ਬੱਬਰ ਰਤਨ ਸਿੰਘ ਰੱਕੜਾਂ ਬੇਟ

- ਵਾਸਦੇਵ ਸਿੰਘ ਪਰਹਾਰ, ਸਿਆਟਲ 
ਫੋਨ 206-434-1155
ਬੱਬਰ ਰਤਨ ਸਿੰਘ ਰੱਕੜਾਂ ਬੇਟ
ਪਿੰਡ ਰੱਕੜਾਂ ਬੇਟ ਬਲਾਚੌਰ ਤੋਂ ਤਿੰਨ ਕੁ ਮੀਲ ਦੱਖਣ-ਪੂਰਬ ਵੱਲ ਦਰਿਆ ਸਤਲੁਜ ਕੰਢੇ ਸਥਿਤ ਹੈ। ਇਹ ਰੱਕੜ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਰੋਪੜ ਦੇ ਟੱਪਰੀਆਂ ਪਿੰਡ ਦੇ ਲੋਕਾਂ ਨੇ ਤਕਰੀਬਨ 250 ਕੁ ਸਾਲ ਪਹਿਲਾਂ ਵਸਾਇਆ ਸੀ। ਬੱਬਰ ਰਤਨ ਸਿੰਘ ਦੇ ਪਿਤਾ ਨੰਬਰਦਾਰ ਜਵਾਹਰ ਸਿੰਘ ਇਲਾਕੇ ਦੀ ਸਿਰਕੱਢ ਹਸਤੀ ਸਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਰਾਹੋਂ ਦੇ ਗੌਰਮਿੰਟ ਹਾਈ ਸਕੂਲ ਦਾਖਲ ਕਰਵਾਇਆ। ਇਹ ਰਾਹੋਂ ਦਾ ਹਾਈ ਸਕੂਲ ਯੂਨਾਈਟਿਡ ਪੰਜਾਬ ਦਾ ਪਹਿਲਾ ਗੌਰਮਿੰਟ ਹਾਈ ਸਕੂਲ ਸੀ। 
ਬੱਬਰ ਰਤਨ ਸਿੰਘ ਨੇ ਸੰਨ 1906 ਵਿੱਚ ਰਾਹੋਂ ਸਕੂਲ ਤੋਂ ਮੈਟਰਿਕ ਪਾਸ ਕੀਤੀ ਅਤੇ ਫੌਜ ਵਿੱਚ ਭਰਤੀ ਹੋ ਗਿਆ। ਉਸ ਨੇ ਦੇਖਿਆ ਕਿ ਅੰਗਰੇਜ਼ ਅਫਸਰ ਜਵਾਨਾਂ ਨਾਲ ਗੁਲਾਮਾਂ ਵਾਲਾ ਵਰਤਾਓ ਕਰਦੇ ਹਨ ਤਾਂ ਉਸ ਦੇ ਦਿਲ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਨਫਰਤ ਪੈਦਾ ਹੋ ਗਈ। ਉਸ ਨੇ ਅਸਲੇਖਾਨੇ 'ਚੋਂ ਇੱਕ ਪਸਤੌਲ, ਕੁਝ ਗਰਨੇਡ ਅਤੇ ਇੱਕ 303 ਦੀ ਪੱਕੀ ਰਾਈਫਲ ਚੋਰੀ ਕਰਕੇ ਆਪਣੇ ਘਰ ਵਿੱਚ ਇੱਕ ਟੋਆ ਪੁੱਟ ਕੇ ਉਸ ਵਿੱਚ ਰੱਖ ਲਈ। ਛੇਤੀਂ ਹੀ ਸੰਨ 1919 ਵਿੱਚ ਉਸ ਨੇ ਫੌਜ ਤੋਂ ਡਿਸਚਾਰਜ ਲੈ ਲਿਆ। ਕਿਸੇ ਦੋਸਤ ਦੀ ਮੁਖਬਰੀ 'ਤੇ ਉਸ ਦੇ ਘਰੋਂ ਪੁਲਿਸ ਨੇ ਹਥਿਆਰ ਬਰਾਮਦ ਕਰ ਲਏ, ਜਿਸ ਕਾਰਨ ਉਸ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਈ। ਕੈਦ ਪੂਰੀ ਹੋਣ 'ਤੇ ਉਹ ਆਪਣੇ ਪਿੰਡ ਖੇਤੀ ਕਰਨ ਲੱਗਾ। ਪਹਿਲਾਂ ਪਿੰਡ ਦੇ ਅਕਾਲੀ ਜਥੇ ਦਾ ਜਥੇਦਾਰ ਤੇ ਫਿਰ ਤਹਿਸੀਲ ਗੜ੍ਹਸ਼ੰਕਰ ਦੇ ਅਕਾਲੀ ਜਥੇ ਦਾ ਜਥੇਦਾਰ ਬਣਿਆ, ਜਿੱਥੇ ਉਹ ਪੂਰਾ ਸਮਾਂ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦਾ ਹਥਿਆਰਬੰਦ ਸੰਘਰਸ਼ ਨਾਲ ਟਾਕਰਾ ਕਰਨ ਦਾ ਪ੍ਰਚਾਰ ਕਰਦਾ ਰਿਹਾ।

ਸੰਨ 1930 ਵਿੱਚ ਪਿੰਡਾਂ ਅਤੇ ਥਾਣਾ ਰਾਹੋਂ, ਬਲਾਚੌਰ, ਗੜ੍ਹਸ਼ੰਕਰ ਅਤੇ ਮਾਹਲਪੁਰ ਦੀਆਂ ਕੰਧਾਂ 'ਤੇ ਇਸ਼ਤਿਹਾਰ ਲਾ ਦਿੱਤੇ ਕਿ ਚਾਰੇ ਥਾਣੇ ਬੰਬਾਂ ਨਾਲ ਉਡਾ ਦਿੱਤੇ ਜਾਣਗੇ, ਜਿਸ ਨਾਲ ਅੰਗਰੇਜ਼ ਸਰਕਾਰ ਨੂੰ ਤਾੜਨਾ ਹੋਵੇਗੀ ਕਿ ਸਾਰੇ ਪੰਜਾਬੀ ਇੱਕਮੁੱਠ ਹੋ ਕੇ ਅੰਗਰੇਜ਼ ਸਰਕਾਰ ਦਾ ਬੋਰੀਆ ਬਿਸਤਰਾ ਗੋਲ ਕਰ ਦੇਣ ਲਈ ਤਿਆਰ ਹਨ। ਸਰਕਾਰ ਨੇ ਇਸ ਇਸ਼ਤਿਹਾਰ ਦਾ ਗੰਭੀਰ ਨੋਟਿਸ ਲੈਂਦਿਆਂ ਬੱਬਰ ਦੇ ਵਾਰੰਟ ਜਾਰੀ ਕਰ ਦਿੱਤੇ। ਉਸ ਵਿਰੁੱਧ ਤਿੰਨ ਜੁਰਮਾਂ ਦੀ ਫਰਦ ਬਣੀ -
1. ਨਜਾਇਜ਼ ਹਥਿਆਰ ਰੱਖਣਾ 
2. ਪੁਲਿਸ ਨੂੰ ਧਮਕੀਆਂ ਦੇਣਾ। 
3. ਸਰਕਾਰ ਵਿਰੁੱਧ ਬਗਾਵਤ ਕਰਨਾ।
ਬੱਬਰ ਸ਼ਿਵਾਲਕ ਦੀਆਂ ਪਹਾੜੀਆਂ ਵੱਲ ਨਿੱਕਲ ਗਿਆ, ਪਰ ਇੱਕ ਮੇਲਾ ਸਿੰਘ ਨਾਮੀ ਗੱਦਾਰ ਨੇ ਉਸ ਨੂੰ ਆਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕਰਵਾ ਦਿੱਤਾ। ਇਸ ਕੇਸ ਵਿੱਚ ਉਸ ਨੂੰ 11  ਸਾਲ ਕੈਦ ਦੀ ਸਜ਼ਾ ਹੋਈ। ਉਸ ਨੇ ਲਾਹੌਰ ਜੇਲ੍ਹ ਅੰਦਰ ਅਧਿਕਾਰੀਆਂ ਨੂੰ ਵਖਤ ਪਾ ਦਿੱਤਾ ਤਾਂ ਉਸ ਨੂੰ ਕਾਲ਼ੇ ਪਾਣੀ ਭੇਜਣ ਲਈ ਕਲਕੱਤੇ ਗੱਡੀ ਚੜ੍ਹਾ ਦਿੱਤਾ। ਜਗਾਧਰੀ ਰੇਲਵੇ ਸਟੇਸ਼ਨ 'ਤੇ ਸਿਗਨਲ ਨਾ ਮਿਲਣ ਕਰਕੇ ਗੱਡੀ ਰੁਕ ਗਈ, ਗਾਰਦ ਨੂੰ ਸੁੱਤੀ ਪਈ ਦੇਖ ਕੇ, ਉਹ ਗੱਡੀ ਤੋਂ ਉੱਤਰ ਗਿਆ। ਪਰ ਹੱਥਕੜੀ ਅਤੇ ਬੇੜੀ ਸਮੇਤ ਦੌੜਨਾ ਮੁਸ਼ਕਿਲ ਸੀ ਅਤੇ ਗਾਰਦ ਵਾਲਿਆਂ ਨੇ ਫੜ ਲਿਆ। 
ਅੰਡੇਮਾਨ ਦੀ ਜੇਲ੍ਹ ਵਿੱਚ ਪਹਿਲਾਂ ਹੀ ਕਈ ਆਜ਼ਾਦੀ ਪ੍ਰਵਾਨੇ ਸਨ। ਬੱਬਰ ਦੇ ਪਹੁੰਚਣ ਨਾਲ ਅੰਗਰੇਜ਼ ਸਰਕਾਰ ਵਿਰੁੱਧ ਕੈਦੀਆਂ ਦੇ ਜੋਸ਼ ਵਿੱਚ ਮੁੜ ਜਵਾਨੀ ਆ ਗਈ। ਨਿੱਤ ਹੀ ਹੜਤਾਲਾਂ ਹੋਣ ਲੱਗੀਆਂ। ਇਸ ਲਈ ਜੇਲ੍ਹ ਵਾਲਿਆਂ ਬੱਬਰ ਨੂੰ ਪੁਆੜੇ ਦੀ ਜੜ੍ਹ ਸਮਝ ਕੇ ਵਾਪਸ ਲਾਹੌਰ ਜੇਲ੍ਹ ਲਈ ਜਹਾਜ਼ ਚੜ੍ਹਾ ਦਿੱਤਾ। ਕਲਕੱਤੇ ਪਹੁੰਚ ਕੇ ਇੱਕ ਕੈਦਣ ਜਨਾਨੀ ਦੀ ਮਦਦ ਨਾਲ ਬੱਬਰ ਨੇ ਦਾਤਣ ਦੇ ਬੰਡਲ ਵਿੱਚ ਦੋ ਲੋਹਾ ਕੱਟਣ ਵਾਲੇ ਬਲੇਡ ਅਤੇ ਛੇ ਬੋਤਲਾਂ ਸ਼ਰਾਬ ਮੰਗਵਾ ਲਈ। ਪਹਿਲੀ ਰਾਤ ਗਾਰਦ ਵਾਲੇ ਸ਼ਰਾਬ ਪੀ ਕੇ ਸੌਂ ਗਏ। ਦੂਸਰੀ ਰਾਤ ਵੀ ਗਾਰਦ ਵਾਲਿਆਂ ਨੂੰ ਹੋਰ ਸ਼ਰਾਬ ਦੇ ਦਿੱਤੀ ਅਤੇ ਉਹ ਨਿਸਚਿੰਤ ਹੋ ਗਏ ਕਿ ਕੱਲ੍ਹ ਨਹੀਂ ਭੱਜਿਆ ਤੇ ਅੱਜ ਵੀ ਨਹੀਂ ਭੱਜਣ ਲੱਗਾ। 
ਗਾਰਦ ਨੂੰ ਘੂਕ ਸੁੱਤੀ ਪਈ ਦੇਖ ਕੇ ਬੱਬਰ ਨੇ ਬਲੇਡ ਨਾਲ ਆਪਣੀ ਹੱਥਕੜੀ ਅਤੇ ਬੇੜੀ ਕੱਟ ਲਈ। ਗੱਡੀ ਜਦੋਂ ਨਰਵਾਣਾ ਰੇਲਵੇ ਸਟੇਸ਼ਨ ਤੋਂ ਬਾਹਰ ਸਿਗਨਲ ਨਾ ਹੋਣ ਕਰਕੇ ਰੁਕੀ ਤਾਂ ਬੱਬਰ ਭੱਜ ਗਿਆ। ਜਾਣ ਲੱਗਾ ਪੁਲਿਸ ਦੀਆਂ ਦੋ ਪੱਕੀਆਂ ਰਾਈਫਲਾਂ ਅਤੇ ਗੋਲੀਆਂ ਨਾਲ ਲੈ ਗਿਆ। ਜੰਗਲ ਬੇਲਿਆਂ ਵਿੱਚ ਦੀ ਰਾਤਾਂ ਨੂੰ ਸਫਰ ਕਰਦਾ ਉਹ ਲੱਖ ਮੁਸੀਬਤਾਂ ਝੱਲ ਕੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੋਇਆ ਮਾਛੀਵਾੜੇ ਤੋਂ ਹੁੰਦਾ ਹੋਇਆ ਆਪਣੇ ਪਿੰਡ ਰੱਕੜ ਬੇਟ ਪਹੁੰਚ ਗਿਆ। ਆਪਣੇ ਪਿੰਡ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਉਹ ਆਪਣੇ ਦੋਸਤਾਂ ਕੋਲ ਨਿੱਤ ਬਿਨਾਂ ਕਿਸੇ ਨੂੰ ਦੱਸੇ ਅਗਲੇ ਟਿਕਾਣੇ ਚਲੇ ਜਾਂਦਾ। 
ਸੰਨ 1932 ਵਿੱਚ ਉਸ ਨੇ ਪਿੰਡ ਰੁੜਕੀ ਸੈਣੀਆਂ ਵਿੱਚ ਸਰਦਾਰ ਗੇਂਦਾ ਸਿੰਘ ਅਤੇ ਉਸ ਦੇ ਭਰਾ ਨੰਬਰਦਾਰ ਈਸ਼ਰ ਸਿੰਘ ਪਾਸ ਰਹਿਣਾ ਸ਼ੁਰੂ ਕਰ ਦਿੱਤਾ। ਇਹ ਪਿੰਡ ਸਾਰਾ ਹੀ ਸੈਣੀ ਬਰਾਦਰੀ ਦਾ ਹੈ। ਸਾਰਾ ਹੀ ਪਿੰਡ ਬੱਬਰਾਂ ਦਾ ਹਮਾਇਤੀ ਸੀ। ਸ. ਗੇਂਦਾ ਸਿੰਘ ਦਾ ਘਰ ਉਸ ਲਈ ਇੱਕ ਕਿਲ੍ਹੇ ਦੀ ਤਰ੍ਹਾਂ ਸੀ। ਇਸ ਦੌਰਾਨ ਬੱਬਰਾਂ ਨੇ ਪੁਰਾਣੇ ਬੱਬਰਾਂ ਦੀ ਇੱਕ ਮੀਟਿੰਗ ਸ. ਲਛਮਣ ਸਿੰਘ ਜਗੀਰਦਾਰ ਪਿੰਡ ਸਿੰਬਲੀ ਵਿਖੇ ਬੁਲਾਈ, ਜਿਸ ਵਿੱਚ ਹੇਠ ਲਿਖੇ ਆਜ਼ਾਦੀ ਪ੍ਰਵਾਨੇ ਹਾਜ਼ਰ ਹੋਏ - ਸ. ਦਸੌਂਧਾ ਸਿੰਘ ਪਿੰਡ ਢਾਡਾ, ਫਤਹਿ ਸਿੰਘ ਚਾਹਲਪੁਰ, ਗੇਂਦਾ ਸਿੰਘ ਅਤੇ ਤਾਰਾ ਸਿੰਘ ਪਿੰਡ ਸਿੰਬਲੀ, ਬਤਨ ਸਿੰਘ ਚਾਹਲਪੁਰ, ਪਿਆਰਾ ਸਿੰਘ ਲੰਗੇਰੀ ਗਦਰੀ ਲੀਡਰ ਅਤੇ ਐਮ. ਐਲ. ਏ., ਠੋਲਾ ਸਿੰਘ ਪਿੰਡ ਬਾਘਾ, ਮਾਸਟਰ ਕਾਬਲ ਸਿੰਘ ਗੋਬਿੰਦਪੁਰ, ਅਰਜਨ ਸਿੰਘ ਸੱਚ ਖੜੌਦੀ, ਦਲੀਪ ਸਿੰਘ ਸਾਂਧਰਾ, ਰੁੜਕੀ ਖਾਸ ਦੇ ਗੇਂਦਾ ਸਿੰਘ ਅਤੇ ਈਸ਼ਰ ਸਿੰਘ, ਸ਼ਿਵ ਰਾਮ ਪਿੰਡ ਫੂਲੋਂ, ਹਰਜਾਪ ਸਿੰਘ ਬੈਂਸ ਐਮ. ਐਲ. ਏ. ਮਾਹਲਪੁਰ, ਹਜ਼ਾਰਾ ਸਿੰਘ ਰੁੜਕੀ ਖਾਸ, ਮੂਲਾ ਸਿੰਘ ਬਾਹੋਵਾਲ, ਮੁਣਸ਼ੀ ਰਾਮ ਪਿੰਡ ਚੱਕ ਹਾਜੀਪੁਰ, ਬਾਬਾ ਗੁਰਦਿੱਤ ਸਿੰਘ ਗੜਸ਼ੰਕਰ। 
ਇਸ ਮੀਟਿੰਗ ਵਿੱਚ ਸਿਆਣੇ ਦੇਸ਼ ਭਗਤਾਂ ਨੇ ਬੱਬਰਾਂ ਦੀ ਭਾਵਨਾ ਦੀ ਪੂਰੀ ਕਦਰ ਕਰਦਿਆਂ ਉਸ ਨੂੰ ਅਜੇ ਕੁਝ ਚਿਰ ਗੁਪਤ ਰਹਿ ਕੇ, ਦੇਸ਼ਧ੍ਰੋਹੀਆਂ ਦੇ ਸੁਧਾਰ ਵਲੋਂ ਸਮੇਂ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਕਿਉਂਕਿ ਪੱਤਾ ਪੱਤਾ ਉਸ ਦਾ ਵੈਰੀ ਸੀ। ਝੋਲੀਚੁੱਕ ਇਨਾਮਾਂ ਦੇ ਲਾਲਚ ਵਿੱਚ ਉਸ ਨਾਲ ਗਦਾਰੀ ਕਰਨ ਲਈ ਕਮਰਕੱਸੇ ਕਰੀ ਫਿਰਦੇ ਸਨ। ਸ. ਹਰਜਾਪ ਸਿੰਘ ਮਾਹਲਪੁਰ ਨੇ ਬੱਬਰ ਨੂੰ ਇੱਕ ਰਿਵਾਲਵਰ ਅਤੇ 50 ਗੋਲੀਆਂ ਦਿੱਤੀਆਂ। ਸ. ਪਿਆਰਾ ਸਿੰਘ ਲੰਗੇਰੀ ਨੇ ਮਾਇਕ ਸਹਾਇਤਾ ਦਿੱਤੀ। ਸ. ਗੇਂਦਾ ਸਿੰਘ ਨੇ ਇੱਕ ਪੱਕੀ ਰਾਈਫਲ, ਗੋਲੀਆਂ ਅਤੇ ਗਰਨੇਡ ਦਿੱਤੇ। 
ਪਿੰਡ ਰੁੜਕੀ ਖਾਸ ਦੇ ਸਾਰੇ ਹੀ ਲੋਕ ਆਜ਼ਾਦੀ ਪ੍ਰਵਾਨਿਆਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਸਨ। ਇੱਕ ਮੀਹਾਂ ਸਿੰਘ ਕੰਗ ਪਿੰਡ ਗੜ੍ਹੀ ਕਨੂੰਗੋਆਂ ਬੱਬਰ ਦਾ ਦੂਰੋਂ ਰਿਸ਼ਤੇਦਾਰ ਅਤੇ ਮਿੱਤਰ ਸੀ। ਉਹ ਬੱਬਰ ਪਾਸ ਰੁੜਕੀ ਆਉਂਦਾ ਰਹਿੰਦਾ ਸੀ ਪਰ ਉਹ ਇਨਾਮ ਦੇ ਲਾਲਚ ਵਿੱਚ ਆ ਗਿਆ ਕਿ ਸਰਕਾਰ ਨੇ ਬੱਬਰ ਨੂੰ ਫੜਾਉਣ ਵਾਲਿਆਂ ਨੂੰ ਪੰਜ ਮੁਰੱਬੇ ਜ਼ਮੀਨ ਅਤੇ ਚਾਰ ਹਜ਼ਾਰ ਰੁਪਏ ਨਕਦ ਦੇਣ ਦੇ ਇਸ਼ਤਿਹਾਰ ਛਪਾ ਦਿੱਤੇ ਸਨ। ਇਹ ਮੀਹਾਂ ਸਿੰਘ ਕੰਗ ਖੁਦ ਪੁਲਿਸ ਅਧਿਕਾਰੀਆਂ ਪਾਸ ਜਾਣੋਂ ਡਰਦਾ ਸੀ, ਇਸ ਲਈ ਉਸ ਨੇ ਮਹਿਤਪੁਰ ਦੇ ਜ਼ੈਲਦਾਰ ਸਿਕੰਦਰ ਖਾਂ ਨੂੰ ਆਪਣੇ ਨਾਲ ਮਿਲਾ ਲਿਆ। ਦੋਨੋਂ ਜਾ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮਿ. ਬਖਲੇ ਨੂੰ ਮਿਲੇ। ਗੇਂਦਾ ਸਿੰਘ ਦੇ ਘਰ ਦਾ ਨਕਸ਼ਾ ਵੀ ਬਣਾ ਕੇ ਦਿੱਤਾ ਤਾਂ ਕਿ ਪੁਲਿਸ ਨੂੰ ਛਾਪਾ ਮਾਰਨਾ ਸੌਖਾ ਰਹੇ। 
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਖਬਰ ਕਰਕੇ ਉਸ ਜ਼ਿਲ੍ਹੇ ਦੀ ਪੁਲਿਸ ਫੋਰਸ ਮੰਗਵਾ ਲਈ, ਜਿਸ ਦੇ 200 ਜਵਾਨ ਰੇਲ ਗੱਡੀ ਰਾਹੀਂ ਅਲਾਚੌਰ ਰੇਲਵੇ ਸਟੇਸ਼ਨ 'ਤੇ ਪਹੁੰਚੇ, ਜਿੱਥੋਂ ਰੁੜਕੀ ਖਾਸ ਇੱਕ ਮੀਲ ਕੁ ਚੜ੍ਹਦੇ ਪਾਸੇ ਹੈ। ਹੁਸ਼ਿਆਰਪੁਰ ਦੇ ਥਾਣਿਆਂ ਅਤੇ ਪੁਲਿਸ ਲਾਇਨ ਹੁਸ਼ਿਆਰਪੁਰ ਤੋਂ ਪੁਲਿਸ ਦੇ ਜਵਾਨ ਪਿੰਡ ਨੂੰ ਘੇਰਾ ਘੱਤਣ ਲਈ ਭੇਜੇ ਗਏ। ਘੋੜਸਵਾਰ ਪੁਲਿਸ ਅਤੇ ਪੈਦਲ ਜਵਾਨਾਂ ਨੇ ਦੁਪਹਿਰ ਇੱਕ ਵਜੇ ਪਿੰਡ ਨੂੰ ਘੇਰਾ ਪਾ ਲਿਆੁੰ। ਚੱਪੇ-ਚੱਪੇ ਤੇ ਪੁਲਿਸ ਦਾ ਜਵਾਨ ਖੜ੍ਹਾ ਸੀ ਤਾਂ ਕਿ ਕੋਈ ਪਿੰਡੋਂ ਬਾਹਰ ਨਾ ਜਾ ਸਕੇ। ਘਰ-ਘਰ ਦੀ ਤਲਾਸ਼ੀ ਲੈ ਕੇ ਲੋਕਾਂ ਤੋਂ ਬੱਬਰ ਬਾਰੇ ਪੁੱਛਦੇ ਰਹੇ। ਪਿੰਡ ਦੇ ਸਭ ਮਰਦਾਂ, ਜਨਾਨੀਆਂ ਅਤੇ ਬੱਚਿਆਂ ਨੂੰ ਪਿੰਡੋਂ ਬਾਹਰ ਇੱਕ ਥਾਂ 'ਤੇ ਇਕੱਠੇ ਬਿਠਾ ਲਿਆ। ਪਿੰਡ ਦੇ ਘਰਾਂ ਦੀਆਂ ਛੱਤਾਂ 'ਤੇ ਵੀ ਪੁਲਿਸ ਵਾਲੇ ਰਫਲਾਂ ਤਾਣੀ ਬੈਠੇ ਸਨ। 
ਗੇਂਦਾ ਸਿੰਘ ਦੇ ਘਰ ਬੱਬਰ ਵੀ ਮੁਕਾਬਲੇ ਲਈ ਤਿਆਰ ਬੈਠਾ ਸੀ। ਉਸ ਨੂੰ ਹਥਿਆਰ ਸੁੱਟ ਕੇ ਬਾਹਰ ਆਉਣ ਲਈ ਕਿਹਾ ਗਿਆ ਪਰ ਉਸ ਨੇ ਬੜੀ ਬਹਾਦਰੀ ਨਾਲ ਉੱਤਰ ਦਿੱਤਾ ਕਿ ਉਹ ਮੁਕਾਬਲਾ ਕਰ ਕੇ ਸ਼ਹੀਦ ਹੋਣਾ ਠੀਕ ਸਮਝਦਾ ਹੈ। ਪੁਲਿਸ ਨੇ ਗੇਂਦਾ ਸਿੰਘ ਦੇ ਘਰ ਦੀ ਛੱਤ ਪਾੜ ਕੇ ਜਦੋਂ ਹੀ ਕੁਝ ਇੱਟਾਂ ਪੁੱਟੀਆਂ ਬੱਬਰ ਨੇ ਹੇਠੋਂ ਗੋਲੀਆਂ ਮਾਰ ਕੇ ਦੋ ਸਿਪਾਹੀ ਮਾਰ ਦਿੱਤੇ। ਫੇਰ ਪੁਲਿਸ ਨੇ ਉਸ ਮਕਾਨ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਬੱਬਰ ਉਸ ਘਰ ਦੀ ਕੰਧ ਵਿੱਚ ਮਘੋਰਾ ਕਰਕੇ ਅਗਲੇ ਘਰ ਪਹੁੰਚ ਗਿਆ। ਉਸ ਘਰ ਨੂੰ ਵੀ ਪੁਲਿਸ ਨੇ ਅੱਗ ਲਾ ਦਿੱਤੀ। ਬੱਬਰ ਅੱਗੇ ਤੋਂ ਅੱਗੇ ਕਈ ਘਰਾਂ ਦੀਆਂ ਕੰਧਾਂ ਪਾੜ ਕੇ ਨਿੱਕਲਦਾ ਰਿਹਾ। ਹੁਣ ਅਗਲੇ ਘਰ ਤੋਂ ਅੱਗੇ ਮੈਦਾਨ ਸੀ। ਪੁਲਿਸ ਦਾ ਇੱਕ ਮੁਖਬਰ ਹਜ਼ਾਰਾ ਸਿੰਘ ਉਧਰ ਖੜ੍ਹਾ ਸੀ, ਜਿਸ ਨੂੰ ਬੱਬਰ ਨੇ ਗੋਲੀ ਮਾਰ ਕੇ ਮੁਕਾ ਦਿੱਤਾ। 
ਆਖਰ ਪੁਲਿਸ ਦੀਆਂ ਕਈ ਗੋਲੀਆਂ ਲੱਗਣ ਕਾਰਨ ਬੱਬਰ ਡਿੱਗ ਪਿਆ। ਉਸ ਦੇ ਮਰੇ ਹੋਏ ਦੇ ਨੇੜੇ ਜਾਣ ਦਾ ਕੋਈ ਹੌਂਸਲਾ ਨਾ ਕਰੇ ਅਤੇ ਡਿੱਗੇ ਪਏ ਦੇ ਕਈ ਹੋਰ ਗੋਲੀਆਂ ਮਾਰ ਕੇ ਤੇ ਠੁੱਡੇ ਮਾਰ ਕੇ ਤਸੱਲੀ ਕੀਤੀ। ਹੁਸ਼ਿਆਰਪੁਰ ਤੋਂ ਹੀ ਪੁਲਿਸ ਵਾਲੇ ਇੱਕ ਪੁਰਾਣੇ ਬੱਬਰ ਮਿਲਖਾ ਸਿੰਘ ਨਿੱਝਰ ਪਿੰਡ ਪੰਡੋਰੀ ਨਿੱਝਰਾਂ ਵਾਲੇ ਦੀ ਲਾਰੀ ਲੈ ਕੇ ਗਏ ਸੀ। ਉਸ ਲਾਰੀ ਵਿੱਚ ਦੋ ਪੁਲਿਸ ਵਾਲਿਆਂ, ਇੱਕ ਮੁਖਬਰ ਅਤੇ ਬੱਬਰ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ। 
ਦੂਸਰੇ ਦਿਨ ਫੇਰ ਹੁਸ਼ਿਆਰਪੁਰ ਪੁਲਿਸ ਨੇ ਮਿਲਖਾ ਸਿੰਘ ਨਿੱਝਰ ਨੂੰ ਲਾਰੀ ਹਸਪਤਾਲ ਦੇ ਮੁਰਦਾਘਰ ਲਿਆਉਣ ਲਈ ਕਿਹਾ। ਪੋਲੀਟੀਕਲ ਪਾਰਟੀਆਂ ਬੱਬਰ ਦੀ ਲਾਸ਼ ਲੈ ਕੇ ਬਕਾਇਦਾ ਜਲੂਸ ਦੀ ਸ਼ਕਲ ਵਿੱਚ ਸ਼ਹਿਰ ਵਿੱਚ ਘੁਮਾ ਕੇ ਸਸਕਾਰ ਕਰਨਾ ਚਾਹੁੰਦੀਆਂ ਸਨ। ਗਦਰੀ ਬਾਬਾ ਹਰਜਾਪ ਸਿੰਘ ਮਾਹਲਪੁਰ, ਦਸੌਂਧਾ ਸਿੰਘ ਢਾਡਾ ਅਤੇ ਐਡਵੋਕੇਟ ਦੁਰਗਾਦਾਸ ਨੇ ਪੁਲਿਸ ਤੱਕ ਇਸ ਬਾਰੇ ਪਹੁੰਚ ਵੀ ਕੀਤੀ ਪਰ ਅਸਫਲ ਰਹੇ। ਲਾਸ਼ ਘਰ ਜਾ ਕੇ ਬੱਬਰ ਮਿਲਖਾ ਸਿੰਘ, ਜੋ ਹਾਈਕੋਰਟ ਵਲੋਂ ਬਰੀ ਹੋ ਕੇ ਆਪਣੀ ਲਾਰੀ ਚਲਾਉਂਦਾ ਸੀ, ਨੇ ਦੇਖਿਆ ਕਿ ਦੋ ਸਿਪਾਹੀਆਂ ਦੀਆਂ ਲਾਸ਼ਾਂ ਤਾਂ ਸਫੈਦ ਕੱਪੜਿਆਂ ਵਿੱਚ ਲਪੇਟੀਆਂ ਪਈਆਂ ਸਨ ਪਰ ਬੱਬਰ ਰਤਨ ਸਿੰਘ ਦੀ ਲਾਸ਼ ਚੀਰ ਫਾੜ ਕਰਕੇ ਨੰਗ ਧੜੰਗ ਪਈ ਸੀ। 
ਬੱਬਰ ਮਿਲਖਾ ਸਿੰਘ ਅਤੇ ਉਸ ਦੇ ਸਾਥੀ ਨੇ ਆਪਣੇ ਤੇੜ ਦੀਆਂ ਚਾਦਰਾਂ ਲਾਹ ਕੇ ਇੱਕ ਹੇਠਾਂ ਅਤੇ ਇੱਕ ਉੱਪਰ ਪਾ ਕੇ ਲਾਸ਼ ਲਾਰੀ ਵਿੱਚ ਦੋ ਭੰਗੀਆਂ ਦੀ ਮਦਦ ਨਾਲ ਰੱਖੀ। ਪੁਲਿਸ ਵਾਲੇ ਲਾਰੀ ਗੜ੍ਹਸ਼ੰਕਰ ਵਾਲੀ ਸੜਕ 'ਤੇ ਡੀ. ਏ. ਵੀ. ਕਾਲਜ ਤੋਂ ਅੱਗੇ ਇੱਕ ਉਜਾੜ ਥਾਂ ਲੈ ਗਏ, ਜਿੱਥੇ ਕਾਫੀ ਬਾਲਣ ਪਹਿਲਾਂ ਹੀ ਰੱਖਿਆ ਹੋਇਆ ਸੀ। ਲਾਸ਼ ਸੜਿਆਂਦ ਮਾਰ ਰਹੀ ਸੀ। ਪੁਲਿਸ ਵਲੋਂ ਲਿਆਂਦੇ ਭਾਈ ਨੂੰ ਵੀ ਆਪਣੇ ਸਾਫੇ ਨਾਲ ਮੂੰਹ ਬੰਨ੍ਹਣਾ ਪਿਆ। ਭਾਈ ਨੇ ਬੱਧੇ-ਰੁੱਧੇ ਨੇ ਅਰਦਾਸ ਕੀਤੀ। ਬੱਬਰ ਮਿਲਖਾ ਸਿੰਘ ਨੇ ਚਿਖਾ ਨੂੰ ਅੱਗ ਲਾਈ। ਉਨ੍ਹਾਂ ਦੋਨਾਂ ਨੇ ਆਪਣੀਆਂ ਪੱਗਾਂ ਅਤੇ ਕਮੀਜ਼ਾਂ ਲਾਹ ਕੇ ਚਿਖਾ 'ਤੇ ਸੁੱਟ ਦਿੱਤੀਆਂ ਕਿਉਂਕਿ ਬੱਬਰ ਦੇ ਖੂਨ ਨਾਲ ਭਿੱਜ ਗਈਆਂ ਸਨ। ਚੌਥੇ ਦਿਨ ਜਾ ਕੇ ਬੱਬਰ ਮਿਲਖਾ ਸਿੰਘ ਹੋਰੀਂ ਬੱਬਰ ਦੀ ਸਾਰੀ ਰਾਖ ਨਾਲ ਵਗਦੇ ਚੋਅ ਵਿੱਚ ਵਹਾ ਦਿੱਤੀ। 
ਰੁੜਕੀ ਖਾਸ ਸਾਰੇ ਪਿੰਡ ਨੂੰ ਹੀ ਸਰਕਾਰ ਬੱਬਰਾਂ ਦੇ ਸਾਥੀ ਸਮਝਦੀ ਸੀ। ਪਿੰਡ ਵਿੱਚ ਕਈ ਸਾਲ ਪੁਲਿਸ ਦੀ ਚੌਂਕੀ ਦਾ ਖਰਚਾ ਪਿੰਡ 'ਤੇ ਪਾਇਆ ਗਿਆ। ਪਿੰਡ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਪੰਜ ਸਾਲ ਤੱਕ ਬੰਦ ਰਹੀਆਂ। ਪਿੰਡ ਵਾਸੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਲੈਣਾ ਬੰਦ ਰਿਹਾ। ਸ਼ਾਬਾਸ਼ ਹੈ ਇਸ ਪਿੰਡ ਦੇ ਵਸਨੀਕਾਂ ਦੇ, ਜਿਨ੍ਹਾਂ ਨੇ ਫਿਰੰਗੀਅਾਂ ਤੋਂ ਆਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ।

ਸਿੱਖ ਸੰਘਰਸ਼ ਦਾ ਮਹਾਨ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ

-ਹਰਜਿੰਦਰ ਸਿੰਘ 
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
ਪੰਜਾਬ ਦੇ ਲੋਕਾਂ ਨੂੰ ਭਾਵੇਂ ਖਾੜਕੂਆਂ ਨੂੰ ਪਨਾਹ ਦੇਣ ਲਈ ਵੱਡਾ ਮੁੱਲ ਤਾਰਨਾ ਪੈਂਦਾ ਸੀ ਪਰ ਗੁਰਜੰਟ ਲਈ ਲੋਕਾਂ ਦੇ ਬੂਹੇ ਹਮੇਸ਼ਾ ਖੁੱਲ ਰਹੇ। ਸਿੱਖ ਇਤਿਹਾਸ ਦਾ ਇਹ ਵੱਡਾ ਜਰਨੈਲ ਸਿੱਖ ਸੰਘਰਸ਼ ਵਿੱਚ ਜਰਨੈਲਾਂ ਵਾਂਗ ਲੜਿਆ ਅਤੇ ਵਿਚਰਿਆ। ਐਕਸ਼ਨਾਂ ਵਿੱਚ ਉਹ ਹਮੇਸ਼ਾ ਆਪ ਕਮਾਂਡ ਕਰਦਾ। ਇਹੋ ਹੀ ਕਾਰਨ ਸੀ ਕਿ ਉਸ ਦੀ ਜਥੇਬੰਦੀ 'ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ' ਹਕੂਮਤ ਦੀਆਂ ਨਜ਼ਰਾਂ ਵਿੱਚ 'ਖ਼ਤਰਨਾਕ' ਮੰਨੀ ਜਾਂਦੀ ਸੀ।

ਮਾਲਵੇ ਦਾ ਇੱਕ ਪਿੰਡ ਮੋਗਾ-ਬਾਘਾ ਪੁਰਾਣਾ ਰੋਡ 'ਤੇ ਥੋੜਾ ਹਟਵਾਂ ਬੁੱਧ ਸਿੰਘ ਵਾਲਾ ਹੈ। ਜਦੋਂ ਵੀ ਕੋਈ ਇਸ ਸੜਕ ਤੋਂ ਦੀ ਲੰਘਦਾ ਹੈ ਤਾਂ ਸੜਕ ਕਿਨਾਰੇ ਲੱਗੇ ਬੋਰਡ ਤੋਂ ਪਿੰਡ ਬੁੱਧ ਸਿੰਘ ਵਾਲਾ ਪੜਦਾ ਹੈ ਤਾਂ ਉਸ ਦੇ ਬੁੱਲ 'ਤੇ ਝੱਟ ਇੱਕ ਨਾਂ ਆ ਜਾਂਦਾ ਹੈ- “'ਗੁਰਜੰਟ ਸਿੰਘ ਬੁੱਧ ਸਿੰਘ ਵਾਲਾ।' ਬੋਲਣ ਵਾਲਾ ਜਦੋਂ ਨਾਂ ਬੋਲਦਾ ਹੈ 'ਗੁਰਜੰਟ ਸਿੰਘ ਬੁੱਧ ਸਿੰਘ ਵਾਲਾ' ਤਾਂ ਉਸ ਦੀਆਂ ਅੱਖਾਂ ਅੱਗੇ ਖਾੜਕੂ ਲਹਿਰ ਦੇ ਜਰਨੈਲ ਗੁਰਜੰਟ ਸਿੰਘ ਦੀ ਇੱਕ ਅਜਿਹੀ ਤਸਵੀਰ ਆ ਜਾਂਦੀ ਹੈ ਜਿਵੇਂ ਗੁਰਜੰਟ ਤੇ ਬੁੱਧ ਸਿੰਘ ਵਾਲਾ ਦੋ ਨਹੀਂ ਇੱਕ ਹੋਣ। ਪਿੰਡ ਬੁੱਧ ਸਿੰਘ ਵਾਲਾ ਤੇ ਗੁਰਜੰਟ ਸਿੰਘ ਕਦੇ ਵੀ ਅਲੱਗ-ਅਲੱਗ ਨਹੀਂ ਹੋ ਸਕਦੇ, ਸਿੱਖ ਇਤਿਹਾਸ ਵਿਚੋਂ ਤਾਂ ਕਦੇ ਵੀ ਨਹੀਂ।

ਕਿਹਾ ਜਾਂਦਾ ਹੈ ਕਿ ਮਹਾਨ ਬੰਦਿਆਂ ਨਾਲ ਕੁਝ ਕਥਾਵਾਂ ਕਹਾਣੀਆਂ ਜੁੜ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਕਈ ਵਾਰ ਆਮ ਦੁਨਿਆਵੀ ਬੰਦਾ ਆਖਦਾ ਹੈ ਕਿ ਨਹੀਂ, 'ਇਉਂ ਨਹੀਂ ਹੋ ਸਕਦਾ।' ਪਰ ਜਦੋਂ ਉਹ ਕਿਸੇ ਮਹਾਨ ਸ਼ਖਸ ਨਾਲ ਜੋੜ ਕੇ ਉਸ ਘਟਨਾ ਨੂੰ ਪੜਦਾ ਸੁਣਦਾ ਹੈ ਤਾਂ ਪੜਨ ਵਾਲਾ ਆਖਦਾ ਹੈ 'ਹਾਂ ਇਹ ਸੱਚ ਹੋਵੇਗਾ' ਕਿਉਂਕਿ ਇਸ ਨਾਲ ਕਿਸੇ ਮਹਾਨ ਬੰਦੇ ਦਾ ਨਾਂ ਜੁੜਿਆ ਹੋਇਆ ਹੈ। 'ਗੁਰਜੰਟ' ਨਾਲ ਵੀ ਇੱਕ ਨਹੀਂ ਸੈਂਕੜੇ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਮੁਕਾਬਲਿਆਂ ਵਿੱਚੋਂ ਬਚ ਨਿਕਲਣ ਦੀਆਂ ਕਹਾਣੀਆਂ। ਪੁਲਿਸ ਨੂੰ ਵਾਇਰਲੈਸ ਸੈੱਟ 'ਤੇ ਸੂਚਨਾ ਮਿਲਦੀ ਹੈ ਕਿ ਗੁਰਜੰਟ ਆ ਰਿਹਾ ਹੈ। ਨਾਕਿਆਂ 'ਤੇ ਤਲਾਸ਼ੀ ਲੈਣ ਵਾਲੇ ਨਾਕੇ ਤੋਂ ਮੂੰਹ ਘੁਮਾ ਲੈਂਦੇ ਸਨ, ਨਾਕੇ ਖੁੱਲ ਜਾਂਦੇ ਸਨ, ਮੁਲਾਜ਼ਮ ਕੰਨੀਂ ਵੱਟ ਜਾਂਦੇ ਸਨ। ਕੁਝ ਦੇ ਮਨ ਵਿੱਚ ਉਸਦੇ ਜੁਝਾਰੂਪਣ ਦਾ ਮੋਹ ਸੀ ਤੇ ਕੁਝ ਦੇ ਮਨ ਵਿੱਚ ਉਸਦੇ ਨਾਂ ਦੀ ਦਹਿਸ਼ਤ ਸੀ। ਲਹਿਰ ਦੇ ਸੂਝਵਾਨ ਅਤੇ ਦੂਰ-ਅੰਦੇਸ਼ ਸ਼ਖਸ ਗੁਰਜੰਟ ਦਾ ਬੇਹੱਦ ਫ਼ਿਕਰ ਕਰਦੇ ਸਨ ਕਿਉਂਕਿ ਗੁਰਜੰਟ ਵਰਗਾ ਜਰਨੈਲ ਕੌਮਾਂ ਨੂੰ ਕਈ ਸਦੀਆਂ ਬਾਅਦ ਮਿਲਦਾ ਹੈ, ਇਸ ਲਈ ਸਿੱਖ ਸੰਘਰਸ਼ ਦੀ ਕਾਮਯਾਬੀ ਲਈ ਗੁਰਜੰਟ ਦਾ ਜਿਊਂਦੇ ਰਹਿਣਾ ਬੇਹੱਦ ਜ਼ਰੂਰੀ ਸੀ, ਕਿਉਂਕਿ ਸਿੱਖ ਸੰਘਰਸ਼ ਦਾ ਗੁਰਜੰਟ ਮੁੱਖ ਥੰਮ ਸੀ। ਉਨ੍ਹਾਂ ਨੂੰ ਗੁਰਜੰਟ ਦੀ ਜੰਗ ਦੇ ਮੈਦਾਨ ਵਿੱਚ ਹੋਂਦ ਦੀ ਅਹਿਮੀਅਤ ਦਾ ਗਿਆਨ ਸੀ, ਇਸ ਲਈ ਭਰਾਤਰੀ ਜਥੇਬੰਦੀਆਂ ਵਲੋਂ 'ਗੁਰਜੰਟ' ਦੀ ਸਲਾਮਤੀ ਲਈ ਉਸਨੂੰ ਸੁਰੱਖਿਅਤ ਜਗ 'ਤੇ ਭੇਜਣ ਲਈ ਜ਼ੋਰ ਪਾਇਆ ਜਾ ਰਿਹਾ ਸੀ।

ਇਸ ਬਹਾਦਰ ਯੋਧੇ ਨੂੰ ਮਿਲਣ ਲਈ, ਉਸਦੇ ਦਰਸ਼ਨ ਕਰਨ ਲਈ ਪੰਜਾਬ ਦੇ ਲੋਕ ਅਰਦਾਸਾਂ ਕਰਿਆ ਕਰਦੇ ਸਨ, 'ਕਾਸ਼! ਇਸ ਸੂਰਬੀਰ ਯੋਧੇ ਦੇ ਦਰਸ਼ਨ ਹੋ ਜਾਣ।' ਜੇਰੇ ਵਾਲੀਆਂ ਮਾਵਾਂ ਮਨ ਵਿੱਚ ਚਿਤਵਦੀਆਂ, 'ਕਾਸ਼! ਗੁਰਜੰਟ ਉਸਦੀ ਕੁੱਖੋਂ ਪੈਦਾ ਹੋਇਆ ਹੁੰਦਾ।' ਪੰਜਾਬ ਦੇ ਲੋਕਾਂ ਨੂੰ ਭਾਵੇਂ ਖਾੜਕੂਆਂ ਨੂੰ ਪਨਾਹ ਦੇਣ ਲਈ ਵੱਡਾ ਮੁੱਲ ਤਾਰਨਾ ਪੈਂਦਾ ਸੀ ਪਰ ਗੁਰਜੰਟ ਲਈ ਲੋਕਾਂ ਦੇ ਬੂਹੇ ਹਮੇਸ਼ਾ ਖੁੱਲ ਰਹੇ। ਸਿੱਖ ਇਤਿਹਾਸ ਦਾ ਇਹ ਵੱਡਾ ਜਰਨੈਲ ਸਿੱਖ ਸੰਘਰਸ਼ ਵਿੱਚ ਜਰਨੈਲਾਂ ਵਾਂਗ ਲੜਿਆ ਅਤੇ ਵਿਚਰਿਆ। ਐਕਸ਼ਨਾਂ ਵਿੱਚ ਉਹ ਹਮੇਸ਼ਾ ਆਪ ਕਮਾਂਡ ਕਰਦਾ। ਇਹੋ ਹੀ ਕਾਰਨ ਸੀ ਕਿ ਉਸਦੀ ਜਥੇਬੰਦੀ 'ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ'' ਹਕੂਮਤ ਦੀਆਂ ਨਜ਼ਰਾਂ ਵਿੱਚ 'ਖ਼ਤਰਨਾਕ' ਮੰਨੀ ਜਾਂਦੀ ਸੀ। ਗੁਰਜੰਟ ਛੋਟੀ ਉਮਰੇ ਹੀ ਸਿੱਖ ਸੰਘਰਸ਼ ਨਾਲ ਜੁੜ ਗਿਆ ਸੀ। ਬੁੱਧ ਸਿੰਘ ਵਾਲੇ ਦੇ ਸਧਾਰਨ ਕਿਸਾਨ ਦਾ ਪੁੱਤਰ ਪਰਿਵਾਰ ਤੇ ਪਿੰਡ ਵਿੱਚ ਸਾਊ ਜਿਹੇ ਸੁਭਾਅ ਦਾ ਮੰਨਿਆ ਜਾਂਦਾ ਸੀ। ਘਰਦਿਆਂ ਤੇ ਪਿੰਡ ਵਾਲਿਆਂ ਨੇ ਸੋਚਿਆ ਵੀ ਨਹੀਂ ਸੀ ਕਿ ਗੁਰਜੰਟ ਇੱਕ ਦਿਨ ਇਤਿਹਾਸ ਦਾ ਇੱਕ ਵੱਡਾ ਨਾਂ ਬਣ ਜਾਵੇਗਾ। ਉਸਦਾ ਨਾਂ ਐਵੇਂ ਨਹੀਂ ਮਸ਼ਹੂਰ ਹੋਇਆ। ਉਸਦੀ ਜਾਂਬਾਜ਼ੀ ਤੇ ਕੌਮ ਤੋਂ ਮਰ ਮਿਟਣ ਦਾ ਜਜ਼ਬਾ ਉਸਨੂੰ ਮਹਾਨ ਬਣਾ ਗਿਆ। ੧੯੮੯-੯੦ ਵਿੱਚ ਜਦੋਂ ਗੁਰਜੰਟ ਤੇ ਉਸਦੇ ਸਾਥੀ ਭਰਾਤਰੀ ਜਥੇਬੰਦੀਆਂ ਵਾਲੀ 'ਪੰਥਕ ਕਮੇਟੀ' ਦੀ ਅਗਵਾਈ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਬੇਹੱਦ ਸੁਲਝੇ ਤੇ ਵਿਉਂਤਮਈ ਢੰਗ ਨਾਲ ਚਲਾ ਰਹੇ ਸਨ ਤਾਂ ਪੰਜਾਬ ਦੇ ਨੌਕਰਸ਼ਾਹਾਂ ਨੇ 'ਦਿੱਲੀ' ਵੱਲ ਇਹ ਸੰਦੇਸ਼ ਭੇਜ ਦਿੱਤੇ ਸਨ ਕਿ ਇਨ੍ਹਾਂ (ਖ਼ਾੜਕੂਆਂ) ਨਾਲ ਸਮਝੌਤਾ ਕਰਕੇ ਲੜਾਈ ਖ਼ਤਮ ਕੀਤੀ ਜਾਵੇ। ਕਿਉਂਕਿ ਹਾਲਾਤ ਇਹੋ-ਜਿਹੇ ਬਣ ਗਏ ਹਨ ਕਿ ਪੰਜਾਬ ਦੇ ਲੋਕ ਖ਼ਾੜਕੂਆਂ ਦੇ ਹਮਦਰਦ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਠੀਕ ਮੰਨ ਕੇ ਤਨੋਂ-ਮਨੋਂ ਉਨ੍ਹਾਂ ਦਾ ਸਾਥ ਦੇ ਰਹੇ ਸਨ। ਖ਼ਾੜਕੂ ਲਹਿਰ ਦਾ ਉਤਰਾਅ ਇੱਕ ਅਲੱਗ ਵਿਸ਼ਾ ਹੈ, ਪਰ ਜਿਸ ਵੇਲੇ ਉਸਦੀ ਸ਼ਹੀਦੀ ਹੋਈ ਉਸ ਵੇਲੇ ਉਸ ਦੇ ਸਾਥੀ ਉਸਨੂੰ ਸੁਰੱਖਿਅਤ ਜਗ 'ਤੇ ਲਿਜਾਣ ਲਈ ਅਤੇ ਪਿਛਾਂਹ ਹਟਣ ਲਈ ਜ਼ੋਰ ਪਾ ਰਹੇ ਸਨ। ਇਸ ਕੰਮ ਲਈ ਭਾਈ ਨਵਨੀਤ ਸਿੰਘ ਕਾਦੀਆਂ ਨੂੰ ਸਪੈਸ਼ਲ ਉਸਨੂੰ ਲਿਆਉਣ ਵਾਸਤੇ ਲੁਧਿਆਣੇ ਭੇਜਿਆ ਗਿਆ ਸੀ ਪਰ ਉਸਦਾ (ਗੁਰਜੰਟ) ਕਹਿਣਾ ਸੀ ਕਿ 'ਹੱਥ ਉਪਰ ਕਰੇ ਫਿਰ ਹੀ ਚੱਲਾਂਗੇ।' ਨਵਨੀਤ ਕਾਦੀਆਂ ਨੂੰ ਉਸਨੇ ਕੁਝ ਦਿਨ ਰੁਕਣ ਲਈ ਕਿਹਾ। ਇੰਨਾ ਆਖ ਕੇ ਉਹ ਆਪੋ ਆਪਣੇ ਟਿਕਾਣਿਆਂ ਵੱਲ ਤੁਰ ਗਏ। ਤੁਰਨ ਤੋਂ ਪਹਿਲਾਂ ਗੁਰਜੰਟ ਨੇ ਨਵਨੀਤ ਨੂੰ ਉਸ ਕੋਲ ਰਾਤ ਠਹਿਰਨ ਲਈ ਜਗ••ਾ ਪੁੱਛੀ ਸੀ ਕਿ ਜੇ ਉਸ ਕੋਲ ਠਹਿਰ ਨਹੀਂ ਤਾਂ ਮੇਰੇ ਨਾਲ ਚੱਲੇ ਪਰ ਨਵਨੀਤ ਕਾਦੀਆਂ ਦੇ ਕਹਿਣ 'ਤੇ ਕਿ 'ਮੇਰੇ ਕੋਲ ਠਹਿਰ ਹੈ' ਦੋਵੇਂ ਫ਼ਤਹਿ ਬੁਲਾ ਕੇ ਵੱਖ ਹੋ ਗਏ। ਉਸ ਤੋਂ ਕੁਝ ਸਮੇਂ ਬਾਅਦ ਹੀ ਗੁਰਜੰਟ ਸਿੰਘ ਸ਼ਹੀਦ ਹੋ ਗਿਆ। ਕਹਿੰਦੇ ਨੇ ਕਿ ਨਵਨੀਤ ਸਿੰਘ ਕਾਦੀਆਂ ਇਸ ਗੱਲ ਨੂੰ ਲੈ ਕੇ ਬੇਹੱਦ ਜਜ਼ਬਾਤੀ ਹੋ ਜਾਂਦਾ ਸੀ। ਉਸਨੂੰ ਇਹ ਗੱਲ ਦੁੱਖ ਦਿੰਦੀ ਰਹੀ ਕਿ 'ਜੇ ਉਹ ਗੁਰਜੰਟ ਨੂੰ ਆਪਣੇ ਨਾਲ ਲੈ ਆਉਣ ਲਈ ਜ਼ੋਰ ਦਿੰਦਾ ਤਾਂ ਗੁਰਜੰਟ ਨੇ ਉਸਦਾ ਆਖਾ ਨਹੀਂ ਸੀ ਮੋੜਨਾ, ਸ਼ਾਇਦ ਗੁਰਜੰਟ ਕੁਝ ਸਮਾਂ ਹੋਰ ਕੌਮ ਲਈ ਵੱਡੇ ਕਾਰਨਾਮੇ ਕਰ ਜਾਂਦਾ।'

ਪਰ ਜਿਸ ਰਸਤੇ ਗੁਰਜੰਟ ਤੁਰਿਆ ਸੀ ਉਹ ਸ਼ਹਾਦਤ ਵਾਲਾ ਸੀ, ਅੱਜ ਨਹੀਂ ਤਾਂ ਕੱਲ-ਇੱਕ ਪਲ ਮੌਤ ਨਾਲ ਲੜਨਾ ਪੈਂਦਾ ਹੈ। ਹੋਣੀ ਦਾ ਪਤਾ ਨਹੀਂ ਹੁੰਦਾ ਕਿ ਕਿਸੇ ਵੀ ਪਲ ਭਾਵ ਅਗਲੇ ਹੀ ਪਲ ਸੰਘਰਸ਼ੀ ਯੋਧਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਵੇ। ਆਖਰ ਮਨੁੱਖ ਤਾਂ ਮਨੁੱਖ ਹੀ ਹੁੰਦਾ ਹੈ, ਨਵਨੀਤ ਜਦੋਂ ਵੀ ਆਪਣੇ ਸਾਥੀਆਂ ਨਾਲ ਗੁਰਜੰਟ ਬਾਰੇ ਗੱਲ ਕਰਦਾ ਤਾਂ ਉਹ ਅੱਖਾਂ ਭਰ ਕੇ ਜਜ਼ਬਾਤੀ ਹੋ ਜਾਂਦਾ ਸੀ। ਗੁਰਜੰਟ ਸਿੰਘ ਬੇਹੱਦ ਸਲੀਕੇ ਵਾਲਾ ਤੇ ਦੂਰ ਅੰਦੇਸ਼ ਗੁਰੀਲਾ ਸੀ। ਉਹ ਕਿਸੇ ਵੀ ਐਕਸ਼ਨ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਲੰਬੀ ਵਿਚਾਰ ਚਰਚਾ ਤੋਂ ਬਾਅਦ ਉਸਦਾ ਪੂਰਾ ਖਾਕਾ ਆਪ ਆਪਣੇ ਦਿਮਾਗ ਵਿੱਚ ਤਿਆਰ ਕਰ ਲੈਂਦਾ ਸੀ, ਜਿਸ ਕਾਰਨ ਉਸਦੀ ਜਥੇਬੰਦੀ ਵਲੋਂ ਕੀਤੇ ਐਕਸ਼ਨ ਜਾਂਬਾਜ਼ੀ ਦੀ ਉੱਤਮ ਮਿਸਾਲ ਹਨ।

ਰੁਮਾਨੀਆਂ ਦੇ ਰਾਜਦੂਤ ਰਾਡੂ ਨੂੰ ਅਗਵਾ ਕਰਨ ਦੀ ਘਟਨਾ ਤੋਂ ਬਾਅਦ ਗੁਰਜੰਟ ਸਿੰਘ ਅੰਤਰ-ਰਾਸ਼ਟਰੀ ਪੱਧਰ 'ਤੇ ਸੁਰਖੀਆਂ ਵਿੱਚ ਆ ਗਿਆ ਸੀ। ਪੰਜਾਬ ਦੇ ਪਿੰਡਾਂ ਵਿੱਚ ਰਾਡੂ ਨੂੰ ਰੱਖਣਾ ਤੇ ਫਿਰ ਸਹੀ ਸਲਾਮਤ ਉਸਨੂੰ ਦਿੱਲੀ ਭੇਜਣਾ ਉਸਦੀ ਸੋਚ ਤੇ ਸੂਝ ਦਾ ਇੱਕ ਨਮੂਨਾ ਹਨ। ਇਸ ਐਕਸ਼ਨ ਨਾਲ ਉਸਨੇ ਹਕੂਮਤ ਨੂੰ ਇੱਕ ਤਰ•ਾਂ ਨਾਲ ਚੈਲਿੰਜ ਕਰ ਦਿੱਤਾ ਸੀ ਕਿ ਜੋ ਕੁਝ ਵੀ ਉਹ ਚਾਹਵੇ ਕਰ ਸਕਦਾ ਸੀ। ਪੰਜਾਬ ਦੇ ਮੀਡੀਏ ਦੀ ਸੁਰ 'ਕੱਲੇ ਗੁਰਜੰਟ ਲਈ ਹੀ ਨਹੀਂ ਪੂਰੀ ਖਾੜਕੂ ਲਹਿਰ ਦੀ ਦੁਸ਼ਮਣ ਰਹੀ ਹੈ। ਉਸਨੇ ਹਮੇਸ਼ਾ ਖਾੜਕੂ ਲਹਿਰ ਨੂੰ 'ਅੱਤਵਾਦ' ਦੀ ਪੁਸ਼ਾਕ ਵਿੱਚ ਰੱਖ ਕੇ ਹੀ ਪੇਸ਼ ਕੀਤਾ ਹੈ। ਉਸਦਾ ਰਵੱਈਆਂ ਖਾੜਕੂ ਨੌਜਵਾਨਾਂ ਲਈ ਇਕਸਾਰ ਈਰਖਾ ਵਾਲਾ ਹੀ ਰਿਹਾ ਹੈ। ਜਦੋਂ ਖਾੜਕੂ ਨੌਜਵਾਨਾਂ ਨੇ ਇਸ ਬ੍ਰਾਹਮਣੀ ਮੀਡੀਏ ਨੂੰ ਉਸੇ ਦੀ ਭਾਸ਼ਾ ਵਿੱਚ ਜੁਆਬ ਦੇਣਾ ਸ਼ੁਰੂ ਕੀਤਾ ਤਾਂ ਇਸਦਾ ਦੋਗਲਾ ਕਿਰਦਾਰ ਵੇਖਣ ਵਾਲਾ ਸੀ। ਗੁਰਜੰਟ ਦੀ ਸ਼ਖਸੀਅਤ ਦੇ ਚਰਚੇ ਜਦੋਂ ਪੂਰੀ ਦੁਨੀਆਂ ਦੀਆਂ ਅਖ਼ਬਾਰਾਂ ਵਿੱਚ ਨਸ਼ਰ ਹੋਣ ਲੱਗੇ ਤਾਂ ਇਨ੍ਹਾਂ ਹਕੂਮਤ ਦੇ ਚਾਪਲੂਸਾਂ ਨੂੰ ਫਿਰ ਵੀ ਸਮਝ ਨਹੀਂ ਆਈ ਕਿ ਉਹ ਪੱਤਰਕਾਰੀ ਦੇ ਮਿਆਰਾਂ ਤੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝ ਕੇ ਹੀ ਲਹਿਰ ਦੇ ਜੁਝਾਰੂਆਂ ਦਾ ਵਿਸ਼ਲੇਸ਼ਣ ਕਰਨ ਪਰ ਇਨ੍ਹਾਂ ਦੀ ਸੋਚ ਦੀ ਸੂਈ ਫਿਰ ਵੀ ਉਥੇ ਹੀ ਖੜ ਰਹੀ। ਗੁਰਜੰਟ ਨੇ ਕਦੇ ਵੀ ਅਖ਼ਬਾਰੀ ਸੁਰਖੀਆਂ ਬਣਨ ਦੀ ਚਾਹਤ ਨਹੀਂ ਸੀ ਪਾਲੀ। ਉਹ ਚਾਹੁੰਦਾ ਤਾਂ ਆਪਣੇ ਬਾਰੇ ਬੜਾ ਕੁਝ ਲਿਖਵਾ ਸਕਦਾ ਸੀ। ਪਰ ਉਸਦੇ ਮਨ ਵਿੱਚ ਇੱਕੋ ਚਾਉ ਸੀ, 'ਕੌਮ ਲਈ ਸ਼ਹਾਦਤ'।

'ਮੇਰੀ ਛਿਪੇ ਰਹਿਣ ਦੀ ਚਾਹ' ਦੇ ਅਰਥਾਂ ਦੇ ਧਾਰਨੀ ਗੁਰਜੰਟ ਦੀ ਫ਼ੋਟੋ ਵੀ ਸ਼ਾਇਦ ਹੀ ਕਿਸੇ ਵੇਖੀ ਹੋਵੇ। ਉਸਨੇ ਹਥਿਆਰਾਂ ਨੂੰ ਨੁਮਾਇਸ਼ ਦੇ ਤੌਰ 'ਤੇ ਨਹੀਂ ਵਰਤਿਆ, ਸਗੋਂ ਦੁਸ਼ਮਣ ਲਈ ਇਸਤੇਮਾਲ ਕੀਤਾ। ਇਹੋ ਹੀ ਉਸਦੀਆਂ ਖ਼ੂਬੀਆਂ ਸਨ ਜਿਨ੍ਹਾਂ ਕਰਕੇ ਲੰਬਾ ਸਮਾਂ ਲੋਕਾਂ ਦਾ 'ਜੰਗਲ' ਗੁਰਜੰਟ ਦੀ ਪਨਾਹ ਬਣਿਆ ਰਿਹਾ। ਹਕੂਮਤ ਦੇ ਲੱਖ ਯਤਨਾਂ ਦੇ ਬਾਵਜੂਦ ਪੁਲਿਸ ਉਸਦਾ ਖੁਰਾ ਖ਼ੋਜ ਲੱਭਣ ਵਿੱਚ ਅਸਮਰੱਥ ਰਹੀ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸੂਰਬੀਰ ਯੋਧਿਆਂ ਨੂੰ ਰੱਜ ਕੇ ਵਡਿਆਇਆ ਹੈ ਤੇ ਗ਼ੱਦਾਰਾਂ ਨੂੰ ਆਪਣੇ ਮਨਾਂ ਵਿੱਚ ਮਾਸਾ ਵੀ ਥਾਂ ਨਹੀਂ ਦਿੱਤੀ। ਨੇਕ ਨੀਅਤ ਤੇ ਲੋਕਾਂ ਲਈ ਲੜੇ ਤੇ ਕੁਰਬਾਨ ਹੋਏ ਯੋਧੇ ਕੌਮ ਦੇ ਮਨ ਵਿੱਚ ਹਮੇਸ਼ਾ ਲਈ ਹੀਰੋ ਬਣ ਗਏ। ਗੁਰਜੰਟ ਸਿੰਘ ਨਾਲ ਜੁੜੀਆਂ ਕਹਾਣੀਆਂ ਐਵੈਂ ਨਹੀਂ ਜੁੜੀਆਂ। ਉਸਦੇ ਜਾਨ 'ਤੇ ਖੇਡ ਕੇ ਕੀਤੇ ਕਾਰਨਾਮਿਆਂ ਕਾਰਨ ਉਸਦੇ ਹਿੱਸੇ ਆਈਆਂ ਹਨ। ਬਾਘੇ ਪੁਰਾਣੇ ਦੇ ਥਾਣੇਦਾਰ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਗੁਰਜੰਟ ਵਲੋਂ ਰੇਹੜੀ ਲਗਾਉਣੀ ਤੇ ਭਰੇ ਬਜ਼ਾਰ ਥਾਣੇਦਾਰ ਨੂੰ ਸੋਧਣਾ ਉਸਦੀ ਲੜਾਕੂ ਭਾਵਨਾ ਦੀ ਕਲਾਕਾਰੀ ਦਾ ਨਮੂਨਾ ਸੀ। ਇਸ ਕਾਰਨਾਮੇ ਤੋਂ ਬਾਅਦ ਪੰਜਾਬ ਦੀਆਂ ਸੱਥਾਂ ਵਿੱਚ ਗੁਰਜੰਟ ਦੀਆਂ ਕਥਾ-ਕਹਾਣੀਆਂ ਦੀ ਇੱਕ ਲੜੀ ਸ਼ੁਰੂ ਹੋ ਗਈ ਸੀ। ਗੁਰਜੰਟ ਖਾੜਕੂ ਲਹਿਰ ਦਾ ਸਿਖਰ ਸੀ। ਜਿਉਂ ਹੀ ਗੁਰਜੰਟ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਖਾੜਕੂ ਲਹਿਰ ਦਾ ਉਤਰਾਅ ਵੀ ਨਾਲੋ-ਨਾਲ ਸ਼ੁਰੂ ਹੋ ਗਿਆ। ਲੁਧਿਆਣੇ ਉਸਦੀ ਸ਼ਹੀਦੀ ਤੋਂ ਬਾਅਦ ਦੁਸ਼ਮਣਾਂ ਨੇ ਸ਼ਰਾਬਾਂ ਪੀਤੀਆਂ ਹੀ ਨਹੀਂ ਸਗੋਂ ਵੰਡੀਆਂ ਵੀ। ਸਿੱਖ ਪੰਥ ਲਈ ਉਸਦੀ ਸ਼ਹੀਦੀ ਦਾ ਦਿਨ ਬੇਹੱਦ ਉਦਾਸ ਕਰਨ ਵਾਲਾ ਸੀ। ਲਹਿਰ ਦਾ ਸੱਚਮੁੱਚ ਲੱਕ ਟੁੱਟ ਗਿਆ ਸੀ। ਪੰਥਕ ਕਮੇਟੀ ਨੇ ਕੌਮ ਦੇ ਇਸ ਜਰਨੈਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਸੀ, 'ਬੇਸ਼ੱਕ ਦੁਸ਼ਮਣ ਨੇ ਇੱਕ ਵੱਡਾ ਥੰਮ ਸੁੱਟ ਲਿਆ ਹੈ ਪਰ ਅਸੀਂ ਇਸ ਦਾ ਜਲਦੀ ਹੀ ਜੁਆਬ ਦੇਵਾਂਗੇ।' ਪੰਥਕ ਕਮੇਟੀ ਦਾ ਪ੍ਰੈੱਸ ਨੋਟ ਵੀ 'ਉਦਾਸੀ ਸੁਰ' ਵਾਲਾ ਸੀ। ਉਸਦੀ ਸ਼ਹੀਦੀ ਤੋਂ ਬਾਅਦ ਸਰਕਾਰ ਨੇ ਜੁਝਾਰੂਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਸਗੋਂ ਲਗਾਤਾਰ ਵਾਰ ਕਰਕੇ ਉਨ੍ਹਾਂ ਦੇ ਵੱਡੇ-ਵੱਡੇ ਜਰਨੈਲਾਂ ਨੂੰ ਸ਼ਹੀਦ ਕਰ ਦਿੱਤਾ ਸੀ।

ਗੁਰਜੰਟ ਜਿੱਥੇ ਚੋਟੀ ਦਾ ਜਾਂਬਾਜ਼ ਜਰਨੈਲ ਸੀ ਉਥੇ ਗੰਭੀਰ ਤੇ ਖੁਸ਼ਦਿਲ ਸ਼ਖ਼ਸੀਅਤ ਵਾਲਾ ਨੌਜਵਾਨ ਵੀ ਸੀ। ਪੇਂਡੂ ਟੂਰਨਾਮੈਂਟਾਂ 'ਤੇ ਵਾਲੀਵਾਲ ਦੇ ਮੈਚ ਖੇਡਣੇ ਤੇ ਮਾਣਕ ਦੀਆਂ ਕਲੀਆਂ ਸੁਣਨੀਆਂ ਉਸਦਾ ਅਵੱਲੜਾ ਸ਼ੌਂਕ ਸਨ। ਮਾਣਕ ਦੀਆਂ ਕਲੀਆਂ ਨੂੰ ਸੁਣਨਾ ਤੇ ਗਾਉਣਾ ਉਸਦੀ ਰੂਹ ਦੀ ਖੁਰਾਕ ਸੀ। ਉਸਦਾ ਇੱਕ ਦੋਸਤ ਜਿਹੜਾ ਗੀਤ ਲਿਖਣ ਦਾ ਸ਼ੌਕੀਨ ਸੀ, ਤੋਂ ਕੁਲਦੀਪ ਮਾਣਕ ਦੇ ਲਈ ਇੱਕ ਸਪੈਸ਼ਲ ਲੋਕ ਕਥਾ ਲਿਖਵਾਈ ਤੇ ਮਾਣਕ ਨੇ ਉਸਨੂੰ ਆਪਣੀ ਅਵਾਜ਼ ਵਿੱਚ ਰਿਕਾਰਡ ਕਰਵਾਇਆ। ਇਹ ਗੱਲ ਮਾਣਕ ਵੀ ਸਟੇਜਾਂ 'ਤੇ ਕਦੇ ਕਦਾਈਂ ਲੋਰ ਵਿੱਚ ਆਇਆ ਆਖ ਦਿੰਦਾ ਸੀ, 'ਬਾਈ, ਇਹ ਗੀਤ ਜ਼ਰੂਰ ਸੁਣਿਓ, ਏਸ ਦੀ ਸਿਫਾਰਸ਼ ਕਰਨ ਵਾਲਾ ਬੰਦਾ ਬਹੁਤ ਵੱਡਾ 'ਸੂਰਮਾ' ਹੋਇਆ ਹੈ।'

੧੯੮੯-੯੦ ਵਿੱਚ ਕੇ. ਐਲ. ਐਫ. ਦੇ ਵੱਡੇ ਐਕਸ਼ਨਾਂ ਨੇ 'ਦਿੱਲੀ' ਨੂੰ ਹਿਲਾ ਦਿੱਤਾ ਸੀ ਉਸ ਸਾਲ ਲੋਕਾਂ ਦੀ ਹਮਦਰਦੀ ਵੀ ਵੱਡੀ ਪੱਧਰ 'ਤੇ ਜਿੱਤ ਲਈ ਸੀ। 29 ਜੁਲਾਈ 1992 ਨੂੰ ਜਦੋਂ ਖਾੜਕੂ ਲਹਿਰ ਦਾ ਇਹ ਥੰਮ ਡਿੱਗਿਆ ਤਾਂ ਪੰਜਾਬ ਵਿੱਚ ਇਕਦਮ ਸੁੰਨ ਪਸਰ ਗਈ ਸੀ, ਉਸਦੇ ਹਮਦਰਦਾਂ ਦਾ ਅੰਦਰ ਰੋਇਆ ਸੀ ਅਤੇ ਚੁੱਲਿ•ਆਂ ਵਿੱਚ ਉਸ ਦਿਨ ਅੱਗ ਵੀ ਨਹੀਂ ਸੀ ਮੱਚੀ, ਲੋਕ ਬੇਦਿਲੀ ਵਿੱਚ ਤੇ ਬੇਹੱਦ ਨਿਰਾਸ਼ ਹੋ ਗਏ ਸਨ ਕਿਉਂਕਿ ਲਹਿਰ ਨੂੰ ਜਿਥੇ ਗੁਰਜੰਟ ਸਿੰਘ ਲੈ ਗਿਆ ਸੀ ਉਸ ਤੋਂ ਅੱਗੇ ਲਿਜਾਣ ਲਈ ਕਿਸੇ ਹੋਰ ਕਾਬਲ ਤੇ ਖਾੜਕੂ ਜਰਨੈਲ ਦੀ ਲੋੜ ਸੀ ਜਿਹੜਾ ਕਿ ਲੋਕਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ।

ਪੁਲਿਸ ਨੇ ਉਸ ਦੇ ਪਰਿਵਾਰ 'ਤੇ ਜ਼ੁਲਮ ਦਾ ਕਹਿਰ ਵਰਤਾਇਆ। ਉਸ ਦੇ ਦੋ ਭਰਾਵਾਂ ਦਾ ਕੁਝ ਵੀ ਅਤਾ-ਪਤਾ ਨਹੀਂ ਲੱਗਿਆ। ਇਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਦੇ ਬਜ਼ੁਰਗ ਪਿਤਾ ਦੀਆਂ ਬਾਹਾਂ 'ਤੇ ਲੁੱਕ ਪਾਈ ਗਈ ਤੇ ਕਈ ਤਰ ਨਾਲ ਜ਼ਲੀਲ ਕੀਤਾ ਗਿਆ। ਪਿਛਲੇ ਕੁਝ ਸਮੇਂ ਤੋਂ ਲੋਕਾਂ ਨੇ ਆਪਣੇ ਪਿਆਰੇ ਜਰਨੈਲ ਦੀ ਯਾਦ ਵਿੱਚ ਉਸ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਹੈ। ਭਾਵੇਂ ਸ਼ੁਰੂਆਤ ਵਿੱਚ ਇਸ ਦਾ ਦਾਇਰਾ ਛੋਟਾ ਹੈ ਪਰ ਇੱਕ ਦਿਨ ਜ਼ਰੂਰ ਆਵੇਗਾ ਜਦ ਮਹਾਨ ਜਰਨੈਲ ਦੀ ਯਾਦ ਵਿੱਚ 'ਵੱਡੀ ਸ਼ਹੀਦੀ ਕਾਨਫਰੰਸ' ਹੋਇਆ ਕਰੇਗੀ। ਜਿਹੜੀ ਸਿੱਖ ਸੰਘਰਸ਼ ਦੇ ਨਾਇਕਾਂ ਤੇ ਖਾੜਕੂ ਲਹਿਰ ਦੇ ਇਤਿਹਾਸ ਨਾਲ ਸਰਸ਼ਾਰ ਨਵੀਂ ਪੀੜ•ੀ ਲਈ ਰੌਸ਼ਨੀ ਦੀ ਕਿਰਨ ਬਣੇਗੀ। 

ਜਦੋਂ ਛੇ ਬੱਬਰਾਂ ਨੂੰ ਇਕੱਠਿਆਂ ਫਾਂਸੀ ਚਾੜ੍ਹਿਆ ਗਿਆ

-ਭਗਵਾਨ ਸਿੰਘ ਜੌਹਲ
ਪੰਜਾਬ ਵਿਚ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਲਈ ਅਨੇਕਾਂ ਲਹਿਰਾਂ ਚੱਲੀਆਂ। ਗੁਲਾਮੀ, ਗਰੀਬੀ ਅਤੇ ਅਨਪੜ੍ਹਤਾ ਕਾਰਨ ਸਮੁੱਚਾ ਦੇਸ਼ ਆਜ਼ਾਦੀ ਲਈ ਲੜਦਾ ਚੰਗੇ ਆਗੂਆਂ ਦੀ ਅਗਵਾਈ ਤੋਂ ਬਿਨਾਂ ਸਾਹ-ਸਤਹੀਣ ਹੋ ਚੁੱਕਾ ਸੀ। ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਨ ਨੇ ਕਰਮਸ਼ੀਲ ਰਹਿ ਕੇ ਅਣਖੀ ਜੀਵਨ ਜਿਊਣ ਦੀ ਗੁੜ੍ਹਤੀ ਦਿੱਤੀ ਹੋਈ ਹੈ।
 ਜਦੋਂ ਅੰਗਰੇਜ਼ੀ ਰਾਜ ਦੌਰਾਨ ਪੰਜਾਬ ਦੇ ਗੁਰਧਾਮ ਮਹੰਤਾਂ, ਗੱਦੀਦਾਰਾਂ ਅਤੇ ਮਨਮਤੀਆਂ ਦੀਆਂ ਆਪਹੁਦਰੀਆਂ ਕਾਰਨ ਅਪਵਿੱਤਰ ਹੋ ਰਹੇ ਸਨ ਤਾਂ ਨਵੀਂ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਿੱਖ ਜਗਤ ਨੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਿਲ ਹੋ ਕੇ ਤਸੀਹੇ ਝੱਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।
 ਇਨ੍ਹਾਂ ਦਿਨਾਂ ਵਿਚ ਹੀ ਸਿੱਖ ਸ਼ਹਾਦਤਾਂ ਅਤੇ ਗ੍ਰਿਫਤਾਰੀਆਂ ਦੇ ਦੌਰ ਵਿਚ ਅਕਾਲੀਆਂ ਵਿਚੋਂ ਹੀ ਇਕ ਗਰਮ ਦਲ ਤਿਆਰ ਹੋ ਗਿਆ। ਇਸ ਅੰਦੋਲਨ ਅਤੇ ਲਹਿਰ ਨੂੰ ਬੱਬਰ ਅਕਾਲੀ ਲਹਿਰ ਦਾ ਨਾਂਅ ਦਿੱਤਾ ਗਿਆ। ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਵਿਚ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਅਸਲ ਵਿਚ ਇਨ੍ਹਾਂ ਯੋਧਿਆਂ ਦੇ ਮਨ ਵਿਚ ਗਦਰੀ ਬਾਬਿਆਂ ਦੀਆਂ ਰੂਹਾਂ ਮੌਜੂਦ ਸਨ।
 ਬੱਬਰ ਅਕਾਲੀ ਲਹਿਰ ਅਸਲ ਵਿਚ ਗਦਰ ਪਾਰਟੀ ਦਾ ਬਦਲਿਆ ਹੋਇਆ ਰੂਪ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਜਲੰਧਰ ਸ਼ਹਿਰ ਦੀ ਬੁੱਕਲ ਵਿਚ ਵਸੇ ਪਿੰਡ ਬੜਿੰਗ ਦੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿਚ ਇਨ੍ਹਾਂ ਗਰਮ ਦਲੀਏ ਨੌਜਵਾਨਾਂ ਦੀ ਇਕ ਖੁਫ਼ੀਆ ਮੀਟਿੰਗ ਹੋਈ।
ਇਸ ਮੀਟਿੰਗ ਵਿਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ ਪਰ ਜਿਨ੍ਹਾਂ ਯੋਧਿਆਂ ਨੂੰ ਇਹ ਕੰਮ ਸੌਂਪਿਆ ਗਿਆ ਸੀ, ਉਹ 23 ਮਈ, 1921 ਨੂੰ ਗ੍ਰਿਫਤਾਰ ਕਰ ਲਏ ਗਏ ਪਰ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਤੋਂ ਪਿੱਛੋਂ ਗੁਪਤਵਾਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਆਪਣਾ ਇਕ ਗੁਪਤ ਜਥਾ ਤਿਆਰ ਕੀਤਾ, ਜਿਸ ਦਾ ਨਾਂਅ ਚੱਕਰਵਰਤੀ ਜਥਾ ਰੱਖਿਆ ਗਿਆ।
ਇਸ ਜਥੇ ਦਾ ਕੰਮ ਪਿੰਡਾਂ ਦੇ ਲੋਕਾਂ ਵਿਚ ਅੰਗਰੇਜ਼ ਸ਼ਾਸਕਾਂ ਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਕਰਨਾ ਸੀ। ਹੁਸ਼ਿਆਰਪੁਰ ਵਿਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਇਸੇ ਲੀਹ ‘ਤੇ ਚਲਦਿਆਂ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ ‘ਬੱਬਰ ਅਕਾਲੀ’ ਨਾਂਅ ਦੀ ਪਾਰਟੀ ਬਣਾਈ। ਇਸ ਦਾ ਮੁੱਖ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ। ਇਸ ਦੇ ਨਾਲ ਹੀ ਚਾਰ ਹੋਰ ਸਰਗਰਮ ਮੈਂਬਰਾਂ ਨੂੰ ਇਸ ਦੀ ਕਾਰਜਕਾਰੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ। ਇਸ ਜਥੇ ਦਾ ਮੁਢਲਾ ਕੰਮ ਹਥਿਆਰਬੰਦ ਸੰਘਰਸ਼ ਲਈ ਹਥਿਆਰ ਇਕੱਠੇ ਕਰਨਾ ਸੀ। ਫੌਜੀਆਂ ਨੂੰ ਸਰਕਾਰ ਵਿਰੁੱਧ ਉਕਸਾਉਣਾ ਅਤੇ ਨੌਜਵਾਨਾਂ ਨੂੰ ਸੰਘਰਸ਼ ਲਈ ਤਿਆਰ ਕਰਨਾ ਇਨ੍ਹਾਂ ਦਾ ਮੁੱਖ ਕੰਮ ਸੀ।
ਗੁਪਤ ਜਥੇਬੰਦੀ ਹੋਣ ਕਾਰਨ ਬੱਬਰ ਅਕਾਲੀਆਂ ਦੇ ਆਪਣੇ ਨਿਯਮ ਅਤੇ ਜ਼ਾਬਤਾ ਸੀ। ਸਿੱਖ ਮਰਿਆਦਾ ਦੇ ਪਾਲਣ ਅਤੇ ਨਿਤਨੇਮ ਲਈ ਇਹ ਸਾਰੇ ਪ੍ਰਤੀਬੱਧ ਸਨ। ਇਸ ਜਥੇ ਦੇ ਮੈਂਬਰਾਂ ਦੀ ਅਨੁਮਾਨਿਤ ਗਿਣਤੀ ਲਗਭਗ ਦੋ ਸੌ ਦੇ ਕਰੀਬ ਸੀ। ਇਸ ਜਥੇ ਲਈ ਕਾਰਜਸ਼ੀਲ ਸਿੰਘਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।
ਇਕ ਬਾਹਰਲਾ ਜਥਾ, ਜਿਸ ਦਾ ਕੰਮ ਸੰਘਰਸ਼ਸ਼ੀਲ ਹਥਿਆਰਬੰਦ ਸੂਰਬੀਰਾਂ ਲਈ ਖਾਣ-ਪੀਣ ਦਾ ਪ੍ਰਬੰਧ ਕਰਨਾ ਅਤੇ ਗੁਪਤ ਸੁਨੇਹੇ ਪਹੁੰਚਾਉਣਾ ਅਤੇ ਸੰਗਤ ਨੂੰ ਇਸ ਲਹਿਰ ਨਾਲ ਜੋੜਨ ਲਈ ਦੀਵਾਨ ਸਜਾਉਣਾ ਸੀ। ਇਨ੍ਹਾਂ ਬੱਬਰ ਅਕਾਲੀ ਯੋਧਿਆਂ ਨੇ 1922 ਤੋਂ 1923 ਈ: ਤੱਕ ਦੋ ਸਾਲ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਝੋਲੀਚੁੱਕਾਂ ਨੂੰ ਸੋਧਿਆ। ਬੱਬਰ ਅਕਾਲੀ ਅੰਦੋਲਨ ਦੀ ਚੜ੍ਹਤ ਦੇਖ ਕੇ ਅੰਗਰੇਜ਼ ਹਕੂਮਤ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਜਦੋਂ ਪੁਲਿਸ ਥਾਣਿਆਂ ਵਿਚੋਂ ਹਥਿਆਰ ਲੁੱਟੇ ਜਾਣ ਲੱਗੇ ਤਾਂ ਪੁਲਿਸ ਦੀ ਸਹਾਇਤਾ ਲਈ ਫੌਜ ਵੀ ਤਾਇਨਾਤ ਕੀਤੀ ਗਈ।
ਸਰਕਾਰ ਵਲੋਂ ਬੱਬਰ ਅਕਾਲੀਆਂ ਨੂੰ ਫੜਨ ਲਈ ਇਨਾਮ ਵੀ ਐਲਾਨੇ ਗਏ। ਸਰਕਾਰ ਦੀ ਸਖਤੀ ਕਾਰਨ ਅੰਦੋਲਨ ਨੂੰ ਚਲਾਉਣਾ ਔਖਾ ਹੋ ਗਿਆ। ਜੂਨ, 1924 ਲਾਇਲਪੁਰ ਜ਼ਿਲ੍ਹੇ ਵਿਚ ਜ: ਵਰਿਆਮ ਸਿੰਘ ਦੀ ਸ਼ਹਾਦਤ ਪਿੱਛੋਂ ਸਮੁੱਚੇ ਪੰਜਾਬ ਵਿਚੋਂ ਬੱਬਰਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਇਨ੍ਹਾਂ ਫੜੇ ਗਏ 98 ਬੱਬਰਾਂ ਦੇ ਵਿਰੁੱਧ ਬਹੁਤ ਸਾਰੇ ਸੰਗੀਨ ਦੋਸ਼ਾਂ ਅਧੀਨ ਸੈਂਟਰਲ ਜੇਲ੍ਹ ਲਾਹੌਰ ਵਿਖੇ ਮੁਕੱਦਮਾ ਸ਼ੁਰੂ ਹੋਇਆ।
ਇਨ੍ਹਾਂ ਵਿਚੋਂ ਦੋ ਬੱਬਰ ਅਕਾਲੀਆਂ ਨੇ ਜੇਲ੍ਹ ਦੇ ਤਸੀਹਿਆਂ ਦੌਰਾਨ ਹੀ ਸ਼ਹਾਦਤ ਪ੍ਰਾਪਤ ਕੀਤੀ। ਕੁਝ ਕੁ ਨੂੰ ਬਰੀ ਕਰ ਦਿੱਤਾ ਗਿਆ। ਬਾਕੀਆਂ ਦੇ ਕੇਸ ਸੈਸ਼ਨ ਜੱਜ ਦੇ ਸਪੁਰਦ ਕੀਤੇ ਗਏ। ਫਰਵਰੀ, 1925 ਵਿਚ ਇਨ੍ਹਾਂ ਸਾਰੇ ਗ੍ਰਿਫਤਾਰ ਕੀਤੇ ਬੰਦੀਆਂ ਦਾ ਫੈਸਲਾ ਸੁਣਾਇਆ ਗਿਆ। ਇਨ੍ਹਾਂ ਵਿਚੋਂ ਕੁਝ ਕੈਦ ਦੌਰਾਨ ਹੀ ਸ਼ਹਾਦਤ ਦਾ ਜਾਮ ਪੀ ਗਏ। ਕੁੱਲ 34 ਯੋਧਿਆਂ ਨੂੰ ਬਰੀ ਕੀਤਾ ਗਿਆ। ਛੇ ਬੱਬਰ ਅਕਾਲੀ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। 49 ਬਹਾਦਰ ਸੂਰਬੀਰਾਂ ਨੂੰ ਉਮਰ ਕੈਦ ਅਤੇ ਹੋਰ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ।
  27 ਫਰਵਰੀ, 1926 ਈ: ਨੂੰ ਜਿਨ੍ਹਾਂ ਛੇ ਬੱਬਰ ਅਕਾਲੀਆਂ ਨੂੰ ਫਾਂਸੀ ਦੇ ਫੰਦੇ ‘ਤੇ ਲਟਕਾਇਆ ਗਿਆ, ਉਨ੍ਹਾਂ ਵਿਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ, ਭਾਈ ਧਰਮ ਸਿੰਘ ਹਯਾਤਪੁਰ ਸ਼ਾਮਿਲ ਸਨ।
ਅੱਜ ਦੇ ਦਿਹਾੜੇ ਇਨ੍ਹਾਂ ਮਹਾਨ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਅੰਗਰੇਜ਼ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਆਪਣੀਆਂ ਜਾਨਾਂ ਦੀ ਆਹੂਤੀ ਦਿੱਤੀ। ਇਨ੍ਹਾਂ ਦਾ ਸੰਸਕਾਰ ਰਾਵੀ ਦੇ ਕਿਨਾਰੇ ਕੀਤਾ ਗਿਆ। ਇਨ੍ਹਾਂ ਬਹਾਦਰ ਸੂਰਬੀਰ ਯੋਧਿਆਂ ਦੀ ਸ਼ਹਾਦਤ ਨੇ ਕੌਮੀ ਸ਼ਹੀਦਾਂ ਨੂੰ ਦੇਸ਼ ਲਈ ਮਰ-ਮਿਟਣ ਲਈ ਅਤੇ ਆਪਾ ਨਿਛਾਵਰ ਕਰਨ ਦੇ ਨਵੇਂ ਦਿਸਹੱਦੇ ਸਿਰਜੇ। ਬੱਬਰ ਅਕਾਲੀ ਲਹਿਰ ਦੇ ਇਨ੍ਹਾਂ ਅਦੁੱਤੀ ਸ਼ਹੀਦਾਂ ਨੂੰ ਸਾਡਾ ਪ੍ਰਣਾਮ।
-ਭਗਵਾਨ ਸਿੰਘ ਜੌਹਲ,
ਪਿੰਡ ਜੌਹਲ, ਡਾਕ: ਬੋਲੀਨਾ ਦੁਆਬਾ (ਜਲੰਧਰ)-144101. ਮੋਬਾ: 98143-24040

ਦੁਨੀਆਂ ਦਾ ਸਭ ਤੋਂ ਪਹਿਲਾ ਮਨੁੱਖੀ ਬੰਬ: ਬੱਬਰ ਧੰਨਾ ਸਿੰਘ ਬਹਿਬਲਪੁਰ

- ਵਾਸਦੇਵ ਸਿੰਘ ਪਰਹਾਰ, ਸਿਆਟਲ
ਫੋਨ 206-434-1155
ਪਿੰਡ ਬਹਿਬਲਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰ. 95 ਅਤੇ ਰਕਬਾ ਜ਼ਮੀਨ 682 ਏਕੜ ਹੈ। ਇਹ ਪਿੰਡ ਕੋਟ ਫਤੂਹੀ ਤੋਂ ਇੱਕ ਮੀਲ ਕੁ ਚੜ੍ਹਦੇ ਪਾਸੇ ਸਥਿਤ ਹੈ। ਇਹ ਨਾਗਰਾ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਹੈ। ਨਾਗਰਾ ਗੋਤ, ਚੀਮਾ ਗੋਤ ਦੀ ਹੀ ਇੱਕ ਸ਼ਾਖਾ ਹੈ ਅਤੇ ਚੀਮਾ ਗੋਤ ਰਾਜਪੂਤਾਂ ਦੀ ਚੌਹਾਨ ਗੋਤ ਵਿੱਚੋਂ ਚੌਹਾਨਾਂ ਦੇ ਰਾਜਪੂਤਾਂ ਦੀ ਥਾਂ ਜੱਟਾਂ ਨਾਲ ਆਪਣੇ ਲੜਕੇ-ਲੜਕੀਆਂ ਦੇ ਰਿਸ਼ਤੇ ਕਰਨ ਤੋਂ ਬਾਅਦ ਉਪਜਿਆ। ਚੌਹਾਨ ਗੋਤ ਵਿੱਚੋਂ ਜੱਟਾਂ ਦੇ ਚਾਰ ਗੋਤ ਚਾਹਲ, ਚੀਮੇ, ਨਾਗਰਾ ਅਤੇ ਚੱਠੇ ਉਪਜੇ ਅਤੇ ਇਹ ਕਹਾਵਤ ਪ੍ਰਚੱਲਿਤ ਹੋਈ ਕਿ ''ਚਾਹਲ, ਚੀਮੇ, ਚੱਠੇ, ਖਾਣ-ਪੀਣ ਨੂੰ 'ਕੱਲੇ-'ਕੱਲੇ ਲੜਨ-ਭਿੜਨ ਨੂੰ 'ਕੱਠੇ।'' 
ਬੱਬਰ ਧੰਨਾ ਸਿੰਘ ਬਹਿਬਲਪੁਰ
ਇਸ ਪਿੰਡ ਦੇ ਸ. ਇੰਦਰ ਸਿੰਘ ਦਾ ਸਪੁੱਤਰ ਧੰਨਾ ਸਿੰਘ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਅਤੇ ਅੱਤਿਆਚਾਰਾਂ ਦੀ ਖ਼ਬਰ ਸੁਣ ਕੇ ਬਾਕੀ ਬੱਬਰਾਂ ਦੀ ਤਰ੍ਹਾਂ ਉਸ ਦਾ ਮਨ ਕੁਰਲਾ ਉੱਠਿਆ। ਉਹ ਚੰਗਾ ਪੜ੍ਹਿਆ-ਲਿਖਿਆ ਅਤੇ ਭਾਸ਼ਣ ਕਲਾ ਉਸ ਨੂੰ ਰੱਬੀ ਦਾਤ ਮਿਲੀ ਹੋਈ ਸੀ। ਜਿੱਥੇ ਉਹ ਧਾਰਮਿਕ ਦੀਵਾਨਾਂ ਵਿੱਚ ਬੋਲਦਾ, ਉਸ ਦੇ ਭਾਸ਼ਣਾਂ ਦੀ ਸੂਈ ਅੰਗਰੇਜ਼ ਸਰਕਾਰ ਦੇ ਪਿੱਠੂਆਂ ਦੇ ਸੁਧਾਰ ਵੱਲ ਚਲੇ ਜਾਂਦੀ। ਉਹ ਇੱਕ ਮਿਸਾਲੀ ਉੱਚੇ ਆਚਰਣ ਵਾਲਾ, ਗਰੀਬ-ਗੁਰਬੇ ਦੀ ਮੱਦਦ ਕਰਨ ਵਾਲਾ ਅਤੇ ਧੀਆਂ-ਭੈਣਾਂ ਦੀ ਇੱਜ਼ਤ ਦਾ ਮੁਦਈ ਸੀ। ਚੋਟੀ ਦੇ ਬੱਬਰਾਂ ਵਿੱਚ ਉਸ ਦਾ ਨਾਂਅ ਸ਼ੁਮਾਰ ਸੀ ਅਤੇ ਬੱਬਰਾਂ ਦੀ ਸੁਪਰੀਮ ਕਮੇਟੀ ਵਿੱਚ ਵੀ ਉਸ ਦੀ ਰਾਏ ਨੂੰ ਸਭ ਮੰਨਦੇ ਸਨ। 
ਉਸ ਨੇ 16 ਅਤੇ 23 ਜਨਵਰੀ, 1923 ਨੂੰ ਅਰਜਨ ਸਿੰਘ ਪਟਵਾਰੀ ਪਿੰਡ ਹਰੀਪੁਰ ਨੂੰ ਸੋਧਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿੱਚ ਭਾਗ ਲਿਆ ਪਰ ਪਟਵਾਰੀ ਦੋਨੋਂ ਵਾਰ ਬਚ ਗਿਆ। 10 ਫਰਵਰੀ, 1923 ਨੂੰ ਬਿਸ਼ਨ ਸਿੰਘ ਜ਼ੈਲਦਾਰ ਰਾਣੀ ਥੂਹਾ (ਰਾਣੀਪੁਰ) ਦੇ ਕਤਲ ਸਮੇਂ ਬਾਬੂ ਸੰਤਾ ਸਿੰਘ ਛੋਟੀ ਹਰਿਓਂ ਨਾਲ ਰਿਹਾ। 12 ਮਾਰਚ, 1923 ਨੂੰ ਲਾਭ ਸਿੰਘ ਮਿਸਤਰੀ ਗੜ੍ਹਸ਼ੰਕਰੀਏ ਦੇ ਕਤਲ ਵਿੱਚ ਸ਼ਾਮਲ ਸੀ। ਅਪ੍ਰੈਲ 1923 ਵਿੱਚ ਪੰਡੋਰੀ ਨਿੱਝਰਾਂ ਦੇ ਨੰਬਰਦਾਰਾਂ ਅਤੇ ਚੌਂਕੀਦਾਰਾਂ ਨੂੰ ਧਮਕਾਉਣਾ। 
21 ਮਈ, 1923 ਨੂੰ ਪਿੰਡ ਕੌਲਗੜ੍ਹ ਦੇ ਨੰਬਰਦਾਰ ਰਲ਼ਾ ਅਤੇ ਉਸ ਦੇ ਭਰਾ ਦਿੱਤੂ ਦੇ ਕਤਲ ਵਿੱਚ ਭਾਗ ਲੈਣਾ। ਬੰਬੇਲੀ ਵਾਲੇ ਪੁਲਿਸ ਮੁਕਾਬਲੇ ਵਿੱਚ ਆਪਣੇ ਸਾਥੀਆਂ ਨਾਲ ਨਰਾਜ਼ ਹੋ ਕੇ ਉਹ ਅਤੇ ਦਲੀਪ ਸਿੰਘ ਧਾਮੀਆਂ ਉਸ ਪਿੰਡ ਨਾ ਜਾ ਕੇ ਬਚ ਗਏ। ਬੱਬਰ ਧੰਨਾ ਸਿੰਘ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਜਿਊਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਵੇਗਾ ਅਤੇ ਉਸ ਨੇ ਇਹ ਕਰ ਕੇ ਵੀ ਦਿਖਾ ਦਿੱਤਾ। ਜਿਆਣ ਪਿੰਡ ਦਾ ਮਹਾਂ ਗੱਦਾਰ ਬੇਲਾ ਸਿੰਘ ਗਦਰੀ ਬਾਬਿਆਂ ਨਾਲ ਗਦਾਰੀ ਕਰਕੇ ਆਪਣੇ ਪਿੰਡ ਆ ਚੁੱਕਾ ਸੀ। ਉਸ ਨੇ ਆਪਣੇ ਭਰਾ ਜਵਾਲਾ ਸਿੰਘ ਨੂੰ ਵੀ ਬੱਬਰਾਂ ਨੂੰ ਫੜਾ ਕੇ ਜ਼ਮੀਨ ਦੇ ਮੁਰੱਬੇ ਇਨਾਮ ਲੈਣ ਲਈ ਪ੍ਰੇਰਿਆ। 
ਕਰਤਾਰ ਸਿੰਘ ਬੂੜੋਬਾੜੀਆਂ ਪਿੰਡ ਵਾਲਾ ਬੱਬਰ ਧੰਨਾ ਸਿੰਘ ਦੇ ਨਾਲ ਬਿਸ਼ਨ ਸਿੰਘ ਜ਼ੈਲਦਾਰ ਰਾਣੀਥੂਹਾ ਦੇ ਕਤਲ ਸਮੇਂ ਨਾਲ ਸੀ। ਉਸ ਨੇ ਜਵਾਲਾ ਸਿੰਘ ਦੇ ਕਹਿਣ 'ਤੇ ਬੱਬਰ ਧੰਨਾ ਸਿੰਘ ਅਤੇ ਬੱਬਰ ਦਲੀਪ ਸਿੰਘ ਨੂੰ ਉਸ ਨਾਲ ਮਿਲਾਇਆ। ਕਰਤਾਰ ਸਿੰਘ ਨੇ ਬੱਬਰ ਧੰਨਾ ਸਿੰਘ ਨੂੰ ਕਿਹਾ ਸੀ ਕਿ ਉਹ ਅਤੇ ਜਿਆਣ ਵਾਲੇ ਜਵਾਲਾ ਸਿੰਘ ਮਾਮੇ ਭੂਆ ਦੇ ਪੁੱਤ ਹਨ ਅਤੇ ਜਵਾਲਾ ਸਿੰਘ ਬੱਬਰ ਧੰਨਾ ਸਿੰਘ ਦੇ ਵਾਰੰਟ ਗ੍ਰਿਫਤਾਰੀ ਪੁਲਿਸ ਕਪਤਾਨ ਤੱਕ ਪਹੁੰਚ ਕਰਕੇ ਵਾਪਸ ਕਰਵਾ ਦੇਵੇਗਾ। ਜਵਾਲਾ ਸਿੰਘ ਗਦਾਰ ਬੱਬਰ ਧੰਨਾ ਸਿੰਘ ਨੂੰ ਨਾਲ ਲੈ ਕੇ ਪਿੰਡ ਦੇ ਗੁਰਦੁਆਰੇ ਗਿਆ ਅਤੇ ਸੰਤ ਹਰੀ ਸਿੰਘ ਪਾਸੋਂ ਪੰਜ ਰੁਪਏ ਦਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਵਾਈ ਕਿ ਉਸ ਦਾ ਭਰਾ ਬੇਲਾ ਸਿੰਘ ਕੈਨੇਡਾ ਵਿਖੇ ਗਦਰੀ ਯੋਧਿਆਂ ਨਾਲ ਜੋ ਗਦਾਰੀ ਕਰਕੇ ਆਇਆ ਹੈ, ਉਸ ਦੀ ਮਾਫੀ ਲਈ ਉਹ ਅੱਗੇ ਤੋਂ ਬੱਬਰਾਂ ਦੀ ਮੱਦਦ ਕਰਨਗੇ। 
ਬਹਿਬਲਪੁਰ ਦੇ ਨੰਬਰਦਾਰ ਹਜ਼ਾਰਾ ਸਿੰਘ ਨੇ ਪੁਲਿਸ ਕੋਲ ਝੂਠੀ ਸ਼ਿਕਾਇਤ ਕਰਕੇ ਬੱਬਰ ਧੰਨਾ ਸਿੰਘ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰਵਾ ਦਿੱਤੇ ਸਨ ਅਤੇ ਉਹ ਭਗੌੜਾ ਹੋ ਗਿਆ ਸੀ। ਉਸ ਨੇ 27 ਮਾਰਚ, 1923 ਨੂੰ ਆਪਣੇ ਬੱਬਰ ਸਾਥੀਆਂ ਨਾਲ ਮਿਲਕੇ ਹਜ਼ਾਰਾ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਖਬਰ ਬੱਬਰ ਅਕਾਲੀ ਦੁਆਬਾ ਅਖਬਾਰ ਵਿੱਚ ਵੱਡੀ ਸੁਰਖੀ ਨਾਲ ਪ੍ਰਕਾਸ਼ਿਤ ਕੀਤੀ ਕਿ ਅੰਗਰੇਜ਼ ਸਰਕਾਰ ਦੇ ਮੁਖਬਰ ਨੂੰ ਤਿੰਨੇ ਮੁਰੱਬੇ ਜ਼ਮੀਨ (ਭਾਵ ਤਿੰਨ ਗੋਲੀਆਂ) ਇਨਾਮ ਦਿੱਤਾ ਗਿਆ ਹੈ। 
ਗਦਾਰ ਕਰਤਾਰ ਸਿੰਘ ਕਿਸੇ ਬਹਾਨੇ ਬੱਬਰ ਧੰਨਾ ਸਿੰਘ ਨੂੰ ਆਪਣੇ ਸਾਲ਼ੇ ਕਰਮ ਸਿੰਘ ਪਾਸ ਪਿੰਡ ਮੰਨਣਹਾਨੇ ਲੈ ਗਿਆ। ਇਸ ਗੱਲ ਦਾ ਗਦਾਰ ਜਵਾਲਾ ਸਿੰਘ ਨੂੰ ਪਤਾ ਸੀ ਅਤੇ ਉਸ ਨੇ ਜਾ ਕੇ ਪੁਲਿਸ ਕਪਤਾਨ ਮਿ. ਹਾਰਟਨ ਨੂੰ ਜਾ ਦੱਸਿਆ ਕਿ ਅੱਜ ਰਾਤ ਬੱਬਰ ਧੰਨਾ ਸਿੰਘ ਪਿੰਡ ਮੰਨਣਹਾਨੇ ਹੈ। ਪੁਲਿਸ ਕਪਤਾਨ ਆਪਣੇ ਨਾਲ ਉਪ ਪੁਲਿਸ ਕਪਤਾਨ ਮਿ. ਡੈਨਕਿਨ ਨੂੰ ਲੈ ਕੇ ਮਾਹਲਪੁਰ ਥਾਣੇ ਪੁੱਜਾ ਅਤੇ ਥਾਣੇਦਾਰ ਗੁਲਜ਼ਾਰਾ ਸਿੰਘ ਅਤੇ ਹੋਰ ਪੁਲਿਸ ਲੈ ਕੇ ਘੋੜਿਆਂ 'ਤੇ ਅੱਧੀ ਰਾਤ ਨੂੰ ਪਿੰਡ ਮੰਨਣਹਾਨਾ ਪਹੁੰਚੇ। 
ਬੱਬਰ ਧੰਨਾ ਸਿੰਘ ਪਿੰਡ ਦੇ ਉੱਤਰ ਬਾਹਰਵਾਰ ਕਰਮ ਸਿੰਘ ਦੇ ਪਸ਼ੂਆਂ ਦੇ ਵਾੜੇ ਦੇ ਵਿਹੜੇ ਵਿੱਚ ਸੁੱਤਾ ਪਿਆ ਸੀ। ਪੁਲਿਸ ਦੀ ਪੈੜ ਸੁਣ ਕੇ ਕਰਮ ਸਿੰਘ ਪਿੰਡ ਵੱਲ ਨੂੰ ਦੌੜ ਗਿਆ। ਮਗਰੇ ਹੀ ਬੱਬਰ ਧੰਨਾ ਸਿੰਘ ਦੌੜਿਆ ਅਤੇ ਉਸ 'ਤੇ ਥਾਣੇਦਾਰ ਗੁਲਜ਼ਾਰਾ ਸਿੰਘ ਨੇ ਲਾਠੀ ਦਾ ਜ਼ੋਰਦਾਰ ਵਾਰ ਕੀਤਾ ਤੇ ਉਹ ਡਿੱਗ ਪਿਆ ਅਤੇ ਤੁਰੰਤ ਹੀ ਦੋ ਸਿਪਾਹੀਆਂ ਨੇ ਉਸ ਦੇ ਹੱਥਕੜੀ ਲਾ ਲਈ ਅਤੇ ਉਸ ਦਾ ਰਿਵਾਲਵਰ ਵੀ ਉਸ ਦੇ ਗਲੋਂ ਲਾਹ ਲਿਆ। 
ਪੁਲਿਸ ਕਪਤਾਨ ਮਿਸਟ ਹਾਰਟਨ ਬੱਬਰ ਨੂੰ ਕਹਿਣ ਲੱਗਾ, ''ਟੁਮ ਟੋ ਬੋਲਟੇ ਠੇ ਕਿ ਜ਼ਿੰਦਾ ਪੁਲਿਸ ਕੇ ਹਾਥ ਨਹੀਂ ਆਏਗਾ, ਅਬ ਬੋਲੋ!'' ਇਹ ਸੁਣ ਕੇ ਬੱਬਰ ਨੇ ਜ਼ੋਰ ਨਾਲ ਹੁਝਕਾ ਮਾਰ ਕੇ ਹੱਥਕੜੀਆਂ ਸਿਪਾਹੀਆਂ ਤੋਂ ਛੁਡਾ ਕੇ ਆਪਣੀ ਬਾਂਹ ਵਿੱਚ ਲਟਕ ਰਹੇ ਧਾਗੇ ਨੂੰ ਖਿੱਚਿਆ, ਜਿਸ ਨਾਲ ਕੁੜਤੇ ਵਿੱਚ ਖਾਸ ਤੌਰ 'ਤੇ ਬਣਾਈ ਜੇਬ ਵਿੱਚੋਂ ਬੰਬ ਫਟ ਗਿਆ। ਇੱਕ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਬੱਬਰ ਦੇ ਸਰੀਰ ਦੇ ਚੀਥੜੇ ਉੱਠ ਗਏ, ਨਾਲ ਹੀ ਪੰਜ ਪੁਲਿਸ ਵਾਲੇ, ਜੋ ਨੇੜੇ ਸਨ, ਉਹ ਵੀ ਥਾਂ 'ਤੇ ਹੀ ਮਰ ਗਏ। ਮਿ. ਹਾਰਟਨ ਅਤੇ ਮਿ. ਜੈਨਕਿਨ ਸਖਤ ਜ਼ਖਮੀ ਹੋਏ। ਥਾਣੇਦਾਰ ਗੁਲਜ਼ਾਰਾ ਸਿੰਘ ਵੀ ਜ਼ਖਮੀ ਹੋਇਆ। ਤਿੰਨਾਂ ਨੂੰ ਗੱਡਿਆਂ 'ਤੇ ਪਾ ਕੇ ਮਾਹਲਪੁਰ ਦੇ ਹਸਪਤਾਲ ਪਹੁੰਚਾਇਆ ਗਿਆ। 
ਪਹਿਲਾਂ ਹੀ ਮਿ. ਹਾਰਟਨ ਦੀ ਕਾਰ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਤਲਾਹ ਭੇਜ ਦਿੱਤੀ ਗਈ ਸੀ ਅਤੇ ਉਹ ਦਿਨ ਚੜ੍ਹਦੇ ਨੂੰ ਸਿਵਲ ਸਰਜਨ ਅਤੇ ਜ਼ਰੂਰੀ ਦਵਾਈਆਂ ਲੈ ਕੇ ਮਾਹਲਪੁਰ ਹਸਪਤਾਲ ਪਹੁੰਚ ਗਏ। ਤਿੰਨਾਂ ਹੀ ਜ਼ਖਮੀਆਂ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ਭੇਜਿਆ ਗਿਆ। ਕੁਝ ਚਿਰ ਇਲਾਜ ਤੋਂ ਬਾਅਦ ਮਿ. ਹਾਰਟਨ ਅਤੇ ਥਾਣੇਦਾਰ ਗੁਲਜ਼ਾਰਾ ਸਿੰਘ ਚਲਾਣਾ ਕਰ ਗਏ। 
ਮਿ. ਜੈਨਕਿਨ ਦੀਆਂ ਦੋਨੋਂ ਲੱਤਾਂ ਪੱਟਾਂ ਤੋਂ ਕੱਟੀਆਂ ਗਈਆਂ। ਹੱਥਾਂ ਵਿੱਚ ਫਹੁੜੀਆਂ ਆਸਰੇ ਅੱਗੇ ਪਿੱਛੇ ਹੋ ਸਕਦਾ ਸੀ। ਦੋ ਸਿਪਾਹੀ ਇੱਕ ਵੀਲ੍ਹ ਚੇਅਰ 'ਤੇ ਬਿਠਾ ਕੇ ਲਈ ਫਿਰਦੇ। ਪੁਲਿਸ ਦੇ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਇੰਗਲੈਂਡ ਗਿਆ ਅਤੇ ਉੱਥੇ ਜ਼ਰੂਰ ਬੱਬਰ ਧੰਨਾ ਸਿੰਘ ਦੀ ਬਹਾਦਰੀ ਦਾ ਕਿੱਸਾ ਸੁਣਾਉਂਦਾ ਰਿਹਾ ਹੋਣਾ ਹੈ। 

ਬੱਬਰ ਕਰਮ ਸਿੰਘ ਦੌਲਤਪੁਰ

- ਵਾਸਦੇਵ ਸਿੰਘ ਪਰਹਾਰ, ਸਿਆਟਲ 
ਫੋਨ 206-434-1155
ਬੱਬਰ ਅਕਾਲੀ ਲਹਿਰ ਦਾ ਮੋਢੀ ਮਾਸਟਰ ਮੋਤਾ ਸਿੰਘ ਪਿੰਡ ਪਤਾਰਾ ਜ਼ਿਲ੍ਹਾ ਜਲੰਧਰ ਮੰਨਿਆ ਜਾਂਦਾ ਹੈ ਪਰ ਉਸ ਦੇ ਜਲਦੀ ਗ੍ਰਿਫਤਾਰ ਹੋਣ ਤੋਂ ਬਾਅਦ ਅਸਲ ਮਾਅਨਿਆਂ ਵਿੱਚ ਇਸ ਲਹਿਰ ਦੇ ਮੋਢੀ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਬੱਬਰ ਕਿਸ਼ਨ ਸਿੰਘ ਗੜਗੱਜ ਪਿੰਡ ਵਿਨਿੰਗ (ਨਜ਼ਦੀਕ ਜਲੰਧਰ ਛਾਉਣੀ) ਸਨ। 
ਪਿੰਡ ਦੌਲਤਪੁਰ ਸ਼ਹੀਦ ਭਗਤ ਸਿੰਘ ਨਗਰ ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕੇ 'ਤੇ ਦਸ ਕਿੱਲੋਮੀਟਰ ਜਾ ਕੇ ਸੜਕ ਦੇ ਖੱਬੇ ਹੱਥ ਹੈ। ਇਸ ਦਾ ਹੱਦ ਬਸਤ ਨੰ. 143 ਅਤੇ ਰਕਬਾ ਜ਼ਮੀਨ 249 ਹੈਕਟੇਅਰ ਹੈ। ਇਹ ਪਿੰਡ ਥਾਂਦੀ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਹੈ।
ਬੱਬਰ ਕਰਮ ਸਿੰਘ ਦੌਲਤਪੁਰ

ਬੱਬਰ ਕਰਮ ਸਿੰਘ ਦਾ ਜਨਮ ਸੰਨ 1880 ਵਿੱਚ ਪਿਤਾ ਸ. ਨੱਥਾ ਸਿੰਘ ਅਤੇ ਮਾਤਾ ਦੁੱਲੀ ਦੀ ਕੁੱਖੋਂ ਹੋਇਆ। ਮਾਤਾ ਦੁੱਲੀ ਪਿੰਡ ਕੌਲਗੜ੍ਹ ਤੋਂ ਸੀ। ਉਨ੍ਹਾਂ ਨੇ ਜਵਾਨ ਹੋ ਕੇ ਸੱਤ ਸਾਲ ਫੌਜ ਵਿੱਚ ਨੌਕਰੀ ਕੀਤੀ। ਹੋਤੀ ਮਰਦਾਨ ਵਾਲਿਆਂ ਦੀ ਸੰਗਤ ਦਾ ਉਨ੍ਹਾਂ 'ਤੇ ਐਨਾ ਅਸਰ ਹੋਇਆ ਕਿ ਨੌਕਰੀ ਛੱਡ ਕੇ ਪਿੰਡ ਆ ਗਏ ਅਤੇ ਇੱਕ ਭੋਰਾ ਪੁੱਟ ਕੇ ਉਸ ਵਿੱਚ ਦਿਨ-ਰਾਤ ਭਗਤੀ ਕਰਨ ਲੱਗੇ। ਉਨ੍ਹਾਂ ਦੀ ਇਸ ਹਾਲਤ ਬਾਰੇ ਕੈਨੇਡਾ ਰਹਿੰਦੇ ਉਨ੍ਹਾਂ ਦੇ ਚਾਚੇ ਨੂੰ ਪਤਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਸੰਨ 1907 ਵਿੱਚ ਕੈਨੇਡਾ ਬੁਲਾ ਲਿਆ। ਕੈਨੇਡਾ ਆ ਕੇ ਵੀ ਉਨ੍ਹਾਂ ਦਾ ਧਿਆਨ ਭਗਤੀ ਵੱਲ ਸੀ ਪਰ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਕਰਕੇ ਉਨ੍ਹਾਂ ਦਾ ਮਨ ਬਹੁਤ ਉਦਾਸ ਰਹਿੰਦਾ ਸੀ। 
ਉਨ੍ਹੀਂ ਦਿਨੀਂ ਕੈਨੇਡਾ ਅੰਦਰ ਵੀ ਲੋਕਾਂ ਵਿੱਚ ਗਦਰ ਲਹਿਰ ਦਾ ਪ੍ਰਚਾਰ ਜ਼ੋਰਾਂ 'ਤੇ ਸੀ। ਸੰਨ 1914 ਵਿੱਚ ਦੂਸਰੀ ਵਿਸ਼ਵ ਜੰਗ ਦੇ ਸ਼ੁਰੂ ਹੋਣ ਕਰਕੇ ਗਦਰੀਆਂ ਨੇ ਇਹ ਸੋਚਿਆ ਕਿ ਹਿੰਦੁਸਤਾਨ ਦੀ ਸਰਕਾਰ ਤਾਂ ਜੰਗ ਵਿੱਚ ਜਰਮਨ ਵਿਰੁੱਧ ਰੁੱਝੀ ਹੋਈ ਹੈ ਤੇ ਹੁਣ ਦੇਸ਼ ਵਿੱਚ ਗਦਰ ਮਚਾ ਕੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਭਜਾਉਣਾ ਸੌਖਾ ਹੈ। ਸਾਰੇ ਹੀ ਗਦਰੀ ਇੱਕ ਦੂਜੇ ਤੋਂ ਮੂਹਰੇ ਹੋ ਕੇ ਦੇਸ਼ ਨੂੰ ਪਰਤੇ। ਅਜਿਹੇ ਹੀ ਸੂਰਮਿਆਂ ਵਿੱਚੋਂ ਸਨ ਕਰਮ ਸਿੰਘ। ਉਨ੍ਹਾਂ ਦਾ ਬਚਪਨ ਦਾ ਨਾਂ ਨਰੈਣ ਸਿੰਘ ਸੀ। ਨਨਕਾਣਾ ਸਾਹਿਬ ਦੇ 1921 ਦੇ ਸਾਕੇ ਤੋਂ ਬਾਅਦ ਉਹ ਆਸਾ ਸਿੰਘ ਭਕਜੁੱਦੀ ਨਾਲ ਨਨਕਾਣਾ ਸਾਹਿਬ ਗਏ ਅਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਉਨ੍ਹਾਂ ਦਾ ਨਾਮ ਕਰਮ ਸਿੰਘ ਰੱਖਿਆ ਗਿਆ। 
ਜਦੋਂ 1914 ਵਿੱਚ ਉਹ ਹਿੰਦੁਸਤਾਨ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪਿੰਡ ਦੌਲਤਪੁਰ ਵਿੱਚ ਜੂਹਬੰਦ ਕਰ ਦਿੱਤਾ ਗਿਆ। ਇਹ ਜੂਹਬੰਦੀ ਸੰਨ 1918 ਤੱਕ ਰਹੀ। ਇਨ੍ਹੀਂ ਦਿਨੀਂ ਉਹ ਕਾਂਗਰਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਇੱਕ ਕਾਨਫਰੰਸ ਪਿੰਡ ਦੌਲਤਪੁਰ ਕਰਨੀ ਨੀਯਤ ਕਰ ਲਈ ਪਰ ਸਰਕਾਰ ਨੇ ਪਿੰਡ ਦੌਲਤਪੁਰ ਵਿੱਚ ਦਫਾ 144 ਲਗਾ ਦਿੱਤੀ ਤਾਂ ਸ. ਕਰਮ ਸਿੰਘ ਹੁਰਾਂ ਨੇ ਇਹ ਕਾਨਫਰੰਸ ਪਿੰਡ ਮਹਿਤਪੁਰ ਵਿੱਚ ਜਾ ਕੀਤੀ।
ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹ ਪੂਰੀ ਸਰਗਰਮੀ ਨਾਲ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈਣ ਲੱਗ ਪਏ। ਹੋਠੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਉੱਥੋਂ ਦੇ ਮਹੰਤ ਵਿਰੁੱਧ ਆਪਣੇ ਇਲਾਕੇ 'ਚੋਂ 50 ਸਿੰਘਾਂ ਦਾ ਜਥਾ ਲੈ ਕੇ ਗਏ। ਸੰਨ 1921 ਵਿੱਚ ਮਾਸਟਰ ਮੋਤਾ ਸਿੰਘ ਦੀ ਅਗਵਾਈ ਵਿੱਚ ਸਿੱਖ ਕਾਨਫਰੰਸ ਤੋਂ ਬਾਅਦ ਗਰਮਖਿਆਲੀ ਨੌਜਵਾਨਾਂ ਨੇ ਸੋਚਿਆ ਕਿ ਸ਼ਾਂਤਮਈ ਤਰੀਕੇ ਨਾਲ ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਕੱਢਣਾ ਔਖਾ ਹੈ। ਸਰਕਾਰ ਦੇ ਝੋਲੀਚੁੱਕ ਨੰਬਰਦਾਰ, ਜ਼ੈਲਦਾਰ, ਸਫੈਦਪੋਸ਼, ਪਟਵਾਰੀ ਆਦਿ ਦਾ ਸੁਧਾਰ ਕਰਨਾ ਜ਼ਰੂਰੀ ਹੈ। ਸ. ਕਿਸ਼ਨ ਸਿੰਘ ਗੜਗੱਜ ਨੇ ਜਲੰਧਰ ਦੇ ਨੇੜੇ-ਤੇੜੇ ਸਰਗਰਮੀਆਂ ਲਈ ਆਪਣਾ ਚੱਕਰਵਰਤੀ ਜਥਾ ਬਣਾ ਲਿਆ ਅਤੇ ਸ. ਕਰਮ ਸਿੰਘ ਨੇ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਆਪਣਾ ਜਥਾ ਬਣਾ ਲਿਆ, ਜਿਸ ਵਿੱਚ ਆਸਾ ਸਿੰਘ ਭਕੜੁੱਦੀ, ਹਰੀ ਸਿੰਘ ਸੂੰਢ ਅਤੇ ਕਰਮ ਸਿੰਘ ਝਿੰਗੜ, ਜੋ ਸਾਰੇ ਕੈਨੇਡਾ ਤੋਂ ਪਰਤੇ ਗਦਰੀ ਸਨ, ਉਨ੍ਹਾਂ ਦੇ ਸਾਥੀ ਸਨ। ਹੋਰ ਵੀ ਦਲੀਪ ਸਿੰਘ ਗੋਸਲ, ਆਤਮਾ ਸਿੰਘ ਬੀਕਾ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ ਵਰਗੇ ਆਜ਼ਾਦੀ ਪ੍ਰਵਾਨੇ ਸਨ। 
ਸੰਨ 1922 ਦੇ ਆਨੰਦਪੁਰ ਸਾਹਿਬ ਹੋਲੇ-ਮਹੱਲੇ ਸਮੇਂ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਬੱਬਰ ਕਰਮ ਸਿੰਘ ਦੌਲਤਪੁਰ ਦੀ ਜ਼ੋਸ਼ੀਲੀ ਤਕਰੀਰ ਸੁਣੀ, ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏੁੰ। ਬੱਬਰ ਕਰਮ ਸਿੰਘ ਦੌਲਤਪੁਰ ਕੈਨੇਡਾ ਵਿਖੇ ਅਮਰੀਕਾ ਤੋਂ ਛਪਦੇ ਗਦਰ ਅਖਬਾਰ ਵਿੱਚ ਲੋਕਾਂ 'ਤੇ ਜਾਦੂਮਈ ਪ੍ਰਭਾਵ ਦੇਖ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਪੰਜਾਬ ਵਿੱਚ ਹੀ ਅਜਿਹਾ ਅਖਬਾਰ ਛਾਪਣ ਦਾ ਸੋਚਿਆ। ਬਿਛੌੜੀ ਦੇ ਨੰਬਰਦਾਰ ਕਾਕੇ ਤੋਂ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟ ਕੇ ਉਸ ਵਿੱਚੋਂ ਇੱਕ ਸੌ ਰੁਪਏ ਦੀ ਇੱਕ ਡੁਪਲੀਕੇਟਿੰਗ ਮਸ਼ੀਨ ਲਾਹੌਰ ਤੋਂ ਖਰੀਦੀ ਗਈ। ਇਸ ਮਸ਼ੀਨ ਨਾਲ ਅਗਸਤ 1922 ਵਿੱਚ ਪਹਿਲਾ ਪਰਚਾ ਛਾਪਿਆ ਗਿਆ। ਇਸ ਪਰਚੇ ਵਿੱਚ ਸਰਕਾਰ ਦੇ ਝੋਲੀਚੁੱਕ ਨੰਬਰਦਾਰਾਂ, ਜ਼ੈਲਦਾਰਾਂ ਵਗੈਰਾ ਨੂੰ ਤਾੜਨਾ ਕੀਤੀ ਗਈ ਕਿ ਉਹ ਬੱਬਰਾਂ ਵਿਰੁੱਧ ਮੁਖਬਰੀਆਂ ਕਰਨੀਆਂ ਬੰਦ ਕਰ ਦੇਣ ਨਹੀਂ ਤਾਂ ਬੱਬਰਾਂ ਨੂੰ ਮਜ਼ਬੂਰਨ ਉਨ੍ਹਾਂ ਦਾ ਸੁਧਾਰ ਕਰਨਾ ਪਵੇਗਾ। 
ਬੱਬਰ ਕਰਮ ਸਿੰਘ ਝਿੰਗੜ (ਨਜ਼ਦੀਕ ਬੰਗਾ) ਨੇ ਦੁਆਬੇ ਦੇ ਦੋਵੇਂ ਬੱਬਰ ਜੱਥਿਆਂ ਨੂੰ ਇਕੱਠੇ ਕਰਕੇ ਇੱਕ ਜਥਾ ਬਣਾਉਣ ਲਈ ਸਾਰੇ ਬੱਬਰਾਂ ਦੀ ਆਪਣੇ ਪਿੰਡ ਮੀਟਿੰਗ ਰੱਖੀ। ਜਿਸ ਵਿੱਚ ਬੱਬਰ ਕਿਸ਼ਨ ਸਿੰਘ ਅਤੇ ਬੱਬਰ ਕਰਮ ਸਿੰਘ ਦੌਲਤਪੁਰ ਦੋਵਾਂ ਨੇ ਇੱਕ ਜਥਾ ਬਣਾਉਣ ਦੀ ਸਹਿਮਤੀ ਪ੍ਰਗਟਾਈ ਅਤੇ ਨਵੇਂ ਜਥੇ ਦਾ ਨਾਂਅ ਬੱਬਰ ਅਕਾਲੀ ਰੱਖਿਆ ਗਿਆ। ਸਾਰਿਆਂ ਨਾਲ ਸਰਬਸੰਮਤੀ ਨਾਲ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਨਵੇਂ ਜਥੇ ਦਾ ਪ੍ਰਮੁੱਖ ਮੰਨ ਲਿਆ ਅਤੇ ਫੈਸਲਾ ਕੀਤਾ ਕਿ ਅੱਗੇ ਤੋਂ ਉਨ੍ਹਾਂ ਨੂੰ ਸਾਰੇ ਬੱਬਰ ਸਾਬ੍ਹ ਕਹਿ ਕੇ ਬੁਲਾਇਆ ਕਰਨਗੇ। ਬੱਬਰਾਂ ਦੀ ਪ੍ਰੈੱਸ ਨੂੰ ਪਹਿਲਾਂ ਉਡਾਰੂ ਪ੍ਰੈਸ ਅਤੇ ਫਿਰ ਸਫਰੀ ਪ੍ਰੈਸ ਆਖਿਆ ਜਾਂਦਾ ਕਿਉਂਕਿ ਇਹ ਇੱਕ ਥਾਂ ਨਹੀਂ ਸੀ ਰੱਖੀ ਜਾਂਦੀ। ਸੰਨ 1922 ਤੋਂ 1923 ਦੇ ਸਮੇਂ ਇਸ ਪ੍ਰੈਸ ਤੋਂ ਬੱਬਰ ਅਕਾਲੀ ਅਖਬਾਰ ਦੇ 15 ਇਸ਼ੂ ਪ੍ਰਕਾਸ਼ਿਤ ਕੀਤੇ ਗਏ। ਬੱਬਰ ਕਰਮ ਸਿੰਘ ਦੌਲਤਪੁਰ ਵਿਰੁੱਧ ਹੇਠ ਲਿਖੇ ਡਾਕਿਆਂ, ਕਤਲਾਂ ਦੇ ਕੇਸ ਦਰਜ ਹੋਏ -
1. ਰਾਮ ਦਿੱਤਾ ਉਰਫ ਕਾਕਾ ਨੰਬਰਦਾਰ ਤੋਂ 3 ਜੁਲਾਈ, 1923 ਨੂੰ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟਣਾ। 
2. 2,3 ਫਰਵਰੀ, 1923 ਨੂੰ ਸੇਠ ਮੁਣਸ਼ੀ ਰਾਮ ਪਿੰਡ ਜਾਡਲਾ ਦੇ ਘਰ ਡਾਕਾ ਮਾਰਨਾ। 
3. ਗਦਾਰ ਲਾਭ ਸਿੰਘ ਢੱਡੇ ਫਤਹਿ ਸਿੰਘ, ਜਿਸ ਨੇ ਬੱਬਰ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਸੀ, ਨੂੰ ਮਾਰਨ ਦੀਆਂ ਤਿੰਨ ਵਾਰੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਬਚਦਾ ਰਿਹਾ। 
4. ਬੱਬਰ ਧੰਨਾ ਸਿੰਘ ਬਹਿਬਲਪੁਰ ਨੂੰ ਪਿੰਡ ਨਾ ਵੜਨ ਦੇਣ ਵਾਲੇ ਬਹਿਬਲਪੁਰ ਦੇ ਨੰਬਰਦਾਰ ਹਜ਼ਾਰਾ ਸਿੰਘ ਨੂੰ ਕਤਲ ਕਰਨ ਦਾ ਦੋਸ਼ 
5. ਨਾਨਕੇ ਪਿੰਡ ਕੌਲਗੜ੍ਹ ਦੇ ਨੰਬਰਦਾਰ ਰਲ਼ਾ ਅਤੇ ਉਸ ਦੇ ਭਰਾ ਦਿੱਤੂ ਦਾ ਕਤਲ। ਇਹ ਦੋਵੇਂ ਭਰਾ ਤਾੜਨਾ ਕਰਨ ਦੇ ਬਾਵਜੂਦ ਮੁਖਬਰੀਆਂ ਕਰਨੋਂ ਬਾਜ ਨਹੀਂ ਸੀ ਆਏ। 
ਸੰਨ 1922-23 ਦੀਆਂ ਗਰਮੀਆਂ ਵਿੱਚ ਬੱਬਰਾਂ ਨੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਅੰਦਰ ਸੜਕ ਕੰਢੇ ਲੱਗੇ ਅੰਬਾਂ ਦੇ ਰੁੱਖਾਂ ਦੇ ਫਲ਼ ਦੀ ਬੋਲੀ ਨਾ ਹੋਣ ਦਿੱਤੀ। ਲੋਕਾਂ ਮੁਫਤ ਅੰਬ ਚੂਪੇ ਅਤੇ ਬੱਬਰਾਂ ਨੂੰ ਅਸੀਸਾਂ ਦਿੱਤੀਆਂ। ਬੱਬਰ ਕਰਮ ਸਿੰਘ ਪੁਲਿਸ ਤੋਂ ਭਗੌੜਾ ਸੀ। ਉਸ ਨੇ ਅਤੇ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਨੇ ਜੱਸੋਵਾਲ ਵਿਖੇ ਸਾਰੇ ਬੱਬਰਾਂ ਦੀ ਮੀਟਿੰਗ ਵਿੱਚ ਤਜਵੀਜ਼ ਰੱਖੀ ਕਿ ਝੋਲੀ ਚੁੱਕਾਂ ਦੇ ਸੁਧਾਰ ਤੋਂ ਬਾਅਦ ਪੁਲਿਸ ਤਫਤੀਸ਼ ਦੇ ਬਹਾਨੇ ਆਮ ਲੋਕਾਂ 'ਤੇ ਤਸ਼ੱਦਦ ਕਰਦੀ ਹੈ। ਇਸ ਲਈ ਹਰ ਵਾਰਦਾਤ ਦੀ ਥਾਂ 'ਤੇ ਇੱਕ ਚਿੱਠੀ ਰੱਖ ਦਿੱਤੀ ਜਾਵੇ ਕਿ ਇਹ ਕੰਮ ਬੱਬਰਾਂ ਨੇ ਕੀਤਾ ਹੈ ਤੇ ਪੁਲਿਸ ਆਮ ਲੋਕਾਂ ਨੂੰ ਖਾਹਮਖਾਹ ਤੰਗ ਨਾ ਕਰੇ। 
ਬੱਬਰਾਂ ਨੇ ਕੁਝ ਕੁ ਝੋਲੀਚੁੱਕਾਂ ਦੇ ਕਤਲ ਕਰਕੇ ਐਸੀ ਦਹਿਸ਼ਤ ਫੈਲਾਈ ਕਿ ਨੰਬਰਦਾਰ, ਜ਼ੈਲਦਾਰ ਅਤੇ ਹੋਰ ਪੁਲਿਸ ਮੁਖਬਰ ਅਫਸਰਾਂ ਕੋਲ ਬੱਬਰਾਂ ਬਾਰੇ ਜਾਣਕਾਰੀ ਦੇਣ ਲੱਗਿਆਂ ਪਹਿਲਾਂ ਆਲਾ-ਦੁਆਲਾ ਦੇਖ ਕੇ ਅਫਸਰ ਦੇ ਕੰਨ ਵਿੱਚ ਹੌਲੀ ਦੇਣੀ ਆਖਦੇ ਕਿ ਉਨ੍ਹਾਂ ਦੀ ਅਵਾਜ਼ ਕੋਈ ਸੁਣ ਨਾ ਲਵੇ। ਬੱਬਰਾਂ ਦੀ ਦਹਿਸ਼ਤ ਦੀ ਗੂੰਜ ਇੰਗਲੈਂਡ ਦੀ ਪਾਰਲੀਮੈਂਟ ਤੱਕ ਪੁੱਜ ਗਈ ਅਤੇ ਅੰਗਰੇਜ਼ ਅਫਸਰਾਂ ਨੂੰ ਹੋਰ ਸਖਤੀ ਕਰਨ ਦੇ ਹੁਕਮ ਮਿਲੇ। ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਕਮਾਨ ਹੇਠ ਇੱਕ ਮਿਲਟਰੀ ਸਕੁਐਡ ਵੀ ਕੀਤਾ ਗਿਆ। ਥਾਂ ਥਾਂ ਪਿੰਡਾਂ ਵਿੱਚ ਚੌਂਕੀਆਂ ਸਥਾਪਤ ਕੀਤੀਆਂ ਗਈਆਂ ਤੇ ਇਨ੍ਹਾਂ ਵਿੱਚ ਬਹੁਤੇ ਪੁਲਿਸ ਮੁਲਾਜ਼ਮ ਮੁਸਲਮਾਨ ਲਗਾਏ ਗਏ, ਜਿਨ੍ਹਾਂ ਨੂੰ ਸਿੱਖਾਂ ਨਾਲ ਜਾਂ ਬੱਬਰਾਂ ਦੇ ਸੰਘਰਸ਼ ਨਾਲ ਕੋਈ ਹਮਦਰਦੀ ਨਹੀਂ ਸੀ। ਬੱਬਰਾਂ ਨੂੰ ਫੜਾਉਣ ਵਿੱਚ ਸਹਾਈ ਹੋਣ ਵਾਲਿਆਂ ਨੂੰ ਬਾਰ ਵਿੱਚ ਜ਼ਮੀਨ ਦੇ ਮੁਰੱਬੇ ਅਤੇ ਨਕਦ ਇਨਾਮਾਂ ਦੇ ਪੋਸਟਰ ਛਪਾ ਕੇ ਪਿੰਡਾਂ ਵਿੱਚ ਲਾਏ ਗਏ, ਜਿਸ ਦੇ ਲਾਲਚ ਵਿੱਚ ਫਸ ਕੇ ਝੋਲੀਚੁੱਕ, ਜਸੂਸ ਅਤੇ ਕੁਝ ਬੱਬਰ ਵੀ ਆਪਣੇ ਸਾਥੀਆਂ ਵਿਰੁੱਧ ਗਦਾਰੀ ਕਰਨ 'ਤੇ ਉੱਤਰ ਆਏ। ਅਜਿਹਾ ਹੀ ਇੱਕ ਗਦਾਰ ਅਨੂਪ ਸਿੰਘ ਮਾਣਕੋ ਸੀ, ਜੋ ਬੱਬਰ ਕਰਮ ਸਿੰਘ ਨੂੰ ਆਪਣਾ ਧਰਮ ਦਾ ਪਿਤਾ ਕਹਿੰਦਾ ਹੁੰਦਾ ਸੀ ਅਤੇ ਬੱਬਰ ਸਾਹਿਬ ਉਸ ਨੂੰ ਧਰਮ ਦਾ ਪੁੱਤਰ ਆਖਦੇ ਸਨ। 
30 ਅਗਸਤ, 1923 ਨੂੰ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਰਿਆਸਤ ਕਪੂਰਥਲਾ ਵਿਖੇ ਸੱਤ ਬੱਬਰ ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਧੰਨਾ ਸਿੰਘ ਬਹਿਬਲਪੁਰ ਅਤੇ ਦਲੀਪ ਸਿੰਘ ਧਾਮੀਆਂ ਸਣੇ ਗਦਾਰ ਅਨੂਪ ਸਿੰਘ ਮਾਣਕੋ ਦੇ ਰਾਮਗੜ੍ਹੀਆਂ ਦੀ ਕੋਠੀ, ਜੋ ਪਿੰਡੋਂ ਬਾਹਰ ਸੀ, ਵਿਖੇ ਠਹਿਰੇ ਹੋਏ ਸਨ। ਉਸ ਦਿਨ ਗਦਾਰ ਅਨੂਪ ਸਿੰਘ ਦਾ ਰੰਗ ਉੱਡਿਆ ਹੋਇਆ ਅਤੇ ਅਵਾਜ਼ ਥਥਲਾਉਂਦੀ ਦੇਖ ਕੇ ਬੱਬਰ ਧੰਨਾ ਸਿੰਘ ਬਹਿਬਲਪੁਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਕਿਹਾ ਕਿ ਮੈਨੂੰ ਅੱਜ ਅਨੂਪ ਸਿੰਘ ਦੀ ਨੀਅਤ ਖਰਾਬ ਲਗਦੀ ਏ। ਬੱਬਰ ਕਰਮ ਸਿੰਘ ਨੇ ਕਿਹਾ, ''ਤੂੰ ਤਾਂ ਐਵੇਂ ਸ਼ੱਕ ਕਰਦਾ ਏਂ, ਉਸਨੂੰ ਮਰੋੜ ਲੱਗੇ ਹੋਏ ਨੇ ਤਾਂ ਹੀ ਉਹ ਘੜੀ-ਮੁੜੀ ਖੇਤਾਂ ਵੱਲ ਜਾਂਦਾ ਏ। ਉਹ ਤਾਂ ਮੇਰਾ ਧਰਮ ਪੁੱਤਰ ਏ।'' 
ਬੱਬਰ ਜਥਾ ਇੱਕ ਰਾਤ ਤੋਂ ਵੱਧ ਇੱਕ ਟਿਕਾਣੇ 'ਤੇ ਨਹੀਂ ਠਹਿਰਿਆ ਕਰਦਾ ਸੀ ਅਤੇ ਅਗਲੇ ਦਿਨ ਉਹ ਬੰਬੇਲੀ, ਜੋ ਇੱਥੋਂ ਦੋ ਕੁ ਮੀਲ ਦੱਖਣ ਵੱਲ ਨੂੰ ਹੈ, ਨੂੰ ਚੱਲਣ ਲੱਗੇ ਤਾਂ ਗਦਾਰ ਅਨੂਪ ਸਿੰਘ ਬੱਬਰ ਸਾਹਿਬ ਨੂੰ ਕਹਿਣ ਲੱਗਾ, ''ਮੈਨੂੰ ਮਰੋੜ ਲੱਗੇ ਹੋਏ ਨੇ, ਇਸ ਲਈ ਤੁਸੀਂ ਚੱਲੋ ਮੈਂ ਕੱਲ੍ਹ ਨੂੰ ਆ ਜਾਵਾਂਗਾ।'' ਡੁਮੇਲੀ ਤੋਂ ਬੰਬੇਲੀ ਵੱਲ ਨੂੰ ਥੋੜ੍ਹੀ ਦੂਰ ਜਾ ਕੇ ਬੱਬਰ ਧੰਨਾ ਸਿੰਘ ਬਹਿਬਲਪੁਰ ਨੇ ਬੱਬਰ ਕਰਮ ਸਿੰਘ ਨੂੰ ਕਿਹਾ, ਜਿਸ ਟਿਕਾਣੇ 'ਤੇ ਠਹਿਰਨ ਦਾ ਤੁਸੀਂ ਅਨੂਪ ਸਿੰਘ ਨੂੰ ਬੰਬੇਲੀ ਠਹਿਰਨ ਦਾ ਜੋ ਦੱਸਿਆ ਹੈ, ਆਪਾਂ ਨੂੰ ਅੱਜ ਉੱਥੇ ਨਹੀਂ, ਕਿਸੇ ਹੋਰ ਥਾਂ ਠਹਿਰਨਾ ਚਾਹੀਦਾ ਹੈ। ਜਦੋਂ ਬੱਬਰ ਕਰਮ ਸਿੰਘ ਨਾ ਮੰਨੇ ਤਾਂ ਬੱਬਰ ਧੰਨਾ ਸਿੰਘ, ਦਲੀਪ ਸਿੰਘ ਧਾਮੀਆਂ ਦੀ ਬਾਂਹ ਫੜ੍ਹ ਕੇ ਬੋਲਿਆ, ''ਚੱਲ ਆਪਾਂ ਅੱਜ ਹੋਰ ਕਿਸੇ ਪਾਸੇ ਚਲਦੇ ਹਾਂ। ਇਨ੍ਹਾਂ ਦਾ ਧਰਮ ਪੁੱਤਰ ਇਨ੍ਹਾਂ ਨੂੰ ਜ਼ਰੂਰ ਧਰਮਰਾਜ ਕੋਲ ਪਹੁੰਚਾਏਗਾ।'' 
ਇਹ ਆਖ ਕੇ ਉਹ ਦੋਵੇਂ ਬੰਬੇਲੀ ਦੀ ਬਜਾਏ ਪਿੰਡ ਪਾਂਛਟਾ ਨੂੰ ਚਲੇ ਗਏ ਅਤੇ ਆਪਣੇ ਇੱਕ ਭਰੋਸੇਮੰਦ ਟਿਕਾਣੇ 'ਤੇ ਜਾ ਠਹਿਰੇ। ਗਦਾਰ ਅਨੂਪ ਸਿੰਘ ਨੇ ਪਿੰਡ ਡੁਮੇਲੀ ਪਹੁੰਚ ਕੇ ਆਪਣੇ ਚਾਚੇ ਦੇ ਪੁੱਤਰ ਕੇਵਲ ਸਿੰਘ ਨੂੰ ਪਿੰਡ ਮਾਣਕੋ ਭੇਜਿਆ ਕਿ ਜਾ ਕੇ ਗਦਾਰ ਦੇ ਚਾਚੇ ਬੋਘ ਸਿੰਘ ਸੀ. ਆਈ. ਡੀ. ਦੇ ਸਿਪਾਹੀ ਨੂੰ ਬੱਬਰਾਂ ਦੇ ਕੱਲ੍ਹ ਦੇ ਬੰਬੇਲੀ ਦੇ ਟਿਕਾਣੇ ਬਾਰੇ ਦੱਸ ਦੇਵੇ। ਸੁਨੇਹਾ ਮਿਲਦੇ ਸਾਰ ਬੋਘ ਸਿੰਘ ਨੇ ਅੱਧੀ ਰਾਤ ਨੂੰ ਪੁਲਿਸ ਕਮਿਸ਼ਨਰ ਮਿ. ਸਮਿੱਥ ਦੀ ਕੋਠੀ ਪਹੁੰਚ ਕੇ ਇਹ ਸੂਚਨਾ ਦਿੱਤੀ। ਮਿ. ਸਮਿੱਥ ਨੇ ਤੜਕੇ ਹੀ ਇਹ ਖਬਰ ਡਿਪਟੀ ਕਮਿਸ਼ਨਰ ਮਿ. ਜੈਕਬ ਨੂੰ ਜਾ ਦਿੱਤੀ ਅਤੇ ਉਸ ਨੇ ਰਸਾਲੇ ਦੇ ਕਰਨਲ ਕਮਾਂਡਿੰਗ ਅਫਸਰ ਨੂੰ ਰਿਆਸਤ ਕਪੂਰਥਲਾ ਦੇ ਪਿੰਡ ਬੰਬੇਲੀ ਨੂੰ ਘੇਰਾ ਪਾਉਣ ਲਈ ਆਖਿਆ। 
1 ਸਤੰਬਰ, 1923 ਦੇ ਤੜਕੇ ਹੀ ਗਦਾਰ ਅਨੂਪ ਸਿੰਘ ਬੱਬਰਾਂ ਦੇ ਟਿਕਾਣੇ ਪਹੁੰਚ ਗਿਆ ਅਤੇ ਸੁੱਤੇ ਪਏ ਬੱਬਰਾਂ ਦੇ ਬੰਬ ਅਤੇ ਹਥਿਆਰ ਪਰ੍ਹੇ ਕਰ ਦਿੱਤੇ ਅਤੇ ਆਪ ਖੁਦ ਪੁਲਿਸ ਕਪਤਾਨ ਕੋਲ ਪਹੁੰਚ ਗਿਆ। ਚਾਰੇ ਬੱਬਰ ਲਲਕਾਰੇ ਮਾਰਦੇ ਪਿੰਡੋਂ ਬਾਹਰ ਚੋਈ ਵੱਲ ਨੂੰ ਨਿੱਕਲੇ। ਪੁਲਿਸ ਉਨ੍ਹਾਂ ਨੂੰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਨੂੰ ਵਾਰ-ਵਾਰ ਆਖ ਰਹੀ ਸੀ। ਪਰ ਬੱਬਰਾਂ ਨੇ ਮੁਕਾਬਲੇ ਕਰਕੇ ਸ਼ਹੀਦੀ ਪਾਈ। ਇਨ੍ਹਾਂ ਚਾਰ ਬੱਬਰਾਂ ਦੀ ਸ਼ਹੀਦੀ ਨੇ ਬੱਬਰ ਅਕਾਲੀ ਲਹਿਰ ਦਾ ਲੱਕ ਹੀ ਤੋੜ ਦਿੱਤਾ। 
ਬੱਬਰ ਕਰਮ ਸਿੰਘ ਦੌਲਤਪੁਰ ਅਤੇ ਹੋਰ ਬੱਬਰਾਂ ਦੀ ਯਾਦ ਵਿੱਚ ਪਿੰਡ ਦੌਲਤਪੁਰ ਵਿਖੇ ਇੱਕ ਬਹੁਤ ਸ਼ਾਨਦਾਰ ਬੱਬਰ ਮੈਮੋਰੀਅਲ ਹਾਲ ਬਣਿਆ ਹੋਇਆ ਹੈ, ਜਿਸ ਵਿੱਚ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਅਤੇ ਉਮਰ ਕੈਦ ਜਾਂ ਹੋਰ ਸਜ਼ਾਵਾਂ ਕੱਟਣ ਵਾਲਿਆਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਹਨ। 

ਬੱਬਰ ਕਿਸ਼ਨ ਸਿੰਘ ਗੜਗੱਜ

- ਵਾਸਦੇਵ ਸਿੰਘ ਪਰਹਾਰ, ਸਿਆਟਲ
ਫੋਨ 206-434-1155
ਬੱਬਰ ਕਿਸ਼ਨ ਸਿੰਘ ਗੜਗੱਜ ਪਿੰਡ ਬਿਣਗ, ਜੋ ਜਲੰਧਰ ਛਾਉਣੀ ਤੋਂ ਅੱਧਾ ਕੁ ਮੀਲ ਪੂਰਬ ਵੱਲ ਹੈ, ਦੇ ਵਸਨੀਕ ਸਨ। ਆਪ ਜੀ ਦੇ ਪਿਤਾ ਦਾ ਨਾਂਅ ਫਤਹਿ ਸਿੰਘ ਅਤੇ ਮਾਤਾ ਦਾ ਨਾਮ ਜੀਵੀ ਸੀ। ਬੱਬਰ ਜਵਾਨ ਹੋ ਕੇ 47 ਸਿੱਖ ਰੈਜਮੈਂਟ ਵਿੱਚ ਭਰਤੀ ਹੋਇਆ ਅਤੇ ਸੰਨ 1921 ਵਿੱਚ ਹੌਲਦਾਰ ਮੇਜਰ ਦੀ ਪਦਵੀ ਤੋਂ 22 ਰੁਪਏ ਮਹੀਨਾ ਪੈਨਸ਼ਨ ਲੈ ਕੇ ਰਿਟਾਇਰ ਹੋਇਆ ਸੀ। ਆਪਣੇ ਪਿੰਡ ਪੁੱਜਦਿਆਂ ਹੀ ਉਸ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਦੇ ਅਖਾੜੇ ਵਿੱਚ ਕੁੱਦਣ ਦਾ ਫੈਸਲਾ ਕੀਤਾ। 
ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਜਿਵੇਂ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਢਾਹੁਣਾ, ਗਦਰੀਆਂ ਨੂੰ ਦੇਸ਼ ਪਰਤਣ 'ਤੇ ਬਜਬਜ ਘਾਟ ਕਲਕੱਤਾ ਵਿਖੇ ਗੋਲੀਆਂ ਨਾਲ ਭੁੰਨਣਾ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਵਿੱਚ ਸਿੱਖਾਂ 'ਤੇ ਅੰਨ੍ਹੇਵਾਹ ਤਸ਼ੱਦਦ ਕਰਨਾ ਆਦਿ ਦਾ ਸੁਣ ਕੇ ਅੰਗਰੇਜ਼ ਸਰਕਾਰ ਵਿਰੁੱਧ ਬਗਾਵਤ ਕਰਨ ਦਾ ਸੋਚਿਆ। ਉਸ ਨੇ ਅੰਗਰੇਜ਼ ਸਰਕਾਰ ਨਾਲ ਟੱਕਰ ਲੈਣ ਦੀ ਇਹ ਵਿਉਂਤ ਬਣਾਈ ਕਿ ਸਰਕਾਰ ਦੀ ਮਸ਼ੀਨਰੀ ਦੇ ਪੁਰਜ਼ੇ ਨੰਬਰਦਾਰ, ਸਫੈਦਪੋਸ਼, ਜ਼ੈਲਦਾਰ ਅਤੇ ਹੋਰ ਝੋਲੀਚੁੱਕਾਂ ਨੂੰ ਖਤਮ ਕੀਤਾ ਜਾਵੇ ਤਾਂ ਸਰਕਾਰ ਆਪੇ ਫੇਲ੍ਹ ਹੋ ਜਾਵੇਗੀ। ਉਸ ਨੇ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ ਅਤੇ ਰਿਆਸਤ ਕਪੂਰਥਲਾ ਦੇ ਪਿੰਡਾਂ ਵਿੱਚ ਦੀਵਾਨ ਸਜਾ ਕੇ ਸਰਕਾਰ ਵਿਰੁੱਧ ਭੜਕੀਲੇ ਭਾਸ਼ਣ ਦੇਣੇ ਆਰੰਭ ਕੀਤੇ। ਉਸ ਦਾ ਭਾਸ਼ਣ ਏਨਾ ਜ਼ੋਸ਼ੀਲਾ ਅਤੇ ਭੜਕਾਊ ਹੁੰਦਾ ਸੀ ਕਿ ਸਰੋਤੇ ਉਸ ਦੇ ਖਿਆਲਾਂ ਦੇ ਬਣ ਜਾਂਦੇ ਸਨ। 
6 ਦਸੰਬਰ, 1921 ਨੂੰ ਪਿੰਡ ਹਰੀਪੁਰ, 20 ਨਵੰਬਰ, 1922 ਨੂੰ ਪਿੰਡ ਪੰਡੋਰੀ ਨਿੱਝਰਾਂ, 26 ਫਰਵਰੀ, 1922 ਨੂੰ ਪਿੰਡ ਘੁੜਿਆਲ ਦੇ ਦੀਵਾਨਾਂ ਵਿੱਚ ਖੁੱਲਮ-ਖੁੱਲ੍ਹਾ ਲੋਕਾਂ ਨੂੰ ਅੰਗਰੇਜ਼ ਸਰਕਾਰ ਦਾ ਬੋਰੀਆ-ਬਿਸਤਰਾ ਗੋਲ ਕਰਨ ਲਈ ਉਕਸਾਉਣ ਵਾਲਾ ਸੀ। ਪਿੰਡ ਘੁੜਿਆਲ ਦੇ ਉਸ ਦੇ ਭਾਸ਼ਣ ਬਾਰੇ ਬੱਬਰ ਅਕਾਲੀ ਟਰਾਇਲ ਕੇਸ ਵਿੱਚ ਮੁਲਤਾਨੀ ਗਵਾਹ ਸਫੈਦਪੋਸ਼ ਹਰਨਾਮ ਸਿੰਘ ਮਹੱਦੀਪੁਰ ਨੇ ਬਿਆਨ ਦਿੱਤਾ ਕਿ ਘੁੜਿਆਲ ਪਿੰਡ ਵਾਲੇ ਦੀਵਾਨ ਵਿੱਚ ਬੱਬਰ ਕਿਸ਼ਨ ਸਿੰਘ ਨੇ ਤਿੰਨ ਫੁੱਟੀ ਕਿਰਪਾਨ ਧੂਹ ਕੇ ਲਲਕਾਰਿਆ ਤੇ ਕਿਹਾ, ''ਪ੍ਰਿੰਸ ਆਫ ਵੇਲਜ਼, ਜੋ ਅੱਜਕੱਲ੍ਹ ਹਿੰਦੁਸਤਾਨ ਆਇਆ ਹੋਇਆ ਹੈ, ਦੇ ਗਲ਼ ਵਿੱਚ ਅੰਗਰੇਜ਼ਪ੍ਰਸਤ ਫੁੱਲਾਂ ਦੇ ਹਾਰ ਪਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਪਰ ਮੈਂ ਐਲਾਨ ਕਰਦਾ ਹਾਂ ਕਿ ਮੈਂ ਆਪਣੇ ਚੱਕਰਵਰਤੀ ਜਥੇ ਦੇ ਬਾਹੂਬਲ ਨਾਲ ਸ਼ਹਿਜ਼ਾਦੇ ਦੇ ਗਲ ਵਿੱਚ ਬੰਬਾਂ ਦੇ ਹਾਰ ਪਾਵਾਂਗਾ,'' ਸੁਣ ਕੇ ਦੀਵਾਨ ਵਿੱਚ ਬੈਠੇ ਲੋਕਾਂ ਨੇ ਬੋਲੇ ਸੋ ਨਿਹਾਲ- ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜਾ ਦਿੱਤਾ। 
ਗੱਜਾ ਸਿੰਘ ਜ਼ੈਲਦਾਰ ਹਰੀਪੁਰ ਨੇ ਅਦਾਲਤ ਵਿੱਚ ਬੱਬਰ ਖਿਲਾਫ ਬਿਆਨ ਦਿੱਤਾ ਕਿ ਹਰੀਪੁਰ ਵਾਲੇ ਦੀਵਾਨ ਵਿੱਚ ਬੱਬਰ ਨੇ ਆਖਿਆ ਕਿ, ''ਮਾਸਟਰ ਮੋਤਾ ਸਿੰਘ ਛੁਪਨ ਹੋ ਕੇ ਕਾਬਲ ਪਹੁੰਚ ਚੁੱਕਾ ਹੈ ਅਤੇ ਉਹ ਉੱਥੇ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਵੱਢ ਰਿਹਾ ਹੈ। ਮੈਂ ਅਤੇ ਮਾਸਟਰ ਮੋਤਾ ਸਿੰਘ ਕਦੇ ਅੰਗਰੇਜ਼ ਪੁਲਿਸ ਦੇ ਹੱਥ ਨਹੀਂ ਆਵਾਂਗੇ।'' 
ਸਤੰਬਰ 1922 ਵਿੱਚ ਡਿਪਟੀ ਕਮਿਸ਼ਨਰ ਜਲੰਧਰ ਮਿ. ਜੈਕਬ ਨੇ ਦੁਆਬੇ ਵਿੱਚ ਹਾਲਾਤ ਵਿਗੜਦੇ ਦੇਖ ਡੀ. ਆਈ. ਜੀ. (ਸੀ. ਆਈ. ਡੀ.) ਲਾਹੌਰ ਨੂੰ ਲਿਖਿਆ ਕਿ ਜੇ ਬੱਬਰ ਅਕਾਲੀਆਂ ਦੀ ਚੜ੍ਹਤ ਨਾ ਰੋਕੀ ਤਾਂ ਸਰਕਾਰ ਦੇ ਵਫਾਦਰਾਂ ਦਾ ਸਫਾਇਆ ਹੋ ਜਾਵੇਗਾ। ਨਵੰਬਰ 1922 ਨੂੰ ਸਰਕਾਰੀ ਅਫਸਰਾਂ ਦੀ ਇੱਕ ਉੱਚ ਪੱਧਰੀ ਕਾਨਫਰੰਸ ਹੋਈ, ਜਿਸ ਵਿੱਚ ਭਗੌੜੇ ਹੋਏ ਬੱਬਰਾਂ ਕਰਮ ਸਿੰਘ ਦੌਲਤਪੁਰ ਅਤੇ ਕਿਸ਼ਨ ਸਿੰਘ ਗੜਗੱਜ ਦੀ ਗ੍ਰਿਫਤਾਰੀ ਕਰਵਾਉਣ ਵਾਲਿਆਂ ਨੂੰ ਇਨਾਮ ਦੇ ਇਸ਼ਤਿਹਾਰ ਛਾਪੇ ਗਏ। ਬੱਬਰਾਂ ਨੇ ਹੇਠ ਲਿਖੀਆਂ ਵਾਰਦਾਤਾਂ ਇਸ ਸਮੇਂ ਕੀਤੀਆਂ-
1. ਬਿਸ਼ਨ ਸਿੰਘ ਜ਼ੈਲਦਾਰ ਰਾਣੀ ਥੂਹਾ ਦਾ ਕਤਲ
2. ਬੂਟਾ ਸਿੰਘ ਨੰਬਰਦਾਰ ਨੰਗਲਸ਼ਾਮਾ ਦਾ ਕਤਲ
3. ਲਾਭ ਸਿੰਘ ਮਿਸਤਰੀ ਪਿੰਡ ਡਡਿਆਲ ਦਾ ਕਤਲ
4. ਹਜ਼ਾਰਾ ਸਿੰਘ ਨੰਬਰਦਾਰ ਬਹਿਬਲਪੁਰ ਦਾ ਕਤਲ
5. ਸੂਬੇਦਾਰ ਗੇਂਦਾ ਸਿੰਘ ਪਿੰਡ ਘੁਡਿਆਲ ਦਾ ਕਤਲ
ਅਰਜਨ ਸਿੰਘ ਪਟਵਾਰੀ ਪਿੰਡ ਹਰੀਪੁਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਜਾਂਦਾ ਰਿਹਾ। 
ਦੁਆਬੇ ਦੇ ਆਮ ਲੋਕ ਬੱਬਰਾਂ ਦੇ ਹੱਕ ਵਿੱਚ ਸਨ ਤੇ ਉਹ ਬੱਬਰਾਂ ਨੂੰ ਠਹਿਰਨ ਲਈ ਥਾਂ ਅਤੇ ਲੰਗਰ ਪਾਣੀ ਦੀ ਸੇਵਾ ਖੁਸ਼ੀ ਨਾਲ ਕਰਦੇ ਸਨ। ਪਰ ਜਿੱਥੇ ਕਣਕ ਦੀ ਫਸਲ ਹੋਵੇ, ਉਸ ਵਿੱਚ ਕਾਂਗਹਾਰੀ ਹੋ ਹੀ ਜਾਂਦੀ ਹੈ। ਬੱਬਰ ਕਿਸ਼ਨ ਸਿੰਘ ਦੇ ਚਾਚੇ ਦਾ ਪੁੱਤ ਕਾਬਲ ਸਿੰਘ ਆਪਣੇ ਸਹੁਰੇ ਲਾਭ ਸਿੰਘ ਪਿੰਡ ਢੱਡੇ ਫਤਹਿ ਸਿੰਘ ਦੇ ਕਹਿਣ 'ਤੇ ਇਨਾਮ ਦੇ ਲਾਲਚ ਵਿੱਚ ਆਪਣੇ ਭਰਾ ਨਾਲ ਭਰਾ-ਮਾਰ ਕਰਨ 'ਤੇ ਉੱਤਰ ਆਇਆ। ਉਹ ਕਿਸੇ ਬਹਾਨੇ ਨਾਲ ਬੱਬਰ ਨੂੰ ਢੱਡੇ ਫਤਹਿ ਸਿੰਘ ਲੈ ਗਿਆ। ਰਾਤ ਨੂੰ ਸੌਂਣ ਲੱਗਿਆਂ ਉਸ ਨੇ ਬੱਬਰ ਦੇ ਹਥਿਆਰ ਪਰ੍ਹੇ ਕਰ ਦਿੱਤੇ। ਲਾਭ ਸਿੰਘ ਨੇ ਹਰਿਆਣਾ ਥਾਣੇ ਤੋਂ ਪੁਲਿਸ ਪਾਰਟੀ ਬੁਲਾ ਲਈ। ਗੱਦਾਰਾਂ ਨੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਕੇ ਜੰਦਰਾ ਮਾਰ ਦਿੱਤਾ ਕਿ ਕਿਤੇ ਬੱਬਰ ਜਾਗ ਕੇ ਬੂਹਾ ਖੋਲ੍ਹ ਕੇ ਭੱਜ ਨਾ ਜਾਵੇ। ਪੁਲਿਸ ਨੇ ਦਰਵਾਜ਼ਾ ਤੋੜ ਕੇ ਨਿਹੱਥੇ ਬੱਬਰ ਨੂੰ ਹੱਥਕੜੀ ਅਤੇ ਪੈਰਾਂ ਵਿੱਚ ਬੇੜੀ ਪਾ ਲਈ, ਜਿਸ ਨਾਲ ਉਹ ਇੱਕ ਫੁੱਟ ਤੋਂ ਵੱਧ ਪੈਰ ਨਹੀਂ ਪੁੱਟ ਸਕਦਾ ਸੀ। 
ਦਿਨ ਚੜ੍ਹ ਗਿਆ ਸੀ ਤੇ ਬੱਬਰ ਦੀ ਗ੍ਰਿਫਤਾਰੀ ਦੀ ਖਬਰ ਇਸ ਪਿੰਡ ਤੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਸੀ। ਇਸ ਪਿੰਡ ਦੀਆਂ ਜਨਾਨੀਆਂ ਨੇ ਇਕੱਠੀਆਂ ਹੋ ਕੇ ਲਾਭ ਸਿੰਘ ਝੋਲੀਚੁੱਕ ਦੇ ਘਰ ਅੱਗੇ ਉਸ ਦਾ ਪਿੱਟ ਸਿਆਪਾ ਕਰਕੇ ਉਸ ਨੂੰ ਲਾਹਣਤਾਂ ਪਾਈਆਂ। ਬੱਬਰ ਨੂੰ ਲੈ ਕੇ ਪੁਲਿਸ ਪਾਰਟੀ ਜਦੋਂ ਸ਼ਾਮ ਚੁਰਾਸੀ ਤੋਂ ਆਦਮਪੁਰ ਨੂੰ ਜਾਂਦੀ ਕੱਚੀ ਸੜਕ 'ਤੇ ਜਾ ਰਹੀ ਸੀ ਤਾਂ ਪਿੰਡ ਪੰਡੋਰੀ ਨਿੱਝਰਾਂ ਦੇ ਗੁਰਦੁਆਰੇ ਕੋਲ ਲੋਕਾਂ ਦਾ ਸਮੂਹ ਡਾਂਗਾਂ, ਕੁਹਾੜੀਆਂ ਅਤੇ ਬਰਛੇ ਲਈ ਤਿਆਰ ਖੜ੍ਹਾ ਸੀ ਕਿ ਬੱਬਰ ਨੂੰ ਹਰ ਹਾਲਤ ਵਿੱਚ ਪੁਲਿਸ ਤੋਂ ਆਜ਼ਾਦ ਕਰਵਾ ਲੈਣਾ ਹੈ। 
ਲੋਕਾਂ ਨੂੰ ਭੱਜੇ ਆਉਂਦੇ ਵੇਖ ਕੇ ਅੰਗਰੇਜ਼ ਪੁਲਿਸ ਕਪਤਾਨ ਘੋੜੇ ਤੋਂ ਹੇਠਾਂ ਉੱਤਰ ਆਇਆ। ਬੱਬਰ ਨੇ ਕਿਹਾ, ''ਸਾਬ੍ਹ ਜੀ ਮੈਂ ਲੋਕਾਂ ਨੂੰ ਸ਼ਾਂਤ ਕਰਦਾ ਹਾਂ।'' ਤੇ ਲੋਕਾਂ ਨੂੰ ਸੰਬੋਧਨ ਕਰਕੇ ਕਿਹਾ, ''ਭਰਾਵੋ ਐਸ ਵੇਲੇ ਤੁਸੀਂ ਮੈਨੂੰ ਛੁਡਾ ਵੀ ਲਿਆ ਤਾਂ ਇਸ ਦੇ ਸਿੱਟੇ ਵਜੋਂ ਜਲ੍ਹਿਆਂ ਵਾਲੇ ਬਾਗ ਵਾਂਗ ਲੋਕ ਮਾਰੇ ਜਾਣਗੇ। ਹਰ ਘਰ-ਘਰ ਗੜਗੱਜ ਪੈਦਾ ਹੋ ਚੁੱਕੇ ਹਨ, ਜਿਹੜੇ ਇਸ ਜ਼ਾਲਮ ਸਰਕਾਰ ਨੂੰ ਇੱਥੋਂ ਭਜਾ ਕੇ ਦਮ ਲੈਣਗੇ।'' ਗੋਰਾ ਪੁਲਿਸ ਕਪਤਾਨ ਮੌਕੇ ਦੀ ਨਜ਼ਾਕਤ ਦੇਖ ਕੇ ਚੁੱਪ ਰਿਹਾ ਅਤੇ ਬੱਬਰ ਦੀ ਹੱਥਕੜੀ ਫੜ ਕੇ ਨਾਲ ਨਾਲ ਤੁਰਦਾ ਗਿਆ। ਖੁਰਦਪੁਰ ਪੱਕੀ ਸੜਕ 'ਤੇ ਪੁੱਜ ਕੇ ਇੱਕ ਪੁਲੀ 'ਤੇ ਖੜ੍ਹ ਕੇ ਬੱਬਰ ਨੇ ਆਖਰੀ ਲੈਕਚਰ ਦੇ ਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵਾਪਸ ਮੁੜ ਜਾਣ। ਇਹ 26 ਫਰਵਰੀ, 1923 ਦਾ ਵਾਕਿਆ ਹੈ। 
ਬੱਬਰ ਜਥੇ ਨੇ ਪੜਤਾਲ ਕਰਕੇ ਤਸੱਲੀ ਕੀਤੀ ਕਿ ਇਹ ਕਾਰਾ ਕਾਬਲ ਸਿੰਘ ਬਿਣਗ ਅਤੇ ਉਸ ਦੇ ਸਹੁਰੇ ਲਾਭ ਸਿੰਘ ਨੇ ਕੀਤਾ ਹੈ ਤਾਂ ਉਨ੍ਹਾਂ ਨੇ ਸੋਧਾ ਲਾਉਣ ਵਾਲਿਆਂ ਦੀ ਲਿਸਟ ਵਿੱਚ ਇਨ੍ਹਾਂ ਦੇ ਨਾਂਅ ਲੜੀ ਨੰਬਰ 26 ਅਤੇ 27 'ਤੇ ਲਿਖ ਲਏ। ਬੱਬਰਾਂ ਨੇ ਤਿੰਨ ਵਾਰ ਲਾਭ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਜਾਂਦਾ ਰਿਹਾ ਅਤੇ ਅਖੀਰ ਆਪਣੇ ਜਵਾਈ ਕੋਲ ਪਿੰਡ ਬਿਣਗ ਪੁਲਿਸ ਦਾ ਹਿਫਾਜ਼ਤ ਵਿੱਚ ਦਿਨ ਕਟੀ ਕਰਦਾ ਰਿਹਾ। ਪਿੰਡ ਬਿਣਗ ਦੇ ਲੋਕ ਉਸ ਦੇ ਮੂੰਹ 'ਤੇ ਥੁੱਕਦੇ ਅਤੇ ਬੁੜ੍ਹੀਆਂ ਉਸ ਨੂੰ ਚਿੜਾਉਣ ਲਈ ਉਸ ਦਾ ਸਿਆਪਾ ਕਰਦੀਆਂ ਸਨ। ਇਸ ਡਰ ਤੋਂ ਉਹ ਘਰੋਂ ਬਾਹਰ ਹੀ ਨਾ ਨਿੱਕਲਦਾ। 
ਬੱਬਰ ਅਕਾਲੀਆਂ ਦੇ ਦੂਜੇ ਕੰਮ ਪਾਇਰੇਸੀ ਕੇਸ, ਜੋ 1924 ਵਿੱਚ ਚੱਲਿਆ, 91 ਮੁਜ਼ਰਮਾਂ ਵਿੱਚ ਬੱਬਰ ਕਿਸ਼ਨ ਸਿੰਘ ਦਾ ਪਹਿਲੇ ਨੰਬਰ 'ਤੇ ਸੀ। ਇਸ ਬੱਬਰ ਨੇ ਕੋਈ ਵਕੀਲ ਕਰਨ ਤੋਂ ਨਾਂਹ ਕੀਤੀ। ਉਸ ਨੂੰ ਫਾਂਸੀ ਦੀ ਸਜ਼ਾ ਹੋਈ। ਉਨ੍ਹਾਂ ਨੇ ਫਾਂਸੀ ਲੱਗਣ ਤੋਂ ਪਹਿਲਾਂ ਆਖਰੀ ਮੁਲਾਕਾਤ ਸਮੇਂ ਇੱਕੋ ਗੱਲ ਦੀ ਮੰਗ ਕੀਤੀ ਕਿ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਜ਼ਰੂਰ ਲਿਖਿਆ ਜਾਵੇ, ਜਿਸ ਨਾਲ ਉਨ੍ਹਾਂ ਦੀਆਂ ਰੂਹਾਂ ਖੁਸ਼ ਹੋਣਗੀਆਂ।