ਸਿੱਖ ਇਤਿਹਾਸ ਸੂਰਮਿਆਂ, ਯੋਧਿਆਂ ਤੇ ਸੂਰਬੀਰਾਂ ਦੀਆਂ ਸ਼ਹਾਦਤਾਂ ਨਾਲ ਲਾਲੋ-ਲਾਲ ਹੋਇਆ ਪਿਆ ਹੈ ਜਿਨ੍ਹਾਂ ਨੇ ਧਰਮ, ਸਿਧਾਂਤ, ਅਸੂਲ ਤੇ ਮਨੁੱਖਤਾ ਦੀ ਇੱਜ਼ਤ-ਆਬਰੂ ਦੀ ਖਾਤਰ ਆਪਣੀਆਂ ਜਾਨਾਂ ਤੱਕ ਵੀ ਕੁਰਬਾਨ ਕਰ ਦਿੱਤੀਆਂ । ਸਿੱਖੀ ਦੀ ਆਨ ਤੇ ਸ਼ਾਨ ਲਈ ਇਨ੍ਹਾਂ ਮਰਜੀਵੜਿਆਂ ਨੂੰ ਚਰਖੜੀਆਂ ਤੇ ਚਾੜ੍ਹਿਆ ਗਿਆ, ਜਿਊਂਦੇ ਜੀ ਉਨ੍ਹਾਂ ਦੀਆਂ ਖੋਪਰੀਆਂ ਉਤਾਰੀਆਂ ਗਈਆਂ, ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ ਤੇ ਮਾਵਾਂ ਦੇ ਮਾਸੂਮ ਬੱਚੇ ਉਨ੍ਹਾਂ ਦੀਆਂ ਗੋਦਾਂ ਵਿੱਚ ਕੋਹੇ ਗਏ ਪਰ ਉਨ੍ਹਾਂ ਸਿੰਘਾਂ ਤੇ ਸਿੰਘਣੀਆਂ ਨੇ ਆਪਣਾ ਧਰਮ ਤੇ ਸਾਹਸ ਨਹੀਂ ਹਾਰਿਆ । ਸਦਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਵਾਹਿਗੁਰੂ ਪ੍ਰਮੇਸ਼ਵਰ ਦਾ ਸ਼ੁਕਰਾਨਾ ਹੀ ਕਰਦੇ ਰਹੇ ।ਇਸ ਲੰਬੀ ਕਤਾਰ ਵਿੱਚ ਖਾਲਸਾ ਰਾਜ ਦੇ ਪ੍ਰਥਮ ਉਸਰਈਏ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਗੂੜ੍ਹੀ ਸਿਆਹੀ ਵਿੱਚ ਅੰਕਤ ਹੋਇਆ ਮਿਲਦਾ ਹੈ ।
ਇਸ ਨਿਧੜਕ ਤੇ ਮਹਾਨ ਯੋਧੇ ਦਾ ਜਨਮ 16 ਅਕਤੂਬਰ, 1669-70 ਨੂੰ ਕਸ਼ਮੀਰ ਵਾਦੀ ਦੇ ਪਿੰਡ ਰਾਜੌਰੀ ਵਿਖੇ ਹੋਇਆ ਸੀ । ਬੰਦਾ ਬੈਰਾਗੀ ਹਾਲੀਂ ਭਰ ਜਵਾਨੀ ਵਿੱਚ ਹੀ ਸੀ ਕਿ ਉਸਦਾ ਸੰਪਰਕ ਭਾਰਤ ਦੇ ਦੱਖਣੀ ਹਿੱਸੇ ਨੰਦੇੜ ਵਿਖੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਹੋ ਗਿਆ । ਅੰਮ੍ਰਿਤ ਦੀ ਦਾਤ ਲੈਣ ਉਪ੍ਰੰਤ ਆਪ ਬੰਦਾ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣ ਗਏ । ਗੁਰੂ ਦੀ ਰੋਜ਼ਾਨਾ ਸੰਗਤ ਨੇ ਬੰਦਾ ਸਿੰਘ ਬਹਾਦਰ ਦੀ ਮਾਨਸਿਕਤਾ ਤੇ ਦਿਰੜ੍ਹਤਾ ਨੂੰ ਖੂਬ ਚੰਡਿਆ ਤੇ ਮਨੁੱਖੀ ਕਦਰਾਂ ਕੀਮਤਾਂ ਲਈ ਜੂਝਣ ਲਈ ਬਲ ਬਖਸ਼ਿਸ਼ ਕੀਤਾ ।
ਇਸ ਸੰਸਾਰ ਦੀ ਯਾਤਰਾ ਸੰਪੂਰਨ ਕਰਨ ਤੋਂ ਕੁੱਝ ਸਮਾਂ ਪਹਿਲੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਜ਼ੁਲਮ ਦੀ ਅਗਨੀ ਵਿੱਚ ਸੜ ਰਹੇ ਪੰਜਾਬ ਵਿਖੇ ਹਲੇਮੀਂ ਰਾਜ ਕਾਇਮ ਕਰਨ ਲਈ ਭੇਜਣ ਦਾ ਨਿਰਣਾ ਲਿਆ ਤਾਕਿ ਉ¤ਥੇ ਜ਼ੁਲਮ ਤੇ ਅਤਿਆਚਾਰ ਵਿਰੁੱਧ ਹੱਕ ਤੇ ਇਨਸਾਫ ਦੇ ਆਦਰਸ਼ਾਂ ਨੂੰ ਬਹਾਲ ਕੀਤਾ ਜਾ ਸਕੇ । ਪੰਜਾਬ ਵਲ ਰਵਾਨਾ ਹੋਣ ਲਈ ਆਗਿਆ ਦੇਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ ਲਿਤਾੜੇ ਹੋਏ ਗਰੀਬ-ਗੁਰਬੇ ਅਤੇ ਧੀਆਂ ਧਿਆਣੀਆਂ ਦੀ ਰੱਖਿਆ ਕਰਨ ਲਈ ਕਾਫਲੇ ਦਾ ਜਥੇਦਾਰ ਥਾਪਿਆ । ਉਸਦੇ ਨਾਲ ਜਾਣ ਲਈ ਪੰਜ ਸਿੰਘਾਂ, ਭਾਈ ਦਇਆ ਸਿੰਘ, ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ ਤੇ ਭਾਈ ਰਣ ਸਿੰਘ ਤਿਆਰ ਕੀਤੇ ਤੇ ਬਖਸ਼ਿਸ਼ ਵਜੋਂ ਪੰਜ ਤੀਰ, ਨਗਾਰਾ, ਸੰਗਤ ਦੇ ਨਾਮ ਹੁਕਮਨਾਮੇਂ ਤੇ ਗੁਰਮਤਾ ਕਰਨ ਲਈ ਹੋਰ ਸਿੱਖਾਂ ਦੇ ਸਾਥ ਦਾ ਪ੍ਰਬੰਧ ਵੀ ਕੀਤਾ ।
ਬਾਬਾ ਬੰਦਾ ਸਿੰਘ ਨੇ ਤਹੱਮਲ, ਸਿਆਣਪ ਤੇ ਦੂਰ ਅੰਦੇਸ਼ੀ ਤੋਂ ਕੰਮ ਲਿਆ । ਬਹੁਤੀ ਕਾਹਲੀ ਨਹੀਂ ਕੀਤੀ । ਗੁਰੁੂ ਵਲੋਂ ਸੰਗਤਾਂ ਦੇ ਨਾਮ ਭੇਜੇ ਹੁਕਮਨਾਮਿਆਂ ਸਦਕਾ ਸੰਗਤਾਂ ਵਿੱਚ ਉਤਸ਼ਾਹ ਦਾ ਹੜ੍ਹ ਆ ਗਿਆ । ਕੋਈ ਇਕ ਸਾਲ ਤੋਂ ਵੱਧ ਸਮੇਂ ਵਿੱਚ-ਵਿੱਚ ਹੀ ਦਿੱਲੀ ਤੱਕ ਕੋਈ 1500 ਕਿਲੋਮੀਟਰ ਦਾ ਓਜੜ੍ਹਾ ਸਫਰ ਤੈਅ ਕਰ ਲਿਆ । ਮੁਹੰਮਦ ਕਾਸਮ ਅਤੇ ਖਾਫੀ ਖਾਨ ਅਨੁਸਾਰ ਬੰਦਾ ਸਿੰਘ ਬਹਾਦੁਰ ਪਾਸ ਉਸ ਵੇਲੇ ਤੱਕ ਕੋਈ 4000 ਘੋੜ ਸਵਾਰ ਅਤੇ 7800 ਪੈਦਲ ਮਰਜੀਵੜਿਆਂ ਦੀ ਫੌਜ ਇਕੱਠੀ ਹੋ ਗਈ ਜਿਨ੍ਹਾਂ ਸਦਕਾ ਬੰਦਾ ਸਿੰਘ ਬਹਾਦਰ ਨੇ ਸੋਨੀਪਤ, ਕੈਥਲ, ਸਮਾਣਾ, ਕਪੂਰੀ, ਸਢੌਰਾ (ਜਿੱਥੇ ਪੀਰ ਬੁਧੂ ਸ਼ਾਹ ਦੇ ਪਰਿਵਾਰ ਨੂੰ ਉਸਮਾਨ ਖਾਨ ਵਲੋਂ ਤਸੀਹੇ ਦਿੱਤੇ ਗਏ ਸਨ ਤੇ ਹਿੰਦੂਆਂ ਨੂੰ ਆਪਣੇ ਮੁਰਦੇ ਨਹੀਂ ਸੀ ਸਾੜਨ ਦਿੱਤੇ ਜਾਂਦੇ) ਅਤੇ ਬਨੂੜ ੳੁੱਪਰ ਕਬਜ਼ਾ ਕੀਤਾ । ਸਮਾਣਾ ਵਿਖੇ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਕਤਲ ਕਰਨ ਵਾਲੇ ਸਈਅਦ ਜਲਾ-ਉਦ-ਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਆਂ ਵਿੱਚ ਚਿਨਣ ਵਾਲੇ ਜੱਲਾਦਾਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦਿੱਤੀ ਗਈ । ਇਸ ਦੌਰਾਨ ਹਜ਼ਾਰਾਂ ਹੀ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ । ਭਾਈ ਫਤਹਿ ਸਿੰਘ ਨੂੰ ਸਮਾਣਾ ਦਾ ਇੰਚਾਰਜ ਥਾਪਿਆ ਗਿਆ।
ਸਢੌਰਾ ਦੇ ਸਥਾਨ ਵਿਖੇ ਜ਼ੁਲਮੀਂ ਸਰਕਾਰ ਦੇ ਚਹੇਤਿਆਂ ਦੀ ਬੁਰਛਾ ਗਰਦੀ ਦੇ ਕਾਰਨ ਬਹੁਤੀ ਕਤਲੋ-ਗਾਰਤ ਹੋਈ ਅਤੇ ਉਹ ਥਾਂ ਕਤਲ ਗੜ੍ਹ ਦੇ ਨਾਮ ਨਾਲ ਮਸ਼ਹੂਰ ਹੋਈ ।ਪੰਜਾਬ ਵਿੱਚ ਧਰਮ ਦੇ ਨਾਮ ਤੇ ਆਮ ਲੋਕਾਂ ਨਾਲ ਮੁਗਲਾਂ ਵਲੋਂ ਕੀਤੀ ਬੇਇਨਸਾਫੀ, ਔਰਤਾਂ ਦੀ ਪਰਿਵਾਰਾਂ ਸਾਹਮਣੇ ਕੀਤੀ ਬੇਹੁਰਮਤੀ ਤੇ ਲੁੱਟ-ਮਾਰ ਕਾਰਨ ਲੋਕਾਂ ਦੀ ਮਰ ਚੁੱਕੀ ਅਣਖ ਨੂੰ ਬੰਦਾ ਸਿੰਘ ਬਹਾਦਰ ਨੇ ਮੁੜ ਸੁਰਜੀਤ ਕੀਤਾ ਤੇ ਜ਼ੁਲਮ ਵਿਰੁੱਧ ਲਾਮਬੰਦ ਕਰ ਦਿੱਤਾ ।
ਸਰਹਿੰਦ ਸ਼ਹਿਰ ਵਿਖੇ ਸੂਬੇਦਾਰ ਵਜ਼ੀਰ ਖਾਨ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਛੋਟੇ ਸਾਹਿਜ਼ਾਦਿਆਂ ਦੀ ਹੋਈ ਸ਼ਹਾਦਤ ਹਾਲੀਂ ਕੱਲ੍ਹ ਦੀ ਗੱਲ ਸੀ । ਵਜ਼ੀਰ ਖਾਂ ਵਲੋਂ ਕੀਤੇ ਜ਼ੁਲਮਾਂ ਦੀ ਗਾਥਾ ਤਾਂ ਘਰ ਘਰ ਦੀ ਕਹਾਣੀ ਸੀ । ਲੋਕਾਂ ਵਿੱਚ ਰੋਹ ਸੀ ਅਤੇ ਲੋਹਾ ਗਰਮ ਸੀ । ਹਾਲਾਂਕਿ ਬੰਦਾ ਸਿੰਘ ਦੀ ਫੌਜ ਪਾਸ ਨਾਂ ਤਾਂ ਬਹੁਤੇ ਹਥਿਆਰ ਜਾਂ ਤੋਪਾਂ ਸਨ ਤੇ ਨਾ ਹੀ ਬਹੁਤੇ ਹਾਥੀ ਘੋੜੇ ਸਨ ਪਰ ਫਿਰ ਵੀ ਉਸ ਨੇ ਸੂਬੇਦਾਰ ਵਜ਼ੀਰ ਖਾਨ ਦੀ ਕੋਈ 25,000 ਤੋਂ ਵੱਧ ਫੌਜ ਨੂੰ ਸਰਹਿੰਦ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਚੱਪੜ ਚਿੜੀ ਦੇ ਮੈਦਾਨ ਵਿੱਚ ਮਿਤੀ 12 ਮਈ 1710 ਨੂੰ ਜਾ ਵੰਗਾਰਿਆ । ਮੁਗਲੀਆ ਰਾਜ ਵਲੋਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ, ਵਜ਼ੀਰ ਖਾਨ ਅਤੇ ਸੁੱਚਾ ਨੰਦ ਨੇ ਆਪਣੀਆਂ ਫੌਜਾਂ ਸਮੇਤ ਹਿੱਸਾ ਲਿਆ । ਜ਼ੁਲਮ ਤੇ ਸਚਾਈ ਦਰਮਿਆਨ ਗਹਿ-ਗਿੱਚ ਲੜਾਈ ਹੋਈ ।ਘਮਸਾਨ ਦੀ ਲੜਾਈ ਵਿੱਚ ਜ਼ਾਲਮ ਵਜ਼ੀਰ ਖਾਨ ਦਾ ਸਿਰ ਕਲਮ ਕਰ ਦਿੱਤਾ ਗਿਆ । ਮੁਗਲਈ ਫੌਜਾਂ ਨੂੰ ਭਾਜੜਾਂ ਪੈ ਗਈਆਂ । ਦੋਵੇਂ ਹੀ ਪਾਸਿਆਂ ਤੋਂ ਕਹਿਰਾਂ ਦਾ ਜਾਨੀ ਨੁਕਸਾਨ ਹੋਇਆ । ਜ਼ੁਲਮ ਦੀ ਹਾਰ ਹੋਈ ਤੇ ਆਖਰ ਸਚਾਈ ਜਿੱਤ ਗਈ । ਰਾਤ ਦੇ ਹਨੇਰੇ ਵਿੱਚ ਵਜ਼ੀਰ ਖਾਨ ਦਾ ਪਰਿਵਾਰ ਦਿੱਲੀ ਵਲ ਭੱਜਣ ਵਿੱਚ ਸਫਲ ਹੋ ਗਿਆ ਤੇ ਸੁੱਚਾ ਨੰਦ ਤੇ ਸ਼ੇਰ ਮੁਹੰਮਦ ਖਾਨ ਵਰਗੇ ਜ਼ਾਲਮਾਂ ਦਾ ਸਫਾਇਆ ਹੋ ਗਿਆ ।
ਸਰਹਿੰਦ ਦੀ ਇੱਟ ਨਾਲ ਇੱਟ ਖੜਕ ਗਈ । ਬੰਦਾ ਸਿੰਘ ਬਹਾਦਰ ਨੇ ਬੜੀ ਆਸਾਨੀ ਨਾਲ 14 ਮਈ, 1710 ਨੂੰ ਸਰਹਿੰਦ ਦੇ ਕਸਬੇ ਉਪਰ ਵੀ ਕਬਜ਼ਾ ਕਰ ਲਿਆ । ਸ਼ਹਿਰ ਵਿੱਚ ਸਹਿਮ ਤੇ ਮਾਤਮ ਪੱਸਰਿਆ ਹੋਇਆ ਸੀ । ਬੰਦਾ ਸਿੰਘ ਵਲੋਂ ਢੰਡੋਰਾ ਪਟਾਇਆ ਗਿਆ ਕਿ ਆਮ ਲੋਕਾਂ ਨੂੰ ਡਰਨ ਦੀ ਲੋੜ ਨਹੀਂ । ਉਨ੍ਹਾਂ ਨਾਲ ਕੋਈ ਵੀ ਵਧੀਕੀ ਨਹੀਂ ਕੀਤੀ ਜਾਵੇਗੀ । ਉਨ੍ਹਾਂ ਦੇ ਜਾਨੋ-ਮਾਲ ਦੀ ਸੁਰੱਖਿਆ ਕੀਤੀ ਜਾਵੇਗੀ ।ਕੋਈ ਵੀ ਅੰਸਰ ਲੁੱਟ ਮਾਰ ਨਹੀਂ ਕਰੇਗਾ ਤੇ ਨਾ ਹੀ ਕੋਈ ਮਨੁੱਖ ਕਿਸੇ ਦੀ ਧੀ ਭੈਣ ਵਲ ਭੈੜੀ ਨਿਗਾਹ ਨਾਲ ਨਹੀਂ ਦੇਖੇਗਾ ਭਾਵੇਂ ਉਹ ਔਰਤ ਦੁਸ਼ਮਣ ਦੀ ਧੀ ਭੈਣ ਹੀ ਕਿਉਂ ਨਾ ਹੋਵੇ । ਲਿਤਾੜੇ ਹੋਏ ਲੋਕਾਂ ਨੂੰ ਢੁੱਕਵੀਆਂ ਪਦਵੀਆਂ ਬਖਸ਼ਿਸ਼ ਕੀਤੀਆਂ ਗਈਆਂ ਤੇ ਹਲ-ਵਾਹਕ ਕਾਸ਼ਤਕਾਰਾਂ ਨੂੰ ਜ਼ਮੀਂਨ ਦੀ ਮਲਕੀਅਤ ਦਿੱਤੀ ਗਈ ।ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਸ਼ਾਸਨਕ ਸੁਧਾਰ ਕਰਕੇ ਲੋਕ ਹਿੱਤਾਂ ਵਾਲਾ ਰਾਜ ਸਥਾਪਤ ਕਰਨ ਵਿੱਚ ਪਹਿਲਕਦਮੀ ਕੀਤੀ।
ਸਢੌਰਾ ਤੇ ਨਾਹਨ ਵਿਚਕਾਰ ਮੁਖਲਿਸਪੁਰ ਨੂੰ ਲੋਹਗੜ੍ਹ ਦਾ ਨਾਂ ਦੇਕੇ ਖਾਲਸਾ ਰਾਜ ਦੀ ਪ੍ਰਥਮ ਰਾਜਧਾਨੀ ਬਣਾਇਆ ਗਿਆ ਤੇ ਉ¤ਥੇ ਮੁਗਲਈ ਝੰਡੇ ਦੀ ਥਾਂ ਖਾਲਸਈ ਨਿਸ਼ਾਨ ਝੁਲਾਇਆ ਗਿਆ । ਕੁੱਝ ਸਮੇਂ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉ¤ਪਰ ਸਿੱਕਾ ਜਾਰੀ ਕੀਤਾ ਗਿਆ ਤੇ ਸਰਕਾਰੀ ਮੋਹਰ ਵੀ ਜਾਰੀ ਕੀਤੀ ਗਈ । ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬਾ ਥਾਪਿਆ ਗਿਆ ।
ਯਾਦ ਰਹੇ ਕਿ ਬੰਦਾ ਸਿੰਘ ਬਹਾਦਰ ਨੇ ਜਿਤਨੀਆ ਵੀ ਲੜਾਈਆਂ ਲੜੀਆਂ ਉਹ ਕਿਸੇ ਧਰਮ, ਜ਼ਾਤ ਜਾਂ ਫਿਰਕੇ ਵਿਰੁੱਧ ਨਹੀਂ ਸਨ ਲੜੀਆਂ ਸਗੋਂ ਇਹ ਲੜਾਈਆਂ ਜ਼ੁਲਮ, ਜ਼ਬਰ, ਸਿਤਮ ਤੇ ਜਰਵਾਣਿਆਂ ਦੀਆਂ ਵਧੀਕੀਆਂ ਨੂੰ ਠੱਲ੍ਹ ਪਾਉਣ ਲਈ ਹੀ ਲੜੀਆਂ ਗਈਆਂ ਤਾਕਿ ਹਲੇਮੀਂ ਰਾਜ ਦੀ ਸਥਾਪਨਾ ਕੀਤੀ ਜਾ ਸਕੇ । ਇਨ੍ਹਾਂ ਪ੍ਰਾਪਤੀਆਂ ਦੇ ਸਿੱਟੇ ਵਜੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਕੋਈ 40 ਸਾਲ ਨਿਰਪੱਖ ਸਿੱਖ ਰਾਜ ਦੀ ਸਥਾਪਤੀ ਕਰਕੇ ਹੀ ਸੰਸਾਰ ਭਰ ਵਿੱਚ ਨਾਮਨਾ ਖੱਟਿਆ ਸੀ ।ਉਸ ਦੀ ਸਰਕਾਰ ਵਿੱਚ ਹਰ ਧਰਮ, ਵਰਗ, ਤੇ ਉਸਾਰੂ ਸੋਚ ਵਾਲੇ ਲੋਕਾਂ ਨੂੰ ਭਾਈਵਾਲੀ ਦਿੱਤੀ ਗਈ ਸੀ ।
ਸਿੱਖ ਜਗਤ ਨੇ ਫੈਸਲਾ ਕੀਤਾ ਹੈ ਕਿ ਬੰਦਾ ਸਿੰਘ ਬਹਾਦਰ ਵਲੋਂ ਖਾਲਸਾ ਰਾਜ ਦੇ ਅਦੁੱਤੀ ਸਥਾਪਨਾ ਦਿਵਸ ਦੀ 300 ਸਾਲਾ ਸ਼ਤਾਬਦੀ ਨੂੰ 12 ਮਈ 2010 ਵਾਲੇ ਦਿਨ ‘ਫਤਹਿ ਦਿਵਸ’ ਵਜੋਂ ਮਨਾਇਆ ਜਾਵੇਗਾ ।ਬਹੁਤ ਚੰਗੀ ਪਿਰਤ ਹੈ ਪਰ ਹਰ ਵਿਅਕਤੀ ਨੂੰ ਇਨ੍ਹਾਂ ਸ਼ਤਾਬਦੀਆਂ ਤੋਂ ਸਿੱਖਿਆ ਲੈਣ ਦੀ ਵੀ ਲੋੜ ਹੈ । ਅਫਸੋਸ ਦੀ ਗੱਲ ਹੈ ਕਿ ਬਹੁਤਾ ਕਰਕੇ ਸਿੱਖ ਜਗਤ ਦਿਨ-ਬਦਿਨ ਡੂੰਘੇ ਨਿਘਾਰ ਵਲ ਵਧ ਰਿਹਾ ਹੈ ਅਤੇ ਸੁਚਾਰੂ ਆਗੂਆਂ ਦੀ ਥੁੜ ਮਹਿਸੂਸ ਹੋ ਰਹੀ ਹੈ। ਸਮਾਜਿਕ ਕੁਰੀਤੀਆਂ ਅੰਬਰਾਂ ਨੂੰ ਛੂਹ ਰਹੀਆਂ ਹਨ ।ਗੁਰੂ ਆਸ਼ੇ ਤੋਂ ਵੇਮੁਖ ਹੋਣ ਕਰਕੇ ਬਹੁਤੀ ਨੌਜਵਾਨ ਪੀੜ੍ਹੀ ਦਾ ਰੁਝਾਨ ਨਸ਼ਿਆਂ, ਮਾਰ-ਧਾੜ,ਬਦਕਾਰੀ, ਪਤਿਤਪੁਣੇ ਅਤੇ ਮਾਇਆਵਾਦ ਵਲ ਵਧ ਰਿਹਾ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਈਮਾਨਦਾਰੀ ਵਾਲੇ ਕਦਮ ਚੁੱਕਣ ਦੀ ਲੋੜ ਹੈ । ਕਹਿੰਦੇ ਨੇ ਕਿ ਜਿਹੜੀਆਂ ਕੌਮਾਂ ਤਵਾਰੀਖ ਵਿੱਚ ਕੀਤੀਆਂ ਖੁਨਾਮੀਆਂ ਤੋਂ ਸਿਖਿਆ ਨਹੀਂ ਲੈਂਦੀਆਂ ਉਹ ਕੌਮਾਂ ਵਗਦੇ ਦਰਿਆਵਾਂ ਦੇ ਕੰਢਿਆ ਨੇੜੇ ਖੜੇ ਰੁੱਖਾਂ ਵਾਂਗ ਹੀ ਢਹਿ ਢੇਰੀ ਹੋ ਜਾਇਆ ਕਰਦੀਆਂ ਹਨ ਭਾਵੇਂ ਉਹ ਅੱਜ ਰੁੜ੍ਹ ਜਾਣ ਤੇ ਭਾਵੇਂ ਕੱਲ੍ਹ ਰੁੜ ਜਾਣ । ਆਓ! ਰਲ ਮਿਲ ਕੇ ਆਪਾਂ ਵੀ ਇਸ ਫਤਹਿ ਦਿਵਸ ਤੇ ਆਪਣੇ ਪੁਰਖਿਆਂ ਨੂੰ ਸੱਚੀ-ਸੁਚੀ ਅਕੀਦਤ ਦੇ ਫੁੱਲ ਭੇਟ ਕਰੀਏ ਤੇ ਗੁਰਮਤਿ ਅਨੁਸਾਰ ਉਨ੍ਹਾਂ ਦੇ ਨਕਸ਼ੇ-ਕਦਮਾਂ ਉ¤ਪਰ ਚਲਦਿਆਂ ਹੋਇਆਂ ਆਪਣੇ ਭਵਿੱਖੀ ਵਾਰਸਾਂ ਲਈ ਉ¤ਜਲ ਰਸਤਾ ਤਿਆਰ ਕਰਕੇ ਸੰਸਾਰ ਨੂੰ ਸ਼ਾਤੀ, ਬਰਾਬਰਤਾ ਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਦੇ ਪ੍ਰੇਰਨਾ ਸਰੋਤ ਬਣੀਏ ।