ਮਿਸਲ ਸ਼ਹੀਦਾਂ ਦੇ ਜਥੇਦਾਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ - ਅਵਤਾਰ ਸਿੰਘ ਮਿਸ਼ਨਰੀ

ਮਿਸਲ ਸ਼ਹੀਦਾਂ ਦੇ ਜਥੇਦਾਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ
ਐਸੇ ਯੋਧੇ ਬਾਬਾ ਦੀਪ ਸਿੰਘ ਦਾ ਜਨਮ ਜਨਵਰੀ ਸੰਨ 1682 ਈ. ਨੂੰ ਪਿੰਡ ਪਹੂਵਿੰਡ (ਅੰਮ੍ਰਿਤਸਰ) ਵਿਖੇ ਹੋਇਆ। ਬਾਬਾ ਦੀਪ ਸਿੰਘ ਜੀ ਛੋਟੀ ਉੱਮਰ ਵਿੱਚ ਹੀ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਰਹੇ ਅਤੇ ਬੰਦ-ਬੰਦ ਕਟੌਣ ਵਾਲੇ ਭਾਈ ਮਨੀ ਸਿੰਘ ਸ਼ਹੀਦ ਕੋਲੋਂ ਗੁਰਮਤਿ ਦਾ ਗਿਆਨ ਪ੍ਰਾਪਤ ਕੀਤਾ। ਬਾਬਾ ਜੀ ਜਿੱਥੇ ਖਿਡਾਰੀ, ਸ਼ਸ਼ਤਰਧਾਰੀ ਅਤੇ ਸ਼ਿਕਾਰੀ ਸਨ ਓਥੇ ਇੱਕ ਚੰਗੇ ਲਿਖਾਰੀ ਅਤੇ ਵਿਦਵਾਨ ਵੀ ਸਨ। ਆਪ ਜੀ ਨੇ ਛੋਟੀਆਂ ਮੋਟੀਆਂ ਕਈ ਜੰਗਾਂ ਵਿੱਚ ਸ਼ਸ਼ਤਰਾਂ ਦੇ ਜੌਹਰ ਵੀ ਦਿਖਾਏ। ਆਪ ਜੀ ਨੇ ਗੁਰੂ ਕਲਗੀਧਰ ਜੀ ਤੋਂ ਮਾਲਵੇ ਖੇਤਰ ਦਮਦਮਾਂ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਗੁਰਬਾਣੀ ਦੇ ਅਰਥ ਕਥਾ-ਵਿਚਾਰ ਸਿੱਖੇ ਸਨ ਅਤੇ ਗੁਰੂ ਜੀ ਨੇ ਇਸ ਯੋਧੇ ਦੀ ਗੁਰਮਤਿ ਪ੍ਰਤੀ ਲਗਨ, ਸੇਵਾ ਅਤੇ ਬਹਾਦਰੀ ਕਰਤਵ ਦੇਖ ਕੇ ਆਪ ਜੀ ਦੀ ਸੇਵਾ ਭਾ. ਮਨੀ ਸਿੰਘ ਜੀ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਹੋਰ ਉਤਾਰੇ ਕਰਨ ਅਤੇ ਗੁਰਬਾਣੀ ਦੇ ਅਰਥ ਅੱਗੇ ਸਿੰਘਾਂ ਨੂੰ ਸਿਖਾਉਣ ਦੀ ਲਾਈ ਸੀ ਜੋ ਆਪ ਜੀ ਨੇ ਬਾਖੂਬੀ ਨਿਭਾਈ। ਆਪ ਗੁਰਮੱਤੀ ਜੀਵਨ ਵਿੱਚੋਂ ਸਮਾਂ ਕੱਢ ਕੇ ਜੰਗਾਂ ਯੁੱਧਾਂ ਵਿੱਚ ਵੀ ਹਿੱਸਾ ਲੈਂਦੇ ਸਨ। ਉਸ ਵੇਲੇ ਮੁਗਲੀਆ ਹਕੂਮਤ ਸਿੱਖਾਂ ਦਾ ਚੁਣ ਚੁਣ ਕੇ ਸ਼ਿਕਾਰ ਕਰਦੀ ਹੋਈ ਸਿੱਖ ਧਰਮ ਨੂੰ ਮਲੀਆਮੇਟ ਕਰਨ ਤੇ ਤੁੱਲੀ ਹੋਈ ਸੀ। ਜਦੋਂ ਸੰਨ 1756 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦ ਤੇ ਚੌਥਾ ਹਮਲਾ ਕੀਤਾ ਅਤੇ ਇੱਥੋਂ ਦੇ ਵੱਖ-ਵੱਖ ਥਾਵਾਂ ਤੇ ਲੁੱਟਮਾਰ ਕਰਦਾ ਹੋਇਆ ਵਾਪਸ ਜਾ ਰਿਹਾ ਸੀ ਉਸ ਸਮੇਂ ਉਸ ਕੋਲ ਜਿੱਥੇ ਭਾਰੀ ਮਾਤਰਾ ਵਿੱਚ ਸੋਨਾ ਚਾਂਦੀ ਅਤੇ ਹੋਰ ਬੇਕੀਮਤਾ ਸਾਜੋ ਸਮਾਨ ਸੀ ਓਥੇ ਹਜ਼ਾਰਾਂ ਜਵਾਨ ਕੁਆਰੀਆਂ ਲੜਕੀਆਂ ਅਤੇ ਵਿਆਹੀਆਂ ਹੋਈਆਂ ਔਰਤਾਂ ਵੀ ਪਕੜ ਕੇ ਮਨ ਪ੍ਰਚਾਵੇ ਲਈ ਲੈ ਕੇ ਰਿਹਾ ਸੀ।