- ਵਾਸਦੇਵ ਸਿੰਘ ਪਰਹਾਰ
ਫੋਨ 206-434-1155
27 ਫਰਵਰੀ, 1926 ਨੂੰ ਜਿਨ੍ਹਾਂ 6 ਬੱਬਰਾਂ ਨੂੰ ਫਾਂਸੀ ਲੱਗੀ, ਉਨ੍ਹਾਂ ਵਿੱਚ ਧਰਮ ਸਿੰਘ ਪਿੰਡ ਹਿਯਾਤਪੁਰ ਰੁੜਕੀ ਦਾ ਵਸਨੀਕ ਸੀ। ਇਸ ਪਿੰਡ ਦੀ ਹੱਦ ਬਸਤ ਨੰ. 280 ਅਤੇ ਰਕਬਾ 77 ਹੈਕਟੇਅਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਹੈ। ਦੋ ਵੱਖਰੇ ਪਿੰਡਾਂ ਹਿਯਾਤਪੁਰ ਅਤੇ ਰੁੜਕੀ ਤੋਂ ਇਹ ਇੱਕ ਪਿੰਡ ਬਣਿਆ ਕੇਵਲ ਕੰਦੋਲਾ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਹੈ। ਬੱਬਰ ਧਰਮ ਸਿੰਘ ਦਾ ਛੋਟਾ ਭਰਾ ਸੁੰਦਰ ਸਿੰਘ ਅਤੇ ਚਾਚਾ ਸੁਰਜਨ ਸਿੰਘ ਵੀ ਬੱਬਰ ਲਹਿਰ ਵਿੱਚ ਗ੍ਰਿਫਤਾਰ ਹੋਏ ਪਰ ਮੁਕੱਦਮੇ ਦੌਰਾਨ ਜੇਲ੍ਹ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਬੱਬਰ ਧਰਮ ਸਿੰਘ ਦਾ ਆਨੰਦਕਾਰਜ 12 ਸਾਲ ਦੀ ਉਮਰ ਵਿੱਚ ਪਿੰਡ ਸਦੇੜੀ ਦੀ ਬਸੰਤ ਕੌਰ ਨਾਲ ਹੋ ਗਿਆ ਸੀ।
ਸੰਨ 1906 ਵਿੱਚ ਉਹ ਰਸਾਲਾ ਨੰ. 31 ਵਿੱਚ ਭਰਤੀ ਹੋ ਗਏ ਅਤੇ 26 ਜੂਨ, 1920 ਨੂੰ ਪੈਨਸ਼ਨ ਆ ਗਏ। ਸਰਵਿਸ ਦੌਰਾਨ ਉਨ੍ਹਾਂ ਦਾ ਰਿਕਾਰਡ ਬਹੁਤ ਵਧੀਆ ਸੀ। ਪਿੰਡ ਆ ਕੇ ਉਹ ਖੇਤੀ ਕਰਨ ਲੱਗ ਪਏ। ਵਾਇਦਾ ਮੁਆਫ ਰਾਮ ਸਿੰਘ ਮੁਜ਼ਾਰਾ ਕਲਾਂ ਨੇ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਬਿਆਨ ਦਿੱਤਾ ਕਿ ਚੋਟੀ ਦੇ ਬੱਬਰਾਂ ਦੀਆਂ ਮੀਟਿੰਗਾਂ ਧਰਮ ਸਿੰਘ ਹੁਰਾਂ ਦੀ ਹਵੇਲੀ ਵਿੱਚ ਹੋਇਆ ਕਰਦੀਆਂ ਸਨ। ਦੁਆਬੇ ਵਿੱਚ ਪਸ਼ੂਆਂ ਦੇ ਵਾੜੇ ਨੂੰ ਹਵੇਲੀ ਕਿਹਾ ਜਾਂਦਾ ਹੈ।
ਦੀਵਾਨ ਨਾਂਅ ਦਾ ਇਹ ਝੋਲੀਚੁੱਕ ਬੱਬਰਾਂ ਵਿਰੁੱਧ ਰਿਪੋਰਟਾਂ ਸ਼ਰਮਾ ਰਾਮ ਸਮੁੰਦੜਾ ਨਿਵਾਸੀ ਰਾਹੀਂ ਦਿੰਦਾ ਹੁੰਦਾ ਸੀ। ਇਸ ਲਈ ਬੱਬਰਾਂ ਨੇ ਇਸ ਦਾ ਸੁਧਾਰ ਕਰਨ ਦਾ ਸੋਚਿਆ। ਧਰਮ ਸਿੰਘ ਹੁਰਾਂ ਦੇ ਹਵੇਲੀ ਵਿੱਚ ਬੱਬਰਾਂ ਨੇ ਸਲਾਹ ਕੀਤੀ ਕਿ ਬੱਬਰ ਦਾ ਛੋਟਾ ਭਰਾ ਸੁੰਦਰ ਸਿੰਘ ਦੀਵਾਨ ਨੂੰ ਇਹ ਕਹਿ ਕੇ ਲੈ ਆਵੇ ਕਿ ਇੱਕ ਬਰਾਤ ਆ ਰਹੀ ਹੈ, ਜਿਸ ਵਿੱਚ ਲਾੜੇ ਦਾ ਕੈਂਠਾ ਲੁੱਟਾਂਗੇ। ਅਸੀਂ ਡਾਕੂ ਬਣ ਕੇ ਨੀਯਤ ਹੋਈ ਥਾਂ 'ਤੇ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਕੌਣ ਹੋ ਤਾਂ ਅਸੀਂ ਕਹਾਂਗੇ ''ਡਾਕੂ''। ਸੁਣ ਕੇ ਤੂੰ ਪਰ੍ਹੇ ਹੋ ਜਾਈਂ ਅਤੇ ਅਸੀਂ ਦੀਵਾਨ ਦੀ ਅਲਖ ਮੁਕਾ ਦਿਆਂਗੇ।
ਬੱਬਰ ਸੁਰਜਨ ਸਿੰਘ, ਧਰਮ ਸਿੰਘ, ਆਸਾ ਸਿੰਘ ਭਕੜੁੱਦੀ ਅਤੇ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਨੀਯਤ ਕੀਤੀ ਥਾਂ 'ਤੇ ਪਹੁੰਚ ਗਏ। ਸੁੰਦਰ ਸਿੰਘ ਜਦੋਂ ਦੀਵਾਨ ਨੂੰ ਲੈ ਕੇ ਆਇਆ ਤਾਂ ਤੈਅ ਕੀਤੇ ਵਾਕ ਬੋਲੇ। ਸੁੰਦਰ ਸਿੰਘ ਪਰ੍ਹੇ ਹਟ ਗਿਆ ਅਤੇ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਨੇ ਉਸ ਦੀ ਗਰਦਨ ਵਿੱਚ ਗੋਲੀ ਮਾਰ ਕੇ ਢੇਰੀ ਕਰ ਦਿੱਤਾ। ਆਸਾ ਸਿੰਘ ਭਕੜੁੱਦੀ ਨੇ ਦੀਵਾਨ ਦੇ ਡਿੱਗੇ ਪਏ ਦੇ ਸਿਰ ਵਿੱਚ ਕਿਰਪਾਨ ਦੇ ਤਿੰਨ ਚਾਰ ਵਾਰ ਕੀਤੇ। ਇਹ ਕਤਲ 13,14 ਫਰਵਰੀ, 1923 ਦੀ ਰਾਤ ਨੂੰ ਹੋਇਆ ਸੀ। ਅੱਠਾਂ ਦਿਨਾਂ ਬਾਅਦ ਦੀਵਾਨ ਦੀ ਮਾਂ ਭਗਵਾਨੀ ਨੂੰ ਇੱਕ ਪੋਸਟ ਕਾਰਡ ਡਾਕ ਰਾਹੀਂ ਮਿਲਿਆ। ਉਸ ਨੇ ਇਹ ਖਤ ਹੰਸ ਰਾਜ ਤੋਂ ਪੜ੍ਹਾਇਆ, ਜਿਸ ਵਿੱਚ ਦੀਵਾਨ ਨੇ ਲਿਖਿਆ ਸੀ ਕਿ ਉਸ ਨੇ ਦਲੇਲ ਸਿੰਘ ਦੇ ਪੰਜ ਰੁਪਏ ਦੇਣੇ ਹਨ ਤੇ ਜੇ ਉਹ ਮੰਗੇ ਤਾਂ ਦੇ ਦੇਣੇ ਨਹੀਂ ਤਾਂ ਮੈਂ ਆਪ ਆ ਕੇ ਦੇ ਦਿਆਂਗਾ।
ਇਹ ਖਤ ਵੀ ਬੱਬਰਾਂ ਨੇ ਦੀਵਾਨ ਦੀ ਮਾਂ ਨੂੰ ਢਾਰਸ ਦੇਣ ਲਈ ਪਾਇਆ ਸੀ ਤਾਂ ਕਿ ਉਹ ਪੁਲਿਸ ਪਾਸ ਨਾ ਜਾਵੇ। ਚਾਰ ਕੁ ਮਹੀਨੇ ਬਾਅਦ ਹੁਸ਼ਿਆਰਪੁਰ ਲਾਗੇ ਪਿੰਡ ਖਾਨਪੁਰ ਦਾ ਇੱਕ ਫੌਜੀ ਛੁੱਟੀ ਆਇਆ ਤਾਂ ਉਹ ਆਪਣੇ ਮਿੱਤਰ ਅਮਰ ਸਿੰਘ ਦੀ ਭੈਣ ਦਾ ਅਫਸੋਸ ਕਰਨ ਲਈ ਪਿੰਡ ਹਿਯਾਤਪੁਰ ਰੁੜਕੀ ਗਿਆ। ਦੀਵਾਨ ਦੀ ਮਾਂ ਭਗਵਾਨੀ ਉਸ ਦੇ ਪਿੰਡ ਦੀ ਸੀ। ਅਮਰ ਸਿੰਘ ਤੋਂ ਪਰ੍ਹੇ ਕਰਕੇ ਸੁਰਜਨ ਸਿੰਘ ਨੇ ਉਸ ਨੂੰ ਆਖਿਆ ਕਿ ਭਗਵਾਨੀ ਦੇ ਪੁੱਤਰ ਦੇ ਅਚਾਨਕ ਗਾਇਬ ਹੋਣ ਕਰਕੇ ਉਹ ਬਹੁਤ ਪ੍ਰੇਸ਼ਾਨ ਹੈ। ਉਸ ਨੂੰ ਹੌਂਸਲਾ ਦੇਣ ਲਈ ਤੂੰ ਆਖ ਦੇ ਕਿ ਦੀਵਾਨ ਨੂੰ ਤੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇਖਿਆ ਸੀ। ਅਦਾਲਤ ਵਿੱਚ ਹੁਕਮ ਸਿੰਘ ਨੇ ਇਹੋ ਬਿਆਨ ਦਿੱਤਾ।
ਬੱਬਰਾਂ ਨੇ ਆਪਣੇ ਅਖਬਾਰ 'ਬੱਬਰ ਅਕਾਲੀ ਦੁਆਬਾ' ਵਿੱਚ ਖਬਰ ਛਾਪ ਦਿੱਤੀ ਕਿ ਪੁਲਿਸ ਦੇ ਇੱਕ ਮੁਖਬਰ ਦੀਵਾਨ ਨੂੰ ਸਾਰੀ ਉਮਰ ਲਈ ਕੈਦ ਵਿੱਚ ਪਾ ਦਿੱਤਾ ਹੈ। ਆਸਾ ਸਿੰਘ ਭਕੜੁਦੀ ਜੋ ਚੋਟੀ ਦੇ ਬੱਬਰਾਂ ਦੇ ਨੇੜੇ ਸੀ ਗ੍ਰਿਫਤਾਰ ਹੋਣ 'ਤੇ ਪੁਲਿਸ ਦੀ ਕੁੱਟ ਨਾ ਸਹਾਰ ਸਕਿਆ। ਉਸ ਨੇ ਸਾਰੀਆਂ ਵਾਰਦਾਤਾਂ ਦਾ ਹਾਲ ਪੁਲਿਸ ਨੂੰ ਦੱਸ ਦਿੱਤਾ। ਉਸ ਦੀ ਗਵਾਹੀ 'ਤੇ ਕਿ ਦੀਵਾਨ ਦੀ ਲਾਸ਼ ਧਰਮ ਸਿੰਘ ਅਤੇ ਸੁਰਜਣ ਸਿੰਘ ਨੇ ਕਿਤੇ ਦਬਾਈ ਹੈ, ਦਾ ਉਨ੍ਹਾਂ ਤੋਂ ਪਤਾ ਕੀਤਾ ਜਾਵੇ ਅਤੇ ਪੁਲਿਸ ਨੇ ਧਰਮ ਸਿੰਘ ਨੂੰ ਦਬੋਚ ਲਿਆ। ਸੁੰਦਰ ਸਿੰਘ ਨੂੰ 1 ਅਗਸਤ, 1923 ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਕੁੱਟ ਕੇ ਪੁਲਿਸ ਨੇ ਉਨ੍ਹਾਂ ਦੇ ਪਸ਼ੂਆਂ ਵਾਲੇ ਬਰਾਂਡੇ ਵਿੱਚ ਗੁੜ ਬਣਾਉਣ ਵਾਲੇ ਚੁੱਭੇ 'ਚੋਂ ਬਰਾਮਦ ਕੀਤੀ। ਲਾਸ਼ ਤਾਂ ਐਨੇ ਮਹੀਨਿਆਂ ਵਿੱਚ ਗਲ਼ ਗਈ ਸੀ। ਉਸ ਦੇ ਕੱਪੜਿਆਂ ਅਤੇ ਉੱਪਰਲੇ ਦੋ ਦੰਦਾਂ ਦੀ ਤਾਰ ਹੋਣ 'ਤੇ ਉਸ਼ ਦੀ ਮਾਂ ਭਗਵਾਨੀ ਨੇ ਸ਼ਨਾਖਤ ਕੀਤੀ।
ਬੱਬਰ ਧਰਮ ਸਿੰਘ ਦੀ ਸਿੰਘਣੀ ਉਸ ਨੂੰ ਆਖਰੀ ਮੁਲਾਕਾਤ ਕਰਨ ਲਈ ਬਹੁਤ ਦੇਰ ਨਾਲ ਪਹੁੰਚੀ। ਉਸ ਦਿਨ 6 ਵਿੱਚੋਂ ਤਿੰਨ ਬੱਬਰਾਂ ਨੂੰ ਫਾਂਸੀ ਲਈ ਲੈ ਜਾ ਚੁੱਕੇ ਸਨ ਤੇ ਬਾਕੀ ਤਿੰਨਾਂ ਦੀ ਤਿਆਰੀ ਸੀ। ਕੁਝ ਮਿੰਟ ਹੀ ਮੁਲਾਕਾਤ ਹੋ ਸਕੀ। ਬੱਬਰ ਦਾ ਚਿਹਰਾ ਦਗ ਦਗ ਕਰ ਰਿਹਾ ਸੀ। ਉਸ ਦੀ ਪਤਨੀ ਨੇ ਵਾਪਸੀ 'ਤੇ ਬੱਬਰ ਦੀ ਅਵਾਜ਼ ਦੇ ਇਹ ਸ਼ਬਦ ਸੁਣੇ ''ਮਨਾ ਪ੍ਰਦੇਸੀਆ ਇਹ ਨਹੀਂ ਤੇਰਾ ਦੇਸ''
27 ਫਰਵਰੀ, 1926 ਨੂੰ ਬੱਬਰ ਧਰਮ ਸਿੰਘ ਵੀ ਆਪਣੇ ਪੰਜ ਸਾਥੀਆਂ ਨਾਲ ਫਾਂਸੀ ਚੜ੍ਹਿਆ।