ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ

-ਸੁਰਿੰਦਰ ਕੋਛੜ
ਹਰੀ ਸਿੰਘ ਨਲੂਆ ਨੇ 17 ਅਕਤੂਬਰ 1836 ਨੂੰ ਜਮਰੌਦ ਕਿਲ੍ਹੇ ਦੀ ਨੀਂਹ ਰੱਖ ਕੇ ਨੇੜੇ ਹੋਰ ਛੋਟੇ ਕਿਲ੍ਹਿਆਂ-ਬੁਰਜ ਹਰੀ ਸਿੰਘ, ਕਿਲ੍ਹਾ ਬਾੜਾ ਅਤੇ ਕਿਲ੍ਹਾ ਮਿਚਨੀ ਆਦਿ ਦਾ ਨਿਰਮਾਣ ਸ਼ੁਰੂ ਕਰਵਾਇਆ। ਜਦੋਂ ਇਨ੍ਹਾਂ ਕਿਲ੍ਹਿਆਂ ਦੇ ਨਿਰਮਾਣ ਦੀ ਖ਼ਬਰ ਕਾਬਲ ਅਫ਼ਗ਼ਾਨਾਂ ਕੋਲ ਪੁੱਜੀ ਤਾਂ ਉਹ ਸਮਝ ਗਏ ਕਿ ਹਰੀ ਸਿੰਘ ਪਿਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬਲ ਨੂੰ ਖ਼ਾਲਸਾ ਰਾਜ ਵਿੱਚ ਮਿਲਾਉਣ ਦੀ ਤਿਆਰੀ ਵਿੱਚ ਹੈ। ਇਸ ’ਤੇ ਅਮੀਰ ਦੋਸਤ ਮੁਹੰਮਦ ਖ਼ਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗ਼ਾਜ਼ੀਆਂ ਦੇ ਭਾਰੀ ਲਸ਼ਕਰ ਸਹਿਤ ਮਿਰਜ਼ਾ ਸਮੀ ਖ਼ਾਨ ਨੂੰ ਆਪਣਾ ਲਾਇਬੁਲ ਸਲਤਨਤ ਮੁਕੱਰਰ ਕਰ ਕੇ 15 ਅਪਰੈਲ 1837 ਨੂੰ ਖ਼ਾਲਸੇ ਉੱਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ।

ਉੱਧਰ, ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲ੍ਹਿਆਂ ਦੇ ਨਿਰਮਾਣ ਵਿੱਚ ਦਿਨ-ਰਾਤ ਜੁਟੇ ਰਹਿਣ ਕਰਕੇ ਹਰੀ ਸਿੰਘ ਨਲੂਆ ਥਕੇਵੇਂ ਕਾਰਨ ਪਿਸ਼ਾਵਰ ਦੇ ਕਿਲ੍ਹੇ ਵਿੱਚ ਬੀਮਾਰ ਪਏ ਸਨ। ਦੂਜੇ ਪਾਸੇ ਲਾਹੌਰ ਵਿੱਚ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਅੰਗਰੇਜ਼ ਅਫ਼ਸਰਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫ਼ੌਜ ਮੰਗਵਾਈ ਗਈ ਸੀ।

ਹਰੀ ਸਿੰਘ ਨਲੂਆ ਦੁਆਰਾ ਨਿਯੁਕਤ ਕੀਤੇ ਕਿਲ੍ਹਾ ਜਮਰੌਦ ਦੇ ਕਿਲ੍ਹੇਦਾਰ ਅਤੇ ਉਨ੍ਹਾਂ ਦੇ ਪਾਲਿਤ ਪੁੱਤਰ ਮਹਾਂ ਸਿੰਘ ਮੀਰਪੁਰੀਏ ਵੱਲੋਂ ਰੋਜ਼ਾਨਾ ਅਫ਼ਗ਼ਾਨੀਆਂ ਵੱਲੋਂ ਜੰਗੀ ਤਿਆਰੀਆਂ ਦੀਆਂ ਖ਼ਬਰਾਂ ਪੁੱਜ ਰਹੀਆਂ ਸਨ। ਮਹਾਂ ਸਿੰਘ ਨੇ ਕਿਲ੍ਹੇ ਵਿੱਚੋਂ ਸ. ਨਲੂਆ ਨੂੰ ਲਿਖਤੀ ਸੁਨੇਹਾ ਭੇਜ ਕੇ ਫ਼ੌਜ ਦੀ ਮੰਗ ਕੀਤੀ। ਹਰੀ ਸਿੰਘ ਨਲੂਆ ਨੇ ਉਸ ਦੇ ਖ਼ਤ ਸਮੇਤ ਆਪਣੇ ਵੱਲੋਂ ਇੱਕ ਅਰਜ਼ੀ ਲਿਖਵਾ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਿਜਵਾ ਦਿੱਤੀ, ਜਿਸ ਵਿੱਚ ਉਨ੍ਹਾਂ ਪਿਸ਼ਾਵਰ ਦੀ ਫ਼ੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਇਹ ਸੁਨੇਹਾ 26 ਅਪਰੈਲ ਦੀ ਦੁਪਹਿਰ ਰਾਜਾ ਧਿਆਨ ਸਿੰਘ ਕੋਲ ਪੁੱਜਿਆ ਪਰ ਉਸ ਨੇ ਇਸ ਬਾਰੇ ਮਹਾਰਾਜੇ ਨੂੰ ਜਾਣਕਾਰੀ ਨਾ ਦਿੱਤੀ, ਜਿਸ ਕਾਰਨ 30 ਅਪਰੈਲ ਤੱਕ ਵੀ ਲਾਹੌਰ ਦਰਬਾਰ ਵੱਲੋਂ ਪਿਸ਼ਾਵਰ ਕੋਈ ਜਵਾਬ ਨਾ ਪੁੱਜਿਆ।

ਉੱਧਰ, 27 ਅਪਰੈਲ ਨੂੰ ਅਫ਼ਗਾਨ ਦੱਰਾ ਖ਼ੈਬਰ ਦੇ ਪੂਰਬੀ ਸਿਰੇ ’ਤੇ ਪੁੱਜ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਸ.ਨਲੂਆ ਦੇ ਕਿਲ੍ਹੇ ਵਿੱਚ ਮੌਜੂਦ ਨਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਅਤੇ ਅਗਲੇ ਦਿਨ 28 ਅਪਰੈਲ ਨੂੰ ਉਨ੍ਹਾਂ ਨੇ ਕਿਲ੍ਹੇ ’ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਗੋਲਾਬਾਰੀ ਦੇ ਜਵਾਬ ਵਿੱਚ ਮਹਾਂ ਸਿੰਘ ਨੇ ਵੀ ਕਿਲ੍ਹੇ ਵਿੱਚੋਂ ਅਫ਼ਗ਼ਾਨੀਆਂ ਉੱਤੇ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਹ ਸਿਲਸਿਲਾ ਰਾਤ ਦਾ ਹਨੇਰਾ ਹੋਣ ਤਕ ਚੱਲਦਾ ਰਿਹਾ।

ਦੂਜੇ ਦਿਨ ਵੀ ਅਫ਼ਗ਼ਾਨੀਆਂ ਨੇ ਦਿਨ ਚੜ੍ਹਦਿਆਂ ਹੀ ਕਿਲ੍ਹੇ ਉੱਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲ੍ਹੇ ਵਿੱਚ ਮੌਜੂਦ ਇੱਕ ਹਜ਼ਾਰ ਖ਼ਾਲਸਾ ਫ਼ੌਜ ਦਾ ਅਫ਼ਗ਼ਾਨੀਆਂ ਦੇ 30,000 ਲਸ਼ਕਰ ਅੱਗੇ ਜ਼ਿਆਦਾ ਦੇਰ ਤੱਕ ਡਟੇ ਰਹਿਣਾ ਅਸੰਭਵ ਸੀ ਪਰ ਫਿਰ ਵੀ ਖ਼ਾਲਸਾ ਫ਼ੌਜ ਦੇ ਹੌਂਸਲੇ ਬੁਲੰਦ ਰਹੇ ਅਤੇ ਉਹ ਅਫ਼ਗ਼ਾਨੀਆਂ ਉੱਤੇ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। 30 ਅਪਰੈਲ ਨੂੰ ਅਫ਼ਗ਼ਾਨੀ, ਕਿਲ੍ਹੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਡੇਗਣ ਵਿੱਚ ਕਾਮਯਾਬ ਹੋ ਗਏ। ਇਸ ਦੇ ਬਾਵਜੂਦ ਉਨ੍ਹਾਂ ਦਾ ਕਿਲ੍ਹੇ ਅੰਦਰ ਵੜਨ ਦਾ ਹੌਂਸਲਾ ਨਾ ਹੋਇਆ। ਜਦੋਂ ਰਾਤ ਹੋਈ ਤਾਂ ਖ਼ਾਲਸਾ ਫ਼ੌਜ ਨੇ  ਕਿਲ੍ਹੇ ਦੀ ਫ਼ਸੀਲ ਦਾ ਪਾੜ੍ਹ ਰੇਤ ਦੀਆਂ ਬੋਰੀਆਂ ਰੱਖ ਕੇ ਬੰਦ ਕਰ ਦਿੱਤਾ। ਕਿਲ੍ਹੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫ਼ੌਜੀ ਮਦਦ ਬਾਰੇ ਸ. ਨਲੂਆ ਨੂੰ ਸੂਚਿਤ ਕਰਨਾ ਜ਼ਰੂਰੀ ਸੀ। ਖ਼ਾਲਸੇ ਦਾ ਅੰਤਿਮ ਸੰਦੇਸ਼ ਉਨ੍ਹਾਂ ਤਕ ਪਹੁੰਚਾਉਣ ਲਈ ਬੀਬੀ ਹਰਸ਼ਰਨ ਕੌਰ ਪਠਾਣੀ ਦਾ ਭੇਸ ਬਣਾ ਕੇ ਰਾਤ ਕਿਲ੍ਹੇ ਵਿੱਚੋਂ ਨਿਕਲ ਕੇ 30 ਅਪਰੈਲ ਨੂੰ ਪਿਸ਼ਾਵਰ ਪੁੱਜ ਗਈ।

ਜਦੋਂ ਮਹਾਂ ਸਿੰਘ ਦਾ ਖ਼ਤ ਸ. ਨਲੂਆ ਕੋਲ ਪੁੱਜਿਆ ਤਾਂ ਆਪਣੀ ਬੀਮਾਰੀ ਅਤੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ੳੱੁਠ ਖੜ੍ਹੇ ਹੋਏ। ਇੱਥੋਂ ਹੀ ਉਨ੍ਹਾਂ ਨੇ ਮਹਾਂ ਸਿੰਘ ਵੱਲੋਂ ਲਿਖੇ ਅੰਤਿਮ ਖ਼ਤ ਦੇ ਨਾਲ ਆਪਣਾ ਇੱਕ ਖ਼ਤ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਿਜਵਾ ਦਿੱਤਾ। ਸ. ਨਲੂਆ ਨੇ 15 ਮਾਰਚ ਤੋਂ 21 ਅਪਰੈਲ ਤਕ ਲਗਾਤਾਰ ਫ਼ੌਜੀ ਇਮਦਾਦ ਲਈ ਚਾਰ ਅਰਜ਼ੀਆਂ ਲਾਹੌਰ ਦਰਬਾਰ ਵੱਲ ਭੇਜੀਆਂ। ਭਾਵੇਂ ਕੰਵਰ ਦੀ ਸ਼ਾਦੀ ਹੋ ਚੁੱਕੀ ਸੀ ਪਰ ਮਹਾਰਾਜਾ, ਅੰਗਰੇਜ਼ ਮਹਿਮਾਨਾਂ ਨੂੰ ਸੈਰ ਅਤੇ ਸ਼ਿਕਾਰ ਕਰਾਉਣ ਮਗਰੋਂ ਲਾਹੌਰ ਤੋਂ ਵਿਦਾ ਕਰਨ ਵਿੱਚ ਰੁੱਝੇ ਰਹੇ, ਜਿਸ ਕਾਰਨ ਰਾਜਾ ਧਿਆਨ ਸਿੰਘ ਨੂੰ ਫ਼ੌਜਾਂ ਪਿਸ਼ਾਵਰ ਨਾ ਭੇਜਣ ਦਾ ਬਹਾਨਾ ਮਿਲ ਗਿਆ।

ਫਿਰ ਸਰਦਾਰ ਨਲੂਆ ਨੇ ਪਿਸ਼ਾਵਰ ਕਿਲ੍ਹੇ ਵਿਚਲੀ ਫ਼ੌਜ ਨੂੰ ਜਮਰੌਦ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਬੁਰਜ ਹਰੀ ਸਿੰਘ ਦੇ ਨੇੜੇ ਪੁੱਜ ਕੇ ਉਨ੍ਹਾਂ ਨੇ ਫ਼ੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ। ਇੱਕ ਹਿੱਸਾ ਨਿਧਾਨ ਸਿੰਘ ‘ਪੰਜ ਹੱਥਾਂ’ ਨਾਲ ਤੋਰ ਦਿੱਤਾ, ਦੂਸਰਾ ਅਮਰ ਸਿੰਘ ਖੁਰਦ ‘ਮਜੀਠੀਆ’ ਨਾਲ ਅਤੇ ਤੀਜਾ ਆਪਣੇ ਨਾਲ ਰੱਖਿਆ। ੳੱੁਧਰ ਜਦੋਂ ਅਫ਼ਗ਼ਾਨੀ ਕਿਲ੍ਹੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠੇ ਸਨ ਤਾਂ ਹਰੀ ਸਿੰਘ ਨਲੂਆ ਨੇ ਜਮਰੌਦ ਪੁੱਜ ਕੇ ਅਫ਼ਗ਼ਾਨੀਆਂ ’ਤੇ ਅਜਿਹਾ ਹਮਲਾ ਕੀਤਾ ਕਿ ਜਮਰੌਦ ਦੇ ਕਿਲ੍ਹੇ ਦੇ ਬਾਹਰ ਦੂਰ-ਦੂਰ ਤਕ ਅਫ਼ਗ਼ਾਨੀਆਂ ਦੇ ਧੜ ਤੋਂ ਅਲੱਗ ਹੋਏ ਸਿਰ ਨਜ਼ਰ ਆ ਰਹੇ ਸਨ। ਅਫ਼ਗ਼ਾਨੀ ਸੈਨਾ ਵਿੱਚ ਤਰਥੱਲੀ ਮੱਚ ਗਈ। ਸ. ਨਲੂਆ ਦੇ ਜਵਾਨਾਂ ਨੇ ਭੱਜਦੇ ਅਫ਼ਗ਼ਾਨੀਆਂ ਕੋਲੋਂ ਉਨ੍ਹਾਂ ਦੀਆਂ 14 ਵੱਡੀਆਂ ਤੋਪਾਂ ਵੀ ਖੋਹ ਲਈਆਂ।

ਇਸ ਮਗਰੋਂ ਜਦੋਂ ਸਰਦਾਰ ਨਲੂਆ ਆਪਣੀ ਫ਼ੌਜ ਨੂੰ ਆਰਾਮ ਦੇਣ ਲਈ ਕੈਂਪ ਵਿੱਚ ਭੇਜਣ ਦੀ ਸੋਚ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਿਧਾਨ ਸਿੰਘ ‘ਪੰਜ ਹੱਥਾ’ ਸਿਰਫ਼ 1500 ਸਿਪਾਹੀਆਂ ਨੂੰ ਨਾਲ ਲੈ ਕੇ ਅਫ਼ਗ਼ਾਨੀਆਂ ਨੂੰ ਅੱਗੇ ਲਾ ਕੇ ਦੁੜਾਉਂਦਾ ਹੋਇਆ ਦੱਰਾ ਖ਼ੈਬਰ  ਅੰਦਰ ਕਾਫ਼ੀ ਦੂਰ ਤਕ ਚਲਾ ਗਿਆ ਹੈ। ਇਸ ’ਤੇ ਉਸ ਨੂੰ ਵਾਪਸ ਲਿਆਉਣ ਲਈ ਸ. ਨਲੂਆ ਨੂੰ ਉਸ ਦੇ ਪਿੱਛੇ ਜਾਣਾ ਪਿਆ।  ਉਧਰੋ ਸ਼ਮਸਉੱਦੀਨ ਖ਼ਾਨ ਨੇ 2000 ਜੰਗੀ ਸਿਪਾਹੀਆਂ ਨਾਲ ਦੱਰਾ ਖ਼ੈਬਰ ਵਿੱਚ ਪੁੱਜ ਕੇ ਅਫ਼ਗ਼ਾਨੀਆਂ ਨੂੰ ਖ਼ਾਲਸੇ ਨਾਲ ਯੁੱਧ ਲਈ ਪ੍ਰੇਰਿਆ। ਕੁਝ ਨੇ ਤਾਂ ਉਸ ਦੀ ਇੱਕ ਨਾ ਸੁਣੀ ਅਤੇ ਬਾਕੀ ਨਿਧਾਨ ਸਿੰਘ ‘ਪੰਜ ਹੱਥਾ’ ਵੱਲ ਨੂੰ ਵਾਪਸ ਮੁੜ ਆਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਉਸ ਸਮੇਂ ਸਰਦਾਰ ਨਲੂਆ ਸਰਕਮਰ (ਰਤੀ ਚੱਟਾਨ) ਦੇ ਸਥਾਨ ’ਤੇ ਸਨ। ਇੱਥੇ ਇੱਕ ਚੱਟਾਨ ਵਿੱਚ ਗੁਫ਼ਾ ਬਣੀ ਹੋਈ ਸੀ, ਜਿਸ ਵਿੱਚ ਲੁਕੇ ਗ਼ਾਜ਼ੀਆਂ ਨੇ ਸ. ਨਲੂਆ ਉੱਤੇ ਗੋਲੀ ਚਲਾ ਦਿੱਤੀ। ਇੱਕ ਗੋਲੀ ਉਨ੍ਹਾਂ ਦੀ ਛਾਤੀ ਵਿੱਚ ਅਤੇ ਇੱਕ ਪੱਟ ਵਿੱਚ ਲੱਗੀ। ਜ਼ਖ਼ਮੀ ਹੋਣ ਮਗਰੋਂ ਵੀ ਉਨ੍ਹਾਂ ਨੇ ਹੌਂਸਲੇ ਤੋਂ ਕੰਮ ਲਿਆ ਅਤੇ ਅਮਰ ਸਿੰਘ ਖੁਰਦ ਨੂੰ ਨਿਧਾਨ ਸਿੰਘ ਦੀ ਮਦਦ ਲਈ ਭੇਜ ਕੇ ਆਪਣਾ ਘੋੜਾ ਕਿਲ੍ਹਾ ਜਮਰੌਦ ਵੱਲ ਮੋੜ ਲਿਆ। ਕਿਲ੍ਹੇ ਵਿੱਚ ਪੁੱਜਣ ਮਗਰੋਂ ਉਨ੍ਹਾਂ ਮਹਾਂ ਸਿੰਘ ਮੀਰਪੁਰੀਏ ਨੂੰ ਆਖਿਆ ਕਿ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਜ਼ਖ਼ਮੀ ਹੋ ਗਿਆ ਹਾਂ।

ਸਰਦਾਰ ਨਲੂਆ ਨੂੰ ਆਪਣਾ ਆਖ਼ਰੀ ਸਮਾਂ ਆਉਣ ਦਾ ਗਿਆਨ ਹੋਣ ’ਤੇ ਉਨ੍ਹਾਂ ਮਹਾਂ ਸਿੰਘ ਨੂੰ ਕੋਲ ਬੁਲਾਇਆ ਅਤੇ ਕਿਹਾ ਕਿ ਸਾਰੀ ਫ਼ੌਜ ਸਰਕਾਰ ਦੀ ਵਫ਼ਾਦਾਰ ਤੇ ਨਮਕ ਹਲਾਲ ਹੋ ਕੇ ਰਹੇ ਅਤੇ ਮੇਰੀ ਮੌਤ ਦੀ ਖ਼ਬਰ ਲਾਹੌਰ ਤੋਂ ਮੱਦਦ ਆਉਣ ਤੱਕ ਗੁਪਤ ਰੱਖੀ ਜਾਵੇ। ਇਸ ਮਗਰੋਂ ਕੁਝ ਹੋਰ ਸ਼ਬਦ ਕਹਿ ਕੇ ਉਨ੍ਹਾਂ ਦੀ ਆਵਾਜ਼ ਮੱਧਮ ਪੈ ਗਈ। ਸਿੱਖ ਰਾਜ ਦੇ ਸਤੰਭ ਇਸ ਬਹਾਦਰ ਜਰਨੈਲ ਨੇ 30 ਅਪਰੈਲ 1837 ਨੂੰ ਪ੍ਰਾਣ ਤਿਆਗ ਦਿੱਤੇ। ਮਹਾਂ ਸਿੰਘ ਮੀਰਪੁਰੀਏ ਨੇ ਕੁਝ ਪ੍ਰਮੁੱਖ ਸਰਦਾਰਾਂ ਨੂੰ ਬੁਲਾ ਕੇ ਧਾਰਮਿਕ ਰੀਤੀ-ਰਿਵਾਜਾਂ ਨਾਲ ਸਰਦਾਰ ਸਾਹਿਬ ਦਾ ਸਸਕਾਰ ਅੱਧੀ ਰਾਤ ਨੂੰ ਕਿਲ੍ਹੇ ਵਿੱਚ ਕਨਾਤਾਂ ਦੇ ਅੰਦਰ ਕਰ ਦਿੱਤਾ। ਬਾਅਦ ਵਿੱਚ ਉਸੇ ਜਗ੍ਹਾ ’ਤੇ ਹਰੀ ਸਿੰਘ ਨਲੂਆ ਦੀ ਸਮਾਧ ਬਣਾ ਦਿੱਤੀ ਗਈ।