ਬੱਬਰ ਜੁਆਲਾ ਸਿੰਘ ਸਹੋਤਾ ਪਿੰਡ ਫਤਿਹਪੁਰ ਕੋਠੀ

-ਵਾਸਦੇਵ ਸਿੰਘ ਪਰਹਾਰ
ਬੱਬਰ ਜੁਆਲਾ ਸਿੰਘ ਸਹੋਤਾ ਪੁੱਤਰ ਸ. ਸੁੰਦਰ ਸਿੰਘ ਸਹੋਤਾ ਦਾ ਜਨਮ ਪਿੰਡ ਫਤਿਹਪੁਰ ਕੋਠੀ ਵਿਖੇ ਸੰਨ 1896 ਵਿੱਚ ਹੋਇਆ ਸੀ। ਸਹੋਤਾ ਗੋਤ ਦਾ ਮੁੱਢ ਵੀ ਰਾਜਪੂਤਾਂ ਦੇ ਜੰਜੂਆ ਗੋਤ ਵਿੱਚੋਂ ਹੈ। ਦੁਆਬੇ ਦੇ ਅਕਬਰੀ ਜੱਟਾਂ ਵਿੱਚ ਬੈਂਸ ਗੋਤ ਤੋਂ ਬਾਅਦ ਇਨ੍ਹਾਂ ਦਾ ਦੂਜਾ ਨੰਬਰ ਹੈ। A Glossary of the Tribes and casts vol.3 Page 344 ਅਨੁਸਾਰ ਇਹ ਦੁਆਬੇ ਦੇ ਢਾਈ ਘਰੇ ਅਕਬਰੀ ਜੱਟਾਂ ਵਿੱਚੋਂ ਹਨ। ਪਹਿਲਾ ਨੰਬਰ ਬੈਂਸਾਂ ਦਾ ਦੂਜਾ ਸਹੋਤਿਆਂ ਦਾ ਅਤੇ ਅੱਧਾ ਚੌਹਾਨਾਂ ਦਾ ਹੈ। 
ਬੈਂਸਾਂ ਦਾ ਹੈਡਕੁਆਰਟਰ ਮਾਹਿਲਪੁਰ, ਸਹੋਤਿਆਂ ਦਾ ਗੜ੍ਹਦੀਵਾਲਾ ਅਤੇ ਚੌਹਾਨਾਂ ਦਾ ਬੁੱਢੀ ਪਿੰਡ ਹੈ। ਇਹ ਤਿੰਨੇ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਨ। ਡਾ. ਜਗਜੀਤ ਸਿੰਘ ਚੌਹਾਨ ਖਾਲਿਸਤਾਨੀ ਸਮਰਥਕ ਬੁੱਢੀ ਪਿੰਡ (ਨੇੜੇ ਉੜਮੁੜ ਟਾਂਡਾ) ਦੇ ਸਨ। ਡਾ. ਬਖਸ਼ੀਸ਼ ਸਿੰਘ ਨਿੱਝਰ, ਉੱਘੇ ਇਤਿਹਾਸਕਾਰ ਨੇ ਲੇਖਕ ਨੂੰ ਦੱਸਿਆ ਸੀ ਕਿ ਵੀਹਵੀਂ ਸਦੀ ਦੇ ਪਹਿਲੇ ਮੱਧ ਤੱਕ ਇਹ ਢਾਈ ਘਰੇ ਅਕਬਰੀ ਜੱਟ ਆਪਣੇ ਰਿਸ਼ਤੇ ਦੁਆਬੇ ਦੇ ਆਮ ਜੱਟਾਂ ਦੀ ਬਜਾਏ ਮਾਝੇ ਦੇ ਅਕਬਰੀ ਜੱਟਾਂ ਨਾਲ ਹੀ ਕਰਦੇ ਸਨ। ਇਸ ਦੇ ਰੋਸ ਵਜੋਂ ਦੁਆਬੇ ਦੇ ਬਾਕੀ ਗੋਤਾਂ ਦੇ ਜੱਟਾਂ ਨੇ ਇਨ੍ਹਾਂ ਦੀ ਹੈਂਕੜ ਵਿਰੁੱਧ ਰੋਸ ਕੀਤਾ ਸੀ। (ਹੁਸ਼ਿਆਰ ਸਿੰਘ ਦਲੇਰ ਨੇ ਵੀ ਆਪਣੀ ਪੁਸਤਕ ਜੱਟਾਂ ਦੇ ਗੋਤਾਂ ਬਾਰੇ ਵਿੱਚ ਇਨ੍ਹਾਂ ਦਾ ਮੁੱਢ ਜੰਜੂਆ ਰਾਜਪੂਤਾਂ ਵਿੱਚੋਂ ਹੀ ਲਿਖਿਆ ਹੈ। 
ਫਤਿਹਪੁਰ ਤੇ ਕੋਠੀ ਦੋ ਜੁੜਵੇਂ ਪਿੰਡ ਹਨ। ਕੋਈ ਪਿੰਡ ਦੇ ਹੋਣ ਦਾ ਜ਼ਿਕਰ ਆਈਨੇ ਅਕਬਰੀ ਵਿੱਚ ਵੀ ਮਿਲਦਾ ਹੈ। ਸੰਨ 1889 ਦੇ ਬੰਦੋਬਸਤ ਅਨੁਸਾਰ ਪਿੰਡ ਫਤਿਹਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੱਦ ਬਸਤ ਨੰ. 337 ਅਤੇ ਰਕਬਾ 245 ਹੈਕਟੇਅਰ, ਕੋਠੀ ਦਾ ਹੱਦ ਬਸਤ ਨੰ. 335 ਅਤੇ ਰਕਬਾ 482 ਹੈਕਟੇਅਰ ਹੈ। ਯੁੱਧ ਨੀਤਕ ਵਿਉਂਤਬੰਦੀ ਨਾਲ ਬਣਾਏ ਛੋਟੇ ਕਿਲ੍ਹੇ ਨੂੰ ਕੋਠੀ ਕਹਿੰਦੇ ਹਨ। ਚੌਹਾਂ ਦਿਸ਼ਾਵਾਂ ਤੋਂ ਕੁਦਰਤੀ ਪਹਾੜੀਆਂ ਨਾਲ ਇਹ ਪਿੰਡ ਘਿਰਿਆ ਹੋਇਆ ਹੈ, ਜਿਸ ਵਿੱਚ ਆਉਣ ਲਈ ਕੇਵਲ ਇੱਕ ਹੀ ਰਸਤਾ ਮਾਹਲਪੁਰ ਵਲੋਂ ਆਉਣ ਦਾ ਹੈ। 
ਫੱਤੂ ਨਾਂਅ ਦੇ ਇੱਕ ਉੱਦਮੀ ਸਹੋਤਾ ਜੱਟ ਨੇ ਆਪਣੇ ਜੱਦੀ ਪਿੰਡ ਬੜਾ ਪਿੰਡ (ਜਲੰਧਰ) ਤੋਂ ਆ ਕੇ ਇਹ ਸੋਲਵੀਂ ਸਦੀ 'ਚ ਵਸਾਇਆ ਸੀ। ਬੜਾ ਪਿੰਡ ਦੀ ਅਬਾਦੀ ਵਧਣ ਕਾਰਨ, ਮਾਲ ਡੰਗਰ ਲਈ ਖੁੱਲ੍ਹੀਆਂ ਚਰਾਂਦਾਂ, ਸਦਾ ਵਗਦੇ ਚੋਅ ਅਤੇ ਚਸ਼ਮਿਆਂ, ਬਿਨਾਂ ਕਿਸੇ ਲੜਾਈ ਝਗੜੇ ਤੋਂ ਉਹ ਇਸ ਬੇਅਬਾਦ ਪਈ ਧਰਤੀ 'ਤੇ ਵਸ ਗਿਆ। 
ਇਹ ਪਿੰਡ ਬੱਬਰ ਅਕਾਲੀਆਂ ਦੇ ਲੁਕਣ ਲਈ ਇੱਕ ਸੁਰੱਖਿਅਤ ਥਾਂ ਸੀ। ਇੱਥੇ ਇੱਕ ਟਿੱਬੇ ਦੇ ਬੱਬਰਾਂ ਨੇ ਲੁਕ ਕੇ ਪੁਲਿਸ ਦਾ ਮੁਕਾਬਲਾ ਕਰਨ ਲਈ ਮੋਰਚੇ ਬਣਾਏ ਹੋਏ ਸਨ। ਪੁਲਿਸ ਵਾਲੇ ਇਸ ਨੂੰ ਬੱਬਰਾਂ ਦਾ ਅਸਲਾਖਾਨਾ ਆਖਦੇ ਸਨ। ਬੱਬਰਾਂ ਦੀ ਉਡਾਰੂ ਪ੍ਰੈਸ, ਜਿਸ ਨਾਲ ਬੱਬਰ ਅਕਾਲੀ ਅਖਬਾਰ ਛਪਦਾ ਸੀ, ਇੱਥੋਂ ਹੀ ਫੜ੍ਹੀ ਗਈ ਸੀ। ਫਤਿਹਪੁਰ ਦੇ ਸਾਰੇ ਹੀ ਵਸਨੀਕ ਸਹੋਤਾ ਗੋਤ ਦੇ ਜੱਟ ਸਨ ਅਤੇ ਕਈ ਬੱਬਰ ਜਥੇ ਦੇ ਸਰਗਰਮ ਮੈਂਬਰ ਸਨ। ਕਈ ਵਾਰੀ ਪੁਲਿਸ ਛਾਪੇ ਮਾਰਦੀ ਤਾਂ ਬੱਬਰ ਅਸਾਨੀ ਨਾਲ ਪਹਾੜੀ ਜੰਗਲਾਂ ਵਿੱਚ ਜਾ ਲੁਕਦੇ। ਖਿਝ ਕੇ ਪੁਲਿਸ ਨੇ ਇੱਕ ਵਾਰ ਸਾਰੇ ਪਿੰਡ ਨੂੰ ਬੰਬਾਂ ਨਾਲ ਉਡਾ ਕੇ ਅੱਗ ਨਾਲ ਫੂਕ ਦੇਣ ਦੀ ਸਕੀਮ ਵੀ ਬਣਾਈ ਸੀ।
ਇਸ ਪਿੰਡ ਦੇ ਬੱਬਰ ਭਗਵਾਨ ਸਿੰਘ ਪੁੱਤਰ ਦੁੱਲਾ ਸਿੰਘ ਨੂੰ ਉਮਰ ਕੈਦ ਅਤੇ ਬੱਬਰ ਪਰਸ਼ੋਤਮ ਸਿੰਘ ਨੂੰ ਵੀ ਕਈ ਸਾਲ ਜੇਲ੍ਹ 'ਚ ਰਹਿਣਾ ਪਿਆ ਸੀ। ਬੱਬਰ ਜੁਆਲਾ ਸਿਘਿ ਸਹੋਤਾ ਨੇ ਵੀ ਹੋਰ ਬੱਬਰਾਂ ਦੀ ਤਰ੍ਹਾਂ ਕੁਝ ਸਾਲ ਫੌਜ ਦੀ ਨੌਕਰੀ ਕੀਤੀ ਸੀ, ਜਿੱਥੇ ਉਹ ਚੰਗੇ ਦੌੜਾਕਾਂ ਵਿੱਚ ਗਿਣਿਆ ਜਾਂਦਾ ਸੀ। ਹਥਿਆਰ ਚਲਾਉਣੇ ਤਾਂ ਹਰ ਇੱਕ ਫੌਜੀ ਨੂੰ ਆ ਹੀ ਜਾਂਦੇ ਹਨ। ਫੌਜ ਵਿੱਚ ਉਸ ਦਾ ਰਿਕਾਰਡ ਚੰਗਾ ਸੀ ਪਰ ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਵਿਰੁੱਧ ਕੀਤੀਆਂ ਕਾਰਵਾਈਆਂ ਅਤੇ ਅੱਤਿਆਚਾਰਾਂ ਨੇ ਉਸ ਨੂੰ ਵੰਗਾਰਿਆ ਅਤੇ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਉਸ ਨੇ ਫੌਜ ਦੀ ਨੌਕਰੀ ਛੱਡ ਦਿੱਤੀ। ਉਹ ਵੀ ਬੱਬਰਾਂ ਦੇ ਖਿਆਲਾਂ ਦਾ ਸੀ ਕਿ ਸ਼ਾਂਤਮਈ ਢੰਗ ਨਾਲ ਅੰਦੋਲਨਾਂ ਨਾਲ ਅੰਗਰੇਜ਼ ਹਿੰਦੁਸਤਾਨ ਛੱਡਣ ਨਹੀਂ ਲੱਗੇ ਅਤੇ ਹਥਿਆਰਬੰਦ ਸੰਘਰਸ਼ ਜ਼ਰੂਰੀ ਹੈ। ਸੋ, ਉਹ ਬੱਬਰ ਜਥੇ ਵਿੱਚ ਅੰਗਰੇਜ਼ ਸਰਕਾਰ ਦੇ ਚਾਟੜਿਆਂ ਅਤੇ ਝੋਲੀਚੁੱਕਾਂ ਦੇ ਸੁਧਾਰ ਲਈ ਸ਼ਾਮਲ ਹੋ ਗਿਆ। ਕਈ ਵਾਰਦਾਤਾਂ ਵਿੱਚ ਉਸ ਨੇ ਹਿੱਸਾ ਲਿਆ ਸੀ। ਖਾਸਕਰ ਬੱਬਰ ਅਕਾਲੀ ਅਖਬਰ ਦੇ ਛਾਪਣ ਅਤੇ ਵੰਡਣ ਵਿੱਚ।
 12 ਦਸੰਬਰ, 1923 ਨੂੰ ਪਿੰਡ ਮੰਡੇਰਾਂ ਜ਼ਿਲ੍ਹਾ ਜਲੰਧਰ ਵਿਖੇ ਉਸੇ ਪਿੰਡ ਦੇ ਗੱਦਾਰ ਜਗਤੇ, ਜੋ ਬੱਬਰਾਂ ਦਾ ਸਾਥੀ ਸੀ, ਦੀ ਮੁਖਬਰੀ 'ਤੇ ਪੁਲਿਸ ਅਤੇ ਮਿਲਟਰੀ ਰਸਾਲੇ ਦੇ ਘੇਰੇ ਵਿੱਚ ਆ ਗਿਆ। ਉਸ ਦੇ ਨਾਲ ਇਸ ਘੇਰੇ ਵਿੱਚ ਬੰਤਾ ਸਿੰਘ ਧਾਮੀਆਂ ਅਤੇ ਵਰਿਆਮ ਸਿੰਘ ਧੁੱਗਾ ਸਨ। ਉਨ੍ਹਾਂ ਨੇ ਹਥਿਆਰ ਸੁੱਟ ਕੇ ਗ੍ਰਿਫਤਾਰ ਹੋਣ ਨਾਲੋਂ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਅਤੇ ਮਿਸਤਰੀ ਬੇਅੰਤ ਸਿੰਘ ਦੇ ਚੁਬਾਰੇ ਵਿੱਚ ਡਟ ਗਏ। ਪਿੰਡ ਦੇ ਘਰਾਂ ਦੀਆਂ ਛੱਤਾਂ ਤੋਂ ਪੁਲਿਸ ਵਾਲੇ ਚੁਬਾਰੇ ਵੱਲ ਨੂੰ ਗੋਲੀਆਂ ਚਲਾਉਂਦੇ, ਅੱਗੋਂ ਗੋਲੀ ਦਾ ਜਵਾਬ ਗੋਲੀ ਵਿੱਚ ਮਿਲਦਾ। 
ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਇਸ ਮੁਕਾਬਲੇ ਲਈ ਮਿਲਟਰੀ ਦੇ ਰਸਾਲੇ ਨੂੰ ਵੀ ਬੁਲਾ ਲਿਆ ਸੀ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਖੁਦ ਇਸ ਮੁਕਾਬਲੇ ਦੀ ਨਿਗਰਾਨੀ ਮੌਕੇ 'ਤੇ ਕਰ ਰਹੇ ਸਨ। ਇੱਕ ਘੰਟੇ ਤੱਕ ਮਿਲਟਰੀ ਰਸਾਲੇ ਦੀ ਜ਼ਬਰਦਸਤ ਫਾਇਰਿੰਗ 'ਤੇ ਵੀ ਬੱਬਰ ਅੱਗੋਂ ਗੋਲੀਆਂ ਚਲਾਉਂਦੇ ਰਹੇ। ਪੇਸ਼ ਨਾ ਜਾਂਦੀ ਦੇਖ ਕੇ ਸ਼ਾਮ ਦੇ ਹਨੇਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਕੜਬ ਦੀਆਂ ਭਰੀਆਂ ਦੇ ਢੇਰ ਲਾ ਕੇ ਉੱਪਰ ਮਿੱਟੀ ਦਾ ਤੇਲ ਪਾ ਕੇ ਜੁਬਾਰੇ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਅੱਗ ਲਾ ਦਿੱਤੀ। ਖਿੜਕੀਆਂ ਅਤੇ ਦਰਵਾਜ਼ੇ ਜਲ਼ ਕੇ ਡਿੱਗਣ ਨਾਲ ਰਸਾਲੇ ਵਾਲਿਆਂ ਦੀਆਂ ਗੋਲੀਆਂ ਨਾਲ ਬੱਬਰ ਜੁਆਲਾ ਸਿੰਘ ਅੱਗ ਵਿੱਚ ਡਿੱਗ ਕੇ ਮੌਕੇ 'ਤੇ ਸ਼ਹੀਦ ਹੋ ਗਿਆ। ਬੱਬਰ ਬੰਤਾ ਸਿੰਘ ਵੀ ਜ਼ਖਮੀ ਹੋਇਆ ਅੱਗ ਨਾਲ ਕਾਫੀ ਝੁਲਸ ਕੇ ਤੜਫ ਰਿਹਾ ਸੀ। ਵਰਿਆਮ ਸਿੰਘ ਧੁੱਗਾ ਅੱਗ ਨਾਲ ਕਾਫੀ ਝੁਲਸ ਗਿਆ ਸੀ। ਉਸ ਨੇ ਆਪਣਾ ਕੁੜਤਾ ਅਤੇ ਪੱਗ ਵੀ ਲਾਹ ਕੇ ਅੱਗ ਵਿੱਚ ਸੁੱਟ ਦਿੱਤੀ। ਬੰਤਾ ਸਿੰਘ ਨੇ ਉਸ ਨੂੰ ਕਿਹਾ ਕਿ ਮੇਰੇ ਗੋਲੀ ਮਾਰ ਕੇ ਭੱਜ ਜਾਹ। ਉਸ ਨੇ ਇਸੇ ਤਰ੍ਹਾਂ ਕੀਤਾ ਅਤੇ ਚੁਬਾਰੇ ਤੋਂ ਛਾਲ ਮਾਰ ਕੇ ਇੱਕ ਵਜ਼ੀਰ ਖਾਂ ਨਾਮੀ ਪੁਲਿਸ ਦੇ ਸਿਪਾਹੀ ਦੇ ਗੋਲੀ ਮਾਰ ਕੇ ਬਚ ਕੇ ਨਿੱਕਲ ਗਿਆ ਤੇ ਚਾਰ ਮੀਲ ਤੇ ਬੱਬਰ ਬਚਿੰਤ ਸਿੰਘ ਮਨਿਹਾਸ ਕੋਲ ਨੰਗੇ ਪਿੰਡੇ ਅੱਗ ਵਿੱਚ ਝੁਲਸਿਆ ਪਹੁੰਚ ਗਿਆ। 
ਆਜ਼ਾਦੀ ਮਿਲਣ ਤੋਂ ਬਾਅਦ ਮੰਡੇਰਾਂ ਦੇ ਲੋਕਾਂ ਨੇ ਮਿਸਤਰੀ ਬੇਅੰਤ ਸਿੰਘ ਦੇ ਚੁਬਾਰੇ ਵਾਲੀ ਥਾਂ 'ਤੇ ਇੱਕ ਚੰਗਾ ਗੁਰਦੁਆਰਾ ਬਣਾਇਆ ਹੋਇਆ ਹੈ ਤੇ ਹਰ ਸਾਲ 12 ਦਸੰਬਰ ਵਾਲੇ ਦਿਨ ਸ਼ਹੀਦ ਬੱਬਰਾਂ ਦੀ ਯਾਦ ਮਨਾਉਂਦੇ ਹਨ। ਲੇਖਕ ਖੁਦ ਇਸ ਗੁਰਦੁਆਰੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਇੱਕ ਵਾਰ ਗਿਆ ਸੀ।