ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ
ਸਿੱਖ ਇਤਿਹਾਸ ਦੇ ਮਹਾਨ ਨਾਇਕ ਸਰਦਾਰ ਜੱਸਾ ਸਿੰਘ ਜੀ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬੱਦਰ ਸਿੰਘ ਜੀ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਸ. ਜੱਸਾ ਸਿੰਘ ਜੀ ਅਜੇ ਚਾਰ ਕੁ ਸਾਲ ਦੇ ਹੀ ਸਨ, ਜਦੋਂ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਸ. ਜੱਸਾ ਸਿੰਘ ਦੇ ਮਾਤਾ ਜੀ ਇਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਏ। ਇਨ੍ਹਾਂ ਦੇ ਰਸ ਭਿੰਨੇ ਕੀਰਤਨ ਅਤੇ ਸੇਵਾ ਤੋਂ ਪ੍ਰਭਾਵਿਤ ਹੋ ਕੇ ਮਾਤਾ ਸੁੰਦਰੀ ਜੀ ਨੇ ਸ. ਜੱਸਾ ਸਿੰਘ ਨੂੰ ਆਪਣੇ ਪਾਸ ਹੀ ਰੱਖ ਲਿਆ। ਸ. ਜੱਸਾ ਸਿੰਘ ਲਗਭਗ ਸੱਤ ਸਾਲ ਦਿੱਲੀ ਰਹੇ। ਉੱਥੇ ਆਪ ਜੀ ਨੇ ਪੜ੍ਹਾਈ-ਲਿਖਾਈ, ਫਾਰਸੀ, ਗਣਿਤ ਅਤੇ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਨੇ ਇਨ੍ਹਾਂ ਵਿਚ ਕੌਮ ਦਾ ਭਵਿੱਖ ਵੇਖਿਆ। ਉਸ ਤੋਂ ਬਾਅਦ ਸ. ਜੱਸਾ ਸਿੰਘ ਪੰਜਾਬ ਆ ਗਏ। ਆਪਣੇ ਮਾਮਾ ਸ. ਬਾਘ ਸਿੰਘ ਜੀ ਰਾਹੀਂ ਆਪ ਨਵਾਬ ਕਪੂਰ ਸਿੰਘ ਜੀ ਦੇ ਸੰਪਰਕ ਵਿਚ ਆ ਗਏ। ਨਵਾਬ ਜੀ ਉਸ ਸਮੇਂ ਪੰਥ ਦੀ ਮਹਾਨ ਸ਼ਖ਼ਸੀਅਤ ਸਨ। ਨਵਾਬ ਜੀ ਅਤਿ ਦਰਜੇ ਦੇ ਦਲੇਰ, ਸੂਰਬੀਰ ਅਤੇ ਕਹਿਣੀ ਤੇ ਕਰਨੀ ਦੇ ਪੱਕੇ ਸਨ।
ਨਵਾਬ ਕਪੂਰ ਸਿੰਘ ਜੀ ਨੇ ਤੱਕ ਲਿਆ ਸੀ ਕਿ ਸ. ਜੱਸਾ ਸਿੰਘ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਹੈ ਅਤੇ ਗੁਣਾਂ ਦੀ ਗੁੱਥਲੀ ਹਨ। ਨਵਾਬ ਕਪੂਰ ਸਿੰਘ ਜੀ ਨੇ ਸ. ਜੱਸਾ ਸਿੰਘ ਨੂੰ ਧਰਮ-ਪੁੱਤਰ ਬਣਾ ਲਿਆ ਅਤੇ ਘੋੜਸਵਾਰੀ, ਤੀਰ-ਅੰਦਾਜ਼ੀ, ਸ਼ਸ਼ਤਰ ਵਿੱਦਿਆ ਵਿਚ ਪਰਪੱਕ ਬਣਾ ਦਿੱਤਾ। ਸ. ਜੱਸਾ ਸਿੰਘ ਜੀ ਨੇ ਨਵਾਬ ਜੀ ਦਾ ਹਰ ਹੁਕਮ ਮੰਨਿਆ ਅਤੇ ਹਰ ਤਰ੍ਹਾਂ ਸੇਵਾ ਕੀਤੀ। ਫੇਰ ਆਪ ਨਵਾਬ ਜੀ ਨਾਲ ਲੜਾਈਆਂ ਵਿਚ ਵੀ ਜਾਣ ਲੱਗ ਪਏ। ਉਸ ਵੇਲੇ ਦੀ ਹਕੂਮਤ ਸਿੱਖਾਂ ਉੱਪਰ ਬਹੁਤ ਜ਼ੁਲਮ ਢਾਹ ਰਹੀ ਸੀ। ਕੌਮ ਵਿਚ ਜ਼ੁਲਮਾਂ ਦਾ ਬਦਲਾ ਲੈਣ ਦਾ ਬਹੁਤ ਰੋਹ ਸੀ। ਸਿੱਖਾਂ ਨੇ ਛੋਟੇ ਛੋਟੇ ਜਥਿਆਂ ਵਿਚ ਗੁਰੀਲਾ ਰਣਨੀਤੀ ਦੁਆਰਾ ਬਦਲੇ ਲੈਣ ਦੀਆਂ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ। ਪ੍ਰੰਤੂ ਜਥਿਆਂ ਦਾ ਕੋਈ ਸਾਂਝਾ ਨੇਤਾ ਨਹੀਂ ਸੀ। 1733-34 ਈਸਵੀ ਵਿਚ ਸਾਰੇ ਖਿੰਡੇ-ਪੁੰਡੇ ਜਥਿਆਂ ਨੇ ਇਕੱਠੇ ਹੋ ਕੇ ਸ. ਕਪੂਰ ਸਿੰਘ ਜੀ ਨੂੰ ਸਾਂਝਾ ਨੇਤਾ ਚੁਣ ਲਿਆ। ਪੰਜਾਬ ਵਿਚ ਰਾਜਨੀਤਕ ਪ੍ਰਸਥਿਤੀਆਂ ਬਦਲ ਰਹੀਆਂ ਸਨ। ਰਾਜਨੀਤੀ ਵਿਚ ਕੌਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਿਤ ਕਰਨ ਲਈ ਪਹਿਲਾਂ 1746 ਈਸਵੀ ਵਿਚ ਅਤੇ ਫੇਰ 29 ਮਾਰਚ 1748 ਨੂੰ ਸਾਰੇ ਜਥਿਆਂ ਦੀ ਸਾਂਝੀ ਮੀਟਿੰਗ ਹੋਈ। ਉਸ ਸਮੇਂ ਸਿੱਖ 65 ਜਥਿਆਂ ਵਿਚ ਵੰਡੇ ਹੋਏ ਸਨ। 29 ਮਾਰਚ 1748 ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਅਤੇ ਨਾਲ ਹੀ ਸਾਰੀਆਂ ਮਿਸਲਾਂ ਦੇ ਨੇਤਾ ਬਣੇ। ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਕਿਹਾ ਜਾਣ ਲੱਗਾ।
1746 ਦੇ ਸ਼ੁਰੂ ਵਿਚ ਸਿੱਖ ਜਥਿਆਂ ਅਤੇ ਸਰਕਾਰੀ ਫੌਜ ਦੀ ਝੜਪ ਹੋ ਗਈ। ਲਾਹੌਰ ਦੇ ਦੀਵਾਨ ਲੱਖਪਤ ਰਾਏ ਦਾ ਭਰਾ ਜਸਪਤ ਰਾਏ ਝੜਪ ਵਿਚ ਮਾਰਿਆ ਗਿਆ। ਲੱਖਪਤ ਰਾਏ ਨੇ ਬਦਲਾ ਲੈਣ ਲਈ ਲਾਹੌਰ ਵਿਚ ਅਤੇ ਕਾਹਨੂੰਵਾਨ ਵਿਚ ਘਿਰੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਸ ਲੜਾਈ ਵਿਚ ਸ. ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਜੀ ਨੇ ਬਹੁਤ ਸੂਰਬੀਰਤਾ ਦਿਖਾਈ। ਇਸ ਕਤਲੇਆਮ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।
1749 ਈਸਵੀ ਵਿਚ ਦਲ ਖਾਲਸਾ ਨੇ ਦੀਵਾਨ ਕੌੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਬਣਨ ਵਿਚ ਫੌਜੀ ਸਹਾਇਤਾ ਦਿੱਤੀ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਸਹਾਇਤਾ ਦੇ ਬਦਲੇ ਦੀਵਾਨ ਕੌੜਾ ਮੱਲ ਤੋਂ ਗੁਰਦੁਆਰਾ ਬਾਲ ਲੀਲਾ, ਨਨਕਾਣਾ ਸਾਹਿਬ ਵਿਖੇ ਬਣਵਾਇਆ ਅਤੇ ਬਹੁਤ ਸਾਰੇ ਗੁਰਦੁਆਰਿਆਂ ਦੀ ਮੁਰੰਮਤ ਕਰਵਾਈ। 1761 ਈਸਵੀ ਵਿਚ ਅਬਦਾਲੀ ਨੇ ਪਾਣੀਪਤ ਵਿਖੇ ਮਰਹੱਟਿਆਂ ਨੂੰ ਹਰਾਇਆ। ਅਬਦਾਲੀ ਮਰਹੱਟਿਆਂ ਦਾ ਸਾਰਾ ਮਾਲ-ਧਨ ਅਤੇ 2200 ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਜੀ ਨੇ ਦਲ ਖਾਲਸਾ ਦੀ ਅਗਵਾਈ ਕਰਕੇ ਇਹਨਾਂ ਬੰਦੀ ਔਰਤਾਂ ਨੂੰ ਅਜ਼ਾਦ ਕਰਵਾਇਆ ਅਤੇ ਘਰੋ ਘਰੀਂ ਪਹੁੰਚਾਇਆ। ਇਸ ਕਰਕੇ ਲੋਕ ਇਨ੍ਹਾਂ ਨੂੰ ਬੰਦੀ ਛੋੜ ਆਖਣ ਲੱਗ ਪਏ।
1761 ਈਸਵੀ ਵਿਚ ਦਲ ਖਾਲਸਾ ਨੇ ਲਾਹੌਰ ਸ਼ਹਿਰ ਉੱਤੇ ਘੇਰਾ ਪਾ ਲਿਆ। ਲਾਹੌਰ ਦਾ ਮੁਖੀ ਉਬੇਦ ਖਾਂ ਕਿਲ੍ਹੇ ਵਿਚ ਹੀ ਲੁਕਿਆ ਰਿਹਾ। ਦਲ ਖਾਲਸਾ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਕ ਜਿੱਤ ਸੀ। ਕੌਮ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਿਵਾਜਿਆ। ਲਾਹੌਰ ਦੀ ਜਿੱਤ ਦੀ ਖੁਸ਼ੀ ਵਿਚ ਨਵਾਂ ਸਿੱਕਾ ਜਾਰੀ ਕੀਤਾ ਗਿਆ, ਜਿਸ ਉੱਪਰ ਅੰਕਿਤ ਸੀ :
''ਦੇਗ ਤੇਗ ਫਤਹਿ ਨੁਸਰਤ ਬੇਦ ਰੰਗ
ਯਾਫਤ ਅਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ''
1762 ਈਸਵੀ ਵਿਚ ਅਬਦਾਲੀ ਨੇ ਛੇਵਾਂ ਹਮਲਾ ਸਿਰਫ ਸਿੱਖਾਂ ਨੂੰ ਖਤਮ ਕਰਨ ਲਈ ਕੀਤਾ। ਮਲੇਰਕੋਟਲਾ ਨੇੜੇ ਕੁੱਪ ਅਸਥਾਨ ਕੋਲ ਦਲ ਖਾਲਸਾ ਅਤੇ ਅਬਦਾਲੀ ਦੀ ਫੌਜ ਵਿਚਕਾਰ ਘਮਸਾਨ ਯੁੱਧ ਹੋਇਆ। ਇਸ ਯੁੱਧ ਵਿਚ 25,000-30,000 ਸਿੱਖ ਸ਼ਹੀਦ ਹੋਏ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਛਾਤੀ ਉੱਪਰ 22 ਫਟ ਲੱਗੇ। ਇਸ ਕਤਲੇਆਮ ਨੂੰ ਵੱਡਾ ਘੱਲੂਘਾਰਾ ਕਹਿੰਦੇ ਹਨ। 1764 ਈਸਵੀ ਨੂੰ ਦਲ ਖਾਲਸਾ ਨੇ ਸਰਹਿੰਦ ਉਪਰ ਹਮਲਾ ਕੀਤਾ। ਯੁੱਧ ਵਿਚ ਸਰਹਿੰਦ ਦਾ ਗਵਰਨਰ ਜ਼ਾਲਿਮ ਖਾਂ ਮਾਰਿਆ ਗਿਆ। ਸਰਹਿੰਦ ਦੀ ਲੁੱਟ ਵਿਚੋਂ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹਿੱਸੇ 9 ਲੱਖ ਰੁਪਏ ਆਏ, ਜੋ ਸਾਰੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦੇ ਦਿੱਤੇ। ਛੋਟੇ ਸ਼ਾਹਬਜ਼ਾਦਿਆਂ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਬਣਵਾਇਆ। 1765-66 ਵਿਚ ਅਧੂਰੇ ਪਏ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਸ. ਜੱਸਾ ਸਿੰਘ ਆਹਲੂਵਾਲੀਆ ਦੀ ਦੇਖ ਰੇਖ ਵਿਚ ਹੋਈ। ਅਬਦਾਲੀ ਅੰਮ੍ਰਿਤਸਰ ਦੀ ਮੁਹਿੰਮ ਸਮੇਂ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਣਾ ਚਾਹੁੰਦਾ ਸੀ। ਉਸ ਸਮੇਂ ਨੌਸ਼ਹਿਰਾ ਪੰਨੂਆ ਦੇ ਚੌਧਰੀ ਸਾਹਿਬ ਰਾਏ ਨੇ 3 ਲੱਖ ਰੁਪਏ ਦੇ ਕੇ ਅਬਦਾਲੀ ਤੋਂ ਸ੍ਰੀ ਦਰਬਾਰ ਸਾਹਿਬ ਗਹਿਣੇ ਕਰ ਲਿਆ ਅਤੇ ਇਹ ਫੈਸਲਾ ਹੋਇਆ ਕਿ ਜਿੰਨੀ ਦੇਰ ਦਲ ਖਾਲਸਾ 3 ਲੱਖ ਰੁਪਏ ਨਹੀਂ ਮੋੜਦਾ, ਉਤਨੀ ਦੇਰ ਸ੍ਰੀ ਦਰਬਾਰ ਸਾਹਿਬ ਦਾ ਚੜ੍ਹਾਵਾ ਚੌਧਰੀ ਦਾ ਹੋਵੇਗਾ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਚੌਧਰੀ ਦੀ ਰਕਮ ਉਤਾਰ ਕੇ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦੇ ਹਵਾਲੇ ਕੀਤਾ।
1777 ਈਸਵੀ ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲੇ ਉੱਪਰ ਹਮਲਾ ਕਰਨ ਉਪਰੰਤ ਕਬਜ਼ਾ ਕਰ ਲਿਆ ਅਤੇ ਆਪਣੀ ਰਾਜਧਾਨੀ ਬਣਾਇਆ।
ਧੀਰ-ਮਲੀਏ ਪੰਥ ਵਿਚੋਂ ਛੇਕੇ ਹੋਏ ਸਨ। ਸ. ਗੁਲਾਬ ਸਿੰਘ ਸੋਢੀ ਦੀ ਬੇਨਤੀ ਉੱਪਰ ਦਲ ਖਾਲਸਾ ਦੀਆਂ ਸ਼ਰਤਾਂ ਅਨੁਸਾਰ ਧੀਰ ਮਲੀਏ ਮੁੜ ਸਿੱਖ ਜਗਤ ਦਾ ਅੰਗ ਬਣ ਗਏ। ਇਹ ਫੈਸਲਾ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲਿਆ ਗਿਆ।
ਫੁਲਕੀਆ ਮਿਸਲ ਜੋ ਦਲ ਖਾਲਸਾ ਵਿਚ ਸ਼ਾਮਲ ਨਹੀਂ, ਹਮੇਸ਼ਾ ਹੀ ਦੂਹਰੀ ਨੀਤੀ ਉੱਪਰ ਰਹੀ। ਕਦੇ ਦਲ ਖਾਲਸਾ ਦਾ ਸਾਥ ਦਿੱਤਾ ਅਤੇ ਕਦੇ ਹਕੂਮਤ ਦਾ ਸਾਥ ਦਿੱਤਾ। ਦਲ ਖਾਲਸਾ ਕਈ ਫੇਰ ਫੁਲਕੀਆ ਮਿਸਲ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਪਰੰਤੂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਦੂਰ ਅੰਦੇਸ਼ੀ ਨਾਲ ਆਪਸ ਵਿਚ ਲੜਾਈ ਨਹੀਂ ਹੋਣ ਦਿੱਤੀ। ਸਿੱਖ ਜਗਤ ਨੇ ਮਹਿਸੂਸ ਕੀਤਾ ਕਿ ਬਦਲੇ ਹਾਲਾਤਾਂ ਵਿਚ ਔਕੜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਅਤੇ ਮਰਿਯਾਦਾ ਕਾਇਮ ਨਹੀਂ ਰੱਖੀ ਜਾ ਸਕੀ। ਦਲ ਖਾਲਸਾ ਨੇ ਫੈਸਲਾ ਕੀਤਾ ਕਿ ਔਕੜ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਲ ਪ੍ਰਵਾਹ ਕੀਤਾ ਜਾ ਸਕਦਾ ਹੈ। ਜਲ ਪ੍ਰਵਾਹ ਕਰਨ ਦੀ ਪਹਿਲੀ ਅਰਦਾਸ ਸ. ਜੱਸਾ ਸਿੰਘ ਆਹਲੂਵਾਲੀਆ ਜੀ ਨੇ ਕੀਤੀ।
ਪੰਥ ਦੇ ਦੋ ਮਹਾਨ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਜੀ ਦੀ ਕਮਾਨ ਹੇਠ ਸਿੱਖਾਂ ਨੇ ਮਾਰਚ 1783 ਈਸਵੀ ਵਿਚ ਦਿੱਲੀ ਪਹੁੰਚ ਕੇ ਛਾਉਣੀ ਪਾਈ। ਇਸ ਜਗ੍ਹਾ ਨੂੰ ਹੁਣ ਤੀਸ ਹਜ਼ਾਰੀ ਕੋਰਟ ਕਿਹਾ ਜਾਂਦਾ ਹੈ। ਉਸ ਸਮੇਂ ਦਿੱਲੀ ਵਿਚ ਸ਼ਾਹ ਆਲਮ ਦੂਜਾ ਹੁਕਮਰਾਨ ਸੀ। 11 ਮਾਰਚ 1783 ਨੂੰ ਲਾਲ ਕਿਲ੍ਹੇ ਉਪਰ ਕਬਜ਼ਾ ਕਰ ਲਿਆ ਗਿਆ। ਸ. ਬਘੇਲ ਸਿੰਘ ਨੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਲਹਿਰਾਇਆ ਅਤੇ ਦੀਵਾਨੇ-ਆਮ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਬਾਦਸ਼ਾਹ ਐਲਾਨ ਕੀਤਾ ਗਿਆ। ਪਰੰਤੂ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਵਿਰੋਧਤਾ ਕਾਰਨ ਸ. ਜੱਸਾ ਸਿੰਘ ਆਹਲੂਵਾਲੀਆ ਨੇ ਤਖਤ ਛੱਡ ਦਿੱਤਾ ਕਿਉਂਕਿ ਆਪ ਨਿੱਜ ਤੋਂ ਉਪਰ ਸਨ ਅਤੇ ਆਪਸੀ ਲੜਾਈ ਦੇ ਹੱਕ ਵਿਚ ਨਹੀਂ ਸਨ।
ਸ. ਜੱਸਾ ਸਿੰਘ ਆਹਲੂਵਾਲੀਆ ਨੇ ਆਪਣੀ ਅਖੀਰਲੀ ਉਮਰ ਵਿਚ ਮੁਹਿੰਮਾਂ ਵਿਚ ਜਾਣਾ ਘੱਟ ਕਰ ਦਿੱਤਾ। ਆਪਣੇ ਇਲਾਕੇ ਦਾ ਪ੍ਰਬੰਧ ਸ. ਭਾਗ ਸਿੰਘ ਦੇ ਸਪੁਰਦ ਕਰਕੇ ਜ਼ਿਆਦਾ ਸਮਾਂ ਸ੍ਰੀ ਦਰਬਾਰ ਸਾਹਿਬ ਵਿਚ ਗੁਜ਼ਾਰਦੇ। ਅੰਤ 20 ਅਕਤੂਬਰ 1783 ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਮ ਸਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਲਈ ਘੋਰ ਅੱਤਿਆਚਾਰ ਦਾ ਸਮਾਂ ਸੀ। ਸਿੱਖ ਨਗਰਾਂ ਨੂੰ ਛੱਡ ਕੇ ਜੰਗਲਾਂ ਅਤੇ ਮਾਰੂਥਲਾਂ ਵਿਚ ਰਹਿਣ ਵਾਲੀ ਮਜਬੂਰ ਹੋ ਗਏ। ਇਸ ਸਮੇਂ ਵਿਚ ਸਿੰਘਾਂ-ਸਿੰਘਣੀਆਂ ਨੇ ਸੀਸ ਦਿੱਤੇ, ਬੰਦ-ਬੰਦ ਕਟਵਾਏ, ਆਰਿਆਂ ਨਾਲ ਚੀਰੇ ਗਏ, ਚਰਖੜੀਆਂ ਉੱਪਰ ਚੜ੍ਹਾਏ ਗਏ ਅਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ। ਇਸ ਘੋਰ ਸਮੇਂ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਸਭ ਤੋਂ ਮਹਾਨ ਨਾਇਕ ਹੋ ਕੇ ਉੱਭਰੇ। ਆਪ ਜੀ ਨੇ ਬਹਾਦਰੀ, ਨਿਡਰਤਾ, ਅਡੋਲਤਾ ਅਤੇ ਸਿੱਦਕ ਦਾ ਇਤਿਹਾਸ ਰਚਿਆ। ਆਪ ਜੀ ਨੇ ਆਪਣੇ ਆਪ ਨੂੰ ਖੱਬੀ ਖਾਂ ਅਖਵਾਉਣ ਵਾਲੇ ਨਾਦਰਸ਼ਾਹ, ਮੀਰ ਮਨੂੰ, ਜ਼ਕਰੀਆ ਖਾਨ, ਅਦੀਨ ਬੇਗ, ਸਲਾਬਤ ਖਾਂ ਵਰਗਿਆਂ ਦੇ ਦੰਦ ਖੱਟੇ ਕੀਤੇ। ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਧਾੜਵੀ ਅਤੇ ਨਾਪਾਕ ਲੁਟੇਰਾ ਅਹਿਮਦ ਸ਼ਾਹ ਅਬਦਾਲੀ ਸੀ, ਜਿਸ ਨੇ ਭਾਰਤ ਉੱਤੇ ਦਸ ਹਮਲੇ ਕੀਤੇ, ਦਿੱਲੀ ਹਰਾਇਆ, ਮਰਾਠਾ ਸ਼ਕਤੀ ਦਾ ਵਿਨਾਸ਼ ਕੀਤਾ। ਕੌਮ ਦੇ ਸ਼ੇਰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਦਰਿੰਦੇ ਨੂੰ ਭਾਜੜਾਂ ਪਾਈਆਂ। ਆਪ ਜੀ ਨੇ 40 ਸਾਲ ਕੌਮ ਦੀ ਨਿੱਜ ਤੋਂ ਉੱਪਰ ਹੋ ਕੇ ਸੇਵਾ ਕੀਤੀ ਅਤੇ ਬਿਖੜੇ ਸਮੇਂ ਵਿਚ ਕੌਮ ਦੀ ਅਗਵਾਈ ਕੀਤੀ। ਆਪ ਜੀ ਦੀ ਤਲਵਾਰ ਨੇ ਦਿੱਲੀ ਝੁਕਾਈ, ਕਾਬਲ ਨਿਵਾਇਆ ਅਤੇ ਪੰਜਾਬ ਦਾ ਰਾਜ ਪੰਜਾਬ ਦੇ ਵਾਰਸਾਂ ਦੇ ਸਪੁਰਦ ਕੀਤਾ। ਸਿੱਖ ਮਿਸਲਾਂ ਨੇ ਉੱਤਰ ਵਿਚ ਕਾਂਗੜਾ, ਦੱਖਣ ਵਿਚ ਮੁਲਤਾਨ, ਪੂਰਬ ਵਿਚ ਸਹਾਰਨਪੁਰ ਅਤੇ ਪੱਛਮ ਵਿਚ ਅਟਕ ਤੱਕ ਹਕੂਮਤ ਕੀਤੀ। ਆਪ ਜੀ ਨੂੰ ਸਮੁੱਚੀ ਕੌਮ ਨੇ ਪਿਆਰ ਅਤੇ ਸਤਿਕਾਰ ਦਿੱਤਾ। ਪਟਿਆਲਾ ਅਤੇ ਜੀਂਦ ਦੇ ਮਹਾਰਾਜੇ, ਜੰਮੂ, ਕਾਂਗੜਾਂ, ਬਿਲਾਸਪੁਰ, ਨਾਲਾਗੜ੍ਹ ਦੇ ਸੂਬੇਦਾਰ, ਕੁੰਜਪੁਰ ਅਤੇ ਮਲੇਰਕੋਟਲਾ ਦੇ ਨਵਾਬ ਆਪ ਜੀ ਦੀ ਸ਼ਖ਼ਸੀਅਤ ਦੀ ਦਾਦ ਦਿੰਦੇ ਸਨ।
ਪਰੰਤੂ ਸਿੱਖ ਜਗਤ ਨੇ ਇਸ ਅਦੁੱਤੀ ਸ਼ਖ਼ਸੀਅਤ ਬਾਰੇ ਕੌਮ ਨੂੰ ਬਹੁਤਾ ਜਾਗਰੂਕ ਨਹੀਂ ਕੀਤਾ। ਕੌਮ ਉਹਨਾਂ ਦੀਆਂ ਮਹਾਨ ਯਾਦਾਂ ਨੂੰ ਕਾਫੀ ਹੱਦ ਤੱਕ ਭੁਲਾ ਚੁੱਕੀ ਹੈ। ਇਹ ਸੱਚ ਹੈ ਕਿ ਭਾਰਤ ਸਰਕਾਰ ਨੇ 1985 ਵਿਚ ਇਸ ਮਹਾਨ ਯੋਧੇ ਦੀ ਯਾਦ ਨੂੰ ਸਮਰਪਿਤ ਡਾਕ ਟਿਕਟ ਜਾਰੀ ਕੀਤਾ। ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ ਉਹਨਾਂ ਦੀ ਸਮਾਧ ਅਤੇ ਕਿਲ੍ਹੇ ਦੀ ਸੰਭਾਲ ਲਈ ਅੱਗੇ ਆਏ ਹਨ।
ਅਸੀਂ ਇਸ ਮਹਾਨ ਨਾਇਕ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
ਮਹਿੰਦਰ ਸਿੰਘ ਆਹਲੂਵਾਲੀਆ
46 AUTUMN BLVD