ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ
ਜਰੂਰੀ ਨੋਟ:- ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਨਾਮ ਦੇ ਦੋ ਸਿੱਖ ਹੋਏ ਹਨ। ਭਾਈ ਮਨੀ ਸਿੰਘ ਜੀ (ਪਹਿਲੇ) ਛੇਵੇਂ ਗੁਰੂ ਹਰਗੋਬਿੰਦ ਰਾਏ ਦੀ ਫੌਜ ਦੇ ਜਰਨੈਲ ਭਾਈ ਮਾਈ ਦਾਸ ਦੇ ਸਪੁੱਤਰ ਅਤੇ ਅਲੀਪੁਰ ਦੇ ਮੈੜ ਰਾਜਪੂਤ, ਪਰਮਾਰ ਗੋਤਰ ਨਾਲ ਸਬੰਧ ਰੱਖਦੇ ਸਨ। ਇਨ੍ਹਾਂ ਦੇ ਖਾਨਦਾਨ ਵਿੱਚੋਂ 52 ਸਿੰਘਾਂ ਨੇ ਗੁਰੂ ਘਰ ਦੀ ਸੇਵਾ ਕਰਦਿਆਂ ਸੀਸ ਵਾਰੇ। ਭਾਈ ਮਨੀ ਸਿੰਘ (ਦੂਜੇ) ਕੈਂਬੋਵਾਲ ਦੇ ਦੁਲਟ ਜੱਟ ਕਾਲੇ ਚੌਧਰੀ ਦੇ ਸਪੁੱਤਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਮਉਮਰ ਸਨ। ਇਹ ਬਚਪਨ ਤੋਂ ਹੀ ਗੁਰੂ ਕੀਆਂ ਮਾਈਆਂ ਦੀ ਸੇਵਾ ਵਿੱਚ ਰਹੇ। ਭਾਈ ਮਨੀ ਸਿੰਘ (ਦੂਜੇ) ਬਾਲ ਬ੍ਰਹਮਚਾਰੀ ਸਨ। ਇਸ ਕਰਕੇ ਇਨ੍ਹਾਂ ਦੇ 7 ਪੁੱਤਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਈ ਮਨੀ ਸਿੰਘ, ਸਿੱਖ ਇਤਿਹਾਸਕਾਰ ਗਿ: ਗਿਆਨ ਸਿੰਘ ਦੇ ਪੜਦਾਦਿਆਂ ਵਿੱਚੋਂ ਸਨ। ਭਾਈ ਮਨੀ ਸਿੰਘ (ਪਹਿਲੇ) ਅਤੇ ਦੂਜੇ ਦੋਨ੍ਹੋਂ ਵੱਖ-ਵੱਖ ਵਿਅਕਤੀ ਸਨ। ਪਰ ਬੇ-ਬੁੱਧੇ ਇਤਿਹਾਸਕਾਰਾਂ ਨੇ ਦੋਨ੍ਹਾਂ ਵੱਲੋਂ ਗੁਰੂ ਘਰ ਦੀ ਕੀਤੀ ਸੇਵਾ ਨੂੰ ਰਲਗੱਡ ਕਰਕੇ ਇਤਿਹਾਸ ਵਿੱਚ ਬਹੁਤ ਵੱਡਾ ਭੁਲੇਖਾ ਖੜ੍ਹਾ ਕੀਤਾ ਹੋਇਆ ਹੈ। ਇਸ ਲੇਖ ਵਿੱਚ ਭਾਈ ਮਨੀ ਸਿੰਘ (ਦੂਜੇ) ਦੀ ਚਰਚਾ ਹੈ।




