ਬਾਤਾਂ ਨਲਵੇ ਸਰਦਾਰ ਦੀਆਂ .....

    ਅਲਫ਼ ਆਫਰੀਂ ਕਹਿਣ ਸਾਰੇ, ਹਰੀ ਸਿੰਘ ਦੂਲੋ ਸਰਦਾਰ ਤਾਈਂ! ( ਕਾਦਰਯਾਰ )

-ਬਲਦੀਪ ਸਿੰਘ ਰਾਮੂੰਵਾਲੀਆ

ਅੰਮ੍ਰਿਤਸਰ ਦੇ ਮਸ਼ਹੂਰ ਨਗਰ ਮਜੀਠੇ ਵਿੱਚ ਉਪਲ ਖਤਰੀਆਂ ਦਾ ਪਰਿਵਾਰ ਰਹਿੰਦਾ ਸੀ। ਜਿਸ ਦਾ ਮੁਖੀਆ ਸਰਦਾਰ ਹਰਦਾਸ ਸਿੰਘ ਸੀ। ਏਸੇ ਪਿੰਡ ਵਿਚ ਸ.ਨੌਧ ਸਿੰਘ ਸ਼ੁਕਰਚੱਕੀਆ ਪੁਤਰ ਸ.ਬੁਢਾ ਸਿੰਘ ਵੀ ਵਿਆਹਿਆ ਹੋਇਆ ਸੀ, ਤੇ ਇਸਦੀ ਰਹਾਇਸ਼ ਵੀ ਏਸੇ ਪਿੰਡ ਸੀ। ਹਰਦਾਸ ਸਿੰਘ ਵੀ ਰਾਠ ਸਿੰਘ ਸੀ, ਜੋ ਜ਼ਾਲਮ ਹਕੂਮਤ ਨਾਲ ਜੂਝ ਰਿਹਾ ਸੀ। ਮਜੀਠੇ ਦੇ ਚੌਧਰੀ ਸਰਕਾਰ ਦੇ ਵਫ਼ਾਦਾਰ ਸਨ। ਇਕ ਵਾਰ ਜਦੋਂ ਸਰਦਾਰ ਭਾਈਗੁਲਾਬ ਸਿੰਘ ਸ਼ੇਰ ਗਿੱਲ ਤੇ ਸਰਦਾਰ ਹਰਦਾਸ ਸਿੰਘ ਹੁਣੀ ਆਪਣੇ ਜੱਥੇ ਨਾਲ ਪਿੰਡੋਂ ਬਾਹਰ ਇਕ ਕੱਚੀ ਖ਼ੁਹਾਰ ਵਿਚ ਬੈਠੇ ਸਨ, ਤਾਂ ਲਖਮੀਰ ਅਯਾਲੀ ਦੀ ਸੂਹ ਤੇ ਮੁਗਲੀਆ ਫੌਜਾਂ ਨੇ ਉਸ ਖ਼ੁਹਾਰ ਦੇ ਇਰਦ ਗਿਰਦ ਘੇਰਾ ਪਾ ਕੇ ਛਾਪੇ ਲਾ ਕੇ ਅੱਗ ਲਾ ਦਿਤੀ, ਜਿਸ ਵਿਚ ਭਾਈ ਗੁਲਾਬ ਸਿੰਘ ਤੇ ਕੁਝ ਹੋਰ ਸਿੰਘ ਸੜ ਕੇ ਸ਼ਹੀਦ ਹੋ ਗਏ, ਪਰ ਭਾਈ ਹਰਦਾਸ ਸਿੰਘ ਹੁਣੀ ਕਿਧਰੇ ਗਏ ਹੋਣ ਕਰਕੇ ਉਸ ਵਕਤ ਬਚ ਗਏ।
ਬਾਬੇ ਨੌਧ ਸਿੰਘ ਸ਼ੁਕਰਚੱਕੀਆ ਦਾ ਪੁਤ ਸਰਦਾਰ ਚੜਤ ਸਿੰਘ ਸੋਹਣਾ ਜਵਾਨ ਰਾਠ ਸੂਰਮਾ ਸੀ। ਦੂਜੇ ਜੱਥੇਦਾਰਾਂ ਦੇ ਮੂਜਬ ਇਸ ਨੇ ਵੀ ਆਪਣੀ ਫੌਜੀ ਨਫਰੀ ਵਧਾਉਣੀ ਸ਼ੁਰੂ ਕੀਤੀ ਤੇ ਨਾਲ ਹੀ ਆਪਣੀ ਰਿਹਾਇਸ਼ ਮਜੀਠੇ ਤੋਂ ਅੰਮ੍ਰਿਤਸਰ ਕਰ ਲਈ, ਨਫਰੀ ਦੀ ਕਮਾਨ ਸਰਦਾਰ ਹਰਦਾਸ ਸਿੰਘ ਕੋਲ ਸੀ।ਸਰਦਾਰ ਚੜਤ ਸਿੰਘ ਆਪਣੇ ਜੱਥੇ ਨਾਲ ਬਟਾਲੇ ਦੇ ਇਲਾਕੇ 'ਚ ਘੁੰਮ ਰਿਹਾ ਸੀ ਕਿ ਅਦੀਨਾ ਬੇਗ ਦੇ ਵਜ਼ੀਰ ਹੀਰਾ ਮੱਲ ਨਾਲ ਕਾਦੀਆਂ ਕੋਲ ਟੱਕਰ ਹੋ ਗਈ, ਜਿਸ 'ਚ ਹੀਰਾ ਮੱਲ ਮਾਰਿਆ ਗਿਆ, ਤੇ ਫ਼ਤਹ ਸ਼ਕਰਚੱਕੀਏ ਸਰਦਾਰ ਦੀ ਹੋਈ , ਏਸ ਜੰਗ ਵਿਚ ਸਰਦਾਰ ਹਰਦਾਸ ਸਿੰਘ ਨੇ ਸੋਹਣੇ ਹਥ ਦਿਖਾਏ।
ਸਰਦਾਰ ਚੜਤ ਸਿੰਘ ਨੇ ਆਪਣੇ ਸਾਹੁਰੇ ਸਰਦਾਰ ਗੁਰਬਖਸ਼ ਸਿੰਘ ਵੜੈਚ ਦੇ ਸਹਿਯੋਗ ਨਾਲ ਰਾਵੀਓਂ ਪਾਰ ਗੁਜਰਾਉਲੀ ਦਾ ਇਲਾਕਾ ਤੇ ਆਸ ਪਾਸ ਦੇ ਪਿੰਡ ਫਤਹ ਕਰਕੇ ਇਥੇ ਪੱਕਾ ਡੇਰਾ ਜਮਾ ਲਿਆ। ਏਸ ਸਮੇਂ ਸਰਦਾਰ ਹਰਦਾਸ ਸਿੰਘ ਵੀ ਆਪਣੇ ਪਰਿਵਾਰ ਸਮੇਤ ਮਜੀਠੇ ਤੋਂ ਗੁਜਰਾਵਾਲੇ ਆ ਗਿਆ। 1762 ਵੱਡੇ ਘੱਲੂਘਾਰੇ ਵਿਚ ਸਰਦਾਰ ਹਰਦਾਸ ਸਿੰਘ ਅਬਦਾਲੀ ਵਿਰੁਧ ਲੜਦਾ ਸ਼ਹੀਦ ਹੋਇਆ।ਏਸਦਾ ਪੁਤਰ ਗੁਰਦਿਆਲ ਸਿੰਘ ਵੀ ਆਪਣੇ ਪਿਉ ਵਾਂਗ ਬਹੁਤ ਬਹਾਦਰ ਸੀ, ਏਸਨੂੰ ਚੜਤ ਸਿੰਘ ਨੇ ਆਪਣੀ ਮਿਸਲ ਵਿਚ ਕੁਮੇਦਾਨ ਦਾ ਅਹੁਦਾ ਦਿਤਾ ਹੋਇਆ ਸੀ। ਸ.ਗੁਰਦਿਆਲ ਸਿੰਘ ਨੇ ਚੜਤ ਸਿੰਘ ਤੇ ਉਸਦੇ ਪੁਤਰ ਮਹਾਂ ਸਿੰਘ ਸ਼ੁਕਰਚੱਕੀਏ ਦੀ ਹਰ ਜੰਗੀ ਮੁਹਿਮ ਵਿਚ ਖ਼ੂਬ ਜੌਹਰ ਦਿਖਾਏ। ਰਸੂਲ ਨਗਰ ਤੇ ਮਨਚਰ ਦੀ ਫ਼ਤਹ ਸਮੇਂ ਦਿਖਾਈ ਬਹਾਦਰੀ ਕਰਕੇ ਮਹਾਂ ਸਿੰਘ ਨੇ ਏਸਨੂੰ ਸ਼ਾਹਦਰੇ ਨੇੜੇ ਬੱਲੋ ਕੀ ਦਾ ਇਲਾਕਾ ਜਗੀਰ ਦੇ ਰੂਪ ਵਿਚ ਦਿਤਾ। ਏਸੇ ਸਰਦਾਰ ਗੁਰਦਿਆਲ ਸਿੰਘ ਉਪਲ ਦੇ ਘਰ 1791 ਈਸਵੀ ਵਿਚ ਸਰਦਾਰਨੀ ਧਰਮ ਕੌਰ ਦੀ ਕੁੱਖੋਂ ਇਕ ਨਿਆਣੇ ਦਾ ਜਨਮ ਹੋਇਆ । ਜਿਸਦਾ ਨਾਮ "ਹਰੀ ਸਿੰਘ" ਰੱਖਿਆ ਗਿਆ, ਇਹੋ ਨਿਆਣਾ ਵੱਡਾ ਹੋ ਕੇ ਨਲਵੇ ਸਰਦਾਰ ਦੇ ਰੂਪ ਵਿਚ ਮਸ਼ਹੂਰ ਹੋਇਆ, ਜਿਸਦੇ ਕਿੱਸੇ ਕਹਾਣੀਆਂ ਸੁਣਾਂ ਕੇ ਅਫਗਾਨਨਾਂ ਆਪਣੇ ਨਿਆਣਿਆਂ ਨੂੰ ਸਵਾਉਂਦੀਆਂ ਰਹੀਆਂ ਹਨ!

ਹੋਇਆ ਸ਼ੇਰੇ ਪੰਜਾਬ ਦੇ ਅਹਿਦ ਅੰਦਰ,
ਹਰੀ ਸਿੰਘ ਨਲਵਾ ਬੇ ਮਿਸਾਲ ਯੋਧਾ।
ਚੇਹਰਾ ਸੁਰਖ ਮਹਿਤਾਬ ਨੂੰ ਮਾਤ ਕਰਦਾ,
ਧਨੀ ਤੇਗ ਦਾ ਸੋਹਣਾ ਕਮਾਲ ਯੋਧਾ। (ਅਵਤਾਰ ਸਿੰਘ ਬੇਦੀ)
ਹਰੀ ਸਿੰਘ ਨੂੰ ਗੁਰਸਿੱਖੀ ਵਿਰਾਸਤ ਵਿਚ ਮਿਲੀ ਸੀ, ਮਾਂ ਧਰਮ ਕੌਰ ਕੇਵਲ ਨਾਮ ਕਰਕੇ ਹੀ ਨਹੀਂ, ਸਗੋਂ ਕਾਰ ਵਿਹਾਰ ਪੱਖੋਂ ਵੀ ਪੂਰੀ ਧਰਮੀ ਸੀ, ਜੋ ਆਪਣੇ ਗੋਦੀ ਵਿਚਲੇ ਇਸ ਪੁਤ ਨੂੰ ਬਾਣੀ ਦੇ ਨਾਲ ਨਾਲ ਬਜ਼ੁਰਗਾਂ ਦੇ ਇਤਹਾਸ ਤੋਂ ਵੀ ਜਾਣੂ ਕਰਾ ਰਹੀ ਸੀ। ਪੰਜ ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਗੁਰਮੁਖੀ ਸਿੱਖਣ ਲਈ ਗੁਜਰਾਂਵਾਲੇ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ, ਜਿਥੇ ਪੁਰਾਤਨ ਮਰਿਆਦਾ ਅਨੁਸਾਰ ਪੈਂਤੀ ਸਿੱਖਣ ਉਪਰੰਤ, ਗੁਰਬਾਣੀ ਤੇ ਗੁਰ ਇਤਹਾਸ ਦੇ ਗ੍ਰੰਥਾਂ ਦਾ ਪਠਨ ਪਾਠਨ ਵੀ ਸਿਖਿਆ ।
ਅਜੇ ਹਰੀ ਸਿੰਘ ਨੇ ਜੀਵਨ ਦੇ ਸੱਤ ਸਿਆਲ ਹੀ ਲੰਘਾਏ ਸਨ, ਕਿ ਹੋਣੀ ਨੇ ਆਣ ਸ.ਗੁਰਦਿਆਲ ਸਿੰਘ ਨੂੰ ਜਕੜਿਆ। ਕੁਝ ਦਿਨ ਬਿਮਾਰ ਰਹਿਣ ਪਿਛੋਂ ਸ.ਗੁਰਦਿਆਲ ਸਿੰਘ ਦਾ ਭੌਰ ਉਡਾਰੀ ਮਾਰ ਗਿਆ। ਹਰੀ ਸਿੰਘ ਦੇ ਸਿਰ ਤੋਂ ਪਿਉ ਦਾ ਸਾਇਆ ਉੱਠ ਗਿਆ, ਸਮਾਂ ਕਰੜਾ ਸੀ। ਬੀਬੀ ਧਰਮ ਕੌਰ ਦਾ ਭਰਾ ਆਪਣੀ ਭੈਣ ਤੇ ਭਣੇਵੇਂ ਨੂੰ ਆਪਣੇ ਕੋਲ ਲੈ ਆਇਆ । ਇਥੇ ਹੀ ਹਰੀ ਸਿੰਘ ਨੂੰ ਫ਼ਾਰਸੀ ਸਿੱਖਣ ਲਈ ਮਦਰੱਸੇ ਪਾਇਆ ਗਿਆ।ਬਾਰੀਕ ਬੁਧੀ ਦੇ ਮਾਲਕ ਹੋਣ ਕਰਕੇ ਫ਼ਾਰਸੀ ਜ਼ਬਾਨ ਦਾਨੀ ਤੇ ਖ਼ੁਸ਼ਖ਼ਤ ਲਿਖਤ ਵਿਚ ਕਮਾਲ ਦੇ ਵਿਦਵਾਨ ਸਨ। ਬੈਰਨ ਹੂਗਲ ਨੇ ਲਿਖਿਆ ਹੈ ਕਿ " ਸਰਦਾਰ ਹਰੀ ਸਿੰਘ ਦੀ ਵਿਦਵਤਾ ਅਤੇ ਮਾਲੂਮਾਤ ਨੂੰ ਦੇਖਕੇ ਮੈਂ ਦੰਗ ਰਹਿ ਗਿਆ ਹਾਂ,ਉਹ ਫ਼ਾਰਸੀ ਵਿਚ ਬੜਾ ਨਿਪੁਨ ਹੈ ਅਤੇ ਬੜੀ ਤੇਜ਼ੀ ਨਾਲ ਫ਼ਾਰਸੀ ਲਿਖਦਾ ਤੇ ਬੋਲਦਾ ਹੈ।"ਜਦ ਹਰੀ ਸਿੰਘ ਪਿਸ਼ਾਵਰ ਵਲ ਗਵਰਨਰ ਬਣ ਕੇ ਗਏ ਤਾਂ ਆਪ ਨੇ ਪਸ਼ਤੋਂ ਵਿਚ ਵੀ ਪੂਰੀ ਮੁਹਾਰਤ ਹਾਸਲ ਕੀਤੀ।
10 ਸਾਲ ਦੀ ਉਮਰ ਵਿਚ ਹਰੀ ਸਿੰਘ ਨੂੰ ਖੰਡੇ ਬਾਟੇ ਦੀ ਪਾਹੁਲ ਦਵਾਈ ਗਈ। ਮਾਮਿਆਂ ਕੋਲ ਰਹਿੰਦਿਆਂ ਹੀ ਜੰਗੀ ਕਸਬ ਵਿਚ ਵੀ ਮੁਹਾਰਤ ਹਾਸਲ ਕੀਤੀ । 12-13 ਸਾਲ ਦੀ ਉਮਰ ਤਕ ਪਹੁੰਚਦਿਆਂ ਤਲਵਾਰ ਬਾਜ਼ੀ, ਘੋੜਸਵਾਰੀ ,ਨੇਜ਼ਾਬਾਜ਼ੀ ਵਿਚ ਜਿਥੇ ਮੁਹਾਰਤ ਹਾਸਲ ਕਰ ਲਈ ਸੀ, ਉਥੇ ਤੀਰ ਤੇ ਬੰਦੂਕ ਨਾਲ ਨਿਸ਼ਾਨੇ ਫੁੰਡਨ ਵਿਚ ਵੀ ਹਰੀ ਸਿੰਘ ਦਾ ਕੋਈ ਸਾਨੀ ਨਹੀ ਸੀ।ਘੋਲ ਕਰਨ ਦਾ ਵੀ ਚੰਗਾ ਹੁਨਰ ਸੀ। ਐਸਾ ਮਨਮੋਹਣਾ ਰੂਪ ਤੇ ਸਡੌਲ, ਫੁਰਤੀਲਾ ਸਰੀਰ ਸੀ ਕੇ ਦੇਖਣ ਵਾਲਾ ਦੰਦਾਂ ਥੱਲੇ ਜੀਭ ਦੇ ਲੈਂਦਾ ਸੀ।
ਉਧਰ ਲਾਹੌਰ ਦੇ ਤਖ਼ਤ ਤੇ ਸ਼ੁਕਰਚੱਕੀਆ ਜਵਾਨ, ਮਹਾਰਾਜਾ ਰਣਜੀਤ ਸਿੰਘ ਬੈਠਾ ਹੋਇਆ ਸੀ। ਹਰੀ ਸਿੰਘ ਦੇ ਪਿਉ ਦਾਦੇ ਨੇ ਰਣਜੀਤ ਸਿੰਘ ਦਾਦੇ ਪੜਦਾਦੇ ਤੇ ਪਿਉ ਨਾਲ ਰਲ ਕੇ ਬੜੇ ਮੈਦਾਨ ਫ਼ਤਹ ਕੀਤੇ ਸਨ। ਹਰੀ ਸਿੰਘ ਅੰਦਰ ਵੀ ਉਹ ਹੀ ਖ਼ੂਨ ਖੌਲਦਾ ਪਿਆ ਸੀ ਕਿ ਉਹ ਸਮਾਂ ਕਦੋਂ ਆਉ ਜਦ ਸਰਕਾਰ-ਇ-ਖਾਲਸਾ ਨਾਲ ਜੁੜ ਕਿ ਮੁਹਿੰਮਾਂ ਵਿਚ ਉਹ ਵੀ ਆਪਣੇ ਬਜ਼ੁਰਗਾਂ ਵਾਂਗ ਬਹਾਦਰੀ ਦਿਖਾਵੇਗਾ ।ਯਾਰਾਂ ਸਾਲ ਦੀ ਉਮਰ ਵਿਚ ਹਰੀ ਸਿੰਘ ਲਾਹੌਰ ਆਇਆ, ਇਥੇ ਲਾਹੌਰ ਵਿਚ ਉਨ੍ਹੀ ਦਿਨੀ ਬੰਸਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੀ । ਇਸ ਦਿਨ ਇਕ ਮੈਦਾਨ ਵੀ ਸਜਦਾ ਸੀ, ਜਿਸ ਵਿਚ ਦੂਰੋਂ ਦੂਰੋਂ ਦਰਸ਼ਨੀ ਜਵਾਨ ਆਪਣੇ ਜੌਹਰ ਵਿਖਾਉਣ ਆਉਂਦੇ ਸਨ ਤੇ ਉਨ੍ਹਾਂ ਦੇ ਕਸਬ ਸਰਕਾਰ (ਸ਼ੇਰ-ਇ-ਪੰਜਾਬ) ਆਪ ਵੇਖਦੀ ਸੀ, ਤੇ ਜੋ ਜਵਾਨ ਚੰਗੀ ਕਾਰਕਰਦਗੀ ਪੇਸ਼ ਕਰਦਾ ਉਹ ਖਾਲਸਾਈ ਫੌਜ ਦਾ ਹਿਸਾ ਬਣਦਾ ਸੀ।
ਹਰੀ ਸਿੰਘ ਨੇ ਵੀ ਇਸ ਮੈਦਾਨ ਵਿਚ ਆਪਣੇ ਜੌਹਰ ਦਿਖਾਏ, ਜਿਸ ਤੋਂ ਸਰਕਾਰ ਬਹੁਤ ਖੁਸ਼ ਹੋਈ । ਆਪਣੇ ਕੋਲ ਬੁਲਾ ਕੇ ਜਦੋਂ ਨਗਰ ਖੇੜਾ ਤੇ ਪਰਿਵਾਰ ਪੁਛਿਆ ਤਾਂ ਸ਼ੇਰ-ਇ ਪੰਜਾਬ ਇਹ ਜਾਣ ਕੇ ਬਹੁਤ ਖ਼ੁਸ਼ ਹੋਏ ਕਿ ਇਹ ਜਵਾਨ ਤਾਂ ਸ.ਗੁਰਦਿਆਲ ਸਿੰਘ ਕੁਮੇਦਾਨ ਦਾ ਪੁਤਰ ਹੈ। ਪਿਆਰ ਦਿਤਾ ਤੇ ਨਾਲ ਹੀ ਇਕ ਬੇਸ਼ਕੀਮਤੀ ਕੈਂਠਾ ਆਪਣੇ ਹਥੀਂ ਹਰੀ ਸਿੰਘ ਦੇ ਗਲ ਵਿਚ ਪਾਇਆ ਤੇ ਨਾਲ ਹੀ ਆਪਣੇ ਹਜ਼ੂਰੀ ਖਿਦਮਤਦਾਰ ਦਾ ਅਹੁਦਾ ਵੀ ਬਖਸ਼ਿਆ । ਹੁਣ ਹਰੀ ਸਿੰਘ ਲਾਹੌਰ ਸਰਕਾਰ ਦੀ ਹਜ਼ੂਰੀ ਵਿਚ ਵਿਚਰਣ ਲੱਗਾ , ਦਿਨ ਮਹੀਨਿਆਂ ਤੇ ਮਹੀਨੇ ਸਾਲ ਬਣ ਲੰਘ ਰਹੇ ਸਨ ਕਿ ਇਕ ਦਿਨ ਮੈਕਗ੍ਰੈਗਰ ਆਖਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਨੇਮ ਸੀ ਕਿ ਉਹ ਹਰੇਕ ਸਾਲ ਆਪਣੇ ਸੂਰਮਿਆਂ ਨਾਲ ਦਰਿਆ ਰਾਵੀ ਤੇ ਸਤਲੁਜ ਦੇ ਦਰਮਿਆਨ ਇਲਾਕੇ ਪਹਾੜ ਵੱਲ ਸ਼ਿਕਾਰ ਲਈ ਚੜਾਈ ਕਰਦਾ ਸੀ। ਅੱਗੇ ਜਾ ਕੇ ਸੰਘਣੇ ਜੰਗਲ ਵਿਚੋਂ ਜਦ ਸ਼ੇਰ ਨਿਕਲਦਾ ਤਾਂ ਉਸ ਦੇ ਉਤੇ ਕਿਸੇ ਜਵਾਨ ਨੂੰ ਗੋਲੀ ਜਾਂ ਤੀਰ ਚਲਾਉਣ ਦੀ ਥਾਂਵੇਂ ਢਾਲ ਤਲਵਾਰ ਜਾਂ ਬਰਛੀ ਲੈ ਕੇ ਉਸਦਾ ਮੁਕਾਬਲਾ ਕਰਨ ਦਾ ਹੁਕਮ ਸੀ। ਜਿਹੜਾ ਜਵਾਨ ਹੌੰਸਲਾ ਕਰਕੇ ਸ਼ੇਰ ਨੂੰ ਮਾਰ ਲੈਂਦਾ, ਉਸਨੂੰ ਮਹਾਰਾਜੇ ਵੱਲੋਂ ਉੱਚੇ ਦਰਜੇ ਦਾ ਅਹੁਦਾ ਦਿੱਤਾ ਜਾਂਦਾ ਸੀ ਤੇ ਜੋ ਜਵਾਨ ਸ਼ੇਰ ਦੇ ਹੱਥੋਂ ਜਖ਼ਮੀ ਹੋ ਜਾਂਦਾ, ਤਾਂ ਉਸਨੂੰ ਡਾਕਟਰੀ ਇਲਾਜ ਹੇਠ ਰਖ ਕੇ ਕਿੰਨੇ ਹੀ ਦਿਨ ਰਾਤ ਸੌਣ ਨ ਦਿਤਾ ਜਾਂਦਾ, ਇਸਦਾ ਕਾਰਨ ਸੀ ਕਿ ਕਿਤੇ ਨੀਂਦ ਵਿਚ ਸ਼ੇਰ ਦਾ ਸੁਪਨਾ ਆਉਣ ਕਾਰਨ ਅੱਭੜਵਾਇਆ ਉੱਠ ਕੇ ਡਰਦਾ ਮਾਰਿਆ ਮਰ ਨ ਜਾਵੇ। ਸ਼ੇਰ-ਇ- ਪੰਜਾਬ ਦੇ ਕਿੰਨੇ ਹੀ ਸਰਦਾਰ ਇਸੇ ਕਿਸਮ ਦੇ ਸੂਰਮੇ ਸਨ, ਜਿਨ੍ਹਾਂ ਨੇ ਹੱਥੋ ਹੱਥ ਦੀ ਲੜਾਈ ਵਿਚ ਸ਼ੇਰ ਮਾਰ ਕੇ ਉੱਚੇ ਰੁਤਬੇ ਹਾਸਲ ਕੀਤੇ ਸਨ।

ਪੰਦ੍ਰਵੇ_ਬਰਸ_ਖ਼ੂਬ_ਪਹਿਣਕੇ_ਹਥਿਆਰ_ਯਾਰੋ,
ਪੈਦਲ_ਘੋਲ_ਕਰ_ਸ਼ੇਰ_ਬਾਘ_ਸੁਟ_ਮਾਰਦਾ।
ਸੁੰਦਰ_ਸਰੂਪ_ਤੇਜ_ਕੋਈ_ਨ_ਸੰਭਾਲ_ਸਕੇ,
ਮੁਖੜਾ_ਦੀਦਾਰੀ_ਜਿਵੇਂ_ਲਾਲ_ਦਮਕਾਰਦਾ। (ਸੀਤਾ ਰਾਮ)

1804 ਦੀ ਗੱਲ ਹੈ, ਹਰੀ ਸਿੰਘ ਜੀਵਨ ਦੀ ਪੰਦਰਵਾਂ ਸਾਲ ਹੰਢਾ ਰਿਹਾ ਸੀ। ਮਹਾਰਾਜਾ ਸਾਹਿਬ ਆਪਣੇ ਜਵਾਨਾਂ ਸਮੇਤ ਬੇਲੇ ਵਿਚ ਸ਼ਿਕਾਰ ਖੇਡਣ ਲਈ ਗਏ। 'ਚਾਣਚੱਕ ਹੀ ਇਕ ਚੀਤੇ ਨੇ ਹਰੀ ਸਿੰਘ ਤੇ ਹਮਲਾ ਕਰ ਦਿਤਾ, ਇਹ ਹਮਲਾ ਏਨੀ ਤੇਜ਼ੀ ਨਾਲ ਹੋਇਆ ਕਿ ਹਰੀ ਸਿੰਘ ਨੂੰ ਕਿਰਪਾਨ ਕੱਢਣ ਦਾ ਵੇਲਾ ਵੀ ਨ ਮਿਲਿਆ, ਪ੍ਰਿਸੰਪ ਦੀ ਮੰਨੀਏ ਤਾਂ ਇਸ ਹਮਲੇ 'ਚ ਹਰੀ ਸਿੰਘ ਦਾ ਘੋੜਾ ਜਾਇਆ ਹੋਇਆ । ਪਰ ਸਰਦਾਰ ਨੇ ਆਪਣੇ ਦਿਲ ਨੂੰ ਤਕੜਾ ਕਰਦਿਆ ਦੋਹਾਂ ਹਥਾਂ ਨਾਲ ਚੀਤੇ ਦਾ ਜਬਾੜਾ ਫੜ ਲਿਆ ਤੇ ਉਸਨੂੰ ਐਸੀ ਭੁਵਾਟੀ ਮਾਰੀ ਕਿ ਉਹ ਜ਼ਮੀਨ ਤੇ ਡਿੱਗ ਪਿਆ, ਹਰੀ ਸਿੰਘ ਨੇ ਝੱਟ ਤਲਵਾਰ ਨਾਲ ਚੀਤੇ ਦਾ ਸਿਰ ਗਰਦਨ ਨਾਲੋਂ ਚੀਰ ਦਿੱਤਾ। (ਮਿਸਟਰ ਵਿਜਨ ਨੇ ਲਿਖਿਆ ਹੈ ਕਿ ਸਰਦਾਰ ਹਰੀ ਸਿੰਘ ਨੇ ਉਸਨੂੰ ਉਹ ਤਲਵਾਰ ਦਿਖਾਈ ਸੀ ਜਿਸ ਦੇ ਇਕੋ ਵਾਰ ਨਾਲ ਉਸਨੇ ਸ਼ੇਰ ਦਾ ਸਿਰ ਵਢਿਆ ਸੀ) , ਕਹਿੰਦੇ ਸ਼ੇਰ-ਇ -ਪੰਜਾਬ ਨੇ ਉਸ ਵਕਤ ਬਹਾਦਰੀ ਵੇਖ ਕਿ ਕਿਹਾ ' ਵਾਹ ਮੇਰੇ ਰਾਜਾ ਨੱਲ, ਵਾਹ! ...ਜੋ ਸਮੇਂ ਨਾਲ ਨਲਵਾਹ ਤੋਂ ਹੁੰਦਾ ਹੋਇਆ ਨਲਵਾ ਬਣ ਗਿਆ। ( ਪੁਰਾਣੇ ਲੋਕ ਗੀਤਾਂ ਦੀ ਕਿਸਮ 'ਢੋਲਾ' ਦੇ ਮੁਤਾਬਕ 'ਨੱਲ ' ਨੇ ਬਚਪਨ ਵਿਚ ਸ਼ੇਰ ਮਾਰ ਕੇ ਆਪਣੇ ਪਿਉ ਨੂੰ ਸ਼ਾਂਤੀਬਨ ਦੇ ਜੰਗਲਾਂ ਵਿਚ ਸ਼ਿਕਾਰ ਖੇਡਦੇ ਬਚਾਇਆ ਸੀ, Wadley)
ਇਸ ਵਕਤ ਕਹਿੰਦੇ ਸਿਖ ਦਰਬਾਰ ਦਾ ਚਿਤ੍ਰਕਾਰ ਪੰਡਤ ਬਿਹਾਰੀ ਵੀ ਉਥੇ ਮੌਜੂਦ ਸੀ, ਜਿਸਨੂੰ ਸਰਕਾਰ ਨੇ ਹੁਕਮ ਕੀਤਾ ਕਿ ਸਰਦਾਰ ਹਰੀ ਸਿੰਘ ਦਾ ਚੀਤੇ ਨਾਲ ਲੜਾਈ ਦਾ ਚਿਤ੍ਰ ਬਣਾਇਆ ਜਾਵੇ। ਇਸ ਦੇ ਦੋ ਉਤਾਰੇ ਸਰਕਾਰ (ਮਹਾਰਾਜਾ ਰਣਜੀਤ ਸਿੰਘ) ਨੇ ਹਰੀ ਸਿੰਘ ਨਲਵਾ ਨੂੰ ਦਿੱਤੇ, ਜਿਸ ਵਿਚੋਂ ਇਕ ਉਤਾਰਾ 8 ਜਨਵਰੀ 1836 ਨੂੰ ਜਗਤ ਪ੍ਰਸਿਧ ਮੁਸਾਫਰ ਬੈਰਨ ਹੂਗਲ ਨੂੰ ਦਿਤਾ ਗਿਆ । ਉਹ ਲਿਖਦਾ ਹੈ ਕਿ, ਮੈਂ ਜਦੋਂ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਜਿੜੇ ਨਲਵਾ ਲਫਜ਼ ਅਤੇ ਸਰਦਾਰ ਦੇ ਚੀਤੇ ਦਾ ਸਿਰ ਤਲਵਾਰ ਦੇ ਇਕੋ ਝਟਕੇ ਨਾਲ ਵਖ ਕਰ ਦੇਣ ਦਾ ਹਾਲ ਦਸਿਆ ਤਾਂ ਸਰਦਾਰ ਮੇਰੀ ਮਾਲੂਮਾਤ ਸੁਣ ਕੇ ਹੈਰਾਨ ਹੋ ਗਿਆ । ਇਸ ਸਮੇਂ ਉਸਨੇ ਆਪਣੇ ਦੀਵਾਨ ਕੋਲੋਂ ਕੁਝ ਚਿਤ੍ਰ ਮੰਗਵਾਏ ਤੇ ਮੈਨੂੰ ਸਰਦਾਰ ਜੀ ਨੇ ਆਪਣਾ ਸ਼ੇਰ ਨਾਲ ਲੜਾਈ ਵਾਲਾ ਇਕ ਚਿਤ੍ਰ ਵੀ ਦਿਤਾ। ਸ਼ੇਰ ਨੂੰ ਮਾਰਨ ਵਾਲੀ ਘਟਨਾਂ ਤੋੰ ਕਈ ਸਾਲ ਬਾਅਦ , ਮਿਸਟਰ Barr ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਰਦਾਰ ਨੇ ਆਪਣੇ ਘਰ ਵਿਚ ਪਾਲਤੂ ਸ਼ੇਰ ਰੱਖੇ ਹੋਏ ਸਨ। ਇਸ ਘਟਨਾਂ ਨੇ ਸਰਕਾਰ ਦੀ ਨਜ਼ਰ ਵਿਚ ਹਰੀ ਸਿੰਘ ਦਾ ਅਕਸ ਹੋਰ ਉੱਚਾ ਕਰ ਦਿਤਾ ਤੇ ਮਹਾਰਾਜਾ ਸਾਹਿਬ ਨੇ ਨਲਵੇ ਸਰਦਾਰ ਨੂੰ ਸ਼ੇਰ ਦਿਲ ਰੈਜਮੈਂਟ ਦਾ ਸਰਦਾਰ ਬਣਾ ਦਿਤਾ ਗਿਆ!

ਬਾਲਪਣ ਦੀ ਸੋਭਾ ਗੁਣ ਸੁਣ ਸੂਰਮੇ ਦੇ,
ਛੋੜ ਦਿਤਾ ਸ਼ਤਰੂਆਂ ਨੇ ਅੰਨ ਪਾਣੀ ਘਾਰ ਦਾ।
ਸੀਤਾਰਾਮਾ ਨਾਮ ਧਾਮ ਸੋਲ੍ਹਵੇਂ ਬਰਸ,
ਹੋ ਗਿਆ ਮਸ਼ਹੂਰ ਹਰੀ ਸਿੰਘ ਸਰਦਾਰ ਦਾ। (ਸੀਤਾ ਰਾਮ)

1804 ਈਸਵੀ ਵਿਚ ਹਰੀ ਸਿੰਘ ਨਲਵਾ ਮਹਾਰਾਜਾ ਦੇ ਨਿੱਜੀ ਸੇਵਕ ਤੋਂ ਤੱਰਕੀ ਕਰਕੇ ਸਰਦਾਰੀ ਦੇ ਅਹੁਦੇ ਨੂੰ ਹਾਸਿਲ ਕਰਦੇ ਹਨ। ਨਲਵੇ ਸਰਦਾਰ ਨੂੰ ਸ਼ੇਰ ਦਿਲ ਰਜਮੈਂਟ ਦਾ ਸਰਦਾਰ ਬਣਾਇਆ ਜਾਂਦਾ ਹੈ। ਜਿਸ ਵਿਚ 800 ਦੇ ਕਰੀਬ ਘੋੜ ਸਵਾਰ ਤੇ ਪੈਦਲ ਸਿਪਾਹੀ ਸਨ। ਸ਼ੇਰ-ਇ-ਪੰਜਾਬ ਆਪ ਦੀ ਬਹਾਦਰੀ ਦਾ ਕਾਇਲ ਸੀ।
1806 ਵਿਚ ਮਹਾਰਾਜੇ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਸਤਲੁਜ ਪਾਰ ਦੇ ਇਲਾਕਿਆਂ ਵੱਲ ਰੁਖ ਕੀਤਾ । ਦੀਵਾਨ ਮੁਹਕਮ ਚੰਦ ਤੇ ਸਰਦਾਰ ਹਰੀ ਸਿੰਘ ਨਲਵੇ ਆਦਿ ਸਰਦਾਰਾਂ ਦੀ ਕਮਾਂਡ ਥੱਲੇ ਖਾਲਸਾ ਫੌਜਾਂ ਨੇ ਫਿਰੋਜ਼ਪੁਰ ਤੋਂ ਲੈ ਕੇ ਲੱਖੀ ਜੰਗਲ ਤਕ ਦਾ ਇਲਾਕਾ ਫ਼ਤਹ ਕੀਤਾ । ਇਸ ਸਮੇਂ ਮੁਕਤਸਰ ਸਾਹਿਬ ਚਾਲੀ ਮੁਕਤਿਆਂ ਦੇ ਸਥਾਨ ਤੇ ਸਰੋਵਰ ਪੱਕਾ ਬਣਾਇਆ ਗਿਆ, ਇਸ ਦੀ ਇਕ ਬਾਹੀ ਦਾ ਖਰਚ ਸਰਦਾਰ ਹਰੀ ਸਿੰਘ ਹੁਣਾ ਨੇ ਕੀਤਾ ਸੀ। ਸਾਰੇ ਇਲਾਕੇ 'ਚ ਜਿਤ ਦੇ ਨਿਸ਼ਾਨ ਗੱਡ ਕੇ ਆਪਣਾ ਪ੍ਰਬੰਧ ਸਥਾਪਿਤ ਕਰਕੇ ਖਾਲਸਾਈ ਫੌਜਾ ਵਾਪਸ ਆਈਆਂ ।
ਸਰਕਾਰ ਨੂੰ ਪਤਾ ਲੱਗਾ ਕਿ ਕਸੂਰ ਦਾ ਨਵਾਬ ਕੁਤਬਦੀਨ ਤੇ ਮੁਲਤਾਨ ਦਾ ਨਵਾਬ ਮੁਜ਼ਫਰ ਖਾਂ, ਰਲ ਕੇ ਖਾਲਸਾਈ ਰਾਜ ਨੂੰ ਨੇਸਤੋ ਨਾਬੂਦ ਕਰਨਾ ਲੋਚਦੇ ਨੇ। ਸ਼ੇਰੇ ਪੰਜਾਬ ਇਸ ਇਲਾਕੇ ਤੇ ਕਾਫੀ ਸਮੇਂ ਤੋਂ ਕਬਜ਼ਾ ਕਰਨਾ ਚਾਹੁੰਦੇ ਸਨ। ਮਹਾਰਾਜਾ ਸਾਹਬ ਨੇ ਆਪ, ਨਿਹਾਲ ਸਿੰਘ ਅਟਾਰੀਵਾਲਾ, ਧੰਨਾ ਸਿੰਘ ਮਲਵਈ,ਜੋਧ ਸਿੰਘ ਰਾਮਗੜੀਆ, ਬਾਬਾ ਫੂਲਾ ਸਿੰਘ ਅਕਾਲੀ, ਹਰੀ ਸਿੰਘ ਨਲਵਾ ਆਦਿ ਸਰਦਾਰਾਂ ਸਮੇਤ ਜਾ ਕਸੂਰ ਘੇਰਿਆ ।ਉਧਰ ਕਸੂਰੀਆ ਨਵਾਬ ਵੀ 25 ਹਜ਼ਾਰ ਮੁਲਖੀਏ ਨਾਲ ਡਟਿਆ ਹੋਇਆ ਸੀ। ਕਸੂਰ ਦਾ ਬਾਹਰਲਾ ਮੈਦਾਨ ਖਾਲਸੇ ਹਥ ਰਿਹਾ, ਸਰਦਾਰ ਹਰੀ ਸਿੰਘ ਨੇ ਆਪਣੇ ਦਸਤੇ ਨਾਲ ਤਕਰੀਬਨ ੨੦੦ ਗਾਜ਼ੀ ਕੈਦ ਕਰ ਲਿਆ ਸੀ। ਇਸ ਸਮੇਂ 5 ਤੋਪਾਂ ਤੇ ਹੋਰ ਸਾਜ਼ੋ ਬਾਜ਼ੋ ਸਿੰਘਾਂ ਹਥ ਲੱਗਾ!
ਨਵਾਬ ਮਜ਼ਬੂਤ ਕਿਲ੍ਹੇ ਦੀ ਆੜ ਵਿਚ ਬੈਠਾ ਸੀ ਕਿ 27 ਫਰਵਰੀ 1807 ਦੀ ਰਾਤ ਨੂੰ ਹਰੀ ਸਿੰਘ ਨਲਵੇ ਨੇ ਆਪਣੇ ਜਵਾਨਾਂ ਨੂੰ ਨਾਲ ਲੈ ਕੇ ਤਿੰਨ ਚਾਰ ਥਾਂਵਾਂ ਤੇ ਸੁਰੰਗਾਂ ਪੁਟ ਬਰੂਦ ਦੇ ਕੁਪੇ ਦਬ ਦਿਤੇ, ਅਜੇ ਘੁਸਮੁਸਾ ਹੀ ਸੀ ਕਿ ਪਲੀਤਿਆਂ ਨੂੰ ਅੱਗ ਲਾ ਦਿਤੀ । ਸੁਰੰਗਾਂ ਦੇ ਫਟਣ ਨਾਲ ਲਹਿੰਦੀ ਬਾਹੀ ਕਿਲੇ ਦੀ ਢਹਿ ਗਈ। ਖ਼ਾਲਸਾ ਫੌਜ ਕਿਲੇ ਵਿਚ ਦਾਖਲ ਹੋ ਗਈ। ਕਸੂਰੀਆ ਨਵਾਬ ਵੀ ਬਹਾਦਰੀ ਨਾਲ ਲੜਿਆ। ਮੈਦਾਨ ਖਾਲਸੇ ਹਥ ਰਿਹਾ। ਸਿੰਘਾਂ ਨੇ ਨਵਾਬ ਦੀਆਂ ਮੁਸ਼ਕਾਂ ਬੰਨ ਲਈਆਂ, ਪਰ ਮਹਾਰਾਜਾ ਸਾਹਬ ਨੇ ਖੁਲਵਾ ਦਿਤੀਆਂ ਤੇ ਨਾਲ ਹੀ ਉਸਦੀ ਜਾਨ ਬਖਸ਼ੀ ਕਰਕੇ ਉਸਦੇ ਜੀਵਨ ਦੇ ਸੌਖੇ ਨਿਰਭਾਹ ਲਈ ਸਤਲੁਜੋੰ ਪਾਰ ਮਮਦੋਟ ਦੇ ਪਰਗਨੇ ਵਿਚ 22 ਪਿੰਡ ਦੀ ਜਾਗੀਰ ਦਿਤੀ।
ਇਸ ਜੰਗ ਵਿਚ ਸਰਦਾਰ ਹਰੀ ਸਿੰਘ ਨਲਵਾ ਦੀ ਨਿਰਭੈਤਾ, ਬਹਾਦਰੀ ਤੋਂ ਪ੍ਰਭਾਵਿਤ ਹੁੰਦਿਆਂ ਸਰਕਾਰ ਨੇ ਜਿਥੇ ਬਹਾਦਰੀ ਦੀ ਦਾਦ ਦਿੱਤੀ ਉਥੇ ਹੀ ਨਾਲ 3000 ਹਜ਼ਾਰ ਰੁਪਏ ਦੀ ਜਾਗੀਰ ਬਖਸ਼ੀ ਤੇ ਨਾਲ ਹੀ 'ਸਰਦਾਰਾਨ-ਇ-ਨਾਮਦਾਰ ਖਿਤਾਬ ਬਖਸ਼ਿਆ।

ਰਣਜੀਤ ਸਿੰਘ ਸਰਕਾਰ ਦੇ ਅਫਸਰਾਂ ਨੂੰ,
ਡਿੱਠਾ ਨਜ਼ਰ ਮੈਂ ਪਾ ਕੇ ਸਾਰਿਆਂ ਨੂੰ।
ਕਾਦਰਯਾਰ ਬਹਾਦੁਰਾਂ ਵਿਚ ਚਮਕੇ,
ਹਰੀ ਸਿੰਘ ਜਿਉਂ ਚੰਨ ਸਿਤਾਰਿਆਂ ਵਿਚ ( ਕਾਦਰ ਯਾਰ )

ਕਸੂਰ ਦੀ ਫ਼ਤਹ ਤੋਂ ਬਾਅਦ 1808 ਵਿਚ ਮਹਾਰਾਜਾ ਰਣਜੀਤ ਸਿੰਘ ਸਤਲੁਜ ਟੱਪ ਕੇ ਆਪਣੇ ਜਿਤ ਦੇ ਝੰਡੇ ਗੱਡ ਰਿਹਾ ਸੀ। ਜਦ ਮਲੇਰ ਕੋਟਲੇ ਦੇ ਪਠਾਣਾਂ ਨੇ ਹੀਲ ਹੁਜਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨ੍ਹਾਂ ਨੂੰ ਗੁੱਠੇ ਲਾਉਣ ਵਾਲਾ ਵੀ ਸਰਦਾਰ ਹਰੀ ਸਿੰਘ ਨਲਵਾ ਹੀ ਸੀ। ਮੈਟਕਾਫ ਨਾਲ ਹੋਈਆਂ ਮੁਲਾਕਾਤਾਂ ਵਕਤ ਹਰੀ ਸਿੰਘ ਨਲਵਾ ਮਹਾਰਾਜਾ ਸਾਹਿਬ ਦੇ ਨਾਲ ਸੀ। ਇਸ ਸਮੇਂ ਹਰੀ ਸਿੰਘ ਨਲਵਾ ਅੰਗਰੇਜ਼ਾਂ ਦੀਆਂ ਚਾਲਾਂ ਦੀ ਸੂਹ ਲਾਉਣ ਲਈ ਹਰਿਦੁਆਰ ਤਕ ਜਾਂਦਾ ਹੈ, ਇਹ ਜਗ੍ਹਾ ਜਿਥੇ ਘੋੜਿਆਂ ਦੀ ਮੰਡੀ ਸੀ, ਉਥੇ ਹੀ ਗੁਰੂ ਨਾਨਕ ਸਾਹਿਬ ਦੀ ਚਰਨ ਛੂਹ ਪ੍ਰਾਪਤ ਵੀ ਸੀ। ਇਹ ਉਹ ਵਕਤ ਹੈ ਜਦੋਂ ਖਾਲਸਾ ਰਾਜ ਤੇ ਅੰਗਰੇਜ਼ਾਂ ਵਿਚਕਾਰ ਸਤਲੁਜ ਦਰਿਆ ਨੂੰ ਹੱਦ ਮੰਨ ਲਿਆ ਜਾਂਦਾ ਹੈ।
ਕਸੂਰੀਏ ਨਵਾਬ ਦੀ ਕਰਤੂਤ ਪਿਛੇ ਬਹੁਤਾ ਹੱਥ ਮੁਲਤਾਨ ਦੇ ਨਵਾਬ ਮੁਜ਼ਾਫਰ ਖਾਂ ਦਾ ਸੀ। ਇਹ ਲਾਹੌਰ ਦਰਬਾਰ ਦੀ ਪਹਿਲਾਂ ਈਨ ਮੰਨ ਚੁਕਾ ਸੀ । ਕਸੂਰ ਵਾਲੇ ਕੁਤਬਦੀਨ ਨੂੰ ਇਸ ਨੇ ਧੰਨ ਦੌਲਤ, ਗੋਲੀ ਸਿੱਕੇ ਆਦਿ ਨਾਲ ਇਮਦਾਦ ਦਿਤੀ ਸੀ। ਸ਼ੇਰ -- ਇ - ਪੰਜਾਬ ਨੂੰ ਇਸ ਗੱਲ ਦਾ ਪਤਾ ਲਗ ਗਿਆ ਸੀ ਤੇ ਉਹਨ੍ਹਾਂ ਨੇ ਇਸ ਗੱਲ ਦੀ ਪੂਰੀ ਕੰਨਸੋਅ ਕਢਵਾ ਲਈ ਸੀ। ਖਾਲਸਾ ਫੌਜਾਂ ਨੂੰ ਮੁਲਤਾਨ ਵਲ ਕੂਚ ਕਰਨ ਦਾ ਹੁਕਮ ਹੋਇਆ।ਅਗਵਾਹੀ ਸਰਕਾਰ ਆਪ ਖ਼ੁਦ ਕਰ ਰਹੀ ਸੀ। ਇਹ ਘਟਨਾ ਫਰਵਰੀ1810 ਦੀ ਹੈ।ਉਧਰ ਨਵਾਬ ਵੀ ਆਪਣੇ ਅੱਠ ਮੁੰਡਿਆਂ ਨਾਲ ਚੰਗੀ ਤਿਆਰੀ ਕਰਕੇ ਬੈਠਾ ਸੀ।ਮੈਦਾਨ 'ਚ ਨਵਾਬ ਦੇ ਪੈਰ ਉਖੜ ਗਏ, ਉਹ ਆਪਣੇ ਜਵਾਨਾਂ ਨਾਲ ਮੁਲਤਾਨ ਦੇ ਕਿਲੇ ਵਿਚ ਮੋਰਚੇ ਮਲ ਕੇ ਬੈਠ ਗਿਆ। ਖਾਲਸਾ ਫੌਜਾਂ ਨੇ ਮੁਲਤਾਨ ਸ਼ਹਰ ਤੇ ਕਬਜ਼ਾ ਕਰ ਲਿਆ ਤੇ ਕਿਲੇ ਦੁਆਲੇ ਘੇਰਾ ਘਤ ਕੇ ਬੈਠ ਗਏ।
ਮੁਲਤਾਨ ਦਾ ਕਿਲ੍ਹਾ ਡਾਢਾ ਮਜ਼ਬੂਤ ਸੀ। ਜਦ ਤੋਪਾਂ ਦੇ ਗੋਲਿਆਂ ਨਾਲ ਕੁਝ ਨ ਬਣਿਆ ਤਾਂ ਫੈਸਲਾ ਕੀਤਾ ਗਿਆ ਕਿ ਕਿਲ੍ਹੇ ਦੀ ਫਸੀਲ 'ਚ ਸੁਰੰਗਾਂ ਪੁਟ ਬਰੂਦ ਭਰਿਆ ਜਾਵੇ, ਫਿਰ ਹੀ ਫਤਹ ਹਾਸਲ ਹੋ ਸਕਦੀ ਹੈ, ਪਰ ਇਹ ਕੰਮ ਹੈ ਸੀ ਸਿੱਧਾ ਮੌਤ ਨੂੰ ਕਲਾਵੇ 'ਚ ਲੈਣ ਵਾਲਾ। ਮਹਾਰਾਜਾ ਸਾਹਿਬ ਦੇ ਸਨਮੁਖ ਸਭ ਤੋਂ ਪਹਿਲਾਂ ਹਰੀ ਸਿੰਘ ਨਲਵਾ, ਨਿਹਾਲ ਸਿੰਘ ਅਟਾਰੀਵਾਲਾ, ਅਤਰ ਸਿੰਘ ਧਾਰੀ ਆਦਿ ਸਰਦਾਰ ਆਣ ਖਲੋਤੇ। 75 ਮਰਜੀਵੜਿਆਂ ਦਾ ਜਥਾ ਤਿਆਰ ਹੋ ਗਿਆ, ਮਹਾਰਾਜਾ ਸਾਹਬ ਵੀ ਇਨ੍ਹਾਂ ਨਾਲ ਜਾਣਾ ਚਾਹੁੰਦੇ ਸਨ, ਪਰ ਸਰਦਾਰਾਂ ਨੇ ਉਨ੍ਹਾਂ ਨੂੰ ਜਾਣ ਨ ਦਿਤਾ ਤੇ ਕਿਹਾ ਤੁਹਾਡੀ ਜਾਨ ਸਾਡੇ ਨਾਲੋਂ ਵੀ ਕੀਮਤੀ ਹੈ।
ਇਹ ਜਥੇ ਦੇ ਬਚਾਅ ਲਈ ਭਾਂਵੇ ਮਹਾਰਾਜਾ ਸਾਹਬ ਨੇ ਤਿੰਨ ਤੋਪਾਂ ਉੱਚੇ ਥਾਂ ਤੇ ਬੀੜੀਆਂ ਸਨ,ਜਿਥੋਂ ਇਨ੍ਹਾਂ ਨੂੰ ਕਵਰ ਦਿਤਾ ਜਾ ਰਿਹਾ ਸੀ, ਪਰ ਫਿਰ ਫਸੀਲ ਤਕ ਅਪੜਦਿਆਂ ਕਈ ਸਿੰਘ ਸ਼ਹੀਦ ਹੋਏ ਤੇ ਕਈ ਜਖਮੀ ਹੋ ਗਏ। ਸਰਦਾਰ ਹਰੀ ਸਿੰਘ ਹੁਣਾ ਨੇ ਕਿਲੇ ਦੀ ਪੱਛਮੀ ਗੁੱਠ ਵਲ ਸੁਰੰਗਾਂ ਪੁਟ ਬਰੂਦ ਭਰ ਕੇ ਜਦ ਪਲੀਤੇ ਲਾਏ ਤਾਂ ਕਿਲ੍ਹੇ ਦੀ ਕੰਧ ਢਹਿਣ ਨਾਲ ਉਸ ਦੀਆਂ ਇਟਾਂ ਉਡ ਉਡ ਕਾਫੀ ਦੂਰੀ ਤਕ ਗਈਆਂ, ਜਿਸ ਨਾਲ ਸਰਦਾਰ ਨਿਹਾਲ ਸਿੰਘ ਜਖਮੀ ਹੋਇਆ, ਪਰ ਅਤਰ ਸਿੰਘ ਧਾਰੀ ਤਾਂ ਸਖ਼ਤ ਜਖਮੀ ਹੋਣ ਕਰਕੇ ਇਥੇ ਹੀ ਚੜਾਈ ਕਰ ਗਿਆ। ਸਰਦਾਰ ਹਰੀ ਸਿੰਘ ਨਲਵਾ ਜਿਥੇ ਸਖਤ ਜਖਮੀ ਸੀ ਉਥੇ ਹੀ ਉਸ ਉਪਰ ਕਿਲੇ ਵਿਚੋਂ ਰਾਲ ਨਾਲ ਬਲ ਰਹੀਆਂ ਹਾਂਡੀਆਂ ਜੋ ਸੁਟੀਆਂ ਜਾ ਰਹੀਆਂ ਸਨ ਵਿਚੋਂ ਇਕ ਹਾਂਡੀ ਆ ਡਿੱਗੀ। ਉਸਦਾ ਸਾਰਾ ਸਰੀਰ ਝੁਲਸ ਗਿਆ।ਖਾਲਸਾ ਫੌਜਾਂ ਨੇ ਮੁਲਤਾਨ ਫ਼ਤਹ ਕਰ ਲਿਆ।
ਹਰੀ ਸਿੰਘ ਨਲਵੇ ਬਾਰੇ ਇਕ ਵਾਰ ਤਾਂ ਹਕੀਮਾਂ ਨੇ ਨਾਉਮੈਦੀ ਜ਼ਾਹਰ ਕਰ ਦਿੱਤੀ ਸੀ ਕਿ , ਜਿਸਨੂੰ ਸੁਣਕੇ ਮਹਾਰਾਜਾ ਸਾਹਬ ਵੀ ਕਾਫੀ ਦੁਖੀ ਹੋ ਗਏ ਸਨ,ਦਵਾ ਨਾਲ ਦੁਆ ਵੀ ਚਲ ਰਹੀ ਸੀ, ਅਕਾਲਪੁਰਖ ਦੀ ਮਿਹਰ ਹੋਈ ਸਰਦਾਰ ਨੂੰ ਮੋੜਾ ਪੈਣਾ ਸ਼ੁਰੂ ਹੋਇਆ । ਮੁਲਤਾਨ ਦੀ ਫਤਹ ਵਕਤ ਦਿਖਾਈ ਬਹਾਦਰੀ ਨੇ ਸਰਦਾਰ ਹਰੀ ਸਿੰਘ ਦਾ ਸਤਕਾਰ ਜਿਥੇ ਖਾਲਸਾ ਫੌਜਾਂ ਵਿਚ ਉੱਚਾ ਚੁਕਿਆ, ਉਥੇ ਮਹਾਰਾਜਾ ਸਾਹਬ ਦੇ ਵੀ ਚਹੇਤੇ ਜਰਨੈਲਾਂ ਦੀ ਕਤਾਰ ਵਿਚ ਲਿਆ ਖੜਾ ਕੀਤਾ । ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ 20,000 ਰੁਪਏ ਸਲਾਨਾ ਦੀ ਜਾਗੀਰ ਦੇ ਦਿਤੀ ਤੇ ਨਾਲ ਹੀ ਫੌਜ ਵਿਚ ਰੁਤਬਾ ਵੀ ਵਧਾ ਦਿਤਾ। ਇਧਰ ਸਰਦਾਰ ਅਜੇ ਮੰਜੇ ਤੋਂ ਉਠਿਆ ਹੀ ਸੀ ਕਿ ਉਧਰ ਅਫਗ਼ਾਨਿਸਤਾਨ 'ਚ ਹੋ ਰਹੀ ਉਥਲ ਪੁਥਲ ਨੇ ਖਾਲਸੇ ਨੂੰ ਅਟਕ ਵਲ ਕੂਚ ਕਰਨ ਦਾ ਮੌਕਾ ਦੇ ਦਿਤਾ ਸ਼ਾਹਪੁਰ ਦੇ ਟਿਵਾਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹਦ ਬੰਦੀ ਵਿਚ ਆ ਕੇ ਡਾਕੇ ਮਾਰਦੇ ਸਨ,ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ।ਮਹਾਰਾਜਾ ਸਾਹਿਬ ਨੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣ ਦਾ ਯਤਨ ਕੀਤਾ, ਪਰ ਉਹ ਨ ਹਟੇ।ਅਖੀਰ ਹਰੀ ਸਿੰਘ ਨਲਵਾ ਤੇ ਦਲ ਸਿੰਘ ਰੰਧਾਵਾ ਦੀ ਕਮਾਨ ਥੱਲੇ ਖਾਲਸਾ ਫੌਜਾਂ ਨੇ 1812,ਫਰਵਰੀ ਮਹੀਨੇ ਜਾ ਮਿੱਠੇ ਟਿਵਾਣੇ ਇਲਾਕੇ ਨੂੰ ਘੇਰਾ ਪਾਇਆ।
ਟਿਵਾਣੇ ਆਪਣੇ ਆਗੂ ਅਹਿਮਦ ਖਾਂ ਦੀ ਅਗਵਾਈ ਵਿੱਚ ਬਹਾਦਰੀ ਨਾਲ ਲੜੇ, ਸਾਰੀ ਦਿਹਾੜੀ ਲੜਾਈ ਹੋਈ,ਟਿਵਾਣਿਆਂ ਦਾ ਨੁਕਸਾਨ ਕਾਫੀ ਹੋਇਆ।ਸਰਦਾਰਾਂ ਨੇ ਇਕ ਮੁਰਸਲਾ ਟਿਵਾਣਿਆਂ ਵੱਲ ਭੇਜਿਆ, ਜਿਸ ਵਿਚ ਲਿਖਿਆ ਸੀ, ਕਿ ਅੱਜ ਦੀ ਲੜਾਈ ਨੇ ਥੋਨੂੰ ਇਹ ਤਾਂ ਸਾਫ ਕਰਤਾ ਹੋਵੇਗਾ ਕੇ ਇਸ ਜੰਗ ਦਾ ਸਿੱਟਾ ਕੀ ਨਿਕਲੇਗਾ।
ਤੁਹਾਡੇ ਕੋਲ ਦੋ ਹੀ ਰਾਹ ਨੇ ,ਪਹਿਲਾ ਲੜ ਕੇ ਮਰਨਾ ਤੇ ਦੂਜਾ ਚੁੱਪ ਚਾਪ ਸ਼ਹਰ ਖਾਲੀ ਕਰਦੋ ਤੁਹਾਨੂੰ ਕੋਈ ਕੁੱਝ ਨਹੀ ਕਹੇਗਾ।ਸਾਡਾ ਕੰਮ ਰਬ ਦੇ ਬੰਦਿਆਂ ਨੂੰ ਮਾਰਨਾ ਨਹੀ ਸਗੋਂ ਲੋਕਾਂ ਲਈ ਅਮਨ ਪੈਦਾ ਕਰਨਾ। ਟਿਵਾਣੇ ਰਾਤੋ ਰਾਤ ਸ਼ਹਰ ਖਾਲੀ ਕਰਨਾ ਮੰਨ ਗਏ ।ਖਾਲਸਾ ਫੌਜ ਨੂੰ ਹੁਕਮ ਕੀਤਾ ਸਰਦਾਰ ਹਰੀ ਸਿੰਘ ਨੇ ਕਿ ਕੋਈ ਵੀ ਟਿਵਾਣਿਆਂ ਨਾਲ ਛੇੜ ਖਾਨੀ ਨਹੀ ਕਰੇਗਾ।
ਅਗਲੀ ਸਵੇਰ ਖਾਲਸਾ ਰਾਜ ਦਾ ਝੰਡਾ ਟਿਵਾਣਿਆਂ ਦੇ ਇਲਾਕੇ ਉਪਰ ਝੂਲਾਇਆ ਗਿਆ। ਜਦ ਲਾਹੌਰ ਇਸ ਫਤਹ ਦੀ ਖਬਰ ਪਹੁੰਚੀ ਤਾਂ ਮਹਾਰਾਜਾ ਸਾਹਿਬ ਵਲੋਂ ਬੜੀ ਖੁਸ਼ੀ ਮਨਾਈ ਗਈ।
ਨੋਟ:- ਟਿਵਾਣੇ ਸਿਆਲਾਂ ਦੇ ਨਾਲ ਪੰਦਰਵੀਂ ਸਦੀ ਵਿਚ ਪੰਜਾਬ ਵਿਚ ਆਏ।ਪਹਿਲਾਂ ਇਹ ਦਰਿਆ ਸਿੰਧ ਦੇ ਕੰਢੇ ਵਸੇ, ਫਿਰ ਸ਼ਾਹਪੁਰ ਆ ਟਿੱਕੇ। ਮੀਰ ਅਲੀ ਖਾਂ ਦੇ ਪੁਤ ਮੀਰ ਅਹਿਮਦ ਖਾਂ ਨੇ 1680 ਵਿਚ ਉਖਲੀ ਮੌਹਲਾ ਦੇ ਪੂਰਬ ਵੱਲ ਸਤ ਮੀਲ ਟਿਵਾਣਾ ਪਿੰਡ ਦੀ ਮੋੜੀ ਗਡੀ ਗਈ । ਆਸ ਪਾਸ ਦਾ ਪਾਣੀ ਖਾਰਾ ਸੀ, ਪਰ ਟਿਵਾਣੇ ਪਿੰਡ ਦੇ ਖੂਹ ਦਾ ਪਾਣੀ ਮਿੱਠਾ ਸੀ, ਜਿਸ ਕਾਰਨ ਇਸ ਦਾ ਨਉਂ ਮਿੱਠਾ ਟਿਵਾਣਾ ਪਿਆ।ਇਸੇ ਟੱਬਰ ਦਾ ਖਿਜ਼ਰ ਹਯਾਤ ਖਾਂ ਟਿਵਾਣਾ ਅਣ-ਵੰਡੇ ਪੰਜਾਬ ਦਾ ਮੁਖਮੰਤਰੀ ਰਿਹਾ ਹੈ।