ਨਿਧੱੜਕ ਯੋਧਾ ਅਤੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ
ਸਾਰੀ ਦੁਨੀਆਂ 'ਚੋ ਇਕੱਲੀ ਸਿੱਖ ਕੌਮ ਹੀ ਇਕ ਅਜਿਹੀ ਕੌਮ ਹੈ, ਜਿਸ ਨੂੰ ਕੁਰਬਾਨੀਆਂ ਕਰਨ ਦਾ ਮਾਣ ਪ੍ਰਾਪਤ ਹੈ, ਭਾਂਵੇ ਮੁਗਲਾਂ ਵਿਰੁੱਧ ਲੜਾਈਆ ਹੋਣ ਜਾਂ ਅਜਾਦੀ ਦੀ ਲੜਾਈ 'ਚ ਹਿੱਸਾ ਪਾਉਣ ਦੀ ਗੱਲ ਹੋਵੇ, ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਪਰ ਇਹਦੇ 'ਚ ਹਰੀ ਸਿੰਘ ਨਲੂਏ, ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਹੋਰ ਵੀ ਬਹੁਤ ਸਾਰੇ ਜਰਨੈਲਾ ਦਾ ਵੱਡਾ ਯੋਗਦਾਨ ਸੀ । ਸਿੱਖ ਰਾਜ਼ ਦਾ ਸੰਸਥਾਪਕ ਭਾਂਵੇ ਮਹਾਰਾਜਾ ਰਣਜੀਤ ਸਿੰਘ ਸੀ, ਪਰ ਸਰਦਾਰ ਸ਼ਾਮ ਸਿੰਘ ਅਟਾਰੀ ਦੀ 10 ਫਰਵਰੀ 1846 ਈ ਨੂੰ ਸੰਭਰਾਵਾਂ ਦੇ ਮੈਦਾਨ 'ਚ ਕੀਤੀ ਗਈ ਕੁਰਬਾਨੀ ਨੂੰ ਸਾਰੀ ਦੁਨੀਆਂ ਜਾਣਦੀ ਹੈ । ਅੰਗਰੇਂਜ ਵਿਦਵਾਨ ਲੈਪਲ ਐਚ ਗ੍ਰਿਫਨ ਸ: ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਬਾਰੇ ਲਿਖਦਾ ਹੈ ਕਿ ਸ: ਸ਼ਾਮ ਸਿੰਘ ਅਟਾਰੀ ਵਾਲਾ ਜੱਟ ਖਾਨਦਾਨ ਦੇ ਚੰਗੇ ਪ੍ਰਤੀਨਿਧਾ ਵਿਚੋਂ ਇਕ ਸੀ । ਉਹ ਮਰਦਾਊਪੁਣੇ ਹਿੰਮਤ ਤੇ ਦਲੇਰੀ 'ਚ ਸਭ ਤੋਂ ਅੱਗੇ ਸੀ, ਉਸ ਦੀ ਮੌਤ ਨਾਲ ਸਿੱਖ ਰਾਜ਼ ਨੂੰ ਜੋ ਘਾਟਾ ਪਿਆ ਉਹ ਕੋਈ ਵੀ ਪੂਰਾ ਨਾ ਕਰ ਸਕਿਆ ।
ਸਰਦਾਰ ਸ਼ਾਮ ਸਿੰਘ ਪਿਛੋਕੜ ਦੇ ਇਤਹਾਸ ਵੱਲ ਝਾਕ ਮਾਰੀਏ ਤਾਂ ਪਤਾਂ ਲੱਗਦਾ ਹੈ ਕਿ ਉਹ ਸਿੱਧੂ ਬੰਸ਼ ਨਾਲ ਸਬੰਧਿਤ ਸੀ । ਸ਼ਾਂਮ ਸਿੰਘ ਦੇ ਵੱਡ ਵਡੇਰੇ ਰਾਜਸਥਾਨ ਦੇ ਜੈਸਲਮੇਰ ਨਾਲ ਸਬੰਧਿਤ ਭੱਟੀ ਰਾਜਪੂਤ ਸਨ । ਪਹਿਲਾਂ ਇਹ ਫੂਲ ਮਹਿਰਾਜ ਦੇ ਇਲਾਕੇ 'ਚ ਆ ਕੇ ਆਬਾਦ ਹੋਏ ਅਤੇ ਫਿਰ ਇਹਨਾਂ ਦੇ ਵੱਡ ਵਡੇਰੇ ਧੀਰ ਮੱਲ ਨੇ ਲੁਧਿਆਣਾ ਜਿਲ੍ਹੇ ਦੇ ਪਿੰਡ ਇੰਦਗੜ੍ਹ ਕਾਉਂਕੇ( ਅੱਜ ਕੱਲ ਕਾੳਂਕੇ ਕਲਾਂ) ਦੀ 1560 ਈ:ਦੇ ਕਰੀਬ ਨੀਂਹ ਰੱਖੀ । ਇਸ ਖਾਨਦਾਨ 'ਚੋ ਅੱਗੇ ਜਾ ਕੇ ਕਾਹਨ ਚੰਦ ਹੋਏ । ਸਰਦਾਰ ਸ਼ਾਮ ਸਿੰਘ ਅਟਾਰੀ ਕਾਹਨ ਚੰਦ(ਜਨਮ 1700 ਈ) ਦੇ ਪੜੋਤੇ ਸਨ । ਇਤਹਾਸ ਦੱਸਦਾ ਹੈ ਕਿ ਕਾਹਨ ਚੰਦ ਦੇ ਦੋ ਸਪੁੱਤਰ ਕੌਰ ਸਿੰਘ ਅਤੇ ਗਹੌਰ ਸਿੰਘ ਸਨ, ਜੋ ਬੜੇ ਬਹਾਦਰ ਨਿਕਲੇ, 1735 ਈ: ਦੇ ਕਰੀਬ ਇਸ ਖਾਨਦਾਨ 'ਚ ਕੋਈ ਐਸੀ ਹਿਲਜੁਲ ਹੋਈ ਕਿ ਇਹ ਦੋਨੇ ਭਰਾ ਪੱਚੀ ਕੁ ਸਿੰਘ ਲੈ ਕੇ ਮਾਝੇ ਦੇ ਇਲਾਕੇ 'ਚ ਗਏ, ਜਿਥੇ ਉਹਨਾਂ ਨੇ ਆਪਣੇ ਪਿਛਲੇ ਪਿੰਡ ਦੇ ਨਾਂ ਤੇ ਕਾਉਂਕੇ ਨਗਰ ਦੀ ਨੀਂਹ ਰੱਖੀ( ਉਹਨਾਂ ਦਿਨਾਂ 'ਚ ਬਹਾਦਰ ਲੋਕ ਹੀ ਨਵਾਂ ਪਿੰਡ ਵਸਾ ਸਕਦੇ ਸਨ) । ਇਥੇ ਨੇੜੇ ਹੀ ਇਕ ਵੈਰਾਗੀ ਸਾਧੂ ਮੂਲ ਦਾਸ ਰਹਿੰਦਾ ਸੀ, ਜਿਸ ਨੂੰ ਚੋਰ ਲੁਟੇਰੇ ਲੁੱਟ ਲੈਦੇ ਸਨ । ਉਸ ਸਮੇਂ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ ਤਾਂ ਕੌਰ ਸਿੰਘ ਅਤੇ ਗਹੌਰ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜੇ ਸੀ । ਬੈਰਾਗੀ ਸਾਧੂ ਨੇ ਇਹਨਾਂ ਸਿੰਘਾਂ ਦਾ ਆਸਰਾ ਲਿਆਂ ਤੇ ਆਪਣੀ ਜਮੀਨ ਇਹਨਾਂ ਸਿੰਘਾਂ ਨੂੰ ਦੇ ਦਿੱਤੀ, ਇਹਨਾਂ ਨੈ ਇਥੇ ਇਕ ਉੱਚੀ ਅਟਾਰੀ(ਕਿਲ੍ਹਾਂ, ਅਟਾਰੀ ਇਕ ਕਿਲ੍ਹੇ ਨੂੰ ਕਿਹਾ ਜਾਦਾਂ ਹੈ, ਇਹ ਉਸ ਵਕਤ ਪਿੰਡ ਦਾ ਨਾਂ ਨਹੀਂ ਸੀ ) ਤਿਆਰ ਕਰਾਈ, ਜਿਸ ਕਰਕੇ ਇਹਨਾਂ ਨੂੰ ਅਟਾਰੀ ਵਾਲੇ ਸਰਦਾਰ ਕਿਹਾ ਜਾਣ ਲੱਗਾ ।ਗਹੌਰ ਸਿੰਘ ਦੇ ਤਿੰਨ ਸਪੁੱਤਰ ਹੋਏ ਦਲ ਸਿਘ, ਦਿਆਲ ਸਿੰਘ ਅਤੇ ਨਿਹਾਲ ਸਿੰਘ । ਨਿਹਾਲ ਸਿੰਘ ਦੇ ਸਪੁੱਤਰ ਸ਼ਾਮ ਸਿੰਘ ਹੋਏ । ਜਦੋਂ ਸਿੱਖ ਰਾਜ਼ ਮਿਸਲਾਂ 'ਚ ਵੰਡਿਆਂ ਹੋਇਆਂ ਸੀ, ਉਸ ਸਮੇਂ ਸ਼ਾਮ ਸਿੰਘ ਦੇ ਦਾਦਾ ਗਹੌਰ ਸਿੰਘ, ਭੰਗੀਆਂ ਦੀ ਮਿਸਲ ਦਾ ਸਾਥ ਦਿੰਦੇ ਸਨ, ਸਰਦਾਰ ਲਹਿਣਾ ਸਿੰਘ ਭੰਗੀ ਦੇ ਨਾਲ ਉਹ ਬਹੁਤ ਸਮਾ ਰਹੇ । ਜਦੋਂ ਗਹੌਰ ਸਿੰਘ ਦੁਰਾਨੀਆਂ ਦੀ ਜੰਗ ਵਿਚ ਲੜਦਾ ਸ਼ਹੀਦ ਹੋ ਗਿਆਂ ਤਾਂ ਸਰਦਾਰ ਨਿਹਾਲ ਸਿੰਘ ਆਪਣੇ ਪਿਤਾ ਦੀ ਥਾਂ ਤੇ ਮੁੱਖੀ ਨਿਯਤ ਹੋਇਆ , ਜਦੋਂ ਖਾਲਸੇ ਨੇ 1764 ਨੂੰ ਲਹੌਰ ਤੇ ਕਬਜ਼ਾ ਕੀਤਾ ਤਾਂ ਸ: ਨਿਹਾਲ ਸਿੰਘ ਗੁਜ਼ਰ ਸਿੰਘ ਤੇ ਲਹਿਣਾ ਸਿੰਘ ਭੰਗੀ ਦੇ ਨਾਲ ਸੀ ਤੇ ਪਸਰੂਰ ਦਾ ਪ੍ਰਗਣਾ, ਜਿਸਦੀ ਸਲਾਨਾ ਆਮਦਨ ਡੇਢ ਲੱਖ ਸੀ, ਜਗੀਰ ਵਿਚ ਮਿਲਿਆ ਸੀ ॥ ਭੰਗੀ ਸਰਦਾਰ ਵੀ ਇਸ ਖਾਨਦਾਨ ਦੇ ਕਦਰਦਾਨ ਰਹੇ । ਮਹਾਂਰਾਜਾ ਰਣਜੀਤ ਸਿੰਘ ਵੀ ਬਹਾਦਰਾ ਦਾ ਕਦਰਦਾਨ ਸੀ, ੳਸ ਦੀ ਪਾਰਖੂ ਨਿਗ੍ਹਾਂ ਸਰਦਾਰ ਨਿਹਾਲ ਸਿੰਘ ਤੇ ਪਈ, ਉਹ ਕਿਸੇ ਵੀ ਤਰ੍ਹਾਂ ਸਰਦਾਰ ਨਿਹਾਲ ਸਿੰਘ ਨੂੰ ਆਪਣੀ ਫੌਂਜ 'ਚ ਲਿਆਉਣਾ ਚਹੁੰਦਾ ਸੀ, ਪਰ ਗੱਲ ਨਾ ਬਣੀ, ਜਦੋਂ ਭੰਗੀ ਸਰਦਾਰ ਸਹਿਬ ਸਿੰਘ ਨਾਲ ਸਰਦਾਰ ਨਿਹਾਲ ਸਿੰਘ ਦੀ ਅਣਬਣ ਹੋਈ ਤਾਂ ਉਹ ਅਟਾਰੀ ਆ ਬੈਠਾ । ਉਹਨਾਂ ਸਮਿਆਂ 'ਚ ਲੁੱਟਾਂ ਮਾਰਾ ਆਮ ਗੱਲ ਸਨ, ਕਹਿੰਦੇ ਹਨ ਕਿ ਇਹਨਾਂ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਊਠ ਖੋਹ ਲਏ । ਅੱਧੇ ਊਠ ਮਹਾਰਾਜੇ ਦੇ ਆਦਮੀ ਭੇਜਣ ਤੋਂ ਪਹਿਲਾਂ ਹੀ ਵਿਕ ਚੁੱਕੇ ਸਨ ਤੇ ਅੱਧੇ ਮਹਾਰਾਜੇ ਨੇ ਕਹਿ ਸੁਣ ਕੇ ਵਾਪਸ ਕਰਾ ਲਏ । ਮਹਾਰਾਜੇ ਨੇ ਸਰਦਾਰ ਨਿਹਾਲ ਸਿ;ੰਘ ਦਾ ਖਹਿੜਾਂ ਨਾ ਛੱਡਿਆਂ ਤੇ ਆਪਣੀ ਫੌਂਜ 'ਚ ਅਫਸਰ ਭਰਤੀ ਕਰਕੇ ਅਤੇ ਜੰਗੀਰਾਂ ਦੇ ਕੇ ਨਿਵਾਜਿਆ । ਪਹਿਲੀ ਵਾਰ ਆਪ ਨੇ ਕੱਛ ਦੇ ਇਲਾਕੇ ਨੂੰ ਫਤਹਿ ਕੀਤਾ । ਜਦੋਂ ਮਹਾਰਾਜਾ ਸਹਿਬ ਬਿਮਾਰ ਹੋਏ ਤਾਂ ਸ: ਨਿਹਾਲ ਸਿੰਘ ਨੇ ਮਹਾਰਜੇ ਦੀ ਸਲਾਮਤੀ ਲਈ ਗੁਰੂ ਘਰ 'ਚ ਅਰਦਾਸ ਕੀਤੀ ਸੀ, ਮਹਾਰਾਜਾ ਰਣਜੀਤ ਸਿੰਘ ਤਾਂ ਠੀਕ ਹੋ ਗਏ, ਪਰ ਸ: ਨਿਹਾਲ ਸਿੰਘ ਜੀ 1818 ਈ: ਨੂੰ ਪਰਲੋਕ ਸਿਧਾਰ ਗਏ । ਸਿੱਖ ਇਤਹਾਸ ਵਿਚ ਇਸ ਵਾਕੇ ਨੂੰ ਗੁਰੂ ਘਰ 'ਚ ਪਰਵਾਨ ਹੋਈ ਅਰਦਾਸ ਕਿਹਾ ਜਾਦਾਂ ਹੈ ।
ਸ: ਸ਼ਾਮ ਸਿੰਘ ਦੇ ਜਨਮ ਬਾਰੇ ਤਾਂ ਇਤਹਾਸ 'ਚ ਕੁਝ ਪਤਾ ਨਹੀਂ ਚੱਲਦਾ । ਜਦੋਂ ਸ: ਨਿਹਾਲ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਘਰ ਦੀ ਵਾਂਗਡੋਰ ਸ: ਸ਼ਾਮ ਸਿੰਘ ਦੇ ਹੱਥ ਆ ਗਈ, ਉਸ ਸਮੇਂ ਇਹ ਖਾਨਦਾਨ ਇਕ ਛੋਟਾ ਰਾਜ਼ਾ ਸੀ, ਜਿਸ ਨੂੰ ਉਸ ਸਮੇਂ ਕਰੀਬ ਤਿੰਨ ਲੱਖ ਦੀ ਜਗੀਰ ਆਉਦੀ ਸੀ ਅਤੇ ਆਪਣੇ ਹਾਥੀ ਘੋੜੇ, ਸੇਵਕ, ਕਚਹਿਰੀਆ ਅਤੇ ਦਾਸੀਆਂ ਮੌਜੂਦ ਸਨ । ਮੁਲਤਾਨ ਦੀ ਲੜਾਈ 1818 ਦੀ ਆਖਰੀ ਲੜਾਈ ਸੀ, ਜਿਸ ਵਿਚ ਸ: ਸ਼ਾਮ ਸਿੰਘ ਨੇ ਹਿੱਸਾ ਲਿਆ । ਸਰਦਾਰ ਪਾਸ ਦੱਖਣੀ ਬਾਹੀ ਦੀ ਕਮਾਨ ਸੀ ਨਵਾਬ ਮਜਫਰ ਖਾਂ ਦਾ ਪੁੱਤਰ ਸ਼ਾਹ ਨਿਵਾਜ਼ ਸਰਦਾਰ ਦੇ ਹੱਥੋ ਇਸ ਜੰਗ ਵਿਚ ਮਾਰਿਆ ਗਿਆ ਤੇ ਸਰਦਾਰ ਦੇ ਮੋਢੇ ਤੇ ਵੀ ਤਲਵਾਰ ਦਾ ਫੱਟ ਲੱਗਾ । 4 ਜੁਲਾਈ 1819 ਨੂੰ ਆਪ ਨੇ ਕਸ਼ਮੀਰ ਦੀ ਲੜਾਈ ਵਿਚ ਵੀ ਤਕੜੇ ਜੌਹਰ ਵਿਖਾਏ ਤੇ ਜਬਰ ਖਾਨ ਦੀ ਫੌਂਜ ਨੂੰ ਭਾਜੜਾ ਪਾ ਦਿੱਤੀਆਂ ਤੇ ਜੰਗ ਖਾਲਸੇ ਨੇ ਜਿੱਤ ਲਈ । ਇਸ ਲੜਾਈ ਵਿਚ ਸ: ਸ਼ਾਮ ਸਿੰਘ ਦੇ ਨਾਲ ਸ: ਜੁਆਲਾ ਸਿੰਘ ਭੜ੍ਹਾਣੀਆ, ਸ: ਦਲ ਸਿੰਘ ਦੀ ਬਹਾਦਰੀ ਦੀ ਮਹਾਰਾਜੇ ਨੇ ਭਰਪੂਰ ਪ੍ਰਸ਼ੰਸਾ ਕੀਤੀ ਤੇ ਇਹਨਾਂ ਨੂੰ ਬੜੀਆਂ ਕੀਮਤੀ ਪੌਸ਼ਾਕਾ ਬਖਸ਼ੀਆਂ । ਸਰਦਾਰ ਸ਼ਾਮ ਸਿੰਘ ਅਟਾਰੀ ਗੰਢਗੜ੍ਹ, ਠੇਰੀ, ਨਰੀ ਨਾਰੀ, ਜਹਾਂਗਰੀ ਅਤੇ ਯੂਸਫਜਈ ਦੀਆਂ ਲੜਾਈਆਂ 'ਚ ਵੀ ਲੜਿਆ ਸੀ ।
9 ਮਾਰਚ 1822 ਨੂੰ ਸ: ਸ਼ਾਮ ਸਿੰਘ, ਸ: ਜਗਤ ਸਿੰਘ ਤੇ ਸ: ਦਲ ਸਿੰਘ ਨੂੰ ਛੇਤੀ ਹੀ ਅਟਕ ਦੇ ਕਿਲ੍ਹੇ ਨੂੰ ਕੂਚ ਕਰਨ ਦਾ ਹੁਕਮ ਹੋਇਆ , ਕਿਉਂਕਿ ਮਹੁੰਮਦ ਅਜ਼ੀਮ ਖਾਨ ਅਟਕ ਤੇ ਹਮਲਾ ਕਰਨ ਦੀ ਤਿਆਰੀ 'ਚ ਸੀ, ਇਹਨਾ ਦੀਆਂ ਤਿਆਰੀਆ ਨਾਲ ਹੀ ਮਹੁੰਮਦ ਅਜ਼ੀਮ ਖਾਂ ਨੇ ਆਪਣੀਆਂ ਤਿਆਰੀਆਂ ਢਿੱਲੀਆਂ ਕਰ ਦਿੱਤੀਆਂ ਤੇ ਖਾਲਸੇ ਦੀਆਂ ਫੌਜਾ ਵੀ ਲਹੌਰ ਵਾਪਸ ਆ ਮੁੜੀਆ ।ਸ: ਸ਼ਾਮ ਸਿੰਘ ਨੇ ਲੈਂਫਟੀਨੈਂਟ ਅਲੇਗਜ਼ੈਂਰ ਬੁਰਨਰ ਦੀ ਆਉ ਭਗਤ ਕੀਤੀ । ਰੋਪੜ ਵਿਖੇ ਲਾਰਡ ਬੈਂਟਿੰਕ ਦੀ ਮਹਾਰਾਜੇ ਨਾਲ ਦੀ ਮੁਲਾਕਾਤ ਸ: ਸ਼ਾਮ ਸਿੰਘ ਮਹਾਰਾਜੇ ਦੇ ਨਾਲ ਸੀ । 1834 ਈ: ਵਿਚ ਆਪ ਨੇ ਬੰਨੂ ਦੇ ਇਲਾਕੇ ਨੂੰ ਫਤਹਿ ਕੀਤਾ , ਬੰਨੂ ਤੋਂ ਬਾਅਦ ਸ: ਸ਼ਾਮ ਸਿੰਘ ਪਿਸ਼ਾਵਰ ਦੀ ਮਹਿੰਮ ਵਾਸਤੇ ਭੇਜੇ ਗਏ, ਜਿਥੇ ਕੰਵਰ ਨੌਨਿਹਾਲ ਸਿੰਘ ਨੇ 1834 ਈ ਨੂੰ ਇਸ ਇਲਾਕੇ ਨੂੰ ਪੱਕੇ ਤੌਰ ਤੇ ਸਿੱਖ ਰਾਜ਼ 'ਚ ਮਿਲਾ ਲਿਆ ।
ਪਿਸ਼ਾਵਰ ਤੋਂ ਵਾਪਸ ਆਉਦੇ ਸਮੇਂ ਸਰਦਾਰ ਮਹਾਰਾਜੇ ਦੇ ਨਾਲ ਹੀ ਸੀ । ਪਿਸ਼ਾਵਰ ਤੋਂ ਵਾਪਸ ਆ ਕੇ ਹੀ ਸਰਦਾਰ ਨੇ ਆਪਣੀ ਲੜਕੀ ਬੀਬੀ ਨਾਨਕੀ ਦੀ ਮੰਗਣੀ ਮਹਾਰਾਜੇ ਦੇ ਪੋਤੇ ਅਤੇ ਕੰਵਰ ਖੜਕ ਸਿੰਘ ਤੇ ਪੁੱਤਰ ਕੰਵਰ ਨੋਨਿਹਾਲ ਸਿੰਘ ਨਾਲ ਕਰ ਦਿੱਤੀ । 7 ਮਾਰਚ 1837 ਦਾ ਦਿਨ ਵਿਆਹ ਲਈ ਨਿਯਤ ਹੋਇਆ ਸੀ । ਕਿਸੇ ਨੇ ਮਹਾਰਜੇ ਨੂੰ ਇਹ ਕਹਿ ਦਿੱਤਾ ਕਿ ਜਿਸ ਦੀ ਲੜਕੀ ਨਾਲ ਤੁਸੀ ਆਪਣੇ ਪੋਤਰੇ ਦੇ ਵਿਆਹ ਕਰ ਰਹੇ ਹੋ ਉਸ ਦਾ ਕੋਈ ਖਾਨਦਾਨ ਨਹੀਂ ਹੈ, ਸਰਦਾਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਸਰਦਾਰ ਸ਼ਾਮ ਸਿੰਘ ਆਪਣੇ ਜੱਦੀ ਪਿੰਡ ਕਾਉਂਕੇ ਜਗਰਾਉਂ) ਆਇਆ ਤੇ ਆਪਣੇ ਸਿੱਧੂ ਭਰਾਵਾਂ ਨੂੰ ਇਹ ਦੱਸਿਆ ਤੇ ਸਾਰਾ ਕਾਉਂਕੇ ਪਿੰਡ ਇਸ ਵਿਚ 'ਚ ਬਰਾਤੀਆਂ ਦੀ ਆਉ ਭਗਤ ਕਰਨ ਲਈ ਅਟਾਰੀ ਪਹੁੰਚਿਆਂ । ਇਸ ਵਿਆਹ 'ਚ ਪਤਵੰਤੇ ਮਹਿਮਾਨਾਂ 'ਚ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਜੀਂਦ, ਮਲੇਰਕੋਟਲਾ, ਫਰੀਦਕੋਂਟ, ਮੰਫਪ ਸਕੇਤ, ਚੰਬਾ ਅਤੇ ਨੂਰਪੁਰ ਦੇ ਸਭ ਰਾਜੇ ਸ਼ਾਮਲ ਹੋਏ । ਅੰਗਰੇਜਾਂ ਵੱਲੋਂ ਸਰ ਹੈਨਰੀ ਫੇਨ ਕਮਾਂਡਰ ਚੀਫ ਆਪਣੇ ਸਟਾਫ ਸਮੇਤ ਸ਼ਾਮਲ ਸੀ , ਇਸ ਤੋਂ ਇਲਾਵਾਂ ਸਾਰੇ ਪੰਜਾਬ ਦੇ ਸਰਦਾਰ ਤੇ ਵੱਡੇ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਾਮ ਸਿੰਘ ਦੇ ਆਪਣੇ ਜੱਦੀ ਪਿੰਡ ਕਾਉਂਕੇ ਦੀ ਪੰਚਾਇਤ ਵੀ ਸ਼ਗਨ ਦੇਣ ਵਾਸਤੇ ਪਹੁੰਚੀ ਸੀ ।
6 ਮਾਰਚ 1837 ਨੂੰ ਸ਼ਾਮ ਵੇਲੇ ਤੋਹਫੇ ਤੇ ਤੰਬੋਲ ਪੇਸ਼ ਕੀਤੀ ਗਏ । 7 ਮਾਰਚ 1837 ਨੂੰ ਸਵੇਰ ਵੇਲੇ ਮਹਾਰਾਜਾ ਸਹਿਬ ਨੇ ਸਣੇ ਪੰਤਵੰਤੇ ਪ੍ਰਹੁਣਿਆਂ ਦੇ ਦਰਬਾਰ ਸਹਿਬ ਆ ਕੇ ਮੱਥਾ ਟੇਕਿਆਂ ਤੇ ਅਰਦਾਸ ਕੀਤੀ ਤੇ ਕੰਵਰ ਸਹਿਬ ਨੂੰ ਸੇਹਰਾ ਬੰਨਿਆਂ ਗਿਆ । ਤੇ ਜੰਝ ਨੇ ਅਟਾਰੀ ਨੂੰ ਤਿਆਰੀ ਕੀਤੀ । ਸਭ ਤੋਂ ਅੱਗੇ ਨਾਚ ਹੋ ਰਹੇ ਸਨ ਤੇ ਬਾਜ਼ੇ ਵੱਜ ਰਹੇ ਸੀ । 1700 ਹਾਥੀਆਂ, ਘੋੜੇ-ਘੋੜੀਆਂ, ਊਠਾਂ ਅਤੇ ਬੈਲ ਗੱਡੀਆਂ ਤੇ ਸਵਾਰ ਬਰਾਤ ਦੀ ਗਿਣਤੀ ਪੰਜ ਲੱਖ ਦੇ ਲਗਭਗ ਸੀ ।ਜਦੋਂ ਬਰਾਤ ਤਿੰਨ ਮੀਲ ਤੇ ਪਹੁੰਚ ਗਈ ਤਾਂ ਸਿੱਟ ਸੁੱਟੀ ਸ਼ੁਰੂ ਹੋ ਗਈ ਸੀ , ਮਹਾਰਾਜਾ ਸਹਿਬ ਤੇ ਨਾਲ ਆਏ ਬਰਾਤੀ ਮੋਹਰਾਂ ਦਾ ਮੀਹ ਵਰਸਾ ਰਹੇ ਸਨ । ਉਸੇ ਰਾਤ ਹੀ ਬੀਬੀ ਦੀ ਅਤੇ ਕੰਵਰ ਦੀ ਸ਼ਾਦੀ ਦੀਆਂ ਰਸਮਾਂ ਮਕੁੰਮਲ ਕਰ ਦਿੱਤੀਆਂ ਤੇ ਦੂਸਰੇ ਦਿਨ ਮਹਾਰਜੇ ਨੈ ਖੁੱਲ ਦਿਲੀ ਨਾਲ ਖੈਰਾਤ ਵੰਡੀ । ਇਸ ਵਿਆਹ 'ਚ ਸ਼ਾਮ ਸਿਘ ਨੇ ਆਪਣੀ ਸਪੁੱਤਰਪ ਨੂੰ 11 ਹਾਥੀ, 101 ਘੋੜੇ, 101 ਮੱਝਾਂ, 100 ਗਊਆਂ, 500 ਜੋੜੇ ਕਸ਼ਮੀਰੀ ਦੁਸ਼ਾਲੇ, ਬਹੁਮੁੱਲੇ ਹੀਰੇ ਜਵਾਹਰਾਤ, ਚਾਂਦੀ ਦੇ ਰਤਨ ਤੇ ਉੱਨੀ ਰੇਸ਼ਮੀ ਕੱਪਤੇ ਤੇ ਮੁੱਖ ਬਰਾਤੀਆਂ ਨੂੰ ਕੀਮਤੀ ਪੋਸ਼ਾਕਾਂ ਭੇਟ ਕੀਤੀਆਂ । ਇਹ ਵਿਆਹ ਦੁਨੀਆਂ ਦਾ ਸਭ ਤੋਂ ਵੱਡਾ ਤੇ ਮਹਿੰਕਾ ਵਿਆਹ ਸੀ, ਜਿਸ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਦਾ 15 ਲੱਖ ਦੇ ਲਗਭਗ ਤੇ ਪੌਣੇ ਦੋ ਕਰੋੜ ਰੁਪਿਆ ੳਸ ਸਮੇਂ ਖਰਚ ਆਇਆ ਸੀ । ਤੀਸਰ ਦਿਨ ਸਰਦਾਰ ਨੇ ਆਪਣੇ ਆਪਣੇ ਆਪ ਨੂੰ ਗਰੀਬੜਾ ਜਹਿਰ ਕਰਕੇ ਤੇ ਭੁੱਲ ਚੁੱਕ ਦੀ ਮਾਫੀ ਮੰਗਕੇ ਜੰਝ ਨੂੰ ਵਿਦਾ ਕੀਤਾ । ਪੁਰਾਣੇ ਬਜ਼ੁਰਗਾ ਅਨੁਸਾਰ ਸ: ਸ਼ਾਮ ਸਿੰਘ ਵਿਆਹ ਤੋਂ ਬਾਅਦ ਆਪਣੇ ਜੱਦੀ ਪਿੰਡ ਕਾਉਂਕੇ ਵੀ ਆਇਆਂ ਤੇ ਚਾਰ ਖੂਹ ਵੀ ਲਵਾਏ ਜਿੰਨਾਂ 'ਚੋ ਇਕ ਚ ਫਾਰਸੀ 'ਚ ਲੱਗੀ ਹੋਈ ਸਿਲਾ ਵੀ ਮੌਜੂਦ ਹੈ ਜੋ ਪਿੰਡ ਕਾਉਂਕੇ ਕਲਾਂ ਵਿਖੇ ਸੰਭਾਲੀ ਹੋਈ ਹੈ, ਜਿਸ ਵਿਚ ਲਿਖਿਆਂ ਹੈ ਅਜ ਸ: ਸ਼ਾਮ ਸਿੰਘ ਵਲਦ ਨਿਹਾਲ ਸਿੰਘ ਵਲਦ ਗੌਰ ਸਿੰਘ ਮੌਜ਼ਾ ਕਾਉਂਕੇ ਜਿਲ੍ਹਾਂ ਮਾਲਵਾ ਸੰਮਤ 1890 ਬਿਕਰਮੀ । ਆਖਿਆ ਜਾਦਾਂ ਹੈ ਕਿ ਸ: ਸ਼ਾਮ ਸਿੰਘ ਨੇ ਆਪਣੀ ਜੱਦੀ ਜਾਇਦਾਦ ਲਗਭਗ 900 ਕਿੱਲੇ ਆਪਣੇ ਸਿੱਧੂ ਭਰਾਵਾਂ 'ਚ ਵੰਡ ਦਿੱਤੀ ਤਾਂ ਜੋ ਉਸਦਾ ਸਦਾ ਲਈ ਵਰਤ ਵਰਤਾ ਚੱਲਦਾ ਰਹੇ । ਅੱਜ ਵੀ ਲੁਧਿਆਣੇ ਜਿਲ੍ਹੇ ਦੇ ਇਸ ਸਭ ਤੋਂ ਵੱਡੇ ਪਿੰਡ 'ਚ ਸਰਦਾਰ ਦੇ ਨਾਂ ਤੇ ਇੱਕ ਪੱਤੀ ਸ਼ਾਮ ਸਿੰਘ ਹੈ, ਜਿਸਦਾ ਵੱਖਰਾ ਕਾਨੂੰਗੋ ਸਰਕਲ ਹੈ ਤੇ ਵੱਖਰਾ ਪਟਵਾਰੀ ਹੈ ।
27 ਜੂਨ 1845 ਈ: ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਕੰਵਰ ਖੜਕ ਸਿੰਘ ਮਹਾਰਾਜਾ ਬਣੇ । ਇਸ ਸਮੇਂ ਤੱਕ ਖਾਲਸਾ ਰਾਜ਼ ਡੋਗਰਿਆਂ ਦੀਆਂ ਸ਼ਾਜਿਸਾ ਦਾ ਗੜ ਬਣ ਚੁੱਕਾ ਸੀ । ਡੋਗਰਿਆਂ ਨੈ ਸ਼ਾਜਸਾ ਨਾਲ ਮਹਾਰਾਜਾ ਖੜਕ ਸਿੰਘ ਤੇ ਸ: ਸ਼ਾਮ ਸਿੰਘ ਦੇ ਜਮਾਈ ਕੰਵਰ ਨੋਨਿਹਾਲ ਸਿੰਘ ਨੂੰ ਮਾਰ ਦਿੱਤਾ । ਸਾਂ ਸ਼ਾਮ ਸਿੰਘ ਆਪਣੀ ਪੁੱਤਰੀ ਦੇ ਸੁਹਾਗ ਨੂੰ ਨਾਂ ਬਚਾ ਸਕਿਆ । ਮਹਾਰਾਜੇ ਅਤੇ ਸ: ਸ਼ਾਮ ਸਿੰਘ ਵੱਲੋਂ ਧੂਮ-ਧਾਮ ਨਾਲ ਕੀਤੀ ਸ਼ਾਦੀ ਮਸਾਂ ਢਾਈ ਕੁ ਵਰ੍ਹੇ ਹੀ ਚੱਲੀ । ਸ਼ਾਮ ਸਿੰਘ ਬੇਵੱਸ ਹੋ ਕੇ ਅਟਾਰੀ ਬੈਠ ਗਿਆ ।
25 ਦਸੰਬਰ 1845 ਨੂੰ ਦਸ ਘੋੜ ਸਵਾਰ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਦੇ ਕੇ ਸ: ਸ਼ਾਮ ਸਿੰਘ ਵੱਲ ਭੇਜ਼ੇ । ਅਜੇ ਘੋੜ ਸਵਾਰ ਸੰਤਰੀ ਪਾਸੋਂ ਸਰਦਾਰ ਦਾ ਪਤਾ ਹੀ ਪੁੱਛ ਰਹੇ ਸਨ, ਏਨੇ ਨੂੰ ਸ: ਆਪ ਆ ਖੜੇ ਤੇ ਇਕ ਘੋੜ ਸਵਾਰ ਨੇ ਅੱਗੇ ਹੋ ਕੇ ਸਰਦਾਰ ਨੂੰ ਫਤਹਿ ਬੁਲਾਈ ਤੇ ਚਿੱਠੀ ਫੜਾਈ ਤੇ ਕਿਹਾ ਕਿ ਇਹ ਚਿੱਠੀ ਰਾਜ ਮਾਤਾ ਜਿੰਦ ਕੌਰ ਨੇ ਦਿੱਤੀ ਹੈ ਤੇ ਸਾਨੂੰ ਜੁਬਾਨੀ ਕਿਹਾ ਹੈ ਕਿ ਮੈ ਇਸ ਤੇ ਖੂਨ ਨਾਲ ਦਸਤਖਤ ਕਰ ਰਹੀ ਹਾਂ । ਚਿੱਠੀ ਲੰਬੀ ਸੀ, ਸਰਦਾਰ ਖੋਲ ਕੇ ਪੜਨ ਲੱਗਾ, ਕਿਕ ਕਿਕ ਸ਼ਬਦ ਲੂ ਕੰਢੇ ਖੜੇ ਕਰਨ ਵਾਲਾ ਸੀ । ਮਹਾਰਾਣੀ ਨੇ ਸਰਦਾਰ ਨੂੰ ਖਾਲਸਾ ਪੰਥ ਨੂੰ ਬਚਾਉਣ ਲਈ ਅੱਗੇ ਆਉਣ ਲਈ ਕਿਹਾ ਸੀ ਤੇ ਦੱਸਿਆਂ ਸੀ ਕਿ ਕਿਵੇਂ ਲਹੌਰ ਦਰਬਾਰ ਸ਼ਾਜਿਸੀਆਂ ਦਾ ਗੜ ਬਣ ਚੁੱਕਾ ਸੀ । ਚਿੱਠੀ ਪੜ ਕੇ ਸਰਦਾਰ ਸੋਚਾਂ 'ਚ ਪੈ ਗਿਆ ਤੇ ਸਰਦਾਰ ਦੇ ਆਪਣੇ ਮੂਹੋਂ ਸਹਿਜ ਸੁਭਾ ਹੀ ਸ਼ਬਦ ਨਿਕਲੇ 'ਮੇਰੇ ਜਿਉਂਦੇ ਅੰਗਰੇਂਜ ਲਹੌਰ ਵਿਚ ਨਹੀਂ ਵੜ ਸਕਦੇ, ਪੰਜਾਬ ਆਜ਼ਾਦ ਰਹੇਗਾ, ਖਾਲਸਾ ਰਾਜ਼ ਅਰਮ ਰਹੇਗਾ, ਪੰਥ ਚੜਦੀਆਂ ਕਲਾਂ ਵਿਚ ਰਹੇਗਾ । ਜੇ ਕੋਈ ਉਲਟ ਭਾਣਾ ਵਰਤ ਵੀ ਗਿਆਂ ਤਾਂ ਸ਼ਾਮ ਸਿੰ ਜਿਊਂਦਾ ਨਹੀਂ ਰਹੇਗਾ ਸ਼ਹੀਦ ਹੋਵੇਗਾ' । ਸਰਦਾਰ ਨੇ ਯੁੱਧ ਦੀ ਤਿਆਰੀ ਦੇ ਹੁਕਮ ਦੇ ਦਿੱਤੇ । ਉਸ ਰਾਤ ਸਰਦਾਰ ਸੌਂ ਨਹੀਂ ਸਕਿਆ । ਵੱਡੇ ਤੜਕੇ ਬਿਸਤਰੇ 'ਚੋਂ ਉੱਠ ਕੇ ਇਸ਼ਨਾਨ ਕੀਤਾ ਤੇ ਸਫੈਦ ਬਾਣਾ ਪਾ ਲਿਆ । ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਕੜਾਹ ਪ੍ਰਸ਼ਾਦ ਦੀ ਦੇਗ ਸਜੀ, ਸਰਦਾਰ ਨੇ ਅਰਦਾਸ ਆਪ ਕੀਤੀ ' ਹੇ ਸੱਚੇ ਪਾਤਸ਼ਾਹ, ਮੈਂ ਤੇਰਾ ਆਸਰਾ ਲੈ ਕੇ ਰਣਭੂਮੀ 'ਚ ਚੱਲਿਆਂ ਹਾਂ, ਮੈਂ ਦੁਸ਼ਮਣ ਪਾਸੋਂ ਜਿੱਤ ਕੇ ਆਵਾਂ, ਜੇ ਮੈਂ ਜਿੱਤਿਆਂ ਗਿਆਂ ਤਾਂ ਇਥੇ ਜਿਉਂਦਾ ਵਾਪਸ ਨਾ ਆਵਾਂ, ਜੰਗ 'ਚ ਹੀ ਸ਼ਹੀਦ ਹੋਵਾਂ । ਹੇ ਕਲਗੀਧਰ ਪਿਤਾ ਇਹੀ ਮੇਰੀ ਅੰਤਮ ਲਾਲਸਾ ਹੈ'।
ਖੋਂਜ ਦੇ ਅਨੁਸਾਰ ਸਰਦਾਰ 27 ਦਸੰਬਰ ਕਿਕ ਵਜੇ ਦੇ ਕਰੀਬ ਗੁਰਦੁਆਰੇ 'ਚੋਂ ਬਾਹਰ ਆਇਆ ਤੇ ਲਾਮ ਲਸ਼ਕਰ ਨਾਲ ਚਾਲੇ ਪਾਏ ਅਤੇ ਉਸ ਰਾਤ ਜਾ ਕੇ ਸਰਹਾਲੀ ਵਿਸ਼ਰਾਮ ਕੀਤਾ, 27 ਦਸੰਬਰ ਨੂੰ ਸ: ਸ਼ਾਮ ਸਿੰਘ ਆਪਣੀ ਫੌਂਜ ਨਾਲ ਸਰਹਾਲੀ ਤੋਂ ਚੱਲ, ਜੇ ਇਸ ਦਿਨ ਹੀ ਹਮਲਾ ਕਰ ਦਿੱਤਾ ਜਾਦਾਂ ਤਾਂ ਖਾਲਸਾ ਫੌਂਜ ਦੀ ਜਿੱਤ ਲਾਜ਼ਮੀ ਸੀ, 15 ਜਨਵਰੀ ਤੱਕ ਸਿੰਘਾਂ ਨੇ ਸੰਭਰਾਵਾਂ ਦਾ ਪੁਲ ਤਿਆਰ ਕਰ ਲਿਆ ਸੀ, ਪਰ ਤੇਜਾ ਸਿੰਘ, ਲਾਲ ਸਿੰਘ ਤੇ ਰਾਜਾ ਗੁਲਾਬ ਸਿੰਘ ਤਿੰਨੇ ਹੀ ਅੰਗਰੇਜਾਂ ਨਾਲ ਰਲੇ ਹੋਏ ਸਨ, ਇਸ ਲਈ ਇਹਨਾਂ ਨੇ ਹਮਲਾ ਕਰਨ ਦਾ ਆਡਰ ਨਾ ਦਿੱਤਾ ।ਸ: ਸ਼ਾਮ ਸਿੰਘ ਸੰਭਰਾਵਾਂ ਦੇ ਮੈਦਾਨ 'ਚ ਜਾ ਕੇ ਇਹਨਾਂ ਦਾ ਪਤਾ ਲੱਗ ਗਿਆ ਸੀ । 7 ਫਰਵਰੀ ਤੱਕ ਅੰਗਰੇਜਾਂ ਨੇ ਆਪਣਾ ਸਾਰਾ ਤੋਪਖਾਨਾ ਪਹੁੰਚਾ ਲਿਆ ਸੀ । 10 ਫਰਵਰੀ 1846 ਨੂੰ ਸਵੇਰ ਸਾਰ ਹੀ ਅੰਗਰੇਜਾਂ ਨੇ ਹੱਲਾ ਬੋਲ ਦਿੱਤਾ । ਸਰਦਾਰ ਨੇ ਸਫੈਦ ਸ਼ਹੀਦੀ ਬਾਦਾ ਸਜ਼ਾ ਲਿਆ ਤੇ ਚੀਨੀ ਘੋੜੀ ਉਪਰ ਸਵਾਰ ਹੋ ਗਿਆ । ਮਟਕ ਇਸ ਸਮੇਂ ਦੇ ਦ੍ਰਿਸ਼ ਨੂੰ ਲਿਖਦਾ ਹੈ
ਪਹਿਰ ਰਾਤ ਸਮੇਂ ਇਸ਼ਨਾਨ, ਸ਼ਾਮ ਸਿੰਘ ਵਿਚ ਨਦੀਂ ਦੇ ਵੜਿਆ, ਜਪੁਜੀ ਪੜਿਆ ।
ਪੁਨਦਾਨ ਬਹੁਤ ਕੀਏ ਮਰਦ ਨੇ, ਧਿਆਨ ਗੁਰਾ ਦਾ ਧਰਿਆ, ਭੌਜਲ ਤਰਿਆ,
ਨਿਮਸਕਾਰ ਕਰ ਸਸਤ੍ਰ ਪਹਿਨੇ, ਤੋੜਾ ਬੰਦੋਕੀ ਜੜਿਆ, ਜਰਾ ਨਾ ਡਰਿਆ । ਡਡਡਡਡਡ
ਕਹਿਤ ਮਟਕ ਅਬ ਯੁੱਧ ਧਰਮ ਕਾ, ਸ਼ਾਮ ਸਿੰਘ ਰਣ ਚੜਿਆ, ਖੰਡਾ ਫੜਿਆ ।
ਲੜਾਈ ਤੋਂ ਪਹਿਲਾਂ ਸਰਦਾਰ ਨੇ ਸੈਨਾ ਨੂੰ ਸੰਬੋਧਨ ਕਰਕੇ ਆਖਿਆ ਸੀ ' ਅਛਖੀਲੇ ਭਰਾਵੋਂ ! ਅੱਜ ਸਾਡੀ ਅਤੇ ਸਾਡੀ ਕੌਮ ਦੀ ਅਣਖ ਦਾ ਸਵਾਲ ਹੈ, ਅਸੀ ਆਪਣੀਆ ਦਾਹੜੀਆਂ ਦੇ ਲਾਜ਼ ਰੱਖਣੀ ਹੈ, ਗੋਲੀਆਂ ਛਾਤੀਆਂ ਤੇ ਵੱਜਣੀਆ ਚਾਹੀਦੀਆ ਹਨ, ਪਿੱਠਾ 'ਚ ਨਹੀਂ, ਅੱਜ ਅਸੀ ਵੈਰੀਆਂ ਨੂੰ ਦੱਸਣਾ ਹੈ ਕਿ ਅਸੀਂ ਕਲਗੀਆਂ ਵਾਲੇ ਦੇ ਸੱਚੇ ਸਪੁੱਤਰ ਹਾਂ ' । ਸੰਭਰਾਵਾਂ ਦੇ ਸਥਾਨ ਤੇ ਘਮਸਾਨ ਦਾ ਯੁੱਧ ਹੋਇਆ, ਗਦਾਰਾ ਤੇਜਾ ਸਿੰਘ ਤੇ ਲਾਲ ਸਿੰਘ ਨੇ ਆਪਣੀ ਫਜੌਂ ਨੂੰ ਦਰਿਆਉ ਪਾਰ ਲਿਜਾ ਕੇ ਪੁਲ ਤੋੜ ਦਿੱਤਾ । ਸ: ਸ਼ਾਮ ਸਿੰਘ, ਮੇਵਾ ਸਿੰਘ ਜੀ ਤੇ ਮਾਖੇ ਖਾਂ ਨੇ ਤਿੰਨ ਵਾਰ ਦੁਸ਼ਮਣ ਨੂੰ ਪਿੱਛੇ ਧੱਕਿਆ । ਸ਼ਾਹ ਮਹੁੰਮਦ ਉਸ ਸਮੇਂ ਦੇ ਹਾਲ ਨੂੰ ਆਪਣੇ ਜੰਗਨਾਮੇ 'ਚ ਲਿਖਦਾ ਹੈ
ਆਈਆ ਪਲਟਣਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ ।
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀਆਂ ਦੇ ਤੋੜ ਸੁੱਟੇ ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲਾ, ਬੰਨ ਸਸਤ੍ਰੀ ਜੋੜ ਵਿਛੋੜ ਸੁੱਟੇ ।
ਸ਼ਾਹ ਮਹੁੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿਬੂੰਆਂ ਲਹੂ ਨਿਚੋੜ ਸੁੱਟੇ ।
ਜਦੋਂ ਸ: ਸ਼ਾਮ ਸਿੰਘ ਅਟਾਰੀ ਨੂੰ ਪੁਲ ਤੋੜੇ ਜਾਣ ਦੀ ਖਬਰ ਮਿਲੀ ਤਾਂ ਉਹਨਾਂ ਕਿਹਾ ਕਿ ਖਾਲਸਾ ਜੀ ! ਹੁਣ ਸਮਾਂ ਸ਼ਹੀਦੀਆਂ ਦੇਣ ਦਾ ਹੈ, ਕਿਰਪਾਨਾ ਦੀ ਲੜਾਈ ਸ਼ੁਰੂ ਹੋ ਗਈ ਸੀ , ਸਰਦਾਰ ਕਿਸੇ ਫਰਿਸ਼ਤੇ ਵਾਂਗ ਰਣ ਵਿਚ ਜੂਝ ਰਿਹਾ ਸੀ ਤੇ ਵੈਰੀਆਂ ਦੇ ਆਹੂ ਲਾਹੀ ਜਾ ਰਿਹਾ ਸੀ । ਸੱਤ ਗੋਲੀਆਂ ਸਰਦਾਰ ਦੀ ਛਾਤੀ ਵਿਚ ਲੱਗੀਆਂ ਲਹੂ ਵਗਣ ਲੱਗਾ, ਚਿੱਟਾ ਬਾਣਾ ਲਹੂ ਨਾਲ ਭਿੱਜ ਕੇ ਲਾਲ ਹੋ ਗਿਆ, ਕਿਕ ਗੋਲੀ ਸਰਦਾਰ ਦੀ ਘੋੜੀ ਦੇ ਵੀ ਲੱਗੀ । ਆਖਰੀ ਦਮ ਤੱਕ ਸਰਦਾਰ ਲੜਦਾ ਰਿਹਾ, ਸ਼ੇਰਾਂ ਵਾਂਗੂ ਗਰਜਦਾ ਰਿਹਾ ਤੇ ਕਿਕ ਸੱਚੇ ਦੇਸ਼ ਭਗਤ ਦੀ ਤਰ੍ਹਾਂ ਰਣ ਭੂਮੀ 'ਚ ਸ਼ਹੀਦ ਹੋ ਗਿਆ । ਸ਼ਾਹ ਮਹੁੰਮਦ ਇਸ ਜੰਗ ਵਿਚ ਖਾਲਸੇ ਦੀ ਬਹਾਦਰੀ ਬਾਰੇ ਲਿਖਦਾ ਹੈ
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਹੇਂ ਬਾਦਸ਼ਾਹੀ ਫੌਜਾ ਭਾਰੀਆਂ ਨੇ ।
ਅੱਜ ਹੋਵੇ ਸਰਕਾਰ ਤਾਂ ਪਵੇ ਮੁੱਲ, ਜੇਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ।
ਅੰਗਰੇਜ ਕਮਾਂਡਰ ਚੀਫ ਲਾਰਡ ਹਿਊ ਗਫ ਨੇ ਉਘੇ ਜਰਨੈਲਾਂ ਦੀ ਲਾਸ਼ਾਂ ਲੈ ਜਾਣ ਦੀ ਆਗਿਆ ਦੇ ਦਿੱਤੀ, ਸਰਦਾਰ ਦੇ ਨੌਕਰਾਂ ਨੇ ਵੀ ਸਰਦਾਰ ਦੀ ਲਾਸ਼ ਲੱਭ ਲਈ ਤੇ 12 ਫਰਵਰੀ ਨੂੰ ਸਰਦਾਰ ਦੀ ਲਾਸ਼ 12 ਫਰਵਰੀ ਨੂੰ ਅਟਾਰੀ ਪਹੁੰਚਾਈ ਗਈ , ਇਹਨਾਂ ਦੀ ਸਪੁੱਤਨੀ ਮਾਈ ਦਾਸੀ ਪਹਿਲਾ ਹੀ ਸਤੀ ਹੋ ਚੁੱਕੀ, ਇਹ ਪੰਜਾਬ ਵਿਚ ਆਖਰੀ ਸਤੀ ਸੀ । ਇਹਨਾਂ ਦੇ ਸੰਸਕਾਰ ਵਾਲੀ ਥਾਂ ਦੇ ਨਾਲ ਹੀ ਸਰਦਾਰ ਦਾ ਸੰਸਕਾਰ ਕੀਤਾ ਗਿਆ । ਸਰਦਾਰ ਦੇ ਹੱਥ ਵਿਚ ਜੋ ਤਲਵਾਰ ਸੀ, ਉਸਦਾ ਵੀ ਨਾਲ ਹੀ ਸੰਸਕਾਰ ਕੀਤਾ ਗਿਆ, ਕਿਉਂਕਿ ਉਹ ਤਲਵਾਰ ਸਰਦਾਰ ਦੇ ਹੱਥ ਵਿਚੋਂ ਮਰਦੇ ਦਮ ਤੱਕ ਨਹੀਂ ਛੁੱਟੀ ਸੀ । ਸਰਦਾਰ ਦੇ ਸੰਸਕਾਰ ਵਾਲੀ ਜਗ੍ਹਾਂ ਤੇ ਅੱਜ ਅਟਾਰੀ ਵਿਖੇ ਸਮਾਧ ਬਣੀ ਹੋਈ ਹੈ । ਸਰਦਾਰ ਦੀ ਯਾਦ ਵਿਚ ਹਰ ਸਾਲ 10 ਫਰਵਰੀ ਨੂੰ ਅਟਾਰੀ, ਸੰਭਰਾਵਾਂ ਅਤੇ ਸਰਦਾਰ ਦੇ ਜੱਦੀ ਪਿੰਡ ਕਾਉਂਕੇ ਕਲਾਂ ਵਿਖੇ ਭਾਰੀ ਜੋੜ ਮੇਲੇ ਲਗਦੇ ਹਨ, ਜਿਥੇ ਸਿੱਖ ਸੰਗਤਾਂ ਸਰਦਾਰ ਦੀ ਸ਼ਹੀਦੀ ਨੂੰ ਨਮਸਕਾਰ ਕਰਨ ਹਰੇਕ ਸਾਲ ਪਹੁੰਚਦੀਆਂ ਹਨ ।
ਰਾਜਪ੍ਰੀਤ ਸਿੰਘ ਕਾਉਂਕੇ ਕਲਾਂ (94715 30723)
ਜਰਨੈਲ ਸ਼ਾਮ ਸਿੰਘ ਅਟਾਰੀ ਨੌਜਵਾਨ ਸਭਾ ਪਿੰਡ ਕਾਉਂਕੇ ਕਲਾਂ