ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਆਰੇ ਤੇ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਪਰਿਵਾਰ ਮੁੱਢ ਕਦੀਮ ਤੋਂ ਬਹਾਦਰ ਯੋਧਿਆਂ ਦਾ ਪਰਿਵਾਰ ਸੀ ਅਤੇ ਖਾਲਸਾ ਰਾਜ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਇਸ ਪਰਿਵਾਰ ਨੇ ਬਹਾਦਰੀ ਅਤੇ ਵਫ਼ਾਦਾਰੀ ਸਦਕਾ ਆਪਣੀ ਇਕ ਅਲੱਗ ਪਛਾਣ ਬਣਾਈ ਹੋਈ ਸੀ। ਹਰੀ ਸਿੰਘ ਨਲੂਆ ਦੇ ਦਾਦਾ ਸ. ਹਰਿਦਾਸ ਸਿੰਘ ਉੱਪਲ ਦੀ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ ਬਾਬਾ ਨੌਧ ਸਿੰਘ ਨਾਲ ਪਹਿਲੀ ਮੁਲਾਕਾਤ ਸੰਨ 1726 ਦੇ ਕਰੀਬ ਜਿਹੇ ਮਜੀਠੇ ਦੇ ਮੁਕਾਮ ‘ਤੇ ਹੋਈ। ਉਸ ਸਮੇਂ ਮਜੀਠੇ ਦੇ ਸ਼ੇਰਗਿੱਲ ਪੂਰੀ ਤਰ੍ਹਾਂ ਨਾਲ ਮੁਗਲ ਹਕੂਮਤ ਦੇ ਤਰਫ਼ਦਾਰ ਸਨ ਪਰ ਸ. ਗੁਲਾਬ ਸਿੰਘ ਸ਼ੇਰਗਿੱਲ (ਸ. ਨੌਧ ਸਿੰਘ ਦਾ ਸਾਲਾ) ਅਤੇ ਸ. ਹਰਿਦਾਸ ਸਿੰਘ ਉੱਪਲ ਕੌਮ ਦੀ ਆਜ਼ਾਦੀ ਲਈ ਯੁੱਧਾਂ ਵਿਚ ਹਿੱਸਾ ਲੈਂਦੇ ਸਨ। ਬਾਬਾ ਨੌਧ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ. ਚੜ੍ਹਤ ਸਿੰਘ ਨੇ ਸ਼ੁੱਕਰਚਕੀਆ ਮਿਸਲ ਕਾਇਮ ਕੀਤੀ ਅਤੇ ਆਪਣੇ ਅਧੀਨ ਸਿਪਾਹੀਆਂ ਦੀ ਨਫ਼ਰੀ ਵੀ 100 ਤੋਂ ਵਧਾ ਲਈ। ਉਨ੍ਹਾਂ ਨੇ ਸਾਰੀ ਨਫਰੀ ਦੀ ਕਮਾਨ ਸ. ਹਰਿਦਾਸ ਸਿੰਘ ਉੱਪਲ ਦੇ ਹੱਥ ਸੌਂਪੀ ਹੋਈ ਸੀ। ਬਾਅਦ ਵਿਚ ਸ. ਚੜ੍ਹਤ ਸਿੰਘ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ ਅਤੇ ਉਥੇ ਪੱਕਾ ਕਿਲਾ ਤਿਆਰ ਕਰਵਾ ਕੇ ਇਸ ਨਗਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਹਰਿਦਾਸ ਸਿੰਘ ਵੀ ਆਪਣੇ ਪਰਿਵਾਰ ਸਹਿਤ ਗੁਜਰਾਂਵਾਲਾ ਚਲੇ ਗਏ। ਸ. ਹਰਿਦਾਸ ਸਿੰਘ ਹਰੇਕ ਯੁੱਧ ਵਿਚ ਸ. ਚੜ੍ਹਤ ਸਿੰਘ ਸ਼ੁੱਕਰਚਕੀਆ ਦੇ ਹਮ-ਰਕਾਬ ਰਹੇ ਅਤੇ ਸੰਨ 1762 ਵਿਚ ਕੁੱਪ-ਰਹੀੜਾ ਵਿਚ ਵੱਡੇ ਘੱਲੂਘਾਰੇ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਸੇ ਅਹੁਦੇ ‘ਤੇ ਉਨ੍ਹਾਂ ਦੇ ਸਪੁੱਤਰ ਸ. ਗੁਰਦਾਸ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸ. ਗੁਰਦਾਸ ਸਿੰਘ ਪਹਿਲਾਂ ਤਾਂ ਸ. ਚੜ੍ਹਤ ਸਿੰਘ ਦੇ ਨਾਲ ਅਤੇ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਸ. ਮਹਾਂ ਸਿੰਘ ਨਾਲ ਹਮ-ਰਕਾਬ ਹੋ ਕੇ ਹਰ ਮੁਹਿੰਮ ‘ਚ ਹਿੱਸਾ ਲੈਂਦੇ ਰਹੇ। ਸੰਨ 1792 ਵਿਚ ਸ. ਮਹਾਂ ਸਿੰਘ ਦੇ ਅਕਾਲ ਚਲਾਣੇ ਮਗਰੋਂ ਸੰਨ 1798 ਵਿਚ ਸ. ਗੁਰਦਾਸ ਸਿੰਘ ਦਾ ਵੀ ਦੇਹਾਂਤ ਹੋ ਗਿਆ। ਉਸ ਦੇ ਦੋ ਬੱਚੇ ਸਨ¸ਸ. ਹਰੀ ਸਿੰਘ (ਜਨਮ ਸੰਨ 1791 ਈ.) ਅਤੇ ਬੀਬੀ ਕਿਸ਼ਨ ਦੇਵੀ (ਜਨਮ ਸੰਨ 1795 ਈ.)।
ਸ. ਗੁਰਦਾਸ ਸਿੰਘ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ. ਹਰੀ ਸਿੰਘ ਉੱਪਲ, ਜਿਨ੍ਹਾਂ ਆਪਣੀ ਬਹਾਦੁਰੀ ਸਦਕਾ ਮਹਾਰਾਜਾ ਰਣਜੀਤ ਸਿੰਘ ਪਾਸੋਂ ‘ਨਲੂਆ’ ਉਪਨਾਮ ਪ੍ਰਾਪਤ ਕੀਤਾ, ਨੇ ਖਾਲਸਾ ਰਾਜ ਨੂੰ ਬੁਲੰਦੀਆਂ ਤਕ ਪਹੁੰਚਾਉਣ ਲਈ ਜੋ ਵੀ ਕੀਤਾ, ਉਹ ਅੱਜ ਖਾਲਸਾ ਰਾਜ ਦੇ ਸੁਨਹਿਰੀ ਇਤਿਹਾਸ ਦਾ ਇਕ ਪ੍ਰਮੁੱਖ ਹਿੱਸਾ ਬਣ ਚੁੱਕਿਆ ਹੈ। ਬਹੁਤ ਸਾਰੇ ਲੇਖਕਾਂ ਨੇ ਲਿਖਿਆ ਹੈ ਕਿ ਸ. ਹਰੀ ਸਿੰਘ ਨਲੂਆ ਦੀ ਸੰਤਾਨ ‘ਚੋਂ ਕੋਈ ਵੀ ਉਨ੍ਹਾਂ ਵਰਗਾ ਯੋਧਾ ਅਤੇ ਬਹਾਦੁਰ ਨਹੀਂ ਨਿਕਲਿਆ ਅਤੇ ਉਸਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰਾਂ ਵਿਚ ਜਾਇਦਾਦ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ। ਉਨ੍ਹਾਂ ਦੀ ਇਕ ਸਰਦਾਰਨੀ ਬੀਬੀ ਰਾਜ ਕੌਰ ਦੇ ਪੁੱਤਰਾਂ ਸ. ਜਵਾਹਰ ਸਿੰਘ ਨਲੂਆ ਅਤੇ ਸ. ਗੁਰਦਿੱਤ ਸਿੰਘ ਨਲੂਆ ਨੇ ਗੁਜਰਾਂਵਾਲਾ ਸਾਂਭ ਲਿਆ ਅਤੇ ਸ. ਨਲੂਆ ਦੀ ਦੂਸਰੀ ਪਤਨੀ ਬੀਬੀ ਦੇਸਾਂ ਦੇ ਪੁੱਤਰਾਂ ਸ. ਪੰਜਾਬ ਸਿੰਘ ਨਲੂਆ ਅਤੇ ਸ. ਅਰਜਨ ਸਿੰਘ ਨਲੂਆ ਦੇ ਹਿੱਸੇ ਗੁਜਰਾਂਵਾਲੇ ਦੀ ਕੋਠੀ (ਮਹਿਲ), ਬਾਰਾਂਦਰੀ ਅਤੇ ਬਾਗ ਆ ਗਏ।
ਡਿਸਟ੍ਰਿਕਟ ਗ਼ਜ਼ੇਟੀਅਰ ਗੁਜਰਾਂਵਾਲਾ, ਸੰਨ 1930, ਸਫ਼ਾ 27 ਦੇ ਅਨੁਸਾਰ ਸ. ਅਰਜਨ ਸਿੰਘ ਨਲੂਆ ਦੇ ਭਰਾ ਸ. ਪੰਜਾਬ ਸਿੰਘ ਨਲੂਆ, ਜਿਨ੍ਹਾਂ ਦੀ ਮਹਾਰਾਜਾ ਵਲੋਂ ਸ. ਹਰੀ ਸਿੰਘ ਨਲੂਆ ਦੀ ਜਾਗੀਰ ਤੋਂ ਬੇਦਖ਼ਲੀ ਸਮੇਂ 5400 ਰੁਪਏ ਸਾਲਾਨਾ ਪੈਨਸ਼ਨ ਤੈਅ ਕੀਤੀ ਗਈ ਸੀ, ਦੀਆਂ ਫ਼ੌਜੀ ਖਿਦਮਤਾਂ ਨੂੰ ਦੇਖਦਿਆਂ ਹੋਇਆਂ ਮਹਾਰਾਜਾ ਵਲੋਂ 40,000 ਰੁਪਏ ਦੀ ਹੋਰ ਸਾਲਾਨਾ ਜਾਗੀਰ ਬਖਸ਼ੀ ਗਈ। ਸੰਨ 1848-49 ਵਿਚ ਦੂਜੇ ਸਿੱਖ ਯੁੱਧ ਦੇ ਦੌਰਾਨ ਇਸ ਨੇ ਅੰਗਰੇਜ਼ ਵਿਰੁੱਧ ਬਗ਼ਾਵਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਅੰਗਰੇਜ਼ਾਂ ਨੇ ਇਸ ਨੂੰ ਆਪਣਾ ਸ਼ੁੱਭ-ਚਿੰਤਕ ਮੰਨ ਕੇ ਪੰਜਾਬ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਇਸ ਦੀ ਜਾਇਦਾਦ ਜ਼ਬਤ ਨਾ ਕੀਤੀ ਪਰ ਇਸ ਦੇ ਸੰਨ 1854 ‘ਚ ਦੇਹਾਂਤ ਤੋਂ ਬਾਅਦ ਬ੍ਰਿਟਿਸ਼ ਸਰਕਾਰ ਵਲੋਂ ਇਸ ਦੀ ਸਾਰੀ ਜਾਗੀਰ ਜ਼ਬਤ ਕਰਕੇ ਇਸ ਦੀ ਵਿਧਵਾ ਪਤਨੀ ਨੂੰ 25 ਰੁਪਏ ਮਹੀਨਾ (300 ਰੁਪਏ ਸਾਲਾਨਾ) ਪੈਨਸ਼ਨ ਮਿਲਦੀ ਰਹੀ। ਇਸ ਦੀ ਮਾਂ ਬੀਬੀ ਦੇਸਾਂ ਨੂੰ ਅੰਗਰੇਜ਼ਾਂ ਵਲੋਂ ਅੰਤ ਤਕ 800 ਰੁਪਏ ਸਾਲਾਨਾ ਪੈਨਸ਼ਨ ਮਿਲਦੀ ਰਹੀ। ਸ. ਪੰਜਾਬ ਸਿੰਘ ਨਲੂਆ ਦੇ ਇਕਲੌਤੇ ਪੁੱਤਰ ਸ. ਸ਼ਰਨ ਸਿੰਘ ਨਲੂਆ ਬਾਰੇ ਕਿਸੇ ਵੀ ਇਤਿਹਾਸਿਕ ਖਰੜੇ ਵਿਚ ਕੁਝ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਮਾਰਚ 1849 ਵਿਚ ਖਾਲਸਾ ਰਾਜ ਉਪਰ ਅੰਗਰੇਜ਼ ਸਰਕਾਰ ਦਾ ਪੂਰੀ ਤਰ੍ਹਾਂ ਕਬਜ਼ਾ ਹੋਣ ਤੋਂ ਬਾਅਦ ਅੰਗਰੇਜ਼ਾਂ ਨੂੰ ਮੁਲਕ ਚਲਾਉਣ ਲਈ ਤਜਰਬੇਕਾਰ ਜੰਗੀ ਯੋਧਿਆਂ ਦੀ ਲੋੜ ਸੀ, ਇਸ ਲਈ ਥੋੜ੍ਹੇ ਸਮੇਂ ਬਾਅਦ ਜ਼ਿਆਦਾਤਰ ਸਿੱਖ ਸਰਦਾਰ ਕੈਦ ‘ਚੋਂ ਛੱਡ ਦਿੱਤੇ ਗਏ। ਇਸ ਤੋਂ ਬਾਅਦ ਸ. ਜਵਾਹਰ ਸਿੰਘ ਨਲੂਆ ਨੇ ਅੰਗਰੇਜ਼ੀ ਸਰਕਾਰ ਤਰਫ਼ੋਂ ਬਰਮਾ, ਲਖਨਊ, ਬਿਠੂਰ, ਕਾਲਪੀ, ਕਾਨਪੁਰ ਆਦਿ ਸਥਾਨਾਂ ‘ਤੇ 18 ਜੰਗਾਂ ਵਿਚ ਹਿੱਸਾ ਲਿਆ ਅਤੇ ਪੂਰੀ ਬਹਾਦੁਰੀ ਵਿਖਾਈ। ਇਸ ਕਾਰਨ ਸੰਨ 1849 ਵਿਚ ਇਸ ਦੀ ਬਹਾਦੁਰੀ ਤੋਂ ਖੁਸ਼ ਹੋ ਕੇ ਅੰਗਰੇਜ਼ ਸਰਕਾਰ ਵਲੋਂ ਇਸ ਨੂੰ ਸਰਦਾਰ ਬਹਾਦੁਰ ਦੇ ਖ਼ਿਤਾਬ ਦੇ ਨਾਲ-ਨਾਲ 12,000 ਰੁਪਏ ਦੀ ਸਾਲਾਨਾ ਜਾਗੀਰ ਵੀ ਇਨਾਮ ਵਜੋਂ ਮਿਲੀ। ਸੰਨ 1862 ਵਿਚ ਇਸ ਨੂੰ ਗੁਜਰਾਂਵਾਲਾ ਦਾ ਆਨਰੇਰੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ। ਸੰਨ 1877 ਵਿਚ ਇਹ ਵੀਰ ਨਲੂਆ ਸਰਦਾਰ ਸਵਰਗਵਾਸ ਹੋ ਗਿਆ। ਸ. ਜਵਾਹਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਸ ਦੀ ਅੱਧੀ ਜਾਗੀਰ ਉਸ ਦੇ ਸਕੇ ਭਰਾ ਸ. ਗੁਰਦਿੱਤ ਸਿੰਘ ਨੂੰ ਮਿਲ ਗਈ ਅਤੇ ਅੱਧੀ ਜਾਗੀਰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ। ਸ. ਗੁਰਦਿੱਤ ਸਿੰਘ ਦੇ ਸੰਨ 1882 ਵਿਚ ਦੇਹਾਂਤ ਹੋਣ ਤੋਂ ਬਾਅਦ ਉਸ ਨੂੰ ਸ. ਜਵਾਹਰ ਸਿੰਘ ਦੀ ਮਿਲੀ ਜਾਗੀਰ ਉਸ ਦੇ ਭਤੀਜੇ ਸ. ਅੱਛਰਾ (ਇੱਛਰਾ) ਸਿੰਘ ਨੂੰ ਮਿਲ ਗਈ। ਸ. ਗੁਰਦਿੱਤ ਸਿੰਘ ਲਈ ਮਹਾਰਾਜਾ ਰਣਜੀਤ ਸਿੰਘ ਵਲੋਂ 2200 ਰੁਪਏ ਸਾਲਾਨਾ ਪੈਨਸ਼ਨ ਤੈਅ ਕੀਤੀ ਗਈ ਸੀ ਅਤੇ ਇਸ ਦੀ ਮਾਤਾ ਬੀਬੀ ਰਾਜ ਕੌਰ ਨੂੰ ਉਸ ਦੇ ਅੰਤ ਤਕ 700 ਰੁਪਏ ਸਾਲਾਨਾ ਪੈਨਸ਼ਨ ਸਰਕਾਰੀ ਖ਼ਜ਼ਾਨੇ ‘ਚੋਂ ਮਿਲਦੀ ਰਹੀ। ਨਲੂਆ ਪਰਿਵਾਰ ਦਾ ਜ਼ਿਕਰ ਕਰਦੇ ਸਮੇਂ ਅਤੇ ਖ਼ਾਸ ਕਰਕੇ ਸ. ਹਰੀ ਸਿੰਘ ਨਲੂਆ ਦੇ ਸਪੁੱਤਰਾਂ ਬਾਰੇ ਜਾਣਕਾਰੀ ਦਿੰਦਿਆਂ ਦੋ ਹੋਰ ਨਾਂ ਵੀ ਅਜਿਹੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਹਨ ਸ. ਮਹਾਂ ਸਿੰਘ ਮੀਰਪੁਰੀਆ ਅਤੇ ਸ. ਚਤਰ ਸਿੰਘ ਨਲੂਆ। ਸ. ਮਹਾਂ ਸਿੰਘ ਮੀਰਪੁਰੀਆ ਸ. ਨਲੂਆ ਦਾ ਗੋਦ ਲਿਆ ਪੁੱਤਰ ਸੀ ਅਤੇ ਸ. ਨਲੂਆ ਵਾਂਗ ਹੀ ਬਹੁਤ ਬੁੱਧੀਮਾਨ ਅਤੇ ਬਹਾਦੁਰ ਯੋਧਾ ਸੀ। ਸ. ਚਤਰ ਸਿੰਘ ਦਾ ਜ਼ਿਕਰ ਪਹਿਲੀ ਵਾਰ ਬੈਰੁਨ ਚਾਰਲਸ ਹੂਗਲ ਨੇ ਆਪਣੇ ਸਫ਼ਰਨਾਮੇ ‘ਟਰੈਵਲਜ਼ ਇਨ ਕਸ਼ਮੀਰ ਐਂਡ ਪੰਜਾਬ’ ਵਿਚ ਕੀਤਾ ਸੀ। ਜਰਮਨ ਯਾਤਰੂ ਹੂਗਲ ਆਪਣੇ ਇਕ ਹੋਰ ਸਾਥੀ ਜੀ. ਟੀ. ਵਾਇਨ ਨਾਲ ਕਸ਼ਮੀਰ ਤੋਂ ਵਾਪਸੀ ਸਮੇਂ ਸੰਨ 1835 ਵਿਚ ਸ. ਨਲੂਆ ਦੁਆਰਾ ਵਸਾਏ ਸ਼ਹਿਰ ਹਰੀਪੁਰ ਪਹੁੰਚਿਆ ਤਾਂ 23 ਦਸੰਬਰ 1835 ਨੂੰ ਉਨ੍ਹਾਂ ਦਾ ਸਵਾਗਤ ਸ. ਹਰੀ ਸਿੰਘ ਦੇ ਗੁਜਰਾਂਵਾਲਾ ਗਏ ਹੋਣ ਕਰਕੇ ਇਕ 10 ਕੁ ਸਾਲ ਦੇ ਬੱਚੇ ਚਤਰ ਸਿੰਘ ਨੇ ਕੀਤਾ। ਹੂਗਲ ਨੇ ਆਪਣੀ ਲਿਖਤ ਵਿਚ ਚਤਰ ਸਿੰਘ ਨੂੰ ਸ. ਹਰੀ ਸਿੰਘ ਨਲੂਆ ਦਾ ਪੁੱਤਰ ਲਿਖਿਆ ਹੈ ਪਰ ਚਤਰ ਸਿੰਘ ਦੇ ਨਾਂ ਦਾ ਜ਼ਿਕਰ ਬਾਅਦ ਵਿਚ ਕਿਸੇ ਇਤਿਹਾਸਕਾਰ ਜਾਂ ਯਾਤਰੂ ਨੇ ਨਹੀਂ ਕੀਤਾ।
ਸ. ਅਰਜਨ ਸਿੰਘ ਦੇ ਪੁੱਤਰ ਸ. ਇੱਛਰਾ ਸਿੰਘ ਨਲੂਆ ਦਾ ਜਨਮ ਸੰਨ 1842 ਵਿਚ ਹੋਇਆ। ਇਸ ਦੇ ਚਾਚਾ ਸ. ਗੁਰਦਿੱਤ ਸਿੰਘ ਦੇ ਦੇਹਾਂਤ ਤੋਂ ਬਾਅਦ ਉਸ ਦੀ ਅੱਧੀ ਜਾਗੀਰ ਇਸ ਨੂੰ ਮਿਲੀ ਸੀ, ਜੋ ਬਾਅਦ ਵਿਚ ਬ੍ਰਿਟਿਸ਼ ਹਕੂਮਤ ਵਲੋਂ ਜ਼ਬਤ ਕਰ ਲਈ ਗਈ। ਸ. ਇੱਛਰਾ ਸਿੰਘ ਦਾ ਦੇਹਾਂਤ ਸੰਨ 1908 ‘ਚ ਹੋਇਆ। ਇਸ ਦੇ ਭਰਾ ਸ. ਸੰਪੂਰਨ ਸਿੰਘ ਦਾ ਦੇਹਾਂਤ ਸੰਨ 1874 ‘ਚ ਹੀ ਹੋ ਗਿਆ ਸੀ। ਉਸ ਦੇ ਪੁੱਤਰ ਸ. ਕਰਤਾਰ ਸਿੰਘ (ਦੇਹਾਂਤ ਸੰਨ 1894) ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਸ. ਇੱਛਰਾ ਦਾ ਇਕ ਪੁੱਤਰ ਸ. ਨਰਾਇਣ ਸਿੰਘ ਅਤੇ ਇਕ ਧੀ ਵੀ ਸੀ। ਸ. ਨਰਾਇਣ ਸਿੰਘ ਦਾ ਜਨਮ ਸੰਨ 1867 ‘ਚ ਸਰਦਾਰ ਨਲੂਆ ਦੀ ਜੱਦੀ ਹਵੇਲੀ (ਬਾਜ਼ਾਰ ਕਸੇਰਾ, ਗੁਜਰਾਂਵਾਲਾ) ‘ਚ ਹੋਇਆ। ਸ. ਹਰੀ ਸਿੰਘ ਨਲੂਆ ਦੀ ਤੀਜੀ ਪੀੜ੍ਹੀ ਵਿਚ ਇਹ ਪਰਿਵਾਰ ਦਾ ਮੁਖੀ ਸੀ। ਇਸ ਨੇ ਗੁਜਰਾਂਵਾਲਾ ਵਿਚ ਬੇ-ਘਰ ਲੋਕਾਂ ਦੇ ਰਹਿਣ ਵਾਸਤੇ ਇਕ ਵੱਡੀ ਸਰਾਂ ਬਣਵਾਈ ਅਤੇ ਲੜਕੀਆਂ ਦੀ ਪੜ੍ਹਾਈ ਵਾਸਤੇ ਇਕ ਸਕੂਲ ਵੀ ਸ਼ੁਰੂ ਕਰਵਾਇਆ। ਇਸ ਨਲੂਆ ਸਰਦਾਰ ਦੀਆਂ ਸੇਵਾਵਾਂ ਬਦਲੇ ਇਸ ਨੂੰ ਬ੍ਰਿਟਿਸ਼ ਹਕੂਮਤ ਵਲੋਂ ਸਰਦਾਰ ਬਹਾਦੁਰ ਦਾ ਖ਼ਿਤਾਬ ਬਖਸ਼ਿਆ ਗਿਆ। ਸ. ਬ. ਨਰਾਇਣ ਸਿੰਘ ਨਲੂਆ ਦੇ 9 ਪੁੱਤਰ¸ਸ. ਕਰਤਾਰ ਸਿੰਘ, ਮੂਲ ਸਿੰਘ, ਬਲਵੰਤ ਸਿੰਘ, ਇਕਬਾਲ ਸਿੰਘ, ਸੰਤ ਸਿੰਘ, ਸ. ਗੋਪਾਲ ਸਿੰਘ, ਬਖਸ਼ੀਸ਼ ਸਿੰਘ, ਕੁਲਵੰਤ ਸਿੰਘ, ਸ. ਇੰਦਰ ਸਿੰਘ ਅਤੇ ਚਾਰ ਧੀਆਂ ਸਨ। ਇਨ੍ਹਾਂ ‘ਚੋਂ ਸ. ਕਰਤਾਰ ਸਿੰਘ (ਜਨਮ ਸੰਨ 1887) ਸਭ ਤੋਂ ਵੱਡਾ ਸੀ ਅਤੇ ਸੰਨ 1896 ‘ਚ ਉਸ ਦਾ ਦੇਹਾਂਤ ਹੋਇਆ। ਇਸ ਤੋਂ ਛੋਟੇ ਸੀ ਸ. ਮੂਲ ਸਿੰਘ (ਜਨਮ ਸੰਨ 1890), ਇਸ ਦਾ ਸੱਤ ਸਾਲ ਦੀ ਉਮਰ ਵਿਚ ਹੀ ਦੇਹਾਂਤ ਹੋ ਗਿਆ, ਜਿਸ ਕਾਰਨ ਇਤਿਹਾਸ ਵਿਚ ਵੱਡੇ ਪੁੱਤਰ ਵਜੋਂ ਸ. ਬਲਵੰਤ ਸਿੰਘ (ਜਨਮ ਸੰਨ 1892) ਹੀ ਪ੍ਰਸਿੱਧ ਹੋਇਆ। ਇਹ ਬਹੁਤ ਬੁੱਧੀਮਾਨ ਅਤੇ ਸੁਲਝੇ ਹੋਏ ਵਿਅਕਤੀਤਵ ਦਾ ਮਾਲਕ ਸੀ, ਜਿਸ ਦੀ ਬਦੌਲਤ ਇਹ ਅਧਿਕ ਸਹਾਇਕ ਕਮਿਸ਼ਨਰ ਗੁਜਰਾਂਵਾਲਾ ਲੰਬੇ ਸਮੇਂ ਤਕ ਰਿਹਾ। ਇਸ ਤੋਂ ਬਾਅਦ ਇਹ ਕਸੂਰ, ਜੇਹਲਮ, ਮੁਲਤਾਨ ‘ਚ ਸਬ-ਡਵੀਜ਼ਨਲ ਮੈਜਿਸਟ੍ਰੇਟ ਰਿਹਾ। ਇਸ ਤੋਂ ਇਲਾਵਾ ਇਹ ਹਿਸਾਰ ਅਤੇ ਧਰਮਸ਼ਾਲਾ ‘ਚ ਕਾਫੀ ਸਮੇਂ ਲਈ ਡਿਪਟੀ ਕਮਿਸ਼ਨਰ ਵੀ ਰਿਹਾ। ਇਸ ਨੂੰ ਅੰਗਰੇਜ਼ ਸਰਕਾਰ ਵਲੋਂ ਸਰਦਾਰ ਬਹਾਦੁਰ ਦਾ ਖ਼ਿਤਾਬ ਅਤੇ 925 ਰੁਪਏ ਦੀ ਜਾਗੀਰ ਦਿੱਤੀ ਗਈ। ਬਲਵੰਤ ਸਿੰਘ ਨੇ ਗੁਜਰਾਂਵਾਲਾ ਦੇ ਪੁਰਾਣੇ ਰੇਲਵੇ ਸਟੇਸ਼ਨ ਦੇ ਸਾਹਮਣੇ 20 ਏਕੜ ਵਿਚ ਇਕ ਖ਼ੂਬਸੂਰਤ ਬਾਗ ਅਤੇ ਗੁਜਰਾਂਵਾਲਾ ‘ਚ ਹੀ ਪੁਰਾਣੀ ਮੰਡੀ ਦੇ ਕੋਲ ਰੈਣਾ ਵਾਲੀ ਗਲੀ ਵਿਚ ਇਕ ਹਵੇਲੀ ਤਿਆਰ ਕਰਵਾਈ। ਸ. ਬ. ਬਲਵੰਤ ਸਿੰਘ ਦੇ ਤਿੰਨ ਪੁੱਤਰ¸ਕੁਲਦੀਪ ਸਿੰਘ, ਅਮਰਜੀਤ ਸਿੰਘ (ਇਸ ਦੇ ਦੋ ਪੁੱਤਰ ਸ. ਸਰਵਜੀਤ ਸਿੰਘ ਅਤੇ ਸ. ਵਿਸ਼ਵਜੀਤ ਸਿੰਘ ਅਤੇ ਇਕ ਪੁੱਤਰੀ ਬੀਬੀ ਵਨੀਤ ਹੈ), ਸ. ਪਰਮਜੀਤ ਸਿੰਘ ਅਤੇ ਪੰਜ ਪੁੱਤਰੀਆਂ ਸਨ। ਕੁਲਦੀਪ ਸਿੰਘ ਦਾ ਇਕ ਸਪੁੱਤਰ ਕੁਸ਼ਲਦੀਪ ਸਿੰਘ ਅਤੇ ਤਿੰਨ ਪੁੱਤਰੀਆਂ। ਸ. ਪਰਮਜੀਤ ਸਿੰਘ ਇਸ ਵੇਲੇ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ‘ਚ ਰਹਿ ਰਹੇ ਹਨ। ਇਨ੍ਹਾਂ ਦੇ ਦੋ ਪੁੱਤਰ ਹਨ¸ਸ. ਰਵਿੰਦਰਜੀਤ ਸਿੰਘ (ਆਈ.ਪੀ. ਐੱਸ.) ਅਤੇ ਸ. ਜਸਜੀਤ ਸਿੰਘ।
ਸ. ਬ. ਬਲਵੰਤ ਸਿੰਘ ਦੇ ਭਰਾਵਾਂ ‘ਚੋਂ ਸ. ਇਕਬਾਲ ਸਿੰਘ ਦੀਆਂ ਤਿੰਨ ਧੀਆਂ, ਸੰਤ ਸਿੰਘ ਦੇ ਚਾਰ ਪੁੱਤਰ¸ਰਾਜਿੰਦਰ ਸਿੰਘ, ਸ. ਹਰਬਿੰਦਰ ਸਿੰਘ, ਲੈਫਟੀਨੈਂਟ ਜਨਰਲ ਸ. ਬੀਰ ਇੰਦਰ ਸਿੰਘ ਅਤੇ ਸ. ਸਤਵਿੰਦਰ ਸਿੰਘ ਅਤੇ ਤਿੰਨ ਧੀਆਂ ਹਨ। ਸ. ਬਖਸ਼ੀਸ਼ ਸਿੰਘ ਦੇ ਚਾਰ ਪੁੱਤਰੀਆਂ ਅਤੇ ਇਕ ਪੁੱਤਰ ਸ. ਸੁਰਜੀਤ ਸਿੰਘ ਹੈ, ਜਿਸ ਦੇ ਅਗਾਂਹ ਇਕ ਪੁੱਤਰ ਪ੍ਰੋ. ਡਾ. ਸਰਵਜੀਤ ਸਿੰਘ (ਯੂ. ਐੱਸ. ਏ.) ਅਤੇ ਇਕ ਪੁੱਤਰੀ ਹੈ। ਇਸੇ ਤਰ੍ਹਾਂ ਸ. ਇੰਦਰ ਸਿੰਘ ਦੇ ਦੋ ਸਪੁੱਤਰ ਸ. ਗੁਰਦੀਪ ਸਿੰਘ ਅਤੇ ਸ. ਜਸਬੀਰ ਸਿੰਘ ਅਤੇ ਦੋ ਪੁੱਤਰੀਆਂ ਹਨ। ¸ਸੁਰਿੰਦਰ ਕੋਛੜ, ਅੰਮ੍ਰਿਤਸਰ