ਮਨੁੱਖ ਨੂੰ ਪੰਜ ਭੂਤਕ ਸਰੀਰਕ ਜਾਮਾਂ ਪਹਿਨਾਉਣ ਵਾਲਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਕਦੋਂ ਰਹਿਮਤਾਂ ਬਖਸ਼ਿਸ਼ਾਂ ਅਸੀਸਾਂ ਦਾ ਪਾਤਰ ਬਣਾ ਦੇਵੇ, ਸਮਝ ਤੋਂ ਬਾਹਰ ਹੈ। ਕਦੋਂ ਮਨੁੱਖ ਦਾ ਦਸਮ ਦੁਆਰ ਖੁੱਲ੍ਹ ਕੇ ਦਾਨੀ ਬਣਾ ਦੇਵੇ ਦਾਤਾ ਬਣਾ ਦੇਵੇ, ਵੰਡਨ ਵਾਲਾ, ਦੇਣ ਵਾਲਾ, ਬਣਾ ਦੇਵੇ (ਖਿਨ ਮਹਿ ਨੀਚ ਕੀਟ ਕੋ ਰਾਜ) ਦੇ ਦੇਵੇ, ਮਨੁੱਖ ਨੂੰ ਚਿਤ ਚੇਤਾ ਵੀ ਨਹੀਂ ਹੁੰਦਾ, 16 ਅਕਤੂਬਰ 1670 ਈ. ਨੂੰ ਜ਼ਿਲ੍ਹਾ ਪੁੰਨਛ ਦੇ ਛੋਟੇ ਜਿਹੇ ਪਿੰਡ ਰਿਜੌਰੀ ਵਿਖੇ, ਪਿਤਾ ਰਾਮਦੇਵ ਭਾਰਦਵਾਜ, ਰਾਜਪੂਤ ਦੇ ਘਰ ਪੈਦਾ ਹੋਏ ਪੁੱਤਰ ਜਿਸ ਦਾ ਨਾਮ ਬੜੇ ਚਾਵਾਂ ਔਰ ਸੱਧਰਾਂ ਨਾਲ ਲਛਮਨ ਦੇਵ ਰੱਖਿਆ ਗਿਆ। ਲੱਛਮਨ ਦੇਵ ਨੂੰ ਜੁਆਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ਸ਼ਿਕਾਰ ਖੇਡਣ ਦਾ ਸ਼ੌਕ ਪੈ ਗਿਆ, ਨਿੱਤ ਦੀ ਆਦਤ ਮੁਤਾਬਿਕ ਲਛਮਨ ਦੇਵ ਸ਼ਿਕਾਰ ਖੇਡਣ ਗਿਆ। ਲਛਮਨ ਦੇਵ ਦੇ ਸਾਹਮਣੇ ਇੱਕ ਸ਼ਿਕਾਰ ਨਿਕਲਿਆ। ਹਿਰਨੀ ਭੱਜੀ, ਲਛਮਨ ਦੇਵ ਨੇ ਹਿਰਨੀ ਦੇ ਜ਼ੋਰ ਦੀ ਤੀਰ ਖਿੱਚ ਕੇ ਮਾਰਿਆ, ਹਿਰਨੀ ਧਰਤੀ ’ਤੇ ਡਿੱਗੀ, ਹਿਰਨੀ ਜੋ ਗਰਭ ਅਵਸਥਾ ਵਿੱਚ ਸੀ, ਜ਼ੋਰ-ਜ਼ੋਰ ਦੀ ਲੱਤਾ ਮਾਰ-ਮਾਰ ਤੜਫਨ ਲੱਗੀ, ਪੇਟ ਅੰਦਰ ਬੱਚਾ ਵੀ ਘੁੰਮਨ ਘੇਰੀਆਂ ਖਾ ਰਿਹਾ ਸੀ, ਏਨੇ ਨੂੰ ਜਦੋਂ ਲਛਮਨ ਦੇਵ ਨੇ²ੜੇ ਪਹੁੰਚਆ ਕੀ ਤੱਕਿਆ ਗਰਭ ਅਵਸਥਾ ਹਿਰਨ ਦੇ ਤੜਫ ਕੇ ਪ੍ਰਾਣ ਪੰਖੇਰੂ ਹੋ ਰਹੇ ਸਨ।
ਹਿਰਨੀ ਦੇ ਨੈਣਾਂ ’ਚੋਂ ਛਮ-ਛਮ ਨੀਰ ਡਿੱਗ ਰਿਹਾ ਸੀ, ਹਿਰਨੀ ਦੀ ਅਜਿਹੀ ਹਾਲਤ ਵੇਖ ਕੇ ਸ਼ਿਕਾਰੀ ਜੁਆਨ ਦਾ ਸਰੀਰ ਝੰਜੋੜਿਆਂ ਗਿਆ। ਇੱਕ ਦਮ ਪੈਰਾਂ ਹੇਠੋਂ ਜ਼ਮੀਨ ਕੰਬਨ ਲੱਗੀ, ਸ਼ਿਕਾਰੀ ਲਛਮਨ ਦੇਵ ਦੇ ਮਨ ਨੂੰ ਗਹਿਰੀ ਸੱਟ ਲੱਗੀ, ਲਛਮਨ ਦੇਵ ਦੀ ਜ਼ਿੰਦਗੀ ਵਿੱਚ ਅਜਿਹਾ ਪ੍ਰਵਚਨ ਆਇਆ ਕਿ ਉਹ ਇਸ ਕਰਮ ਨੂੰ ਘੋਰ ਪਾਪ ਸਮਝ ਕੇ ਪਸ਼ਚਾਤਾਪ ਕਰਨ ਲਈ ਰੱਬ ਕੋਲੋਂ ਇਸ ਪਾਪ ਦੀ ਭੁੱਲ ਬਖਸ਼ਾਉਣ ਲਈ ਜੰਗਲਾਂ ਵੱਲ ਨਿਕਲ ਤੁਰਿਆ, ਜਿੱਥੇ ਉਨ੍ਹਾਂ ਦਾ ਮਿਲਾਪ ਇੱਕ ਮਹਾਨ ਤਾਂਤਰਿਕ ਰਿੱਧੀਆਂ ਸਿੱਧੀਆਂ ਦੇ ਮਾਹਿਰ, ਯੋਗ ਸਾਧਨਾ ’ਚ ਨਿਪੁੰਨ ਯੋਗੀ, ਔਘੜ ਨਾਥ ਨਾਲ ਹੋ ਗਿਆ, ਇੱਥੇ ਹੀ ਲਛਮਨ ਦੇਵ ਨੇ ਔਘੜ ਨਾਥ ਨੂੰ ਸਾਰੀ ਵਿੱਥੀਆ ਸੁਣਾ ਕੇ ਗੁਰੂ ਧਾਰਨ ਕਰਨ ਲਈ ਬੇਨਤੀ ਕੀਤੀ, ਲਛਮਨ ਦੇਵ ਔਖੜ ਨਾਥ ਦੇ ਡੇਰੇ ਵਿੱਚ ਰਹਿਣ ਲੱਗ ਪਿਆ, ਇੱਥੇ ਹੀ ਇਸ ਨੇ ਰਿਧੀਆਂ-ਸਿੱਧੀਆਂ ਅਤੇ ਜੰਤਰ ਮੰਤਰ ਦਾ ਗਿਆਨ ਹਾਸਿਲ ਕਰ ਲਿਆ । ਤਾਂਤਰਿਕ ਮੁਹਾਰਤ ਵੀ ਹਾਸਲ ਕਰ ਲਈ, ਇੱਥੇ ਹੀ ਇਨ੍ਹਾਂ ਦਾ ਨਾਮ ਲਛਮਨ ਦੇਵ ਤੋਂ ਮਾਧੋਦਾਸ ਬੈਰਾਗੀ ਪ੍ਰਸਿੱਧ ਹੋਇਆ, ਮਾਧੋਦਾਸ ਬੈਰਾਗੀ ਪ੍ਰਸਿੱਧ ਯੋਗੀ ਮਸ਼ਹੂਰ ਹੋ ਗਿਆ। ਲੋਕ ਦੂਰ ਦੁਰਾਡਿਆਂ ਤੋਂ ਆਪਣੀਆਂ ਦੁੱਖ ਤਕਲੀਫਾਂ ਦੂਰ ਕਰਨ ਲਈ ਅਤੇ ਕਾਰਜ ਸਿੱਧੀ ਲਈ ਆਉਣ ਲੱਗ ਪਏ, ਦੂਰ-ਦੂਰ ਤੱਕ ਮਾਧੋਦਾਸ ਦੀਆਂ ਚਰਚਾਵਾਂ ਹੋਣ ਲੱਗ ਪਈਆਂ, ਲੋਕਾਂ ਦੀ ਭਾਰੀ ਆਮਦ ਨੂੰ ਵੇਖ ਕੇ ਮਾਧੋਦਾਸ ਨੇ ਆਪਣਾ ਡੇਰਾ (ਮੱਠ) ਨਾਦੇੜ ਵਿਖੇ ਗੁਦਾਵਰੀ ਦੇ ਕੰਢੇ ਕੋਲ ਬਣਾ ਲਿਆ, ਉਧਰ ਔਘੜ ਨਾਥ ਨੇ ਵੀ ਮਾਧੋਦਾਸ ਨੂੰ ਇੱਕ ਯੋਗ ਸ਼ਿਸ (ਚੇਲਾ) ਜਾਣ ਕਰਕੇ ਆਪਣਾ ਕੀਮਤੀ ਗ੍ਰੰਥ (ਸਿੱਧ ਅਨੂਨੀਆ) ਵੀ ਮਾਧੋਦਾਸ ਨੂੰ ਹੀ ਦੇ ਦਿੱਤਾ। ਦੂਰ-ਦੂਰ ਦੇ ਇਲਾਕਿਆਂ ਵਿੱਚ ਮਾਧੋਦਾਸ ਬੈਰਾਗੀ ਦੇ ਜਾਹੋ ਜਲਾਲ ਦੇ ਪੂਰੇ ਚਰਚੇ ਸਨ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1708 ਈ. ਨੂੰ ਦੱਖਣ ਦੀ ਯਾਤਰਾ ਵੱਲ ਨਿਕਲੇ, ਨਾਂਦੇੜ ਵਿਖੇ ਪਹੁੰਚਣ ਤੇ ਸਤਿਗੁਰੂ ਨੂੰ ਮਾਧੋਦਾਸ ਦੀ ਪ੍ਰਸਿੱਧੀ ਦੀਆਂ ਖਬਰਾਂ ਮਿਲ ਚੁੱਕਿਆਂ ਸਨ। ਪੁੱਤਰਾਂ ਦੇ ਦਾਨੀ ਸਤਿਗੁਰੂ ਦਸ਼ਮੇਸ਼ ਪਿਤਾ ਜੀ ਇੱਕ ਦਿਨ ਆਪਣੇ ਪਿਆਰੇ ਸਿੰਘਾਂ ਸਮੇਤ ਮਾਧੋਦਾਸ ਦੇ ਡੇਰੇ ਪਹੁੰਚ ਗਏ, ਕਿਉਂਕਿ ਮਾਧੋਦਾਸ ਦੇ ਅੰਦਰ ਵੀ ਇੱਕ ਪੂਰਨ ਪਰਮ ਅਨੰਦ ਦੀ ਅੱਤ ਬ੍ਰਹਮ ਗਿਆਨ ਦੀ ਅਭਿਲਾਖਾ ਸੀ। ਮਾਧੋਦਾਸ ਦੇ ਅੰਦਰ ਪ੍ਰਸ਼ਚਾਤਾਪ ਦੀ ਤਲਬ ਸੀ। ਇੱਕ ਪਾਪ ਦਾ ਵੈਰਾਗ ਸੀ, ਜਦੋਂ ਨਿਰੰਕਾਰ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨੇਤਰਾਂ ਸਾਹਮਣੇ ਤੱਕਿਆ ਤਾਂ ਮਾਧੋ ਦਾਸ ਦਾ ਤਨ ਮਨ ਤਰ ਗਿਆ, ਅੰਦਰ ਇੱਕ ਗਹਿਰ ਗੰਭੀਰ ਦਾ ਅਨੰਦ ਆਉਣ ਲੱਗਾ, ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਕੇ ਮਾਧੋਦਾਸ ਨੂੰ ਇੱਕ ਵੱਖਰੀ ਕਿਸਮ ਦਾ ਅਨੰਦ ਪ੍ਰਾਪਤ ਹੋਇਆ, ਸ਼ਾਇਦ ਮਾਧੋਦਾਸ ਨੇ ਆਪਣੀ ਮੰਜ਼ਿਲ ਨੂੰ ਨੇੜੇ ਜਾਣ ਲਿਆ ਹੋਵੇ। ਝੱਟ ਮਾਧੋਦਾਸ ਪ੍ਰੀਤਮ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ’ਤੇ ਢਹਿ ਪਿਆ।
ਅੱਜ ਮਾਧੋਦਾਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਹਿਰਨੀ ਵਾਲੇ ਪਾਪ ਸਮੇਤ ਮੇਰੇ ਜਨਮਾਂ-ਜਨਮਾਂ ਦੇ ਪਾਪ ਕੱਟਣ ਵਾਲੇ ਸਤਿਗੁਰੂ, ਮੇਰੇ ਜਨਮਾਂ ਦੇ ਗੇੜਿਆਂ ਨੂੰ ਕੱਟਣ ਵਾਲੇ ਸਤਿਗੁਰੂ, ਮੇਰੇ ਸਾਹਮਣੇ ਖੜ੍ਹੇ ਹਨ। ਹੁਣ ਮੌਕਾ ਨਾ ਗੁਆਇਆ ਜਾਏ, ਹੁਣ ਕੁੱਝ ਮੰਗ ਲਿਆ ਜਾਏ, ਹਜ਼ਾਰਾਂ ਸੁਆਲ ਮਾਧੋਦਾਸ ਨੂੰ ਲਲਚਾ ਰਹੇ ਸਨ। ਹੱਥ ਜੋੜ ਮਾਧੋਦਾਸ ਸਤਿਗੁਰੂ ਦੇ ਪਵਿੱਤਰ ਚਰਨਾਂ ਵੱਲ ਧਿਆਨ ਧਰ ਇੱਕ ਹੀ ਅਰਦਾਸ ਕਹੀ ਜਾ ਰਿਹਾ ਸੀ, ਕਿ ਹੇ ਸਤਿਗੁਰੂ ਮੈਨੂੰ ਆਪਣਾ ਬੰਦਾ ਬਣਾ ਲੈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਦਇਆ ਦ੍ਰਿਸ਼ਟੀ ਨਾਲ ਮਾਧੋਦਾਸ ਨੂੰ ਸੰਪੂਰਨ ਮਨੁੱਖ ਬੰਦਾ ਬਣਾ ਦਿੱਤਾ। ਖਾਲਸਾ ਬਣਾ ਦਿੱਤਾ। ਉਹ ਖਾਲਸਾ ਜਿਹੜਾ ਸਤਿਗੁਰੂ ਕਹਿੰਦੇ ਸਨ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਊ ਖਾਲਸਾ ਪ੍ਰਮਾਤਿਮ ਕੀ ਮੌਜ। ਸਤਿਗੁਰੂ ਜੀ ਨੇ ਮਾਧੋਦਾਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ , ਜੰਤਰਾਂ-ਮੰਤਰਾਂ ਦਾ ਤਿਆਗ ਕਰਵਾ ਕੇ ਧੁਰ ਦੀ ਬਾਣੀ ਦਾ ਪਾਠ ਕਰਨ ਲਈ ਕਿਹਾ। ਔਰ ਆਪਣਾ ਜੀਵਨ ਗੁਰਮਤਿ ਅਨੁਸਾਰ ਢਾਲਣ ਦੀ ਪ੍ਰੇਰਨਾ ਦਿੱਤੀ। ਮਾਧੋਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ, ਸਤਿਗੁਰਾਂ ਨੇ ਆਪਣੇ ਕੋਲੋਂ ਪੰਜ ਤੀਰ, ਖੰਡਾ ਤੇ ਇੱਕ ਨਗਾਰਾ ਦੇ ਕੇ ਪੰਜਾਬ ਵੱਲ ਨੂੰ ਤੋਰਿਆ।
ਪੰਜਾਬ ਤੁਰਨ ਸਮੇਂ ਬੰਦਾ ਸਿੰਘ ਦੇ ਮਨ ਵਿੱਚ ਇੱਕੋ ਹੀ ਜਨੂੰਨ ਸੀ ਕਿ ਜ਼ਾਲਮ ਅਤੇ ਜ਼ੁਲਮ ਦਾ ਨਾਸ਼ ਕਰਨਾ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਥਾਪੜਾ ਲੈਣ ਉਪਰੰਤ ਬੰਦਾ ਸਿੰਘ ਦੇ ਸਾਹਮਣੇ ਮੁੱਖ ਮੰਤਵ ਹੀ ਮੁਗਲਾਂ ਦੇ ਰਾਜ ਦੀ ਸਮਾਪਤੀ ਕਰਨਾ ਅਤੇ ਪੰਜਾਬ ਦੀ ਉਸ ਸੁਤੰਤਰਤਾ ਨੂੰ ਬਹਾਲ ਕਰਨਾ ਸੀ, ਜੋ ਸੱਤ ਸੌ ਸਾਲ ਪਹਿਲਾਂ ਗਜ਼ਨੀ ਦੇ ਤੁਰਕਾ ਨੇ ਮਹਿਮੂਦ ਗਜ਼ਨਵੀ ਦੀ ਅਗਵਾਈ ਵਿੱਚ ਪੰਜਾਬ ਦੇ ਲੋਕਾਂ ਤੋਂ ਖੋਹੀ ਸੀ। ਬੰਦਾ ਸਿੰਘ ਦਾ ਨਾਮ ਬਾਅਦ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ਹੇਠ ਪ੍ਰਸਿੱਧ ਹੋਇਆ। ਪੰਜਾਬ ਵੱਲ ਤੁਰਨ ਸਮੇਂ ਬਾਬਾ ਜੀ ਨਾਲ ਕੇਵਲ 25 ਕੁ ਸਿੰਘ ਸਨ, ਮੁਸਲਮਾਨ ਲਿਖਾਰੀ ਖਾਫੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ 4000 ਘੋੜ ਸਵਾਰ 7800 ਸਿਪਾਹੀ ਪੈਦਲ ਬਾਬਾ ਜੀ ਨਾਲ ਆਨ ਰਲੇ। ਮਸ਼ਹੂਰ ਇਤਿਹਾਸ ਕਾਰ ਗੋਕਲ ਚੰਦ ਨਰੰਗ ਅਨੁਸਾਰ ਪੈਦਲ ਸਿਪਾਹੀਆਂ ਦੀ ਗਿਣਤੀ 8900 ਹੋ ਗਈ ਤੇ ਵੱਧਦੀ ਹੋਈ ਅਤੇ 40,000 ਤੱਕ ਪਹੁੰਚ ਗਈ, ਮਹਾਨ ਜਰਨੈਲਾਂ ਸਿਕੰਦਰ ਮਹਾਨ, ਨੈਪੋਲੀਅਨ, ਬੋਨਾਪਾਰਟ, ਹਿਟਲਰ ਜਾਂ ਚਰਚਿਲ ਦੀ ਮਹਾਨਤਾ ਦੁਨੀਆਂ ਵਿੱਚ ਮੰਨੀ ਜਾਂਦੀ ਹੈ, ਪਰ ਇਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਮੁਗਲਾਂ ਦੀ ਮੁਕੰਮਲ ਜਨ ਸ਼ਕਤੀ ਤੇ ਰਾਜ ਸ਼ਕਤੀ ਸੀ ਤੇ ਉਹ ਉਨ੍ਹਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਕ ਨੇਤਾ ਵੀ ਸਨ। ਪ੍ਰੰਤੂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਬਾਬਾ ਜੀ ਨੇ ਸਤਿਗੁਰੂ ਦੀ ਕਿਰਪਾ ਦੁਆਰਾ ਸਭ ਕੁਝ ਨਾਲੋਂ-ਨਾਲ ਤਿਆਰ ਕੀਤਾ, ਫੌਜੀ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋਂ-ਨਾਲ ਚੱਲਦੀਆਂ ਰਹੀਆਂ।
²ਬਾਬਾ ਜੀ ਦੇ ਰਾਜ ਦੀ ਮਹਾਨਤਾ ਹੈ ਕਿ ਬਾਬਾ ਜੀ ਦਾ ਮੰਤਵ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠਿਆਂ ਕਰਨਾ ਸੀ, ਅਸਲ ਵਿੱਚ ਪਿਛਲੀ ਜਿੰਨੀ ਵੀ ਲੜਾਈ ਸਿੱਖ ਗੁਰੂ ਸਾਹਿਬ ਜੀ ਨੇ ਲੜੀ ਉਸ ਵਿੱਚ ਕੇਵਲ ਜ਼ਾਲਮ ਔਰ ਜ਼ੁਲਮ ਦਾ ਨਾਸ਼ ਕਰਕੇ ਇਨਸਾਨੀਅਤ ਦਾ ਬੋਲ ਬਾਲਾ ਕਰਾਉਣਾ ਹੀ ਮੁੱਖ ਉਦੇਸ਼ ਸੀ, ਦੱਬੇ ਕੁਚਲੇ ਗਰੀਬ ਲੋਕਾਂ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਮੁੱਖ ਮੰਤਵ ਸੀ।
ਭਰੋਸੇ ਯੋਗ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਬਾਬਾ ਜੀ ਦੀ ਫੌਜ ਵਿੱਚ ਕੇਵਲ ਸਿੱਖ ਨਹੀਂ ਬਲਕਿ ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਇਰਾਕ, ਕਾਬਲ, ਕੰਧਾਰ ਤੇ ਸੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਨਾਲ ਆ ਰਲੇ, ਜੋ ਉਦਾਸੀ ਪ੍ਰਵੇਸ਼ ਕਰ ਚੁੱਕੇ ਸਨ। ਪੰਜਾਬ ਵਿੱਚ ਆ ਕੇ ਇਹ ਅੰਮ੍ਰਿਤ ਛੱਕ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਿਲ ਹੋ ਗਏ। ਇਧਰ ਬਾਬਾ ਜੀ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋ ਗਏ, ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਨਵੰਬਰ 11, 1709 ਈ. ਨੂੰ ਸਮਾਣੇ ’ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਥਲ, ਘੜਾਮ, ਠਮਕਾ, ਸ਼ਾਹਬਾਦ, ਕਪੂਰੀ ਤੇ ਸਢੋਰੇ ’ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ। ਕਿਉਂਕਿ ਬਾਬਾ ਜੀ ਦੀ ਵੱਧਦੀ ਸ਼ਕਤੀ ਨਾਲ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਜੀ ਨਾਲ ਆ ਮਿਲੇ, ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ਤੇ ਜ਼ੋਰਦਾਰ ਹਮਲਾ ਕਰਨ ਦੀਆਂ ਸਕੀਮਾਂ ਬਣਾਉਣ ਲੱਗੇ। ਸਤਿਗੁਰੂ ਦੀ ਕਿਰਪਾ ਅਨੁਸਾਰ ਉਹ ਸਮਾਂ ਆ ਗਿਆ, ਜਿਸ ਦਾ ਸਿੱਖਾਂ ਦੇ ਜੱਥਿਆਂ ਨੂੰ ਬੇ-ਸਬਰੀ ਨਾਲ ਇੰਤਜ਼ਾਰ ਕਰਨਾ ਪਿਆ ਸੀ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪਰਚਿੜੀ ਦਾ ਮੈਦਾਨ ਆ ਮੱਲਿਆ। ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆ , ਸਿੰਘਾਂ ਨੇ ਸਰਹਿੰਦ ’ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ 1710 ਈ. ਨੂੰ ਚੱਪਲਚਿੜੀ ਦੇ ਮੈਦਾਨ ਵਿੱਚ ਜ਼ੋਰਦਾਰ ਲਹੂ ਡੋਲਵਾ ਮੁਕਾਬਲਾ ਹੋਇਆ। ਇਸੇ ਭਿਆਨਕ ਲੜਾਈ ਵਿੱਚ ਵਜ਼ੀਰ ਖਾਨ ਮਾਰਿਆ ਗਿਆ। ਵਜ਼ੀਰ ਖਾਂ ਦੇ ਮਰਨ ਨਾਲ ਹੀ ਬਾਕੀ ਮੁਸਲਮਾਨ ਸੈਨਾ ਮੈਦਾਨ ਛੱਡ ਕੇ ਭੱਜ ਗਈ ਅਤੇ ਸਿੰਘਾਂ ਨੇ ਸਰਹਿੰਦ ਫਤਿਹ ਕੀਤੀ। ਦੋ ਦਿਨਾਂ ਬਾਅਦ ਸਿੱਖ ਫੌਜਾਂ 14 ਮਈ 1710 ਈ. ਨੂੰ ਸਰਹਿੰਦ ਵਿੱਚ ਦਾਖਲ ਹੋ ਗਈਆਂ। ਜ਼ੁਲਮਾਂ ਦੀ ਨਗਰੀ ਸਰਹਿੰਦ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਟ੍ਯਾਂ ਰੋੜਿਆਂ ਦੇ ਢੇਰ ਵਿੱਚ ਬਦਲ ਦਿੱਤਾ। ਵੱਸਦਾ-ਰੱਸਦਾ ਸਰਹਿੰਦ ਸ਼ਹਿਰ ਖੰਡਰ ਦਾ ਰੂਪ ਧਾਰਨ ਕਰ ਗਿਆ। ਸ਼ਾਹੀ ਅਮੀਰਾਂ ਕੋਲੋਂ ਧੰਨ ਵਸੂਲਿਆ ਗਿਆ ਤੇ ਦੋਸ਼ੀਆਂ ਨੂੰ ਸਿੱਖ ਦੁਸ਼ਮਣਾਂ ਨੂੰ ਚੁਣ-ਚੁਣ ਕੇ ਸੋਧਿਆ ਗਿਆ। ਵਜੀਰ ਖਾਂ ਦੇ ਮੁਹੱਲਾ ਵਿੱਚ ਬਹੁਤਾ ਸਾਰਾ ਧੰਨ ਬਾਬਾ ਜੀੁ ਦੇ ਜਥੇ ਦੇ ਹੱਥ ਲੱਗਾ। ਸਰਹਿੰਦ ਫਤਿਹ ਕਰਨ ਉਪਰੰਤ ਬਾਬਾ ਜੀ ਮਾਲੇਰਕੋਟਲਾ ਵੱਲ ਵਧੇ। ਨਵਾਬ ਦੇ ਬਾਬਾ ਜੀ ਨਾਲ ਮੁਕਾਬਲਾ ਨਾ ਕਰਨ ਦੀ ਸ਼ਰਤ ਵਿੱਚ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ, ਔਰ ਇਸ ਸ਼ਹਿਰ ਨਾਲ ਸਿੱਖਾਂ ਦੀ ਸਦੀਵੀ ਸਾਂਝ ਬਣ ਚੁੱਕੀ ਸੀ।
ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਭਾਵੇਂ ਪੂਰੇ ਪੰਜਾਬ ਵਿੱਚ ਰਾਜ ਸੀ, ਅਸਲੀ ਅਰਥਾਂ ਵਿੱਚ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਲੋਹਗੜ੍ਹ ਨੂੰ ਬਣਾਇਆ ਜਾ ਚੁੱਕਾ ਸੀ। ਬਾਬਾ ਜੀ ਇੱਕ ਬੇਤਾਜ ਬਾਦਸ਼ਾਹ ਬਣ ਚੁੱਕੇ ਸਨ, ਉਨ੍ਹਾਂ ਕੋਲ ਸ਼ਰਧਾਲੂ ਸਿੰਘਾਂ ਦੀ ਫੌਜ ਵੀ ਤਿਆਰ ਸੀ। ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਵੀ ਸੀ। ਬਾਬਾ ਜੀ ਨੇ ਰਾਜ ਦੀ ਪੱਕੀ ਨਿਸ਼ਾਨੀ ਲਈ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਦਾ ਸਿੱਕਾ ਵੀ ਜਾਰੀ ਕਰ ਦਿੱਤਾ, ਜਿਸ ’ਤੇ ਫਾਰਸੀ ਤੇ ਹੇਠ ਲਿਖੇ ਸ਼ਬਦ ਲਿਖੇ ਹੋਏ ਸਨ
ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਵਾਹਿਬ ਅਸਤ॥
ਫਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫਜਲਿ ਸੱਚਾ ਸਾਹਿਬ ਅਸਤ॥
ਜਿਸ ਦਾ ਅਰਥ ਸੀ-
ਸਿੱਕਾ ਮਾਰਿਆ ਦੋ ਜਹਾਨ ਉੱਤੇ
ਬਖਸਾਂ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ
ਫਤਿਹ ਸਹਿ ਸਾਹਾਨ ਗੋਬਿੰਦ ਸਿੰਘ ਦੀ
ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ
ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਿਤ ਦੇ ਇਹ ਸ਼ਬਦ ਲਿਖੇ ਸਨ:-
‘‘ਜਰਬ ਬ-ਅਮਾਨੁ ਦਹਿਰ ਮੁਸੱਵਰਤ ਸ਼ਹਿਰ,
ਜੀਨਤੁ ਤਖਤੁ ਮੁਬਾਰਕ ਬਖਤੁ।
ਅਰਥਾਤ-ਜਾਰੀ ਹੋਇਆ ਸੰਸਾਰ ਦੇ ਸ਼ਾਤੀ ਅਸਥਾਨ ਸ਼ਹਿਰਾਂ ਦੀ ਮੂਰਤਿ ਧੰਨਭਾਗੀ ਰਾਜਧਾਨੀ ਤੋਂ।
ਜਿੱਤਾਂ ਦਾ ਸਿਲਸਿਲਾ ਜਾਰੀ ਰਿਹਾ, ਜੁਲਾਈ 1710 ਈ. ਨੂੰ ਗੰਗਾ ਤੇ ਯਮਨਾ ਦੇ ਮੈਦਾਨੀ ਇਲਾਕਿਆਂ ’ਤੇ ਕਬਜ਼ਾ ਕਰ ਲਿਆ, ਮਾਝੇ ਅਤੇ ਦੁਆਬੇ ਦੇ ਸਿੱਖ ਵੀ ਉਠ ਖੜ੍ਹੇ ਹੋਏ। 1710 ਅਕਤੂਬਰ ਮਹੀਨੇ ਤੱਕ ਕਿਲ੍ਹਾ ਭਗਵੰਤ ਰਾਏ ਦੇ ਭੀਲੋਵਾਲ ਵੀ ਸਿੱਖਾਂ ਦੇ ਕਬਜ਼ੇ ਹੇਠ ਆ ਗਿਆ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਵੀ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਵਾਪਸ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ ਸਿੰਘ ਲੋਹਗੜ੍ਹ ਦੇ ਕਿਲੇ ਆ ਟਿਕੇ, ਸ਼ਾਹੀ ਸੈਨਾ ਨੇ ਕਿਲੇ ਨੂੰ ਘੇਰਾ ਪਾ ਲਿਆ। ਬਾਬਾ ਜੀ ਪਿੱਛੇ ਹੱਟ ਕੇ ਪਹਾੜਾਂ ਵੱਲ ਚੱਲੇ ਗਏ, ਇਸੇ ਦੌਰਾਨ ਹੀ ਪੰਥ ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਸੋਧਿਆ ਗਿਆ, 18 ਫਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ। ਦਿੱਲੀ ਦਾ ਬਾਦਸ਼ਾਹ ਫਰੁਖਸੀਅਰ ਇੱਕ ਕਮਜ਼ੋਰ ਬਾਦਸ਼ਾਹ ਸੀ, ਇਸ ਮੌਕੇ ਦਾ ਲਾਭ ਲੈਂਦਿਆਂ ਬਾਬਾ ਜੀ ਨੇ ਮੁੜ ਸਿੰਘਾਂ ਨੂੰ ਤਾਕਤ ਇਕੱਠੀ ਕਰਨ ਲਈ ਕਿਹਾ, ਜਥੇਬੰਦ ਹੋ ਕੇ ਕਈ ਇਲਾਕਿਆਂ ’ਤੇ ਫਿਰ ਕਬਜ਼ਾ ਕਰ ਲਿਆ। 1712 ਈ. ਨੂੰ ਹੀ ਫਿਰ ਸਰਹਿੰਦ ਤੇ ਲੋਹਗੜ੍ਹ ਜਿੱਤ ਲਏ ਬਟਾਲਾ ਅਤੇ ਕਲਾਨੌਰ ਨੂੰ ਜਿੱਤ ਕੇ ਸਮਸ਼ ਖਾਨ ਨੂੰ ਮਾਰ ਮੁਕਾਇਆ। ਅੰਤ ਕੱਚੀ ਗੜ੍ਹੀ ਵਿੱਚ ਬਾਬਾ ਜੀ ਤੇ ਕਈ ਹੋਰ ਸਿੰਘ ਮੁਗਲ ਫੌਜ ਦੇ ਘੇਰੇ ਵਿੱਚ ਆ ਗਏ। ਇਹ ਘੇਰਾ ਲੰਮਾ ਸਮਾਂ ਅੱਠ ਮਹੀਨੇ ਜਾਰੀ ਰਿਹਾ। ਘੇਰਾ ਲੰਮਾ ਹੋਣ ਕਰਕੇ ਰਾਸ਼ਨ ਪਾਣੀ ਦੀ ਕਮੀਂ ਹੋ ਗਈ। ਸਿੰਘ ਭੁੱਖੇ ਤ੍ਰਿਹਾਏ ਮਰਨ ਲੱਗੇ। ਉਂਝ ਤਾਂ ਸਾਰਾ ਸਿੱਖ ਇਤਿਹਾਸ ਹੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਸੱਤ ਸਾਲ ਤੋਂ 80 ਸਾਲ ਦੇ ਬਾਬੇ ਤੀਕਰ ਸਿੰਘ ਸ਼ਹੀਦ ਹੋਏ ਹਨ। ਆਰੀਆ ਨਾਲ ਚੀਰਨਾ ਖੋਪੜੀਆਂ ਲਾਹੁਣਾ ਜੰਡਾ ਨਾਲ ਬੰਨ ਕੇ ਸਾੜਨਾ, ਕੋਹਲੂਆਂ ਵਿੱਚ ਪੀੜ ਦੇਣਾ ਹਜ਼ਾਰਾਂ ਹੀ ਢੰਗ ਤਰੀਕਿਆਂ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ, ਔਰ ਅੱਜ ਤੀਕ ਜਾਰੀ ਹੈ। ਪਰ ਬਾਬਾ ਜੀ ਨੂੰ ਲੱਗਭੱਗ 737 ਸਿੰਘਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ, ਫਿਰ ਪਿੰਜਰੇ ਵਿੱਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ । 5 ਮਾਰਚ 1716 ਈ. ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ ਰਿਹਾ, ਸਿੱਖ ਅਡੋਲ ਰਹਿ ਕੇ ਮੌਤ ਨੂੰ ਜੀ ਆਇਆਂ ਕਹਿੰਦੇ ਰਹੇ, ਖਿੜੇ ਮੱਥੇ ਹੱਸ-ਹੱਸ ਸ਼ਹੀਦੀਆਂ ਪਾਉਂਦੇ ਰਹੇ।
ਤਕਰੀਬਨ ਤਿੰਨ ਮਹੀਨੇ ਬਾਅਦ 9 ਜੂਨ 1716 ਈ. ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲੇ ਤੋਂ ਬਾਹਰ ਲਿਆਂਦਾ ਗਿਆ ਤੇ ਜ਼ੁਲਮ ਦੀ ਸ਼ਕਲ ਵਿੱਚ ਕੁਤਬ ਮੀਨਾਰ ਦੇ ਨੇੜੇ ਖਵਾਜ਼ਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਲਿਆਂਦਾ ਗਿਆ। ਬਾਬਾ ਜੀ ਦੀ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਦੇ ਸਪੁੱਤਰ ਭਾਈ ਅਜੈ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਉਸ ਦਾ ਧੜਕਦਾ ਹੋਇਆ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਅਜੈ ਸਿੰਘ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਜੀ ਦੇ ਗਲ ਪਾਇਆ ਗਿਆ। ਫਿਰ ਜਲਾਦ ਨੇ ਬਾਬਾ ਜੀ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ, ਲਾਲ ਭੱਖਦੇ ਜੰਬੂਰਾਂ ਨਾਲ ਬਾਬਾ ਜੀ ਦੇ ਸਰੀਰ ਦੀਆਂ ਬੋਟੀਆਂ ਕੱਢੀਆਂ ਗਈਆਂ ਤੇ ਇਸ ਤਰ੍ਹਾਂ ਸ਼ਹੀਦੀ ਦਾ ਜਾਮ ਪੀ ਗਿਆ ਪਹਿਲਾ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ । ਅੰਤ ਵਿੱਚ ਸਿਰ ਤੇ ਧੜ ਨੂੰ ਅਲੱਗ-ਅਲੱਗ ਕਰਕੇ ਟੁਕੜੇ ਕਰਕੇ ਸੁੱਟ ਦਿੱਤੇ। ਬਾਬਾ ਜੀ ਦੀ ਮਹਾਨ ਸ਼ਹੀਦੀ ਸਦਾ ਸਮੁੱਚੇ ਖਾਲਸਾ ਲਈ ਚਾਨਣ ਮੁਨਾਰਾ ਰਹੇਗੀ।
ਨਜ਼ਰਬੰਦ ਨਾਭਾ ਜੇਲ੍ਹ (ਪਟਿਆਲਾ)
