ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਨੰਦੇੜ ਗਏ ਤਾਂ ਲੰਗੋਟੀ ਵਾਲੇ ਮਾਧੋਦਾਸ ਦੀ ਕੁਟੀਆ ਜਾ ਵੜੇ। ਉਥੇ ਲੰਗੋਟੀਆਂ ਵਾਲਿਆਂ ਦੀ ਵਿਹਲੀ ਧਾੜ ਘੋੜਿਆਂ ਅਤੇ ਹਥਿਆਰਾ ਵਾਲੇ ਸੂਰਬੀਰਾਂ ਨੂੰ ਵੇਖ ਡਰੀ ਅਤੇ ਦੌੜੀ ਹੋਈ ਵੱਡੇ ਸਾਧ ਯਾਨੀ ਬੈਰਾਗੀ ਪਾਸ ਪਹੁੰਚੀ। ਯਾਦ ਰਹੇ ਕਿ ਮਾਧੋ ਦਾਸ ਓਸ ਇਲਾਕੇ ਦਾ ਮੰਨਿਆਂ-ਦੰਨਿਆਂ ਸਾਧ ਸੀ। ਜਿਵੇਂ ਅੱਜ ਦੇ ਬਾਬਿਆਂ ਨਾਲ ਕਈ ਕਹਾਣੀਆਂ ਜੁੜੀਆਂ ਹਨ ਉਵੇਂ ਹੀ ਲੋਕਾਂ ਵਿੱਚ ਉਸ ਦੀਆਂ ਕਈ ਕਹਾਣੀਆਂ ਪ੍ਰਚਲਤ ਸਨ। ਜਿਵੇਂ ਉਸ ਬੀਰ ਵੱਸ ਕੀਤੇ ਹੋਏ ਸਨ, ਉਹ ਪਲੰਘ ਉਲਟਾ ਦਿੰਦਾ ਸੀ, ਉਹ ਬਹੁਤ ਰਿਧੀਆਂ-ਸਿੱਧੀਆਂ ਦਾ ਮਾਲਕ ਸੀ ਆਦਿ। ਉਸ ਦੀ ਮਾਨਤਾ ਸੀ। ਉਸ ਹਰੇ ਹਰੇ ਘਾਹ ਅਤੇ ਫੁੱਲਾਂ ਫਲਾ ਦੇ ਬਗੀਚਿਆਂ ਵਿੱਚ ਮੌਜ ਨਾਲ ਰਹਿ ਰਿਹਾ ਸੀ। ਗੁਰੂ ਸਾਹਿਬ ਨੇ ਪਰ ਉਸ ਦੀ ਲੰਗੋਟੀ ਪ੍ਰਵਾਨ ਨਹੀ ਕੀਤੀ, ਦੁਨੀਆਂ ਤੋਂ ਲੁੱਕ ਕੇ ਬੈਠਣ ਨੂੰ ਸ਼ਾਬਾਸ਼ ਨਹੀ ਦਿੱਤੀ, ਇੰਝ ਵਿਹਲੇ ਰਹਿ ਕੇ ਰੋਟੀਆਂ ਭੰਨਣ ਨੂੰ ਸਵੀਕਾਰ ਨਹੀ ਕੀਤਾ। ਉਸ ਨੂੰ ਦੱਸਿਆ ਕਿ ਮਨੁੱਖੀ ਜੀਵਨ ਦਾ ਮੱਕਸਦ ਕੇਵਲ ਅਪਣੇ ਸੁੱਖ ਵਾਸਤੇ ਨਹੀ ਬਲਕਿ ਦੂਜਿਆਂ ਲਈ ਜੀਣਾ ਵੀ ਹੈ। ਗੁਰੂ ਦੇ ਬੱਚਨ ਉਸ ਦੀ ਜਿਉਂ ਜਿਉਂ ਸਮਝ ਵਿੱਚ ਉਤਰਦੇ ਗਏ ਉਹ ਬਦਲਦਾ ਗਿਆ ਤੇ ਆਖਰ ਲੰਗੋਟੀ ਕਿੱਲੀ ਤੇ ਟੰਗ ਸਿੰਘ ਸਜ ਕੇ ਪੰਜਾਬ ਵਲ ਤੁਰ ਪਿਆ।ਪੰਜਾਬ ਵਿੱਚ ਉਸ ਅਜਿਹੀ ਹਨੇਰੀ ਝੁਲਾਈ ਕਿ ਮੁਗਲ ਦਿੱਲੀ ਤੱਕ ਹਿੱਲ ਗਏ। ਸਰਹੰਦ ਬੰਦੇ ਦੇ ਸਾਹਮਣੇ ਸੀ। ਸਰਹੰਦ ਦੀਆਂ ਲਹੂ ਭਿੱਜੀਆਂ ਦੀਵਾਰਾਂ ਬੰਦੇ ਦੀਆਂ ਅੱਖਾਂ ਵਿੱਚ ਲਹੂ ਉਤਾਰ ਰਹੀਆਂ ਸਨ। ਖਾਲਸੇ ਦੇ ਘੋੜਿਆਂ ਦੇ ਸੁੰਬਾਂ ਨੇ ਸਰਹੰਦ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ। ਸਰਹੰਦ ਦੇ ਹਰੇਕ ਆਦਮੀ ਨੂੰ ਰਾਤ ਸੁਪਨਿਆਂ ਵਿੱਚ ਵੀ ਬੰਦਾ ਹੀ ਦਿੱਸਦਾ ਸੀ। ਹਰੇਕ ਜੁਬਾਨ ਤੇ ਇੱਕੋ ਗੱਲ ਸੀ ਕਿ ਗੁਰੁ ਨੇ ਬੰਦਾ ਨਹੀ ਕੋਈ ਬਲਾਅ ਭੇਜੀ ਹੈ। ਉਹ ਸ਼ਹਿਰਾਂ ਦੇ ਸ਼ਹਿਰ ਉਲਟਾਈ ਤੁਰਿਆ ਆ ਰਿਹਾ ਹੈ।ਤੇ ਬੰਦੇ ਦੀ ਕਮਾਨ ਹੇਠ ਜਦ ਖਲਾਸਾ ਸਰਹੰਦ ਤੇ ਚੜਿਆ ਤਾਂ ਉਹਨਾ ਨੂੰ ਵਜੀਦੇ ਤੋਂ ਬਿਨਾ ਦਿੱਸਦਾ ਹੀ ਕੁੱਝ ਨਹੀ ਸੀ। ਉਹ ਵਿਚੇ ਵਜੀਦੇ ਦੇ ਸਰਹੰਦ ਨੂੰ ਕੱਚੀ ਚੱਬ ਜਾਣਾ ਚਾਹੁੰਦੇ ਸਨ। ਸਰਹੰਦ ਦਾ ਦਿੱਸਣਾ ਉਨ੍ਹਾਂ ਦੀ ਜਿੰਦਗੀ ਨੂੰ ਲਾਹਨਤ ਜਾਪ ਰਿਹਾ ਸੀ। ਗੁਰੂ ਮਾਰੀ ਸਰਹੰਦ? ਗੁਰੂ ਦੇ ਲਾਲਾਂ ਦੀ ਕਾਤਲ ਸਰਹੰਦ? ਤੇ ਸਾਰਾ ਦਿਨ ਖਾਲਸਾ ਜਾਨ ਤੋੜ ਕੇ ਲੜਿਆ। ਉਨ੍ਹੀ ਵਧ ਵਧ ਕੇ ਤੇਗਾਂ ਮਾਰੀਆਂ। ਸੂਰਮੇ ਰੁੱਖਾਂ ਵਾਂਗ ਧਰਤੀ ਤੇ ਡਿੱਗੇ। ਲਹੂ ਲੁਹਾਨ ਕਰ ਦਿੱਤੀ ਉਨ੍ਹੀ ਧਰਤੀ। ਉਹ ਸਰਹੰਦ ਦੀ ਸਵਾਹ ਵੀ ਨਹੀ ਸੀ ਛੱਡਣੀ ਚਾਹੁੰਦੇ। ਤੇ ਆਖਰ ਦੁਨੀਆਂ ਨੇ ਵੇਖਿਆ ਕਿ ਹਾਲੇ ਕੁੱਝ ਚਿਰ ਪਹਿਲਾਂ ਹੀ ਗੁਰੂ ਦੇ ਮਸੂਮ ਲਾਲਾਂ ਨੂੰ ਠਰੀਆਂ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦੇਣ ਵਾਲੀ ਸਰਹੰਦ ਬੰਦੇ ਦੇ ਪੈਰਾਂ ਹੇਠ ਸੀ। ਰੋਂਦ ਕੇ ਰੱਖ ਦਿੱਤੀ ਸਰਹੰਦ ਖਾਲਸੇ ਨੇ ਅਪਣੇ ਘੋੜਿਆਂ ਦੇ ਸੁੰਬਾਂ ਹੇਠ। ਖੋਲੇ ਕਰ ਦਿੱਤੀ ਸਰਹੰਦ ਖਾਲਸੇ ਨੇ। ਵੈਹੜਿਆਂ ਮਗਰ ਪਾ ਪਾ ਧੁਹਿਆ ਵਜੀਦਾ ਅਤੇ ਸੁੱਚਾਨੰਦ ਬੰਦੇ ਨੇ।ਕਿਸੇ ਸੋਚਿਆ ਵੀ ਨਾ ਸੀ ਕਿ ਇੱਕ ਲੰਗੋਟੀ ਵਾਲਾ ਸਾਧ ਗੁਰੂ ਤੋਂ ਥਾਪੜਾ ਲੈ ਕੇ ਇੱਕੇ ਦਿਨ ਵਿੱਚ ਹੀ ਸਰਹੰਦ ਨੂੰ ਢਾਹ ਲਏਗਾ। ਸਾਰੇ ਹਿੰਦੋਤਸਾਨ ਵਿੱਚ ਹੁਣ ‘ਗੁਰੂ ਕਾ ਬੰਦਾ’ ‘ਗੁਰੂ ਕਾ ਬੰਦਾ’ ਹੀ ਹੁੰਦੀ ਸੀ। ਤੇ ਉਹ ਸੱਚਮੁੱਚ ਹੀ ਗੁਰੂ ਕਾ ਹੀ ਬੰਦਾ ਸੀ। ਕਹਿੰਦੇ ਕਿ ਬੰਦਾ ਜਦ ਵੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਂ ਲੈਂਦਾ ਹੁੰਦਾ ਸੀ ਤਾਂ ਕਦੇ ਵੀ ਉਸ ਕੋਲੋਂ ਪੂਰਾ ਨਹੀ ਸੀ ਲੈ ਹੁੰਦਾ। ਉਹ ਗੁਰੂ ਦੇ ਨਾਂ ਤੋਂ ਇਨ੍ਹਾ ਫਿਦਾ ਸੀ ਕਿ ਗੁਰੂ ਦਾ ਨਾਂ ਲੈਦਿਆਂ ਹੀ ਉਸਦਾ ਗੱਚ ਭਰ ਆਉਂਦਾ ਹੁੰਦਾ ਸੀ ਤੇ ਉਹ ਵਹਿ ਤੁਰਦਾ ਸੀ। ਉਸ ਗੁਰੂ ਨੂੰ ਬਹੁਤ ਛੇਤੀ ਅਪਣੀਆਂ ਗਹਿਰਾਈਆਂ ਵਿੱਚ ਉਤਾਰ ਲਿਆ ਸੀ। ਉਸ ਗੁਰੂ ਦੇ ਬੱਚਨਾ ਨੂੰ ਇੰਨੀ ਤੇਜੀ ਨਾਲ ਸਮਝਿਆ ਅਤੇ ਸਾਂਭਿਆ ਕਿ ਗੁਰੁ ਨੇ ਖੁਦ ਅਪਣੇ ਹੱਥੀਂ ਇੱਕ ਵੱਡੀ ਜਿੰਮੇਵਾਰੀ ਦੇ ਕੇ ਬੰਦੇ ਨੂੰ ਪੰਜਾਬ ਤੋਰਿਆ ਅਤੇ ਖਾਲਸੇ ਨੂੰ ਚਿੱਠੀਆਂ ਲਿਖ ਦਿੱਤੀਆਂ ਕਿ ਬੰਦੇ ਦਾ ਸਾਥ ਦੇਣ।ਜਦ ਇਤਿਹਾਸ ਵਿੱਚ ਪਿਆ ਗੰਦਲਾਪਨ ਬਾਬਾ ਬੰਦਾ ਸਿੰਘ ਉਪਰ ਉਂਗਲ ਰੱਖਦਾ ਹੈ ਤਾਂ ਉਹ ਅਨਜਾਣੇ ਹੀ ਗੁਰੂ ਉਪਰ ਵੀ ਬੇਵਿਸਵਾਸ਼ੀ ਕਰ ਜਾਂਦਾ ਹੈ। ਕੀ ਗੁਰੂ ਸਾਹਿਬ ਬੰਦੇ ਨੂੰ ਪਛਾਨਣ ਵਿੱਚ ਉਕਤਾ ਗਏ ਸਨ ਕਿ ਛੇਤੀ ਬਾਅਦ ਬੰਦਾ ਗੁਰੂ ਤੋਂ ਮੁੱਖ ਮੋੜ ਜਾਂਦਾ ਹੈ? ਬੰਦਾ ਅਖੇ ਗੁਰੂ ਬਣ ਬੈਠਾ, ਬੰਦੇ ਗੁਰੂ ਹੁਕਮ ਤੋਂ ਉਲਟ ਵਿਆਹ ਕਰਾ ਲਿਆ, ਬੰਦੇ ਨੇ ਫਤਿਹ ਬਦਲ ਦਿੱਤੀ ਆਦਿ। ਪਰ ਵਿਚਲੀਆਂ ਗੱਲਾਂ ਦੀ ਬਜਾਇ ਅਸੀਂ ਕਿਉਂ ਨਾ ਬਾਬਾ ਜੀ ਦੇ ਆਖਰੀ ਸਮੇ ਤੇ ਨਿਗਾਹ ਮਾਰ ਲਈਏ ਕਿ ਕਿੰਝ ਉਹ ਸੂਰਬੀਰ ਗੁਰੂ ਦੀ ਬਖਸ਼ੀ ਸਿੱਖੀ ਤੋਂ ਕੁਰਬਾਨ ਹੁੰਦਾ ਹੈ। ਸਾਨੂੰ ਬਾਬਾ ਜੀ ਦਾ ਅਖੀਰ ਦੇਖਣਾ ਪਏਗਾ। 3 ਕੁ ਸਾਲ ਦਾ ਬੇਟਾ ਬਾਬਾ ਜੀ ਦੇ ਪੱਟ ਤੇ ਰੱਖ ਸਿੱਧਾ ਲੰਮਾ ਪਾਕੇ ਛਾਤੀ ਤੋਂ ਦੋ ਫਾੜ ਕਰਕੇ ਕਲੇਜਾ ਵਿਚੋਂ ਕੱਢ ਕੇ ਜਦ ਪਿਓ ਦੇ ਮੂੰਹ ਵਿੱਚ ਪਾਇਆ ਤਾਂ ਧਾਹਾਂ ਨਹੀ ਨਿਕਲ ਜਾਂਦੀਆਂ? ਪਰ ਕੀ ਬੰਦੇ ਨੇ ਉਫ ਕੀਤੀ? ਜੰਬੂਰਾਂ ਨਾਲ ਖਿਚ ਦਿਤਾ ਬਾਬਾ ਜੀ ਦਾ ਸਾਰਾ ਸਰੀਰ। ਚਮੜੀ ਲੱਥ ਗਈ, ਮਾਸ ਲੱਥ ਗਿਆ, ਹੇਠੋਂ ਹੱਡੀਆਂ ਦਿੱਸ ਪਈਆਂ। ਪੁੱਤਰ ਦਾ ਕੱਢਿਆ ਕਲੇਜਾ ਤੇ ਬਾਪ ਦੇ ਤੋੜੇ ਗਏ ਮਾਸ ਦੀ ਘਾਣੀ ਬਾਬਾ ਜੀ ਦੀਆਂ ਅੱਖਾਂ ਦੇ ਸਾਹਵੇਂ ਹੈ। ਬਾਪ ਬੇਟੇ ਦੇ ਲਹੂ ਦੀਆਂ ਘਰਾਲਾਂ ਇੱਕ ਮਿੱਕ ਹੋਈਆਂ ਵਹਿ ਰਹੀਆਂ ਹਨ ਬਾਬੇ ਦੇ ਸਾਹਵੇ। ਪੁੱਤਰ ਦੀ ਤਫੜਦੀ ਲਾਸ਼ ਠੰਡੀ ਪੈ ਚੁੱਕੀ ਹੈ। ਦੱਸੋ ਓਸ ਵੇਲੇ ਬਾਬੇ ਦਾ ਕੌਣ ਸੀ? ਬਾਬਾ ਕੀਹਨੂੰ ਸਮਰਪਤ ਸੀ? ਬੰਦਾ ਕਿਸਦਾ ਬੰਦਾ ਸੀ? ਕੀ ਬਾਬਾ ਗੁਰੂ ਤੋਂ ਮੁੱਖ ਮੋੜ ਗਿਆ ਸੀ? ਜੇ ਬਾਬਾ ਗੁਰੂ ਤੋਂ ਹੀ ਮੁੱਖ ਮੋੜ ਗਿਆ ਸੀ ਤਾਂ ਬਾਬਾ ਸਿੱਖੀ ਫਿਰ ਕਿਸ ਦੀ ਕਮਾ ਰਿਹਾ ਸੀ ਜਿਸ ਕਾਰਨ ਉਹ ਆਪ ਵੀ ਤੂੰਬਾ-ਤੂੰਬਾ ਹੋ ਗਿਆ ਅਤੇ ਅਪਣੇ ਪੁੱਤਰ ਨੂੰ ਵੀ ਕਰਾ ਗਿਆ?ਬਾਬਾ ਬੰਦਾ ਸਿੰਘ ਨੇ ਜਦ ਖਾਲਸਾ ਰਾਜ ਦਾ ਪਹਿਲਾ ਸਿੱਕਾ ਚਲਾਇਆ ਤਾਂ ਅਪਣਾ ਤਾਂ ਉਸ ਵਿੱਚ ਉਸ ਦਾ ਨਾਂ ਹੀ ਨਹੀ ਸੀ। ਸਿੱਕੇ ਦੇ ਇੱਕ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੀ ਅਤੇ ਦੂਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਉਹ ਪਹਿਲਾ ਬਾਦਸ਼ਾਹ ਸੀ ਜਿਸ ਵਾਹੀਕਾਰਾਂ ਨੂੰ ਜਗੀਰਦਾਰਾਂ ਤੋਂ ਜਮੀਨਾਂ ਖੋਹ ਕੇ ਉਨ੍ਹਾ ਦੀ ਅਪਣੀ ਮਾਲਕੀ ਹੇਠ ਦਿੱਤੀਆਂ। ਬਾਬਾ ਜੀ ਨੇ ਹੇਠਲੀ ਉਪਰ ਵਾਲੀ ਕਹਾਵਤ ਨੂੰ ਸਰਅੰਜਾਮ ਦਿੱਤਾ। ਲੋਟੂਆਂ ਦੇ ਨੱਕ ਵਿੱਚ ਨੱਥ ਪਾਈ ਤੇ ਪਹਿਲਾ ਖਾਲਸਾ ਰਾਜ ਸਥਾਪਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਉਹ ਸਖਸ਼ੀਅਤ ਸੀ ਜਿਸਨੂੰ ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ ਕਿਹਾ ਜਾ ਸਕਦਾ ਹੈ ਜਿਸ ਨੇ ਖਾਲਸੇ ਦੇ ਮਨਾ ਵਿੱਚ ਬਾਦਸ਼ਾਹ ਹੋਣ ਦੇ ਸੁਪਨੇ ਜਗਾਏ ਤੇ ਇਹ ਦੱਸਿਆ ਕਿ ਰਾਜ ਕਰਨਾ ਮੁਗਲ ਪਠਾਣਾਂ ਜਾਂ ਹਿੰਦੂਆਂ ਰਾਜਿਆਂ ਦੇ ਹਿੱਸੇ ਹੀ ਨਹੀ ਆਇਆ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਵੀ ਕਰ ਸਕਦਾ ਹੈ।ਇਹ ਵੱਖਰੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਦੇ ਸੁਪਨਿਆਂ ਨੂੰ ਖਾਲਸੇ ਦੀ ਅਪਣੀ ਹੀ ਫੁੱਟ ਨੇ ਸਕਾਰ ਨਾ ਹੋਣ ਦਿੱਤਾ ਨਹੀ ਤਾਂ ਬੰਦੇ ਵਾਸਤੇ ਦਿੱਲੀ ਕਦੇ ਵੀ ਦੂਰ ਨਹੀ ਸੀ। ਸਰਹੰਦ ਤੋਂ ਬਾਅਦ ਦਿੱਲੀ ਵੀ ਬਾਬੇ ਦੇ ਨਾਂ ਤੋਂ ਹਿੱਲ ਚੁੱਕੀ ਹੋਈ ਸੀ। ਮਹਾਰਾਜ ਰਣਜੀਤ ਸਿੰਘ ਵਾਲਾ ਰਾਜ ਬਾਬਾ ਬੰਦਾ ਸਿੰਘ ਵੇਲੇ ਹੀ ਕਾਇਮ ਹੋ ਸਕਦਾ ਸੀ ਜੇ ਖਾਲਸਾ ਆਪਸ ਵਿੱਚ ਪਾਟੋ ਧਾੜ ਹੋ ਕੇ ਬਾਬੇ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਇਕੱਲਿਆਂ ਨਾ ਛੱਡ ਦਿੰਦਾ। ਮੁਗਲਾਂ ਤੋਂ ਨੌਕਰੀਆਂ ਲੈ ਕੇ ਘਰੀਂ ਨਾ ਬੈਠ ਜਾਂਦਾ ਜਾਂ ਗੁਰਦਾਸ ਨੰਗਲ ਮੁਗਲਾਂ ਵਲੋਂ ਨਾ ਲੜਦਾ? ਪਰ ਫਿਰ ਵੀ ਅਸਕੇ ਜਾਈਏ ਉਸ ਸੂਰਬੀਰ ਦੇ ਜਿਸ ਮਰਨਾ ਤਾਂ ਪ੍ਰਵਾਨ ਕਰ ਲਿਆ ਪਰ ਕਾਤਲਾਂ ਨਾਲ ਸਮਝੌਤਾ ਨਹੀ ਕੀਤਾ। ਗੁਰੁ ਦੀ ਬਖਸ਼ੀ ਸਿੱਖੀ ਛੱਡ ਕਲਮਾ ਨਹੀ ਪੜਿਆ, ਗੁਰੂ ਬਾਜਾਂ ਵਾਲੇ ਦੇ ਨਾਂ ਨੂੰ ਆਚ ਨਹੀ ਆਉਂਣ ਦਿੱਤੀ।ਅਖੀਰ ਤੇ! ਬਾਬਾ ਜੀ ਦਾ ਜਨਮ ਦਿਨ ਹਿੰਦੂਆਂ ਦਾ ਇੱਕ ਲੰਗੋਟੀ ਵਾਲਾ ਨਾਗਾ ਜਿਹਾ ਸਾਧ ‘ਮਾਧੋ ਦਾਸ’ ਦੇ ਨਾਂ ਬੜੇ ਧੂੜ ਧੜਕੇ ਨਾਲ ਤਾਂ ਮਨਾ ਰਿਹਾ ਪਰ ਗੁਰੁ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖਵਕਾਉਂਣ ਵਾਲੇ ਅਤੇ ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਦੇ ਸ਼ਹੀਦੀ ਦਿਨ ਬਾਰੇ ਕੀ ਖਾਲਸੇ ਨੂੰ ਕੁੱਝ ਸਾਰ ਹੈ?