ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ

- ਵਾਸਦੇਵ ਸਿੰਘ ਪਰਹਾਰ
206-434-1155
ਪਿੰਡ ਰਾਮਗੜ੍ਹ ਝੁੰਗੀਆਂ ਭੂਤ ਗੋਤ ਦੇ ਰਾਮ ਸਿੰਘ ਪਿੰਡ ਖਾਨਖਾਨਾ ਤੋਂ ਉੱਠ ਕੇ ਕਰੀਬ 250 ਕੁ ਸਾਲ ਪਹਿਲਾਂ ਆ ਕੇ ਰੱਖੀ ਸੀ। ਭੂਤ ਗੋਤ ਵਾਲੇ ਜੱਟ ਆਪਣਾ ਮੁੱਢ ਭੱਟੀ ਰਾਜਪੂਤਾਂ ਵਿੱਚੋਂ ਮੰਨਦੇ ਹਨ। ਇਸ ਪਿੰਡ ਦੇ ਨਾਲ ਹੀ ਕੁਝ ਹੋਰ ਲੋਕਾਂ ਨੇ ਆ ਕੇ ਝੁੰਗੀਆਂ ਪਾ ਲਈਆਂ, ਇਸ ਕਰਕੇ ਇਸ ਪਿੰਡ ਦਾ ਨਾਮ ਰਾਮਗੜ੍ਹ ਝੁੰਗੀਆਂ ਬਣ ਗਿਆ। 
ਬੱਬਰ ਉਦੈ ਸਿੰਘ ਦੇ ਪਿਤਾ ਦਾ ਨਾਂਅ ਸ. ਬੀਰ ਸਿੰਘ ਸੀ। ਬੱਬਰ ਉਦੈ ਸਿੰਘ ਬਚਪਨ ਤੋਂ ਹੀ ਬਹੁਤ ਅਣਖੀਲੇ ਸੁਭਾਅ ਦਾ ਸੀ। ਪਿੰਡ ਕੌਲਗੜ੍ਹ ਵਿਖੇ ਚੋਟੀ ਦੇ ਬੱਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸ. ਕਰਮ ਸਿੰਘ ਦੌਲਤਪੁਰ, ਹਰਨਾਮ ਸਿੰਘ ਰਾਮਗੜ੍ਹ ਕਾਨੂੰਗੋਆਂ, ਦਲੀਪ ਸਿੰਘ ਸਾਂਧਰਾ, ਬਾਵਾ ਸਿੰਘ ਕੌਲਗੜ੍ਹ ਅਤੇ ਆਸਾ ਸਿੰਘ ਭਕੜੁੱਦੀ ਨੂੰ ਬੁਲਾਇਆ ਗਿਆ ਸੀ। ਇਸ ਮੀਟਿੰਗ ਵਿੱਚ ਬੱਬਰ ਕਰਮ ਸਿੰਘ ਦੌਲਤਪੁਰ ਨੇ ਮਤਾ ਪੇਸ਼ ਕੀਤਾ ਕਿ ਸਰਕਾਰ ਦੇ ਝੋਲੀਚੁੱਕਾਂ ਨੂੰ ਖਤਮ ਕਰਨ ਦਾ ਕੰਮ ਕਰਨ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਇਸ ਦੀ ਪ੍ਰੋੜਤਾ ਉਦੈ ਸਿੰਘ ਨੇ ਕੀਤੀ ਕਿ ਸਾਨੂੰ ਬੱਬਰਾਂ ਦੇ ਦੋਖੀਆਂ ਨੂੰ ਸੁਧਾਰਨ ਦੀ ਦੇਰ ਨਹੀਂ ਕਰਨੀ ਚਾਹੀਦੀ। ਉਦੈ ਸਿੰਘ ਦੀ ਰਾਏ ਨਾਲ ਸਹਿਮਤ ਹੁੰਦੇ ਹਾਜ਼ਰੀਨ ਨੇ ਬੱਬਰਾਂ ਦੇ ਦੋਖੀਆਂ ਦੇ ਨਾਸ਼ ਕਰਨ ਦਾ ਕੰਮ ਆਰੰਭ ਕਰ ਦਿੱਤਾ। 
ਬੱਬਰ ਉਦੈ ਸਿੰਘ ਸਿੱਖਾਂ ਵਿਰੁੱਧ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਕਾਰਨ ਭਗੌੜਾ ਹੋ ਗਿਆ ਸੀ। ਬਜਬਜਘਾਟ ਕਲਕੱਤਾ ਵਿਖੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰਾਂ 'ਤੇ ਗੋਲੀਆਂ ਦੀ ਬੁਛਾੜ, ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੱਖਾਂ 'ਤੇ ਲਾਠੀਆਂ ਅਤੇ ਗੋਲ਼ੀਆਂ ਚਲਾਉਣੀਆਂ, ਜੈਤੋ ਦੇ ਮੋਰਚੇ ਵਿੱਚ ਸਿੱਖਾਂ 'ਤੇ ਅੱਤਿਆਚਾਰ, ਉਦੈ ਸਿੰਘ ਦੀ ਜ਼ਮੀਰ ਲਈ ਅਸਹਿ ਸਨ। 
ਉਸ ਨੇ ਹੇਠ ਲਿਖੀਆਂ ਵਾਰਦਾਤਾਂ ਵਿੱਚ ਹਿੱਸਾ ਲਿਆ ਸੀ -
1. 3 ਜੁਲਾਈ, 1923 ਨੂੰ ਬਿਛੋੜੀ ਦੇ ਲੰਬੜਦਾਰ ਕਾਕਾ ਤੋਂ ਸਰਕਾਰੀ ਅਮਲੇ ਦੀ 570 ਰੁਪਏ 2 ਆਨੇ ਰਕਮ ਲੁੱਟਣੀ। 
2. ਜੱਸੋਵਾਲ ਵਿਖੇ ਬੱਬਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਾ। 
3. ਫਰਵਰੀ 3, 1923 ਨੂੰ ਜਾਡਲਾ ਦੇ ਸ਼ਾਹੂਕਾਰ ਮੁਣਸ਼ੀ ਰਾਮ ਦੇ ਡਾਕੇ ਵਿੱਚ ਸ਼ਾਮਲ ਹੋਣਾ। 
4. ਹਿਆਤਪੁਰ ਰੁੜਦੀ ਦੇ ਦੀਵਾਨ ਦੇ ਕਤਲ ਵਿੱਚ ਸ਼ਾਮਲ ਹੋਣਾ। 
5. ਲਾਭ ਸਿੰਘ ਢੱਡੇ ਫਤਹਿ ਸਿੰਘ ਦੇ ਕਤਲ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣਾ। 
6. ਬਹਿਬਲਪੁਰ ਦੇ ਹਜ਼ਾਰਾ ਸਿੰਘ ਦੇ ਕਤਲ ਵਿੱਚ ਹਿੱਸਾ ਲੈਣਾ। 
7. ਪਿੰਡ ਪੰਡੋਰੀ ਨਿੱਝਰਾਂ ਦੇ ਲੰਬੜਦਾਰਾਂ ਅਤੇ ਚੌਂਕੀਦਾਰਾਂ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਲੈਣਾ। 
8. ਰਲ਼ਾ ਅਤੇ ਦਿੱਤੂ ਕੌਲਗੜ੍ਹ ਦੇ ਕਤਲਾਂ ਵਿੱਚ ਹਿੱਸਾ ਲੈਣਾ। 
ਬੱਬਰ ਉਦੈ ਸਿੰਘ ਦੀ ਸੁਪਤਨੀ 1 ਸਾਲ ਦਾ ਪੁੱਤਰ ਪਰੀਤੂ ਛੱਡ ਕੇ ਅਕਾਲ ਚਲਾਣਾ ਕਰ ਗਈ, ਜੋ ਉਹ ਲਾਵਾਰਸਾਂ ਵਾਂਗ ਪਲ਼ਦਾ ਰਿਹਾ। 
ਬੱਬਰ ਉਦੈ ਸਿੰਘ ਵੀ ਗੱਦਾਰ ਅਨੂਪ ਸਿੰਘ ਮਾਣਕੋ ਦੀ ਗਦਾਰੀ ਕਾਰਨ ਬੰਬੇਲੀ ਵਾਲੇ ਸਾਕੇ ਵਿੱਚ 1 ਸਤੰਬਰ, 1923 ਨੂੰ ਅੰਗਰੇਜ਼ ਸਰਕਾਰ ਦੀ ਪੁਲਿਸ ਅਤੇ ਮਿਲਟਰੀ ਰਸਾਲੇ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਇਆ। ਇਸ ਮੁਕਾਬਲੇ ਦਾ ਹਾਲ ਇਸੇ ਸਾਕੇ ਵਿੱਚ ਸ਼ਹੀਦ ਹੋਏ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਬਿਸ਼ਨ ਸਿੰਘ ਮਾਂਗਟ ਅਤੇ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀਆਂ ਜੀਵਨੀਆਂ ਵਿੱਚ ਲਿਖ ਚੁੱਕਾ ਹਾਂ। ਪਿੰਡ ਬੰਬੇਲੀ ਰਿਆਸਤ ਕਪੂਰਥਲਾ ਦਾ ਪਿੰਡ, ਫਗਵਾੜੇ ਤੋਂ 8 ਕੁ ਮੀਲ ਉੱਤਰ ਦਿਸ਼ਾ ਵੱਲ ਹੈ। ਅੰਗਰੇਜ਼ ਸਰਕਾਰ ਜਦੋਂ ਚਾਹੇ ਰਿਆਸਤੀ ਇਲਾਕੇ ਵਿੱਚ ਆਪਣੀ ਪੁਲਿਸ ਭੇਜ ਸਕਦੀ ਸੀ। ਮੁਕਾਬਲਾ ਖਤਮ ਹੋਣ ਤੋਂ ਬਾਅਦ ਲਾਸ਼ਾਂ ਬਾਰੇ ਕਾਨੂੰਨੀ ਕਾਰਵਾਈ ਲਈ ਕਪੂਰਥਲਾ ਦੇ ਦਰੋਗਾ ਦੇ ਹਵਾਲੇ ਕੀਤੀਆਂ ਗਈਆਂ।