ਬੱਬਰ ਅਕਾਲੀ ਲਹਿਰ - ਕਿਰਪਾਲ ਸਿੰਘ ਸੰਧੂ

ਬੱਬਰ ਅਕਾਲੀ ਲਹਿਰ ਪੰਜਾਬ ਦੇ ਦੋਆਬਾ ਖੇਤਰ (ਜਿ਼ਲ੍ਹਾ ਜਲੰਧਰ, ਕਪੂਰਥਲਾ ਅਤੇ ਹੁਸਿ਼ਆਰਪੁਰ) ‘ਚੋਂ ਉਠੀ ਇਕ ਜੁਝਾਰੂ ਲਹਿਰ ਸੀ। ਇਹ ਉਹ ਦੇਸ਼ ਭਗਤ ਸਨ ਜੋ ਵਿਦੇਸ਼ੀ ਸਰਕਾਰ ਦੀ ਲੁੱਟ-ਖਸੁੱਟ ਅਤੇ ਬੇਇਨਸਾਫੀ ਦੇ ਨਾਲ-ਨਾਲ ਆਜ਼ਾਦੀ ਘੁਲਾਟੀਆਂ ਤੇ ਦੇਸ਼ ਭਗਤਾਂ ਵਿਰੁਧ ਝੂਠੀਆਂ ਸ਼ਹਾਦਤਾਂ ਦੇਣ ਵਾਲੇ ਸਰਕਾਰੀ ਝੋਲੀ ਚੁੱਕਾਂ, ਖਾਨ ਬਹਾਦਰਾਂ, ਸਰਦਾਰ ਬਹਾਦਰਾਂ, ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਨੂੰ ਝੂਠੀਆਂ ਸ਼ਹਾਦਤਾਂ ਤੋਂ ਰੋਕਦੇ ਜਾਂ ਫਿਰ ਮੌਤ ਦੇ ਘਾਟ ਉਤਾਰਦੇ ਸਨ ਤਾਂ ਜੋ ਸਰਕਾਰੀ ਢਾਂਚੇ ਨੂੰ ਤਹਿਸ ਨਹਿਸ ਕਰਕੇ ਵਿਦੇਸ਼ੀ ਸਰਕਾਰ ਤੋਂ ਮੁਲਕ ਨੂੰ ਆਜ਼ਾਦ ਕਰਵਾਇਆ ਜਾਵੇ।

ਭਾਵੇਂ ਉਨ੍ਹੀਂ ਦਿਨੀਂ ਨਾਮਿਲਵਰਤਣ ਲਹਿਰ ਜੋਬਨ ‘ਤੇ ਸੀ ਪਰ ਬੱਬਰਾਂ ਦਾ ਅਕੀਦਾ ਸੀ ਕਿ ਅੰਗਰੇਜ਼ਾਂ ਨੇ ਹਿੰਦੋਸਤਾਨ ‘ਤੇ ਕਬਜ਼ਾ ਸ਼ਾਂਤਮਈ ਢੰਗ ਨਾਲ ਨਹੀਂ ਕੀਤਾ ਸੀ ਅਤੇ ਨਾ ਹੀ ਸ਼ਾਂਤਮਈ ਤਰੀਕੇ ਨਾਲ ਇਸ ਧਰਤੀ ਤੋਂ ਜਾਣਗੇ।

ਅੰਗਰੇਜ਼ ਭਾਰਤ ਵਿਚ ਵਪਾਰੀ ਬਣ ਕੇ ਆਏ ਅਤੇ ਫਿਰ ਉਨ੍ਹਾਂ ਈਸਟ ਇੰਡੀਆ ਕੰਪਨੀ ਦੇ ਨਾਂ ਹੇਠ ਹੌਲੀ ਹੌਲੀ ਭਾਰਤੀ ਰਿਆਸਤਾਂ ਉਤੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ। 1859 ਤੱਕ ਉਹ ਕਰੀਬ ਕਰੀਬ ਸਾਰੇ ਭਾਰਤ ‘ਤੇ ਕਾਬਜ਼ ਹੋ ਚੁਕੇ ਸਨ। ਵਿਦੇਸ਼ੀ ਹੁਕਮਰਾਨਾਂ ਖਿਲਾਫ ਹਿੰਦੋਸਤਾਨੀਆਂ ਨੇ 1857 ਵਿਚ ਕੌਮੀ ਬਗਾਵਤ ਦੇ ਰੂਪ ਵਿਚ ਆਜ਼ਾਦੀ ਦੀ ਪਹਿਲੀ ਜੰਗ ਲੜੀ ਜਿਸ ਨੂੰ ਅੰਗਰੇਜ਼ਾਂ ਨੇ ਗਦਰ ਦਾ ਨਾਂ ਦਿੱਤਾ। ਭਾਵੇਂ ਦੇਸੀ ਰਿਆਸਤਾਂ ਦੀ ਆਪਸੀ ਨਾਇਤਫਾਕੀ ਕਾਰਨ ਸਫਲਤਾ ਨਾ ਮਿਲ ਸਕੀ ਪਰ ਹਿੰਦੋਸਤਾਨੀ ਦੇਸ਼ ਭਗਤਾਂ ਦੇ ਦਿਲਾਂ ਅੰਦਰ ਆਜ਼ਾਦੀ ਦੀ ਤੜਫ ਜਿੰਦਾ ਰਹੀ। ਇਸੇ ਤੋਂ ਪ੍ਰੇਰਨਾ ਲੈ ਕੇ 1913 ਦੇ ਨਵੰਬਰ ਮਹੀਨੇ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਯੁਗਾਂਤਰ ਆਸ਼ਰਮ ਤੋਂ ‘ਗਦਰ ਦੀ ਗੂੰਜ’ ਨਾਂ ਦਾ ਅਖਬਾਰ ਕੱਢਿਆ ਅਤੇ ‘ਗਦਰ ਦੀ ਗੂੰਜ’ ਦੇ ਪਹਿਲੇ ਸਫੇ ‘ਤੇ ਮੁਕੰਮਲ ਆਜ਼ਾਦੀ ਲਈ ਜੰਗ ਦਾ ਐਲਾਨ ਛਪਿਆ। ਦੇਸ਼ ਭਗਤ ਗਦਰੀ ਬਾਬਿਆਂ ਨੇ ਉਸੇ ਦਿਨ ਤੋਂ ਹੀ ਸਿਰਾਂ ‘ਤੇ ਕਫਨ ਬੰਨ੍ਹ ਕੇ ਭਾਰਤ ਦੇ ਗਲੋਂ ਗੁਲਾਮੀ ਦੇ ਸੰਗਲ ਲਾਹੁਣ ਲਈ ਦੇਸ਼ ਵਲ ਚਾਲੇ ਪਾ ਦਿੱਤੇ। ਬ੍ਰਿਟਿਸ਼ ਸਰਕਾਰ ਨੇ ਇਸ ਲਹਿਰ ਨੂੰ ਬੁਰੀ ਤਰ੍ਹਾਂ ਦਬਾਅ ਦਿੱਤਾ। ਗਦਰੀ ਬਾਬਿਆਂ ਦੀ ਤਰਜ ‘ਤੇ ਦੇਸ਼ ਵਿਚ ਕਈ ਹੋਰ ਲਹਿਰਾਂ ਨੇ ਜਨਮ ਲਿਆ।

ਚਕਰਵਰਤੀ ਜੱਥਾ: ਮਾਰਚ 1921 ਵਿਚ ਹੁਸਿ਼ਆਰਪੁਰ ਵਿਚ ਸਿੱਖ ਐਜੂਕੇਸ਼ਨਲ ਕਾਨਫਰੰਸ ਪੁਰਹੀਰਾਂ ਪਿੰਡ ਦੇ ਖਾਲਸਾ ਹਾਈ ਸਕੂਲ ਵਿਚ ਹੋਈ। 1919 ਦੀ ਜ਼ਲ੍ਹਿਆਂ ਵਾਲਾ ਬਾਗ ਅਤੇ 20 ਫਰਵਰੀ, 1920 ਦੀ ਨਨਕਾਣਾ ਸਾਹਿਬ ਦੇ ਸਾਕੇ ਵਾਪਰ ਚੁਕੇ ਸਨ। ਇਸ ਕਾਨਫਰੰਸ ਵਿਚ ਅਹਿੰਸਾ ਦੀ ਮੁੱਖ ਧਾਰਾ ਦੇ ਖਿਲਾਫ ਕਿਸ਼ਨ ਸਿੰਘ ਗੜਗਜ, ਪਿੰਡ ਬੜਿੰਗ ਅਤੇ ਮਾਸਟਰ ਮੋਤਾ ਸਿੰਘ ਪਤਾਰਾ ਵਾਲਿਆਂ ਨੇ ਅੰਗਰੇਜ਼ ਸਰਕਾਰ ਦੇ ਜੁਲਮਾਂ ਦਾ ਹਥਿਆਰਬੰਦ ਬਗਾਵਤ ਰਾਹੀਂ ਜਵਾਬ ਦੇਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਇਨ੍ਹਾਂ ਵਿਚਾਰਾਂ ਨਾਲ ਇਸ ਕਾਨਫਰੰਸ ਵਿਚ 12 ਹੋਰ ਪੰਜਾਬੀ ਸਿੱਖ ਨੌਜਵਾਨਾਂ ਨੇ ਵੀ ਸਹਿਮਤੀ ਜਾਹਰ ਕੀਤੀ। ਬਾਅਦ ਵਿਚ ਇਸ ਵਿਚਾਰਧਾਰਾ ਨਾਲ ਸੁੰਦਰ ਸਿੰਘ ਮਖਸੂਸਪੁਰ, ਕਰਮ ਸਿੰਘ ਝਿੰਗੜ ਅਤੇ ਧੰਨਾ ਸਿੰਘ ਬਹਿਬਲਪੁਰ, ਦਲੀਪ ਸਿੰਘ ਗੋਸਲ, ਆਤਮਾ ਸਿੰਘ ਬੀਕਾ, ਦਲੀਪ ਸਿੰਘ ਧਾਮੀਆਂ ਵੀ ਸਹਿਮਤ ਹੋ ਗਏ। ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਇਸੇ ਸਾਲ ਹੁਸਿ਼ਆਰਪੁਰ ਵਿਚ ਗੁਪਤ ਜਗ੍ਹਾ ‘ਤੇ ਮੀਟਿੰਗ ਕੀਤੀ ਗਈ। ਇਸ ਜਥੇਬੰਦੀ ਨੂੰ ਚਕਰਵਰਤੀ ਜੱਥੇ ਦਾ ਨਾਂ ਦਿੱਤਾ ਗਿਆ। ਆਜ਼ਾਦੀ ਦੀਆਂ ਹੋਰ ਲਹਿਰਾਂ ਵਾਂਗ ਇਹ ਵੀ ਸਿਰਲੱਥ ਸੂਰਮਿਆਂ ਦੀ ਬਾਅਸੂਲੀ ਲਹਿਰ ਸੀ। ਪਹਿਲਾਂ ਇਹ ਚਕਰਵਰਤੀ ਜੱਥਾ ਜਿ਼ਲ੍ਹਾ ਹੁਸਿ਼ਆਰਪੁਰ, ਜਲੰਧਰ, ਕਪੂਰਥਲਾ ਰਿਆਸਤ ਦੇ ਪਿੰਡਾਂ ਵਿਚ ਸਰਗਰਮ ਹੋਇਆ।

ਯਾਦ ਰਹੇ 1922 ਵਿਚ ਸ. ਮੂਲਾ ਸਿੰਘ ਬਾਹੋਵਾਲ, ਜਿ਼ਲ੍ਹਾ ਹੁਸਿ਼ਆਰਪੁਰ ਵਾਲਿਆਂ ਦੀ ਰਹਿਨੁਮਾਈ ਹੇਠ ਅਨੰਦਪੁਰ ਸਾਹਿਬ ਦੇ ਸਾਰੇ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ ਗਿਆ ਸੀ। ਉਸੇ ਸਾਲ ਹੋਲਾ-ਮਹੱਲਾ ਦੇ ਜੋੜ ਮੇਲੇ ਮੌਕੇ ਆਨੰਦਪੁਰ ਸਾਹਿਬ ਸ਼ਹੀਦੀ ਬਾਗ ਵਿਚ ਲੱਗੀ ਸਟੇਜ ਤੋਂ ਕਿਸ਼ਨ ਸਿੰਘ ਗੜਗੱਜ ਨੇ ਹਵਾ ਵਿਚ ਨੰਗੀ ਤਲਵਾਰ ਲਹਿਰਾ ਕੇ ਐਲਾਨ ਕੀਤਾ ਕਿ ਵਿਦੇਸ਼ੀ ਅੰਗਰੇਜ਼ ਸਰਕਾਰ ਨੂੰ ਤਲਵਾਰ ਦੇ ਜ਼ੋਰ ਨਾਲ ਸਿਖਰ ਦੁਪਹਿਰੇ ਮੁਲਕ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਅਸੀਂ ਅੰਗਰੇਜ਼ ਭਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅੰਗਰੇਜ਼ਾਂ ਦੀ ਝੋਲੀ-ਚੁੱਕੀ ਅਤੇ ਝੂਠੀਆਂ ਗਵਾਹੀਆਂ ਨਾਲ ਸਰਕਾਰ ਦੀ ਮਦਦ ਕਰਨ ਤੋਂ ਬਾਜ਼ ਆਉਣ, ਨਹੀਂ ਤਾਂ ਸਾਨੂੰ ਇਨ੍ਹਾਂ ਦੇਸ਼ ਧਰੋਹੀ ਤਾਕਤਾਂ ਦਾ ਸਫਾਇਆ ਕਰਨਾ ਪਵੇਗਾ। ਹੋਲਾ-ਮਹੱਲਾ ਦੇਖਣ ਗਏ ਦੋਵੇਂ ਕੈਨੇਡੀਅਨ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭਕੜੱਦੀ ਉਸ ਵੇਲੇ ਪੰਡਾਲ ਵਿਚ ਬੈਠੇ ਸੁਣ ਰਹੇ ਸਨ। ਇਹ ਦੋਵੇਂ ਪਿੰਡ ਨਵਾਂ ਸ਼ਹਿਰ ਵਿਚ ਪੈਂਦੇ ਹਨ।

ਬੱਬਰ ਲਹਿਰ: ਇਨ੍ਹਾਂ ਦੋਹਾਂ ਨੇ ਭਾਈ ਕਿਸ਼ਨ ਸਿੰਘ ਗੜਗੱਜ ਦੀ ਤਰਜ਼ ‘ਤੇ ਜੱਥਾ ਤਿਆਰ ਕੀਤਾ ਜਿਸ ਦੀ ਸਰਗਰਮੀ ਇਲਾਕਾ ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਗੜ੍ਹਸ਼ੰਕਰ ਵਿਚ ਰਹੀ। ਜਥੇ ਵਿਚ ਹੋਰ ਸੁਧਾਰ ਕਰਨ ਲਈ 1922 ਦੇ ਮਈ ਮਹੀਨੇ ਵਿਚ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿਚ ਮੀਟਿੰਗ ਕੀਤੀ ਗਈ ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭਕੜੱਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ, ਉਦੈ ਸਿੰਘ ਦੌਲਤਪੁਰ ਵਾਲਿਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਖਬਾਰ ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਰੋਕਿਆ ਜਾਵੇ। ਦੂਸਰੀ ਗੱਲ ਉਨ੍ਹਾਂ ਆਖੀ ਕਿ ਕੈਨੇਡਾ ਵਾਲਾ ਤਜ਼ਰਬਾ ਵੀ ਇਸ ਗੱਲ ਦਾ ਗਵਾਹ ਹੈ ਕਿ ਗਦਰ ਦੀ ਗੂੰਜ ਅਖਬਾਰ ਨੇ ਉਹ ਕੰਮ ਕੀਤਾ ਜਿਹੜਾ ਭਾਸ਼ਨਾਂ ਤੋਂ ਕਿਤੇ ਵੱਧ ਅਸਰਦਾਰ ਹੋਇਆ। ‘ਗਦਰ ਦੀ ਗੂੰਜ’ ਅੱਜ ਤੱਕ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ। ਸੋ ਸਾਨੂੰ ਅਖਬਾਰ ਕੱਢਣਾ ਚਾਹੀਦਾ ਹੈ। ਅਖਬਾਰ ਲਈ ਲੋੜੀਂਦੀ ਮਾਇਆ ਸਾਨੂੰ ਧਨ ਕੁਬੇਰਾਂ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਪਾਸੋਂ ਲੁੱਟ ਲੈਣੀ ਚਾਹੀਦੀ ਹੈ ਪਰ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ।

3 ਜੁਲਾਈ, 1922 ਨੂੰ ਬਲਾਚੌਰ ਦੇ ਪਿੰਡ ਬਸੌੜੀ ਦਾ ਨੰਬਰਦਾਰ ਰਾਮਦਿੱਤਾ ਸਰਕਾਰੀ ਮਾਮਲਾ ਪੰਜ ਸੌ ਸੱਤਰ ਰੁਪਏ 2 ਆਨੇ ਗੜ੍ਹਸ਼ੰਕਰ ਖਜ਼ਾਨੇ ਵਿਚ ਜਮ੍ਹਾਂ ਕਰਾਉਣ ਲਈ ਜਾ ਰਿਹਾ ਸੀ। ਬੱਬਰ ਕਰਮ ਸਿੰਘ ਦੌਲਤਪੁਰ ਨੇ ਹੋਰ ਸਾਥੀਆਂ ਨਾਲ ਇਹ ਰਕਮ ਖੋਹ ਲਈ। ਇਸ ‘ਚੋਂ 100 ਰੁਪਏ ਨਾਲ ਲਾਹੌਰ ਤੋਂ ਪ੍ਰੈਸ ਮਸ਼ੀਨ ਖਰੀਦੀ ਗਈ। ਐਡੀਟਰ ਕਰਮ ਸਿੰਘ ਦੇ ਨਾਂ ਥੱਲੇ ਸਫ਼ਰੀ ਪ੍ਰੈਸ ਨਾਂ ਰੱਖ ਕੇ ਪਹਿਲਾ ਪਰਚਾ 20 ਅਗਸਤ, 1922 ਨੂੰ ਛਾਪਿਆ ਗਿਆ। ਬੱਬਰ ਕਰਮ ਸਿੰਘ ਫਖਰ ਨਾਲ ਕਿਹਾ ਕਰਦੇ ਸਨ ਕਿ ਇਹ ਪ੍ਰੈਸ ਵਾਲੀ ਜੁਗਤ ਉਨ੍ਹਾਂ ਗਦਰੀਆਂ ਵਲੋਂ ਛਾਪੀ ਜਾਂਦੀ ‘ਗਦਰ ਦੀ ਗੂੰਜ’ ਤੋਂ ਹੀ ਸਿੱਖੀ ਸੀ।

ਜਦੋਂ ਇਹ ਪਰਚਾ ਕਿਸ਼ਨ ਸਿੰਘ ਗੜਗੱਜ ਨੂੰ ਮਿਲਿਆ ਤਾਂ ਗੜਗੱਜ ਨੇ ਕਰਮ ਸਿੰਘ ਦੌਲਤਪੁਰ ਵਾਲਿਆਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਇਨ੍ਹਾਂ ਨੂੰ ਮਿਲਾਉਣ ਦਾ ਕੰਮ ਮਾਸਟਰ ਦਲੀਪ ਸਿੰਘ ਗੋਸਲ, ਕਰਮ ਸਿੰਘ ਧੀਂਗੜ ਨੇ ਆਪਣੇ ਜਿ਼ੰਮੇ ਲਿਆ। ਯਾਦ ਰਹੇ ਕਰਮ ਸਿੰਘ ਧੀਂਗੜ ਇਲਾਕਾ ਬੰਗਾ ਦੇ ਹੋਣ ਕਰਕੇ ਦੋਹਾਂ ਜਥਿਆਂ ਨਾਲ ਰਾਬਤਾ ਰਖਦੇ ਸਨ। ਇਨ੍ਹਾਂ ਦੋਵਾਂ ਨੂੰ ਮਿਲਾਉਣ ਲਈ ਪਿੰਡ ਬੀਸਲਾ ਵਿਚ ਹੌਲਦਾਰ ਈਸ਼ਰ ਸਿੰਘ ਦੀ ਹਵੇਲੀ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਕਿਸੇ ਜ਼ਰੂਰੀ ਕੰਮ ਕਾਰਨ ਕਰਮ ਸਿੰਘ ਉਥੇ ਪਹੁੰਚ ਨਾ ਸਕੇ।

ਇਸੇ ਅਗਸਤ ਮਹੀਨੇ ਦੇ ਆਖਰੀ ਦਿਨਾਂ ਵਿਚ ਬੱਬਰ ਆਸਾ ਸਿੰਘ ਭਕੜੱਦੀ ਦੇ ਪਿੰਡ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਬੱਬਰ ਕਿਸ਼ਨ ਸਿੰਘ ਗੜਗੱਜ ਤੇ ਕੁਝ ਹੋਰ ਸਾਥੀ ਇਕੱਠੇ ਹੋਏ, ਦੋਹਾਂ ਜਥਿਆਂ ਦੀ ਇਕ ਸਾਂਝੀ ਕਮੇਟੀ ਬਣਾਈ ਗਈ ਜਿਸ ਵਿਚ ਪ੍ਰਧਾਨ ਕਿਸ਼ਨ ਸਿੰਘ ਗੜਗੱਜ, ਸਕੱਤਰ ਦਲੀਪ ਸਿੰਘ ਗੋਸਲ ਤੇ ਖਜ਼ਾਨਚੀ ਕਰਮ ਸਿੰਘ ਝੀਂਗੜ ਨੂੰ ਬਣਾਇਆ ਗਿਆ। ਪ੍ਰੋਗਰਾਮ ਸੀ ਪਰਚੇ ਛਾਪਣਾ, ਹਥਿਆਰ ਖਰੀਦਣਾ, ਫੰਡ ਦਾ ਹਿਸਾਬ ਰੱਖਣਾ। ਇਹ ਫੈਸਲਾ ਵੀ ਹੋਇਆ ਕਿ ਅੱਜ ਤੋਂ ਬੱਬਰ ਸ਼ਬਦ ਸਿਰਫ ਤੇ ਸਿਰਫ ਬੱਬਰ ਕਰਮ ਸਿੰਘ ਦੌਲਤਪੁਰ ਵਾਲਿਆਂ ਲਈ ਵਰਤਿਆ ਜਾਵੇਗਾ। ਇਹ ਵੀ ਫੈਸਲਾ ਲਿਆ ਗਿਆ ਕਿ ਅੱਜ ਤੋਂ ਇਹ ਬੱਬਰ ਲਹਿਰ ਅਕਾਲੀ ਲਹਿਰ ਵਜੋਂ ਜਾਣੀ ਜਾਵੇਗੀ। ਨਾਲ ਹੀ ਇਕ ਹੋਰ ਪ੍ਰੈਸ ਖਰੀਦਣ ਦਾ ਵੀ ਫੈਸਲਾ ਹੋਇਆ। ਸਫ਼ਰੀ ਪ੍ਰੈਸ ਦੀ ਥਾਂ ‘ਤੇ ਇਸ ਦਾ ਨਾਂ ਉਡਾਰੂ ਪ੍ਰੈਸ ਰੱਖਿਆ ਗਿਆ।

8 ਨਵੰਬਰ, 1922 ਨੂੰ ਬਾਬੂ ਸੰਤਾ ਸਿੰਘ ਅਤੇ ਸ. ਰਾਮ ਸਿੰਘ ਪਾਰੋਵਾਲ ਰਾਹੀਂ 150 ਰੁਪਏ ਵਿਚ ਇਕ ਹੋਰ ਪ੍ਰੈਸ ਮਸ਼ੀਨ ਖਰੀਦੀ ਗਈ। ਸੋ ਇਨ੍ਹਾਂ ਪ੍ਰੈਸ ਮਸ਼ੀਨਾਂ ‘ਤੇ ਅਗਸਤ 1922 ਤੋਂ ਮਈ 1923 ਤੱਕ 15 ਪਰਚੇ ਛਾਪੇ ਗਏ ਜਿਨ੍ਹਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਨਵਾਂਸ਼ਹਿਰ, ਬੰਗਾ, ਬਲਾਚੌਰ, ਗੜ੍ਹਸ਼ੰਕਰ, ਮਾਹਿਲਪੁਰ ਇਲਾਕਿਆਂ ਵਿਚ ਜਲਸੇ ਕਰਕੇ ਅੰਗਰੇਜ਼ ਸਰਕਾਰ ਦੇ ਪਿੱਠੂਆਂ ਨੂੰ ਮਾੜੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਜਾਂਦਾ ਰਿਹਾ। ਹਯਾਤਪੁਰ ਰੁੜਕੀ ਬੱਬਰ ਕਰਮ ਸਿੰਘ ਦੌਲਤਪੁਰ ਵਾਲਿਆਂ ਦਾ ਨਾਨਕਾ ਪਿੰਡ ਸੀ। ਇਥੋਂ ਦੇ ਦੋ ਅੰਗਰੇਜ਼ਪ੍ਰਸਤ ਰਲਾ ਅਤੇ ਦਿੱਤੂ ਨੂੰ ਕਾਫੀ ਸਮਝਾਉਣ ਤੋਂ ਬਾਅਦ ਖੁਦ ਬੱਬਰ ਨੇ 20 ਮਈ, 1923 ਨੂੰ ਦਿਨ ਦਿਹਾੜੇ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ।

ਬੱਬਰਾਂ ਦੇ ਪ੍ਰਚਾਰ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਨੇ ਕਈ ਪਿੰਡਾਂ ਦਾ ਇਕੱਠ ਕਰਵਾ ਕੇ ਲੋਕਾਂ ਨੂੰ ਅਮਨ ਕਮੇਟੀਆਂ ਬਣਾਉਣ, ਰਾਤ ਨੂੰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ ਸਰਕਾਰ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ। 1922 ਵਿਚ ਕਈ ਪਿੰਡਾਂ ਦਾ ਇਕ ਇਕੱਠ ਜਿ਼ਲ੍ਹਾ ਜਲੰਧਰ ਦੇ ਪਿੰਡ ਧੰਨੋਵਾਲੀ ਰੇਲਵੇ ਫਾਟਕ ਦੇ ਨਜ਼ਦੀਕ ਕੀਤਾ। ਇਕੱਠੇ ਹੋਏ ਲੋਕਾਂ ਦੇ ਮਨੋਰੰਜਨ ਲਈ ਨਕਲੀਏ ਵੀ ਬੁਲਾਏ ਹੋਏ ਸਨ। ਸਟੇਜ ‘ਤੇ ਸੇਵਾ ਮੁਕਤ ਥਾਣੇਦਾਰ ਭਾਨ ਸਿੰਘ ਬੜਿੰਗ, ਜ਼ੈਲਦਾਰ ਸ਼ਾਮ ਸਿੰਘ, ਤੱਲ੍ਹਣ ਦਾ ਨੰਬਰਦਾਰ ਦਲੀਪ ਸਿੰਘ ਸਲੇਮਪੁਰ ਵਾਲੇ ਬੈਠੇ ਹੋਏ ਸਨ।

ਅਚਾਨਕ ਕਿਸ਼ਨ ਸਿੰਘ ਗੜਗੱਜ, ਜਥੇਦਾਰ ਮੂਲਾ ਸਿਘ ਬਾਹੋਵਾਲ ਅਤੇ ਕਰਮ ਸਿੰਘ ਝਿੰਗੜ ਸਟੇਜ ‘ਤੇ ਚੜ੍ਹ ਗਏ। ਕਿਸ਼ਨ ਸਿੰਘ ਗੜਗੱਜ ਨੇ ਭਾਸ਼ਨ ਕਰਦਿਆਂ ਇਨ੍ਹਾਂ ਝੋਲੀ ਚੁੱਕਾਂ ਨੂੰ ਬਾਜ਼ ਆਉਣ ਅਤੇ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਹਰ ਕੁਰਬਾਨੀ ਕਰਨ ਲਈ ਵੰਗਾਰਿਆ ਤੇ ਬੱਬਰਾਂ ਦਾ ਸਾਥ ਦੇਣ ਦੀ ਗੱਲ ਆਖੀ। ਜਿੰਨੀ ਦੇਰ ਬੱਬਰ ਉਥੇ ਰਹੇ, ਅੰਗਰੇਜ਼ਪ੍ਰਸਤਾਂ ਦੇ ਸਾਹ ਸੂਤੇ ਰਹੇ।

31 ਅਗਸਤ ਤੇ 1 ਸਤੰਬਰ, 1923 ਦੀ ਦਰਮਿਆਨੀ ਰਾਤ ਨੂੰ ਰਿਆਸਤ ਕਪੂਰਥਲਾ ਦੇ ਪਿੰਡ ਬੰਬੇਲੀ ਵਿਚ ਬੱਬਰ ਕਰਮ ਸਿੰਘ, ਉਦੇ ਸਿੰਘ ਰਾਮਗੜ੍ਹ, ਬਿਸ਼ਨ ਸਿੰਘ ਮਾਂਗਟ ਅਤੇ ਮਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਵਾਲੀ ਠਹਿਰੇ ਹੋਏ ਸਨ। ਇਨ੍ਹਾਂ ਨਾਲ ਮਾਣਕੋ ਦਾ ਅਨੂਪ ਸਿੰਘ ਬਹਾਨਾ ਬਣਾ ਕੇ ਇਨ੍ਹਾਂ ‘ਚੋਂ ਚਲਾ ਗਿਆ ਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਪਹਿਲੀ ਸਤੰਬਰ, 1923 ਦੀ ਮਨਹੂਸ ਸਵੇਰ ਨੂੰ ਪੁਲਿਸ ਕਪਤਾਨ ਮਿਸਟਰ ਸਮਿਥ ਦੀ ਪੁਲਿਸ ਪਾਰਟੀ ਤੇ ਘੋੜ ਸਵਾਰਾਂ ਨਾਲ ਮੁਕਾਬਲੇ ਵਿਚ ਇਹ ਚਾਰੇ ਦੇਸ਼ ਭਗਤ ਬੱਬਰ ਆਜ਼ਾਦੀ ਦੀ ਦੇਵੀ ‘ਤੇ ਆਪਣੀ ਜਾਨ ਨਿਛਾਵਰ ਕਰ ਗਏ।

ਕਿਸ਼ਨ ਸਿੰਘ ਗੜਗੱਜ ਤੇ ਕੁਝ ਹੋਰ ਸਾਥੀਆਂ ਖਿਲਾਫ 7 ਜਨਵਰੀ, 1923 ਨੂੰ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਸੀ.ਆਈ.ਡੀ. ਪੁਲਿਸ ਦੇ ਸਾਧੂ ਬਣੇ ਸੱਜਣ ਨੇ ਪਿੰਡ ਢੱਡੇ, ਜਿ਼ਲ੍ਹਾ ਹੁਸਿ਼ਆਰਪੁਰ ਤੋਂ ਬੱਬਰ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ। 28 ਫਰਵਰੀ ਸਨਿਚਰਵਾਰ ਵਾਲੇ ਦਿਨ ਬੱਬਰ ਅਕਾਲੀ ਸਾਜਿ਼ਸ਼ ਕੇਸ ਦਾ ਫੈਸਲਾ ਸੁਣਾਇਆ ਗਿਆ ਜਿਸ ਵਿਚ ਕਿਸ਼ਨ ਸਿੰਘ ਗੜਗੱਜ ਤੇ ਚਾਰ ਹੋਰ ਸਾਥੀ ਬੱਬਰਾਂ ਕਰਮ ਸਿੰਘ ਮਾਣਕੋ, ਨੰਦ ਸਿਘ ਘੜਿਆਲ, ਸੰਤਾ ਸਿੰਘ ਪਿੰਡ ਛੋਟੀ ਰੇਹੁ, ਦਲੀਪ ਸਿੰਘ ਉਰਫ ਦਲੀਪਾ ਧਾਮੀਆਂ, ਜਿ਼ਲ੍ਹਾ ਹੁਸਿ਼ਆਰਪੁਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਇਹ ਸਾਰੇ 27 ਫਰਵਰੀ, 1926 ਨੂੰ ਹੋਲੀ ਵਾਲੇ ਦਿਨ ਲਾਹੌਰ ਸੈਂਟਰਲ ਜੇਲ੍ਹ ਵਿਚ ਖਿੜੇ ਮੱਥੇ ਆਪਣੀ ਜਾਨ ਨਿਛਾਵਰ ਕਰ ਗਏ।

ਬੱਬਰ ਧੰਨਾ ਸਿੰਘ ਬਹਿਬਲਪੁਰ ਵਾਲੇ ਕਈ ਰਾਤਾਂ ਦੇ ਉਨੀਂਦਰੇ ਹੋਣ ਕਰਕੇ ਪਿੰਡ ਮਨਾਹਾਣਾ, ਜਿ਼ਲ੍ਹਾ ਹੁਸਿ਼ਆਰਪੁਰ ਵਿਚ ਕਿਸੇ ਦੇ ਘਰ ਸੁੱਤੇ ਜਿਥੋਂ ਪੁਲਿਸ ਪਾਰਟੀ ਨੇ ਫੜ ਲਿਆ। ਹੁਸਿ਼ਆਰਪੁਰ ਸਦਰ ਥਾਣੇ ਦੇ 2 ਅੰਗਰੇਜ਼ ਅਫਸਰ ਤੇ 10 ਸਿਪਾਹੀ ਬੱਬਰ ਜੀ ਨੂੰ ਚੰਗਾ-ਮੰਦਾ ਕਹਿ ਰਹੇ ਸਨ। ਹੱਥਕੜੀ ਲੱਗੀ ਹੋਣ ਕਰਕੇ ਆਪ ਨੇ ਮੂੰਹ ਨਾਲ ਹੈਂਡਗਰਨੇਡ ਦੀ ਪਿੰਨ ਖਿੱਚ ਦਿੱਤੀ। ਖੁਦ ਸ਼ਹੀਦ ਹੋ ਗਏ ਅਤੇ 2 ਅੰਗਰੇਜ਼ ਅਫਸਰਾਂ ਤੇ 10 ਪੁਲਿਸ ਵਾਲਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਾਕਿਆ 25 ਅਕਤੂਬਰ, 1923 ਦਾ ਹੈ।

ਬਦਕਿਸਮਤੀ ਨਾਲ ਜੋ ਦੂਜੀ ਪ੍ਰੈਸ ਮਸ਼ੀਨ ਖਰੀਦੀ ਗਈ ਸੀ, ਉਹ ਮਾਹਲਪੁਰ ਦੇ ਨਜ਼ਦੀਕ ਫਤਿਹਪੁਰ ਕੋਠੀ ਤੋਂ ਸ. ਭਗਵਾਨ ਸਿੰਘ ਦੇ ਘਰ ਤੋਂ ਪੁਲਿਸ ਨੇ ਬਰਾਮਦ ਕਰ ਲਈ। ਬੱਬਰ ਕਰਮ ਸਿੰਘ ਦੌਲਤਪੁਰ ਵਾਲਿਆਂ ਦਾ ਹਯਾਤਪੁਰ ਰੁੜਕੀ ਭਰੋਸੇਯੋਗ ਅੱਡਾ ਸੀ। ਜਿਹੜੀ ਪ੍ਰੈਸ ਪਹਿਲਾਂ ਖਰੀਦੀ ਗਈ ਸੀ, ਉਹ ਪੁਲਿਸ ਦੇ ਹੱਥ ਨਾ ਆਵੇ ਇਸ ਲਈ ਅੱਧੀ ਰਾਤੀਂ ਪਿੰਡ ਹਯਾਤਪੁਰ ਰੁੜਕੀ ਦੇ ਛੱਪੜ ਦੇ ਡੂੰਘੇ ਪਾਣੀ ਵਿਚ ਦਫਨ ਕਰ ਦਿੱਤੀ।

ਗੱਦਾਰਾਂ ਨੂੰ ਸੋਧਾ: ਗਿਆਨੀ ਹਰੰਬਸ ਸਿੰਘ ਜੋ ਬੱਬਰ ਸਾਜਿ਼ਸ਼ ਕੇਸ ‘ਚੋਂ ਬਰੀ ਹੋ ਕੇ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਵਿਚ ਸਕੱਤਰ ਦਾ ਕੰਮ ਕਰ ਰਹੇ ਸਨ, ਨੇ ਪਹਿਲੀ ਸਤੰਬਰ, 1923 ਨੂੰ ਬੰਬੇਲੀ ਵਾਲੇ ਸਾਕੇ ਦੇ ਜਿ਼ੰਮੇਵਾਰ ਗੱਦਾਰ ਅਨੂਪ ਸਿੰਘ ਮਾਣੋਕੇ ਨੂੰ ਹੋਲੇ-ਮਹੱਲੇ ‘ਤੇ ਆੲ ਨੂੰ ਵੇਖਿਆ ਸੀ। ਉਸ ਨੂੰ ਇਸ ਘਿਨਾਉਣੇ ਜੁਰਮ ਦੀ ਸਜ਼ਾ ਗਿਆਨੀ ਗੁਰਦਿੱਤ ਸਿੰਘ ਮੰਢਾਲੀ, ਉਜਾਗਰ ਸਿੰਘ ਪਰਨਾਲੀਆਂ ਤੇ ਕਰਤਾਰ ਸਿਘ ਚੱਕ ਬਾਗੜੀਆਂ ਵਾਲਿਆਂ ਨੇ ਉਸ ਦੇ ਘਰ ਜਾ ਕੇ ਮੌਤ ਦੇ ਘਾਟ ਉਤਾਰ ਕੇ ਦਿੱਤੀ।

ਬੇਲਾ ਸਿੰਘ ਉਜੈਨ, ਜਿ਼ਲ੍ਹਾ ਹੁਸਿ਼ਆਰਪੁਰ ਸਰਕਾਰੀ ਪਿੱਠੂ ਹੋਣ ਕਰਕੇ ਬੱਬਰਾਂ ਦੇ ਦਿਲਾਂ ਵਿਚ ਰੜਕ ਰਿਹਾ ਸੀ। ਉਸ ਨੇ 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਗੋਲੀਆਂ ਚਲਾ ਕੇ ਦੇਸ਼ ਭਗਤ ਭਾਗ ਸਿੰਘ ਤੇ ਬਦਨ ਸਿੰਘ ਨੂੰ ਸ਼ਹੀਦ ਕੀਤਾ ਤੇ ਬਰੀ ਹੋ ਕੇ ਹੰਕਾਰੀ ਹੋ ਗਿਆ। ਉਹ 1916 ਵਿਚ ਪੰਜਾਬ ਆ ਗਿਆ। ਉਸ ਦੀ ਝੂਠੀ ਗਵਾਹੀ ‘ਤੇ ਹੀ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਫਾਂਸੀ ਲੱਗੀ ਸੀ। ਸਰਕਾਰ ਉਸ ਦੀ ਪਿੱਠ ‘ਤੇ ਹੋਣ ਕਰਕੇ ਉਹ ਇਲਾਕੇ ਵਿਚ ਮਨਮਰਜ਼ੀ ਕਰਦਾ ਸੀ। 9 ਦਸੰਬਰ, 1937 ਨੂੰ ਉਹ ਹੁਸਿ਼ਆਰਪੁਰ ਤੋਂ ਮੁੜ ਰਿਹਾ ਸੀ ਕਿ ਬੱਬਰ ਹਰੀ ਸਿੰਘ ਸੂੰਢ, ਈਸ਼ਰ ਸਿੰਘ ਮੰਢਾਲੀ ਅਤੇ ਇੰਦਰ ਸਿੰਘ ਨੇ ਕਸਬਾ ਚੱਬੇਵਾਲ ਦੇ ਨਜ਼ਦੀਕ ਉਸ ਦਾ ਸਿਰ ਧੜ ਨਾਲੋਂ ਜੁਦਾ ਕਰਕੇ ਉਸ ਦੇ ਜੁਰਮ ਦੀ ਸਜ਼ਾ ਦਿੱਤੀ।

ਬੀ.ਟੀ., ਪੁਰਅਮਨ ਸਿੱਖ ਸੱਤਿਆਗ੍ਰਹੀਆਂ ‘ਤੇ ਡਾਂਗਾਂ ਵਰ੍ਹਾਉਣ ਵਾਲਾ ਪੁਲਿਸ ਕਪਤਾਨ, ਨੌਕਰੀ ਛੱਡ ਰਿਆਸਤ ਪਟਿਆਲਾ ਦੇ ਪਿੰਡ ਚੱਠੇ ਫਾਰਮ ਹਾਊਸ ਵਿਚ ਰਹਿਣ ਲੱਗਾ। ਉਸ ਨੇ ਉਸ ਪਿੰਡ ਦੀ ਹਰਨਾਮ ਕੌਰ ਨੂੰ ਆਪਣੇ ਘਰ ਰੱਖ ਲਿਆ। ਉਸ ਔਰਤ ਦਾ ਦੇਵਰ ਕਾਕਾ ਸਿੰਘ ਇਸ ਦੇ ਖਿਲਾਫ ਸੀ। ਇਸ ਇਲਾਕੇ ਦੇ ਸਿਰਕੱਢ ਬੱਬਰ ਬਾਬੂ ਸੰਤਾ ਸਿੰਘ 1926 ਨੂੰ ਆਪਣੇ ਚਾਰ ਹੋਰ ਸਾਥੀਆਂ ਕਿਸ਼ਨ ਸਿੰਘ ਗੜਗੱਜ ਹੋਰਾਂ ਦੇ ਨਾਲ ਲਾਹੌਰ ਸੈਂਟਰਲ ਜੇਲ੍ਹ ਵਿਚ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਪਰ ਉਨ੍ਹਾਂ ਦੀ ਜਥੇਬੰਦੀ ਕਾਇਮ ਸੀ। ਬੱਬਰਾਂ ਨੇ ਬੀ ਟੀ ਪੁਲਿਸ ਕਪਤਾਨ ਅੰਗਰੇਜ਼ ਨੂੰ ਸੋਧਣ ਦਾ ਮਨ ਬਣਾਇਆ। ਇਹ ਸਨ-ਕਰਤਾਰ ਸਿੰਘ ਛੀਨੇਵਾਲ, ਭੋਲਾ ਸਿੰਘ ਲੋਹਖੇੜਾ, ਬਚਨ ਸਿੰਘ ਲੋਹ ਖੇੜਾ, ਕੁੰਡਾ ਸਿੰਘ ਗਾਜੀਆਣਾ ਤੇ ਫਜਲਾ ਘੁਮਣਵਾਲੇ ਦਾ। ਇਨ੍ਹਾਂ ‘ਚੋਂ ਫਜਲੇ ਨੇ ਬੀ.ਟੀ. ਨੂੰ ਗੋਲੀ ਮਾਰਨ ਦੀ ਜਿ਼ੰਮੇਵਾਰੀ ਲਈ।

ਇਹ ਪੰਜ ਬੱਬਰ, ਪੁਲਿਸ ਦੀ ਵਰਦੀ ਵਿਚ ਹਰਨਾਮ ਕੌਰ ਦੇ ਦਿਉਰ ਕਾਕਾ ਸਿੰਘ ਨੂੰ ਨਾਲ ਲੈ ਕੇ ਮਸਨੂਈ ਧੌਲ-ਧੱਪਾ ਕਰਦੇ ਫਾਰਮ ਹਾਊਸ ਵਿਚ ਪਹੁੰਚ ਗਏ। ਸਾਬਕਾ ਪੁਲਿਸ ਕਪਤਾਨ ਕੁਰਸੀ ‘ਤੇ ਬੈਠਾ ਸੀ। ਪੁਲਿਸ ਵਾਲਿਆਂ ਗਾਲੀ-ਗਲੋਚ ਕਰਦਿਆਂ ਜਬਰਦਸਤੀ ਕਾਕਾ ਸਿੰਘ ਨੂੰ ਬੀ.ਟੀ. ਪੁਲਿਸ ਕਪਤਾਨ ਦੇ ਪੈਰਾਂ ਨੂੰ ਹੱਥ ਲਾਉਣ ਲਈ ਮਜਬੂਰ ਕੀਤਾ। ਮਿੰਨਤਾਂ ਕਰਦੇ ਕਾਕਾ ਸਿੰਘ ਨੇ ਪੁਲਿਸ ਕਪਤਾਨ ਦੇ ਪੈਰਾਂ ਨੂੰ ਫੜਦਿਆਂ ਸਾਰ ਹੀ ਉਪਰ ਚੁੱਕ ਦਿੱਤਾ ਜਦੋਂ ਕਪਤਾਨ ਕੁਰਸੀ ‘ਤੇ ਪੁੱਠਾ ਹੋਇਆ ਤਾਂ ਉਸ ‘ਤੇ ਬੱਬਰ ਫਜਲ ਨੇ ਗੋਲੀ ਦਾਗ ਦਿੱਤੀ। ਇਸ ਤਰ੍ਹਾਂ ਬੀ ਟੀ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ। ਬੱਬਰਾਂ ਨੇ ਕੋਲ ਖੜੀ ਹਰਨਾਮ ਕੌਰ ਨੂੰ ਵੀ ਗੋਲੀ ਮਾਰ ਦਿੱਤੀ।

ਦੇਸ਼ ਦੀ ਆਜ਼ਾਦੀ ਲਈ ਗਦਰੀ ਬਾਬਿਆਂ ਦੀਆਂ ਲੀਹਾਂ ‘ਤੇ ਚਲਣ ਵਾਲੀ ਸਿਰਲੱਥ ਯੋਧਿਆਂ ਦੀ ਇਸ ਜਥੇਬੰਦੀ ਦਾ ਸ਼ੁਰੂਆਤੀ ਨਾਂ ਚੱਕਰਵਰਤੀ, ਬੱਬਰ, ਬੱਬਰ ਅਕਾਲੀ ਅਤੇ ਆਖਰ ਯੁੱਗ ਪਲਟਾਊ ਜਥੇਬੰਦੀ ਹੋਇਆ ਜਿਸ ਵਿਚ ਇਸ ਦੇ ਕਾਰਕੁੰਨ ਸਰਗਰਮ ਰਹੇ ਜਿਹੜੇ ਸਮੇਂ-ਸਮੇਂ ਨੀਮ ਫੌਜੀ ਦਸਤਿਆਂ ਨਾਲ ਲੋਹਾ ਲੈਂਦੇ ਸ਼ਹੀਦ ਹੁੰਦੇ ਅਤੇ ਜੇਲ੍ਹਾਂ ਅੰਦਰ ਪੁਲਿਸ ਦਾ ਅਣਮਨੁੱਖੀ ਤਸ਼ੱਦਦ ਸਹਾਰਦੇ ਸ਼ਹੀਦੀਆਂ ਪ੍ਰਾਪਤ ਕਰਦੇ। ਇਨ੍ਹਾਂ ਉਮਰ ਕੈਦਾਂ ਕੱਟੀਆਂ, ਫਾਂਸੀ ਦੇ ਰੱਸੇ ਚੁੰਮ-ਚੁੰਮ ਗਲ ਪਾਏ। ਭਾਰਤ ਦੀ ਆਜ਼ਾਦੀ ਲਈ ਜਾਨਾਂ ਵਾਰਨ ਅਤੇ ਮਹਾਨ ਕੁਰਬਾਨੀਆਂ ਕਰਨ ਵਾਲੇ ਸਮੂਹ ਦੇਸ਼ ਭਗਤਾਂ ਅੱਗੇ ਸਾਡਾ ਸਿਰ ਹਮੇਸ਼ਾਂ ਝੁਕਦਾ ਰਹੇਗਾ। ਲੱਖ-ਲੱਖ ਪ੍ਰਣਾਮ!


ਕਿਰਪਾਲ ਸਿੰਘ ਸੰਧੂ
ਫੋਨ:509-259-4844