ਮਹਿਰੌਲੀ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ - ਮਨਜੀਤ ਸਿੰਘ


ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਗਾਥਾ ਵੀ ਅਨਮੋਲ ਹੈ। ਸਿੱਖ ਰਾਜ ਦੇ ਉਸਰਈਏ ਇਸ ਮਹਾਨ ਸ਼ਹੀਦ ਨੂੰ ਮੁਗ਼ਲ ਹਕੂਮਤ ਵੱਲੋਂ ਸ਼ਹੀਦ ਕਰਨ ਦਾ ਇਹ ਸਾਕਾ ਕਿਥੇ ਹੋਇਆ ਇਸ ਬਾਰੇ ਵੀਹਵੀਂ ਸਦੀ ਦੇ ਅੱਧ ਤੱਕ ਕੋਈ ਥਹੁ-ਪਤਾ ਨਹੀਂ ਸੀ ਲੱਗ ਸਕਿਆ। ਬਾਬਾ ਬਘੇਲ ਸਿੰਘ ਵੱਲੋਂ ਇਸ ਸਬੰਧੀ ਕੋਈ ਪਹਿਲ ਨਾ ਕਰਨੀ ਵੀ ਹੈਰਾਨੀ ਪੈਦਾ ਕਰਦੀ ਹੈ। ਸ਼ਾਇਦ ਗੁਰੂ ਮਹਾਰਾਜ ਨੇ ਇਹ ਸੇਵਾ ਮੇਰੇ ਪਿਤਾ, ਗੁਰਪੁਰਵਾਸੀ ਜਥੇਦਾਰ ਸੰਤੋਖ ਸਿੰਘ ਤੋਂ ਲੈਣੀ ਸੀ। ਇਸ ਲਈ ਇਹ ਅਣਗਹਿਲੀ ਅਨਭੋਲ ਹੀ ਹੁੰਦੀ ਗਈ ਹੋਵੇ। ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ ਮਨਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਉਪਰਾਲੇ ਕੀਤੇ। ਇਕ ਉਪਰਾਲਾ ਇਤਿਹਾਸਕ ਨਗਰ ਕੀਰਤਨ ਦਾ ਵੀ ਕੀਤਾ ਗਿਆ। ਗੁਰਦੁਆਰਾ ਕਮੇਟੀ ਨੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਸੂਫ਼ੀ ਸੰਤਾਂ ਅਤੇ ਤਿੱਬਤੀ ਲਾਮਿਆਂ ਨੂੰ ਵੀ ਸੱਦਾ ਦਿੱਤਾ।
ਜੰਮੂ ਨੇੜੇ ਰਿਆਸੀ ਵਿਖੇ ਬਾਬਾ ਬੰਦਾ ਸਿੰਘ ਦਾ ਡੇਰਾ ਹੈ, ਉਥੋਂ ਬਾਬਾ ਜੀ ਨੇ ਆਪਣੇ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੰਦਾ ਸਿੰਘ ਨੂੰ ਬਖਸ਼ਿਸ਼ ਕੀਤੇ ਸ਼ਸਤਰਾਂ ਨੂੰ ਲਿਆ ਕੇ ਉਸ ਦੀ ਪ੍ਰਦਰਸ਼ਨੀ ਘੁੰਮਦੇ ਸਟੈਂਡ ਉਤੇ ਲਾਈ ਗਈ ਅਤੇ ਸੰਗਤਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਨ੍ਹਾਂ ਦੇ ਦਰਸ਼ਨ ਕੀਤੇ। ਇਸ ਸਮੇਂ ਬਾਬਾ ਬੰਦਾ ਸਿੰਘ ਦੇ ਰਿਆਸੀ ਡੇਰੇ ਨਾਲ ਸੰਬੰਧਿਤ ਪ੍ਰਬੰਧਕਾਂ ਨੇ ਜਥੇਦਾਰ ਸੰਤੋਖ ਸਿੰਘ ਨੂੰ ਸਲਾਹ ਦਿੱਤੀ ਕਿ ਬਾਬਾ ਬੰਦਾ ਸਿੰਘ ਦੇ ਸ਼ਹੀਦੀ ਅਸਥਾਨ 'ਤੇ ਦਿੱਲੀ ਵਿਚ ਇਕ ਯਾਦਗਾਰ ਬਣਨੀ ਚਾਹੀਦੀ ਹੈ। ਜਥੇਦਾਰ ਉਸ ਸਮੇਂ ਦਿੱਲੀ ਕਮੇਟੀ ਦੇ ਸਕੱਤਰ ਸਨ। ਉਨ੍ਹਾਂ ਨੇ ਤੁਰੰਤ ਦਿੱਲੀ ਕਮੇਟੀ ਦੀ ਇਕੱਤਰਤਾ ਬੁਲਾਈ, ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ਬਾਬਾ ਬੰਦਾ ਸਿੰਘ ਦਾ ਸ਼ਹੀਦੀ ਅਸਥਾਨ ਲੱਭ ਕੇ ਉਥੇ ਇਤਿਹਾਸਕ ਗੁਰਦੁਆਰਾ ਸਥਾਪਿਤ ਕੀਤਾ ਜਾਵੇ। ਬਾਬਾ ਜੀ ਦੇ ਸ਼ਹੀਦੀ ਅਸਥਾਨ ਦੀ ਨਿਸ਼ਾਨਦੇਹੀ ਲਈ ਇਕ ਸਬ-ਕਮੇਟੀ ਬਣਾਈ ਗਈ, ਜਿਸ ਵਿਚ ਗਿਆਨੀ ਭਜਨ ਸਿੰਘ, ਗਿਆਨੀ ਗੁਰਬਚਨ ਸਿੰਘ ਮਸਤਾਨਾ (ਮਹਿਰੌਲੀ) ਅਤੇ ਭਗਤ ਜਸਵੰਤ ਸਿੰਘ (ਜਲੰਧਰ) ਨੂੰ ਸ਼ਾਮਿਲ ਕੀਤਾ ਗਿਆ। ਇਹ ਤਿੰਨੇ ਸੱਜਣ ਆਪਣੇ-ਆਪਣੇ ਖੇਤਰ ਵਿਚ ਸੁਲਝੇ ਹੋਏ ਮਾਹਿਰ ਸਨ। ਗਿਆਨੀ ਭਜਨ ਸਿੰਘ ਪੱਤਰਕਾਰ ਰਹੇ ਹਨ। ਗਿਆਨੀ ਗੁਰਬਚਨ ਸਿੰਘ ਮਸਤਾਨਾ ਪ੍ਰਸਿੱਧ ਪੰਜਾਬੀ ਕਵੀ ਅਤੇ ਆਲੋਚਕ ਪ੍ਰੀਤਮ ਸਿੰਘ ਸਫੀਰ ਅਤੇ ਪੱਤਰਕਾਰ ਜਗਜੀਤ ਸਿੰਘ ਆਨੰਦ ਦੇ ਬਹਿਨੋਈ ਹਨ। ਮਸਤਾਨਾ ਜੀ ਦੀ ਧਰਮ ਪਤਨੀ ਮਾਸਟਰ ਮਹਿਤਾਬ ਸਿੰਘ ਦੀ ਸਪੁੱਤਰੀ ਹੈ। ਮਸਤਾਨਾ ਜੀ ਦੀ ਇਕ ਸਾਲੀ ਡੇਰਾ ਬੰਦਾ ਸਿੰਘ ਬਹਾਦਰ ਦੇ ਗੱਦੀਨਸ਼ੀਨ ਬਾਬਾ ਸਰਦੂਲ ਸਿੰਘ ਨਾਲ ਵਿਆਹੀ ਗਈ ਸੀ। ਭਗਤ ਜਸਵੰਤ ਸਿੰਘ ਨੇ ਬਾਬਾ ਬੰਦਾ ਸਿੰਘ ਉਤੇ ਭਰਪੂਰ ਖੋਜ ਕਰਕੇ ਉਨ੍ਹਾਂ ਦੀ ਜੀਵਨੀ ਲਿਖੀ ਹੈ। ਮਸਤਾਨਾ ਜੀ ਦੱਸਦੇ ਹਨ ਕਿ ਉਨ੍ਹਾਂ ਨੇ ਸ਼ਹੀਦੀ ਅਸਥਾਨ ਦੀ ਖੋਜ 1954 ਈ: ਵਿਚ ਸ਼ੁਰੂ ਕੀਤੀ। ਸ੍ਰੀ ਗੁਰੂ ਸਿੰਘ ਸਭਾ ਮਹਿਰੌਲੀ ਦੇ ਪ੍ਰਬੰਧਕ ਸ: ਹਰਨਾਮ ਸਿੰਘ ਨੂੰ ਨਾਲ ਲੈ ਕੇ ਉਹ ਮਹਿਰੌਲੀ ਨੇੜੇ ਪਿੰਡ ਛੱਤਰਪੁਰ, ਮਹਿਪਾਲਪੁਰ ਅਤੇ ਹੋਰ ਪਿੰਡਾਂ ਦੇ ਵਸਨੀਕਾਂ ਨੂੰ ਪੁੱਛਿਆ ਤਾਂ ਇਕ ਤਾਰਾ ਚੰਦ ਨਾਂਅ ਦੇ ਵਿਅਕਤੀ, ਜਿਸ ਦੀ ਅਜਮੇਰੀ ਗੇਟ ਵਿਖੇ ਟਾਇਰਾਂ ਦੀ ਦੁਕਾਨ ਸੀ, ਨੇ ਦੱਸਿਆ ਕਿ ਉਸ ਦੇ ਪਿਤਾ ਨੇ ਅੰਤ ਸਮੇਂ ਦੱਸਿਆ ਸੀ ਕਿ ਬਾਬਾ ਜੀ ਦੀ ਸ਼ਹੀਦੀ ਇਸ ਗੇਟ ਵਿਖੇ ਹੋਈ ਸੀ। ਉਨ੍ਹਾਂ ਨੇ ਇਹ ਗੱਲ ਜਥੇਦਾਰ ਸੰਤੋਖ ਸਿੰਘ ਨੂੰ ਦੱਸੀ ਤਾਂ ਉਨ੍ਹਾਂ ਤਾਰਾ ਚੰਦ ਨੂੰ ਬੁਲਾ ਕੇ ਇਸ ਦੀ ਪ੍ਰੋੜ੍ਹਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗਿਆਨੀ ਭਜਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਮੇਟੀ ਨੇ ਇਤਿਹਾਸਕ ਹਵਾਲੇ ਇਕੱਤਰ ਕੀਤੇ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਮਹਿਰੌਲੀ ਵਿਖੇ ਸੂਫੀ ਬਖਤਿਆਵਰ ਕਾਕੀ ਦੀ ਖਾਨਗਾਹ ਦੇ ਬਾਹਰਵਾਰ ਵੱਡੇ-ਉੱਚੇ ਗੇਟ ਥੱਲੇ ਹੋਈ ਸੀ। ਕਮੇਟੀ ਨੂੰ ਉੱਨੀਵੀਂ ਸਦੀ ਦੇ ਪੱਥਰ ਦੇ ਛਾਪੇ ਨਾਲ ਛਪੇ ਇਕ ਕਿਤਾਬਚੇ ਦੀ ਕਾਪੀ ਮਿਲੀ, ਜਿਸ ਦੇ ਮੁੱਖ ਪੰਨੇ ਉਤੇ ਸ਼ਹੀਦੀ ਅਸਥਾਨ ਦੀ ਤਸਵੀਰ ਸੀ। ਉਸ ਵਿਚ ਇਸ ਵਿਸ਼ਾਲ ਦਰਵਾਜ਼ੇ ਦਾ ਚਿੱਤਰ ਸੀ ਅਤੇ ਦਰਵਾਜ਼ੇ ਦੇ ਇਕ ਪਾਸੇ ਪੁਰਾਣੀ ਕਚਹਿਰੀ ਦੀ ਇਮਾਰਤ ਦਿਖਾਈ ਗਈ ਸੀ ਅਤੇ ਦੂਜੇ ਪਾਸੇ ਇਸ ਵਿਸ਼ਾਲ ਦਰਵਾਜ਼ੇ ਦੇ ਉੱਪਰ ਜਾਣ ਲਈ ਪੌੜੀਆਂ ਦਿਖਾਈਆਂ ਗਈਆਂ ਸਨ। ਕਮੇਟੀ ਨੇ ਆਪਣੀ ਰਿਪੋਰਟ ਜਥੇਦਾਰ ਸੰਤੋਖ ਸਿੰਘ ਨੂੰ ਦਿੱਤੀ ਤਾਂ ਉਹ ਆਪ ਉਸ ਥਾਂ ਨੂੰ ਦੇਖਣ ਲਈ ਗਏ। ਉਨ੍ਹਾਂ ਦੀ ਸੂਖਮ ਨਜ਼ਰ ਨੇ ਸਭ ਕੁਝ ਤਾੜ ਲਿਆ। ਇਸ ਦਰਵਾਜ਼ੇ ਦਾ ਪੱਛਮ ਵਾਲਾ ਥੰਮ੍ਹ ਪੁਰਾਣੀ ਸਰਕਾਰੀ ਇਮਾਰਤ ਨਾਲ ਜੁੜਿਆ ਹੋਇਆ ਸੀ ਪਰ ਪੂਰਬ ਵੱਲ ਦੀ ਬਾਹੀ ਦਾ 910 ਫੁੱਟ ਚੌੜਾ ਥੰਮ੍ਹ ਖੜ੍ਹਾ ਸੀ ਅਤੇ ਉਸ ਉਤੇ ਪੌੜੀਆਂ ਬਣੀਆਂ ਹੋਈਆਂ ਸਨ ਪਰ ਹੇਠਲੀਆਂ 89 ਪੌੜੀਆਂ ਟੁੱਟੀਆਂ ਹੋਈਆਂ ਸਨ। ਜਥੇਦਾਰ ਸੰਤੋਖ ਸਿੰਘ ਨੇ ਤੁਰੰਤ ਇਸ ਥਾਂ 'ਤੇ ਕਬਜ਼ਾ ਕਰਨ ਅਤੇ ਸ਼ਹੀਦੀ ਯਾਦਗਾਰ ਉਸਾਰਨ ਦਾ ਉੱਦਮ ਕੀਤਾ। ਮਿਸਤਰੀ ਲਾ ਕੇ ਪੌੜੀਆਂ ਦੀ ਤਤਕਾਲ ਮੁਰੰਮਤ ਕੀਤੀ ਗਈ। ਉੱਪਰ ਜਾ ਕੇ ਦੇਖਿਆ ਗਿਆ ਕਿ ਥੰਮ੍ਹ ਉਤੇ ਇਕ ਕਮਰਾ ਬਣਿਆ ਹੋਇਆ ਹੈ। ਇਸ ਨੂੰ ਕੋਈ ਦਰਵਾਜ਼ਾ ਨਹੀਂ ਸੀ। ਕਮਰੇ ਵਿਚ 250 ਵਰ੍ਹਿਆਂ ਦਾ ਮਿੱਟੀ-ਘੱਟਾ ਜੰਮਿਆ ਹੋਇਆ ਸੀ। ਸਥਾਨ ਦੀ ਤੁਰੰਤ ਸਫਾਈ ਕਰਵਾਈ ਗਈ। ਲੋਕਾਂ ਨੂੰ ਇਸ ਸਭ ਕਾਸੇ ਦੀ ਖਬਰ ਉਸ ਸਮੇਂ ਮਿਲੀ ਜਦ ਥੰਮ੍ਹ ਉਪਰਲੇ ਕਮਰੇ ਨੂੰ ਧੋ-ਪੂੰਝ ਕੇ ਉਥੇ ਅਖੰਡ ਪਾਠ ਰਖਵਾ ਦਿੱਤਾ ਗਿਆ। ਪਿੱਲਰ ਉਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਐਲਾਨ ਕੀਤਾ ਗਿਆ ਕਿ ਇਹ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਅਸਥਾਨ ਹੈ ਅਤੇ ਇਥੇ ਉਨ੍ਹਾਂ ਦੀ ਸ਼ਹੀਦੀ ਦੀ ਯਾਦ ਵਿਚ ਗੁਰਦੁਆਰਾ ਉਸਾਰਿਆ ਜਾਵੇਗਾ। ਕੁਝ ਸੌੜੀ ਸੋਚ ਵਾਲੇ ਫਿਰਕੂ ਲੋਕਾਂ ਨੇ ਰੌਲਾ ਪਾਇਆ ਕਿ ਇਹ ਥਾਂ ਸਰਕਾਰੀ ਮਲਕੀਅਤ ਹੈ ਅਤੇ ਗੁਰਦੁਆਰਾ ਕਮੇਟੀ ਵਾਲੇ ਇਸ ਉਤੇ ਜਬਰੀ ਕਬਜ਼ਾ ਕਰ ਰਹੇ ਹਨ ਪਰ ਜਥੇਦਾਰ ਸੰਤੋਖ ਸਿੰਘ ਦ੍ਰਿੜ੍ਹ ਵਿਸ਼ਵਾਸ ਵਾਲੇ ਗੁਰਸਿੱਖ ਸਨ। ਉਨ੍ਹਾਂ ਅੱਗੇ ਕਿਸੇ ਦੀ ਨਹੀਂ ਚੱਲੀ। ਉਨ੍ਹਾਂ ਥੰਮ੍ਹ ਦੇ ਨਾਲ ਗ਼ੈਰ-ਆਬਾਦ ਅਤੇ ਝਾੜੀਆਂ ਵਾਲਾ ਜ਼ਮੀਨ ਦਾ ਟੁਕੜਾ ਸਾਫ ਕਰਵਾ ਕੇ ਸੰਗਤਾਂ ਦੇ ਬੈਠਣ ਦਾ ਇੰਤਜ਼ਾਮ ਕਰ ਲਿਆ। ਫਿਰ ਦੋ-ਤਿੰਨ ਪੁਰਾਣੇ ਬਣੇ ਘਰਾਂ ਨੂੰ ਖਰੀਦ ਕੇ ਸ਼ਹੀਦੀ ਅਸਥਾਨ ਅਤੇ ਗੁਰਦੁਆਰੇ ਦੀ ਇਮਾਰਤ ਉਸਾਰਨ ਲਈ ਮੁੱਢ ਬੰਨ੍ਹ ਲਿਆ। ਇਸ ਦੀ ਉਸਾਰੀ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਕਰਵਾਈ। ਗੁਰਦੁਆਰਾ ਕੋਲ ਇਸ ਸਮੇਂ 1300 ਗਜ਼ ਜ਼ਮੀਨ ਹੈ, ਜਿਸ ਨੂੰ ਪੜਾਅ ਵਾਰ 1973, 1993 ਅਤੇ 1994 ਵਿਚ ਖਰੀਦਿਆ ਗਿਆ। 400 ਗਜ਼ ਦਾ ਇਕ ਹੋਰ ਪਲਾਟ ਇਸ ਸਮੇਂ ਉਥੇ ਖਾਲੀ ਹੈ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਹਿੰਦ ਫਤਹਿ ਮਾਰਚ ਦੀ ਦਿੱਲੀ ਫੇਰੀ ਸਮੇਂ ਇਸ ਗੁਰਦੁਆਰੇ ਨੂੰ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਅਸੀਂ ਉਨ੍ਹਾਂ ਨੂੰ ਬੇਨਤੀ ਕਰਾਂਗੇ ਕਿ ਇਹ ਰੁਪਏ ਦੇਣ ਦੀ ਥਾਂ ਗੁਰਦੁਆਰੇ ਨੂੰ ਉਹ ਜ਼ਮੀਨ ਖਰੀਦ ਕੇ ਦੇਣ ਤਾਂ ਕਿ ਖਾਲਸਾ ਰਾਜ ਦੀ ਨੀਂਹ ਰੱਖਣ ਵਾਲੇ ਜਾਂਬਾਜ਼ ਜਰਨੈਲ ਦੀ ਢੁਕਵੀਂ ਯਾਦਗਾਰ ਬਣਾਈ ਜਾ ਸਕੇ। ਦਿੱਲੀ ਦੀਆਂ ਸੰਗਤਾਂ ਨੇ ਸਰਹਿੰਦ ਫ਼ਤਹਿ ਮਾਰਚ ਦੇ ਸਮੇਂ ਜਿਸ ਉਤਸ਼ਾਹ ਅਤੇ ਸਤਿਕਾਰ ਨਾਲ ਸੇਵਾ ਕੀਤੀ ਹੈ, ਉਸ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਪੂਰੀ ਤਵੱਜੋ ਦੇਣਗੀਆਂ। ਸ: ਸੁਖਬੀਰ ਸਿੰਘ ਬਾਦਲ ਅਤੇ ਸ: ਅਵਤਾਰ ਸਿੰਘ ਨੇ ਫ਼ਤਹਿ ਮਾਰਚ ਨੂੰ ਦਿੱਲੀ ਲਿਆਉਣ ਅਤੇ ਇਸ ਦੀ ਸਫਲਤਾ ਲਈ ਜੋ ਉੱਦਮ ਕੀਤਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਇਨ੍ਹਾਂ ਨੂੰ ਉਹ ਜਾਰੀ ਰੱਖਣਗੇ ਤਾਂ ਕਿ ਸਿੱਖ ਸੱਭਿਆਚਾਰ ਦੀ ਪ੍ਰਫੁਲਿਤਾ ਦਾ ਸੁਪਨਾ ਜਲਦ ਸਾਕਾਰ ਹੋ ਸਕੇ।