ਬੱਬਰ ਕਰਤਾਰ ਸਿੰਘ ਨਿੱਝਰ

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਪਿੰਡ ਪੰਡੋਰੀ ਨਿੱਝਰਾਂ, ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ. 38 ਅਤੇ ਰਕਬਾ ਜ਼ਮੀਨ 511 ਹੈਕਟੇਅਰ ਹੈ। ਇਹ ਪਿੰਡ ਆਦਮਪੁਰ ਦੁਆਬਾ ਤੋਂ ਭੋਗਪੁਰ ਨੂੰ ਜਾਣ ਵਾਲੀ ਸੜਕ ਤੋਂ ਤਿੰਨ ਕੁ ਮੀਲ ਜਾ ਕੇ ਸੱਜੇ ਹੱਥ ਅੱਧਾ ਕੁ ਮੀਲ 'ਤੇ ਹੈ। ਮੁੱਖ ਸੜਕ ਤੋਂ ਪਿੰਡ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਵਾਲਿਆਂ ਨੇ ਬੱਬਰਾਂ ਦੀ ਯਾਦ ਵਿੱਚ ਗੇਟ ਬਣਾਇਆ ਹੋਇਆ ਹੈ। ਬੱਬਰ ਅਕਾਲੀ ਲਹਿਰ ਵਿੱਚ ਇਸ ਪਿੰਡ ਦੇ ਨਿੱਝਰ ਗੋਤ ਵਾਲਿਆਂ ਦਾ ਸਭ ਤੋਂ ਵੱਧ ਯੋਗਦਾਨ ਹੈ। 

ਨਿੱਝਰ ਗੋਤ ਬਾਰੇ ਡਾ. ਬਖਸ਼ੀਸ਼ ਸਿੰਘ ਨਿੱਝਰ, ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼ ਦਾ ਕਥਨ ਹੈ ਕਿ ਨਿੱਝਰ ਗੋਤ ਰਾਜਪੂਤ ਗੋਤ ਤੇ ਬਾਬਾ ਰਾਣਾ ਦੀ ਅਗਵਾਈ ਵਿੱਚ ਆਪਣਾ ਪਿੰਡ ਨਿਜਰੌਲੀਆਂ ਜ਼ਿਲ੍ਹਾ ਗੁੜਗਾਉਂ ਛੱਡ ਕੇ ਚਾਰ ਕੁ ਸੌ ਸਾਲ ਪਹਿਲਾਂ ਆ ਕੇ ਪਹਿਲਾਂ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿੱਚ ਅਬਾਦ ਹੋਏ। ਉਹ ਲੇਖਕ ਨੂੰ ਦੱਸਿਆ ਕਰਦੇ ਸਨ ਕਿ ਕੇਵਲ ਰਾਜਪੂਤ ਹੀ ਰਾਣਾ ਖਿਤਾਬ ਦੇ ਹੱਕਦਾਰ ਸਨ। ਬਾਬਾ ਰਾਣਾ ਦੀ ਸਮਾਧ 'ਤੇ ਨਿੱਝਰ ਆਪਣੇ ਨਵੇਂ ਵਿਆਹੇ ਜੋੜਿਆਂ ਨੂੰ ਮੱਥਾ ਟਿਕਾਉਣ ਲਿਆਉਂਦੇ ਹਨ। ਡੁਮੇਲੀ ਤੋਂ ਬਾਅਦ ਨਿੱਝਰ ਜੱਟ ਹੋਰ ਕਈ ਪਿੰਡਾਂ ਵਿੱਚ ਅਬਾਦ ਹੋ ਗਏ। 

ਬੱਬਰ ਕਰਤਾਰ ਸਿੰਘ ਦੇ ਪਿਤਾ ਸ. ਦੇਵਾ ਸਿੰਘ ਗਦਰ ਲਹਿਰ ਦੇ ਦਿਨਾਂ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੈਨੇਡਾ ਦੀ ਕਮਾਈ ਛੱਡ ਕੇ ਪਿੰਡ ਆ ਗਿਆ ਸੀ। ਉਸ ਦੀ ਸਿੱਖਿਆ 'ਤੇ ਹੀ ਉਸ ਦੇ ਪੁੱਤਰ ਕਰਤਾਰ ਸਿੰਘ ਉਮਰ 20 ਸਾਲ ਅਤੇ ਹੁਕਮ ਸਿੰਘ ਉਮਰ 18 ਸਾਲ ਬੱਬਰਾਂ ਦੀ ਸੇਵਾ ਕਰਦੇ ਉਨ੍ਹਾਂ ਦੇ ਹੀ ਹਮਖਿਆਲ ਬਣ ਗਏ। ਸੰਨ 1922 ਅਤੇ 1923 ਵਿੱਚ ਚੋਟੀ ਦੇ ਬੱਬਰ ਕਰਮ ਸਿੰਘ ਦੌਲਤਪੁਰ, ਬਾਬੂ ਸੰਤਾ ਸਿੰਘ ਛੋਟੀ ਹਰਿਉਂ, ਬੱਬਰ ਧੰਨਾ ਸਿੰਘ ਬਹਿਬਲਪੁਰ ਅਤੇ ਇਸੇ ਪਿੰਡ ਦੇ ਵਤਨ ਸਿੰਘ ਝੀਰ ਕਈ-ਕਈ ਦਿਨ ਪਿੰਡ ਪੰਡੋਰੀ ਨਿੱਝਰਾਂ ਰਹਿੰਦੇ ਸਨ। ਪਿੰਡ ਦਾ ਬਹੁਤ ਸਾਰੀ ਬੇਅਬਾਦ ਜ਼ਮੀਨ ਵਿੱਚ ਦਰਖਤਾਂ ਦੀ ਸੰਘਣੀ ਝਿੜੀ ਵਿੱਚ ਇੱਕ ਛੰਨਪਾਈ ਹੋਈ ਸੀ, ਜੋ ਕਿ ਬੱਬਰਾਂ ਦੀ ਛੁਪਣਗਾਹ ਸੀ। ਪਿੰਡ ਦੇ ਨੌਜਵਾਨ ਘਰਾਂ ਤੋਂ ਲਿਆ ਕੇ ਉਨ੍ਹਾਂ ਦੀ ਲੰਗਰ ਪਾਣੀ ਦੀ ਪੂਰੀ ਸੇਵਾ ਕਰਦੇ ਸਨ। ਉਨ੍ਹਾਂ ਵਿੱਚ ਹੀ ਬੱਬਰ ਕਰਤਾਰ ਸਿੰਘ ਸਨ। 

ਉਸ ਉੱਤੇ ਇਹ ਦੋਸ਼ ਸਾਬਤ ਹੋ ਗਿਆ ਕਿ ਉਸ ਨੇ ਗਦਾਰ ਲਾਭ ਸਿੰਘ ਢੱਡੇ ਫਤੇਹ ਸਿੰਘ ਅਤੇ ਅਰਜਨ ਸਿੰਘ ਪਟਵਾਰੀ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਲਿਆ ਸੀ। ਉਸ ਵਿਰੁੱਧ ਪੰਡੋਰੀ ਨਿੱਝਰਾਂ ਦੇ ਦੋਨੋਂ ਲੰਬੜਦਾਰਾਂ ਅਤੇ ਦੋਨੋਂ ਚੌਂਕੀਦਾਰਾਂ ਮੌਲੂ ਅਤੇ ਜੀਵਨ ਨੇ ਠੋਕ ਕੇ ਗਵਾਹੀਆਂ ਦਿੱਤੀਆਂ ਸਨ। ਖਾਸਕਰ ਸਰਕਾਰ ਦੇ ਝੋਲੀਚੁੱਕ ਰਣਜੀਤ ਸਿੰਘ ਉਰਫ ਅਜੀਤ ਸਿੰਘ ਨੇ ਉਸ ਨੂੰ ਬਹੁਤ ਖਤਰਨਾਕ ਬੱਬਰ ਅਕਾਲੀ ਦੱਸਿਆ ਸੀ। ਐਡੀਸ਼ਨਲ ਸ਼ੈਸ਼ਨ ਜੱਜ ਮਿਸਟਰ ਟੱਪ ਨੇ ਉਸ ਦੀ ਜਵਾਨੀ ਦਾ ਲਿਹਾਜ ਕਰਕੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਜਦੋਂ ਹਾਈਕੋਰਟ ਨੇ ਉਸ ਦੇ ਕੇਸ 'ਤੇ ਨਜ਼ਰਸਾਨੀ ਕੀਤੀ ਤਾਂ ਲੰਬੜਦਾਰ, ਚੌਂਕੀਦਾਰਾਂ ਅਤੇ ਅਜੀਤ ਸਿੰਘ ਦੀਆਂ ਠੋਸ ਗਵਾਹੀਆਂ ਕਾਰਨ ਉਸ ਨੂੰ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਡਾ. ਬਖਸ਼ੀਸ਼ ਸਿੰਘ ਨਿੱਝਰ ਹੁਰੀਂ ਇਸ ਬੱਬਰ ਨੂੰ 1985 'ਚ ਮਿਲੇ ਤਾਂ ਉਹ 84 ਸਾਲ ਦੀ ਉਮਰ ਵਿੱਚ ਚੰਗਾ ਸਿਹਤਮੰਦ ਸੀ।

ਬੱਬਰ ਪੰਡਤ ਸੁੰਦਰ

- ਵਾਸਦੇਵ ਸਿੰਘ ਪਰਹਾਰ 
ਫੋਨ 206-434-1155
ਬੱਬਰ ਸੁੰਦਰ ਪੁੱਤਰ ਪੰਡਤ ਨੰਦ ਨਾਲ ਭਨੋਟ ਗੋਤ ਦਾ ਬ੍ਰਾਹਮਣ ਪਿੰਡ ਕੋਟ ਫਤੂਹੀ ਥਾਣਾ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਬੱਬਰ ਅਕਾਲੀ ਲਹਿਰ ਵਿੱਚ ਭਾਗ ਲੈਣ ਸਮੇਂ ਉਹ ਤੀਹ ਕੁ ਸਾਲ ਦਾ ਚੰਗੀ ਸਿਹਤ ਵਾਲਾ ਜਵਾਨ ਸੀ। ਕੋਟ ਫਤੂਹੀ ਪਿੰਡ ਵਿੱਚ ਉਨ੍ਹਾਂ ਦੀ ਹਲਵਾਈ ਦੀ ਦੁਕਾਨ ਸੀ। 
ਸੁੰਦਰ ਨੇ ਭਾਵੇਂ ਕਿਸੇ ਝੋਲੀ ਚੁੱਕ ਦੇ ਕਤਲ ਵਿੱਚ ਹਿੱਸਾ ਨਹੀਂ ਲਿਆ ਸੀ ਪਰ ਬੱਬਰ ਅਕਾਲੀ ਜਥੇ ਦੀਆਂ ਸਰਗਰਮੀਆਂ ਵਿੱਚ ਉਸ ਦਾ ਵਿਸ਼ੇਸ਼ ਯੋਗਦਾਨ ਸੀ। ਪਿੰਡ ਕੋਟ ਫਤੂਹੀ ਬੱਬਰਾਂ ਦੀ ਹਾਈਕੋਰਟ ਸੀ ਅਤੇ ਚੋਟੀ ਦੇ ਬੱਬਰਾਂ ਦੀਆਂ ਮੀਟਿੰਗਾਂ ਇੱਥੇ ਹੁੰਦੀਆਂ ਰਹਿੰਦੀਆਂ ਸਨ। ਪੰਡਤ ਸੁੰਦਰ ਮੋਢੇ 'ਤੇ ਹਲਵਾਈਆਂ ਵਾਲਾ ਖੁਰਚਣਾ ਰੱਖੀ, ਪਿੰਡ ਦੇ ਆਲੇ ਦੁਆਲੇ ਅਤੇ ਪਿੰਡ ਵਿੱਚ ਪੂਰੀ ਨਿਗ੍ਹਾ ਰੱਖਦਾ ਕਿ ਕੋਈ ਪੁਲਿਸ ਵਾਲਾ ਵਰਦੀ ਜਾਂ ਸਫੈਦ ਕੱਪੜਿਆਂ ਵਿੱਚ ਪਿੰਡ ਨਾ ਆਵੇ। ਪਿੰਡ ਦੇ ਲੋਕਾਂ ਨੂੰ ਉਹ ਆਖਦਾ ਕਿ ਕਿਸੇ ਪੁਲਿਸ ਵਾਲੇ ਨੂੰ ਕੋਈ ਚਾਹ ਤਾਂ ਕੀ ਪਾਣੀ ਵੀ ਨਾ ਪਿਲਾਵੇ। 
ਪੁਲਿਸ ਪਿੰਡ ਕੋਟ ਫਤੂਹੀ ਵੜਨ ਦਾ ਹੌਂਸਲਾ ਨਾ ਕਰਦੀ। ਉਸ 'ਤੇ ਇਲਜ਼ਾਮ ਸੀ ਕਿ ਉਹ ਬੱਬਰ ਅਕਾਲੀ ਦੁਆਬਾ ਅਖਬਾਰ ਪਿੰਡ ਵਿੱਚ ਵੰਡਦਾ ਸੀ ਅਤੇ ਛਪੇ ਇਸ਼ਤਿਹਾਰ ਪਿੰਡ ਦੀਆਂ ਕੰਧਾਂ 'ਤੇ ਲਾਉਂਦਾ ਹੁੰਦਾ ਸੀ। ਮਿ. ਲੁਈਸ ਏ. ਬੁੱਲ ਦੀ ਅਦਾਲਤ ਵਿੱਚ ਬੱਬਰ ਸੁੰਦਰ ਨੇ ਬਿਆਨ ਦਿੱਤਾ ਕਿ ਦਲੀਪੇ ਸਿਪਾਹੀ ਨੇ ਉਸ ਨੂੰ ਬਹੁਤ ਕੁੱਟਿਆ। ਪੁਲਿਸ ਸਾਰਾ ਦਿਨ ਹੀ ਉਸ ਨੂੰ ਕੁੱਟਦੀ ਅਤੇ ਰਾਤ ਨੂੰ ਉਣੀਂਦਾ ਰੱਖਦੀ ਕਿ ਉਹ ਤਸੀਹਿਆਂ ਤੋਂ ਡਰ ਕੇ ਬੱਬਰਾਂ ਵਿਰੁੱਧ ਬਿਆਨ ਦੇਣਾ ਮੰਨ ਜਾਵੇ ਪਰ ਇਹ ਡੋਲਿਆ ਨਹੀਂ। ਪੁਲਿਸ ਵਲੋਂ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ। 
ਗਵਾਹੀਆਂ ਦੇਣ ਵਾਲੇ ਵੀ ਉਸ ਤੋਂ ਡਰਦੇ ਸਨ, ਇਸ ਲਈ ਕੋਈ ਵੀ ਉਸ ਵਿਰੁੱਧ ਗਵਾਹੀ ਦੇਣ ਲਈ ਤਿਆਰ ਨਾ ਹੋਇਆ। ਮਿਸਟਰ ਜੇ. ਕੇ. ਟੱਪ ਸੈਸ਼ਨ ਜੱਜ ਨੇ ਫੈਸਲਾ ਸੁਣਾਉਂਦਿਆਂ ਲਿਖਿਆ, ''ਸੁੰਦਰ ਦੇ ਖਿਲਾਫ ਭੁਗਤੀਆਂ ਗਵਾਹੀਆਂ ਸਾਬਤ ਨਹੀਂ ਕਰਦੀਆਂ ਕਿ ਉਸ ਨੇ ਬੱਬਰ ਕੰਸਪਾਇਰੇਸੀ ਕੇਸ ਵਿੱਚ ਹਿੱਸਾ ਪਾਇਆ ਹੋਵੇ। ਮੈਂ ਅਸੈਸਰਜ਼ ਨਾਲ ਸਹਿਮਤ ਨਹੀਂ ਹਾਂ। ਇਸ ਲਈ ਮੈਂ ਉਸ ਨੂੰ ਦੋਸ਼ੀ ਨਾ ਸਮਝਦਾ ਹੋਇਆ ਬਰੀ ਕਰਦਾ ਹਾਂ।'' 
ਇਸ ਬੱਬਰ ਨੇ ਪੰਡਤਾਂ ਦੀ ਲਾਜ ਰੱਖ ਕੇ ਆਜ਼ਾਦੀ ਦੀ ਲਹਿਰ ਵਿੱਚ ਆਪਣਾ ਯੋਗ ਹਿੱਸਾ ਪਾਇਆ

ਬੱਬਰ ਬਚਿੰਤ ਸਿੰਘ ਡਮੁੰਡਾ

-ਵਾਸਦੇਵ ਸਿੰਘ ਪਰਹਾਰ ਫੋਨ 206-434-1155
ਪਿੰਡ ਡਮੁੰਡਾ ਜ਼ਿਲ੍ਹਾ ਜਲੰਧਰ ਦੀ ਹੱਦ ਬਸਤ ਨੰ. 64 ਅਤੇ ਰਕਬਾ ਜ਼ਮੀਨ 397 ਹੈਕਟੇਅਰ ਹੈ। ਇਹ ਕਸਬਾ ਆਦਮਪੁਰ ਤੋਂ ਚੜ੍ਹਦੇ ਵੱਲ ਨੂੰ ਜਾਂਦੀ ਨਹਿਰ 'ਤੇ ਚਾਰ ਕੁ ਮੀਲ 'ਤੇ ਨਹਿਰ ਤੋਂ ਅੱਧਾ ਕੁ ਮੀਲ ਉੱਤਰ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਦੇ ਕਈ ਸੂਰਮਿਆਂ ਨੇ ਦੇਸ਼ ਦੀ ਆਜ਼ਾਦੀ ਲਈ ਬੱਬਰ ਅਕਾਲੀ ਲਹਿਰ ਸਮੇਂ ਪੁਲਿਸ ਦੇ ਤਸ਼ੱਦਦ ਝੱਲੇ, ਜਾਇਦਾਦਾਂ ਕੁਰਕ ਕਰਵਾਈਆਂ, ਜੂਹਬੰਦ ਕੀਤੇ ਗਏ ਪਰ ਅੰਗਰੇਜ਼ ਸਰਕਾਰ ਤੋਂ ਮਾਫੀ ਨਾ ਮੰਗੀ। ਇਸ ਪਿੰਡ ਦੇ ਬੱਬਰ ਬਚਿੰਤ ਸਿੰਘ ਦਾ ਨਾਂਅ ਬੱਬਰ ਅਕਾਲੀ ਟਰਾਇਲ ਕੇਸ ਨੰ. 3, ਜਿਹੜਾ ਕਿ ਮਿਸਟਰ ਹੈਰੀਸਨ ਐਡੀਸ਼ਨਲ ਸੈਸ਼ਨ ਜੱਜ ਲਾਹੌਰ ਦੀ ਅਦਾਲਤ ਵਿੱਚ ਚੱਲਿਆ, 22 ਨੰਬਰ 'ਤੇ ਹੈ। ਇਸ ਕੇਸ 'ਚ 37 ਬੱਬਰਾਂ ਦੇ ਨਾਂਅ ਹਨ। 
ਬੱਬਰ ਬਚਿੰਤ ਸਿੰਘ 4 ਅਪ੍ਰੈਲ, 1925 ਨੂੰ ਗ੍ਰਿਫਤਾਰ ਹੋਇਆ ਅਤੇ 20 ਫਰਵਰੀ, 1926 ਨੂੰ ਉਸ ਨੂੰ ਉਮਰ ਕੈਦ ਹੋਈ। ਉਸ ਨੂੰ ਖਤਰਨਾਕ ਬੱਬਰ ਸਮਝ ਕੇ ਅੰਗਰੇਜ਼ ਸਰਕਾਰ ਨੇ ਉਸ ਨੂੰ ਕਾਲ਼ੇਪਾਣੀ (ਅੰਡੇਮਾਨ) ਭੇਜ ਦਿੱਤਾ। ਬਹੁਤੇ ਬੱਬਰਾਂ ਦੀ ਤਰ੍ਹਾਂ ਬਚਿੰਤ ਸਿੰਘ ਨੇ ਕੁਝ ਸਮਾਂ ਫੌਜ ਦੀ ਨੌਕਰੀ ਕੀਤੀ ਸੀ। ਉਸ ਦੇ ਵਿਚਾਰ ਦੇਸ਼ ਲਈ ਕੁਝ ਕਰਨ ਦੇ ਸਨ, ਜਿਸ ਕਰਕੇ ਉਸ ਨੇ ਸ਼ਾਦੀ ਦੇ ਬੰਧਨ ਵਿੱਚ ਨਾ ਫਸਣ ਦਾ ਫੈਸਲਾ ਕੀਤਾ। ਉਹ ਇਸ ਲਹਿਰ ਦੇ ਚੋਟੀ ਦੇ ਬੱਬਰਾਂ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ, ਬਾਬੂ ਸੰਤਾ ਸਿੰਘ ਛੋਟੀ ਹਰਿਉਂ, ਬੰਤਾ ਸਿੰਘ ਧਾਮੀਆਂ ਅਤੇ ਵਰਿਆਮ ਸਿੰਘ ਧੁੱਗਾ ਦੇ ਬਹੁਤ ਨੇੜੇ ਸੀ। ਬੱਬਰਾਂ ਦੇ ਵੱਡੇ-ਵੱਡੇ ਕਾਰਨਾਮਿਆਂ ਵਿੱਚ ਹਿੱਸਾ ਲੈਂਦਾ ਰਿਹਾ। ਕੋਟਲੀ ਬਾਵਾ ਦਾਸ ਦੇ ਝੋਲੀਚੁੱਕ ਮੁਖਬਰ ਜਵਾਲਾ ਸਿੰਘ ਦੇ ਕਤਲ ਵਿੱਚ 13-14 ਨਵੰਬਰ, 1923 ਨੂੰ ਉਸ ਨੇ ਹਿੱਸਾ ਪਾਇਆ ਸੀ। 
ਬੱਬਰ ਕਰਮ ਸਿੰਘ ਦੌਲਤਪੁਰ ਸਟੇਜਾਂ ਤੋਂ ਕਿਹਾ ਕਰਦੇ ਸਨ -
ਝੋਲੀ-ਚੁੱਕ ਹਰਾਂਬੜੇ ਸੱਚ ਦੱਸਾਂ,
ਬੱਬਰ ਵੱਢਣਗੇ ਵਾਂਗ ਗੰਡੇਰੀਆਂ ਦੇ। 
12 ਦਸੰਬਰ, 1923 ਨੂੰ ਕਠਾਰ ਲਾਗੇ ਪਿੰਡ ਮੰਡੇਰਾਂ 'ਚ ਬੱਬਰਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਮੰਡੇਰਾਂ ਦੇ ਜਗਤ ਸਿੰਘ ਨੇ ਬੱਬਰਾਂ ਨਾਲ ਵਿਸ਼ਵਾਸਘਾਤ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਇਸ ਸਾਕੇ ਵਿੱਚ ਦੋ ਬੱਬਰ ਬੰਤਾ ਸਿੰਘ ਧਾਮੀਆਂ ਅਤੇ ਜੁਆਲਾ ਸਿੰਘ ਸਹੋਤਾ ਫਤਹਿਪੁਰ ਕੋਠੀ ਤਾਂ ਸ਼ਹੀਦ ਹੋ ਗਏ ਪਰ ਬੱਬਰ ਵਰਿਆਮ ਸਿੰਘ ਧੁੱਗਾ ਪੁਲਿਸ ਦੇ ਸਿਪਾਹੀ ਵਜ਼ੀਰ ਖਾਨ ਨੂੰ ਜ਼ਖਮੀ ਕਰਕੇ ਬਚ ਨਿੱਕਲਿਆ। ਪੁਲਿਸ ਨੇ ਚੁਬਾਰੇ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਵਰਿਆਮ ਸਿੰਘ ਧੁੱਗਾ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਸੀ। ਮੰਡੇਰਾਂ ਤੋਂ ਭੱਜ ਕੇ ਉਹ ਤਿੰਨ ਕੁ ਮੀਲ ਦੱਖਣ ਵੱਲ ਪਿੰਡ ਡਮੁੰਡਾ ਬਚਿੰਤ ਸਿੰਘ ਕੋਲ ਬੜੀ ਨਾਜ਼ੁਕ ਹਾਲਤ ਵਿੱਚ ਪਹੁੰਚਿਆ। 
ਬਚਿੰਤ ਸਿੰਘ ਨੇ ਤਿੰਨ ਦਿਨ ਤੱਕ ਉਸ ਹੀ ਮਰਹਮ ਪੱਟੀ ਕੀਤੀ, ਪਰ ਫਿਰ ਪਿੰਡ ਤੋਂ ਮੁਖਬਰ ਤੋਂ ਵਰਿਆਮ ਸਿੰਘ ਨੂੰ ਬਚਾਉਣ ਲਈ ਆਪਣੇ ਸਾਈਕਲ 'ਤੇ ਬਿਠਾ ਕੇ ਉਸ ਨੂੰ ਪਿੰਡ ਦੌਲਤਪੁਰ (ਨੇੜੇ ਕਾਲ਼ਾ ਬੱਕਰਾ) ਜ਼ਿਲ੍ਹਾ ਜਲੰਧਰ ਵਿਖੇ ਛੱਡ ਆਇਆ। ਮੰਡੇਰਾਂ ਦਾ ਮੁਖਬਰ ਜਗਤਾ ਸੂਹ ਲੈਣ ਲਈ ਡਮੁੰਡੇ ਆਇਆ, ਜਿਸ ਤੋਂ ਚੌਕੰਨਾ ਹੋ ਕੇ ਬਚਿੰਤ ਸਿੰਘ ਨੂੰ ਉਸ ਨੂੰ ਆਪਣੇ ਘਰੋਂ ਪਰ੍ਹੇ ਕਰਨਾ ਪਿਆ। ਉਸ ਸਮੇਂ ਪਿੰਡਾਂ ਵਿੱਚ ਘਰਾਂ ਦੇ ਬੂਹੇ ਦਿਨ ਵੇਲੇ ਕੋਈ ਬੰਦ ਨਹੀਂ ਸਨ ਕਰਦੇ ਅਤੇ ਲੋਕੀਂ ਇੱਕ ਦੂਜੇ ਦੇ ਘਰ ਬਿਨਾਂ ਬੂਹਾ ਖੜਕਾਏ ਜਾਣਾ ਗਲਤ ਨਹੀਂ ਸਮਝਦੇ ਸਨ। ਬੱਬਰ ਬਚਿੰਤ ਸਿੰਘ ਦੀ ਨਿਗਰਾਨੀ ਲਈ ਪੁਲਿਸ ਦਾ ਇੱਕ ਸਿਪਾਹੀ ਡਮੁੰਡਾ ਹੀ ਰਹਿੰਦਾ ਸੀ। ਉਹ ਸਾਰਾ ਦਿਨ ਪਿੰਡ ਦੇ ਚੌਧਰੀਆਂ ਦੇ ਥੜ੍ਹੇ 'ਤੇ ਤਾਸ਼ ਖੇਡਦਾ ਰਹਿੰਦਾ, ਪਰ ਅੱਖ ਬੱਬਰ ਦੇ ਘਰ ਵੱਲ ਰੱਖਦਾ ਕਿ ਕੌਣ ਉਸ ਦੇ ਘਰ ਆਇਆ ਗਿਆ ਹੈ। 
ਬੱਬਰ ਆਪਣੇ ਦੋਸਤ ਲੱਡੂ (ਲਛਮਣ ਸਿੰਘ) ਰਾਹੀਂ ਆਪਣੇ ਸਾਥੀ ਬੱਬਰਾਂ ਨੂੰ ਲੁਕਣ ਥਾਵਾਂ 'ਤੇ ਰੋਟੀ ਭੇਜਦਾ ਹੁੰਦਾ ਸੀ, ਪਰ ਪਿੰਡ ਵਿੱਚ ਕਿਸੇ ਨੂੰ ਪਤਾ ਨਾ ਲੱਗਣ ਦਿੰਦਾ। ਉਹ ਰੋਟੀਆਂ, ਦਾਲ਼-ਸਬਜ਼ੀ ਇੱਕ ਲੋਹੇ ਦੀ ਬਾਲਟੀ ਵਿੱਚ ਟਿਕਾ ਕੇ ਉੱਪਰ ਕੱਪੜਾ ਰੱਖ ਕੇ ਉਸ 'ਤੇ ਇੱਕ ਸਾਬਣ ਦੀ ਟਿੱਕੀ ਰੱਖ ਲੈਂਦਾ। ਜੇ ਕੋਈ ਪੁੱਛਦਾ ਤਾਂ ਕਹਿੰਦਾ ਕਿ ਕਿਸੇ ਵਗਦੇ ਹਲਟ 'ਤੇ ਕੱਪੜੇ ਧੋਣ ਚੱਲਿਆ ਹਾਂ। ਉਸ ਨੂੰ ਕਈ ਵਾਰੀ ਥਾਣੇ ਬੁਲਾ ਕੇ ਮਾਰਿਆ-ਕੁੱਟਿਆ ਗਿਆ ਪਰ ਇਸ ਬਹਾਦਰ ਨੇ ਪੁਲਿਸ ਨੂੰ ਕੁਝ ਨਾ ਦੱਸਿਆ। ਉਸ ਨੂੰ ਦੇਸ਼ ਆਜ਼ਾਦ ਹੋਣ 'ਤੇ 12 ਕਿਲ੍ਹੇ ਜ਼ਮੀਨ ਹਿਸਾਰ ਜ਼ਿਲ੍ਹੇ ਵਿੱਚ ਸਰਕਾਰ ਨੇ ਦਿੱਤੀ ਅਤੇ ਕੁਝ ਪੈਨਸ਼ਨ ਵੀ ਲਾਈ। ਬੱਬਰ ਬਚਿੰਤ ਸਿੰਘ ਅਤੇ ਲਛਮਣ ਸਿੰਘ ਦੋਵੇਂ ਸੰਨ 1974 ਵਿੱਚ ਇੱਕ ਦੂਜੇ ਤੋਂ ਅੱਗੇ-ਪਿੱਛੇ ਸੁਰਗਵਾਸ ਹੋ ਗਏ। 
ਬੱਬਰ ਬਚਿੰਤ ਸਿੰਘ ਨੂੰ ਪਹਿਲਾਂ ਮੁਲਤਾਨ ਜੇਲ੍ਹ ਵਿੱਚ ਰੱਖਿਆ ਗਿਆ ਤੇ ਫਿਰ ਕਾਲ਼ੇ ਪਾਣੀ ਭੇਜ ਦਿੱਤਾ ਗਿਆ। ਰਾਹ ਵਿੱਚ ਕਲਕੱਤੇ ਦੀ ਅਲੀਪੁਰ ਜੇਲ੍ਹ ਵਿੱਚ ਜਹਾਜ਼ ਦੀ ਸੀਟ ਮਿਲਣ ਤੱਕ ਰੱਖਿਆ ਗਿਆ। ਅਲੀਪੁਰ ਜੇਲ੍ਹ ਦੇ ਅੰਗਰੇਜ਼ ਦਰੋਗੇ ਨੂੰ ਬਚਿੰਤ ਸਿੰਘ ਨੇ ਸਲਾਮ ਨਾ ਕੀਤੀ ਬਲਕਿ ਆਪਣੇ ਦੋਵੇਂ ਹੱਥ ਕੱਛਾਂ ਵਿੱਚ ਦੇ ਕੇ ਦਰੋਗੇ ਸਾਹਮਣੇ ਖੜ੍ਹਾ ਰਿਹਾ। ਦਰੋਗੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ, ''ਇਸ ਕੋ ਬੋਲੋ ਕਿ ਹਮ ਕੋ ਸਲਾਮ ਕਰੇ।'' ਬਚਿੰਤ ਸਿੰਘ ਉਸੇ ਤਰ੍ਹਾਂ ਕੱਛਾਂ ਵਿੱਚ ਹੱਥ ਦੇਈ ਖੜ੍ਹਾ ਰਿਹਾ। ਖਿਝ ਕੇ ਦਰੋਗੇ ਨੇ ਚਾਰ-ਪੰਜ ਐਂਗਲੋ ਇੰਡੀਅਨ ਸਿਪਾਹੀਆਂ ਨੂੰ ਕਿਹਾ, ''ਇਸ ਕੇ ਹਾਥ ਜ਼ਬਰਦਸਤੀ ਪਕੜ ਕਰ ਸਲਾਮ ਕਰਾਓ।'' ਚਾਰੇ ਸਿਪਾਹੀ ਬਚਿੰਤ ਸਿੰਘ ਨੇ ਵਗਾਹ ਕੇ ਪਰ੍ਹੇ ਸੁੱਟ ਦਿੱਤੇ। ਫੇਰ ਹੋਰ ਕਈ ਸਿਪਾਹੀ ਆ ਗਏ ਅਤੇ ਬਚਿੰਤ ਸਿੰਘ ਨੂੰ ਫੜ੍ਹ ਕੇ ਕੋਠੀ ਬੰਦ ਕਰ ਦਿੱਤਾ ਗਿਆ। 
ਅਗਲੇ ਹੀ ਦਿਨ ਬਚਿੰਤ ਸਿੰਘ ਨੂੰ ਵਾਪਸ ਮੁਲਤਾਨ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿੱਚ ਉਸ ਨੂੰ ਐਨਾ ਕੁੱਟਿਆ ਗਿਆ ਕਿ ਉਹ ਬੇਹੋਸ਼ ਹੋ ਗਿਆ। ਜਿਸ ਦੀ ਗਲਵਕੜੀ 'ਚੋਂ ਬੰਗਾਲੀ ਸਿਪਾਹੀ ਨਾ ਛੁਡਾ ਸਕੇ, ਉਸ ਨੂੰ ਕਿੰਨਾ ਕੁ ਕਟਾਪਾ ਚਾੜ੍ਹਿਆ ਗਿਆ ਹੋਵੇਗਾ ਕਿ ਉਹ ਬੇਹੋਸ਼ ਹੋ ਗਿਆ। ਮੀਆਂ ਬੋਣ ਚੰਦ ਡਿਪਟੀ ਸੁਪਰਇਨਟੈਂਡੈਂਟ ਆਪ ਇਹ ਤਸੀਹੇ ਦੁਆ ਰਿਹਾ ਸੀ। ਫੇਰ ਕੋਠੀ ਬੰਦ ਕਰ ਦਿੱਤਾ ਗਿਆ। ਡਿਪਟੀ ਦੇਖਣ ਆਇਆ ਕਿ ਕੁੱਟ ਤੋਂ ਡਰਿਆ ਬਚਿੰਤ ਸਿੰਘ ਉਸ ਦੀਆਂ ਮਿੰਨਤਾਂ ਕਰੇਗਾ ਪਰ ਬਚਿੰਤ ਸਿੰਘ ਜ਼ਖਮੀ ਸ਼ੇਰ ਦੀ ਤਰ੍ਹਾਂ ਭੜਕ ਉੱਠਿਆ, ''ਓ ਕੁੱਤਿਆ! ਤੂੰ ਕੀ ਸਮਝਦਾ ਏਂ ਮੈਂ ਤੇਰੇ ਵਰਗੇ ਨੀਚ ਦੀਆਂ ਮਿੰਨਤਾਂ ਕਰਾਂਗਾ? ਚੰਡਾਲਾ! ਯਾਦ ਰੱਖੀਂ, ਜਦੋਂ ਮੈਂ ਜਿਊਂਦਾ ਜੇਲ੍ਹੋਂ ਬਾਹਰ ਨਿੱਕਲਿਆ ਸਭ ਤੋਂ ਪਹਿਲਾਂ ਤੇਰੇ ਹੀ ਸੀਰਵੇਂ ਪੀਵਾਂਗਾ। ਆਪਣੇ ਮਾਤਹਿਤਾਂ ਸਾਹਮਣੇ ਆਪਣੀ ਬੇਇੱਜ਼ਤੀ ਤੋਂ ਖਿਝ ਕੇ ਡਿਪਟੀ ਨੇ ਕੋਠੀ ਅੰਦਰ ਹੀ ਕੁੱਟ-ਕੁੱਟ ਕੇ ਬਚਿੰਤ ਸਿੰਘ ਨੂੰ ਬੇਹੋਸ਼ ਕਰ ਦਿੱਤਾ। ਅਗਸਤ 1935 ਵਿੱਚ ਬਚਿੰਤ ਸਿੰਘ ਨੂੰ ਲਾਹੌਰ ਭੇਜ ਦਿੱਤਾ ਗਿਆ। ਉਸ ਦੀ ਸਜ਼ਾ 19 ਮਹੀਨੇ ਹੋਰ ਵਧਾ ਦਿੱਤੀ ਗਈ। 
ਬੱਬਰ ਅਕਾਲੀ ਟਰਾਇਲ ਕੇਸਾਂ ਦੀ ਅਗਵਾਈ, ਗਵਾਹਾਂ ਦੇ ਬਿਆਨਾਂ ਅਤੇ ਫੈਸਲਿਆਂ ਦੀਆਂ ਨਕਲਾਂ ਲਾਹੌਰ ਹਾਈਕੋਰਟ ਤੋਂ ਡਾ. ਬਖਸ਼ੀਸ਼ ਸਿੰਘ ਨਿੱਝਰ ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼ ਨੇ ਆਪਣੇ ਇੱਕ ਹਮਜਮਾਤੀ ਵਕੀਲ ਰਾਹੀਂ ਮੰਗਵਾਈਆਂ। ਤਕਰੀਬਨ ਇੱਕ ਹਜ਼ਾਰ ਸਫੇ ਦੀ ਇਸ ਫਾਈਲ ਨੂੰ ਜਿਲਦ ਬੰਨ੍ਹਵਾ ਕੇ ਉਨ੍ਹਾਂ ਰੱਖੀ ਹੋਈ ਸੀ ਤੇ ਮੈਂ ਉਨ੍ਹਾਂ ਤੋਂ ਪੜ੍ਹਨ ਲਈ ਪ੍ਰਾਪਤ ਕੀਤੀ ਸੀ। ਇਸ ਫਾਈਲ ਵਿੱਚੋਂ ਬੱਬਰ ਬਚਿੰਤ ਸਿੰਘ ਦੇ ਖਿਲਾਫ ਇਸੇ ਪਿੰਡ ਦੇ ਉਨ੍ਹਾਂ ਦੇ ਇੱਕ ਬੰਦੇ ਨੇ ਜੋ ਬਿਆਨ ਦਿੱਤਾ, ਉਹ ਇਸ ਪ੍ਰਕਾਰ ਸਨ - ''ਬਚਿੰਤ ਸਿੰਘ ਬੱਬਰ ਅਕਾਲੀ ਕੰਸਪਾਇਰੇਸੀ ਕੇਸ ਨੰ. 2 ਸੰਨ 1925 ਦਾ ਮੁਲਜ਼ਮ ਤੀਜੀ-ਚੌਥੀ ਪੁਸ਼ਤ 'ਚੋਂ ਮੇਰੇ ਚਾਚੇ ਦਾ ਪੁੱਤ ਹੈ। ਦਸ-ਬਾਰਾਂ ਸਾਲ ਹੋਏ, ਉਸ ਦੀ ਮਾਤਾ ਦੀ ਮੌਤ ਪਿੱਛੋਂ ਉਹ ਮੇਰੇ ਘਰ ਹੀ ਰੋਟੀ ਖਾਂਦਾ ਸੀ, ਕਿਉਂਕਿ ਉਹ ਵਿਆਹਿਆ ਹੋਇਆ ਨਹੀਂ ਸੀ। ਜਦ ਕਦੇ ਉਸ ਦੇ ਪ੍ਰਹੁਣੇ ਵੀ ਆਉਂਦੇ ਤਾਂ ਖਾਣਾ ਮੇਰੇ ਘਰੋਂ ਹੀ ਜਾਂਦਾ ਸੀ। 10-11 ਮਹੀਨਿਆਂ ਦੀ ਗੱਲ ਹੈ ਕਿ ਮੈਂ ਆਪਣੇ ਖੂਹ 'ਤੇ ਨਹਾ ਰਿਹਾ ਸੀ, ਜਿਹੜਾ ਵੱਡੀ ਡਰੋਲੀ ਵਾਲੇ ਰਾਹ 'ਤੇ ਵਾਕਿਆ ਹੈ। 
ਜਦ ਬਚਿੰਤ ਸਿੰਘ ਮੇਰੇ ਕੋਲ ਦੀ ਲੰਘਿਆ ਤਾਂ ਮੈਨੂੰ ਆਖਿਆ ਕਿ ਉਨ੍ਹਾਂ ਮਹਿਮਾਨਾਂ ਲਈ ਚਾਹ ਤਿਆਰ ਕਰਵਾ ਕੇ ਲਿਆਵਾਂ। ਉਹ ਵੱਡੀ ਡਰੋਲੀ ਵਲੋਂ ਆ ਰਹੇ ਸਨ। ਵੀਹ ਕੁ ਦਿਨ ਪਿੱਛੋਂ ਮੈਂ ਆਪਣੇ ਗੱਡੇ ਲਈ ਬਾਂਸ ਲੈਣ ਲਈ ਬਚਿੰਤ ਸਿੰਘ ਦੀ ਹਵੇਲੀ ਗਿਆ ਤਾਂ ਮੈਂ ਉੱਥੇ ਤਿੰਨ ਪ੍ਰਾਹੁਣੇ ਬੈਠੇ ਦੇਖੇ। ਉਨ੍ਹਾਂ 'ਚੋਂ ਦੋ ਤਾਂ ਉਹ ਸਨ, ਜੋ ਮੈਂ ਬਚਿੰਤ ਸਿੰਘ ਨਾਲ ਪਹਿਲਾਂ ਦੇਖੇ ਸਨ। ਕੁਝ ਦੇਰ ਮਗਰੋਂ ਜਦੋਂ ਬਚਿੰਤ ਸਿੰਘ ਉਨ੍ਹਾਂ ਲਈ ਰੋਟੀ ਲੈਣ ਆਇਆ ਤਾਂ ਮੈਂ ਪੁੱਛਿਆ ਕਿ ਪ੍ਰਹੁਣੇ ਕੌਣ ਹਨ। ਉਸ ਨੇ ਆਖਿਆ ਕਿ ਉਸ ਦੇ ਦੋਸਤ ਹਨ। ਇਕੱਠੇ ਰੈਜਮੈਂਟ 'ਚ ਹੁੰਦੇ ਸਨ, ਉਨ੍ਹਾਂ ਦੇ ਨਾਂਅ ਧੰਨਾ ਸਿੰਘ ਬਹਿਬਲਪੁਰ, ਵਰਿਆਮ ਸਿੰਘ ਧੁੱਗਾ ਅਤੇ ਬੰਤਾ ਸਿੰਘ ਧਾਮੀਆਂ ਹਨ।'' 
ਇਸ ਕੇਸ ਵਿੱਚ ਰੱਖਾ ਰਾਮ ਗਵਾਹ 266 ਪੁੱਤਰ ਰਾਧਾ ਰਾਮ, ਉਮਰ 30 ਸਾਲ ਜਾਤ ਸਨਿਆਰਾ, ਪਿੰਡ ਡਰੋਲੀ ਥਾਣਾ ਆਦਮਪੁਰ ਨੇ ਮਿਤੀ 14 ਅਕਤੂਬਰ, 1924 ਨੂੰ ਜੋ ਬਿਆਨ ਦਿੱਤੇ, ਉਹ ਕੇਸ ਦੀ ਫਾਈਲ ਦੇ ਪੰਨਾ ਨੰ. 563 'ਤੇ ਇਸ ਤਰ੍ਹਾਂ ਹਨ - ''ਬਚਿੰਤ ਸਿੰਘ ਨੇ ਮੈਨੂੰ ਇੱਕ ਠੂਠੀ, ਦੋ ਸੋਨੇ ਦੇ ਫੁੱਲ, ਤਿੰਨ ਸੋਨੇ ਦੇ ਟਿੱਕੇ ਤੇ ਇੱਕ ਸੋਨੇ ਦੀ ਪੌਂਹਚੀ ਦਿਖਾਈ। ਉਨ੍ਹਾਂ ਗਹਿਣਿਆਂ ਦੀ ਲਾਖ ਪਹਿਲਾਂ ਹੀ ਉੱਤਰੀ ਹੋਈ ਸੀ। ਉੱਪਰ ਇੱਕ ਤੋਲੇ ਦੀ ਕੀਮਤ 24 ਰੁਪਏ ਲਿਖੀ ਹੋਈ ਸੀ। ਸਾਰਿਆਂ ਦਾ ਵਜ਼ਨ ਕੋਈ ਦਸ ਕੁ ਤੋਲੇ ਸੀ ਅਤੇ ਵੇਚਣ ਲਈ ਰੱਖੇ ਹੋਏ ਸਨ। ਕੁੱਲ ਕੀਮਤ 240 ਰੁਪਏ ਬਣਦੀ ਸੀ, ਜਿਨ੍ਹਾਂ 'ਚੋਂ 115 ਰੁਪਏ ਉਸ ਵੇਲੇ ਦਿੱਤੇ ਸਨ।'' 
ਬੱਬਰਾਂ ਨੇ ਇਹ ਰਕਮ ਕੈਦ ਹੋਏ ਬੱਬਰਾਂ ਦੇ ਟੱਬਰਾਂ ਦੀ ਮੱਦਦ ਲਈ ਅਤੇ ਅਸਲਾ ਖਰੀਦਣ ਲਈ ਰੱਖੀ ਹੋਈ ਸੀ। ਬਚਿੰਤ ਸਿੰਘ ਨੇ ਪਾਂਛਟਾ ਤਹਿਸੀਲ ਫਗਵਾੜਾ ਵਿੱਚ ਇੱਕ ਵਾਰ ਡਾਕਾ ਮਾਰਨ ਦੀ ਸਕੀਮ ਬਣਾਈ ਸੀ, ਜੋ ਸਿਰੇ ਨਾ ਚੜ੍ਹ ਸਕੀ। ਬੱਬਰ ਬਚਿੰਤ ਸਿੰਘ ਅਤੇ ਹੋਰ ਬੱਬਰਾਂ ਨੇ ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਵਿਰੁੱਧ ਵਧੀਕੀਆਂ ਜਿਵੇਂ ਕਿ ਗੁਰਦੁਆਰਾ ਰਕਾਬ ਗੰਜ ਦੀ ਦੀਵਾਰ ਢਾਹੁਣਾ, ਗਦਰੀ ਬਾਬਿਆਂ ਨੂੰ ਕਲਕੱਤਾ ਬੰਦਰਗਾਹ 'ਤੇ ਗੋਲੀਆਂ ਨਾਲ ਭੁੰਨਣਾ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕਾ ਬਾਗ ਅਤੇ ਜੈਤੋ ਦੇ ਮੋਰਚਿਆਂ ਵਿੱਚ ਨਿਹੱਥੇ ਸਿੱਖਾਂ ਨੂੰ ਡਾਂਗਾਂ ਨਾਲ ਕੁੱਟਣਾ, ਘੋੜਿਆਂ ਦੇ ਪੈਰਾਂ ਹੇਠ ਦਰੜਨਾ ਆਦਿ ਨੂੰ ਨਾ ਸਹਾਰਦੇ ਹੋਏ ਹਥਿਆਰਬੰਦ ਸੰਘਰਸ਼ ਦਾ ਫੈਸਲਾ ਕੀਤਾ ਸੀ। ਵਾਅਦਾ ਮੁਆਫ ਅਨੂਪ ਸਿੰਘ ਮਾਣਕੋ ਨੇ ਵੀ ਇਸ ਕੇਸ ਵਿੱਚ ਬਿਆਨ ਦਿੱਤਾ ਸੀ ਕਿ ''ਬੱਬਰ ਅਕਾਲੀ ਅਖਬਾਰ ਪ੍ਰਿੰਟ ਕਰਨ ਵਾਲਾ ਡੁਪਲੀਕੇਟਰ ਬੱਬਰ ਬਚਿੰਤ ਸਿੰਘ ਕੋਲ ਸੀ ਤੇ ਬਾਬੂ ਸੰਤਾ ਸਿੰਘ ਛੋਟੀ ਹਰਿਉਂ ਦੇ ਕਹਿਣ 'ਤੇ ਉਸ ਨੇ ਬਚਿੰਤ ਸਿੰਘ ਤੋਂ ਲੈ ਕੇ ਸੰਤਾ ਸਿੰਘ ਦੇ ਹਵਾਲੇ ਕੀਤਾ ਸੀ, ਜਿਸ ਨੇ ਅੱਗੇ ਇਹ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਕਿਤੇ ਛੁਪਾਇਆ ਸੀ।'' 
ਬੱਬਰ ਸੰਤਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸ 'ਤੇ ਤਸ਼ੱਦਦ ਕਰਕੇ ਪੁਲਿਸ ਨੇ ਉਸ ਤੋਂ ਮਿਲੀ ਜਾਣਕਾਰੀ ਨਾਲ 9 ਹੋਰ ਬੱਬਰ ਫੜੇ ਸਨ। ਬਚਿੰਤ ਸਿੰਘ ਪਾਸੋਂ ਉਹ ਗੰਨ ਵੀ ਫੜ੍ਹੀ ਗਈ, ਜਿਸ ਨਾਲ ਘੁੜਿਆਲ ਦੇ ਸੂਬੇਦਾਰ ਗੇਂਦਾ ਸਿੰਘ ਦਾ ਕਤਲ ਹੋਇਆ ਸੀ। 
ਇਸ ਪਿੰਡ ਦਾ ਦਲੀਪ ਸਿੰਘ ਪੁੱਤਰ ਅੱਛਰ ਸਿੰਘ ਅੰਗਰੇਜ਼ ਸਰਕਾਰ ਦਾ ਮੁਖਬਰ ਸੀ। ਮੰਡੇਰਾਂ ਵਾਲਾ ਮੁਖਬਰ ਜਗਤਾ ਇਸ ਦਾ ਯਾਰ ਸੀ। ਬੱਬਰਾਂ ਨੇ ਦਲੀਪ ਸਿੰਘ ਨੂੰ ਸੋਧਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਚਾਚੇ ਚੌਧਰੀ ਰਾਮ ਕਿਸ਼ਨ ਨੇ ਬੱਬਰਾਂ ਨਾਲ ਸੁਲਾਹ ਸਫਾਈ ਕਰਵਾ ਦਿੱਤੀ। ਚੌਧਰੀ ਰਾਮ ਕਿਸ਼ਨ ਦਿਲੋਂ ਬੱਬਰਾਂ ਨਾਲ ਸੀ ਤੇ ਬੱਬਰਾਂ ਦੀ ਮਾਲੀ ਮੱਦਦ ਵੀ ਕਰ ਦਿਆ ਕਰਦਾ ਸੀ। ਆਪਣੇ ਸਮੇਂ ਵਿੱਚ ਇਹ ਪਿੰਡ ਦਾ ਚੌਧਰੀ ਸੀ ਅਤੇ ਸਰਕਾਰੇ ਦਰਬਾਰੇ ਵੀ ਇਸ ਦੀ ਬੱਧੀ ਛੁੱਟਦੀ ਸੀ। ਅੰਗਰੇਜ਼ ਡਿਪਟੀ ਕਮਿਸ਼ਨਰ ਆਦਮਪੁਰ ਆਇਆ ਅਤੇ ਬੱਬਰਾਂ ਵਿਰੁੱਧ ਸੂਹਾਂ ਦੇਣ ਵਾਲਿਆਂ ਨੂੰ ਮੁਰੱਬੇ ਜ਼ਮੀਨ ਦੇਣੇ ਸਨ। ਮੰਡੇਰਾਂ ਵਾਲੇ ਜਗਤੇ ਨੂੰ ਮੁਰੱਬੇ ਬਾਰੇ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਚੌਧਰੀ ਰਾਮ ਕ੍ਰਿਸ਼ਨ ਨੂੰ ਮੁਰੱਬਾ ਦਿੱਤਾ ਜਾਵੇ, ਮੈਂ ਜੋ ਕੁਝ ਵੀ ਕੀਤਾ ਹੈ, ਇਨ੍ਹਾਂ ਦੇ ਸਿਰ 'ਤੇ ਕੀਤਾ ਹੈ।'' 
ਅੱਗੋਂ ਚੌਧਰੀ ਰਾਮ ਕ੍ਰਿਸ਼ਨ ਨੇ ਕਿਹਾ ਕਿ ਮੇਰਾ ਭਤੀਜਾ ਦਲੀਪ ਸਿੰਘ ਹਰ ਵਕਤ ਪੁਲਿਸ ਨਾਲ ਰਹਿੰਦਾ ਹੈ, ਇਸ ਦਾ ਖਰਚ ਕਾਫੀ ਹੈ ਅਤੇ ਆਮਦਨ ਘੱਟ, ਮੁੱਰਬਾ ਇਸ ਨੂੰ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦਲੀਪ ਸਿੰਘ ਨੂੰ ਇੱਕ ਮੁਰੱਬਾ ਚੱਕ ਨੰ. 24 ਤਹਿਸੀਲ ਬਿਹਾੜੀ ਜ਼ਿਲ੍ਹਾ ਮੁਲਤਾਨ ਵਿੱਚ ਅਲਾਟ ਕਰ ਦਿੱਤਾ। ਸ਼ਹੀਦੇ-ਆਜ਼ਮ ਸ. ਭਗਤ ਸਿੰਘ ਵਿਰੁੱਧ ਖਟਕੜ ਕਲਾਂ ਜਾਂ ਆਲੇ-ਦੁਆਲੇ ਦੇ ਕਿਸੇ ਪਿੰਡ 'ਚੋਂ ਗਵਾਹੀ ਦੇਣ ਲਈ ਕੋਈ ਨਹੀਂ ਸੀ ਮਿਲ ਰਿਹਾ। ਇੱਕ ਅਮਲੀ ਜਿਹਾ ਖਟਕੜ ਕਲਾਂ ਦਾ ਮਹਿੰਗਾ ਨਾਮੀ ਪੁਲਿਸ ਨੇ ਮਨਾ ਲਿਆੁੰ। ਇਹ ਛੜਾ ਹੀ ਸੀ। ਇਸ ਨੂੰ ਵੀ ਇਸੇ ਚੱਕ ਵਿੱਚ ਇੱਕ ਮੁਰੱਬਾ ਜ਼ਮੀਨ ਮਿਲੀ ਹੋਈ ਸੀ। ਮਹਿੰਗਾ ਛੜਾ ਸੀ ਅਤੇ ਦਲੀਪ ਸਿੰਘ ਦੇ ਘਰ ਹੀ ਰੋਟੀ ਖਾਂਦਾ ਸੀ। ਦੋਨੋਂ ਹੀ ਇਕੱਠੇ ਸ਼ਰਾਬ ਪੀਂਦੇ ਸਨ। ਕੁਝ ਸਾਲਾਂ ਬਾਅਦ ਮਹਿੰਗਾ ਆਪਣੀ ਮੁਰੱਬਾ ਜ਼ਮੀਨ ਦਲੀਪ ਸਿੰਘ ਨੂੰ ਵੇਚ ਕੇ ਖਟਕੜ ਕਲਾਂ ਆ ਗਿਆ ਅਤੇ ਬੜੀ ਭੈੜੀ ਹਾਲਤ ਵਿੱਚ ਮਰਿਆ। 

ਬੱਬਰ ਬਿਸ਼ਨ ਸਿੰਘ ਮਾਂਗਟ

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਬੱਬਰ ਬਿਸ਼ਨ ਸਿੰਘ ਪੁੱਤਰ ਸ. ਈਸ਼ਰ ਸਿੰਘ ਮਾਂਗਟ ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵਾਸੀ ਸੀ। ਇਸ ਪਿੰਡ ਦੀ ਹੱਦ ਬਸਤ ਨੰ. 16 ਰਕਬਾ 471 ਏਕੜ ਹੈ। ਉਹ ਗੁਰਸਿੱਖ ਸੀ ਅਤੇ ਪਿੰਡ ਦੇ ਅਕਾਲੀ ਜਥੇ ਦਾ ਜਥੇਦਾਰ ਸੀ। ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਨਾਲ ਵਧੀਕੀਆਂ ਦੇਖ ਕੇ ਉਹ ਇਸ ਜ਼ਾਲਮ ਸਰਕਾਰ ਨੂੰ ਦੇਸ਼ 'ਚੋਂ ਕੱਢਣ ਦੇ ਵਿਚਾਰਾਂ ਦਾ ਧਾਰਨੀ ਬਣ ਕੇ ਸਰਕਾਰ ਵਿਰੁੱਧ ਪ੍ਰਚਾਰ ਕਰਿਆ ਕਰਦਾ ਸੀ। ਉਸ ਅੰਦਰ ਦੇਸ਼ ਭਗਤੀ ਦਾ ਜਜ਼ਬਾ ਦੇਖ ਕੇ ਬੱਬਰ ਕਰਮ ਸਿੰਘ ਦੌਲਤਪੁਰ ਨੇ ਉਸ ਨੂੰ ਸਤੰਬਰ 1922 ਵਿੱਚ ਆਪਣੇ ਨਿਕਟਵਰਤੀਆਂ ਵਿੱਚ ਸ਼ਾਮਲ ਕਰ ਲਿਆ। 
8 ਅਗਸਤ, 1922 ਨੂੰ ਸਰਕਾਰ ਨੇ ਉਸ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦੇ ਕੇ ਉਸ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ 400 ਰੁਪਏ ਨਕਦ ਇਨਾਮ ਅਤੇ ਇੱਕ ਮੁਰੱਬਾ ਜ਼ਮੀਨ ਲਾਇਲਪੁਰ ਦੀ ਬਾਰ ਵਿੱਚ ਦੇਣ ਦਾ ਐਲਾਨ ਵੀ ਕਰ ਦਿੱਤਾ। ਬੰਬੇਲੀ ਵਾਲੇ ਸਾਕੇ ਸਮੇਂ ਚਾਰ ਬੱਬਰਾਂ ਨੂੰ 1200 ਪੁਲਿਸ ਅਤੇ ਮਿਲਟਰੀ ਦੇ ਰਸਾਲੇ ਨੇ ਘੇਰਾ ਪਾ ਲਿਆ। ਚਾਰੇ ਹੀ ਬੱਬਰਾਂ ਦਾ ਅਸਲਾ ਉਨ੍ਹਾਂ ਦੇ ਸਾਥੀ ਗੱਦਾਰ ਅਨੂਪ ਸਿੰਘ ਨੇ ਉਰ੍ਹੇ-ਪਰ੍ਹੇ ਕਰ ਦਿੱਤਾ ਸੀ। ਕੇਵਲ ਕ੍ਰਿਪਾਨਾਂ ਲੈ ਕੇ ਹੀ ਉਹ ਪੁਲਿਸ ਨੂੰ ਲਲਕਾਰਦੇ ਪਿੰਡੋਂ ਬਾਹਰ ਚੋਅ ਵੱਲ ਨੂੰ ਨਿੱਕਲੇ। 
ਬੱਬਰ ਬਿਸ਼ਨ ਸਿੰਘ ਨੇ ਆਪਣੇ ਆਪ ਨੂੰ ਡਿੱਭ ਵਿੱਚ ਲੁਕੋ ਲਿਆ ਪਰ ਪੁਲਿਸ ਕਪਤਾਨ ਨੂੰ ਘੋੜੇ ਤੇ ਬੈਠੇ ਨੂੰ ਡਿੱਭ ਵਿੱਚ ਕੁਝ ਹਿਲਜੁਲ ਦਿਸੀ ਤਾਂ ਉਸ ਨੇ ਦੋ ਘੋੜ ਸਵਾਰ ਉੱਧਰ ਨੂੰ ਭੇਜੇ। ਬੱਬਰ ਨੇ ਲਲਕਾਰਾ ਮਾਰਿਆ ਤਾਂ ਇੱਕ ਘੋੜਸਵਾਰ ਘੋੜੇ ਤੋਂ ਡਿੱਗ ਪਿਆ ਤੇ ਬੱਬਰ ਨੇ ਕ੍ਰਿਪਾਨ ਦੇ ਵਾਰ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਦੂਜੇ ਘੋੜਸਵਾਰ ਨੇ ਬੱਬਰ 'ਤੇ ਗੋਲੀ ਚਲਾਈ, ਜਿਸ ਨਾਲ ਬੱਬਰ ਪਾਣੀ ਵਿੱਚ ਡਿੱਗ ਕੇ ਸ਼ਹੀਦ ਹੋ ਗਿਆ। 
ਬੱਬਰ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਭਰਾ ਗੁਰਬਖਸ਼ ਸਿੰਘ ਨੂੰ ਸਰਕਾਰ ਨੇ ਜੂਹ ਬੰਦ ਕਰ ਦਿੱਤਾ ਅਤੇ ਉਸ ਨੂੰ ਦੋ ਵੇਲੇ ਪਿੰਡ ਦੇ ਲੰਬੜਦਾਰ ਪਾਸ ਹਾਜ਼ਰੀ ਲਵਾਉਣੀ ਪੈਂਦੀ ਸੀ।