ਬਾਬਾ ਬੰਦਾ ਸਿੰਘ ਬਹਾਦਰ `ਤੇ ਅਖੌਤੀ ਤੱਤ ਖਾਲਸਾ ਦਾ ਅਸਲ ਮਸਲਾ ਕੀਹ ਸੀ? - ਡਾ: ਹਰਜਿੰਦਰ ਸਿੰਘ ਦਿਲਗੀਰ

ਬਾਬਾ ਬੰਦਾ ਸਿੰਘ ਇੱਕ ਸ਼ਖ਼ਸ ਨਹੀਂ ਬਲਕਿ ਇੱਕ ਮੋਅਜਜ਼ਾ (ਕਰਾਮਾਤ) ਸੀ। ਉਸ ਨੇ ਪੰਚ ਨਦ ਦੀ ਧਰਤੀ `ਤੇ ਇੱਕ ਮਹਾਨ ਇਨਕਲਾਬ ਲਿਆਂਦਾ ਸੀ। ਬੰਦਾ ਸਿੰਘ ਦੀ ਸ਼ਹੀਦੀ ਅਜਾਈਂ ਨਹੀਂ ਗਈ। ਇਸ ਸ਼ਹੀਦੀ ਨੇ ਸਿੱਖ ਪੰਥ ਦੀ, ਪੰਜਾਬ ਦੀ ਤੇ ਸਾਰੇ ਜਜ਼ੀਰੇ (ਏਸ਼ੀਆ) ਦੀ ਤਵਾਰੀਖ਼ ਬਦਲਣ ਦਾ ਆਗ਼ਾਜ਼ ਕਰ ਦਿਤਾ। ਉਸ ਨੇ 700 ਸਾਲ ਦੀ ਵਿਦੇਸ਼ੀ ਹਕੂਮਤ ਨੂੰ ਇੱਕ ਵਾਰ ਤਾਂ ਤੋੜ ਕੇ ਰਖ ਦਿਤਾ ਸੀ। ਉਹ ਅਜਿਹਾ ਜਰਨੈਲ ਸੀ ਜਿਸ ਨੇ ਦੁਨੀਆਂ ਦੀ ਸਭ ਤੋਂ ਵੱਡੀ ਸਲਤਨਤ ਦੀਆਂ ਜੜ੍ਹਾਂ ਹਿਲਾ ਕੇ ਰਖ ਦਿਤੀਆਂ। ਉਸ ਦੇ ਜਿਊਂਦਿਆਂ ਜੀਅ ਸਿਰਫ਼ ਬਾਦਸ਼ਾਹ ਹੀ ਨਹੀਂ ਬਲਕਿ ਚਾਰ-ਪੰਜ ਸੂਬਿਆਂ ਦੇ ਗਵਰਨਰ ਵੀ, ਇੱਕ ਰਾਤ ਵੀ, ਅਮਨ ਨਾਲ ਸੌਂ ਨਹੀਂ ਸਕੇ ਸਨ। ਮੁਗ਼ਲ ਸਰਕਾਰ ਦੀ ਇੱਕ ਲੱਖ ਤੋਂ ਵੱਧ ਫ਼ੌਜ (ਦੋ-ਤਿਹਾਈ ਤੋਂ ਵੀ ਵਧ ਫ਼ੌਜ) ਬੰਦਾ ਸਿੰਘ ਦੇ ਪਿੱਛੇ ਲਗੀ ਰਹੀ। ਇਸ ਜੱਦੋ ਜਹਿਦ ਦੌਰਾਨ ਤੀਹ-ਚਾਲ੍ਹੀ ਹਜ਼ਾਰ ਸਿੱਖ ਸ਼ਹੀਦ ਹੋਏ।

ਇਸ ਦੇ ਬਾਵਜੂਦ ਸਿੱਖ ਕੌਮ ਆਜ਼ਾਦੀ ਵਾਸਤੇ ਜੂਝਦੀ ਰਹੀ। ਬੰਦਾ ਸਿੰਘ ਤੋਂ ਬਾਅਦ ਵੀ ਮੁਗ਼ਲ ਬਾਦਸ਼ਾਹ ਪੰਜਾਬ ਵਿੱਚ ਸੁੱਖ ਦੀ ਹਕੂਮਤ ਨਾ ਕਰ ਸਕੇ। ਪੰਜਾਬ ਚੋਂ ਹਿੱਲੀਆਂ ਮੁਗ਼ਲ ਦਰਬਾਰ ਦੀਆਂ ਜੜ੍ਹਾਂ ਸਾਰੇ ਪਾਸੇ ਫੈਲ ਗਈਆਂ ਤੇ ਅਖ਼ੀਰ ਸਿੱਖ ਪੰਜਾਬ ਹੀ ਨਹੀਂ ਬਲਕਿ ਹਿੰਦੂਸਤਾਨ, ਰਾਜਸਥਾਨ ਤੇ ਪਹਾੜਾਂ ਵਿੱਚ ਵੀ ਸਿਆਸੀ ਫ਼ੈਸਲੇ ਕਰਨ ਵਾਲੀ ਹਸਤੀ ਬਣ ਚੁਕੇ ਸਨ। ਇਹ ਸਾਰਾ ਕੁੱਝ ਬੰਦਾ ਸਿੰਘ ਦੀ ਹੀ ਦੇਣ ਸੀ। ਉਂਞ ਜੇ ਰਤਨ ਸਿੰਘ ਭੰਗੂ ਦੀ ਇਹ ਗੱਲ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ, ਪਾਲਿਤ ਅਜੀਤ ਸਿੰਘ ਤੇ ਸਰਕਾਰੀ ਤੱਤ ਖਾਲਸਾ ਨੇ ਬੰਦਾ ਸਿੰਘ ਦੇ ਖ਼ਿਲਾਫ਼ ਮੁਗ਼ਲਾਂ ਦੀ, ਸਿੱਧੀ ਤੇ ਅਸਿੱਧੀ, ਮਦਦ ਕੀਤੀ ਤਾਂ ਤੇ ਹੋਰ ਵੀ ਕਮਾਲ ਹੈ ਕਿ ਇਸ ਹਾਲਤ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਨੇ ਜੋ ਕਾਰਨਾਮਾ ਕੀਤਾ ਉਹ ਸਿੱਖਾਂ ਦੀ ਤਵਾਰੀਖ਼ ਦਾ, ਗੁਰੂ-ਕਾਲ ਤੋਂ ਮਗਰੋਂ ਦਾ, ਸਭ ਤੋਂ ਵਧ ਸੁਨਹਿਰੀ ਕਾਲ ਹੈ।

ਬੰਦਾ ਸਿੰਘ ਨੇ ਪੰਜਾਬੀਆਂ ਤੇ ਹਿੰਦੁਸਤਾਨੀਆਂ ਨੂੰ ਕੌਮੀਅਤ ਦਾ ਪਹਿਲਾ ਸਬਕ ਪੜ੍ਹਾਇਆ ਪਰ ਗ਼ੁਲਾਮ ਹਿੰਦੁਸਤਾਨੀ ਜ਼ਿਹਨੀਅਤ ਇਸ ਨੂੰ ਨਾ ਸਮਝ ਸਕੀ। ਸਿਰਫ਼ ਸਿੱਖ ਕੌਮ ਨੇ ਹੀ ਇਸ ਨੂੰ ਸਮਝਿਆ, ਕਬੂਲਿਆ ਤੇ ਇਸ ਵਾਸਤੇ ਬੇਮਿਸਾਲ ਕੁਰਬਾਨੀਆਂ ਦੇ ਕੇ ਪੰਜਾਬ ਨੂੰ ਕੌਮੀਅਤ ਦਿਵਾਈ।

ਬੰਦਾ ਸਿੰਘ ਨੇ ਸਿੱਖਾਂ ਨੂੰ ਆਜ਼ਾਦੀ ਦੀ ਕੀਮਤ ਸਮਝਾਈ। ਇੱਕ ਹਾਕਮ ਅਤੇ ਗ਼ੁਲਾਮ ਦਾ ਫ਼ਰਕ ਸਮਝਣ ਮਗਰੋਂ ਸਿੱਖਾਂ ਨੇ ਮੁੜ ਗ਼ੁਲਾਮੀ ਕਬੂਲਣ ਤੋਂ ਨਾਂਹ ਕਰ ਦਿਤੀ। ਬੰਦਾ ਸਿੰਘ ਨੇ ਸਿੱਖਾਂ ਨੂੰ ਨਵੀਂ (ਹਕੂਮਤ ਦੀ) ਸ਼ਾਹੀ ਮੁਹਰ, ਖਾਲਸਾਈ ਸਿੱਕਾ ਅਤੇ ਨਵਾਂ ਸੰਮਤ ਦਿੱਤਾ। ਉਸ ਨੇ ਜਾਗੀਰਦਾਰੀ ਖ਼ਤਮ ਕਰਨ ਦੀ ਸੋਚ ਨੂੰ ਤਵਾਰੀਖ਼ ਵਿੱਚ ਪਹਿਲੀ ਵਾਰ ਅਮਲ ਵਿੱਚ ਲਿਆ ਕੇ ਦਿਖਾਇਆ ਉਸ ਨੇ ਹਰ ਇੱਕ ਵਾਹੀ ਕਰਨ ਵਾਲੇ ਨੂੰ ਜ਼ਮੀਨ ਦਾ ਮਾਲਿਕ ਬਣਾ ਦਿਤਾ। ਉਸ ਨੇ ਸਿੱਖਾਂ ਨੂੰ ਲੀਡਰਸ਼ਿਪ ਅਤੇ ਹੀਰੋਸ਼ਿਪ ਦਾ ਫ਼ਲਸਫ਼ਾ ਦ੍ਰਿੜ ਕਰਵਾਇਆ। ਉਸ ਨੇ ਸਿੱਖਾਂ ਨੂੰ ਜਥੇਬੰਦ ਹੋ ਕੇ ਜੇਤੂ ਹੋਣ ਦਾ ਅਹਿਸਾਸ ਸਮਝਾਇਆ। ਉਸ ਨੇ ਸ਼ਹੀਦੀ ਵੇਲੇ ਆਖ਼ਰਾਂ ਦੇ ਤਸੀਹੇ ਬਰਦਾਸ਼ਤ ਕਰ ਕੇ ਈਨ ਨਾ ਮੰਨਣ ਅਤੇ ਧਰਮ ਅਤੇ ਅਣਖ ਖ਼ਾਤਰ ਕੁਰਬਾਨ ਹੋਣ ਦੀ ਮਿਸਾਲ ਪੇਸ਼ ਕੀਤੀ। ਦੁਨੀਆਂ ਭਰ ਦੀ ਤਵਾਰੀਖ਼ ਵਿੱਚ ਇਸ ਤਰ੍ਹਾਂ ਦੇ ਤਸੀਹੇ ਸਹਿ ਕੇ, ਉਫ਼ ਕੀਤੇ ਬਿਨਾ, ਕਿਸੇ ਹੋਰ ਨੇ ਇੰਞ ਸ਼ਹੀਦੀ ਨਹੀਂ ਦਿਤੀ ਹੋਵੇਗੀ। ਉਸ ਨੇ ਸੱਚਾ ਸਿੱਖੀ-ਜੀਵਨ ਜਿਊਣ ਦਾ ਰਾਹ ਸਮਝਾਇਆ ਅਤੇ ਆਪ ਵੀ ਇੱਕ ਸੱਚੇ ਸਿੱਖ ਵਾਂਗ ਜੀਵਿਆ ਅਤੇ ਮਰਿਆ। ਸਿਰਫ਼ 45 ਸਾਲ ਦੀ ਉਮਰ ਵਿੱਚ ਹੀ ਉਸ ਨੇ ਇਸ ਸਾਰੇ ਕਮਾਲ ਨੂੰ ਅੰਜਾਮ ਕਰ ਕੇ ਦਿਖਾਇਆ।

ਸਿੱਖ ਤਵਾਰੀਖ਼ ਵਿੱਚ ਬੰਦਾ ਸਿੰਘ ਦਾ ਨਾਂ ਗੁਰੂ ਸਾਹਿਬਾਨ ਤੋਂ ਮਗਰੋਂ ਦੀ ਤਵਾਰੀਖ਼ ਵਿੱਚ ਸਭ ਤੋਂ ਵਧ ਅਹਮੀਅਤ ਰਖਦਾ ਹੈ। ਬਾਕੀ ਦੀ ਫ਼ੌਜੀ ਤੇ ਸਿਆਸੀ ਤਵਾਰੀਖ਼ ਉਸ ਵੱਲੋਂ ਹਾਸਿਲ ਕੀਤੀ ਗਈ ਕਾਮਯਾਬੀ ਦੀ ਬੁਨਿਆਦ `ਤੇ ਉਸਰੀ ਸੀ ਅਤੇ ਇਸ ਮਹਿਲ ਦੀਆਂ ਮਜ਼ਬੂਤ ਨੀਂਹਾਂ ਉਸ ਨੇ ਹੀ ਰੱਖੀਆਂ ਸਨ।

ਕੀ ਫ਼ਰੱਖ਼ਸੀਅਰ ਨੇ ‘ਮਾਤਾਵਾਂ’ ਨੂੰ ਵਰਤਿਆ?

ਆਮ ਤੌਰ `ਤੇ ਕਿਹਾ ਜਾਂਦਾ ਹੈ ਕਿ ਫ਼ਰੱਖ਼ਸੀਅਰ ਨੇ ਗੁਰੂ ਗੋਬਿੰਦ ਸਿੰਘ ਸਹਿਬ ਦੀਆਂ ਪਤਨੀਆਂ ਤੋਂ ਬੰਦਾ ਸਿੰਘ ਦੇ ਖ਼ਿਲਾਫ਼ ਖ਼ਤ ਲਿਖਵਾਏ ਸਨ। ਇਸ ਸੋਚ ਮੁਤਾਬਿਕ, ਜਦ ਬੰਦਾ ਸਿੰਘ ਦੀ ਦਹਿਸ਼ਤ ਫ਼ਰੱਖ਼ਸੀਅਰ ਵੀ ਮਹਿਸੂਸ ਕਰਨ ਲਗ ਪਿਆ ਤਾਂ ਉਸ ਨੇ ਸਤੰਬਰ 1714 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ (ਸੁੰਦਰ ਕੌਰ ਤੇ ਸਾਹਿਬ ਕੌਰ) ਨੂੰ ਵੀ ਬੰਦਾ ਸਿੰਘ ਦੇ ਖ਼ਿਲਾਫ਼ ਵਰਤਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਸੋਮੇ ਮੁਤਾਬਿਕ ਬਾਦਸ਼ਾਹ ਨੇ ਸੁੰਦਰ ਕੌਰ ਤੇ ਸਾਹਿਬ ਕੌਰ ਨੂੰ ਗ੍ਰਿਫ਼ਤਾਰ (ਨਜ਼ਰਬੰਦ) ਕਰ ਲਿਆ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਬੰਦੇ ਨੂੰ ਜੰਗ ਬੰਦ ਕਰਨ ਵਾਸਤੇ ਮਨਾਉਣ। ਪਰ, ਬੰਦਾ ਸਿੰਘ ਨੇ ਮਾਤਾਵਾਂ ਦਾ ਕਹਿਣਾ ਮੰਨਣ ਤੋਂ ਨਾਂਹ ਕਰ ਦਿਤੀ। ਇਸ `ਤੇ ਬਾਦਸ਼ਾਹ ਨੇ ਮਾਤਾਵਾਂ ਤੋਂ ਸਿੱਖਾਂ ਨੂੰ ਚਿੱਠੀਆਂ ਲਿਖਵਾ ਕੇ ਬੰਦੇ ਦਾ ਸਾਥ ਛੱਡਣ ਵਾਸਤੇ ਕਿਹਾ। ਜਦ ਬੰਦਾ ਸਿੰਘ ਨੇ ਬਿਲਕੁਲ ਨਾਂਹ ਕਰ ਦਿਤੀ ਤਾਂ ਮਾਤਾ ਸੁੰਦਰ ਕੌਰ ਨੇ ਬੰਦਾ ਸਿੰਘ ਨੂੰ ਪੰਥ `ਚੋਂ “ਖਾਰਿਜ” ਕਰ ਦਿਤਾ। ਪਰ, ਸਿੱਖ ਪੰਥ ਨੇ ਬੰਦਾ ਸਿੰਘ ਦਾ ਡਟ ਕੇ ਸਾਥ ਦਿਤਾ ਅਤੇ ਮਾਤਾਵਾਂ ਦੀਆਂ ਚਿੱਠੀਆਂ ਅਤੇ ਅਜੀਤ ਸਿੰਘ ਪਾਲਿਤ ਦੇ ਪ੍ਰਚਾਰ ਦੀ ਪਰਵਾਹ ਨਾ ਕੀਤੀ। ਸਿੱਖਾਂ ਨੂੰ ਅਜੀਤ ਸਿੰਘ ਵਲੋਂ ਮੁਗ਼ਲ ਬਾਦਸ਼ਾਹ ਦੀ ਵਫ਼ਾਦਾਰੀ ਦਿਖਾਉਣ ਦੀਆਂ ਕਰਤੂਤਾਂ ਸਾਫ਼ ਨਜ਼ਰ ਆਉਂਦੀਆਂ ਸਨ ਤੇ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਅਜੀਤ ਸਿੰਘ ਦੇ ਨਾਲ ਰਹਿੰਦੀਆਂ ਸਨ। ਇਸ ਕਰ ਕੇ ਸਿੱਖਾਂ ਨੂੰ ਉਨ੍ਹਾਂ ਤਿੰਨਾਂ ਬਾਰੇ ਕੋਈ ਭਰਮ ਭੁਲੇਖਾ ਨਹੀਂ ਸੀ।

ਬਾਬਾ ਬੰਦਾ ਸਿੰਘ ਤੇ ਬਿਨੋਦ ਸਿੰਘ ਦੇ "ਝਗੜੇ" ਦੀ ਅਸਲੀਅਤ

ਕੁਝ ਲੇਖਕਾਂ ਨੇ ਅਖੌਤੀ ਤੱਤ ਖਾਲਸਾ ਅਤੇ ਅਖੌਤੀ ਬੰਦਈ ਖਾਲਸਾ ਦਾ “ਝਗੜਾ” ਬੜੀ ਤਫ਼ਸੀਲ ਨਾਲ ਬਿਆਨ ਕੀਤਾ ਹੈ। ਰਤਨ ਸਿੰਘ ਭੰਗੂ ਇਸ ਦਾ ਮੁੱਢ ਸਾਹਰਿੰਦ `ਤੇ ਕਬਜ਼ੇ ਦੇ ਨਾਲ ਹੀ ਬੰਨ੍ਹ ਦੇਂਦਾ ਹੈ। ਉਸ ਮੁਤਾਬਿਕ ਮੁਗਲਾਂ ਨੇ ਪਹਿਲਾਂ ਤਾਂ ਅਜੀਤ ਸਿੰਘ ਪਾਲਿਤ ਨੂੰ ਨਜ਼ਰਬੰਦ ਕਰ ਕੇ ਉਸ ਨੂੰ ਆਪਣੇ ਨਾਲ ਰਲਾ ਲਿਆ। 30 ਦਸੰਬਰ 1711 ਨੂੰ “ਗੁਰੂ ਦਾ ਚੱਕ” (ਅੰਮ੍ਰਿਤਸਰ) ਦੀ ਜਾਗੀਰ ਵੀ ਉਸ ਨੂੰ ਦੇ ਦਿਤੀ। ਇਸ ਮਗਰੋਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਤਨੀ (ਭੰਗੂ ਨਾਂ ਨਹੀਂ ਲਿਖਦਾ; ਸ਼ਾਇਦ ਮਾਤਾ ਸੁੰਦਰ ਕੌਰ ਹੋਵੇਗੀ) ਕੋਲੋਂ ਬੰਦਾ ਸਿੰਘ ਨੂੰ ਚਿੱਠੀ (ਅਖੌਤੀ ਹੁਕਮਨਾਮਾ) ਲਿਖਵਾਈ। ਉਸ ਨੇ ਬੰਦਾ ਸਿੰਘ ਨੂੰ ਲਿਖਿਆ ਕਿ "ਤੂੰ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਲੈ ਲਿਆ ਹੈ ਤੇ ਪਹਾੜੀ ਰਾਜਿਆਂ ਨੂੰ ਸਜ਼ਾ ਦੇ ਦਿਤੀ ਹੈ। ਇਸ ਕਰ ਕੇ ਹੁਣ ਜੰਗ ਬੰਦ ਕਰ ਦੇਹ ਤੇ ਮੁਗ਼ਲਾਂ ਤੋਂ ਜਾਗੀਰਾਂ ਲੈ ਕੇ ਸੌਖੀ ਜ਼ਿੰਦਗੀ ਬਸਰ ਕਰ। " ਪਰ ਬੰਦਾ ਸਿੰਘ ਨੇ ਇਸ ਚਿੱਠੀ ਦੀ ਪਰਵਾਹ ਨਾ ਕੀਤੀ। ਉਲਟਾ ਉਸ ਨੇ ਇਹ ਕਿਹਾ ਕਿ "ਮੁਗ਼ਲਾਂ ਤੋਂ ਜਾਗੀਰ ਲੈਣਾ ਖ਼ੁਦਕੁਸ਼ੀ ਕਰਨ ਦੇ ਬਰਾਬਰ ਹੋਵੇਗਾ। ਬੰਦਾ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਕੋਈ ਹਕੂਮਤ ਨਹੀਂ ਕਰਨੀ, ਮੈਂ ਤਾਂ ਸਿਰਫ਼ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਵਜਾ ਰਿਹਾ ਹਾਂ। "

ਫਿਰ ਰਤਨ ਸਿੰਘ ਭੰਗੂ ਇਸ ਨੂੰ ਇੱਕ ਸਾਲ ਅੱਗੇ ਲਿਜਾ ਕੇ ਫ਼ਰੱਖ਼ਸੀਅਰ ਦੇ ਜ਼ਮਾਨੇ ਵਿੱਚ ਲੈ ਜਾਂਦਾ ਹੈ। ਹੁਣ ਮਾਤਾ ਸਿੱਖਾਂ ਨੂੰ ਚਿੱਠੀ ਲਿਖ ਕੇ ਬੰਦੇ ਦਾ ਸਾਥ ਛੱਡਣ ਵਾਸਤੇ ਆਖਦੀ ਹੈ। ਰਤਨ ਸਿੰਘ ਭੰਗੂ ਤਾਂ ਉਸ ਕੋਲੋਂ ਬੰਦਾ ਸਿੰਘ ਨੂੰ “ਸਰਾਪ” ਵੀ ਦਿਵਾ ਦੇਂਦਾ ਹੈ। ਇਸ ਦੇ ਨਾਲ ਹੀ ਬਿਨੋਦ ਸਿੰਘ ਨੂੰ ਅੱਡਰਾ ਹੁੰਦਾ ਦਿਖਾ ਕੇ ਲੇਖਕ ਪਿੰਡ ਖੋਹਾਲੀ (ਕੋਹਾਲੀ) ਵਿੱਚ ਬੰਦਾ ਸਿੰਘ ਤੇ ਬਿਨੋਦ ਸਿੰਘ ਧੜੇ ਦੀ ਲੜਾਈ ਕਰਵਾ ਕੇ ਬੰਦੇ ਨੂੰ ਹਰਵਾ ਦੇਂਦਾ ਹੈ। ਪਰ ਭੰਗੂ ਇਸ ਧੜੇ (ਜਿਸ ਨੂੰ ਉਹ ਤੱਤ ਖਾਲਸਾ ਦਾ ਨਾਂ ਦੇ ਦੇਂਦਾ ਹੈ) ਨੂੰ ਮੁਗ਼ਲਾਂ ਨਾਲ ਸਮਝੌਤਾ ਕਰਦਾ ਦਿਖਾ ਦੇਂਦਾ ਹੈ ਤੇ ਉਨ੍ਹਾਂ ਨੂੰ ਮੁਗਲਾਂ ਤੋਂ ਨੌਕਰੀਆਂ, ਜਗੀਰਾਂ ਅਤੇ ਹੋਰ ਸਹੂਲਤਾਂ ਦਿਵਾ ਦੇਂਦਾ ਹੈ। ਇਸ ਮਗਰੋਂ ਬੰਦਾ ਸਿੰਘ ਗੁਰਦਾਸਪੁਰ ਵਲ ਚਲਾ ਜਾਂਦਾ ਹੈ ਤੇ ਅਖੌਤੀ ਤੱਤ-ਖਾਲਸਾ ਅੰਮ੍ਰਿਤਸਰ ਵਿੱਚ ਡੇਰਾ ਜਮਾਅ ਲੈਂਦਾ ਹੈ। ਹੁਣ ਮੁਗ਼ਲ ਤੱਤ ਖਾਲਸਾ ਤੋਂ ਬੰਦਾ ਸਿੰਘ ਦਾ ਰਾਜ਼ ਲੈ ਕੇ (ਮੁਖ਼ਬਰੀ/ਟਾਊਟੀ ਕਰਵਾ ਕੇ) ਬੰਦਾ ਸਿੰਘ ਦਾ ਪਿੱਛਾ ਕਰਦੇ ਹਨ ਤੇ ਅਖ਼ੀਰ ਬੰਦਾ

ਸਿੰਘ ਨੂੰ ਖ਼ਤਮ ਕਰ ਨੇ ਹੀ ਸਾਹ ਲੈਂਦੇ ਹਨ।
ਗਿਆਨੀ ਗਿਆਨ ਸਿੰਘ ਤਾਂ ਇਹ ਵੀ ਕਹਿੰਦਾ ਹੈ ਕਿ:
“ਮਾਈ ਦ੍ਵਾਰਾ ਫੂਟ ਪੰਥ ਮੈ ਤੁਰਕੋਂ ਨੇ ਇਹੁ ਪਾਈ॥
ਜਿਸ ਦਾ ਫਲ ਦੁਖ ਸਿੰਘ ਭੋਗ ਹੈਂ ਚਾਲੀ ਬਰਸ ਮਹਾਂਈ॥ (ਕਾਂਡ 54, ਬੰਦ 2)

ਗਿਆਨੀ ਗਿਆਨ ਸਿੰਘ ਮੁਤਾਬਿਕ ਭਾਈ ਮਨੀ ਸਿੰਘ ਤੇ ਹੋਰ ਕਈਆਂ ਨੇ ਮਾਈ ਨੂੰ ਬੰਦਾ ਸਿੰਘ ਦੀ ਮੁਖ਼ਾਲਫ਼ਤ ਕਰਨੋਂ ਰੋਕਿਆ ਵੀ ਸੀ:

ਮਨੀ ਸਿੰਘ, ਸਾਹਿਬ ਸਸੀ, ਨੰਦ ਲਾਲ ਲੌ ਸਾਰ॥

ਆਖੁ ਰਹੇ, ਨਹਿ ਪੰਥ ਮੈਂ ਫੂਟ ਮਾਤ ਜੀ ਡਾਰ॥ (ਕਾਂਡ 53, ਬੰਦ 12)

'ਪ੍ਰਾਚੀਨ ਪੰਥ ਪ੍ਰਕਾਸ਼' ਦਾ ਲੇਖਕ ਰਤਨ ਸਿੰਘ ਭੰਗੂ ਅਤੇ (ਉਸ ਦੇ ਗ੍ਰੰਥ ਦੇ ਆਧਾਰ `ਤੇ ‘ਪੰਥ ਪ੍ਰਕਾਸ਼’ ਲਿਖਣ ਵਾਲਾ) ਗਿਆਨੀ ਗਿਆਨ ਸਿੰਘ ਦੋਵੇਂ ਇਹ ਲਿਖਦੇ ਹਨ ਕਿ ਬੰਦਾ ਸਿੰਘ ਅਤੇ ਅਖੌਤੀ ਤੱਤ ਖਾਲਸਾ ਵਿੱਚ ਫੁੱਟ ਪੈਣ ਤੇ ਮੁਗਲਾਂ ਨੇ ਘਿਓ ਦੇ ਦੀਵੇ ਜਗਾਏ।

ਫ਼ਰਖਸੇਰ ਪਤਸ਼ਾਹਿ ਜਬ ਇਹੁ ਸੁਣਿਓ ਸਭ ਹਾਲ॥

ਜਲਸਾ ਕੀਨਾ ਖ਼ੁਸ਼ੀ ਕਾ ਘੀ ਕੇ ਦੀਵੇ ਬਾਲ॥ (ਗਿਆਨ ਸਿੰਘ, ਕਾਂਡ 53, ਬੰਦ 3)

ਰਤਨ ਸਿੰਘ ਭੰਗੂ ਤਾਂ ਇਹ ਵੀ ਲਿਖਦਾ ਹੈ ਕਿ ਬਾਦਸ਼ਾਹ ਨੇ ਕਬੂਲ ਕੀਤਾ ਸੀ ਕਿ ਉਸ ਨੂੰ ਬੰਦਾ ਸਿੰਘ ਤੋਂ ਮਾਤਾ ਨੇ ਸਿੱਖਾਂ ਵਿੱਚ ਫ਼ੁੱਟ ਪੁਆ ਕੇ ਹੀ ਬਚਾਇਆ ਸੀ:

ਸ਼ਾਹੁ ਕਹੈ 'ਮਾਤਾ ਨੇ ਬਚਾਯੋ।

ਬੰਦਯੇਂ ਖਾਲਸੋ ਜੁਦਾ ਕਰਾਯੋ। (1982 ਦੀ ਐਡੀਸ਼ਨ, ਸਫ਼ਾ 137)

ਪਰ ਅਖਬਾਰਾਤੇ ਦਰਬਾਰੇ ਮੁਅੱਲਾ ਦੇ ਰਿਕਾਰਡ ਵਿੱਚ ਇਸ ਜਾਂ ਇਹੋ ਜਿਹੀ ਕਿਸੇ ਹੋਰ ਘਟਨਾ ਦਾ ਜ਼ਿਕਰ ਕਿਤੇ ਵੀ ਨਜ਼ਰ ਨਹੀਂ ਆਉਂਦਾ। ਇਸ ਸਰਕਾਰੀ ਰਿਕਾਰਡ ਵਿੱਚ ਅਜੀਤ ਸਿੰਘ ਪਾਲਿਤ ਨੂੰ ਬੰਦਾ ਸਿੰਘ ਦੇ ਖ਼ਿਲਾਫ਼ ਵਰਤਣ ਦੀ ਕੋਸ਼ਿਸ਼ ਦਾ ਜ਼ਿਕਰ ਕਈ ਵਾਰ ਆਉਂਦਾ ਹੈ ਪਰ ਮਾਤਾ ਦਾ ਬਿਲਕੁਲ ਜ਼ਿਕਰ ਨਹੀਂ ਹੈ। ਹਾਂ, ਹਰੀ ਰਾਮ ਗੁਪਤਾ ਲਿਖਦਾ ਹੈ ਕਿ ਫ਼ਰੱਖ਼ਸੀਅਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਦੋਹਾਂ ਪਤਨੀਆਂ ਨੂੰ ਕੈਦ ਕਰ ਲਿਆ ਸੀ ਤੇ ਉਨ੍ਹਾਂ ਤੋਂ ਬੰਦਾ ਸਿੰਘ ਦੇ ਖ਼ਿਲਾਫ਼ ਚਿੱਠੀਆਂ ਲਿਖਵਾਈਆਂ ਸਨ। ਪਰ ਹਰੀ ਰਾਮ ਗੁਪਤਾ ਇਸ ਵਾਸਤੇ ਕਿਸੇ ਪੁਰਾਣੀ ਲਿਖਤ ਵਿੱਚੋਂ ਹਵਾਲਾ ਨਹੀਂ ਦੇਂਦਾ (ਹਰੀ ਰਾਮ ਗੁਪਤਾ, ਹਿਸਟਰੀ ਆਫ਼ ਦ ਸਿੱਖਜ਼, ਸਫ਼ਾ 25, 1978 ਦੀ ਐਡੀਸ਼ਨ)।

ਜਿੱਥੋਂ ਤਕ ਬਿਨੋਦ ਸਿੰਘ ਦੇ ਬੰਦਾ ਸਿੰਘ ਤੋਂ ਅੱਡ ਹੋਣ ਦਾ ਮਸਲਾ ਹੈ, 9 ਜੁਲਾਈ 1714 ਦੇ ਦਿਨ ਬਾਦਸ਼ਾਹ ਫ਼ਰੱਖ਼ਸੀਅਰ ਨੂੰ ਖ਼ਬਰ ਮਿਲਦੀ ਹੈ ਕਿ "ਬਾਜ਼ ਸਿੰਘ (ਬਿਨੋਦ ਸਿੰਘ ਨਹੀਂ) ਬੰਦਾ ਸਿੰਘ ਤੋਂ ਅੱਡ ਹੋ ਗਿਆ ਹੈ ਤੇ ਉਸ ਦੇ ਨਾਲ ਫ਼ੌਜ ਦਾ ਇੱਕ ਵੱਡਾ ਹਿੱਸਾ ਚਲਾ ਗਿਆ ਹੈ। " ਏਥੇ ਵੀ ਬਾਜ਼ ਸਿੰਘ ਨੂੰ ਮੁਗ਼ਲਾਂ ਨਾਲ ਸਮਝੌਤਾ ਕਰਦਾ ਜਾਂ ਜਾਗੀਰ ਲੈਂਦਾ ਨਹੀਂ ਦੱਸਿਆ ਗਿਆ ਬਲਕਿ ਵਖਰਾ ਹੋ ਕੇ ਵੀ ਆਪਣੀ ਫ਼ੌਜ ਸਮੇਤ ਮੁਗ਼ਲਾਂ ਨਾਲ ਟੱਕਰ ਲੈਂਦਾ ਦਿਖਾਇਆ ਗਿਆ ਹੈ (ਹੋ ਸਕਦਾ ਹੈ ਕਿ ਬਾਬਾ ਬੰਦਾ ਸਿੰਘ ਨੇ ਬਾਜ਼ ਸਿੰਘ ਨੂੰ ਵੱਖਰੇ ਮੋਰਚੇ ਵਾਸਤੇ ਭੇਜਿਆ ਹੋਵੇ)। ਦੂਜੇ ਪਾਸੇ ਗੁਰਦਾਸ ਨੰਗਲ ਦੇ ਘੇਰੇ ਵਿਚੋਂ ਬਿਨੋਦ ਸਿੰਘ ਦੇ ਨਿਕਲ ਜਾਣ ਦੀ ਗੱਲ ਵੀ ਨਾਮੁਮਕਿਨ ਹੈ। ਉਸ ਦੁਆਲੇ ਘੇਰਾ ਏਨਾ ਜ਼ਬਰਦਸਤ ਸੀ ਕਿ ਉੱਥੋਂ ਕੋਈ ਬਚ ਕੇ ਨਹੀਂ ਸੀ ਜਾ ਸਕਦਾ। ਹਾਂ ਉੱਥੇ ਰੁਕਣ ਨੂੰ ਨਾਮਨਜ਼ੂਰ ਕਰ ਕੇ ਘੇਰਾ ਪੈਣ ਤੋਂ ਪਹਿਲਾਂ ਹੀ (ਮਾਰਚ 1716 ਵਿੱਚ ਹੀ) ਨਿਕਲ ਜਾਣਾ ਤਾਂ ਮੰਨਿਆ ਜਾ ਸਕਦਾ ਹੈ। ਪਰ ਇਸ ਦਾ ਮਤਲਬ ਬੰਦਾ ਸਿੰਘ ਨਾਲ ਦੁਸ਼ਮਣੀ ਨਹੀਂ ਹੋ ਸਕਦੀ ਸੀ। ਅਖ਼ਬਾਰਾਤੇ ਦਰਬਾਰੇ ਮੁਅੱਲਾ ਵਿੱਚ ਕਿਤੇ ਵੀ ਅਜਿਹਾ ਕੋਈ ਹੋਰ ਜ਼ਿਕਰ ਨਹੀਂ ਜਿਸ ਵਿੱਚ ਅਜੀਤ ਸਿੰਘ ਪਾਲਿਤ ਤੋਂ ਸਿਵਾ ਕਿਸੇ ਅਜਿਹੇ ਸਿੱਖ ਬਾਰੇ ਲਿਖਿਆ ਹੋਵੇ ਜਿਸ ਨੇ ਮੁਗਲਾਂ ਨਾਲ ਸਮਝੌਤਾ ਕੀਤਾ ਹੋਵੇ, ਜਾਗੀਰ ਲਈ ਹੋਵੇ ਜਾਂ ਨੌਕਰੀ ਕੀਤੀ ਹੋਵੇ (ਜਿਵੇਂ ਰਤਨ ਸਿੰਘ ਭੰਗੂ ਅਤੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ)।

ਰਤਨ ਸਿੰਘ ਭੰਗੂ ਤਾਂ ਇੱਥੋਂ ਤਕ ਲਿਖਦਾ ਹੈ ਕਿ ਕਾਹਨ ਸਿੰਘ, ਮੀਰੀ ਸਿੰਘ, ਫ਼ਤਹਿ ਸਿੰਘ ਅਤੇ ਸ਼ਾਮ ਸਿੰਘ ਨੌਰੰਗਵਾਲੀਆ ਨੂੰ ਬਾਦਸ਼ਾਹ ਨੇ 5 ਹਜ਼ਾਰ ਫ਼ੌਜ ਦਾ ਮੁਖੀ ਬਣਾ ਦਿਤਾ ਸੀ। ਇੱਕ ਘੋੜਸਵਾਰ ਸਿੱਖ ਨੂੰ 30 ਰੁਪੈ ਮਹੀਨਾ, ਪੈਦਲ ਨੂੰ 15 ਰੁਪੈ ਮਹੀਨਾ ਤੇ ਸਿਰਦਾਰ ਨੂੰ 150 ਰੁਪੈ ਮਹੀਨਾ ਤਨਖ਼ਾਹ ਮਿਲਦੀ ਸੀ। ਕੁੱਝ 'ਤੱਤ ਖਾਲਸੀਏ' ਗੁਰੂ ਦਾ ਚੱਕ (ਅੰਮ੍ਰਿਤਸਰ) ਵਿੱਚ ਵੀ ਰਹੇ ਜਿਨ੍ਹਾਂ ਨੂੰ ਮੁਗ਼ਲ ਸਰਕਾਰ ਨੇ 5 ਹਜ਼ਾਰ ਰੁਪੈ ਮਹੀਨਾ ਦਿਤੇ ਸੀ। ਇਸ ਤੋਂ ਇਲਾਵਾ ਸਰਕਾਰ ਨੇ ਪਰਗਣਾ ਝਬਾਲ ਦਾ ਮਾਲੀਆ ਵੀ ਲੰਗਰ ਵਾਸਤੇ ਦੇ ਦਿਤਾ ਸੀ। ਰਤਨ ਸਿੰਘ ਭੰਗੂ ਤਾਂ ਇਹ ਵੀ ਲਿਖਦਾ ਹੈ ਕਿ ਤੱਤ ਖਾਲਸਾ ਨੇ ਸਰਕਾਰ ਨਾਲ ਮਿਲ ਕੇ ਲਾਹੌਰ ਸ਼ਹਿਰ ਨੂੰ ਬੰਦਾ ਸਿੰਘ ਤੋਂ ਬਚਾਉਣ ਵਾਸਤੇ ਆਪਣੀ ਫ਼ੌਜ ਵੀ ਭੇਜੀ ਸੀ, ਜਿਸ ਨੇ ਕੋਹਾਲੀ ਦੇ ਨੇੜੇ, ਘਣੀਏ ਕੇ ਪਿੰਡ ਵਿਚ, ਬੰਦਾ ਸਿੰਘ ਨਾਲ ਟੱਕਰ ਲੈ ਕੇ, ਉਸ ਨੂੰ ਹਰਾ ਕੇ, ਲਾਹੌਰ ਨੂੰ ਬਚਾਇਆ ਸੀ। (ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਸਫ਼ੇ 134-137, 162-63, 1982 ਦੀ ਐਡੀਸ਼ਨ)।

ਕਾਨ੍ਹ ਸਿੰਘ ਕੀ ਬੰਦਯੋਂ ਜੁਦਾਈ। ਲਈ ਤੁਰਕਨ ਸਯੋਂ ਬਾਤ ਬਣਾਈ॥

ਰੁਪਯੋ ਪੰਜ ਸੈ ਨਿਤ ਠਹਿਰਾਯੋ। ਅਸਵਾਰ ਪੰਜ ਸੈ ਸਾਥ ਰਖਾਯੋ॥

ਪਰ ਕਿਸੇ ਵੀ ਹੋਰ ਸਿੱਖ ਜਾਂ ਮੁਸਲਮਾਨ ਲਿਖਾਰੀ ਨੇ ਅਖੌਤੀ ਤੱਤ ਖਾਲਸਾ, ਜਾਂ ਕਿਸੇ ਹੋਰ ਸਿੱਖ ਧੜੇ ਵੱਲੋਂ, ਲਾਹੌਰ ਸ਼ਹਿਰ ਵਾਸਤੇ ਹੋਈ ਇਸ ਲੜਾਈ ਵਿੱਚ ਕੀਤੇ ਰੋਲ ਦਾ ਜ਼ਿਕਰ ਤਕ ਨਹੀਂ ਕੀਤਾ। ਹੋਰ ਤਾਂ ਹੋਰ ਅਖ਼ਬਾਰਾਤੇ ਦਰਬਾਰੇ ਮੁਅੱਲਾ ਵਿੱਚ ਇਸ ਲੜਾਈ ਦਾ ਜਾਂ ਅਖੌਤੀ ਤੱਤ-ਖਾਲਸਾ ਵੱਲੋਂ ਮੁਗ਼ਲਾਂ ਦੀ ਮਦਦ ਕੀਤੇ ਜਾਣ ਦਾ ਜ਼ਿਕਰ ਬਿਲਕੁਲ ਨਹੀਂ ਹੈ। ਸਿਰਫ਼ ਇਹ ਘਟਨਾ ਹੀ ਨਹੀਂ ਬਲਕਿ ਤੱਤ-ਬੰਦਈ ਟੱਕਰ ਦਾ ਅਖ਼ਬਾਰਾਤੇ ਦਰਬਾਰੇ ਮੁਅੱਲਾ ਹੀ ਨਹੀਂ ਬਲਕਿ ਕਾਮਵਰ ਖ਼ਾਨ (ਤਜ਼ਕਿਰਾਤੁ-ਸਲਾਤੀਨ), ਮੁਹੰਮਦ ਅਹਿਸਨ ਈਜਾਦ (ਫ਼ਰੱਖ਼ਸੀਅਰ ਨਾਮਾ), ਖ਼ਾਫ਼ੀ ਖ਼ਾਨ (ਮੁੰਤਖ਼ਬੁਲ ਲੁਬਾਬ), ਮਿਰਜ਼ਾ ਮੁਹੰਮਦ ਹਾਰਸੀ (ਇਬਰਤ ਨਾਮਾ ਅਤੇ ਤਾਰੀਖ਼ਿ ਮੁਹੰਮਦੀ), ਚਤੁਰਮਨ (ਚਹਾਰ ਗੁਲਸ਼ਨ), ਸ਼ਿਵ ਦਾਸ (ਮੁਨੱਵਰੁਲ ਕਲਾਮ ਅਤੇ ਫ਼ਰੱਖ਼ਸੀਅਰ ਨਾਮਾ), ਗ਼ੁਲਾਮ ਹੁਸੈਨ ਖ਼ਾਨ (ਸੀਆਰੁਲ ਮੁਤਾਖ਼ਰੀਨ), ਅਲੀ-ਉਦ-ਦੀਨ (ਇਬਰਤ ਨਾਮਾ), ਸੋਹਨ ਲਾਲ (ਉਮਦਾਤ-ਤੁਤ-ਤਵਾਰੀਖ਼), ਬੂਟੇ ਸ਼ਾਹ (ਤਾਰੀਖ਼-ਇ-ਪੰਜਾਬ), ਖ਼ੁਸ਼ਵਕਤ ਰਾਏ (ਤਵਾਰੀਖ਼ਿ-ਸਿੱਖਾਂ) ਵਿੱਚ ਅਖੌਤੀ ਤੱਤ-ਖਾਲਸਾ ਤੇ ਬੰਦਈ- ਖਾਲਸਾ ਦੇ ਕਿਸੇ ਝਗੜੇ ਦਾ ਜ਼ਿਕਰ ਨਹੀਂ ਕਰਦੇ। ਅਜਿਹਾ ਜਾਪਦਾ ਹੈ ਕਿ ਇਹ ਸਭ ਕੁੱਝ ਰਤਨ ਸਿੰਘ ਭੰਗੂ ਨੇ ਸੁਣੇ-ਸੁਣਾਏ ਕਿਸੇ ਗ਼ਲਤ ਪ੍ਰਾਪੇਗੰਡੇ ਦੇ ਅਸਰ ਹੇਠਾਂ ਆ ਕੇ ਲਿਖਿਆ ਹੋਵੇਗਾ ਤੇ ਗਿਆਨੀ ਗਿਆਨ ਸਿੰਘ ਨੇ ਤਾਂ ਆਪਣੀ ਰਚਨਾ ਭੰਗੂ ਦੇ ਆਧਾਰ `ਤੇ ਹੀ ਲਿਖੀ ਸੀ।

ਤੱਤ ਖਾਲਸਾ ਤੇ ਬੰਦਈ ਖਾਲਸਾ ਮਸਲੇ ਦੀ ਅਸਲੀਅਤ ਕੀ ਹੋ ਸਕਦੀ ਹੈ?

ਅਜਿਹਾ ਜਾਪਦਾ ਹੈ ਕਿ ਤੱਤ ਖਾਲਸਾ ਤੇ ਬੰਦਈ ਖਾਲਸਾ ਦੀ ਫੁੱਟ ਦੀ ਗੱਲ ਮਗਰੋਂ ਘੜੀ ਗਈ ਸੀ। ਜਦੋਂ ਮੁਹੰਮਦ ਸ਼ਾਹ ਰੰਗੀਲਾ ਦਾ ਰਾਜ ਆਇਆ ਤੇ ਸਿੱਖਾਂ ਨੂੰ ਵੀ ਕੁੱਝ ਚੈਨ ਮਿਲਿਆ। ਇਸ ਮਗਰੋਂ ਸਿੱਖ ਅੰਮ੍ਰਿਤਸਰ ਆਉਣ ਲੱਗ ਪਏ। ਬੰਦਾ ਸਿੰਘ ਦੀ ਫ਼ੌਜ ਵਿਚੋਂ ਬਚੇ ਕੁੱਝ ਸਿੱਖ, ਜਿਨ੍ਹਾਂ ਦਾ ਆਗੂ ਅਮਰ ਸਿੰਘ ਕੰਬੋਜ ਖੇਮਕਰਨੀ ਸੀ, ਨੇ ਹਰਿਮੰਦਰ ਸਾਹਿਬ ਦੇ ਨੇੜੇ ਬੁੰਗਾ ਬਣਾ ਕੇ ਰਹਿਣਾ ਸ਼ੁਰੂ ਕਰ ਦਿਤਾ ਸੀ। ਦੂਜੇ ਪਾਸੇ ਗੁਰੂ ਅੰਗਦ ਸਾਹਿਬ ਦੇ ਬੰਸ ਵਿਚੋਂ ਬਿਨੋਦ ਸਿੰਘ ਦਾ ਪੁੱਤਰ ਕਾਹਨ ਸਿੰਘ ਅਤੇ ਉਸ ਦਾ ਪੁੱਤਰ ਮੀਰੀ ਸਿੰਘ (ਜੋ ਆਪਣੇ ਆਪ ਨੂੰ ਸਾਹਿਬਜ਼ਾਦੇ ਅਖਵਾਉਂਦੇ ਸਨ) ਨੇ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦੇ ਇੰਤਜ਼ਾਮ `ਤੇ ਆਪਣਾ ਹੱਕ ਜਿਤਾਉਣ ਦੀ ਕੋਸ਼ਿਸ਼ ਕੀਤੀ। ਇਹ ਵੀ ਹੋ ਸਕਦਾ ਹੈ ਕਿ ਅਖੌਤੀ ਤੱਤ ਖਾਲਸਾ ਉਹੀ ਧੜਾ ਹੋਵੇ ਜਿਨ੍ਹਾਂ ਨੇ ਅਜੀਤ ਸਿੰਘ ਪਾਲਿਤ ਰਾਹੀਂ ਮੁਗ਼ਲਾਂ ਨਾਲ ਸਮਝੌਤਾ ਕਰ ਲਿਆ ਹੋਵੇ। “ਸਾਹਿਬਜ਼ਾਦਿਆਂ” ਵਲੋਂ ਆਪਣੇ ਆਪ ਨੂੰ 'ਗੁਰੂ-ਕੁਲ' ਆਖ ਕੇ ਗੁਰਦੁਆਰਿਆਂ ਦੇ ਚੜ੍ਹਾਵੇ `ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਕੋਈ ਵੱਡੀ ਜਾਂ ਅਣਹੋਣੀ ਗੱਲ ਨਹੀਂ ਮੰਨੀ ਜਾ ਸਕਦੀ। ਏਨਾ ਹੀ ਨਹੀਂ ਅਜੀਤ ਸਿੰਘ ਪਾਲਿਤ ਤਾਂ ਮੁਗਲ ਬਾਦਸ਼ਾਹ ਦਾ ਏਨਾ ਵੱਡਾ “ਟਾਊਟ” ਜਿਹਾ ਬਣ ਗਿਆ ਸੀ ਕਿ ਉਹ ਬੰਦਾ ਸਿੰਘ ਦੀ ਸ਼ਹੀਦੀ ਮਗਰੋਂ ਵੀ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰੀ ਲੁਆਉਂਦਾ ਰਹਿੰਦਾ ਸੀ। ਉਸ ਨੂੰ ਬੰਦਾ ਸਿੰਘ ਦੀ ਸ਼ਹੀਦੀ ਤੋਂ ਤਿੰਨ ਮਹੀਨੇ ਮਗਰੋਂ, 7 ਅਗਸਤ 1716 ਦੇ ਦਿਨ, ਬਾਦਸ਼ਾਹ ਨੇ ਇੱਕ ਖ਼ੂਬਸੂਰਤ ਦਸਤਾਰ ਭੇਟ ਕੀਤੀ ਸੀ।

ਅਖੌਤੀ ਤੱਤ ਤੇ ਬੰਦਈ ਖਾਲਸਾ ਝਗੜਾ ਤੇ ਭਾਈ ਮਨੀ ਸਿੰਘ

ਭਾਈ ਮਨੀ ਸਿੰਘ ਵੱਲੋਂ ਅਖੌਤੀ ਤੱਤ-ਖਾਲਸਾ ਅਤੇ ਅਖੌਤੀ ਬੰਦਈ ਖਾਲਸਾ ਦਾ ਝਗੜਾ ਹੱਲ ਕਰਵਾਉਣਾ 18 ਅਕਤੂਬਰ 1723 ਦੀ ਘਟਨਾ ਹੈ। ਇਹ ਝਗੜਾ ਅਮਰ ਸਿੰਘ ਖੇਮਕਰਨੀ ਅਤੇ ਤਰੇਹਨ ਪਰਵਾਰ (ਕਾਨ੍ਹ ਸਿੰਘ, ਮੀਰੀ ਸਿੰਘ) ਵਿਚਕਾਰ ਸਿਰਫ਼ ਗੁਰਦੁਆਰੇ ਅਤੇ ਇਸ ਦੇ ਚੜ੍ਹਾਵੇ `ਤੇ ਕਬਜ਼ੇ ਦਾ ਮਸਲਾ ਸੀ ਨਾ ਕਿ ਕੋਈ ਸਿਧਾਂਤਕ ਜੰਗ।

ਬੰਦਾ ਸਿੰਘ `ਤੇ ਲਾਏ ਗਏ ਦੋਸ਼ਾਂ ਦੀ ਸੱਚਾਈ

ਬੰਦਾ ਸਿੰਘ ਦੇ ਖ਼ਿਲਾਫ਼ ਪ੍ਰਾਪੇਗੰਡਾ ਮੁਗ਼ਲਾਂ ਵਲੋਂ ਜਾਂ ਇਨ੍ਹਾਂ ਸਾਹਿਬਜ਼ਾਦਿਆਂ ਵੱਲੋਂ ਕਰਵਾਇਆ ਕੀਤਾ ਗਿਆ ਜਾਪਦਾ ਹੈ। ਬੰਦਾ ਸਿੰਘ ਤੇ ਲਾਏ ਸਾਰੇ ਦੋਸ਼ ਝੂਠੇ ਸਨ ਅਤੇ ਉਨ੍ਹਾਂ ਵਿਚੋਂ ਕੁੱਝ ਤਾਂ ਸਿੱਖੀ ਅਸੂਲਾਂ ਦੇ ਉਲਟ ਵੀ ਸਨ। ਜਿਵੇਂ ਕਿ ਉਸ ਦੇ ਵਿਆਹ ਕਰਨ ਨੂੰ ਗੁਰੂ ਦੇ ਹੁਕਮ ਦੇ ਉਲਟ ਆਖਣਾ। ਗੁਰੂ ਜੀ ਅਜਿਹਾ ਹੁਕਮ ਹਰਗਿਜ਼ ਨਹੀਂ ਸਨ ਕਰ ਸਕਦੇ। ਦੂਜਾ, ਬੰਦਾ ਸਿੰਘ ਨੇ ਕਦੇ ਗੱਦੀ ਨਹੀਂ ਸੀ ਲਾਈ। ਉਸ ਨੇ ਤਾਂ ਕਦੇ ਖ਼ੁਦ ਨੂੰ ਬਾਦਸ਼ਾਹ ਜਾਂ ਹਾਕਮ ਜਾਂ ਜਥੇਦਾਰ ਵੀ ਨਹੀਂ ਅਖਵਾਇਆ ਸੀ। ਉਹ ਤਾਂ ਖ਼ੁਦ ਨੂੰ ਗੁਰੂ ਦਾ ਗ਼ੁਲਾਮ ਕਿਹਾ ਕਰਦਾ ਸੀ। ਉਸ ਨੇ ਸਾਹਰਿੰਦ ਜਿੱਤ ਕੇ ਬਾਜ਼ ਸਿੰਘ ਨੂੰ, ਸਮਾਣਾ ਫ਼ਤਹਿ ਸਿੰਘ ਨੂੰ, ਥਾਨੇਸਰ ਰਾਮ ਸਿੰਘ ਨੂੰ ਤੇ ਬਾਕੀ ਇਲਾਕੇ ਵੀ ਜਿੱਤਣ ਮਗਰੋਂ ਵੱਖ-ਵੱਖ ਸਿੱਖਾਂ ਨੂੰ ਸੌਂਪ ਦਿਤੇ ਸਨ ਤੇ ਆਪ ਲੋਹਗੜ ਕਿਲ੍ਹਾ ਵਿੱਚ ਜਾ ਬੈਠਾ ਸੀ ਜਿਥੋਂ ਉਹ ਅਸਲਾ ਤਿਆਰ ਕਰਾ ਕੇ ਭੇਜਦਾ ਰਹਿੰਦਾ ਸੀ।

ਉਹ ਹਰ ਇੱਕ ਸਿੱਖ ਨੂੰ ‘ਸਿੰਘ ਜੀ’ ਆਖ ਕੇ ਬੁਲਾਉਂਦਾ ਸੀ ਤੇ ਕਦੇ ਕਿਸੇ ਸਿੱਖ ਨੂੰ ਜੂਨੀਅਰ ਨਹੀਂ ਸੀ ਸਮਝਦਾ। ਇਹੋ ਜਿਹੀ ਹਲੀਮੀ, ਭਾਈਚਾਰਕ ਸੋਚ, ਬੰਦਾ ਸਿੰਘ ਤੋਂ ਬਾਅਦ ਦੂਜੀ ਪੀੜ੍ਹੀ ਦੇ ਮਿਸਲ ਆਗੂਆਂ (ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ ਵਗ਼ੈਰਾ), ਰਣਜੀਤ ਸਿੰਘ ਜਾਂ ਕਿਸੇ ਵੀ ਸਿੱਖ ਜਰਨੈਲ, ਜਾਗੀਰਦਾਰ ਤਾਂ ਕੀ ਕਿਸੇ ਸਿੱਖ ਪ੍ਰਚਾਰਕ ਵਿੱਚ ਵੀ ਨਹੀਂ ਮਿਲਦੀ। ਇਰਵਿਨ (ਲੇਟਰ ਮੁਗ਼ਲਜ਼ ਵਿਚ) ਲਿਖਦਾ ਹੈ ਕਿ “ਇਕ ਚੂਹੜਾ ਜਾਂ ਚਮਾਰ, ਜੋ ਹਿੰਦੂਆਂ ਵਿੱਚ ਨੀਂਵਿਆਂ ਤੋਂ ਵੀ ਨੀਂਵਾਂ ਗਿਣਿਆ ਜਾਂਦਾ ਸੀ, ਸਿਰਫ਼ ਘਰੋਂ ਆ ਕੇ ਗੁਰੂ (ਬੰਦਾ ਸਿੰਘ) ਕੋਲ ਹਾਜ਼ਿਰ ਹੋਣਾ ਹੁੰਦਾ ਸੀ ਤੇ ਥੋੜ੍ਹੇ ਹੀ ਚਿਰ ਵਿੱਚ ਉਹ ਆਪਣੇ ਪਿੰਡ (ਇਲਾਕੇ) ਦਾ ਹਾਕਮ ਬਣ ਕੇ ਆ ਜਾਂਦਾ ਸੀ।”

ਬੰਦਾ ਸਿੰਘ ਕਿਸੇ ਵੀ ਐਕਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੁੰਦਾ ਸੀ। ਇੰਞ ਹੀ ਉਹ ਜਿੱਤ ਹਾਸਿਲ ਕਰਨ ਮਗਰੋਂ ਵੀ ਉਸ ਨੂੰ ਅਕਾਲ ਪੁਰਖ ਦੀ ਬਖ਼ਸ਼ਿਸ਼ ਹੀ ਮੰਨਿਆ ਕਰਦਾ ਸੀ। ਉਸ ਵੱਲੋਂ ਜਾਰੀ ਕੀਤੇ ਸਿੱਕੇ ਵਿੱਚ ਵੀ ਇਹ ਐਲਾਨ-ਨਾਮਾ ਸ਼ਰੇਆਮ ਲਿਖਿਆ ਮਿਲਦਾ ਹੈ:

ਸਿੱਕਾ ਜ਼ਦ ਬਰ ਹਰਦੋ ਆੱਲਿਮ, ਤੇਗ਼ਿ ਨਾਨਕ ਵਾਹਿਬ ਅਸਤ

ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਂ ਫ਼ਜ਼ਲਿ ਸੱਚਾ ਸਾਹਿਬ ਅਸਤ

(ਸੱਚੇ ਪਾਤਸ਼ਾਹ ਦੀ ਮਿਹਰ ਨਾਲ ਦੋਹਾਂ ਜਹਾਨਾਂ ਉੱਤੇ ਇਹ ਸਿੱਕਾ ਜਾਰੀ ਕੀਤਾ ਗਿਆ। ਗੁਰੂ ਨਾਨਕ ਦੀ ਤੇਗ਼ ਹਰੇਕ ਦਾਤ ਬਖ਼ਸ਼ਦੀ ਹੈ; ਅਕਾਲ ਪੁਰਖ ਦੇ

ਫ਼ਜ਼ਲ ਨਾਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਫ਼ਤਹਿ ਹੋਈ ਹੈ)

ਇੰਞ ਹੀ ਉਸ ਦਾ ਪਹਿਲਾ ਫ਼ਤਹਿ-ਨਾਮਾ ਇਹ ਸੀ:

ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ॥

ਪਾਦਸ਼ਾਹ ਦੀਨੋ-ਦੁਨੀਆਂ ਆਪ ਸੱਚਾ ਸਾਹਿਬ ਅਸਤ॥

(ਅੰਦਰ-ਬਾਹਰ, ਸਾਰੇ ਪਾਸੇ, ਬਾਬਾ ਨਾਨਕ ਦੀ ਹੀ ਵਡਿਆਈ ਹੈ। ਉਹ ਸੱਚਾ ਰੱਬ ਦੀਨ-ਦੁਨੀਆਂ ਦੋਹਾਂ ਦਾ ਵਾਲੀ ਹੈ)

ਇਨ੍ਹਾਂ ਦੋਹਾਂ ਇਬਾਰਤਾਂ ਤੋਂ ਸਾਫ਼ ਦਿਸਦਾ ਹੈ ਕਿ ਬਾਬਾ ਬੰਦਾ ਸਿੰਘ ਹਰ ਥਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਦਸ਼ਾਹਤ ਹੀ ਮੰਨਦਾ ਹੈ ਨਾ ਕਿ ਆਪਣੀ। ਉਸ ਵੱਲੋਂ ਮਗਰੋਂ ਜਾਰੀ ਕੀਤੀ ਗਈ ਮੁਹਰ ਵਿੱਚ ਵੀ ਉਸ ਨੇ ਆਪਣਾ ਹਰ ਹਾਸਿਲ, ਹਰ ਕਾਮਯਾਬੀ, ਆਪਣੀ ਹਰ ਜਿੱਤ ਤੇ

ਆਪਣੀ ਪੂਰੀ ਤਾਕਤ ਤੇ ਹਸਤੀ ਗੁਰੂਆਂ ਦੀ ਬਖ਼ਸ਼ਿਸ਼ ਮੰਨਿਆ ਸੀ:

ਦੇਗ਼ੋ-ਤੇਗ਼ੋ-ਫ਼ਤਿਹ-ਓ-ਨੁਸਰਤ ਬੇਦਿਰੰਗ

ਯਾਫ਼ਤ ਅਜ਼ ਨਾਨਕ - ਗੁਰੂ ਗੋਬਿੰਦ ਸਿੰਘ

(ਦੇਗ਼, ਤੇਗ਼ ਅਤੇ ਫ਼ਤਹਿ ਬਿਨਾਂ ਕਿਸੇ ਦੇਰੀ ਤੋਂ, ਯਾਨਿ ਬਿਨਾਂ ਕਿਸੇ ਰੁਕਾਵਟ ਤੋਂ, ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਤੋਂ ਹਾਸਿਲ ਹੋਈ)।

ਬੰਦਾ ਸਿੰਘ ਨੇ ਤਾਂ ਕਿਤੇ ਇਹ ਵੀ ਨਹੀਂ ਲਿਖਵਾਇਆ ਕਿ “ਅਕਾਲ ਪੁਰਖ ਨੇ ਇਹ ਸੇਵਾ ਆਪਣੇ ਸੇਵਕ ਨੂੰ ਨਾਚੀਜ਼ ਸਮਝ ਕੇ ਕਰਵਾਈ।” ਜਿਵੇਂ ਕਿ ਮਗਰੋਂ ਰਣਜੀਤ ਸਿੰਘ ਨੇ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਬਣਾਏ ਇੱਕ ਵੱਡੇ ਰਾਜ ਦੀ ਬੇਸ਼ੁਮਾਰ ਦੌਲਤ ਵਿੱਚੋਂ ਰੀਣ-ਕੂ ਸੋਨਾ ਦਰਬਾਰ ਸਾਹਿਬ `ਤੇ ਲਾਉਣ ਮਗਰੋਂ ਆਪਣੇ ਨਾਂ ਦੀ ਤਖ਼ਤੀ ਦਰਬਾਰ ਸਾਹਿਬ ਦੇ ਮੱਥੇ `ਤੇ ਲੁਆ ਲਈ ਸੀ (ਹਾਲਾਂ ਕਿ ਇਸ ਤੋਂ ਕਈ ਗੁਣਾ ਵਧ ਸੋਨਾ ਹਿੰਦੂ ਮੰਦਰਾਂ `ਤੇ ਲਾਇਆ ਸੀ)। ਉਂਞ ਦਰਬਾਰ ਸਾਹਿਬ `ਤੇ ਲਾਏ ਸੋਨੇ ਵਿਚੋਂ ਭੰਗੀ ਮਿਸਲ ਦਾ ਅੱਧ ਵੀ ਸਾਮਿਲ ਸੀ ਪਰ ਉਨ੍ਹਾਂ ਦਾ ਨਾਂ ਕਿਤੇ ਨਹੀਂ ਸੀ/ਹੈ। ਰਣਜੀਤ ਸਿੰਘ ਨੇ ਤਾਂ ਆਪਣੇ ਆਪ ਨੂੰ ‘ਸਿੰਘ ਸਾਹਿਬ’ ਵੀ ਲਿਖਵਾਇਆ। ਸਿੱਖ ਕੌਮ ਸਿਰਫ਼ ਗੁਰੂ ਸਾਹਿਬਾਨ ਨੂੰ ਹੀ ‘ਸਿੰਘ ਸਾਹਿਬ’, ਯਾਨਿ ਸਿੰਘਾਂ ਦਾ ਮਾਲਿਕ ਮੰਨਦੀ ਹੈ ਤੇ ਰਣਜੀਤ ਸਿੰਘ ਨੇ ਖ਼ੁਦ ਨੂੰ ‘ਸਿੰਘ ਸਾਹਿਬ’ ਅਖਵਾ ਕੇ, ਆਪਣੇ ਆਪ ਨੂੰ ਗੁਰੂਆਂ ਵਾਲਾ ਦਰਜਾ ਦੇ ਲਿਆ ਸੀ)।

ਬੰਦਾ ਸਿੰਘ ਤਾਂ ਇਹੋ ਜਿਹਾ ਸਿੱਖ ਸੀ ਕਿ ਉਹ ਹੋਰਨਾਂ ਨੂੰ ਵੀ ਸਿਮਰਨ ਕਰਨ, ਰੱਬ ਦੀ ਰਜ਼ਾ ਵਿੱਚ ਰਹਿਣ, ਗੁਰਮਤਿ ਦੇ ਰਸਤੇ `ਤੇ ਚੱਲਣ ਅਤੇ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਖਿਆ ਕਰਦਾ ਸੀ। ਉਸ ਦੀ ਜੌਨਪੁਰ ਦੀ ਸੰਗਤ ਦੇ ਨਾਂ ਲਿਖੀ ਚਿੱਠੀ ਵਿੱਚ ਇਹ ਗੱਲ ਸਾਫ਼ ਪੜ੍ਹੀ ਜਾ ਸਕਦੀ ਹੈ:

ਸ੍ਰੀ ਸੱਚੇ ਸਾਹਿਬ ਜੀ ਕਾ (ਬੰਦਾ ਸਿੰਘ ਦਾ ਨਹੀਂ) ਹੁਕਮ ਹੈ ਸਰਬਤ ਖਾਲਸਾ ਜਉਨਪੁਰ ਕਾ ਗੁਰੂ ਰਖੇਗਾ। ਗੁਰੂ ਗੁਰੂ ਜਪਣਾ। ਜਨਮ ਸਵਰੈਗਾ। ਤੁਸੀਂ ਅਕਾਲ ਪੁਰਖ ਜੀ ਕਾ ਖਾਲਸਾ ਹੋ। … ਖਾਲਸੇ ਦੀ ਰਹਿਤ ਰਹਿਣਾ। … ਆਪਸ ਵਿਚਿ ਪਿਆਰ ਕਰਣਾ। ਮੇਰਾ ਹੁਕਮ ਹੈ ਜੋ ਖਾਲਸੇ ਦੀ (ਬੰਦਾ ਸਿੰਘ ਦੀ ਨਹੀਂ) ਰਹਿਤ ਰਹੇਗਾ ਤਿਸ ਦੀ ਗੁਰੂ (ਬੰਦਾ ਸਿੰਘ ਨਹੀਂ) ਬਾਹੁੜੀ ਕਰੇਗਾ।

ਬਾਬਾ ਬੰਦਾ ਸਿੰਘ ਦਾ ਵਿਆਹ ਕਰਨਾ (ਇਕ ਜਾਂ ਦੋ ਵੀ) ਕਿਸੇ ਤਰ੍ਹਾਂ ਵੀ ਸਿੱਖੀ ਦੇ ਉਲਟ ਕਾਰਵਾਈ ਨਹੀਂ ਸੀ (ਸਗੋਂ ਇਹ ਸਹੀ ਐਕਸ਼ਨ ਸੀ)। ਸਿੱਖ ਨੂੰ ਸਾਫ਼ ਹਦਾਇਤ ਹੈ ਕਿ ਗ੍ਰਿਹਸਤ ਦੀ ਜ਼ਿੰਦਗੀ ਜੀਵੇ ਨਾ ਕਿ ਬੈਰਾਗੀ ਜਾਂ ਉਦਾਸੀ ਬਣੇ; ਹਾਲਾਂ ਕਿ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਵਿਆਹ ਕਰਵਾਏ ਬਿਨਾਂ ਸਿੱਖ ਸਿੱਖ ਨਹੀਂ ਰਹਿੰਦਾ। ਜੇ ਸਿੱਖ ਵਿਆਹ ਤੋਂ ਬਿਨਾਂ ਜ਼ਿੰਦਗੀ ਵਿੱਚ ਕੁੱਝ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਖੁਲ੍ਹ ਹੈ, ਪਰ ਪਰਾਏ ਮਰਦ/ਨਾਰੀ ਨਾਲ ਸੈਕਸ-ਜ਼ਿੰਦਗੀ ਬਿਤਾਉਣ ਦੀ ਥਾਂ ਵਿਆਹ ਕਰਨਾ ਲਾਜ਼ਮੀ ਹੈ।

ਇੰਞ ਹੀ ਇਹ ਵੀ ਗ਼ਲਤ ਹੈ ਕਿ ਬੰਦਾ ਸਿੰਘ ਨੇ ਗੁਰੂ ਅਖਵਾਇਆ ਸੀ ਜਾਂ ਉਸ ਨੇ ਗੱਦੀ ਲਾਈ ਸੀ ਜਾਂ “ਵਾਹਿਗੁਰੂ ਜੀ ਦੀ ਫ਼ਤਹਿ” ਦੀ ਥਾਂ `ਤੇ “ਫ਼ਤਹਿ ਦਰਸ਼ਨ” ਦਾ ਨਾਅਰਾ ਘੜਨਾ ਵੀ ਗ਼ਲਤ ਹੈ। ਇਸ ਦੀ ਅਸਲੀਅਤ ਦਰਅਸਲ ਇਹ ਹੈ ਕਿ ਜਦ ਚੱਪੜ ਚਿੜੀ ਵਿੱਚ ਲੜਾਈ ਸ਼ੁਰੂ ਹੋਣ ਲੱਗੀ ਤਾਂ ਸਾਹਰਿੰਦੀ ਫ਼ੌਜ ਵਿੱਚ ਸਾਰੇ ਪਾਸਿਓਂ ਯਾ ਅਲੀ, ਯਾ ਅਲੀ, ਅਲ੍ਹਾ ਹੂ ਅਕਬਰ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ `ਤੇ ਸਿੱਖਾਂ ਨੇ ਅਕਾਲ! ਅਕਾਲ! ! ਦੇ ਜੈਕਾਰੇ ਸ਼ੁਰੂ ਕਰ ਦਿਤੇ। ਸਿੱਖ ਜਰਨੈਲਾਂ ਨੇ ਸੱਚਾ ਪਾਤਸ਼ਾਹ ਅਤੇ ਫ਼ਤਹਿ ਦਰਸ਼ਨ ਦੇ ਨਵੇਂ ਜੈਕਾਰੇ ਵੀ ਘੜ ਲਏ ਕਿਉਂ ਕਿ ਇਹ ਜੈਕਾਰੇ ਯਾ ਅਲੀ ਅਤੇ ਅਲ੍ਹਾ ਹੂ ਅਕਬਰ' ਵਾਂਗ ਜਾਪਦੇ ਸਨ। (ਐਲੀਅਟ ਐਂਡ ਡਾਊਸਨ, ਜਿਲਦ 7, ਸਫ਼ਾ 414)।

ਗੁਰੂ ਸਾਹਿਬ ਦੀ ਸੰਗਤ ਵਿੱਚ ਆਉਣ ਮਗਰੋਂ ਬੰਦਾ ਸਿੰਘ ਇੱਕ ਪੂਰਨ ਗੁਰਸਿੱਖ ਸੀ। ਜਿਸ ਸ਼ਖ਼ਸ ਨੇ ਕਦੇ ਇੱਕ ਚੰਗਾ ਤਗੜਾ ਡੇਰਾ ਕਾਇਮ ਕੀਤਾ ਹੋਵੇ, ਜਿਸ ਦੇ ਵੱਡੀ ਗਿਣਤੀ ਵਿੱਚ ਚੇਲੇ ਹੋਣ ਤੇ ਜਿਸ ਦਾ ਦਬਦਬਾ ਖ਼ੂਬ ਕਾਇਮ ਹਇਆ ਹੋਵੇ, ਉਹ ਇਹ ਸਾਰਾ ਕੁੱਝ ਛੱਡ ਕੇ ‘ਗੁਰੂ ਦਾ ਬੰਦਾ’ ਬਣ ਜਾਵੇ, ਉਸ ਸ਼ਖ਼ਸ `ਤੇ ਇਹ ਇਲਜ਼ਾਮ ਲਾਉਣਾ ਕਿ ਉਹ ਗੁਰੂ ਦੇ ਰਸਤੇ ਤੋਂ ਭਟਕ ਗਿਆ ਸੀ, ਇੱਕ ਮਹਾਨ ਹਸਤੀ ਦੀ ਪੰਥ ਨੂੰ ਦੇਣ, ਉਸ ਦੀ ਮਹਾਨ ਕੁਰਬਾਨੀ ਦੀ ਬੇਕਦਰੀ ਕਰਨਾ ਅਤੇ ਅਹਿਸਾਨ-ਫ਼ਰਾਮੋਸ਼ੀ ਵਾਲੀ ਗੱਲ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਸ ਨੂੰ ਮੁਸਲਮਾਨ ਬਣ ਜਾਣ ਦੀ ਸੂਰਤ ਵਿੱਚ ਸਾਰੇ ਸੁਖ ਮਿਲਣ ਦੀ ਪੇਸ਼ਕਸ਼ ਸੀ ਤੇ ਫਿਰ ਵੀ ਉਸ ਨੇ ਸਿੱਖ ਧਰਮ ਛੱਡਣ ਤੋਂ ਨਾਂਹ ਕਰ ਦਿਤੀ ਸੀ। ਗੁਰੂ ਵਾਸਤੇ, ਸਿੱਖੀ ਵਾਸਤੇ, ਧਰਮ ਵਾਸਤੇ, ਦੁਨੀਆਂ ਭਰ ਦੇ ਦਰਦਨਾਕ ਤੇ ਅੰਤਾਂ ਦੇ ਤਸੀਹੇ ਸਹਿ ਕੇ, ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਂਦਿਆਂ, ਸ਼ਹੀਦ ਹੋਣਾ ਮਨਜ਼ੂਰ ਕਰਨ ਵਾਲਾ, ਜੇ ਸੱਚਾ ਸਿੱਖ ਨਹੀਂ ਸੀ ਤਾਂ ਹੋਰ ਕੀ ਸੀ?

ਅਜਿਹਾ ਜਾਪਦਾ ਹੈ ਕਿ ਅਖੌਤੀ ਸਾਹਿਬਜ਼ਾਦਿਆਂ (ਗੁਰੂ ਅੰਗਦ ਸਾਹਿਬ ਜਾਂ ਗੁਰੂ ਅਮਰ ਦਾਸ ਸਾਹਿਬ ਦੀ ਔਲਾਦ) ਨੇ ਆਪਣੇ ਆਪ ਨੂੰ ਸੱਚੇ ਤੇ ਉੱਚੇ ਸਾਬਿਤ ਕਰਨ ਵਾਸਤੇ ਜਾਂ ਮੁਗ਼ਲਾਂ ਦੀ ਹਮਦਰਦੀ ਹਾਸਿਲ ਕਰਨ ਵਾਸਤੇ ਜਾਂ ਸੌਖੇ ਦਿਨਾਂ ਵਿੱਚ ਗੁਰਦੁਆਰਿਆਂ ਦਾ ਚੜ੍ਹਾਵਾ ਹਜ਼ਮ ਕਰਨ ਵਾਸਤੇ ਜਾਂ ਸਿੱਖਾਂ ਕੋਲੋਂ ਮੱਥਾ ਟਿਕਾਉਣ ਜਾਂ ਗੁਰੂ ਅਖਵਾਉਣ ਦੀ ਸਾਜਿਸ਼ ਹੇਠ, ਤੱਤ ਖਾਲਸਾ-ਬੰਦਈ ਖਾਲਸਾ ਦੇ ਨਾਂ `ਤੇ ਬਾਬਾ ਬੰਦਾ ਸਿੰਘ ਨਾਲ ਧੱਕਾ ਕੀਤਾ ਸੀ।
ਬਾਬਾ ਬੰਦਾ ਸਿੰਘ ਤੇ ਇਸਲਾਮ

ਕੁਝ ਮੁਸਲਮਾਨ ਲਿਖਾਰੀਆਂ ਨੇ ਬੰਦਾ ਸਿੰਘ ਨੂੰ ਮੁਸਲਮਾਨਾਂ `ਤੇ ਜ਼ੁਲਮ ਕਰਨ ਵਾਲੇ ਦੇ ਤੌਰ `ਤੇ ਪੇਸ਼ ਕੀਤਾ ਹੈ ਜੋ ਕਿ ਸਿਰਫ਼ ਤੇ ਸਿਰਫ਼ ਬੇਇਨਸਾਫ਼ੀ ਹੈ। ਤਵਾਰੀਖ਼ ਗਵਾਹ ਹੈ ਕਿ ਬੰਦਾ ਸਿੰਘ ਨੇ ਇੱਕ ਵੀ ਬੇਗੁਨਾਹ ਮੁਸਲਮਾਨ ਨਹੀਂ ਸੀ ਮਾਰਿਆ। ਉਸ ਨੇ ਸਿਰਫ਼ ਜ਼ਾਲਮਾਂ ਨੂੰ ਸਜ਼ਾ ਦਿਤੀ ਸੀ। ਆਮ ਮਸਲਮਾਨ ਤਾਂ ਖ਼ੁਦ ਸਈਅਦ, ਮੁਗ਼ਲ ਤੇ ਪਠਾਣ ਹਾਕਮਾਂ ਦੇ ਜ਼ੁਲਮਾਂ ਦਾ ਸ਼ਿਕਾਰ ਸਨ। ਇਸ ਕਰ ਕੇ ਆਮ ਮੁਸਲਮਾਨ ਸਗੋਂ ਬੰਦਾ ਸਿੰਘ ਦੀ ਮਦਦ ਕਰਦੇ ਰਹੇ ਸਨ। ਸਮਾਣਾ, ਸਢੌਰਾ, ਬੂੜੀਆ, ਕਲਾਨੌਰ ਅਤੇ ਕਈ ਹੋਰ ਜਗਹ ਮੁਸਲਮਾਨਾਂ ਨੇ ਬੰਦਾ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਮਦਦ ਕੀਤੀ ਤੇ ਪੰਜਾਬ ਦੀ ਆਜ਼ਾਦੀ ਦੀ ਜੱਦੋਜਹਿਦ ਵਿੱਚ ਪੂਰਾ ਹਿੱਸਾ ਪਾਇਆ।

ਬੰਦਾ ਸਿੰਘ ਨੇ ਜਦ ਵੀ ਕੋਈ ਇਲਾਕਾ ਜਿੱਤਿਆ ਉਸ ਨੇ ਕਿਸੇ ਮਸਜਿਦ ਨੂੰ ਹੱਥ ਤਕ ਨਹੀਂ ਲਾਇਆ। ਸਾਹਰਿੰਦ (ਹੁਣ ਫ਼ਤਹਿਗੜ੍ਹ ਸਹਿਬ), ਸਢੌਰਾ ਤੇ ਕਈ ਹੋਰ ਜਗਹ ਅਜ ਵੀ ਬੰਦਾ ਸਿੰਘ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਮਸਜਿਦਾਂ ਤੇ ਮਜ਼ਾਰਾਂ ਹੂ-ਬ-ਹੂ ਕਾਇਮ ਹਨ। ਦੂਜੇ ਪਾਸੇ ਮੁਸਲਮਾਨ ਹਾਕਮਾਂ ਨੇ ਸਿੱਖਾਂ ਦੇ ਹਰ ਧਾਰਮਿਕ ਅਦਾਰੇ ਨੂੰ ਕਈ ਵਾਰ ਲੁੱਟਿਆ ਤੇ ਢਾਹਿਆ ਸੀ ਅਤੇ ਸਰੋਵਰ ਮਿੱਟੀ, ਮਲਬੇ ਅਤੇ ਕੂੜੇ ਨਾਲ ਪੂਰ ਦਿੱਤੇ ਸਨ।

ਹੋਰ ਤਾਂ ਹੋਰ ਮੁਗ਼ਲ ਬਾਦਸ਼ਾਹ ਦੇ ਦਰਬਾਰ ਵਿੱਚ (28 ਅਪਰੈਲ 1711 ਨੂੰ) ਵੀ ਇਹ ਚਰਚਾ ਹੋਇਆ ਸੀ ਕਿ ਮੁਸਲਮਾਨ ਉਸ ਤੋਂ ਖ਼ੁਸ਼ ਹਨ ਤੇ ਕਲਾਨੌਰ ਵਿੱਚ ਤਾਂ 5 ਹਜ਼ਾਰ ਮੁਸਲਮਾਨ ਉਸ ਦੀ ਫ਼ੌਜ ਵਿੱਚ ਵੀ ਸ਼ਾਮਿਲ ਹੋ ਚੁਕੇ ਸਨ। ਬੰਦਾ ਸਿੰਘ ਸਿੱਖ ਤੇ ਮੁਸਲਮਾਨ ਹਰ ਇੱਕ ਨੂੰ ‘ਜੀ’ ਕਹਿ ਕੇ ਬੁਲਾਉਂਦਾ ਸੀ ਤੇ ਇਸਲਾਮ ਜਾਂ ਇਸ ਦੇ ਬਾਨੀ ਹਜ਼ਰਤ ਮੁਹੰਮਦ ਬਾਰੇ ਉਸ ਨੇ ਕਦੇ ਵੀ ਕੁਬੋਲ ਨਹੀਂ ਸੀ ਵਰਤਿਆ। ਦੂਜੇ ਪਾਸੇ ਮੁਸਲਮਾਨ ਸਾਰੇ ਹੀ ਸਿੱਖਾਂ ਨੂੰ ਨਫ਼ਰਤ ਕਰਦੇ ਸਨ ਤੇ ਆਮ ਬੋਲਚਾਲ ਜਾਂ ਲਿਖਤ ਜਾ ਹੁਕਮ ਵਿੱਚ ਕੁੱਤੇ ਜਾਂ ਕਾਫ਼ਰ ਜਾਂ ਚੋਰ ਕਹਿੰਦੇ ਜਾਂ ਲਿਖਦੇ ਸਨ।

ਬੰਦਾ ਸਿੰਘ ਨੇ ਤਾਂ ਇੱਕ ਵਾਰ ਇੱਕ ਸਿੱਖ ਅਫ਼ਸਰ ਨੂੰ ਇੱਕ ਮਸਲਮਾਨ ਦੀ ਜਾਇਦਾਦ ਹੜਪ ਕਰਨ ਬਦਲੇ ਸਜ਼ਾ ਵੀ ਦਿੱਤੀ ਸੀ। ਬੰਦਾ ਸਿੰਘ ਦੇ ਇਸ ਇਨਸਾਫ਼ ਦੀ ਗਵਾਹੀ ਕੇਸਰ ਸਿੰਘ ਛਿਬਰ (ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਦਾ, ਬੰਦ 45 ਵਿਚ), ਬੰਦਾ ਸਿੰਘ ਦੀ ਜ਼ਬਾਨ ਤੋਂ ਇਨ੍ਹਾਂ ਲਫ਼ਜ਼ਾਂ ਵਿੱਚ ਦੇਂਦਾ ਹੈ:

‘ਰਾਜੇ ਚੁਲੀ ਨਿਆਉਂ ਕੀ’ ਕਹਿਆ। ਇਉਂ ਗ੍ਰੰਥ ਵਿੱਚ ਲਿਖਿਆ ਲਹਿਆ।

ਨਿਆਉਂ ਨ ਕਰੇ ਤੇ ਨਰਕ ਜਾਏ। ਰਾਜਾ ਹੋਇ ਕੇ ਨਿਆਉਂ ਕਮਾਏ। 43.

ਪੁਰਖ ਬਚਨ ਮੁਝ ਕੋ ਐਸੇ ਹੈ ਕੀਤਾ। ਮਾਰਿ ਪਾਪੀ ਮੈਂ ਵੈਰ ਪੁਰਖ ਦਾ ਲੀਤਾ।

ਜੇ ਤੁਸੀਂ ਉਸ ਪੁਰਖ ਦੇ ਸਿਖ ਅਖਾਓ। ਤਾਂ ਪਾਪ ਅਧਰਮ ਅਨਿਆਉ ਨਾ ਕਮਾਓ। 44.

ਸਿੱਖ ਉਬਾਰਿ ਅਸਿੱਖ ਸੰਘਾਰੋ। ਪੁਰਖ ਦਾ ਕਹਿਆ ਹਿਰਦੇ ਧਾਰੋ। …

ਭੇਖੀ ਲੰਪਟ ਪਾਪੀ ਚੁਣ ਮਾਰੋ। 45.

ਇਸ ਤੋਂ ਪਤਾ ਲਗਦਾ ਹੈ ਕਿ ਬੰਦਾ ਸਿੰਘ ਨੇ ਸਿੱਖਾਂ ਨੂੰ ਬੇਇਨਸਾਫ਼ੀ ਤੋਂ ਰੋਕਣ ਵਾਸਤੇ ਬੜੀਆਂ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਸਨ। ਦੂਜੇ ਪਾਸੇ ਮੁਗ਼ਲ ਹਾਕਮਾਂ ਨੇ ਬੰਦਾ ਸਿੰਘ ਦੀ ਸਿਆਸੀ ਜੱਦੋਜਹਿਦ ਦੇ ਖ਼ਿਲਾਫ਼ ਜਹਾਦ ਦਾ ਨਾਅਰਾ ਲਾਇਆ ਸੀ ਅਤੇ ਆਮ ਸਿੱਖਾਂ `ਤੇ ਜ਼ੁਲਮ ਕੀਤੇ ਸਨ। ਬਹਾਦਰ ਸ਼ਾਹ ਨੇ ਤਾਂ 10 ਦਸੰਬਰ 1710 ਨੂੰ ‘ਜਿੱਥੇ ਵੀ ਸਿੱਖ ਨਜ਼ਰ ਆਵੇ ਕਤਲ ਕਰ ਦਿੱਤਾ ਜਾਵੇ’ ਦਾ ਫ਼ੁਰਮਾਨ ਵੀ ਜਾਰੀ ਕੀਤਾ ਸੀ। ਸੋ, ਬੰਦਾ ਸਿੰਘ ਨੂੰ ਇਸਲਾਮ ਵਿਰੋਧੀ ਕਹਿਣਾ ਉਸ ਨਾਲ ਧੱਕਾ ਹੈ ਤੇ ਤਵਾਰੀਖ਼ ਨਾਲ ਜ਼ਿਆਦਤੀ ਹੈ।

ਬਾਬਾ ਬੰਦਾ ਸਿੰਘ ਅਤੇ ਹਿੰਦੂ ਰਾਜੇ ਤੇ ਚੌਧਰੀ

ਬੰਦਾ ਸਿੰਘ ਵੱਲੋਂ ਲੜੀ ਗਈ ਆਜ਼ਾਦੀ ਦੀ ਜੰਗ ਵਿੱਚ ਕਿਸੇ ਵੀ ਹਿੰਦੂ ਨੇ ਸਾਥ ਨਹੀਂ ਸੀ ਦਿੱਤਾ। ਜੇ ਕਿਤੇ ਕੋਈ ਹਿੰਦੂ ਉਸ ਦੇ ਨਾਲ ਰਲੇ ਤਾਂ ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਲੁੱਟਮਾਰ ਤਕ ਹੀ ਸੀਮਤ ਸੀ। ਜਦ ਅਸਲ ਲੜਾਈ ਦਾ ਵੇਲਾ ਆਉਂਦਾ ਸੀ ਤਾਂ ਇਹ ਹਿੰਦੂ ਮੈਦਾਨ ਵਿੱਚੋਂ ਭੱਜ ਜਾਇਆ ਕਰਦੇ ਸਨ। ਜਿੰਨੇ ਵੀ ਹਿੰਦੂ ਰਾਜੇ ਸਨ ਉਹ ਸ਼ਰੇਆਮ ਮੁਗ਼ਲ ਬਾਦਸ਼ਾਹਾਂ ਦਾ ਸਾਥ ਦੇਂਦੇ ਰਹੇ ਸਨ। ਬਹੁਤੇ ਹਿੰਦੂ ਰਾਜੇ ਤਾਂ ਆਪਣੀਆਂ ਫ਼ੌਜਾਂ ਲੈ ਕੇ ਮੁਗ਼ਲ ਫ਼ੌਜਾਂ ਨਾਲ ਰਲ ਕੇ ਸਿੱਖਾਂ ਦੇ ਖ਼ਿਲਾਫ਼ ਲੜੇ ਸਨ। ਇਨ੍ਹਾਂ ਵਿਚੋਂ ਛਤਰਸਾਲ ਬੁੰਦੇਲਾ, ਚੂੜਾਮਨਿ ਜੱਟ, ਗੋਪਾਲ ਸਿੰਹ ਭਦਾਵੜੀਆ, ਉਦਿਤ ਸਿੰਹ ਬੁੰਦੇਲਾ, ਬਦਨ ਸਿੰਹ ਬੁੰਦੇਲਾ, ਬਚਨ ਸਿੰਹ ਕਛਵਾਹਾ, ਅਜੀਤ ਸਿੰਹ ਜੋਧਪੁਰੀਆ, ਜੈ ਸਿੰਹ ਸਵਾਈ ਜੈਪੁਰੀਆ, ਅਜਮੇਰ ਦਾ ਰਾਜਾ ਅਮਰ ਸਿੰਹ ਅਤੇ ਸ਼ਿਵਾਲਿਕ ਪਹਾੜਾਂ (ਨਾਹਨ, ਜੰਮੂ, ਕੁੱਲੂ, ਕਾਂਗੜਾ ਵਗ਼ੈਰਾ) ਦੇ ਹਿੰਦੂ ਰਾਜੇ ਤੇ ਹੋਰ ਕਈ ਤਾਂ ਸਿੱਖਾਂ ਦੇ ਖ਼ਿਲਾਫ਼ ਸਗੋਂ ਅੱਗੇ ਹੋ ਕੇ ਲੜੇ ਸਨ। ਜੋਧਪੁਰ ਅਤੇ ਜੈਪੁਰ ਦੇ ਹਿੰਦੂ ਰਾਜਿਆਂ ਨੇ ਤਾਂ ਸਤੰਬਰ 1711 ਵਿੱਚ ਉਨ੍ਹਾਂ ਨੂੰ ਮਿਲਣ ਆਏ ਸਿੱਖ ਸਫ਼ੀਰ ਵੀ ਮਾਰ ਦਿੱਤੇ ਸਨ।

ਉਂਞ ਮੁਗ਼ਲਾਂ ਤੋਂ ਆਜ਼ਾਦੀ ਦਾ ਫ਼ਾਇਦਾ ਵਧੇਰੇ ਹਿੰਦੂਆਂ ਨੂੰ ਹੀ ਪੁਜਦਾ ਸੀ ਪਰ ਫਿਰ ਵੀ ਹਿੰਦੂ ਮੁਗ਼ਲਾਂ ਨਾਲ ਰਲ ਕੇ ਸਿੱਖਾਂ ਦੇ ਖ਼ਿਲਾਫ਼ ‘ਜਹਾਦ’ ਤਕ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਸਨ, ਜਿਵੇਂ ਸਤੰਬਰ-ਅਕਤੂਬਰ 1710 ਵਿੱਚ ਲਾਹੌਰ ਦੇ ਜਹਾਦ ਵਿੱਚ ਅਤੇ ਨਵੰਬਰ 1710 ਦੀ ਲੋਹਗੜ੍ਹ ਦੇ ਘੇਰੇ ਅਤੇ ਮਈ-ਦਸੰਬਰ 1715 ਦੇ ਗੁਰਦਾਸ ਨੰਗਲ ਦੇ ਘੇਰੇ ਵੇਲੇ, ਦਰਜਨਾਂ ਹਿੰਦੂ ਰਾਜੇ ਤੇ ਚੌਧਰੀ ਆਪਣੀਆਂ ਫ਼ੌਜਾਂ ਲੈ ਕੇ ਆਪ ਖ਼ੁਦ ਆਏ ਹੋਏ ਸਨ। ਪਰ ਜੇ ਇਸ ਵੇਲੇ ਰਾਜਿਸਥਾਨ ਦੇ ਹਿੰਦੂ ਰਾਜਪੂਤ ਰਾਜੇ ਬਗ਼ਾਵਤ ਕਰ ਦੇਂਦੇ ਤਾਂ ਮੁਗ਼ਲ ਫ਼ੌਜਾਂ ਦੋ ਮੁਹਾਜ਼ਾਂ `ਤੇ ਵੰਡੀਆਂ ਜਾਣੀਆਂ ਸਨ ਤੇ ਪੰਜਾਬ ਅਤੇ ਰਾਜਿਸਥਾਨ ਵਿਚੋਂ ਮੁਗ਼ਲ ਹਕੂਮਤ ਖ਼ਤਮ ਹੋ ਜਾਣ ਦੇ ਪੂਰੇ ਆਸਾਰ ਸਨ। ਸਿਰਫ਼ ਰਾਜਿਆਂ, ਚੌਧਰੀਆਂ ਤੇ ਜਾਗੀਰਦਾਰਾਂ ਹੀ ਨਹੀਂ ਆਮ ਹਿੰਦੂਆਂ ਵਿੱਚੋਂ ਵੀ ਕਿਸੇ ਨੇ ਬੰਦਾ ਸਿੰਘ ਜਾਂ ਸਿੱਖ ਫ਼ੌਜਾਂ ਦਾ ਸਾਥ ਨਹੀਂ ਸੀ ਦਿੱਤਾ। ਹੋਰ ਤਾਂ ਹੋਰ ਪੰਜਾਬ ਦਾ ਇੱਕ ਵੀ ਹਿੰਦੂ, ਬੰਦਾ ਸਿੰਘ ਦੀ ਫ਼ੌਜ ਵਿੱਚ ਨਹੀਂ ਸੀ ਤੇ ਸਿਰਫ਼ ‘ਗੁਰੂ ਦੇ ਸ਼ੇਰ’ ਹੀ ਜਾਨਾਂ ਵਾਰਨ ਵਾਸਤੇ ਅੱਗੇ ਆਏ ਸਨ। ਪੰਜਾਬੀ ਹਿੰਦੂਆਂ ਦੀਆਂ ਨਸਲਾਂ ਨੇ ਹੀ ਮਗਰੋਂ ਲਖਪਤ ਰਾਏ, ਜਸਪਤ ਰਾਏ, ਲਛਮੀ ਦਾਸ, ਭਵਾਨੀ ਦਾਸ ਪੈਦਾ ਕੀਤੇ ਸਨ ਜੋ ਮੁਗ਼ਲਾਂ ਦੇ ਵਜ਼ੀਰ ਤੇ ਜਰਨੈਲ ਬਣ ਕੇ ਸਿੱਖਾਂ ਤੇ ਜ਼ੁਲਮ ਢਾਹੁੰਦੇ ਰਹੇ ਸਨ।

(ਕਿਤਾਬ “ਮਹਾਨ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ” ਦੇ ਅਧਾਰ ਤੇ)