ਖ਼ਾਲਸਾ

-ਸੂਬੇਦਾਰ ਧਰਮ ਸਿੰਘ ਸੁੱਜੋਂ


ਸਿੰਘਾ ਵਿਚ ਇਹ ਇੱਕ ਆਮ ਰਿਵਾਜ਼ ਜਿਹਾ ਬਣਦਾ ਜਾ ਰਿਹਾ ਹੈ ਕਿ ਉਹ ਆਪਣੇ ਨਾਮ ਦੇ ਨਾਲ ਸ਼ਬਦ ‘ਖ਼ਾਲਸਾ’ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਇਕ ਸ੍ਰੇਸ਼ਟ ਸਿੱਖ ਦੇ ਰੂਪ ਵਿਚ ਦਰਸਾਉਣ। ਜੇ ਤਾਂ ਇਸ ਪਵਿਤਰ ਸ਼ਬਦ ਦੀ ਵਰਤੋਂ ਕਰਨ ਵਾਲੇ ਸੱਜਣ ਵਿੱਚ ਖ਼ਾਲਸੇ ਵਾਲੇ ਗੁਣ ਹੋਣ ਤਾਂ ਬਹੁਤ ਬਹੁਤ ਮੁਬਾਰਕ, ਨਹੀਂ ਤਾਂ ਜੇ ਹਰ ਕੋਈ ਸੱਜਣ ਇਸ ਦੀ ਵਰਤੋ ਕਰਨ ਲੱਗ ਜਾਏ ਜਿਸ ਵਿਚ ਖ਼ਾਲਸੇ ਵਾਲੇ ਗੁਣ ਨਾ ਹੋਣ ਤਾਂ ਇਹ ਇੱਕ ਤਰ੍ਹਾਂ ਨਾਲ ‘ਖਾਲਸਾ’ ਸ਼ਬਦ ਦੀ ਨਿਰਾਦਰੀ ਹੈ। ਖ਼ਾਲਸੇ ਦੇ ਵਿਰੋਧੀਆ ਵਲੋਂ ਇਸ ਨੂੰ ਅਤਿਵਾਦੀ, ਵੱਖਵਾਦੀ, Extremist, Terrorist ਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਕੋਝੇ ਉਪਨਾਮਾਂ ਦੀ ਵਰਤੋਂ ਕਰਕੇ, ਇਸ ਨੂੰ ਭੰਡਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਇਸ ਪਵਿੱਤਰ ਸ਼ਬਦ ‘ਖ਼ਾਲਸਾ’ ਤੇ ਵਿਚਾਰ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਖ਼ਾਲਸੇ ਦੀ ਸਾਜਨਾ ਵੇਲੇ ਸ੍ਰੀ ਕਲਗੀਧਰ ਜੀ ਦੇ ਮਨ ਵਿੱਚ ‘ਖ਼ਾਲਸਾ’ ਸ਼ਬਦ ਬਾਰੇ ਕੀ ਧਾਰਨਾ ਸੀ:-

“ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸੇ ਮਹਿ ਹਉ ਕਰੋਂ ਨਿਵਾਸ॥”

ਇਹ ਬਚਨ ਆਖ ਕੇ ਕਲਗੀਧਰ ਜੀ ਨੇ, ਖ਼ਾਲਸਾ ਜੀ ਨੂੰ ਇਤਨਾ ਵੱਡਾ ਮਾਣ ਬਖਸ਼ਿਆ ਹੈ ਕਿ ਇਸ ਨੂੰ ਆਪਣਾ ਹੀ ਰੂਪ ਬਣਾ ਲਿਆ ਹੈ। ਇਸ ਦਾ ਅਰਥ ਇਹ ਹੋਇਆ ਕਿ ਖ਼ਾਲਸਾ ਕਲਗੀਧਰ ਜੀ ਹੈ, ਤੇ ਕਲਗੀਧਰ ਜੀ ਖੁਦ ਹੀ ਖ਼ਾਲਸਾ ਹਨ। ਜੇ ਕਲਗੀਧਰ ਜੀ ਨੇ ਖ਼ਾਲਸੇ ਨੂੰ ਇਤਨੀ ਮਹਾਨ ਵਡਿਆਈ ਬਖਸ਼ ਦਿੱਤੀ ਹੈ ਤਾਂ ਜ਼ਰਾ ਪੜਚੋਲ ਕਰੀਏ ਕਿ :-

੧. ਸ੍ਰੀ ਕਲਗੀਧਰ ਜੀ ਖੁਦ ਕਿਸ ਪਦਵੀ ਦੇ ਮਾਲਕ ਹੋਏ?
੨. ਜਦੋਂ ਖ਼ਾਲਸੇ ਨੂੰ ਆਪ ਜੀ ਨੇ ਆਪਣਾ ਹੀ ਰੂਪ ਬਖਸ਼ ਦਿੱਤਾ ਤਾਂ ਖ਼ਾਲਸੇ ਦਾ ਸਰੂਪ ਕਿਆ
ਹੋਇਆ?

ਪੰਥ ਅੰਦਰ ਇਹ ਦੋ ਤੱਥ ਨਿਰਵਿਵਾਦ ਐਸੇ ਪ੍ਰਮਾਣੀਕ ਤੱਥ ਹਨ ਜਿਸ ਤੇ ਕਿਸੀ ਲਈ ਭੀ ਕੋਈ ਕਿੰਤੂ ਪਰੰਤੂ ਕਰਨ ਦੀ ਗੁੰਜਾਇਸ਼ ਨਹੀਂ ਹੈ। ਇੱਕ ਇਹ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ‘ਖਸਮ ਕੀ ਬਾਣੀ’ ਜਾਂ ‘ਧੁਰ ਕੀ ਬਾਣੀ’ ਹੈ :-

“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰ ਸਿਖਹੁ॥” (ਪੰਨਾ ੩੦੮) ਦਾ ਹੁਕਮ ਹੈ –

ਦੂਸਰੇ

“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰਨਾ ੯੬੬) 

ਅਨੁਸਾਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਜੀ ਤੱਕ ਦਸੇ ਹੀ ਗੁਰੂ ਸਾਹਿਬਾਨ ਵਿੱਚ ਇੱਕ ਹੀ ਜੋਤਿ ਵਿਚਰਦੀ ਆ ਰਹੀ ਹੈ। ‘ਗੁਰਮਤਿ’ ਦੀ ਜੋ ਜੁਗਤੀ ਗੁਰੂ ਨਾਨਕ ਦੇਵ ਜੀ ਨੇ ਜੁਗਤਾਈ ਸੀ, ਸਾਰੇ ਗੁਰੂ ਸਾਹਿਬਾਨ ਨੇ ‘ਜੁਗਤਿ ਸਾਇ’ ਤੇ ਹੀ ਅਮਲ ਕੀਤਾ। ਸਿਰਫ਼ ਉਨ੍ਹਾਂ ਦੀ ‘ਸਹ ਕਾਇਆ’ ਜਾ ਆਪਣਾ ਸਰੀਰ ਹੀ ਪਲਟੀ ਹੁੰਦਾ ਰਿਹਾ, ਇਸ ਲਈ ਦਸੇ ਗੁਰੂ ਸਾਹਿਬਾਨ ਨੂੰ ਭਿੰਨ ਭਿੰਨ ਕਰਕੇ ਜਾਨਣਾ ਸਾਡੀ ਵੱਡੀ ਭੁੱਲ ਹੋਵੇਗੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਜੀ ਤੱਕ ਦਸੇ ਗੁਰੂ ਸਾਹਿਬਾਨ ਦਰਅਸਲ ਕਿਸ ਹਸਤੀ ਦੇ ਮਾਲਕ ਸਨ, ਇਸ ਭੇਦ ਨੂੰ ‘ਭੱਟਾਂ’ ਨੇ ਆਪਣੀ ਬਾਣੀ ਵਿਚ ਇਨ੍ਹਾਂ ਸ਼ਬਦਾ ਦੁਆਰਾ ਖ੍ਹੋਲਿਆ ਹੈ:-

ਆਪਿਨਰਾਇਣੁਕਲਾਧਾਰਿਜਗਮਹਿਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ (ਪੰਨਾ ੧੩੯੫)

ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥ (ਪੰਨਾ ੧੪੦੬)

ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥੫॥ (ਪੰਨਾ ੧੪੦੯)

ਦੇਵਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ (ਪੰਨਾ ੧੪੦੯)

ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥ (ਪੰਨਾ ੧੪੦੯)

ਉਪਰ ਦਿੱਤੇ ਗੁਰ ਫੁਰਮਾਨ ਆਪਣੇ ਆਪ ਵਿਚ ਇਤਨੇ ਸਪੱਸ਼ਟ ਹਨ ਕਿ ਇਨ੍ਹਾਂ ਦੀ ਹੋਰ ਵਿਆਖਿਆ ਦੀ ਲੋੜ ਨਹੀਂ ਭਾਸਦੀ। ਇਨ੍ਹਾਂ ਗੁਰ-ਫੁਰਮਾਨਾਂ ਤੋਂ ਸਾਫ ਸਿੱਧ ਹੂੰਦਾ ਹੈ ਕਿ ਗੁਰੂ ਸਾਹਿਬਾਨ ਵਿਚ ਪੂਰਨ ਬ੍ਰਹਮ ਦਾ ਨਿਵਾਸ ਸੀ ਜਾਂ ਨਾਰਾਇਣ ਆਪ ਕਲਾਧਾਰ ਜੱਗ ਵਿਚ ਪਧਾਰੇ ਸਨ। ਜਦੋਂ ਜਦੋਂ ਭੀ ਗੁਰੂ ਜੋਤਿ ‘ਦੇਵ ਪੁਰੀ’ ਪਧਾਰਦੀ ਰਹੀ ‘ਹਰਿ ਜੀ’ ਗੁਰੂ-ਜੋਤਿ ਨੂੰ ਪੂਰੇ ਸਨਮਾਨ ਦੇ ਨਾਲ ਆਪ ਆਪਣੇ ਸਿੰਘਾਸਣ ਤੇ ਬਿਰਾਜਮਾਨ ਕਰਦੇ ਰਹੇ। ਇਸ ਵਿਚਾਰ ਤੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਸ੍ਰੀ ਕਲਗੀਧਰ ਜੀ ਤੱਕ ਸਾਰੇ ਗੁਰੂ ਸਾਹਿਬਾਨ ਆਪ ਪਰਮੇਸ਼ਵਰ ਸਨ। ਖ਼ਾਲਸਾ ਕਲਗੀਧਰ ਜੀ ਦਾ ਹੀ ‘ਖਾਸ ਰੂਪ’ ਹੈ। ਕਲਗੀਧਰ ਜੀ ਖ਼ਾਲਸੇ ਵਿਚ ਆਪ ਨਿਵਾਸ ਰੱਖਦੇ ਹਨ ਤਾਂ ਖ਼ਾਲਸਾ ਭੀ ਪਰਮੇਸ਼ਵਰ ਦਾ ਹੀ ਰੂਪ ਸਿੱਧ ਹੋਇਆ। ਅੱਗੇ ਹੁਣ ਇਸ ਸਿਧਾਂਤ ਤੇ ਕੁੱਝ ਵਿਸਥਾਰ ਸਹਿਤ ਵਿਚਾਰ ਕਰੀਏ ਕਿ ਇੱਕ ਇਨਸਾਨ ‘ਖ਼ਾਲਸੇ ਦੀ ਪਦਵੀ’ ਤੇ ਕਿਵੇਂ ਤੇ ਕਦੋਂ ਪਹੁੰਚਦਾ ਹੈ?

“ਪੁਰਨ ਜੋਤਿ ਜਗੈ ਘਟ ਮੈ, ਤਬਿ ਖ਼ਾਲਸਾ ਤਾਹਿ ਨਖਾਲਸ ਜਾਨੈ ॥”

ਇਸ ਗੁਰ ਫੁਰਮਾਨ ਦਾ ਭਾਵ ਅਰਥ ਇਹ ਹੈ ਕਿ ਜਦੋਂ ਕਿਸੀ ਇਨਸਾਨ ਦੇ ਘਟ (ਸਰੀਰ) ਵਿਚ ਪੂਰਨ ਜੋਤਿ ਜਗਮਗਾ ਉਠਦੀ ਹੈ ਤਾਂ ਉਹ ਇਨਸਾਨ ਪਵਿੱਤਰ ਸ਼ੁੱਧ ਜਾਂ ਖ਼ਾਲਸ ਹੋ ਜਾਂਦਾ ਹੈ। ਖ਼ਾਲਸ ਹੋਣ ਲਈ ਕਲਗੀਧਰ ਜੀ ਤਿੰਨ ਸ਼ਰਤਾਂ (Conditions) ਲਾਉਂਦੇ ਹਨ। ਤਿੰਨ ਸ਼ਰਤਾਂ ਇਹ ਹਨ:

੧. ਪੂਰਨ ਜੋਤਿ
੨. ਜਗੈ
੩. ਘਟ ਮੈ ।

ਅੱਗੋਂ ਇਨ੍ਹਾਂ ਤਿੰਨਾਂ ਸ਼ਰਤਾਂ ਤੇ ਵਿਚਾਰ ਹੋਵੇਗੀ:-

੧. ਪੂਰਨ ਜੋਤਿ -

ਰਾਤ ਸਮੇਂ ਅਸਮਾਨ ਵਿਚ ਜਿਤਨੇ ਭੀ ਤਾਰੇ ਚਮਕਦੇ ਹੋਏ ਨਜ਼ਰ ਆਉਂਦੇ ਹਨ ਇਹ ਆਕਾਰ ਵਿੱਚ, ਜਾਂ ਤਾਂ ਸੂਰਜ ਸਮਾਨ ਹਨ ਜਾਂ ਇਸ ਤੋਂ ਭੀ ਬਹੁਤ ਬੜੇ ਹਨ। ਜਿਸ ਆਕਾਸ਼-ਗੰਗਾ (Galaxy) ਨਾਲ ਸਾਡੇ ਸੂਰਜ ਮੰਡਲ ਦਾ ਸੰਬੰਧ ਹੈ, ਉਸ ਨੂੰ ਮਿਲਕੀ ਵੇ (Milky Way) ਅਰਥਾਤ ਆਕਾਸ਼-ਗੰਗਾ ਆਖਦੇ ਹਨ। ਇਸ ਇੱਕ ਹੀ ਆਕਾਸ਼ ਗੰਗਾ ਵਿਚ ਇੱਕ ਖਰਬ (One hundred thousand million) ਤਾਰੇ ਹਨ। ਐਸੀ ਕੋਈ ਇੱਕ ਅਰਬ (One thousand million) ਆਕਾਸ਼-ਗੰਗਾਵਾਂ ਹੁਣ ਤੱਕ ਦਰਿਆਫਤ ਹੋ ਚੁੱਕੀਆਂ ਹਨ। ਇਤਨੇ ਬੇਅੰਤ ਸੂਰਜਾਂ ਦੀ ਰੌਸ਼ਨੀ ਕਿਆ ਇਨ੍ਹਾਂ ਸੂਰਜਾਂ ਦੀ ਆਪਣੀ ਉਪਜ ਹੈ ਜਾਂ ਇਹ ਕਿਸੀ ਹੋਰ ਸੋਮੇ ਤੋਂ ਪ੍ਰਪਾਤ ਹੋ ਰਹੀ ਹੈ?

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪੰਨਾ ੬)

ਇਸ ਗੁਰ-ਫੁਰਮਾਣ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਬੇਅੰਤ ਸੂਰਜਾਂ ਵਿਚ ਨਜ਼ਰ ਆਉਂਦਾ ਚਾਨਣ, ਇਨ੍ਹਾਂ ਸੂਰਜਾਂ ਦੀ ਆਪਣੀ ਉਪਜ ਨਹੀਂ ਹੈ। ਇਹ “ਤਿਸਦੈ” ਚਾਨਣ ਤੋਂ ਚਾਨਣ ਲੈ ਕੇ ਇਹ ਬੇਅੰਤ ਸੂਰਜ ਰੋਸ਼ਨ ਹੋ ਰਹੇ ਹਨ ਤਾਂ ਉਹ ਸੋਮਾ, ਖੁਦ ਕਿਤਨੇ ਕੁ ਵੱਡੇ ਚਾਨਣ ਦਾ ਭੰਡਾਰ ਹੋਵੇਗਾ? ਸੰਸਾਰ ਅੰਦਰ ਮੌਜੂਦ ਚਾਨਣ ਦੀ ਗਿਣਤੀ ਮਿਣਤੀ ਕਰਨੀ ਸੰਭਵ ਨਜ਼ਰ ਨਹੀ ਆਉਂਦੀ ਤੇ ਜਿਸ ਸੋਮੇ ਤੋਂ ਇਹ ਚਾਨਣ ਆ ਰਿਹਾ ਹੈ ਤਾਂ ਉਸ ਸੋਮੇ ਦੇ ਅਥਾਹ ਚਾਨਣ ਦੀ ਗਿਣਤੀ ਮਿਣਤੀ ਕੌਣ ਕਰ ਸਕਦਾ ਹੈ? ਇਸ ਚਾਨਣ ਨੂੰ ਬੇਅੰਤ (Infinite) ਜਾਂ ਪੂਰਨ ਜੋਤਿ ਆਖ ਕੇ ਹੀ ਚੁਪ ਕਰਨਾ ਬਣਦਾ ਹੈ। ਅਕਾਲ-ਪੁਰਖ ਦੀ ਇਸ ਪੂਰਨ ਜੋਤਿ ਨੂੰ ਮੁਖ ਰੱਖ ਕੇ ਹੀ ਇਸ ਨੂੰ ‘ਜੋਤੀ ਸਰੂਪ’ ਭੀ ਆਖਿਆ ਜਾਂਦਾ ਹੈ। ਪੂਰਨ ਜੋਤਿ ਦਾ ਅਰਥ ਹੋਇਆ ਅਕਾਲ ਪੁਰਖ ਕੀ “ਪੂਰਨ ਜੋਤਿ” ।

੨. ਜਗੈ -

ਹਿੰਦੂ ਅਤੇ ਸਿੱਖ ਧਰਮ, ਪੁਨਰ-ਜਨਮ ਦੇ ਸਿਧਾਂਤ ਵਿਚ ਵਿਸ਼ਵਾਸ ਰਖਦੇ ਹਨ। ਕੋਈ ਜੀਵ ਕਿਸੀ ਇਕ ਜੂਨੀ ਵਿਚ ਮ੍ਰਿਤੂ ਹੋਣ ਉਪਰੰਤ ਅਗੋਂ ਕਿਸੇ ਹੋਰ ਜੂਨੀ ਵਿਚ ਜਾ ਜਨਮ ਲੈਂਦਾ ਹੈ। ਇਸਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਜਿਸ ਨੂੰ ਪੁਨਰ ਜਨਮ ਆਖਦੇ ਹਨ। ਯਹੂਦੀ, ਇਸਾਈ ਤੇ ਇਸਲਾਮ ਇਹ ਤਿੰਨ ਧਰਮ ਪੁਨਰ ਜਨਮ ਦੇ ਸਿਧਾਂਤ ਨੂੰ ਨਹੀਂ ਮੰਨਦੇ। ਇਨ੍ਹਾਂ ਦੇ ਵਿਸ਼ਵਾਸ ਅਨੁਸਾਰ ਕਬਰਸਤਾਨ ਤੋਂ ਅੱਗੇ ਕੋਈ ਜ਼ਿੰਦਗੀ ਨਹੀਂ ਹੈ। ਮੁਰਦੇ ਨੂੰ ਕਬਰ ਵਿਚ ਦਫ਼ਨ ਕਰਨ ਉਪਰੰਤ, ਸੰਸਾਰ ਦੇ ਖ਼ਾਤਮੇ ਦੇ ਸਮੇਂ ਤੱਕ, ਜੀਵ ਭੀ ਕਬਰ ਵਿਚ ਹੀ ਰਹਿੰਦਾ ਹੈ। ਮਹਾਂ ਪਰਲੋ, ਜਿਸ ਨੂੰ ਮੁਸਲਮਾਨ ਰੋਜ਼-ਏ-ਕਿਆਮਤ ਅਤੇ ਯਹੂਦੀ ਤੇ ਇਸਾਈ Doom's Day ਆਖਦੇ ਹਨ ਦੇ ਵਕਤ ਕਬਰਾ ਵਿਚੋਂ ਸਭ ਮੁਰਦੇ ਜ਼ਿੰਦਾ ਹੋ ਉਠਦੇ ਹਨ, ਅੱਲਾ ਤਾਅਲਾ ਜਾਂ ਗੌਡ (God) ਦੇ ਪੇਸ਼ ਹੁੰਦੇ ਹਨ। ਅੱਲਾ ਤਾਅਲਾ ਉਨ੍ਹਾਂ ਦੇ ਸੰਸਾਰ ਵਿਚ ਕੀਤੇ ਹੋਏ ਕੰਮ ਅਨੁਸਾਰ ਨੇਕ ਪੁਰਸ਼ਾਂ ਨੂੰ ਬਹਿਸ਼ਤ ਜਾਂ Heaven ਵਿਚ ਭੇਜ ਦਿੰਦਾ ਹੈ, ਬੁਰੇ ਪੁਰਸ਼ਾਂ ਨੂੰ ਦੋਜ਼ਖ ਵਿੱਚ। ਅੱਗੋਂ ਉਹ ਹਮੇਸ਼ਾਂ ਹਮੇਸ਼ਾਂ ਲਈ ਬਹਿਸ਼ਤ ਜਾਂ ਦੋਜ਼ਖ ਜਿਥੇ ਵੀ ਉਨ੍ਹਾਂ ਨੂੰ ਭੇਜਿਆ ਗਿਆ ਹੈ, ਉਥੇ ਹੀ ਵਸਦੇ ਹਨ। ਇਸ ਤੋਂ ਅੱਗੇ ਹੋਰ ਕੋਈ ਜਨਮ ਨਹੀਂ ਹੁੰਦਾ। ਇਨ੍ਹਾਂ ਤਿੰਨਾਂ ਮੱਤਾਂ ਦਾ ਜ਼ਿੰਦਗੀ ਦਾ ਆਖਰੀ ਨਿਸ਼ਾਨਾ ਬਹਿਸ਼ਤ ਪ੍ਰਾਪਤ ਕਰਨਾ ਹੈ। ਇਨ੍ਹਾਂ ਦੇ ਪੈਗੰਬਰ ਜਾਂ ਨਬੀਆ ਨੇ ਆਪਣੇ ਆਪਣੇ ਮੱਤਾ ਦੇ ਧਾਰਮਿਕ ਨਿਯਮ ਕੁਝ ਇਸ ਢੰਗ ਨਾਲ ਨੀਯਤ ਕੀਤੇ ਕਿ ਜੋ ਇਨਸਾਨ ਨੇਕ ਕਰਮ ਕਰੇਗਾ, ਬਹਿਸ਼ਤ ਪ੍ਰਾਪਤ ਕਰ ਸਕੇਗਾ, ਬਹਿਸ਼ਤ ਦੀ ਪ੍ਰਾਪਤੀ ਤੇ ਜ਼ਿੰਦਗੀ ਦਾ
ਨਿਸ਼ਾਨਾ ਪੂਰਾ ਹੋਇਆ ਸਮਝ ਇਥੇ ਹੀ ਸੰਤੁਸ਼ਟ ਹੋ ਬੈਠ ਜਾਂਦੇ ਹਨ।

ਹਿੰਦੂ ਧਰਮ, ਜੀਵ ਦੇ ਚੌਰਾਸੀ ਲੱਖ ਜੂਨਾਂ ਵਿਚ ਵਾਰ ਵਾਰ ਚੱਕਰ ਕਟਣ ਅਤੇ ਇਨ੍ਹਾਂ ਜੂਨਾਂ ਦੇ ਕਸ਼ਟ ਭੋਗਣ ਤੋਂ ਛੁਟਕਾਰਾ ਹਾਸਲ ਕਰਨ ਲਈ ਮੁਕਤੀ ਚਾਹੁੰਦਾ ਹੈ। ਮੁਕਤੀ ਪ੍ਰਾਪਤ ਕਰਨੇ ਲਈ ਰਿਸ਼ੀਆਂ ਮੁਨੀਆਂ ਨੇ ਵੇਦਾਂਤ ਅਤੇ ਯੋਗ ਦੇ ਦੋ ਮਾਰਗ ਦਰਿਆਫਤ ਕੀਤੇ। ਇਨ੍ਹਾਂ ਦੋਨਾਂ ਵਿਚੋਂ ਕਿਸੀ ਇਕ ਮਾਰਗ ਨੂੰ ਵੀ ਅਪਣਾਇਆ ਇਨਸਾਨ ਆਤਮ ਸ਼ਾਖਸ਼ਾਤਕਾਰ ਤੱਕ ਪਹੁੰਚ ਜਾਂਦਾ ਹੈ-ਭਾਵ ਸਰੀਰ ਅੰਦਰ ਵਸਦੀ ਆਪਣੀ ਗੁਪਤ ਆਤਮਾ ਨੂੰ ਪ੍ਰਗਟ ਕਰ ਆਪਣੇ ਨੇਤਰਾਂ ਨਾਲ ਪਰਤੱਖ ਤੌਰ ਤੇ ਦੇਖਦਾ ਹੈ। ਇਸ ਪਦ ਪੁਗਿਆਂ “ਮੈਂ ਸਰੀਰ ਹਾਂ” ਦੀ ਧਾਰਨਾ ਖਤਮ ਹੋ ਕੇ “ਮੈਂ ਆਤਮਾ ਹਾਂ” ਦਾ ਗਿਆਨ ਹੋ ਜਾਂਦਾ ਹੈ। ‘ਹਊਮੈ’ ਦੇ ਖਾਤਮੇ ਨਾਲ ਹੀ ‘ਹਊਮੈ’ ਅਧੀਨ ਕੀਤੇ ਕਰਮਾਂ ਦਾ ਭੀ ਨਾਸ਼ ਹੋ ਜਾਂਦਾ ਹੈ। ਕਰਮ ਦੇ ਨਾਸ਼ ਹੋਣ ਤੇ ਜੀਵ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।

ਗਿਆਨੈ ਕਾਰਨ ਕਰਮ ਅਭਿਆਸੁ॥
ਗਿਆਨੁ ਭਇਆ ਤਹ ਕਰਮਹ ਨਾਸੁ ॥੩॥ (ਪੰਨਾ ੧੧੬੭)

ਗਿਆਨ ਉਪਰੰਤ ਕਰਮ ਫਲ ਦੇ ਨਾਸ਼, ਮੁਕਤੀ ਪਰਾਪਤ ਕਰ ਹਿੰਦੂ ਧਰਮ ਸ਼ਕਤੀ ਤੇ ਸਤੁੰਸ਼ਟ ਹੋ
ਬੈਠਦਾ ਹੈ।

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ (ਪੰਨਾ ੫੩੪)

ਖ਼ਾਲਸਾ ਨਾ ਰਾਜ ਦੀ ਇੱਛਾ ਕਰਦਾ ਹੇ ਅਤੇ ਨਾ ਹੀ ਸ਼ਕਤੀ ਦਾ ਹੀ ਚਾਹਵਾਨ ਹੈ,

ਮੁਕਤਿ ਬਪੁੜੀ ਭੀ ਗਿਆਨੀ ਤਿਆਗੈ (ਪੰਨਾ ੧੦੭੮)

ਖ਼ਾਲਸੇ ਦੀ ਮੰਗ ਹੈ ਪ੍ਰਭੂ ਪਰਮਾਤਮਾਂ ਦੇ ਚਰਨ ਕੰਵਲਾਂ ਦੀ ਮੌਜ ਦਾ ਹੀ ਆਨੰਦ ਮਾਨਣਾ ਚਾਹੁੰਦਾ ਹੈ। ਪ੍ਰੀਤ ਚਰਨ ਕਮਲ ਜਾਂ ‘ਚਰਨ ਕੰਮਲ ਕੀ ਮੌਜ’ ਤੋਂ ਭਾਵ ਹੈ ਅਕਾਲ-ਪੁਰਖ ਦੇ ਚਰਨਾਂ ਵਿਚ ਨਿਵਾਸ। ਇਸ ਲਈ ਖ਼ਾਲਸੇ ਦਾ ਜ਼ਿੰਦਗੀ ਦਾ ਨਿਸ਼ਾਨਾ ਹੋਇਆ ਅਕਾਲ-ਪੁਰਖ ਦਾ ਮਿਲਾਪ। ਜੀਵ-ਆਤਮਾ ਅਤੇ ਪਰਮ-ਆਤਮਾ ਦੋਨੋ ਹੀ ਸਰੀਰ ਅੰਦਰ ਹਰ ਵਕਤ ਗੁਪਤ ਹਾਲਤ ਵਿਚ ਨਿਵਾਸ ਰਖਦੇ ਹਨ।

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ (ਪੰਨਾ ੬੧੭)

ਹਰ ਲੱਕੜੀ ਵਿੱਚ ਅੱਗ ਅਤੇ ਸਾਰੇ ਹੀ ਦੁੱਧ ਵਿਚ ਘਿਉ ਮੌਜੂਦ ਹੁੰਦਾ ਹੈ। ਇਕ ਖ਼ਾਸ ਯਤਨ ਨਾਲ ਲਕੜੀ ਵਿਚੋਂ ਅੱਗ ਅਤੇ ਦੁੱਧ ਵਿਚੋਂ ਘਿਉ ਨਿਕਲ ਪ੍ਰਗਟ ਹੋ ਜਾਂਦਾ ਹੈ। ਇਸੀ ਤਰ੍ਹਾਂ ਹੀ ਹਰ ਛੋਟੇ ਬੜੇ ਵਜੂਦ ਵਿਚ ਅਕਾਲ ਪੁਰਖ ਦੀ ਜੋਤਿ ਮੌਜੂਦ ਹੁੰਦੀ ਹੈ। ਇਹ ਜੋਤਿ ਭੀ ਇਕ ਖ਼ਾਸ ਯਤਨ ਦੁਆਰਾ ਪ੍ਰਗਟ ਹੋ ਲਟ ਲਟ ਕਰ ਜਗਮਾਉਣ ਲਗ ਜਾਂਦੀ ਹੈ।

੩. ਘਟਿ ਮੈ:

ਜਿਸ ਤਰ੍ਹਾਂ ਹਿੰਦੂ ਧਰਮ ਨੇ ਜੀਵ-ਆਤਮਾ ਦੇ ਸਾਖਸ਼ਾਤਕਾਰ ਲਈ ਵੇਦਾਂਤ ਅਤੇ ਯੋਗ ਦੇ ਮਾਰਗ ਦਰਿਆਫਤ ਕੀਤੇ ਇਸੀ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਪਰਮ-ਆਤਮਾ ਦੇ ਸਾਖਸ਼ਾਤਕਾਰ ਲਈ ‘ਗੁਰਮਤਿ ਦੇ ਗਾਡੀ ਰਾਹ’ ਤੋਂ ਸੰਸਾਰ ਨੂੰ ਗਿਆਨ ਕਰਾਇਆ। ‘ਗੁਰਮਤਿ’ ਦੀ ਦਰਸਾਈ ਵਿਧੀ ਅਨੁਸਾਰ ਗੁਰ-ਸ਼ਬਦ ਦੀ ਕਮਾਈ ਦੁਆਰਾ ਸਰੀਰ ਦੇ ਅੰਦਰ ਦਸਮ-ਦੁਆਰ ਦਾ ਪੱਥਰ ਜੈਸਾ ਮਜ਼ਬੂਤ ਦਰਵਾਜਾ ਆਪਣੇ ਆਪ ਬਗੈਰ ਕਿਸੀ ਕਠਨਾਂਈ ਦੇ ਖੁੱਲ ਜਾਂਦਾ ਹੈ, ਹੋਰ ਕਿਸੀ ਭੀ ਦੂਸਰੇ ਉਪਾਉ ਦੁਆਰਾ ਇਹ ‘ਬੱਜਰ ਕਪਾਟ’ ਨਹੀਂ ਖੁਲ੍ਹਦਾ।

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ (ਪੰਨਾ ੯੫੪)

ਖ਼ਾਸ ਵਿਧੀ ਪੂਰਵਕ, ਗੁਰੂ-ਸ਼ਬਦ ਦੀ ਕੀਤੀ ਕਮਾਈ ਦੁਆਰਾ ਜਦੋਂ ਦਸਮ-ਦੁਆਰਾ ਖੁੱਲ੍ਹਦਾ ਹੈ ਤਾਂ “ਗੁਰ ਸਬਦੀ ਗੋਬਿਦੁ ਗੱਜਿਆ” (ਪੰਨਾ ੧੩੧੪) ਪ੍ਰਭੂ ਪਰਮ_ਆਤਮਾ ਦੇ ਪ੍ਰਗਟ ਹੁੰਦੇ ਸਾਰ ਹੀ ਇਸ ਦੀ ਪੂਰਨ-ਜੋਤਿ ਭੀ ਸਰੀਰ ਅੰਦਰ ਹੀ ਲਟ ਲਟ ਕਰ ਜਗਮਾ ਉਠਦੀ ਹੈ। ਜੀਵ-ਆਤਮਾ ਅਤੇ ਪਰਮ-ਆਤਮਾ ਦੋਨਾਂ ਦਾ ਮਿਲਾਪ ਹੋ “ਜਿਊ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥’ ਜਾਂ ‘ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ’ ਦਾ ਵਰਤਾਰਾ ਵਰਤੀਜ਼ਦਾ ਹੈ। ਇਸ ਪ੍ਰਕਾਰ ਕਲਗੀਧਰ ਜੀ ਵਲੋਂ ਪਵਿੱਤਰ, ਸ਼ੁੱਧ ਜਾਂ ਖ਼ਾਲਸੇ ਬਣਨੇ ਲਈ ਜੋ ਤਿੰਨ ਸ਼ਰਤਾਂ ਪੂਰਨ ਜੋਤਿ, ਜਗੈ, ਘਟਿ ਮੈ ਲਗਾਈਆਂ ਗਈਆਂ ਸਨ, ਪੂਰੀਆਂ ਹੋ ਇਨਸਾਨ ਸ਼ੁੱਧ ਜਾਂ ‘ਖ਼ਾਲਸ’ ਬਣ ਜਾਂਦਾ ਹੈ। ਐਸੇ ਖ਼ਾਲਸ ਹੋ ਚੁੱਕੇ ਇਨਸਾਨ ਨੂੰ ਕਲਗੀਧਰ ਹੀ ਨੇ ‘ਖ਼ਾਲਸਾ’ ਅਤੇ ਖ਼ਾਲਸਿਆਂ ਦੇ ਸਮੂਹ ਨੂੰ “ਖ਼ਾਲਸਾ ਪੰਥ’ ਦਾ ਨਾਮ ਦਿੱਤਾ ਤੇ ਕਬੀਰ ਜੀ ਕਥਨ ਅਨੁਸਾਰ:

“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥” (ਪੰਨਾ ੬੫੫)

ਇਸ ਉਪਰਲੀ ਵਿਚਾਰ ਤੋਂ ਇਹ ਸਪੱਸ਼ਟ ਸਿੱਧ ਹੁੰਦਾ ਹੈ ਕਿ ਖ਼ਾਲਸਾ ਗੁਰ-ਸ਼ਬਦ ਦੀ ਅਤੁੱਟ ਕਮਾਈ ਸਦਕਾ ਹੀ ਬਣਿਆ ਜਾ ਸਕਦਾ ਹੈ ਨਾ ਕਿ ਆਪਣੇ ਨਾਮ ਨਾਲ ‘ਖ਼ਾਲਸਾ’ ਸ਼ਬਦ ਦੀ ਵਰਤੋਂ ਕਰਕੇ।

(ਧੰਨਵਾਦ ਸਹਿਤ ਸੂਬੇਦਾਰ ਭਾਈ ਧਰਮ ਸਿੰਘ ਸੁੱਜੋਂ, ਕਰਤਾ ਗੁਰਬਾਣੀ ਅਤੇ ਸਾਇੰਸ ਦੀ ਰੋਸ਼ਨੀ 'ਚ ਅਕਾਲਪੁਰਖ)