ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ

 -ਵਾਸਦੇਵ ਸਿੰਘ ਪਰਹਾਰ 
ਫੋਨ 206-434-1155
ਪਿੰਡ ਪੰਡੋਰੀ ਗੰਗਾ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰ. 81 ਅਤੇ ਰਕਬਾ ਜ਼ਮੀਨ 299 ਹੈਕਟੇਅਰ ਹੈ। ਇਹ ਮਾਹਲਪੁਰ ਤੋਂ 7 ਕੁ ਮੀਲ ਦੂਰ ਦੱਖਣ-ਪੱਛਮ ਵੱਲ ਸਥਿਤ ਹੈ। ਇਹ ਪਿੰਡ ਬੜਾ ਪਿੰਡ ਤੋਂ ਆ ਕੇ ਸਹੋਤਾ ਜੱਟਾਂ ਨੇ ਵਸਾਇਆ ਪਰ ਜ਼ਮੀਨ ਅਬਾਦ ਕਰਨ ਲਈ ਉਨ੍ਹਾਂ ਬੁੱਧਵਾਲ ਗੋਤ ਦੇ ਮਿਹਨਤੀ ਸੈਣੀਆਂ ਨੂੰ ਵੀ ਆਪਣੇ ਪਿੰਡ ਵਸਾ ਲਿਆ। ਉਹ ਸਮਾਂ ਸੀ ਕਿ ਮਾਲਕਾਂ ਤੋਂ ਸਰਕਾਰੀ ਮਾਮਲਾ ਵੀ ਮਸਾਂ ਦੇ ਹੁੰਦਾ ਸੀ। ਇਸ ਲਈ ਬਹੁਤੇ ਜ਼ਮੀਨਾਂ ਦੇ ਮਾਲਕ ਬੇਜ਼ਮੀਨਿਆਂ ਨੂੰ ਜ਼ਮੀਨਾਂ ਦੇ ਦਿੰਦੇ ਸਨ ਕਿ ਉਹ ਸਰਕਾਰੀ ਮਾਮਲਾ ਦੇਈ ਜਾਣ। ਇਸ ਪਿੰਡ ਦੇ ਸੈਣੀਆਂ ਨੇ ਵੀ ਰੁੜਕੀ ਖਾਸ ਵਾਲਿਆਂ ਦੀ ਤਰ੍ਹਾਂ ਪੂਰਨ ਏਕੇ ਦਾ ਸਬੂਤ ਦਿੱਤਾ। ਪਿੰਡ ਦੇ ਲੋਕਾਂ ਨੂੰ ਬੱਬਰ ਦੇ ਨਿਕਟਵਰਤੀ ਹੋਣ ਕਰਕੇ ਪੁਲਿਸ ਨੇ ਬਹੁਤ ਤੰਗ ਕੀਤਾ। ਪਿੰਡ ਵਿੱਚ ਪੁਲਿਸ ਦੀ ਚੌਂਕੀ ਬਿਠਾਈ ਗਈ ਤਾਂ ਪਿੰਡ ਦਾ ਕੋਈ ਵੀ ਆਦਮੀ ਉਨ੍ਹਾਂ ਨੂੰ ਰੋਟੀ ਪਾਣੀ ਨਾ ਦਿੰਦਾ, ਸਿਵਾਏ ਲੰਬੜਦਾਰ ਭੁੱਲਾ ਸਿੰਘ ਸਹੋਤਾ ਦੇ। ਉਸ ਨਾਲ ਪਿੰਡ ਵਾਲੇ ਸਿੱਧੇ ਮੂੰਹ ਗੱਲ ਨਾ ਕਰਦੇ। ਪਿੰਡ ਵਿੱਚ ਪੁਲਿਸ ਦੀ ਚੌਂਕੀ ਦਾ ਖਰਚ ਵੀ ਪਿੰਡ ਵਾਲਿਆਂ 'ਤੇ ਪਾਇਆ ਗਿਆ ਅਤੇ ਪਿੰਡ ਦੇ ਕਈ ਬੰਦਿਆਂ ਨੂੰ ਬੱਬਰਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਕਈ ਸਾਲ ਕੈਦ ਭੁਗਤਣੀ ਪਈ ਸੀ। 
ਬੱਬਰ ਮਹਿੰਦਰ ਸਿੰਘ ਸਪੁੱਤਰ ਸ. ਲਾਭ ਸਿੰਘ ਸੈਣੀ ਗੋਤ ਦੇ ਬੁਧਵਾਲ ਦੇ ਘਰ ਹੋਇਆ। ਉਸ ਨੇ ਬੱਡੋਂ ਦੇ ਖਾਲਸਾ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਸਕੂਲ ਦੇ ਹੈੱਡਮਾਸਟਰ ਸ. ਹਰੀ ਸਿੰਘ ਧੂਤ ਸਨ। ਛੋਟੀ ਉਮਰ ਵਿੱਚ ਹੀ ਬੱਬਰ ਦੇ ਮਾਪੇ ਚੜ੍ਹਾਈ ਕਰ ਗਏ ਸਨ। ਉਹ ਮਾਂ-ਪਿਓ ਦੀ ਇਕਲੌਤੀ ਔਲਾਦ ਸੀ। ਉਸ ਨੇ ਫੌਜ ਦੀ 47 ਰੈਜਮੈਂਟ ਵਿੱਚ ਨੌਕਰੀ ਕੀਤੀ। ਉਹ ਬੜਾ ਚੁਸਤ-ਪਸ਼ਤ ਅਤੇ ਡਿਊਟੀ ਦਾ ਪਾਬੰਦ ਸੀ। ਅੰਗਰੇਜ਼ ਸਰਕਾਰ ਵਿਰੁੱਧ ਉਹ ਅਕਸਰ ਫੌਜੀਆਂ ਵਿੱਚ ਤਕਰੀਰਾਂ ਕਰਦਾ ਹੁੰਦਾ ਸੀ। ਨਨਕਾਣਾ ਸਾਹਿਬ ਦੇ ਸਾਕੇ, ਗੁਰੂ ਕੇ ਬਾਗ ਦੇ ਮੋਰਚੇ ਅਤੇ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਬਾਰੇ ਉਹ ਆਪਣੇ ਸਾਥੀਆਂ ਨੂੰ ਦੱਸ ਕੇ ਅੰਗਰੇਜ਼ ਸਰਕਾਰ ਵਿਰੁੱਧ ਕਰਨ ਦੀ ਕੋਸ਼ਿਸ਼ ਕਰਦਾ। ਉਸ ਦਾ ਕੋਰਟ ਮਾਰਸ਼ਲ ਹੋਇਆ ਅਤੇ ਅਪ੍ਰੈਲ 1922 ਵਿੱਚ ਉਸ ਨੂੰ ਫੌਜ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ। 
ਬੱਬਰ ਦੀ ਸ਼ਹੀਦੀ ਬਾਰੇ ਚਸ਼ਮਦੀਦ ਗਵਾਹਾਂ ਪਾਲ ਕੌਰ ਅਤੇ ਸ਼ਿਵ ਸਿੰਘ ਪਿੰਡ ਬੰਬੇਲੀ ਰਿਆਸਤ ਕਪੂਰਥਲਾ ਨੇ ਬੱਬਰ ਨੂੰ ਸ਼ਹੀਦ ਹੁੰਦਿਆਂ ਅੱਖੀਂ ਦੇਖਿਆ ਸੀ, ਦਾ ਬਿਆਨ ਡਾ. ਬਖਸ਼ੀਸ਼ ਸਿੰਘ ਨਿੱਝਰ ਨੇ ਲਿਖਿਆ ਹੈ ਕਿ ਬੱਬਰ ਦੀ ਚੜ੍ਹਦੀ ਜਵਾਨੀ ਦੇਖ ਕੇ ਪੁਲਿਸ ਕਮਿਸ਼ਨਰ ਮਿ. ਸਮਿੱਥ ਨੇ ਇੱਕ ਸਿੱਖ ਅਫਸਰ ਨੂੰ ਆਖਿਆ ਕਿ ਉਹ ਕਿਰਪਾਨ ਰੱਖ ਕੇ ਐਧਰ ਆ ਜਾਵੇ, ਉਸ ਨੂੰ ਕੋਈ ਸਜ਼ਾ ਨਹੀਂ ਹੋਵੇਗੀ। ਸਿੱਖ ਅਫਸਰ ਦੇ ਕਹਿਣ 'ਤੇ ਵੀ ਬੱਬਰ ਕਿਰਪਾਨ ਫੜ ਕੇ ਸਭ ਤੋਂ ਅੱਗੇ ਪੁਲਿਸ ਤੇ ਤਲਵਾਰ ਨਾਲ ਹੀ ਹਮਲਾਵਰ ਹੋਇਆ ਅਤੇ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ 1 ਸਤੰਬਰ, 1923 ਨੂੰ ਆਪਣੇ ਸਾਥੀ ਬੱਬਰ ਗੱਦਾਰ ਅਨੂਪ ਸਿੰਘ ਦੀ ਗੱਦਾਰੀ ਕਾਰਨ ਸ਼ਹੀਦ ਹੋ ਕੇ ਆਪਣਾ ਨਾਂਅ ਅਮਰ ਕਰ ਗਿਆ।