-ਚਰਨਜੀਤ ਸਿੰਘ ਸੁੱਜੋਂ
ਪਿੰਡ ਸੁੱਜੋਂ ਦਾ ਮਾਣ ਸਵ: ਲਖਵਿੰਦਰ ਸਿੰਘ ਲਾਖਾ ਭਾਜੀ ਦੀਆਂ ਯਾਦਾਂ ਹਮੇਸ਼ਾ ਆਉਂਦੀਆਂ ਰਹਿਣਗੀਆਂ।
![]() |
| ਲਖਵਿੰਦਰ ਸਿੰਘ ਲਾਖਾ ਸੁੱਜੋਂ |
ਸਾਡੇ “ਪਿੰਡ ਸੁੱਜੋਂ” ਨੇ ਜਿੱਥੇ ਚੋਟੀ ਦੇ ਪਲੇਅਰ ਪੈਦਾ ਕੀਤੇ ਹਨ ਉੱਥੇ
ਸ਼ਹੀਦ ਭਾਈ ਸੁਖਵੀਰ ਸਿੰਘ ਖ਼ਾਲਸਾ ਉਰਫ਼ ਰਾਜਾ ਸੁੱਜੋਂ, ਸ਼ਹੀਦ ਭਾਈ ਚਰਨਜੀਤ ਸਿੰਘ ਸੁੱਜੋਂ ਵਰਗੇ ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਸੰਤ ਬਾਬਾ ਸੰਤੋਖ ਸਿੰਘ ਜੋਤੀ ਸਰੂਪ ਵਰਗੀਆਂ ਮਹਾਨ ਰੂਹਾਂ ਵੀ ਪੈਦਾ ਕੀਤੀਆਂ ਹਨ।
ਮੋਟੀਆਂ ਪਿੰਨੀਆਂ, ਵਿੰਗੀਆਂ ਲੱਤਾਂ, ਖੂੰਡੀਆਂ ਮੁੱਛਾਂ ਤੇ ਦਿਲ ਖਿਚਵੀਂ ਰੋਹਬਦਾਰ ਦਸਤਾਰ ਤੇ ਦਰਸ਼ਨੀ ਚਿਹਰੇ ਤੇ ਇੱਕ-ਇੱਕ ਵੱਟ ਚਿਣ ਕੇ ਬੰਨ੍ਹ ਕੇ ਜੱਦੋ ਪਿੰਡ ਵਿੱਚ ਮੋਰ ਵਾਂਗ ਪਹਿਲ ਪਾਉਂਦਾ ਤੁਰਦਾ ਸੀ ਤੇ ਉੱਚੀ ਆਵਾਜ਼ ਵਿੱਚ ਗਰਜ ਵੇਂ ਬੋਲ-ਬੋਲਦਾ ਸੀ ਤਾਂ ਪਤਾ ਲੱਗਦਾ ਸੀ ਕਿ ਇਹ ਕੋਈ ਆਮ ਜਿਹਾ ਸਾਧਾਰਨ ਆਦਮੀ ਨਹੀਂ ਸਗੋਂ ਕੋਈ ਫ਼ੌਜੀ ਫ਼ੌਜ ਵਿੱਚੋਂ ਛੁੱਟੀ ਲੈ ਕੇ ਨਹੀਂ ਸਗੋਂ ਫ਼ੌਜ ਵਿੱਚੋਂ ਭੱਜ ਕੇ ਆਇਆ ਹੈ। ਉਸ ਦਾ ਨਾਮ ਸੀ ਲਖਵਿੰਦਰ ਸਿੰਘ ਉਰਫ਼ ਲਾਖਾ ਭਾਜੀ ਜਿਸ ਨੂੰ ਸਾਰਾ ਇਲਾਕਾ ਤੇ ਪਿੰਡ ਵਾਸੀ ਪਿਆਰ ਨਾਲ ਲਾਖਾ ਕਹਿੰਦੇ ਸੀ।
ਲਾਖੇ ਭਾਜੀ ਨੇ ਆਪਣੀ ਫ਼ੌਜ ਦੀ ਨੌਕਰੀ ਤੇ ਆਪਣੀ ਜ਼ਿੰਦਗੀ ਪਿੰਡ ਸੁੱਜੋਂ ਦੇ ਲੇਖੇ ਲਾ ਦਿੱਤੀ।
ਤੇ ਉਹ ਫੁੱਟਬਾਲ ਤੇ ਪਿੰਡ ਨੂੰ ਪਾਗਲਾਂ ਵਾਂਗ ਪਿਆਰ ਕਰਦਾ ਸੀ, ਤੇ ਉਸ ਨੂੰ ਫੁੱਟਬਾਲ ਦਾ ਨਸ਼ਾ ਚੜ੍ਹਿਆ ਰਹਿੰਦਾ ਸੀ। ਜਿਸ ਦੀ ਕੋਈ ਹੱਦ ਨਹੀਂ ਸੀ। ਕੋਈ ਅੰਦਾਜ਼ਾ ਨਹੀਂ ਸੀ। ਉਹ ਇੱਕ ਮਸਤ ਤੇ ਠੰਢੇ ਜਿਹੇ ਸੁਭਾਅ ਦਾ ਵੱਖਰਾ ਹੀ ਬੰਦਾ ਸੀ, ਪਰ ਜਦ ਕਿਤੇ ਗ਼ੁੱਸਾ ਆਉਂਦਾ ਸੀ ਤਾਂ ਕਿਸੇ ਦੀ ਜੁਰਅਤ ਨਹੀਂ ਸੀ ਕਿ ਲਾਖੇ ਦੀਆਂ ਅੱਖਾਂ ਵਿੱਚ ਕੋਈ ਅੱਖਾਂ ਪਾ ਕੇ ਗੱਲ ਕਰ ਲਵੇ..…
ਲਾਖਾ ਭਾਜੀ ਭਾਵੇਂ ਫ਼ੌਜ ਵਿੱਚ ਕਿੰਨੀ ਵੀ ਦੂਰ ਡਿਊਟੀ ਤੇ ਹੁੰਦਾ ਸੀ ਪਰ ਜੱਦੋ ਉਸ ਨੂੰ ਪਿੰਡ ਦੇ ਮੈਚ ਦਾ ਸੁਨੇਹਾ ਮਿਲ ਜਾਣਾ ਤਾਂ ਉਹ ਬਿਨਾ ਕੁੱਝ ਸੋਚੇ ਤੇ ਬਿਨਾ ਕੁੱਝ ਦੱਸੇ ਸਿੱਧਾ ਹੀ ਜਿੱਥੇ ਮੈਚ ਹੋਣਾ ਉੱਥੇ ਪਹੁੰਚ ਜਾਂਦਾ ਸੀ। ਉਹ ਨੂੰ ਆਪਣੀ ਨੌਕਰੀ ਨਾਲੋਂ ਪਿੰਡ ਦਾ ਵੱਧ ਫ਼ਿਕਰ ਸੀ। ਉਹ ਆਪਣੇ ਵਾਰੇ ਘੱਟ ਤੇ ਪਿੰਡ ਵਾਰੇ ਵੱਧ ਸੋਚਦਾ ਸੀ। ਜਿਸ ਕਰ ਕੇ ਲਾਖੇ ਭਾਜੀ ਨੂੰ ਕਈ ਵਾਰ ਫ਼ੌਜ ਵਿੱਚ ਸਜ਼ਾ ਵਜੋਂ ਪਿੱਠੂ ਹੀ ਨਹੀਂ ਲਗਵਾਉਣੇ ਪਏ ਸਗੋਂ ਫ਼ੌਜ ਦੇ ਉੱਚੇ ਅਹੁਦਿਆਂ ਤੋ ਵੀ ਵਾਂਝੇ ਰਹਿਣਾ ਪਿਆ, ਜਦ ਕਿ ਲਾਖੇ ਭਾਜੀ ਦੇ ਨਾਲ ਦੇ ਸਾਰੇ ਸਾਥੀ ਵੱਡੇ-ਵੱਡੇ ਰੈਂਕ ਵਾਲੇ ਆਫ਼ੀਸਰ ਲੱਗ ਗਏ ਸਨ।...ਪਰ......
ਤੇ ਜੱਦੋ ਲਾਖੇ ਭਾਜੀ ਨੇ ਕਿਤੇ ਦਿੱਲੀ ਸ਼ਹੀਦ ਭਾਈ ਸੁਖਵੀਰ ਸਿੰਘ ਖ਼ਾਲਸਾ ਰਾਜਾ ਭਾਜੀ ਨੂੰ ਦਿੱਲੀ ਮਿਲਣ ਜਾਣਾ ਤਾਂ ਲਾਖੇ ਭਾਜੀ ਨੇ ਪਹਿਲਾਂ ਦਾਹੜਾ ਪਰਕਾਸ਼ ਕਰ ਲੈਣਾ ਤੇ ਮਨ ਚ' ਡਰ ਹੁੰਦਾ ਸੀ। ਅੱਜ ਭਾਵੇਂ ਲਾਖਾ ਭਾਜੀ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਉਹਨਾ ਦੀਆਂ ਕੀਮਤੀ ਯਾਦਾਂ ਸਾਨੂੰ ਹਮੇਸ਼ਾ ਯਾਦ ਆਉਂਦੀਆਂ ਰਹਿਣਗੀਆਂ। ਲਾਖੇ ਭਾਜੀ ਦੇ ਛੋਟੇ ਭਰਾ ਰਵਿੰਦਰ ਸਿੰਘ ਭੰਮੀ ਭਾਜੀ ਵੀ ਹਾਕੀ ਦੇ ਵਧੀਆ ਪਲੇਅਰ ਰਹੇ ਹਨ।
ਸਾਡੀ ਸੁਰਤ ਦੇ ਜਿੰਨੇ ਖਿਡਾਰੀ ਸੀ ਸਾਰੇ ਲਾਖੇ ਭਾਜੀ ਦੀ ਗੇਮ ਦੇ ਮੁਰੀਦ ਹੀ ਨਹੀਂ ਸਗੋਂ ਅਸੀ ਫੁੱਟਬਾਲ ਦੇ ਖਿਡਾਰੀ ਵੀ ਲਾਖੇ ਭਾਜੀ ਵੱਲੋਂ ਤਿਆਰ ਕੀਤੇ ਹੋਏ ਪਲੇਅਰ ਹਾਂ। ਜਿਸ ਦੀ ਬਦੌਲਤ ਮੈਂ ਭਾਰਤ ਦੇ ਨਾਮੀ ਫੁੱਟਬਾਲ ਕਲੱਬ ਜੇ.ਸੀ.ਟੀ ਤੇ ਬੀ.ਐਸ.ਐਫ ਵਿੱਚ ਖੇਡਿਆ। ਤੇ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਟੀਮ ਦੀ ਕਪਤਾਨੀ ਵੀ ਕੀਤੀ। ਮੈਨੂੰ ਯਾਦ ਹੈ ਜੱਦੋ 10 ਮਾਰਚ 1993 ਨੂੰ ਮੈ ਜੇ.ਸੀ.ਟੀ ਫਗਵਾੜਾ ਕਲੱਬ ਵਿੱਚ ਹੋਇਆ ਤਾਂ ਲਾਖਾ ਭਾਜੀ ਮੈਨੂੰ ਪਿੰਡ ਦੇ ਅੱਡੇ ਤੇ ਮਿਲੇ ਤੇ ਮੈਨੂੰ ਦੂਰੋਂ ਆਵਾਜ਼ ਮਾਰੀ ਤੇ ਕਲਾਵੇ ਚ" ਲੈ ਕੇ ਕਿਹਾ ਓਏ ਚਰਨਜੀਤ ਵੈਸੇ ਮੈਨੂੰ ਭਾਜੀ ਹਮੇਸ਼ਾ ਫ਼ੌਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ। ਮੈਨੂੰ ਪਿਆਰ ਨਾਲ ਗਾਲ਼ ਕੱਢ ਕੇ ਕਹਿੰਦੇ ਓਏ ਗੱਲ ਸੁਣ ਹੁਣ ਜੇ.ਸੀ.ਟੀ ਵਿੱਚ ਪੂਰਾ ਜ਼ੋਰ ਲਾ ਕੇ ਖੇਡਣਾ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ। ਨਾਲੇ ਪਿੰਡ ਦੇ ਮੈਚ ਵੀ ਖੇਡਣੇ ਆ। ਮੈਂ ਤੈਨੂੰ ਦੱਸ ਦਿੰਨਾ ਮੈ ਢਾਹੁਣਾ ਬਹੁਤ ਆ...
“ਜੱਦੋ ਲਾਲੀ ਭਾਜੀ ਆੜ੍ਹਤੀਏ ਨਾਲ ਪਿੰਡ ਵਿੱਚ ਘਰ-ਘਰ ਟੂਰਨਾਮੈਂਟ ਦੀ ਉਗਰਾਹੀ ਕਰਨ ਜਾਣਾ ਤਾਂ ਲਾਲੀ ਨੇ ਹਰੇਕ ਦੇ ਘਰ ਮਜ਼ਾਕ ਕਰਨਾ ਕਿਸੇ ਨੂੰ ਨਾ ਬਖ਼ਸ਼ਣਾ ਤੇ ਬਹੁਤੇ ਲੋਕ ਲਾਲੀ ਦੀਆਂ ਗੱਲਾਂ ਸੁਣਨ ਹੀ ਆਉਂਦੇ ਸੀ। ਮੈਨੂੰ ਯਾਦ ਆ ਇੱਕ ਵਾਰ ਲਾਲੀ ਭਾਜੀ ਨੇ ਕਿਸੇ... ਨੂੰ ਕਿਹਾ ਜੀ ਉਗਰਾਹੀ ਲਈ ਆਏ ਹਾਂ,.... ਤਾਂ ਉਹਨੇ ਅੱਗੋਂ ਕਿਹਾ 20 ਰੁਪਏ ਤੁਹਾਡੇ ਤੋ ਲੈਣੇ ਆ ਮੱਝ.....ਦੇ ਉਹਦੇ ਚੋ ਕੱਟ ਲਊ......”
ਪਿੰਡ ਦੇ ਟੂਰਨਾਮੈਂਟ ਦਾ ਸਾਨੂੰ ਵਿਆਹ ਖਾਣ ਜਿੰਨਾ ਚਾਅ ਹੁੰਦਾ ਸੀ। ਤੇ ਜੱਦੋ ਲਾਖੇ ਭਾਜੀ ਨੇ ਗਾਲ਼ ਕੱਢਣੀ ਤਾਂ ਦਰਸ਼ਕਾਂ ਨੇ ਦੂਹਰੇ ਹੋ-ਹੋ ਹੱਸਣਾ। ਤੇ ਇਸੇ ਤਰਾਂ ਭਾਜੀ ਨੇ ਗੱਗੀ ਤੇ ਵਿੱਕੀ ਨੂੰ ਦਬਕਾ ਮਾਰ ਕੇ ਕਹਿਣਾ ਓਏ ਵਿੱਕੀ ਤਾਂ ਮੇਰਾ ਛੋਟਾ ਪੁੱਤ ਆ। ਤੇ ਵਿੱਕੀ ਦੇ ਡੈਡੀ ਨੂੰ ਰੱਬ ਕਹਿ ਕੇ ਬੁਲਾਉਣਾ। ਵਿੱਕੀ ਨਾਲ ਵੀ ਵਾਲਾ ਹੀ ਪਿਆਰ ਸੀ। ਆਖ਼ਰੀ ਸਮੇਂ ਵਿੱਚ ਉਹ ਸੋਢੀ ਭਾਜੀ ਤੋ ਬਾਅਦ ਜ਼ਿਆਦਾ ਗੱਗੀ-ਵਿੱਕੀ ਹੁਣਾ ਦੇ ਘਰ ਆਉਂਦੇ ਜਾਂਦੇ ਸੀ।
ਤੇ ਪਿੰਡ ਸੁੱਜੋਂ ਦੇ ਉਹ ਖਿਡਾਰੀ ਜਿਹਨਾ ਨੇ ਇਲਾਕੇ ਵਿੱਚ ਪੂਰੀ ਧਾਕ ਜਮਾਈ ਸੀ। ਲਾਖਾ ਭਾਜੀ, ਗੱਗੀ - ਬਿੱਕੀ, ਪੰਮਾ - ਭੋਲਾ, ਸੋਢੀ - ਭੋਲਾ, ਸੱਤਾ-ਪਾਲਾ ਭਾਜੀ, ਕਾਕਾ ਪੰਡਤ - ਦਿਨੇਸ਼ ਭਾਜੀ, ਕੁੱਕੂ - ਸੋਢੀ ਭਾਜੀ, ਸਤਪਾਲ - ਸਰਬਜੀਤ ਗੰਜਾ, ਬਿੱਲੀ, ਸੱਤਾ ਚੀਨਾ, ਜੀਤਾ ਖਜ਼ਾਨ ਸਿੰਘ ਦਾ ਗੋਰਾ ਬੇਦੀ ਭਾਜੀ, ਤਰਨਜੀਤ ਸਰਪੰਚ - ਚਰਨਜੀਤ ਆਦਿ ਇਸ ਤਰਾਂ ਦੋਵੇਂ ਭਰਾਵਾ ਦੀਆਂ ਜੋੜੀਆਂ ਹੁੰਦੀਆਂ ਸੀ, ਅਤੇ ਪੁਰਾਣੇ ਪਲੇਅਰ ਜਿਹਨਾ ਨੂੰ ਅਸੀ ਅੱਖੀਂ ਦੇਖਿਆ, ਚਾਚਾ ਜੀ ਹਰਭਜਨ ਸਿੰਘ ਫ਼ੌਜੀ, ਚੋਟੀ ਦਾ ਖਿਡਾਰੀ ਸਵ: ਗੀਤੀ ਭਾਜੀ, ਦਲਜੀਤ ਗਿੱਧਾ, ਪ੍ਰਿਤਪਾਲ, ਬੱਬੀ ਝੰਡੇ-ਗੰਡੇਦਿਆਂ ਦਾ, ਬੱਬੀ ਚੌਦੇਂ ਦਾ ਤੇ ਛਿੰਦਾ ਭਾਜੀ ਲੰਬੜਾ ਦਾ ਸ਼ਾਇਦ ਸੈਕਟਰੀ ਹੁੰਦੇ ਸੀ। ਤੇ ਲਾਲ ਰੰਗ ਦਾ ਬੁਲਟ ਮੋਟਰ ਸਾਈਕਲ ਹੁੰਦਾ ਸੀ ਤੇ ਦੇਵ ਮੌਜੀ ਦੇ ਕੋਲ ਯੱਦੀ ਮੋਟਰ ਸਾਈਕਲ ਹੁੰਦਾ ਸੀ, ਤੇ ਲਾਲੀ ਭਾਜੀ ਮਈਆ ਸਿੰਘ ਦਾ ਜਿਸ ਨੇ ਹਮੇਸ਼ਾ ਸ਼ੁਗ਼ਲ-ਮੇਲਾ ਕਰੀ ਜਾਣਾ ਗ਼ੁੱਸਾ ਕੋਈ ਨਹੀਂ ਸੀ ਕਰਦਾ, ਸਾਰੇ ਵਧੀਆ ਪਲੇਅਰ ਰਹੇ ਹਨ ਤੇ ਸਾਰਿਆਂ ਦਾ ਆਪਸ ਵਿੱਚ ਭਰਾਵਾਂ ਵਰਗਾ ਪਿਆਰ ਤੇ ਗੂੜ੍ਹੀ ਸਾਂਝ ਹੁੰਦੀ ਸੀ।
ਜੱਦੋ ਕਿਤੇ ਪਿੰਡ ਟੂਰਨਾਮੈਂਟ ਹੋਣਾ ਤਾਂ ਅਸੀ ਗਰਾਊਡ ਵਿੱਚ ਹੀ 6-7 ਦਿਨ ਟੈਂਟ ਲੱਗਾ ਕੇ ਰਹਿਣਾ ਤੇ ਜੱਦੋ ਟੂਰਨਾਮੈਂਟ ਖ਼ਤਮ ਹੋਣਾ ਤਾਂ ਸਾਰੇ ਸੀਨੀਅਰ ਪਲੇਅਰਾਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰ ਕੇ ਦੂਜੇ ਦਿਨ ਸੋਢੀ ਭਾਜੀ ਦੇ ਖੂਹ ਤੇ ਪਾਰਟੀ ਕਰਨੀ ਤੇ ਉਸ ਵੇਲੇ ਵੀ ਕਈ ਮਾਨਸਿਕ ਤੌਰ ਤੇ ਬਿਮਾਰ ਕੁੱਝ ਕੁ ਢਾਈ-ਟੋਟਰੂ ਵੀਰਾਂ ਨੇ ਰੌਲਾ ਪਾ ਦੇਣਾ ਕਿ ਦੇਖੋ ਜੀ ਕਲੱਬ ਵਾਲੇ ਮੁੰਡੇ ਜਿਹੜੀ ਪਿੰਡ ਚੋਂ ਉਗਰਾਹੀ ਕਰਦੇ ਹਨ ਉਸ ਦੀਆਂ ਪਾਰਟੀਆਂ ਕਰਦੇ ਨੇ। ਵਗ਼ੈਰਾ-ਵਗ਼ੈਰਾ.... ਜਦ ਕਿ ਪੈਸੇ ਸੀਨੀਅਰ ਖਿਡਾਰੀਆਂ ਨੇ ਇਕੱਠੇ ਕਰ ਕੇ ਪਾਰਟੀ ਕਰਨੀ ਤੇ ਜਿਸ ਵਿਅਕਤੀ ਨੇ ਦੁਆਨੀ ਕਦੇ ਦੇਣੀ ਨਹੀਂ, ਗਰਾਊਡ ਚ" ਕਦੇ ਜਾਣਾ ਨਹੀਂ, ਤੇ ਫੁੱਟਬਾਲ ਨਾਲ ਕੋਈ ਵਾਹ-ਵਾਸਤਾ ਨਹੀਂ ਤੇ ਉਸ ਨੇ ਪੈਸਾ ਖਾ ਗਏ ਦਾ ਢੰਡੋਰਾ ਸਾਰੇ ਪਿੰਡ ਵਿੱਚ ਪਿੱਟਣ ਦੀ ਸੇਵਾ ਜ਼ਰੂਰ ਨਿਭਾਉਂਦੇ ਸੀ। ਰੌਲਾ ਪਾਉਣਾ ਅਖੇ ਕਲੱਬ ਦੇ ਪੈਸੇ ਖਾ ਗਏ...ਇਹ ਸੇਵਾ ਨਿਭਾਉਣ ਲਈ ਵੀ ਪ੍ਰਮਾਤਮਾ ਪਿੰਡ ਵਿੱਚ ਕਿਸੇ ਨਾ ਕਿਸੇ ਦੀ ਡਿਊਟੀ ਜ਼ਰੂਰ ਲਗਾਉਂਦੇ ਹਨ। ਤੇ ਇਹ ਸੇਵਾ ਲਗਾਤਾਰ ਅੱਜ ਵੀ ਜਾਰੀ ਹੈ। ਸੋ ਇਸ ਕਰ ਕੇ ਕਿਸੇ ਵੀਰ ਦਾ ਕੋਈ ਗ਼ੁੱਸਾ-ਗਿਲਾ ਨਾ ਕਰੋ। ਸਗੋਂ ਇਸ ਨੂੰ ਵੀ ਸੇਵਾ ਸਮਝ ਲਵੇ।
ਸਾਰੇ ਕੰਮ ਹੁੰਦੇ ਰਹਿਣੇ ਹਨ, ਤੇ ਸਾਰੇ ਤਰਾਂ ਦੇ ਬੰਦੇ ਪਿੰਡ ਵਿੱਚ ਹੁੰਦੇ ਹਨ। ਤੇ ਸਾਰਿਆਂ ਦੇ ਸੁਭਾਅ ਨੂੰ ਸਮਝਣਾ ਪੈਂਦਾ ਹੈ। ਪਿੰਡ ਵਿੱਚ ਭਾਈਚਾਰਕ ਸਾਂਝ ਪਿੰਡ ਦੀ ਤਰੱਕੀ ਤੇ ਮਜ਼ਬੂਤੀ ਦਾ ਕੰਮ ਕਰਦੀ ਹੈ। ਵਾਹਿਗੁਰੂ ਸਾਡੇ ਪਿੰਡ ਵਿੱਚ ਏਕਤਾ ਤੇ ਪਿਆਰ ਬਖ਼ਸ਼ਣ।
