ਅਣਗੌਲੇ ਸਫ਼ਿਆਂ ਦੀ ਦਾਸਤਾਨ

-ਹਰਪ੍ਰੀਤ ਸਿੰਘ
ਬੱਬਰ ਅਕਾਲੀ ਲਹਿਰ
ਜਗੋਵਾਲ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਬ੍ਰਿਟਿਸ਼ ਅਫ਼ਸਰ, ਜੈਲਦਾਰ, ਲੰਬੜਦਾਰ, ਪਟਵਾਰੀ ਪੁਲੀਸ ਦੇ ਸੂਹੀਏ, ਚਾਪਲੂਸ ਤੇ ਖ਼ੁਸ਼ਾਮਦੀਦ ਜੋ ਬੱਬਰ ਲਹਿਰ ਦੇ ਰਾਹ ਵਿੱਚ ਰੁਕਾਵਟ ਵੀ ਸਨ ਅਤੇ ਦੇਸ਼ ਨੂੰ ਲੁੱਟਣ ਤੇ ਲਤਾੜਨ ਵਾਲਿਆਂ ਦੇ ਹਮਾਇਤੀ ਵੀ ਸਨ, ਨੂੰ ਜਾਂ ਤਾਂ ਸਿੱਧੇ ਰਾਹ ਪਾਇਆ ਜਾਵੇ ਜਾਂ ਫਿਰ ‘ਲੰਮੇ ਰਾਹ’। ਫਿਰ ਲਗਾਤਾਰ ਇੱਕ ਵਿਲੱਖਣ ਲਹਿਰ ਚੱਲੀ ਜਿਸ ਵਿੱਚ ਪੁਲੀਸ ਦੇ ਸੂਹੀਏ ਤੇ ਹੋਰ ਗੱਦਾਰਾਂ ਨੂੰ ‘ਲੰਮੇ ਰਾਹ’ ਪਾਇਆ ਗਿਆ। ਇਨ੍ਹਾਂ ਵਿੱਚ ਜੈਲਦਾਰ ਕਿਸ਼ਨ ਸਿੰਘ (1923), ਅਰਜਨ ਸਿੰਘ ਪਟਵਾਰੀ, ਬੂਟਾ ਸਿੰਘ ਲੰਬੜਦਾਰ (1923), ਲਾਭ ਸਿੰਘ, ਹਜ਼ਾਰਾ ਸਿੰਘ, ਸੂਬੇਦਾਰ ਗੈਂਦਾ ਸਿੰਘ ਤੇ ਚੌਧਰੀ ਰੱਲਾ ਰਾਮ ਸ਼ਾਮਲ ਸਨ। ਇਨ੍ਹਾਂ ਘਟਨਾਵਾਂ ਨੇ ਇੱਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਨ੍ਹਾਂ ਦੇ ਕੰਮਾਂ ਵਿੱਚ ਖੜੋਤ ਆਉਣ ਲੱਗੀ ਤੇ ਦੂਜੇ ਪਾਸੇ ਸਰਕਾਰੀ ਵਫ਼ਾਦਾਰਾਂ ਵਿੱਚ ਡਰ ਫੈਲ ਗਿਆ। ਬ੍ਰਿਟਿਸ਼ ਹਕੂਮਤ ਨੇ ਵੱਡੀਆਂ ਇਨਾਮੀ ਰਾਸ਼ੀਆਂ, ਜ਼ਮੀਨਾਂ, ਜਾਇਦਾਦਾਂ, ਜਗੀਰਾਂ ਦੀ ਬੋਛਾਰ ਕਰ ਕੇ ਬੱਬਰਾਂ ਖ਼ਿਲਾਫ ਸੂਹ ਕੱਢਣ ਲਈ ਸੂਹੀਆਂ ਨੂੰ ਮੁੜ ਉਤਸ਼ਾਹਿਤ ਕਰਨ ਦੇ ਯਤਨ ਕੀਤੇ। ਇਸ ਦੇ ਨਾਲ-ਨਾਲ ਦੁਆਬੇ ਵਿੱਚ ਸਪੈਸ਼ਲ ਫੋਰਸ, ਸਿਪਾਹੀ, ਭਰਤੀ ਕੀਤੇ, ਬਖ਼ਤਰਬੰਦ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਸਰਕਾਰੀ ਮਸ਼ੀਨਰੀ ਰਾਹੀਂ ਬੱਬਰਾਂ ਖ਼ਿਲਾਫ਼ ਪ੍ਰਚਾਰ ਕਰ ਕੇ ਲੋਕ ਲਹਿਰ ਬਣਨ ਤੋਂ ਰੋਕੀ ਗਈ।

ਬੱਬਰ ਲਹਿਰ ਦੀਆਂ ਗਤੀਵਿਧੀਆਂ ਦੀ ਗੂੰਜ ਲੰਡਨ ਵਿੱਚ ਵੀ ਪਈ ਅਤੇ ਇੰਗਲੈਂਡ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਲਹਿਰ ਨੂੰ ਕੁਚਲਣ ਦੀ ਤਾਕੀਦ ਕੀਤੀ। ਸਰਕਾਰ ਨੇ ਬੱਬਰਾਂ ਉੱਪਰ ਦੋ ਵਾਰ ਇਨਾਮੀ ਰਾਸ਼ੀ ਰੱਖ ਕੇ ਉਨ੍ਹਾਂ ਨੂੰ ਫੜਨ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਬੱਬਰ ਉਡਾਰੂ ਸਨ ਜੋ ਆਪਣੀਆਂ ਗਤੀਵਿਧੀਆਂ ਨੂੰ ਖ਼ਾਸ ਪ੍ਰੋਗਰਾਮ ਅਨੁਸਾਰ ਕਰਦੇ। ਬੱਬਰ ਅਕਾਲੀ ਲਹਿਰ ਦੇ ਕੁਝ ਖ਼ਾਸ ਪੱਖਾਂ ਨੇ ਇਸ ਨੂੰ ਲੋਕਾਂ ਨਾਲ ਜੋੜਿਆ। ਇੱਕ ਉਦਾਹਰਨ ਬੱਬਰਾਂ ਦੀ ਇਸ ਪਹਿਲਕਦਮੀ ਬਾਰੇ ਚਰਚਾ ਯੋਗ ਹੈ। ਦੁਆਬਾ ਅੰਬਾਂ ਲਈ ਵਿਸ਼ਵ ਪ੍ਰਸਿੱਧ ਸੀ, ਹੁਸ਼ਿਆਰਪੁਰ-ਪ੍ਰਮੁੱਖ ਮਾਰਗ ’ਤੇ ਅੰਬਾਂ ਦੇ ਲੱਖਾਂ ਰੁੱਖ ਸਨ, ਜਿਸ ਦਾ ਠੇਕਾ ਸਰਕਾਰ ਕਰਦੀ ਤੇ ਲੱਖਾਂ ਰੁਪਏ ਆਪਣੀ ਝੋਲੀ ਪਾ ਲੈਂਦੀ। ਬੱਬਰਾਂ ਨੇ ਇਸ਼ਤਿਹਾਰ ਜਾਰੀ ਕੀਤਾ ਕਿ ਕੋਈ ਆਦਮੀ ਮੌਸਮ ਆਉਣ ’ਤੇ ਅੰਬਾਂ ਦਾ ਠੇਕਾ ਨਾ ਲਵੇ ਨਹੀਂ ਤਾਂ ਸਰਕਾਰੀ ਏਜੰਟ ਸਮਝ ਕੇ ਨਜਿੱਠਿਆ ਜਾਵੇਗਾ ਕਿਉਂਕਿ ਅੰਬਾਂ ’ਤੇ ਹੱਕ ਰਾਹੀਆਂ ਦਾ ਹੈ, ਕਿਸਾਨਾਂ ਦਾ ਹੈ, ਜਿਨ੍ਹਾਂ ਦੇ ਖੇਤਾਂ ਨਾਲ ਰੁੱਖ ਲੱਗੇ ਹਨ। ਕੁਦਰਤ ਦੀ ਵਸਤ ਨੂੰ ਜਨ ਸਮੂਹ ਲਈ ਖੁੱਲ੍ਹਾ ਰੱਖਣਾ ਮਾਨਵੀ ਗੁਣ ਹੈ ਪਰ ਆਪਣੀ ਜੇਬ ਲਈ ਲੋਕਾਂ ਦੀ ਚੀਜ਼ ਉਨ੍ਹਾਂ ਤੋਂ ਖੋਹ ਕੇ ਮੰਡੀ ਵਿੱਚ ਬੇਅਦਬ ਕਰਨੀ ਮੁਨਾਫ਼ਾਵਾਦੀ ਸ਼ੋਸ਼ਣਕਾਰੀ ਬਿਰਤੀ ਹੈ। ਇਸੇ ਮੁਨਾਫ਼ੇ ਅਤੇ ਲੁੱਟ ਦੀ ਤਰਜ਼ ’ਤੇ ਹੀ ਅੰਗਰੇਜ਼ੀ ਬਸਤੀਵਾਦ ਖੜ੍ਹਾ ਸੀ, ਜਿਸ ਨੇ ਵਿਸ਼ਵ ਦੇ ਕਈ ਖੇਤਰ ਉਜਾੜ ਦਿੱਤੇ ਸਨ, ਚਾਹੇ ਉਹ ਭਾਰਤ ਦਾ ਖਿੱਤਾ ਹੋਵੇ ਜਾਂ ਅਫ਼ਰੀਕਾ ਦਾ। ਬੱਬਰਾਂ ਦੀ ਇਸ ਗਤੀਵਿਧੀ ਨਾਲ ਦੋ ਸਾਲ (1922-1923) ਕਿਸੇ ਨੇ ਅੰਬਾਂ ਦਾ ਠੇਕਾ ਲੈਣ ਦੀ ਜੁਰੱਅਤ ਨਹੀਂ ਕੀਤੀ ਤੇ ਅੰਬਾਂ ਦਾ ਲੁਤਫ਼ ਆਮ ਲੋਕਾਂ ਨੇ ਲਿਆ। ਬੱਬਰਾਂ ਨੇ ਤਤਕਾਲੀ ਵਿਸ਼ਵ ਦੀ ਪ੍ਰਮੁੱਖ ਸ਼ਕਤੀ ਨਾਲ ਟੱਕਰ ਲਈ, ਬ੍ਰਿਟਿਸ਼ ਤਖ਼ਤ ਨੂੰ ਅੰਗੂਠਾ ਦਿਖਾਇਆ ਤੇ ਪੰਜਾਬ ਦੀ ਬਾਗ਼ੀਆਨਾ ਅਤੇ ਆਜ਼ਾਦਾਨਾ ਤਬੀਅਤ ਨੂੰ ਹੋਰ ਸੁਨਹਿਰਾ ਕਰ ਕੇ ਲਿਖਿਆ।

1923 ਤੋਂ ਬਾਅਦ ਸਰਕਾਰ ਬੱਬਰਾਂ ਨੂੰ ਦੋ ਪੱਧਰਾਂ ’ਤੇ ਘੇਰਨ ਦੀ ਯੋਜਨਾ ਤਿਆਰ ਕਰਦੀ ਹੈ। ਪਹਿਲਾ ਬੱਬਰਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਕੇ, ਦੂਜਾ ਹਥਿਆਰਬੰਦ, ਕੁਟਲਨੀਤੀ ਰਾਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (1920), ਗੁਰਦੁਆਰਾ ਸੁਧਾਰ ਲਹਿਰ ਨੂੰ ਅਹਿੰਸਾ ਦੇ ਮਾਰਗ ’ਤੇ ਚੱਲ ਕੇ ਸਰਕਾਰੀ ਹਮਾਇਤ ਜਾਂ ਸਹਿਯੋਗ ਨਾਲ ਮੰਤਵ ਪੂਰਾ ਕਰਨਾ ਚਾਹੁੰਦੀ ਸੀ ਪਰ ਬੱਬਰ ਨਿੱਖੜ ਕੇ ਹਥਿਆਰਬੰਦ ਬਗ਼ਾਵਤ ਤੇ ਹੱਕਾਂ ਦੀ ਪ੍ਰਾਪਤੀ ਲਈ ਤਤਪਰ ਰਹੇ। ਇੱਕ ਕੌਮ, ਇੱਕ ਉਦੇਸ਼ ਲਈ ਦੋਫਾੜ ਹੋ ਗਈ। ਸਰਕਾਰ ਨੇ ਲਾਭ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 29-30 ਮਈ 1923 ਨੂੰ ਬੱਬਰਾਂ ਵਿਰੁੱਧ, ਉਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੀਦੀ, ਦਾ ਮਤਾ ਪਾਸ ਕਰਵਾ ਲਿਆ। ਲਹਿਰ ’ਤੇ ਇਸ ਦਾ ਕਾਫ਼ੀ ਅਸਰ ਪਿਆ। ਫਿਰ ਵੀ ਬੱਬਰ ਆਪਣੇ ਉਦੇਸ਼ ਲਈ ਆਪਣੀ ਵਿਚਾਰਧਾਰਾ ਮੁਤਾਬਕ ਚੱਲਦੇ ਰਹੇ।

ਦੂਜੇ ਪਾਸੇ ਸਰਕਾਰੀ ਮਸ਼ੀਨਰੀ ਨੇ ਆਪਣੇ ਪੂਰੇ ਸਾਧਨਾਂ ਨਾਲ ਬੱਬਰਾਂ ਦੇ ਪੁਰਾਣੇ, ਨਵੇਂ ਟਿਕਾਣਿਆਂ ਕਿਸ਼ਨਪੁਰ, ਜੱਸੋਵਾਲ, ਪਰਾਗਪੁਰ, ਪੰਡੋਰੀ ਨਿਝਰਾ, ਦੌਲਤਪੁਰ, ਕੋਟਫਤੂਹੀ, ਸੋਂਦਪੁਰ, ਮਾਹਿਲਪੁਰ, ਚੱਬੇਵਾਲ, ਸਿਰਹਾਲਾ ਕਲਾਂ, ਬਾੜੀਆਂ, ਬੱਡੋ, ਬਸੀ ਕਲਾਂ, ਗੜ੍ਹਸ਼ੰਕਰ, ਲਹਿਲੀਆਂ, ਬਿਲਾਸਪੁਰ, ਫਤਿਹਪੁਰ ਕੋਠੀ, ਮਖ਼ਸੂਸਪੁਰ, ਪਲਾਹੀ ਆਦਿ ’ਤੇ ਅਚਾਨਕ ਛਾਪੇ ਮਾਰੇ, ਸੂਹੀਆਂ, ਗੱਦਾਰਾਂ ਦੀ ਸਾਜ਼ਿਸ਼ ਦੇ ਸ਼ਿਕਾਰ ਹੋਏ ਬੱਬਰ ਗ੍ਰਿਫ਼ਤਾਰ ਕੀਤੇ ਜਾਣ ਲੱਗੇ। ਇਹ ਟਿਕਾਣੇ ਬੱਬਰਾਂ ਦੇ ਜੱੱਦੀ ਪਿੰਡ ਵੀ ਸਨ, ਜਿੱਥੇ ਉਨ੍ਹਾਂ ਦੇ ਪਰਿਵਾਰ, ਸਾਕ ਸਕੀਰੀ ਸੰਬੰਧ ਵੀ ਸਨ। ਇਸ ਦੌਰਾਨ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੇ ਇਤਿਹਾਸ ਨੂੰ ਨਾ ਫਰੋਲਿਆਂ ਗਿਆ ਤੇ ਨਾ ਹੀ ਰਾਸ਼ਟਰ ਪੱਧਰ ’ਤੇ ਉਭਾਰਿਆ ਗਿਆ। ਦੋਵੇਂ ਘਟਨਾਵਾਂ ਸ਼ਹਾਦਤ ਦੀਆਂ ਹਨ। ਅਨੂਪ ਸਿੰਘ ਦੀ ਗੱਦਾਰੀ ਅਤੇ ਬੰਬੇਲੀ ਵਿੱਚ ਕਰਮ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਧੰਨਾ ਸਿੰਘ ਬਹਿਲਪੁਰੀਆ ਧੋਖੇ ਦਾ ਸ਼ਿਕਾਰ ਹੁੰਦਾ, ਪੁਲੀਸ ਦੇ ਘੇਰੇ ਵਿੱਚ ਫਸ ਗਿਆ, ਪੁਲੀਸ ਉਸ ਨੂੰ ਉਦੋਂ ਗ੍ਰਿਫ਼ਤਾਰ ਕਰਦੀ ਹੈ, ਜਦੋਂ ਉਹ ਸੁੱਤਾ ਪਿਆ ਸੀ। ਉਸ ਦਾ ਖ਼ੁਦ ਨਾਲ ਵਾਅਦਾ ਸੀ ਕਿ ਜੀਊਂਦੇ ਜੀਅ ਪੁਲੀਸ ਦੇ ਹੱਥ ਨਹੀਂ ਆਉਣਾ, ਆਜ਼ਾਦੀ ਨਾਲ ਜੀਉਣਾ ਤੇ ਦੇਸ਼ ਦੀ ਆਜ਼ਾਦੀ ਖਾਤਰ ਸ਼ਹੀਦ ਹੋਣਾ ਹੈ। ਉਸ ਨੇ ਵੱਖੀ ਨਾਲ ਰੱਖੇ ਬੰਬ ਨੂੰ ਦੱਬ ਕੇ ਸਮੇਤ ਆਪਣੇ ਤੇ ਸਿਪਾਹੀਆਂ ਦੇ ਆਪਣਾ ਕੌਲ ਪੁਗਾ ਦਿੱਤਾ। ਸੱਤ ਤੋਂ ਨੌਂ ਪੁਲੀਸ ਸਿਪਾਹੀ ਤੇ ਅਫ਼ਸਰ ਵੀ ਮਾਰੇ ਗਏ।

ਇਸ ਗੱਲ ਨਾਲ ਦੂਜੀ ਘਟਨਾ ਰਤਨ ਸਿੰਘ ਰਕੱੜ ਦੀ ਜੁੜਦੀ ਹੈ, ਜੋ ਫ਼ੌਜ ਵਿੱਚੋਂ ਬਾਗ਼ੀ ਹੋ ਕੇ ਬੱਬਰਾਂ ਦਾ ਸਾਥੀ ਬਣਿਆ ਸੀ। ਪੁਲੀਸ ਦੇ ਘੇਰੇ ਵਿੱਚ ਫਸ ਗਿਆ ਪਰ ਜਮੀਰ ਨਾਲ ਸਾਂਝ ਸੀ ਕਿ ਜੀਊਂਦੇ ਜੀਅ ਗ੍ਰਿਫ਼ਤਾਰੀ ਨਹੀਂ ਦੇਵੇਗਾ। ਉਸ ਕੌਲ ਪਿਸਤੌਲ ਸੀ, ਜਿਸ ਦੀਆਂ ਸਭ ਗੋਲੀਆਂ ਵਰਤ ਕੇ ਇੱਕ ਖ਼ੁਦ ਲਈ ਰੱਖ ਲਈ ਤੇ ਅੰਤ ਆਪਣੀ ਮਰਜ਼ੀ ਨਾਲ ਸ਼ਹਾਦਤ ਪ੍ਰਾਪਤ ਕੀਤੀ। ਇੱਥੇ ਵੀ 5 ਦੇ ਕਰੀਬ ਸਿਪਾਹੀ ਫੱਟੜ ਹੋਏ। ਇਨ੍ਹਾਂ ਦੋਵਾਂ ਬੱਬਰਾਂ ਦੀ ਕੁਰਬਾਨੀ ਸਵੈ ਵਿਸ਼ਵਾਸ ਵਿੱਚੋਂ ਉਭਰੀ ਦ੍ਰਿੜ੍ਹਤਾ, ਅਡੋਲਤਾ ਅਤੇ ਜਜ਼ਬੇ ਵਿੱਚੋਂ ਪੈਦਾ ਹੋਈ। ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਬੱਬਰ ਕਾਤਲ ਨਹੀਂ ਸਗੋਂ ਦੇਸ਼ ਭਗਤ ਸਨ, ਜੋ ਸਮੇਂ ਸਮੇਂ ਮਾਨਵਤਾ ਲਈ, ਉਸ ਦੇ ਉਚੇਰੇ ਜੀਵਨ ਲਈ ਖ਼ੁਦ ਨੂੰ ਵੀ ਰੋੜਾ ਨਹੀਂ ਬਣਨ ਦਿੰਦੇ ਸਨ। ਵੱਡੀ ਕੁਰਬਾਨੀ ਦੇ ਬਾਵਜੂਦ ਬੱਬਰ ਇਤਿਹਾਸ ਵਿੱਚੋਂ ਕਿਉਂ ਅਣਗੌਲੇ ਰਹੇ, ਇਹ ਚਿੰਤਨ ਕਰਨ ਦਾ ਵਿਸ਼ਾ ਹੈ।

ਸੈਂਕੜੇ ਗ੍ਰਿਫ਼ਤਾਰੀਆਂ, ਫਾਂਸੀਆਂ, ਉਮਰ ਕੈਦਾਂ, ਤਸ਼ੱਦਦ, ਤਸੀਹੇ ਝੱਲਦਿਆਂ ਬੱਬਰਾਂ ਦਾ ਸੱਚ, ਨਿਆਂ ਅਤੇ ਹੱਕ ਖ਼ਾਤਰ ਸੰਘਰਸ਼ ਸਦਾ ਚੱਲਦਾ ਰਿਹਾ। ਬੱਬਰਾਂ ਨੇ ਪ੍ਰਤੀਰੋਧੀ ਬਿਰਤੀ ਨੂੰ ਜੇਲ੍ਹ ਵਿੱਚ ਵੀ ਕਾਇਮ ਰੱਖਿਆ, ਚਾਹੇ ਉਹ ਜੇਲ੍ਹ ਅੰਦਰ ਗੁਰਪੁਰਬ ਮਨਾਉਣਾ ਹੋਵੇ, ਵਧੀਆ ਖਾਣ-ਪੀਣ, ਪਹਿਨਣ ਲਈ ਸੰਘਰਸ਼, ਭੁੱਖ-ਹੜਤਾਲ ਹੋਵੇ, ਭਗਤ ਸਿੰਘ ਦੀ ਭੁੱਖ ਹੜਤਾਲ ਵਿੱਚ ਸ਼ਮੂਲੀਅਤ ਹੋਵੇ, ਜੇਲ੍ਹ ਵਾਰਡਨਾਂ, ਪੁਲੀਸ ਅਫ਼ਸਰਾਂ ਦੇ ਹੁਕਮਾਂ ਤੋਂ ਬਗ਼ਾਵਤ ਆਦਿ ਨੇ ਉਨ੍ਹਾਂ ਨੂੰ ਦੇਸ਼ ਭਗਤਾਂ ਤੇ ਜਜ਼ਬੇ ਵਾਲੇ ਯੋਧੇ ਵਜੋਂ ਸਿਰਜਿਆ। ਅਤੀਤ ਰਾਹੀਂ, ਇਤਿਹਾਸ ਵਰਤਮਾਨ ਨੂੰ ਭਵਿੱਖ ਵਿੱਚ ਦੇਖਣ ਵਾਲੀ ਅੱਖ ਦਿੰਦਾ ਹੈ ਪਰ ਸੱਤਾ ਇਸ ਅੱਖ ਵਿੱਚ ਸਦਾ ਟੀਰ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਇਸ ਅੱਖ ਉੱਪਰ ਕਾਲੇ ਚਸ਼ਮੇ ਪੁਆ ਦਿੰਦੀ ਹੈ ਜਾਂ ਫਿਰ ਅੱਖਾਂ ਕੱਢਣ ’ਚ ਯਕੀਨ ਰੱਖਦੀ ਹੈ। ਸੱਤਾਸ਼ੀਲ ਤਾਕਤਾਂ ਤਰਸ, ਮਾਨਵੀ ਕੀਮਤਾਂ, ਅਹਿੰਸਾ, ਮਾਨਵਤਾ ਨੂੰ ਲੈ ਕੇ ਨਹੀਂ ਚੱਲਦੀਆਂ, ਜੇ ਚੱਲਦੀਆਂ ਵੀ ਹਨ ਤਾਂ ਸੱਤਾ ਸਥਾਪਤੀ ਲਈ। ਇਨ੍ਹਾਂ ਕੀਮਤਾਂ ਨੂੰ ਆਪਣੀ ਸਥਾਪਤੀ ਲਈ ਢਾਲ ਕੇ ਦੂਜਿਆਂ ਦੇ ਸੱਭਿਆਚਾਰ ਦਾ ਹਿੱਸਾ ਜ਼ਰੂਰ ਬਣਾ ਦਿੰਦੀ ਹੈ। ਬੱਬਰਾਂ ਦੇ ਸੰਘਰਸ਼ ਦੀ ਮਹੱਤਤਾ ਵੀ ਉਸ ਵਿਚਾਰਧਾਰਕ ਪ੍ਰਤੀਰੋਧ ਕਰਕੇ ਹੀ ਹੈ, ਜੋ ਆਪਣੇ ਸਮੇਂ ਦੀਆਂ ਧਾਰਮਿਕ ਤੇ ਰਾਜਸੀ ਸੰਸਥਾਵਾਂ ਦੇ ਪ੍ਰਵਚਨ ਤੋਂ ਉੱਪਰ ਉੱਠ ਕੇ ਆਪਣਾ ਵੱਖਰਾ ਰਾਹ ਲੱਭਦੀ ਹੈ। ਬੇਸ਼ੱਕ ਬੱਬਰ ਲਹਿਰ ਦੇ ਸੰਗਠਨ, ਵਿਧੀਆਂ ਅਤੇ ਕਾਰਜਾਂ ਵਿੱਚ ਖਾਮੀਆਂ ਵੀ ਸਨ, ਗਹਿਰੀ ਰਾਜਸੀ ਸੂਝ ਦੀ ਘਾਟ ਸੀ ਪਰ ਤਤਕਾਲੀ ਪ੍ਰਸਥਿਤੀਆਂ ਦੇ ਟਕਰਾਅ ਨੇ ਹਥਿਆਰਬੰਦ ਪ੍ਰੰਪਰਾ ਦੇ ਵਿਸ਼ਵਾਸ ਅਤੇ ਗ਼ੁਲਾਮੀ ਦੀ ਜ਼ਿੱਲਤ ਨੇ ਇੱਕ ਅਜਿਹਾ ਸੰਘਰਸ਼ ਸਿਰਜਿਆ ਜੋ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਿਆ। ਇਸ ਦਾ ਪੁਨਰ ਅਧਿਆਪਨ ਹੋਣਾ ਜ਼ਰੂਰੀ ਹੈ।