ਸਰਕਾਰ ਖਾਲਸਾ’ ਅਤੇ ਚੀਨ ਦੀ ਸੰਧੀ .....

—ਗਜਿੰਦਰ ਸਿੰਘ, ਦਲ ਖਾਲਸਾ
ਸਤੰਬਰ ੧੯੪੨ ਵਿੱਚ, ਆਜ਼ਾਦ ਪੰਜਾਬ ਦੀ ਖਾਲਸਈ ਹਕੂਮੱਤ ਦੇ ਮਹਾਰਾਜਾ ਸ਼ੇਰ ਸਿੰਘ, ਅਤੇ ਚੀਨ ਦੇ ਹੁਕਮਰਾਨ ਵਿੱਚ ਇੱਕ ‘ਦੋਸਤੀ ਸੰਧੀ’ ਹੋਈ ਸੀ, ਜਿਸ ਦੇ ਕੁੱਝ ਸ਼ਬਦ ਉਸ ਵੇਲੇ ਦੀ ਸਿੱਖ ਸਿਆਸੀ ਤਾਕਤ ਦੀ ਉਚੀ ਸ਼ਾਨ ਨੂੰ ਪ੍ਰਗਟਾਉਣ ਵਾਲੇ ਹਨ, ਤੇ ਅੱਜ ਦੇ ਹੀਣ ਭਾਵਨਾਂ ਦੇ ਸ਼ਿਕਾਰ ਸਿੱਖਾਂ ਲਈ ਪ੍ਰੇਰਣਾ ਸ੍ਰੋਤ ਦਾ ਕੰਮ ਕਰਨ ਵਾਲੇ ਹਨ । ਇਹ ਸੰਧੀ, ਜੋ ਸਿੱਖ ਫੌਜਾਂ ਅਤੇ ਚੀਨੀ ਫੌਜਾਂ ਵਿੱਚ ਲੱਦਾਖ ਦੇ ਇਲਾਕੇ ਉਤੇ ਆਪੋ ਆਪਣਾ ਦਬਦਬਾ ਕਾਇਮ ਕਰਨ ਲਈ ਹੋਈਆਂ ਕਈ ਲੜ੍ਹਾਈਆਂ ਤੋਂ ਬਾਦ ਹੋਈ ਸੀ, ਇਸ ਵਿੱਚ ਪੰਜਾਬ ਦੀ ਖਾਲਸਈ ਹਕੂਮੱਤ ਨੂੰ ‘ਸ੍ਰੀ ਖਾਲਸਾ ਜੀ ਸਾਹਿਬ’ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ । ਕੈਸਾ ਸ਼ਾਨਾਮੱਤਾ ਸ਼ਬਦ ਹੈ ਇਹ, ਪੜ੍ਹ ਕੇ ਹੀ ਸੋਚਾਂ ਵਿੱਚ ਖਾਲਸਈ ਝੰਡੇ ਝੂਲਣ ਲੱਗਦੇ ਹਨ ।
ਦੂਜੀ ਗੱਲ ਜੋ ਇਸ ਸੰਧੀ ਦੀ ਇਬਾਰਤ ਵਿੱਚੋਂ ਸਮਝ ਪੈਂਦੀ ਹੈ, ਉਹ ਇਹ ਹੈ ਕਿ ਉਸ ਵੇਲੇ ਮਹਾਰਾਜਾ ਸ਼ੇਰ ਸਿੰਘ ਦੀ ਅਗਵਾਈ ਵਿੱਚ, ‘ਸ੍ਰੀ ਖਾਲਸਾ ਜੀ ਸਾਹਿਬ’ ਦੀ ਹਕੂਮੱਤ ਚੀਨ ਦੀ ਸਰਹੱਦ ਤੱਕ ਪੂਰੇ ਜਾਹੋ ਜਲਾਲ ਨਾਲ ਕਾਇਮ ਦਾਇਮ ਸੀ, ਤੇ ਗੁਲਾਬ ਸਿੰਘ ਡੋਗਰਾ ਉਸ ਹਕੂਮੱਤ ਦੇ ਮਤਹਿਤ ਜੰਮੂ ਕਸ਼ਮੀਰ ਦਾ ਹਾਕਮ ਹੁੰਦਾ ਸੀ । ਦੂਜੇ ਪਾਸੇ ਚੀਨ ਦੀ ਬਾਦਸ਼ਾਹੀ ਸੀ, ਤੇ ਉਸ ਦੀ ਨਿਗਰਾਨੀ ਵਿੱਚ ਤਿਬੱਤ (ਲਹਾਸਾ) ਦੇ ਹੁਕਮਰਾਨ ਸਨ ।
ਇੱਥੇ ਮੈਨੂੰ ਸਿਰਦਾਰ ਕਪੂਰ ਸਿੰਘ ਜੀ ਤੋਂ ਸੁਣੀ ਇੱਕ ਗੱਲ ਯਾਦ ਆ ਰਹੀ ਹੈ । ਉਹਨਾਂ ਦੇ ਮੁਤਾਬਕ ਉਸ ਵੇਲੇ ਦੇ ਸਿੱਖ ਜਰਨੈਲ ਜ਼ੋਰਾਵਰ ਸਿੰਘ ਦੇ ਕੋਲ ਇਸ ਇਲਾਕੇ ਦੀਆਂ ਸਿੱਖ ਫੌਜਾਂ ਦੀ ਕਮਾਂਡ ਸੀ, ਤੇ ਉਹ ਇੱਕ ਵਾਰ ਅੱਗੇ ਵੱਧਦਾ ਵੱਧਦਾ ਚੀਨ ਦੀ ਰਾਜਧਾਨੀ ਪੀਕਿੰਗ ਦੇ ਬਹੁਤ ਨੇੜੇ ਪਹੁੰਚ ਗਿਆ ਸੀ । ਆਖਰ ਚੀਨ ਦੇ ਹਾਕਮਾਂ ਨੂੰ ਜਨਰਲ ਜ਼ੋਰਾਵਰ ਸਿੰਘ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਇੱਕ ਸੰਧੀ ਕਰਨੀ ਪਈ ਸੀ, ਜਿਸ ਤੋਂ ਬਾਦ ਲੇਹ ਲੱਦਾਖ, ਹੁੰਜ਼ਾ, ਗਿਲਗਿੱਤ ਆਦਿ ਸਾਰੇ ਚੋਟੀ ਦੇ ਪਹਾੜੀ ਇਲਾਕਿਆਂ ਉਤੇ ‘ਸਰਕਾਰ ਖਾਲਸਾ’ ਦੀ ਹੁਕਮਰਾਨੀ ਤਸਲੀਮ ਕਰ ਲਈ ਗਈ ਸੀ । ਸਿਰਦਾਰ ਕਪੂਰ ਸਿੰਘ ਜੀ ਦੇ ਮੁਤਾਬਕ ਇਸ ਸੰਧੀ ਦੀ ਇੱਕ ਅਸਲ ਕਾਪੀ ਉਦੋਂ ਵੀ ਕਸ਼ਮੀਰ ਦੀ ਮਿਊਜ਼ਿਮ ਵਿੱਚ ਪਈ ਹੁੰਦੀ ਸੀ, ਪਰ ਭਾਰਤੀਆਂ ਨੇ ਇਸ ਸੰਧੀ ਉਤੇ ਲਿਖੇ ਅਸਲ ਸ਼ਬਦ ‘ਸਰਕਾਰ ਖਾਲਸਾ’ ਉਤੇ ਸਿਆਹੀ ਫੇਰ ਕੇ ‘ਡੋਗਰਾ ਜਰਨੈਲ ਜ਼ੋਰਾਵਰ ਸਿੰਘ’ ਲਿੱਖ ਦਿੱਤਾ ਹੋਇਆ ਸੀ । ਇਸ ਤਰ੍ਹਾਂ ਕਰ ਕੇ ਉਹਨਾਂ ਨੇ ਇੱਤਹਾਸ ਦੇ ਸੱਚ ਉਤੇ ਸਿਆਹੀ ਫੇਰਨ ਦੀ ਕੋਸ਼ਿਸ਼ ਕੀਤੀ ਸੀ, ਸਰਕਾਰ ਖਾਲਸਾ ਦੇ ਸਿੱਖ ਜਰਨੈਲ ਜ਼ੋਰਾਵਰ ਸਿੰਘ ਨੂੰ, ਉਸ ਦੀ ਸਿੱਖ ਪਛਾਣ ਤੋਂ ਤੋੜ੍ਹ ਕੇ ‘ਡੋਗਰਾ’ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਲੱਗ ਰਿਹਾ ਹੈ ਕਿ ਜਨਰਲ ਜ਼ੋਰਾਵਰ ਸਿੰਘ ਦੀਆਂ ਜਿੰਨੀਆਂ ਵੀ ਤਸਵੀਰਾਂ ਭਾਰਤੀਆਂ ਵੱਲੋਂ ਬਣਾਈਆਂ ਗਈਆਂ ਹਨ, ਉਹਨਾਂ ਵਿੱਚ ਉਸ ਦੇ ਮੱਥੇ ਉਤੇ ਤ੍ਰਿਸ਼ੂਲ ਨੁਮਾ ਤਿਲਕ ਖਾਸ ਤੌਰ ਤੇ ਲਗਾਇਆ ਗਿਆ ਹੈ, ਇਸ ਜਰਨੈਲ ਨੂੰ ਹਿੰਦੂ ਦਰਸਾਣ ਲਈ ।
ਇਹ ਸੱਚ ਹੈ ਕਿ ਜੰਮੂ ਦੇ ਡੋਗਰੇ ਭਰਾਵਾਂ ਨੇ, ਮਹਾਰਾਜਾ ਰਣਜੀਤ ਸਿੰਘ ਦੀ ਸ਼ਰਣ ਵਿੱਚ ਆਣ ਤੋਂ ਬਾਦ ਹੀ ਸਿੱਖੀ ਧਾਰਣ ਕੀਤੀ ਸੀ, ਤੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਬਾਦ, ਦੱਸ ਸਾਲ ਦੇ ਵਿੱਚ ਵਿੱਚ ਅੰਗਰੇਜ਼ਾਂ ਨਾਲ ਮਿੱਲ ਕੇ ਖਾਲਸਾ ਰਾਜ ਦਾ ਭੋਗ ਪਵਾ ਕੇ, ਉਸ ਦੇ ਬਦਲੇ ਵਿੱਚ ‘ਜੰਮੂ ਕਸ਼ਮੀਰ’ ਦੀ ਸਾਰੀ ਰਿਅਸਾਤ ਲੈ ਕੇ ਮੁੜ੍ਹ ਹੋਲੀ ਹੋਲੀ ਹਿੰਦੂ ਧਾਰਾ ਵਿੱਚ ਸ਼ਾਮਿਲ ਹੋ ਗਏ ਸਨ । ਅੱਜ ਰਾਜਾ ਗੁਲਾਬ ਸਿੰਘ ਦੇ ਪਰਿਵਾਰ ਦਾ ਵਾਰਿਸ ਰਾਜਾ ਕਰਣ ਸਿੰਘ ਇੱਕ ਵਿਸ਼ਵ ਹਿੰਦੂ ਸੰਸਥਾ ਦਾ ਮੁੱਖੀ ਹੈ । ਪਰ ਇਸ ਖਿੱਤੇ ਵਿੱਚੋਂ ਸਿੰਘ ਸਜੇ ਸਾਰੇ ਪਰਿਵਾਰ ਗੁਲਾਬ ਸਿੰਘ ਡੋਗਰੇ ਵਰਗੇ ਨਹੀਂ ਸਨ, ਬਹੁਤ ਸਾਰੇ ਅੱਜ ਤੱਕ ਸਿੱਖੀ ਸਾਂਭ ਕੇ ਬੈਠੇ ਨੇ ।
ਹੁਣ ਜਦੋਂ ਮੈਨੂੰ ਇਹ ‘ਚੁਸ਼ੂਲ’ ਦੀ ਸੰਧੀ ਦੀ ਇਬਾਰਤ ਪੜ੍ਹਨ ਨੂੰ ਮਿਲੀ ਹੈ, ਤੇ ਉਸ ਵੇਲੇ ਦੇ ਸਿੱਖ ਰਾਜ ਲਈ ‘ਸ੍ਰੀ ਖਾਲਸਾ ਜੀ ਸਾਹਿਬ’ ਦੇ ਸ਼ਬਦ ਪੜ੍ਹਨ ਨੂੰ ਮਿਲੇ ਹਨ, ਤਾਂ ਸਿਰਦਾਰ ਕਪੂਰ ਸਿੰਘ ਜੀ ਤੋਂ ਸੁਣੀ ਗੱਲ ਯਾਦ ਆਈ ਹੈ ।

ਅੱਜ ਜਿਨ੍ਹਾਂ ਇਲਾਕਿਆਂ ਲਈ, ਹਿੰਦੁਸਤਾਨ, ਚੀਨ, ਤੇ ਪਾਕਿਸਤਾਨ ਨਾਲ ਰੋਜ਼ ਉਲਝਿਆ ਹੁੰਦਾ ਹੈ, ਕਦੇ ਲੇਹ ਲੱਦਾਖ, ਕਦੇ ਕਾਰਗਿਲ, ਤੇ ਕਦੇ ਸਿਆਚਿਨ, ਇਹ ਸਾਰੇ ਇਲਾਕੇ ਕਿਸੇ ਵੇਲੇ ‘ਸ੍ਰੀ ਖਾਲਸਾ ਜੀ ਸਾਹਿਬ’ ਦੀਆਂ  ਜਿੱਤਾਂ ਵਜੋਂ ਪੰਜਾਬ ਦਾ ਹਿੱਸਾ ਬਣੇ ਸਨ । ਸਰਕਾਰ ਖਾਲਸਾ ਦੀਆਂ ਇਹਨਾਂ ਜਿੱਤਾਂ ਵੱਲ ਧਿਆਨ ਕਰ ਕੇ ਅੱਜ ਵੀ ਸਿਰ ਮਾਣ ਨਾਲ ਹਿਮਾਲਿਆ ਦੀਆਂ ਇਹਨਾਂ ਚੋਟੀਆਂ ਤੋਂ ਉੱਚਾ ਮਹਿਸੂਸ ਹੋਣ ਲੱਗਦਾ ਹੈ । ਕੀ ਹੋਇਆ ਜੇ ਆਪਣਿਆਂ ਦੀਆਂ ਗੱਦਾਰੀਆਂ ਕਾਰਨ ਸਮੇਂ ਦੀ ਗਰਦਿਸ਼ ਹੇਠ ਗਵਾਚ ਜਿਹੇ ਗਏ ਹਾਂ, ਪਰ ਅੱਜ ਵੀ ਕਈ ਸੀਨਿਆਂ ਵਿੱਚ ਮੁੜ੍ਹ ਉੱਠਣ ਦੀ ਤੜ੍ਹਪ ਮੌਜੂਦ ਹੈ । ਕੀ ਹੋਇਆ ਜੇ ਧਰਤੀ ਦੀ ਹਿੱਕ ਤੇ ਅੱਜ ਸਾਡਾ ਦੇਸ਼ ਦਿਖਾਈ ਨਹੀਂ ਦਿੰਦਾ, ਸਾਡੇ ਸੀਨਿਆਂ ਵਿੱਚ ਤਾਂ ਉਕਰਿਆ ਹੋਇਆ ਮੌਜੂਦ ਹੈ ।
ਜਦੋਂ ਸਿੱਖਾਂ ਤੇ ਅੰਗਰੇਜ਼ਾਂ ਵਿੱਚਕਾਰ ਜੰਗਾਂ ਤੋਂ ਬਾਦ ਸਿੱਖਾਂ ਤੇ ਅੰਗਰੇਜ਼ਾਂ ਦੀਆਂ ਸੰਧੀਆਂ ਹੋਈਆਂ, ਉਦੋਂ ਪੰਜਾਬ ਦੀ ਸਿੱਖ ਹਕੂਮੱਤ ਨੂੰ ਬਹੁਤਾ ‘ਲਹੋਰ ਦਰਬਾਰ’ ਕਹਿ ਕੇ ਸੰਬੋਧਿਤ ਕੀਤਾ ਹੋਇਆ ਮਿਲਦਾ ਹੈ । ਇਹ ਯਕੀਨਨ ਅੰਗਰੇਜ਼ਾਂ ਨੇ ਸਿੱਖਾਂ ਕੋਲੋਂ ਭਵਿੱਖ ਦੇ ਖਤਰਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਹੋਵੇਗਾ । ਇਹ ਸੰਧੀਆਂ ਬਰਾਬਰੀ ਦੇ ਆਧਾਰ ਤੇ ਨਹੀਂ ਸਨ ਹੋਈਆਂ, ਇੱਕ ਜੇਤੂ ਧਿਰ ਵੱਲੋਂ, ‘ਹਾਰੀ’ ਹੋਈ ਧਿਰ ਉਤੇ ਠੋਸੀਆਂ ਗਈਆਂ ਸਨ । ਲਹੋਰ, ਉਸ ਵੇਲੇ ਦੇ ਖਾਲਸਾ ਦਰਬਾਰ ਦੀ ਰਾਜਧਾਨੀ ਸੀ, ਪਰ ਕੇਵਲ ‘ਲਹੋਰ ਦਰਬਾਰ’ ਲਿੱਖ ਕੇ ਅੰਗਰੇਜ਼ਾਂ ਨੇ ਪੰਜਾਬ ਦੀ ਖਾਲਸਈ ਸ਼ਨਾਖੱਤ ਮਿਟਾਣ ਦੀ ਕੋਸ਼ਿਸ਼ ਕੀਤੀ ਲੱਗਦੀ ਹੈ ।
ਦੋਸਤੋ, ਅੱਜ ਅਸੀਂ ਭਾਵੇਂ ਰਾਜ ਭਾਗ, ਤੇ ਆਪਣਾ ਦੇਸ਼ ਗਵਾ ਚੁੱਕੇ ਹੋਏ ਹਾਂ, ਕਮਜ਼ੋਰ ਹਾਂ, ਤੇ ਹੀਣੇ ਵੀ ਬਣਾ ਦਿੱਤੇ ਗਏ ਹਾਂ, ਪਰ ਸਾਨੂੰ ਆਪਣੇ ਇੱਤਹਾਸ ਦੇ ਸ਼ਾਨਾਮੱਤੇ ਦਿਨ ਕਦੇ ਨਹੀਂ ਵਿਸਾਰਨੇ ਚਾਹੀਦੇ । ‘ਸ੍ਰੀ ਖਾਲਸਾ ਜੀ ਸਾਹਿਬ’ ਦੇ ਦੌਰ ਨੂੰ ਯਾਦ ਰੱਖੋ ਗੇ, ਤਾਂ ਮੁੜ੍ਹ ਹਾਸਿਲ ਕਰਨ ਦੀ ਇੱਛਾ ਵੀ ਜ਼ਿੰਦਾ ਰਹੇਗੀ । ਜਦੋਂ ਅਸੀਂ ‘ਕੋਹੇਨੂਰ’ ਹੀਰੇ ਉਤੇ ਸਿੱਖ ਕੌਮ ਦਾ ਹੱਕ ਜਿਤਾਉਂਦੇ ਹਾਂ, ਤਾਂ ਉਸ ਦੀ ਕੀਮਤ ਤੇ ਚਮਕ ਕਰ ਕੇ ਨਹੀਂ, ਇਸ ਕਰ ਕੇ ਜਿਤਾਉਂਦੇ ਹਾਂ ਕਿ ਉਹ ਸਾਡੇ ਸ਼ਾਨਾਮੱਤੇ ਦੌਰ, ਖਾਲਸਾ ਦਰਬਾਰ ਦੇ ਦੌਰ ਦੀ ਇੱਕ ਮਾਣਮੱਤੀ ਨਿਸ਼ਾਨੀ ਹੈ । ਅਸੀਂ ਕੋਹੇਨੂਰ ਨੂੰ ਆਪਣੇ ਸ਼ਾਨਾਮੱਤੇ ਦੌਰ ਦੀ ਵਿਰਾਸਤ ਸਮਝਦੇ ਹਾਂ, ਤੇ ਇਹ ਹੱਕ ਅਸੀਂ ਕਦੇ ਨਹੀਂ ਛੱਡ ਸਕਦੇ ।
ਗੁਰਾਂ ਦੀ ਮੇਹਰ ਸਦਕੇ, ਗਜਿੰਦਰ ਸਿੰਘ ਨੂੰ ਨਾ ਕਦੇ ਸ਼ਾਨਾਮੱਤਾ ਦੌਰ ਭੁੱਲਿਆ ਹੈ, ਤੇ ਨਾ ਉਸ ਨੂੰ ਮੁੜ੍ਹ ਹਾਸਿਲ ਕਰਨ ਦੀ ਇੱਛਾ ਹੀ ਮਰੀ ਹੈ । ਇੱਕ ਪੁਰਾਣੀ ਕਵਿਤਾ ਦੀਆਂ ਇਹਨਾਂ ਸੱਤਰਾਂ ਨਾਲ ਗੱਲ ਖਤਮ ਕਰਦਾ ਹਾਂ ………
ਨਹੀਂ ਸਾਨੂੰ ਨਹੀਂ ਭੁੱਲੀ ਖਾਲਸਈ ਸ਼ਾਨ ਨਹੀਂ ਭੁੱਲੀ
ਨਹੀਂ ਸਾਨੂੰ ਨਹੀਂ ਭੁੱਲੀ, ਖਾਲਸਾਈ ਆਨ ਨਹੀਂ ਭੁੱਲੀ
ਅਸੀਂ ਇੱਤਹਾਸ ਦੁਹਰਾਵਾਂ ਗੇ ਉਹ ਤੱਖਤੋ ਤਾਜ ਲੈਣ ਲਈ
ਅਸੀਂ ਇੱਤਹਾਸ ਦੁਹਰਾਵਾਂ ਗੇ ਮੁੜ੍ਹ ਉਹੀ ਰਾਜ ਲੈਣ ਲਈ
ਜੰਗ ਹਿੰਦ ਪੰਜਾਬ ਦਾ ਮੁੜ੍ਹ ਹੋਸੀ ਸਾਤੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇ
ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ, ਜੱਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ