ਦੀ ਲੋੜ ਮਹਿਸੂਸ ਕਰਦੇ ਸਨ । ਇਕ ਦਿਨ ਉਹਨਾਂ ਨੇ ਇਹੋ ਤਜ਼ਵੀਜ ਪੰਡਤ ਕਾਸ਼ੀ ਰਾਮ ਕੋਲ ਰੱਖੀ ਸੀ ਤੇ ਅਖ਼ਬਾਰ ਕੱਢਣ ਵਾਲੇ ਕਿਸੇ ਪੜ੍ਹੇ ਲਿਖੇ ਯੋਗ ਵਿਦਵਾਨ ਦੀ ਦੱਸ ਪਾਉਣ ਲਈ ਕਿਹਾ ਸੀ। ਉਥੇ ਮੌਜੂਦ ਲਾਲਾ ਠਾਕੁਰ ਦਾਸ ਵਲੋਂ ਲਾਲਾ ਹਰਦਿਆਲ ਦੀ ਦੱਸ ਪਾਈ ਗਈ ਸੀ, ਜੋ ਉਹਨੀਂ ਦਿਨੀਂ ਸਾਨਫਰਾਂਸਿਸਕੋ ਵਿੱਚ ਰਹਿੰਦਾ ਸੀ। ਬਾਬਾ ਜੀ ਹੋਰਾਂ ਵੱਲੋਂ ਹਰਦਿਆਲ ਨਾਲ ਤੁਰੰਤ ਤਾਲਮੇਲ ਕੀਤਾ ਗਿਆ ਪਰ ਉਹ ਕੰਮ ਕਰਨ ਲਈ ਹਾਂ ਕਹਿਕੇ ਲਗਾਤਾਰ-ਕਈ ਮਹੀਨੇ ਟਾਲਾਂ ਮਟੋਲ ਕਰਦਾ ਰਿਹਾ ਸੀ ਤੇ ਅਖੀਰ ਬਾਬਾ ਜੀ ਵਲੋਂ ਤਾਅਨੇ ਮਾਰਨ ਕਰਕੇ ਹੀ ਉਹ ‘ਗ਼ਦਰ ਅਖ਼ਬਾਰ ਕੱਢਣ ਲਈ ਰਾਜ਼ੀ ਹੋਇਆ ਸੀ।ਬਾਬਾ ਸੋਹਣ ਸਿੰਘ ਭਕਨਾ ਨੇ ਹਰਦਿਆਲ ਨਾਲ ਥੋੜੇ ਜਿਹੇ ਮਹੀਨੇ ਕੰਮ ਕਰਨ ਨਾਲ ਹੀ ਦੇਖ ਲਿਆ ਸੀ ਕਿ ਉਸ ਵਿਚ ਤਿਆਗ ਤਾਂ ਸੀ ਪਰ ਇੱਕ ਸਿਆਸੀ ਲੀਡਰ ਵਿਚ ਜਿਸ ਤਰ੍ਹਾਂ ਜਥੇਬੰਦਕ ਗੁਣਾ ਯੋਗਤਾ, ਦ੍ਰਿੜ੍ਹਤਾ, ਦਲੇਰੀ, ਵਿਚਾਰਾਂ ਦੀ ਪਰਪੱਕਤਾ, ਸਪਸ਼ਟਤਾ, ਤੇ ਆਪਣੇ ਸਟੈਂਡ ‘ਤੇ ਪੈਰ ਗੱਡ ਕੇ ਖੜ੍ਹੇ ਹੋਣ ਦੀ ਜੁਰਅੱਤ ਹੋਣੀ ਚਾਹੀਦੀ ਹੈ, ਇਹਨਾਂ ਗੁਣਾਂ ਦਾ ਹਰਦਿਆਲ ਵਿਚ ਵੱਡਾ ਘਾਟਾ ਸੀ । ਲਾਲਾ ਹਰਦਿਆਲ ਨੇ ਲਹਿਰ ਵਿਚ ਸਿਰਫ਼ ਸਾਢੇ ਕ ਚਾਰ ਮਹੀਨੇ ਹੀ ਕੰਮ ਕੀਤਾ ਸੀ ਤੇ ਉਹ ਇੱਕ ਕੇਸ ਪੈਣ ਦੇ ਡਰੇਂ ਅਮਰੀਕਾ ਤੋਂ ਬਾਹਰ ਖਿਸਕ ਗਿਆ ਸੀ ।

ਬਾਬਾ ਸੋਹਣ ਸਿੰਘ ਭਕਨਾ ਦੀ ਲਿਖਤ ਵਿੱਚੋਂ ਮੁਸਲਮਾਨ ਭਾਈਚਾਰੇ ਬਾਰੇ ਇੱਕ ਅਹਿਮ ਤੱਥ ਉਭਰਕੇ ਸਾਹਮਣੇ ਆਉਦਾ ਹੈ ਕਿ ਲਗਭਗ ਸਮੁੱਚਾ ਮੁਸਲਮਾਨ ਭਾਈਚਾਰਾ ਹੀ ਗ਼ਦਰ ਲਹਿਰ ਤੋਂ ਬੇਮੁੱਖ ਰਿਹਾ ਸੀ, ਬਾਬਾ ਜੀ ਮੁਤਾਬਿਕ ਸਿਰਫ ਇਕੱਲਾ ਨਵਾਬ ਖ਼ਾਨ ਹੀ ਲਹਿਰ ਵਿਚ ਸ਼ਾਮਲ ਹੋਇਆ ਸੀ ਜੋ ਪਿਛੋਂ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ । (ਬਾਬਾ ਜੀ ਦੀ ਗ਼ਦਰ ਪਾਰਟੀ ਵਿਚ ਸਿਰਫ ਇਕੋ ਮੁਸਲਮਾਨ ਦੇ ਭਰਤੀ ਹੋਣ ਦੀ ਗੱਲ ਭਾਵੇਂ ਤੱਥ ਦੇ ਤੌਰ ‘ਤੇ ਪੂਰੀ ਸਹੀ ਨਹੀਂ ਕਹੀ ਜਾ ਸਕਦੀ, ਕਿਉਕਿ ਇਤਿਹਾਸ ਵਿਚ ਕੁੱਝ ਕੁ ਹੋਰ ਮੁਸਲਮਾਨ ਗ਼ਦਰੀਆਂ ਦੇ ਨਾਂ ਵੀ ਆਉਦੇ ਹਨ । ਪਰ ਫਿਰ ਵੀ ਗਦਰ ਲਹਿਰ ਵਿਚ ਮੁਸਲਮਾਨਾਂ ਦੀ ਸੰਖਿਆ ਨਾਂਹ ਬਰਾਬਰ ਹੀ ਸੀ) ਬਾਬਾ ਭਕਨਾ ਇਸ ਦਾ ਕਾਰਨ ਮੁਸਲਮਾਨਾਂ ਦੀ ਲਾਲਾ ਹਰਦਿਆਲ ਨਾਲ ਨਰਾਜ਼ਗੀ ਨੂੰ ਟਿੱਕਦੇ ਹਨ, ਕਿ ਉਸ ਨੇ ਬਾਬਾ ਜਵਾਲਾ ਸਿੰਘ ਵੱਲੋਂ ਜਾਰੀ ਕੀਤੇ ਗਏ ਵਜ਼ੀਫ਼ਿਆਂ ਦੀ ਚੋਣ ਮੌਕੇ ਇਕ ਮੁਸਲਮਾਨ ਵਿਦਿਆਰਥੀ ਨਾਲ ਦੁਰੈਤ ਕਰਕੇ ਇੱਕ ਹਿੰਦੂ ਵਿਦਿਆਰਥੀ ਦੀ ਨਹੱਕੀ ਚੋਣ ਕਰ ਲਈ ਸੀ । ਆਪਣੀ ਥਾਵੇਂ ਇਹ ਤੱਥ ਪੂਰਾ ਸਹੀ ਹੋ ਸਕਦਾ ਹੈ । ਪਰ ਮੁਸਲਿਮ ਭਾਈਚਾਰੇ ਦੀ ਗ਼ਦਰ ਲਹਿਰ ਤੋਂ ਬੇਮੁਖ ਹੋ ਜਾਣ ਦੀ ਇਹੀ ਇਕਮਾਤਰ ਵਜ੍ਹਾ ਨਹੀਂ ਸੀ । ਇਸ ਮਸਲੇ ਨੂੰ ਇਕ ਅਹਿਮ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਦੇਖਣ ਤੇ ਪੜਤਾਲਣ ਦੀ ਜ਼ਰੂਰਤ ਹੈ । ਗ਼ਦਰ ਲਹਿਰ ਵੱਲੋਂ ਪ੍ਰਵਾਨ ਕੀਤੇ ਤੇ ਪਰਚਾਰੇ ਗਏ ਪਾਰਟੀ ਦੇ ਨਾਅਰੇ (Slogans) , ਚਿੰਨ੍ਹ (Symbols ਤੋਂ ਸੰਕਲਪ (Concept) , ਜੋ ਲਾਲਾ ਹਰਦਿਆਲ ਦੁਆਰਾ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਕੋਲੋਂ ਗ੍ਰਹਿਣ ਕੀਤੇ ਗਏ ਸਨ, ਜ਼ਾਹਰਾ ਤੌਰ ‘ਤੇ ਹਿੰਦੂਵਾਦੀ ਰੰਗਤ ਵਾਲੇ ਸਨ।

ਗ਼ਦਰ ਪਾਰਟੀ ਦਾ ਮੁੱਖ ਨਾਅਰਾ ‘ਬੰਦੇ ਮਾਤਰਮ ਸੀ, ਹੈੱਡ ਕੁਆਟਰ ਦਾ ਨਾਂਅ ‘ਯੁਗਾਂਤਰ ਆਸ਼ਰਮ ਸੀ ਅਤੇ ਭਾਰਤ ਦੇਸ ਲਈ ‘ਭਾਰਤ ਮਾਤਾਂ ਦਾ ਪ੍ਰਤੀਕ ਇਸਤੇਮਾਲ ਕੀਤਾ ਜਾਂਦਾ ਸੀ । ‘ਬੰਦੇ ਮਾਤਰਮ” ਬਾਬੂ ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਅਨੰਦ ਮੱਠੰ ਦੇ ਨਾਵੱਲ ਵਿਚੋਂ ਲਿਆ ਗਿਆ ਸੀ ਅਤੇ ਉਹਨਾਂ ਸਮਿਆਂ ਵਿਚ ਇਸ ਨਾਹਰੇ ਦੀ ਵਰਤੋਂ ਬੰਗਾਲ ਅੰਦਰ ਹਿੰਦੂਆਂ ਵਲੋਂ ਮੁਸਲਮਾਨ ਭਾਈਚਾਰੇ ਨੂੰ ਚਿੜਾਉਣ ਅਤੇ ਉਹਨਾਂ ਦੀ ਤੌਹੀਨ ਕਰਨ ਲਈ ਆਮ ਕੀਤੀ ਜਾਂਦੀ ਸੀ । ਨਾਵਲ ਵਿੱਚ ਵੀ ਮੁਸਲਮਾਨ ਭਾਈਚਾਰੇ ਪ੍ਰਤੀ ਘੋਰ ਨਫ਼ਰਤ ਦਾ ਪ੍ਰਚਾਰ ਕੀਤਾ ਗਿਆ ਸੀ । ‘ਯੁਗਾਂਤਰ ਵੀ ਬੰਗਾਲੀ ਬਾਬੂ ਆਰਵਿੰਦੋ ਘੋਸ਼ ਵਲੋਂ ਕੱਢੇ ਜਾਂਦੇ ਪਰਚੇ ਦਾ ਨਾਂਅ ਸੀ ਜਿਸ ਦਾ ਮਨੋਰਥ ਹਿੰਦੁਸਤਾਨ ਵਿਚ ਨਿਰੋਲ ਹਿੰਦੁਸਤਾਨੀ ਕੌਮ ਦੀ ਸਿਰਜਣਾ ਅਤੇ ਹਿੰਦੂ ਗੌਰਵ ਨੂੰ ਮੁੜ ਬਹਾਲ ਕਰਨਾ ਸੀ ।ਭਾਰਤ ਮਾਤਾ, ਦਾ ਸੰਕਲਪ ਵੀ ਦੇਵੀ ਪੂਜ ਹਿੰਦੂ ਬਿਰਤੀ ਤੇ ਪ੍ਰੰਪਰਾ ਦੀ ਤਰਜਮਾਨੀ ਕਰਦਾ ਹੈ।

ਇਸ ਕਰਕੇ ਇਹ ਬੁੱਤ ਪ੍ਰਸਤ ਹਿੰਦੂ ਸਮਾਜ ਲਈ ਤਾਂ ਪਵਿੱਤਰ ਹੈ ਸਕਦਾ ਹੈ, ਪਰ ਖ਼ੁਦਾ- ਪ੍ਰਸਤ ਮੁਸਲਿਮ ਭਾਈਚਾਰਾ ਇਸ ਹਿੰਦੂ ਸੰਕਲਪ ਦਾ ਧਾਰਨੀ ਕਦਾਚਿਤ ਨਹੀਂ ਹੈ ਸਕਦਾ । ਸੋ ਲਾਲਾ ਹਰਦਿਆਲ ਵੱਲੋਂ ਤੈਅ ਕੀਤੇ ਗਏ ਇਹ ਹਿੰਦੂ ਰੰਗਤ ਵਾਲੇ ਨਾਅਰੇ ਤੇ ਸੰਕਲਪ ਮੁਸਲਮਾਨ ਭਾਈਚਾਰਾ ਕਿਵੇਂ ਪ੍ਰਵਾਨ ਕਰ ਸਕਦਾ ਸੀ ? ਗ਼ਦਰੀ ਸਿੱਖਾਂ ਨੇ ਇਹ ਨਾਅਰੇ ਤੇ ਸੰਕਲਪ ਕਿਹੜੇ ਹਾਲਾਤਾਂ ਤੇ ਕਾਰਨਾਂ ਅਧੀਨ ਪ੍ਰਵਾਨ ਕਰ ਲਏ ਸਨ ਅਤੇ ਇਹਨਾਂ ਸਦਕਾ ਲਹਿਰ ਅੰਦਰ ਕਿਹੋ ਜਿਹੇ ਸਿਧਾਂਤਕ ਵੱਜ ਪਏ, ਇਹ ਇਕ ਡੂੰਘੇ ਵਿਸ਼ਲੇਸ਼ਣ ਦਾ ਮਸਲਾ ਹੈ, ਜਿਸ ਬਾਰੇ ਮੇਰੀ ਆਉਣ ਵਾਲੀ ਪੁਸਤਕ ‘ਗ਼ਦਰ ਲਹਿਰ ਦੀ ਅਸਲੀ ਗਾਥਾ, ਦੀ ਤੀਜੀ ਜਿਲਦ ਵਿਚ ਵਿਸਥਾਰ ਸਹਿਤ ਚਰਚਾ ਕੀਤੀ ਜਾਵੇਗੀ ।ਇਕ ਗੱਲ ਪ੍ਰਤੱਖ ਹੈ ਕਿ ਗ਼ਦਰੀ ਦੇਸ਼ਭਗਤਾਂ ਨੇ, ਉਹ ਸਿੱਖ ਸਨ ਜਾਂ ਹਿੰਦੂ, ਵੇਲੇ ਦੀ ਭਾਰੂ ਵਿਚਾਰਧਾਰਾ ਦਾ ਅਲੱਗ ਅਲੱਗ ਦਰਜੇ ਤਕ ਅਸਰ ਕਬੂਲਿਆ ਹੋਇਆ ਸੀ । ਇਸ ਦੇ ਝਲਕਾਰੇ ਬਾਬਾ ਸੋਹਨ ਸਿੰਘ ਭਕਨਾ ਦੀ ਹਥਲੀ ਲਿਖਤ ਵਿਚੋਂ ਵੀ ਮਿਲ ਜਾਂਦੇ ਹਨ ।

ਬਾਬਾ ਜੀ ਦੀ ਇਸ ਲਿਖਤ ਵਿਚੋਂ ਇਹ ਗੱਲ ਸਪਸ਼ਟਉਭਰਕੇ ਸਾਹਮਣੇ ਆਉਦੀ ਹੈ ਕਿ ਉਹਨਾਂ ਦਾ ਪਰਿਵਾਰ ਪੂਰੀ ਤਰ੍ਹਾਂ ਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਪਰ ਬਾਬਾ ਭਕਨਾ ਅੱਲੜ੍ਹ ਉਮਰੇ ਮਾੜੀ ਸੰਗਤ ਕਾਰਨ ਇਸ ਰਾਹ ਤੋਂ ਭਟਕ ਗਏ ਸਨ ਤੇ ਇਕ ਮਹਾਂਪੁਰਖ ਬਾਬਾ ਕੇਸਰ ਸਿੰਘ ਦੀ ਸੰਗਤ ਨੇ ਉਹਨਾਂ ਦੇ ਜੀਵਨ ਦਾ ਮੁੜ ਕਾਇਅ ਾਕਲਪ ਕਰਕੇ ਉਹਨਾਂ ਨੂੰ ਸਿੱਖੀ ਦਾ ਗਾਡੀ ਰਾਹ ਦਿਖਾਇਆ ਸੀ, ਜਿਸ ਉਪਰ ਚੱਲਦਿਆਂ ਪਰਉਪਕਾਰ ਉਹਨਾਂ ਦੇ ਜੀਵਨ ਦਾ ਮੁੱਖ ਮਿਸ਼ਨ ਬਣ ਗਿਆ ਸੀ ।

‘ਸਿੱਖੀ ਸਪਿਰਟ ਨੇ ਹੀ ਉਹਨਾਂ. ਨੂੰ ਅਮਰੀਕਾ ਦੀ ਧਰਤੀ ਤੇ ਜਾ ਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ ਜਿਸ ਕਾਰਨ ਉਹ ਆਪਣੇ ਦੇਸ਼ ਨੂੰ ਅੰਗਰੇਜ਼ ਬਸਤੀਵਾਦੀਆਂ ਕੋਲੋਂ ਮੁਕਤ ਕਰਵਾਉਣ ਲਈ ਜਾਨ ਤਲੀ ਤੇ ਰੱਖ ਕੇ ਤੁਰ ਪਏ ਹਨ।ਬਾਬਾ ਸੋਹਣ ਸਿੰਘ ਭਕਨਾ ਆਪਣੀ ਲਿਖਤ ਵਿਚ ਦੱਸਦੇ ਹਨ ਕਿ ਕੈਨੇਡਾ, ਅਮਰੀਕਾ ਦੀਆਂ ਧਰਤੀਆਂ, ਅਤੇ ਹਾਂਗਕਾਂਗ 7 ਸਿੰਘਾਪੁਰ, ਪੀਨਾਂਗ, ਤੇ ਮਨੀਲਾ ਆਦਿ ਟਾਪੂਆਂ ‘ਤੇ ਗਏ ਸਿੱਖਾਂ ਵੱਲੋਂ ਅਤਿ ਦੀਆਂ ਕਠਨ ਹਾਲਤਾਂ ਦੇ ਬਾਵਜੂਦ ਵੀ ਆਪਣੇ ਗੁਰਦੁਆਰੇ ਉਸਾਰੇ ਗਏ ਸਨ । ਇਹਨਾਂ ਗੁਰੂ ਘਰਾਂ ਵੱਲੋਂ ਜਿਥੇ ਬਾਹਰ ਜਾਣ ਵਾਲੇ ਮੁਸਾਫਰਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਮੁਹੱਈਆ ਕਰਵਾਈ ਜਾਂਦੀ ਸੀ, ਉਥੇ ਉਹਨਾਂ ਦੇ ਸਿੱਖੀ ਸਰੂਪ ਅਤੇ ਆਚਰਣ ਨੂੰ ਵੀ ਸਹੀ ਸਲਾਮਤ ਰੱਖਣ ਵਿਚ ਸਹਾਇਤਾ ਕੀਤੀ ਗਈ ਸੀ। ਇਸ ਤੋਂ ਇਲਾਵਾ ਉਹਨਾਂ ਦੇ ਮਨਾਂ ਵਿਚ ਰਾਜਸੀ ਚੇਤਨਾ ਦਾ ਬੀਅ ਬੀਜਿਆ ਗਿਆ ਸੀ ਜੋ ਬਾਅਦ ਵਿੱਚ ਗ਼ਦਰ ਲਹਿਰ ਦਾ ਬੂਟਾ ਬਣ ਗਿਆ ਸੀ । ਇਸ ਤੱਥ ਨੂੰ ਕੋਈ ਨਹੀਂ ਝੁਠਲਾ ਸਕਦਾ ਕਿ ਗ਼ਦਰ ਲਹਿਰ ਦੇ ਸਮੁੱਚੇ ਇਤਿਹਾਸ ਅੰਦਰ ਇਹਨਾਂ ਗੁਰਦੁਆਰਿਆਂ ਵਲੋਂ ਕੇਂਦਰੀ ਭੂਮਿਕਾ ਨਿਭਾਈ ਗਈ ਹੈ । ਬਾਬਾ ਭਕਨਾ ਜੀ ਖੁਦ ਆਖਦੇ ਹਨ ਕਿ ਕੈਨੇਡਾ ਵਿਚ ਅਸ਼ੂਰੀਕਾ ਨਾਲੋਂ ਪਹਿਲਾਂ ਰਾਜਸੀ ਚੇਤਨਾ ਵਿਕਸਤ ਹੈ ਕੇ ਜਥੇਬੰਦੀ ਇਸ ਕਰਕੇ ਬਣ ਗਈ ਸੀ ਕਿਉਕਿ ਕੈਨੇਡਾ ਦੇ ਸਿੱਖਾਂ ਵੱਲੋਂ, ਗੁਰਦੁਆਰਾ ਪਹਿਲਾਂ ਬਣਾ ਲਿਆ ਗਿਆ ਸੀ । ਗ਼ਦਰ ਲਹਿਰ ਵਿੱਚ ਇਹਨਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਵੱਲੋਂ ਵੀ ਮਹੱਤਵਪੂਰਨ ਰੋਲ ਨਿਭਾਇਆ ਗਿਆ। ਬਾਬਾ ਭਕਨਾ ਜੀ ਦੇ ਗ੍ਰੰਥੀਆਂ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ (ਕੈਨੇਡਾ) ਅਤੇ ਗ੍ਰੰਥੀ ਪ੍ਰੇਮ ਸਿੰਘ ਪੀਨਾਂਗਾ, ਦਾ ਜ਼ਿਕਰ ਬੜੇ ਸਤਿਕਾਰ ਨਾਲ ਕਰਦੇ ਹਨ ।

ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਤਾਂ ਗਦਰ ਲਹਿਰ ਵਿੱਚ ਸ਼ਹੀਦੀ ਪਾਈ ਸੀ।ਬਾਬਾ ਭਕਨਾ ਜੀ ਸਤਿਕਾਰ ਨਾਲ ਉਹਨਾਂ ਨੂੰ ਸ਼ਹੀਦਾਂ ਦੇ ਤਾਰਾ ਮੰਡਲ ਦਾ ਚੰਦ ਆਖਦੇ ਹਨ । ਇਹਨਾਂ ਸਮੇਤ ਗ਼ਦਰ ਲਹਿਰ ਵਿਚ ਦੇ ਦਰਜਨ ਦੇ ਲਗਭਗ ਗ੍ਰੰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ । ਜਿਹਨਾਂ ਯ ਕਈ ਫਾਂਸੀਆਂ ਲੱਗੇ ਹਨ ਤੇ ਬਹੁਤਿਆਂ ਨੇ ਜਾਇਦਾਦਾਂ ਜਬਤ ਕਰਵਾਕੇ ਉਮਰ ਕੈਦਾਂ ਭੋਗੀਆਂ ਹਨ । ਕੋਈ ਦੇ ਦਰਜਨ ਦੇ ਲਗਭਗ ਗੁਰਦਆਰੇ ਸਨ ਜੋ ਗਦਰ ਲਹਿਰ ਦੇ ਸਰਗਰਮ ਕੇਂਦਰ ਸਨਜਿਨ੍ਹਾਂ ਵਿਚੋਂ ਕਈਆਂ ਦਾ ਜ਼ਿਕਰ ਬਾਬਾ ਭਕਨਾ ਜੀ ਆਪਣੀ ਲਿਖਤ ਵਿੱਚ ਕਰਦੇ ਹਨ ਜਦ 1920 ਤੋਂ ਬਾਅਦ ਖਾਲਸਾ ਪੰਥ ਵੱਲੋਂ ਗੁਰਦੁਆਰੇ ਬ੍ਰਾਹਮਣਵਾਦੀ ਮਹੰਤਾਂ ਦੇ ਕਬਜ਼ੇ ਵਿਚੋਂ ਮੁਕਤ ਕਰਵਾ ਕੇ ਇਹਨਾਂ ਦਾ ਪ੍ਰਬੰਧ ਆਪਣੇ ਹੱਥ ਲੈ ਲਿਆ ਗਿਆ ਸੀ ਤਾਂ ਸਿੱਖ ਪੰਥ ਵਲੋਂ, ਮਹੰਤਸ਼ਾਹੀ ਦੌਰ ਦੀ ਅੰਗਰੇਜ਼ਾਂ? ਭਗਤ ਰੀਤ ਨਾਲੋਂ ਮੁਕੰਮਲ ਤੋੜ-ਵਿਛੋੜਾ ਕਰਦੇ ਹੋਏ, ਇਹਨਾਂ ਫ਼ਾਦਰੀ ਸੂਰਬੀਰਾਂ- ਨੂੰ ਪੂਰੇ ਮਾਣੇ? ਸਤਿਕਾਰ ਨਾਲ ਅਪਣਾ- ਲਿਆ ਗਿਆ ਸੀ । ਭਾਵੇਂ ਬਾਬਾ ਸੋਹਣ ਸਿੰਘ ਭਕਨਾ ਜੇਲ੍ਹ ਵਿਚ ਸਨ ਪਰ ਉਹ ਖੁਦ ਅੰਦਰੋਂ ਵੀ ਖਾਲਸਾ ਪੰਥ ਨਾਲ ; ਜੁੜੇ ਹੋਏ ਸਨ ਤੇ ਪੰਥ ਵੀ ਉਹਨਾਂ ਨੂੰ ਪੂਰਾ ਸਤਿਕਾਰ ਦੇ ਰਿਹਾ ਸੀ ।

1923-24 ਵਿੱਚ ਜਦੋਂ ਸੰਤ ਬਾਬਾ ਵਸਾਖਾ ਸਿੰਘ ਜੀ ਬਾਬਾ ਸੋਹਣ-ਸਿੰਘ ਭਕਨਾ ਨਾਲ ਕੋਇੰਬਟੂਰ (ਮਦਰਾਸ) ਦੀ ਜੇਲ੍ਹ ਵਿੱਚ ਮੁਲਾਕਾਤ ਕਰਨ ਗਏ ਸਨ ਤਾਂ ਬਾਬਾ ਭਕਨਾ ਜੀ ਨੇ ਬਾਹਰ ਚੱਲ ਰਹੀ ਅਕਾਲੀ ਐਜੀਟੇਸ਼ਨ ਵਿਚ ਸ਼ਮੂਲੀਅਤ ਨਾ ਕਰ ਸਕਣ ਕਰਕੇ ਸੰਤ ਬਾਬਾ ਵਸਾਖਾ ਸਿੰਘ ਨੂੰ ਕਿਹਾ ਸੀ ਕਿੰ ਤੁਸੀਂ ਕਿੱਡੇ ਭਾਗਾਂ ਵਾਲੇ ਹੈਂ ਜੋ ਬਾਹਰ ਅਕਾਲੀ ਐਜੀਟੇਸ਼ਨ ਵਿੱਚ ਸ਼ਮੂਲੀਅਤ- ਕਰ ਰਹੇ ਹੈ ਤੇ ਅਸੀਂ ਕਿੱਡੇ ਅਭਾਗੇ ਹਾਂ ਜੋ ਅੰਦਰ ਬੈਠੇ ਹਾਂ,ਜਦ 1930 ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ਉਮਰ ਕੈਦ ਪੂਰੀ ਹੋਣ ਤੇ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਸੀ ਤਾਂ ਬਾਬਾ ਜੀ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰ ਦਿੱਤੀ ਸੀ । ਸਿਹਤ ਜ਼ਿਆਦਾ ਕਮਜ਼ੋਰ ਹੋਣ ‘ਤੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਲਾਹੌਰ ਦੇ ਮੇਉ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ । ‘ਸਰਕਾਰ ਬਾਬਾ ਭਕਨਾ ਜੀ ਦੀ ਸ਼ਰਤਾਂ ਤਹਿਤ ਰਿਹਾਈ ਕਰਨਾ ਚਾਹੁੰਦੀ ਸੀ ਪਰ ਬਾਬਾ ਜੀ ਇਸ ਤਰ੍ਹਾਂ ਤਿਆਰ ਨਹੀਂ ਸਨ । ਅਖੀਰ ਸਰਕਾਰ ਨੂੰ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਦਾ ਐਲਾਨ ਕਰਨਾ ਪਿਆ । ਪਰ ਫੇਰ ਵੀ ਬਾਬਾ ਸੋਹਣ ਸਿੰਘ ਭਕਨਾ ਨੂੰ ਸਰਕਾਰ ਉਤੇ ਯਕੀਨ ਨਹੀਂ ਆ ਰਿਹਾ ਸੀ ਤੇ ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਸੀ । ਅਖੀਰ ਸੰਤ ਬਾਬਾ ਵਸਾਖਾ ਸਿੰਘ, ਖਾਲਸਾ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ, ਸੂ ਅਮਰ ਸਿੰਘ ਸ਼ੱਰੇ ਪੰਜਾਬ ਅਤੇ ਹੋਰ ਆਗੂ ! ਬਾਬਾ ਸੋਹਣ ਸਿੰਘ ਭਕਨਾ ਕੋਲ ਹਸਪਤਾਲ ਵਿੱਚ ਗਏ ਤੇ ਉਹਨਾਂ ਨੂੰ ਆਖਿਆ ਕਿ ਖਾਲਸਾ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਆਪਣੀ ਭੁੱਖ ਹੜਤਾਲ ਛੱਡ ਦੇਵੋ ਸਰਕਾਰ ਬਿਨਾਂ ਸ਼ਰਤ ਰਿਹਾਈ ਕਰ ਰਹੀ ਹੈ । ਇਸ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਬਾਬਾ ਜੀ ਨੇ ਭੁੱਖ ਹੜਤਾਲ ਛੱਡ ਦਿੱਤੀ ਸੀ ।

ਜਦ 23 ਜੁਲਾਈ 1930 ਨੂੰ ਲਾਹੌਰ ਜੇਲ੍ਹ ਵਿਚੋਂ ਬਾਬਾ ਸੋਹਣ ਸਿੰਘ ਭਕਨਾ ਦੀ ਰਿਹਾਈ ਹੋਈ ਸੀ ਤਾਂ ਸੰਤ ਬਾਬਾ ਵਸਾਖਾ ਸਿੰਘ ਤੇ ਹੋਰ ਪੰਥਕ ਆਗੂ ਉਹਨਾਂ ਨੂੰ ਸਭ ਤੋਂ ਪਹਿਲਾਂ ਲਾਹੌਰ ਦੇ ਡੇਰਾ ਸਾਹਿਬ ਗੁਰਦੁਆਰੇ ਲੈ ਕੇ ਗਏ ਸਨ ਜਿਥੇ ਗ੍ਰੰਥੀ ਅੱਛਰ ਸਿੰਘ, ਜੋ ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣੇ ਸਨ, ਨੇ ਸਿਰੋਪਾ ਦੇ ਕੇ ਬਾਬਾ ਭਕਨਾ ਜੀ ਦਾ ਸਨਮਾਨ ਕੀਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਮੱਥਾ ਟੇਕਣ ਉਪਰੰਤ ਇਹ ਸਾਰਾ ਜੱਥਾ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋਇਆ ਸੀ ਜਿਥੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬਾਬਾ ਸੋਹਣ ਸਿੰਘ ਭਕਨਾ ਦਾ ਭਰਵਾਂ ਤੇ ਨਿੱਘਾ ਸਨਮਾਨ ਕੀਤਾ ਗਿਆ ਸੀ । ਇਸ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਪੰਜਾਬ ਕਾਂਗਰਸ ਕਮੇਟੀ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ ਸੀ । ਜਦ 1935-36 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਈਆਂ ਤਾਂ ਅਕਾਲੀ ਦਲ ਚੰ ਦੇ ਧੜਿਆਂ ਦੀ ਖਿੱਚੋਤਾਣ ਵਧ ਜਾਣ ਕਰਕੇ, ਚੋਣਾਂ ਦਾ ਮਹੌਲ ਕਾਫੀ ਗੰਧਲਾ ਹੈ ਗਿਆ ਸੀ । ਪਰ ਵੱਡੀ ਗਿਣਤੀ ਚੰ ਸਿੱਖ ਪੰਥ ਦੀ ਇੱਛਾ ਸੀ ਕਿ ਇਹ ਚੋਣਾਂ ਸਰਬ ਸੰਮਤੀ ਨਾਲ ਹੋਣ ਤਾਂ ਕਿ ਪੰਥ ਹੋਰ ਫੁੱਟ ਦਾ ਸ਼ਿਕਾਰ ਨਾ ਹੋਵੇ । ਅਖੀਰ ਅਕਾਲੀ ਦਲ ਦੇ ਦੋਵਾਂ ਧੜ੍ਹਿਆਂ ਵੱਲੋਂ ਸੰਤ ਬਾਬਾ ਵਸਾਖਾ ਸਿੰਘ ਨੂੰ ਸਾਲਸ ਨਿਯੁਕਤ ਕਰ ਲਿਆ ਗਿਆ ਕਿ ਉਹ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਦੇਵੇ ਜਿੰਨਾਂ ਨੂੰ ਸਰਬਸੰਮਤੀ ਨਾਲ ਦੋਵੇਂ ਧੜੇ ਪ੍ਰਵਾਨ ਕਰ ਲੈਣਗੇ ।

ਸੰਤ ਬਾਬਾ ਵਸਾਖਾ ਸਿੰਘ ਨੇ ਆਪਣੀ ਥਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਸਾਲਸ ਨਿਯੁਕਤ ਕਰ ਦਿੱਤਾ ਜਿਸ ਨੂੰ ਅਕਾਲੀ ਦਲ ਦੇ ਦੋਵੇਂ ਧੜਿਆਂ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ । ਇਸ ਤੋਂ ਜਿਥੇ ਗ਼ਦਰੀ ਬਾਬਿਆਂ ਦੇ ਹਿਰਦਿਆਂ ਅੰਦਰ ਸਿੱਖ ਧਰਮ ਤੇ ਖਾਲਸਾ ਪੰਥ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਪਤਾ ਚਲਦਾ ਹੈ, ਉਥੇ ਨਾਲ ਹੀ ਸਿੱਖ ਪੰਥ ਅੰਦਰ ਗ਼ਦਰੀ ਦੇਸ਼ਭਗਤਾਂ ਪ੍ਰਤਿ ਪਿਆਰ ਤੇ ਸ਼ਰਧਾ ਦੇ ਭਾਵਾਂ ਦੀ ਵੀ ਪੁਸ਼ਟੀ ਹੁੰਦੀ ਹੈ । ‘ਬਾਬਾ ਸੋਹਣ ਸਿੰਘ ਭਕਨਾ ਆਪਣੀ ਲਿਖਤ ਵਿਚ ਇਸ ਅਹਿਮ ਤੱਥ ਨੂੰ ਵੀ ਸਾਫ਼ ਸ਼ਬਦਾਂ ਵਿਚ ਪ੍ਰਵਾਨ ਕਰਦੇ ਹਨ ਕਿ ਗ਼ਦਰ ਲਹਿਰ ਵਿਚ ਸ਼ਾਮਲ ਗਦਰੀਆਂ ਵਿੱਚੋਂ 90 ਫੀਸਦੀ ਸਿੱਖ ਸਨ, ਮੁਸਲਮਾਨ ਇੱਕ ਅੱਧਾ ਹੀ ਸੀ ਤੇ ਹਿੰਦੂ ; ਟਾਂਵੇਂ ਟਾਂਵੇਂ ਹੀ ਸਨ । ਜ਼ਾਹਰ ਹੈ ਕਿ ਬਾਬਾ ਜੀ ਦਾ ਇਹ ਤੱਥ ਪ੍ਰਗਟਾਵਾ ਕਿਸੇ ਫਿਰਕੂ ਤੰਗਨਜ਼ਰੀ ਦੀ ਦੇਣ ਨਹੀਂ ਹੈ, ਬਲਕਿ ਗ਼ਦਰ ਲਹਿਰ ਦੇ ਖਾਸੇ ਤੇ ਰੋਲ ਨੂੰ ਸਮਝਣ’ ਅਤੇ ਇਸ ਦੇ ਨਾਲ ਹੀ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦਾ ਹਕੀਕੀ ਵਿਸ਼ਲੇਸ਼ਣ ਕਰਨ ਲਈ ਇਸ ਤੱਥ ਦੀ ਭਾਰੀ ਅਹਿਮੀਅਤ ਹੈ ।

ਬਾਬਾ ਭਕਨਾ ਜੀ ਦੀ ਲਿਖਤ ਵਿਚੋਂ ਇਹ ਸੱਚ ਭਲੀਭਾਂਤ ਰੂਪਮਾਨ ਹੁੰਦਾ ਹੈ ਕਿ ਉਹਨਾਂ ਦਾ ਬਚਪਨ ਪੂਰੀ ਤਰ੍ਹਾਂ ਧਾਰਮਿਕ ਮਾਹੌਲ ਵਿਚ ਵਿਚਰਿਆ ਸੀ, ਆਪਣਾ ਜੀਵਨ ਵੀ ਉਨ੍ਹਾਂ ਨੇ ਸਿੱਖ ਸਿਧਾਂਤਾਂ ਅਨੁਸਾਰ ਢਾਲਿਆ ਹੋਇਆ ਸੀ, ਉਨ੍ਹਾਂ ਦੀ ਹਰ ਸਰਗਰਮੀ ਚੋਂ ਸਿੱਖੀ ਪ੍ਰਵਾਹਤ ਹੁੰਦੀ ਸੀ ਪਰ ਫਿਰ ਵੀ ਉਹ ਲਿਖਤ ਵਿਚ ਇਹ ਆਖਦੇ ਹਨ ਕਿ’ ਮੇਰਾ ਕਿਸੇ ਧਰਮ ਮਜ਼ਹਬ ਜਾਂ ਫ਼ਿਰਕੇ ਨਾਲ ਕੋਈ ਖਾਸ ਲਗਾਓ ਨਹੀਂ ਹੈ, ਮੈਂ ਨਿਰੋਲ ਹਿੰਦੁਸਤਾਨੀਂ ਹਾਂ ਤੇ ‘ਹਿੰਦੀ ਕੌਮ ਦਾ ਮੈਂਬਰ ਹਾਂ , ਪਰ ਇਸ ਦੇ ਨਾਲ ਹੀ ਉਹ ਇਹ ਸਪਸ਼ਟੀਕਰਨ ਦੇਣਾ ਵੀ ਜ਼ਰੂਰੀ ਸਮਝਦੇ ਹਨ ਕਿ ਇਹ ਨਾ ਸਮਝ ਲਿਆ ਜਾਵੇ ਕਿ ‘ਮੇਰਾ ਕੋਈ ਧਰਮ ਨਹੀਂ ਹੈ ।’ ਬਾਬਾ ਜੀ ਦੇ ਇਸ ਦੇਖਣ ਨੂੰ ਸਵੈ ਵਿਰੋਧੀ ਜਾਪਦੇ ਕਥਨ ਨੂੰ ਵੇਲੇ ਦੀਆਂ ਠੋਸ ਹਾਲਤਾਂ ਦੇ ਪ੍ਰਸੰਗ ਵਿਚ ਰੱਖਕੇ ਹੀ ਦੇਖਿਆ ਜਾਣਾ ਚਾਹੀਦਾ ਹੈ ।

ਜਿਨ੍ਹਾਂ ਦਿਨਾਂ ਵਿਚ ਗ਼ਦਰ ਲਹਿਰ ਪੈਦਾ ਹੋਈ ਸੀ ਉਹਨਾਂ ਦਿਨਾਂ ਵਿਚ “ਧਰਮ’ ਨਿਰਪੱਖ ਰਾਸ਼ਟਰਵਾਦ (Secular Nationalism) ਦੀ ਵਿਚਾਰਧਾਰਾ ਨੇ ਯਾਰਪ ਸਮੇਤ ਹਰ ਪਾਸੇ ਆਪਣੀ ਪੂਰਨ ਚੌਧਰ (Hegemony) ਕਾਇਮ ਕਰ ਲਈ ਸੀ। ਯਾਨੀ ਕਿ ਉਸ ਵਕਤ ਰਾਸ਼ਟਰਵਾਦ ਦੀ ਵਿਚਾਰਧਾਰਾ ਪੂਰੀ ਚੜ੍ਹਤਲ ਵਿਚ ਸੀ । ਉਸ ਵਕਤ ਇਸ ਵਿਚਾਰਧਾਰਾ ਨੂੰ ਕਿਧਰੋਂ ਕੋਈ ਚੁਣੌਤੀ ਨਹੀਂ ਮਿਲ ਰਹੀ ਸੀ । ਸਿੱਖ ਭਾਈਚਾਰੇ ਦਾ, ਖਾਸ ਕਰਕੇ ਰਾਜਸੀ ਖੇਤਰ ਚੇ ਸਰਗਰਮ ਵੱਡਾ ਹਿੱਸਾ ਵੀ ਇਸ ਵਿਚਾਰਧਾਰਾ ਦੇ ਪ੍ਰਭਾਵ ਤੇ ਦਬਾਅ ਹੇਠ ਆ ਗਿਆ ਸੀ। ਸਿੱਖ ਬੁੱਧੀਜੀਵੀਆਂ ਵਲੋਂ ਅਮਲੀ ਖੇਤਰ ਵਿੱਚ ਤਾਂ ਕੰਮ ਕੀਤਾ ਜਾ ਰਿਹਾ ਸੀ ਪਰ ਬੌਧਿਕ ਖੇਤਰ ਵਿੱਚ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਗਈ ਸੀ (ਪਰ ਹੁਣ ਹਰ ਪਾਸੇ ਵਿਦਵਾਨਾਂ ਵਲੋਂ ਨਿੱਗਰ ਅਧਾਰ ‘ਤੇ ਇਸ ਵਿਚਾਰਧਾਰਾ ਨੂੰ ਚੁਣੌਤੀ ਦਿੱਤੀ ਗਈ ਹੈਂ) 1947 ਤੱਕ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਅਸਲੀ ਚਰਿਤਰ ਪੂਰੀ ਤਰ੍ਹਾਂ ਪਰਗਟ ਨਹੀਂ ਹੋਇਆ ਸੀ ।

ਇਸ ਨੇ ਦੇਸ਼ਭਗਤੀ ਦੇ ਪਵਿੱਤਰ ਜਜ਼ਬੇ ਦਾ, ਲਿਬਾਸ ਕਹਿ ਲਵੋ ਜਾਂ ਨਕਾਬ, ਪਾਇਆ ਹੋਇਆ ਸੀ ! 1947 ਤੋਂ ਬਾਅਦ ਰਾਸ਼ਟਰਵਾਦ ਦੀ ਵਿਚਾਰਧਾਰਾ ਅੰਦਰ ਛੁਪੇ ਤਬਾਹੀਆਂ ਦੇ ਮੰਜ਼ਰ ਅਮਲੀ ਰੂਪ ਵਿਚ ਸਾਹਮਣੇ ਆਉਣੇ ਸ਼ੁਰੂ ਹੋਏ, ਕਿ ‘ਸਰਬ- ਸਾਂਝੀ ਭਾਰਤੀ ਕੌਮ ਜਾਂ ‘ਹਿੰਦੁਸਤਾਨੀ ਕੌਮ ਬਣਾਉਣ ਲਈ ਭਾਰਤ ਦੀ ਧਰਤੀ ‘ਤੇ ਵਸ ਰਹੇ ਵੱਖ- ਵੱਖ ਧਰਮਾਂ, ਸੱਭਿਆਚਾਰਾਂ ਤੇ ਨਸਲਾਂ ਦੇ ਲੋਕਾਂ ਦੀਆਂ ਵੱਖਰੀਆਂ ਸੱਭਿਆਚਾਰਕ ਪਛਾਣਾਂ ਤੇ ਵਿਲੱਖਣ ਹਸਤੀਆਂ ਨੂੰ ਮਿਟਾਕੇ ਹੀ ‘ਭਾਰਤੀ ਪਛਾਣ” ਦਾ ਰਾਹ ਪੱਧਰਾ ਹੈ ਸਕਦਾ ਹੈ। ਇਕੋ ਇਕ ਭਾਰਤੀ ਜਾਂ ਹਿੰਦੁਸਤਾਨੀ ਕੌਮ ਦੀ ਸਿਰਜਣਾ ਦਾ ਕਾਰਜ ਤੇ ਅਮਲ ਸਿੱਖ ਪੰਥ ਲਈ ਕਿਹੋ ਜਿਹੀਆਂ ਆਫ਼ਤਾਂ ਸਹੇੜੇਗਾ, ਉਸ ਵੇਲੇ ਗ਼ਦਰੀ ਦੇਸ਼ਭਗਤਾਂ, ਖਾਸ ਕਰਕੇ ਸਿੱਖੀ ਨਾਲ ਅਟੁੱਟ ਰੂਪ ਵਿਚ ਜੁੜੇ ਹੋਏ ਗ਼ਦਰੀ ਬਾਬਿਆਂ ਨੂੰ ਇਸ ਗੱਲ ਦਾ ਰਤੀ ਭਰ ਵੀ ਅੰਦੇਸ਼ਾ ਜਾਂ ਚਿੱਤ ਚੇਤਾ ਨਹੀਂ ਸੀ । ਉਸ ਵੇਲੇ ਅਜਿਹੀ ਕਲਪਨਾ ਕਰ ਸਕਣੀ ਸੰਭਵ ਨਹੀਂ ਸੀ। ਇਸ ਕਰਕੇ ਇਸ ਵਿਚ ਗ਼ਦਰੀ ਬਾਬਿਆਂ ਦਾ ਕੋਈ ਦੋਸ਼ ਨਹੀਂ । ਅਜਿਹੀ ਚੇਤਨਾ ਇਕ ਅਮਲ ਤੋਂ ਬਾਅਦ ਹੀ ਵਿਕਸਤ ਹੋਣੀ ਸੀ ।

ਬਾਬਾ ਸੋਹਣ ਸਿੰਘ ਭਕਨਾ ਦੇ ਧਰਮ ਬਾਰੇ ਉਪਰੋਕਤ ਕਥਨ ਨੂੰ ਇਸ ਠੋਸ ਪ੍ਰਸੰਗ ਵਿਚ ਰੱਖਕੇ ਹੀ ਦੇਖਿਆ ਜਾਣਾ ਚਾਹੀਦਾ ਹੈ । ਜਿਹੜੀ ਗੱਲ ਉਸ ਵਕਤ ਉਨ੍ਹਾਂ ਨੂੰ ਪੂਰੀ ਠੀਕ ਤੇ ਕੁਦਰਤੀ ਜਾਪਦੀ ਸੀ, ਠੋਸ ਅਮਲ ਵਿਚੋਂ ਉਹ ਪੂਰੀ ਤਰ੍ਹਾਂ ਗਲਤ ਤੇ ਵਿਨਾਸ਼ਕਾਰੀ ਸਾਬਤ ਹੋ ਗਈ ਹੈ । ਇਸ ਕਰਕੇ ਅੱਜ ਜੇਕਰ ਕੋਈ ਬਾਬਾ ਜੀ ਦੇ ਇਸ ਕਥਨ ਦੀ ਵਰਤੋਂ ਧਰਮ ਨੂੰ ਨਿੰਦਣ, ਜਾਂ ਸਿੱਖ . ਭਾਈਚਾਰੇ ਦੀਆਂ ਹੱਕੀ ਮੰਗਾਂ ਤੇ ਉਮੰਗਾਂ ਨੂੰ ਨਕਾਰਨ ਤੇ ਲਿਤਾੜਨ ਲਈ ਕਰਦਾ ਹੈ, ਤਾਂ ਉਸ ਦਾ ਇਹ ਕਰਮ ਸਿਧਾਂਤਕ ਤੇ ਨੈਤਿਕ, ਦੋਵਾਂ ਹੀ ਪੱਖਾਂ ਤੋਂ ਦੋਸ਼ਪੂਰਨ ਹੈ । ਸਪਸ਼ਟ ਹੈ ਕਿ ਬਾਬਾ ਸੋਹਣ ਸਿੰਘ ਭਕਨਾ ਧਰਮ ਦੀ ਵਿਆਖਿਆ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਪ੍ਰਭਾਵ ਤੇ ਦਬਾਅ ਹੇਠ ਕਰਦੇ ਹਨ । ਮਿਸਾਲ ਦੇ ਤੌਰ ‘ਤੇ ਉਹ ਆਖਦੇ ਹਨ, ‘ਧਰਮ ਮਨੁੱਖ ਮਾਤਰ ਦਾ ਸਾਂਝਾ ਹੁੰਦਾ ਹੈ, ਇਸ ਨੂੰ ਵੰਡਿਆਂ ਨਹੀਂ ਜਾ ਸਕਦਾ।” ਧਰਮ ਦੇ ਅਰਥ ਕਰਤਵ ਜਾਂ ਡਿਊਟੀ ਹਨ ।’ ‘ਧਰਮ ਦਾ ਅਰਥ ਮਨੁੱਖ ਮਾਤਰ ਨੂੰ ਗੁਲਾਮੀ ਦਾ ਅਹਿਸਾਸ ਕਰਵਾਕੇ ਅਜ਼ਾਦੀ ਦੇ ਰਾਹ ਪਾਉਣਾ ਹੈ ।’

ਹੁਣ ਜੇ ਬਾਬਾ ਜੀ ਦੇ ਇਸ ਕਥਨ ਨੂੰ ਹਿੰਦੂ ਧਰਮ ਉਤੇ ਢੁਕਾਇਆ ਜਾਵੇ ਤਾਂ ਇਸਨੂੰ ਸੱਚ ਮੰਨਣਾ ਬੜਾ ਔਖਾ ਹੈ । ਇਸ ਸੱਚਾਈ ਤੇ ਕੋਈ ਕਿਵੇਂ ਮੁਨਕਰ ਹੋਵੇਗਾ ਕਿ ਹਿੰਦੂ ਧਰਮ ਤਾਂ ਖੜ੍ਹਾ ਹੀ ਵਰਣ-ਵੰਡ ਦੇ ਪੱਖਪਾਤੀ ਸਿਧਾਂਤ ਉਤੇ ਹੈ । ਇਸ ਦੇ ਧਾਰਮਕ ਗ੍ਰੰਥ ਇਸ ਸਿਧਾਂਤ ਦੀ ਖੁਲ੍ਹਮ-ਖੁਲ੍ਹੀ ਵਕਾਲਤ ਕਰਦੇ ਹਨ । ਇਸ ਕਰਕੇ ਮਾਨਵ ਜਾਤੀ ਨੂੰ ਉਚੇ ਤੇ ਨੀਵੇਂ, ਪਵਿਤਰ ਤੇ ਅਪਵਿੱਤਰ ਵਰਗਾਂ ਵਿਚ ਵੰਡਣ ਵਾਲਾ ਧਰਮ ਮਨੁੱਖ ਮਾਤਰ ਦਾ ਸਾਂਝਾ ਕਿਸ ਤਰ੍ਹਾਂ ਹੋ ਸਕਦਾ ਹੈ ? ਇਸ ਧਰਮ ਵਿਚੋਂ ਅਜ਼ਾਦੀ, ਬਰਾਬਰੀ, ਕਰਤਵ ਜਾਂ ਡਿਊਟੀ ਦਾ ਜਜ਼ਬਾ ਕਿਵੇਂ ਪ੍ਰਫੁਲਤ ਹੈ ਸਕਦਾ ਹੈ ? ਇਹ ਧਰਮ ਮਨੁੱਖੀ ਬਰਾਬਰੀ ਤੇ ਆਜ਼ਾਦੀ ਦਾ ਸੰਦੇਸ਼ ਕਿਵੇਂ ਦੇ ਸਕਦਾ ਹੈ ? ਅਤੇ ਆਪਣੇ ਸ਼ਰਧਾਲੂਆਂ ਨੂੰ ਇਹਨਾਂ ਪਵਿਤਰ ਆਦਰਸ਼ਾਂ ਲਈ ਜੂਝਣ ‘ਚ ਪ੍ਰੇਰਣਾ ਕਿਵੇਂ ਦੇ ਸਕਦਾ ਹੈ ?

ਇਸ ਦੀ ਤੁਲਨਾ ਵਿਚ ਸਿੱਖ ਧਰਮ ਦਾ ਅਧਾਰ ਹੀ ਮਨੁੱਖੀ ਬਰਾਬਰੀ ਤੇ ਆਜ਼ਾਦੀ ਦੇ ਅਸੂਲ ਹਨ । ਇਹ ਮਾਨਵਤਾ ਨੂੰ ‘ਏਕ ਨੂਰ ਤੇ ਸਭ ਜਗ ਉਪਜਿਆ ਦਾ ਇਲਾਹੀ ਸੰਦੇਸ਼ ਦਿੰਦਾ ਹੈ । ਸਿਰਫ ਸੰਦੇਸ਼ ਨਹੀਂ ਦਿੰਦਾ, ਇਹਨਾਂ ਪਵਿਤਰ ਆਦਰਸ਼ਾਂ ਨੂੰ ਸਾਕਾਰ ਕਰਨ ਲਈ ਜੂਝਣ ਦੀ ਪ੍ਰੇਰਣਾ ਵੀ ਦਿੰਦਾ ਹੈ । ਇਹ ਅਸਲੀ ਅਰਥਾਂ ਵਿਚ ਉਹ ਧਰਮ ਹੈ ਜਿਹੜਾ ਮਨੁੱਖ ਨੂੰ ਕਰਤਵ ਅਤੇ ਡਿਊਟੀ ਸਿਖਾਉਦਾ ਹੈ ਅਤੇ ਗੁਲਾਮੀ ਦਾ ਅਹਿਸਾਸ ਕਰਵਾ ਕੇ ਆਜ਼ਾਦੀ ਦੇ ਰਾਹ ਪਾਉਦਾ ਹੈ । ਜਿਵੇਂ

‘ਜੇ ਜੀਵੈ, ਪਤਿ ਲਥੀ ਜਾਇ ।
ਸਭ ਹਰਾਮ ਜੇਤਾ ਕਿਛੁ ਖਾਇ ।’

ਇਸ ਵਿਆਖਿਆ ਤੋਂ, ਹਿੰਦੂ ਵਰਗ ਦੀ ਭਾਰੀ ਬਹੁਗਿਣਤੀ ਦੇ ਬਾਵਜੂਦ ਗਦਰ ਲਹਿਰ ਵਿਚ੍ਵ ਨਿਗੂਣੀ ਸ਼ਮੂਲੀਅਤ ਅਤੇ ਸਿੱਖਾਂ ਦੇ ਦੇਸ ਅੰਦਰ ਨਿਗੂਣੀ ਘੱਟਗਿਣਤੀ ਹੁੰਦਿਆਂ ਵੀ ਗ਼ਦਰ ਲਹਿਰ ਸਮੇਤ ਹਰ ਇਨਕਲਾਬੀ ਤਹਿਰੀਕ ਵਿਚ ਭਰਵੀਂ ਸ਼ਮੂਲੀਅਤ ਦਾ ਰਹੱਸ ਪੁਰੀ ਤਰ੍ਹਾਂ ਸਪਸ਼ਟ ਹੈ ਜਾਦਾ ਹੈ।

ਬਾਬਾ ਸੋਹਣ ਸਿੰਘ ਭਕਨਾ ਦੀ ਰਚਨਾ ‘ਮੇਰੀ ਰਾਮ ਕਹਾਣੀਂ ਨੂੰ ਏਨੇ ਸਾਲਾਂ ਬਾਅਦ ਪ੍ਰਕਾਸ਼ਤ ਕਰਨ ਲੱਗਿਆਂ ਵਾਰ- ਵਾਰ ਮਨ ਵਿੱਚ ਇਹ ਸੁਆਲ ਪੈਦਾ ਹੁੰਦਾ ਹੈ ਕਿ ਆਪਣੇ ਜਿਉਦੇ ਜੀਅ ਬਾਬਾ ਜੀ ਨੇ ਇਹ ਲਿਖਤ ਕਿਤਾਬੀ ਰੂਪ ਵਿੱਚ ਕਿਉਂ ਨਹੀਂ ਛਪਵਾਈ ਤੇ ਨਾ ਹੀ ਕਦੇ ਕਿਤੇ ਇਸਦਾ ਜ਼ਿਕਰ ਹੀ ਕੀਤਾ ਹੈ । ਸਗੋਂ 1967 ਵਿੱਚ ਆਪਣੀ ਹੋਰ ਜੀਵਨੀ ਲਿਖਕੇ ‘ਜੀਵਨ ਸੰਗਰਾਮ, ਦੇ ਅਨੁਵਾਨ ਤਹਿਤ ਛਪਵਾਈ ਹੈ । ਸਿਵਾਏ ‘ਗ਼ਦਰ ਪਾਰਟੀ ਲਹਿਰੇ ਦੇ ਕਰਤਾ ਸ. ਜਗਜੀਤ ਸਿੰਘ ਤੋਂ ਹੋਰ ਕਿਸੇ ਇਤਿਹਾਸਕਾਰ ਨੇ ਕਦੇ ਬਾਬਾ ਜੀ ਦੀ ਇਸ ਲਿਖਤ ਦਾ ਹਵਾਲਾ ਵੀ ਨਹੀਂ ਦਿੱਤਾ । ਸੋਹਣ ਸਿੰਘ ਜੋਸ਼ ਨੇ ਬਾਬਾ ਭਕਨਾ ਦੀ ਜੀਵਨੀ” ਇਕ ਜੀਵਨ-ਇਕ ਇਨਕਲਾਬ ਦੇ ਨਾਂਅ ਹੇਠ ਲਿਖੀ ਹੈ, ਉਸ ਵਿਚ ਵੀ ਕਿਤੇ “ਮੇਰੀ ਰਾਮ ਕਹਾਣੀ’ ਦਾ ਹਵਾਲਾ ਨਹੀਂ ਦਿੱਤਾ ਗਿਆ । ਗ਼ਦਰ ਪਾਰਟੀ ਦਾ ਜੋ ਇਤਿਹਾਸ ਗੁਰਚਰਨ ਸਿੰਘ ਸਹਿੰਸਰਾ ਵੱਲੋਂ ਲਿਖਿਆ ਗਿਆ ਹੈ, ਉਸ ਵਿਚ ਵੀ ਇਸ ਲਿਖਤ ਦਾ ਕਿਤੇ ਵੇਰਵਾ ਨਹੀਂ ਮਿਲਦਾ, ਹਾਲਾਂ ਕਿ ਬਾਬਾ ਭਕਨਾ ਜੀ ਖੁਦ ਇਤਿਹਾਸ ਕਮੇਟੀ ਦੇ ਪ੍ਰਧਾਨ ਸਨ ।

ਜਿਸ ‘ਅਕਾਲੀ ਤੇ ਪਰਦੇਸੀ’ ਅਖ਼ਬਾਰ ਵਿਚ “ਮੇਰੀ ਰਾਮ ਕਹਾਣੀਂ ਛਪੀ ਹੈ, ਇਸ ਦੀਆਂ ਦੇ ਜਿਲਦਾਂ ਸਿਰਫ਼ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੀ ‘ਸਿੱਖ ਇਤਿਹਾਸ ਅਤੇ ਖੋਜ ਲਾਇਬ੍ਰੇਰੀ ਵਿਚ ਪਈਆਂ ਹਨ । ਬਿਨਾਂ ਜਿਲਦਾਂ ਵਿਚੋਂ ਕਈ ਅਖਬਾਰਾਂ ਗੁੰਮ ਹਨ, ਜਿਸ ਕਰਕੇ ਲਿਖਤ ਦੀਆਂ ਉਹ ਕਿਸ਼ਤਾਂ ਗ਼ਾਇਬ ਹਨ, ‘ਅਕਾਲੀ ਤੇ ਪਰਦੇਸੀ’ ਦੀਆ 1930-31 ਸਾਲ ਦੀਆਂ ਜਿਲਦਾਂ ਲੱਭਣ ਲਈ ਕਲਕੱਤੇ, ਦੇਹਰਾਦੂਨ, ਜਲੰਧਰ ਦੇਸ ਭਗਤ ਹਾਲ, ਪੰਜਾਬੀ ਯੁਨੀਵਰਸਿਟੀ ਪਟਿਆਲਾ, ਦਿੱਲੀ ਨਹਿਰੂ ਮੈਮੋਰੀਅਲ ਲਾਇਬ੍ਰੇਰੀ ਤੇ ਸਟੇਟ ਆਰਕਾਈਵਜ ਪਟਿਆਲਾ ਤੱਕ ਖੋਜ ਕਰ ਲਈ ਹੈ ਪਰ ਇਹਨਾਂ ਸਾਲਾਂ ਦੀਆਂ ਜਿਲਦਾਂ ਨਹੀਂ ਮਿਲੀਆਂ । ਸੋ ਇਸ ਲਿਖਤ ਨੂੰ ਅਧੂਰਾ ਹੀ ਆਖਿਆ ਜਾ ਸਕਦਾ ਹੈ । ਜਿਥੇ ਕਿਸ਼ਤ ਗ਼ਾਇਬ ਹੈ ਉਥੇ ਦਾਣੇ (ਦੌਲ਼ਸ਼) ਲਗਾਏ ਗਏ ਹਨ। ਜੇ ਕਿਸੇ ਸੱਜਣ ਦੇ ਧਿਆਨਵਿਚ 1930- 31 ਦੀਆਂ ਮੁਕੰਮਲ ਜਿਲਦਾਂ ਕਿਤੇ ਪਈਆਂ ਹੋਣ ਤਾਂ ਉਹ ਇਸ ਲਿਖਤ ਨੂੰ ਮੁਕੰਮਲ ਕਰਵਾ ਸਕਦਾ ਹੈ।

ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਦਾ ਮਹਾਨ ਸ਼ਹੀਦੀ ਸਾਕਾ

ਡਾ. ਸੁਖਦਿਆਲ ਸਿੰਘ*
ਦਸੰਬਰ, 1715 ਤੋਂ ਲੈ ਕੇ ਜੂਨ, 1716 ਈ. ਤੱਕ ਮੁਗਲ ਸਾਮਰਾਜ ਦਾ ਸਾਰਾ ਧਿਆਨ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੰਘਾਂ ਨੂੰ ਤਸੀਹੇ ਦੇਣ ਵਿੱਚ ਅਤੇ ਮਾਰਨ ਵਿੱਚ ਹੀ ਲੱਗਿਆ ਰਿਹਾ। ਪਰ ਮੁਗ਼ਲ ਸਾਮਰਾਜ ਨੂੰ ਕਾਮਯਾਬੀ ਇਥੇ ਵੀ ਨਹੀਂ ਮਿਲੀ। ਆਖਰ ਤਸੀਹੇ ਦੇ ਕੇ ਜਦੋਂ ਸਿੰਘਾਂ ਦੇ ਸਰੀਰਾਂ ਦੀਆਂ ਹੱਡੀਆਂ-ਪਸਲੀਆਂ ਤੋੜ ਦਿੱਤੀਆਂ ਜਾ ਚੁੱਕੀਆਂ ਸਨ ਤਾਂ ਕਿਤੇ ਜਾ ਕੇ ਮੁਗ਼ਲ ਅਧਿਕਾਰੀ ਤਸੀਹੇ ਦੇਣੋਂ ਹਟੇ। ਕਿਉਂਕਿ ਇਸ ਤੋਂ ਵੱਧ ਹੋਰ ਤਸੀਹੇ ਦਿੱਤੇ ਹੀ ਨਹੀਂ ਜਾ ਸਕਦੇ ਸਨ।
ਇਹ ਗੱਲਾਂ ਇਸੇ ਹੀ ਇੱਕ ਤੱਥ ਤੋਂ ਸਾਬਤ ਹੋ ਜਾਂਦੀਆਂ ਹਨ ਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਤਿਰਪੋਲੀਆ ਕਿਲ੍ਹੇ ’ਚੋਂ ਕੱਢ ਕੇ ਮਹਿਰੌਲੀ ਵਿੱਚ ਕੁਤਬਦੀਨ ਬਖ਼ਤਿਆਰ ਕਾਕੀ ਦੀ ਮਜ਼ਾਰ ਨੇੜੇ ਲਿਆਂਦਾ ਗਿਆ ਸੀ ਤਾਂ ਬੰਦਾ ਸਿੰਘ ਬਹਾਦਰ ਨੂੰ ਚੁੱਕ ਕੇ ਹਾਥੀ ਦੇ ਹੌਦੇ ਵਿੱਚ ਬਿਠਾਇਆ ਗਿਆ ਸੀ, ਚੁੱਕ ਕੇ ਹੀ ਉਸ ਨੂੰ ਹਾਥੀ ਦੇ ਹੌਦੇ ’ਚੋਂ ਉਤਾਰਿਆ ਗਿਆ ਸੀ ਅਤੇ ਚੁੱਕ ਕੇ ਹੀ ਉਸ ਨੂੰ ਮਜ਼ਾਰ ਦੇ ਆਲੇ-ਦੁਆਲੇ ਘੁਮਾਇਆ ਗਿਆ ਸੀ। ਇਹੀ ਹਾਲ ਬਾਕੀ ਦੇ ਸੀਨੀਅਰ ਸਿੰਘਾਂ ਦਾ ਸੀ। ਬੰਦਾ ਸਿੰਘ ਬਹਾਦਰ ਦੀ ਪਤਨੀ ਅਤੇ ਨੰਨ੍ਹਾ ਪੁੱਤਰ ਅਜੈ ਸਿੰਘ ਵੀ ਇਥੇ ਹੀ ਲਿਆਂਦੇ ਗਏ ਸਨ।
ਮਹਿਰੌਲੀ (ਦਿੱਲੀ) ਵਿੱਚ ਜਿਥੇ ਕੁਤਬਦੀਨ ਬਖ਼ਤਿਆਰੀ ਕਾਕੀ ਦੀ ਮਜ਼ਾਰ ਹੈ, ਉਸ ਤੋਂ ਕੁਝ ਵਿੱਥ ’ਤੇ ਇੱਕ ਬੜਾ ਉੱਚਾ ਦਰਸ਼ਨੀ ਦਰਵਾਜ਼ਾ ਸੀ। ਜਦੋਂ ਵੀ ਕੋਈ ਬਾਦਸ਼ਾਹ ਇਸ ਮਜ਼ਾਰ ’ਤੇ ਸਿਜਦਾ ਕਰਨ ਆਉਂਦਾ ਸੀ ਤਾਂ ਉਸ ਦਾ ਹਾਥੀ ਇਥੇ ਦਰਸ਼ਨੀ ਦਰਵਾਜ਼ੇ ਹੇਠ ਆ ਖੜੋਂਦਾ ਸੀ। ਇਥੋਂ ਬਾਦਸ਼ਾਹ ਉੱਤਰ ਕੇ ਅੱਗੇ ਮਜ਼ਾਰ ’ਤੇ ਮੱਥਾ ਟੇਕਣ ਜਾਂਦਾ ਸੀ। ਇਹ ਦਰਵਾਜ਼ਾ ਇੰਨਾ ਉੱਚਾ ਸੀ ਕਿ ਹਾਥੀ ਸਮੇਤ ਹੌਦੇ ਦੇ ਹੀ ਇਸ ਦੇ ਹੇਠਾਂ ਆ ਖੜੋਂਦਾ ਸੀ। ਇਹ ਦਰਵਾਜ਼ਾ ਹੁਣ ਵੀ ਬਿਨਾਂ ਛੱਤ ਤੋਂ ਖੜ੍ਹਾ ਹੈ।
ਬੰਦਾ ਸਿੰਘ ਬਹਾਦਰ ਨੂੰ ਬਾਕੀ ਕਾਫ਼ਲੇ ਦੇ ਨਾਲ ਇਥੇ ਲਿਆਂਦਾ ਗਿਆ। ਹਾਥੀ ਨੂੰ ਬਿਠਾ ਕੇ ਬੰਦਾ ਸਿੰਘ ਨੂੰ ਚੁੱਕ ਕੇ ਹੌਦੇ ਵਿੱਚੋਂ ਉਤਾਰਿਆ ਗਿਆ। ਉਸ ਦੇ ਹੱਥ ਵਿੱਚ ਇੱਕ ਸੋਟੀ ਫੜਾਈ ਗਈ। ਕੁਝ ਇੱਕ ਅਧਿਕਾਰੀਆਂ ਨੇ ਉਸ ਨੂੰ ਦੋਵੇਂ ਮੋਢਿਆਂ ਤੋ ਫੜਿਆ ਹੋਇਆ ਸੀ। ਪਹਿਲਾਂ ਉਸ ਦੇ ਕੁਝ ਗੇੜੇ ਬਖ਼ਤਿਆਰ ਕਾਕੀ ਦੀ ਮਜ਼ਾਰ ਦੇ ਦੁਆਲੇ ਕਢਾਏ ਗਏ, ਫਿਰ ਬਹਾਦਰ ਸ਼ਾਹ ਦੀ ਮਜ਼ਾਰ ਦੇ ਦੁਆਲੇ ਕੁਝ ਗੇੜੇ ਕਢਵਾਏ ਗਏ। ਉਸ ਦੇ ਸਾਹਮਣੇ ਉਸ ਦੇ ਪੁੱਤਰ ਅਤੇ ਪਤਨੀ ਨੂੰ ਬਿਠਾਇਆ ਗਿਆ। ਪਹਿਲਾਂ ਉਸ ਦੇ ਸੀਨੀਅਰ ਸਾਥੀਆਂ ਨੂੰ ਇੱਕ-ਇੱਕ ਕਰਕੇ ਦਰਵਾਜ਼ੇ ਨਾਲ ਪੁੱਠੇ ਲਮਕਾ-ਲਮਕਾ ਕੇ ਕੁੱਟਿਆ ਗਿਆ ਤੇ ਫਿਰ ਉਨ੍ਹਾਂ ਦੇ ਸਿਰ ਕਤਲ ਕੀਤੇ ਗਏ।
ਇਸ ਸਮੇਂ ਦਾ ਇਕ ਵਾਕਿਆ ਭਾਈ ਬਾਜ ਸਿੰਘ ਨਾਲ ਸਬੰਧਿਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਇਸ ਦੀ ਵਾਰੀ ਆਈ ਤਾਂ ਇਸ ਨੂੰ ਇੱਕ ਮੁਗ਼ਲ ਅਧਿਕਾਰੀ ਨੇ ਮਿਹਣਾ ਮਾਰਿਆ, ‘‘ਤੈਨੂੰ ਤਾਂ ਬੜਾ ਬਲਵਾਨ ਸੁਣੀਂਦਾ ਸੀ। ਕੀ ਹੁਣ ਵੀ ਤੂੰ ਉਹ ਬਹਾਦਰੀ ਦਿਖਾ ਸਕਦਾ ਹੈ?’’ ਬਾਜ ਸਿੰਘ ਬੇੜੀਆਂ ਵਿੱਚ ਬੰਨ੍ਹਿਆ ਹੋਇਆ ਸੀ। ਉਸ ਨੇ ਕਿਹਾ, ‘‘ਜੇ ਬਹਾਦਰੀ ਦੇਖਣੀ ਹੈ ਤਾਂ ਇਨ੍ਹਾਂ ਬੇੜੀਆਂ ਨੂੰ ਖੋਹਲ ਕੇ ਦੇਖੋ।’’ ਉਸ ਮੁਗ਼ਲ ਅਧਿਕਾਰੀ ਨੇ ਬੇੜੀਆਂ ਖੋਲ੍ਹ ਦਿੱਤੀਆਂ। ਬੇੜੀਆਂ ਖੋਲ੍ਹਣ ਦੀ ਹੀ ਦੇਰ ਸੀ ਕਿ ਬਾਜ ਸਿੰਘ ਨੇ ਝਪਟ ਕੇ ਉਸੇ ਅਧਿਕਾਰੀ ਨੂੰ ਹੇਠਾਂ ਸੁੱਟ ਲਿਆ। ਬੜੀ ਮੁਸ਼ਕਲ ਨਾਲ ਬਾਜ ਸਿੰਘ ਨੂੰ ਕਾਬੂ ਕਰਕੇ ਉਸ ਨੂੰ ਕੁੱਟ-ਕੁੱਟ ਕੇ ਅੱਧ-ਮਰਿਆ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਦਾ ਸਿਰ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ। ਇਉਂ ਇੱਕ-ਇੱਕ ਕਰਕੇ ਬੰਦਾ ਸਿੰਘ ਦੇ ਸਾਰੇ ਦੇ ਸਾਰੇ ਸਾਥੀ ਉਸ ਦੇ ਸਾਹਮਣੇ ਕੋਹ-ਕੋਹ ਕੇ ਮਾਰੇ ਗਏ। ਸ਼ਹੀਦ ਹੋਣ ਵਾਲੇ ਇਨ੍ਹਾਂ 17 ਸੀਨੀਅਰ ਸਾਥੀ ਸਿੰਘਾਂ ਦੇ ਪੂਰੇ ਨਾਂ ਨਹੀਂ ਮਿਲ ਸਕੇ। ਪਰ ਜਿਹੜੇ ਹੁਣ ਤੱਕ ਮਿਲੇ ਹਨ ਉਹ ਇਉਂ ਹਨ: ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਫ਼ਤਹਿ ਸਿੰਘ, ਭਾਈ ਹਰਿਦਾਸ ਸਿੰਘ ਰਾਮਗੜ੍ਹੀਆ, ਭਾਈ ਧਰਮ ਸਿੰਘ, ਭਾਈ ਪਰਮ ਸਿੰਘ ਰਾਮਗੜ੍ਹੀਆ, ਭਾਈ ਗੁਰਦਾਸ ਸਿੰਘ ਬਹਿਲੋ ਕਾ, ਭਾਈ ਮੱਲ ਸਿੰਘ ਜਰਗ ਦਾ, ਭਾਈ ਜੰਗ ਸਿੰਘ ਬਨੂੜ ਦਾ, ਭਾਈ ਸੰਗਤ ਸਿੰਘ ਬੰਗੇਸਰੀ, ਭਾਈ ਚੂਹੜ ਸਿੰਘ ਵਣਜਾਰਾ ਆਦਿ।
ਇਹ ਸਾਰਾ ਕੁਝ ਇਹਤਮਾਦ-ਉਦ-ਦੌਲਾ ਅਮੀਨ ਖਾਨ ਚੀਨ ਬਹਾਦਰ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ। ਬੰਦਾ ਸਿੰਘ ਮੁੱਢ ਤੋਂ ਲੈ ਕੇ ਅਖੀਰਲੇ-ਇਸ ਸਮੇਂ ਤੱਕ, ਇਸੇ ਅਧਿਕਾਰੀ ਦੀ ਹੀ ਸਪੁਰਦਗੀ ਵਿੱਚ ਸੀ। ਬੰਦਾ ਸਿੰਘ ਦੇ ਸਾਹਮਣੇ ਕਾਜ਼ੀ ਆਇਆ। ਉਸ ਨੇ ਸ਼ਰ੍ਹਾ ਦਾ ਹੁਕਮ ਦੱਸਦਿਆਂ ਕਿਹਾ, ‘‘ਇਸ ਦੋਜਖ਼ੀ ਨੇ ਮੁਸਲਮਾਨਾਂ ਦੇ ਹਜ਼ਾਰਾਂ ਬੱਚੇ ਮਾਰੇ ਹਨ ਇਸ ਲਈ ਇਸ ਦੇ ਬੱਚੇ ਨੂੰ ਇਸ ਦੀ ਗੋਦ ਵਿੱਚ ਬਿਠਾ ਕੇ ਜ਼ਿਬਾਹ ਕੀਤਾ ਜਾਵੇ। ਹਾਂ ਇਸ ਨੂੰ ਇਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਹੈ ਕਿ ਜੇ ਇਹ ਖ਼ੁਦ ਆਪਣੇ ਬੱਚੇ ਨੂੰ ਮਾਰਨਾ ਚਾਹੇ ਤਾਂ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ ਹੈ।’’ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਛੁਰਾ ਫੜਾਇਆ ਗਿਆ। ਬੱਚਾ ਉਸ ਦੀ ਗੋਦ ਵਿੱਚ ਬਿਠਾਇਆ ਗਿਆ। ਇਹ ਹਕੂਮਤ ਦਾ ਅਖੀਰਲਾ ਵਾਰ ਸੀ। ਉਹ ਹਰ ਹਾਲਤ ਵਿੱਚ ਬੰਦਾ ਸਿੰਘ ਬਹਾਦਰ ਨੂੰ ਡੁਲਾਉਣਾ ਚਾਹੁੰਦੀ ਸੀ। ਮਾਸੂਮ ਬੱਚੇ ਨੂੰ ਮਾਰਨ ਦਾ ਕੋਈ ਮਤਲਬ ਹੀ ਨਹੀਂ ਸੀ ਬਣਦਾ। ਇਹ ਸਿਰਫ਼ ਬੰਦਾ ਸਿੰਘ ਬਹਾਦਰ ਤੋਂ ਈਨ ਮਨਵਾਉਣ ਖ਼ਾਤਰ ਹੀ ਕੀਤਾ ਗਿਆ ਸੀ। ਹੁਕਮ ਕੀਤਾ ਗਿਆ ਕਿ ਉਹ ਆਪਣੇ ਬੱਚੇ ਨੂੰ ਆਪ ਹੀ ਮਾਰੇ। ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ‘‘ਜੇ ਬੱਚੇ ਨੂੰ ਮਾਰਨਾ ਹੀ ਹੈ ਤਾਂ ਤੁਸੀਂ ਖੁਦ ਹੀ ਮਾਰੋ ਤਾਂ ਕਿ ਸੰਸਾਰ ਨੂੰ ਪਤਾ ਲੱਗ ਸਕੇ ਕਿ ਇਸਲਾਮ ਬੱਚਿਆਂ ਨੂੰ ਵੀ ਕਤਲ ਦੀ ਸਜ਼ਾ ਦਿੰਦਾ ਹੈ।’’ ਫਲਸਰੂਪ ਬੱਚੇ ਨੂੰ ਜਲਾਦ ਨੇ ਹਲਾਲ ਕਰਕੇ ਕਤਲ ਕਰ ਦਿੱਤਾ। ਬੱਚੇ ਦਾ ਤੜਫਦਾ ਹੋਇਆ ਦਿਲ ਕੱਢਿਆ ਗਿਆ ਅਤੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਬੰਦਾ ਸਿੰਘ ਬਹਾਦਰ ਸ਼ਾਂਤ-ਚਿਤ ਗੁਰੂ ਦੀ ਬਾਣੀ ਦਾ ਪਾਠ ਕਰਦਾ ਹੋਇਆ ਸਭ ਸਹਿਣ ਕਰ ਰਿਹਾ ਸੀ।
ਇਸ ਤੋਂ ਵੱਡਾ ਵਾਰ ਬੰਦਾ ਸਿੰਘ ਬਹਾਦਰ ਉਪਰ ਹੋਰ ਕੋਈ ਨਹੀਂ ਹੋ ਸਕਦਾ ਸੀ ਪਰ ਉਹ ਇਸ ਵਾਰ ਨੂੰ ਵੀ ਝੱਲ ਗਿਆ। ਉਧਰ ਬਾਦਸ਼ਾਹ ਪਲ-ਪਲ ਦੀ ਖ਼ਬਰ ਰੱਖ ਰਿਹਾ ਸੀ। ਉਹ ਪੁੱਛ ਰਿਹਾ ਸੀ ਕਿ ਬੰਦਾ ਸਿੰਘ ਮੁਸਲਮਾਨ ਬਣਨਾ ਮੰਨਿਆ ਹੈ ਕਿ ਨਹੀਂ। ਉਸ ਨੂੰ ਦੱਸਿਆ ਗਿਆ ਕਿ ਬੰਦਾ ਸਿੰਘ ਤਾਂ ਆਪਣੇ ਪੁੱਤਰ ਦੇ ਮਾਰੇ ਜਾਣ ’ਤੇ ਵੀ ਉਸੇ ਤਰ੍ਹਾਂ ਅੜਿਆ ਬੈਠਾ ਹੈ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਖੁਦ ਮਿਲਣ ਦੀ ਇੱਛਾ ਪ੍ਰਗਟ ਕੀਤੀ ਕਿਉਂਕਿ ਉਹ ਸਮਝਦਾ ਸੀ ਕਿ ਜਿਹੜਾ ਵਿਅਕਤੀ ਆਪਣੇ ਪੁੱਤਰ ਦੀ ਮੌਤ ਨੂੰ ਵੀ ਸਹਿਣ ਕਰ ਗਿਆ ਹੈ ਉਹ ਸੱਚਮੁੱਚ ਹੀ ਆਪਣੇ ਵਿਸ਼ਵਾਸ ਦਾ ਪੱਕਾ ਹੈ। ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨਾਲ ਗੱਲਾਂ ਕਰਨ ਦਾ ਮਨ ਬਣਾਇਆ। ਬਾਦਸ਼ਾਹ ਉੱਥੇ ਪਹੁੰਚਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ,‘‘ ‘ਆਖਰ ਤੂੰ ਚਾਹੁੰਦਾ ਕੀ ਹੈਂ? ਤੂੰ ਇਤਨਾ ਹੱਠ ਕਿਸ ਲਈ ਦਿਖਾ ਰਿਹਾ ਹੈਂ? ਕੀ ਤੈਨੂੰ ਨਹੀਂ ਪਤਾ ਕਿ ਤੇਰੇ ਪੁੱਤਰ ਨੂੰ ਮਾਰ ਦਿੱਤਾ ਗਿਆ ਹੈ? ਅਤੇ ਤੈਨੂੰ ਵੀ ਮਾਰ ਦਿੱਤਾ ਜਾਣਾ ਹੈ।’’ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ‘‘ਇਸ ਗੱਲ ਦਾ ਮੈਨੂੰ ਉਸ ਸਮੇਂ ਹੀ ਪਤਾ ਸੀ ਜਦੋਂ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਤੁਰਿਆ ਸੀ। ਮੇਰਾ ਕੁਝ ਨਹੀਂ ਹੈ। ਸਭ ਕੁਝ ਮੇਰੇ ਗੁਰੂ ਦਾ ਹੈ। ਮੈਂ ਵੀ ਆਪਣੇ ਗੁਰੂ ਦੀ ਅਮਾਨਤ ਹਾਂ। ਜਦੋਂ ਤੱਕ ਮੇਰੇ ਵਿੱਚ ਤਾਕਤ ਸੀ ਮੈਂ ਲੜਦਾ ਰਿਹਾ ਹਾਂ। ਅੱਜ ਮੇਰੇ ’ਚ ਲੜਨ ਦੀ ਤਾਕਤ ਨਹੀਂ ਹੈ ਪਰ ਮੈਂ ਮਰ ਤਾਂ ਸਕਦਾ ਹਾਂ। ਤੁਸੀਂ ਮੇਰੇ ਵਿਸ਼ਵਾਸ ਨੂੰ ਨਹੀਂ ਤੋੜ ਸਕਦੇ।’’ ਬਾਦਸ਼ਾਹ ਇਹ ਸੁਣ ਕੇ ਨਿਰਉੱਤਰ ਹੋ ਗਿਆ ਸੀ।
ਮੁਹੰਮਦ ਅਮੀਨ ਖਾਨ ਲਗਾਤਾਰ ਬੰਦਾ ਸਿੰਘ ਬਹਾਦਰ ਦੇ ਨੇੜੇ ਰਿਹਾ ਸੀ। ਉਹ ਬੰਦਾ ਸਿੰਘ ਨਾਲ ਕੁਝ ਲੜਾਈਆਂ ਵੀ ਲੜ ਚੁੱਕਿਆ ਸੀ। ਉਹ ਵੀ ਇਸ ਸਥਿਤੀ ਤੋ ਡਾਵਾਂਡੋਲ ਹੋ ਗਿਆ ਸੀ। ਮਾਸੂਮ ਬੱਚੇ ਦੀ ਮੌਤ ਨੇ ਉਸ ਸਥਿਤੀ ਨੂੰ ਗੰਭੀਰਤਾ ਵਾਲੀ ਬਣਾ ਦਿੱਤਾ ਸੀ। ਉਥੇ ਖੜਾ ਹਰ ਅਧਿਕਾਰੀ ਚੁੱਪ ਸੀ ਅਤੇ ਗੰਭੀਰ ਸੀ। ਉਹ ਸਾਰੇ ਬੰਦਾ ਸਿੰਘ ਬਹਾਦਰ ਦੇ ਇਸ ਅੰਤਿਮ ਸਮੇਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣ ਰਹੇ ਸਨ।
ਜੇ ਕਾਜ਼ੀ, ਬਾਦਸ਼ਾਹ ਅਤੇ ਅਮੀਨ ਖਾਨ ਨੂੰ ਨਾ ਟੋਕਦਾ ਤਾਂ ਸ਼ਾਇਦ ਹੋਰ ਵੀ ਗੰਭੀਰ ਗੱਲਾਂ ਹੁੰਦੀਆਂ। ਕਾਜ਼ੀ ਨੇ ਗੱਲਾਂ ਨੂੰ ਕੱਟਦਿਆਂ ਕਿਹਾ, ‘‘ਕਾਫ਼ਰ ਨਾਲ ਬਹਿਸ ਵਿੱਚ ਪੈਣ ਦਾ ਕੋਈ ਫਾਇਦਾ ਨਹੀਂ ਹੈ ਇਸ ਨੂੰ ਮਾਰ ਦਿਓ।’’ ਬੰਦਾ ਸਿੰਘ ਬਹਾਦਰ ਨੇ ਕਾਜ਼ੀ ਨੂੰ ਕਾਫੀ ਕੁਝ ਬੁਰਾ-ਭਲਾ ਬੋਲਿਆ ਸੀ। ਇਸ ’ਤੇ ਕਾਜ਼ੀ ਨੇ ਕਿਹਾ ਕਿ ਇਸ ਕਾਫਰ ਦੀ ਜ਼ਬਾਨ ਬਹੁਤ ਚਲਦੀ ਹੈ। ਇਸ ਕਰਕੇ ਇਸ ਦੀ ਜੀਭ ਕੱਟ ਦਿੱਤੀ ਜਾਵੇ। ਜੀਭ ਕੱਟ ਦਿੱਤੀ ਗਈ। ਜਿਹੜਾ ਗੁੱਸਾ ਪਹਿਲਾਂ ਸ਼ਬਦਾਂ ਰਾਹੀਂ ਨਿਕਲਦਾ ਸੀ ਉਹ ਗੁੱਸਾ ਹੁਣ ਅੱਖਾਂ ਰਾਹੀਂ ਨਿਕਲਣਾ ਸ਼ੁਰੂ ਹੋ ਗਿਆ। ਜ਼ੁਬਾਨ ਬੰਦ ਹੋਣ ’ਤੇ ਬੰਦਾ ਸਿੰਘ ਦਾ ਖ਼ੂਨ ਅੱਖਾਂ ਵਿੱਚ ਉੱਤਰ ਆਇਆ ਸੀ। ਬੰਦਾ ਸਿੰਘ ਬਹਾਦਰ ਨੇ ਜਦੋਂ ਖੂਨ ਭਰੀਆਂ ਅੱਖਾਂ ਨਾਲ ਕਾਜ਼ੀ ਵੱਲ ਤੱਕਿਆ ਤਾਂ ਕਾਜ਼ੀ ਉਸ ਨਾਲ ਆਪਣੀਆਂ ਨਜ਼ਰਾਂ ਨਾ ਮਿਲਾ ਸਕਿਆ। ਬੰਦਾ ਸਿੰਘ ਬਹਾਦਰ ਵੱਲੋਂ ਇਸ ਤਰ੍ਹਾਂ ਖੂਨ ਭਰੀਆਂ ਅੱਖਾਂ ਨਾਲ ਕਾਜ਼ੀ ਵੱਲ ਤੱਕਣ ਦਾ ਭਾਵ ਸੀ ਕਿ ਤੂੰ ਮੇਰੀ ਜ਼ੁਬਾਨ ਕੱਟ ਕੇ ਵੀ ਮੈਨੂੰ ਮੇਰੇ ਸਿਦਕ ਤੋਂ ਡੁਲਾ ਨਹੀਂ ਸਕਦਾ। ਕਾਜ਼ੀ ਬੰਦਾ ਸਿੰਘ ਬਹਾਦਰ ਵੱਲ ਹੋਰ ਨਹੀਂ ਦੇਖ ਸਕਿਆ। ਉਸ ਨੇ ਬਿਨਾਂ ਉਸ ਵੱਲ ਦੇਖਿਆਂ ਹੀ ਕਹਿ ਦਿੱਤਾ ਕਿ ਇਸ ਕਾਫਰ ਦੀਆਂ ਅੱਖਾਂ ਕੱਢ ਦਿੱਤੀਆਂ ਜਾਣ। ਫਿਰ ਹੱਥ ਪੈਰ ਵੀ ਕੱਟ ਦਿੱਤੇ ਗਏ। ਹੁਣ ਪਿੱਛੇ ਬਚਿਆ ਵੀ ਕੀ ਸੀ? ਇਤਨਾ ਵੱਢਣ-ਟੁੱਕਣ ਨਾਲ ਤਾਂ ਵਿਅਕਤੀ ਦੇ ਵੈਸੇ ਹੀ ਖ਼ੂਨ ਵਗ ਕੇ ਪਰਾਣ ਨਿਕਲ ਜਾਂਦੇ ਹਨ। ਇਸ ਤਰ੍ਹਾਂ ਇੱਕ ਸੂਰਮਾ (ਬੰਦਾ ਸਿੰਘ ਬਹਾਦਰ) ਆਪਣੀ ਜਾਨ ਵਾਰ ਗਿਆ ਸੀ। ਦੂਸਰਾ ਸੂਰਮਾ (ਅਮੀਨ ਖ਼ਾਨ) ਉਸ ਵੱਲ ਦੇਖਦਾ ਹੀ ਰਿਹਾ ਸੀ। ਕਾਜ਼ੀ ਹੈਰਾਨ-ਪ੍ਰੇਸ਼ਾਨ ਸੀ। ਬਾਦਸ਼ਾਹ ਵੀ ਚੁੱਪ ਚਾਪ ਚਲਾ ਗਿਆ ਸੀ। ਅਮੀਨ ਖਾਨ ਚੀਨ ਬਹਾਦਰ ਨੇ ਬੰਦਾ ਸਿੰਘ ਬਹਾਦਰ ਦੇ ਕੱਟੇ ਹੋਏ ਅੰਗਾਂ ਨੂੰ ਇਕੱਠਿਆਂ ਕਰਕੇ ਇੱਕ ਸੰਦੂਕ ਵਿੱਚ ਬੰਦ ਕਰਵਾ ਦਿੱਤਾ। ਪਤਾ ਨਹੀਂ ਇਹ ਉਸ ਦੀ ਚੁੱਪ-ਚਾਪ ਦਿੱਤੀ ਗਈ ਸ਼ਰਧਾਂਜਲੀ ਸੀ ਜਾਂ ਪਛਤਾਵਾ। ਮੁਹੰਮਦ ਅਮੀਨ ਖ਼ਾਨ ਚੀਨ ਬਹਾਦਰ ਉਥੇ ਹੀ ਬੈਠਾ ਰਿਹਾ ਸੀ।
ਇਸ ਸਾਰੇ ਸਾਕੇ ਦੌਰਾਨ ਬੰਦਾ ਸਿੰਘ ਬਹਾਦਰ ਦੀ ਰਾਜਕੁਮਾਰੀ ਪਤਨੀ ਬੇਹੋਸ਼ ਹੋ ਗਈ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਨੂੰ ਚੁੱਕ ਕੇ ਬਾਦਸ਼ਾਹ ਦੀ ਮਾਂ, ਜਿਸ ਨੂੰ ਦੱਖਣੀ ਬੇਗ਼ਮ ਕਿਹਾ ਜਾਂਦਾ ਸੀ, ਦੇ ਮਹਿਲ ਵਿੱਚ ਪਹੁੰਚਾ ਦਿੱਤਾ ਜਾਵੇ। ਪਿੱਛੋਂ ਪਤਾ ਲੱਗਿਆ ਸੀ ਕਿ ਰਾਜਕੁਮਾਰੀ ਪਤਨੀ ਨੇ ਇੱਕ ਦਿਨ ਅੱਖ ਬਚਾ ਕੇ ਰਾਜਮਾਤਾ ਦੇ ਮਹਿਲ ਵਾਲੇ ਖੂਹ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਕਿਹਾ ਜਾਂਦਾ ਹੈ ਕਿ ਉਸ ਦਿਨ ਤੋਂ ਦੱਖਣੀ ਬੇਗ਼ਮ ਉਸ ਮਹਿਲ ਵਿੱਚ ਨਹੀਂ ਰਹੀ।
ਕਿਤਨੀ ਵਿਸ਼ੇਸ਼ਤਾ ਤੇ ਮਹੱਤਤਾ ਭਰੀ ਇਹ ਸ਼ਹਾਦਤ ਹੈ। ਜਿਤਨੇ ਵੀ ਸਿੰਘ ਬੰਦਾ ਸਿੰਘ ਬਹਾਦਰ ਨਾਲ ਫੜੇ ਗਏ ਸਨ, ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ, ਨਾ ਹੀ ਆਪਣੇ ਧਰਮ ਵੱਲੋਂ ਮੂੰਹ ਮੋੜਿਆ ਅਤੇ ਨਾ ਹੀ ਆਪਣੇ ਆਗੂ ਵੱਲੋਂ। ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਇਹ ਸਾਰੇ ਹੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਹਿਲਾਂ ਸ਼ਹੀਦ ਹੋ ਗਏ ਸਨ। ਬੰਦਾ ਸਿੰਘ ਬਹਾਦਰ ਇਨ੍ਹਾਂ ਦੀ ਸ਼ਹੀਦੀ ਦੇਖਦਾ ਰਿਹਾ ਸੀ ਤੇ ਅਖੀਰ ਨੂੰ ਆਪਣੀ ਸ਼ਹੀਦੀ ਦੇ ਗਿਆ ਸੀ। ਇਹ ਇਤਿਹਾਸ ਦਾ ਇਕ ਬੇਮਿਸਾਲ ਸਾਕਾ ਸੀ।

*ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬ ਇਤਿਹਾਸ
ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ: 98158-80539

ਲਾਹਾ ( ਜੀਵਨ ਲਕਸ਼ )

- ਸੂਬੇਦਾਰ ਧਰਮ ਸਿੰਘ ਸੁੱਜੋਂ
 ''ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥੧॥ ਰਹਾਉ॥''
(ਸਿਰੀਰਾਗੁ ਮ. ੫, ਅੰਕ : ੪੩)

ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਇਸ ਸੰਸਾਰ ਵਿਚ ਆਏ ਹਾਂ। ਕੁਝ ਸਮਾਂ ਹੋਰ ਇਥੇ ਰਹਿਣਾ ਹੈ। ਇਕ ਵਕਤ ਐਸਾ ਜ਼ਰੂਰ ਆਉਣਾ ਹੈ ਜਦੋਂ ਅਸੀਂ ਇਸ ਸੰਸਾਰ ਨੂੰ ਛੱਡ ਕੇ ਤੁਰ ਜਾਣਾ ਹੈ। ਕਿੱਥੇ ਤੁਰ ਜਾਣਾ ਹੈ, ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਕਦੋਂ ਤੁਰ ਜਾਣਾ ਹੈ, ਇਸ ਦੀ ਵੀ ਸਾਨੂੰ ਕੋਈ ਖ਼ਬਰ ਨਹੀਂ ਹੈ। ਪਰ ਜੋ ਕੁਝ ਵੀ ਥੋੜ੍ਹਾ ਬਹੁਤ ਸਮਾਂ ਸਾਡੇ ਹੱਕ ਵਿਚ ਬਾਕੀ ਹੈ, ਅਸੀਂ ਉਸ ਤੋਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਹੈ। ਲਾਹਾ? ਕਿਸ ਕਿਸਮ ਦਾ ਲਾਹਾ? ਇਸ ਪ੍ਰਸ਼ਨ ਦਾ ਉੱਤਰ ਹਾਸਲ ਕਰਨ ਲਈ, ਸੰਸਾਰ ਅੰਦਰ ਲਾਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਲੱਗੇ ਪ੍ਰਾਣੀਆਂ ਵੱਲ ਇਕ ਝਾਤ ਮਾਰਦੇ ਹਾਂ ਤਾਂ ਕੀ ਦੇਖਦੇ ਹਾਂ ਕਿ : -

ਅੱਜ ਦੇ ਸਾਇੰਸ ਦੇ ਯੁੱਗ ਵਿਚ ਸਾਇੰਸਦਾਨ, ਚੰਦ ਨੂੰ ਪੈਰਾਂ ਥੱਲੇ ਲਤਾੜਨ ਤੋਂ ਪਿੱਛੋਂ, ਅੱਗੇ ਹੋਰ ਤਾਰਿਆਂ ਦੇ ਪਹੁੰਚਣ ਵਿਚ ਜੀਵਨ ਦੀ ਸਫ਼ਲਤਾ ਸਮਝਦੇ ਹਨ। ਦੂਜੇ ਪਾਸੇ ਕੁਝ ਸਾਇੰਸਦਾਨ ਸਮੁੰਦਰ ਦੀ ਤਹਿ ਵਿਚੋਂ ਦੁਰਲੱਭ ਵਸਤੂਆਂ ਦੀ ਭਾਲ ਨੂੰ ਆਪਣਾ ਲਕਸ਼ ਬਣਾਈ ਬੈਠੇ ਹਨ।

ਸਿਕੰਦਰ, ਨਿਪੋਲੀਅਨ ਅਤੇ ਹਿਟਲਰ ਵਰਗੇ ਤਾਨਾਸ਼ਾਹ, ਸਾਰੇ ਸੰਸਾਰ ਨੂੰ ਫ਼ਤਹਿ ਕਰਕੇ, ਵਿਸ਼ਵ ਸਮਰਾਟ ਬਣਨ ਦੇ ਸੁਪਨੇ ਲੈਂਦੇ ਮਰ ਗਏ ਤੇ ਦੂਜੇ ਪਾਸੇ ਸ੍ਰੀ ਰਾਮਚੰਦਰ ਜੀ ਅਤੇ ਧਰੂ ਭਗਤ, ਰਾਜ ਭਾਗ ਨੂੰ ਲੱਤ ਮਾਰ, ਜੰਗਲਾਂ ਵਿਚੋਂ ਜੀਵਨ ਦੀ ਸਫ਼ਲਤਾ ਦੀ ਆਸ ਕਰਦੇ ਹਨ। ਇਕ ਪਾਸੇ ਬਿਰਲੇ, ਟਾਟੇ ਤੇ ਡਾਲਮੀਆ ਵਰਗੇ ਵੱਡੇ-ਵੱਡੇ ਧਨਾਢ, ਅਰਬਾਂ ਰੁਪਏ ਇਕੱਠੇ ਕਰਕੇ, ਕਾਰੂੰ ਵਾਂਗ ਖਜ਼ਾਨੇ ਭਰਨਾ ਹੀ ਜ਼ਿੰਦਗੀ ਦਾ ਮਨੋਰਥ ਥਾਪੀ ਬੈਠੇ ਹਨ ਅਤੇ ਦੂਜੇ ਪਾਸੇ ਇਕ ਗਰੀਬ ਕਿਸਾਨ ਮਿੱਟੀ ਵਿਚ ਮਿੱਟੀ ਹੋ ਕੇ, ਮਿੱਟੀ ਵਿਚੋਂ ਸਫ਼ਲਤਾ ਦੀ ਆਸ ਲਾਈ ਬੈਠਾ ਹੈ। ਇਸ ਤਰ੍ਹਾਂ ਇਕ ਦੂਜੇ ਤੋਂ ਵਿਰੋਧੀ ਰਸਤਿਆਂ 'ਤੇ ਚੱਲਦੇ ਹੋਏ ਸੰਸਾਰ ਨੂੰ ਦੇਖ ਕੇ, ਚੱਕਰ ਵਿਚ ਪੈ ਜਾਈਦਾ ਹੈ ਅਤੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਆਖ਼ਰ ਅਸੀਂ 'ਕਾਹੇ ਜਗਿ ਆਏ ਰਾਮ ਰਾਜੇ'। ਇਸ ਸਵਾਲ ਦੇ ਹੱਲ ਲਈ ਅਸੀਂ ਆਪਣੇ ਚੌਗਿਰਦੇ 'ਤੇ ਨਜ਼ਰ ਮਾਰਦੇ ਹਾਂ ਤਾਂ ਕੀ ਦੇਖਦੇ ਹਾਂ ਕਿ ਸੂਰਜ ਦੀ ਤਪਸ਼ ਦੇ ਕਾਰਨ, ਸਮੁੰਦਰ ਵਿਚੋਂ ਪਾਣੀ, ਭਾਫ਼ ਬਣ ਕੇ ਉੱਡਦਾ ਹੈ, ਬੱਦਲ ਬਣਦਾ ਹੈ। ਉੱਪਰ ਠੰਢੀ ਹਵਾ ਵਿਚ ਜਾ ਕੇ, ਜਾਂ ਪਹਾੜ ਨਾਲ ਟਕਰਾ ਕੇ, ਬਾਰਸ਼ ਦੇ ਰੂਪ ਵਿਚ ਜ਼ਮੀਨ 'ਤੇ ਬਰਸ ਜਾਂਦਾ ਹੈ। ਉਹ ਹੀ ਪਾਣੀ ਨਦੀਆਂ ਨਾਲਿਆਂ ਵਿਚੋਂ ਹੁੰਦਾ ਹੋਇਆ, ਉਸੇ ਸਮੁੰਦਰ ਵਿਚ ਮੁੜ ਜਾ ਮਿਲਦਾ ਹੈ ਜਿਥੋਂ ਕਿ ਭਾਫ਼ ਬਣ ਕੇ ਉੱਡਿਆ ਸੀ। ਬੀਜ ਨੂੰ ਧਰਤੀ ਵਿਚ ਬੀਜਦੇ ਹਾਂ। ਬੀਜ ਉੱਗ ਕੇ ਪੌਦਾ ਬਣਦਾ ਹੈ। ਪੌਦਾ ਬੂਟੇ ਦਾ ਰੂਪ ਧਾਰਦਾ ਹੈ। ਫੁੱਲ ਪੈਂਦਾ ਹੈ। ਫਲ ਲੱਗਦਾ ਹੈ। ਫਲ ਵਿਚ ਫ਼ੇਰ ਉਹ ਹੀ ਬੀਜ ਪੈਂਦਾ ਹੈ, ਆਪਣੀ ਯਾਤਰਾ ਸੰਪੂਰਨ ਕਰਦਾ ਹੈ, ਜਿਸ ਬੀਜ ਤੋਂ ਕਿ ਉਹ ਉੱਗਿਆ ਸੀ।

ਇਸੇ ਤਰ੍ਹਾਂ ਹੀ ਹੋਰ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਸੰਸਾਰ ਦੀ ਹਰ ਸ਼ੈਅ ਇਕ ਚੱਕਰ ਵਿਚ ਹਰਕਤ ਕਰਦੀ ਹੈ, ਜਿੱਥੋਂ ਉਹ ਉਪਜੀ ਸੀ, ਵੱਖੋ ਵੱਖ ਹਾਲਤਾਂ ਵਿਚੋਂ ਲੰਘ ਕੇ, ਮੁੜ ਉਥੇ ਹੀ ਪਹੁੰਚ ਕੇ ਆਪਣੀ ਯਾਤਰਾ ਸਮਾਪਤ ਕਰਦੀ ਹੈ।

''ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥੧੧॥"

(ਸਲੋਕ ਮ. ੯, ਅੰਕ : ੧੪੨੬-੨੭)

ਕੁਦਰਤ ਦਾ ਇਹ ਨਿਯਮ, ਸੰਸਾਰ ਦੀ ਹਰ ਸ਼ੈਅ 'ਤੇ ਲਾਗੂ ਹੁੰਦਾ ਹੈ, ਜਿਸ ਵਿਚ ਅਸੀਂ ਵੀ ਸ਼ਾਮਲ ਹਾਂ। ਸਾਡੀ ਉਪਜ ਦਾ ਸਰੋਤ ਕੀ ਹੈ? ਇਸ ਸਰੋਤ ਵੱਲ ਅਸੀਂ ਕਿਵੇਂ ਵਧੀਏ, ਤਾਂ ਜੋ ਅਸੀਂ ਵੀ ਆਪਣੇ ਉਪਜ ਸਰੋਤ ਤੱਕ ਪਹੁੰਚ, ਆਪਣੀ ਜੀਵਨ ਯਾਤਰਾ ਨੂੰ ਸਫ਼ਲ ਕਰ ਸਕੀਏ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਉਪਜ ਸਰੋਤ ਦੀ ਭਾਲ ਕਰੀਏ, ਪਹਿਲਾਂ ਇਹ ਪੜਚੋਲ ਕਰ ਲਈਏ ਕਿ 'ਮੈਂ ਕੌਣ ਹਾਂ?' ਤੁਸੀਂ ਆਖੋਗੇ ਕਿ ਬੜਾ ਅਜੀਬ ਸਵਾਲ ਕੀਤਾ ਹੈ। ਤੁਸੀਂ ਸਾਡੇ ਸਾਹਮਣੇ ਖੜ੍ਹੇ ਛੇ ਫ਼ੁੱਟ ਲੰਮੇ ਜਵਾਨ, ਜਿਨ੍ਹਾਂ ਦੇ ਸਿਰ, ਮੂੰਹ, ਅੱਖ, ਨੱਕ, ਕੰਨ, ਹੱਥ, ਪੈਰ ਆਦਿ ਅੰਗ ਹਨ। ਤੁਸੀਂ ਇਹ ਸਰੀਰ ਹੀ ਤਾਂ ਹੋ। ਹੋਰ ਤੁਸੀਂ ਕੌਣ ਹੋ।

ਅਸੀਂ ਆਪਣੀ ਆਮ ਬੋਲ-ਚਾਲ ਵਿਚ ਆਖਦੇ ਹਾਂ ਕਿ- ''ਮੇਰਾ ਮਕਾਨ ਬੜਾ ਸੁੰਦਰ ਹੈ।'' ਬੀਮਾਰ ਹੋ ਗਏ ਤਾਂ ਆਖਦੇ ਹਾਂ, ਮੇਰਾ ਸਰੀਰ ਕੁਝ ਕਮਜ਼ੋਰ ਹੋ ਗਿਆ ਹੈ। 'ਮੈਂ' ਤੇ 'ਮਕਾਨ', ਅਸੀਂ ਦੋ ਵੱਖ-ਵੱਖ ਵਜੂਦ ਹਾਂ। ਮਕਾਨ 'ਮੇਰੀ' ਮਲਕੀਅਤ ਹੈ, 'ਮੈਂ' ਇਸ ਮਕਾਨ ਦਾ ਮਾਲਕ ਹਾਂ। ਇਸ ਮਕਾਨ ਵਿਚ ਰਹਿੰਦਾ ਹੋਇਆ ਵੀ, ਮੈਂ ਖੁਦ ਮਕਾਨ ਨਹੀਂ ਹਾਂ। ਇਸੇ ਤਰ੍ਹਾਂ ਹੀ 'ਮੈਂ' ਤੇ 'ਸਰੀਰ' ਵੀ ਦੋ ਵੱਖ-ਵੱਖ ਵਜੂਦ ਹਾਂ। ਸਰੀਰ ਮੇਰੀ ਮਲਕੀਅਤ ਹੈ। ਮੈਂ ਇਸ ਦਾ ਮਾਲਕ ਹਾਂ। ਇਸ ਵਿਚ ਰਹਿੰਦਾ ਹੋਇਆ ਵੀ, ਮੈਂ ਸਰੀਰ ਨਹੀਂ ਹਾਂ।

ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਆਖਦੇ ਹਾਂ ਕਿ ਅਮਕਾ ਸੱਜਣ, ਸਰੀਰ ਤਿਆਗ ਗਿਆ ਹੈ। ਇਹ ਗੱਲ ਵੀ ਜ਼ਾਹਰ ਕਰਦੀ ਹੈ ਕਿ ਮੌਤ ਵੇਲੇ, ਅਸੀਂ ਇਸ ਸਰੀਰ ਨੂੰ ਇੱਥੇ ਛੱਡ ਕੇ ਕਿਸੇ ਹੋਰ ਥਾਂ ਚਲੇ ਜਾਂਦੇ ਹਾਂ। ਇਸ ਸਰੀਰ ਨੂੰ ਜਲਾ ਕੇ, ਦਬਾਅ ਕੇ, ਜਲ ਪ੍ਰਵਾਹ ਕਰਕੇ ਜਾਂ ਹੋਰ ਵੀ ਕਿਸੇ ਢੰਗ ਨਾਲ ਇਸ ਨੂੰ ਖ਼ਤਮ ਕਰ ਦਿੰਦੇ ਹਨ। ਅਸੀਂ ਕਿਸੇ ਹੋਰ ਥਾਂ ਜਾ ਜਨਮ ਲੈਂਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਰੀਰ ਨੂੰ ਛੱਡ ਕੇ ਕੌਣ ਗਿਆ? ਹੋਰ ਜਨਮ ਅੱਗੇ ਜਾ, ਕਿਸ ਨੇ ਲਿਆ? ਹਕੀਕਤ ਇਹ ਹੈ ਕਿ ਜਿਸ ਸਰੀਰ ਨੂੰ ਅਸੀਂ ਖ਼ਤਮ ਕਰ ਦਿੱਤਾ, ਉਸ ਨੂੰ ਸਥੂਲ ਸਰੀਰ ਆਖਦੇ ਹਾਂ, ਜਿਸ ਦੀ ਬਣਤਰ ਪ੍ਰਕਿਰਤੀ ਤੋਂ ਹੁੰਦੀ ਹੈ। ਜੋ ਇਸ ਸਥੂਲ ਸਰੀਰ ਨੂੰ ਤਿਆਗ, ਅੱਗੇ ਜਾ ਹੋਰ ਜਨਮ ਲੈਂਦਾ ਹੈ ਉਸ ਨੂੰ ਸੂਖਸ਼ਮ ਸਰੀਰ ਆਖਦੇ ਹਾਂ, ਇਸ ਦੀ ਬਣਤਰ ਸ਼ਕਤੀ (ਐਨਰਜੀ) ਤੋਂ ਹੁੰਦੀ ਹੈ। ਸੂਖਸ਼ਮ ਸਰੀਰ ਦੇ ਅੰਦਰ ਇਕ ਹੋਰ ਸਰੀਰ ਹੈ ਜਿਸ ਨੂੰ ਕਾਰਨ ਸਰੀਰ ਆਖਦੇ ਹਨ। ਕਾਰਨ ਸਰੀਰ ਬਣਤਰ ਜਾਂ ਖ਼ਿਆਲਾਤ ਤੋਂ ਹੁੰਦੀ ਹੈ। ਸੂਖਸ਼ਮ ਸਰੀਰ ਦੀ ਬਣਤਰ ਦੇ ਹੋਰ ਅੰਗਾਂ ਤੋਂ ਇਲਾਵਾ, ਇਸ ਦਾ ਇਕ ਮੁੱਖ ਅੰਗ, ਅੰਤਹਕਰਣ ਹੈ, ਜੋ ਮਨ, ਬੁੱਧ, ਚਿੱਤ ਅਤੇ ਅਹੰਕਾਰ ਦਾ ਸੁਮੇਲ ਹੈ। ਅਹੰਕਾਰ ਦਾ ਅਰਥ ਹੈ 'ਮੈਂ ਹਾਂ'। ਇਹ 'ਮੈਂ ਹਾਂ' ਹਸਤੀ ਸਥੂਲ, ਸੂਖਸ਼ਮ, ਅਤੇ ਕਾਰਨ, ਤਿੰਨਾਂ ਸਰੀਰਾਂ ਤੋਂ ਵੱਖਰੀ, ਇਕ ਚੌਥੀ ਹਸਤੀ ਹੈ ਜੋ ਆਪਣੀ ਸ਼ਕਤੀ (ਐਨਰਜੀ) ਇਨ੍ਹਾਂ ਤਿੰਨਾਂ ਸਰੀਰਾਂ ਨੂੰ ਬਖ਼ਸ਼ ਕੇ ਜ਼ਿੰਦਾ ਰੱਖਦੀ ਹੈ। ਜੇ ਕਿਤੇ ਇਹ ਚੌਥੀ ਹਸਤੀ, ਆਪਣੀ ਸ਼ਕਤੀ, ਉੱਪਰ ਬਿਆਨ ਹੋਏ ਤਿੰਨਾਂ ਸਰੀਰਾਂ ਵਿਚੋਂ ਵਾਪਸ ਖਿੱਚ ਲਏ ਤਾਂ ਇਹ ਤਿੰਨੋਂ ਸਰੀਰ ਨਕਾਰਾ ਹੋ ਕੇ ਰਹਿ ਜਾਂਦੇ ਹਨ। ਇਹ ਚੌਥੀ ਹਸਤੀ ਹੀ 'ਮੇਰੀ ਆਪਣੀ ਹਸਤੀ' ਜਾਂ 'ਮੈਂ ਹਾਂ' ਹੈ, ਜਿਸ ਨੂੰ ਆਮ ਬੋਲੀ ਵਿਚ ਜੀਵ ਆਤਮਾ ਕਹਿੰਦੇ ਹਨ। ਇਸ 'ਮੇਰੀ' ਅਸਲ ਹਸਤੀ ਜਾਂ ਜੀਵ-ਆਤਮਾ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ :

''ਕਹੁ ਕਬੀਰ ਇਹੁ ਰਾਮ ਕੀ ਅੰਸੁ॥"
(ਰਾਗੁ ਗੌਂਡ ਬਾਣੀ ਕਬੀਰ ਜੀਉ ਕੀ, ਅੰਕ : ੮੭੧)

ਚੂੰਕਿ ਇਸ ਦਾ ਅਰਥ ਇਹ ਹੋਇਆ ਕਿ ਮੈਂ ਰਾਮ ਜਾਂ ਅਕਾਲ ਪੁਰਖ ਦੀ ਅੰਸ਼ ਹਾਂ। ਮੇਰਾ ਉਪਜ ਸਰੋਤ ਪਰਮ-ਆਤਮਾ ਹੋਇਆ। ਇਸ ਲਈ ਮੈਂ ਉਸ ਦੀ ਉਪਜ, ਅੰਸ਼ ਜਾਂ ਅੰਗ ਹਾਂ ਜਿਵੇਂ ਕਿਰਨ ਸੂਰਜ ਦਾ ਤੇ ਬੂੰਦ ਸਮੁੰਦਰ ਦਾ ਅੰਗ ਹੁੰਦੀ ਹੈ।
ਅਕਾਲ-ਪੁਰਖ ਦੀ ਪਛਾਣ ਕੀ ਹੈ ?

ਸਭ ਤੋਂ ਪੁਰਾਤਨ ਧਰਮ, ਵੇਦ ਮੱਤਿ ਹੈ। ਵੇਦ ਦਾ ਫ਼ਰਮਾਨ ਹੈ ''ਸਰਵਿੰਦ ਖਲਵਿੰਦ ਬ੍ਰਹਮ' ਭਾਵ, ਸਭ ਕੁਝ ਬ੍ਰਹਮ ਹੀ ਬ੍ਰਹਮ ਹੈ। ਈਸਾਈ ਮਤਿ ਦੀ ਧਰਮ-ਪੁਸਤਕ, ਬਾਈਬਲ ਦਾ ਕਥਨ ਹੈ, "“he Lord, Our God, “he Lord is one" ਭਾਵ, ਸਾਹਿਬ ਜੋ ਸਾਡਾ ਅਕਾਲ ਪੁਰਖ ਹੈ, ਉਹ ਸਾਹਿਬ ਇਕ ਹੈ। ਮੁਸਲਿਮ ਮਤਿ ਅਨੁਸਾਰ ਕੁਰਾਨ ਸ਼ਰੀਫ਼ ਦਾ ਫ਼ਰਮਾਨ ਹੈ, ''ਲਾ ਇਲਾ, ਇਲ ਅੱਲਾ, ਮੁਹੰਮਦ ਰਸੂਲ ਅੱਲਾ। ਭਾਵ ਇਕ ਅੱਲਾ ਤੋਂ ਬਗੈਰ ਹੋਰ ਕੁਝ ਵੀ ਨਹੀਂ। ਹਜ਼ਰਤ ਮੁਹੰਮਦ ਸਾਹਿਬ, ਅੱਲਾ ਦੇ ਨਬੀ, ਪੈਗੰਬਰ ਜਾਂ ਰਸੂਲ ਹਨ।

ਗੁਰਬਾਣੀ ਅਨੁਸਾਰ :

''ਏਹੁ ਵਿਸੁ ਸੰਸਾਰੁ ਤੁਮ ਦੇਖਦੇ
ਏਹੁ ਹਰਿ ਕਾ ਰੂਪੁ ਹੈ
ਹਰਿ ਰੂਪੁ ਨਦਰੀ ਆਇਆ॥...॥੩੬॥'' (॥੪੦॥੧॥)

(ਰਾਮਕਲੀ ਮ. ੩ ਅਨੰਦੁ, ਅੰਕ : ੯੨੨)

ਜਾਂ

''ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ
ਗੋਬਿੰਦ ਬਿਨੁ ਨਹੀ ਕੋਈ॥...॥੧॥ (॥੪॥੧॥)''

(ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ, ਅੰਕ : ੪੮੫)

ਹਿੰਦੂ, ਈਸਾਈ, ਮੁਸਲਿਮ ਅਤੇ ਸਿੱਖ ਮਤਿ, ਇਸ ਮੂਲ ਸਿਧਾਂਤ 'ਤੇ ਇਕ-ਮਤ ਹਨ ਕਿ ਇਹ ਦ੍ਰਿਸ਼ਟ ਜਾਂ ਅਦ੍ਰਿਸ਼ਟ ਸੰਸਾਰ, ਅਕਾਲ ਪੁਰਖ ਦੇ ਵਿਰਾਟ ਸਰੂਪ ਦਾ ਹੀ ਇਕ ਅੰਗ ਹੈ। ਅਕਾਲ ਪੁਰਖ ਦੀ ਇਕ ਹਸਤੀ ਤੋਂ ਬਗੈਰ ਹੋਰ ਕੋਈ ਦੂਸਰੀ ਹਸਤੀ ਨਹੀਂ ਹੈ।

ਹਿੰਦੂ ਮਤਿ ਦੇ ਛੇ ਸ਼ਾਸਤਰਾਂ ਵਿਚੋਂ ਇਕ ਸ਼ਾਸਤਰ ਸਾਂਖ ਸ਼ਾਸਤਰ ਹੈ, ਜਿਸ ਦੇ ਕਰਤਾ ਕਪਲ ਦੇਵ ਜੀ ਹੋਏ ਹਨ। ਉਨ੍ਹਾਂ ਸੰਸਾਰ ਦੀ ਰਚਨਾ ਦਾ ਜ਼ਿਕਰ ਕਰਦੇ ਹੋਏ ਆਪਣੇ ਸ਼ਾਸਤਰ ਵਿਚ ਲਿਖਿਆ ਹੈ ਕਿ ਪ੍ਰਕਿਰਤੀ ਦੇ ਛੋਟੇ-ਛੋਟੇ ਕਣਾਂ ਤੋਂ ਸੰਸਾਰ ਦੀ ਰਚਨਾ ਹੋਈ ਹੈ। ਅੱਜ ਦੇ ਸਾਇੰਸਦਾਨਾਂ ਨੇ ਇਸ ਕਣ ਨੂੰ ਤੋੜਿਆ ਤੇ ਦੇਖਿਆ ਕਿ ਇਹ ਕਣ ਜਿਸ ਵਿਚ ਕੋਈ ਹਰਕਤ ਨਹੀਂ ਸੀ, ਇਕ ਮਹਾਨ ਸ਼ਕਤੀ ਦਾ ਮਾਲਕ ਹੈ। ਤੋੜਨ 'ਤੇ ਇਸ ਕਣ ਦੇ ਦੋ ਹਿੱਸੇ ਨਜ਼ਰ ਆਏ। ਇਕ ਹਿੱਸਾ ਆਪਣੇ ਆਪ ਦੇ ਗਿਰਦ ਤੇ ਦੂਸਰਾ ਹਿੱਸਾ ਪਹਿਲੇ ਹਿੱਸੇ ਦੇ ਗਿਰਦ ਚੱਕਰ ਕੱਟਦਾ ਹੈ। ਜੋ ਹਿੱਸਾ ਆਪਣੇ ਕੇਂਦਰ 'ਤੇ ਸਥਿਤ ਹੈ, ਉਸ ਦੇ ਫੇਰ ਅੱਗੋਂ ਦੋ ਹਿੱਸੇ ਬਣਦੇ ਹਨ। ਇਕ ਦਾ ਨਾਮ ਪ੍ਰੋਟੋਨ ਤੇ ਦੂਸਰੇ ਦਾ ਨਿਊਟ੍ਰੋਨ ਹੈ। ਇਨ੍ਹਾਂ ਦੋਨਾਂ ਦੇ ਸੁਮੇਲ ਨੂੰ 'ਨਿਊਕਲੀਅਸ' ਆਖਦੇ ਹਨ। ਦੂਸਰਾ ਹਿੱਸਾ ਜਿਸ ਨੂੰ ਇਲੈਕਟ੍ਰੋਨ ਆਖਦੇ ਹਨ, ਉਹ ਪਹਿਲੇ ਹਿੱਸੇ ਦੇ ਗਿਰਦ ਚੱਕਰ ਕੱਟਦਾ ਹੈ। ਇਨ੍ਹਾਂ ਤਿੰਨਾਂ, ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟ੍ਰੋਨ ਦੇ ਸੁਮੇਲ ਨੂੰ ਐਟਮ ਆਖਦੇ ਹਨ। ਅੱਗੋਂ ਐਟਮ ਤੋਂ ਮੋਲੀਕਿਊਲ, ਐਲੀਮੈਂਟ ਅਤੇ ਕੰਪਾਊਂਡ ਦੀ ਬਣਤਰ ਹੋ ਪ੍ਰਾਕਿਰਤਕ ਸੰਸਾਰ ਦੀ ਰਚਨਾ ਹੁੰਦਾ ਹੈ। ਬ੍ਰਿਟਨ ਦਾ ਮਸ਼ਹੂਰ ਸਾਇੰਸਦਾਨ ਲਾਰਡ ਐਡਿੰਗਟਨ, ਆਪਣੀ ਪੁਸਤਕ, (ਨੇਚਰ ਆਫ਼ ਦਾ ਫਿਜ਼ੀਕਲ ਵਰਲਡ) ਵਿਚ ਇਲੈਕਟ੍ਰਾਨਿਕ ਸਿਧਾਂਤ 'ਤੇ ਵਿਚਾਰ ਕਰਦਾ ਹੋਇਆ ਲਿਖਦਾ ਹੈ ਕਿ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇਹ ਇਲੈਕਟ੍ਰੋਨਿਕ ਸ਼ਕਤੀ ਆਪਣੇ ਆਪ ਤੋਂ ਉੱਪਰ ਕਿਸੇ ਹੋਰ ਮਹਾਨ ਸ਼ਕਤੀ ਤੋਂ ਆ ਰਹੀ ਹੈ, ਪਰ ਅਸੀਂ ਅਜੇ ਉਸ ਮਹਾਨ ਸ਼ਕਤੀ ਤੱਕ ਨਹੀਂ ਪਹੁੰਚ ਸਕੇ।

ਇਹ ਵਿਚਾਰ ਦੇਣ ਦਾ ਭਾਵ ਇਹ ਹੈ ਕਿ ਅੱਜ ਦੀ ਸਾਇੰਸ ਵੀ ਇੱਥੇ ਪਹੁੰਚੀ ਹੈ ਕਿ ਸੰਸਾਰ ਦੀ ਰਚਨਾ ਦਾ ਸਰੋਤ, ਇਕ ਮਹਾਨ ਸ਼ਕਤੀ ਹੈ। ਇਸ ਮਹਾਨ ਸ਼ਕਤੀ ਦਾ ਨਾਮ ਤੁਸੀਂ, ਅਕਾਲ ਪੁਰਖ ਵਾਹਿਗੁਰੂ, ਪ੍ਰਮਾਤਮਾ, ਅੱਲ੍ਹਾ ਜਾਂ 'ਗੌਡ' ਕੁਝ ਵੀ ਆਖ ਕੇ ਪੁਕਾਰ ਸਕਦੇ ਹੋ। ਇਸੇ ਮਹਾਨ ਸ਼ਕਤੀ ਤੋਂ 'ਮੈਂ' (ਜੀਵ ਆਤਮਾ) ਉਪਜਿਆ ਹਾਂ। ਇਸੇ ਮਹਾਨ ਸ਼ਕਤੀ ਵਿਚ ਲੀਨ ਹੋਣ ਉਪਰੰਤ ਮੇਰੀ ਜੀਵਨ-ਯਾਤਰਾ ਸੰਪੂਰਨ ਹੋਵੇਗੀ। ਕਦੋਂ?

ਇਸ ਕਦੋਂ ਦੇ ਉੱਤਰ ਲਈ ਅਸੀਂ ਜੋਤਿਸ਼ ਵਿਦਿਆ ਦਾ ਸਹਾਰਾ ਲੈਂਦੇ ਹਾਂ। ਜੋਤਿਸ਼ ਅਨੁਸਾਰ, ਸੰਸਾਰ ਦੀ ਉਮਰ ਚਾਰ ਅਰਬਵਤੀ ਕਰੋੜ ਸਾਲ ਹੈ। ਇਸ ਵਿਚੋਂ (ਸੰਨ ੧੯੯੭) ਤੱਕ ੧ ਅਰਬ ੯੭ ਕਰੋੜ ੨੯ ਲੱਖ ੪੯ ਹਜ਼ਾਰ ੦੯੭ ਸਾਲ ਗੁਜ਼ਰ ਚੁੱਕੇ ਹਨ। ਬਾਕੀ ਕੋਈ ਕਰੀਬ ੨੩੫ ਕਰੋੜ ਸਾਲ ਬਾਕੀ ਹਨ। ਇਸ ਪਿੱਛੋਂ ਸੰਸਾਰ, ਅਕਾਲ-ਪੁਰਖ ਵਿਚ ਲੀਨ ਹੋ ਜਾਵੇਗਾ। ਚਾਰ ਅਰਬਵਤੀ ਕਰੋੜ ਸਾਲ 'ਲੀਨਤਾ' ਦੀ ਅਵਸਥਾ ਵਿਚ ਰਹਿ ਕੇ ਮੁੜ ਸੰਸਾਰ ਉਤਪੰਨ ਹੋ, ਕੁਦਰਤ ਦਾ ਇਹ ਚੱਕਰ ਚੱਲਦਾ ਰਹੇਗਾ। ਇਸ ਵਿਚਾਰ ਅਨੁਸਾਰ, ਅਸੀਂ ਬਗੈਰ ਕਿਸੇ ਕੋਸ਼ਿਸ਼ ਦੇ ੨੩੫ ਕਰੋੜ ਸਾਲ ਪਿੱਛੋਂ, ਅਕਾਲ-ਪੁਰਖ ਵਿਚ ਲੀਨ ਹੋ ਜਾਣਾ ਹੈ।

ਅਕਾਲ-ਪੁਰਖ ਨੇ ੮੪ ਲੱਖ ਜੂਨ ਉਪਾਈ ਹੋਈ ਹੈ। ਕਿਸੇ ਜੂਨ ਦੀ ਉਮਰ ਹਜ਼ਾਰਾਂ ਸਾਲ, ਕਿਸੇ ਦੀ ਸੈਂਕੜੇ ਸਾਲ, ਕਿਸੇ ਦੀ ਕੁਝ ਸਾਲ, ਕਿਸੇ ਦੀ ਕੁਝ ਮਹੀਨੇ ਅਤੇ ਕਿਸੇ ਦੀ ਕੁਝ ਦਿਨ ਹੀ ਹੁੰਦੀ ਹੈ। ਆਪਣੇ ਮਨ ਨੂੰ ਸਮਝਾਉਣ ਲਈ, ਜੇ ਇਕ ਜੂਨ ਦੀ ਔਸਤ ਉਮਰ ੨੦ ਸਾਲ ਲਾਈਏ ਤਾਂ ੮੪ ਲੱਖ ਜੂਨ ਦਾ ਇਕ ਗੇੜ ਕੱਟਣ ਲਈ ਕੋਈ ੧੭ ਕਰੋੜ ਸਾਲ ਦਾ ਸਮਾਂ ਲੱਗੇਗਾ। ਜਦੋਂ ਤੱਕ ਸੰਸਾਰ ਨੇ ਅਕਾਲ ਪੁਰਖ ਵਿਚ ਲੀਨ ਹੋਣਾ ਹੈ ਸਾਨੂੰ ੮੪ ਲੱਖ ਜੂਨ ਦੇ ਕੋਈ ੧੪ ਗੇੜ ਕੱਟਣੇ ਪੈਣਗੇ। ਇਸ ਤਰ੍ਹਾਂ ਸਾਨੂੰ ਕੋਈ ੧੨ ਕਰੋੜ ਵਾਰ ਜਨਮ ਲੈ ਕੇ ਮਰਨਾ ਪਵੇਗਾ। ਇਨ੍ਹਾਂ ਵਿਚੋਂ ਬਹੁਤੀਆਂ ਜੂਨਾਂ ਤਾਂ ਐਸੀਆਂ ਹਨ ਕਿ ਇਕੋ ਜੂਨ ਦੇ ਕਸ਼ਟ ਕੱਟਣੇ ਔਖੇ ਲੱਗਦੇ ਹਨ। ਮੰਡੀਆਂ ਵਿਚ ਵੇਖਦੇ ਹਾਂ ਕਿ ਇਕ ਝੋਟਾ, ਇਕ ਰੇਹੜੀ ਅੱਗੇ ਜੋੜਿਆ ਹੁੰਦਾ ਹੈ। ੨੫/ ੩੦ ਬੋਰੀਆਂ ਲੱਦੀਆਂ ਹੁੰਦੀਆਂ ਹਨ। ਗਰਮੀ ਦਾ ਮੌਸਮ ਹੁੰਦਾ ਹੈ। ਝੋਟਾ ਭਾਰ ਨਾਲ ਹਫ਼ੂੰ ਹਫ਼ੂ ਕਰਦਾ ਹੁੰਦਾ ਹੈ। ਉਪਰੋਂ, ਮਾਲਕ ਡੰਡੇ ਵੀ ਮਾਰਦਾ ਹੈ। ਖੋਤੇ 'ਤੇ ਇੱਟਾਂ ਲੱਦੀਆਂ ਹੁੰਦੀਆਂ ਹਨ। ਭਾਰ ਦੇ ਕਾਰਨ ਉਸ ਦੀਆਂ ਲੱਤਾਂ ਫਿਟੂੰ ਫਿਟੂੰ ਕਰਦੀਆਂ ਹੁੰਦੀਆਂ ਹਨ। ਉਪਰੋਂ ਘੁਮਾਰ ਦੇ ਡੰਡੇ ਵੀ ਪੈਂਦੇ ਹਨ। ਇਸੇ ਤਰ੍ਹਾਂ ਦਾ ਹੀ, ਹੋਰ ਅਨੇਕ ਜੂਨੀਆਂ ਦਾ ਹਾਲ ਸਮਝ ਲਵੋ। ਜੇ ਤਾਂ ਅਸੀਂ ੧੨ ਕਰੋੜ ਵਾਰੀ ਜਨਮ ਲੈ ਕੇ, ਵੱਖੋ ਵੱਖ ਜੂਨਾਂ ਦੇ ਕਸ਼ਟ ਕੱਟਣ ਦੀ ਹਿੰਮਤ ਰੱਖਦੇ ਹਾਂ ਤਾਂ ਸਾਨੂੰ, ਅਕਾਲ ਪੁਰਖ ਦੇ ਮਿਲਾਪ ਲਈ ਕੋਈ ਵੀ ਉਪਰਾਲਾ ਕਰਨ ਦੀ ਲੋੜ ਨਹੀਂ ਹੈ। ੨੩੫ ਕਰੋੜ ਸਾਲ ਪਿੱਛੋਂ ਅਕਾਲ ਪੁਰਖ ਵਿਚ ਲੀਨਤਾ ਆਪਣੇ ਆਪ ਹੀ ਹੋ ਜਾਵੇਗੀ।

'ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥...੧॥' (ਸਲੋਕ ਸੇਖ ਫਰੀਦ ਕੇ, ਅੰਕ : ੧੩੭੭) ਜੇ ੧੨ ਕਰੋੜ ਵਾਰੀ ਨਿਮਾਣੀ ਜਿੰਦ ਦੇ ਹੱਡਾਂ ਨੂੰ ਕੜਕਾ ਕੇ ਕੱਢਣ ਦਾ, ਮਰਨ ਕਾਲ ਕਾ ਤਰਾਸ, ਸਾਥੋਂ ਝੱਲਿਆ ਨਹੀਂ ਜਾਣਾ ਤਾਂ ਸਾਨੂੰ ਸੋਚਣਾ ਹੀ ਪਵੇਗਾ ਕਿ ਅਸੀਂ ਜਨਮ ਤੇ ਮਰਨ ਦੇ ਇਸ ਲੰਮੇ ਚੱਕਰ ਨੂੰ ਅਤੇ ੨੩੫ ਕਰੋੜ ਸਾਲ ਦੇ ਲੰਮੇ ਸਮੇਂ ਨੂੰ ਕਿਵੇਂ ਘੱਟ ਤੋਂ ਘੱਟ ਕਰਕੇ, ਅਸੀਂ ਵੱਧ ਤੋਂ ਵੱਧ ਛੇਤੀ ਅਕਾਲ ਪੁਰਖ ਵਿਚ ਲੀਨਤਾ ਪ੍ਰਾਪਤ ਕਰ ਸਕੀਏ।

ਇਸ ਲੇਖ ਦਾ ਸਾਰ ਅੰਸ਼ ਇਹ ਹੋਇਆ ਕਿ ਸੰਸਾਰ ਦੀ ਹਰ ਸ਼ੈਅ, ਇਕ ਚੱਕਰ ਜਾਂ ਦਾਇਰੇ ਵਿਚ ਹਰਕਤ ਕਰਦੀ ਹੈ। ਜਿਥੋਂ ਕੋਈ ਸ਼ੈਅ ਉਪਜਦੀ ਹੈ, ਉਥੇ ਪਹੁੰਚ, ਆਪਣੀ ਉਪਜ ਸਰੋਤਿ ਵਿਚ ਲੀਨ ਹੋ, ਆਪਣੀ ਜੀਵਨ ਯਾਤਰਾ ਪੂਰੀ ਕਰਦੀ ਹੈ। ''ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥੧੧॥'' (ਸਲੋਕ ਮ. ੯, ਅੰਕ : ੧੪੨੬-੨੭) ਅਨੁਸਾਰ, ਚੂੰਕਿ ਸੰਸਾਰ ਦਾ ਉਪਜ ਸਰੋਤਿ, ਪਰਮ-ਆਤਮਾ ਹੈ। 'ਮੈਂ' ਸੰਸਾਰ ਦਾ ਇਕ ਅੰਗ ਹਾਂ। ਮੇਰਾ ਜ਼ਿੰਦਗੀ ਦਾ ਸਫ਼ਰ ਵੀ, ਪਰਮ-ਆਤਮਾ ਵਿਚ ਸਮਾਈ ਉਪਰੰਤ ਹੀ ਪੂਰਾ ਹੋਵੇਗਾ।

ਧੰਨਵਾਦ ਸਹਿਤ ਸੂਬੇਦਾਰ ਭਾਈ ਧਰਮ ਸਿੰਘ ਸੁੱਜੋਂ ਜੀ ਦੀ ਪੁਸਤਕ "ਗੁਰਬਾਣੀ ਅਤੇ ਸਾਇੰਸ ਦੀ ਰੋਸ਼ਨੀ ਵਿਚ ਅਕਾਲਪੁਰਖ" 'ਚੋਂ।

ਖ਼ਾਲਸਾ

-ਸੂਬੇਦਾਰ ਧਰਮ ਸਿੰਘ ਸੁੱਜੋਂ
ਸਿੰਘਾ ਵਿਚ ਇਹ ਇੱਕ ਆਮ ਰਿਵਾਜ਼ ਜਿਹਾ ਬਣਦਾ ਜਾ ਰਿਹਾ ਹੈ ਕਿ ਉਹ ਆਪਣੇ ਨਾਮ ਦੇ ਨਾਲ ਸ਼ਬਦ ‘ਖ਼ਾਲਸਾ’ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਇਕ ਸ੍ਰੇਸ਼ਟ ਸਿੱਖ ਦੇ ਰੂਪ ਵਿਚ ਦਰਸਾਉਣ। ਜੇ ਤਾਂ ਇਸ ਪਵਿਤਰ ਸ਼ਬਦ ਦੀ ਵਰਤੋਂ ਕਰਨ ਵਾਲੇ ਸੱਜਣ ਵਿੱਚ ਖ਼ਾਲਸੇ ਵਾਲੇ ਗੁਣ ਹੋਣ ਤਾਂ ਬਹੁਤ ਬਹੁਤ ਮੁਬਾਰਕ, ਨਹੀਂ ਤਾਂ ਜੇ ਹਰ ਕੋਈ ਸੱਜਣ ਇਸ ਦੀ ਵਰਤੋ ਕਰਨ ਲੱਗ ਜਾਏ ਜਿਸ ਵਿਚ ਖ਼ਾਲਸੇ ਵਾਲੇ ਗੁਣ ਨਾ ਹੋਣ ਤਾਂ ਇਹ ਇੱਕ ਤਰ੍ਹਾਂ ਨਾਲ ‘ਖਾਲਸਾ’ ਸ਼ਬਦ ਦੀ ਨਿਰਾਦਰੀ ਹੈ। ਖ਼ਾਲਸੇ ਦੇ ਵਿਰੋਧੀਆ ਵਲੋਂ ਇਸ ਨੂੰ ਅਤਿਵਾਦੀ, ਵੱਖਵਾਦੀ, Extremist, Terrorist ਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਕੋਝੇ ਉਪਨਾਮਾਂ ਦੀ ਵਰਤੋਂ ਕਰਕੇ, ਇਸ ਨੂੰ ਭੰਡਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਇਸ ਪਵਿੱਤਰ ਸ਼ਬਦ ‘ਖ਼ਾਲਸਾ’ ਤੇ ਵਿਚਾਰ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਖ਼ਾਲਸੇ ਦੀ ਸਾਜਨਾ ਵੇਲੇ ਸ੍ਰੀ ਕਲਗੀਧਰ ਜੀ ਦੇ ਮਨ ਵਿੱਚ ‘ਖ਼ਾਲਸਾ’ ਸ਼ਬਦ ਬਾਰੇ ਕੀ ਧਾਰਨਾ ਸੀ:-

“ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸੇ ਮਹਿ ਹਉ ਕਰੋਂ ਨਿਵਾਸ॥”

ਇਹ ਬਚਨ ਆਖ ਕੇ ਕਲਗੀਧਰ ਜੀ ਨੇ, ਖ਼ਾਲਸਾ ਜੀ ਨੂੰ ਇਤਨਾ ਵੱਡਾ ਮਾਣ ਬਖਸ਼ਿਆ ਹੈ ਕਿ ਇਸ ਨੂੰ ਆਪਣਾ ਹੀ ਰੂਪ ਬਣਾ ਲਿਆ ਹੈ। ਇਸ ਦਾ ਅਰਥ ਇਹ ਹੋਇਆ ਕਿ ਖ਼ਾਲਸਾ ਕਲਗੀਧਰ ਜੀ ਹੈ, ਤੇ ਕਲਗੀਧਰ ਜੀ ਖੁਦ ਹੀ ਖ਼ਾਲਸਾ ਹਨ। ਜੇ ਕਲਗੀਧਰ ਜੀ ਨੇ ਖ਼ਾਲਸੇ ਨੂੰ ਇਤਨੀ ਮਹਾਨ ਵਡਿਆਈ ਬਖਸ਼ ਦਿੱਤੀ ਹੈ ਤਾਂ ਜ਼ਰਾ ਪੜਚੋਲ ਕਰੀਏ ਕਿ :-

੧. ਸ੍ਰੀ ਕਲਗੀਧਰ ਜੀ ਖੁਦ ਕਿਸ ਪਦਵੀ ਦੇ ਮਾਲਕ ਹੋਏ?
੨. ਜਦੋਂ ਖ਼ਾਲਸੇ ਨੂੰ ਆਪ ਜੀ ਨੇ ਆਪਣਾ ਹੀ ਰੂਪ ਬਖਸ਼ ਦਿੱਤਾ ਤਾਂ ਖ਼ਾਲਸੇ ਦਾ ਸਰੂਪ ਕਿਆ
ਹੋਇਆ?

ਪੰਥ ਅੰਦਰ ਇਹ ਦੋ ਤੱਥ ਨਿਰਵਿਵਾਦ ਐਸੇ ਪ੍ਰਮਾਣੀਕ ਤੱਥ ਹਨ ਜਿਸ ਤੇ ਕਿਸੀ ਲਈ ਭੀ ਕੋਈ ਕਿੰਤੂ ਪਰੰਤੂ ਕਰਨ ਦੀ ਗੁੰਜਾਇਸ਼ ਨਹੀਂ ਹੈ। ਇੱਕ ਇਹ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ‘ਖਸਮ ਕੀ ਬਾਣੀ’ ਜਾਂ ‘ਧੁਰ ਕੀ ਬਾਣੀ’ ਹੈ :-

“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰ ਸਿਖਹੁ॥” (ਪੰਨਾ ੩੦੮) ਦਾ ਹੁਕਮ ਹੈ –

ਦੂਸਰੇ

“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰਨਾ ੯੬੬) 

ਅਨੁਸਾਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਜੀ ਤੱਕ ਦਸੇ ਹੀ ਗੁਰੂ ਸਾਹਿਬਾਨ ਵਿੱਚ ਇੱਕ ਹੀ ਜੋਤਿ ਵਿਚਰਦੀ ਆ ਰਹੀ ਹੈ। ‘ਗੁਰਮਤਿ’ ਦੀ ਜੋ ਜੁਗਤੀ ਗੁਰੂ ਨਾਨਕ ਦੇਵ ਜੀ ਨੇ ਜੁਗਤਾਈ ਸੀ, ਸਾਰੇ ਗੁਰੂ ਸਾਹਿਬਾਨ ਨੇ ‘ਜੁਗਤਿ ਸਾਇ’ ਤੇ ਹੀ ਅਮਲ ਕੀਤਾ। ਸਿਰਫ਼ ਉਨ੍ਹਾਂ ਦੀ ‘ਸਹ ਕਾਇਆ’ ਜਾ ਆਪਣਾ ਸਰੀਰ ਹੀ ਪਲਟੀ ਹੁੰਦਾ ਰਿਹਾ, ਇਸ ਲਈ ਦਸੇ ਗੁਰੂ ਸਾਹਿਬਾਨ ਨੂੰ ਭਿੰਨ ਭਿੰਨ ਕਰਕੇ ਜਾਨਣਾ ਸਾਡੀ ਵੱਡੀ ਭੁੱਲ ਹੋਵੇਗੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਜੀ ਤੱਕ ਦਸੇ ਗੁਰੂ ਸਾਹਿਬਾਨ ਦਰਅਸਲ ਕਿਸ ਹਸਤੀ ਦੇ ਮਾਲਕ ਸਨ, ਇਸ ਭੇਦ ਨੂੰ ‘ਭੱਟਾਂ’ ਨੇ ਆਪਣੀ ਬਾਣੀ ਵਿਚ ਇਨ੍ਹਾਂ ਸ਼ਬਦਾ ਦੁਆਰਾ ਖ੍ਹੋਲਿਆ ਹੈ:-

ਆਪਿਨਰਾਇਣੁਕਲਾਧਾਰਿਜਗਮਹਿਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ (ਪੰਨਾ ੧੩੯੫)

ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥ (ਪੰਨਾ ੧੪੦੬)

ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥੫॥ (ਪੰਨਾ ੧੪੦੯)

ਦੇਵਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ (ਪੰਨਾ ੧੪੦੯)

ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥ (ਪੰਨਾ ੧੪੦੯)

ਉਪਰ ਦਿੱਤੇ ਗੁਰ ਫੁਰਮਾਨ ਆਪਣੇ ਆਪ ਵਿਚ ਇਤਨੇ ਸਪੱਸ਼ਟ ਹਨ ਕਿ ਇਨ੍ਹਾਂ ਦੀ ਹੋਰ ਵਿਆਖਿਆ ਦੀ ਲੋੜ ਨਹੀਂ ਭਾਸਦੀ। ਇਨ੍ਹਾਂ ਗੁਰ-ਫੁਰਮਾਨਾਂ ਤੋਂ ਸਾਫ ਸਿੱਧ ਹੂੰਦਾ ਹੈ ਕਿ ਗੁਰੂ ਸਾਹਿਬਾਨ ਵਿਚ ਪੂਰਨ ਬ੍ਰਹਮ ਦਾ ਨਿਵਾਸ ਸੀ ਜਾਂ ਨਾਰਾਇਣ ਆਪ ਕਲਾਧਾਰ ਜੱਗ ਵਿਚ ਪਧਾਰੇ ਸਨ। ਜਦੋਂ ਜਦੋਂ ਭੀ ਗੁਰੂ ਜੋਤਿ ‘ਦੇਵ ਪੁਰੀ’ ਪਧਾਰਦੀ ਰਹੀ ‘ਹਰਿ ਜੀ’ ਗੁਰੂ-ਜੋਤਿ ਨੂੰ ਪੂਰੇ ਸਨਮਾਨ ਦੇ ਨਾਲ ਆਪ ਆਪਣੇ ਸਿੰਘਾਸਣ ਤੇ ਬਿਰਾਜਮਾਨ ਕਰਦੇ ਰਹੇ। ਇਸ ਵਿਚਾਰ ਤੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਸ੍ਰੀ ਕਲਗੀਧਰ ਜੀ ਤੱਕ ਸਾਰੇ ਗੁਰੂ ਸਾਹਿਬਾਨ ਆਪ ਪਰਮੇਸ਼ਵਰ ਸਨ। ਖ਼ਾਲਸਾ ਕਲਗੀਧਰ ਜੀ ਦਾ ਹੀ ‘ਖਾਸ ਰੂਪ’ ਹੈ। ਕਲਗੀਧਰ ਜੀ ਖ਼ਾਲਸੇ ਵਿਚ ਆਪ ਨਿਵਾਸ ਰੱਖਦੇ ਹਨ ਤਾਂ ਖ਼ਾਲਸਾ ਭੀ ਪਰਮੇਸ਼ਵਰ ਦਾ ਹੀ ਰੂਪ ਸਿੱਧ ਹੋਇਆ। ਅੱਗੇ ਹੁਣ ਇਸ ਸਿਧਾਂਤ ਤੇ ਕੁੱਝ ਵਿਸਥਾਰ ਸਹਿਤ ਵਿਚਾਰ ਕਰੀਏ ਕਿ ਇੱਕ ਇਨਸਾਨ ‘ਖ਼ਾਲਸੇ ਦੀ ਪਦਵੀ’ ਤੇ ਕਿਵੇਂ ਤੇ ਕਦੋਂ ਪਹੁੰਚਦਾ ਹੈ?

“ਪੁਰਨ ਜੋਤਿ ਜਗੈ ਘਟ ਮੈ, ਤਬਿ ਖ਼ਾਲਸਾ ਤਾਹਿ ਨਖਾਲਸ ਜਾਨੈ ॥”

ਇਸ ਗੁਰ ਫੁਰਮਾਨ ਦਾ ਭਾਵ ਅਰਥ ਇਹ ਹੈ ਕਿ ਜਦੋਂ ਕਿਸੀ ਇਨਸਾਨ ਦੇ ਘਟ (ਸਰੀਰ) ਵਿਚ ਪੂਰਨ ਜੋਤਿ ਜਗਮਗਾ ਉਠਦੀ ਹੈ ਤਾਂ ਉਹ ਇਨਸਾਨ ਪਵਿੱਤਰ ਸ਼ੁੱਧ ਜਾਂ ਖ਼ਾਲਸ ਹੋ ਜਾਂਦਾ ਹੈ। ਖ਼ਾਲਸ ਹੋਣ ਲਈ ਕਲਗੀਧਰ ਜੀ ਤਿੰਨ ਸ਼ਰਤਾਂ (Conditions) ਲਾਉਂਦੇ ਹਨ। ਤਿੰਨ ਸ਼ਰਤਾਂ ਇਹ ਹਨ:

੧. ਪੂਰਨ ਜੋਤਿ
੨. ਜਗੈ
੩. ਘਟ ਮੈ ।

ਅੱਗੋਂ ਇਨ੍ਹਾਂ ਤਿੰਨਾਂ ਸ਼ਰਤਾਂ ਤੇ ਵਿਚਾਰ ਹੋਵੇਗੀ:-

੧. ਪੂਰਨ ਜੋਤਿ -

ਰਾਤ ਸਮੇਂ ਅਸਮਾਨ ਵਿਚ ਜਿਤਨੇ ਭੀ ਤਾਰੇ ਚਮਕਦੇ ਹੋਏ ਨਜ਼ਰ ਆਉਂਦੇ ਹਨ ਇਹ ਆਕਾਰ ਵਿੱਚ, ਜਾਂ ਤਾਂ ਸੂਰਜ ਸਮਾਨ ਹਨ ਜਾਂ ਇਸ ਤੋਂ ਭੀ ਬਹੁਤ ਬੜੇ ਹਨ। ਜਿਸ ਆਕਾਸ਼-ਗੰਗਾ (Galaxy) ਨਾਲ ਸਾਡੇ ਸੂਰਜ ਮੰਡਲ ਦਾ ਸੰਬੰਧ ਹੈ, ਉਸ ਨੂੰ ਮਿਲਕੀ ਵੇ (Milky Way) ਅਰਥਾਤ ਆਕਾਸ਼-ਗੰਗਾ ਆਖਦੇ ਹਨ। ਇਸ ਇੱਕ ਹੀ ਆਕਾਸ਼ ਗੰਗਾ ਵਿਚ ਇੱਕ ਖਰਬ (One hundred thousand million) ਤਾਰੇ ਹਨ। ਐਸੀ ਕੋਈ ਇੱਕ ਅਰਬ (One thousand million) ਆਕਾਸ਼-ਗੰਗਾਵਾਂ ਹੁਣ ਤੱਕ ਦਰਿਆਫਤ ਹੋ ਚੁੱਕੀਆਂ ਹਨ। ਇਤਨੇ ਬੇਅੰਤ ਸੂਰਜਾਂ ਦੀ ਰੌਸ਼ਨੀ ਕਿਆ ਇਨ੍ਹਾਂ ਸੂਰਜਾਂ ਦੀ ਆਪਣੀ ਉਪਜ ਹੈ ਜਾਂ ਇਹ ਕਿਸੀ ਹੋਰ ਸੋਮੇ ਤੋਂ ਪ੍ਰਪਾਤ ਹੋ ਰਹੀ ਹੈ?

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪੰਨਾ ੬)

ਇਸ ਗੁਰ-ਫੁਰਮਾਣ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਬੇਅੰਤ ਸੂਰਜਾਂ ਵਿਚ ਨਜ਼ਰ ਆਉਂਦਾ ਚਾਨਣ, ਇਨ੍ਹਾਂ ਸੂਰਜਾਂ ਦੀ ਆਪਣੀ ਉਪਜ ਨਹੀਂ ਹੈ। ਇਹ “ਤਿਸਦੈ” ਚਾਨਣ ਤੋਂ ਚਾਨਣ ਲੈ ਕੇ ਇਹ ਬੇਅੰਤ ਸੂਰਜ ਰੋਸ਼ਨ ਹੋ ਰਹੇ ਹਨ ਤਾਂ ਉਹ ਸੋਮਾ, ਖੁਦ ਕਿਤਨੇ ਕੁ ਵੱਡੇ ਚਾਨਣ ਦਾ ਭੰਡਾਰ ਹੋਵੇਗਾ? ਸੰਸਾਰ ਅੰਦਰ ਮੌਜੂਦ ਚਾਨਣ ਦੀ ਗਿਣਤੀ ਮਿਣਤੀ ਕਰਨੀ ਸੰਭਵ ਨਜ਼ਰ ਨਹੀ ਆਉਂਦੀ ਤੇ ਜਿਸ ਸੋਮੇ ਤੋਂ ਇਹ ਚਾਨਣ ਆ ਰਿਹਾ ਹੈ ਤਾਂ ਉਸ ਸੋਮੇ ਦੇ ਅਥਾਹ ਚਾਨਣ ਦੀ ਗਿਣਤੀ ਮਿਣਤੀ ਕੌਣ ਕਰ ਸਕਦਾ ਹੈ? ਇਸ ਚਾਨਣ ਨੂੰ ਬੇਅੰਤ (Infinite) ਜਾਂ ਪੂਰਨ ਜੋਤਿ ਆਖ ਕੇ ਹੀ ਚੁਪ ਕਰਨਾ ਬਣਦਾ ਹੈ। ਅਕਾਲ-ਪੁਰਖ ਦੀ ਇਸ ਪੂਰਨ ਜੋਤਿ ਨੂੰ ਮੁਖ ਰੱਖ ਕੇ ਹੀ ਇਸ ਨੂੰ ‘ਜੋਤੀ ਸਰੂਪ’ ਭੀ ਆਖਿਆ ਜਾਂਦਾ ਹੈ। ਪੂਰਨ ਜੋਤਿ ਦਾ ਅਰਥ ਹੋਇਆ ਅਕਾਲ ਪੁਰਖ ਕੀ “ਪੂਰਨ ਜੋਤਿ” ।

੨. ਜਗੈ -

ਹਿੰਦੂ ਅਤੇ ਸਿੱਖ ਧਰਮ, ਪੁਨਰ-ਜਨਮ ਦੇ ਸਿਧਾਂਤ ਵਿਚ ਵਿਸ਼ਵਾਸ ਰਖਦੇ ਹਨ। ਕੋਈ ਜੀਵ ਕਿਸੀ ਇਕ ਜੂਨੀ ਵਿਚ ਮ੍ਰਿਤੂ ਹੋਣ ਉਪਰੰਤ ਅਗੋਂ ਕਿਸੇ ਹੋਰ ਜੂਨੀ ਵਿਚ ਜਾ ਜਨਮ ਲੈਂਦਾ ਹੈ। ਇਸਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਜਿਸ ਨੂੰ ਪੁਨਰ ਜਨਮ ਆਖਦੇ ਹਨ। ਯਹੂਦੀ, ਇਸਾਈ ਤੇ ਇਸਲਾਮ ਇਹ ਤਿੰਨ ਧਰਮ ਪੁਨਰ ਜਨਮ ਦੇ ਸਿਧਾਂਤ ਨੂੰ ਨਹੀਂ ਮੰਨਦੇ। ਇਨ੍ਹਾਂ ਦੇ ਵਿਸ਼ਵਾਸ ਅਨੁਸਾਰ ਕਬਰਸਤਾਨ ਤੋਂ ਅੱਗੇ ਕੋਈ ਜ਼ਿੰਦਗੀ ਨਹੀਂ ਹੈ। ਮੁਰਦੇ ਨੂੰ ਕਬਰ ਵਿਚ ਦਫ਼ਨ ਕਰਨ ਉਪਰੰਤ, ਸੰਸਾਰ ਦੇ ਖ਼ਾਤਮੇ ਦੇ ਸਮੇਂ ਤੱਕ, ਜੀਵ ਭੀ ਕਬਰ ਵਿਚ ਹੀ ਰਹਿੰਦਾ ਹੈ। ਮਹਾਂ ਪਰਲੋ, ਜਿਸ ਨੂੰ ਮੁਸਲਮਾਨ ਰੋਜ਼-ਏ-ਕਿਆਮਤ ਅਤੇ ਯਹੂਦੀ ਤੇ ਇਸਾਈ Doom's Day ਆਖਦੇ ਹਨ ਦੇ ਵਕਤ ਕਬਰਾ ਵਿਚੋਂ ਸਭ ਮੁਰਦੇ ਜ਼ਿੰਦਾ ਹੋ ਉਠਦੇ ਹਨ, ਅੱਲਾ ਤਾਅਲਾ ਜਾਂ ਗੌਡ (God) ਦੇ ਪੇਸ਼ ਹੁੰਦੇ ਹਨ। ਅੱਲਾ ਤਾਅਲਾ ਉਨ੍ਹਾਂ ਦੇ ਸੰਸਾਰ ਵਿਚ ਕੀਤੇ ਹੋਏ ਕੰਮ ਅਨੁਸਾਰ ਨੇਕ ਪੁਰਸ਼ਾਂ ਨੂੰ ਬਹਿਸ਼ਤ ਜਾਂ Heaven ਵਿਚ ਭੇਜ ਦਿੰਦਾ ਹੈ, ਬੁਰੇ ਪੁਰਸ਼ਾਂ ਨੂੰ ਦੋਜ਼ਖ ਵਿੱਚ। ਅੱਗੋਂ ਉਹ ਹਮੇਸ਼ਾਂ ਹਮੇਸ਼ਾਂ ਲਈ ਬਹਿਸ਼ਤ ਜਾਂ ਦੋਜ਼ਖ ਜਿਥੇ ਵੀ ਉਨ੍ਹਾਂ ਨੂੰ ਭੇਜਿਆ ਗਿਆ ਹੈ, ਉਥੇ ਹੀ ਵਸਦੇ ਹਨ। ਇਸ ਤੋਂ ਅੱਗੇ ਹੋਰ ਕੋਈ ਜਨਮ ਨਹੀਂ ਹੁੰਦਾ। ਇਨ੍ਹਾਂ ਤਿੰਨਾਂ ਮੱਤਾਂ ਦਾ ਜ਼ਿੰਦਗੀ ਦਾ ਆਖਰੀ ਨਿਸ਼ਾਨਾ ਬਹਿਸ਼ਤ ਪ੍ਰਾਪਤ ਕਰਨਾ ਹੈ। ਇਨ੍ਹਾਂ ਦੇ ਪੈਗੰਬਰ ਜਾਂ ਨਬੀਆ ਨੇ ਆਪਣੇ ਆਪਣੇ ਮੱਤਾ ਦੇ ਧਾਰਮਿਕ ਨਿਯਮ ਕੁਝ ਇਸ ਢੰਗ ਨਾਲ ਨੀਯਤ ਕੀਤੇ ਕਿ ਜੋ ਇਨਸਾਨ ਨੇਕ ਕਰਮ ਕਰੇਗਾ, ਬਹਿਸ਼ਤ ਪ੍ਰਾਪਤ ਕਰ ਸਕੇਗਾ, ਬਹਿਸ਼ਤ ਦੀ ਪ੍ਰਾਪਤੀ ਤੇ ਜ਼ਿੰਦਗੀ ਦਾ
ਨਿਸ਼ਾਨਾ ਪੂਰਾ ਹੋਇਆ ਸਮਝ ਇਥੇ ਹੀ ਸੰਤੁਸ਼ਟ ਹੋ ਬੈਠ ਜਾਂਦੇ ਹਨ।

ਹਿੰਦੂ ਧਰਮ, ਜੀਵ ਦੇ ਚੌਰਾਸੀ ਲੱਖ ਜੂਨਾਂ ਵਿਚ ਵਾਰ ਵਾਰ ਚੱਕਰ ਕਟਣ ਅਤੇ ਇਨ੍ਹਾਂ ਜੂਨਾਂ ਦੇ ਕਸ਼ਟ ਭੋਗਣ ਤੋਂ ਛੁਟਕਾਰਾ ਹਾਸਲ ਕਰਨ ਲਈ ਮੁਕਤੀ ਚਾਹੁੰਦਾ ਹੈ। ਮੁਕਤੀ ਪ੍ਰਾਪਤ ਕਰਨੇ ਲਈ ਰਿਸ਼ੀਆਂ ਮੁਨੀਆਂ ਨੇ ਵੇਦਾਂਤ ਅਤੇ ਯੋਗ ਦੇ ਦੋ ਮਾਰਗ ਦਰਿਆਫਤ ਕੀਤੇ। ਇਨ੍ਹਾਂ ਦੋਨਾਂ ਵਿਚੋਂ ਕਿਸੀ ਇਕ ਮਾਰਗ ਨੂੰ ਵੀ ਅਪਣਾਇਆ ਇਨਸਾਨ ਆਤਮ ਸ਼ਾਖਸ਼ਾਤਕਾਰ ਤੱਕ ਪਹੁੰਚ ਜਾਂਦਾ ਹੈ-ਭਾਵ ਸਰੀਰ ਅੰਦਰ ਵਸਦੀ ਆਪਣੀ ਗੁਪਤ ਆਤਮਾ ਨੂੰ ਪ੍ਰਗਟ ਕਰ ਆਪਣੇ ਨੇਤਰਾਂ ਨਾਲ ਪਰਤੱਖ ਤੌਰ ਤੇ ਦੇਖਦਾ ਹੈ। ਇਸ ਪਦ ਪੁਗਿਆਂ “ਮੈਂ ਸਰੀਰ ਹਾਂ” ਦੀ ਧਾਰਨਾ ਖਤਮ ਹੋ ਕੇ “ਮੈਂ ਆਤਮਾ ਹਾਂ” ਦਾ ਗਿਆਨ ਹੋ ਜਾਂਦਾ ਹੈ। ‘ਹਊਮੈ’ ਦੇ ਖਾਤਮੇ ਨਾਲ ਹੀ ‘ਹਊਮੈ’ ਅਧੀਨ ਕੀਤੇ ਕਰਮਾਂ ਦਾ ਭੀ ਨਾਸ਼ ਹੋ ਜਾਂਦਾ ਹੈ। ਕਰਮ ਦੇ ਨਾਸ਼ ਹੋਣ ਤੇ ਜੀਵ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।

ਗਿਆਨੈ ਕਾਰਨ ਕਰਮ ਅਭਿਆਸੁ॥
ਗਿਆਨੁ ਭਇਆ ਤਹ ਕਰਮਹ ਨਾਸੁ ॥੩॥ (ਪੰਨਾ ੧੧੬੭)

ਗਿਆਨ ਉਪਰੰਤ ਕਰਮ ਫਲ ਦੇ ਨਾਸ਼, ਮੁਕਤੀ ਪਰਾਪਤ ਕਰ ਹਿੰਦੂ ਧਰਮ ਸ਼ਕਤੀ ਤੇ ਸਤੁੰਸ਼ਟ ਹੋ ਬੈਠਦਾ ਹੈ।

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ (ਪੰਨਾ ੫੩੪)

ਖ਼ਾਲਸਾ ਨਾ ਰਾਜ ਦੀ ਇੱਛਾ ਕਰਦਾ ਹੇ ਅਤੇ ਨਾ ਹੀ ਸ਼ਕਤੀ ਦਾ ਹੀ ਚਾਹਵਾਨ ਹੈ,

ਮੁਕਤਿ ਬਪੁੜੀ ਭੀ ਗਿਆਨੀ ਤਿਆਗੈ (ਪੰਨਾ ੧੦੭੮)

ਖ਼ਾਲਸੇ ਦੀ ਮੰਗ ਹੈ ਪ੍ਰਭੂ ਪਰਮਾਤਮਾਂ ਦੇ ਚਰਨ ਕੰਵਲਾਂ ਦੀ ਮੌਜ ਦਾ ਹੀ ਆਨੰਦ ਮਾਨਣਾ ਚਾਹੁੰਦਾ ਹੈ। ਪ੍ਰੀਤ ਚਰਨ ਕਮਲ ਜਾਂ ‘ਚਰਨ ਕੰਮਲ ਕੀ ਮੌਜ’ ਤੋਂ ਭਾਵ ਹੈ ਅਕਾਲ-ਪੁਰਖ ਦੇ ਚਰਨਾਂ ਵਿਚ ਨਿਵਾਸ। ਇਸ ਲਈ ਖ਼ਾਲਸੇ ਦਾ ਜ਼ਿੰਦਗੀ ਦਾ ਨਿਸ਼ਾਨਾ ਹੋਇਆ ਅਕਾਲ-ਪੁਰਖ ਦਾ ਮਿਲਾਪ। ਜੀਵ-ਆਤਮਾ ਅਤੇ ਪਰਮ-ਆਤਮਾ ਦੋਨੋ ਹੀ ਸਰੀਰ ਅੰਦਰ ਹਰ ਵਕਤ ਗੁਪਤ ਹਾਲਤ ਵਿਚ ਨਿਵਾਸ ਰਖਦੇ ਹਨ।

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ (ਪੰਨਾ ੬੧੭)

ਹਰ ਲੱਕੜੀ ਵਿੱਚ ਅੱਗ ਅਤੇ ਸਾਰੇ ਹੀ ਦੁੱਧ ਵਿਚ ਘਿਉ ਮੌਜੂਦ ਹੁੰਦਾ ਹੈ। ਇਕ ਖ਼ਾਸ ਯਤਨ ਨਾਲ ਲਕੜੀ ਵਿਚੋਂ ਅੱਗ ਅਤੇ ਦੁੱਧ ਵਿਚੋਂ ਘਿਉ ਨਿਕਲ ਪ੍ਰਗਟ ਹੋ ਜਾਂਦਾ ਹੈ। ਇਸੀ ਤਰ੍ਹਾਂ ਹੀ ਹਰ ਛੋਟੇ ਬੜੇ ਵਜੂਦ ਵਿਚ ਅਕਾਲ ਪੁਰਖ ਦੀ ਜੋਤਿ ਮੌਜੂਦ ਹੁੰਦੀ ਹੈ। ਇਹ ਜੋਤਿ ਭੀ ਇਕ ਖ਼ਾਸ ਯਤਨ ਦੁਆਰਾ ਪ੍ਰਗਟ ਹੋ ਲਟ ਲਟ ਕਰ ਜਗਮਾਉਣ ਲਗ ਜਾਂਦੀ ਹੈ।

੩. ਘਟਿ ਮੈ:

ਜਿਸ ਤਰ੍ਹਾਂ ਹਿੰਦੂ ਧਰਮ ਨੇ ਜੀਵ-ਆਤਮਾ ਦੇ ਸਾਖਸ਼ਾਤਕਾਰ ਲਈ ਵੇਦਾਂਤ ਅਤੇ ਯੋਗ ਦੇ ਮਾਰਗ ਦਰਿਆਫਤ ਕੀਤੇ ਇਸੀ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਪਰਮ-ਆਤਮਾ ਦੇ ਸਾਖਸ਼ਾਤਕਾਰ ਲਈ ‘ਗੁਰਮਤਿ ਦੇ ਗਾਡੀ ਰਾਹ’ ਤੋਂ ਸੰਸਾਰ ਨੂੰ ਗਿਆਨ ਕਰਾਇਆ। ‘ਗੁਰਮਤਿ’ ਦੀ ਦਰਸਾਈ ਵਿਧੀ ਅਨੁਸਾਰ ਗੁਰ-ਸ਼ਬਦ ਦੀ ਕਮਾਈ ਦੁਆਰਾ ਸਰੀਰ ਦੇ ਅੰਦਰ ਦਸਮ-ਦੁਆਰ ਦਾ ਪੱਥਰ ਜੈਸਾ ਮਜ਼ਬੂਤ ਦਰਵਾਜਾ ਆਪਣੇ ਆਪ ਬਗੈਰ ਕਿਸੀ ਕਠਨਾਂਈ ਦੇ ਖੁੱਲ ਜਾਂਦਾ ਹੈ, ਹੋਰ ਕਿਸੀ ਭੀ ਦੂਸਰੇ ਉਪਾਉ ਦੁਆਰਾ ਇਹ ‘ਬੱਜਰ ਕਪਾਟ’ ਨਹੀਂ ਖੁਲ੍ਹਦਾ।

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ (ਪੰਨਾ ੯੫੪)

ਖ਼ਾਸ ਵਿਧੀ ਪੂਰਵਕ, ਗੁਰੂ-ਸ਼ਬਦ ਦੀ ਕੀਤੀ ਕਮਾਈ ਦੁਆਰਾ ਜਦੋਂ ਦਸਮ-ਦੁਆਰਾ ਖੁੱਲ੍ਹਦਾ ਹੈ ਤਾਂ “ਗੁਰ ਸਬਦੀ ਗੋਬਿਦੁ ਗੱਜਿਆ” (ਪੰਨਾ ੧੩੧੪) ਪ੍ਰਭੂ ਪਰਮ_ਆਤਮਾ ਦੇ ਪ੍ਰਗਟ ਹੁੰਦੇ ਸਾਰ ਹੀ ਇਸ ਦੀ ਪੂਰਨ-ਜੋਤਿ ਭੀ ਸਰੀਰ ਅੰਦਰ ਹੀ ਲਟ ਲਟ ਕਰ ਜਗਮਾ ਉਠਦੀ ਹੈ। ਜੀਵ-ਆਤਮਾ ਅਤੇ ਪਰਮ-ਆਤਮਾ ਦੋਨਾਂ ਦਾ ਮਿਲਾਪ ਹੋ “ਜਿਊ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥’ ਜਾਂ ‘ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ’ ਦਾ ਵਰਤਾਰਾ ਵਰਤੀਜ਼ਦਾ ਹੈ। ਇਸ ਪ੍ਰਕਾਰ ਕਲਗੀਧਰ ਜੀ ਵਲੋਂ ਪਵਿੱਤਰ, ਸ਼ੁੱਧ ਜਾਂ ਖ਼ਾਲਸੇ ਬਣਨੇ ਲਈ ਜੋ ਤਿੰਨ ਸ਼ਰਤਾਂ ਪੂਰਨ ਜੋਤਿ, ਜਗੈ, ਘਟਿ ਮੈ ਲਗਾਈਆਂ ਗਈਆਂ ਸਨ, ਪੂਰੀਆਂ ਹੋ ਇਨਸਾਨ ਸ਼ੁੱਧ ਜਾਂ ‘ਖ਼ਾਲਸ’ ਬਣ ਜਾਂਦਾ ਹੈ। ਐਸੇ ਖ਼ਾਲਸ ਹੋ ਚੁੱਕੇ ਇਨਸਾਨ ਨੂੰ ਕਲਗੀਧਰ ਹੀ ਨੇ ‘ਖ਼ਾਲਸਾ’ ਅਤੇ ਖ਼ਾਲਸਿਆਂ ਦੇ ਸਮੂਹ ਨੂੰ “ਖ਼ਾਲਸਾ ਪੰਥ’ ਦਾ ਨਾਮ ਦਿੱਤਾ ਤੇ ਕਬੀਰ ਜੀ ਕਥਨ ਅਨੁਸਾਰ:

“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥” (ਪੰਨਾ ੬੫੫)

ਇਸ ਉਪਰਲੀ ਵਿਚਾਰ ਤੋਂ ਇਹ ਸਪੱਸ਼ਟ ਸਿੱਧ ਹੁੰਦਾ ਹੈ ਕਿ ਖ਼ਾਲਸਾ ਗੁਰ-ਸ਼ਬਦ ਦੀ ਅਤੁੱਟ ਕਮਾਈ ਸਦਕਾ ਹੀ ਬਣਿਆ ਜਾ ਸਕਦਾ ਹੈ ਨਾ ਕਿ ਆਪਣੇ ਨਾਮ ਨਾਲ ‘ਖ਼ਾਲਸਾ’ ਸ਼ਬਦ ਦੀ ਵਰਤੋਂ ਕਰਕੇ।

(ਧੰਨਵਾਦ ਸਹਿਤ ਸੂਬੇਦਾਰ ਭਾਈ ਧਰਮ ਸਿੰਘ ਸੁੱਜੋਂ, ਕਰਤਾ ਗੁਰਬਾਣੀ ਅਤੇ ਸਾਇੰਸ ਦੀ ਰੋਸ਼ਨੀ 'ਚ ਅਕਾਲਪੁਰਖ)

ਜੱਦੋ ਯਾਦਾਂ ਪਿੰਡ ਦੀਆਂ ਆਉਂਦੀਆਂ ਨੇ ਸਹੁੰ ਰੱਬ ਦੀ...


-ਚਰਨਜੀਤ ਸਿੰਘ ਸੁੱਜੋਂ

ਪਿੰਡ ਸੁੱਜੋਂ ਦਾ ਮਾਣ ਸਵ: ਲਖਵਿੰਦਰ ਸਿੰਘ ਲਾਖਾ ਭਾਜੀ ਦੀਆਂ ਯਾਦਾਂ ਹਮੇਸ਼ਾ ਆਉਂਦੀਆਂ ਰਹਿਣਗੀਆਂ।

ਲਖਵਿੰਦਰ ਸਿੰਘ ਲਾਖਾ ਸੁੱਜੋਂ

ਸਾਡੇ “ਪਿੰਡ ਸੁੱਜੋਂ” ਨੇ ਜਿੱਥੇ ਚੋਟੀ ਦੇ ਪਲੇਅਰ ਪੈਦਾ ਕੀਤੇ ਹਨ ਉੱਥੇ ਸ਼ਹੀਦ ਭਾਈ ਸੁਖਵੀਰ ਸਿੰਘ ਖ਼ਾਲਸਾ ਉਰਫ਼ ਰਾਜਾ ਸੁੱਜੋਂ, ਸ਼ਹੀਦ ਭਾਈ ਚਰਨਜੀਤ ਸਿੰਘ ਸੁੱਜੋਂ ਵਰਗੇ ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਸੰਤ ਬਾਬਾ ਸੰਤੋਖ ਸਿੰਘ ਜੋਤੀ ਸਰੂਪ ਵਰਗੀਆਂ ਮਹਾਨ ਰੂਹਾਂ ਵੀ ਪੈਦਾ ਕੀਤੀਆਂ ਹਨ।

ਮੋਟੀਆਂ ਪਿੰਨੀਆਂ, ਵਿੰਗੀਆਂ ਲੱਤਾਂ, ਖੂੰਡੀਆਂ ਮੁੱਛਾਂ ਤੇ ਦਿਲ ਖਿਚਵੀਂ ਰੋਹਬਦਾਰ  ਦਸਤਾਰ ਤੇ ਦਰਸ਼ਨੀ ਚਿਹਰੇ ਤੇ ਇੱਕ-ਇੱਕ ਵੱਟ ਚਿਣ ਕੇ ਬੰਨ੍ਹ ਕੇ ਜੱਦੋ ਪਿੰਡ ਵਿੱਚ ਮੋਰ ਵਾਂਗ ਪਹਿਲ ਪਾਉਂਦਾ ਤੁਰਦਾ ਸੀ ਤੇ ਉੱਚੀ ਆਵਾਜ਼ ਵਿੱਚ ਗਰਜ ਵੇਂ ਬੋਲ-ਬੋਲਦਾ ਸੀ ਤਾਂ ਪਤਾ ਲੱਗਦਾ ਸੀ ਕਿ ਇਹ ਕੋਈ ਆਮ ਜਿਹਾ ਸਾਧਾਰਨ ਆਦਮੀ ਨਹੀਂ ਸਗੋਂ ਕੋਈ ਫ਼ੌਜੀ ਫ਼ੌਜ ਵਿੱਚੋਂ ਛੁੱਟੀ ਲੈ ਕੇ ਨਹੀਂ ਸਗੋਂ ਫ਼ੌਜ ਵਿੱਚੋਂ  ਭੱਜ ਕੇ ਆਇਆ ਹੈ। ਉਸ ਦਾ ਨਾਮ ਸੀ ਲਖਵਿੰਦਰ ਸਿੰਘ ਉਰਫ਼ ਲਾਖਾ ਭਾਜੀ ਜਿਸ ਨੂੰ ਸਾਰਾ ਇਲਾਕਾ ਤੇ ਪਿੰਡ ਵਾਸੀ ਪਿਆਰ ਨਾਲ ਲਾਖਾ ਕਹਿੰਦੇ ਸੀ।

ਲਾਖੇ ਭਾਜੀ ਨੇ ਆਪਣੀ ਫ਼ੌਜ ਦੀ ਨੌਕਰੀ ਤੇ ਆਪਣੀ ਜ਼ਿੰਦਗੀ ਪਿੰਡ ਸੁੱਜੋਂ ਦੇ ਲੇਖੇ ਲਾ ਦਿੱਤੀ। ਤੇ ਉਹ ਫੁੱਟਬਾਲ ਤੇ ਪਿੰਡ ਨੂੰ ਪਾਗਲਾਂ ਵਾਂਗ ਪਿਆਰ ਕਰਦਾ ਸੀ, ਤੇ ਉਸ ਨੂੰ ਫੁੱਟਬਾਲ ਦਾ ਨਸ਼ਾ ਚੜ੍ਹਿਆ ਰਹਿੰਦਾ ਸੀ। ਜਿਸ ਦੀ ਕੋਈ ਹੱਦ ਨਹੀਂ ਸੀ। ਕੋਈ ਅੰਦਾਜ਼ਾ ਨਹੀਂ ਸੀ। ਉਹ ਇੱਕ ਮਸਤ ਤੇ ਠੰਢੇ ਜਿਹੇ ਸੁਭਾਅ ਦਾ ਵੱਖਰਾ ਹੀ ਬੰਦਾ ਸੀ, ਪਰ  ਜਦ ਕਿਤੇ ਗ਼ੁੱਸਾ ਆਉਂਦਾ ਸੀ ਤਾਂ ਕਿਸੇ ਦੀ ਜੁਰਅਤ ਨਹੀਂ ਸੀ ਕਿ ਲਾਖੇ ਦੀਆਂ ਅੱਖਾਂ ਵਿੱਚ ਕੋਈ ਅੱਖਾਂ ਪਾ ਕੇ ਗੱਲ ਕਰ ਲਵੇ..…

ਲਾਖਾ ਭਾਜੀ ਭਾਵੇਂ ਫ਼ੌਜ ਵਿੱਚ ਕਿੰਨੀ ਵੀ ਦੂਰ ਡਿਊਟੀ ਤੇ ਹੁੰਦਾ ਸੀ ਪਰ ਜੱਦੋ ਉਸ ਨੂੰ ਪਿੰਡ ਦੇ ਮੈਚ ਦਾ ਸੁਨੇਹਾ ਮਿਲ ਜਾਣਾ ਤਾਂ ਉਹ ਬਿਨਾ ਕੁੱਝ ਸੋਚੇ ਤੇ ਬਿਨਾ ਕੁੱਝ ਦੱਸੇ ਸਿੱਧਾ ਹੀ ਜਿੱਥੇ ਮੈਚ ਹੋਣਾ ਉੱਥੇ ਪਹੁੰਚ ਜਾਂਦਾ ਸੀ। ਉਹ ਨੂੰ ਆਪਣੀ ਨੌਕਰੀ ਨਾਲੋਂ ਪਿੰਡ ਦਾ ਵੱਧ ਫ਼ਿਕਰ ਸੀ। ਉਹ ਆਪਣੇ ਵਾਰੇ ਘੱਟ ਤੇ ਪਿੰਡ ਵਾਰੇ ਵੱਧ ਸੋਚਦਾ ਸੀ। ਜਿਸ ਕਰ ਕੇ ਲਾਖੇ ਭਾਜੀ ਨੂੰ ਕਈ ਵਾਰ ਫ਼ੌਜ ਵਿੱਚ ਸਜ਼ਾ ਵਜੋਂ ਪਿੱਠੂ ਹੀ ਨਹੀਂ ਲਗਵਾਉਣੇ ਪਏ ਸਗੋਂ ਫ਼ੌਜ ਦੇ ਉੱਚੇ ਅਹੁਦਿਆਂ ਤੋ ਵੀ ਵਾਂਝੇ ਰਹਿਣਾ ਪਿਆ, ਜਦ ਕਿ ਲਾਖੇ ਭਾਜੀ ਦੇ ਨਾਲ ਦੇ ਸਾਰੇ ਸਾਥੀ ਵੱਡੇ-ਵੱਡੇ ਰੈਂਕ ਵਾਲੇ ਆਫ਼ੀਸਰ ਲੱਗ ਗਏ ਸਨ।...ਪਰ......

ਤੇ ਜੱਦੋ ਲਾਖੇ ਭਾਜੀ ਨੇ ਕਿਤੇ ਦਿੱਲੀ ਸ਼ਹੀਦ ਭਾਈ ਸੁਖਵੀਰ ਸਿੰਘ ਖ਼ਾਲਸਾ ਰਾਜਾ ਭਾਜੀ ਨੂੰ ਦਿੱਲੀ ਮਿਲਣ ਜਾਣਾ ਤਾਂ ਲਾਖੇ ਭਾਜੀ ਨੇ ਪਹਿਲਾਂ ਦਾਹੜਾ ਪਰਕਾਸ਼ ਕਰ ਲੈਣਾ ਤੇ ਮਨ ਚ' ਡਰ ਹੁੰਦਾ ਸੀ। ਅੱਜ ਭਾਵੇਂ ਲਾਖਾ ਭਾਜੀ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਉਹਨਾ ਦੀਆਂ ਕੀਮਤੀ ਯਾਦਾਂ ਸਾਨੂੰ ਹਮੇਸ਼ਾ ਯਾਦ ਆਉਂਦੀਆਂ ਰਹਿਣਗੀਆਂ। ਲਾਖੇ ਭਾਜੀ ਦੇ ਛੋਟੇ ਭਰਾ ਰਵਿੰਦਰ ਸਿੰਘ ਭੰਮੀ ਭਾਜੀ ਵੀ ਹਾਕੀ ਦੇ ਵਧੀਆ ਪਲੇਅਰ ਰਹੇ ਹਨ।

ਸਾਡੀ ਸੁਰਤ ਦੇ ਜਿੰਨੇ ਖਿਡਾਰੀ ਸੀ ਸਾਰੇ ਲਾਖੇ ਭਾਜੀ ਦੀ ਗੇਮ ਦੇ ਮੁਰੀਦ ਹੀ ਨਹੀਂ ਸਗੋਂ ਅਸੀ ਫੁੱਟਬਾਲ ਦੇ ਖਿਡਾਰੀ ਵੀ ਲਾਖੇ ਭਾਜੀ  ਵੱਲੋਂ ਤਿਆਰ ਕੀਤੇ ਹੋਏ ਪਲੇਅਰ ਹਾਂ। ਜਿਸ ਦੀ ਬਦੌਲਤ ਮੈਂ ਭਾਰਤ ਦੇ ਨਾਮੀ ਫੁੱਟਬਾਲ ਕਲੱਬ ਜੇ.ਸੀ.ਟੀ ਤੇ ਬੀ.ਐਸ.ਐਫ ਵਿੱਚ ਖੇਡਿਆ। ਤੇ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਟੀਮ ਦੀ ਕਪਤਾਨੀ ਵੀ ਕੀਤੀ। ਮੈਨੂੰ ਯਾਦ ਹੈ ਜੱਦੋ 10 ਮਾਰਚ 1993 ਨੂੰ ਮੈ ਜੇ.ਸੀ.ਟੀ ਫਗਵਾੜਾ ਕਲੱਬ ਵਿੱਚ ਹੋਇਆ ਤਾਂ ਲਾਖਾ ਭਾਜੀ ਮੈਨੂੰ ਪਿੰਡ ਦੇ ਅੱਡੇ ਤੇ ਮਿਲੇ ਤੇ ਮੈਨੂੰ ਦੂਰੋਂ ਆਵਾਜ਼ ਮਾਰੀ ਤੇ ਕਲਾਵੇ " ਲੈ ਕੇ ਕਿਹਾ ਓਏ ਚਰਨਜੀਤ ਵੈਸੇ ਮੈਨੂੰ ਭਾਜੀ ਹਮੇਸ਼ਾ ਫ਼ੌਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ। ਮੈਨੂੰ ਪਿਆਰ ਨਾਲ ਗਾਲ਼ ਕੱਢ ਕੇ ਕਹਿੰਦੇ ਓਏ ਗੱਲ ਸੁਣ ਹੁਣ ਜੇ.ਸੀ.ਟੀ ਵਿੱਚ ਪੂਰਾ ਜ਼ੋਰ ਲਾ ਕੇ ਖੇਡਣਾ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ। ਨਾਲੇ ਪਿੰਡ ਦੇ ਮੈਚ ਵੀ ਖੇਡਣੇ ਆ। ਮੈਂ ਤੈਨੂੰ ਦੱਸ ਦਿੰਨਾ ਮੈ ਢਾਹੁਣਾ ਬਹੁਤ ...

“ਜੱਦੋ ਲਾਲੀ ਭਾਜੀ ਆੜ੍ਹਤੀਏ ਨਾਲ ਪਿੰਡ ਵਿੱਚ ਘਰ-ਘਰ ਟੂਰਨਾਮੈਂਟ ਦੀ ਉਗਰਾਹੀ ਕਰਨ ਜਾਣਾ ਤਾਂ ਲਾਲੀ ਨੇ ਹਰੇਕ ਦੇ ਘਰ ਮਜ਼ਾਕ ਕਰਨਾ ਕਿਸੇ ਨੂੰ ਨਾ ਬਖ਼ਸ਼ਣਾ ਤੇ ਬਹੁਤੇ ਲੋਕ ਲਾਲੀ ਦੀਆਂ ਗੱਲਾਂ ਸੁਣਨ ਹੀ ਆਉਂਦੇ ਸੀ। ਮੈਨੂੰ ਯਾਦ ਇੱਕ ਵਾਰ ਲਾਲੀ ਭਾਜੀ ਨੇ ਕਿਸੇ... ਨੂੰ ਕਿਹਾ ਜੀ ਉਗਰਾਹੀ ਲਈ ਆਏ ਹਾਂ,.... ਤਾਂ ਉਹਨੇ ਅੱਗੋਂ ਕਿਹਾ 20 ਰੁਪਏ ਤੁਹਾਡੇ ਤੋ ਲੈਣੇ ਮੱਝ.....ਦੇ ਉਹਦੇ ਚੋ ਕੱਟ ਲਊ......”

ਪਿੰਡ ਦੇ ਟੂਰਨਾਮੈਂਟ ਦਾ ਸਾਨੂੰ ਵਿਆਹ ਖਾਣ ਜਿੰਨਾ ਚਾਅ ਹੁੰਦਾ ਸੀ। ਤੇ ਜੱਦੋ ਲਾਖੇ ਭਾਜੀ ਨੇ ਗਾਲ਼ ਕੱਢਣੀ ਤਾਂ ਦਰਸ਼ਕਾਂ ਨੇ ਦੂਹਰੇ ਹੋ-ਹੋ ਹੱਸਣਾ। ਤੇ ਇਸੇ ਤਰਾਂ ਭਾਜੀ ਨੇ ਗੱਗੀ ਤੇ ਵਿੱਕੀ ਨੂੰ ਦਬਕਾ ਮਾਰ ਕੇ ਕਹਿਣਾ ਓਏ ਵਿੱਕੀ ਤਾਂ ਮੇਰਾ ਛੋਟਾ ਪੁੱਤ ਆ। ਤੇ ਵਿੱਕੀ ਦੇ ਡੈਡੀ ਨੂੰ ਰੱਬ ਕਹਿ ਕੇ ਬੁਲਾਉਣਾ। ਵਿੱਕੀ ਨਾਲ ਵੀ ਵਾਲਾ ਹੀ ਪਿਆਰ ਸੀ। ਆਖ਼ਰੀ ਸਮੇਂ ਵਿੱਚ ਉਹ ਸੋਢੀ ਭਾਜੀ ਤੋ ਬਾਅਦ ਜ਼ਿਆਦਾ ਗੱਗੀ-ਵਿੱਕੀ ਹੁਣਾ ਦੇ ਘਰ ਆਉਂਦੇ ਜਾਂਦੇ ਸੀ।

ਤੇ ਪਿੰਡ ਸੁੱਜੋਂ ਦੇ ਉਹ ਖਿਡਾਰੀ ਜਿਹਨਾ ਨੇ ਇਲਾਕੇ ਵਿੱਚ ਪੂਰੀ ਧਾਕ ਜਮਾਈ ਸੀ। ਲਾਖਾ ਭਾਜੀ, ਗੱਗੀ - ਬਿੱਕੀ, ਪੰਮਾ - ਭੋਲਾ, ਸੋਢੀ - ਭੋਲਾ, ਸੱਤਾ-ਪਾਲਾ ਭਾਜੀ, ਕਾਕਾ ਪੰਡਤ - ਦਿਨੇਸ਼ ਭਾਜੀ, ਕੁੱਕੂ - ਸੋਢੀ ਭਾਜੀ, ਸਤਪਾਲ - ਸਰਬਜੀਤ ਗੰਜਾ, ਬਿੱਲੀ, ਸੱਤਾ ਚੀਨਾ, ਜੀਤਾ ਖਜ਼ਾਨ ਸਿੰਘ ਦਾ ਗੋਰਾ ਬੇਦੀ ਭਾਜੀ, ਤਰਨਜੀਤ ਸਰਪੰਚ - ਚਰਨਜੀਤ ਆਦਿ ਇਸ ਤਰਾਂ ਦੋਵੇਂ ਭਰਾਵਾ ਦੀਆਂ ਜੋੜੀਆਂ ਹੁੰਦੀਆਂ ਸੀ, ਅਤੇ ਪੁਰਾਣੇ ਪਲੇਅਰ ਜਿਹਨਾ ਨੂੰ ਅਸੀ ਅੱਖੀਂ ਦੇਖਿਆ, ਚਾਚਾ ਜੀ ਹਰਭਜਨ ਸਿੰਘ ਫ਼ੌਜੀ, ਚੋਟੀ ਦਾ ਖਿਡਾਰੀ  ਸਵ: ਗੀਤੀ ਭਾਜੀ,  ਦਲਜੀਤ  ਗਿੱਧਾ, ਪ੍ਰਿਤਪਾਲ, ਬੱਬੀ ਝੰਡੇ-ਗੰਡੇਦਿਆਂ ਦਾ, ਬੱਬੀ ਚੌਦੇਂ ਦਾ ਤੇ ਛਿੰਦਾ ਭਾਜੀ ਲੰਬੜਾ ਦਾ ਸ਼ਾਇਦ ਸੈਕਟਰੀ ਹੁੰਦੇ ਸੀ। ਤੇ ਲਾਲ ਰੰਗ ਦਾ ਬੁਲਟ ਮੋਟਰ ਸਾਈਕਲ ਹੁੰਦਾ ਸੀ ਤੇ ਦੇਵ ਮੌਜੀ ਦੇ ਕੋਲ ਯੱਦੀ ਮੋਟਰ ਸਾਈਕਲ ਹੁੰਦਾ ਸੀ, ਤੇ ਲਾਲੀ ਭਾਜੀ ਮਈਆ ਸਿੰਘ ਦਾ ਜਿਸ ਨੇ ਹਮੇਸ਼ਾ ਸ਼ੁਗ਼ਲ-ਮੇਲਾ ਕਰੀ ਜਾਣਾ ਗ਼ੁੱਸਾ ਕੋਈ ਨਹੀਂ ਸੀ ਕਰਦਾ, ਸਾਰੇ ਵਧੀਆ ਪਲੇਅਰ ਰਹੇ ਹਨ ਤੇ ਸਾਰਿਆਂ ਦਾ ਆਪਸ ਵਿੱਚ ਭਰਾਵਾਂ ਵਰਗਾ ਪਿਆਰ ਤੇ ਗੂੜ੍ਹੀ ਸਾਂਝ ਹੁੰਦੀ  ਸੀ।

ਜੱਦੋ ਕਿਤੇ ਪਿੰਡ ਟੂਰਨਾਮੈਂਟ ਹੋਣਾ ਤਾਂ ਅਸੀ ਗਰਾਊਡ ਵਿੱਚ ਹੀ 6-7 ਦਿਨ ਟੈਂਟ ਲੱਗਾ ਕੇ ਰਹਿਣਾ ਤੇ ਜੱਦੋ ਟੂਰਨਾਮੈਂਟ ਖ਼ਤਮ ਹੋਣਾ ਤਾਂ ਸਾਰੇ ਸੀਨੀਅਰ ਪਲੇਅਰਾਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰ ਕੇ ਦੂਜੇ ਦਿਨ ਸੋਢੀ ਭਾਜੀ ਦੇ ਖੂਹ ਤੇ ਪਾਰਟੀ ਕਰਨੀ ਤੇ ਉਸ ਵੇਲੇ ਵੀ ਕਈ ਮਾਨਸਿਕ ਤੌਰ ਤੇ ਬਿਮਾਰ ਕੁੱਝ ਕੁ ਢਾਈ-ਟੋਟਰੂ ਵੀਰਾਂ ਨੇ ਰੌਲਾ ਪਾ ਦੇਣਾ ਕਿ ਦੇਖੋ ਜੀ ਕਲੱਬ ਵਾਲੇ ਮੁੰਡੇ ਜਿਹੜੀ ਪਿੰਡ ਚੋਂ ਉਗਰਾਹੀ ਕਰਦੇ ਹਨ ਉਸ ਦੀਆਂ ਪਾਰਟੀਆਂ ਕਰਦੇ ਨੇ। ਵਗ਼ੈਰਾ-ਵਗ਼ੈਰਾ.... ਜਦ ਕਿ ਪੈਸੇ ਸੀਨੀਅਰ ਖਿਡਾਰੀਆਂ ਨੇ ਇਕੱਠੇ ਕਰ ਕੇ ਪਾਰਟੀ ਕਰਨੀ  ਤੇ ਜਿਸ ਵਿਅਕਤੀ ਨੇ ਦੁਆਨੀ ਕਦੇ ਦੇਣੀ ਨਹੀਂ, ਗਰਾਊਡ " ਕਦੇ ਜਾਣਾ ਨਹੀਂ, ਤੇ ਫੁੱਟਬਾਲ ਨਾਲ ਕੋਈ ਵਾਹ-ਵਾਸਤਾ ਨਹੀਂ ਤੇ ਉਸ ਨੇ ਪੈਸਾ ਖਾ ਗਏ ਦਾ ਢੰਡੋਰਾ ਸਾਰੇ ਪਿੰਡ ਵਿੱਚ ਪਿੱਟਣ ਦੀ ਸੇਵਾ ਜ਼ਰੂਰ ਨਿਭਾਉਂਦੇ ਸੀ। ਰੌਲਾ ਪਾਉਣਾ ਅਖੇ  ਕਲੱਬ ਦੇ ਪੈਸੇ ਖਾ ਗਏ...ਇਹ ਸੇਵਾ ਨਿਭਾਉਣ ਲਈ ਵੀ ਪ੍ਰਮਾਤਮਾ ਪਿੰਡ ਵਿੱਚ ਕਿਸੇ ਨਾ ਕਿਸੇ ਦੀ ਡਿਊਟੀ ਜ਼ਰੂਰ ਲਗਾਉਂਦੇ ਹਨ। ਤੇ ਇਹ ਸੇਵਾ ਲਗਾਤਾਰ ਅੱਜ ਵੀ ਜਾਰੀ ਹੈ। ਸੋ ਇਸ ਕਰ ਕੇ ਕਿਸੇ ਵੀਰ ਦਾ ਕੋਈ ਗ਼ੁੱਸਾ-ਗਿਲਾ ਨਾ ਕਰੋ। ਸਗੋਂ ਇਸ ਨੂੰ ਵੀ ਸੇਵਾ ਸਮਝ ਲਵੇ।

ਸਾਰੇ ਕੰਮ ਹੁੰਦੇ ਰਹਿਣੇ ਹਨ, ਤੇ ਸਾਰੇ ਤਰਾਂ ਦੇ ਬੰਦੇ ਪਿੰਡ ਵਿੱਚ ਹੁੰਦੇ ਹਨ। ਤੇ ਸਾਰਿਆਂ ਦੇ ਸੁਭਾਅ ਨੂੰ ਸਮਝਣਾ ਪੈਂਦਾ ਹੈ।  ਪਿੰਡ ਵਿੱਚ ਭਾਈਚਾਰਕ ਸਾਂਝ ਪਿੰਡ ਦੀ ਤਰੱਕੀ ਤੇ ਮਜ਼ਬੂਤੀ ਦਾ ਕੰਮ ਕਰਦੀ ਹੈ। ਵਾਹਿਗੁਰੂ ਸਾਡੇ ਪਿੰਡ ਵਿੱਚ ਏਕਤਾ ਤੇ ਪਿਆਰ ਬਖ਼ਸ਼ਣ।