ਭਲਾ ਕਿਸ ਤਰ੍ਹਾਂ ਦਾ ਸੀ ਯੁੱਧ ਚਮਕੌਰ ਦਾ? - ਕਰਮਜੀਤ ਸਿੰਘ


ਗੜ੍ਹੀ ਦੇ ਅੰਦਰ ਹਥਿਆਰਾਂ ਦੀ ਕਮੀ ਸੀ ਅਤੇ ਗਿਣਤੀ ਵਿਚ ਵੀ 40 ਕੁ ਸਿੰਘ ਹੀ ਸਨ। ਇਸ ਲਈ ਲੜਾਈ ਬਹੁਤਾ ਲਮਕ ਵੀ ਨਹੀਂ ਸੀ ਸਕਦੀ। ਲਮਕ ਜਾਣ ਵਿਚ ਖ਼ਤਰੇ ਬਹੁਤ ਸਨ। ਸੋ 30 ਤੋਂ ਉੱਪਰ ਸਿੰਘਾਂ ਦੀ ਸ਼ਹੀਦੀ ਪਿਛੋਂ ਖਾਲਸੇ ਨੇ ਗੁਰਮਤਾ ਸੋਧ ਕੇ ਗੁਰੂ ਸਾਹਿਬ ਨੂੰ ਗੜ੍ਹੀ ਛੱਡ ਜਾਣ ਦੀ ਬੇਨਤੀ ਕੀਤੀ ਅਤੇ ਬੇਨਤੀ ਨਾ ਮੰਨਣ `ਤੇ ਖਾਲਸੇ ਨੇ ਹੁਕਮਨਾਮਾ ਜਾਰੀ ਕਰ ਦਿੱਤਾ। ਇਹ ਤਰਕ ਮੰਨਣ ਦੇ ਆਧਾਰ ਮੌਜੂਦ ਹਨ ਕਿ ਗੁਰੂ ਸਾਹਿਬ ਭੇਸ ਬਦਲ ਕੇ ਗੜ੍ਹੀ ਵਿਚੋਂ ਨਿਕਲੇ।

ਸੰਸਾਰ ਦੀਆਂ ਬੇਜੋੜ, ਬੇਮਿਸਾਲ ਅਤੇ ਅਣਗੌਲੀਆਂ ਜੰਗਾਂ ਵਿਚੋਂ ਇਕ ਅਤੀ ਮਹੱਤਵਪੂਰਨ, ਮਨੁੱਖੀ ਰੂਹਾਂ ਨੂੰ ਗਰਮਾਉਣ ਵਾਲੀ ਅਤੇ ਸੁੱਤੀਆਂ ਕੌਮਾਂ ਨੂੰ ਜਗਾਉਣ ਵਾਲੀ ਜੰਗ ਹੈ : ਚਮਕੌਰ ਦੀ ਜੰਗ। ਇਸ ਜੰਗ ਬਾਰੇ ਮਿਲਣ ਵਾਲੀ ਜਾਣਕਾਰੀ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਚਮਕੌਰ ਦੀ ਗੜ੍ਹੀ ਦੇ ਬਰਬਾਦ ਹੋ ਚੁੱਕੇ ਖੰਡਰਾਂ ਦਾ ਕੋਈ ਵੀ ਹਿੱਸਾ ਜਾਂ ਕੋਈ ਵੀ ਯਾਦਗਾਰ ਅਸਾਂ ਸਾਂਭ ਕੇ ਨਹੀਂ ਰੱਖੀ ਜਿਸ ਤੋਂ ਪੁਰਾਤੱਤਵ ਵਿਗਿਆਨੀ, ਪੁਰਾਤਨ ਜੰਗੀ ਵਿਦਿਆ ਦੇ ਮਾਹਿਰ ਫੌਜੀ ਅਫਸਰ ਅਤੇ ਵਰਤਮਾਨ ਇਤਿਹਾਸਕਾਰ ਆਪਣੀ ਬਲਵਾਨ ਕਲਪਨਾ ਰਾਹੀਂ 300 ਸਾਲ ਪਹਿਲਾਂ ਹੋਈ ਜੰਗ ਦਾ ਦ੍ਰਿਸ਼ ਤੇ ਆਲੇ ਦੁਆਲੇ ਦਾ ਮਾਹੌਲ ਸਿਰਜ ਸਕਣ। ਚਮਕੌਰ ਦੀ ਜੰਗ ਇਸ ਗੱਲ ਦਾ ਪ੍ਰਮਾਣ ਹੈ ਕਿ ਖਾਲਸੇ ਨੇ ਇਤਿਹਾਸ ਸਿਰਜਿਆ ਤਾਂ ਹੈ ਪਰ ਸਾਂਭਿਆ ਨਹੀਂ। ਉਸ ਨੇ ਇਤਿਹਾਸ ਨੂੰ ਹੱਡੀਂ ਹੰਢਾਇਆ ਤਾਂ ਹੈ ਪਰ ਲਿਖਿਆ ਨਹੀਂ।

ਚਮਕੌਰ ਸਾਹਿਬ ਵਿਚ ਜੰਗ ਨਾਲ ਸਬੰਧਤ ਸਾਰੀਆਂ ਥਾਵਾਂ (ਜਿਥੇ ਹੁਣ ਗੁਰਦੁਆਰੇ ਬਣ ਗਏ ਹਨ) ਦੀ ਭੂਗੋਲਿਕ ਪੁਜੀਸ਼ਨ, ਮੌਜੂਦਾ ਵਸੋਂ ਅਤੇ ਉਨ੍ਹਾਂ ਦੇ ਸੁਭਾਅ, ਇਲਾਕੇ ਦੀ ਉੱਚੀ ਨੀਵੀਂ ਜ਼ਮੀਨ ਦੀ ਬਣਤਰ ਅਤੇ ਖਾਸ ਕਰਕੇ ਚਮਕੌਰ ਦੀ ਗੜ੍ਹੀ ਦੇ ਇਰਦ ਗਿਰਦ ਇਕ ਕਿਲੋਮੀਟਰ ਦੇ ਘੇਰੇ ਦੀ ਜ਼ਮੀਨ ਤੇ ਰੁੱਖਾਂ ਦੇ ਇਕ ਭਰਵੇਂ ਵਿਸ਼ਲੇਸ਼ਣ ਤੇ ਸਰਵੇਖਣ ਤੋਂ ਕੁਝ ਅਹਿਮ ਤੱਥ ਹਾਸਲ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਿੱਖ ਯੁੱਧਾਂ ਦੀ ਤਕਨੀਕ ਤੇ ਤਰਕੀਬ ਦੇ ਮਾਹਿਰ ਸਨ ਅਤੇ ਇਤਿਹਾਸਕਾਰ ਜੇ ਚਾਹੁਣ ਤਾਂ ਇਤਿਹਾਸਕ ਪਹਿਲੂ ਤੋਂ ਜੰਗ ਦੇ ਯਾਦਗਾਰੀ ਦ੍ਰਿਸ਼ ਅਜੇ ਵੀ ਸਿਰਜੇ ਜਾ ਸਕਦੇ ਹਨ।

ਚਮਕੌਰ ਦੀ ਗੜ੍ਹੀ ਦੀ ਪੁਜੀਸ਼ਨ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਏ ਤਾਂ ਜ਼ਾਹਿਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਣ ਸਮੇਂ ਹੀ ਅਗਲਾ ਉਤਾਰਾ ਚਮਕੌਰ ਵਿਚ ਕਰਨ ਦਾ ਫੈਸਲਾ ਕਰ ਲਿਆ ਸੀ। ਇਸ ਦੇ ਤਿੰਨ ਵੱਡੇ ਕਾਰਨ ਹੋ ਸਕਦੇ ਹਨ। ਇਕ, ਗੜ੍ਹੀ ਦੀ ਮਜ਼ਬੂਤ ਹਾਲਤ ਬਾਰੇ ਪਹਿਲਾਂ ਹੀ ਪਤਾ ਹੋਣਾ। ਦੂਜਾ, ਆਨੰਦਪੁਰ ਸਾਹਿਬ ਦੇ ਨੇੜ੍ਹੇ ਤੇੜੇ੍ਹ ਅਗਲੇ ਮੁਕਾਬਲੇ ਲਈ ਕੋਈ ਹੋਰ ਢੁਕਵੀਂ ਤੇ ਬਦਲਵੀਂ ਥਾਂ ਦਾ ਨਾ ਹੋਣ ਅਤੇ ਤੀਜਾ ਸਭ ਤੋਂ ਵੱਡਾ ਕਾਰਨ ਗੜ੍ਹੀ ਦੇ ਮਾਲਕ ਚੌਧਰੀ ਰੂਪ ਚੰਦ ਦਾ ਗੁਰੂ ਸਾਹਿਬ ਦਾ ਸ਼ਰਧਾਲੂ ਹੋਣਾ। ਚੌਧਰੀ ਰੂਪ ਚੰਦ ਦੇ ਵੱਡ ਵਡੇਰੇ ਮਹਿਮੂਦ ਗਜ਼ਨਵੀ ਦੇ ਸਮੇਂ ਰਾਜਸਥਾਨ ਤੋਂ ਇਥੇ ਆਏ ਸਨ। ਰੂਪ ਚੰਦ ਦੀ 8ਵੀਂ, ਨੌਵੀਂ ਪੀੜ੍ਹੀ ਵਿਚੋਂ ਹੋਣ ਦਾ ਦਾਅਵਾ ਕਰਨ ਵਾਲੇ ਚੌਧਰੀ ਮਹਿੰਦਰ ਮੁਤਾਬਕ ਰੂਪ ਚੰਦ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦਾ ਹੋਇਆ ਅਨੰਦਗੜ੍ਹ ਦੇ ਕਿਲ੍ਹੇ ਵਿਚ ਗੁਰੂ ਸਾਹਿਬ ਕੋਲ ਠਹਿਰਦਾ ਹੀ ਨਹੀਂ ਸੀ ਸਗੋਂ ਉਨ੍ਹਾਂ ਦੇ ਪਰਿਵਾਰ ਨਾਲ ਵੀ ਗੂੜ੍ਹੇ ਸਬੰਧ ਸਨ। ਹਾਲਾਂਕਿ ਸਿਧਾਂਤ ਰੂਪ ਵਿਚ ਗੁਰੂ ਸਾਹਿਬ ਨੈਣਾ ਦੇਵੀ ਨੂੰ ਮਾਨਤਾ ਨਹੀਂ ਸਨ ਦਿੰਦੇ ਪਰ ਫਿਰ ਵੀ ਉਹ ਕਿਸੇ ਦੀ ਸ਼ਰਧਾ ਵਿਚ ਰੁਕਾਵਟ ਵੀ ਨਹੀਂ ਸਨ ਬਣਦੇ। ਉਹ ਜਾਣਦੇ ਸਨ ਕਿ ਸਦੀਆਂ ਦੇ ਸੰਸਕਾਰ ਛੇਤੀ ਛੇਤੀ ਨਹੀਂ ਮਿਟਿਆ ਕਰਦੇ। ਇਨ੍ਹਾਂ ਮੁਲਾਕਾਤਾਂ ਵਿਚ ਹੀ ਰੂਪ ਚੰਦ ਗੁਰੂ ਸਾਹਿਬ ਨੂੰ ਚਮਕੌਰ ਵਿਚ ਆਉਣ ਲਈ ਬੇਨਤੀਆਂ ਕਰਦਾ ਰਹਿੰਦਾ ਹੋਏਗਾ। ਇਹ ਵੱਡੀ ਹਕੀਕਤ ਹੈ ਕਿ ਗੁਰੂ ਸਾਹਿਬ ਦੀ ਮੁਸਲਮਾਨ ਹਕੂਮਤ ਵਿਰੁੱਧ ਜਦੋਜਹਿਦ ਲਈ ਚੌਧਰੀ ਰੂਪ ਚੰਦ ਵਰਗਿਆਂ ਦੀ ਹਿੰਦੂ ਮਾਨਸਿਕਤਾ ਵਿਚ ਇਕ ਸਤਿਕਾਰ ਤੇ ਹਮਦਰਦੀ ਪਈ ਹੋਈ ਸੀ। ਇਸ ਤੋਂ ਇਲਾਵਾ ਚਮਕੌਰ ਵਿਚ ਰਣਜੀਤਗੜ੍ਹ ਗੁਰਦੁਆਰੇ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਸਿੰਘਾਂ ਦੀ ਮੁਗਲਾਂ ਦੇ ਦਸਤੇ ਨਾਲ ਇਥੇ ਝੜਪ ਹੋਈ ਸੀ। ਇਨ੍ਹਾਂ ਸਿੰਘਾਂ ਨੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜ੍ਹੀ ਦੀ ਹਾਲਤ ਬਾਰੇ ਜ਼ਰੂਰ ਦੱਸਿਆ ਹੋਏਗਾ। ਚੌਧਰੀ ਰੂਪ ਚੰਦ ਇਕ ਤਕੜਾ ਜ਼ਿੰਮੀਦਾਰ ਸੀ ਅਤੇ ਸ਼ਾਇਦ 60-65 ਪਿੰਡਾਂ ਦੀ ਉਸ ਕੋਲ ਜਗੀਰ ਵੀ ਸੀ।

‘‘ਸਹਿਜੇ ਰਚਿਓ ਖਾਲਸਾ`` ਦੇ ਲੇਖਕ ਹਰਿੰਦਰ ਸਿੰਘ ਮਹਿਬੂਬ, ਜਿਨ੍ਹਾਂ ਨੇ ਚਮਕੌਰ ਦੀ ਧਰਤੀ ਦੇ ਇਰਦ ਗਿਰਦ ਇਲਾਕੇ ਦਾ ਚੱਪਾ ਚੱਪਾ ਛਾਣ ਮਾਰਿਆ ਹੈ ਅਤੇ ਜਿਨ੍ਹਾਂ ਨੇ ਆਪਣੀ ਕਾਵਿ ਪੁਸਤਕ ‘‘ਇਲਾਹੀ ਨਦਰ ਦੇ ਪੈਂਡੇ`` ਵਿਚ ਇਸ ਜੰਗ ਦਾ ਵਿਸਥਾਰ ਸਹਿਤ ਜ਼ਿਕਰ ਵੀ ਕੀਤਾ ਹੈ, ਉਨ੍ਹਾਂ ਮੁਤਾਬਕ 1960-62 ਤੱਕ ਇਸ ਗੜ੍ਹੀ ਦਾ ਇਕ ਹਿੱਸਾ ਚੁਬਾਰੇ ਦੀ ਸ਼ਕਲ ਵਿਚ ਬਚਿਆ ਹੋਇਆ ਸੀ ਜਿਸ ਨੂੰ ਵਿੰਗੀਆਂ ਟੇਢੀਆਂ ਪੌੜੀਆਂ ਚੜ੍ਹਦੀਆਂ ਸਨ। ਉਨ੍ਹਾਂ ਦਾ ਸਹੁਰਾ ਪਿੰਡ ਨੇੜੇ ਹੋਣ ਕਾਰਨ ਉਹ ਕਈ ਵਾਰ ਇਸ ਗੜ੍ਹੀ ਦੇ ਚੁਬਾਰੇ ਵਿਚ ਘੰਟਿਆਂ ਬੱਧੀ ਬੈਠੇ ਰਹਿੰਦੇ ਸਨ। ਉਨ੍ਹਾਂ ਨੂੰ ਇਉਂ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਇਸੇ ਹੀ ਥਾਂ ਤੋਂ ਜੰਗ ਦੀ ਅਗਵਾਈ ਕਰ ਰਹੇ ਹੋਣਗੇ। ਮਹਿਬੂਬ ਸਾਹਿਬ ਇਹ ਵੀ ਦੱਸਦੇ ਹਨ ਕਿ ਗੜ੍ਹੀ ਦੇ ਅੰਦਰ ਘੋੜਿਆਂ ਦੇ ਤਬੇਲੇ ਦਾ ਹੋਣਾ ਵੀ ਜਾਪਦਾ ਸੀ। ਚੌਧਰੀ ਰੂਪ ਚੰਦ ਦੀ ਹੀ ਬਰਾਦਰੀ ਦੇ ਇਕ ਹੋਰ ਬਜ਼ੁਰਗ ਨਸੀਬ ਚੰਦ (ਉਮਰ ਕਰੀਬ 70 ਸਾਲ) ਨੇ ਉਹ ਥਾਂ ਦਿਖਾਈ ਹੈ ਜਿਥੇ ਉਨ੍ਹਾਂ ਨੇ 50-55 ਸਾਲ ਪਹਿਲਾਂ ਗੜ੍ਹੀ ਦੇ ਖੰਡਰ ਦੀ ਬਚੀ ਖੁਚੀ ਬਾਹਰਲੀ ਦੀਵਾਰ ਦਾ ਇਕ ਹਿੱਸਾ ਦੇਖਿਆ ਸੀ ਜੋ ਉਨ੍ਹਾਂ ਮੁਤਾਬਕ 15 ਫੁੱਟ ਲੰਮਾ ਸੀ, ਪੰਜ ਫੁੱਟ ਚੌੜਾ ਤੇ 16 ਫੁੱਟ ਉੱਚਾ ਸੀ। ਉਸ ਸਮੇਂ ਤੱਕ ਦੀਵਾਰ ਦਾ ਇਹੋ ਹਿੱਸਾ ਹੀ ਬਚਿਆ ਰਹਿ ਗਿਆ ਸੀ। ਕਾਰ ਸੇਵਾ ਵਾਲੇ ਬਾਬਿਆਂ ਨਾਲ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਉਹ ਵੀ ਇਹ ਅਹਿਮ ਜਾਣਕਾਰੀ ਦੇ ਸਕਦੇ ਸਨ ਕਿ ਗੁਰਦੁਆਰੇ ਦੀ ਉਸਾਰੀ ਸਮੇਂ ਗੜ੍ਹੀ ਦਾ ਕੋਈ ਹਿੱਸਾ ਜੇ ਮੌਜੂਦ ਸੀ ਤਾਂ ਉਸ ਦੀ ਹਾਲਤ ਅਤੇ ਬਣਤਰ ਕਿਸ ਤਰ੍ਹਾਂ ਦੀ ਸੀ। ਸ਼੍ਰੋਮਣੀ ਕਮੇਟੀ ਇਸ ਇਤਿਹਾਸਕ ਕਾਰਜ ਨੂੰ ਆਪਣੇ ਹੱਥ ਵਿਚ ਲੈ ਸਕਦੀ ਹੈ।

ਸਿੱਖ ਰਵਾਇਤਾਂ ਵਿਚ ਬੈਠੀ ਇਹ ਧਾਰਨਾ ਹਕੀਕਤਾਂ ਨਾਲ ਮੇਲ ਨਹੀਂ ਖਾਂਦੀ ਜਾਪਦੀ ਕਿ ਰੂਪ ਚੰਦ ਦੇ ਦੂਜੇ ਭਰਾ (ਜੇ ਗਰੀਬੂ ਜਾਂ ਹੋਰ ਕੋਈ ਹੈ) ਨੇ ਸਾਹਿਬ ਨੂੰ ਗੜ੍ਹੀ ਦਾ ਕਬਜ਼ਾ ਦੇਣ ਤੋਂ ਪਹਿਲਾਂ ਨਾਂਹ ਕੀਤੀ ਤੇ ਫਿਰ 40 ਮੋਹਰਾਂ ਲੈ ਕੇ ਕਬਜ਼ਾ ਦਿੱਤਾ। ਏਨੀ ਵੱਡੀ ਮਲਕੀਅਤ ਦੇ ਮਾਲਕ ਨੇ 40 ਮੋਹਰਾਂ ਲੈ ਕੇ ਕਬਜ਼ਾ ਦਿੱਤਾ ਹੋਏਗਾ, ਹਾਸੋਹੀਣੀ ਗੱਲ ਜਾਪਦੀ ਹੈ। ਪਰ ਇਹ ਹੋ ਸਕਦਾ ਹੈ ਕਿ ਇਸ ਭਰਾ ਨੇ ਮੁਗਲ ਫੌਜਾਂ ਦੇ ਜ਼ੁਲਮ ਦੇ ਡਰੋਂ ਗੜ੍ਹੀ ਗੁਰੂ ਸਾਹਿਬ ਦੇ ਹਵਾਲੇ ਕਰਨ ਤੋਂ ਝਿਜਕ ਦਿਖਾਈ ਹੋਵੇਗੀ।

ਜਿਸ ਥਾਂ `ਤੇ ਇਸ ਸਮੇਂ ਗੁਰਦੁਆਰਾ ਗੜ੍ਹੀ ਸਾਹਿਬ ਮੌਜੂਦ ਹੈ, ਉਹ ਥਾਂ ਦੀ ਪਹਿਲੀ ਚਾਰਦੀਵਾਰੀ ਅਸਲ ਵਿਚ ਚੌਧਰੀ ਰੂਪ ਚੰਦ ਦੀ ਰਿਹਾਇਸ਼ ਹੋਏਗੀ ਅਤੇ ਜਿਥੇ ਇਸ ਗੁਰਦੁਆਰੇ ਦੀ ਦੂਜੀ ਚਾਰਦੀਵਾਰੀ ਇਸ ਸਮੇਂ ਬਣੀ ਹੋਈ ਹੈ, ਉਸ ਥਾਂ `ਤੇ ਹੋਰ 10-15 ਫੁੱਟ ਬਾਹਰਵਾਰ ਉਸ ਸਮੇਂ ਗੜ੍ਹੀ ਦੀ ਚਾਰਦੀਵਾਰੀ ਸੀ। ਇਹ ਜਾਣਕਾਰੀ ਪਿੰਡ ਦੇ ਪੁਰਾਣੇ ਬਜ਼ੁਰਗਾਂ ਮੁਤਾਬਿਕ ਹੈ। ਇਹ ਥਾਂ ਕਰੀਬ ਕਰੀਬ ਦੋ ਏਕੜ ਬਣਦੀ ਹੈ। ਫੌਜੀ ਸੂਤਰਾਂ ਮੁਤਾਬਕ ਜੇ ਉਹ ਮਜ਼ਬੂਤ ਹਵੇਲੀ ਹੈ ਤਾਂ ਇਸ ਹਵੇਲੀ ਦਾ ਏਨਾ ਰਕਬਾ ਜ਼ਰੂਰ ਹੋਣਾ ਚਾਹੀਦਾ ਹੈ। ਇਨ੍ਹਾਂ ਸੂਤਰਾਂ ਮੁਤਾਬਕ ਇਹ ਦੋ ਮੰਜ਼ਿਲਾ ਇਮਾਰਤ ਸੀ ਅਤੇ ਦੂਜੀ ਮੰਜ਼ਿਲ `ਤੇ ਅਜਿਹੀ ਕੋਈ ਸੁਰੱਖਿਅਤ ਥਾਂ ਜ਼ਰੂਰ ਹੋਏਗੀ ਜਿਹੜੀ ਗੜ੍ਹੀ ਦੇ ਮਾਲਕ ਨੇ ਆਲੇ ਦੁਆਲੇ ਦੀ ਸਥਿਤੀ `ਤੇ ਪੂਰੀ ਨਿਗਾਹ ਰੱਖਣ ਲਈ ਨਿਸ਼ਚਿਤ ਕੀਤੀ ਹੋਏਗੀ। ਹੁਣ ਇਹ ਸਪਸ਼ਟ ਹੈ ਕਿ ਇਸੇ ਹੀ ਥਾਂ `ਤੇ ਗੁਰੂ ਗੋਬਿੰਦ ਸਿੰਘ ਮੁਗਲ ਫੌਜਾਂ ਦੀ ਪਲ ਪਲ ਦੀ ਹਾਲਤ ਉੱਤੇ ਨਿਗਾਹ ਰੱਖ ਰਹੇ ਹੋਣਗੇ ਅਤੇ ਇਥੋਂ ਹੀ ਉਹ ਤੀਰਾਂ ਦੀ ਬਾਰਿਸ਼ ਕਰ ਰਹੇ ਹੋਣਗੇ।

ਇਸ ਥਾਂ ਦਾ ਸਰਵੇਖਣ ਕਰਨ ਵਾਲੇ ਆਰਕੀਟੈਕਟ ਸ੍ਰੀ ਅਮਰਜੀਤ ਸਿੰਘ ਮੁਤਾਬਿਕ ਇਸ ਗੜ੍ਹੀ ਦੀ ਦੂਜੀ ਮੰਜ਼ਿਲ ਜ਼ਮੀਨ ਤੋਂ ਕਰੀਬ 80 ਫੁੱਟ ਦੀ ਉਚਾਈ `ਤੇ ਹੈ। ਦੂਜੇ ਪਾਸੇ ਫੌਜੀ ਮਾਮਲਿਆਂ ਦੇ ਉੱਘੇ ਪੱਤਰਕਾਰ ਕਰਨਲ ਪ੍ਰੀਤਮ ਸਿੰਘ ਭੁੱਲਰ ਨੇ ਦੱਸਿਆ ਕਿ ਗੜ੍ਹੀ ਏਨੀ ਉਚਾਈ ਉੱਤੇ ਹੋਣ ਦਾ ਮਤਲਬ ਹੈ ਕਿ ਫੌਜ ਘੱਟੋ ਘੱਟ ਗੜ੍ਹੀ ਤੋਂ ਤਿੰਨ ਫਰਲਾਂਗ ਪਰ੍ਹੇ ਤਾਇਨਾਤ ਹੋਏਗੀ। ਜੇ ਜ਼ਮੀਨ ਰੇਤਲੇ ਟਿੱਬਿਆਂ ਵਾਲੀ ਹੈ ਤਾਂ ਮੁਗਲ ਫੌਜ ਨੇ ਟਿੱਬਿਆਂ ਦੀ ਓਟ ਲੈ ਕੇ ਮੋਰਚੇ ਬਣਾਏ ਹੋਣਗੇ। ਹੁਣ ਵੀ ਜੇਕਰ ਤੁਸੀਂ ਗੁਰਦੁਆਰੇ ਦੇ ਗੁੰਬਦ ਦੇ ਹੇਠਾਂ ਬੁਰਜੀਆਂ `ਤੇ ਖਲ੍ਹੋ ਕੇ ਨਜ਼ਰ ਮਾਰੋ ਤਾਂ ਤੁਹਾਨੂੰ ਚਮਕੌਰ ਦੇ ਚਾਰੇ ਪਾਸੇ ਨਜ਼ਰ ਆਉਣਗੇ। ਪਰ ਜਾਪਦਾ ਹੈ ਕਿ ਜਿਸ ਪੱਛਮੀ ਬਾਹੀ ਵੱਲ ਗੁਰਦੁਆਰਾ ਤਾੜੀ ਸਾਹਿਬ ਹੈ, ਉਸ ਥਾਂ `ਤੇ ਝਾੜੀਆਂ ਤੇ ਰੁੱਖਾਂ ਦੇ ਝੁੰਡ ਸਨ ਤੇ ਮੁਗਲ ਜਰਨੈਲ ਖਵਾਜਾ ਮਰਦੂਦ ਨੇ ਉਸੇ ਹੀ ਥਾਂ `ਤੇ ਫੌਜ ਦਾ ਇਕ ਹਿੱਸਾ ਤਾਇਨਾਤ ਕੀਤਾ ਸੀ। ਹਰਿੰਦਰ ਸਿੰਘ ਮਹਿਬੂਬ ਦਾ ਦਾਅਵਾ ਹੈ ਕਿ 1960-62 ਵਿਚ ਜੋ ਚਮਕੌਰ ਦੇ ਆਲੇ ਦੁਆਲੇ ਦੀ ਹਾਲਤ ਸੀ, ਉਹੋ ਹਾਲਤ 22 ਦਸੰਬਰ 1704 ਈ. ਨੂੰ ਸੀ।

ਕਰਨਲ ਪ੍ਰੀਤਮ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਸ ਸਮੇਂ ਤੋੜੇਦਾਰ ਬੰਦੂਕਾਂ ਸਨ, ਜਿਨ੍ਹਾਂ ਦੀ ਮਾਰ 100 ਗਜ਼ ਤੋਂ ਪਰ੍ਹੇ ਨਹੀਂ ਸੀ ਹੁੰਦੀ। ਇਸ ਲੜਾਈ ਵਿਚ ਤੋਪ ਦੀ ਵਰਤੋਂ ਨਹੀਂ ਹੋਈ ਕਿਉਂਕਿ ਇਕ ਤਾਂ ਮੁਗਲ ਫੌਜ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਹੀ ਫੜਨਾ ਚਾਹੁੰਦੀ ਸੀ ਅਤੇ ਦੂਜਾ ਸਰਸਾ ਨਦੀ ਤੋਂ ਪਿੱਛੋਂ ਗੁਰੂ ਸਾਹਿਬ ਦੀ ਮੌਜੂਦਗੀ ਬਾਰੇ ਸਹੀ ਸਹੀ ਜਾਣਕਾਰੀ ਨਾ ਮਿਲਣ ਕਾਰਨ ਮੁਗਲ ਫੌਜ ਦੀ ਤੋਪ ਚਮਕੌਰ ਵਿਚ ਏਨੀ ਛੇਤੀ ਨਹੀਂ ਪਹੁੰਚ ਸਕਦੀ। ਤੀਜਾ, ਸਮਾਂ ਬਹੁਤ ਹੀ ਥੋੜ੍ਹਾ ਸੀ ਅਤੇ ਫੌਜ ਬਹੁਤ ਹੌਲੀ ਹੌਲੀ ਕੂਚ ਕਰ ਰਹੀ ਸੀ ਕਿਉਂਕਿ ਰਾਹ ਵਿਚ ਸਿੰਘਾਂ ਵੱਲੋਂ ਅਚਨਚੇਤ ਘਾਤ ਲਾ ਕੇ ਹਮਲਾ ਕਰਨ ਦਾ ਡਰ ਹਰ ਪਾਸਿਓਂ ਸੀ। ਇਸ ਲਈ ਕੁੱਲ ਮਿਲਾ ਕੇ ਮੁਗਲ ਫੌਜ ਨੂੰ ਬਹੁਤੀ ਕਾਹਲ ਨਹੀਂ ਸੀ, ਇਸ ਲਈ ਉਹ ਲੜਾਈ ਲਮਕਾਉਣ ਦੀ ਵੀ ਰਣਨੀਤੀ ਅਖ਼ਤਿਆਰ ਕਰ ਰਹੇ ਹੋਣਗੇ।

ਸਾਫ਼ ਜ਼ਾਹਿਰ ਹੈ ਕਿ ਗੜ੍ਹੀ ਦੇ ਅੰਦਰ ਹਥਿਆਰਾਂ ਦੀ ਕਮੀ ਸੀ ਅਤੇ ਗਿਣਤੀ ਵਿਚ ਵੀ 40 ਕੁ ਸਿੰਘ ਹੀ ਸਨ। ਇਸ ਲਈ ਲੜਾਈ ਬਹੁਤਾ ਲਮਕ ਵੀ ਨਹੀਂ ਸੀ ਸਕਦੀ। ਲਮਕ ਜਾਣ ਵਿਚ ਖ਼ਤਰੇ ਬਹੁਤ ਸਨ। ਸੋ 30 ਤੋਂ ਉੱਪਰ ਸਿੰਘਾਂ ਦੀ ਸ਼ਹੀਦੀ ਪਿਛੋਂ ਖਾਲਸੇ ਨੇ ਗੁਰਮਤਾ ਸੋਧ ਕੇ ਗੁਰੂ ਸਾਹਿਬ ਨੂੰ ਗੜ੍ਹੀ ਛੱਡ ਜਾਣ ਦੀ ਬੇਨਤੀ ਕੀਤੀ ਅਤੇ ਬੇਨਤੀ ਨਾ ਮੰਨਣ `ਤੇ ਖਾਲਸੇ ਨੇ ਹੁਕਮਨਾਮਾ ਜਾਰੀ ਕਰ ਦਿੱਤਾ। ਇਹ ਤਰਕ ਮੰਨਣ ਦੇ ਆਧਾਰ ਮੌਜੂਦ ਹਨ ਕਿ ਗੁਰੂ ਸਾਹਿਬ ਭੇਸ ਬਦਲ ਕੇ ਗੜ੍ਹੀ ਵਿਚੋਂ ਨਿਕਲੇ। ਉਨ੍ਹਾਂ ਨੇ ਭੇਸ ਬਦਲ ਕੇ ਮੁਗਲ ਫੌਜੀਆਂ ਦੀ ਵਰਦੀ ਪਾ ਲਈ ਅਤੇ ਭਾਈ ਦਇਆ ਸਿੰਘ ਤੇ ਮਾਨ ਸਿੰਘ ਨੇ ਵੀ ਇੰਜ ਹੀ ਕੀਤਾ ਤਾਂ ਜੋ ਮੁਗਲ ਫੌਜਾਂ ਨੂੰ ਕਿਸੇ ਕਿਸਮ ਦਾ ਸ਼ੱਕ ਨਾ ਪੈਦਾ ਹੋਏ। ਇਹ ਵਰਦੀਆਂ ਖਾਲਸੇ ਕੋਲ ਪਹਿਲਾਂ ਵੀ ਮੌਜੂਦ ਹੋ ਸਕਦੀਆਂ ਹਨ ਤੇ ਮ੍ਰਿਤਕ ਮੁਗਲ ਸਿਪਾਹੀਆਂ ਦੀ ਵੀ ਲਾਹੀਆਂ ਜਾ ਸਕਦੀਆਂ ਹਨ। ਇਤਿਹਾਸ ਇਸ ਬਾਰੇ ਸਪਸ਼ਟ ਨਹੀਂ। ਇਕ ਮਿਥੀ ਯੋਜਨਾ ਅਨੁਸਾਰ ਗੁਰੂ ਸਾਹਿਬ ਅੱਧੀ ਰਾਤ ਤੋਂ ਪਿਛੋਂ ਗੜ੍ਹੀ ਵਿਚੋਂ ਨਿਕਲੇ ਜਦੋਂ ਅਸਮਾਨ ਵਿਚ ਚੰਨ ਪੂਰੀ ਤਰ੍ਹਾਂ ਛੁਪ ਚੁੱਕਾ ਸੀ। ਹੁਣ ਵੀ ਤੁਸੀਂ ਦੇਖੋਗੇ ਕਿ ਚੰਨ ਅੱਧੀ ਰਾਤ ਤੋਂ ਪਿਛੋਂ ਛਿਪ ਜਾਂਦਾ ਹੈ। ਘੁੱਪ ਹਨ੍ਹੇਰੇ ਵਿਚ ਗੁਰੂ ਸਾਹਿਬ ਪੱਛਮੀ ਬਾਹੀ ਵਾਲੇ ਪਾਸੇ ਜਾਂਦੇ ਹਨ ਅਤੇ ਉਨ੍ਹਾਂ ਤੋਂ ਥੋੜ੍ਹੇ ਫਾਸਲੇ `ਤੇ ਹੀ ਭਾਈ ਦਇਆ ਸਿੰਘ ਤੇ ਭਾਈ ਮਨੀ ਸਿੰਘ ਉਨ੍ਹਾਂ ਦੇ ਪਿੱਛੇ ਪਿੱਛੇ ਆ ਰਹੇ ਹਨ ਤਾਂ ਜੋ ਜੇ ਸ਼ੱਕ ਦੀ ਸੂਰਤ ਵਿਚ ਮੁਗਲ ਫੌਜ ਗੁਰੂ ਸਾਹਿਬ ਦੀ ਸ਼ਨਾਖਤ ਬਾਰੇ ਪੁੱਛਗਿੱਛ ਕਰਦੀ ਹੈ ਤਾਂ ਇਹ ਸਿੰਘ ਉਸ ਹਾਲਤ ਵਿਚ ਸਥਿਤੀ ਮੁਤਾਬਕ ਕੋਈ ਵੀ ਐਕਸ਼ਨ ਕਰਨਗੇ। ਜਿਥੇ ਅੱਜ ਕੱਲ੍ਹ ਤਾੜੀ ਸਾਹਿਬ ਗੁਰਦੁਆਰਾ ਹੈ, ਉਥੇ ਗੁਰੂ ਜੀ ‘‘ਖਾਲਸੇ ਦਾ ਗੁਰੂ ਜਾ ਰਿਹਾ ਹੈ`` ਜਾਂ ਕੁਝ ਲਿਖਤਾਂ ਵਿਚ ‘ਹਿੰਦ ਦਾ ਪੀਰ ਜਾ ਰਿਹਾ ਹੈ` ਉੱਚੀ ਆਵਾਜ਼ ਵਿਚ ਕਹਿ ਕੇ ਦੂਰ ਨਿਕਲ ਜਾਂਦੇ ਹਨ।

ਕੀ ਏਨੇ ਵੱਡੇ ਘੇਰੇ ਵਿਚੋਂ ਨਿਕਲ ਸਕਣ ਦੀ ਗੁੰਜਾਇਸ਼ ਹੈ? ਇਸ ਸਵਾਲ ਦਾ ਜਵਾਬ ਕਰਨਲ ਪ੍ਰੀਤਮ ਸਿੰਘ ਭੁੱਲਰ ਦਿੰਦੇ ਹਨ ਕਿ, ‘‘ਹਾਂ, ਬਿਲਕੁਲ ਗੁੰਜਾਇਸ਼ ਹੈ। ਨਿਕਲ ਜਾਣ ਦੀ ਸੰਭਾਵਨਾ ਹਰ ਸਮੇਂ ਬਣੀ ਰਹਿੰਦੀ ਹੈ ਅਤੇ ਇਹ ਅੱਜ ਵੀ ਜਦੋਂ ਨਿਗਰਾਨੀ ਏਨੀ ਤਕੜੀ ਹੋਣ ਦੇ ਸਾਧਨ ਮੌਜੂਦ ਹਨ, ਨਿਕਲਣ ਵਾਲੇ ਬਚ ਕੇ ਨਿਕਲ ਜਾਂਦੇ ਹਨ।`` ਸਪਸ਼ਟ ਹੈ ਕਿ ਤਾੜੀ ਮਾਰਨ `ਤੇ ਰੌਲਾ ਪੈ ਗਿਆ ਅਤੇ ਦਇਆ ਸਿੰਘ ਤੇ ਮਾਨ ਸਿੰਘ ਨੂੰ ਵੀ ਨਹੀਂ ਪਤਾ ਕਿ ਉਸ ਭਗਦੜ ਵਿਚ ਗੁਰੂ ਸਾਹਿਬ ਕਿਹੜੇ ਪਾਸੇ ਵੱਲ ਗਏ ਹੋਣਗੇ। ਸ੍ਰੀ ਹਰਿੰਦਰ ਸਿੰਘ ਮਹਿਬੂਬ ਮੁਤਾਬਿਕ ਗੁਰੂ ਸਾਹਿਬ ਤੀਜੇ ਦਿਨ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਨੂੰ ਮਾਛੀਵਾੜੇ ਦੇ ਜੰਗਲ ਵਿਚ ਮਿਲਦੇ ਹਨ। ਜੰਗ ਦਾ ਦਿਨ 22 ਦਸੰਬਰ ਦਾ ਹੈ। ਗੁਰੂ ਸਾਹਿਬ 21 ਦਸੰਬਰ ਦੀ ਸਵੇਰ ਨੂੰ ਚਮਕੌਰ ਵਿਚ ਅੰਬਾਂ ਦੇ ਦਰਖਤਾਂ ਹੇਠ ਉਤਾਰਾ ਕਰਦੇ ਹਨ ਜਿਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ। ਇਸ ਧਾਰਨਾ ਵਿਚ ਕੋਈ ਸੱਚਾਈ ਨਹੀਂ ਕਿ ਸਰਸਾ ਨਦੀ ਪਾਰ ਕਰਨ ਪਿਛੋਂ ਗੁਰੂ ਸਾਹਿਬ ਦੇ ਪਿੱਛੇ ਮੁਗਲ ਫੌਜਾਂ ਵਾਹੋਦਾਹੀ ਭੱਜੀਆਂ ਆ ਰਹੀਆਂ ਸਨ। ਅਸਲ ਵਿਚ ਗੁਰੂ ਸਾਹਿਬ ਦੇ ਚਮਕੌਰ ਵਿਚ ਪੁੱਜ ਜਾਣ ਦੀ ਖ਼ਬਰ ਸੂਹੀਆਂ ਨੂੰ 6-7 ਘੰਟੇ ਦੇਰ ਨਾਲ ਮਿਲੀ। ਇਸੇ ਲਈ ਗੁਰੂ ਸਾਹਿਬ ਦੇ ਗੜ੍ਹੀ ਵਿਚ ਦਾਖਲ ਹੋਣ ਪਿਛੋਂ ਹੀ 21 ਦਸੰਬਰ ਦੀ ਸ਼ਾਮ ਨੂੰ ਫੌਜ ਚਮਕੌਰ ਵਿਚ ਪਹੁੰਚ ਸਕਦੀ ਹੈ ਅਤੇ 21 ਦਸੰਬਰ ਦੀ ਰਾਤ ਨੂੰ ਕੋਈ ਲੜਾਈ ਨਹੀਂ ਹੋਈ। ਲੜਾਈ ਵੈਸੇ ਵੀ ਰਾਤ ਨੂੰ ਬੰਦ ਹੋ ਜਾਂਦੀ ਹੈ ਅਤੇ ਦੋਵੇਂ ਧਿਰਾਂ ਨੇ ਰਾਤ ਨੂੰ ਸਾਰੀ ਸਥਿਤੀ ਦਾ ਪੂਰਾ ਜਾਇਜ਼ਾ ਲੈਣ ਮਗਰੋਂ ਮੋਰਚੇ ਸੰਭਾਲੇ ਹੋਣਗੇ।

ਲੜਾਈ ਕਿਵੇਂ ਹੋਈ? ਇਹ ਲੜਾਈ ਤਲਵਾਰਾਂ ਨਾਲ ਹੀ ਹੋਈ। ਮੁਗਲ ਫੌਜ ਲਈ ਨੀਵੀਂ ਥਾਂ `ਤੇ ਹੋਣ ਕਾਰਨ ਗੜ੍ਹੀ ਦੇ ਅੰਦਰ ਦਾਖਲ ਹੋਣਾ ਏਨਾ ਆਸਾਨ ਨਹੀਂ ਸੀ। ਇਸ ਲਈ ਲੜਾਈ ਦਾ ਮੈਦਾਨ ਉਹ ਥਾਂ ਹੀ ਬਣਦੀ ਹੈ ਜਿਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ। ਜਿਥੋਂ ਤੱਕ ਵਸੋਂ ਦਾ ਸਬੰਧ ਹੈ, ਘਰਾਂ ਦੀ ਗਿਣਤੀ 50-60 ਤੋਂ ਉੱਪਰ ਨਹੀਂ ਜਾਪਦੀ। ਜਿਹੜੀ ਵਸੋਂ ਅੱਜ ਕੱਲ੍ਹ ਗੜ੍ਹੀ ਸਾਹਿਬ ਦੇ ਐਨ ਨੇੜੇ ਵਸਦੀ ਹੈ, ਉਨ੍ਹਾਂ ਦੇ ਘਰ 70-80 ਸਾਲ ਹੀ ਪੁਰਾਣੇ ਲਗਦੇ ਹਨ। ਇਸ ਦਾ ਮਤਲਬ ਹੈ ਕਿ ਗੁਰੂ ਸਾਹਿਬ ਦੇ ਚਲੇ ਜਾਣ ਪਿਛੋਂ ਮੁਗਲ ਫੌਜਾਂ ਨੇ ਸਭ ਕੁਝ ਨਸ਼ਟ ਕਰ ਦਿੱਤਾ ਹੋਏਗਾ। ਗੜ੍ਹੀ ਦਾ ਵੱਡਾ ਹਿੱਸਾ ਵੀ ਖੰਡਰ ਬਣ ਗਿਆ ਹੋਏਗਾ। ਗੜ੍ਹੀ ਦੇਣ ਦੇ ਬਦਲੇ ਰੂਪ ਚੰਦ ਦੇ ਪਰਿਵਾਰ ਨਾਲ ਕੀ ਬੀਤੀ, ਇਤਿਹਾਸ ਇਸ ਬਾਰੇ ਵੀ ਚੁੱਪ ਹੈ।

ਮੁਗਲ ਫੌਜਾਂ ਦਾ ਬਹੁਤਾ ਨੁਕਸਾਨ ਹੋਣ ਦਾ ਵੱਡਾ ਕਾਰਨ ਇਹ ਹੋ ਸਕਦਾ ਸੀ ਕਿ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਨਾਲ ਸਿੰਘ ਉੱਚੀ ਥਾਂ `ਤੇ ਹੋਣ ਕਾਰਨ ਇਕ ਪਾਸੇ ਤਾਂ ਲੜ ਰਹੇ ਸਿੰਘਾਂ ਨੂੰ ਕਵਰ ਕਰਦੇ ਸਨ ਅਤੇ ਦੂਜੇ ਪਾਸੇ ਮੁਗਲ ਸਿਪਾਹੀਆਂ ਨੂੰ ਤੀਰਾਂ ਨਾਲ ਫੁੰਡਦੇ ਸਨ। ਇਸ ਦਾ ਇਕ ਪ੍ਰਭਾਵ ਜ਼ਫਰਨਾਮੇ ਤੋਂ ਵੀ ਮਿਲਦਾ ਹੈ। ਚਮਕੌਰ ਦਾ ਯੁੱਧ ਜੰਗੀ ਰਣਨੀਤੀ ਦਾ ਵੀ ਕਮਾਲ ਹੈ, ਦ੍ਰਿੜ੍ਹਤਾ ਤੇ ਬਹਾਦਰੀ ਨਾਲ ਲੜ ਮਰਨ ਦੀ ਵੀ ਇਤਿਹਾਸ ਵਿਚ ਇਹੋ ਜਿਹੀ ਘੱਟ ਹੀ ਮਿਸਾਲ ਮਿਲਦੀ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਰਧਾ ਦੇ ਘੇਰੇ ਵਿਚੋਂ ਅਤੇ ਉਨ੍ਹਾਂ ਦੁਆਲੇ ਸਿਰਜੀਆਂ ਕਰਾਮਾਤਾਂ ਤੋਂ ਬਾਹਰ ਕੱਢ ਲਿਆ ਜਾਏ ਤਾਂ ਇਸ ਲੜਾਈ ਵਿਚ ਉਹ ਇਕ ਮਹਾਨ ਜਰਨੈਲ ਦੇ ਰੂਪ ਵਿਚ ਵੀ ਉਭਰ ਕੇ ਸਾਹਮਣੇ ਆਉਂਦੇ ਹਨ ਅਤੇ ਆਪਣੀ ਹੀ ਕਿਸਮ ਦੇ ਇਕ ਮਹਾਨ ਨੀਤੀਵਾਨ ਵੀ ਜ਼ਾਹਿਰ ਹੁੰਦੇ ਹਨ ਜਿਨ੍ਹਾਂ ਨੇ ਖਾਲਸੇ ਦੀ ਪ੍ਰਭੂਸੱਤਾ ਨੂੰ ਆਪਣੇ ਤੋਂ ਵੀ ਉਪਰ ਸਮਝਿਆ ਤੇ ਅਜਿਹਾ ਕਰਕੇ ਵੀ ਦਿਖਾਇਆ। ਕਰਨਲ ਪ੍ਰੀਤਮ ਸਿੰਘ ਭੁੱਲਰ ਮੁਤਾਬਿਕ ਗੁਰੂ ਗੋਬਿੰਦ ਸਿੰਘ ਖਾਲਸੇ ਰਾਹੀਂ ਜੱਦੋਜਹਿਦ ਜਾਰੀ ਰੱਖਣਾ ਚਾਹੁੰਦੇ ਸਨ ਅਤੇ ਉੱਘੇ ਇਤਿਹਾਸਕਾਰ ਡਾਕਟਰ ਹਰੀ ਰਾਮ ਗੁਪਤਾ ਵੀ ਇਹੋ ਫੈਸਲੇ ਦਿੰਦੇ ਹਨ। ਇਸ ਜਦੋਜਹਿਦ ਦਾ ਇਕ ਰੂਪ ਛੇਤੀ ਹੀ ਸਰਹਿੰਦ ਦੀ ਫਤਹਿ ਤੇ ਬੰਦਾ ਬਹਾਦਰ ਦੇ ਰਾਜ ਦੇ ਰੂਪ ਵਿਚ ਸਾਹਮਣੇ ਆਇਆ।
 
ਕਰਮਜੀਤ ਸਿੰਘ