ਬੱਬਰ ਹਰਬੰਸ ਸਿੰਘ ਸਰਹਾਲਾ ਖੁਰਦ

- ਵਾਸਦੇਵ ਸਿੰਘ ਪਰਹਾਰ
ਫੋਨ 206-434-1153
ਬੱਬਰ ਹਰਬੰਸ ਸਿੰਘ ਦਾ ਜਨਮ ਪਿੰਡ ਸਰਹਾਲਾ ਖੁਰਦ ਵਿਖੇ ਸ. ਖੇਮ ਸਿੰਘ ਬੈਂਸ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਸੀ। ਇਸ ਪਿੰਡ ਦੀ ਹੱਦ ਬਸਤ ਨੰਬਰ 59 ਅਤੇ ਰਕਬਾ 350 ਹੈਕਟੇਅਰ ਹੈ। ਸਾਰਾ ਪਿੰਡ ਬੈਂਸ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਹੈ। ਇਹ ਥਾਣਾ ਮਾਹਲਪੁਰ ਤੋਂ ਚਾਰ ਕੁ ਮੀਲ ਪੱਛਮ ਵੱਲ ਸਥਿਤ ਹੈ। 
ਬੱਬਰ ਪੜ੍ਹਿਆ-ਲਿਖਿਆ ਅਤੇ ਗੁਰਬਾਣੀ ਦਾ ਚੰਗਾ ਕਥਾਵਾਚਕ ਸੀ। ਗੁਰੂ ਕੇ ਬਾਗ ਦੇ ਮੋਰਚੇ ਵਿੱਚ ਇਹ ਇਲਾਕੇ ਦੇ ਸਿੰਘਾਂ ਦਾ ਜਥਾ ਲੈ ਕੇ ਗਿਆ ਸੀ, ਜਿੱਥੇ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ। ਉਹ ਪਿੰਡ ਦੀ ਸੱਥ ਵਿੱਚ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਵਿਰੁੱਧ ਪ੍ਰਚਾਰ ਕਰਿਆ ਕਰਦਾ ਅਤੇ ਪਿੰਡ ਦੇ ਝੋਲੀਚੁੱਕਾਂ ਅਤੇ ਨੰਬਰਦਾਰਾਂ ਨੂੰ ਚੰਗੀਆਂ ਟਕੋਰਾਂ ਲਾਉਂਦਾ ਹੁੰਦਾ ਸੀ, ਜਿਸ ਕਰਕੇ ਉਹ ਉਨ੍ਹਾਂ ਦੀਆਂ ਅੱਖਾਂ ਵਿੱਚ ਰੜਕਦਾ ਸੀ। ਵਾਅਦਾ ਮੁਆਫ ਸੰਤ ਕਰਤਾਰ ਸਿੰਘ ਨੇ ਪਹਿਲੇ ਕੰਪਾਇਰੇਸੀ ਕੇਸ ਵਿੱਚ ਉਸ ਵਿਰੁੱਧ ਗਵਾਹੀ ਦਿੱਤੀ ਸੀ ਕਿ ਉਹ ਅਕਾਲੀਆਂ ਦੇ ਦੀਵਾਨ ਵਿੱਚ ਪਿੰਡ ਬੁਹਾਲੀ ਵਿਖੇ ਹਾਜ਼ਰ ਸੀ ਤੇ ਉੱਥੋਂ ਬੱਬਰ ਕਿਸ਼ਨ ਸਿੰਘ ਗੜਗੱਜ ਦੇ ਨਾਲ ਮੇਰੀ ਕੁਟੀਆ ਪਿੰਡ ਪਰਾਗਪੁਰ ਵਿਖੇ ਆਇਆ ਸੀ। 
ਪਹਿਲੇ ਬੱਬਰ ਕੰਪਾਇਰੇਸੀ ਕੇਸ ਵਿੱਚੋਂ ਬਰੀ ਹੋਣ ਵਾਲਿਆਂ ਵਿੱਚੋਂ ਉਹ ਵੀ ਇੱਕ ਸੀ। ਇਸ ਕੇਸ ਦਾ ਜੱਜ ਮਿਸਟਰ ਜੇ. ਕੇ. ਐਮ. ਟੱਪ, ਐਡੀਸ਼ਨ ਸੈਸ਼ਨ ਜੱਜ ਲਾਹੌਰ, ਆਇਰਲੈਂਡ ਦਾ ਬਸ਼ਿੰਦਾ ਸੀ, ਜੋ ਆਜ਼ਾਦੀ ਸੰਘਰਸ਼ ਕਰਨ ਵਾਲਿਆਂ ਨਾਲ ਦਿਲੋਂ ਹਮਦਰਦੀ ਰੱਖਦਾ ਸੀ। ਜਿਉਂਦੇ ਰਹੇ ਬੱਬਰਾਂ ਨੇ ਬੱਬਰ ਮਿਲਖਾ ਸਿੰਘ ਨਿੱਝਰ ਨੂੰ ਦੱਸਿਆ ਸੀ ਕਿ ਉਸ ਦੀ ਨਰਮੀ ਕਾਰਨ ਹੀ ਉਸ ਨੇ ਬੱਬਰਾਂ ਨੂੰ ਜ਼ਿਆਦਾ ਸਖਤ ਸਜ਼ਾਵਾਂ ਨਾ ਦਿੱਤੀਆਂ। ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ 90 ਵਿੱਚੋਂ ਅੱਧਿਆਂ ਨੂੰ ਫਾਂਸੀ ਹੋਣੀ ਸੀ। 
28 ਫਰਵਰੀ, 1925 ਨੂੰ ਪਹਿਲੇ ਬੱਬਰ ਕੰਸਪਾਇਰੇਸੀ ਕੇਸ ਵਿੱਚੋਂ ਬਰੀ ਹੋ ਕੇ ਬੱਬਰ ਹਰਬੰਸ ਸਿੰਘ ਆਨੰਦਪੁਰ ਸਾਹਿਬ ਚਲੇ ਗਿਆ। ਉਸ ਸਮੇਂ ਸੰਤ ਹਰੀ ਸਿੰਘ ਕਹਾਰਪੁਰ ਵਾਲੇ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੀ ਨਵੇਂ ਸਿਰੇ ਤੋਂ ਉਸਾਰੀ ਕਰਵਾ ਰਹੇ ਸਨ। ਨੀਹਾਂ ਦੀ ਪੁਟਾਈ ਖਤਮ ਹੋਣ ਤੇ ਸੰਤ ਮਹਾਂਪੁਰਖਾਂ ਨੇ ਹੁਕਮ ਕੀਤਾ ਕਿ ਜਿੰਨੀ ਵੀ ਮਾਇਆ ਨਕਦ ਇਕੱਠੀ ਹੋਈ ਹੈ, ਉਹ ਸਾਰੀ ਨੀਹਾਂ ਵਿੱਚ ਖਲਾਰ ਦਿੱਤੀ ਜਾਵੇ। ਸੇਵਕਾਂ ਨੇ ਕਿਹਾ ਕਿ ਅੱਗੋਂ ਇੱਟਾਂ, ਸੀਮੈਂਟ, ਸਰੀਆ ਅਤੇ ਹੋਰ ਸਮੱਗਰੀ ਕਾਹਦੇ ਨਾਲ ਖਰੀਦਾਂਗੇ। ਉਸ ਸਮੇਂ ਚਾਂਦੀ ਦੇ ਰੁਪਏ ਅਤੇ ਅਠਿਆਨੀਆਂ, ਚੁਆਨੀਆਂ ਦੇ ਸਿੱਕੇ ਚਲਦੇ ਸਨ। ਸੰਤਾਂ ਨੇ ਕਿਹਾ ਹੋਰ ਮਾਇਆ ਦਾ ਪ੍ਰਬੰਧ ਕਲਗੀਆਂ ਵਾਲੇ ਦੀ ਕ੍ਰਿਪਾ ਨਾਲ ਆਪੇ ਹੋ ਜਾਵੇਗਾ। 
ਬੱਬਰ ਹਰਬੰਸ ਸਿੰਘ ਉਸ ਸਮੇਂ ਇਸ ਉਸਾਰੀ ਦੇ ਪ੍ਰਬੰਧ ਵਿੱਚ ਸੰਤਾਂ ਦੇ ਸਹਾਇਕ ਦੇ ਤੌਰ 'ਤੇ ਕੰਮ ਕਰਦੇ ਰਹੇ। ਫੇਰ ਉਹ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਸੈਕਟਰੀ ਲੱਗ ਗਏ। ਬੱਬਰ ਮਾਸਟਰ ਉਜਾਗਰ ਸਿੰਘ ਵੀ ਉਸਦੇ ਨਾਲ ਸਹਾਇਕ ਸੈਕਟਰੀ ਲੱਗ ਗਿਆ। ਉਹ ਵੀ ਬੱਬਰਾਂ ਨੂੰ ਫੜਾ ਕੇ ਇਨਾਮ ਲੈਣ ਵਾਲਿਆਂ ਤੋਂ ਬਦਲੇ ਲੈਣ ਲਈ ਉਤਾਵਲਾ ਸੀ। ਸੰਨ 1939 ਈ. ਦੇ ਸ਼ੁਰੂ ਵਿੱਚ ਇਨ੍ਹਾਂ ਨੇ ਪੁਰਾਣੇ ਬੱਬਰਾਂ ਦੀ ਇੱਕ ਮੀਟਿੰਗ ਗੁਰਦੁਆਰਾ ਸਿੰਘ ਸਭਾ ਹੁਸ਼ਿਆਰਪੁਰ ਵਿਖੇ ਬੁਲਾਈ, ਜਿਸ ਵਿੱਚ ਇਨ੍ਹਾਂ ਦੋਹਾਂ ਤੋਂ ਇਲਾਵਾ ਬੱਬਰ ਪਿਆਰਾ ਸਿੰਘ ਧਾਮੀਆਂ, ਬੱਬਰ ਬਚਿੰਤ ਸਿੰਘ ਡਮੁੰਡਾ, ਬੱਬਰ ਬੂਟਾ ਸਿੰਘ ਪੰਡੋਰੀ ਨਿੱਝਰਾਂ ਅਤੇ ਬੱਬਰ ਬੋਲਾ ਸਿੰਘ ਕਾਠੇ ਅਧਿਕਾਰੇ ਹਾਜ਼ਰ ਹੋਏ। ਦੇਰ ਰਾਤ ਤੱਕ ਮੀਟਿੰਗ ਚਲਦੀ ਰਹੀ। ਗਿਆਨੀ ਹਰਬੰਸ ਸਿੰਘ ਨੇ ਤਜਵੀਜ਼ ਰੱਖੀ ਕਿ ਬੱਬਰ ਅਕਾਲੀ ਪਾਰਟੀ ਦੀਆਂ ਲੀਹਾਂ 'ਤੇ ਨਵੀਂ ਪਾਰਟੀ ਬਣਾ ਕੇ ਬੱਬਰਾਂ ਨੂੰ ਸ਼ਹੀਦ ਕਰਵਾ ਕੇ ਇਨਾਮ ਲੈਣ ਵਾਲੇ ਸਰਕਾਰ ਦੇ ਪਿੱਠੂਆਂ ਤੋਂ ਗਿਣ ਗਿਣ ਕੇ ਹਿਸਾਬ ਲਿਆ ਜਾਵੇ। 
ਨਵੀਂ ਪਾਰਟੀ ਦਾ ਨਾਂਅ ਯੁੱਗ ਪਲਟਾਊ ਪਾਰਟੀ ਰੱਖਿਆ ਜਾਵੇ। ਹਾਜ਼ਰ ਬੱਬਰਾਂ ਨੇ ਇਹ ਮਤਾ ਪ੍ਰਵਾਨ ਕਰ ਲਿਆ। ਗਿਆਨੀ ਹਰਬੰਸ ਸਿੰਘ ਬਾਕੀ ਹੋਰ ਬੱਬਰਾਂ ਨਾਲ ਵੀ ਸੰਪਰਕ ਕਰਦੇ ਰਹੇ। ਬਹੁਤ ਸਾਰੇ ਨਵੇਂ ਭਗੌੜੇ ਫੌਜੀ ਉਨ੍ਹਾਂ ਕੋਲ ਕੀਰਤਪੁਰ ਸਾਹਿਬ ਆ ਕੇ ਪੁਰਾਣੇ ਬੱਬਰਾਂ ਦੇ ਬਦਲੇ ਲੈਣ ਲਈ ਉਨ੍ਹਾਂ ਦੀ ਅਗਵਾਈ ਚਾਹੁੰਦੇ ਸਨ। ਸੰਨ 1940 ਦੇ ਹੋਲੇ-ਮਹੱਲੇ ਮੌਕੇ ਇੱਕ ਵੱਡੀ ਮੀਟਿੰਗ ਪੁਰਾਣੇ ਅਤੇ ਨਵੇਂ ਰਲ਼ੇ ਬੱਬਰਾਂ ਦੀ ਹੋਈ, ਜਿਸ ਵਿੱਚ ਬੱਬਰ ਹਰਬੰਸ ਸਿੰਘ ਨੂੰ ਪਾਰਟੀ ਦਾ ਨੇਤਾ ਅਤੇ ਪਾਰਟੀ ਦਾ ਨਾਂਅ ਯੁੱਗ ਪਲਟਾਊ ਪਾਰਟੀ ਰੱਖ ਕੇ ਕੇਸਗੜ੍ਹ ਸਾਹਿਬ ਗੁਰਦੁਆਰੇ ਵਿੱਚ ਅਰਦਾਸ ਕਰਕੇ ਜੈਕਾਰਾ ਬੁਲਾ ਦਿੱਤਾ। 
ਉਨ੍ਹੀਂ ਦਿਨੀਂ ਬੱਬਰ ਨੂੰ ਪਤਾ ਲੱਗਾ ਕਿ ਇੱਕ ਸੀ. ਆਈ. ਡੀ. ਦਾ ਬੰਦਾ ਮੇਲਾ ਸਿੰਘ ਗੁਰਦੁਆਰੇ ਵਿੱਚ ਸੇਵਾਦਾਰ ਲੱਗਾ ਹੋਇਆ ਸੀ ਤੇ ਉਹ ਬੱਬਰਾਂ ਬਾਰੇ ਰਿਪੋਰਟਾਂ ਭੇਜਦਾ ਰਹਿੰਦਾ ਸੀ। ਇੱਕ ਦਿਨ ਬੱਬਰ ਨੇ ਉਸ ਨੂੰ ਆਪਣੇ ਪਾਸ ਕੀਰਤਪੁਰ ਸਾਹਿਬ ਇਸ ਬਹਾਨੇ ਨਾਲ ਬੁਲਾਇਆ ਕਿ ਉਸਦੇ ਰਾਹੀਂ ਇੱਕ ਫੌਜੀ ਭਗੌੜੇ ਨੂੰ ਪੁਲਿਸ ਦੇ ਪੇਸ਼ ਕਰਵਾਉਣਾ ਹੈ। ਦੀਵਾਲੀ ਤੋਂ ਅਗਲਾ ਦਿਨ ਸੀ। ਮੇਲਾ ਸਿੰਘ ਆਉਣ ਲੱਗਾ ਆਪਣੇ ਨਾਲ ਇੱਕ ਹੋਰ ਸਾਥੀ ਨੂੰ ਵੀ ਨਾਲ ਲੈ ਆਇਆ। ਚੁਬਾਰੇ ਵਿੱਚ ਗਿਆਨੀ ਹਰਬੰਸ ਸਿੰਘ ਦੇ ਨਾਲ ਮਾਸਟਰ ਉਜਾਗਰ ਸਿੰਘ ਧਾਮੀਆਂ, ਨਿਰਮਲ ਸਿੰਘ ਸਰੀਂਹ ਅਤੇ ਬਾਬਾ ਗੇਂਦਾ ਸਿੰਘ ਸਨ। ਜਦੋਂ ਮੇਲਾ ਸਿੰਘ ਆਇਆ ਤਾਂ ਗਿਆਨੀ ਜੀ ਨੇ ਬੜੇ ਪਿਆਰ ਨਾਲ ਫਤਹਿ ਬੁਲਾਈ। ਭਗੌੜੇ ਬਾਰੇ ਗੱਲਾਂ ਕਰਦੇ ਹੇਠਾਂ ਉਤਰਨ ਲੱਗ ਪਏ। ਪਿੱਛੋਂ ਮਾਸਟਰ ਉਜਾਗਰ ਸਿੰਘ ਨੇ ਪਿਸਤੌਲ ਦੇ ਦੋ ਫਾਇਰ ਕੀਤੇ, ਦੋਨੋਂ ਹੀ ਮਿਸ ਹੋ ਗਏ। 
ਪਿੱਛੇ ਮੁੜ ਕੇ ਮੇਲਾ ਸਿੰਘ ਨੇ ਦੇਖ ਲਿਆ ਕਿ ਫਾਇਰ ਤਾਂ ਉਸ 'ਤੇ ਕੀਤੇ ਹਨ, ਉਹ ਦੌੜ ਗਿਆੁੰ। ਹੇਠਾਂ ਝੁੱਗੀ ਵਿੱਚ ਬੈਠੇ ਫੌਜੀਆਂ ਨੇ ਫਾਇਰ ਕੀਤੇ, ਜਿਸ ਨਾਲ ਮੇਲਾ ਸਿੰਘ ਦੇ ਨਾਲ ਆਇਆ ਬੰਦਾ ਥਾਂ 'ਤੇ ਹੀ ਡਿੱਗ ਪਿਆ ਅਤੇ ਮਰ ਗਿਆ। ਮੇਲਾ ਸਿੰਘ ਹਨੇਰੇ ਵਿੱਚ ਬਚ ਕੇ ਥਾਣੇ ਪਹੁੰਚ ਗਿਆ ਤੇ ਰਿਪੋਰਟ ਦਰਜ ਕਰਵਾਈ, ਜਿਸ ਵਿੱਚ ਗਿਆਨੀ ਹਰਬੰਸ ਸਿੰਘ, ਗੇਂਦਾ ਸਿੰਘ, ਉਜਾਗਰ ਸਿੰਘ ਧਾਮੀਆਂ ਅਤੇ ਸ਼ਮਸ਼ੇਰ ਸਿੰਘ ਮੋਰਾਂਵਾਲੀ ਦੇ ਨਾਮ ਲਿਖਵਾਏ। ਨਿਰਮਲ ਸਿੰਘ ਦੀ ਥਾਂ ਸ਼ਮਸ਼ੇਰ ਸਿੰਘ ਦਾ ਨਾਂਅ ਉਸ ਨੇ ਭੁਲੇਖੇ ਨਾਲ ਲਿਖਾ ਦਿੱਤਾ। ਉਹ ਤਾਂ ਦੀਵਾਲੀ ਵਾਲੇ ਦਿਨ ਹੀ ਆਪਣੇ ਪਿੰਡ ਮੋਰਾਂਵਾਲੀ ਗਿਆ ਸੀ। ਪੁਲਿਸ ਨੇ ਉਸ ਨੂੰ ਉਸ ਦੇ ਪਿੰਡੋਂ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਸਾਰੇ ਭਗੌੜੇ ਹੋ ਗਏ। 
ਮੇਲਾ ਸਿੰਘ ਦੀ ਚਸ਼ਮਦੀਦ ਗਵਾਹੀ 'ਤੇ ਬੇਗੁਨਾਹ ਸ਼ਮਸ਼ੇਰ ਸਿੰਘ ਮੋਰਾਂਵਾਲੀ ਨੂੰ ਜਲੰਧਰ ਜੇਲ੍ਹ ਵਿੱਚ ਫਾਂਸੀ ਲਾ ਦਿੱਤਾ ਗਿਆ। ਕਹਾਰਪੁਰੀ ਸੰਤਾਂ ਦੇ ਇੱਕ ਹੋਰ ਸੇਵਕ ਰਾਮ ਸਿੰਘ ਗੱਤਕਾ ਮਾਸਟਰ ਨੂੰ ਗਿਆਨੀ ਹਰਬੰਸ ਸਿੰਘ ਜੀ ਨੇ ਅਕਾਲੀ ਲੀਡਰਾਂ ਦੀ ਮਦਦ ਨਾਲ ਤਰਨਤਾਰਨ ਸਾਹਿਬ ਗੁਰਦੁਆਰੇ ਵਿੱਚ ਇੱਕ ਕਮਰਾ ਦੁਆ ਦਿੱਤਾ। ਊਧਮ ਸਿੰਘ ਨਾਗੋਕੇ ਹੁਰਾਂ ਦੀ ਮਦਦ ਨਾਲ ਇੱਕ ਡੁਪਲੀਕੇਟਰ ਖਰੀਦ ਕੇ ਬੱਬਰ ਅਕਾਲੀ ਅਖਬਾਰ ਦੀ ਤਰ੍ਹਾਂ ਜੁੱਗ ਪਲਟਾਊ ਨਾਂਅ ਦਾ ਪਰਚਾ ਛਾਪ ਕੇ ਹੱਥੋ-ਹੱਥੀ ਵੰਡਣਾ ਸ਼ੁਰੂ ਕਰ ਦਿੱਤਾ। 
ਮਾਰਚ 1942 ਵਿੱਚ ਗਿਆਨੀ ਜੀ ਨਿਰਮਲ ਸਿੰਘ ਸਰੀਂਹ ਅਤੇ ਗੇਂਦਾ ਸਿੰਘ ਅੰਮ੍ਰਿਤਸਰ ਦੇ ਪਿੰਡ ਜਾਮਾਰਾਏ ਦੇ ਸਕੂਲ ਦੇ ਕੁਆਰਟਰਾਂ ਵਿੱਚੋਂ ਕਿਸੇ ਮੁਖਬਰ ਦੀ ਸੂਹ 'ਤੇ ਬੇਹੋਸ਼ ਕਰਕੇ ਪੁਲਿਸ ਨੇ ਗ੍ਰਿਫਤਾਰ ਕਰ ਲਏ। ਨਿਰਮਲ ਸਿੰਘ ਅਤੇ ਗੇਂਦਾ ਸਿੰਘ ਤਾਂ ਬਰੀ ਹੋ ਗਏ ਪਰ ਗਿਆਨੀ ਹਰਬੰਸ ਸਿੰਘ ਨੂੰ 3 ਅਪ੍ਰੈਲ, 1944 ਨੂੰ ਫਾਂਸੀ ਲਾ ਦਿੱਤਾ ਗਿਆ।