ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ

ਸਿੱਖ ਧਰਮ ਵਿਚ ਅਨੋਖੀ ਤਰ੍ਹਾਂ ਦੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪਹੂਲਾ ਸੰਮਤ (1776), ਸੰਨ 1718, 23 ਅੱਸੂ ਨੂੰ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਅਤੇ ਪਿਤਾ ਜੋਧ ਸਿੰਘ ਦੇ ਗ੍ਰਹਿ ਵਿਖੇ ਹੋਇਆ। ਭਾਈ ਜੀ ਨੂੰ ਬਚਪਨ ਤੋਂ ਮਾਤਾ-ਪਿਤਾ ਜੀ ਪਾਸੋਂ ਗੁਰਸਿੱਖੀ ਜੀਵਨ ਦੀ ਗੁੜ੍ਹਤੀ ਦੀ ਸਿੱਖਿਆ ਪ੍ਰਾਪਤ ਹੋਈ। ਇਲਾਕੇ ਦੇ ਮਹਾਨ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋਣ ਕਰਕੇ ਸਿੱਖ ਧਰਮ ਪ੍ਰਤੀ ਡੂੰਘੀ ਸ਼ਰਧਾ ਅਤੇ ਵੈਰਾਗ ਪੈਦਾ ਹੋਇਆ। ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ (ਸਿੰਘ ਪੁਰੀਆ ਮਿਸਲ) ਦੇ ਪਾਸੋਂ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕੀਤਾ। ਭਾਈ ਜੀ ਦੇ ਬਚਪਨ ਤੋਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਰਕੇ ਪਰਿਵਾਰ ਦੀ ਜ਼ਿੰਮੇਵਾਰੀ ਆਪ ਜੀ ਦੇ ਸਿਰ 'ਤੇ ਪੈ ਗਈ। ਪੰਥਕ ਸੇਵਾ ਵਿਚ ਹਿੱਸਾ ਲੈਣ ਤੋਂ ਉਪਰੰਤ ਖੇਤੀਬਾੜੀ ਦਾ ਕਾਰੋਬਾਰ ਕਰਦੇ। ਗੁਰਬਾਣੀ ਦੇ ਵਿਚਾਰ ਵਿਚ ਰੰਗੇ ਹੋਏ ਪ੍ਰਭੂ ਦੀ ਯਾਦ ਦੇ ਨਾਲ-ਨਾਲ ਆਪਣੀ ਕਿਰਤ ਦਾ ਕਾਰਜ ਕਰਦਿਆਂ ਹੋਇਆਂ ਜੁਝਾਰੂ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਹਰ ਪ੍ਰਕਾਰ ਦੀ ਸੇਵਾ ਕਰਦੇ ਅਤੇ ਸਿੱਖ ਸਰਗਰਮੀਆਂ ਵਿਚ ਸਮੇਂ-ਸਮੇਂ ਹਿੱਸਾ ਲੈਂਦੇ। ਸਿੱਖ ਦਾ ਜਾਨੀ-ਮਾਲੀ ਨੁਕਸਾਨ ਅਤੇ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਗੁਰਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਸੂਬੇਦਾਰ ਜ਼ਕਰੀਆ ਖਾਂ ਦਾ ਖੁਰਾ-ਖੋਜ ਮਿਟਾਉਣ ਦੀ ਸੇਵਾ ਪੰਥ ਵਲੋਂ ਭਾਈ ਜੀ ਨੂੰ ਲੱਗੀ।

ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਸੀ, ਜੋ ਸਿੱਖਾਂ 'ਤੇ ਅਤਿ ਦਾ ਜ਼ੁਲਮ ਕਰਦਾ ਸੀ। ਘਰ-ਘਰ ਉਜਾੜ ਕੇ ਸਿੱਖੀ ਸਰੂਪ ਨੂੰ ਖਤਮ ਕਰਨਾ, ਦੀਨ ਕਬੂਲ ਕਰਨ ਲਈ ਮਜਬੂਰ ਕਰਨਾ ਉਸਦਾ ਨਿੱਤ ਦਾ ਕਰਮ ਬਣ ਚੁੱਕਾ ਸੀ। ਪਰਉਪਕਾਰ ਦੀ ਮੂਰਤ ਨੇ ਕਠਿਨ ਹਾਲਾਤ ਵਿਚ ਆਪਣਾ ਸਿੱਖੀ ਸਰੂਪ ਸੰਭਾਲਿਆ ਹੀ ਨਹੀਂ, ਸਗੋਂ ਬਹਾਦਰ ਜੰਗੀ ਸਿੰਘਾਂ ਦੀ ਲੰਗਰ-ਪ੍ਰਸ਼ਾਦਾ, ਬਸਤਰ, ਰੈਣ-ਬਸੇਰਾ ਹਾਲਾਤ ਤੋਂ ਜਾਣੂ ਕਰਵਾਉਣਾ ਆਦਿ ਸੇਵਾਵਾਂ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ। ਭਾਈ ਜੀ ਨੇ ਸਾਰੀ ਮਨੁੱਖਤਾ ਦੇ ਅੰਦਰ ਇਕ ਜੋਤ ਨੂੰ ਪਿਆਰ ਕਰਦਿਆਂ ਆਪਣੇ ਪਰਉਪਕਾਰੀ ਸੁਭਾਅ ਦੇ ਨਾਲ ਗਰੀਬ ਮੁਸਲਮਾਨ ਰਹੀਮ ਬਖਸ਼ ਦੀ ਪੁਕਾਰ ਨੂੰ ਸੁਣਿਆ। ਹਕੂਮਤ ਦੇ ਕਰਿੰਦਿਆਂ ਤੋਂ ਉਸਦੀ ਇੱਜ਼ਤ ਨੂੰ ਬਚਾਇਆ। ਇਨ੍ਹਾਂ ਕਾਰਨਾਮਿਆਂ ਤੋਂ ਭਾਈ ਜੀ ਦੀ ਮਹਿਮਾ ਚੰਦਨ ਗੁਲਾਬ ਦੀ ਤਰ੍ਹਾਂ ਹਰ ਪਾਸੇ ਫੈਲ ਗਈ। ਉਨ੍ਹਾਂ ਦੇ ਇਸ ਤਰ੍ਹਾਂ ਦੇ ਪਿਆਰ ਭਰੇ ਸੁਭਾਅ ਨੇ ਹਕੂਮਤ ਦੇ ਚੌਧਰੀਆਂ ਸਰਕਾਰ ਦੇ ਪਿੱਠੂਆਂ ਦੇ ਦਿਲਾਂ ਵਿਚ ਐਸੀ ਜਗ੍ਹਾ ਬਣਾਈ ਕਿ ਕਿਸੇ ਵਿਰੋਧੀ ਨੇ ਆਵਾਜ਼ ਨਾ ਉਠਾਈ। ਫਿਰ ਵੀ ਚੰਡਾਲ ਬਿਰਤੀ ਇਲਾਕੇ ਤੋਂ ਬਾਹਰ ਰਹਿਣ ਵਾਲੇ ਸਰਕਾਰ ਨੂੰ ਹਰ ਤਰ੍ਹਾਂ ਖੁਸ਼ ਕਰਨ ਵਾਲੇ ਹਰਿਭਗਤ ਨਿਰੰਜਨੀਏ ਜੰਡਿਆਲਾ ਨੇ ਲਾਹੌਰ ਦਰਬਾਰ ਭਾਈ ਜੀ ਦੇ ਵਿਰੁੱਧ ਚੁਗਲੀ ਲਾਈ। ਇਹ ਸੁਣ ਕੇ ਲਾਹੌਰ ਤੋਂ ਜ਼ਕਰੀਆ ਖਾਂ ਦੇ ਹੁਕਮ ਨਾਲ ਥਾਣੇਦਾਰ ਮੋਮਨ ਖਾਨ ਗ੍ਰਿਫ਼ਤਾਰੀ ਦੇ ਵਾਰੰਟ ਲੈ ਕੇ ਪਿੰਡ ਪਹੂਲਾ ਪਹੁੰਚਿਆ। ਪਕੜ ਕੇ ਲਿਜਾਂਦਿਆਂ ਨਗਰ ਅਤੇ ਇਲਾਕੇ ਦੇ ਲੋਕਾਂ ਨੇ ਛੁਡਾਉਣ ਲਈ ਹਰ ਪ੍ਰਕਾਰ ਵਿਚਾਰ ਕੀਤੀ ਪਰ ਭਾਈ ਜੀ ਪੰਥ ਦੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਇਲਾਕੇ ਦੀਆਂ ਸੰਗਤਾਂ ਨੂੰ ਧਰਵਾਸ ਦੇ ਕੇ ਪੇਸ਼ ਹੋਣਾ ਪ੍ਰਵਾਨ ਕੀਤਾ। ਜ਼ਕਰੀਆ ਖ਼ਾਨ ਦੇ ਸਾਹਮਣੇ ਪੇਸ਼ ਹੋ ਕੇ ਭਾਈ ਤਾਰੂ ਸਿੰਘ ਜੀ ਨੇ ਬੁਲੰਦ ਆਵਾਜ਼ ਵਿਚ ਫਤਿਹ ਬੁਲਾਈ ਤੇ ਸੁਣ ਕੇ ਸੂਬਾ ਕ੍ਰੋਧ ਵਿਚ ਲਾਲ ਹੋ ਗਿਆ। ਦੀਨ ਕਬੂਲਣ ਲਈ ਸਿੱਖੀ ਸਰੂਪ ਨੂੰ ਖਤਮ ਕਰਨ ਦਾ ਡਰਾਵਾ ਦਿੱਤਾ। ਗੁਰਸਿੱਖੀ ਦਾ ਪਿਆਰ ਗੁਰੂ ਦੀ ਮੋਹਰ ਕੇਸ ਦਾ ਸਤਿਕਾਰ, ਭਾਈ ਜੀ ਦੇ ਰੋਮ-ਰੋਮ ਵਿਚ ਵੱਸ ਚੁੱਕਾ ਸੀ ਪਰ ਹੰਕਾਰੀ ਸੂਬੇ ਨੇ ਜੁੱਤੀ ਨਾਲ ਕੇਸਾਂ ਨੂੰ ਉਡਾ ਦੇਣ ਦੀ ਗੱਲ ਕੀਤੀ। ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਇਹ ਗੱਲ ਸੁਣਦਿਆਂ ਭਾਈ ਜੀ ਬੋਲੇ¸ਜਿਸ ਜੁੱਤੀ ਦੀ ਤੂੰ ਗੱਲ ਕਰਦਾ ਹੈਂ, ਅਸੀਂ ਆਪਣੀ ਜੁੱਤੀ ਇਸਦੇ ਅੱਗੇ ਲਾਹ ਕੇ ਪੰਥ ਦਾ ਹੁਕਮ ਦਿੱਤਾ। ਭਾਈ ਤਾਰੂ ਸਿੰਘ ਜੀ ਗੁਰੂ ਪ੍ਰਮੇਸ਼ਵਰ ਦੇ ਚਰਨਾਂ ਵਿਚ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭ ਜਾਣ ਦੀ ਅਰਦਾਸ ਕੀਤੀ। ਸੂਬੇ ਨੇ ਹਰ ਤਰ੍ਹਾਂ ਦੇ ਤਸੀਹੇ ਦੇ ਕੇ ਕੇਸ ਕਤਲ ਕਰਨ ਜਾਂ ਫਿਰ ਕੇਸਾਂ ਸਮੇਤ ਖੋਪਰੀ ਉਡਾ ਦੇਣ ਦਾ ਹੁਕਮ ਦਿੱਤਾ। ਮੋਚੀ ਨੇ ਲਾਹੌਰ ਨਿਕਾਸ ਚੌਕ ਦੇ ਵਿਚਕਾਰ ਲੱਗੀ ਹੋਈ ਭੀੜ ਸਾਹਮਣੇ ਰੰਬੀ ਨਾਲ ਭਾਈ ਜੀ ਦੀ ਖੋਪਰੀ ਉਤਾਰ ਦਿੱਤੀ ਅਤੇ ਉਨ੍ਹਾਂ ਦੇ ਸਰੀਰ ਨੂੰ ਡੂੰਘੀ ਖਾਈ ਵਿਚ ਸੁੱਟ ਦਿੱਤਾ। ਉਸ ਸਮੇਂ ਬਾਅਦ ਜ਼ਕਰੀਆ ਖਾਨ ਦੇ ਪੇਟ ਦਰਦ ਉੱਠੀ। ਪਿਸ਼ਾਬ ਦਾ ਬੰਨ੍ਹ ਪੈ ਗਿਆ। ਤੜਫਦਿਆਂ ਹੋਇਆਂ ਵੈਦਾਂ-ਹਕੀਮਾਂ ਦੀ ਬੇਵਸੀ ਤੋਂ ਲਾਹੌਰ ਦੇ ਸਿੰਘ ਭਾਈ ਸੁਬੇਗ ਸਿੰਘ ਜੀ ਰਾਹੀਂ ਭਾਈ ਤਾਰੂ ਸਿੰਘ ਜੀ ਤੋਂ ਮੁਆਫ਼ੀ ਦੀ ਮੰਗ ਕੀਤੀ। ਭਾਈ ਸਾਹਿਬ ਨੇ ਖਾਲਸਾ ਪੰਥ ਦੀ ਸ਼ਾਨ ਨੂੰ ਸਾਹਮਣੇ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੁਕਮ ਲਵਾਉਣ ਲਈ ਕਿਹਾ। ਇਹ ਸੁਣ ਕੇ ਭਾਈ ਸੁਬੇਗ ਸਿੰਘ ਸੂਬੇ ਵਲੋਂ ਹਰਜਾਨਾ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਕੋਲ ਪੇਸ਼ ਹੋਇਆ। ਪੰਥ ਦਾ ਹੁਕਮ ਹੋਇਆ ਕਿ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦੀ ਜੁੱਤੀ ਸੂਬੇ ਦੇ ਸਿਰ ਵਿਚ ਮਾਰੀ ਜਾਵੇ ਤਾਂ ਰੋਗ ਮੁਕਤ ਹੋਵੇਗਾ ਪਰ ਸੂਬਾ ਬਿਰਧ ਹੋਣ ਦੇ ਕਾਰਨ ਅਤੇ ਗੁਰਮਤਿ ਦੇ ਵਿਚ ਰੰਗੇ ਹੋਏ ਤਨ ਦੇ ਚਰਨਾਂ ਦੀ ਜੁੱਤੀ ਦੀ ਤਾਬ ਨਾ ਝੱਲਦਿਆਂ ਕੁਝ ਸਮੇਂ ਤਕ ਮਾਰ ਖਾਂਦਿਆਂ ਸਦਾ ਦੀ ਨੀਂਦ ਸੌਂ ਗਿਆ। ਭਾਈ ਤਾਰੂ ਸਿੰਘ ਜੀ ਖੋਪਰੀ ਲੱਥੀ ਤੋਂ 22 ਦਿਨ ਬਾਅਦ ਤਕ ਗੁਰਬਾਣੀ ਰਸ ਵਿਚ ਲੀਨ ਸਨ। ਸੂਬੇ ਦੀ ਮੌਤ ਦੀ ਖ਼ਬਰ ਸੁਣ ਕੇ ਪੰਥ ਦੀ ਸੇਵਾ ਸੰਪੂਰਨ ਅਤੇ ਸਿੱਖੀ ਸਰੂਪ ਨਿਭ ਜਾਣ ਦੀ ਅਕਾਲ ਪੁਰਖ ਜੀ ਦੇ ਚਰਨਾਂ ਵਿਚ ਸ਼ੁਕਰਾਨੇ ਦੀ ਅਰਦਾਸ ਕੀਤੀ। 1 ਸਾਵਣ 1745 ਈ. (ਸੰਮਤ 1803) ਨੂੰ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕੀਤੀ।

ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਲਾ ਵਿਖੇ ਬਣੇ ਗੁਰਦੁਆਰੇ ਦੀ ਸੇਵਾ-ਸੰਭਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐੱਸ. ਜੀ. ਪੀ. ਸੀ. ਦੁਆਰਾ ਕੀਤੀ ਜਾਂਦੀ ਹੈ। ਇਸ ਅਸਥਾਨ 'ਤੇ ਪਹਿਲਾਂ ਬਣੇ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ 'ਚ ਦਰਬਾਰ ਸਾਹਿਬ ਦਾ ਨਿਰਮਾਣ ਕਾਰਜ ਜਾਰੀ ਹੈ ਤੇ ਇਕ ਪੁਰਾਣਾ ਖੂਹ ਟਿੰਡਾਂ ਵਾਲਾ ਹੁਣ ਵੀ ਇਕ ਨੁਮਾਇਸ਼ ਦੇ ਰੂਪ ਵਿਚ ਹੈ।