ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀਵਾਲਾ
ਸੰਨ 1845-46 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਪਹਿਲੀ ਜੰਗ ਹੋਈ ਮੁਦਕੀ, ਫੇਰੂ ਸ਼ਹਿਰ, ਬਦੋਵਾਲ, ਆਲੀਵਾਲ ਅਤੇ ਸਭਰਾਵਾਂ ਵਿਚ ਐਗਲੋਂ-ਸਿੱਖ ਜੰਗ ਦੇ ਨਾਮ ਨਾਲ ਹੋਈਆਂ ਇਨ੍ਹਾਂ ਲੜਾਈਆਂ ਨੂੰ ਅੱਜ 164 ਸਾਲ ਹੋ ਗਏ ਹਨ। ਅੱਜ ਸਾਡੀਆਂ ਅਜੋਕੀਆਂ ਨਸਲਾਂ ਦਾ ਸਾਨੂੰ ਇਕ ਅਣਚਾਹਿਆ ਜਿਹਾ ਸੁਆਲ ਹੈ। ਕਿ ਕੀ ਬੀਤੇ ਸਮੇਂ ਦੇ ਇਤਿਹਾਸ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਹੈ?
ਇਸ ਦਾ ਜਵਾਬ ਹੈ ਕਿ ਇਤਿਹਾਸ ਦੀ ਘਟਨਾਵਾਂ ਤੇ ਇਨ੍ਹਾਂ ਦੇ ਆਦਰਸ਼ ਪਾਤਰਾਂ ਤੋਂ ਕੌਮਾਂ ਨੂੰ ਵਧੀਆ ਮਾਰਗ ਦਰਸ਼ਨ ਮਿਲਦਾ ਹੈ। ਜਦੋਂ ਕਿ ਬਦਦਿਆਨਤ ਇਤਿਹਾਸਕ ਪਾਤਰਾਂ ਦੀ ਕੁਝ ਲਮਹਿਆਂ ਦੀ ਖ਼ਤਾ ਦੇ ਕਾਰਣ ਕੌਮਾਂ ਸਦੀਆਂ ਦੀ ਸਜ਼ਾ ਭੋਗਦੀਆਂ ਹਨ; ਜਿਸ ਤੋਂ ਕਿ ਕੌਮਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਮਿਸਾਲ ਵਜੋਂ ਕੌਮ ਨੂੰ ਅੰਗਰੇਜ਼ ਤੇ ਸਿੱਖਾਂ ਦੀ ਜੰਗ ਦੇ ਮਹਾਨ ਪਾਤਰ ਸ੍ਰ. ਸ਼ਾਮ ਸਿੰਘ ਅਟਾਰੀਵਾਲੇ ਵਰਗੇ ਸੂਰਬੀਰਾਂ ਤੋਂ ਦੇਸ਼ ਤੋਂ ਆਪਾ ਵਾਰਨ ਵਰਗਾ ਆਦਰਸ਼ ਸਬਕ ਮਿਲਦਾ ਹੈ ਦੂਜੇ ਪਾਸੇ ਕੁਝ ਕੁ ਗਦਾਰ ਜਰਨੈਲਾਂ ਦੇ ਵਿਸ਼ਵਾਸ਼ਘਾਤ ਕਾਰਨ ਸਿਖ ਰਾਜ ਖਤਮ ਹੋ ਗਿਆ ਤੇ ਹਸਦੇ-ਵਸਦੇ ਪੰਜਾਬੀਆਂ ਨੂੰ ਪੂਰੇ 101 ਸਾਲ ਦੀ ਜਿਹੜੀ ਗੁਲਾਮੀ ਦੇਖਣੀ ਪਈ ਇਕ ਪਾਸੇ ਦੇਸ਼-ਪ੍ਰਸਤ ਹਜ਼ਾਰਾਂ ਪੰਜਾਬੀਆਂ ਦੇ ਕੁਰਬਾਨੀਆਂ ਭਰਪੂਰ ਕਾਰਨਾਮਿਆਂ ਅਤੇ ਦੂਜੇ ਪਾਸੇ ਦੇਸ਼ ਦੇ ਗਦਾਰ ਤੇ ਮੌਕਾ ਪ੍ਰਸਤ ਲਾਲ ਸਿੰਘ ਤੇ ਤੇਜ ਸਿੰਘ ਦੀਆਂ ਕਾਲੀਆਂ ਕਰਤੂਤਾਂ ਤੋਂ ਸਮੁੱਚੀ ਕੌਮ ਨੂੰ ਅੱਜ ਵੀ ਵਾਕਿਫ ਹੋਣ ਦੀ ਬੇਹੱਦ ਲੋੜ ਹੈ। ਇਸ ਲਈ ਸਿਰਫ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਸਾਰੀ ਕੌਮ ਨੂੰ ਜਾਣੂੰ ਹੋਣ ਦੀ ਲੋੜ ਹੈ।
ਖੈਰ! ਇਹ ਵੀ ਕੌਮ ਲਈ ਬੜੀ ਤਸੱਲੀ ਵਾਲੀ ਗੱਲ ਹੈ ਕਿ ਉਦੋਂ ਵੀ ਪੰਜਾਬੀ ਕੌਮ ਵਿੱਚ ਸ੍ਰ: ਸ਼ਾਮ ਸਿੰਘ ਅਟਾਰੀਵਾਲਾ ਵਰਗੇ ਪੰਜਾਬੀ ਕੌਮ ਵਿਚ ਦੇਸ਼ ਭਗਤ ਵੀ ਸਨ ਜੋ ਕਿ ਕੌਮੀ ਸਵੈਮਾਣ ਦੀ ਰਾਖੀ ਲਈ ਸ਼ਹੀਦੀਆਂ ਪਾ ਗਏ ਇਸ ਲਈ ਸਾਨੂੰ ਸਾਰਿਆਂ ਨੂੰ ਹੀ ਇਸ ਜੰਗ ਦੇ ਸਲਾਨਾ ਇਤਿਹਾਸਕ ਪੁਰਬ ਮਨਾਉਂਣ ਸਮੇਂ ਉਨ੍ਹਾਂ ਵਰਗੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਦਾ ਗੁਣਗਾਨ ਕੌਮੀ ਪੱਧਰ 'ਤੇ ਕਰਨਾ ਬਣਦਾ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਕੌਮ ਆਪਸੀ ਫੁੱਟ ਦਾ ਸ਼ਿਕਾਰ ਹੋਵੇ ਅਤੇ ਹਰ ਕੋਈ ਮੌਕਾ ਪ੍ਰਸਤੀ ਦੀ ਭਾਵਨਾ ਨਾਲ ਆਪਣੀ ਕੋਝੀ ਚਾਲ ਚਲ ਰਿਹਾ ਹੋਵੇ ਤਾਂ ਦੇਸ਼ ਦੇ ਪੱਲੇ ਗੁਲਾਮੀ ਤੋਂ ਸਿਵਾਏ ਹੋਰ ਕੁਝ ਨਹੀਂ ਪੈਂਦਾ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੁਖੀ-ਸਾਂਦੀ ਵਸਦੇ ਖੁਸ਼ਹਾਲ ਪੰਜਾਬ ਦੇ ਲੋਕਾਂ ਦਾ ਸਿਖ ਰਾਜ ਪੂਰੀ ਚੜ੍ਹਤ ਵਿਚ ਸੀ ਆਪਣੇ ਆਪ ਨੂੰ ਮਹਾਰਾਜਾ ਕਹਾਉਣ ਦੀ ਬਜਾਏ 'ਸ੍ਰਕਾਰ ਖਾਲਸਾ' ਸਦਾਉਣ ਵਾਲੇ ਸ਼ੇਰੇ-ਪੰਜਾਬ ਰਣਜੀਤ ਸਿੰਘ ਦਾ ਰਾਜ ਅਫਗਾਨਿਸਤਾਨ ਤਕ ਸੀ ਅਤੇ ਹਿੰਦੋਸਤਾਨ ਦੇ ਸ਼ਾਸਕ ਅੰਗਰੇਜ਼ ਵੀ ਉਸ ਦੇ ਰਾਜ ਤੋਂ ਤ੍ਰਹਿੰਦੇ ਸਨ ਇਸ ਤੋਂ ਬਾਅਦ ਫਿਰ ਪੰਜਾਬ ਦੀ ਗੁਲਾਮੀ ਦੀ ਦਾਸਤਾਨ ਸ਼ੁਰੂ ਹੋਈ ਜਿਸ ਬਾਰੇ ਇਕ ਸ਼ਾਇਰ ਮੁਜ਼ਫਰ ਰਜ਼ਮੀ ਦਾ ਕਲਾਮ ਕਿੰਨਾ ਢੁਕਦਾ ਹੈ।
'ਵੋਹ ਜਬਰ ਭੀ ਦੇਖਾ ਹੈ ਤਵਾਰੀਖ ਕੇ ਅਹਦੋਂ ਕਾ, ਲਮਹੋਂ ਨੇ ਖਤਾ ਖਾਈ ਥੀ ਸਦੀਉਂ ਨੇ ਸਜ਼ਾ ਪਾਈ '
ਸੰਨ 1839 ਵਿਚ ਪੰਜਾਬ ਦੇ ਪਹਿਲੇ ਤੇ ਆਖਰੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਸਿਖ-ਰਾਜ ਦੇ ਸ੍ਰਦਾਰਾਂ ਦੀ ਆਪਸੀ ਈਰਖਾ ਤੇ ਫੁੱਟ ਕਾਰਣ ਖਾਨਾਜੰਗੀ ਤੇ ਬੁਰਛਾਗਰਦੀ ਨੇ ਪੰਜਾਬ ਦੇ ਖੁਦਮੁਖਤਿਆਰ ਸਿੱਖ ਰਾਜ ਨੂੰ ਘੋਰ-ਗੁਲਾਮੀ ਦੇ ਦੌਰ ਵਿਚ ਪਹੁੰਚਾ ਦਿਤਾ।
ਮੁਦਕੀ ਤੇ ਫੇਰੂਸ਼ਹਿਰ ਦੀ ਲੜਾਈ
ਮੁੱਦਕੀ ਦੇ ਟਿਬਿਆਂ ਵਿਚ ਲਾਰਡ ਹਾਰਡਿੰਗ ਤੇ ਹਿਊ ਗਫ਼ ਦਾ ਸਾਹਮਣਾ ਸਿੱਖ ਫੌਜ ਨਾਲ 18 ਦਸੰਬਰ, 1845 ਨੂੰ ਹੋਇਆ ਲਾਲ ਸਿੰਘ ਨੇ ਸ਼ਾਮ ਦੇ ਕਰੀਬ 4 ਵਜੇ ਆਪਣੀ ਮੁੱਦਕੀ ਵਾਲੀ ਫੌਜ ਨੂੰ ਅੰਗਰੇਜ਼ 'ਤੇ ਹੱਲਾ ਬੋਲਣ ਦਾ ਹੁਕਮ ਦਿੱਤਾ ਇਹ ਲੜਾਈ ਇੰਨੀ ਗਹਿਗਚ ਹੋਈ ਕਿ ਅੰਗਰੇਜ਼ਾਂ ਨੇ ਆਪਣੀ ਹਾਰ ਨੂੰ ਯਕੀਨੀ ਮੰਨਦੇ ਹੋਏ ਆਪਣੀ ਫੌਜ ਨੂੰ ਫ਼ਿਰੋਜ਼ਪੁਰ ਛਾਉਣੀ ਪਹੁੰਚਣ ਦੇ ਅਦੇਸ਼ ਦਿਤੇ।
ਫੇਰੂਸ਼ਹਿਰ ਦੀ ਭਿਆਨਕ ਜੰਗ 21-22 ਦਸੰਬਰ ਦੀ ਦਰਮਿਆਨੀ ਰਾਤ ਨੂੰ ਹੋਈ ਲਾਰਡ ਹਾਰਡਿੰਗ ਨੇ ਨੈਪੋਲੀਅਨ ਬੋਨਾਪਾਰਟ ਦੇ ਵਿਰੁੱਧ ਲੜੀਆਂ ਗਈਆਂ ਲੜਾਈਆਂ ਦੇ ਇਨਾਮ ਵਜੋਂ ਮਿਲੀ ਆਪਣੀ ਤਲਵਾਰ, ਆਪਣੇ ਵਿਆਹ ਸਮੇਂ ਦੀ ਮੁੰਦਰੀ ਤੇ ਕੁੱਝ ਵਿਸ਼ੇਸ਼ ਦਸਤਾਵੇਜ਼ ਆਪਣੇ ਪੁੱਤਰ ਰਾਹੀਂ ਜੰਗ ਦੇ ਮੈਦਾਨ ਵਿਚੋਂ ਵਾਪਸ ਭੇਜ ਦਿੱਤੇ ਸਰ ਹੋਪ ਗਰਾਂਟ ਦੇ ਸ਼ਬਦਾਂ ਵਿਚ 21-22 ਦਸੰਬਰ ਦੀ ਅਤੀ ਭਿਆਨਕ ਦਰਮਿਆਨੀ ਰਾਤ ਨੂੰ ਜਦੋਂ ਅੰਗਰੇਜ਼ ਫੌਜਾਂ ਦੀ ਸਾਰੀ ਵਿਉਂਤਬੰਦੀ ਸਿੱਖ ਫੌਜਾਂ ਦੇ ਜੋਸ਼ ਤੇ ਮਾਰੂ ਹਮਲਿਆਂ ਦੇ ਸਨਮੁੱਖ ਤਹਿਸ-ਨਹਿਸ ਹੋ ਗਈ ਸੀ ਠੀਕ ਉਸ ਸਮੇਂ ਸਿੱਖ ਫੌਜ ਦੇ ਗੱਦਾਰ ਵਜ਼ੀਰ ਲਾਲ ਸਿੰਘ ਤੇ ਸੈਨਾਪਤੀ ਤੇਜ ਸਿੰਘ ਨੇ ਪੰਜਾਬ ਦੀ ਕਿਸਮਤ ਨਾਲ ਅਣਹੋਣੀ ਚਾਲ ਖੇਡੀ ਅਤੇ ਸਿੱਖ ਫੌਜਾਂ ਨੂੰ ਵਾਪਸ ਸਤਲੁਜ ਪਾਰ ਕਰਨ ਦਾ ਹੁਕਮ ਦੇ ਦਿੱਤਾ ਇਸ ਸਬੰਧ ਵਿਚ ਕਿਹਾ ਜਾ ਸਕਦਾ ਹੈ ਕਿ
"ਤੇਰੀ ਦੁਨੀਆਂ ਮੇਂ ਯਾ ਰਬ ਅਪਨੀ ਅਪਨੀ ਕਿਸਮਤ ਹੈ, ਸ਼ਮਾਂ ਜਲੀ ਤੋਂ ਨੂਰ ਹੂਆ, ਪਰਵਾਨਾ ਜਲਾ ਤੋ ਰਾਖ਼ ਹੂਆ"
ਸੱਭਰਾਉਂ ਦੀ ਲੜਾਈ 10 ਫਰਵਰੀ 1846
ਮੁੱਦਕੀ ਅਤੇ ਫ਼ੇਰੂ ਸ਼ਹਿਰ ਦੀਆਂ 18 ਦਸੰਬਰ ਤੇ 22 ਦਸੰਬਰ 1845 ਦੀਆਂ ਲੜਾਈਆਂ ਤੋਂ ਬਾਅਦ ਬੱਦੋਵਾਲ ਤੇ ਅਲੀਵਾਲ ਦੀ ਲੜਾਈ 21 ਜਨਵਰੀ ਤੇ 28 ਜਨਵਰੀ 1846 ਨੂੰ ਹੋਈ ਉਸ ਤੋਂ ਬਾਅਦ ਸੱਭਰਾਉਂ ਪੱਤਣ ਵਿਖੇ 10 ਫਰਵਰੀ 1846 ਨੂੰ ਫ਼ੈਸਲਾਕੁੰਨ ਲੜਾਈ ਹੋਈ ਜਿਸ ਵਿਚ ਅੰਗਰੇਜ਼ਾਂ ਨੇ ਮੁੱਦਕੀ ਤੇ ਫ਼ੇਰੂ ਸ਼ਹਿਰ ਦੀਆਂ ਲੜਾਈਆਂ ਤੋਂ ਸਿੱਖ ਫੌਜਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਵੇਖਦੇ ਹੋਏ ਸਾਰੇ ਹਿੰਦੁਸਤਾਨ ਭਰ ਤੋਂ ਆਪਣੇ ਚੋਣਵੇਂ ਜਰਨੈਲ ਇਸ ਲੜਾਈ ਦੀ ਮੋਰਚਾਬੰਦੀ ਲਈ ਬੁਲਾ ਲਏ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖਾਲਸਾ ਰਾਜ ਦੇ ਸਰਦਾਰਾਂ ਅਤੇ ਜਰਨੈਲਾਂ ਦੀ ਆਪਸੀ ਫੁੱਟ ਤੋਂ ਦੁਖੀ ਹੋ ਕੇ ਅਲੱਗ ਬੈਠੇ ਸੂਰਬੀਰ ਅਤੇ ਅਣਖੀਲੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਨੇ ਅੰਗਰੇਜ਼ਾਂ ਨਾਲ ਦੋ-ਦੋ ਹੱਥ ਕਰਨ ਦਾ ਫ਼ੈਸਲਾ ਕੀਤਾ।
ਸਭਰਾਉਂ ਦੀ ਲੜਾਈ 10 ਵਜੇ ਸ਼ੁਰੂ ਹੋਈ ਜਿਸ ਵਿੱਚ ਇਕ ਵਾਰ ਫੇਰ ਗੁਲਾਬ ਸਿੰਘ, ਤੇਜ ਸਿੰਘ ਤੇ ਲਾਲ ਸਿੰਘ ਨੇ ਅੰਗਰੇਜ਼ਾਂ ਨਾਲ ਸਾਜ਼ਬਾਜ਼ ਹੋ ਕੇ ਸਿੱਖ ਰਾਜ ਨਾਲ ਗੱਦਾਰੀ ਦਾ ਦਿਨ-ਦੀਵੀਂ ਕਲੰਕ ਖਟਿਆ ਇਨ੍ਹਾਂ ਨੇ ਆਪਣੀ ਕਮਾਂਡ ਹੇਠ ਲੜਣ ਵਾਲੀ ਫੌਜ ਨੂੰ ਲੜਣ ਦੇ ਹੁਕਮ ਹੀ ਨਹੀਂ ਦਿੱਤੇ ਸਗੋਂ ਅੰਗਰੇਜ਼ਾਂ ਨਾਲ ਗੰਢ ਤੁਪ ਕਰ ਚੁੱਕੇ ਇਹ ਵਿਸ਼ਵਾਸਘਾਤੀ ਜਰਨੈਲ 'ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ' ਦੇ ਕਲਾਮ ਅਨੁਸਾਰ ਵਫ਼ਾਦਾਰ ਸਿੰਘਾਂ ਦੀਆਂ ਸ਼ਹੀਦੀਆਂ ਦਾ ਨਜ਼ਾਰਾ ਹੀ ਲੈਂਦੇ ਰਹੇ ਸਗੋਂ ਉਨ੍ਹਾਂ ਨੇ ਇਕ ਘਿਨਾਉਣੀ ਕਰਤੂਤ ਇਹ ਵੀ ਕੀਤੀ ਕਿ ਆਪਣੇ ਚਹੇਤੇ ਸੈਨਿਕਾਂ ਦੇ ਨਾਲ ਸਤਲੁਜ ਨੂੰ ਵਾਪਸ ਪਾਰ ਕਰਕੇ ਬੇੜੀਆਂ ਦੀ ਪੁੱਲ ਹੀ ਤੁੜਵਾ ਦਿੱਤਾ ਤਾਂ ਕਿ ਵਫਾਦਾਰ ਸੈਨਿਕ ਜੇ ਵਾਪਸ ਮੁੜਣਾ ਵੀ ਚਾਹੁਣ ਤਾਂ ਦਰਿਆ ਦੇ ਹੜ ਵਿਚ ਹੀ ਡੁੱਬ ਕੇ ਮਰ ਜਾਣ ਉਧਰ ਬਹਾਦਰ ਜਰਨੈਲ ਸਰਦਾਰ ਸ਼ਾਮ ਸਿੰਘ 'ਸਿੱਧੂ' ਵਾਸੀ ਅਟਾਰੀ ਵਾਲਾ ਨੇ ਕਸਮ ਖਾਧੀ ਸੀ ਕਿ ਜਾਂ ਤਾਂ ਉਹ ਜੰਗ ਜਿੱਤ ਕੇ ਆਉਣਗੇ ਨਹੀਂ ਤਾਂ ਆਪਣੇ ਮਰਜੀਵੜੇ ਸਿੰਘਾਂ ਸਮੇਤ ਸ਼ਹੀਦੀਆਂ ਪਾ ਜਾਣਗੇ ਅਖੀਰ ਵਿੱਚ ਸ੍ਰ: ਸ਼ਾਮ ਸਿੰਘ ਅਟਾਰੀਵਾਲਾ ਅਤੇ ਉਨ੍ਹਾਂ ਦੇ ਸੂਰਬੀਰ ਸਾਥੀਆਂ ਨੇ ਆਪਣੀ ਇਹ ਸੌਹ ਅੰਤਿਮ ਸਵਾਸਾਂ ਤਕ ਨਿਭਾਈ ਸ੍ਰ: ਸ਼ਾਮ ਸਿੰਘ ਖੁਦ ਆਪਣੀ ਛਾਤੀ ਵਿਚ ਸੱਤ ਗੋਲੀਆਂ ਸਮੋ ਕੇ ਸ਼ਹੀਦੀ ਜਾਮ ਪੀ ਗਏ ਅੰਗਰੇਜ਼ਾਂ ਨੇ ਖੁਦ ਮੰਨਿਆ ਹੈ ਕਿ ਇਸ ਸੂਰਬੀਰ ਜਰਨੈਲ ਦੇ ਇਕ ਵੀ ਸਿੱਖ ਸਿਪਾਹੀ ਨੇ ਜੰਗ ਦਾ ਮੈਦਾਨ ਨਹੀਂ ਛੱਡਿਆ ਅਤੇ ਨਾ ਹੀ ਕਿਸੇ ਨੇ ਜੀਵਨ ਦਾਨ ਦੀ ਭੀਖ ਮੰਗੀ ਸ਼ਾਹ ਮੁਹੰਮਦ ਦੇ ਸ਼ਬਦਾਂ ਅਨੁਸਾਰ
"ਸ਼ਾਮ ਸਿੰਘ ਅਟਾਰੀ ਵਾਲੇ, ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ"
ਉਹ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਹੋਈ ਇਸ ਪਹਿਲੀ ਜੰਗ ਦੇ ਸ਼ੁਰੂ ਤੋਂ ਅਖੀਰ ਤਕ ਦੇ ਹਾਲਾਤਾਂ ਅਤੇ ਨਤੀਜੇ ਦਾ ਵਰਨਣ ਇਉਂ ਕਰਦਾ ਹੈ:
"ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ
ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ
ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ"
ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ
ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ"
" ਕਮਾਂਡਰ-ਇਨ-ਚੀਫ ਸਰ ਹਿਊ ਗਫ਼ ਨੇ ਸੱਭਰਾਉਂ ਦੀ ਲੜਾਈ ਦਾ ਮੁਕਾਬਲਾ ਅੰਗਰੇਜ਼ਾਂ ਦੀਂ ਨੈਪੋਲੀਅਨ ਨਾਲ ਹੋਈ ਆਖਰੀ ਫ਼ੈਸਲਾਕੁੰਨ ਲੜਾਈ ਵਾਟਰਲੂ ਦੇ ਨਾਲ ਕੀਤਾ ਹੈ"
ਜੇ.ਡੀ. ਕਨਿੰਘਮ ਲਿਖਦਾ ਹੈ ਕਿ ਸੱਭਰਾਉਂ ਦੀ ਲੜਾਈ ਵਿਚ 320 ਅੰਗਰੇਜ਼ ਫੌਜ ਦੇ ਅਫਸਰ ਮਾਰੇ ਗਏ ਅਤੇ 2083 ਅਫਸਰ ਤੇ ਜਵਾਨ ਬੁਰੀ ਤਰਾਂ ਜ਼ਖ਼ਮੀ ਹੋਏ ਇਤਿਹਾਸਕਾਰਾਂ ਨੇ ਸਿੱਖ ਜਰਨੈਲਾਂ, ਜੱਥੇਦਾਰਾਂ ਤੇ ਫੌਜਾਂ ਦੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਤੇ ਜ਼ਖ਼ਮੀ ਜਵਾਨਾਂ ਦੀ ਗਿਣਤੀ ਬੇਸ਼ਕ ਅੰਦਾਜ਼ਿਆਂ ਅਨੁਸਾਰ ਹੀ ਦੱਸੀ ਹੈ। ਪਰ ਇਸ ਲੜਾਈ ਵਿਚ ਸਿੱਖ ਫੌਜ ਦੇ ਨੁਕਸਾਨ ਦੀ ਗਿਣਤੀ 12000 ਤੇ 15000 ਤਕ ਹੋਣ ਬਾਰੇ ਸਾਰੇ ਇਤਿਹਾਸਕਾਰਾਂ ਦੀ ਸਹਿਮਤੀ ਹੈ ਸ੍ਰ: ਸ਼ਾਮ ਸਿੰਘ ਅਟਾਰੀਵਾਲਾ ਵਰਗੇ ਇਹ ਕੁਰਬਾਨੀ ਦੇ ਪੁੰਜ ਅੱਜ ਸਾਥੋਂ ਆਸ-ਉਮੀਦ ਰੱਖਦੇ ਹਨ ਕਿ :
"ਹਮੇਂ ਭੀ ਯਾਦ ਰੱਖਨਾ, ਜਬ ਲਿਖੋ ਤਾਰੀਖ਼ ਗੁਲਸ਼ਨ ਕੀ,
ਕੀ ਹਮਨੇ ਭੀ ਲੁਟਾਯਾ ਹੈ, ਚਮਨ ਮੇਂ ਆਸ਼ਿਆਂ ਅਪਨਾ"
ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਜਿਥੇ ਆਪਣੀ ਅੰਗਰੇਜ਼ ਫੌਜ ਤੇ ਅੰਗਰੇਜ਼ਾਂ ਦੇ ਮਾਤਹਿਤ ਹਿੰਦੋਸਤਾਨੀ ਫੌਜ ਦੀ ਬਹਾਦਰੀ ਦਾ ਜ਼ਿਕਰ ਕੀਤਾ ਉਥੇ ਹੀ ਉਸ ਨੇ ਕਮਾਂਡਰ-ਇਨ-ਚੀਫ ਲਾਰਡ ਗਫ਼ ਦੀ 13 ਫਰਵਰੀ, 1846 ਦੀ ਰਿਪੋਰਟ ਦਾ ਵੀ ਜ਼ਿਕਰ ਕੀਤਾ ਕਿ ਕਮਾਂਡਰ-ਇਨ-ਚੀਫ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਸਾਡੀ ਰਾਜਨੀਤੀ ਅਨੁਸਾਰ ਸਾਨੂੰ ਹੱਕ ਨਹੀਂ ਕਿ ਅਸੀਂ ਆਪਣੇ ਹਾਰੇ ਹੋਏ ਦੁਸ਼ਮਣ ਦੀ ਬਹਾਦਰੀ ਦੀ ਤਾਰੀਫ ਕਰੀਏ ਪਰ ਜੇ ਅਸੀਂ ਦੇਸ਼ ਭਗਤੀ ਦੇ ਜਜ਼ਬੇ ਦੇ ਪਾਬੰਦ ਨਾ ਹੁੰਦੇ ਤਾਂ ਅਸੀਂ ਜ਼ਰੂਰ ਹੀ ਸਿੱਖ ਸਰਦਾਰਾਂ ਅਤੇ ਸਿੱਖ ਫੌਜ ਦੀਆਂ ਕੁਰਬਾਨੀਆਂ ਨੂੰ ਵੇਖਦੇ ਹੋਏ ਆਪਣੇ ਆਪ ਨੂੰ ਰੋਣ ਤੋਂ ਰੋਕ ਨਾ ਸਕਦੇ ਕਿ ਕਿਸ ਤਰ੍ਹਾਂ ਐਡੇ ਬਹਾਦਰ ਲੋਕਾਂ ਦਾ ਇਨ੍ਹਾਂ ਲੜਾਈਆਂ ਵਿਚ ਘਾਣ ਹੋਇਆ ਹੈ।
ਅੱਜ ਵੀ ਤਕਰੀਬਨ ਸੰਨ 1860 ਦੇ ਕਰੀਬ ਬਣੇ ਮੁੱਦਕੀ ਫੇਰੂ ਸ਼ਹਿਰ ਤੇ ਸਭਰਾਉਂ ਦੇ ਸ਼ਹੀਦੀ ਮੀਨਾਰ ਸਾਨੂੰ ਜੰਗ ਦੇ ਉਨ੍ਹਾਂ ਦੀ ਯਾਦ ਦਿਵਾਉਂਦੇ ਹਨ। ਇਹ ਯਾਦਗਾਰਾਂ ਹੁਣ ਢਹਿ-ਢੇਰੀ ਹੋ ਰਹੀਆਂ ਹਨ। ਆਲੀਵਾਲ ਦੇ ਨਜ਼ਦੀਕ ਤਾਂ ਇਹ ਯਾਦਗਾਰ ਤਕਰੀਬਨ ਖਤਮ ਹੀ ਹੋ ਚੁੱਕੀ ਹੈ। ਹੋਰ ਵੀ ਵੱਡੇ ਸਿਤਮ ਦੀ ਗੱਲ ਇਹ ਹੈ ਕਿ ਪੰਜਾਬ ਦੇ ਇਨ੍ਹਾਂ ਸ਼ਹੀਦੀ ਸਥਾਨਾਂ ਦੇ ਪੱਧਰ 'ਤੇ ਵੀ ਇਸ ਸਬੰਧੀ ਜਾਣਕਾਰੀ ਤੇ ਜਾਗਰੂਕਤਾ ਬੜੀ ਘੱਟ ਹੈ। ਇਨ੍ਹਾਂ ਯਾਦਗਾਰੀ ਸਮਾਰਕਾਂ ਬਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਭਾਈ ਸੁਣਦੇ ਤਾਂ ਹਾਂ ਕਿ ਸਿੱਖਾਂ ਦੀ ਅੰਗਰੇਜ਼ਾਂ ਨਾਲ ਲੜਾਈ ਹੋਈ ਸੀ ਪਰ ਉਨ੍ਹਾਂ ਨੂੰ ਜੇ ਪੁੱਛੋ ਕਿ ਕਿਉਂ ਤੇ ਕਦੋਂ ਜਾਂ ਕਿਹੜੇ ਸਿੱਖ ਜਰਨੈਲਾਂ ਨੇ ਇਹ ਜੰਗ ਲੜੀ ਸੀ? ਇਸ ਬਾਰੇ ਜੁਆਬ ਮਿਲਦਾ ਹੈ ਕਿ "ਰੱਬ ਹੀ ਜਾਣੇ" ਭਾਈ ਆਪਾਂ ਕਿਹੜਾ ਲੜਾਈ ਹੁੰਦੀ ਦੇਖੀ ਹੈ ਇਸ ਸਬੰਧੀ ਸਾਡੀ 'ਸੋਚ ਚੱਲ ਹੋਊ; ਸਾਨੂੰ ਕੀ' ਵਾਲੀ ਬਣ ਚੁੱਕੀ ਹੈ।
ਇਨ੍ਹਾਂ ਸ਼ਹੀਦੀ ਸਮਾਰਕਾਂ ਤੇ ਅੰਗਰੇਜ਼ ਤਾਂ ਅੱਜ ਵੀ ਆਪਣੇ ਸ਼ਹੀਦ ਵਡੇਰਿਆਂ ਨੂੰ ਸਨਮਾਨ ਦੇਣ ਆਉਂਦੇ ਹਨ। ਮੈਂ ਕ੍ਰਿਸਮਿਸ ਦੇ ਮੌਕੇ 'ਤੇ ਦਸੰਬਰ ਦੇ ਅਖੀਰਲੇ ਦਿਨਾਂ ਵਿਚ ਜਦੋਂ ਕਿ ਇਹ ਲੜਾਈਆਂ ਹੋਈਆਂ ਸਨ। ਉਨ੍ਹਾਂ ਦਿਨਾਂ ਵਿਚ ਸੰਨ 2000-01 ਬਤੌਰ ਡੀ.ਸੀ. ਫਿਰੋਜ਼ਪੁਰ ਅਤੇ ਫਿਰ 2005-06 ਵਿਚ ਬਤੌਰ ਕਮਿਸ਼ਨਰ ਅਕਸਰ ਦੇਖਿਆ ਕਿ ਇੰਗਲੈਂਡ ਤੋਂ ਲੋਕ ਆਪਣੇ ਐਂਗਲੋ ਸਿੱਖ ਵਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਸਨ।
ਅਸੀਂ ਆਪਣੇ ਗੌਰਵਮਈ ਸਵਤੰਰਤਾ ਸੰਗਰਾਮੀਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਸ਼ਹੀਦੀ ਸਮਾਰਕਾਂ ਨੂੰ ਭੁਲਦੇ ਜਾ ਰਹੇ ਹਾਂ ਇਸ ਦਾ ਵੱਡਾ ਕਾਰਨ ਇਹ ਹੈ ਕਿ ਸਾਡੇ ਕਿਰਦਾਰ ਵਿੱਚ ਅਹਿਸਾਨਮੰਦ ਹੋਣ ਦੀ ਥਾਂ ਦੇ ਬਜਾਏ ਤੇ ਅਕ੍ਰਿਤਘਣਤਾ ਤੇ ਅਹਿਸਾਨ ਫਰਾਮੋਸ਼ੀ ਜਿਹੀ ਮਾੜੀ ਪ੍ਰਵਿਰਤੀ ਸ਼ਾਮਲ ਹੋ ਗਈ ਹੈ। ਸਾਡੀ ਅਜ਼ਾਦੀ ਤੇ ਪਦਾਰਥਵਾਦੀ ਤਰੱਕੀ ਨੇ ਕੌਮੀ ਪੱਧਰ 'ਤੇ ਸਾਡੇ ਵਿੱਚ ਇਕ ਔਗੁਣ ਇਹ ਭਰ ਦਿੱਤਾ ਹੈ ਕਿ ਕੌਮੀ ਸ਼ਹੀਦਾਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਹੁਣ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ।
ਰੱਬ ਖੈਰ ਕਰੇ! ਹੁਣ ਵੀ ਵਕਤ ਹੈ ਕਿ ਰਾਸ਼ਟਰੀ ਏਕਤਾ ਨੂੰ ਬਰਕਰਾਰ ਰੱਖਣ ਲਈ ਅਸੀਂ ਆਪ ਵੀ ਸੰਭਲੀਏ ਤੇ ਬਹਾਦਰ ਕੌਮ ਦੇ ਵਾਂਗ ਆਪਣੇ ਸ਼ਹੀਦਾਂ ਦੀਆਂ ਕੌਮੀ ਯਾਦਗਾਰਾਂ ਨੂੰ ਵੀ ਸੰਭਾਲੀਏ ਇਹ ਯਾਦਗਾਰੀ ਸਮਾਰਕ ਸਾਨੂੰ ਅੱਜ ਵੀ ਕੌਮ ਦੇ ਵਫ਼ਾਦਾਰ ਵਡੇਰਿਆਂ ਦੀ ਕੁਰਬਾਨੀ ਤੇ ਦੇਸ਼ ਭਗਤੀ ਦੀ ਯਾਦ ਦਿਵਾ ਰਹੇ ਹਨ।
ਕੁਲਬੀਰ ਸਿੰਘ ਸਿੱਧੂ, ਆਈ.ਏ.ਐੱਸ. (ਰਿਟਾ.)
ਮੋਬਾਈਲ 98140-15329
ਮੋਬਾਈਲ 98140-15329
1374, ਸੈਕਟਰ-68 ਮੋਹਾਲੀ
ਸਾਬਕਾ ਕਮਿਸ਼ਨਰ ਫਿਰੋਜ਼ਪੁਰ ਡਿਵੀਜ਼ਨ