ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਸੂਰਬੀਰ, ਸਿੱਖ ਫੌਜਾਂ ਦੇ ਮਹਾਨ ਜਰਨੈਲ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੀਮਤ ਜਿਹੇ ਸਮੇਂ ਵਿੱਚ, ਮਾਮੂਲੀ ਸਾਧਨਾ ਨਾਲ, ਬਿਖੜੇ ਹਾਲਾਤ ਵਿੱਚ, ਭਾਰਤ ਦੀ ਸ਼ਕਤੀਸ਼ਾਲੀ ਜਾਲਮ ਮੁਗਲ ਹਕੂਮਤ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਸਨ। ਇਹ ਸੰਸਾਰ ਦੀ ਗੌਰਵ ਵਾਲੀ, ਜਾਂਬਾਜ ਲੋਕਾਂ ਦੀ, ਵਚਿੱਤਰ ਗਾਥਾ ਹੈ। ਇੱਕ ਮਾਮੂਲੀ ਜਿਹੇ ਗੁਮਨਾਮ ਸਾਧੂ ਨੇ, ਦਸਮ ਪਿਤਾ ਹਜੂਰ ਦਾ ਥਾਪੜਾ ਲੈ ਕੇ, ਅੰਮ੍ਰਿਤ ਛਕਕੇ, ਜੋ ਬਹਾਦਰੀ ਦੇ ਮਾਣਮੱਤੇ ਕਾਰਨਾਮੇ ਕਰ ਵਿਖਾਏ, ਉਹ ਸੰਸਾਰ ਵਿੱਚ ਵਿਰਲੇ ਮਨੁੱਖਾਂ ਦੇ ਹਿੱਸੇ ਹੀ ਆਉਂਦੇ ਹਨ।
ਡਾਕਟਰ ਗੋਕਲ ਚੰਦ ਨਾਰੰਗ ਲਿਖਦਾ ਹੈ - "ਜਿਸ ਸੰਪੂਰਣ ਮਨੁੱਖ ਦੀ ਰੂਪ ਰੇਖਾ, ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤੀ। ਜਿਸਦੀ ਘਾੜਤ ਗੁਰੂ ਗੋਬਿੰਦ ਸਿੰਘ ਜੀ ਨੇ ਘੜੀ। ਉਹ ਸੰਪੂਰਣ ਮਨੁੱਖ ਬੰਦਾ ਸਿੰਘ ਹੀ ਸੀ। ਇਹ ਜ਼ਿੰਦਗੀ ਦਾ ਨਾਟਕ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਲਿਖਿਆ, ਪਰ ਇਸਨੂੰ ਸੰਸਾਰ ਮੰਚ ਤੇ, ਸਫ਼ਲਤਾ ਸਹਿਤ, ਬੰਦਾ ਸਿੰਘ ਨੇ ਖੇਡਿਆ।" ਬਾਬਾ ਜੀ ਅੰਤਮ ਸਮੇਂ ਤੱਕ, ਗੁਰੂ ਹੁਕਮਾਂ ਤੇ, ਪੂਰੀ ਸਿਦਕ ਦਿਲੀ ਨਾਲ, ਪਹਿਰਾ ਦਿੰਦੇ ਰਹੇ। ਜੋ ਸੇਵਾ ਉਹਨਾਂ ਨੂੰ ਸਤਿਗੁਰੂ ਜੀ ਨੇ ਸੌਂਪੀ ਸੀ, ਉਸਨੂੰ ਲੱਖ ਮੁਸੀਬਤਾਂ ਝੱਲਕੇ, ਸੀਸ ਤਲੀ ਤੇ ਰੱਖਕੇ ਲੜਦਿਆਂ, ਅਖੀਰ ਬੰਦ ਬੰਦ ਕਟਵਾ ਕੇ, ਸੂਰਬੀਰਤਾ ਦੀਆਂ ਅਨੇਕ ਮੰਜਿਲਾਂ ਉਤਾਂਹ ਚੜ੍ਹ ਗਏ।
ਬਾਬਾ ਜੀ ਬਾਰੇ ਬਹੁਤ ਲੇਖਕਾਂ ਨੇ ਕਲਮ ਚਲਾਈ ਹੈ। ਗੈਰ ਸਿੱਖਾਂ ਦੇ ਤਾਂ, ਪੱਖਪਾਤ ਦੀ ਐਨਕ ਲੱਗੀ ਹੋਈ ਸੀ ਹੀ, ਪਰ ਸਿੱਖ ਇਤਿਹਾਸਕਾਰਾਂ ਨੇ ਭੀ, ਦੇਸੀ ਬਦੇਸ਼ੀ ਗੈਰਸਿੱਖਾਂ ਦੇ ਗਲਤ ਪਰਭਾਵ ਨੂੰ ਹੀ ਕਬੂਲਿਆ। ਇਸੇ ਲਈ ਅਣਗਿਣਤ ਇਲਜ਼ਾਮ ਬਾਬਾ ਜੀ ਤੇ ਥੋਪ ਦਿੱਤੇ ਗਏ। ਜਿਸ ਸਤਿਕਾਰ ਦੇ, ਬਾਬਾ ਜੀ ਹੱਕਦਾਰ ਸਨ, ਸਾਡੇ ਇਤਿਹਾਸਕਾਰ ਉਹਨਾਂ ਨੂੰ, ਬਣਦਾ ਯੋਗ ਸਤਿਕਾਰ ਨਾਂ ਦੇ ਸਕੇ। ਬਾਬਾ ਬੰਦਾ ਸਿੰਘ ਜੀ ਬਾਰੇ, ਜਿੰਨੀਆਂ ਕਿਤਾਬਾਂ ਮਿਲ ਸਕਦੀਆਂ ਸਨ, ਲੇਖਕ ਨੇ ਉਹਨਾਂ ਸਾਰੀਆਂ ਨੂੰ ਗੁਰੂ ਸਿਧਾਂਤਾਂ ਦੇ ਪਰਿਪੇਖ ਵਿੱਚ ਰੱਖਕੇ, ਵਿਚਾਰਨ ਦਾ ਜਤਨ ਕੀਤਾ ਹੈ। ਜੋ ਕੁਝ ਬਾਬਾ ਜੀ ਬਾਰੇ, ਸਮਝ ਵਿੱਚ ਆ ਸਕਿਆ ਹੈ, ਉਹ ਨਿਵੇਕਲੇ ਨਜ਼ਰੀਏ ਤੋਂ, ਪਾਠਕਾਂ ਨਾਲ ਸਾਂਝਾ ਕਰਨ ਦਾ ਇਹ ਇੱਕ ਜਤਨ ਹੈ।
ਬਾਬਾ ਜੀ ਦੇ ਮੁਢਲੇ ਜੀਵਨ ਬਾਰੇ, ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਬਾਰੇ, ਉਨੀ ਇੱਕੀ ਦੇ ਫਰਕ ਨਾਲ, ਲੱਗਭੱਗ ਸਾਰੇ ਲੇਖਕ ਇੱਕੋ ਜਿਹਾ ਲਿਖਦੇ ਹਨ। ਉਸ ਦੀਆਂ ਸ਼ਾਨਦਾਰ ਜਿੱਤਾਂ, ਯੁੱਧ ਦੇ ਅਨੋਖੇ ਦਾਅ ਪੇਚ, ਘੱਟ ਗਿਣਤੀ ਸਿੱਖਾਂ ਨਾਲ, ਥੋੜੇ ਸਾਧਨਾ ਨਾਲ, ਵੱਡੀ ਤੋਂ ਵੱਡੀ ਰਾਜਸੀ ਸ਼ਕਤੀ ਨੂੰ, ਜ਼ਰਜਰੀ ਕਰਨ ਦੇ ਸਮਰੱਥ ਹੋਣਾ। ਅੱਠ ਸਾਲ ਤੱਕ ਪੰਜਾਬ ਵਿੱਚ ਲਗਾਤਾਰ, ਜਿੱਤ ਦੇ ਝੰਡੇ ਝੁਲਾਉਂਦੇ ਜਾਣਾ, ਮਨੁੱਖਤਾ ਦੇ ਦੋਖੀਆਂ ਨੂੰ ਚੁਣਕੇ ਕਰਾਰੀਆਂ ਸਜਾਵਾਂ ਦੇਣੀਆਂ, ਆਦਿ ਬਾਰੇ ਭੀ ਇਤਿਹਾਸਕਾਰਾਂ ਵਿੱਚ ਕੋਈ ਗੰਭੀਰ ਮੱਤਭੇਦ ਨਹੀਂ ਹਨ।
ਬਾਬਾ ਜੀ ਦੀ ਸੁੱਚੀ ਸ਼ਖ਼ਸੀਅਤ ਨੂੰ ਦਾਗਦਾਰ ਕਰਨ ਵਾਸਤੇ, ਜੋ ਕਮੀਨੇ ਇਲਜਾਮ ਲਾਏ ਗਏ ਹਨ, ਉਹਨਾਂ ਵਿੱਚ ਜ਼ਿਆਦਾ ਉਹੀ ਹਨ, ਜਿਨ੍ਹਾਂ ਦਾ ਪ੍ਰਚਾਰ ਸਮੇਂ ਦੀ ਮੁਗਲ ਹਕੂਮਤ ਵੱਲੋਂ ਜ਼ੋਰ ਸ਼ੋਰ ਨਾਲ ਕਰ ਦਿੱਤਾ ਗਿਆ। ਜਦੋਂ ਕਿ ਬੰਦਾ ਸਿੰਘ ਦੀ ਇੱਕ ਭੀ ਲਿਖਤ ਅਜਿਹੀ ਨਹੀਂ ਮਿਲਦੀ ਜਿਸ ਤੋਂ ਕਿਸੇ ਦੋਸ਼ ਦੀ ਪੁਸ਼ਟੀ ਹੁੰਦੀ ਹੋਵੇ। ਦਰ ਅਸਲ ਬਾਬਾ ਜੀ ਦੀਆਂ ਜਿੱਤਾਂ ਤੋਂ, ਸਰਕਾਰ ਬੁਰੀ ਤਰ੍ਹਾ ਬੌਖਲਾ ਗਈ ਸੀ। ਬਾਦਸ਼ਾਹ ਬਹਾਦਰ ਸ਼ਾਹ, ਖੁਦ ਬੰਦਾ ਸਿੰਘ ਵਿਰੁੱਧ ਫੌਜਾਂ ਦੀ ਨਿਗਰਾਨੀ ਕਰਦਾ ਰਿਹਾ। ਇਥੋਂ ਦੇ ਵਿਗੜੇ ਹਾਲਾਤ ਵੇਖਕੇ, ਸਿੱਖਾਂ ਦੀ ਚੜ੍ਹਤ ਮਹਿਸੂਸ ਕਰਕੇ, ਉਸਨੂੰ ਡੋਬੂ ਪੈ ਰਹੇ ਸਨ। ਇਸੇ ਸਮੇਂ ਲਹੋਰ ਵਿੱਚ, ਸੀਆ ਤੇ ਸੁੰਨੀ ਮੁਸਲਮਾਨਾ ਦੇ ਫਸਾਦ ਭੜਕ ਪਏ। ਬਹਾਦਰ ਸ਼ਾਹ ਇੰਨਾ ਬੇਚੈਨ ਹੋਇਆ, ਕਿ ਉਸਨੇ ਹਾਸੋਹੀਣੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ। ਜਿਵੇਂ - "ਸਾਰੇ ਸ਼ਹਿਰ ਲਹੌਰ ਦੇ ਕੁੱਤੇ ਮਾਰ ਦਿਓ। ਸਾਰੇ ਕਿਤੋਂ ਮੰਗਤਿਆਂ ਤੇ ਫਕੀਰਾਂ ਨੂੰ ਫੜਕੇ ਜੇਲ੍ਹਾਂ ਵਿੱਚ ਬੰਦ ਕਰ ਦਿਓ, ਜਾਂ ਕਤਲ ਕਰ ਦਿਓ।" ਇਸ ਪਾਗਲਪਣ ਦੀ ਹਾਲਤ ਵਿੱਚ ਹੀ ਉਹ 27 ਨਵੰਬਰ 1712 ਨੂੰ ਲਹੌਰ ਵਿਖੇ ਮਰ ਗਿਆ।
ਤਖ਼ਤ ਪ੍ਰਾਪਤੀ ਵਾਸਤੇ, ਬਹਾਦਰ ਸ਼ਾਹ ਦੇ ਚਾਰੇ ਪੁਤਰਾਂ ਵਿੱਚ, ਖੂਬ ਤਲਵਾਰ ਚੱਲੀ। ਅੰਤ ਤਿੰਨ ਭਰਾਵਾਂ ਨੂੰ ਕਤਲ ਕਰਕੇ ਜਹਾਂਦਾਰਖਾਨ ਤਖ਼ਤ ਤੇ ਬੈਠਾ। ਪਰ ਬਹੁਤ ਛੇਤੀ ਇਸਨੂੰ ਮਾਰਕੇ, ਫਰੁੱਖਸੀਅਰ ਬਾਦਸ਼ਾਹ ਬਣ ਬੈਠਾ, ਜੋ 1719 ਤੱਕ ਜੀਵਤ ਰਿਹਾ। ਫਰੁਖਸੀਅਰ ਨੇ, ਸਿੱਖਾਂ ਨੂੰ ਖ਼ਤਮ ਕਰਨ ਵਾਸਤੇ, ਸਾਰੀ ਸਰਕਾਰੀ ਸ਼ਕਤੀ ਝੋਕ ਦਿੱਤੀ। ਦਿੱਲੀ ਤੋਂ ਲੈ ਕੇ ਮੁਲਤਾਨ ਤੱਕ ਦੀਆਂ ਸਾਰੀਆਂ ਫੌਜਾਂ ਨੂੰ, ਬਾਬਾ ਬੰਦਾ ਸਿੰਘ ਨੂੰ, ਜਿਉਂਦਾ ਜਾਂ ਮੁਰਦਾ ਫੜ ਲਿਆਉਣ ਦੇ ਹੁਕਮ ਚਾੜ੍ਹ ਦਿੱਤੇ। ਇਹਨਾਂ ਸਾਰੀਆਂ ਸੰਯੁਕਤ ਸੈਨਾਵਾਂ ਦੀ, ਕੁਲ ਗਿਣਤੀ ਇੱਕ ਲੱਖ ਤੋਂ ਕੁਝ ਜ਼ਿਆਦਾ ਹੀ ਸੀ। ਅੱਠ ਮਹੀਨੇ ਦੇ ਲੰਮੇ ਸਮੇਂ ਤੱਕ, ਇਹ ਫੌਜ ਗੁਰਦਾਸ ਨੰਗਲ ਦੀ ਗੜੀ ਦੁਆਲੇ, ਜਿਥੋਂ ਬਾਬਾ ਜੀ ਸਖ਼ਤ ਮੁਕਾਬਲਾ ਕਰ ਰਹੇ ਸਨ, ਘੇਰਾ ਪਾਈ ਬੈਠੀਆਂ ਰਹੀਆਂ। ਇਹਨਾਂ ਭੂਤਰੇ ਸਿਪਾਹੀਆਂ ਨੇ ਆਲੇ ਦੁਆਲੇ ਪਿੰਡਾਂ ਨੂੰ ਪੰਜਾਹ ਪੰਜਾਹ ਮੀਲ ਤੱਕ ਉਜਾੜ ਦਿੱਤਾ। ਬੇਸ਼ੁਮਾਰ ਲੁੱਟ ਮਾਰ ਕੀਤੀ ਗਈ, ਫਸਲਾਂ ਘੋੜਿਆਂ ਖੱਚਰਾਂ ਨੂੰ ਖਵਾ ਦਿੱਤੀਆਂ। ਬਹੂ ਬੇਟੀਆਂ ਦੀਆਂ ਇੱਜਤਾਂ ਰੁਲਦੀਆਂ ਰਹੀਆਂ। ਫਿਰ ਭੀ ਇਨੇ ਵੱਡੇ ਲਾਉ ਲਸ਼ਕਰ ਵਾਸਤੇ, ਸਾਰੀਆਂ ਸਹੂਲਤਾਂ ਪ੍ਰਦਾਨ ਕਰਵਾਣੀਆਂ, ਸੌਖਾ ਕੰਮ ਨਹੀਂ ਸੀ। ਇਸ ਸਮੇਂ ਵਿਚਕਾਰ, ਆਲੇ ਦੁਆਲੇ ਗੰਦਗੀ ਫੈਲ ਗਈ। ਬਿਮਾਰੀ ਨਾਲ ਲੱਗੇ ਫੌਜੀ ਧੜਾ ਧੜ ਮਰਨ। ਫੌਜੀ ਜਰਨੈਲ ਹਾਲਾਤ ਦੀ ਗੰਭੀਰਤਾ ਨੂੰ ਵੇਖਕੇ, ਦਿਲ ਛੱਡ ਬੈਠੇ। ਇੱਧਰ ਬਾਬਾ ਬੰਦਾ ਸਿੰਘ ਸੀ ਕਿ ਕੁਝ ਭੀ ਨਾਂ ਹੁੰਦਿਆਂ, ਸੀਸ ਤਲੀ ਤੇ ਰੱਖ ਕੇ, ਬੇਖੌਫ ਲੜ ਰਿਹਾ ਸੀ। ਅਬਦੁਸਮੱਦ ਖਾਂ ਨੇ, ਸਾਰੀਆਂ ਰਿਪੋਟਾਂ ਫਰੁੱਖਸ਼ੀਅਰ ਨੂੰ ਦਿੱਲੀ ਭੇਜੀਆਂ। ਬਾਦਸ਼ਾਹ ਖ਼ਤ ਪੜ੍ਹਕੇ ਬਹੁਤ ਚਿੰਤਾਤੁਰ ਹੋਇਆ। ਉਸਨੇ ਮਹਿਸੂਸ ਕਰ ਲਿਆ ਕਿ ਇਸ ਤਰ੍ਹਾਂ ਸਿੱਧੀ ਟੱਕਰ ਵਿੱਚ, ਅਸੀਂ ਸਿੱਖਾਂ ਤੇ ਪੂਰੀ ਜਿੱਤ ਹਾਸਲ ਨਹੀਂ ਕਰ ਸਕਾਂਗੇ।
ਮਾਤਾ ਸੁੰਦਰੀ ਜੀ ਦਿੱਲੀ ਵਿੱਚ ਰਹਿ ਰਹੇ ਸਨ। ਮੈਕਾਲਫ਼ ਅਤੇ ਖਜਾਨ ਸਿੰਘ ਲਿਖਦੇ ਹਨ, ਕਿ ਫਰੁੱਖਸੀਅਰ ਨੇ ਮਾਤਾ ਜੀ ਤੱਕ ਪਹੁੰਚ ਕੀਤੀ, ਤੇ ਕਿਹਾ, "ਬੰਦਾ ਸਿੰਘ ਨੇ ਗੁਰੂ ਘਰ ਦਾ ਨੁਕਸਾਨ ਕਰਨ ਵਾਲੇ, ਸਾਰੇ ਲੋਕਾਂ ਨੂੰ ਸਜਾ ਦੇ ਦਿੱਤੀ ਹੈ। ਉਹ ਹੁਣ ਹੋਰ ਹਮਲੇ ਕਰਨੇ ਬੰਦ ਕਰ ਦੇਵੇ।" ਉਸ ਵਕਤ ਮਾਤਾ ਜੀ ਨੂੰ, ਹਕੂਮਤ ਵੱਲੋਂ ਗੁਜਾਰਾ ਭੱਤਾ ਮਿਲ ਰਿਹਾ ਸੀ। ਜਾਂ ਇਉਂ ਕਹੋ ਮਾਤਾ ਜੀ ਸਖਤ ਸਰਕਾਰੀ ਨਿਗਰਾਨੀ ਵਿੱਚ ਸਨ। ਬਾਹਰ ਦੀ ਸਾਰੀ ਠੀਕ ਖਬਰ ਉਹਨਾਂ ਤੱਕ ਨਹੀਂ ਪਹੁੰਚਦੀ ਸੀ। ਕਿਉਂਕਿ ਰਹਿੰਦੀ ਸਾਰੀ ਉਮਰ ਮਾਤਾ ਜੀ ਨੂੰ ਦਿੱਲੀ ਤੋਂ ਕਿਧਰੇ ਬਾਹਰ ਨਹੀਂ ਜਾਣ ਦਿੱਤਾ ਗਿਆ। ਕੁਝ ਕੁ ਸਿੱਖਾਂ ਨੂੰ ਭੀ ਬਾਦਸ਼ਾਹ ਨੇ ਨਾਲ ਸਹਿਮਤ ਕਰ ਲਿਆ। ਇਹਨਾਂ ਸਾਰਿਆਂ ਦੇ ਜੋਰ ਪਾਉਣ ਤੇ ਮਾਤਾ ਜੀ ਨੇ ਬਾਬਾ ਬੰਦਾ ਸਿੰਘ ਵੱਲ, ਜੰਗ ਬੰਦੀ ਦੀ ਚਿੱਠੀ ਲਿਖ ਦਿੱਤੀ। ਪਰ ਹਾਲਾਤ ਦੀ ਨਜਾਕਤ ਨੂੰ ਸਮਝਦਿਆਂ, ਬਾਬਾ ਜੀ ਨੇ ਜੰਗਬੰਦੀ ਤੋਂ ਨਾਂਹ ਕਰ ਦਿੱਤੀ। ਕਿਉਂਕਿ ਉਹ ਇਸ ਨੂੰ ਇੱਕ ਸਰਕਾਰੀ ਸਾਜਿਸ਼ ਸਮਝਦੇ ਸਨ। ਮਾਤਾ ਸੁੰਦਰੀ ਜੀ ਨੇ, ਪਤਾ ਲੱਗਣ ਤੇ ਮੁੜ ਇੱਕ ਪੱਤਰ (ਹਕੂਮਤ ਦੇ ਦਬਾਓ ਕਾਰਨ) ਲਿਖ ਕੇ ਸਿੱਖਾਂ ਨੂੰ ਬੰਦਾ ਸਿੰਘ ਨਾਲੋਂ ਸਬੰਧ ਤੋੜ ਲੈਣ ਲਈ ਕਿਹਾ। ਇਹ ਭੀ ਸੰਭਵ ਹੈ ਕਿ ਇਹ ਖਤ ਸਾਰੇ ਜਾਹਲੀ ਹੀ ਹੋਣ, ਮਾਤਾ ਜੀ ਦਾ ਨਾਮ ਵਰਤਕੇ ਸਰਕਾਰ ਨੇ ਲਿਖੇ ਹੋਣ। ਕੁਝ ਵੀ ਹੋਵੇ, ਫਰੁੱਖਸੀਅਰ ਮਾਤਾ ਜੀ ਰਾਹੀਂ ਸਿੱਖਾਂ ਵਿੱਚ ਪਾੜ ਪਾਉਣ ਵਿੱਚ ਕਾਮਯਾਬ ਹੋ ਗਿਆ। ਸਰਕਾਰ ਪੱਖੀ ਸਿੱਖਾਂ ਨੇ, ਬੰਦਾ ਸਿੰਘ ਤੇ ਹੇਠ ਲਿਖੇ ਇਲਜ਼ਾਮ ਲਾਏ, ਤੇ ਮਾਤਾ ਜੀ ਨੇ ਹੁਕਮਨਾਮਾ ਜਾਰੀ ਕਰ ਦਿੱਤਾ। ਇਲਜਾਮ ਇਹ ਸਨ:
ਬੰਦਾ ਸਿੰਘ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਫੁਰਮਾਨਾ ਵਿਰੁੱਧ, ਅਪਣਾ ਮਤ ਚਲਾਇਆ ਹੈ।
ਉਸਨੇ ਵਿਆਹ ਕਰਵਾਕੇ ਗੁਰੂ ਜੀ ਦੇ ਜਤੀ ਸਤੀ ਰਹਿਣ ਦੇ ਹੁਕਮ ਦੀ ਉਲੰਘਣਾ ਕੀਤੀ ਹੈ।
ਉਸਨੇ ਖੰਡੇ ਦੀ ਪਾਹੁਲ ਦੀ ਥਾਵੇਂ ਚਰਨ ਪਾਹੁਲ ਸ਼ੁਰੂ ਕਰ ਦਿੱਤੀ ਹੈ।
ਉਸਨੇ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ, ਫਤਿਹ ਦਰਸ਼ਨ ਆਖਣਾ ਸ਼ੁਰੂ ਕਰਵਾ ਦਿੱਤਾ ਹੈ।
ਉਸਨੇ ਗੁਰੂ ਕੇ ਸਿੱਖਾਂ ਨੂੰ, ਬੰਦਈ ਸਿੱਖ ਕਹਿਣਾ ਸ਼ੁਰੂ ਕਰ ਦਿੱਤਾ ਹੈ।
ਉਸਨੇ ਸ਼ਾਹੀ ਲਿਬਾਸ, ਅਤੇ ਠਾਠ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ।
ਉਹ ਹੰਕਾਰੀ ਹੋ ਗਿਆ ਹੈ, ਤੇ ਸਿੱਖਾਂ ਨੂੰ ਘਟੀਆ ਸਮਝਦਾ ਹੈ।
ਇਹਨਾਂ ਉਪਰ ਵਰਣਿਤ ਦੋਸ਼ਾਂ ਨੂੰ ਡਾ: ਗੰਡਾ ਸਿੰਘ ਨੇ ਪ੍ਰਵਾਨ ਨਹੀਂ ਕੀਤਾ। ਇਹ ਕੇਵਲ ਸਰਕਾਰੀ ਪ੍ਰਾਪੇਗੰਡਾ ਸੀ। ਇਸ ਹੁਕਮਨਾਮੇ ਦੀ ਆੜ ਹੇਠ ਔਖੇ ਵੇਲੇ ਬੰਦਾ ਸਿੰਘ ਨਾਲੋਂ ਤੋੜ ਵਿਛੋੜਾ ਕਰਨ ਵਾਲੇ ਸਿੱਖਾਂ, ਤੇ ਫਰੁੱਖ਼ਸੀਅਰ ਬਹੁਤ ਪ੍ਰਸੰਨ ਹੋਇਆ। ਉਹਨਾਂ ਨੂੰ ਤੋਹਫੇ ਤੇ ਜਾਗੀਰਾਂ ਦਿੱਤੀਆਂ, ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕਬਜ਼ਾ ਦੇ ਦਿੱਤਾ, ਪੰਜ ਸੌ ਸਿੱਖ ਸਰਕਾਰੀ ਫੌਜ ਵਿੱਚ ਨੌਕਰ ਰੱਖ ਲਿਆ। ਸਾਲ ਦਾ 5000 ਰੁਪਿਆ "ਲੰਗਰ" ਲਈ, ਸਰਕਾਰ ਨੇ ਹੋਰ ਦੇਣਾ ਪ੍ਰਵਾਨ ਕੀਤਾ। ਦੌਲਤ ਰਾਏ, ਖਜ਼ਾਨ ਸਿੰਘ ਤੇ ਡਾਕਟਰ ਗੰਡਾ ਸਿੰਘ ਮੁਤਾਬਕ ਮਿਲਵਰਤਣੀਏ ਸਿੱਖਾਂ ਨਾਲ ਸਰਕਾਰ ਨੇ ਇਹ ਸ਼ਰਤਾਂ ਤੈਹ ਕੀਤੀਆਂ:
ਖਾਲਸਾ, ਸਰਕਾਰ ਦੇ ਇਲਾਕਿਆਂ ਅਤੇ ਕੰਮਾਂ ਵਿੱਚ ਦਖ਼ਲ ਨਹੀਂ ਦੇਵੇਗਾ।
ਤੱਤ ਖਾਲਸਾ, ਬੰਦਾ ਸਿੰਘ ਦੀ ਕੋਈ ਸਹਾਇਤਾ ਨਹੀਂ ਕਰੇਗਾ।
ਲੋੜ ਪੈਣ ਤੇ ਤੱਤ ਖਾਲਸਾ, ਸਰਕਾਰ ਦੀ ਫੌਜੀ ਸਹਾਇਤਾ ਕਰੇਗਾ।
ਪੰਜਾਬ ਦੇ ਹਿੰਦੂਆਂ ਤੇ ਸਰਕਾਰ ਵੱਲੋਂ ਕੋਈ ਜ਼ੁਲਮ ਤੇ ਅਨਿਆ ਨਹੀਂ ਕੀਤਾ ਜਾਵੇਗਾ।
ਹੁਣ ਪਾਠਕ ਜਨ ਉੱਪਰ ਦਿੱਤੀਆਂ ਸ਼ਰਤਾਂ ਨੂੰ ਗੌਰ ਨਾਲ ਪੜ੍ਹਨ। ਸਪੱਸ਼ਟ ਹੋ ਜਾਵੇਗਾ ਕਿ ਬੰਦਾ ਸਿੰਘ ਤੇ ਲਗਾਏ ਦੋਸ਼, ਬੇਬੁਨਿਆਦ ਅਤੇ ਗਲਤ ਸਨ। ਸਗੋਂ ਜਿਸਨੂੰ ਤੱਤ ਖਾਲਸਾ ਪ੍ਰਚਾਰਿਆ ਗਿਆ ਹੈ, ਗਦਾਰੀ ਉਸਨੇ ਕੀਤੀ ਹੈ। ਸਰਕਾਰੀ ਸਰਪ੍ਰਸਤੀ ਵਿੱਚ ਉਹੀ ਗਿਆ ਹੈ। ਜਗੀਰਾਂ ਤੇ ਇਨਾਮ ਉਸਨੇ ਲਏ ਹਨ। ਬੰਦਾ ਸਿੰਘ ਤਾਂ ਬੱਬਰ ਸ਼ੇਰਾਂ ਵਾਂਗ ਮੈਦਾਨ ਵਿੱਚ ਭਬਕਾਂ ਮਾਰ ਰਿਹਾ ਸੀ। ਹੁਣ ਇੱਕ ਇੱਕ ਇਲਜਾਮ ਦਾ ਨੰਬਰਵਾਰ ਜੁਆਬ:
ਦਸਮ ਪਾਤਸ਼ਾਹ ਜਾਂ ਕਿਸੇ ਗੁਰਵਿਅਕਤੀ ਨੇ, ਕਿਸੇ ਸਿੱਖ ਨੂੰ ਵਿਆਹ ਕਰਵਾਣ ਤੋਂ ਕਦੇ ਨਹੀਂ ਰੋਕਿਆ। ਸਿੱਖੀ ਗ੍ਰਿਸਤ ਪ੍ਰਧਾਨ ਧਰਮ ਹੈ। ਖੁਦ ਗੁਰੂ ਵਿਅਕਤੀ ਸ਼ਾਦੀ ਸ਼ੁਦਾ ਸਨ।
ਬੰਦਾ ਸਿੰਘ ਨੇ ਗੁਰੂ ਹੁਕਮਾਂ ਤੋਂ ਵਿਰੁੱਧ ਕੋਈ ਨਵਾਂ ਧਰਮ ਨਹੀਂ ਚਲਾਇਆ। ਇਸ ਦੀ ਪੁਸ਼ਟੀ ਲਈ ਉਸ ਵੱਲੋਂ ਤਿਆਰ ਮੋਹਰਾਂ ਤੇ ਸਿੱਕੇ ਵੇਖੇ ਜਾ ਸਕਦੇ ਹਨ।
ਉਸਨੇ ਚਰਨ ਪਾਹੁਲ ਕਦੀ ਭੀ ਨਹੀਂ ਚਾਲੂ ਕੀਤੀ। ਫਤਿਹ ਦਰਸ਼ਨ ਕਹਿਣ ਦਾ ਕੋਈ ਸਬੂਤ ਨਹੀਂ ਹੈ।
ਉਸਨੇ ਕਦੀ ਭੀ ਕਿਸੇ ਸਿੱਖ ਨੂੰ ਬੰਦਈ ਸਿੱਖ ਨਹੀਂ ਕਿਹਾ। ਇਸਦਾ ਕੋਈ ਸਬੂਤ ਨਹੀਂ ਹੈ।
ਸ਼ਾਹੀ ਲਿਬਾਸ ਜਾਂ ਠਾਠ ਤੋਂ ਸਤਿਗੁਰੂ ਜੀ ਨੇ ਕਦੀ ਕਿਸੇ ਸਿੱਖ ਨੂੰ ਨਹੀਂ ਰੋਕਿਆ।
ਉਸਨੇ ਹੰਕਾਰ ਵਿੱਚ ਕਦੀ ਕਿਸੇ ਸਿੱਖ ਨੂੰ, ਮੰਦਾ ਬਚਨ ਨਹੀਂ ਬੋਲਿਆ। ਇਹ ਤੁਹਮਤਾਂ ਬਿਨਾਂ ਸਬੂਤਾਂ ਤੋਂ ਹੀ ਲਾਈਆਂ ਗਈਆਂ
ਹਨ। ਹੁਣ ਅਗਲਾ ਹਿੱਸਾ ਤੱਤ ਖਾਲਸੇ ਵਾਲਾ ਵਿਚਾਰੀਏ:
ਖਾਲਸਾ ਬਾਦਸ਼ਾਹ ਦੇ ਇਲਾਕਿਆਂ, ਤੇ ਕੰਮ ਵਿੱਚ ਕਿਉਂ ਦਖਲ ਨਹੀਂ ਦੇਵੇਗਾ ? ਜਦੋਂ ਕਿ ਹਾਕਮ ਬਦੇਸ਼ੀ ਸਨ। ਜ਼ਾਲਮ ਸਨ, ਕੀ ਮਿਸਲਾਂ ਵਕਤ ਹਕੂਮਤ ਤੋਂ ਦੇਸ਼ ਖੋਹ ਕੇ, ਸਿੱਖ ਰਾਜ ਕਾਇਮ ਨਹੀਂ ਕੀਤਾ?
ਤੱਤ ਖਾਲਸੇ ਦੀ ਨੇਕ ਨਾਮੀ ਵਲ ਧਿਆਨ ਮਾਰੋ। ਘੋਰ ਮੁਸੀਬਤਾਂ ਵਿੱਚ ਘਿਰੇ, ਅੱਠ ਮਹੀਨਿਆਂ ਤੋਂ ਲੜ ਰਹੇ ਸਿੱਖ ਭਰਾਵਾਂ ਦੀ, ਤੱਤ ਖਾਲਸਾ ਮਦਦ ਨਹੀਂ ਕਰੇਗਾ। ਐਡਾ ਹਨੇਰ?
ਸਗੋਂ ਲੋੜ ਪੈਣ ਤੇ ਅਖੌਤੀ ਤੱਤ ਖਾਲਸਾ ਸਰਕਾਰ ਦੀ ਮਦਦ ਕਰੇਗਾ। ਭਰਾਵਾਂ ਨੂੰ ਮਰਵਾਣ ਲਈ?
ਬਦਲੇ ਵਿੱਚ 5000 ਸਾਲਾਨਾ, ਦਰਬਾਰ ਸਾਹਿਬ ਦਾ ਕਬਜਾ, 500 ਆਦਮੀ ਫੌਜ ਵਿੱਚ ਭਰਤੀ ਕਰਨ ਦਾ ਇਨਾਮ ਮਿਲਿਆ, ਇਸ ਤੱਤ ਖਾਲਸੇ ਨੂੰ।
ਇਸ ਆਪਸੀ ਫੁੱਟ ਨਾਲ, ਖਾਲਸਾ ਪੰਥ ਦਾ, ਅਤੇ ਸਮੁੱਚੇ ਦੇਸ਼ ਦਾ ਬਹੁਤ ਨੁਕਸਾਨ ਹੋਇਆ। ਬਾਬਾ ਜੀ ਕੋਲ ਸਿੱਖਾਂ ਦੀ ਗਿਣਤੀ ਬਹੁਤ ਘਟ ਗਈ। ਅਸਲਾ ਬਾਰੂਦ ਮੁੱਕਣ ਨੇੜੇ ਪੁੱਜ ਗਿਆ, ਪਰ ਹਿੰਮਤ ਨਹੀਂ ਹਾਰੀ, ਕੋਈ ਗੈਰਤਹੀਣ ਸਮਝੌਤਾ ਨਾਂ ਕੀਤਾ।
ਬਾਹਰ ਰਹਿ ਗਏ ਸਿੱਖਾਂ (ਗੁਰਦਾਸ ਨੰਗਲ ਦੀ ਗੜ੍ਹੀ ਤੋਂ) ਨੇ, ਫਰੁੱਖਸੀਅਤ ਨੂੰ, ਵਿਸ਼ਵਾਸ ਦੁਆਵਿਆ ਕਿ ਅਸੀਂ, ਬੰਦਾ ਸਿੰਘ ਦੀ ਸਹਾਇਤਾ ਤਾਂ ਕੀ ਕਰਨੀ ਸੀ, ਸਗੋਂ ਵਸ ਲੱਗੇ, ਗੜ੍ਹੀ ਵਿੱਚ ਘਿਰੇ ਸਿਖਾਂ ਨੂੰ, ਹੌਸਲਾਹੀਣ ਕਰਨ ਦਾ ਪੂਰਾ ਜਤਨ ਕਰਾਂਗੇ। ਇਸੇ ਤਰ੍ਹਾਂ ਕੀਤਾ ਗਿਆ, ਮਿੱਥੇ ਪ੍ਰੋਗਰਾਮ ਮੁਤਾਬਕ, ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ ਨੇ, ਬਾਬਾ ਬੰਦਾ ਸਿੰਘ ਵਿਰੁੱਧ ਅਪਮਾਨ ਜਨਕ ਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ। ਬੰਦਾ ਸਿੰਘ ਜੀ ਨੇ ਬਹੁਤ ਸਮਝਾਇਆ, ਪਰ ਉਹ ਬਾਜ ਨਾ ਆਏ। ਨੌਬਤ ਇੰਨੀ ਵਧ ਗਈ ਕਿ ਉਹਨਾਂ ਬੰਦਾ ਸਿੰਘ ਨੂੰ ਮਾਰਨ ਵਾਸਤੇ, ਤਲਵਾਰਾਂ ਧੂਹ ਲਈਆਂ। ਅਖੀਰ ਸਰਕਾਰੀ ਸ਼ਹਿ ਉਤੇ, ਪੰਜ ਸੌ ਸਾਥੀਆਂ ਦਾ ਲਸ਼ਕਰ ਲੈ ਕੇ, ਬਾਬਾ ਬੋਨੋਦ ਸਿੰਘ, ਬਾਹਰ ਨਿਕਲ ਗਏ। ਸਰਕਾਰੀ ਫੌਜ ਵੱਲੋਂ ਗਿਣੀ ਮਿੱਥੀ ਸਾਜਿਸ਼ ਤਹਿਤ, ਉਹਨਾਂ ਨੂੰ ਸਹੀ ਸਲਾਮਤ ਲੰਘ ਜਾਣ ਦਿੱਤਾ ਗਿਆ।
ਸਿੱਖਾਂ ਵਿੱਚ ਪਾੜ ਪੈ ਜਾਣ ਤੋਂ, ਫਰੁੱਖਸੀਅਤ ਅਤੀ ਪ੍ਰਸੰਨ ਹੋਇਆ। ਉਸਨੇ ਲਾਹੌਰ ਦੇ ਸੂਬੇਦਾਰ ਅਬਦੁਲ ਸਮੁੱਦਖ਼ਾਨ ਨੂੰ, ਨਵੇਂ ਸਿਰਿਉਂ ਜੋਰਦਾਰ ਹਮਲਾ ਕਰਨ ਦਾ ਹੁਕਮ ਕੀਤਾ। ਨਾਲ ਹੀ ਉਸ ਦੀ ਸਹਾਇਤਾ ਵਾਸਤੇ, ਕਸ਼ਮੀਰ ਦਾ ਸੂਬੇਦਾਰ ਜਬਰਦਸਤ ਖਾਨ, ਵੱਡੀ ਫੌਜ ਸਮੇਤ ਪੁੱਜ ਗਿਆ। ਡਾ: ਗੰਡਾ ਸਿੰਘ ਮੁਤਾਬਕ ਪੰਜਾਬ ਦੇ ਜਾਗੀਰਦਾਰਾਂ ਅਤੇ ਫੌਜਦਾਰਾਂ ਨੂੰ ਭੀ, ਆਪਣੀਆਂ ਰਾਖਵੀਆਂ ਫੌਜਾਂ, ਬੰਦਾ ਸਿੰਘ ਵਿਰੁੱਧ ਚਾੜ੍ਹਨ ਵਾਸਤੇ ਲਿਖ ਭੇਜਿਆ। ਇਸ ਤਰ੍ਹਾਂ ਗੁਜਰਾਤ ਦਾ ਸੂਬੇਦਾਰ ਮਿਰਜ਼ਾ ਅਹਿਮਦਖਾਨ, ਅਮੀਨਾਬਾਅਦ ਦਾ ਫੌਜਦਾਰ ਇਰਾਦਤ ਖਾਨ, ਔਰੰਗਬਾਅਦ ਤੇ ਪਸਰੂਰ ਦੇ ਨੂਰ ਮਹੁੰਮਦਖਾਨ, ਪੱਟੀ ਤੇ ਕਲਾਨੌਰ ਆਦਿ ਦੇ। ਕਟੋਚ ਦੇ ਰਾਜਾ ਭੀਮ ਸਿੰਘ, ਜਸਰੌਤਾ ਦੇ ਰਾਜਾ ਹੰਸਦੇਵ ਨੇ ਭੀ, ਆਪਣੀਆਂ ਸਸਤਰਬੱਧ ਸੈਨਾਵਾਂ ਨੂੰ, ਲਾਹੋਰੀ ਸੈਨਾ ਦੇ ਨਾਲ ਮਿਲਾ ਲਿਆ। ਸਾਂਝੀ ਹਿੰਦੂ ਮੁਸਲਮਾਨਾਂ ਦੀ ਮਿਲਵੀਂ ਫੌਜ ਨੇ, ਦੁਬਾਰਾ ਬੰਦਾ ਸਿੰਘ ਤੇ ਜ਼ੋਰਦਾਰ ਹਮਲੇ ਕੀਤੇ।
ਬੰਦਾ ਸਿੰਘ ਬਹਾਦਰ ਨਾਲ, ਕੋਟ ਮਿਰਜਾਜਾਨ ਵਿਖੇ ਹੋਈ ਜਬਰਦਸਤ ਲੜਾਈ ਦਾ ਹਾਲ, ਮੌਕੇ ਦਾ ਗਵਾਹ, ਸੀਅਰਉਲ ਮੁਖਤਾਰੀਨ ਦਾ ਕਰਤਾ ਲਿਖਦਾ ਹੈ - "ਬੰਦਾ ਮੈਦਾਨ ਵਿੱਚ ਸਭ ਨੂੰ ਹੈਰਾਨ ਕਰਦਿਆਂ ਡਟਿਆ ਖਲੋਤਾ ਸੀ। ਉਹ ਪਹਿਲੀ ਮੁੱਠ ਭੇੜ ਵਿੱਚ ਇੰਨੀ ਬਹਾਦਰੀ ਨਾਲ ਲੜਿਆ ਕਿ ਸ਼ਾਹੀ ਫੌਜਾਂ ਹਾਰ ਖਾਕੇ ਦੌੜਨ ਹੀ ਵਾਲੀਆਂ ਸਨ ਕਿ ਬੰਦੇ ਨੂੰ ਪਿੱਛੇ ਹਟਣਾ ਪੈ ਗਿਆ।" ਬਾਬਾ ਜੀ ਮੋਰਚਾ ਦਰ ਮੋਰਚਾ ਪਿੱਛੇ ਹਟਦੇ ਹੋਏ, ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਪੁੱਜ ਗਏ। ਸਮਕਾਲੀ ਲੇਖਕ ਖਾਫ਼ੀ ਖਾਨ ਲਿਖਦਾ ਹੈ ਕਿ -"ਕਾਫਰ (ਸਿੱਖ) ਇੰਨੇ ਭਿਆਨਕ ਢੰਗ ਨਾਲ ਲੜੇ, ਕਿ ਇਸਲਾਮੀ ਸੈਨਾ ਨੂੰ ਬਿਲਕੁਲ ਹਾਰ ਦੇ ਨੇੜੇ ਪੁਚਾ ਦਿੱਤਾ। ਬਾਰ ਬਾਰ ਉਹਨਾਂ ਇਸ ਸਿਰੇ ਦੀ ਦਲੇਰੀ ਦਾ ਵਿਖਾਵਾ ਕੀਤਾ।" ਸਾਹਮਣੇ ਮੱਥੇ ਲੜਨ ਦੀ ਥਾਵੇਂ, (ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ) ਸ਼ਾਹੀ ਫੌਜਾਂ ਨੇ ਨਾਕੇਬੰਦੀ ਦਾ ਸਹਾਰਾ ਲਿਆ। ਰਸਦ ਪਾਣੀ, ਘਾਹ ਪੱਠਾ, ਆਉਣ ਦੀਆਂ ਸਾਰੀਆਂ ਲਾਈਨਾ ਕੱਟ ਦਿੱਤੀਆਂ। ਅੰਦਰੋਂ ਸਭ ਕੁਝ ਖ਼ਤਮ ਹੁੰਦਾ ਗਿਆ। ਇਥੋਂ ਤੱਕ ਦਰਦਨਾਕ ਸਥਿਤੀ ਹੋ ਗਈ ਕਿ ਉਹਨਾਂ ਆਪਣੇ ਘੋੜੇ ਭੀ ਮਾਰ ਕੇ ਖਾ ਲਏ। ਅੱਗੋਂ ਮਾਸ ਪਕਾਉਣ ਲਈ ਲੱਕੜੀ ਭੀ ਨਹੀਂ ਸੀ। ਕੱਚਾ ਮਾਸ ਖਾਕੇ ਬਹੁਤੇ ਸਿੱਖ ਬਿਮਾਰ ਹੋ ਗਏ। ਇਸ ਅਤਿਅੰਤ ਮੁਸੀਬਤ ਵਿੱਚ ਭੀ ਅੱਠ ਮਹੀਨੇ ਤੱਕ ਪੂਰੇ ਹੌਸਲੇ ਨਾਲ ਮੁਕਾਬਲਾ ਕਰਦੇ ਰਹੇ। ਅੰਤ ਸਾਰੀ ਸਥਿਤੀ ਤੇ ਗੰਭੀਰਤਾ ਨਾਲ ਸੋਚ ਵਿਚਾਰ ਤੋਂ ਬਾਅਦ, ਭੁੱਖ ਨਾਲ ਮਰਨ ਜਾਂ ਹਥਿਆਰ ਸੁੱਟ ਕੇ ਈਨ ਮੰਨ ਲੈਣ ਦੀ ਥਾਂ, ਜੰਗ ਵਿੱਚ ਜੂਝ ਕੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ। ਸਿੱਖ ਸਿਪਾਹੀ ਭੁੱਖ ਅਤੇ ਬਿਮਾਰੀ ਕਾਰਨ, ਹੱਦ ਦਰਜੇ ਦੇ ਕਮਜ਼ੋਰ ਹੋ ਚੁੱਕੇ ਸਨ। ਇਸ ਹਾਲ ਵਿੱਚ ਭੀ ਬਾਬਾ ਜੀ ਦਾ ਹੁਕਮ ਪਾ ਕੇ ਦੁਸ਼ਮਣ ਫੌਜ ਤੇ ਬਾਜਾਂ ਵਾਂਗ ਝਪਟ ਪਏ। ਕਈ ਕਈ ਨੂੰ ਮਾਰ ਕੇ ਮਰਦੇ ਗਏ। ਬਿਮਾਰੀ ਤੇ ਸਰੀਰਕ ਕਮਜੋਰੀ ਕਾਰਨ ਛੇਤੀ ਹੰਭ ਗਏ, ਸਰੀਰ ਨਿਢਾਲ ਹੋ ਗਏ, ਤੇ ਜ਼ਮੀਨ ਤੇ ਡਿਗਦੇ ਗਏ। ਹੁਣ ਬਾਬਾ ਬੰਦਾ ਸਿੰਘ ਲੜਨ ਵਾਲਾ ਇਕੱਲਾ ਰਹਿ ਗਿਆ। ਦੋ ਮੀਲ ਦਾ ਅਰਧ ਗੋਲਾਕਾਰ ਚੱਕਰ ਬਣਾਕੇ, ਭਾਰੀ ਗਿਣਤੀ ਵਿੱਚ ਸ਼ਾਹੀ ਫੌਜ ਉਸ ਨਾਲ ਲੜ ਰਹੀ ਸੀ। ਉਹ ਧਾਈ ਕਰਕੇ ਜੈਕਾਰੇ ਗੁਜਾਉਂਦਾ ਜਿੱਧਰ ਪੈਂਦਾ ਦੁਸ਼ਮਣਾ ਵਿੱਚ ਭਾਜੜਾਂ ਪਾ ਦਿੰਦਾ। ਬੰਦਾ ਸਿੰਘ ਬਿਜਲੀ ਦੀ ਤੇਜੀ ਨਾਲ, ਮੈਦਾਨ ਵਿੱਚ ਸ਼ਸਤਰ ਚਲਾ ਰਿਹਾ ਸੀ। ਉਸਨੂੰ ਜਿਉਂਦੇ ਪਕੜਨ ਵਾਸਤੇ, ਨਾਮੀ ਸੂਰਬੀਰ ਅੱਗੇ ਵਧਦੇ, ਤੇ ਉਹ ਸਾਰਿਆਂ ਨੂੰ ਪਲਾਂ ਵਿੱਚ ਹੀ, ਜ਼ਮੀਨ ਤੇ ਢੇਰੀ ਕਰ ਦਿੰਦਾ। ਆਪਣੀ ਦਿਨ ਭਰ ਦੀ ਅਸਾਵੀਂ, ਤੇ ਲਾਮਿਸਾਲ ਸੂਰਮਗਤੀ ਨਾਲ ਲੜਦਿਆਂ, ਬਾਬਾ ਜੀ ਨੇ ਸ਼ਾਹੀ ਫੌਜ ਦੇ 59 ਲੜਾਕੇ ਯੋਧਿਆਂ ਨੂੰ ਅਗਲੇ ਜਹਾਨ ਪੁਚਾ ਦਿੱਤਾ। ਜਦੋਂ ਉਹ ਥੱਕ ਕੇ ਚੂਰ ਹੋ ਗਿਆ, ਹਥਿਆਰ ਇੱਕ ਇੱਕ ਕਰਕੇ ਜਵਾਬ ਦਿੰਦੇ ਗਏ, ਘੇਰਾ ਹੋਰ ਭੀੜਾ ਕਰ ਲਿਆ ਗਿਆ। ਇਸ ਹਾਲਤ ਵਿੱਚ ਬਹੁਤ ਸਾਰੇ ਲਸਕਰ ਨੇ ਝਪਟਾ ਮਾਰ ਕੇ ਬਾਬਾ ਜੀ ਤੇ ਹੱਲਾ ਬੋਲ ਦਿੱਤਾ, ਤੇ ਫੜਕੇ, ਬੇੜੀਆਂ ਵਿੱਚ ਜਕੜਕੇ, ਪਿੰਜਰੇ ਵਿੱਚ ਬੰਦ ਕਰ ਲਿਆ। ਬਾਬਾ ਜੀ ਨੇ ਹਥਿਆਰ ਨਹੀਂ ਸੁੱਟੇ, ਜਾਨ ਬਖਸ਼ੀ ਲਈ ਕੋਈ ਫਰਿਆਦ ਨਹੀਂ ਕੀਤੀ। ਮੌਕੇ ਦਾ ਗਵਾਹ, ਕਮਰ ਖਾਨ ਲਿਖਦਾ ਹੈ - "ਇਹ ਸਭ ਖੁਦਾ ਦੀ ਰਹਿਮਤ ਹੀ ਸੀ, ਸਿਆਣਪ ਜਾਂ ਬਹਾਦਰੀ ਨਹੀਂ। ਸਭ ਜਾਣਦੇ ਹਨ ਕਿ ਮਰਹੂਮ ਬਾਦਸ਼ਾਹ ਬਹਾਦਰ ਸਾਹ, ਆਪਣੇ ਚਾਰੇ ਸਪੁੱਤਰਾਂ ਤੇ ਅਣਗਿਣਤ ਫੌਜੀ ਜਰਨੈਲਾਂ ਨੂੰ ਨਾਲ ਲੈ ਕੇ, ਇਸ ਬਗਾਵਤ ਨੂੰ ਦਬਾਉਣ ਦਾ ਜਤਨ ਕਰਦਾ ਰਿਹਾ। ਪਰ ਸਫਲ ਨਾ ਹੋ ਸਕਿਆ। ਹੁਣ ਇਹਨਾਂ ਕਾਫ਼ਰਾਂ (ਸਿੱਖਾਂ) ਨੂੰ ਭੁੱਖ ਅਤੇ ਬਿਮਾਰੀ ਦੇ ਕਾਰਨ ਗ੍ਰਿਫਤਾਰ ਕੀਤਾ ਜਾ ਸਕਿਆ ਹੈ।"
ਗੁਰਦਾਸ ਨੰਗਲ ਦੀ ਜੰਗ ਵਿੱਚੋਂ ਜਿਉਂਦੇ, ਬਹੁਤ ਥੋੜੇ ਸਿੱਖ ਫੜੇ ਜਾ ਸਕੇ। ਸ਼ਾਹੀ ਫੌਜ ਨੇ ਅਪਣੀ ਜਿੱਤ ਨੂੰ ਵੱਡੀ ਸਿੱਧ ਕਰਨ ਲਈ, ਦੂਰੋਂ ਨੇੜਿਓਂ ਹੋਰ ਬੇਦੋਸ਼ੇ ਸਿੱਖ ਫੜ ਲਿਆਂਦੇ। ਇਹਨਾਂ ਦੀ ਕੁਲ ਗਿਣਤੀ 740 ਕਰ ਲਈ ਗਈ। ਤਿੰਨ ਹਜ਼ਾਰ ਸਿੱਖਾਂ ਦੇ ਸਿਰ ਕੱਟ ਕੇ ਨੇਜਿਆਂ ਤੇ ਟੰਗ ਲਏ ਗਏ। ਇਹਨਾਂ ਦੀ ਹੋਣੀ ਤੋਂ ਲਗਭੱਗ ਹਰ ਪਾਠਕ ਜਾਣੂੰ ਹੈ। ਸੌ ਸੌ ਕਰਕੇ ਹਰ ਰੋਜ ਦਿੱਲੀ ਵਿੱਚ ਸ਼ਹੀਦ ਕੀਤੇ ਗਏ। ਕਿਸੇ ਇੱਕ ਨੇ ਭੀ, ਜਾਨ ਬਖਸ਼ੇ ਜਾਣ ਦਾ ਵਾਸਤਾ ਨਹੀਂ ਪਾਇਆ। ਸਾਰਿਆਂ ਹੀ ਬਹਾਦਰਾਂ ਵਾਲੀ ਮੌਤ ਕਬੂਲ ਕੀਤੀ। ਬਾਬਾ ਬੰਦਾ ਸਿੰਘ ਜੀ ਨੂੰ ਸਭ ਤੋਂ ਮਗਰੋਂ 19 ਜੂਨ 1716 ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ, ਬੰਦ ਬੰਦ ਕੱਟ ਕੇ, ਸ਼ਹੀਦ ਕੀਤਾ ਗਿਆ। ਉਸ ਗੁਰੂ ਦੇ ਵਰੋਸਾਏ ਗੁਰ ਸਿੱਖ, ਖਾਲਸਾ ਕੌਮ ਦੇ ਪਹਿਲੇ ਜਰਨੈਲ, ਬੇਤਾਜ ਬਾਦਸ਼ਾਹ, ਅਦੁੱਤੀ ਸੂਰਬੀਰ ਨੇ, ਲਾਲਚ ਵਸ ਜਾਂ ਤਸੀਹਿਆਂ ਤੋਂ ਡਰ ਕੇ ਈਨ ਨਹੀਂ ਮੰਨੀ। ਜਾਨ ਬਖਸ਼ੀ ਲਈ ਤਰਲੇ ਨਹੀਂ ਕੱਢੇ। ਗੁਰੂ ਕਾ ਸਿਦਕੀ ਸਿੱਖ ਰਹਿੰਦਿਆਂ ਬਹਾਦਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਦਿਆਂ, ਜਾਨ ਦੀ ਬਾਜ਼ੀ ਲਾ ਗਿਆ। ਸਦਾ ਵਾਸਤੇ ਸ੍ਰੋਮਣੀ ਸ਼ਹੀਦਾਂ ਵਿੱਚ ਅਪਣਾ ਨਾਮ ਦਰਜ ਕਰਵਾ ਲਿਆ।
ਗੁਰਦਾਸ ਨੰਗਲ ਦੀ ਗੜ੍ਹੀ ਤੇ ਕਬਜਾ ਹੋ ਜਾਣ ਤੇ, ਫੌਜ ਦੇ ਜੋ ਸਿੱਖਾਂ ਦਾ ਸਾਮਾਨ ਤੇ ਸਸ਼ਤਰ ਹੱਥ ਆਏ, ਉਸਨੂੰ ਪੜ੍ਹ ਸੁਣਕੇ ਤਾਂ ਦੰਗ ਰਹਿ ਜਾਈਦਾ ਹੈ। ਮਾਮੂਲੀ ਹਥਿਆਰਾਂ ਨਾਲ, ਨਾਮਾਤਰ ਸਾਧਨਾ ਦੁਆਰਾ, ਅੱਠ ਮਹੀਨੇ ਤੱਕ ਏਸ਼ੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਕੂਮਤੀ ਤਾਕਤ ਨਾਲ ਲੋਹਾ ਲੈਂਦੇ ਰਹੇ। ਗੜ੍ਹੀ ਵਿੱਚ ਜੋ ਸਾਮਾਨ ਮਿਲਿਆ ਉਸਦਾ ਵੇਰਵਾ ਇਉਂ ਹੈ:
ਤਲਵਾਰਾਂ 1000, ਕਮਾਨਾ ਦੇ ਭੱਥੇ 173ਢਾਲਾਂ 278, ਤੋੜੇਦਾਰ ਬੰਦੂਕਾਂ 180ਜਮਧਰ ਖੰਜਰ 114, ਕਰਦਾਂ (ਛੋਟੀਆਂ ਕਿਰਪਾਨਾਂ) 217ਸੋਨੇ ਦੀਆਂ ਮੋਹਰਾਂ 23, ਨਗਦ ਰੁਪੈ 600 ਤੋਂ ਕੁੱਝ ਵਧ, ਕੁਝ ਸੋਨੇ ਦੇ ਗਹਿਣੇ।ਵੇਰਵਾ-ਇਰਵਨ ਵਿਲੀਅਮ, ਲੈਟਰ ਮੁਗਨਜ, ਪੰਨਾ-351
ਪਾਠਕ ਜਨ ਇਹ ਗੱਲ ਵਿਸ਼ੇਸ਼ ਤੌਰ ਤੇ ਨੋਟ ਕਰਨ ਕਿ ਅਖੌਤੀ ਤੱਤ ਖਾਲਸਾ ਵਿੱਚੋਂ, ਕੋਈ ਇੱਕ ਵਿਅਕਤੀ ਭੀ, ਇਸ ਭਿਆਨਕ ਸਮੇਂ ਕਿਧਰੇ ਨਜਰ ਨਹੀਂ ਆਉਂਦਾ। ਇਤਿਹਾਸ ਦੀ ਸਿਤਮ ਜਰੀਫੀ ਵੇਖੋ, ਜਿਨਾਂ ਹੱਸ ਹੱਸ ਕੇ ਜਾਨਾਂ ਵਾਰ ਦਿੱਤੀਆਂ, ਉਹ ਬੰਦਈ ਖਾਲਸੇ ਬਣਾ ਧਰੇ। ਜੰਗ ਵਿੱਚ ਦਗਾ ਦੇ ਕੇ ਘਰਾਂ ਵਿੱਚ ਲੁਕਣ ਵਾਲੇ, ਸਰਕਾਰ ਤੋਂ ਇਨਾਮ ਤੇ ਜਗੀਰਾਂ ਪ੍ਰਾਪਤ ਕਰਨ ਵਾਲੇ, ਇੱਜਤ ਅਣਖ ਵੇਚਣ ਵਾਲੇ, ਤੱਤ ਖਾਲਸਾ ਹੋਣ ਦਾ ਢੰਡੋਰਾ ਪਿੱਟਣ ਲੱਗ ਪਏ। ਸ਼੍ਰੋਮਣੀ ਇਤਿਹਾਸਕਾਰ ਡਾ: ਗੰਡਾ ਸਿੰਘ ਤਾਂ, ਬਾਬਾ ਜੀ ਬਾਰੇ ਇਉਂ ਲਿਖਦਾ ਹੈ - "ਬੰਦਾ ਸਿੰਘ ਬਹਾਦਰ, ਅਠਾਹਰਵੀਂ ਸਦੀ ਵਿੱਚ ਪੈਦਾ ਹੋਏ ਭਾਰਤੀ ਯੋਧਿਆਂ ਵਿੱਚੋਂ, ਸਭ ਤੋਂ ਲਾਮਿਸਾਲ ਹੈ। ਭਾਵੇਂ ਉਸਦੀ ਸ਼ਹਾਦਤ ਨੂੰ ਸਦੀਆਂ ਬੀਤ ਗਈਆਂ ਹਨ, ਪਰ ਅਜੇ ਭੀ ਆਪਣੇ ਧਰਮ ਭਰਾਵਾਂ ਲਈ ਚਾਨਣ ਮੁਨਾਰਾ ਹੈ, ਅਗਵਾਈ ਤੇ ਸੂਰਬੀਰਤਾ ਦਾ ਸੋਮਾ ਹੈ।"
ਹੁਣ ਕੁਝ ਵਿਚਾਰਾਂ ਗੰਗਾ ਰਾਮ ਬ੍ਰਾਹਮਣ (ਪ੍ਰਸਿਧ ਗੰਗੂ) ਦੇ ਲੜਕੇ ਰਾਜ ਕੌਲ ਵੱਲੋਂ ਬੰਦਾ ਸਿੰਘ ਤੋਂ ਹਥਿਆਰ ਸੁਟਵਾਉਣ ਬਾਰੇ। ਪੰਡਿਤ ਜਵਾਹਰ ਲਾਲ ਨਹਿਰੂ ਦਾ ਵਡਿੱਕਾ ਰਾਜ ਕੌਲ, ਹੋਰ ਕੋਈ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਘਰ, ਵੀਹ ਸਾਲ ਤੱਕ ਰੋਟੀਆਂ ਪਕਾਉਣ ਵਾਲੇ ਰਸੋਈਏ ਦੇ ਗੰਗੂ ਦਾ ਪੁੱਤਰ ਸੀ। ਜਿਸਨੇ ਬਾਅਦ ਵਿੱਚ ਵਿਸਾਹ ਘਾਤ ਕਰਕੇ, ਮਾਤਾ ਗੂਜਰੀ ਜੀ, ਅਤੇ ਛੋਟੇ ਸਾਹਿਬਜਾਦਿਆਂ ਨੂੰ ਵਜ਼ੀਰ ਖਾਨ ਕੋਲ ਗ੍ਰਿਫਤਾਰ ਕਰਵਾਇਆ ਸੀ। ਪਰ ਵਜੀਰ ਖਾਨ ਨੇ ਗੰਗੂ ਤੋਂ ਮਾਤਾ ਜੀ ਵਾਲਾ ਧਨ ਭੀ ਖੋਹ ਲਿਆ ਤੇ ਇਕਰਾਰ ਮੁਤਾਬਕ ਇਨਾਮ ਭੀ ਨਾ ਦਿੱਤਾ। ਇਸੇ ਗੰਗੂ ਦਾ ਲੜਕਾ ਸੀ ਰਾਜ ਕੌਲ, ਜੋ ਸਿੱਖਾਂ ਦੇ ਕਹਿਰ ਤੋਂ, ਭੈਮਾਨ ਹੋਕੇ, ਕਸ਼ਮੀਰ ਜਾ ਵਸਿਆ ਸੀ। ਪੜ੍ਹਿਆ ਹੋਣ ਕਰਕੇ ਸਰਕਾਰੀ ਨੌਕਰੀ ਤੇ ਲੱਗਾ ਹੋਇਆ ਸੀ। ਜਦੋਂ ਫਰੁੱਖ਼ਸੀਅਤ ਨੂੰ ਇਸ ਪ੍ਰਵਾਰ ਵੱਲੋਂ ਕੀਤੀ ਗਈ ਸਰਕਾਰ ਦੀ ਸੇਵਾ ਦਾ ਪਤਾ ਲੱਗਿਆ, ਤਾਂ ਉਸਨੇ ਕਸ਼ਮੀਰ ਦੇ ਗਵਰਨਰ ਨੂੰ ਆਖ ਕੇ ਗੰਗੂ ਪ੍ਰਵਾਰ (ਰਾਜਕੌਲ) ਲੱਭ ਲਿਆ, ਤੇ ਉਹਨਾਂ ਨੂੰ ਦਿੱਲੀ ਆਪਣੇ ਕੋਲ ਸੱਦ ਲਿਆ। ਦਿੱਲੀ ਵਿੱਚ ਨਹਿਰ ਦੇ ਕਿਨਾਰੇ, ਚੋਖੀ ਜ਼ਮੀਨ ਤੇ ਇੱਕ ਰਿਹਾਇਸ਼ ਲਈ ਕੋਠੀ ਬਖ਼ਸ਼ ਦਿੱਤੀ। ਦਿੱਲੀ ਦਰਬਾਰ ਵਿੱਚ ਭੀ ਰਾਜਕੌਲ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਗਈ। ਨਹਿਰ ਕਿਨਾਰੇ ਵਸੇ ਹੋਣ ਕਾਰਨ, ਇਹ ਨਹਿਰੂ ਕੌਲ ਅਖਵਾਣ ਲਗ ਪਏ। ਸਮੇਂ ਦੇ ਫੇਰ ਨਾਲ, ਕੌਲ ਭੀ ਨਾਮ ਨਾਲੋਂ ਹਟਾ ਦਿੱਤਾ ਗਿਆ, ਕੇਵਲ ਨਹਿਰੂ ਰਹਿਣ ਦਿੱਤਾ ਗਿਆ। ਯਾਦ ਰੱਖਣਾ ਚਾਹੀਦਾ ਹੈ ਕਿ ਸਾਰੇ ਭਾਰਤ ਵਿੱਚ, ਨਹਿਰੂ ਉਪਜਾਤੀ ਵਾਲਾ, ਕੋਈ ਇੱਕ ਭੀ ਬ੍ਰਾਹਮਣ ਨਹੀਂ ਹੈ। ਇਸ ਪ੍ਰਵਾਰ ਨੇ ਆਪਣੀ ਉਪ ਜਾਤੀ, ਸਿੱਖਾਂ ਦੇ ਭੈ, ਅਤੇ ਸੰਸਾਰ ਦੀ ਨਮੋਸ਼ੀ ਤੋਂ ਬਚਣ ਲਈ ਬਦਲ ਲਈ ਹੈ। ਇਥੇ ਇਹ ਧਿਆਨ ਰਹੇ, ਬਾਬਾ ਬੰਦਾ ਸਿੰਘ ਨੇ ਇਹਨਾਂ ਦੇ (ਰਾਜਕੌਲ) ਆਖੇ ਲੱਗ ਕੇ ਗ੍ਰਿਫਤਾਰੀ ਨਹੀਂ ਦਿੱਤੀ। ਉਪਰ ਵਰਣਿਤ ਕੁਝ ਤੱਥਾਂ ਨੂੰ ਤਾਂ ਖੁਦ ਨਹਿਰੂ ਜਵਾਹਰ ਲਾਲ ਨੇ ਸਵੀਕਾਰ ਕੀਤਾ ਹੈ (ਆਉਟੋਬਾਇਓਗ੍ਰਾਫੀ-1949, ਪੰਨਾ-1) ਨਹਿਰੂ ਖਾਨਦਾਨ ਬਾਰੇ ਭਾਰਤ ਦੇ ਰਹਿ ਚੁਕੇ ਰਾਸ਼ਟਰਪਤੀ, ਰਾਧਾਕਿਸ਼੍ਰਨ ਦੇ ਇਤਿਹਾਸਕਾਰ ਬੇਟੇ, ਐਸ. ਗੋਪਾਲ ਨੇ ਚੰਗੀ ਜਾਣਕਾਰੀ ਦਿੱਤੀ ਹੈ। ਉਹ ਲਿਖਦਾ ਹੈ - "ਨਹਿਰੂ ਪ੍ਰਵਾਰ ਦੇ ਨਸੀਬ, ਪੁਸ਼ਤ ਦਰ ਪੁਸ਼ਤ, ਮੁਸਲਮਾਨਾਂ ਹਾਕਮਾਂ ਨਾਲ ਬਣੇ ਰਹੇ ਹਨ। ਇਹ ਖਾਨਦਾਨ, ਉਹਨਾਂ ਬਹੁਤ ਸਾਰੇ ਖਾਨਦਾਨਾਂ ਵਿੱਚੋਂ ਇੱਕ ਸੀ, ਜਿਨਾਂ ਰਾਜ ਸੱਤਾ ਰਾਹੀਂ ਹੋਂਦ ਵਿੱਚ ਆਏ, ਹਾਲਾਤ ਅਤੇ ਮੌਕਿਆਂ ਤੋਂ ਲਾਭ ਪ੍ਰਾਪਤ ਕੀਤਾ ਹੈ।" ਲੇਖਕ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਲਿਖਣ ਤੋਂ ਪਹਿਲਾਂ, ਸਾਰੇ ਪੱਖਾਂ ਨੂੰ ਵਿਚਾਰ ਲਿਆ ਕਰਨ। ਜਿਥੇ ਗੁਰਦੋਖੀਆਂ ਨੇ ਪੰਥ ਦਾ ਲਿਖਤਾਂ ਰਾਹੀਂ ਬੇਅੰਤ ਨੁਕਸਾਨ ਕੀਤਾ ਹੈ, ਉਥੇ ਅਪਣੇ ਆਖੇ ਜਾਣ ਵਾਲੇ ਲੇਖਕਾਂ ਨੇ ਕੋਈ ਘੱਟ ਨੁਕਸਾਨ ਨਹੀਂ ਕੀਤਾ। ਇਹ ਪੁਰਾਣੇ ਤੇ ਨਵੇਂ ਅਖੌਤੀ ਇਤਿਹਾਸਕਾਰਾਂ ਦੀ ਲਿਸਟ ਬਹੁਤ ਲੰਮੀ ਹੈ।
ਅਪਣੇ ਰੌਸ਼ਨ ਇਤਿਹਾਸ ਨੂੰ ਦਾਗਦਾਰ ਨਾਂ ਕਰੀਏ। ਕੌਮੀ ਹੀਰਿਆਂ ਨੂੰ ਘੱਟੇ ਨਾਂ ਰੋਲੀਏ...।