ਲਾਹਾ ( ਜੀਵਨ ਲਕਸ਼ )
- ਸੂਬੇਦਾਰ ਧਰਮ ਸਿੰਘ ਸੁੱਜੋਂ
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥੧॥ ਰਹਾਉ॥''
(ਸਿਰੀਰਾਗੁ ਮ. ੫, ਅੰਕ : ੪੩)
ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਇਸ ਸੰਸਾਰ ਵਿਚ ਆਏ ਹਾਂ। ਕੁਝ ਸਮਾਂ ਹੋਰ ਇਥੇ ਰਹਿਣਾ ਹੈ। ਇਕ ਵਕਤ ਐਸਾ ਜ਼ਰੂਰ ਆਉਣਾ ਹੈ ਜਦੋਂ ਅਸੀਂ ਇਸ ਸੰਸਾਰ ਨੂੰ ਛੱਡ ਕੇ ਤੁਰ ਜਾਣਾ ਹੈ। ਕਿੱਥੇ ਤੁਰ ਜਾਣਾ ਹੈ, ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਕਦੋਂ ਤੁਰ ਜਾਣਾ ਹੈ, ਇਸ ਦੀ ਵੀ ਸਾਨੂੰ ਕੋਈ ਖ਼ਬਰ ਨਹੀਂ ਹੈ। ਪਰ ਜੋ ਕੁਝ ਵੀ ਥੋੜ੍ਹਾ ਬਹੁਤ ਸਮਾਂ ਸਾਡੇ ਹੱਕ ਵਿਚ ਬਾਕੀ ਹੈ, ਅਸੀਂ ਉਸ ਤੋਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਹੈ। ਲਾਹਾ? ਕਿਸ ਕਿਸਮ ਦਾ ਲਾਹਾ? ਇਸ ਪ੍ਰਸ਼ਨ ਦਾ ਉੱਤਰ ਹਾਸਲ ਕਰਨ ਲਈ, ਸੰਸਾਰ ਅੰਦਰ ਲਾਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਲੱਗੇ ਪ੍ਰਾਣੀਆਂ ਵੱਲ ਇਕ ਝਾਤ ਮਾਰਦੇ ਹਾਂ ਤਾਂ ਕੀ ਦੇਖਦੇ ਹਾਂ ਕਿ : -
ਅੱਜ ਦੇ ਸਾਇੰਸ ਦੇ ਯੁੱਗ ਵਿਚ ਸਾਇੰਸਦਾਨ, ਚੰਦ ਨੂੰ ਪੈਰਾਂ ਥੱਲੇ ਲਤਾੜਨ ਤੋਂ ਪਿੱਛੋਂ, ਅੱਗੇ ਹੋਰ ਤਾਰਿਆਂ ਦੇ ਪਹੁੰਚਣ ਵਿਚ ਜੀਵਨ ਦੀ ਸਫ਼ਲਤਾ ਸਮਝਦੇ ਹਨ। ਦੂਜੇ ਪਾਸੇ ਕੁਝ ਸਾਇੰਸਦਾਨ ਸਮੁੰਦਰ ਦੀ ਤਹਿ ਵਿਚੋਂ ਦੁਰਲੱਭ ਵਸਤੂਆਂ ਦੀ ਭਾਲ ਨੂੰ ਆਪਣਾ ਲਕਸ਼ ਬਣਾਈ ਬੈਠੇ ਹਨ।
ਸਿਕੰਦਰ, ਨਿਪੋਲੀਅਨ ਅਤੇ ਹਿਟਲਰ ਵਰਗੇ ਤਾਨਾਸ਼ਾਹ, ਸਾਰੇ ਸੰਸਾਰ ਨੂੰ ਫ਼ਤਹਿ ਕਰਕੇ, ਵਿਸ਼ਵ ਸਮਰਾਟ ਬਣਨ ਦੇ ਸੁਪਨੇ ਲੈਂਦੇ ਮਰ ਗਏ ਤੇ ਦੂਜੇ ਪਾਸੇ ਸ੍ਰੀ ਰਾਮਚੰਦਰ ਜੀ ਅਤੇ ਧਰੂ ਭਗਤ, ਰਾਜ ਭਾਗ ਨੂੰ ਲੱਤ ਮਾਰ, ਜੰਗਲਾਂ ਵਿਚੋਂ ਜੀਵਨ ਦੀ ਸਫ਼ਲਤਾ ਦੀ ਆਸ ਕਰਦੇ ਹਨ। ਇਕ ਪਾਸੇ ਬਿਰਲੇ, ਟਾਟੇ ਤੇ ਡਾਲਮੀਆ ਵਰਗੇ ਵੱਡੇ-ਵੱਡੇ ਧਨਾਢ, ਅਰਬਾਂ ਰੁਪਏ ਇਕੱਠੇ ਕਰਕੇ, ਕਾਰੂੰ ਵਾਂਗ ਖਜ਼ਾਨੇ ਭਰਨਾ ਹੀ ਜ਼ਿੰਦਗੀ ਦਾ ਮਨੋਰਥ ਥਾਪੀ ਬੈਠੇ ਹਨ ਅਤੇ ਦੂਜੇ ਪਾਸੇ ਇਕ ਗਰੀਬ ਕਿਸਾਨ ਮਿੱਟੀ ਵਿਚ ਮਿੱਟੀ ਹੋ ਕੇ, ਮਿੱਟੀ ਵਿਚੋਂ ਸਫ਼ਲਤਾ ਦੀ ਆਸ ਲਾਈ ਬੈਠਾ ਹੈ। ਇਸ ਤਰ੍ਹਾਂ ਇਕ ਦੂਜੇ ਤੋਂ ਵਿਰੋਧੀ ਰਸਤਿਆਂ 'ਤੇ ਚੱਲਦੇ ਹੋਏ ਸੰਸਾਰ ਨੂੰ ਦੇਖ ਕੇ, ਚੱਕਰ ਵਿਚ ਪੈ ਜਾਈਦਾ ਹੈ ਅਤੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਆਖ਼ਰ ਅਸੀਂ 'ਕਾਹੇ ਜਗਿ ਆਏ ਰਾਮ ਰਾਜੇ'। ਇਸ ਸਵਾਲ ਦੇ ਹੱਲ ਲਈ ਅਸੀਂ ਆਪਣੇ ਚੌਗਿਰਦੇ 'ਤੇ ਨਜ਼ਰ ਮਾਰਦੇ ਹਾਂ ਤਾਂ ਕੀ ਦੇਖਦੇ ਹਾਂ ਕਿ ਸੂਰਜ ਦੀ ਤਪਸ਼ ਦੇ ਕਾਰਨ, ਸਮੁੰਦਰ ਵਿਚੋਂ ਪਾਣੀ, ਭਾਫ਼ ਬਣ ਕੇ ਉੱਡਦਾ ਹੈ, ਬੱਦਲ ਬਣਦਾ ਹੈ। ਉੱਪਰ ਠੰਢੀ ਹਵਾ ਵਿਚ ਜਾ ਕੇ, ਜਾਂ ਪਹਾੜ ਨਾਲ ਟਕਰਾ ਕੇ, ਬਾਰਸ਼ ਦੇ ਰੂਪ ਵਿਚ ਜ਼ਮੀਨ 'ਤੇ ਬਰਸ ਜਾਂਦਾ ਹੈ। ਉਹ ਹੀ ਪਾਣੀ ਨਦੀਆਂ ਨਾਲਿਆਂ ਵਿਚੋਂ ਹੁੰਦਾ ਹੋਇਆ, ਉਸੇ ਸਮੁੰਦਰ ਵਿਚ ਮੁੜ ਜਾ ਮਿਲਦਾ ਹੈ ਜਿਥੋਂ ਕਿ ਭਾਫ਼ ਬਣ ਕੇ ਉੱਡਿਆ ਸੀ। ਬੀਜ ਨੂੰ ਧਰਤੀ ਵਿਚ ਬੀਜਦੇ ਹਾਂ। ਬੀਜ ਉੱਗ ਕੇ ਪੌਦਾ ਬਣਦਾ ਹੈ। ਪੌਦਾ ਬੂਟੇ ਦਾ ਰੂਪ ਧਾਰਦਾ ਹੈ। ਫੁੱਲ ਪੈਂਦਾ ਹੈ। ਫਲ ਲੱਗਦਾ ਹੈ। ਫਲ ਵਿਚ ਫ਼ੇਰ ਉਹ ਹੀ ਬੀਜ ਪੈਂਦਾ ਹੈ, ਆਪਣੀ ਯਾਤਰਾ ਸੰਪੂਰਨ ਕਰਦਾ ਹੈ, ਜਿਸ ਬੀਜ ਤੋਂ ਕਿ ਉਹ ਉੱਗਿਆ ਸੀ।
ਇਸੇ ਤਰ੍ਹਾਂ ਹੀ ਹੋਰ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਸੰਸਾਰ ਦੀ ਹਰ ਸ਼ੈਅ ਇਕ ਚੱਕਰ ਵਿਚ ਹਰਕਤ ਕਰਦੀ ਹੈ, ਜਿੱਥੋਂ ਉਹ ਉਪਜੀ ਸੀ, ਵੱਖੋ ਵੱਖ ਹਾਲਤਾਂ ਵਿਚੋਂ ਲੰਘ ਕੇ, ਮੁੜ ਉਥੇ ਹੀ ਪਹੁੰਚ ਕੇ ਆਪਣੀ ਯਾਤਰਾ ਸਮਾਪਤ ਕਰਦੀ ਹੈ।
''ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥੧੧॥"
(ਸਲੋਕ ਮ. ੯, ਅੰਕ : ੧੪੨੬-੨੭)
ਕੁਦਰਤ ਦਾ ਇਹ ਨਿਯਮ, ਸੰਸਾਰ ਦੀ ਹਰ ਸ਼ੈਅ 'ਤੇ ਲਾਗੂ ਹੁੰਦਾ ਹੈ, ਜਿਸ ਵਿਚ ਅਸੀਂ ਵੀ ਸ਼ਾਮਲ ਹਾਂ। ਸਾਡੀ ਉਪਜ ਦਾ ਸਰੋਤ ਕੀ ਹੈ? ਇਸ ਸਰੋਤ ਵੱਲ ਅਸੀਂ ਕਿਵੇਂ ਵਧੀਏ, ਤਾਂ ਜੋ ਅਸੀਂ ਵੀ ਆਪਣੇ ਉਪਜ ਸਰੋਤ ਤੱਕ ਪਹੁੰਚ, ਆਪਣੀ ਜੀਵਨ ਯਾਤਰਾ ਨੂੰ ਸਫ਼ਲ ਕਰ ਸਕੀਏ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਉਪਜ ਸਰੋਤ ਦੀ ਭਾਲ ਕਰੀਏ, ਪਹਿਲਾਂ ਇਹ ਪੜਚੋਲ ਕਰ ਲਈਏ ਕਿ 'ਮੈਂ ਕੌਣ ਹਾਂ?' ਤੁਸੀਂ ਆਖੋਗੇ ਕਿ ਬੜਾ ਅਜੀਬ ਸਵਾਲ ਕੀਤਾ ਹੈ। ਤੁਸੀਂ ਸਾਡੇ ਸਾਹਮਣੇ ਖੜ੍ਹੇ ਛੇ ਫ਼ੁੱਟ ਲੰਮੇ ਜਵਾਨ, ਜਿਨ੍ਹਾਂ ਦੇ ਸਿਰ, ਮੂੰਹ, ਅੱਖ, ਨੱਕ, ਕੰਨ, ਹੱਥ, ਪੈਰ ਆਦਿ ਅੰਗ ਹਨ। ਤੁਸੀਂ ਇਹ ਸਰੀਰ ਹੀ ਤਾਂ ਹੋ। ਹੋਰ ਤੁਸੀਂ ਕੌਣ ਹੋ।
ਅਸੀਂ ਆਪਣੀ ਆਮ ਬੋਲ-ਚਾਲ ਵਿਚ ਆਖਦੇ ਹਾਂ ਕਿ- ''ਮੇਰਾ ਮਕਾਨ ਬੜਾ ਸੁੰਦਰ ਹੈ।'' ਬੀਮਾਰ ਹੋ ਗਏ ਤਾਂ ਆਖਦੇ ਹਾਂ, ਮੇਰਾ ਸਰੀਰ ਕੁਝ ਕਮਜ਼ੋਰ ਹੋ ਗਿਆ ਹੈ। 'ਮੈਂ' ਤੇ 'ਮਕਾਨ', ਅਸੀਂ ਦੋ ਵੱਖ-ਵੱਖ ਵਜੂਦ ਹਾਂ। ਮਕਾਨ 'ਮੇਰੀ' ਮਲਕੀਅਤ ਹੈ, 'ਮੈਂ' ਇਸ ਮਕਾਨ ਦਾ ਮਾਲਕ ਹਾਂ। ਇਸ ਮਕਾਨ ਵਿਚ ਰਹਿੰਦਾ ਹੋਇਆ ਵੀ, ਮੈਂ ਖੁਦ ਮਕਾਨ ਨਹੀਂ ਹਾਂ। ਇਸੇ ਤਰ੍ਹਾਂ ਹੀ 'ਮੈਂ' ਤੇ 'ਸਰੀਰ' ਵੀ ਦੋ ਵੱਖ-ਵੱਖ ਵਜੂਦ ਹਾਂ। ਸਰੀਰ ਮੇਰੀ ਮਲਕੀਅਤ ਹੈ। ਮੈਂ ਇਸ ਦਾ ਮਾਲਕ ਹਾਂ। ਇਸ ਵਿਚ ਰਹਿੰਦਾ ਹੋਇਆ ਵੀ, ਮੈਂ ਸਰੀਰ ਨਹੀਂ ਹਾਂ।
ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਆਖਦੇ ਹਾਂ ਕਿ ਅਮਕਾ ਸੱਜਣ, ਸਰੀਰ ਤਿਆਗ ਗਿਆ ਹੈ। ਇਹ ਗੱਲ ਵੀ ਜ਼ਾਹਰ ਕਰਦੀ ਹੈ ਕਿ ਮੌਤ ਵੇਲੇ, ਅਸੀਂ ਇਸ ਸਰੀਰ ਨੂੰ ਇੱਥੇ ਛੱਡ ਕੇ ਕਿਸੇ ਹੋਰ ਥਾਂ ਚਲੇ ਜਾਂਦੇ ਹਾਂ। ਇਸ ਸਰੀਰ ਨੂੰ ਜਲਾ ਕੇ, ਦਬਾਅ ਕੇ, ਜਲ ਪ੍ਰਵਾਹ ਕਰਕੇ ਜਾਂ ਹੋਰ ਵੀ ਕਿਸੇ ਢੰਗ ਨਾਲ ਇਸ ਨੂੰ ਖ਼ਤਮ ਕਰ ਦਿੰਦੇ ਹਨ। ਅਸੀਂ ਕਿਸੇ ਹੋਰ ਥਾਂ ਜਾ ਜਨਮ ਲੈਂਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸਰੀਰ ਨੂੰ ਛੱਡ ਕੇ ਕੌਣ ਗਿਆ? ਹੋਰ ਜਨਮ ਅੱਗੇ ਜਾ, ਕਿਸ ਨੇ ਲਿਆ? ਹਕੀਕਤ ਇਹ ਹੈ ਕਿ ਜਿਸ ਸਰੀਰ ਨੂੰ ਅਸੀਂ ਖ਼ਤਮ ਕਰ ਦਿੱਤਾ, ਉਸ ਨੂੰ ਸਥੂਲ ਸਰੀਰ ਆਖਦੇ ਹਾਂ, ਜਿਸ ਦੀ ਬਣਤਰ ਪ੍ਰਕਿਰਤੀ ਤੋਂ ਹੁੰਦੀ ਹੈ। ਜੋ ਇਸ ਸਥੂਲ ਸਰੀਰ ਨੂੰ ਤਿਆਗ, ਅੱਗੇ ਜਾ ਹੋਰ ਜਨਮ ਲੈਂਦਾ ਹੈ ਉਸ ਨੂੰ ਸੂਖਸ਼ਮ ਸਰੀਰ ਆਖਦੇ ਹਾਂ, ਇਸ ਦੀ ਬਣਤਰ ਸ਼ਕਤੀ (ਐਨਰਜੀ) ਤੋਂ ਹੁੰਦੀ ਹੈ। ਸੂਖਸ਼ਮ ਸਰੀਰ ਦੇ ਅੰਦਰ ਇਕ ਹੋਰ ਸਰੀਰ ਹੈ ਜਿਸ ਨੂੰ ਕਾਰਨ ਸਰੀਰ ਆਖਦੇ ਹਨ। ਕਾਰਨ ਸਰੀਰ ਬਣਤਰ ਜਾਂ ਖ਼ਿਆਲਾਤ ਤੋਂ ਹੁੰਦੀ ਹੈ। ਸੂਖਸ਼ਮ ਸਰੀਰ ਦੀ ਬਣਤਰ ਦੇ ਹੋਰ ਅੰਗਾਂ ਤੋਂ ਇਲਾਵਾ, ਇਸ ਦਾ ਇਕ ਮੁੱਖ ਅੰਗ, ਅੰਤਹਕਰਣ ਹੈ, ਜੋ ਮਨ, ਬੁੱਧ, ਚਿੱਤ ਅਤੇ ਅਹੰਕਾਰ ਦਾ ਸੁਮੇਲ ਹੈ। ਅਹੰਕਾਰ ਦਾ ਅਰਥ ਹੈ 'ਮੈਂ ਹਾਂ'। ਇਹ 'ਮੈਂ ਹਾਂ' ਹਸਤੀ ਸਥੂਲ, ਸੂਖਸ਼ਮ, ਅਤੇ ਕਾਰਨ, ਤਿੰਨਾਂ ਸਰੀਰਾਂ ਤੋਂ ਵੱਖਰੀ, ਇਕ ਚੌਥੀ ਹਸਤੀ ਹੈ ਜੋ ਆਪਣੀ ਸ਼ਕਤੀ (ਐਨਰਜੀ) ਇਨ੍ਹਾਂ ਤਿੰਨਾਂ ਸਰੀਰਾਂ ਨੂੰ ਬਖ਼ਸ਼ ਕੇ ਜ਼ਿੰਦਾ ਰੱਖਦੀ ਹੈ। ਜੇ ਕਿਤੇ ਇਹ ਚੌਥੀ ਹਸਤੀ, ਆਪਣੀ ਸ਼ਕਤੀ, ਉੱਪਰ ਬਿਆਨ ਹੋਏ ਤਿੰਨਾਂ ਸਰੀਰਾਂ ਵਿਚੋਂ ਵਾਪਸ ਖਿੱਚ ਲਏ ਤਾਂ ਇਹ ਤਿੰਨੋਂ ਸਰੀਰ ਨਕਾਰਾ ਹੋ ਕੇ ਰਹਿ ਜਾਂਦੇ ਹਨ। ਇਹ ਚੌਥੀ ਹਸਤੀ ਹੀ 'ਮੇਰੀ ਆਪਣੀ ਹਸਤੀ' ਜਾਂ 'ਮੈਂ ਹਾਂ' ਹੈ, ਜਿਸ ਨੂੰ ਆਮ ਬੋਲੀ ਵਿਚ ਜੀਵ ਆਤਮਾ ਕਹਿੰਦੇ ਹਨ। ਇਸ 'ਮੇਰੀ' ਅਸਲ ਹਸਤੀ ਜਾਂ ਜੀਵ-ਆਤਮਾ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ :
''ਕਹੁ ਕਬੀਰ ਇਹੁ ਰਾਮ ਕੀ ਅੰਸੁ॥"
(ਰਾਗੁ ਗੌਂਡ ਬਾਣੀ ਕਬੀਰ ਜੀਉ ਕੀ, ਅੰਕ : ੮੭੧)
ਚੂੰਕਿ ਇਸ ਦਾ ਅਰਥ ਇਹ ਹੋਇਆ ਕਿ ਮੈਂ ਰਾਮ ਜਾਂ ਅਕਾਲ ਪੁਰਖ ਦੀ ਅੰਸ਼ ਹਾਂ। ਮੇਰਾ ਉਪਜ ਸਰੋਤ ਪਰਮ-ਆਤਮਾ ਹੋਇਆ। ਇਸ ਲਈ ਮੈਂ ਉਸ ਦੀ ਉਪਜ, ਅੰਸ਼ ਜਾਂ ਅੰਗ ਹਾਂ ਜਿਵੇਂ ਕਿਰਨ ਸੂਰਜ ਦਾ ਤੇ ਬੂੰਦ ਸਮੁੰਦਰ ਦਾ ਅੰਗ ਹੁੰਦੀ ਹੈ।
ਅਕਾਲ-ਪੁਰਖ ਦੀ ਪਛਾਣ ਕੀ ਹੈ ?
ਸਭ ਤੋਂ ਪੁਰਾਤਨ ਧਰਮ, ਵੇਦ ਮੱਤਿ ਹੈ। ਵੇਦ ਦਾ ਫ਼ਰਮਾਨ ਹੈ ''ਸਰਵਿੰਦ ਖਲਵਿੰਦ ਬ੍ਰਹਮ' ਭਾਵ, ਸਭ ਕੁਝ ਬ੍ਰਹਮ ਹੀ ਬ੍ਰਹਮ ਹੈ। ਈਸਾਈ ਮਤਿ ਦੀ ਧਰਮ-ਪੁਸਤਕ, ਬਾਈਬਲ ਦਾ ਕਥਨ ਹੈ, "“he Lord, Our God, “he Lord is one" ਭਾਵ, ਸਾਹਿਬ ਜੋ ਸਾਡਾ ਅਕਾਲ ਪੁਰਖ ਹੈ, ਉਹ ਸਾਹਿਬ ਇਕ ਹੈ। ਮੁਸਲਿਮ ਮਤਿ ਅਨੁਸਾਰ ਕੁਰਾਨ ਸ਼ਰੀਫ਼ ਦਾ ਫ਼ਰਮਾਨ ਹੈ, ''ਲਾ ਇਲਾ, ਇਲ ਅੱਲਾ, ਮੁਹੰਮਦ ਰਸੂਲ ਅੱਲਾ। ਭਾਵ ਇਕ ਅੱਲਾ ਤੋਂ ਬਗੈਰ ਹੋਰ ਕੁਝ ਵੀ ਨਹੀਂ। ਹਜ਼ਰਤ ਮੁਹੰਮਦ ਸਾਹਿਬ, ਅੱਲਾ ਦੇ ਨਬੀ, ਪੈਗੰਬਰ ਜਾਂ ਰਸੂਲ ਹਨ।
ਗੁਰਬਾਣੀ ਅਨੁਸਾਰ :
''ਏਹੁ ਵਿਸੁ ਸੰਸਾਰੁ ਤੁਮ ਦੇਖਦੇ
ਏਹੁ ਹਰਿ ਕਾ ਰੂਪੁ ਹੈ
ਹਰਿ ਰੂਪੁ ਨਦਰੀ ਆਇਆ॥...॥੩੬॥'' (॥੪੦॥੧॥)
(ਰਾਮਕਲੀ ਮ. ੩ ਅਨੰਦੁ, ਅੰਕ : ੯੨੨)
ਜਾਂ
''ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ
ਗੋਬਿੰਦ ਬਿਨੁ ਨਹੀ ਕੋਈ॥...॥੧॥ (॥੪॥੧॥)''
(ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ, ਅੰਕ : ੪੮੫)
ਹਿੰਦੂ, ਈਸਾਈ, ਮੁਸਲਿਮ ਅਤੇ ਸਿੱਖ ਮਤਿ, ਇਸ ਮੂਲ ਸਿਧਾਂਤ 'ਤੇ ਇਕ-ਮਤ ਹਨ ਕਿ ਇਹ ਦ੍ਰਿਸ਼ਟ ਜਾਂ ਅਦ੍ਰਿਸ਼ਟ ਸੰਸਾਰ, ਅਕਾਲ ਪੁਰਖ ਦੇ ਵਿਰਾਟ ਸਰੂਪ ਦਾ ਹੀ ਇਕ ਅੰਗ ਹੈ। ਅਕਾਲ ਪੁਰਖ ਦੀ ਇਕ ਹਸਤੀ ਤੋਂ ਬਗੈਰ ਹੋਰ ਕੋਈ ਦੂਸਰੀ ਹਸਤੀ ਨਹੀਂ ਹੈ।
ਹਿੰਦੂ ਮਤਿ ਦੇ ਛੇ ਸ਼ਾਸਤਰਾਂ ਵਿਚੋਂ ਇਕ ਸ਼ਾਸਤਰ ਸਾਂਖ ਸ਼ਾਸਤਰ ਹੈ, ਜਿਸ ਦੇ ਕਰਤਾ ਕਪਲ ਦੇਵ ਜੀ ਹੋਏ ਹਨ। ਉਨ੍ਹਾਂ ਸੰਸਾਰ ਦੀ ਰਚਨਾ ਦਾ ਜ਼ਿਕਰ ਕਰਦੇ ਹੋਏ ਆਪਣੇ ਸ਼ਾਸਤਰ ਵਿਚ ਲਿਖਿਆ ਹੈ ਕਿ ਪ੍ਰਕਿਰਤੀ ਦੇ ਛੋਟੇ-ਛੋਟੇ ਕਣਾਂ ਤੋਂ ਸੰਸਾਰ ਦੀ ਰਚਨਾ ਹੋਈ ਹੈ। ਅੱਜ ਦੇ ਸਾਇੰਸਦਾਨਾਂ ਨੇ ਇਸ ਕਣ ਨੂੰ ਤੋੜਿਆ ਤੇ ਦੇਖਿਆ ਕਿ ਇਹ ਕਣ ਜਿਸ ਵਿਚ ਕੋਈ ਹਰਕਤ ਨਹੀਂ ਸੀ, ਇਕ ਮਹਾਨ ਸ਼ਕਤੀ ਦਾ ਮਾਲਕ ਹੈ। ਤੋੜਨ 'ਤੇ ਇਸ ਕਣ ਦੇ ਦੋ ਹਿੱਸੇ ਨਜ਼ਰ ਆਏ। ਇਕ ਹਿੱਸਾ ਆਪਣੇ ਆਪ ਦੇ ਗਿਰਦ ਤੇ ਦੂਸਰਾ ਹਿੱਸਾ ਪਹਿਲੇ ਹਿੱਸੇ ਦੇ ਗਿਰਦ ਚੱਕਰ ਕੱਟਦਾ ਹੈ। ਜੋ ਹਿੱਸਾ ਆਪਣੇ ਕੇਂਦਰ 'ਤੇ ਸਥਿਤ ਹੈ, ਉਸ ਦੇ ਫੇਰ ਅੱਗੋਂ ਦੋ ਹਿੱਸੇ ਬਣਦੇ ਹਨ। ਇਕ ਦਾ ਨਾਮ ਪ੍ਰੋਟੋਨ ਤੇ ਦੂਸਰੇ ਦਾ ਨਿਊਟ੍ਰੋਨ ਹੈ। ਇਨ੍ਹਾਂ ਦੋਨਾਂ ਦੇ ਸੁਮੇਲ ਨੂੰ 'ਨਿਊਕਲੀਅਸ' ਆਖਦੇ ਹਨ। ਦੂਸਰਾ ਹਿੱਸਾ ਜਿਸ ਨੂੰ ਇਲੈਕਟ੍ਰੋਨ ਆਖਦੇ ਹਨ, ਉਹ ਪਹਿਲੇ ਹਿੱਸੇ ਦੇ ਗਿਰਦ ਚੱਕਰ ਕੱਟਦਾ ਹੈ। ਇਨ੍ਹਾਂ ਤਿੰਨਾਂ, ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟ੍ਰੋਨ ਦੇ ਸੁਮੇਲ ਨੂੰ ਐਟਮ ਆਖਦੇ ਹਨ। ਅੱਗੋਂ ਐਟਮ ਤੋਂ ਮੋਲੀਕਿਊਲ, ਐਲੀਮੈਂਟ ਅਤੇ ਕੰਪਾਊਂਡ ਦੀ ਬਣਤਰ ਹੋ ਪ੍ਰਾਕਿਰਤਕ ਸੰਸਾਰ ਦੀ ਰਚਨਾ ਹੁੰਦਾ ਹੈ। ਬ੍ਰਿਟਨ ਦਾ ਮਸ਼ਹੂਰ ਸਾਇੰਸਦਾਨ ਲਾਰਡ ਐਡਿੰਗਟਨ, ਆਪਣੀ ਪੁਸਤਕ, (ਨੇਚਰ ਆਫ਼ ਦਾ ਫਿਜ਼ੀਕਲ ਵਰਲਡ) ਵਿਚ ਇਲੈਕਟ੍ਰਾਨਿਕ ਸਿਧਾਂਤ 'ਤੇ ਵਿਚਾਰ ਕਰਦਾ ਹੋਇਆ ਲਿਖਦਾ ਹੈ ਕਿ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇਹ ਇਲੈਕਟ੍ਰੋਨਿਕ ਸ਼ਕਤੀ ਆਪਣੇ ਆਪ ਤੋਂ ਉੱਪਰ ਕਿਸੇ ਹੋਰ ਮਹਾਨ ਸ਼ਕਤੀ ਤੋਂ ਆ ਰਹੀ ਹੈ, ਪਰ ਅਸੀਂ ਅਜੇ ਉਸ ਮਹਾਨ ਸ਼ਕਤੀ ਤੱਕ ਨਹੀਂ ਪਹੁੰਚ ਸਕੇ।
ਇਹ ਵਿਚਾਰ ਦੇਣ ਦਾ ਭਾਵ ਇਹ ਹੈ ਕਿ ਅੱਜ ਦੀ ਸਾਇੰਸ ਵੀ ਇੱਥੇ ਪਹੁੰਚੀ ਹੈ ਕਿ ਸੰਸਾਰ ਦੀ ਰਚਨਾ ਦਾ ਸਰੋਤ, ਇਕ ਮਹਾਨ ਸ਼ਕਤੀ ਹੈ। ਇਸ ਮਹਾਨ ਸ਼ਕਤੀ ਦਾ ਨਾਮ ਤੁਸੀਂ, ਅਕਾਲ ਪੁਰਖ ਵਾਹਿਗੁਰੂ, ਪ੍ਰਮਾਤਮਾ, ਅੱਲ੍ਹਾ ਜਾਂ 'ਗੌਡ' ਕੁਝ ਵੀ ਆਖ ਕੇ ਪੁਕਾਰ ਸਕਦੇ ਹੋ। ਇਸੇ ਮਹਾਨ ਸ਼ਕਤੀ ਤੋਂ 'ਮੈਂ' (ਜੀਵ ਆਤਮਾ) ਉਪਜਿਆ ਹਾਂ। ਇਸੇ ਮਹਾਨ ਸ਼ਕਤੀ ਵਿਚ ਲੀਨ ਹੋਣ ਉਪਰੰਤ ਮੇਰੀ ਜੀਵਨ-ਯਾਤਰਾ ਸੰਪੂਰਨ ਹੋਵੇਗੀ। ਕਦੋਂ?
ਇਸ ਕਦੋਂ ਦੇ ਉੱਤਰ ਲਈ ਅਸੀਂ ਜੋਤਿਸ਼ ਵਿਦਿਆ ਦਾ ਸਹਾਰਾ ਲੈਂਦੇ ਹਾਂ। ਜੋਤਿਸ਼ ਅਨੁਸਾਰ, ਸੰਸਾਰ ਦੀ ਉਮਰ ਚਾਰ ਅਰਬਵਤੀ ਕਰੋੜ ਸਾਲ ਹੈ। ਇਸ ਵਿਚੋਂ (ਸੰਨ ੧੯੯੭) ਤੱਕ ੧ ਅਰਬ ੯੭ ਕਰੋੜ ੨੯ ਲੱਖ ੪੯ ਹਜ਼ਾਰ ੦੯੭ ਸਾਲ ਗੁਜ਼ਰ ਚੁੱਕੇ ਹਨ। ਬਾਕੀ ਕੋਈ ਕਰੀਬ ੨੩੫ ਕਰੋੜ ਸਾਲ ਬਾਕੀ ਹਨ। ਇਸ ਪਿੱਛੋਂ ਸੰਸਾਰ, ਅਕਾਲ-ਪੁਰਖ ਵਿਚ ਲੀਨ ਹੋ ਜਾਵੇਗਾ। ਚਾਰ ਅਰਬਵਤੀ ਕਰੋੜ ਸਾਲ 'ਲੀਨਤਾ' ਦੀ ਅਵਸਥਾ ਵਿਚ ਰਹਿ ਕੇ ਮੁੜ ਸੰਸਾਰ ਉਤਪੰਨ ਹੋ, ਕੁਦਰਤ ਦਾ ਇਹ ਚੱਕਰ ਚੱਲਦਾ ਰਹੇਗਾ। ਇਸ ਵਿਚਾਰ ਅਨੁਸਾਰ, ਅਸੀਂ ਬਗੈਰ ਕਿਸੇ ਕੋਸ਼ਿਸ਼ ਦੇ ੨੩੫ ਕਰੋੜ ਸਾਲ ਪਿੱਛੋਂ, ਅਕਾਲ-ਪੁਰਖ ਵਿਚ ਲੀਨ ਹੋ ਜਾਣਾ ਹੈ।
ਅਕਾਲ-ਪੁਰਖ ਨੇ ੮੪ ਲੱਖ ਜੂਨ ਉਪਾਈ ਹੋਈ ਹੈ। ਕਿਸੇ ਜੂਨ ਦੀ ਉਮਰ ਹਜ਼ਾਰਾਂ ਸਾਲ, ਕਿਸੇ ਦੀ ਸੈਂਕੜੇ ਸਾਲ, ਕਿਸੇ ਦੀ ਕੁਝ ਸਾਲ, ਕਿਸੇ ਦੀ ਕੁਝ ਮਹੀਨੇ ਅਤੇ ਕਿਸੇ ਦੀ ਕੁਝ ਦਿਨ ਹੀ ਹੁੰਦੀ ਹੈ। ਆਪਣੇ ਮਨ ਨੂੰ ਸਮਝਾਉਣ ਲਈ, ਜੇ ਇਕ ਜੂਨ ਦੀ ਔਸਤ ਉਮਰ ੨੦ ਸਾਲ ਲਾਈਏ ਤਾਂ ੮੪ ਲੱਖ ਜੂਨ ਦਾ ਇਕ ਗੇੜ ਕੱਟਣ ਲਈ ਕੋਈ ੧੭ ਕਰੋੜ ਸਾਲ ਦਾ ਸਮਾਂ ਲੱਗੇਗਾ। ਜਦੋਂ ਤੱਕ ਸੰਸਾਰ ਨੇ ਅਕਾਲ ਪੁਰਖ ਵਿਚ ਲੀਨ ਹੋਣਾ ਹੈ ਸਾਨੂੰ ੮੪ ਲੱਖ ਜੂਨ ਦੇ ਕੋਈ ੧੪ ਗੇੜ ਕੱਟਣੇ ਪੈਣਗੇ। ਇਸ ਤਰ੍ਹਾਂ ਸਾਨੂੰ ਕੋਈ ੧੨ ਕਰੋੜ ਵਾਰ ਜਨਮ ਲੈ ਕੇ ਮਰਨਾ ਪਵੇਗਾ। ਇਨ੍ਹਾਂ ਵਿਚੋਂ ਬਹੁਤੀਆਂ ਜੂਨਾਂ ਤਾਂ ਐਸੀਆਂ ਹਨ ਕਿ ਇਕੋ ਜੂਨ ਦੇ ਕਸ਼ਟ ਕੱਟਣੇ ਔਖੇ ਲੱਗਦੇ ਹਨ। ਮੰਡੀਆਂ ਵਿਚ ਵੇਖਦੇ ਹਾਂ ਕਿ ਇਕ ਝੋਟਾ, ਇਕ ਰੇਹੜੀ ਅੱਗੇ ਜੋੜਿਆ ਹੁੰਦਾ ਹੈ। ੨੫/ ੩੦ ਬੋਰੀਆਂ ਲੱਦੀਆਂ ਹੁੰਦੀਆਂ ਹਨ। ਗਰਮੀ ਦਾ ਮੌਸਮ ਹੁੰਦਾ ਹੈ। ਝੋਟਾ ਭਾਰ ਨਾਲ ਹਫ਼ੂੰ ਹਫ਼ੂ ਕਰਦਾ ਹੁੰਦਾ ਹੈ। ਉਪਰੋਂ, ਮਾਲਕ ਡੰਡੇ ਵੀ ਮਾਰਦਾ ਹੈ। ਖੋਤੇ 'ਤੇ ਇੱਟਾਂ ਲੱਦੀਆਂ ਹੁੰਦੀਆਂ ਹਨ। ਭਾਰ ਦੇ ਕਾਰਨ ਉਸ ਦੀਆਂ ਲੱਤਾਂ ਫਿਟੂੰ ਫਿਟੂੰ ਕਰਦੀਆਂ ਹੁੰਦੀਆਂ ਹਨ। ਉਪਰੋਂ ਘੁਮਾਰ ਦੇ ਡੰਡੇ ਵੀ ਪੈਂਦੇ ਹਨ। ਇਸੇ ਤਰ੍ਹਾਂ ਦਾ ਹੀ, ਹੋਰ ਅਨੇਕ ਜੂਨੀਆਂ ਦਾ ਹਾਲ ਸਮਝ ਲਵੋ। ਜੇ ਤਾਂ ਅਸੀਂ ੧੨ ਕਰੋੜ ਵਾਰੀ ਜਨਮ ਲੈ ਕੇ, ਵੱਖੋ ਵੱਖ ਜੂਨਾਂ ਦੇ ਕਸ਼ਟ ਕੱਟਣ ਦੀ ਹਿੰਮਤ ਰੱਖਦੇ ਹਾਂ ਤਾਂ ਸਾਨੂੰ, ਅਕਾਲ ਪੁਰਖ ਦੇ ਮਿਲਾਪ ਲਈ ਕੋਈ ਵੀ ਉਪਰਾਲਾ ਕਰਨ ਦੀ ਲੋੜ ਨਹੀਂ ਹੈ। ੨੩੫ ਕਰੋੜ ਸਾਲ ਪਿੱਛੋਂ ਅਕਾਲ ਪੁਰਖ ਵਿਚ ਲੀਨਤਾ ਆਪਣੇ ਆਪ ਹੀ ਹੋ ਜਾਵੇਗੀ।
'ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥...੧॥' (ਸਲੋਕ ਸੇਖ ਫਰੀਦ ਕੇ, ਅੰਕ : ੧੩੭੭) ਜੇ ੧੨ ਕਰੋੜ ਵਾਰੀ ਨਿਮਾਣੀ ਜਿੰਦ ਦੇ ਹੱਡਾਂ ਨੂੰ ਕੜਕਾ ਕੇ ਕੱਢਣ ਦਾ, ਮਰਨ ਕਾਲ ਕਾ ਤਰਾਸ, ਸਾਥੋਂ ਝੱਲਿਆ ਨਹੀਂ ਜਾਣਾ ਤਾਂ ਸਾਨੂੰ ਸੋਚਣਾ ਹੀ ਪਵੇਗਾ ਕਿ ਅਸੀਂ ਜਨਮ ਤੇ ਮਰਨ ਦੇ ਇਸ ਲੰਮੇ ਚੱਕਰ ਨੂੰ ਅਤੇ ੨੩੫ ਕਰੋੜ ਸਾਲ ਦੇ ਲੰਮੇ ਸਮੇਂ ਨੂੰ ਕਿਵੇਂ ਘੱਟ ਤੋਂ ਘੱਟ ਕਰਕੇ, ਅਸੀਂ ਵੱਧ ਤੋਂ ਵੱਧ ਛੇਤੀ ਅਕਾਲ ਪੁਰਖ ਵਿਚ ਲੀਨਤਾ ਪ੍ਰਾਪਤ ਕਰ ਸਕੀਏ।
ਇਸ ਲੇਖ ਦਾ ਸਾਰ ਅੰਸ਼ ਇਹ ਹੋਇਆ ਕਿ ਸੰਸਾਰ ਦੀ ਹਰ ਸ਼ੈਅ, ਇਕ ਚੱਕਰ ਜਾਂ ਦਾਇਰੇ ਵਿਚ ਹਰਕਤ ਕਰਦੀ ਹੈ। ਜਿਥੋਂ ਕੋਈ ਸ਼ੈਅ ਉਪਜਦੀ ਹੈ, ਉਥੇ ਪਹੁੰਚ, ਆਪਣੀ ਉਪਜ ਸਰੋਤਿ ਵਿਚ ਲੀਨ ਹੋ, ਆਪਣੀ ਜੀਵਨ ਯਾਤਰਾ ਪੂਰੀ ਕਰਦੀ ਹੈ। ''ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥੧੧॥'' (ਸਲੋਕ ਮ. ੯, ਅੰਕ : ੧੪੨੬-੨੭) ਅਨੁਸਾਰ, ਚੂੰਕਿ ਸੰਸਾਰ ਦਾ ਉਪਜ ਸਰੋਤਿ, ਪਰਮ-ਆਤਮਾ ਹੈ। 'ਮੈਂ' ਸੰਸਾਰ ਦਾ ਇਕ ਅੰਗ ਹਾਂ। ਮੇਰਾ ਜ਼ਿੰਦਗੀ ਦਾ ਸਫ਼ਰ ਵੀ, ਪਰਮ-ਆਤਮਾ ਵਿਚ ਸਮਾਈ ਉਪਰੰਤ ਹੀ ਪੂਰਾ ਹੋਵੇਗਾ।
ਧੰਨਵਾਦ ਸਹਿਤ ਸੂਬੇਦਾਰ ਭਾਈ ਧਰਮ ਸਿੰਘ ਸੁੱਜੋਂ ਜੀ ਦੀ ਪੁਸਤਕ "ਗੁਰਬਾਣੀ ਅਤੇ ਸਾਇੰਸ ਦੀ ਰੋਸ਼ਨੀ ਵਿਚ ਅਕਾਲਪੁਰਖ" 'ਚੋਂ।
Labels:
ਸੂਬੇਦਾਰ ਧਰਮ ਸਿੰਘ ਸੁੱਜੋਂ
ਖ਼ਾਲਸਾ
-ਸੂਬੇਦਾਰ ਧਰਮ ਸਿੰਘ ਸੁੱਜੋਂ

ਸਿੰਘਾ ਵਿਚ ਇਹ ਇੱਕ ਆਮ ਰਿਵਾਜ਼ ਜਿਹਾ ਬਣਦਾ ਜਾ ਰਿਹਾ ਹੈ ਕਿ ਉਹ ਆਪਣੇ ਨਾਮ ਦੇ ਨਾਲ ਸ਼ਬਦ ‘ਖ਼ਾਲਸਾ’ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਇਕ ਸ੍ਰੇਸ਼ਟ ਸਿੱਖ ਦੇ ਰੂਪ ਵਿਚ ਦਰਸਾਉਣ। ਜੇ ਤਾਂ ਇਸ ਪਵਿਤਰ ਸ਼ਬਦ ਦੀ ਵਰਤੋਂ ਕਰਨ ਵਾਲੇ ਸੱਜਣ ਵਿੱਚ ਖ਼ਾਲਸੇ ਵਾਲੇ ਗੁਣ ਹੋਣ ਤਾਂ ਬਹੁਤ ਬਹੁਤ ਮੁਬਾਰਕ, ਨਹੀਂ ਤਾਂ ਜੇ ਹਰ ਕੋਈ ਸੱਜਣ ਇਸ ਦੀ ਵਰਤੋ ਕਰਨ ਲੱਗ ਜਾਏ ਜਿਸ ਵਿਚ ਖ਼ਾਲਸੇ ਵਾਲੇ ਗੁਣ ਨਾ ਹੋਣ ਤਾਂ ਇਹ ਇੱਕ ਤਰ੍ਹਾਂ ਨਾਲ ‘ਖਾਲਸਾ’ ਸ਼ਬਦ ਦੀ ਨਿਰਾਦਰੀ ਹੈ। ਖ਼ਾਲਸੇ ਦੇ ਵਿਰੋਧੀਆ ਵਲੋਂ ਇਸ ਨੂੰ ਅਤਿਵਾਦੀ, ਵੱਖਵਾਦੀ, Extremist, Terrorist ਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਕੋਝੇ ਉਪਨਾਮਾਂ ਦੀ ਵਰਤੋਂ ਕਰਕੇ, ਇਸ ਨੂੰ ਭੰਡਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਇਸ ਪਵਿੱਤਰ ਸ਼ਬਦ ‘ਖ਼ਾਲਸਾ’ ਤੇ ਵਿਚਾਰ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਖ਼ਾਲਸੇ ਦੀ ਸਾਜਨਾ ਵੇਲੇ ਸ੍ਰੀ ਕਲਗੀਧਰ ਜੀ ਦੇ ਮਨ ਵਿੱਚ ‘ਖ਼ਾਲਸਾ’ ਸ਼ਬਦ ਬਾਰੇ ਕੀ ਧਾਰਨਾ ਸੀ:-
“ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸੇ ਮਹਿ ਹਉ ਕਰੋਂ ਨਿਵਾਸ॥”
ਇਹ ਬਚਨ ਆਖ ਕੇ ਕਲਗੀਧਰ ਜੀ ਨੇ, ਖ਼ਾਲਸਾ ਜੀ ਨੂੰ ਇਤਨਾ ਵੱਡਾ ਮਾਣ ਬਖਸ਼ਿਆ ਹੈ ਕਿ ਇਸ ਨੂੰ ਆਪਣਾ ਹੀ ਰੂਪ ਬਣਾ ਲਿਆ ਹੈ। ਇਸ ਦਾ ਅਰਥ ਇਹ ਹੋਇਆ ਕਿ ਖ਼ਾਲਸਾ ਕਲਗੀਧਰ ਜੀ ਹੈ, ਤੇ ਕਲਗੀਧਰ ਜੀ ਖੁਦ ਹੀ ਖ਼ਾਲਸਾ ਹਨ। ਜੇ ਕਲਗੀਧਰ ਜੀ ਨੇ ਖ਼ਾਲਸੇ ਨੂੰ ਇਤਨੀ ਮਹਾਨ ਵਡਿਆਈ ਬਖਸ਼ ਦਿੱਤੀ ਹੈ ਤਾਂ ਜ਼ਰਾ ਪੜਚੋਲ ਕਰੀਏ ਕਿ :-
੧. ਸ੍ਰੀ ਕਲਗੀਧਰ ਜੀ ਖੁਦ ਕਿਸ ਪਦਵੀ ਦੇ ਮਾਲਕ ਹੋਏ?
੨. ਜਦੋਂ ਖ਼ਾਲਸੇ ਨੂੰ ਆਪ ਜੀ ਨੇ ਆਪਣਾ ਹੀ ਰੂਪ ਬਖਸ਼ ਦਿੱਤਾ ਤਾਂ ਖ਼ਾਲਸੇ ਦਾ ਸਰੂਪ ਕਿਆ
ਹੋਇਆ?
ਪੰਥ ਅੰਦਰ ਇਹ ਦੋ ਤੱਥ ਨਿਰਵਿਵਾਦ ਐਸੇ ਪ੍ਰਮਾਣੀਕ ਤੱਥ ਹਨ ਜਿਸ ਤੇ ਕਿਸੀ ਲਈ ਭੀ ਕੋਈ ਕਿੰਤੂ ਪਰੰਤੂ ਕਰਨ ਦੀ ਗੁੰਜਾਇਸ਼ ਨਹੀਂ ਹੈ। ਇੱਕ ਇਹ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ‘ਖਸਮ ਕੀ ਬਾਣੀ’ ਜਾਂ ‘ਧੁਰ ਕੀ ਬਾਣੀ’ ਹੈ :-
“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰ ਸਿਖਹੁ॥” (ਪੰਨਾ ੩੦੮) ਦਾ ਹੁਕਮ ਹੈ –
ਦੂਸਰੇ
“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” (ਪੰਨਾ ੯੬੬)
ਅਨੁਸਾਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਜੀ ਤੱਕ ਦਸੇ ਹੀ ਗੁਰੂ ਸਾਹਿਬਾਨ ਵਿੱਚ ਇੱਕ ਹੀ ਜੋਤਿ ਵਿਚਰਦੀ ਆ ਰਹੀ ਹੈ। ‘ਗੁਰਮਤਿ’ ਦੀ ਜੋ ਜੁਗਤੀ ਗੁਰੂ ਨਾਨਕ ਦੇਵ ਜੀ ਨੇ ਜੁਗਤਾਈ ਸੀ, ਸਾਰੇ ਗੁਰੂ ਸਾਹਿਬਾਨ ਨੇ ‘ਜੁਗਤਿ ਸਾਇ’ ਤੇ ਹੀ ਅਮਲ ਕੀਤਾ। ਸਿਰਫ਼ ਉਨ੍ਹਾਂ ਦੀ ‘ਸਹ ਕਾਇਆ’ ਜਾ ਆਪਣਾ ਸਰੀਰ ਹੀ ਪਲਟੀ ਹੁੰਦਾ ਰਿਹਾ, ਇਸ ਲਈ ਦਸੇ ਗੁਰੂ ਸਾਹਿਬਾਨ ਨੂੰ ਭਿੰਨ ਭਿੰਨ ਕਰਕੇ ਜਾਨਣਾ ਸਾਡੀ ਵੱਡੀ ਭੁੱਲ ਹੋਵੇਗੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਜੀ ਤੱਕ ਦਸੇ ਗੁਰੂ ਸਾਹਿਬਾਨ ਦਰਅਸਲ ਕਿਸ ਹਸਤੀ ਦੇ ਮਾਲਕ ਸਨ, ਇਸ ਭੇਦ ਨੂੰ ‘ਭੱਟਾਂ’ ਨੇ ਆਪਣੀ ਬਾਣੀ ਵਿਚ ਇਨ੍ਹਾਂ ਸ਼ਬਦਾ ਦੁਆਰਾ ਖ੍ਹੋਲਿਆ ਹੈ:-
ਆਪਿਨਰਾਇਣੁਕਲਾਧਾਰਿਜਗਮਹਿਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ (ਪੰਨਾ ੧੩੯੫)
ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥ (ਪੰਨਾ ੧੪੦੬)
ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ॥੫॥ (ਪੰਨਾ ੧੪੦੯)
ਦੇਵਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ (ਪੰਨਾ ੧੪੦੯)
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥ (ਪੰਨਾ ੧੪੦੯)
ਉਪਰ ਦਿੱਤੇ ਗੁਰ ਫੁਰਮਾਨ ਆਪਣੇ ਆਪ ਵਿਚ ਇਤਨੇ ਸਪੱਸ਼ਟ ਹਨ ਕਿ ਇਨ੍ਹਾਂ ਦੀ ਹੋਰ ਵਿਆਖਿਆ ਦੀ ਲੋੜ ਨਹੀਂ ਭਾਸਦੀ। ਇਨ੍ਹਾਂ ਗੁਰ-ਫੁਰਮਾਨਾਂ ਤੋਂ ਸਾਫ ਸਿੱਧ ਹੂੰਦਾ ਹੈ ਕਿ ਗੁਰੂ ਸਾਹਿਬਾਨ ਵਿਚ ਪੂਰਨ ਬ੍ਰਹਮ ਦਾ ਨਿਵਾਸ ਸੀ ਜਾਂ ਨਾਰਾਇਣ ਆਪ ਕਲਾਧਾਰ ਜੱਗ ਵਿਚ ਪਧਾਰੇ ਸਨ। ਜਦੋਂ ਜਦੋਂ ਭੀ ਗੁਰੂ ਜੋਤਿ ‘ਦੇਵ ਪੁਰੀ’ ਪਧਾਰਦੀ ਰਹੀ ‘ਹਰਿ ਜੀ’ ਗੁਰੂ-ਜੋਤਿ ਨੂੰ ਪੂਰੇ ਸਨਮਾਨ ਦੇ ਨਾਲ ਆਪ ਆਪਣੇ ਸਿੰਘਾਸਣ ਤੇ ਬਿਰਾਜਮਾਨ ਕਰਦੇ ਰਹੇ। ਇਸ ਵਿਚਾਰ ਤੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਸ੍ਰੀ ਕਲਗੀਧਰ ਜੀ ਤੱਕ ਸਾਰੇ ਗੁਰੂ ਸਾਹਿਬਾਨ ਆਪ ਪਰਮੇਸ਼ਵਰ ਸਨ। ਖ਼ਾਲਸਾ ਕਲਗੀਧਰ ਜੀ ਦਾ ਹੀ ‘ਖਾਸ ਰੂਪ’ ਹੈ। ਕਲਗੀਧਰ ਜੀ ਖ਼ਾਲਸੇ ਵਿਚ ਆਪ ਨਿਵਾਸ ਰੱਖਦੇ ਹਨ ਤਾਂ ਖ਼ਾਲਸਾ ਭੀ ਪਰਮੇਸ਼ਵਰ ਦਾ ਹੀ ਰੂਪ ਸਿੱਧ ਹੋਇਆ। ਅੱਗੇ ਹੁਣ ਇਸ ਸਿਧਾਂਤ ਤੇ ਕੁੱਝ ਵਿਸਥਾਰ ਸਹਿਤ ਵਿਚਾਰ ਕਰੀਏ ਕਿ ਇੱਕ ਇਨਸਾਨ ‘ਖ਼ਾਲਸੇ ਦੀ ਪਦਵੀ’ ਤੇ ਕਿਵੇਂ ਤੇ ਕਦੋਂ ਪਹੁੰਚਦਾ ਹੈ?
“ਪੁਰਨ ਜੋਤਿ ਜਗੈ ਘਟ ਮੈ, ਤਬਿ ਖ਼ਾਲਸਾ ਤਾਹਿ ਨਖਾਲਸ ਜਾਨੈ ॥”
ਇਸ ਗੁਰ ਫੁਰਮਾਨ ਦਾ ਭਾਵ ਅਰਥ ਇਹ ਹੈ ਕਿ ਜਦੋਂ ਕਿਸੀ ਇਨਸਾਨ ਦੇ ਘਟ (ਸਰੀਰ) ਵਿਚ ਪੂਰਨ ਜੋਤਿ ਜਗਮਗਾ ਉਠਦੀ ਹੈ ਤਾਂ ਉਹ ਇਨਸਾਨ ਪਵਿੱਤਰ ਸ਼ੁੱਧ ਜਾਂ ਖ਼ਾਲਸ ਹੋ ਜਾਂਦਾ ਹੈ। ਖ਼ਾਲਸ ਹੋਣ ਲਈ ਕਲਗੀਧਰ ਜੀ ਤਿੰਨ ਸ਼ਰਤਾਂ (Conditions) ਲਾਉਂਦੇ ਹਨ। ਤਿੰਨ ਸ਼ਰਤਾਂ ਇਹ ਹਨ:
੧. ਪੂਰਨ ਜੋਤਿ
੨. ਜਗੈ
੩. ਘਟ ਮੈ ।
ਅੱਗੋਂ ਇਨ੍ਹਾਂ ਤਿੰਨਾਂ ਸ਼ਰਤਾਂ ਤੇ ਵਿਚਾਰ ਹੋਵੇਗੀ:-
੧. ਪੂਰਨ ਜੋਤਿ -
ਰਾਤ ਸਮੇਂ ਅਸਮਾਨ ਵਿਚ ਜਿਤਨੇ ਭੀ ਤਾਰੇ ਚਮਕਦੇ ਹੋਏ ਨਜ਼ਰ ਆਉਂਦੇ ਹਨ ਇਹ ਆਕਾਰ ਵਿੱਚ, ਜਾਂ ਤਾਂ ਸੂਰਜ ਸਮਾਨ ਹਨ ਜਾਂ ਇਸ ਤੋਂ ਭੀ ਬਹੁਤ ਬੜੇ ਹਨ। ਜਿਸ ਆਕਾਸ਼-ਗੰਗਾ (Galaxy) ਨਾਲ ਸਾਡੇ ਸੂਰਜ ਮੰਡਲ ਦਾ ਸੰਬੰਧ ਹੈ, ਉਸ ਨੂੰ ਮਿਲਕੀ ਵੇ (Milky Way) ਅਰਥਾਤ ਆਕਾਸ਼-ਗੰਗਾ ਆਖਦੇ ਹਨ। ਇਸ ਇੱਕ ਹੀ ਆਕਾਸ਼ ਗੰਗਾ ਵਿਚ ਇੱਕ ਖਰਬ (One hundred thousand million) ਤਾਰੇ ਹਨ। ਐਸੀ ਕੋਈ ਇੱਕ ਅਰਬ (One thousand million) ਆਕਾਸ਼-ਗੰਗਾਵਾਂ ਹੁਣ ਤੱਕ ਦਰਿਆਫਤ ਹੋ ਚੁੱਕੀਆਂ ਹਨ। ਇਤਨੇ ਬੇਅੰਤ ਸੂਰਜਾਂ ਦੀ ਰੌਸ਼ਨੀ ਕਿਆ ਇਨ੍ਹਾਂ ਸੂਰਜਾਂ ਦੀ ਆਪਣੀ ਉਪਜ ਹੈ ਜਾਂ ਇਹ ਕਿਸੀ ਹੋਰ ਸੋਮੇ ਤੋਂ ਪ੍ਰਪਾਤ ਹੋ ਰਹੀ ਹੈ?
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (ਪੰਨਾ ੬)
ਇਸ ਗੁਰ-ਫੁਰਮਾਣ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਬੇਅੰਤ ਸੂਰਜਾਂ ਵਿਚ ਨਜ਼ਰ ਆਉਂਦਾ ਚਾਨਣ, ਇਨ੍ਹਾਂ ਸੂਰਜਾਂ ਦੀ ਆਪਣੀ ਉਪਜ ਨਹੀਂ ਹੈ। ਇਹ “ਤਿਸਦੈ” ਚਾਨਣ ਤੋਂ ਚਾਨਣ ਲੈ ਕੇ ਇਹ ਬੇਅੰਤ ਸੂਰਜ ਰੋਸ਼ਨ ਹੋ ਰਹੇ ਹਨ ਤਾਂ ਉਹ ਸੋਮਾ, ਖੁਦ ਕਿਤਨੇ ਕੁ ਵੱਡੇ ਚਾਨਣ ਦਾ ਭੰਡਾਰ ਹੋਵੇਗਾ? ਸੰਸਾਰ ਅੰਦਰ ਮੌਜੂਦ ਚਾਨਣ ਦੀ ਗਿਣਤੀ ਮਿਣਤੀ ਕਰਨੀ ਸੰਭਵ ਨਜ਼ਰ ਨਹੀ ਆਉਂਦੀ ਤੇ ਜਿਸ ਸੋਮੇ ਤੋਂ ਇਹ ਚਾਨਣ ਆ ਰਿਹਾ ਹੈ ਤਾਂ ਉਸ ਸੋਮੇ ਦੇ ਅਥਾਹ ਚਾਨਣ ਦੀ ਗਿਣਤੀ ਮਿਣਤੀ ਕੌਣ ਕਰ ਸਕਦਾ ਹੈ? ਇਸ ਚਾਨਣ ਨੂੰ ਬੇਅੰਤ (Infinite) ਜਾਂ ਪੂਰਨ ਜੋਤਿ ਆਖ ਕੇ ਹੀ ਚੁਪ ਕਰਨਾ ਬਣਦਾ ਹੈ। ਅਕਾਲ-ਪੁਰਖ ਦੀ ਇਸ ਪੂਰਨ ਜੋਤਿ ਨੂੰ ਮੁਖ ਰੱਖ ਕੇ ਹੀ ਇਸ ਨੂੰ ‘ਜੋਤੀ ਸਰੂਪ’ ਭੀ ਆਖਿਆ ਜਾਂਦਾ ਹੈ। ਪੂਰਨ ਜੋਤਿ ਦਾ ਅਰਥ ਹੋਇਆ ਅਕਾਲ ਪੁਰਖ ਕੀ “ਪੂਰਨ ਜੋਤਿ” ।
੨. ਜਗੈ -
ਹਿੰਦੂ ਅਤੇ ਸਿੱਖ ਧਰਮ, ਪੁਨਰ-ਜਨਮ ਦੇ ਸਿਧਾਂਤ ਵਿਚ ਵਿਸ਼ਵਾਸ ਰਖਦੇ ਹਨ। ਕੋਈ ਜੀਵ ਕਿਸੀ ਇਕ ਜੂਨੀ ਵਿਚ ਮ੍ਰਿਤੂ ਹੋਣ ਉਪਰੰਤ ਅਗੋਂ ਕਿਸੇ ਹੋਰ ਜੂਨੀ ਵਿਚ ਜਾ ਜਨਮ ਲੈਂਦਾ ਹੈ। ਇਸਤਰ੍ਹਾਂ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਜਿਸ ਨੂੰ ਪੁਨਰ ਜਨਮ ਆਖਦੇ ਹਨ। ਯਹੂਦੀ, ਇਸਾਈ ਤੇ ਇਸਲਾਮ ਇਹ ਤਿੰਨ ਧਰਮ ਪੁਨਰ ਜਨਮ ਦੇ ਸਿਧਾਂਤ ਨੂੰ ਨਹੀਂ ਮੰਨਦੇ। ਇਨ੍ਹਾਂ ਦੇ ਵਿਸ਼ਵਾਸ ਅਨੁਸਾਰ ਕਬਰਸਤਾਨ ਤੋਂ ਅੱਗੇ ਕੋਈ ਜ਼ਿੰਦਗੀ ਨਹੀਂ ਹੈ। ਮੁਰਦੇ ਨੂੰ ਕਬਰ ਵਿਚ ਦਫ਼ਨ ਕਰਨ ਉਪਰੰਤ, ਸੰਸਾਰ ਦੇ ਖ਼ਾਤਮੇ ਦੇ ਸਮੇਂ ਤੱਕ, ਜੀਵ ਭੀ ਕਬਰ ਵਿਚ ਹੀ ਰਹਿੰਦਾ ਹੈ। ਮਹਾਂ ਪਰਲੋ, ਜਿਸ ਨੂੰ ਮੁਸਲਮਾਨ ਰੋਜ਼-ਏ-ਕਿਆਮਤ ਅਤੇ ਯਹੂਦੀ ਤੇ ਇਸਾਈ Doom's Day ਆਖਦੇ ਹਨ ਦੇ ਵਕਤ ਕਬਰਾ ਵਿਚੋਂ ਸਭ ਮੁਰਦੇ ਜ਼ਿੰਦਾ ਹੋ ਉਠਦੇ ਹਨ, ਅੱਲਾ ਤਾਅਲਾ ਜਾਂ ਗੌਡ (God) ਦੇ ਪੇਸ਼ ਹੁੰਦੇ ਹਨ। ਅੱਲਾ ਤਾਅਲਾ ਉਨ੍ਹਾਂ ਦੇ ਸੰਸਾਰ ਵਿਚ ਕੀਤੇ ਹੋਏ ਕੰਮ ਅਨੁਸਾਰ ਨੇਕ ਪੁਰਸ਼ਾਂ ਨੂੰ ਬਹਿਸ਼ਤ ਜਾਂ Heaven ਵਿਚ ਭੇਜ ਦਿੰਦਾ ਹੈ, ਬੁਰੇ ਪੁਰਸ਼ਾਂ ਨੂੰ ਦੋਜ਼ਖ ਵਿੱਚ। ਅੱਗੋਂ ਉਹ ਹਮੇਸ਼ਾਂ ਹਮੇਸ਼ਾਂ ਲਈ ਬਹਿਸ਼ਤ ਜਾਂ ਦੋਜ਼ਖ ਜਿਥੇ ਵੀ ਉਨ੍ਹਾਂ ਨੂੰ ਭੇਜਿਆ ਗਿਆ ਹੈ, ਉਥੇ ਹੀ ਵਸਦੇ ਹਨ। ਇਸ ਤੋਂ ਅੱਗੇ ਹੋਰ ਕੋਈ ਜਨਮ ਨਹੀਂ ਹੁੰਦਾ। ਇਨ੍ਹਾਂ ਤਿੰਨਾਂ ਮੱਤਾਂ ਦਾ ਜ਼ਿੰਦਗੀ ਦਾ ਆਖਰੀ ਨਿਸ਼ਾਨਾ ਬਹਿਸ਼ਤ ਪ੍ਰਾਪਤ ਕਰਨਾ ਹੈ। ਇਨ੍ਹਾਂ ਦੇ ਪੈਗੰਬਰ ਜਾਂ ਨਬੀਆ ਨੇ ਆਪਣੇ ਆਪਣੇ ਮੱਤਾ ਦੇ ਧਾਰਮਿਕ ਨਿਯਮ ਕੁਝ ਇਸ ਢੰਗ ਨਾਲ ਨੀਯਤ ਕੀਤੇ ਕਿ ਜੋ ਇਨਸਾਨ ਨੇਕ ਕਰਮ ਕਰੇਗਾ, ਬਹਿਸ਼ਤ ਪ੍ਰਾਪਤ ਕਰ ਸਕੇਗਾ, ਬਹਿਸ਼ਤ ਦੀ ਪ੍ਰਾਪਤੀ ਤੇ ਜ਼ਿੰਦਗੀ ਦਾ
ਨਿਸ਼ਾਨਾ ਪੂਰਾ ਹੋਇਆ ਸਮਝ ਇਥੇ ਹੀ ਸੰਤੁਸ਼ਟ ਹੋ ਬੈਠ ਜਾਂਦੇ ਹਨ।
ਹਿੰਦੂ ਧਰਮ, ਜੀਵ ਦੇ ਚੌਰਾਸੀ ਲੱਖ ਜੂਨਾਂ ਵਿਚ ਵਾਰ ਵਾਰ ਚੱਕਰ ਕਟਣ ਅਤੇ ਇਨ੍ਹਾਂ ਜੂਨਾਂ ਦੇ ਕਸ਼ਟ ਭੋਗਣ ਤੋਂ ਛੁਟਕਾਰਾ ਹਾਸਲ ਕਰਨ ਲਈ ਮੁਕਤੀ ਚਾਹੁੰਦਾ ਹੈ। ਮੁਕਤੀ ਪ੍ਰਾਪਤ ਕਰਨੇ ਲਈ ਰਿਸ਼ੀਆਂ ਮੁਨੀਆਂ ਨੇ ਵੇਦਾਂਤ ਅਤੇ ਯੋਗ ਦੇ ਦੋ ਮਾਰਗ ਦਰਿਆਫਤ ਕੀਤੇ। ਇਨ੍ਹਾਂ ਦੋਨਾਂ ਵਿਚੋਂ ਕਿਸੀ ਇਕ ਮਾਰਗ ਨੂੰ ਵੀ ਅਪਣਾਇਆ ਇਨਸਾਨ ਆਤਮ ਸ਼ਾਖਸ਼ਾਤਕਾਰ ਤੱਕ ਪਹੁੰਚ ਜਾਂਦਾ ਹੈ-ਭਾਵ ਸਰੀਰ ਅੰਦਰ ਵਸਦੀ ਆਪਣੀ ਗੁਪਤ ਆਤਮਾ ਨੂੰ ਪ੍ਰਗਟ ਕਰ ਆਪਣੇ ਨੇਤਰਾਂ ਨਾਲ ਪਰਤੱਖ ਤੌਰ ਤੇ ਦੇਖਦਾ ਹੈ। ਇਸ ਪਦ ਪੁਗਿਆਂ “ਮੈਂ ਸਰੀਰ ਹਾਂ” ਦੀ ਧਾਰਨਾ ਖਤਮ ਹੋ ਕੇ “ਮੈਂ ਆਤਮਾ ਹਾਂ” ਦਾ ਗਿਆਨ ਹੋ ਜਾਂਦਾ ਹੈ। ‘ਹਊਮੈ’ ਦੇ ਖਾਤਮੇ ਨਾਲ ਹੀ ‘ਹਊਮੈ’ ਅਧੀਨ ਕੀਤੇ ਕਰਮਾਂ ਦਾ ਭੀ ਨਾਸ਼ ਹੋ ਜਾਂਦਾ ਹੈ। ਕਰਮ ਦੇ ਨਾਸ਼ ਹੋਣ ਤੇ ਜੀਵ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।
ਗਿਆਨੈ ਕਾਰਨ ਕਰਮ ਅਭਿਆਸੁ॥
ਗਿਆਨੁ ਭਇਆ ਤਹ ਕਰਮਹ ਨਾਸੁ ॥੩॥ (ਪੰਨਾ ੧੧੬੭)
ਗਿਆਨ ਉਪਰੰਤ ਕਰਮ ਫਲ ਦੇ ਨਾਸ਼, ਮੁਕਤੀ ਪਰਾਪਤ ਕਰ ਹਿੰਦੂ ਧਰਮ ਸ਼ਕਤੀ ਤੇ ਸਤੁੰਸ਼ਟ ਹੋ ਬੈਠਦਾ ਹੈ।
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ (ਪੰਨਾ ੫੩੪)
ਖ਼ਾਲਸਾ ਨਾ ਰਾਜ ਦੀ ਇੱਛਾ ਕਰਦਾ ਹੇ ਅਤੇ ਨਾ ਹੀ ਸ਼ਕਤੀ ਦਾ ਹੀ ਚਾਹਵਾਨ ਹੈ,
ਮੁਕਤਿ ਬਪੁੜੀ ਭੀ ਗਿਆਨੀ ਤਿਆਗੈ (ਪੰਨਾ ੧੦੭੮)
ਖ਼ਾਲਸੇ ਦੀ ਮੰਗ ਹੈ ਪ੍ਰਭੂ ਪਰਮਾਤਮਾਂ ਦੇ ਚਰਨ ਕੰਵਲਾਂ ਦੀ ਮੌਜ ਦਾ ਹੀ ਆਨੰਦ ਮਾਨਣਾ ਚਾਹੁੰਦਾ ਹੈ। ਪ੍ਰੀਤ ਚਰਨ ਕਮਲ ਜਾਂ ‘ਚਰਨ ਕੰਮਲ ਕੀ ਮੌਜ’ ਤੋਂ ਭਾਵ ਹੈ ਅਕਾਲ-ਪੁਰਖ ਦੇ ਚਰਨਾਂ ਵਿਚ ਨਿਵਾਸ। ਇਸ ਲਈ ਖ਼ਾਲਸੇ ਦਾ ਜ਼ਿੰਦਗੀ ਦਾ ਨਿਸ਼ਾਨਾ ਹੋਇਆ ਅਕਾਲ-ਪੁਰਖ ਦਾ ਮਿਲਾਪ। ਜੀਵ-ਆਤਮਾ ਅਤੇ ਪਰਮ-ਆਤਮਾ ਦੋਨੋ ਹੀ ਸਰੀਰ ਅੰਦਰ ਹਰ ਵਕਤ ਗੁਪਤ ਹਾਲਤ ਵਿਚ ਨਿਵਾਸ ਰਖਦੇ ਹਨ।
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ (ਪੰਨਾ ੬੧੭)
ਹਰ ਲੱਕੜੀ ਵਿੱਚ ਅੱਗ ਅਤੇ ਸਾਰੇ ਹੀ ਦੁੱਧ ਵਿਚ ਘਿਉ ਮੌਜੂਦ ਹੁੰਦਾ ਹੈ। ਇਕ ਖ਼ਾਸ ਯਤਨ ਨਾਲ ਲਕੜੀ ਵਿਚੋਂ ਅੱਗ ਅਤੇ ਦੁੱਧ ਵਿਚੋਂ ਘਿਉ ਨਿਕਲ ਪ੍ਰਗਟ ਹੋ ਜਾਂਦਾ ਹੈ। ਇਸੀ ਤਰ੍ਹਾਂ ਹੀ ਹਰ ਛੋਟੇ ਬੜੇ ਵਜੂਦ ਵਿਚ ਅਕਾਲ ਪੁਰਖ ਦੀ ਜੋਤਿ ਮੌਜੂਦ ਹੁੰਦੀ ਹੈ। ਇਹ ਜੋਤਿ ਭੀ ਇਕ ਖ਼ਾਸ ਯਤਨ ਦੁਆਰਾ ਪ੍ਰਗਟ ਹੋ ਲਟ ਲਟ ਕਰ ਜਗਮਾਉਣ ਲਗ ਜਾਂਦੀ ਹੈ।
੩. ਘਟਿ ਮੈ:
ਜਿਸ ਤਰ੍ਹਾਂ ਹਿੰਦੂ ਧਰਮ ਨੇ ਜੀਵ-ਆਤਮਾ ਦੇ ਸਾਖਸ਼ਾਤਕਾਰ ਲਈ ਵੇਦਾਂਤ ਅਤੇ ਯੋਗ ਦੇ ਮਾਰਗ ਦਰਿਆਫਤ ਕੀਤੇ ਇਸੀ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਪਰਮ-ਆਤਮਾ ਦੇ ਸਾਖਸ਼ਾਤਕਾਰ ਲਈ ‘ਗੁਰਮਤਿ ਦੇ ਗਾਡੀ ਰਾਹ’ ਤੋਂ ਸੰਸਾਰ ਨੂੰ ਗਿਆਨ ਕਰਾਇਆ। ‘ਗੁਰਮਤਿ’ ਦੀ ਦਰਸਾਈ ਵਿਧੀ ਅਨੁਸਾਰ ਗੁਰ-ਸ਼ਬਦ ਦੀ ਕਮਾਈ ਦੁਆਰਾ ਸਰੀਰ ਦੇ ਅੰਦਰ ਦਸਮ-ਦੁਆਰ ਦਾ ਪੱਥਰ ਜੈਸਾ ਮਜ਼ਬੂਤ ਦਰਵਾਜਾ ਆਪਣੇ ਆਪ ਬਗੈਰ ਕਿਸੀ ਕਠਨਾਂਈ ਦੇ ਖੁੱਲ ਜਾਂਦਾ ਹੈ, ਹੋਰ ਕਿਸੀ ਭੀ ਦੂਸਰੇ ਉਪਾਉ ਦੁਆਰਾ ਇਹ ‘ਬੱਜਰ ਕਪਾਟ’ ਨਹੀਂ ਖੁਲ੍ਹਦਾ।
ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ (ਪੰਨਾ ੯੫੪)
ਖ਼ਾਸ ਵਿਧੀ ਪੂਰਵਕ, ਗੁਰੂ-ਸ਼ਬਦ ਦੀ ਕੀਤੀ ਕਮਾਈ ਦੁਆਰਾ ਜਦੋਂ ਦਸਮ-ਦੁਆਰਾ ਖੁੱਲ੍ਹਦਾ ਹੈ ਤਾਂ “ਗੁਰ ਸਬਦੀ ਗੋਬਿਦੁ ਗੱਜਿਆ” (ਪੰਨਾ ੧੩੧੪) ਪ੍ਰਭੂ ਪਰਮ_ਆਤਮਾ ਦੇ ਪ੍ਰਗਟ ਹੁੰਦੇ ਸਾਰ ਹੀ ਇਸ ਦੀ ਪੂਰਨ-ਜੋਤਿ ਭੀ ਸਰੀਰ ਅੰਦਰ ਹੀ ਲਟ ਲਟ ਕਰ ਜਗਮਾ ਉਠਦੀ ਹੈ। ਜੀਵ-ਆਤਮਾ ਅਤੇ ਪਰਮ-ਆਤਮਾ ਦੋਨਾਂ ਦਾ ਮਿਲਾਪ ਹੋ “ਜਿਊ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥’ ਜਾਂ ‘ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ’ ਦਾ ਵਰਤਾਰਾ ਵਰਤੀਜ਼ਦਾ ਹੈ। ਇਸ ਪ੍ਰਕਾਰ ਕਲਗੀਧਰ ਜੀ ਵਲੋਂ ਪਵਿੱਤਰ, ਸ਼ੁੱਧ ਜਾਂ ਖ਼ਾਲਸੇ ਬਣਨੇ ਲਈ ਜੋ ਤਿੰਨ ਸ਼ਰਤਾਂ ਪੂਰਨ ਜੋਤਿ, ਜਗੈ, ਘਟਿ ਮੈ ਲਗਾਈਆਂ ਗਈਆਂ ਸਨ, ਪੂਰੀਆਂ ਹੋ ਇਨਸਾਨ ਸ਼ੁੱਧ ਜਾਂ ‘ਖ਼ਾਲਸ’ ਬਣ ਜਾਂਦਾ ਹੈ। ਐਸੇ ਖ਼ਾਲਸ ਹੋ ਚੁੱਕੇ ਇਨਸਾਨ ਨੂੰ ਕਲਗੀਧਰ ਹੀ ਨੇ ‘ਖ਼ਾਲਸਾ’ ਅਤੇ ਖ਼ਾਲਸਿਆਂ ਦੇ ਸਮੂਹ ਨੂੰ “ਖ਼ਾਲਸਾ ਪੰਥ’ ਦਾ ਨਾਮ ਦਿੱਤਾ ਤੇ ਕਬੀਰ ਜੀ ਕਥਨ ਅਨੁਸਾਰ:
“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥” (ਪੰਨਾ ੬੫੫)
ਇਸ ਉਪਰਲੀ ਵਿਚਾਰ ਤੋਂ ਇਹ ਸਪੱਸ਼ਟ ਸਿੱਧ ਹੁੰਦਾ ਹੈ ਕਿ ਖ਼ਾਲਸਾ ਗੁਰ-ਸ਼ਬਦ ਦੀ ਅਤੁੱਟ ਕਮਾਈ ਸਦਕਾ ਹੀ ਬਣਿਆ ਜਾ ਸਕਦਾ ਹੈ ਨਾ ਕਿ ਆਪਣੇ ਨਾਮ ਨਾਲ ‘ਖ਼ਾਲਸਾ’ ਸ਼ਬਦ ਦੀ ਵਰਤੋਂ ਕਰਕੇ।
(ਧੰਨਵਾਦ ਸਹਿਤ ਸੂਬੇਦਾਰ ਭਾਈ ਧਰਮ ਸਿੰਘ ਸੁੱਜੋਂ, ਕਰਤਾ ਗੁਰਬਾਣੀ ਅਤੇ ਸਾਇੰਸ ਦੀ ਰੋਸ਼ਨੀ 'ਚ ਅਕਾਲਪੁਰਖ)
Labels:
ਸੂਬੇਦਾਰ ਧਰਮ ਸਿੰਘ ਸੁੱਜੋਂ
Subscribe to:
Posts (Atom)