ਜੰਗਨਾਮਾ: ਬੰਦ ੧-੯੦ -ਸ਼ਾਹ ਮੁਹੰਮਦ

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨਵ ਸ਼ਾਸਤਡੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ, ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਅੱਵਲ ਹਮਦ ਜਨਾਬ ਅੱਲਾਹ ਦੀ ਨੂੰ, ਜਿਹੜਾ ਕੁਦਰਤੀ ਖੇਲ ਬਣਾਂਵਦਾ ਈ।
ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰਕੇ, ਰੰਗ ਰੰਗ ਦੇ ਬਾਗ਼ ਲਗਾਂਵਦਾ ਈ।
ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ, ਅੱਗੋਂ ਹੋਰ ਹੀ ਹੋਰ ਵਛਾਂਵਦਾ ਈ।
ਸ਼ਾਹ ਮੁਹੰਮਦਾ, ਉਸ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ। 1

ਏਥੇ ਆਇਆਂ ਨੂੰ ਦੁਨੀਆ ਮੋਹ ਲੈਂਦੀ, ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ।
ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ ਮੀਆਂ।
ਸਦਾ ਨਹੀਂ ਦੌਲਤਾਂ ਫੀਲ ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ।
ਸ਼ਾਹ ਮੁਹੰਮਦਾ, ਸਦਾ ਨਾ ਰੂਪ ਦੁਨੀਆ, ਸਦਾ ਰਹਿਣ ਨਾ ਕਾਲੜੇ ਕੇਸ ਮੀਆਂ। 2

ਇਕ ਰੋਜ਼ ਵਡਾਲੇ ਦੇ ਵਿਚ ਬੈਠੇ, ਚੱਲੀ ਆਣ ਅੰਗਰੇਜ਼ ਦੀ ਬਾਤ ਆਈ।
ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ, ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰਾਂ ਦੋਹਾਂ ਦੇ ਉੰਤੇ ਆਫ਼ਤ ਆਈ।
ਸ਼ਾਹ ਮੁਹੰਮਦਾ, ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜਾਤ ਆਈ। 3

ਇਹ ਜੱਗ ਸਰਾਇ ਮੁਸਾਫਰਾਂ ਦੀ, ਏਥੇ ਜ਼ੋਰ ਵਾਲੇ ਕਈ ਆਇ ਗਏ।
ਸ਼ੱਦਾਦ ਨਮਰੂਦ ਫਿਰਊਨ ਜੇਹੇ, ਦਾਵ੍ਹਾ ਬੰਨ੍ਹ ਖੁਦਾਇ ਕਹਾਇ ਗਏ।
ਅਕਬਰ ਸ਼ਾਹ ਜਿਹੇ ਵਿਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆਂ ਪਾਇ ਗਏ।
ਸ਼ਾਹ ਮੁਹੰਮਦਾ, ਰਹੇਗਾ ਰੱਬ ਸੱਚਾ। ਵਾਜੇ ਕੂੜ ਦੇ ਕਈ ਵਜਾਇ ਗਏ। 4

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ਼ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ, ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ। 5

ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ, ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ।
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ, ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ, 'ਮੋਇਆ ਮੁੱਢ ਕਦੀਮ ਦਾ ਯਾਰ ਮੀਆਂ।
ਸ਼ਾਹ ਮੁਹੰਮਦਾ, ਅਸਾਂ ਭੀ ਨਾਲ ਮਰਨਾ, ਸਾਡਾ ਏਹੋ ਸੀ ਕੌਲ ਕਰਾਰ ਮੀਆਂ।' 6

'ਮੇਰੇ ਬੈਠਿਆਂ ਇਨ੍ਹਾਂ ਨੇ ਖੂਨ ਕੀਤਾ, ਇਹ ਤਾਂ ਗਰਕ ਜਾਵੇ ਦਰਬਾਰ ਮੀਆਂ।
ਪਿੱਛੇ ਸਾਡੇ ਭੀ ਕੌਰ ਨਾ ਰਾਜ ਕਰਸੀ, ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ।'
ਨਾਹੱਕ ਦਾ ਇਨ੍ਹਾਂ ਨੇ ਖੂਨ ਕੀਤਾ, ਇਹ ਤਾਂ ਮਰਨਗੇ ਸਭ ਸਰਦਾਰ ਮੀਆਂ।'
ਸ਼ਾਹ ਮੁਹੰਮਦਾ, ਹੋਈ ਹੁਣ ਮੌਤ ਸਸਤੀ, ਖਾਲੀ ਨਹੀਂ ਜਾਣਾ ਇਕ ਵਾਰ ਮੀਆਂ। 7

ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ, ਬਰਸ ਇਕ ਪਿੱਛੋਂ ਵੱਸ ਕਾਲ ਹੋਇਆ।
ਆਈ ਮੌਤ ਨਾ ਅਟਕਿਆ ਇਕ ਘੜੀ, ਚੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ।
ਕੌਰ ਸਾਹਿਬ ਸ਼ਾਹਜ਼ਾਦੇ ਦੀ ਗੱਲ ਸੁਣ ਕੇ, ਜ਼ਰਾ ਦਰਦ ਦੇ ਨਾਲ ਨਾ ਮੂਲ ਰੋਇਆ।
ਸ਼ਾਹ ਮੁਹੰਮਦਾ, ਕਈਆਂ ਦੇ ਮਾਰਨੇ ਨੂੰ, ਵਿਚ ਕੌਂਸਲੇ ਕੌਰ ਨੂੰ ਹੁਕਮ ਹੋਇਆ। 8

ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ, ਦੇਖੋ ਸਾੜਨੇ ਨੂੰ ਹੁਣ ਲੈ ਚੱਲੇ।
ਧਰਮਰਾਜ ਨੂੰ ਜਦੋਂ ਇਹ ਖ਼ਬਰ ਹੋਈ, ਕੌਰ ਮਾਰਨੇ ਨੂੰ ਉਸ ਦੂਤ ਘੱਲੇ।
ਮਾਰੋ ਮਾਰ ਕਰਦੇ ਦੂਤ ਆਣ ਵੜੇ, ਜਦੋਂ ਮੌਤ ਦੇ ਹੋਏ ਨੀ ਆਣ ਹੱਲੇ।
ਸ਼ਾਹ ਮੁਹੰਮਦਾ, ਦੇਖੋ ਰਜਾਇ ਉਸ ਦੀ, ਊਧਮ ਸਿੰਘ ਤੇ ਕੌਰ ਦੇ ਸਵਾਸ ਚੱਲੇ। 9

ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ, ਪਲਕ ਵਿਚ ਦਰਵਾਜ਼ੇ ਦੇ ਆਇਆ ਈ।
ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ, ਦੇਖੋ ਉਸ ਨੂੰ ਖ਼ੂਬ ਬਜਾਇਆ ਈ।
ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ, ਛੱਜਾ ਢਾਹ ਦੋਹਾਂ ਉੰਤੇ ਪਾਇਆ ਈ।
ਸ਼ਾਹ ਮੁਹੰਮਦਾ, ਊਧਮ ਸਿੰਘ ਥਾਂਉਂ ਮੋਇਆ, ਕੌਰ ਸਾਹਿਬ ਭੀ ਸਹਿਕਦਾ ਆਇਆ ਈ। 10

ਅੱਠ ਪਹਿਰ ਲੁਕਾਇ ਕੇ ਰੱਖਿਓ ਨੇ, ਦੂਜੇ ਦਿਨ ਰਾਣੀ ਚੰਦ ਕੌਰ ਆਈ।
ਖੜਕ ਸਿੰਘ ਦਾ ਮੂਲ ਦਰੇਗ ਨਾਹੀਂ, ਕੌਰ ਸਾਹਿਬ ਤਾਈਂ ਓਥੇ ਰੋਣ ਆਈ।
ਹੁਣ ਮੋਇਆ ਤਾਂ ਕਰੋ ਸਸਕਾਰ ਇਸ ਦਾ, ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ।
ਸ਼ਾਹ ਮੁਹੰਮਦਾ, ਰੋਂਦੀ ਏ ਚੰਦ ਕੌਰਾਂ, ਜਿਸ ਦਾ ਮੋਇਆ ਪੁੱਤਰ ਸੋਹਣਾ ਸ਼ੇਰ ਸਾਈਂ। 11

ਸ਼ੇਰ ਸਿੰਘ ਨੂੰ ਕਿਸੇ ਜਾ ਖ਼ਬਰ ਦਿੱਤੀ, ਜਿਸ ਦਾ ਮੋਇਆ ਭਤੀਜਾ ਤੇ ਵੀਰ ਯਾਰੋ।
ਜਦੋਂ ਆਣ ਕੇ ਹੋਇਆ ਲਾਹੌਰ ਦਾਖਲ, ਅੱਖੀਂ ਰੋਇ ਪਲਟਦਾ ਨੀਰ ਯਾਰੋ।
ਉਸ ਨੇ ਤੁਰਤ ਵਟਾਲਿਓਂ ਕੂਚ ਕੀਤਾ, ਰਾਤੀਂ ਆਂਵਦਾ ਘੱਤ ਵਹੀਰ ਯਾਰੋ।
ਸ਼ਾਹ ਮੁਹੰਮਦ ਲੋਕ ਦਿਲਬਰੀ ਕਰਦੇ, ਚੰਦ ਕੌਰ ਹੋਈ ਦਿਲਗੀਰ ਯਾਰੋ। 12

ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀ, ਸ਼ੇਰ ਸਿੰਘ ਅੱਜ ਅੰਦਰ ਆਵਣਾ ਜੇ।
ਤੁਰਤ ਫੂਕ ਦਿਉ ਤੁਸੀਂ ਕਰਾਬੀਨਾਂ, ਇਕ ਘੜੀ ਵਿਚ ਮਾਰ ਮੁਕਾਵਣਾ ਜੇ।
ਸ਼ੇਰ ਸਿੰਘ ਨੂੰ ਰਾਜੇ ਨੇ ਖ਼ਬਰ ਦਿੱਤੀ, 'ਅੰਦਰ ਅਜੇ ਜ਼ਰੂਰ ਨਹੀਂ ਆਵਣਾ ਜੇ।
ਸ਼ਾਹ ਮੁਹੰਮਦਾ, ਅਜੇ ਨਹੀਂ ਜ਼ੋਰ ਤੇਰਾ, ਤੈਨੂੰ ਅਸਾਂ ਹੀ ਅੰਤ ਸਦਾਵਣਾ ਜੇ।' 13

ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ, ਦਗ਼ੇਬਾਜ਼ੀਆਂ ਹੋਰ ਬਥੇਰੀਆਂ ਨੀ।
ਉਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ, ਬੈਠਾ ਜਾਇ ਕੇ ਵਿਚ ਮੁਕੇਰੀਆਂ ਨੀ।
ਪਿੱਛੇ ਤਖ਼ਤ ਬੈਠੀ ਰਾਣੀ ਚੰਦ ਕੌਰਾਂ, ਦੇਂਦੇ ਆਣ ਮੁਸਾਹਿਬ ਦਲੇਰੀਆਂ ਨੀ।
ਸ਼ਾਹ ਮੁਹੰਮਦਾ, 'ਕੌਰ ਨਾ ਜੰਮਣਾ ਏਂ, ਕਿਲ੍ਹੇ ਕੋਟ ਤੇ ਰੱਯਤਾਂ ਤੇਰੀਆਂ ਨੀ।' 14

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ, 'ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ?
ਉਹ ਤਾਂ ਪੁੱਤਰ ਸਰਕਾਰ ਦਾ ਫਤਿਹ ਜੰਗੀ, ਗੱਦੀ ਓਸ ਨੂੰ ਚਾ ਬਹਾਈਏ ਜੀ।'
ਸਿੰਘਾਂ ਆਖਿਆ, 'ਰਾਜਾ ਜੀ ਹੁਕਮ ਤੇਰਾ, ਜਿਸ ਨੂੰ ਕਹੇਂ ਸੁ ਫਤਿਹ ਬੁਲਾਈਏ ਜੀ।
ਸ਼ਾਹ ਮੁਹੰਮਦਾ, ਗੱਲ ਜੋ ਮੂੰਹੋਂ ਕੱਢੇਂ, ਏਸੇ ਵਖ਼ਤ ਹੀ ਚਾ ਮੰਗਾਈਏ ਜੀ।' 15

ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖ਼ਸਤ, ਤੁਰਤ ਜੰਮੂ ਨੂੰ ਹੋਏ ਨੀ ਕੂਚ ਡੇਰੇ।
ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ, 'ਮੈਂ ਤਾਂ ਰਫ਼ੂ ਕਰ ਛੱਡੇ ਨੀ ਕੰਮ ਤੇਰੇ।'
ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ, ਅੱਗੋਂ ਆਇ ਮਿਲਸਣ ਤੈਨੂੰ ਸਭ ਡੇਰੇ।
ਸ਼ਾਹ ਮੁਹੰਮਦਾ, ਮਿਲਣਗੇ ਫੇਰ ਅਫ਼ਸਰ, ਜਿਸ ਵੇਲੜੇ ਸ਼ਹਿਰ ਦੇ ਗਿਓਂ ਨੇੜੇ।' 16

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ, ਫੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ।
ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ, ਧੂੜ ਉੰਡ ਕੇ ਘਟਾ ਹੋ ਚੱਲੀਆਂ ਨੀ।
ਆਵੇ ਬੁਧੂ ਦੇ ਲਾਏ ਨੀ ਪਾਸ ਡੇਰੇ, ਫੌਜਾਂ ਲੱਥੀਆਂ ਆਣ ਇਕੱਲੀਆਂ ਨੀ।
ਸ਼ਾਹ ਮੁਹਮਦਾ, ਆਣ ਜਾਂ ਮਿਲੇ ਅਫ਼ਸਰ, ਗੱਲਾਂ ਵਿਚ ਲਾਹੌਰ ਦੇ ਚੱਲੀਆਂ ਨੀ। 17

ਸ਼ੇਰ ਸਿੰਘ ਤਾਂ ਬੁਧੂ ਦੇ ਆਵਿਓਂ ਜੀ, ਕਰ ਤੁਰਮ ਲਾਹੌਰ ਵੱਲ ਧਾਇਾ ਈ।
ਪਹਿਲੇ ਪੜਤਾਲਾਂ ਦੇ ਅੱਗੋਂ ਪਾੜ ਕੇ ਜੀ, ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ।
ਉਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ, ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ।
ਸ਼ਾਹ ਮੁਹੰਮਦਾ, ਹਾਰ ਕੇ ਵਿਚਲਿਆਂ ਨੇ, ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ। 18

ਸ਼ੇਰ ਸਿੰਘ ਗੱਦੀ 'ਤੇ ਬੈਠ ਕੇ ਜੀ, ਰਾਣੀ ਕੈਦ ਕਰ ਕੇ ਕਿਲ੍ਹੇ ਵਿਚ ਪਾਈ।
ਘਰ ਬੈਠਿਆਂ ਰੱਬ ਨੇ ਰਾਜ ਦਿੱਤਾ, ਦੇਖੋ ਮੱਲ ਬੈਠਾ ਸਾਰੀ ਪਾਤਸ਼ਾਹੀ।
ਬਰਸ ਹੋਇਆ ਜਾਂ ਉਸ ਨੂੰ ਕੈਦ ਅੰਦਰ, ਰਾਣੀ ਦਿਲ ਦੇ ਵਿਚ ਜੋ ਜਿੱਚ ਆਹੀ।
ਸ਼ਾਹ ਮੁਹੰਮਦਾ, ਮਾਰ ਕੇ ਚੰਦ ਕੌਰਾਂ, ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ। 19

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ, ਉਨ੍ਹਾਂ ਤਾਈਂ ਹਜੂਰ ਚਾ ਸੱਦਿਆ ਈ।
ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ, ਨੱਕ ਕੰਨ ਚਾ ਉਨ੍ਹਾਂ ਦਾ ਵੱਢਿਆ ਈ।
ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ, ਉਨ੍ਹਾਂ ਅੰਦਰੋਂ ਬਾਹਰ ਚਾ ਕੱਢਿਆ ਈ।
ਸ਼ਾਹ ਮੁਹੰਮਦਾ, ਲਾਹ ਕੇ ਸਭ ਜ਼ੇਵਰ, ਕਾਲਾ ਮੂੰਹ ਕਰ ਕੇ ਫੇਰ ਛੱਡਿਆ ਈ। 20

ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ, ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ।
ਸੰਧਾਂਵਾਲੀਆਂ ਦੇ ਦੇਸੋਂ ਪੈਰ ਖਿਸਕੇ, ਜਾ ਕੇ ਪੁੱਛ ਲੈ ਰਾਹ ਪਧਾਣੀਆਂ ਥੀਂ।
ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ, ਪੈਦਾ ਹੋਇਆ ਸੀ ਅਸਲ ਸਵਾਣੀਆਂ ਥੀਂ।
ਸ਼ਾਹ ਮੁਹੰਮਦਾ, ਜੰਮਿਆਂ ਅਲੀ ਅਕਬਰ, ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ। 21

ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ, ਡੇਰਾ ਸ਼ਾਹ ਬਿਲਾਵਲ ਲਗਾਂਵਦਾ ਈ।
ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ, ਸ਼ੇਰ ਸਿੰਘ ਨੂੰ ਆਣ ਵਿਖਾਂਵਦਾ ਈ।
ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ, ਜਲਦੀ ਨਾਲ ਚਾ ਕਲਾ ਦਬਾਂਵਦਾ ਈ।
ਸ਼ਾਹ ਮੁਹੰਮਦਾ ਜ਼ਿਮੀਂ 'ਤੇ ਪਿਆ ਤੜਫੇ, ਤੇਗ਼ ਮਾਰ ਕੇ ਸੀਸ ਉਡਾਂਵਦਾ ਈ। 22

ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਇਆ, ਅੱਗੇ ਕੌਰ ਜੋ ਹੋਮ ਕਰਾਂਵਦਾ ਈ।
ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ, ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ।
'ਮੈਂ ਤਾਂ ਕਰਾਂਗਾ ਬਾਬਾ ਜੀ! ਟਹਿਲ ਤੇਰੀ' ਹੱਥ ਜੋੜ ਕੇ ਸੀਸ ਨਿਵਾਂਵਦਾ ਈ।
ਸ਼ਾਹ ਮੁਹੰਮਦਾ, ਓਸ ਨਾ ਇਕ ਮੰਨੀ, ਤੇਗ ਮਾਰ ਕੇ ਸੀਸ ਉਡਾਂਵਦਾ ਈ। 23

ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰ ਕੇ ਜੀ, ਸੰਧਾਂਵਾਲੀਏ ਸ਼ਹਿਰ ਨੂੰ ਉੰਠ ਧਾਏ।
ਰਾਜਾ ਮਿਲਿਆ ਤਾਂ ਕਿਹਾ ਅਜੀਤ ਸਿੰਘ ਨੇ, 'ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ।'
ਗੱਲੀਂ ਲਾਇ ਕੇ ਕਿਲ੍ਹੇ ਦੇ ਵਿਚ ਆੰਦਾ, ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ!
'ਜਿਨ੍ਹਾਂ ਮਾਰੀ ਸੀ ਰਾਜਾ ਜੀ ਚੰਦ ਕੌਰਾਂ, ਸ਼ਾਹ ਮੁਹੰਮਦਾ, ਉਨ੍ਹਾਂ ਦੇ ਸੀਸ ਲਾਹੇ।' 24

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ : 'ਤੁਸਾਂ ਇਹ ਕਿਉਂ ਜੀਂਵਦਾ ਛੱਡਿਆ ਜੇ?'
ਮਗਰੋਂ ਮਹਿਰ ਘਸੀਟਾ ਤਾਂ ਬੋਲਿਆ ਈ, 'ਇਹ ਸੁਖਨ ਸਲਾਹ ਦਾ ਕੱਢਿਆ ਜੇ।'
ਇਕ ਅੜਦਲੀ ਨੇ ਕਰਾਬੀਨ ਮਾਰੀ, ਰੱਸਾ ਆਸ ਉਮੈਦ ਦਾ ਵੱਢਿਆ ਜੇ।
ਸ਼ਾਹ ਮੁਹੰਮਦਾ, ਜ਼ਿਮੀਂ 'ਤੇ ਪਿਆ ਤੜਫ਼ੇ, ਦਲੀਪ ਸਿੰਘ ਤਾਈਂ ਫੇਰ ਸੱਦਿਆ ਜੇ। 25

ਪਹਿਲੇ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ, ਪਿੱਛੋਂ ਦਿੱਤੀਆਂ ਚਾਰ ਪ੍ਰਦੱਖਣਾ ਈ।
'ਤੇਰੇ ਵਾਸਤੇ ਹੋਏ ਨੇ ਸਭ ਕਾਰੇ, ਅੱਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ।
ਸਾਨੂੰ ਘੜੀ ਦੀ ਕੁਝ ਉਮੈਦ ਨਾਹੀ, ਅੱਜ ਰਾਤ ਪ੍ਰਸ਼ਾਦ ਕਿਨ ਚੱਖਣਾ ਈ।
ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ, ਸ਼ਾਹ ਮੁਹੰਮਦਾ, ਕਰਾਂਗੇ ਸੱਖਣਾ ਈ।' 26

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ, ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ।
ਧੌਂਸਾ ਮਾਰ ਕੇ ਫੌਜ ਲੈ ਨਾਲ ਸਾਰੀ, ਗੁੱਸੇ ਨਾਲ ਉਹ ਸ਼ਹਿਰ ਦੇ ਵਿਚ ਵੜਿਆ।
ਰਾਜਪੂਤ ਸੀ ਡੋਗਰਾ ਬਹੁਤ ਚੰਗਾ, ਸੰਧਾਂਵਾਲੀਆਂ ਦੇ ਨਾਲ ਖ਼ੂਬ ਲੜਿਆ।
ਸ਼ਾਹ ਮੁਹੰਮਦਾ, ਅਜੀਤ ਸਿੰਘ ਮੋਇਆ ਲੱਧਾ, ਲਹਿਣਾ ਸਿੰਘ ਜੋ ਜੀਂਵਦਾ ਆਣ ਫੜਿਆ। 27

ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ, ਖੰਡਾ ਵਿਚ ਮੈਦਾਨ ਵਜਾਇ ਗਏ।
ਸ਼ੇਰ ਸਿੰਘ ਨਾ ਕਿਸੇ ਨੂੰ ਵਧਣ ਦੇਂਦਾ, ਸਾਰੇ ਮੁਲਖ ਥੀਂ ਕਲਾ ਮਿਟਾਇ ਗਏ।
ਰਾਜਾ ਕਰਦਾ ਸੀ ਮੁਲਖ ਦੀ ਪਾਤਸ਼ਾਹੀ, ਪਿਛੇ ਰੱਯਤਾਂ ਨੂੰ ਵਖਤ ਪਾਇ ਗਏ।
ਸ਼ਾਹ ਮੁਹੰਮਦਾ, ਮਾਰ ਕੇ ਮੋਏ ਦੋਵੇਂ, ਚੰਗੇ ਸੂਰਮੇ ਹੱਥ ਵਿਖਾਇ ਗਏ। 28

ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ, ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ।
ਮੀਰ ਦਾਦ ਚੁਹਾਨ ਦੇ ਸਤਰ ਅੰਦਰ, ਮੋਈਆਂ ਰਾਣੀਆਂ ਮਾਰ ਕਟਾਰੀਆਂ ਨੀ।
ਸੰਧਾਂਵਾਲੀਆਂ ਜੇਹੀ ਨਾ ਕਿਸੇ ਕੀਤੀ, ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ।
ਸ਼ਾਹ ਮੁਹੰਮਦਾ, ਮੋਈ ਨੀ ਬੀਰ ਹੋ ਕੇ, ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ। 29

ਪਿੱਛੋਂ ਆ ਕੇ ਸਭਨਾਂ ਨੂੰ ਫਿਕਰ ਹੋਇਆ, ਸੋਚੀਂ ਪਏ ਨੇ ਸਭ ਸਰਦਾਰ ਮੀਆਂ।
'ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ, ਪਈ ਖੜਕਦੀ ਨਿਤ ਤਲਵਾਰ ਮੀਆਂ।
ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ, ਹੋਰ ਕਹੋ ਕਿਸ ਦੇ ਪਾਣੀਹਾਰ ਮੀਆਂ।
ਸ਼ਾਹ ਮੁਹੰਮਦਾ, ਧੁਰੋਂ ਤਲਵਾਰ ਵਗਦੀ, ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ। 30

ਮਹਾਂਬਲੀ ਸਰਦਾਰ ਸੀ ਪੰਥ ਵਿਚੋਂ, ਡਿੱਠੀ ਬਣੀ ਕੁਚੱਲਣੀ ਚਾਲ ਮੀਆਂ।
ਦਿਲ ਆਪਣੇ ਬੈਠ ਵਿਚਾਰ ਕਰਦਾ, ਏਥੇ ਕਈਆਂ ਦੇ ਹੋਣਗੇ ਕਾਲ ਮੀਆਂ।
ਲਹਿਣਾ ਸਿੰਘ ਸਰਦਾਰ ਮਜੀਠੀਆ ਸੀ, ਵੱਡਾ ਅਕਲ ਦਾ ਕੋਟ ਕਮਾਲ ਮੀਆਂ।
ਸ਼ਾਹ ਮੁਹਮਦਾ, ਤੁਰ ਗਿਆ ਤੀਰਥਾਂ ਨੂੰ, ਸੱਭੋ ਛੱਡ ਕੇ ਦੰਗ ਦਵਾਲ ਮੀਆਂ। 31

ਦਲੀਪ ਸਿੰਘ ਗੱਦੀ ਉੰਤੇ ਰਹੇ ਬੈਠਾ, ਹੀਰਾ ਸਿੰਘ ਜੋ ਰਾਜ ਕਮਾਂਵਦਾ ਈ।
ਜੱਲਾ ਉਸ ਦਾ ਖਾਸ ਵਜ਼ੀਰ ਹੈ ਸੀ, ਖ਼ਾਤਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ।
ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ, ਕਹੇ ਕੁਝ ਤੇ ਕੁਝ ਕਮਾਂਵਦਾ ਈ।
ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦੇਂਦਾ, ਹੀਰਾ ਸਿੰਘ ਦਾ ਨਾਸ਼ ਕਰਾਂਵਦਾ ਈ। 32

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ, 'ਬੁਰਾ ਕਰਨ ਹਾਰਾ ਜੱਲਾ ਠੀਕ ਦਾ ਈ।
ਜਲਦੀ ਪਹੁੰਚ ਵਜ਼ੀਰ ਬਣਾ ਲਈਏ, ਤੈਨੂੰ ਖ਼ਾਲਸਾ ਪਿਆ ਉਡੀਕਦਾ ਈ।
ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ, ਹੀਰਾ ਸਿੰਘ ਤਾਂ ਪੁੱਤਰ ਸ਼ਰੀਕ ਦਾ ਈ।
ਸ਼ਾਹ ਮੁਹੰਮਦਾ, ਜੱਲੇ ਦਾ ਨੱਕ ਵੱਢੋ, ਭੱਜ ਜਾਏਗਾ ਮਾਰਿਆ ਲੀਕ ਦਾ ਈ। 33

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ, ਜਾਮੇ ਵਿਚ ਨਾ ਮੂਲ ਸਮਾਂਵਦਾ ਈ।
ਵੱਗਾ ਤੱਗ ਲਾਹੌਰ ਨੂੰ ਅਸਾਂ ਜਾਣਾ, ਡੇਰੇ ਕਾਠੀਆਂ ਚਾ ਪਵਾਂਵਦਾ ਈ।
ਮੰਜੀ ਕਾਕੜੀ ਫੌਜ ਉਤਾਰ ਕੇ ਜੀ, ਬਾਈ ਆਦਮੀ ਨਾਲ ਲੈ ਆਂਵਦਾ ਈ।
ਸ਼ਾਹ ਮੁਹੰਮਦਾ, ਆਣ ਲਾਹੌਰ ਪਹੁੰਚਾ, ਮੀਆਂ ਮੀਰ ਡੇਰਾ ਆਣ ਲਾਂਵਦਾ ਈ। 34

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ, ਤੁਰਤ ਪੜਤਲਾਂ ਸਭ ਲਪੇਟੀਆਂ ਨੀ।
ਸਿੰਘਾਂ ਆਖਿਆ, 'ਰਾਜਾ ਜੀ! ਜਾਓ ਮੁੜ ਕੇ, ਫੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ।'
'ਸਿੰਘੋਂ! ਜੀਂਵਦਾ ਜਾਣ ਮੁਹਾਲ ਜੰਮੂ, ਤਾਹਨੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ।
ਸ਼ਾਹ ਮੁਹੰਮਦਾ, 'ਆਇਆ ਵਜ਼ੀਰੀ ਲੈ ਕੇ, ਆਖਣ ਸਭ ਪਹਾੜ ਡੁਮੇਟੀਆਂ ਨੀ।' 35

ਤੋਪਾਂ ਜੋੜ ਕੇ ਪਲਟਨਾਂ ਨਾਲ ਲੈ ਕੇ, ਚਾਚੇ ਸਕੇ ਤੇ ਹੀਰਾ ਸਿੰਘ ਜਾ ਚੜ੍ਹਦਾ।
ਜਦੋਂ ਫੌਜਾਂ ਨੇ ਘੱਤਿਆ ਆਣ ਘੇਰਾ, ਖੰਡਾ ਖਿੱਚ ਕੇ ਸਾਰ ਦਾ ਹੱਥ ਫੜਦਾ।
ਭੀਮ ਸਿੰਘ ਤੇ ਕੇਸਰੀ ਸਿੰਘ ਸਾਰੇ, ਲੈ ਕੇ ਦੋਹਾਂ ਨੂੰ ਕੱਟਕ ਦੇ ਵਿਚ ਵੜਦਾ।
ਸ਼ਾਹ ਮੁਹੰਮਦਾ, ਸਿੰਘਾਂ ਨੇ ਲਾਜ ਰੱਖੀ, ਮੱਥੇ ਸਾਹਮਣੇ ਹੋਇ ਕੇ ਖ਼ੂਬ ਲੜਦਾ। 36

ਸਿੰਘ ਜਲ੍ਹੇ ਦੇ ਹੱਥੋਂ ਜੁ ਤੰਗ ਆਏ, ਦਿਲਾਂ ਵਿਚ ਕਚੀਚੀਆਂ ਖਾਂਵਦੇ ਨੀ।
ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ, ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ।
ਕਈ ਆਖਦੇ ਦਿਓ ਇਨਾਮ ਸਾਨੂੰ, ਲੈ ਕੇ ਬੁਤਕੀਆਂ ਚਾ ਗਲ ਪਾਂਵਦੇ ਨੀ।
ਸ਼ਾਹ ਮੁਹੰਮਦਾ, ਜਲ੍ਹੇ ਦੇ ਮਾਰਨੇ ਨੂੰ, ਪੰਜ-ਕੌਂਸਲੀ ਚਾ ਬਣਾਂਵਦੇ ਨੀ। 37

ਹੋਇਆ ਹੁਕਮ ਜਾਂ ਬਹੁਤ ਮਹਾਵਤਾਂ ਨੂੰ, ਹੌਦੇ ਸੋਨੇ ਦੇ ਚਾਇ ਕਸਾਂਵਦੇ ਨੀ।
ਤਰਫ਼ ਜੰਮੂ ਦੀ ਮੂੰਹ ਮੋੜ ਚੱਲੇ, ਸਾਨੂੰ ਆਇ ਕੇ ਸਿੰਘ ਮਨਾਂਵਦੇ ਨੀ।
ਘੇਰੇ ਅਜਲ ਦੇ ਅਕਲ ਨਾ ਮੂਲ ਆਈ, ਬੁਰਾ ਆਪਣਾ ਆਪ ਕਰਾਂਵਦੇ ਨੀ।
ਸ਼ਾਹ ਮੁਹੰਮਦਾ, ਸਿੰਘ ਲੈ ਮਿਲੇ ਤੋਪਾਂ, ਅੱਗੋਂ ਗੋਲੀਆਂ ਨਾਲ ਉਡਾਂਵਦੇ ਨੀ। 38

ਹੀਰਾ ਸਿੰਘ ਤੇ ਜੱਲੇ ਨੂੰ ਮਾਰ ਕੇ ਜੀ, ਜਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ।
ਤਰਫ਼ ਜੰਮੂ ਪਹਾੜ ਦੀ ਹੋ ਚਲੇ, ਰਾਹੀ ਸ਼ੋਰ ਖਰੂਦ ਮਚਾਂਵਦੇ ਨੀ।
ਉਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ, ਕੈਂਠੇ ਫੇਰ ਲੈ ਕੇ ਗਲੀਂ ਪਾਂਵਦੇ ਨੀ।
ਸ਼ਾਹ ਮੁਹੰਮਦਾ, 'ਅਸਾਂ ਹੁਣ ਕੜੇ ਲੈਣੇ', ਜਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ। 39

ਕਿਹਾ ਬੁਰਛਿਆ ਆਣ ਅੰਧੇਰ ਪਾਇਆ, ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ।
ਕੜੇ ਕੈਂਠੇ ਇਨਾਮ ਰੁਪਏ ਬਾਰਾਂ, ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ।
ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ, ਕਈ ਸ਼ਹਿਰ ਦੇ ਲੁੱਟ ਬਜ਼ਾਰ ਲੈਂਦੇ।
ਸ਼ਾਹ ਮੁਹੰਮਦਾ, ਚੜ੍ਹੇ ਮਝੈਲ ਭਈਏ, ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ। 40

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ, ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ, ਸੱਭੋ ਕਤਲ ਹੋਏ ਵਾਰੋ ਵਾਰ ਮੀਆਂ।
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ, ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ। 41

ਜਵਾਹਰ ਸਿੰਘ ਦੇ ਉੰਤੇ ਨੀ ਚੜ੍ਹੇ ਸਾਰੇ, ਮੱਥਾ ਖ਼ੂਨੀਆਂ ਦੇ ਵਾਂਗ ਵੱਟਿਓ ਨੇ।
ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ, ਅੱਗੋਂ ਨਾਲ ਸੰਗੀਨ ਦੇ ਫੱਟਿਓ ਨੇ।
ਸੀਖਾਂ ਨਾਲ ਅੜੁੰਬ ਕੇ ਫੀਲ ਉਤੋਂ, ਕੱਢ ਹੌਦਿਓਂ ਜ਼ਿਮੀਂ ਤੇ ਸੱਟਿਓ ਨੇ।
ਸ਼ਾਹ ਮੁਹੰਮਦਾ, ਵਾਸਤੇ ਪਾਇ ਰਹਿਆ, ਸਿਰ ਨਾਲ ਤਲਵਾਰ ਦੇ ਕੱਟਿਓ ਨੇ। 42

ਮਾਈ ਕੈਦ ਕਨਾਤ ਦੇ ਵਿਚ ਕੀਤੀ : 'ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈਂ?
ਤੇਰਾ ਕੌਣ ਹਮਾਇਤੀ ਸੁਣਨ ਵਾਲਾ, ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈਂ?
ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈਂ?
ਸ਼ਾਹ ਮੁਹੰਮਦਾ, ਦੇਹ ਇਨਾਮ ਸਾਨੂੰ, ਸਾਡੇ ਜ਼ੋਰ 'ਤੇ ਰਾਜ ਕਮਾਵਣੀ ਹੈਂ।' 43

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ, ਕਿੱਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ।
ਮੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ, ਜਿਸ ਦੀ ਤਾਬਿਆ ਲੱਖ ਹਜ਼ਾਰ ਘੋੜੇ।
ਕਿੱਥੋਂ ਕੱਢਾਂ ਮੈਂ ਦੇਸ ਫਰੰਗੀਆਂ ਦਾ, ਕੋਈ ਮਿਲੇ ਜੋ ਇਨ੍ਹਾਂ ਦਾ ਗਰਬ ਤੋੜੇ।
ਸ਼ਾਹ ਮੁਹੰਮਦਾ, ਓਸ ਥੀਂ ਜਾਨ ਵਾਰਾਂ, ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ। 44

ਮੈਨੂੰ ਆਣ ਚੁਫੇਰਿਓਂ ਘੂਰਦੇ ਨੀ, ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ।
ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ, ਸਾਰੇ ਦੇਸ ਦੇ ਵਿਚ ਚਾ ਤੁਰਨ ਵਾਰਾਂ।
ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ, ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ।
ਪਏ ਰੁਲਣ ਇਹ ਵਿਚ ਪਰਦੇਸ ਮੁਰਦੇ, ਸ਼ਾਹ ਮੁਹੰਮਦਾ, ਮਾਰਨੀ ਏਸ ਮਾਰਾਂ। 45

ਜਿਨ੍ਹਾਂ ਮਾਰਿਆ ਕੋਹ ਕੇ ਵੀਰ ਮੇਰਾ, ਮੈਂ ਤਾਂ ਖੁਹਾਊਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ।
ਧਾਕਾਂ ਜਾਣ ਵਲਾਇਤੀ ਦੇਸ ਸਾਰੇ, ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ, ਚੌਂਕ ਤੇ ਵਾਲੀਆਂ ਡੰਡੀਆਂ ਨੀ।
ਸ਼ਾਹ ਮੁਹੰਮਦਾ, ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ। 46

ਅਰਜ਼ੀ ਲਿਖੀ ਫਰੰਗੀ ਨੂੰ ਕੁੰਜ ਗੋਸ਼ੇ, ਪਹਿਲੇ ਆਪਣਾ ਸੁਖ ਅਨੰਦ ਵਾਰੀ।
'ਤੇਰੀ ਵੱਲ ਮੈਂ ਫੌਜ ਨੂੰ ਘੱਲਨੀਆਂ, ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।
ਜਿਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ, ਪਿੱਛੇ ਖਰਚ ਮੈਂ ਕਰਾਂਗੀ ਬੰਦ ਵਾਰੀ।
ਸ਼ਾਹ ਮੁਹੰਮਦਾ, ਫੇਰ ਨਾ ਆਉਣ ਮੁੜ ਕੇ, ਮੈਨੂੰ ਏਤਨੀ ਬਾਤ ਪਸੰਦ ਵਾਰੀ। 47

ਪਹਿਲੇ ਪਾਰ ਦਾ ਮੁਲਖ ਤੂੰ ਮੱਲ ਸਾਡਾ, ਆਪੇ ਖਾ ਗੁੱਸਾ ਤੈਥੀਂ ਆਵਣੀਗੇ।
ਸੋਈ ਲੜਨਗੇ ਹੋਣ ਬੇਖ਼ਬਰ ਜਿਹੜੇ, ਮੱਥਾ ਕਦੀ ਸਰਦਾਰ ਨਾ ਡਾਹਵਣੀਗੇ,
ਏਸੇ ਵਾਸਤੇ ਫੌਜ ਮੈਂ ਪਾੜ ਛੱਡੀ, ਕਈ ਭਾਂਜ ਅਚਾਨਕੀ ਖਾਵਣੀਗੇ।
ਸ਼ਾਹ ਮੁਹੰਮਦਾ, ਲਾਟ ਜੀ ਕਟਕ ਤੇਰੇ, ਮੇਰੇ ਗਲੋਂ ਤਗਾਦੜੀ ਲਾਹਵਣਗੀ।' 48

ਲੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ, ਇਨ੍ਹਾਂ ਲਾਟਕਾਂ ਵਿਚੋਂ ਕੌਣ ਲੜੇਗਾ ਜੀ?
ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ : 'ਹਮ ਸਿੰਘ ਸਿਉਂ ਜਾਇ ਕੇ ਲੜੇਗਾ ਜੀ।
ਘੰਟੇ ਤੀਨ ਮੇਂ ਜਾ ਲਾਹੌਰ ਮਾਰਾਂ, ਇਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ।
ਸ਼ਾਹ ਮੁਹੰਮਦਾ, ਫਗਣੋਂ ਤੇਰ੍ਹਵੀਂ ਨੂੰ, ਹਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ।' 49

ਵੱਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ, ਤੰਬੂ ਬੈਰਕਾਂ ਨਾਲ ਨਿਸ਼ਾਨ ਮੀਆਂ।
ਕੋਤਲ ਬੱਘੀਆਂ ਪਾਲਕੀ ਤੋਪਖਾਨੇ, ਦੂਰਬੀਨ ਚੰਗੀ, ਸਾਇਬਾਨ ਮੀਆਂ।
ਚੜ੍ਹਿਆ ਲੰਦਨੋਂ ਲਾਟ ਉਠਾਇ ਬੀੜਾ, ਡੇਰਾ ਪਾਂਵਦਾ ਵਿਚ ਮੈਦਾਨ ਮੀਆਂ।
ਸ਼ਾਹ ਮੁਹੰਮਦਾ, ਗੋਰਿਆਂ ਛੇੜ ਛੇੜੀ, ਮੁਲਕ ਪਾਰ ਦਾ ਮੱਲਿਆ ਆਣ ਮੀਆਂ। 50

ਫਰਾਂਸੀਸ ਨੂੰ ਅੰਦਰੋਂ ਹੁਕਮ ਹੋਇਆ, 'ਤੁਸੀਂ ਜਾਓ ਖਾਂ ਤਰਫ਼ ਕਸ਼ਮੀਰ ਨੂੰ ਜੀ।'
ਉਨ੍ਹਾਂ ਰੱਬ ਦਾ ਵਾਸਤਾ ਪਾਇਆ ਈ, ਮਾਈ ਫੜੀ ਨਾ ਕੁਝ ਤਕਸੀਰ ਨੂੰ ਜੀ।
'ਪਾਰੋ ਮੁਲਕ ਫਰੰਗੀਆਂ ਮੱਲ ਲਿਆ, ਅਸੀਂ ਮਾਰਾਂਗੇ ਓਸ ਦੇ ਪੀਰ ਨੂੰ ਜੀ।
ਸ਼ਾਹ ਮੁਹੰਮਦਾ, ਆਏ ਨੀ ਹੋਰ ਪਰਿਓਂ, ਅਸਾਂ ਡੱਕਣਾ ਓਸ ਵਹੀਰ ਨੂੰ ਜੀ।' 51

ਮਾਈ ਆਖਿਆ, 'ਸਭ ਚੜ੍ਹ ਜਾਣ ਫੌਜਾਂ, ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ।
ਮੁਸਲਮਾਨੀਆਂ ਪੜਤਾਲਾਂ ਰਹਿਣ ਏਥੇ, ਘੋੜ-ਚੜ੍ਹੇ ਨਾਹੀਂ ਏਥੇ ਰੱਖਣੇ ਜੀ।
ਕਲਗੀ ਵਾਲੜੇ ਖ਼ਾਲਸਾ ਹੋਣ ਮੋਹਰੇ, ਅੱਗੇ ਹੋਰ ਗਰੀਬ ਨਾ ਧੱਕਣੇ ਜੀ।'
ਸ਼ਾਹ ਮੁਹੰਮਦਾ, ਜਿਨ੍ਹਾਂ ਦੀ ਤਲਬ ਤੇਰਾਂ, ਮਜ਼ੇ ਤਿਨਾਂ ਲੜਾਈਆਂ ਦੇ ਚੱਖਣੇ ਜੀ। 52

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ, 'ਮੈਥੋਂ ਗਏ ਖਜ਼ਾਨੇ ਨਿਖੁੱਟ ਵਾਰੀ।
ਜਮਨਾ ਤੀਕਰਾਂ ਪਿਆ ਜੇ ਦੇਸ ਸੁੰਲਾ, ਖਾਓ ਦੇਸ ਫਰੰਗੀ ਦਾ ਲੁੱਟ ਵਾਰੀ।
ਮਾਰੋ ਸ਼ਹਿਰ ਫਿਰੋਜ਼ਪੁਰ ਲੁਧਿਆਣਾ, ਸੁੱਟੋ ਛਾਵਣੀ ਓਸ ਦੀ ਪੁੱਟ ਵਾਰੀ।
ਸ਼ਾਹ ਮੁਹੰਮਦਾ, ਲਵੋ ਇਨਾਮ ਮੈਥੋਂ, ਕੜੇ, ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ।' 53

ਸਿੰਘਾਂ ਆਖਿਆ, 'ਲੜਾਂਗੇ ਹੋ ਟੋਟੇ, ਸਾਨੂੰ ਖ਼ਬਰ ਘੱਲੀਂ ਦਿਨੇ ਰਾਤ ਮਾਈ।
ਤੇਰੀ ਨੌਕਰੀ ਵਿਚ ਨਾ ਫਰਕ ਕਰਸਾਂ, ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ।'
ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤੀ, ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ।
ਸ਼ਾਹ ਮੁਹੰਮਦਾ, ਅਜੇ ਨਾ ਜਾਣਿਓ ਨੇ, ਖਾਲੀ ਪਈ ਏ ਚੋਪੜੀ ਪ੍ਰਾਤ ਮਾਈ। 54

ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ, ਸਿੰਘ ਬੈਠੇ ਨੀ ਹੋਏ ਸੁਚੇਤ ਮੀਆਂ।
ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ, ਕਿਸੇ ਹਾਰ ਦੇਵੇ ਕਿਸੇ ਜੇਤ ਮੀਆਂ।
ਇਕ ਲੱਖ ਬੇਟਾ ਸਵਾ ਲੱਖ ਪੋਤਾ, ਰਾਵਣ ਮਾਰਿਆ ਘਰ ਦੇ ਭੇਤ ਮੀਆਂ।
ਸ਼ਾਹ ਮੁਹੰਮਦਾ, ਜਾਣਦਾ ਜੱਗ ਸਾਰਾ, ਕਈ ਸੂਰਮੇਂ ਆਉਣਗੇ ਖੇਤ ਮੀਆਂ। 55

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ : 'ਚੱਲੋ ਜਾਏ ਫਰੰਗੀ ਨੂੰ ਮਾਰੀਏ ਜੀ।
ਇਕ ਵਾਰ ਜੇ ਸਾਹਮਣੇ ਹੋਏ ਸਾਡੇ, ਇਕ ਘੜੀ ਵਿਚ ਪਾਰ ਉਤਾਰੀਏ ਜੀ।
ਭਾਈ ਵੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ, ਅਸਾਂ ਕਦੀ ਨਾ ਓਸ ਤੋਂ ਹਾਰੀਏ ਜੀ।
ਸ਼ਾਹ ਮੁਹੰਮਦਾ, ਮਾਰ ਕੇ ਲੁਧਿਆਣਾ, ਫੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ। 56

ਜ਼ਬਤ ਕਰਾਂਗੇ ਮਾਲ ਫਰੰਗੀਆਂ ਦੇ, ਓਥੋਂ ਲਿਆਵਾਂਗੇ ਦੌਲਤਾਂ ਬੋਰੀਆਂ ਨੀ।
ਪਿੱਛੋਂ ਵੜਾਂਗੇ ਉਨ੍ਹਾਂ ਦੇ ਸਤਰਖਾਨੇ, ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ।
ਕਾਬਲ ਵਿਚ ਪਠਾਨ ਜਿਉਂ ਅਲੀ ਅਕਬਰ, ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ।
ਸ਼ਾਹ ਮੁਹੰਮਦਾ, ਲਵਾਂਗੇ ਫੇਰ ਕੰਠੇ, ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ।' 57

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ।
ਚੜ੍ਹੇ ਸਭ ਮਝੈਲ, ਦੁਆਬੀਏ ਜੀ, ਜਿਨ੍ਹਾਂ ਕਿਲ੍ਹੇ ਨਿਵਾਏ ਨੀ ਢੇਰ ਮੀਆਂ।
ਸ਼ਾਹ ਮੁਹੰਮਦਾ, ਚੜ੍ਹੇ ਜਮਹੂਰਖ਼ਾਨੇ, ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ। 58

ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ, ਜੱਲ੍ਹੇ ਵਾਲੀਏ ਬਣਤ ਬਣਾਂਵਦੇ ਨੀ।
ਆਏ ਹੋਰ ਪਹਾੜ ਦੇ ਸਭ ਰਾਜੇ, ਜਿਹੜੇ ਤੇਗ ਦੇ ਧਨੀ ਕਹਾਂਵਦੇ ਨੀ।
ਆਏ ਸਭ ਮਝੈਲ ਦੁਆਬੀਏ ਜੀ, ਸੰਧਾਂਵਾਲੀਏ ਕਾਠੀਆਂ ਪਾਂਵਦੇ ਨੀ।
ਸ਼ਾਹ ਮੁਹੰਮਦਾ, ਚੜ੍ਹੀ ਅਕਾਲ ਰਜਮੰਟ, ਖੰਡੇ ਸਾਰ ਦੇ ਸਿਕਲ ਕਰਾਂਵਦੇ ਨੀ। 59

ਮਜ਼ਹਰ ਅਲੀ ਤੇ ਮਾਘੇ ਖਾਂ ਕੂਚ ਕੀਤਾ, ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ, ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨੀ।
ਇਲਾਹੀ ਬਖਸ਼ ਪਟੋਲੀ ਨੇ ਮਾਂਜ ਕੇ ਜੀ, ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ, ਐਸੀਆਂ ਲਿਸ਼ਕ ਆਈਆਂ, ਬਿਜਲੀ ਵਾਂਗ ਜੋ ਦੇਣ ਵਿਖਾਲੀਆਂ ਨੀ। 60

ਸੁਣ ਕੇ ਖ਼ਬਰ ਫਰੰਗੀ ਦੀ ਚੜ੍ਹੇ ਸੱਭੇ, ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ।
ਅੱਗੇ ਵਾਰ ਕੁਵਾਰ ਨਾ ਕਿਸੇ ਡਿੱਠਾ, ਇਕ ਦੂਸਰੇ ਦੇ ਅੱਗੇ ਲੱਗ ਤੁਰੀਆਂ।
ਅੱਗੇ ਤੋਪਾਂ ਦੇ ਧਨੀ ਭੀ ਹੈਨ ਗੋਰੇ, ਵੰਗਾਂ ਪਹਿਣ ਖਲੋਤੀਆਂ ਨਹੀਂ ਕੁੜੀਆਂ।
ਸ਼ਾਹ ਮੁਹੰਮਦਾ, ਵਰਜਦੇ ਜਾਂਦਿਆਂ ਨੂੰ, ਫੌਜਾਂ ਹੋ ਮੁਹਾਣੀਆਂ ਕਦੋਂ ਮੁੜੀਆਂ। 61

ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸੇ, ਸਭੇ ਗੱਭਰੂ ਨਾਲ ਹੰਕਾਰ ਤੁਰਦੇ।
ਉਰੇ ਦੋਹਾਂ ਦਰਿਆਵਾਂ 'ਤੇ ਨਹੀਂ ਅਟਕੇ, ਪੱਤਨ ਲੰਘੈ ਨੀ ਜਾ ਫਿਰੋਜ਼ਪੁਰ ਦੇ।
ਅੱਗੇ ਛੇੜਿਆ ਨਹੀਂ ਫਰੰਗੀਆਂ ਨੇ, ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ।
ਸ਼ਾਹ ਮੁਹੰਮਦਾ, ਭੱਜਣਾ ਰਣੋਂ ਭਾਰੀ, ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ। 62

ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ, ਆਗਰੇ, ਝਾਂਸੀ, ਹਿਸਾਰ ਮੀਆਂ।
ਬੀਕਾਨੇਰ, ਲਖਨਊ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ।
ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ।
ਸ਼ਾਹ ਮੁਹੰਮਦਾ, ਕਿਤੇ ਨਾ ਅਟਕਣਾ ਈ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ। 63

ਅਰਜ਼ੀ ਲਿਖੀ ਫਰੰਗੀਆਂ ਖ਼ਾਲਸੇ ਨੂੰ : 'ਤੁਸਾਂ ਕਾਸ ਨੂੰ ਜੰਗ ਮਚਾਂਵਦੇ ਹੋ?
ਮਹਾਰਾਜ ਦੇ ਨਾਲ ਸੀ ਨੇਮ ਸਾਡਾ, ਤੁਸਾਂ ਸੁਤੀਆਂ ਕਲਾ ਜਗਾਂਵਦੇ ਹੋ।
ਕਈ ਲੱਖ ਰੁਪਈਆ ਲੈ ਜਾਓ ਸਾਥੋਂ, ਦਿਆਂ ਹੋਰ ਜੋ ਤੁਸੀਂ ਫਰਮਾਂਵਦੇ ਹੋ।
ਸ਼ਾਹ ਮੁਹੰਮਦਾ, ਅਸਾਂ ਨਾ ਮੂਲ ਲੜਨਾ, ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ?' 64

ਸਿੰਘਾਂ ਲਿਖਿਆ ਖ਼ਤ ਫਰੰਗੀਆਂ ਨੂੰ : 'ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।
ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ, ਭਾਵੇਂ ਦੇ ਤੂੰ ਢੇਰ ਉਸਾਰ ਕੇ ਜੀ।
ਉਹੋ ਪੰਥ ਤੇਰੇ 'ਤੇ ਆਣ ਚੜ੍ਹਿਆ, ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ।
ਸ਼ਾਹ ਮੁਹੰਮਦਾ, ਸਾਹਮਣੇ ਡਾਹ ਤੋਪਾਂ, ਸੂਰੇ ਕੱਢ ਮੈਦਾਨ ਨਿਤਾਰ ਕੇ ਜੀ।' 65

ਪੈਂਚ ਲਿਖਦੇ ਸਾਰੀਆਂ ਪੜਤਾਲਾਂ ਦੇ, 'ਸਾਡੀ ਅੱਜ ਹੈ ਵੱਡੀ ਚਲੰਤ ਮੀਆਂ।
ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।
ਅਸਾਂ ਮਾਰੇ ਚੌਫੇਰ ਦੇ ਕਿਲ੍ਹੇ ਭਾਰੇ, ਅਸਾਂ ਮਾਰਿਆ ਕੁਲੂ ਭਟੰਤ ਮੀਆਂ।'
ਸ਼ਾਹ ਮੁਹੰਮਦਾ, ਗੱਲ ਤਾਂ ਸੋਈ ਹੋਣੀ, ਜਿਹੜੀ ਕੇਰਗਾ ਖ਼ਾਲਸਾ ਪੰਚ ਮੀਆਂ। 66

ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ, ਕੀਤਾ ਫੌਜ ਦਾ ਸਭ ਸ਼ੁਮਾਰ ਮੀਆਂ।
ਜਿਨ੍ਹੀਂ ਥਾਈਂ ਸੀ ਜਮ੍ਹਾਂ ਜਮੂਰਖਾਨੇ, ਕੀਤੇ ਸਾਹਿਬ ਮਲੂਮ ਹਜ਼ਾਰ ਮੀਆਂ।
ਦਾਰੂ ਵੰਡਿਆ ਸੂਰਿਆਂ ਜੰਗੀਆਂ ਨੂੰ, ਦੋ ਦੋ ਬੋਤਲਾਂ ਕੈਫ ਖੁਮਾਰ ਮੀਆਂ।
ਸ਼ਾਹ ਮੁਹੰਮਦਾ, ਪੀ ਸ਼ਰਾਬ ਗੋਰੇ, ਹੋਏ ਜੰਗ ਨੂੰ ਤੁਰਤ ਤਿਆਰ ਮੀਆਂ। 67

ਇਕ ਪਿੰਡ ਦਾ ਨਾਮ ਜੋ ਮੁੱਦਕੀ ਸੀ, ਓਥੇ ਭਰੀ ਸੀ ਪਾਣੀ ਦੀ ਖੱਡ ਮੀਆਂ।
ਘੋੜ ਚੜ੍ਹੇ ਅਕਾਲੀਏ ਨਵੇਂ ਸਾਰੇ, ਝੰਡੇ ਦਿੱਤੇ ਨੀ ਜਾਇ ਕੇ ਗੱਡ ਮੀਆਂ।
ਤੋਪਾਂ ਚੱਲੀਆਂ ਕਟਕ ਫਰੰਗੀਆਂ ਦੇ, ਗੋਲੇ ਤੋੜਦੇ ਮਾਸ ਤੇ ਹੱਡ ਮੀਆਂ।
ਸ਼ਾਹ ਮੁਹੰਮਦਾ, ਪਿਛਾਂ ਨੂੰ ਉੰਠ ਨੱਠੇ, ਤੋਪਾਂ ਸਭ ਆਏ ਓਥੇ ਛੱਡ ਮੀਆਂ। 68

ਡੇਰੇ ਆਣ ਕੇ ਬੈਠ ਸਲਾਹ ਕਰਦੇ : 'ਐਤਵਾਰ ਅਸੀਂ ਖੰਡਾ ਫੜਾਂਗੇ ਜੀ।
ਤੇਜਾ ਸਿੰਘ ਦੀ ਵੱਡੀ ਉਡੀਕ ਸਾਨੂੰ, ਉਸ ਦੇ ਆਏ ਬਗੈਰ ਨਾ ਲੜਾਂਗੇ ਜੀ।
ਸਰਫਾ ਜਾਨ ਦਾ ਨਹੀਂ ਜੇ ਤਦੋਂ ਕਰਨਾ, ਜਦੋਂ ਵਿਚ ਮੈਦਾਨ ਦੇ ਵੜਾਂਗੇ ਜੀ।
ਸ਼ਾਹ ਮੁਹੰਮਦਾ, ਅੰਦਰੋਂ ਇਕ ਹੋ ਕੇ, ਡੇਰੇ ਚੱਲ ਫਰੰਗੀ ਦੇ ਵੜਾਂਗੇ ਜੀ।' 69

ਤੇਜਾ ਸਿੰਘ ਭੀ ਲਸ਼ਕਰੀਂ ਆਣ ਵੜਿਆ, ਹੁਦੇਦਾਰ ਸੱਭੇ ਓਥੇ ਆਂਵਦੇ ਨੀ :
'ਕਰੋ ਹੁਕਮ ਤੇ ਤੇਗ ਉਠਾਈਏ ਜੀ, ਪਏ ਸਿੰਘ ਕਚੀਚੀਆਂ ਖਾਂਵਦੇ ਨੀ।
ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ, ਚੋਟਾਂ ਕੈਸੀਆਂ ਵੇਖੋ ਚਲਾਂਵਦੇ ਨੀ।'
ਸ਼ਾਹ ਮੁਹੰਮਦਾ, ਓਸ ਥੀਂ ਹੁਕਮ ਲੈ ਕੇ, ਹੱਲਾ ਕਰਨ ਦੀ ਡੋਲ ਬਣਾਂਵਦੇ ਨੀ। 70

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁਧੇ, ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।
ਸਿੰਘ ਸੂਰਮੇ ਆਣ ਮੈਦਾਨ ਲੱਥੇ, ਗੰਜ ਲਾਹ ਸੁੱਟੇ ਉਨ੍ਹਾਂ ਗੋਰਿਆਂ ਦੇ।
ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ, ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ।
ਸ਼ਾਹ ਮੁਹੰਮਦਾ, ਰੰਡ ਬੈਠਾਏ ਨੰਦਨ, ਸਿੰਘ ਜਾਨ ਲੈਂਦੇ ਨਾਲ ਜ਼ੋਰਿਆਂ ਦੇ। 71

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ, 'ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ।'
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ, ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਈ, ਕੁਰਸੀ ਚਾਰ ਹਜ਼ਾਰ ਹੈ ਚੱਖਣੀ ਜੀ।
ਸ਼ਾਹ ਮੁਹੰਮਦਾ, ਲਾਟ ਹੁਣ ਕਹਿਣ ਲੱਗਾ, 'ਰੱਤ ਸਿੰਘ ਸਿਪਾਹੀ ਦੀ ਸੱਖਣੀ ਜੀ। 72

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ, ਤੋਪਾਂ ਮਾਰੀਆਂ ਨੀਰ ਦੇ ਆਏ ਪੱਲੇ
ਫੂਕ ਸੁੱਟੀਆਂ ਸਾਰੀਆਂ ਮੇਗਜ਼ੀਨਾਂ, ਸਿੰਘ ਉੰਠ ਕੇ ਪੱਤਰਾ ਹੋਏ ਚੱਲੇ।
ਛੌਲਦਾਰੀਆਂ ਤੰਬੂਆਂ ਛੱਡ ਦੌੜੇ, ਕੋਈ ਚੀਜ਼ ਲਈ ਨਹੀਂ ਮੂਲ ਪੱਲੇ।
ਓੜਕ ਲਿਆ ਮੈਦਾਨ ਫਰੰਗੀਆਂ ਨੇ, ਸ਼ਾਹ ਮੁਹੰਮਦਾ, ਰਣੋਂ ਨਹੀਂ ਮੂਲ ਹੱਲੇ। 73

ਓਧਰ ਆਪ ਫਰੰਗੀ ਨੂੰ ਭਾਂਜ ਆਈ, ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ।
ਚੱਲੇ ਤੋਪਖ਼ਾਨੇ ਸਾਰੇ ਗੋਰਿਆਂ ਦੇ, ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ।
ਕਿਨੇ ਜਾਇ ਕੇ ਲਿਆਇ ਕੇ ਖ਼ਬਰ ਦਿੱਤੀ, ਨੰਦਨ ਹੋਇ ਬੈਠਿ ਤੇਰੀ ਰੰਡ ਮੀਆਂ।
ਸ਼ਾਹ ਮੁਹੰਮਦਾ, ਦੇ ਮੈਦਾਨ ਜਾ ਕੇ, ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ। 74

ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਓਸ ਦੀ ਗ਼ੈਰਸਾਲੀ।
ਉਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।
'ਓਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ, ਚੌਦਾਂ ਹੱਥ ਦੀ ਮਾਰ ਕੇ ਮਿਰਗ-ਛਾਲੀ।
ਸ਼ਾਹ ਮੁਹੰਮਦਾ, ਸਾਂਭ ਲੈ ਸਿਲ੍ਹੇਖ਼ਾਨੇ, ਛੱਡ ਗਏ ਨੇ ਸਿੰਘ ਮੈਦਾਨ ਖਾਲੀ।' 75

ਮੁੜ ਕੇ ਫੇਰ ਫਰੰਗੀਆਂ ਜ਼ੋਰ ਕੀਤਾ, ਲਾਟਾਂਦਾਰ ਗੋਲੇ ਜਦੋਂ ਆਣ ਛੁੱਟੇ।
ਉਡੀ ਰਾਲ ਤੇ ਚਾਦਰਾਂ ਕੜਕੀਆਂ ਨੀ, ਕੌਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ।
ਜਦੋਂ ਡਿੱਠੇ ਨੀਂ ਹੱਥ ਫਰੰਗੀਆਂ ਦੇ, ਓਥੇ ਕਈਆਂ ਦੇ ਆਣ ਪ੍ਰਾਣ ਛੁੱਟੇ।
ਸ਼ਾਹ ਮੁਹੰਮਦਾ, ਇਕ ਸੌ ਤੇਈ ਤੋਪਾਂ, ਤੋਸ਼ੇਖਾਨੇ ਫਰੰਗੀਆਂ ਆਣ ਲੁੱਟੇ। 76

ਜਦੋਂ ਪਿਆ ਹਰਾਸ ਤਾਂ ਕਰਨ ਗੱਲਾਂ, ਮੁੰਡੇ ਘੋੜ-ਚੜ੍ਹੇ ਨਵੇਂ ਛੋਕਰੇ ਜੀ।
'ਅੱਧੀ ਰਾਤ ਨੂੰ ਉੰਠ ਕੇ ਖਿਸਕ ਤੁਰੀਏ, ਕਿੱਥੋਂ ਪਏ ਗੋਰੇ ਸਾਨੂੰ ਓਪਰੇ ਜੀ।
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ, ਅਸੀਂ ਕਿਨ੍ਹਾਂ ਦੇ ਹਾਂ ਪੁੱਤ ਪੋਤਰੇ ਜੀ।
ਸ਼ਾਹ ਮੁਹੰਮਦਾ, ਖੂਹਾਂ ਤੇ ਮਿਲਖ ਵਾਲੇ, ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ।' 77

ਜਿਹੜੇ ਜੀਂਵਦੇ ਰਹੇ ਸੋ ਪਏ ਸੋਚੀਂ, 'ਹੋਏ ਭੁੱਖ ਦੇ ਨਾਲ ਜ਼ਹੀਰ ਮੀਆਂ।
ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ, ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ।
ਅਸੀਂ ਸ਼ਹਿਦ ਦੇ ਵਾਸਤੇ ਹੱਥ ਪਾਇਆ, ਅੱਗੋਂ ਡੂਮਨਾ ਛਿੜੇ ਮਖੀਰ ਮੀਆਂ।
ਸ਼ਾਹ ਮੁਹੰਮਦਾ, ਰਾਹ ਨਾ ਕੋਈ ਲੱਭੇ, ਜਿੱਥੇ ਚੱਲੀਏ ਘੱਤ ਵਹੀਰ ਮੀਆਂ।' 78

ਘਰੋਂ ਗਏ ਫਰੰਗੀ ਦੇ ਮਾਰਨੇ ਨੂੰ, ਬੇੜੇ ਤੋਪਾਂ ਦੇ ਸਭ ਖੁਹਾਇ ਆਏ।
ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ, ਸਗੋਂ ਆਪਣਾ ਆਪ ਗਵਾਇ ਆਏ।
ਖੁਸ਼ੀ ਵਸਦਾ ਸ਼ਹਿਰ ਲਾਹੌਰ ਸਾਰਾ, ਸਗੋਂ ਕੁੰਜੀਆਂ ਹੱਥ ਫੜਾਇ ਆਏ।
ਸ਼ਾਹ ਮੁਹੰਮਦਾ, ਕਹਿੰਦੇ ਨੇ ਲੋਕ, 'ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾਇ ਆਏ।' 79

ਘਰੀਂ ਜਾਇ ਕੇ ਕਿਸੇ ਆਰਾਮ ਕੀਤਾ, ਕਿਸੇ ਰਾਤ ਕਿਸੇ ਦੋਇ ਰਾਤ ਮੀਆਂ।
ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ, ਜੋ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ।
ਕਿੱਥੇ ਲੁਕੋਗੇ ਜਾਇ ਕੇ ਖ਼ਾਲਸਾ ਜੀ, ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ।
ਸ਼ਾਹ ਮੁਹੰਮਦਾ, ਫੇਰ ਇਕੱਠ ਹੋਏ, ਲੱਗੀ ਚਾਨਣੀ ਹੋਰ ਕਨਾਤ ਮੀਆਂ। 80


ਕੰਢੇ ਪਾਰ ਦੇ ਜਮ੍ਹਾਂ ਜਾ ਹੋਏ ਡੇਰੇ, ਇਹ ਤਾਂ ਨੌਕਰੀ ਘਰੀਂ ਨ ਮਿਲਣ ਜਾਣੇ।
ਡੇਰੀਂ ਆਣ ਕੇ ਬਹੁਤ ਵਿਰਲਾਪ ਹੋਇਆ, ਹੋਈਆਂ ਭਰਤੀਆਂ ਬੰਦ ਨਾ ਵਿਕਣ ਦਾਣੇ।
ਛਹੀ ਕੱਢ ਕੇ ਮੋਰਚੀਂ ਆਇ ਬਹਿੰਦੇ ਡੇਰੀਂ ਆਇ ਕੇ ਫੇਰ ਪ੍ਰਸਾਦਿ ਖਾਣੇ।
ਸ਼ਾਹ ਮੁਹੰਮਦਾ, ਸਭ ਮਲੂਮ ਕੀਤੀ, ਕੀਕੂੰ ਹੋਈ ਸੀ ਦੱਸ ਖਾਂ ਲੁਧਿਆਣੇ? 81

ਸਰਦਾਰ ਰਣਜੋਧ ਸਿੰਘ ਫੌਜ ਲੈ ਕੇ, ਤਰਫ਼ ਲਾਡੂਏ ਵਾਲੇ ਦੀ ਚੱਲਿਆ ਈ।
ਓਥੇ ਸਭ ਕਬੀਲੇ ਸੀ ਕੈਦ ਹੋਏ, ਕੋਈ ਲਾਟ ਫਰੰਗੀ ਨੇ ਘੱਲਿਆ ਈ।
ਉਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀ, ਉਸ ਦਾ ਜ਼ੋਰ ਨਾ ਕਿਸੇ ਝੱਲਿਆ ਈ।
ਸ਼ਾਹ ਮੁਹੰਮਦਾ, ਛਾਵਣੀ ਫੂਕ ਦਿੱਤੀ, ਵਿਚੋਂ ਜੀਉ ਫਰੰਗੀ ਦਾ ਹੱਲਿਆ ਈ। 82

ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ, ਸਿੰਘ ਆਪਣੇ ਹੱਥ ਹਥਿਆਰ ਲੈਂਦੇ।
ਇਨ੍ਹਾਂ ਬਹੁਤ ਫਰੰਗੀ ਦੀ ਫੌਜ ਮਾਰੀ, ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ।
ਤੋਪਾਂ, ਊਠ, ਹਾਥੀ, ਮਾਲ, ਲਾਖ ਘੋੜੇ, ਡੇਰੇ ਆਪਣੇ ਸਿੰਘ ਉਤਾਰ ਲੈਂਦੇ।
ਸ਼ਾਹ ਮੁਹੰਮਦਾ, ਸਿੰਘ ਜੇ ਜ਼ੋਰ ਕਰਦੇ, ਭਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ। 83

ਮੁਹਕਮ ਦੀਨ ਸਰਦਾਰ ਨੇ ਲਿਖੀ ਅਰਜ਼ੀ, 'ਤੁਸਾਂ ਤਰਫ਼ ਲੁੱਟੇ ਚੰਗੇ ਸ਼ਾਨ ਦੇ ਜੀ।
ਦੇਹ ਭੇਜ ਉਤਾਰ ਸਭ ਕਾਰਖਾਨੇ, ਪਾਇਓ ਗੱਜਿਓ ਵਿਚ ਮੈਦਾਨ ਦੇ ਜੀ।
ਤੈਨੂੰ ਅੱਜ ਹਜ਼ੂਰ ਥੀਂ ਫਤਹਿ ਆਈ, ਖ਼ਬਰਾਂ ਉਡੀਆਂ ਵਿਚ ਜਹਾਨ ਦੇ ਜੀ।
ਸ਼ਾਹ ਮੁਹੰਮਦਾ, ਵੈਰੀ ਨੂੰ ਜਾਣ ਹਾਜ਼ਰ, ਸਦਾ ਰੱਖੀਏ ਵਿਚ ਧਿਆਨ ਦੇ ਜੀ। 84

ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ, ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ।
ਉਹ ਵੀ ਲੁਟਿਆ ਲਾਟ ਨੇ ਆਣ ਡੇਰਾ, ਸਭ ਖੋਹ ਕੇ ਕੀਤੀਆਂ ਚੌੜ ਮੀਆਂ।
ਝੱਲੀ ਅਬੂਤਬੇਲੇ ਦੀ ਪੜਤਲਾਂ ਨੇ, ਅੱਧ ਘੜੀ ਲੜਾਈ ਦੀ ਸੋੜ ਮੀਆਂ।
ਸ਼ਾਹ ਮੁਹੰਮਦਾ, ਸਿੰਘ ਲੁਟਾਇ ਡੇਰੇ, ਕਰ ਆਏ ਨੀ ਛੱਟੀਆਂ ਚੌੜ ਮੀਆਂ। 85

ਪਹਿਲੇ ਹੱਲਿਓਂ ਸਿੰਘ ਜੋ ਨਿਕਲ ਸਾਰੇ, ਪਏ ਔਝੜੇ-ਔਝੜੇ ਜਾਂਵਦੇ ਨੀ।
ਲੁਟੇ ਗਏ ਸਾਰੇ ਰਹੀ ਇਕ ਕੁੜਤੀ, ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ।
ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ, ਜੀਭ ਹੋਠਾਂ ਥੀਂ ਖੋਲ੍ਹ ਦਿਖਾਂਵਦੇ ਨੀ।
ਸ਼ਾਹ ਮੁਹੰਮਦਾ, ਆਣ ਕੇ ਘਰਦਿਆਂ ਤੋਂ, ਨਵੇਂ ਕੱਪੜੇ ਹੋਰ ਸਿਵਾਂਵਦੇ ਨੀ। 86

ਕਹਿੰਦੇ : 'ਜਿਊਂਦੇ ਫੇਰ ਨਾ ਕਦੀ ਜਾਣਾ, ਮੂੰਹ ਨਾ ਲੱਗਣਾ ਉਸ ਚੰਡਾਲ ਦੇ ਜੀ।
ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ, ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ।
ਤੁਸਾਂ ਆਖਿਆ : 'ਮਾਰਿਆ ਲੁਧਿਆਣੇ, ਅਸੀਂ ਫਿਰਦੇ ਹਾਂ ਢੂੰਡਦੇ ਭਾਲਦੇ ਜੀ।'
ਸ਼ਾਹ ਮੁਹੰਮਦਾ, ਰਹੇ ਹੁਸ਼ਿਆਰ ਓਥੇ, ਲੜੇ ਨਹੀਂ ਅਜੇ ਸਾਡੇ ਨਾਲ ਦੇ ਜੀ।' 87

ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ : 'ਕੋਈ ਅਕਲ ਦਾ ਕਰੋ ਇਲਾਜ ਯਾਰੋ!
ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ, ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ।
ਸ਼ਾਹ ਮੁਹੰਮਦਾ, ਮਾਰ ਕੇ ਮਰੋ ਏਥੇ, ਕਦੀ ਰਾਜ ਨਾ ਹੋਇ ਮੁਹਤਾਜ ਯਾਰੋ।' 88

ਤੀਜੀ ਵਾਰ ਲਲਕਾਰ ਕੇ ਪਏ ਗੋਰੇ, ਪਏ ਵੱਜਦੇ ਢੋਲ ਤੰਬੂਰ ਮੀਆਂ।
ਕੱਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ, ਕਾਇਮ ਜੰਗ ਨੂੰ ਹੋਏ ਜ਼ਰੂਰ ਮੀਆਂ।
ਪਹਿਲਾਂ ਬਾਵਿਓਂ ਆਣ ਕੇ ਜ਼ੋਰ ਦਿੱਤਾ, ਪਿਆ ਦਲਾਂ ਦੇ ਵਿਚ ਫਤੂਰ ਮੀਆਂ।
ਸ਼ਾਹ ਮੁਹੰਮਦਾ, ਨੱਸ ਕੇ ਜਾਣ ਕਿੱਥੇ, ਏਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ। 89

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨਵ ਸ਼ਾਸਤਡੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ, ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। 90