ਲਾਹਾ ( ਜੀਵਨ ਲਕਸ਼ )

- ਸੂਬੇਦਾਰ ਧਰਮ ਸਿੰਘ ਸੁੱਜੋਂ
 ''ਪ੍ਰਾਣੀ ਤੂੰ ਆਇਆ ਲਾਹਾ ਲੈਣਿ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥੧॥ ਰਹਾਉ॥''
(ਸਿਰੀਰਾਗੁ ਮ. ੫, ਅੰਕ : ੪੩)

ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਇਸ ਸੰਸਾਰ ਵਿਚ ਆਏ ਹਾਂ। ਕੁਝ ਸਮਾਂ ਹੋਰ ਇਥੇ ਰਹਿਣਾ ਹੈ। ਇਕ ਵਕਤ ਐਸਾ ਜ਼ਰੂਰ ਆਉਣਾ ਹੈ ਜਦੋਂ ਅਸੀਂ ਇਸ ਸੰਸਾਰ ਨੂੰ ਛੱਡ ਕੇ ਤੁਰ ਜਾਣਾ ਹੈ। ਕਿੱਥੇ ਤੁਰ ਜਾਣਾ ਹੈ, ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਕਦੋਂ ਤੁਰ ਜਾਣਾ ਹੈ, ਇਸ ਦੀ ਵੀ ਸਾਨੂੰ ਕੋਈ ਖ਼ਬਰ ਨਹੀਂ ਹੈ। ਪਰ ਜੋ ਕੁਝ ਵੀ ਥੋੜ੍ਹਾ ਬਹੁਤ ਸਮਾਂ ਸਾਡੇ ਹੱਕ ਵਿਚ ਬਾਕੀ ਹੈ, ਅਸੀਂ ਉਸ ਤੋਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਹੈ। ਲਾਹਾ? ਕਿਸ ਕਿਸਮ ਦਾ ਲਾਹਾ? ਇਸ ਪ੍ਰਸ਼ਨ ਦਾ ਉੱਤਰ ਹਾਸਲ ਕਰਨ ਲਈ, ਸੰਸਾਰ ਅੰਦਰ ਲਾਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਲੱਗੇ ਪ੍ਰਾਣੀਆਂ ਵੱਲ ਇਕ ਝਾਤ ਮਾਰਦੇ ਹਾਂ ਤਾਂ ਕੀ ਦੇਖਦੇ ਹਾਂ ਕਿ : -

ਅੱਜ ਦੇ ਸਾਇੰਸ ਦੇ ਯੁੱਗ ਵਿਚ ਸਾਇੰਸਦਾਨ, ਚੰਦ ਨੂੰ ਪੈਰਾਂ ਥੱਲੇ ਲਤਾੜਨ ਤੋਂ ਪਿੱਛੋਂ, ਅੱਗੇ ਹੋਰ ਤਾਰਿਆਂ ਦੇ ਪਹੁੰਚਣ ਵਿਚ ਜੀਵਨ ਦੀ ਸਫ਼ਲਤਾ ਸਮਝਦੇ ਹਨ। ਦੂਜੇ ਪਾਸੇ ਕੁਝ ਸਾਇੰਸਦਾਨ ਸਮੁੰਦਰ ਦੀ ਤਹਿ ਵਿਚੋਂ ਦੁਰਲੱਭ ਵਸਤੂਆਂ ਦੀ ਭਾਲ ਨੂੰ ਆਪਣਾ ਲਕਸ਼ ਬਣਾਈ ਬੈਠੇ ਹਨ।

ਸਿਕੰਦਰ, ਨਿਪੋਲੀਅਨ ਅਤੇ ਹਿਟਲਰ ਵਰਗੇ ਤਾਨਾਸ਼ਾਹ, ਸਾਰੇ ਸੰਸਾਰ ਨੂੰ ਫ਼ਤਹਿ ਕਰਕੇ, ਵਿਸ਼ਵ ਸਮਰਾਟ ਬਣਨ ਦੇ ਸੁਪਨੇ ਲੈਂਦੇ ਮਰ ਗਏ ਤੇ ਦੂਜੇ ਪਾਸੇ ਸ੍ਰੀ ਰਾਮਚੰਦਰ ਜੀ ਅਤੇ ਧਰੂ ਭਗਤ, ਰਾਜ ਭਾਗ ਨੂੰ ਲੱਤ ਮਾਰ, ਜੰਗਲਾਂ ਵਿਚੋਂ ਜੀਵਨ ਦੀ ਸਫ਼ਲਤਾ ਦੀ ਆਸ ਕਰਦੇ ਹਨ। ਇਕ ਪਾਸੇ ਬਿਰਲੇ, ਟਾਟੇ ਤੇ ਡਾਲਮੀਆ ਵਰਗੇ ਵੱਡੇ-ਵੱਡੇ ਧਨਾਢ, ਅਰਬਾਂ ਰੁਪਏ ਇਕੱਠੇ ਕਰਕੇ, ਕਾਰੂੰ ਵਾਂਗ ਖਜ਼ਾਨੇ ਭਰਨਾ ਹੀ ਜ਼ਿੰਦਗੀ ਦਾ ਮਨੋਰਥ ਥਾਪੀ ਬੈਠੇ ਹਨ ਅਤੇ ਦੂਜੇ ਪਾਸੇ ਇਕ ਗਰੀਬ ਕਿਸਾਨ ਮਿੱਟੀ ਵਿਚ ਮਿੱਟੀ ਹੋ ਕੇ, ਮਿੱਟੀ ਵਿਚੋਂ ਸਫ਼ਲਤਾ ਦੀ ਆਸ ਲਾਈ ਬੈਠਾ ਹੈ। ਇਸ ਤਰ੍ਹਾਂ ਇਕ ਦੂਜੇ ਤੋਂ ਵਿਰੋਧੀ ਰਸਤਿਆਂ 'ਤੇ ਚੱਲਦੇ ਹੋਏ ਸੰਸਾਰ ਨੂੰ ਦੇਖ ਕੇ, ਚੱਕਰ ਵਿਚ ਪੈ ਜਾਈਦਾ ਹੈ ਅਤੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਆਖ਼ਰ ਅਸੀਂ 'ਕਾਹੇ ਜਗਿ ਆਏ ਰਾਮ ਰਾਜੇ'। ਇਸ ਸਵਾਲ ਦੇ ਹੱਲ ਲਈ ਅਸੀਂ ਆਪਣੇ ਚੌਗਿਰਦੇ 'ਤੇ ਨਜ਼ਰ ਮਾਰਦੇ ਹਾਂ ਤਾਂ ਕੀ ਦੇਖਦੇ ਹਾਂ ਕਿ ਸੂਰਜ ਦੀ ਤਪਸ਼ ਦੇ ਕਾਰਨ, ਸਮੁੰਦਰ ਵਿਚੋਂ ਪਾਣੀ, ਭਾਫ਼ ਬਣ ਕੇ ਉੱਡਦਾ ਹੈ, ਬੱਦਲ ਬਣਦਾ ਹੈ। ਉੱਪਰ ਠੰਢੀ ਹਵਾ ਵਿਚ ਜਾ ਕੇ, ਜਾਂ ਪਹਾੜ ਨਾਲ ਟਕਰਾ ਕੇ, ਬਾਰਸ਼ ਦੇ ਰੂਪ ਵਿਚ ਜ਼ਮੀਨ 'ਤੇ ਬਰਸ ਜਾਂਦਾ ਹੈ। ਉਹ ਹੀ ਪਾਣੀ ਨਦੀਆਂ ਨਾਲਿਆਂ ਵਿਚੋਂ ਹੁੰਦਾ ਹੋਇਆ, ਉਸੇ ਸਮੁੰਦਰ ਵਿਚ ਮੁੜ ਜਾ ਮਿਲਦਾ ਹੈ ਜਿਥੋਂ ਕਿ ਭਾਫ਼ ਬਣ ਕੇ ਉੱਡਿਆ ਸੀ। ਬੀਜ ਨੂੰ ਧਰਤੀ ਵਿਚ ਬੀਜਦੇ ਹਾਂ। ਬੀਜ ਉੱਗ ਕੇ ਪੌਦਾ ਬਣਦਾ ਹੈ। ਪੌਦਾ ਬੂਟੇ ਦਾ ਰੂਪ ਧਾਰਦਾ ਹੈ। ਫੁੱਲ ਪੈਂਦਾ ਹੈ। ਫਲ ਲੱਗਦਾ ਹੈ। ਫਲ ਵਿਚ ਫ਼ੇਰ ਉਹ ਹੀ ਬੀਜ ਪੈਂਦਾ ਹੈ, ਆਪਣੀ ਯਾਤਰਾ ਸੰਪੂਰਨ ਕਰਦਾ ਹੈ, ਜਿਸ ਬੀਜ ਤੋਂ ਕਿ ਉਹ ਉੱਗਿਆ ਸੀ।

ਇਸੇ ਤਰ੍ਹਾਂ ਹੀ ਹੋਰ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਸੰਸਾਰ ਦੀ ਹਰ ਸ਼ੈਅ ਇਕ ਚੱਕਰ ਵਿਚ ਹਰਕਤ ਕਰਦੀ ਹੈ, ਜਿੱਥੋਂ ਉਹ ਉਪਜੀ ਸੀ, ਵੱਖੋ ਵੱਖ ਹਾਲਤਾਂ ਵਿਚੋਂ ਲੰਘ ਕੇ, ਮੁੜ ਉਥੇ ਹੀ ਪਹੁੰਚ ਕੇ ਆਪਣੀ ਯਾਤਰਾ ਸਮਾਪਤ ਕਰਦੀ ਹੈ।

''ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥੧੧॥"

(ਸਲੋਕ ਮ. ੯, ਅੰਕ : ੧੪੨੬-੨੭)

ਕੁਦਰਤ ਦਾ ਇਹ ਨਿਯਮ, ਸੰਸਾਰ ਦੀ ਹਰ ਸ਼ੈਅ 'ਤੇ ਲਾਗੂ ਹੁੰਦਾ ਹੈ, ਜਿਸ ਵਿਚ ਅਸੀਂ ਵੀ ਸ਼ਾਮਲ ਹਾਂ। ਸਾਡੀ ਉਪਜ ਦਾ ਸਰੋਤ ਕੀ ਹੈ? ਇਸ ਸਰੋਤ ਵੱਲ ਅਸੀਂ ਕਿਵੇਂ ਵਧੀਏ, ਤਾਂ ਜੋ ਅਸੀਂ ਵੀ ਆਪਣੇ ਉਪਜ ਸਰੋਤ ਤੱਕ ਪਹੁੰਚ, ਆਪਣੀ ਜੀਵਨ ਯਾਤਰਾ ਨੂੰ ਸਫ਼ਲ ਕਰ ਸਕੀਏ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਉਪਜ ਸਰੋਤ ਦੀ ਭਾਲ ਕਰੀਏ, ਪਹਿਲਾਂ ਇਹ ਪੜਚੋਲ ਕਰ ਲਈਏ ਕਿ 'ਮੈਂ ਕੌਣ ਹਾਂ?' ਤੁਸੀਂ ਆਖੋਗੇ ਕਿ ਬੜਾ ਅਜੀਬ ਸਵਾਲ ਕੀਤਾ ਹੈ। ਤੁਸੀਂ ਸਾਡੇ ਸਾਹਮਣੇ ਖੜ੍ਹੇ ਛੇ ਫ਼ੁੱਟ ਲੰਮੇ ਜਵਾਨ, ਜਿਨ੍ਹਾਂ ਦੇ ਸਿਰ, ਮੂੰਹ, ਅੱਖ, ਨੱਕ, ਕੰਨ, ਹੱਥ, ਪੈਰ ਆਦਿ ਅੰਗ ਹਨ। ਤੁਸੀਂ ਇਹ ਸਰੀਰ ਹੀ ਤਾਂ ਹੋ। ਹੋਰ ਤੁਸੀਂ ਕੌਣ ਹੋ।

ਅਸੀਂ ਆਪਣੀ ਆਮ ਬੋਲ-ਚਾਲ ਵਿਚ ਆਖਦੇ ਹਾਂ ਕਿ- ''ਮੇਰਾ ਮਕਾਨ ਬੜਾ ਸੁੰਦਰ ਹੈ।'' ਬੀਮਾਰ ਹੋ ਗਏ ਤਾਂ ਆਖਦੇ ਹਾਂ, ਮੇਰਾ ਸਰੀਰ ਕੁਝ ਕਮਜ਼ੋਰ ਹੋ ਗਿਆ ਹੈ। 'ਮੈਂ' ਤੇ 'ਮਕਾਨ', ਅਸੀਂ ਦੋ ਵੱਖ-ਵੱਖ ਵਜੂਦ ਹਾਂ। ਮਕਾਨ 'ਮੇਰੀ' ਮਲਕੀਅਤ ਹੈ, 'ਮੈਂ' ਇਸ ਮਕਾਨ ਦਾ ਮਾਲਕ ਹਾਂ। ਇਸ ਮਕਾਨ ਵਿਚ ਰਹਿੰਦਾ ਹੋਇਆ ਵੀ, ਮੈਂ ਖੁਦ ਮਕਾਨ ਨਹੀਂ ਹਾਂ। ਇਸੇ ਤਰ੍ਹਾਂ ਹੀ 'ਮੈਂ' ਤੇ 'ਸਰੀਰ' ਵੀ ਦੋ ਵੱਖ-ਵੱਖ ਵਜੂਦ ਹਾਂ। ਸਰੀਰ ਮੇਰੀ ਮਲਕੀਅਤ ਹੈ। ਮੈਂ ਇਸ ਦਾ ਮਾਲਕ ਹਾਂ। ਇਸ ਵਿਚ ਰਹਿੰਦਾ ਹੋਇਆ ਵੀ, ਮੈਂ ਸਰੀਰ ਨਹੀਂ ਹਾਂ।

ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਆਖਦੇ ਹਾਂ ਕਿ ਅਮਕਾ ਸੱਜਣ, ਸਰੀਰ ਤਿਆਗ ਗਿਆ ਹੈ। ਇਹ ਗੱਲ ਵੀ ਜ਼ਾਹਰ ਕਰਦੀ ਹੈ ਕਿ ਮੌਤ ਵੇਲੇ, ਅਸੀਂ ਇਸ ਸਰੀਰ ਨੂੰ ਇੱਥੇ ਛੱਡ ਕੇ ਕਿਸੇ ਹੋਰ ਥਾਂ ਚਲੇ ਜਾਂਦੇ ਹਾਂ। ਇਸ ਸਰੀਰ ਨੂੰ ਜਲਾ ਕੇ, ਦਬਾਅ ਕੇ, ਜਲ ਪ੍ਰਵਾਹ ਕਰਕੇ ਜਾਂ ਹੋਰ ਵੀ ਕਿਸੇ ਢੰਗ ਨਾਲ ਇਸ ਨੂੰ ਖ਼ਤਮ ਕਰ ਦਿੰਦੇ ਹਨ। ਅਸੀਂ ਕਿਸੇ ਹੋਰ ਥਾਂ ਜਾ ਜਨਮ ਲੈਂਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਰੀਰ ਨੂੰ ਛੱਡ ਕੇ ਕੌਣ ਗਿਆ? ਹੋਰ ਜਨਮ ਅੱਗੇ ਜਾ, ਕਿਸ ਨੇ ਲਿਆ? ਹਕੀਕਤ ਇਹ ਹੈ ਕਿ ਜਿਸ ਸਰੀਰ ਨੂੰ ਅਸੀਂ ਖ਼ਤਮ ਕਰ ਦਿੱਤਾ, ਉਸ ਨੂੰ ਸਥੂਲ ਸਰੀਰ ਆਖਦੇ ਹਾਂ, ਜਿਸ ਦੀ ਬਣਤਰ ਪ੍ਰਕਿਰਤੀ ਤੋਂ ਹੁੰਦੀ ਹੈ। ਜੋ ਇਸ ਸਥੂਲ ਸਰੀਰ ਨੂੰ ਤਿਆਗ, ਅੱਗੇ ਜਾ ਹੋਰ ਜਨਮ ਲੈਂਦਾ ਹੈ ਉਸ ਨੂੰ ਸੂਖਸ਼ਮ ਸਰੀਰ ਆਖਦੇ ਹਾਂ, ਇਸ ਦੀ ਬਣਤਰ ਸ਼ਕਤੀ (ਐਨਰਜੀ) ਤੋਂ ਹੁੰਦੀ ਹੈ। ਸੂਖਸ਼ਮ ਸਰੀਰ ਦੇ ਅੰਦਰ ਇਕ ਹੋਰ ਸਰੀਰ ਹੈ ਜਿਸ ਨੂੰ ਕਾਰਨ ਸਰੀਰ ਆਖਦੇ ਹਨ। ਕਾਰਨ ਸਰੀਰ ਬਣਤਰ ਜਾਂ ਖ਼ਿਆਲਾਤ ਤੋਂ ਹੁੰਦੀ ਹੈ। ਸੂਖਸ਼ਮ ਸਰੀਰ ਦੀ ਬਣਤਰ ਦੇ ਹੋਰ ਅੰਗਾਂ ਤੋਂ ਇਲਾਵਾ, ਇਸ ਦਾ ਇਕ ਮੁੱਖ ਅੰਗ, ਅੰਤਹਕਰਣ ਹੈ, ਜੋ ਮਨ, ਬੁੱਧ, ਚਿੱਤ ਅਤੇ ਅਹੰਕਾਰ ਦਾ ਸੁਮੇਲ ਹੈ। ਅਹੰਕਾਰ ਦਾ ਅਰਥ ਹੈ 'ਮੈਂ ਹਾਂ'। ਇਹ 'ਮੈਂ ਹਾਂ' ਹਸਤੀ ਸਥੂਲ, ਸੂਖਸ਼ਮ, ਅਤੇ ਕਾਰਨ, ਤਿੰਨਾਂ ਸਰੀਰਾਂ ਤੋਂ ਵੱਖਰੀ, ਇਕ ਚੌਥੀ ਹਸਤੀ ਹੈ ਜੋ ਆਪਣੀ ਸ਼ਕਤੀ (ਐਨਰਜੀ) ਇਨ੍ਹਾਂ ਤਿੰਨਾਂ ਸਰੀਰਾਂ ਨੂੰ ਬਖ਼ਸ਼ ਕੇ ਜ਼ਿੰਦਾ ਰੱਖਦੀ ਹੈ। ਜੇ ਕਿਤੇ ਇਹ ਚੌਥੀ ਹਸਤੀ, ਆਪਣੀ ਸ਼ਕਤੀ, ਉੱਪਰ ਬਿਆਨ ਹੋਏ ਤਿੰਨਾਂ ਸਰੀਰਾਂ ਵਿਚੋਂ ਵਾਪਸ ਖਿੱਚ ਲਏ ਤਾਂ ਇਹ ਤਿੰਨੋਂ ਸਰੀਰ ਨਕਾਰਾ ਹੋ ਕੇ ਰਹਿ ਜਾਂਦੇ ਹਨ। ਇਹ ਚੌਥੀ ਹਸਤੀ ਹੀ 'ਮੇਰੀ ਆਪਣੀ ਹਸਤੀ' ਜਾਂ 'ਮੈਂ ਹਾਂ' ਹੈ, ਜਿਸ ਨੂੰ ਆਮ ਬੋਲੀ ਵਿਚ ਜੀਵ ਆਤਮਾ ਕਹਿੰਦੇ ਹਨ। ਇਸ 'ਮੇਰੀ' ਅਸਲ ਹਸਤੀ ਜਾਂ ਜੀਵ-ਆਤਮਾ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ :

''ਕਹੁ ਕਬੀਰ ਇਹੁ ਰਾਮ ਕੀ ਅੰਸੁ॥"
(ਰਾਗੁ ਗੌਂਡ ਬਾਣੀ ਕਬੀਰ ਜੀਉ ਕੀ, ਅੰਕ : ੮੭੧)

ਚੂੰਕਿ ਇਸ ਦਾ ਅਰਥ ਇਹ ਹੋਇਆ ਕਿ ਮੈਂ ਰਾਮ ਜਾਂ ਅਕਾਲ ਪੁਰਖ ਦੀ ਅੰਸ਼ ਹਾਂ। ਮੇਰਾ ਉਪਜ ਸਰੋਤ ਪਰਮ-ਆਤਮਾ ਹੋਇਆ। ਇਸ ਲਈ ਮੈਂ ਉਸ ਦੀ ਉਪਜ, ਅੰਸ਼ ਜਾਂ ਅੰਗ ਹਾਂ ਜਿਵੇਂ ਕਿਰਨ ਸੂਰਜ ਦਾ ਤੇ ਬੂੰਦ ਸਮੁੰਦਰ ਦਾ ਅੰਗ ਹੁੰਦੀ ਹੈ।
ਅਕਾਲ-ਪੁਰਖ ਦੀ ਪਛਾਣ ਕੀ ਹੈ ?

ਸਭ ਤੋਂ ਪੁਰਾਤਨ ਧਰਮ, ਵੇਦ ਮੱਤਿ ਹੈ। ਵੇਦ ਦਾ ਫ਼ਰਮਾਨ ਹੈ ''ਸਰਵਿੰਦ ਖਲਵਿੰਦ ਬ੍ਰਹਮ' ਭਾਵ, ਸਭ ਕੁਝ ਬ੍ਰਹਮ ਹੀ ਬ੍ਰਹਮ ਹੈ। ਈਸਾਈ ਮਤਿ ਦੀ ਧਰਮ-ਪੁਸਤਕ, ਬਾਈਬਲ ਦਾ ਕਥਨ ਹੈ, "“he Lord, Our God, “he Lord is one" ਭਾਵ, ਸਾਹਿਬ ਜੋ ਸਾਡਾ ਅਕਾਲ ਪੁਰਖ ਹੈ, ਉਹ ਸਾਹਿਬ ਇਕ ਹੈ। ਮੁਸਲਿਮ ਮਤਿ ਅਨੁਸਾਰ ਕੁਰਾਨ ਸ਼ਰੀਫ਼ ਦਾ ਫ਼ਰਮਾਨ ਹੈ, ''ਲਾ ਇਲਾ, ਇਲ ਅੱਲਾ, ਮੁਹੰਮਦ ਰਸੂਲ ਅੱਲਾ। ਭਾਵ ਇਕ ਅੱਲਾ ਤੋਂ ਬਗੈਰ ਹੋਰ ਕੁਝ ਵੀ ਨਹੀਂ। ਹਜ਼ਰਤ ਮੁਹੰਮਦ ਸਾਹਿਬ, ਅੱਲਾ ਦੇ ਨਬੀ, ਪੈਗੰਬਰ ਜਾਂ ਰਸੂਲ ਹਨ।

ਗੁਰਬਾਣੀ ਅਨੁਸਾਰ :

''ਏਹੁ ਵਿਸੁ ਸੰਸਾਰੁ ਤੁਮ ਦੇਖਦੇ
ਏਹੁ ਹਰਿ ਕਾ ਰੂਪੁ ਹੈ
ਹਰਿ ਰੂਪੁ ਨਦਰੀ ਆਇਆ॥...॥੩੬॥'' (॥੪੦॥੧॥)

(ਰਾਮਕਲੀ ਮ. ੩ ਅਨੰਦੁ, ਅੰਕ : ੯੨੨)

ਜਾਂ

''ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ
ਗੋਬਿੰਦ ਬਿਨੁ ਨਹੀ ਕੋਈ॥...॥੧॥ (॥੪॥੧॥)''

(ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ, ਅੰਕ : ੪੮੫)

ਹਿੰਦੂ, ਈਸਾਈ, ਮੁਸਲਿਮ ਅਤੇ ਸਿੱਖ ਮਤਿ, ਇਸ ਮੂਲ ਸਿਧਾਂਤ 'ਤੇ ਇਕ-ਮਤ ਹਨ ਕਿ ਇਹ ਦ੍ਰਿਸ਼ਟ ਜਾਂ ਅਦ੍ਰਿਸ਼ਟ ਸੰਸਾਰ, ਅਕਾਲ ਪੁਰਖ ਦੇ ਵਿਰਾਟ ਸਰੂਪ ਦਾ ਹੀ ਇਕ ਅੰਗ ਹੈ। ਅਕਾਲ ਪੁਰਖ ਦੀ ਇਕ ਹਸਤੀ ਤੋਂ ਬਗੈਰ ਹੋਰ ਕੋਈ ਦੂਸਰੀ ਹਸਤੀ ਨਹੀਂ ਹੈ।

ਹਿੰਦੂ ਮਤਿ ਦੇ ਛੇ ਸ਼ਾਸਤਰਾਂ ਵਿਚੋਂ ਇਕ ਸ਼ਾਸਤਰ ਸਾਂਖ ਸ਼ਾਸਤਰ ਹੈ, ਜਿਸ ਦੇ ਕਰਤਾ ਕਪਲ ਦੇਵ ਜੀ ਹੋਏ ਹਨ। ਉਨ੍ਹਾਂ ਸੰਸਾਰ ਦੀ ਰਚਨਾ ਦਾ ਜ਼ਿਕਰ ਕਰਦੇ ਹੋਏ ਆਪਣੇ ਸ਼ਾਸਤਰ ਵਿਚ ਲਿਖਿਆ ਹੈ ਕਿ ਪ੍ਰਕਿਰਤੀ ਦੇ ਛੋਟੇ-ਛੋਟੇ ਕਣਾਂ ਤੋਂ ਸੰਸਾਰ ਦੀ ਰਚਨਾ ਹੋਈ ਹੈ। ਅੱਜ ਦੇ ਸਾਇੰਸਦਾਨਾਂ ਨੇ ਇਸ ਕਣ ਨੂੰ ਤੋੜਿਆ ਤੇ ਦੇਖਿਆ ਕਿ ਇਹ ਕਣ ਜਿਸ ਵਿਚ ਕੋਈ ਹਰਕਤ ਨਹੀਂ ਸੀ, ਇਕ ਮਹਾਨ ਸ਼ਕਤੀ ਦਾ ਮਾਲਕ ਹੈ। ਤੋੜਨ 'ਤੇ ਇਸ ਕਣ ਦੇ ਦੋ ਹਿੱਸੇ ਨਜ਼ਰ ਆਏ। ਇਕ ਹਿੱਸਾ ਆਪਣੇ ਆਪ ਦੇ ਗਿਰਦ ਤੇ ਦੂਸਰਾ ਹਿੱਸਾ ਪਹਿਲੇ ਹਿੱਸੇ ਦੇ ਗਿਰਦ ਚੱਕਰ ਕੱਟਦਾ ਹੈ। ਜੋ ਹਿੱਸਾ ਆਪਣੇ ਕੇਂਦਰ 'ਤੇ ਸਥਿਤ ਹੈ, ਉਸ ਦੇ ਫੇਰ ਅੱਗੋਂ ਦੋ ਹਿੱਸੇ ਬਣਦੇ ਹਨ। ਇਕ ਦਾ ਨਾਮ ਪ੍ਰੋਟੋਨ ਤੇ ਦੂਸਰੇ ਦਾ ਨਿਊਟ੍ਰੋਨ ਹੈ। ਇਨ੍ਹਾਂ ਦੋਨਾਂ ਦੇ ਸੁਮੇਲ ਨੂੰ 'ਨਿਊਕਲੀਅਸ' ਆਖਦੇ ਹਨ। ਦੂਸਰਾ ਹਿੱਸਾ ਜਿਸ ਨੂੰ ਇਲੈਕਟ੍ਰੋਨ ਆਖਦੇ ਹਨ, ਉਹ ਪਹਿਲੇ ਹਿੱਸੇ ਦੇ ਗਿਰਦ ਚੱਕਰ ਕੱਟਦਾ ਹੈ। ਇਨ੍ਹਾਂ ਤਿੰਨਾਂ, ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟ੍ਰੋਨ ਦੇ ਸੁਮੇਲ ਨੂੰ ਐਟਮ ਆਖਦੇ ਹਨ। ਅੱਗੋਂ ਐਟਮ ਤੋਂ ਮੋਲੀਕਿਊਲ, ਐਲੀਮੈਂਟ ਅਤੇ ਕੰਪਾਊਂਡ ਦੀ ਬਣਤਰ ਹੋ ਪ੍ਰਾਕਿਰਤਕ ਸੰਸਾਰ ਦੀ ਰਚਨਾ ਹੁੰਦਾ ਹੈ। ਬ੍ਰਿਟਨ ਦਾ ਮਸ਼ਹੂਰ ਸਾਇੰਸਦਾਨ ਲਾਰਡ ਐਡਿੰਗਟਨ, ਆਪਣੀ ਪੁਸਤਕ, (ਨੇਚਰ ਆਫ਼ ਦਾ ਫਿਜ਼ੀਕਲ ਵਰਲਡ) ਵਿਚ ਇਲੈਕਟ੍ਰਾਨਿਕ ਸਿਧਾਂਤ 'ਤੇ ਵਿਚਾਰ ਕਰਦਾ ਹੋਇਆ ਲਿਖਦਾ ਹੈ ਕਿ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇਹ ਇਲੈਕਟ੍ਰੋਨਿਕ ਸ਼ਕਤੀ ਆਪਣੇ ਆਪ ਤੋਂ ਉੱਪਰ ਕਿਸੇ ਹੋਰ ਮਹਾਨ ਸ਼ਕਤੀ ਤੋਂ ਆ ਰਹੀ ਹੈ, ਪਰ ਅਸੀਂ ਅਜੇ ਉਸ ਮਹਾਨ ਸ਼ਕਤੀ ਤੱਕ ਨਹੀਂ ਪਹੁੰਚ ਸਕੇ।

ਇਹ ਵਿਚਾਰ ਦੇਣ ਦਾ ਭਾਵ ਇਹ ਹੈ ਕਿ ਅੱਜ ਦੀ ਸਾਇੰਸ ਵੀ ਇੱਥੇ ਪਹੁੰਚੀ ਹੈ ਕਿ ਸੰਸਾਰ ਦੀ ਰਚਨਾ ਦਾ ਸਰੋਤ, ਇਕ ਮਹਾਨ ਸ਼ਕਤੀ ਹੈ। ਇਸ ਮਹਾਨ ਸ਼ਕਤੀ ਦਾ ਨਾਮ ਤੁਸੀਂ, ਅਕਾਲ ਪੁਰਖ ਵਾਹਿਗੁਰੂ, ਪ੍ਰਮਾਤਮਾ, ਅੱਲ੍ਹਾ ਜਾਂ 'ਗੌਡ' ਕੁਝ ਵੀ ਆਖ ਕੇ ਪੁਕਾਰ ਸਕਦੇ ਹੋ। ਇਸੇ ਮਹਾਨ ਸ਼ਕਤੀ ਤੋਂ 'ਮੈਂ' (ਜੀਵ ਆਤਮਾ) ਉਪਜਿਆ ਹਾਂ। ਇਸੇ ਮਹਾਨ ਸ਼ਕਤੀ ਵਿਚ ਲੀਨ ਹੋਣ ਉਪਰੰਤ ਮੇਰੀ ਜੀਵਨ-ਯਾਤਰਾ ਸੰਪੂਰਨ ਹੋਵੇਗੀ। ਕਦੋਂ?

ਇਸ ਕਦੋਂ ਦੇ ਉੱਤਰ ਲਈ ਅਸੀਂ ਜੋਤਿਸ਼ ਵਿਦਿਆ ਦਾ ਸਹਾਰਾ ਲੈਂਦੇ ਹਾਂ। ਜੋਤਿਸ਼ ਅਨੁਸਾਰ, ਸੰਸਾਰ ਦੀ ਉਮਰ ਚਾਰ ਅਰਬਵਤੀ ਕਰੋੜ ਸਾਲ ਹੈ। ਇਸ ਵਿਚੋਂ (ਸੰਨ ੧੯੯੭) ਤੱਕ ੧ ਅਰਬ ੯੭ ਕਰੋੜ ੨੯ ਲੱਖ ੪੯ ਹਜ਼ਾਰ ੦੯੭ ਸਾਲ ਗੁਜ਼ਰ ਚੁੱਕੇ ਹਨ। ਬਾਕੀ ਕੋਈ ਕਰੀਬ ੨੩੫ ਕਰੋੜ ਸਾਲ ਬਾਕੀ ਹਨ। ਇਸ ਪਿੱਛੋਂ ਸੰਸਾਰ, ਅਕਾਲ-ਪੁਰਖ ਵਿਚ ਲੀਨ ਹੋ ਜਾਵੇਗਾ। ਚਾਰ ਅਰਬਵਤੀ ਕਰੋੜ ਸਾਲ 'ਲੀਨਤਾ' ਦੀ ਅਵਸਥਾ ਵਿਚ ਰਹਿ ਕੇ ਮੁੜ ਸੰਸਾਰ ਉਤਪੰਨ ਹੋ, ਕੁਦਰਤ ਦਾ ਇਹ ਚੱਕਰ ਚੱਲਦਾ ਰਹੇਗਾ। ਇਸ ਵਿਚਾਰ ਅਨੁਸਾਰ, ਅਸੀਂ ਬਗੈਰ ਕਿਸੇ ਕੋਸ਼ਿਸ਼ ਦੇ ੨੩੫ ਕਰੋੜ ਸਾਲ ਪਿੱਛੋਂ, ਅਕਾਲ-ਪੁਰਖ ਵਿਚ ਲੀਨ ਹੋ ਜਾਣਾ ਹੈ।

ਅਕਾਲ-ਪੁਰਖ ਨੇ ੮੪ ਲੱਖ ਜੂਨ ਉਪਾਈ ਹੋਈ ਹੈ। ਕਿਸੇ ਜੂਨ ਦੀ ਉਮਰ ਹਜ਼ਾਰਾਂ ਸਾਲ, ਕਿਸੇ ਦੀ ਸੈਂਕੜੇ ਸਾਲ, ਕਿਸੇ ਦੀ ਕੁਝ ਸਾਲ, ਕਿਸੇ ਦੀ ਕੁਝ ਮਹੀਨੇ ਅਤੇ ਕਿਸੇ ਦੀ ਕੁਝ ਦਿਨ ਹੀ ਹੁੰਦੀ ਹੈ। ਆਪਣੇ ਮਨ ਨੂੰ ਸਮਝਾਉਣ ਲਈ, ਜੇ ਇਕ ਜੂਨ ਦੀ ਔਸਤ ਉਮਰ ੨੦ ਸਾਲ ਲਾਈਏ ਤਾਂ ੮੪ ਲੱਖ ਜੂਨ ਦਾ ਇਕ ਗੇੜ ਕੱਟਣ ਲਈ ਕੋਈ ੧੭ ਕਰੋੜ ਸਾਲ ਦਾ ਸਮਾਂ ਲੱਗੇਗਾ। ਜਦੋਂ ਤੱਕ ਸੰਸਾਰ ਨੇ ਅਕਾਲ ਪੁਰਖ ਵਿਚ ਲੀਨ ਹੋਣਾ ਹੈ ਸਾਨੂੰ ੮੪ ਲੱਖ ਜੂਨ ਦੇ ਕੋਈ ੧੪ ਗੇੜ ਕੱਟਣੇ ਪੈਣਗੇ। ਇਸ ਤਰ੍ਹਾਂ ਸਾਨੂੰ ਕੋਈ ੧੨ ਕਰੋੜ ਵਾਰ ਜਨਮ ਲੈ ਕੇ ਮਰਨਾ ਪਵੇਗਾ। ਇਨ੍ਹਾਂ ਵਿਚੋਂ ਬਹੁਤੀਆਂ ਜੂਨਾਂ ਤਾਂ ਐਸੀਆਂ ਹਨ ਕਿ ਇਕੋ ਜੂਨ ਦੇ ਕਸ਼ਟ ਕੱਟਣੇ ਔਖੇ ਲੱਗਦੇ ਹਨ। ਮੰਡੀਆਂ ਵਿਚ ਵੇਖਦੇ ਹਾਂ ਕਿ ਇਕ ਝੋਟਾ, ਇਕ ਰੇਹੜੀ ਅੱਗੇ ਜੋੜਿਆ ਹੁੰਦਾ ਹੈ। ੨੫/ ੩੦ ਬੋਰੀਆਂ ਲੱਦੀਆਂ ਹੁੰਦੀਆਂ ਹਨ। ਗਰਮੀ ਦਾ ਮੌਸਮ ਹੁੰਦਾ ਹੈ। ਝੋਟਾ ਭਾਰ ਨਾਲ ਹਫ਼ੂੰ ਹਫ਼ੂ ਕਰਦਾ ਹੁੰਦਾ ਹੈ। ਉਪਰੋਂ, ਮਾਲਕ ਡੰਡੇ ਵੀ ਮਾਰਦਾ ਹੈ। ਖੋਤੇ 'ਤੇ ਇੱਟਾਂ ਲੱਦੀਆਂ ਹੁੰਦੀਆਂ ਹਨ। ਭਾਰ ਦੇ ਕਾਰਨ ਉਸ ਦੀਆਂ ਲੱਤਾਂ ਫਿਟੂੰ ਫਿਟੂੰ ਕਰਦੀਆਂ ਹੁੰਦੀਆਂ ਹਨ। ਉਪਰੋਂ ਘੁਮਾਰ ਦੇ ਡੰਡੇ ਵੀ ਪੈਂਦੇ ਹਨ। ਇਸੇ ਤਰ੍ਹਾਂ ਦਾ ਹੀ, ਹੋਰ ਅਨੇਕ ਜੂਨੀਆਂ ਦਾ ਹਾਲ ਸਮਝ ਲਵੋ। ਜੇ ਤਾਂ ਅਸੀਂ ੧੨ ਕਰੋੜ ਵਾਰੀ ਜਨਮ ਲੈ ਕੇ, ਵੱਖੋ ਵੱਖ ਜੂਨਾਂ ਦੇ ਕਸ਼ਟ ਕੱਟਣ ਦੀ ਹਿੰਮਤ ਰੱਖਦੇ ਹਾਂ ਤਾਂ ਸਾਨੂੰ, ਅਕਾਲ ਪੁਰਖ ਦੇ ਮਿਲਾਪ ਲਈ ਕੋਈ ਵੀ ਉਪਰਾਲਾ ਕਰਨ ਦੀ ਲੋੜ ਨਹੀਂ ਹੈ। ੨੩੫ ਕਰੋੜ ਸਾਲ ਪਿੱਛੋਂ ਅਕਾਲ ਪੁਰਖ ਵਿਚ ਲੀਨਤਾ ਆਪਣੇ ਆਪ ਹੀ ਹੋ ਜਾਵੇਗੀ।

'ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥...੧॥' (ਸਲੋਕ ਸੇਖ ਫਰੀਦ ਕੇ, ਅੰਕ : ੧੩੭੭) ਜੇ ੧੨ ਕਰੋੜ ਵਾਰੀ ਨਿਮਾਣੀ ਜਿੰਦ ਦੇ ਹੱਡਾਂ ਨੂੰ ਕੜਕਾ ਕੇ ਕੱਢਣ ਦਾ, ਮਰਨ ਕਾਲ ਕਾ ਤਰਾਸ, ਸਾਥੋਂ ਝੱਲਿਆ ਨਹੀਂ ਜਾਣਾ ਤਾਂ ਸਾਨੂੰ ਸੋਚਣਾ ਹੀ ਪਵੇਗਾ ਕਿ ਅਸੀਂ ਜਨਮ ਤੇ ਮਰਨ ਦੇ ਇਸ ਲੰਮੇ ਚੱਕਰ ਨੂੰ ਅਤੇ ੨੩੫ ਕਰੋੜ ਸਾਲ ਦੇ ਲੰਮੇ ਸਮੇਂ ਨੂੰ ਕਿਵੇਂ ਘੱਟ ਤੋਂ ਘੱਟ ਕਰਕੇ, ਅਸੀਂ ਵੱਧ ਤੋਂ ਵੱਧ ਛੇਤੀ ਅਕਾਲ ਪੁਰਖ ਵਿਚ ਲੀਨਤਾ ਪ੍ਰਾਪਤ ਕਰ ਸਕੀਏ।

ਇਸ ਲੇਖ ਦਾ ਸਾਰ ਅੰਸ਼ ਇਹ ਹੋਇਆ ਕਿ ਸੰਸਾਰ ਦੀ ਹਰ ਸ਼ੈਅ, ਇਕ ਚੱਕਰ ਜਾਂ ਦਾਇਰੇ ਵਿਚ ਹਰਕਤ ਕਰਦੀ ਹੈ। ਜਿਥੋਂ ਕੋਈ ਸ਼ੈਅ ਉਪਜਦੀ ਹੈ, ਉਥੇ ਪਹੁੰਚ, ਆਪਣੀ ਉਪਜ ਸਰੋਤਿ ਵਿਚ ਲੀਨ ਹੋ, ਆਪਣੀ ਜੀਵਨ ਯਾਤਰਾ ਪੂਰੀ ਕਰਦੀ ਹੈ। ''ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥੧੧॥'' (ਸਲੋਕ ਮ. ੯, ਅੰਕ : ੧੪੨੬-੨੭) ਅਨੁਸਾਰ, ਚੂੰਕਿ ਸੰਸਾਰ ਦਾ ਉਪਜ ਸਰੋਤਿ, ਪਰਮ-ਆਤਮਾ ਹੈ। 'ਮੈਂ' ਸੰਸਾਰ ਦਾ ਇਕ ਅੰਗ ਹਾਂ। ਮੇਰਾ ਜ਼ਿੰਦਗੀ ਦਾ ਸਫ਼ਰ ਵੀ, ਪਰਮ-ਆਤਮਾ ਵਿਚ ਸਮਾਈ ਉਪਰੰਤ ਹੀ ਪੂਰਾ ਹੋਵੇਗਾ।

ਧੰਨਵਾਦ ਸਹਿਤ ਸੂਬੇਦਾਰ ਭਾਈ ਧਰਮ ਸਿੰਘ ਸੁੱਜੋਂ ਜੀ ਦੀ ਪੁਸਤਕ "ਗੁਰਬਾਣੀ ਅਤੇ ਸਾਇੰਸ ਦੀ ਰੋਸ਼ਨੀ ਵਿਚ ਅਕਾਲਪੁਰਖ" 'ਚੋਂ।