ਬੱਬਰ ਅਕਾਲੀ ਲਹਿਰ ਦੇ ਮੋਢੀ ਬਾਬਾ ਕਿਸ਼ਨ ਸਿੰਘ ਦਾ ਬਚਪਨ ਦਾ ਨਾਮ ਕਿਸ਼ਨ ਸਿੰਘ ਸੀ ਅਤੇ ਉਨ੍ਹਾਂ ਦਾ ਜਨਮ ਪਿੰਡ ਬੜਿੰਗਾਂ ਜ਼ਿਲ੍ਹਾ ਜਲੰਧਰ ਵਿਚ ਸ੍ਰ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਮਾਂ ਸੋਮਾ ਦੇਵੀ ਦੇ ਘਰ 13 ਸਤੰਬਰ, 1889 ਨੂੰ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਉਹ ਫੌਜ ਵਿਚ ਭਰਤੀ ਹੋ ਗਏ। ਚੰਗੇ ਕੱਦਵਾਰ ਅਤੇ ਹੁੰਦੜਹੇਲ ਹੋਣ ਕਰਕੇ ਛੇਤੀ ਹੀ ਉਹ ਫੌਜ ਵਿਚ ਅਤਿਅੰਤ ਲੋਕਪ੍ਰਿਅ ਹੋ ਗਏ ਅਤੇ ਸਭ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ। ਉਨ੍ਹਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ ਪੜ੍ਹਣ ਦਾ ਬਹੁਤ ਸ਼ੌਂਕ ਸੀ। ਉਹ ਖੁਦ ਵੀ ਪੜ੍ਹਦੇ ਅਤੇ ਜਵਾਨਾਂ ਨੂੰ ਵੀ ਪੜ੍ਹ ਕੇ ਸੁਣਾਉਂਦੇ। 1919 ਦੀ ਖ਼ੂਨੀ ਵਿਸਾਖੀ ਦਾ ਪ੍ਰਭਾਵ ਉਨ੍ਹਾਂ 'ਤੇ ਵੀ ਪਿਆ ਅਤੇ ਉਹ ਸਰਕਾਰ ਦੀਆਂ ਸਿੱਖ-ਵਿਰੋਧੀ ਨੀਤੀਆਂ ਦਾ ਪਾਜ ਉਘਾੜਣ ਦੇ ਉਦੇਸ਼ ਨਾਲ ਫ਼ੌਜੀਆਂ ਨੂੰ ਵੀ ਜਾਣਕਾਰੀ ਦਿੰਦੇ ਅਤੇ ਜਨਤਾ ਨੂੰ ਵੀ ਸਰਕਾਰ ਨਾਲ ਦਸਤਪੰਜਾ ਲੈਣ ਲਈ ਪ੍ਰੇਰਤ ਕਰਦੇ। ਪਾਪੀ ਪੇਟ ਅਤੇ ਪਰਿਵਾਰ ਲਈ ਅੰਗਰੇਜ਼ ਸਰਕਾਰ ਦੀ ਨੌਕਰੀ ਵੀ ਉਨ੍ਹਾਂ ਦੀ ਮਜਬੂਰੀ ਸੀ। ਫਿਰ ਵੀ ਉਨ੍ਹਾਂ ਨੇ ਇਕ ਨਜ਼ਮ ਲਿਖੀ ਜਿਸ ਵਿਚ ਇਸ ਖ਼ੂਨੀ ਵਿਸਾਖੀ ਬਾਰੇ ਉਨ੍ਹਾਂ ਨੇ ਆਪਣੇ ਦੁੱਖ ਅਤੇ ਸੋਚ ਦਾ ਮੁਜ਼ਾਹਰਾ ਕੀਤਾ। ਇਸ ਨਜ਼ਮ ਦੇ ਸ਼ਬਦ ਸਨ, ''ਬਦਲਾ ਲੈਣਾ ਏ ਵੈਰੀ ਸਰਕਾਰ ਕੋਲੋਂ" ਅਤੇ ਜਦੋਂ ਉਨ੍ਹਾਂ ਇਹ ਕਵਿਤਾ ਜਨਤਕ ਤੌਰ ਤੇ ਗਾਈ ਤਾਂ ਚਾਰੇ ਪਾਸੇ ਉਨ੍ਹਾਂ ਦੀ ਪ੍ਰਸਿੱਧੀ ਜੰਗਲ ਦੀ ਅੱਗ ਵਾਂਗ ਫੈਲ ਗਈ। ਨਿਡਰ ਤਾਂ ਪਹਿਲਾਂ ਹੀ ਸੀ। ਜਦ ਸਰਕਾਰ ਨੂੰ ਉਨ੍ਹਾਂ ਵਲੋਂ ਜਨਤਕ ਤੌਰ 'ਤੇ ਅੰਗਰੇਜ਼-ਵਿਰੋਧੀ ਕਵਿਤਾ ਦਾ ਪਾਠ ਕਰਨ ਦਾ ਇਲਮ ਹੋਇਆ ਤਾਂ ਅੰਗਰੇਜ਼ ਅਫ਼ਸਰਾਂ ਨੇ ਉਨ੍ਹਾਂ ਦਾ ਕੋਰਟ ਮਾਰਸ਼ਲ ਕੀਤਾ। ਉਨ੍ਹਾਂ ਨੂੰ ਇਸ ਕਵਿਤਾ ਲਿਖਣ ਅਤੇ ਇਸ ਨੂੰ ਬੋਲਣ ਕਰਕੇ ਮੁਆਫ਼ੀ ਮੰਗਣ ਦਾ ਹੁਕਮ ਸੁਣਾਇਆ ਗਿਆ, ਪਰ ਸ੍ਰ ਕਿਸ਼ਨ ਸਿੰਘ ਜੀ ਤਾਂ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਏ ਸਨ। ਉਨ੍ਹਾਂ ਸਰਕਾਰ ਅੱਗੇ ਗੋਡੇ ਟੇਕਣ ਜਾਂ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਫੌਜ ਦੀ ਨੌਕਰੀ ਨੂੰ ਲੱਤ ਮਾਰ ਕੇ ਘਰ ਆ ਗਏ। 1920 ਵਿਚ ਉਹ ਪੱਕੇ ਤੌਰ ਤੇ ਅਕਾਲੀ ਲਹਿਰ ਨਾਲ ਜੁੜ ਗਏ। ਦੇਸ਼ ਨੂੰ ਆਜ਼ਾਦ ਕਰਵਾਉਣ ਪ੍ਰਤੀ ਉਨ੍ਹਾਂ ਦਾ ਉਤਸ਼ਾਹ, ਕੌਮੀ ਜਜ਼ਬਾ ਅਤੇ ਧਾਰਮਿਕ ਸੇਵਾ ਦੇ ਆਧਾਰ ਤੇ ਉਨ੍ਹਾਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਚੁਣ ਲਿਆ ਗਿਆ। 1921 ਦੀ 26 ਜਨਵਰੀ ਨੂੰ ਤਰਨਤਾਰਨ ਵਿਚ ਗੁਰਦੁਆਰਾ ਆਜ਼ਾਦ ਕਰਵਾਉਣ ਗਏ ਅਕਾਲੀ ਸਿੱਖ ਜਥੇ ਦੇ 2 ਸਿੰਘ ਹਮਲੇ ਵਿਚ ਸ਼ਹੀਦ ਹੋ ਗਏ ਅਤੇ 17 ਬੁਰੀ ਤਰ੍ਹਾਂ ਫੱਟੜ ਹੋ ਗਏ ਅਤੇ 21 ਫਰਵਰੀ ਨੂੰ ਨਨਕਾਣਾ ਸਾਹਿਬ ਦੇ ਮਹਾਨ ਸਾਕੇ ਦੌਰਾਨ ਸੈਂਕੜੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਹ ਵੇਖ ਕੇ ਬਾਬਾ ਜੀ ਦਾ ਮਨ ਸ਼ਾਂਤੀ ਤੋਂ ਉਚਾਟ ਹੋ ਗਿਆ ਅਤੇ ਉਨ੍ਹਾਂ ਦਸਮ ਪਿਤਾ ਦੇ ''ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ-ਸ਼ਮਸ਼ੀਰ ਦਸਤ" ਦੇ ਮਹਾਂਵਾਕ ਤੇ ਅਮਲ ਕਰਦਿਆਂ ਹਥਿਆਰ ਚੁੱਕ ਲਏ।
21 ਮਾਰਚ, 1921 ਨੂੰ ਹੁਸ਼ਿਆਰਪੁਰ ਵਿਚ ਸਿੱਖ ਵਿਦਿਅਕ ਕਾਨਫਰੰਸ ਦਾ ਆਯੋਜਨ ਹੋਇਆ। ਇਕੱਠ ਵਿਚ ਉਨ੍ਹਾਂ ਸ਼ਸ਼ਤਰਬੱਧ ਸ਼ੰਘਰਸ਼ ਛੇੜਣ ਦਾ ਐਲਾਨ ਕਰ ਦਿੱਤਾ। ਇਹ ਬੱਬਰ ਅਕਾਲੀ ਲਹਿਰ ਦੇ ਬੀਜ ਸਨ। ਉਨ੍ਹਾਂ ਦੀ ਧੜੱਲੇਦਾਰ, ਜੋਸ਼ੀਲੀ ਅਤੇ ਗਰਮ ਤਕਰੀਰ ਨੇ ਗਰਮ-ਖ਼ਿਆਲੀਆਂ ਨੂੰ ਆਕਰਸ਼ਤ ਕੀਤਾ ਅਤੇ ਮਾਸਟਰ ਮੋਤਾ ਸਿੰਘ, ਸ੍ਰ: ਗੰਢਾ ਸਿੰਘ ਅਤੇ ਸ੍ਰ: ਬੇਲਾ ਸਿੰਘ ਨੇ ਬੱਬਰਾਂ ਦੀਆਂ ਕਾਰਵਾਈਆਂ ਅਤੇ ਬੋਲੀ ਨੂੰ ઑਅਬਦਾਲੀ-ਕਾਲ਼ ਅਨੁਸਾਰ ਢਾਲਣ ਦਾ ਫ਼ੈਸਲਾ ਕੀਤਾ। ਪਹਿਲੀ ਬੈਠਕ ਦੌਰਾਨ ਨਨਕਾਣਾ ਸਾਹਿਬ ਸਾਕੇ ਦੇ ਮੁੱਖ ਦੋਸ਼ੀ ਮਹੰਤ ਸੂਬਾ ਸਿੰਘ ਅਤੇ ਅੰਗਰੇਸ਼ ਪੁਲਿਸ ਕਪਤਾਨ ਬਾਓਰਿੰਗ ਨੂੰ ਸੋਧਣ ਦਾ ਫ਼ੈਸਲਾ ਕੀਤਾ ਗਿਆ। ਅੰਬਾਲਾ ਛਾਉਣੀ ਤੋਂ ਪਿਸਤੌਲ ਲਿਆਂਦੇ ਗਏ, ਪਰ ਗੌਰਿਆਂ ਦੀ ਚੁਸਤੀ-ਚੌਕਸੀ ਅਤੇ ਪੰਥ-ਦੋਖੀ ਗਦਾਰਾਂ ਵੱਲੋਂ ਭਿਣਕ ਦੇਣ ਕਰਕੇ ਮੋਤਾ ਸਿੰਘ, ਗੰਡਾ ਸਿੰਘ ਅਤੇ ਬੇਲਾ ਸਿੰਘ ਪੁਲਿਸ ਦੇ ਸ਼ਿਕੰਜੇ ਵਿਚ ਫਸ ਗਏ। ਕਿਸ਼ਨ ਸਿੰਘ ਅਤੇ ਮੋਤਾ ਸਿੰਘ ਰੂਪੋਸ਼ ਹੋ ਗਏ। ਇਸੇ ਦੌਰਾਨ ਕੁਝ ਸਿੱਖ ਸੰਪਰਦਾਰਵਾਂ ਵਿਚ ਲਹਿਰ ਨੇ ''ਗਰਮ" ਕਾਰਵਾਈਆਂ ਵਿਰੁੱਧ ਮਤਾ ਪਾਸ ਕੀਤਾ, ਜਿਸ ਤੇ ਕਿਸ਼ਨ ਸਿੰਘ ਨੇ ਇਹ ਰੱਦ ਕਰ ਦਿੱਤਾ। ਕਿਸ਼ਨ ਸਿੰਘ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ। ਅੰਗਰੇਜ਼ ਤਾਂ ਦੁਸ਼ਮਣ ਹੈ ਹੀ ਸਨ, ਹੁਣ ਨਰਮ ਖ਼ਿਆਲੀ ਵੀ ਪੂਰੀ ਗਰਮ ਜੋਸ਼ੀ ਨਾਲ ਉਨ੍ਹਾਂ ਦੀ ਵਿਰੋਧਤਾ ਕਰਨ ਲੱਗੇ। ਮਸਤੂਆਣੇ ਵਿਚ ਨਿਮਾਹੀ ਵਿਖੇ ਉਨ੍ਹਾਂ ਦੀ ਤਕਰੀਰ ਰੋਕੀ ਗਈ ਅਤੇ ਅਕਤੂਬਰ, 1921 ਨੂੰ ਫਗਵਾੜਾ ਦੇ ਹਰਦਾਸਪੁਰ ਇਲਾਕੇ ਵਿਚ ਬਾਬਾ ਕਰਤਾਰ ਸਿੰਘ ਪ੍ਰਗਾਸਪੁਰੀ ਦੇ ਡੇਰੇ ਤੇ ਉਨ੍ਹਾਂ ਤਕਰੀਰ ਕੀਤੀ। ਸਿੱਖ ਪਲਟਨ ਦੇ ਫੌਜੀਆਂ ਨਾਲ ਸੰਪਰਕ ਕਾਇਮ ਰੱਖਿਆ। ਇਕ ਸਿਪਾਹੀ ਬਾਬੂ ਸੰਤਾ ਸਿੰਘ ਨੇ ਨੌਕਰੀ ਛੱਡ ਕੇ ਦੇਸ਼ ਦੀ ਸੱਚੀ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ, ਤਾਂ ਕਿਸ਼ਨ ਸਿੰਘ ਨੇ ਉਸਨੂੰ ਵਰਜਿਆ ਅਤੇ ਉਸਨੂੰ ''ਅੰਦਰ ਰਹਿ ਕੇ" ਹੀ ਸਾਥ ਦੇਣ ਲਈ ਪ੍ਰੇਰਨਾ ਦਿੱਤੀ।
ਨਵੰਬਰ, 1921 ਨੂੰ ਚੱਕਰਵਰਤੀ ਜੱਥੇ ਦੀ ਸਥਾਪਨਾ ''ਰੜਕਾ ਕਲਾਂ" ਜਲੰਧਰ ਵਿਚ ਹੋਈ, ਜਿਸ ਨੂੰ ਜੱਥੇ ਦੀ ਪਹਿਲੀ ਬੈਠਕ ਵੀ ਆਖਿਆ ਜਾਂਦਾ ਹੈ, ਜਿਸ ਵਿਚ ਦੋ ਮਤੇ ਪਾਸੇ ਕੀਤੇ ਗਏ -
(1). ਅੰਗਰੇਜ਼ ਸਰਕਾਰ ਵਿਰੁੱਧ ਬਾਗੀਆਨਾ ਪ੍ਰਚਾਰ ਆਰੰਭ ਕਰਨਾ ਅਤੇ
(2). ਪਿੰਡਾਂ ਵਿਚ ਇਕੱਠ ਕਰਕੇ ਜੋਸ਼ੀਲੀਆਂ ਤਕਰੀਰਾਂ / ਭਾਸ਼ਣ ਦਿੱਤੇ ਜਾਣ।
ਗੋਰੀ ਸਰਕਾਰ ਨੂੰ ਜਦੋਂ ਇਨ੍ਹਾਂ ਮਤਿਆਂ ਦੀ ਸੂਹ ਲੱਗੀ ਤਾਂ ਉਸ ਨੇ ਵੀ ਕਮਰ ਕੱਸ ਲਈ ਅਤੇ ''ਅਮਨ ਸਭਾਵਾਂ" ਆਰੰਭ ਕਰ ਦਿੱਤੀਆਂ, ਜਿਨ੍ਹਾਂ ਦੀ ਮਦਦ ਨਾਲ ਉਹ ਆਮ ਲੋਕਾਂ ਵਿਚ ਵੱਧ ਰਹੇ ਜੱਥੇ ਦੇ ਪ੍ਰਭਾਵ ਅਤੇ ਲੋਕਾਂ ਦੇ ਜੋਸ਼ੀਲੇ ਰੋਹ ਨੂੰ ਠੱਲ੍ਹ ਪਾਉਣਾ ਜਾਂ ਖਤਮ ਕਰਨਾ ਚਾਹੁੰਦੇ ਸਨ। ਇਸੇ ਦੌਰਾਨ ਜੱਥੇ ਵਿਚ ਹੋਰ ਗਰਮ-ਧੜਾਵੀ ਸਿੰਘ ਸ਼ਾਮਲ ਹੋਣੇ ਤੇਜ਼ ਹੋ ਗਏ। ਧੰਨਾ ਸਿੰਘ ਬਹਿਬਲਪੁਰ, ਕਰਮ ਸਿੰਘ, ਵਰਿਆਮ ਸਿੰਘ ਧੁੱਗਾ ਅਤੇ ਫੌਜੀ ਨੌਕਰੀ ਛੱਡ ਕੇ ਬਾਬੂ ਸੰਤਾ ਸਿੰਘ ਵਿਚ ਸ਼ਾਮਲ ਹੋ ਗਏ। ਇਸ ਜੱਥੇ ਨੇ ਅੰਗਰੇਜ਼ਾਂ ਦੇ ਝੋਲੀ-ਚੁੱਕਾਂ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ। ਦੁਆਬੇ ਦੇ ਇਲਾਕੇ ਵਿਚ ਜੱਥੇ ਦਾ ਸਿੱਕਾ ਚੱਲਣ ਲੱਗਾ। ਇਸ ਜੱਥੇ ਦੇ ਪ੍ਰਭਾਵ ਸਦਕਾ 13 ਜਨਵਰੀ, 1922 ਨੂੰ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਦਾ ਪ੍ਰਬੰਧ ਬਿਨਾਂ ਕਿਸੇ ਖ਼ੂਨ-ਖਰਾਬੇ ਸਿੱਖ ਸੰਗਤ ਹੱਥ ਆ ਗਿਆ। ਛੇ ਮਾਰਚ, 1922 ਨੂੰ ਅਨੰਦਪੁਰ ਸਾਹਿਬ ਵਿਚ ਹੋਏ ਹੋਲੇ ਮਹੱਲੇ ਦੇ ਮੌਕੇ ਤੇ ਸਿੱਖ ਸਿੱਖ ਇਤਿਹਾਸ ਦੇ ਬਾਰੇ ਗੰਭੀਰ ਅਤੇ ਲੂੰ-ਕੰਡੇ ਖੜੇ ਕਰਨ ਵਾਲੀ ਤਕਰੀਰ ਹੋਈ। ਪੁਲਿਸ ਨੇ ਕਿਸ਼ਨ ਸਿੰਘ (ਜੋ ਇਸ ਸਮੇਂ ਭਗੌੜੇ ਘੋਸ਼ਿਤ ਹੋ ਚੁੱਕੇ ਸਨ) ਨੂੰ ਗ੍ਰਿਫਤਾਰ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤਿ 19 ਮਾਰਚ, 1922 ਨੂੰ ਇਲਾਕੇ ਦੇ ਸਾਰੇ ਮੁਖ਼ਬਰਾਂ ਅਤੇ ਸਰਕਾਰ ਦਾ ਪਾਣੀ ਭਰਨ ਵਾਲਿਆਂ ਨੂੰ ਸੋਧਣ ਦਾ ਫ਼ੈਸਲਾ ਕੀਤਾ ਗਿਆ।
ਅਪ੍ਰੈਲ, 1922 ਵਿਚ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ ਨਾਲ ਮਿਲ ਕੇ ਇਕ ਪਿੰਡ ਵਿਚ ਪ੍ਰਚਾਰ ਕਰ ਰਹੇ ਸਨ, ਜਦੋਨ ਜਲੰਧਰ ਛਾਉਣੀ ਕੋਲ ਖਜਰੂਲਾ ਪੁਲਿਸ ਚੌਂਕੀ ਵਿਚ ਇਕ ਸਿੰਘ ਨੁੰ ਕਾਲੀ ਦਸਤਾਰ ਸਜਾਉਣ ਕਰਕੇ ਪੁਲਿਸ ਕੁੱਟ-ਮਾਰ ਕਰਕੇ ਪੁਲਿਸ ਚੌਂਕੀ ਲੈ ਜਾ ਰਹੀ ਸੀ, ਤਾਂ ਉਨ੍ਹਾਂ ਕਿਰਪਾਨਾਂ ਸੂਤ ਕੇ ਪੁਲਿਸ ਚੌਂਕੀ ਤੇ ਹੱਲਾ ਬੋਲਿਆ ਤੇ ਸਿੰਘ ਨੂੰ ਛੁਡਵਾ ਲਿਆ।
ਜੂਨ, 1922 ਨੂੰ ਬਾਬਾ ਕਰਤਾਰ ਸਿੰਘ ''ਪ੍ਰਾਗਪੁਰੀ" ਗ੍ਰਿਫ਼ਤਾਰ ਹੋਣ ਬਾਅਦ ਪੁਲਿਸ ਦਾ ਸੂਹੀਆ/ਮੁਬਣ ਗਿਆ। ਅਗਸਤ, 1922 ਵਿਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿਚ ''ਚੱਕਰਵਰਤੀ ਜੱਥੇ" ਦੀ ਵਰਕਿੰਗ ਕਮੇਟੀ ਦੀ ਇਕੱਤਰਤਾ ਵਿਚ ''ਬੱਬਰ ਅਕਾਲੀ ਦੁਆਬਾ ਅਖ਼ਬਾਰ" ਆਰੰਭਿਆ ਗਿਆ, ਜਿਸ ਦੇ ਸੰਪਾਦਕ ਥਾਪਿਆ ਗਿਆ ਕਰਮ ਸਿੰਘ ਨੂੰ। ਇਸ ਅਖ਼ਬਾਰ ਵਿਚ ਜੋਸ਼ੀਲੇ ਲੇਖ, ਕਵਿਤਾਵਾਂ ਅਤੇ ਸਿੱਖ ਇਤਿਹਾਸ ਛਾਪਿਆ ਗਿਆ। ਇਸੇ ਅਖ਼ਬਾਰ ਦੇ ਨਾਮ ਸਦਕਾ ਸਿੰਘ ਦੇ ਨਾਮ ਨਾਲ ''ਬੱਬਰ ਖ਼ਾਲਸਾ" ਸ਼ਬਦ ਜੁੜ ਗਿਆ।
ਅਗਸਤ, 1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ ਉਨ੍ਹਾਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਕੇ ਬਾਗ ਵਿਚ ਸ਼ਾਂਤਮਈ ਕੁਰਬਾਨੀਆਂ ਦੇਣ ਲਈ ਸਿੰਘਾਂ ਨੂੰ ਮਜਬੂਰ ਕਰਨ ਦੀ ਥਾਂ ਗੋਰੀ ਸਰਕਾਰ ਵਿਰੁੱਧ ਜਥੇਬੰਦਕ ਤੌਰ ਤੇ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਦਿਆਂ ਲਿਖਿਆ, ''ਦਾਸ ਹਜ਼ਾਰਾਂ ਸਿੰਘਾਂ ਦਾ ਜੱਥਾ ਲੈ ਕੇ ਅੰਮ੍ਰਿਤਸਰ ਪੁੱਜ ਸਕਦਾ ਹੈ।"
25 ਨਵੰਬਰ, 1922 ਨੂੰ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸਮੂਹ ਮੈਂਬਰਾਂ ਨੂੰ ਆਪਹੁਦਰੀ ਕਾਰਵਾਈ ਕਰਨ ਅਤੇ ਔਰਤਾਂ-ਬਾਲਾਂ ਉੱਤੇ ਹਮਲੇ ਕਰਨ ਵਿਰੁੱਧ ਹਦਾਇਤ ਜਾਰੀ ਕੀਤੀ, ਅਤੇ ਚੋਣਵੇਂ ਝੋਲੀ-ਚੁੱਕਾਂ ਨੂੰ ਸੋਧਣ ਬਾਅਦ ਇਸ ਦੀ ਜਿੰਮੇਵਾਰੀ ਕਰਮ ਸਿੰਘ, ਧੰਨਾ ਸਿੰਘ ਅਤੇ ਉਦੈ ਸਿੰਘ ਬੱਬਰ ਦੇ ਨਾਮ ਲੈਣ ਦਾ ਮਤਾ ਪਾਸ ਕੀਤਾ।
ਇਸ ਜੱਥੇ ਦੀ ਕਾਰਵਾਈ ਤਹਿਤ ਸਭ ਤੋਂ ਪਹਿਲਾਂ 10 ਜਨਵਰੀ, 1920 ਨੂੰ ਜੈਬਿਸ਼ਨ ਸਿੰਘ ਨੂੰ ਸੋਧਿਆ ਗਿਆ।
ਐਲਾਨ ਕੀਤਾ ਗਿਆ ਕਿ ਕੋਈ ਵੀ ਠੇਕੇਦਾਰ ਸ਼ਰਾਬ ਦਾ ਠੇਕਾ ਅਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਠੇਕਾ ਨਹੀਂ ਲਵੇਗਾ। ਸਾਲ 1922-23 ਦੌਰਾਨ ਕਿਸੇ ਵੀ ਠੇਕੇਦਾਰ ਦਾ ਠੇਕਾ ਚੁੱਕਣ ਦੀ ਹਿੰਮਤ ਨਾ ਪਈ। 25 ਫ਼ਰਵਰੀ, 1923 ਨੂੰ ਕਿਸ਼ਨ ਸਿੰਘ ਗੜਗੱਜ ਦੇ ਗਰਾਈਂ ਕਾਬਲ ਸਿੰਘ ਨੇ 2000 ਰੁਪਏ ਦੇ ਸਰਕਾਰੀ ਇਨਾਮ ਦੇ ਲਾਲਚ ਵਿਚ ਆ ਕੇ ਪਿੰਡ ਪੰਡੋਰੀ ਮਹਿਲ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਪੁਲਿਸ ਮੁਖ਼ਬਰ ਬਣੇ ਸਾਬਕਾ ਬੱਬਰ ਕਰਤਾਰ ਸਿੰਘ ਨੇ ਸੰਤਾ ਸਿੰਘ ''ਗੜਗੱਜ" ਨੂੰ ਪੁਲਿਸ ਕੋਲ ਫੜਵਾ ਦਿੱਤਾ।
ਕਿਸ਼ਨ ਸਿੰਘ ਗੜਗੱਜ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੀਆਂ ਵਾਲੀ ਜੇਲ੍ਹ ਵਿਚ ਰੱਖਿਆ ਗਿਆ।
ਇਸ ਸਮੇਂ ਦੌਰਾਨ ਬੱਬਰਾਂ ਦੀਆਂ ਕਾਰਵਾਈਆਂ ਜਾਰੀ ਰਹੀਆਂ, ਜਿਨ੍ਹਾਂ ਵੱਡੀ ਗਿਣਤੀ ਵਿਚ ਫਰੰਗੀਆਂ ਦੇ ਝੋਲੀ-ਚੁੱਕਾਂ ਨੂੰ ਸਦਾ ਦੀ ਨੀਂਦ ਸਵਾ ਕੇ ਗੋਰੀ ਸਰਕਾਰ ਦੇ ਥੰਮ੍ਹ ਹਿਲਾ ਦਿੱਤੇ। ਤਿੰਨ ਮਾਰਚ, 1923 ਨੂੰ ਚਾਰ ਬੱਬਰਾਂ ਨੇ ਜਮਸ਼ੇਦਪੁਰ ਰੇਲਵੇ ਸ਼ਟੇਸ਼ਨ ਤੋਂ ਸਰਕਾਰੀ ਰਕਮ ਲੁੱਟੀ। 11 ਮਾਰਚ ਨੂੰ ਨੰਗਲ ਸਾਮਾਂ ਪਿੰਡ ਦਾ ਅਲੰਬਰਦਾਰ ਸੋਧਿਆ। 19 ਮਾਰਚ ਨੂੰ ਸੀ ਆਈ ਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ ਗਿਆ। ਸਰਕਾਰ ਨੇ ਸਿੱਖਾਂ ਦੇ ਭੇਸ ਵਿਚ ਬੱਬਰਾਂ ਵਿਚ ਕਈ ਘੁਸਪੈਠੀਏ ਵਾੜ ਦਿੱਤੇ, ਜਿਨ੍ਹਾਂ ਵਿਚੋਂ ਅਨੂਪ ਸਿੰਘ ਨੇ ਕੌਮ ਨਾਲ ਗੱਦਾਰੀ ਕਰਕੇ ਸਤੰਬਰ, 1923 ਨੂੰ ਕਰਮ ਸਿੰਘ ਸੰਪਾਦਕ, ਉਦੈ ਸਿੰਘ ਬੱਬਰ, ਬਿਸ਼ਨ ਸਿੰਘ, ਮਹਿੰਦਰ ਸਿੰਘ ਅਤੇ ਸੋਹਣ ਸਿੰਘ ਬਾਰੇ ਸੂਹ ਦੇ ਕੇ ਘੇਰਾ ਪਵਾ ਕੇ ਸ਼ਹੀਦ ਕਰਵਾ ਦਿੱਤਾ।
24 ਅਕਤੂਬਰ, 1923 ਨੂੰ ਜਵਾਲਾ ਸਿੰਘ ਅਤੇ ਬੇਲਾ ਸਿੰਘ ਦੀ ਗਦਾਰੀ ਕਰਕੇ ਧੰਨਾ ਸਿੰਘ ਬੱਬਰ ਬੈਹਬਲਪੁਰੀਆ ਪੁਲਿਸ ਦੇ ਘੇਰੇ ਵਿਚ ਆ ਗਿਆ, ਪਰ ਉਸ ਨੇ ਬੰਬ ਨਾਲ ਪੁਲਿਸ ਥਾਣੇਦਾਰ ਥਾੱਮਸ ਹਾੱਰਟਨ ਅਤੇ 9 ਸਿਪਾਹੀਆਂ ਨੂੰ ਉਡਾ ਕੇ ਖੁਦ ਸ਼ਹਾਦਤ ਦਾ ਜਾਮ ਪੀਤਾ। 12 ਦਸੰਬਰ, 1923 ਨੂੰ ਮੁੰਡੇਰ ਪਿੰਡ ਦੇ ਜਗਤ ਸਿੰਘ ਨੇ ਗਦਾਰੀ ਕਰਕੇ ਬੰਤਾ ਸਿੰਘ ਅਤੇ ਜੁਆਲਾ ਸਿੰਘ ਫਤਹਿਪੁਰ ਨੂੰ ਸ਼ਹੀਦ ਕਰਵਾਇਆ। ਜਥੇਬੰਦੀ ਵਿਚ ਸਰਕਾਰੀ ਅਫ਼ਸਰਾਂ ਦੀ ਘੁਸਪੈਠ ਕਰਕੇ ਕਈ ਸਿੰਘ ਗ੍ਰਿਫਤਾਰ ਹੋਏ। ਬੱਬਰਾਂ ਨੂੰ ਲਾਹੌਰ ਜੇਲ੍ਹ ਵਿਚ ਇਕੱਠਿਆ ਕੈਦ ਕਰਕੇ ਫ਼ਿਰੰਗੀਆਂ ਨੇ ਮੁਕੱਦਮੇ ਚਲਾਏ।
28 ਫਰਵਰੀ, 1925 ਨੂੰ 6 ਬੱਬਰਾਂ ਨੂੰ ਫਾਂਸੀ, 38 ਨੂੰ 7-ਸਾਲ ਕੈਦ, 10 ਨੂੰ ਕਾਲੇਪਾਣੀ ਦੀ ਸਜ਼ਾ ਹੋਈ ਅਤੇ 35 ਬਰੀ ਹੋ ਗਏ। ਕਿਸ਼ਨ ਸਿੰਘ ਗੜਗੱਜ ਵੀ ਫਾਂਸੀ ਚੜ੍ਹਣ ਵਾਲਿਆਂ ઑਚ ਸ਼ਾਮਲ ਸਨ। ਇਕ ਸਾਲ ਬਾਅਦ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ। ਕਹਿੰਦੇ ਹਨ, ਸ਼ਹਾਦਤ ਦਾ ਜਾਮ ਪੀਣ ਵੇਲੇ (ਸੂਲੀ ਤੇ ਚੜ੍ਹਣ ਵੇਲੇ) ਕਿਸ਼ਨ ਸਿੰਘ ਗੜਗੱਜ ਦਾ ਚਿਹਰਾ ਦਗ-ਦਗ ਕਰ ਰਿਹਾ ਸੀ, ਜਿਸਨੂੰ ਵੇਖ ਕੇ ਜੇਲ੍ਹ ਸੁਪਰਡੈਂਟ ਦੀਆਂ ਅੱਖਾਂ ਵਿਚ ਹੰਝੂ ਆ ਗਏ। ਫਾਂਸੀ ਦੇ ਕੇ ਸ਼ਹੀਦ ਕੀਤੇ ਇਨ੍ਹਾਂ ਸਿੰਘਾਂ ਦੀਆਂ ਲਾਸ਼ਾਂ ਨੂੰ ਸਰਕਾਰ ਨੇ ਪਰਿਵਾਰਾਂ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅੱਜ 27 ਫ਼ਰਵਰੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਜਲੰਧਰ ਦੇ ਪਿੰਡ ਬੜਿੰਗਾਂ ਵਿਖੇ ਮਹਾਨ ਸ਼ਹੀਦ ਦੀ ਪਵਿੱਤਰ ਯਾਦ ਵਿਚ ਇਕ ਵਿਸ਼ਾਲ ਮੇਲਾ ਕਰਵਾਇਆ ਜਾ ਰਿਹਾ ਹੈ।
ਪ੍ਰੋ: ਐਚ ਐਸ ਡਿੰਪਲ