ਬੱਬਰ ਬਿਸ਼ਨ ਸਿੰਘ ਮਾਂਗਟ

- ਵਾਸਦੇਵ ਸਿੰਘ ਪਰਹਾਰ
ਫੋਨ 206-434-1155
ਬੱਬਰ ਬਿਸ਼ਨ ਸਿੰਘ ਪੁੱਤਰ ਸ. ਈਸ਼ਰ ਸਿੰਘ ਮਾਂਗਟ ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵਾਸੀ ਸੀ। ਇਸ ਪਿੰਡ ਦੀ ਹੱਦ ਬਸਤ ਨੰ. 16 ਰਕਬਾ 471 ਏਕੜ ਹੈ। ਉਹ ਗੁਰਸਿੱਖ ਸੀ ਅਤੇ ਪਿੰਡ ਦੇ ਅਕਾਲੀ ਜਥੇ ਦਾ ਜਥੇਦਾਰ ਸੀ। ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਨਾਲ ਵਧੀਕੀਆਂ ਦੇਖ ਕੇ ਉਹ ਇਸ ਜ਼ਾਲਮ ਸਰਕਾਰ ਨੂੰ ਦੇਸ਼ 'ਚੋਂ ਕੱਢਣ ਦੇ ਵਿਚਾਰਾਂ ਦਾ ਧਾਰਨੀ ਬਣ ਕੇ ਸਰਕਾਰ ਵਿਰੁੱਧ ਪ੍ਰਚਾਰ ਕਰਿਆ ਕਰਦਾ ਸੀ। ਉਸ ਅੰਦਰ ਦੇਸ਼ ਭਗਤੀ ਦਾ ਜਜ਼ਬਾ ਦੇਖ ਕੇ ਬੱਬਰ ਕਰਮ ਸਿੰਘ ਦੌਲਤਪੁਰ ਨੇ ਉਸ ਨੂੰ ਸਤੰਬਰ 1922 ਵਿੱਚ ਆਪਣੇ ਨਿਕਟਵਰਤੀਆਂ ਵਿੱਚ ਸ਼ਾਮਲ ਕਰ ਲਿਆ। 
8 ਅਗਸਤ, 1922 ਨੂੰ ਸਰਕਾਰ ਨੇ ਉਸ ਨੂੰ ਇਸ਼ਤਿਹਾਰੀ ਮੁਜਰਮ ਕਰਾਰ ਦੇ ਕੇ ਉਸ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ 400 ਰੁਪਏ ਨਕਦ ਇਨਾਮ ਅਤੇ ਇੱਕ ਮੁਰੱਬਾ ਜ਼ਮੀਨ ਲਾਇਲਪੁਰ ਦੀ ਬਾਰ ਵਿੱਚ ਦੇਣ ਦਾ ਐਲਾਨ ਵੀ ਕਰ ਦਿੱਤਾ। ਬੰਬੇਲੀ ਵਾਲੇ ਸਾਕੇ ਸਮੇਂ ਚਾਰ ਬੱਬਰਾਂ ਨੂੰ 1200 ਪੁਲਿਸ ਅਤੇ ਮਿਲਟਰੀ ਦੇ ਰਸਾਲੇ ਨੇ ਘੇਰਾ ਪਾ ਲਿਆ। ਚਾਰੇ ਹੀ ਬੱਬਰਾਂ ਦਾ ਅਸਲਾ ਉਨ੍ਹਾਂ ਦੇ ਸਾਥੀ ਗੱਦਾਰ ਅਨੂਪ ਸਿੰਘ ਨੇ ਉਰ੍ਹੇ-ਪਰ੍ਹੇ ਕਰ ਦਿੱਤਾ ਸੀ। ਕੇਵਲ ਕ੍ਰਿਪਾਨਾਂ ਲੈ ਕੇ ਹੀ ਉਹ ਪੁਲਿਸ ਨੂੰ ਲਲਕਾਰਦੇ ਪਿੰਡੋਂ ਬਾਹਰ ਚੋਅ ਵੱਲ ਨੂੰ ਨਿੱਕਲੇ। 
ਬੱਬਰ ਬਿਸ਼ਨ ਸਿੰਘ ਨੇ ਆਪਣੇ ਆਪ ਨੂੰ ਡਿੱਭ ਵਿੱਚ ਲੁਕੋ ਲਿਆ ਪਰ ਪੁਲਿਸ ਕਪਤਾਨ ਨੂੰ ਘੋੜੇ ਤੇ ਬੈਠੇ ਨੂੰ ਡਿੱਭ ਵਿੱਚ ਕੁਝ ਹਿਲਜੁਲ ਦਿਸੀ ਤਾਂ ਉਸ ਨੇ ਦੋ ਘੋੜ ਸਵਾਰ ਉੱਧਰ ਨੂੰ ਭੇਜੇ। ਬੱਬਰ ਨੇ ਲਲਕਾਰਾ ਮਾਰਿਆ ਤਾਂ ਇੱਕ ਘੋੜਸਵਾਰ ਘੋੜੇ ਤੋਂ ਡਿੱਗ ਪਿਆ ਤੇ ਬੱਬਰ ਨੇ ਕ੍ਰਿਪਾਨ ਦੇ ਵਾਰ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਦੂਜੇ ਘੋੜਸਵਾਰ ਨੇ ਬੱਬਰ 'ਤੇ ਗੋਲੀ ਚਲਾਈ, ਜਿਸ ਨਾਲ ਬੱਬਰ ਪਾਣੀ ਵਿੱਚ ਡਿੱਗ ਕੇ ਸ਼ਹੀਦ ਹੋ ਗਿਆ। 
ਬੱਬਰ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਭਰਾ ਗੁਰਬਖਸ਼ ਸਿੰਘ ਨੂੰ ਸਰਕਾਰ ਨੇ ਜੂਹ ਬੰਦ ਕਰ ਦਿੱਤਾ ਅਤੇ ਉਸ ਨੂੰ ਦੋ ਵੇਲੇ ਪਿੰਡ ਦੇ ਲੰਬੜਦਾਰ ਪਾਸ ਹਾਜ਼ਰੀ ਲਵਾਉਣੀ ਪੈਂਦੀ ਸੀ।