ਅੱਜਕਲ ਪਾਕਿਸਤਾਨ ਦੇ ਅਜੌਕਾ ਥੇਇਟਰ ਗਰੁੱਪ ਅਤੇ ਨਿਰਦੇਸ਼ਕ ਮਦੀਨਾ ਗੌਹਰ ਅਤੇ ਸ਼ਾਇਦ ਨਦੀਮ ਦਾ ਲਿਖਿਆ ਹੋਇਆ ਨਾਟਕ 'ਬੁੱਲਾ ਤੇ ਬਾਬਾ ਬੰਦਾ ਸਿੰਘ ਦਾ ਸੰਵਾਦ' ਭਾਰਤ ਸਮੇਤ ਹੋਰ ਥਾਵਾਂ ਤੇ ਦਿਖਾਇਆ ਜਾ ਰਿਹਾ ਹੈ। ਅਜੌਕਾ ਗਰੁੱਪ ਵੱਲੋਂ ਆਪਣੇ ਨਾਟਕ ਵਿਚ ਪਹਿਲਾਂ ਸਿੱਖ ਹੋਮਲੈਂਡ ਸਥਾਪਿਤ ਕਰਨ ਵਾਲੇ ਸਿੱਖਾਂ ਦੇ ਨਾਇਕ ਬਾਬਾ ਬੰਦਾ ਸਿੰਘ ਜੀ ਨੂੰ ਬੁੱਲੇ ਸ਼ਾਹ ਤੋਂ ਨਸੀਅਤ ਲੈਂਦੇ ਅਤੇ ਬਾਬਾ ਬੰਦਾ ਸਿੰਘ ਨੂੰ ਖੂੰਖਾਰ ਜ਼ਾਲਮ, ਮੁਸਲਮਾਨਾਂ ਦੇ ਦੁਸ਼ਮਣ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ। ਬੁੱਲੇ ਸ਼ਾਹ ਤੇ ਬਾਬਾ ਬੰਦਾ ਸਿੰਘ ਬਹਾਦਰ ਭਾਵੇਂ ਕਿ ਸਮਕਾਲੀ ਸਨ ਪਰ ਉਨਾਂ ਦੇ ਮਿਲਾਪ ਦਾ ਇਤਿਹਾਸ ਵਿਚ ਕੋਈ ਜ਼ਿੱਕਰ ਨਹੀਂ ਮਿਲਦਾ । ਜੇ ਮਨ ਲਿਆ ਜਾਵੇ ਕਿ ਕਹਾਣੀਕਾਰ ਤੇ ਕਵੀ ਅਕਾਸ਼ ਤੋਂ ਤਾਰੇ ਤੋੜਨ ਕੇ ਧਰਤੀ ਅਸਮਾਨ ਇਕ ਕਰ ਦੇਣ ਦੀ ਕਲਾ ਦੇ ਮਾਹਿਰ ਹੁੰਦੇ ਹਨ, ਪਰ ਕਿਸੇ ਕੌਮ ਦੇ ਇਤਿਹਾਸ ਨੂੰ ਰਦੋ ਬਦਲ ਕਰ ਦੇਣ ਦਾ ਅਧਿਕਾਰ ਤਾਂ ਕਿਸੇ ਵੀ ਕਹਾਣੀਕਾਰ ਜਾਂ ਲੇਖਕ ਨੂੰ ਨਹੀਂ ਦਿੱਤਾ ਜਾ ਸਕਦਾ।