- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਪਿੰਡ ਪੰਡੋਰੀ ਨਿੱਝਰਾਂ, ਜਲੰਧਰ ਜ਼ਿਲ੍ਹੇ ਦੀ ਹੱਦ ਬਸਤ ਨੰ. 38 ਅਤੇ ਰਕਬਾ ਜ਼ਮੀਨ 511 ਹੈਕਟੇਅਰ ਹੈ। ਇਹ ਪਿੰਡ ਆਦਮਪੁਰ ਦੁਆਬਾ ਤੋਂ ਭੋਗਪੁਰ ਨੂੰ ਜਾਣ ਵਾਲੀ ਸੜਕ ਤੋਂ ਤਿੰਨ ਕੁ ਮੀਲ ਜਾ ਕੇ ਸੱਜੇ ਹੱਥ ਅੱਧਾ ਕੁ ਮੀਲ 'ਤੇ ਹੈ। ਮੁੱਖ ਸੜਕ ਤੋਂ ਪਿੰਡ ਨੂੰ ਜਾਣ ਵਾਲੀ ਸੜਕ 'ਤੇ ਪਿੰਡ ਵਾਲਿਆਂ ਨੇ ਬੱਬਰਾਂ ਦੀ ਯਾਦ ਵਿੱਚ ਗੇਟ ਬਣਾਇਆ ਹੋਇਆ ਹੈ। ਬੱਬਰ ਅਕਾਲੀ ਲਹਿਰ ਵਿੱਚ ਇਸ ਪਿੰਡ ਦੇ ਨਿੱਝਰ ਗੋਤ ਵਾਲਿਆਂ ਦਾ ਸਭ ਤੋਂ ਵੱਧ ਯੋਗਦਾਨ ਹੈ।
ਨਿੱਝਰ ਗੋਤ ਬਾਰੇ ਡਾ. ਬਖਸ਼ੀਸ਼ ਸਿੰਘ ਨਿੱਝਰ, ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਕਾਈਵਜ਼ ਦਾ ਕਥਨ ਹੈ ਕਿ ਨਿੱਝਰ ਗੋਤ ਰਾਜਪੂਤ ਗੋਤ ਤੇ ਬਾਬਾ ਰਾਣਾ ਦੀ ਅਗਵਾਈ ਵਿੱਚ ਆਪਣਾ ਪਿੰਡ ਨਿਜਰੌਲੀਆਂ ਜ਼ਿਲ੍ਹਾ ਗੁੜਗਾਉਂ ਛੱਡ ਕੇ ਚਾਰ ਕੁ ਸੌ ਸਾਲ ਪਹਿਲਾਂ ਆ ਕੇ ਪਹਿਲਾਂ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿੱਚ ਅਬਾਦ ਹੋਏ। ਉਹ ਲੇਖਕ ਨੂੰ ਦੱਸਿਆ ਕਰਦੇ ਸਨ ਕਿ ਕੇਵਲ ਰਾਜਪੂਤ ਹੀ ਰਾਣਾ ਖਿਤਾਬ ਦੇ ਹੱਕਦਾਰ ਸਨ। ਬਾਬਾ ਰਾਣਾ ਦੀ ਸਮਾਧ 'ਤੇ ਨਿੱਝਰ ਆਪਣੇ ਨਵੇਂ ਵਿਆਹੇ ਜੋੜਿਆਂ ਨੂੰ ਮੱਥਾ ਟਿਕਾਉਣ ਲਿਆਉਂਦੇ ਹਨ। ਡੁਮੇਲੀ ਤੋਂ ਬਾਅਦ ਨਿੱਝਰ ਜੱਟ ਹੋਰ ਕਈ ਪਿੰਡਾਂ ਵਿੱਚ ਅਬਾਦ ਹੋ ਗਏ।
ਬੱਬਰ ਕਰਤਾਰ ਸਿੰਘ ਦੇ ਪਿਤਾ ਸ. ਦੇਵਾ ਸਿੰਘ ਗਦਰ ਲਹਿਰ ਦੇ ਦਿਨਾਂ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੈਨੇਡਾ ਦੀ ਕਮਾਈ ਛੱਡ ਕੇ ਪਿੰਡ ਆ ਗਿਆ ਸੀ। ਉਸ ਦੀ ਸਿੱਖਿਆ 'ਤੇ ਹੀ ਉਸ ਦੇ ਪੁੱਤਰ ਕਰਤਾਰ ਸਿੰਘ ਉਮਰ 20 ਸਾਲ ਅਤੇ ਹੁਕਮ ਸਿੰਘ ਉਮਰ 18 ਸਾਲ ਬੱਬਰਾਂ ਦੀ ਸੇਵਾ ਕਰਦੇ ਉਨ੍ਹਾਂ ਦੇ ਹੀ ਹਮਖਿਆਲ ਬਣ ਗਏ। ਸੰਨ 1922 ਅਤੇ 1923 ਵਿੱਚ ਚੋਟੀ ਦੇ ਬੱਬਰ ਕਰਮ ਸਿੰਘ ਦੌਲਤਪੁਰ, ਬਾਬੂ ਸੰਤਾ ਸਿੰਘ ਛੋਟੀ ਹਰਿਉਂ, ਬੱਬਰ ਧੰਨਾ ਸਿੰਘ ਬਹਿਬਲਪੁਰ ਅਤੇ ਇਸੇ ਪਿੰਡ ਦੇ ਵਤਨ ਸਿੰਘ ਝੀਰ ਕਈ-ਕਈ ਦਿਨ ਪਿੰਡ ਪੰਡੋਰੀ ਨਿੱਝਰਾਂ ਰਹਿੰਦੇ ਸਨ। ਪਿੰਡ ਦਾ ਬਹੁਤ ਸਾਰੀ ਬੇਅਬਾਦ ਜ਼ਮੀਨ ਵਿੱਚ ਦਰਖਤਾਂ ਦੀ ਸੰਘਣੀ ਝਿੜੀ ਵਿੱਚ ਇੱਕ ਛੰਨਪਾਈ ਹੋਈ ਸੀ, ਜੋ ਕਿ ਬੱਬਰਾਂ ਦੀ ਛੁਪਣਗਾਹ ਸੀ। ਪਿੰਡ ਦੇ ਨੌਜਵਾਨ ਘਰਾਂ ਤੋਂ ਲਿਆ ਕੇ ਉਨ੍ਹਾਂ ਦੀ ਲੰਗਰ ਪਾਣੀ ਦੀ ਪੂਰੀ ਸੇਵਾ ਕਰਦੇ ਸਨ। ਉਨ੍ਹਾਂ ਵਿੱਚ ਹੀ ਬੱਬਰ ਕਰਤਾਰ ਸਿੰਘ ਸਨ।
ਉਸ ਉੱਤੇ ਇਹ ਦੋਸ਼ ਸਾਬਤ ਹੋ ਗਿਆ ਕਿ ਉਸ ਨੇ ਗਦਾਰ ਲਾਭ ਸਿੰਘ ਢੱਡੇ ਫਤੇਹ ਸਿੰਘ ਅਤੇ ਅਰਜਨ ਸਿੰਘ ਪਟਵਾਰੀ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਲਿਆ ਸੀ। ਉਸ ਵਿਰੁੱਧ ਪੰਡੋਰੀ ਨਿੱਝਰਾਂ ਦੇ ਦੋਨੋਂ ਲੰਬੜਦਾਰਾਂ ਅਤੇ ਦੋਨੋਂ ਚੌਂਕੀਦਾਰਾਂ ਮੌਲੂ ਅਤੇ ਜੀਵਨ ਨੇ ਠੋਕ ਕੇ ਗਵਾਹੀਆਂ ਦਿੱਤੀਆਂ ਸਨ। ਖਾਸਕਰ ਸਰਕਾਰ ਦੇ ਝੋਲੀਚੁੱਕ ਰਣਜੀਤ ਸਿੰਘ ਉਰਫ ਅਜੀਤ ਸਿੰਘ ਨੇ ਉਸ ਨੂੰ ਬਹੁਤ ਖਤਰਨਾਕ ਬੱਬਰ ਅਕਾਲੀ ਦੱਸਿਆ ਸੀ। ਐਡੀਸ਼ਨਲ ਸ਼ੈਸ਼ਨ ਜੱਜ ਮਿਸਟਰ ਟੱਪ ਨੇ ਉਸ ਦੀ ਜਵਾਨੀ ਦਾ ਲਿਹਾਜ ਕਰਕੇ ਉਸ ਨੂੰ ਬਰੀ ਕਰ ਦਿੱਤਾ ਸੀ ਪਰ ਜਦੋਂ ਹਾਈਕੋਰਟ ਨੇ ਉਸ ਦੇ ਕੇਸ 'ਤੇ ਨਜ਼ਰਸਾਨੀ ਕੀਤੀ ਤਾਂ ਲੰਬੜਦਾਰ, ਚੌਂਕੀਦਾਰਾਂ ਅਤੇ ਅਜੀਤ ਸਿੰਘ ਦੀਆਂ ਠੋਸ ਗਵਾਹੀਆਂ ਕਾਰਨ ਉਸ ਨੂੰ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਡਾ. ਬਖਸ਼ੀਸ਼ ਸਿੰਘ ਨਿੱਝਰ ਹੁਰੀਂ ਇਸ ਬੱਬਰ ਨੂੰ 1985 'ਚ ਮਿਲੇ ਤਾਂ ਉਹ 84 ਸਾਲ ਦੀ ਉਮਰ ਵਿੱਚ ਚੰਗਾ ਸਿਹਤਮੰਦ ਸੀ।