ਸਰਦਾਰ ਹਰੀ ਸਿੰਘ ਨਲੂਆ

 30 ਅਪ੍ਰੈਲ 1837

ਅੱਜ ਦੇ ਦਿਨ ਸਰਦਾਰ ਹਰੀ ਸਿੰਘ ਨਲਵਾ, ਜਮਰੌਦ ਦੇ ਮੈਦਾਨ ' ਚ ਅਫ਼ਗਾਨ ਧਾੜਵੀਆਂ ਨਾਲ ਲੋਹਾ ਲੈਂਦਾ ਸ਼ਹੀਦ ਹੋਇਆ ਸੀ । ਇਸ ਕਿਲੇ ਦੀ ਰਾਖੀ ਸਰਦਾਰ ਦੀ ਲੋਥ ਨੇ ਵੀ ਕੀਤੀ । ਕਿਲੇ 'ਚ ਸਰਦਾਰ ਦੀ ਯਾਦਗਰ ਬਣਾਈ ਗਈ। ਅਜਕਲ ਇਥੇ ਪਾਕਿਸਤਾਨੀ ਫੌਜ ਦੀ ਰਹਾਇਸ਼ ਹੈ। ਸਲਾਮ ਹੈ ਏਸ਼ੀਆ ਦੇ ਇਸ ਸਭ ਤੋਂ ਮਹਾਨ ਜਰਨੈਲ ਨੂੰ, ਜਿਸ ਨੇ ਦਰਾ ਖੈਬਰ ਦਾ ਰਾਹ ਸਦਾ ਲਈ ਬੰਦ ਕੀਤਾ!
-ਬਲਦੀਪ ਸਿੰਘ ਰਾਮੂੰਵਾਲੀਆ
ਸਰਦਾਰ ਹਰੀ ਸਿੰਘ ਨਲੂਆ ( ਵਿਨੇ ਪ੍ਰਤਾਪ ਸਿੰਘ ਵੀਰ ਦੀ ਲਿਖ਼ਤ )
ਜ਼ੋਏ-ਜ਼ਾਹਰਾ ਰਹੇ ਨਾ ਜ਼ਰਾ ਕਾਇਮ,
ਐਸਾ ਸਿੱਖਾਂ ਪਠਾਣਾਂ ਨੂੰ ਡੰਗਿਆ ਜੀ।
ਹਰੀ ਸਿੰਘ ਸਰਦਾਰ ਤਲਵਾਰ ਫੜਕੇ,
ਮੂੰਹ ਸੈਆਂ ਪਠਾਣਾਂ ਦਾ ਰੰਗਿਆ ਜੀ।
ਅੱਜ ਸਰਦਾਰ ਦੇ ਸ਼ਹੀਦੀ ਦਿਹਾੜੇ ਤੇ ਸਰਦਾਰ ਦੀ ਸ਼ਹੀਦੀ ਤੇ ਕਿਰਦਾਰ ਬਾਰੇ ਓਹ ਗੱਲਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਬਾਰੇ ਸਾਨੂੰ ਘੱਟ ਪਤਾ।
ਇੱਕ ਵਾਰ ਸਰਦਾਰ ਆਪਣੇ 100 ਕ ਸਵਾਰਾਂ ਨਾਲ਼ ਮਿਚਨੀ ਦੇ ਇਲਾਕੇ ਚ ਸ਼ਿਕਾਰ ਕਰ ਰਿਹਾ ਸੀ ਜਦੋਂ ਇੱਕ ਹਿੰਦੂ ਫਰਿਆਦ ਲੈ ਕੇ ਆਇਆ ਕਿ ਓਹਦੀ ਘਰਵਾਲ਼ੀ ਨੂੰ ਵਿਆਹ ਦੇ ਮੰਡਪ ਤੋਂ ਅਫ਼ਗ਼ਾਨ ਚੱਕ ਕੇ ਮਿਚਨੀ ਦੇ ਖਾਨ ਕੋਲ ਲੈ ਗਏ ਨੇ ਤਾਂ ਸਰਦਾਰ ਨੇ 100 ਸਵਾਰਾਂ ਨਾਲ਼ ਮਿਚਨੀ ਤੇ ਚੜ੍ਹਾਈ ਕੀਤੀ, ਖਾਨ ਕੋਲ਼ 5000 ਫੌਜ ਸੀ, ਓਹ 500 ਦਾ ਜੱਥਾ ਲੈ ਕੇ ਆਇਆ ਤੇ ਲੜਾਈ ਚ ਮਰਿਆ ਗਿਆ, ਫੇਰ ਓਹਦੇ ਪੁੱਤਰ ਨੇ ਫੌਜ ਲੈ ਕੇ ਵੰਗਾਰਿਆ ਤੇ ਓਹ ਵੀ ਮਰਿਆ ਗਿਆ ਤੇ ਕਿਲੇ ਤੇ ਸਿੰਘਾਂ ਦਾ ਕਬਜ਼ਾ ਹੋ ਗਿਆ
ਸਿੰਘਾਂ ਦੀ ਬਹਾਦੁਰੀ ਦੇਖ ਕੇ ਕਈ ਅਫ਼ਗ਼ਾਨ ਔਰਤਾਂ ਨੇ ਅੰਮ੍ਰਿਤ ਛਕ ਕੇ ਸਿੱਖ ਫੌਜੀਆਂ ਨਾਲ਼ ਵਿਆਹ ਕਰਾ ਲਏ
ਫ਼ਰਾਂਸੀਸੀ ਲੇਖਕ ਡਾਰਮਸਟੇਟਰ ਲਿਖਦਾ ਹੈ ਕਿ ਹਰੀ ਸਿੰਘ ਹਰ ਸਾਲ ਯੂਸਫਜ਼ਈ ਪਠਾਣਾਂ ਤੋਂ ਟੈਕਸ ਲੈਣ ਜਾਂਦਾ ਸੀ ਤੇ ਸਰਦਾਰ ਦੇ ਚਲਾਣੇ ਤੋਂ ਕਈ ਸਾਲ ਬਾਦ ਤੱਕ ਮਾਵਾਂ ਬਚਿਆ ਨੂੰ ਹਰੀ ਸਿੰਘ ਦਾ ਨਾਂ ਲੈ ਕੇ ਡਰਾਉਂਦੀਆਂ ਸੀ, ਤੇ ਲੇਖਕ ਨੂੰ ਬਜ਼ੁਰਗਾਂ ਨੇ ਓਹ ਥਾਂ ਵੀ ਦਿਖਾਈ ਜਿੱਥੇ ਹਰੀ ਸਿੰਘ ਪਠਾਣਾਂ ਦਾ ਪਿੱਛਾ ਭੇਡਾਂ ਦਾ ਇੱਜੜ ਸਮਝ ਕੇ ਕਰਦਾ ਸੀ
ਅੰਗਰੇਜ਼ਾਂ ਵੇਲੇ ਪੇਸ਼ਾਵਰ ਦਾ ਡਿਪਟੀ ਕਮਿਸ਼ਨਰ ਓਲਫ ਕੈਰੋ ਲਿਖਦਾ ਹੈ ਕਿ ਓਹਦੀ ਨੌਕਰੀ ਵੇਲ਼ੇ ਓਹਨੂੰ ਇੱਕ ਪਠਾਣ ਨੇ ਗੱਲ ਦੱਸੀ ਕਿ ਇੱਕ ਵਾਰ ਸਰਦਾਰ ਜਮਰੌਦ ਦੇ ਕਿਲ੍ਹੇ ਦੇ ਬਾਹਰ ਫਲਾਹੀ ਦੀ ਦਾਤਣ ਕਰਦਾ ਸੀ ਤਾਂ ਇੱਕ ਪਠਾਣ ਓਥੋਂ ਲੰਘਿਆ ਤੇ ਕਹਿਣ ਲੱਗਾ ਤੁਸੀਂ ਪਠਾਣਾਂ ਦੇ ਇਲਾਕੇ ਚ ਬੇਖੌਫ ਇੱਕਲੇ ਤੁਰੇ ਫਿਰਦੇ ਹੋ ਜੇ ਕਿਸੇ ਨੇ ਮਾਰ ਦਿੱਤਾ ਤਾਂ ਸਰਦਾਰ ਕਹਿਣ ਲੱਗਾ ਔਖੀ ਘੜੀ ਚ ਗੁਰੂ ਸਾਡੀ ਰਾਖੀ ਆਪ ਕਰਦਾ ਹੈ,

ਪਠਾਣ ਨੇ ਰੋਹ ਚ ਕਿਹਾ ਮੇਰੇ ਪਿੰਡ ਚ ਮੇਰੇ ਨਾਲ ਲੜਾਈ ਕਰ ਮੈਂ ਵਾਦਾ ਕਰਦਾਂ ਕੋਈ ਤੈਨੂੰ ਕੁਝ ਨਹੀਂ ਕਹੇਗਾ

ਸਰਦਾਰ ਓਹਦੇ ਨਾਲ ਤੁਰ ਪਿਆ, ਪਠਾਣ ਨੇ ਇੱਕ ਤਲਵਾਰ ਤੇ ਢਾਲ ਸਰਦਾਰ ਨੂੰ ਦਿੱਤੀ ਤੇ ਇੱਕ ਆਪ ਲੈ ਲਈ ਤੇ ਪਹਿਲਾ ਵਾਰ ਕੀਤਾ ਸਰਦਾਰ ਨੇ ਡੱਕ ਲਿਆ ਫੇਰ ਸਰਦਾਰ ਨੇ ਵਾਰ ਕੀਤਾ ਤਲਵਾਰ ਢਾਲ ਦੇ ਦੋ ਟੁਕੜੇ ਕਰਕੇ ਪਠਾਣ ਦੀ ਵੱਖੀ ਚੀਰ ਗਈ, ਸਰਦਾਰ ਓਸੇ ਵੇਲੇ ਆਪਣੀ ਦਸਤਾਰ ਨਾਲੋਂ ਕਪੜਾ ਪਾੜ ਕੇ ਓਹਦੇ ਜ਼ਖਮ ਨੂੰ ਬੰਨਣ ਲੱਗ ਪਿਆ, ਸਾਰੇ ਹੈਰਾਨ ਹੋਏ, ਸਰਦਾਰ ਨੇ ਕਿਹਾ ਜਦ ਤੇਰੇ ਹਥ ਚ ਤਲਵਾਰ ਸੀ ਤੂੰ ਮੇਰਾ ਦੁਸ਼ਮਣ ਸੀ ਪਰ ਹੁਣ ਜ਼ਖਮੀ ਹੈਂ ਤੇ ਮੇਰੇ ਗੁਰੂ ਦਾ ਹੁਕਮ ਹੈ ਤੇਰੀ ਹਿਫ਼ਾਜ਼ਤ ਕਰਨੀ
ਓਸ ਨੇ ਪਿੰਡ ਵਾਲਿਆਂ ਨੂੰ ਸਰਦਾਰ ਨੂੰ ਵਾਪਿਸ ਛਡ ਕੇ ਆਉਣ ਨੂੰ ਕਿਹਾ, ਬਾਦ ਚ ਪਤਾ ਲੱਗਣ ਤੇ ਪਠਾਣ ਬਹੁਤ ਪਛਤਾਏ ਕਿ ਅਸੀਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਐਵੇਂ ਹੀ ਛਡ ਦਿੱਤਾ
ਇੱਕ ਵਾਰ ਅੰਗਰੇਜ਼ ਜਨਰਲ ਮਹਾਰਾਜਾ ਨੂੰ ਕਹਿਣ ਲੱਗਾ ਕਿ ਜੇਕਰ ਹਰੀ ਸਿੰਘ ਅੰਗਰੇਜ਼ ਫੌਜ ਦੀ ਅਗਵਾਈ ਕਰੇ ਤਾਂ ਮੈਂ ਤੁਹਾਨੂੰ ਚੀਨ ਵੀ ਜਿੱਤ ਕੇ ਦਿਖਾ ਸਕਦਾ ਹਾਂ, ਸ਼ੇਰੇ ਪੰਜਾਬ ਹੱਸ ਕੇ ਕਹਿਣ ਲੱਗੇ ਕਿ ਹਰੀ ਸਿੰਘ ਨੂੰ ਚੀਨ ਫਤਹਿ ਕਰਨ ਲਈ ਗੋਰੀਆਂ ਬਾਹਵਾਂ ਦੀ ਲੋੜ ਨਹੀਂ ਇਹ ਇੱਕਲਾ ਹੀ ਚੀਨ ਨੂੰ ਫਤਹਿ ਕਰਨ ਦਾ ਵੀ ਦਮ ਰੱਖਦਾ ਹੈ
ਜਦੋਂ ਕੰਵਰ ਨੌਨਿਹਾਲ ਦੇ ਵਿਆਹ ਕਰਕੇ ਦੋ ਤਿਹਾਈ ਖਾਲਸਾ ਫੌਜ ਲਾਹੌਰ ਚ ਸੀ ਤਾਂ ਇਸ ਦਾ ਫਾਇਦਾ ਚੱਕ ਕੇ 50000 ਪਠਾਣਾਂ ਨੇ ਜਮਰੌਦ ਦੇ ਕਿਲੇ ਤੇ ਹਮਲਾ ਕੇ ਦਿੱਤਾ ਜਿੱਥੇ ਸਰਦਾਰ ਮਹਾਂ ਸਿੰਘ ਕੇਵਲ 600 ਸਿਪਾਹੀਆਂ ਨਾਲ਼ ਸੀ

ਜਦੋਂ ਸਰਦਾਰ ਹਰੀ ਸਿੰਘ ਨੂੰ ਹਮਲੇ ਦੀ ਖਬਰ ਪਿਸ਼ਾਵਰ ਦੇ ਕਿਲੇ ਚ ਮਿਲੀ ਤਾਂ ਓਹ ਆਪਣੀ 10000 ਫੌਜ ਨਾਲ਼ ਅੱਜ ਦੇ ਦਿਨ 29 ਅਪ੍ਰੈਲ 1837 ਨੂੰ ਆਪਣੀ ਆਖਰੀ ਮੁਹਿੰਮ ਤੇ ਜਮਰੌਦ ਵੱਲ ਤੁਰ ਪਿਆ ।

30 ਅਪ੍ਰੈਲ ਦੀ ਸਵੇਰ ਨੂੰ ਸਰਦਾਰ ਜਮਰੌਦ ਪਹੁੰਚ ਗਿਆ ਤੇ ਲੜਾਈ ਭਖ ਗਈ, 10000 ਹਜ਼ਾਰ ਖਾਲਸਾ ਫੌਜ ਨੇ ਪੰਜ ਗੁਣਾ ਵੱਧ ਦੁਸ਼ਮਣਾਂ ਦੇ ਪੈਰ ਉਖੇੜ ਦਿੱਤੇ, ਪਰ ਇਸ ਇਸ ਜਿੱਤ ਦੀ ਕੀਮਤ ਬਹੁਤ ਭਾਰੀ ਸੀ, ਸਰਦਾਰ ਦੇ ਗੋਲੀਆਂ ਲੱਗੀਆਂ ਜੋ ਜਾਨ ਲੇਵਾ ਸਾਬਤ ਹੋਈਆਂ

ਸਰਦਾਰ ਜ਼ਖਮੀ ਹਾਲਤ ਵਿੱਚ ਕਿਲੇ ਵਿੱਚ ਵਾਪਸ ਆਇਆ ਤੇ ਆਪਣੇ ਸਰਦਾਰਾਂ ਨੂੰ ਕਿਹਾ ਕਿ ਜਦੋਂ ਤੱਕ ਲਾਹੌਰ ਤੋਂ ਮਦਦ ਨਹੀਂ ਆਉਂਦੀ ਮੇਰੀ ਮੌਤ ਦੀ ਖਬਰ ਗੁਪਤ ਰੱਖੀ ਜਾਵੇ, ਤੇ ਸਰਦਾਰ ਉਸੇ ਰਾਤ 30 ਅਪ੍ਰੈਲ ਨੂੰ ਗੁਰੂ ਮਾਹਰਾਜ ਦੇ ਚਰਨਾਂ ਚ ਜਾ ਹਾਜ਼ਰ ਹੋਇਆ,

ਕਈ ਇਤਿਹਾਸਕਾਰ ਲਿਖਦੇ ਨੇ ਕਿ ਸਰਦਾਰ ਦਾ ਉਸੇ ਰਾਤ ਕਿਲੇ ਚ ਸਸਕਾਰ ਕਰ ਦਿੱਤਾ ਗਿਆ ਪਰ ਗਿਆਨੀ ਗਿਆਨ ਸਿੰਘ ਮੁਤਾਬਕ ਸਸਕਾਰ ਬਾਦ ਚ ਕੀਤਾ ਗਿਆ

ਸਰਦਾਰ ਦੀ ਸ਼ਾਹਦਤ ਦੀ ਖਬਰ ਕਿਲੇ ਦੇ ਅੰਦਰ ਵੀ ਸਿਰਫ ਚੋਣਵੇਂ ਸਰਦਾਰਾਂ ਨੂੰ ਹੀ ਪਤਾ ਸੀ

ਅਫਗਾਨਾਂ ਨੂੰ ਸਰਦਾਰ ਏ ਜ਼ਖਮੀ ਹੋਣ ਦਾ ਪਤਾ ਸੀ ਪਰ ਓਹਨਾਂ ਚ ਸਰਦਾਰ ਦਾ ਏਨਾਂ ਡਰ ਸੀ ਕਿ ਓਹ 12 ਦਿਨ ਕਿਲੇ ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰ ਸਕੇ ਕਿ ਕਿਤੇ ਸਰਦਾਰ ਜਿਊਂਦਾ ਹੀ ਨਾ ਹੋਵੇ

ਏਨੀ ਦੇਰ ਨੂੰ ਲਾਹੌਰ ਤੋਂ 15000 ਫੌਜ ਲੈ ਕੇ ਕੰਵਰ ਨੌਨਿਹਾਲ ਪੇਸ਼ਾਵਰ ਆ ਗਿਆ ਤੇ ਅਫ਼ਗ਼ਾਨ ਪਿੱਛੇ ਮੁੜ ਗਏ
ਜਦੋਂ ਮਹਾਰਾਜਾ ਨੂੰ ਸਰਦਾਰ ਦੀ ਖਬਰ ਮਿਲੀ ਤਾਂ ਓਹਨਾਂ ਕਿਹਾ ਕਿ ਜੇ ਅੱਜ ਮੇਰਾ ਅੱਧਾ ਰਾਜ ਵੀ ਚਲਾ ਜਾਂਦਾ ਤਾਂ ਕੋਈ ਦੁੱਖ ਨਹੀਂ ਸੀ ਕਿਉਂਕਿ ਹਰੀ ਸਿੰਘ ਓਹ ਰਾਜ ਇੱਕ ਹੀ ਦਿਨ ਚ ਮੁੜ ਜਿੱਤ ਸਕਦਾ ਸੀ ਪਰ ਹਰੀ ਸਿੰਘ ਦੀ ਘਾਟ ਪੂਰੀ ਨਹੀਂ ਹੋਣੀ, ਤੇ ਓਹੀ ਹੋਇਆ ਉਸ ਤੋਂ ਬਾਦ ਖਾਲਸਾ ਰਾਜ ਅੱਗੇ ਨਹੀਂ ਵਧ ਸਕਿਆ

ਇਸ ਲੜਾਈ ਬਾਰੇ ਅੰਗਰੇਜ਼ ਅਫ਼ਸਰ ਵਿਲੀਅਮ ਬਾਰ ਲਿਖਦਾ ਹੈ ਕਿ ਕਾਸ਼ ਸਾਡੇ ਜਰਨੈਲ ਵੀ ਲੜਾਈ ਚ ਇਸ ਰੂਪ ਚ ਜਾਣ
ਕਈ ਹਵਾਲਿਆਂ ਤੋਂ ਲੱਗਦਾ ਹੈ ਕਿ ਸਰਦਾਰ ਦੇ ਗੋਲੀਆਂ ਪਿੱਠ ਪਿੱਛੇ ਮਾਰੀਆਂ ਗਈਆਂ ਸੀ ਤੇ ਕਿਸੇ ਆਪਣੇ ਨੇ ਹੀ ਮਾਰੀਆਂ ਸੀ
ਜਦੋਂ ਗੋਲੀਆਂ ਲੱਗੀਆਂ ਤਾਂ ਸਰਦਾਰ ਅਗਲੇ ਪਾਸੇ ਘੋੜੇ ਦੀ ਗਰਦਨ ਤੇ ਡਿੱਗ ਪਿਆ, ਮੰਨਿਆ ਜਾਂਦਾ ਹੈ ਕਿ ਡੋਗਰਿਆਂ ਨੇ ਜਮਾਂਦਾਰ ਖੁਸ਼ਾਲ ਸਿੰਘ ਨਾਲ਼ ਮਿਲ਼ ਕੇ ਫੌਜ ਚੋਂ ਹੀ ਕਿਸੇ ਤੋਂ ਗੋਲੀਆਂ ਚਲਵਾਈਆਂ ਸੀ

1837 ਦੇ ਸ਼ੁਰੂ ਚ ਦਰਬਾਰ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਹਰੀ ਸਿੰਘ ਨੂੰ ਦੋਬਾਰਾ ਕਸ਼ਮੀਰ ਦਾ ਨਾਜ਼ਿਮ ਨਿਯੁਕਤ ਕੀਤਾ ਜਾ ਰਿਹਾ ਹੈ, ਇਹ ਗੱਲ ਵੀ ਡੋਗਰਿਆਂ ਦੇ ਹੱਕ ਚ ਨਹੀਂ ਸੀ

ਬਾਦ ਵਿੱਚ ਖ਼ੁਸ਼ਾਲ ਸਿੰਘ ਦੋਸਤ ਮੁਹੰਮਦ ਖਾਨ ਨੂੰ ਲਿਖਦਾ ਵੀ ਹੈ ਕਿ ਸਾਡਾ ਸਾਂਝਾ ਦੁਸ਼ਮਣ ਹਰੀ ਸਿੰਘ ਮਾਰਿਆ ਗਿਆ ਹੈ

ਅੰਗਰੇਜ਼ੀ ਰਾਜ ਸਮੇਂ ਅੰਗਰੇਜਾਂ ਦਾ ਜਦੋਂ ਅਫਗਾਨਾਂ ਨਾਲ਼ ਵਾਹ ਪਿਆ ਤਾਂ ਓਹਨਾਂ ਵੀ ਮੰਨਿਆ ਕਿ ਇਹਨਾਂ ਨੂੰ ਕਾਬੂ ਕਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਤੇ ਓਹ ਚਮਤਕਾਰ ਸਰਦਾਰ ਹਰੀ ਸਿੰਘ ਨੇ ਕਰ ਦਿਖਾਇਆ ਸੀ ਜਿਸਦਾ ਸਿਰਫ ਨਾਂ ਸੁਣ ਕੇ ਹੀ ਅਫ਼ਗ਼ਾਨ ਮੈਦਾਨ ਛੱਡ ਜਾਂਦੇ ਸੀ

ਇਹ ਸੂਰਮਾ ਸਿਰਫ 46 ਸਾਲ ਦੀ ਉਮਰ ਚ ਖਾਲਸਾ ਰਾਜ ਦੀਆਂ ਹੱਦਾਂ ਦੀ ਰਾਖੀ ਕਰਦਾ ਆਪਣਿਆਂ ਦੇ ਧੋਖੇ ਦਾ ਸ਼ਿਕਾਰ ਹੋ ਗਿਆ ਤੇ ਖਾਲਸਾ ਰਾਜ ਦੇ ਪਤਨ ਦਾ ਮੁੱਢ ਵੀ ਉਸੇ ਦਿਨ ਬੱਝ ਗਿਆ ।

ਨੋਟ:- ਕਿਰਪਾਨ ਸਰਦਾਰ ਹਰੀ ਸਿੰਘ ਨਲੂਆ