ਬੱਬਰ ਕਿਸ਼ਨ ਸਿੰਘ ਗੜਗੱਜ

- ਵਾਸਦੇਵ ਸਿੰਘ ਪਰਹਾਰ, ਸਿਆਟਲ
ਫੋਨ 206-434-1155
ਬੱਬਰ ਕਿਸ਼ਨ ਸਿੰਘ ਗੜਗੱਜ ਪਿੰਡ ਬਿਣਗ, ਜੋ ਜਲੰਧਰ ਛਾਉਣੀ ਤੋਂ ਅੱਧਾ ਕੁ ਮੀਲ ਪੂਰਬ ਵੱਲ ਹੈ, ਦੇ ਵਸਨੀਕ ਸਨ। ਆਪ ਜੀ ਦੇ ਪਿਤਾ ਦਾ ਨਾਂਅ ਫਤਹਿ ਸਿੰਘ ਅਤੇ ਮਾਤਾ ਦਾ ਨਾਮ ਜੀਵੀ ਸੀ। ਬੱਬਰ ਜਵਾਨ ਹੋ ਕੇ 47 ਸਿੱਖ ਰੈਜਮੈਂਟ ਵਿੱਚ ਭਰਤੀ ਹੋਇਆ ਅਤੇ ਸੰਨ 1921 ਵਿੱਚ ਹੌਲਦਾਰ ਮੇਜਰ ਦੀ ਪਦਵੀ ਤੋਂ 22 ਰੁਪਏ ਮਹੀਨਾ ਪੈਨਸ਼ਨ ਲੈ ਕੇ ਰਿਟਾਇਰ ਹੋਇਆ ਸੀ। ਆਪਣੇ ਪਿੰਡ ਪੁੱਜਦਿਆਂ ਹੀ ਉਸ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਦੇ ਅਖਾੜੇ ਵਿੱਚ ਕੁੱਦਣ ਦਾ ਫੈਸਲਾ ਕੀਤਾ। 
ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਜਿਵੇਂ ਗੁਰਦੁਆਰਾ ਰਕਾਬਗੰਜ ਦੀ ਦੀਵਾਰ ਢਾਹੁਣਾ, ਗਦਰੀਆਂ ਨੂੰ ਦੇਸ਼ ਪਰਤਣ 'ਤੇ ਬਜਬਜ ਘਾਟ ਕਲਕੱਤਾ ਵਿਖੇ ਗੋਲੀਆਂ ਨਾਲ ਭੁੰਨਣਾ, ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਵਿੱਚ ਸਿੱਖਾਂ 'ਤੇ ਅੰਨ੍ਹੇਵਾਹ ਤਸ਼ੱਦਦ ਕਰਨਾ ਆਦਿ ਦਾ ਸੁਣ ਕੇ ਅੰਗਰੇਜ਼ ਸਰਕਾਰ ਵਿਰੁੱਧ ਬਗਾਵਤ ਕਰਨ ਦਾ ਸੋਚਿਆ। ਉਸ ਨੇ ਅੰਗਰੇਜ਼ ਸਰਕਾਰ ਨਾਲ ਟੱਕਰ ਲੈਣ ਦੀ ਇਹ ਵਿਉਂਤ ਬਣਾਈ ਕਿ ਸਰਕਾਰ ਦੀ ਮਸ਼ੀਨਰੀ ਦੇ ਪੁਰਜ਼ੇ ਨੰਬਰਦਾਰ, ਸਫੈਦਪੋਸ਼, ਜ਼ੈਲਦਾਰ ਅਤੇ ਹੋਰ ਝੋਲੀਚੁੱਕਾਂ ਨੂੰ ਖਤਮ ਕੀਤਾ ਜਾਵੇ ਤਾਂ ਸਰਕਾਰ ਆਪੇ ਫੇਲ੍ਹ ਹੋ ਜਾਵੇਗੀ। ਉਸ ਨੇ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ ਅਤੇ ਰਿਆਸਤ ਕਪੂਰਥਲਾ ਦੇ ਪਿੰਡਾਂ ਵਿੱਚ ਦੀਵਾਨ ਸਜਾ ਕੇ ਸਰਕਾਰ ਵਿਰੁੱਧ ਭੜਕੀਲੇ ਭਾਸ਼ਣ ਦੇਣੇ ਆਰੰਭ ਕੀਤੇ। ਉਸ ਦਾ ਭਾਸ਼ਣ ਏਨਾ ਜ਼ੋਸ਼ੀਲਾ ਅਤੇ ਭੜਕਾਊ ਹੁੰਦਾ ਸੀ ਕਿ ਸਰੋਤੇ ਉਸ ਦੇ ਖਿਆਲਾਂ ਦੇ ਬਣ ਜਾਂਦੇ ਸਨ। 
6 ਦਸੰਬਰ, 1921 ਨੂੰ ਪਿੰਡ ਹਰੀਪੁਰ, 20 ਨਵੰਬਰ, 1922 ਨੂੰ ਪਿੰਡ ਪੰਡੋਰੀ ਨਿੱਝਰਾਂ, 26 ਫਰਵਰੀ, 1922 ਨੂੰ ਪਿੰਡ ਘੁੜਿਆਲ ਦੇ ਦੀਵਾਨਾਂ ਵਿੱਚ ਖੁੱਲਮ-ਖੁੱਲ੍ਹਾ ਲੋਕਾਂ ਨੂੰ ਅੰਗਰੇਜ਼ ਸਰਕਾਰ ਦਾ ਬੋਰੀਆ-ਬਿਸਤਰਾ ਗੋਲ ਕਰਨ ਲਈ ਉਕਸਾਉਣ ਵਾਲਾ ਸੀ। ਪਿੰਡ ਘੁੜਿਆਲ ਦੇ ਉਸ ਦੇ ਭਾਸ਼ਣ ਬਾਰੇ ਬੱਬਰ ਅਕਾਲੀ ਟਰਾਇਲ ਕੇਸ ਵਿੱਚ ਮੁਲਤਾਨੀ ਗਵਾਹ ਸਫੈਦਪੋਸ਼ ਹਰਨਾਮ ਸਿੰਘ ਮਹੱਦੀਪੁਰ ਨੇ ਬਿਆਨ ਦਿੱਤਾ ਕਿ ਘੁੜਿਆਲ ਪਿੰਡ ਵਾਲੇ ਦੀਵਾਨ ਵਿੱਚ ਬੱਬਰ ਕਿਸ਼ਨ ਸਿੰਘ ਨੇ ਤਿੰਨ ਫੁੱਟੀ ਕਿਰਪਾਨ ਧੂਹ ਕੇ ਲਲਕਾਰਿਆ ਤੇ ਕਿਹਾ, ''ਪ੍ਰਿੰਸ ਆਫ ਵੇਲਜ਼, ਜੋ ਅੱਜਕੱਲ੍ਹ ਹਿੰਦੁਸਤਾਨ ਆਇਆ ਹੋਇਆ ਹੈ, ਦੇ ਗਲ਼ ਵਿੱਚ ਅੰਗਰੇਜ਼ਪ੍ਰਸਤ ਫੁੱਲਾਂ ਦੇ ਹਾਰ ਪਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਪਰ ਮੈਂ ਐਲਾਨ ਕਰਦਾ ਹਾਂ ਕਿ ਮੈਂ ਆਪਣੇ ਚੱਕਰਵਰਤੀ ਜਥੇ ਦੇ ਬਾਹੂਬਲ ਨਾਲ ਸ਼ਹਿਜ਼ਾਦੇ ਦੇ ਗਲ ਵਿੱਚ ਬੰਬਾਂ ਦੇ ਹਾਰ ਪਾਵਾਂਗਾ,'' ਸੁਣ ਕੇ ਦੀਵਾਨ ਵਿੱਚ ਬੈਠੇ ਲੋਕਾਂ ਨੇ ਬੋਲੇ ਸੋ ਨਿਹਾਲ- ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜਾ ਦਿੱਤਾ। 
ਗੱਜਾ ਸਿੰਘ ਜ਼ੈਲਦਾਰ ਹਰੀਪੁਰ ਨੇ ਅਦਾਲਤ ਵਿੱਚ ਬੱਬਰ ਖਿਲਾਫ ਬਿਆਨ ਦਿੱਤਾ ਕਿ ਹਰੀਪੁਰ ਵਾਲੇ ਦੀਵਾਨ ਵਿੱਚ ਬੱਬਰ ਨੇ ਆਖਿਆ ਕਿ, ''ਮਾਸਟਰ ਮੋਤਾ ਸਿੰਘ ਛੁਪਨ ਹੋ ਕੇ ਕਾਬਲ ਪਹੁੰਚ ਚੁੱਕਾ ਹੈ ਅਤੇ ਉਹ ਉੱਥੇ ਅੰਗਰੇਜ਼ ਸਰਕਾਰ ਦੀਆਂ ਜੜ੍ਹਾਂ ਵੱਢ ਰਿਹਾ ਹੈ। ਮੈਂ ਅਤੇ ਮਾਸਟਰ ਮੋਤਾ ਸਿੰਘ ਕਦੇ ਅੰਗਰੇਜ਼ ਪੁਲਿਸ ਦੇ ਹੱਥ ਨਹੀਂ ਆਵਾਂਗੇ।'' 
ਸਤੰਬਰ 1922 ਵਿੱਚ ਡਿਪਟੀ ਕਮਿਸ਼ਨਰ ਜਲੰਧਰ ਮਿ. ਜੈਕਬ ਨੇ ਦੁਆਬੇ ਵਿੱਚ ਹਾਲਾਤ ਵਿਗੜਦੇ ਦੇਖ ਡੀ. ਆਈ. ਜੀ. (ਸੀ. ਆਈ. ਡੀ.) ਲਾਹੌਰ ਨੂੰ ਲਿਖਿਆ ਕਿ ਜੇ ਬੱਬਰ ਅਕਾਲੀਆਂ ਦੀ ਚੜ੍ਹਤ ਨਾ ਰੋਕੀ ਤਾਂ ਸਰਕਾਰ ਦੇ ਵਫਾਦਰਾਂ ਦਾ ਸਫਾਇਆ ਹੋ ਜਾਵੇਗਾ। ਨਵੰਬਰ 1922 ਨੂੰ ਸਰਕਾਰੀ ਅਫਸਰਾਂ ਦੀ ਇੱਕ ਉੱਚ ਪੱਧਰੀ ਕਾਨਫਰੰਸ ਹੋਈ, ਜਿਸ ਵਿੱਚ ਭਗੌੜੇ ਹੋਏ ਬੱਬਰਾਂ ਕਰਮ ਸਿੰਘ ਦੌਲਤਪੁਰ ਅਤੇ ਕਿਸ਼ਨ ਸਿੰਘ ਗੜਗੱਜ ਦੀ ਗ੍ਰਿਫਤਾਰੀ ਕਰਵਾਉਣ ਵਾਲਿਆਂ ਨੂੰ ਇਨਾਮ ਦੇ ਇਸ਼ਤਿਹਾਰ ਛਾਪੇ ਗਏ। ਬੱਬਰਾਂ ਨੇ ਹੇਠ ਲਿਖੀਆਂ ਵਾਰਦਾਤਾਂ ਇਸ ਸਮੇਂ ਕੀਤੀਆਂ-
1. ਬਿਸ਼ਨ ਸਿੰਘ ਜ਼ੈਲਦਾਰ ਰਾਣੀ ਥੂਹਾ ਦਾ ਕਤਲ
2. ਬੂਟਾ ਸਿੰਘ ਨੰਬਰਦਾਰ ਨੰਗਲਸ਼ਾਮਾ ਦਾ ਕਤਲ
3. ਲਾਭ ਸਿੰਘ ਮਿਸਤਰੀ ਪਿੰਡ ਡਡਿਆਲ ਦਾ ਕਤਲ
4. ਹਜ਼ਾਰਾ ਸਿੰਘ ਨੰਬਰਦਾਰ ਬਹਿਬਲਪੁਰ ਦਾ ਕਤਲ
5. ਸੂਬੇਦਾਰ ਗੇਂਦਾ ਸਿੰਘ ਪਿੰਡ ਘੁਡਿਆਲ ਦਾ ਕਤਲ
ਅਰਜਨ ਸਿੰਘ ਪਟਵਾਰੀ ਪਿੰਡ ਹਰੀਪੁਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਜਾਂਦਾ ਰਿਹਾ। 
ਦੁਆਬੇ ਦੇ ਆਮ ਲੋਕ ਬੱਬਰਾਂ ਦੇ ਹੱਕ ਵਿੱਚ ਸਨ ਤੇ ਉਹ ਬੱਬਰਾਂ ਨੂੰ ਠਹਿਰਨ ਲਈ ਥਾਂ ਅਤੇ ਲੰਗਰ ਪਾਣੀ ਦੀ ਸੇਵਾ ਖੁਸ਼ੀ ਨਾਲ ਕਰਦੇ ਸਨ। ਪਰ ਜਿੱਥੇ ਕਣਕ ਦੀ ਫਸਲ ਹੋਵੇ, ਉਸ ਵਿੱਚ ਕਾਂਗਹਾਰੀ ਹੋ ਹੀ ਜਾਂਦੀ ਹੈ। ਬੱਬਰ ਕਿਸ਼ਨ ਸਿੰਘ ਦੇ ਚਾਚੇ ਦਾ ਪੁੱਤ ਕਾਬਲ ਸਿੰਘ ਆਪਣੇ ਸਹੁਰੇ ਲਾਭ ਸਿੰਘ ਪਿੰਡ ਢੱਡੇ ਫਤਹਿ ਸਿੰਘ ਦੇ ਕਹਿਣ 'ਤੇ ਇਨਾਮ ਦੇ ਲਾਲਚ ਵਿੱਚ ਆਪਣੇ ਭਰਾ ਨਾਲ ਭਰਾ-ਮਾਰ ਕਰਨ 'ਤੇ ਉੱਤਰ ਆਇਆ। ਉਹ ਕਿਸੇ ਬਹਾਨੇ ਨਾਲ ਬੱਬਰ ਨੂੰ ਢੱਡੇ ਫਤਹਿ ਸਿੰਘ ਲੈ ਗਿਆ। ਰਾਤ ਨੂੰ ਸੌਂਣ ਲੱਗਿਆਂ ਉਸ ਨੇ ਬੱਬਰ ਦੇ ਹਥਿਆਰ ਪਰ੍ਹੇ ਕਰ ਦਿੱਤੇ। ਲਾਭ ਸਿੰਘ ਨੇ ਹਰਿਆਣਾ ਥਾਣੇ ਤੋਂ ਪੁਲਿਸ ਪਾਰਟੀ ਬੁਲਾ ਲਈ। ਗੱਦਾਰਾਂ ਨੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਕੇ ਜੰਦਰਾ ਮਾਰ ਦਿੱਤਾ ਕਿ ਕਿਤੇ ਬੱਬਰ ਜਾਗ ਕੇ ਬੂਹਾ ਖੋਲ੍ਹ ਕੇ ਭੱਜ ਨਾ ਜਾਵੇ। ਪੁਲਿਸ ਨੇ ਦਰਵਾਜ਼ਾ ਤੋੜ ਕੇ ਨਿਹੱਥੇ ਬੱਬਰ ਨੂੰ ਹੱਥਕੜੀ ਅਤੇ ਪੈਰਾਂ ਵਿੱਚ ਬੇੜੀ ਪਾ ਲਈ, ਜਿਸ ਨਾਲ ਉਹ ਇੱਕ ਫੁੱਟ ਤੋਂ ਵੱਧ ਪੈਰ ਨਹੀਂ ਪੁੱਟ ਸਕਦਾ ਸੀ। 
ਦਿਨ ਚੜ੍ਹ ਗਿਆ ਸੀ ਤੇ ਬੱਬਰ ਦੀ ਗ੍ਰਿਫਤਾਰੀ ਦੀ ਖਬਰ ਇਸ ਪਿੰਡ ਤੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਸੀ। ਇਸ ਪਿੰਡ ਦੀਆਂ ਜਨਾਨੀਆਂ ਨੇ ਇਕੱਠੀਆਂ ਹੋ ਕੇ ਲਾਭ ਸਿੰਘ ਝੋਲੀਚੁੱਕ ਦੇ ਘਰ ਅੱਗੇ ਉਸ ਦਾ ਪਿੱਟ ਸਿਆਪਾ ਕਰਕੇ ਉਸ ਨੂੰ ਲਾਹਣਤਾਂ ਪਾਈਆਂ। ਬੱਬਰ ਨੂੰ ਲੈ ਕੇ ਪੁਲਿਸ ਪਾਰਟੀ ਜਦੋਂ ਸ਼ਾਮ ਚੁਰਾਸੀ ਤੋਂ ਆਦਮਪੁਰ ਨੂੰ ਜਾਂਦੀ ਕੱਚੀ ਸੜਕ 'ਤੇ ਜਾ ਰਹੀ ਸੀ ਤਾਂ ਪਿੰਡ ਪੰਡੋਰੀ ਨਿੱਝਰਾਂ ਦੇ ਗੁਰਦੁਆਰੇ ਕੋਲ ਲੋਕਾਂ ਦਾ ਸਮੂਹ ਡਾਂਗਾਂ, ਕੁਹਾੜੀਆਂ ਅਤੇ ਬਰਛੇ ਲਈ ਤਿਆਰ ਖੜ੍ਹਾ ਸੀ ਕਿ ਬੱਬਰ ਨੂੰ ਹਰ ਹਾਲਤ ਵਿੱਚ ਪੁਲਿਸ ਤੋਂ ਆਜ਼ਾਦ ਕਰਵਾ ਲੈਣਾ ਹੈ। 
ਲੋਕਾਂ ਨੂੰ ਭੱਜੇ ਆਉਂਦੇ ਵੇਖ ਕੇ ਅੰਗਰੇਜ਼ ਪੁਲਿਸ ਕਪਤਾਨ ਘੋੜੇ ਤੋਂ ਹੇਠਾਂ ਉੱਤਰ ਆਇਆ। ਬੱਬਰ ਨੇ ਕਿਹਾ, ''ਸਾਬ੍ਹ ਜੀ ਮੈਂ ਲੋਕਾਂ ਨੂੰ ਸ਼ਾਂਤ ਕਰਦਾ ਹਾਂ।'' ਤੇ ਲੋਕਾਂ ਨੂੰ ਸੰਬੋਧਨ ਕਰਕੇ ਕਿਹਾ, ''ਭਰਾਵੋ ਐਸ ਵੇਲੇ ਤੁਸੀਂ ਮੈਨੂੰ ਛੁਡਾ ਵੀ ਲਿਆ ਤਾਂ ਇਸ ਦੇ ਸਿੱਟੇ ਵਜੋਂ ਜਲ੍ਹਿਆਂ ਵਾਲੇ ਬਾਗ ਵਾਂਗ ਲੋਕ ਮਾਰੇ ਜਾਣਗੇ। ਹਰ ਘਰ-ਘਰ ਗੜਗੱਜ ਪੈਦਾ ਹੋ ਚੁੱਕੇ ਹਨ, ਜਿਹੜੇ ਇਸ ਜ਼ਾਲਮ ਸਰਕਾਰ ਨੂੰ ਇੱਥੋਂ ਭਜਾ ਕੇ ਦਮ ਲੈਣਗੇ।'' ਗੋਰਾ ਪੁਲਿਸ ਕਪਤਾਨ ਮੌਕੇ ਦੀ ਨਜ਼ਾਕਤ ਦੇਖ ਕੇ ਚੁੱਪ ਰਿਹਾ ਅਤੇ ਬੱਬਰ ਦੀ ਹੱਥਕੜੀ ਫੜ ਕੇ ਨਾਲ ਨਾਲ ਤੁਰਦਾ ਗਿਆ। ਖੁਰਦਪੁਰ ਪੱਕੀ ਸੜਕ 'ਤੇ ਪੁੱਜ ਕੇ ਇੱਕ ਪੁਲੀ 'ਤੇ ਖੜ੍ਹ ਕੇ ਬੱਬਰ ਨੇ ਆਖਰੀ ਲੈਕਚਰ ਦੇ ਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵਾਪਸ ਮੁੜ ਜਾਣ। ਇਹ 26 ਫਰਵਰੀ, 1923 ਦਾ ਵਾਕਿਆ ਹੈ। 
ਬੱਬਰ ਜਥੇ ਨੇ ਪੜਤਾਲ ਕਰਕੇ ਤਸੱਲੀ ਕੀਤੀ ਕਿ ਇਹ ਕਾਰਾ ਕਾਬਲ ਸਿੰਘ ਬਿਣਗ ਅਤੇ ਉਸ ਦੇ ਸਹੁਰੇ ਲਾਭ ਸਿੰਘ ਨੇ ਕੀਤਾ ਹੈ ਤਾਂ ਉਨ੍ਹਾਂ ਨੇ ਸੋਧਾ ਲਾਉਣ ਵਾਲਿਆਂ ਦੀ ਲਿਸਟ ਵਿੱਚ ਇਨ੍ਹਾਂ ਦੇ ਨਾਂਅ ਲੜੀ ਨੰਬਰ 26 ਅਤੇ 27 'ਤੇ ਲਿਖ ਲਏ। ਬੱਬਰਾਂ ਨੇ ਤਿੰਨ ਵਾਰ ਲਾਭ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਜਾਂਦਾ ਰਿਹਾ ਅਤੇ ਅਖੀਰ ਆਪਣੇ ਜਵਾਈ ਕੋਲ ਪਿੰਡ ਬਿਣਗ ਪੁਲਿਸ ਦਾ ਹਿਫਾਜ਼ਤ ਵਿੱਚ ਦਿਨ ਕਟੀ ਕਰਦਾ ਰਿਹਾ। ਪਿੰਡ ਬਿਣਗ ਦੇ ਲੋਕ ਉਸ ਦੇ ਮੂੰਹ 'ਤੇ ਥੁੱਕਦੇ ਅਤੇ ਬੁੜ੍ਹੀਆਂ ਉਸ ਨੂੰ ਚਿੜਾਉਣ ਲਈ ਉਸ ਦਾ ਸਿਆਪਾ ਕਰਦੀਆਂ ਸਨ। ਇਸ ਡਰ ਤੋਂ ਉਹ ਘਰੋਂ ਬਾਹਰ ਹੀ ਨਾ ਨਿੱਕਲਦਾ। 
ਬੱਬਰ ਅਕਾਲੀਆਂ ਦੇ ਦੂਜੇ ਕੰਮ ਪਾਇਰੇਸੀ ਕੇਸ, ਜੋ 1924 ਵਿੱਚ ਚੱਲਿਆ, 91 ਮੁਜ਼ਰਮਾਂ ਵਿੱਚ ਬੱਬਰ ਕਿਸ਼ਨ ਸਿੰਘ ਦਾ ਪਹਿਲੇ ਨੰਬਰ 'ਤੇ ਸੀ। ਇਸ ਬੱਬਰ ਨੇ ਕੋਈ ਵਕੀਲ ਕਰਨ ਤੋਂ ਨਾਂਹ ਕੀਤੀ। ਉਸ ਨੂੰ ਫਾਂਸੀ ਦੀ ਸਜ਼ਾ ਹੋਈ। ਉਨ੍ਹਾਂ ਨੇ ਫਾਂਸੀ ਲੱਗਣ ਤੋਂ ਪਹਿਲਾਂ ਆਖਰੀ ਮੁਲਾਕਾਤ ਸਮੇਂ ਇੱਕੋ ਗੱਲ ਦੀ ਮੰਗ ਕੀਤੀ ਕਿ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਜ਼ਰੂਰ ਲਿਖਿਆ ਜਾਵੇ, ਜਿਸ ਨਾਲ ਉਨ੍ਹਾਂ ਦੀਆਂ ਰੂਹਾਂ ਖੁਸ਼ ਹੋਣਗੀਆਂ।