ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ - ਪ੍ਰੋ. ਜਸਵੀਰ ਸਿੰਘ ਉੱਭੀ


ਬੜੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਪਟਿਆਲਾ ਵਿਖੇ 5 ਮਈ 2010 ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ‘ਚ ਰਾਜ ਪੱਧਰੀ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਹੈ। ਬਹੁਤੀ ਵਾਰ ਅਕਾਲੀ ਜਾਂ ਕਾਂਗਰਸੀ ਸਰਕਾਰਾਂ ਨੇ ਇਹੋ ਜਿਹੇ ਮਹਾਨ ਵਿਅਕਤੀਆਂ ਨੂੰ ਢੁਕਵਾਂ ਸਨਮਾਨ ਨਹੀਂ ਦਿੱਤਾ। ਜੱਸਾ ਸਿੰਘ ਰਾਮਗੜ੍ਹੀਆ ਕਿਸੇ ਇਕ ਬਰਾਦਰੀ ਨਾਲ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਨਾਲ ਸੰਬੰਧਿਤ ਹੈ। ਸਰਦਾਰ ਜੱਸਾ ਸਿੰਘ ਦਾ ਨਾਂ ਹਿੰਦੁਸਤਾਨ ਦੇ ਅਠਾਰਵੀਂ ਸਦੀ ਦੇ ਮਹਾਨ ਜਰਨੈਲਾਂ ਵਿਚ ਆਉਂਦਾ ਹੈ। ਅਗਰ ਇਹੋ ਜਿਹੇ ਮਹਾਨ ਵਿਅਕਤੀ ਹਿੰਦੁਸਤਾਨ ਦੀ ਧਰਤੀ ‘ਤੇ ਪੈਦਾ ਨਾ ਹੁੰਦੇ, ਸਿੱਖ ਰਾਜ ਦੀ ਗੱਲ ਤਾਂ ਇਕ ਪਾਸੇ ਅਸੀਂ ਸਭ ਮੁਸਲਮਾਨ ਹੁੰਦੇ। ਅੱਜ ਸਿੱਖ ਹੋਣਾ ਕੁਝ ਵਿਅਕਤੀਆਂ ਵਾਸਤੇ ਦਿਖਾਵੇ ਦੀ ਗੱਲ ਹੋ ਸਕਦੀ ਹੈ, ਪਰ ਸਤਾਰਵੀਂ ਅਤੇ ਅਠਾਰਵੀਂ ਸਦੀ ਵਿਚ ਸਿੱਖ ਸਜਣਾ ਮੌਤ ਨੂੰ ਬੁਲਾਵਾ ਦੇਣ ਦੇ ਬਰਾਬਰ ਸੀ। ਮੁਗਲੀਆਂ ਸਰਕਾਰ ਦੇ ਹੁਕਮ ਅਤੇ ਨਿੱਜੀ ਸਵਾਰਥਾਂ ਖਾਤਰ ਸਿੱਖਾਂ ਦੇ ਸਿਰ ਵੱਢ ਕੇ ਵੇਚੇ ਜਾਂਦੇ ਸਨ।

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦਾ ਜਨਮ 1723 ਈ: ਵਿਚ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਇਛੋ-ਗਿਲ ਦਾ ਹੈ। 1761 ਤੋਂ 1733 ਦਾ ਸਮਾਂ ਸਿੱਖਾਂ ਵਾਸਤੇ ਹਨ੍ਹੇਰਾ ਕਾਲ ਮੰਨਿਆ ਗਿਆ ਹੈ। ਉਨ੍ਹਾਂ ਦੇ ਪਿਤਾ ਸ. ਭਗਵਾਨ ਸਿੰਘ 1739 ਈ: ਵਿਚ ਨਾਦਰਸ਼ਾਹੀ ਹਮਲੇ ਦਾ ਟਾਕਰਾ ਕਰਦੇ ਹੋਏ ਸ਼ਹੀਦੀ ਪਾ ਗਏ ਸਨ। ਨਾਦਰਸ਼ਾਹ ‘ਖੁਰਾਸ਼ਾਨ’ ਦਾ ਇਕ ਡਾਕੂ ਸੀ ਜੋ ਸਾਰੇ ਏਸ਼ੀਆ ਲਈ ਭੈ ਅਤੇ ਖਤਰਾ ਬਣਿਆ ਹੋਇਆ ਸੀ। ਭਗਵਾਨ ਸਿੰਘ ਨੂੰ ਪਰਮਾਤਮਾ ਨੇ 5 ਪੁੱਤਰਾਂ ਦੀ ਦਾਤ ਬਖਸ਼ੀ ਸੀ-ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਅਤੇ ਤਾਰਾ ਸਿੰਘ। ਜੱਸਾ ਸਿੰਘ ਦੇ ਬਾਬਾ ਜੀ ਗਿਆਨੀ ਹਰਦਾਸ ਸਿੰਘ (1670-1761) ਨੇ ਗੁਰੂ ਸਾਹਿਬ ਦੇ ਹੱਥੀਂ ਅੰਮ੍ਰਿਤ ਛਕਿਆ ਸੀ ਅਤੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਵਿਚ ਲਗਾਈ। ਜੰਗਾਂ ਵਿਚ ਵੀ ਹਿੱਸਾ ਲਿਆ, ਗੁਰੂ ਸਾਹਿਬ ਦੇ ਨਿੱਜੀ ਸੁਰੱਖਿਅਕ ਵੀ ਰਹੇ। ਜੱਦੀ ਪਿੰਡ ਸੁਰਸਿੰਘ ਸੀ, ਜੱਦੀ ਕੰਮ ਤਰਖਾਣਾ ਸੀ, ਪ੍ਰੰਤੂ ਮੁਗਲ ਸਰਕਾਰ ਦੀਆਂ ਨਜ਼ਰਾਂ ਵਿਚ ਰੜਕਣ ਕਾਰਨ ‘ਇਛੋ-ਗਿਲ’ ਆ ਕੇ ਵਸ ਗਏ ਸਨ। ਸ. ਭਗਵਾਨ ਸਿੰਘ ਦੀ ਸ਼ਹੀਦੀ ਪਿੱਛੋਂ 17 ਸਾਲਾਂ ਦੀ ਉਮਰ ਵਿਚ ਜੱਸਾ ਸਿੰਘ ਨੂੰ ਘਰ ਦੀ ਜਿੰਮੇਵਾਰੀ ਅਤੇ ਰਸਾਲਦਾਰੀ ਸਾਂਭਣੀ ਪੈ ਗਈ।

1740 ਈ: ਨੂੰ ਕੇਵਲ 22 ਸਾਲਾਂ ਦੀ ਉਮਰ ਵਿਚ ਰਾਮਗੜ੍ਹੀਆ ਮਿਸਲ ਦਾ ਜਥੇਦਾਰ ਬਣਾਇਆ ਗਿਆ। ਜੱਸਾ ਸਿੰਘ ਨੇ ਆਜ਼ਾਦੀ ਦੀ ਜੱਦੋ-ਜਹਿਦ ਵਿਚ ਵਧ ਚੜ੍ਹ ਕੇ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ। ਆਪਣੇ ਬਾਪ ਦਾਦਿਆਂ ਵਾਂਗ ਬਹੁਤ ਹੀ ਬਹਾਦਰ ਯੋਧਾ ਸੀ। ਸਿੱਖੀ ਲਈ ਧਰਮ ਯੁੱਧ ਕਰਨਾ ਉਸ ਦਾ ਆਦਰਸ਼ ਬਣ ਗਿਆ ਸੀ। ਜਦੋਂ ਸਰਬਤ ਖਾਲਸੇ ਨੇ ਦਰਬਾਰ ਸਾਹਿਬ ਦੀ ਰੱਖਿਆ ਵਾਸਤੇ ਤਰਨਤਾਰਨ ਵਲ ‘ਬਿਬੇਕਸਰ’ ਦੇ ਨੇੜੇ ਰਾਮ ਰੌਣੀ ਬਣਾਉਣ ਦਾ ਫੈਸਲਾ ਕੀਤਾ ਅਤੇ ਸੁੱਖਾ ਸਿੰਘ ‘ਮਾੜੀ ਕੰਬੋਕੇ’ ਨੇ ਇਸ ਸਕੀਮ ਦੀ ਪ੍ਰੋੜਤਾ ਕੀਤੀ, ਖਾਲਸੇ ਨੇ ਜਿੰਮੇਵਾਰੀ ਜੱਸਾ ਸਿੰਘ ਨੂੰ ਸੌਂਪ ਦਿੱਤੀ। 1748 ਈ: ਨੂੰ ਇਸ ਰਾਮਰੌਣੀ ਨੂੰ ਪੱਕਿਆਂ ਕਰਕੇ ਰਾਮਗੜ੍ਹ ਕਿਲ੍ਹਾ ਬਣਾ ਦਿੱਤਾ। ਲਾਹੌਰ ਦੇ ਜ਼ਾਲਮ ਸੂਬੇਦਾਰ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਜਲੰਧਰ ਦੇ ਅਦੀਨਾ ਵੇਗ ਨੇ ਆਪਣੀ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਇਆ, ਖਾਲਸੇ ਨੇ ਜੱਸਾ ਸਿੰਘ ਨੂੰ ਅਦੀਨਾ ਬੇਗ ਨਾਲ ਗੱਲਬਾਤ ਵਾਸਤੇ ਭੇਜਿਆ। ਇਤਿਹਾਸਕਾਰ ‘ਕਨ੍ਹਈਆ ਲਾਲ’ ਲਿਖਦਾ ਹੈ ਕਿ ਸਰਦਾਰ ਜੱਸਾ ਸਿੰਘ ਦੀ ਚਤੁਰਾਈ, ਸਿਆਣਪ, ਮਿੱਠੀ ਗੱਲਬਾਤ ਅਤੇ ਸਤਿਕਾਰਭਰੀ ਸ਼ਕਲ ਵੇਖ ਕੇ ਜਲੰਧਰ ਦਾ ਅਦੀਨਾ ਬੇਗ ਪ੍ਰਭਾਵਿਤ ਹੋਇਆ। ਖਾਲਸੇ ਨੇ ਜੱਸਾ ਸਿੰਘ ਨੂੰ ਘੋੜ ਸਵਾਰਾਂ ਸਮੇਤ ਅਦੀਨਾ ਬੇਗ ਪਾਸ ਭੇਜ ਦਿੱਤਾ। ਤਿੰਨ ਸਾਲਾਂ ਬਾਅਦ ਅਦੀਨੇ ਦੀ ਨੀਅਤ ‘ਤੇ ਸ਼ੱਕ ਹੋਣ ਕਾਰਨ ਜੱਸਾ ਸਿੰਘ ਨੂੰ ਵਾਪਸ ਅੰਮ੍ਰਿਤਸਰ ਮੰਗਵਾ ਲਿਆ। ਖਾਲਸੇ ਦੇ ਦਿਲ ਵਿਚ ਆਪ ਦਾ ਸਤਿਕਾਰ ਵਧ ਗਿਆ। 1762 ਈ: ਦੇ ਵੱਡੇ ਘੱਲੂਘਾਰੇ ਸਮੇਂ ਵੀ ਆਪ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਤੇ ਸੱਟਾਂ ਖਾਧੀਆਂ ਸਨ। 50,000 ਅਫਗਾਨੀ ਫੌਜੀ ਮਾਰੇ ਗਏ ਅਤੇ 20,000 ਸਿੱਖਾਂ ਨੇ ਸ਼ਹੀਦੀਆਂ ਪਾਈਆਂ। 1767 ਵਿਚ ਅਹਿਮਦਸ਼ਾਹ ਅਬਦਾਲੀ ਨੇ ਮੁੜ ਪੰਜਾਬ ਵਲ ਕੂਚ ਕੀਤਾ, ਖਾਲਸਾ ਦਲ ਦੇ ਜੱਸਾ ਸਿੰਘ ਰਾਮਗੜ੍ਹੀਏ ਅਤੇ ਜੱਸਾ ਸਿੰਘ ਆਹਲੂਵਾਲੀਏ ਨੇ ਬਿਆਸ ਪਾਰ ਹੋ ਕੇ ਅਬਦਾਲੀ ਦੀ ਫੌਜ ‘ਤੇ ਜਬਰਦਸਤ ਹਮਲਾ ਕੀਤਾ, ਲੜਾਈ ਵਿਚ ਆਹਲੂਵਾਲੀਏ ਸਰਦਾਰ ਨੂੰ ਡੂੰਘਾ ਜ਼ਖਮ ਲੱਗਾ। ਹੁਣ ਸਾਰੀ ਖਾਲਸਾ ਫੌਜ ਦੀ ਅਗਵਾਈ ਰਾਮਗੜ੍ਹੀਏ ਸਰਦਾਰ ਨੇ ਕੀਤੀ। ਜੱਸਾ ਸਿੰਘ ਨੇ 18 ਘੰਟੇ ਲਗਾਤਾਰ ਬਿਨਾਂ ਖਾਣ ਪੀਣ ਜਾਂ ਅਰਾਮ ਦੇ ਤਲਵਾਰ ਚਲਾਈ, ਜਦੋਂਕਿ ਅਬਦਾਲੀ ਤਿੰਨ ਵਾਰ ਮੈਦਾਨ ਛੱਡ ਕੇ ਕੈਂਪ ਵਿਚ ਗਿਆ ਸੀ। ਖਾਲਸਾ ਦਲ ਦੇ ਨੌਜਵਾਨ ਸਿਪਾਹੀਆਂ ਨੇ ਅਫਗਾਨੀ ਫੌਜ ਦੇ ਪੈਰ ਉਖਾੜ ਕੇ ਭਾਜੜਾਂ ਪਾ ਦਿੱਤੀਆਂ। ਇਸ ਢਿੱਲਵਾਂ ਦੀ ਲੜਾਈ ਪਿੱਛੋਂ ਜੱਸਾ ਸਿੰਘ ਦਲ ਖਾਲਸਾ ਸਮੇਤ ਨਾਹਨ ਦੀ ਪਹਾੜੀ ਰਿਆਸਤ ਦੇ ਇਲਾਕੇ ਨੂੰ ਚਲਾ ਗਿਆ।

ਅਬਦਾਲੀ ਨੂੰ ਭਜਾਉਣ ਪਿੱਛੋਂ ਉਨ੍ਹਾਂ ਨੇ ਦੂਜੀਆਂ ਮਿਸਲਾਂ ਵਾਂਗ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ। ਉਹ ਮੈਦਾਨੀ ਅਤੇ ਗੁਰੀਲਾ ਜੰਗ ਦਾ ਮਾਹਿਰ ਸੀ। ਜਦੋਂ ਕੋਈ ਬਾਹਰੀ ਦੁਸ਼ਮਣ ਟਕਰਾਉਂਦਾ, ਜੱਸਾ ਸਿੰਘ ਦੂਜੇ ਮਿਸਲਾਂ ਦੇ ਸਰਦਾਰਾਂ ਨਾਲ ਝੱਟ ਮੋਢਾ ਡਾਹ ਲੈਂਦਾ ਸੀ। 12 ਸਿੱਖ ਮਿਸਲਾਂ ‘ਚੋਂ 4 ਮਿਸਲਾਂ-ਸ਼ੁਕਰਚਕੀਆ, ਆਹਲੂਵਾਲੀਆ, ਰਾਮਗੜ੍ਹੀਆ ਅਤੇ ਕਨ੍ਹਈਆ ਜਿ਼ਆਦਾ ਤਾਕਤਵਰ ਅਤੇ ਮਸ਼ਹੂਰ ਸਨ। ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਸੀ। ਇਸ ਵਿਚ ਬਟਾਲਾ, ਕਲਾਨੌਰ, ਮਿਆਣੀ ਖਾਸ, ਟਾਂਡਾ, ਤਲਵਾੜਾ, ਅੰਮ੍ਰਿਤਸਰ ਦਾ ਦੱਖਣ, ਰਾਵੀ ਤੇ ਬਿਆਸ ਦਰਿਆ ਵਿਚਲਾ ਇਲਾਕਾ, ਜਲੰਧਰ ਦਾ ਇਲਾਕਾ, ਕਾਂਗੜਾ ਦਾ ਪਹਾੜੀ ਇਲਾਕਾ ਸ਼ਾਮਿਲ ਸੀ। ਵੱਡਾ ਇਲਾਕਾ ਹੋਣ ਕਾਰਨ ਦੂਜੀਆਂ ਮਿਸਲਾਂ ਈਰਖਾ ਵੀ ਰੱਖਦੀਆਂ ਸਨ। ਦੱਖਣ-ਪੂਰਬ ਵਿਚ ਆਹਲੂਵੀਆ ਮਿਸ਼ਲ, ਪੱਛਮ ਵਲ ਕਨ੍ਹਈਆ ਮਿਸਲ ਅਤੇ ਦੱਖਣ ਵਲ ਭੰਗੀ ਮਿਸਲਾਂ ਮੌਜੂਦ ਸਨ। ਰਾਮਗੜ੍ਹੀਆ ਮਿਸਲ ਕੋਲ 360 ਕਿਲ੍ਹੇ, ਬੁਰਜ ਅਤੇ ਦਮਦਮੇ ਸਨ, ਤੇ ਚੰਗੇ ਲਿਖਾਰੀ ਵੀ ਸਨ, ਮਿਸਲ ਦੀ ਆਮਦਨ ਕਰੋੜਾਂ ਰੁਪਏ ਸੀ। ਇਸ ਮਿਸਲ ਦੇ ਫੌਜੀ ਇੰਜੀਨੀਅਰਿੰਗ ਅਤੇ ਦਸਤਕਾਰੀ ਦੇ ਮਾਹਿਰ ਹੋਣ ਕਾਰਨ ਕਿਲ੍ਹੇ, ਫਸੀਲਾਂ, ਦਮਦਮੇ, ਸ਼ਸਤਰ, ਤੋਪਾਂ, ਘੋੜਿਆਂ ਦੇ ਨਲ, ਬੇੜੀਆਂ, ਪੁਲ, ਖੇਤੀ ਦੇ ਸੰਦ ਆਪ ਹੀ ਤਿਆਰ ਕਰ ਲੈਂਦੇ ਸਨ। ਗੁਰੂ ਰਾਮਦਾਸ ਜੀ ਦਾ ਅਥਾਹ ਪਿਆਰ ਇਨ੍ਹਾਂ ਦੇ ਰੋਮ ਰੋਮ ਅਤੇ ਤਨ ਮਨ ਵਿਚ ਵਸਿਆ ਹੋਣ ਕਾਰਨ, ਹਰੇਕ ਚੀਜ਼ ਗੁਰੂ ਰਾਮਦਾਸ ਜੀ ਦੀ ਦਾਤ ਮੰਨਦੇ ਸਨ, ਕਿਲੇ ਦਾ ਨਾਂ ਰਾਮਗੜ੍ਹ, ਫਸੀਲ ਦਾ ਨਾਂ ਰਾਮਰਾਉਣੀ, ਅਮੁਕ ਲੰਗਰ ਦਾ ਨਾਂ ਰਾਮਰੋਟੀ ਅਤੇ ਜਗਤ ਪ੍ਰਸਿੱਧ ਮਿਸਲ ਦਾ ਨਾਂ ਰਾਮਗੜ੍ਹੀਆ-ਮਿਸਲ ਰੱਖਿਆ ਸੀ। ਇਸ ਮਿਸਲ ਵਿਚ ਹੋਰ ਸਭ ਬਰਾਦਰੀਆਂ ਵੀ ਸ਼ਾਮਿਲ ਸਨ।

1780 ਈ: ਨੂੰ ਹਿਸਾਰ ਦੇ ਮੁਸਲਮਾਨ ਹਾਕਮ ਨੇ ਇਕ ਕੰਨਿਆ ਨੂੰ ਚੁੱਕ ਲਿਆ। ਜਦੋਂ ਰਾਜਪੂਤਾਂ ਅਤੇ ਮਰਹੱਟਿਆਂ ਦੇ ਆਗੂਆਂ ਨੇ ਗਰੀਬ ਪੰਡਿਤ ਦੀ ਨਾ ਸੁਣੀ ਤਾਂ ਪੰਡਿਤ ਜੀ ਨੇ ਜੱਸਾ ਸਿੰਘ ਕੋਲ ਫਰਿਆਦ ਕੀਤੀ। ਖਾਲਸੇ ਨੇ ਹਾਕਮ ਨੂੰ ਘੇਰਾ ਪਾ ਕੇ ਫੜ ਲਿਆ। ਕੰਨਿਆ ਵਾਪਸ ਦੁਆਈ, 5000 ਰੁਪਏ ਕੰਨਿਆ ਦਾਨ ਵਜੋਂ ਪੰਡਿਤ ਜੀ ਨੂੰ ਦਿੱਤੇ, ਹਾਕਮ ਨੂੰ ਸਬਕ ਸਿਖਾਉਣ ਵਾਸਤੇ ਕਿਲ੍ਹਾ ਲੁੱਟਿਆ। ਹੁਣ ਸਾਰੇ ਹਿੰਦੋਸਤਾਨ ਵਿਚ ਜੱਸਾ ਸਿੰਘ ‘ਬੰਦੀ ਛੋੜ’ ਵਜੋਂ ਪ੍ਰਸਿੱਧ ਹੋਇਆ। ਅਬਦਾਲੀ ਮਰਹੱਠਿਆਂ ਨਾਲ ਪਾਣੀਪਤ ਦੀ ਲੜਾਈ ਪਿਛੋਂ ਆਪਣੇ ਨਾਲ ਸੋਨਾ, ਚਾਂਦੀ, ਹੀਰੇ, ਸ਼ਾਹਜਹਾਨ ਦਾ ਤਖਤੇ ਤਾਊਸ, 2000 ਹਿੰਦੂ ਮੁਟਿਆਰਾਂ ਅਤੇ ਨੌਜਵਾਨ ਅਫਗਾਨਿਸਤਾਨ ਲਿਜਾ ਰਿਹਾ ਸੀ, ਅਟਕ ਦਰਿਆ ਨੇੜੇ ਖਾਲਸੇ ਨੇ ਜੱਸਾ ਸਿੰਘ ਦੀ ਅਗਵਾਈ ਹੇਠ ਹੱਲਾ ਬੋਲ ਦਿੱਤਾ, ਅਬਦਾਲੀ ਨੂੰ ਹਾਰ ਹੋਈ, ਮੁਟਿਆਰਾਂ ਤੇ ਜਵਾਨ ਪਰਿਵਾਰਾਂ ਨੂੰ ਵਾਪਿਸ ਕਰ ਦਿੱਤੇ।

1782 ਨੂੰ ਜੱਸਾ ਸਿੰਘ ਨੇ ਦਲ ਖਾਲਸਾ ਦੀ ਅਗਵਾਈ ਕਰਦੇ ਹੋਏ ਚੰਨਦੇਸ਼ੀ, ਮੇਰਠ, ਮਲਕਾਗੰਜ, ਸਬਜ਼ੀ ਮੰਡੀ, ਮੁਗਲਪੁਰਾ ਆਦਿ ਸੋਧਦੇ ਹੋਏ ਦਿੱਲੀ ਤੇ ਕਬਜ਼ਾ ਕਰ ਲਿਆ। ਦਿਲੀ ਤੋਂ ਲਿਆਂਦਾ ਹੋਇਆ ‘ਸ਼ਾਹੀ ਤਖਤੇ ਤਾਊਸ’ ‘ਰਾਮਗੜ੍ਹੀਆ ਬੁੰਗੇ’ ਵਿਚ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਉਤੇ ਸਥਿਤ ਹੈ। ਪੰਥ ਦੀ ਆਪਸੀ ਫੁਟ ਕਾਰਨ ਰਾਮਗੜ੍ਹੀਏ ਸਰਦਾਰ ਨੂੰ ਦਿੱਲੀ ਤੋਂ ਵਾਪਿਸ ਆਉਣਾ ਪਿਆ ਸੀ। ਮੇਰਠ ਦੇ ਹਾਕਮ ਨਜਫਖਾਨ ਨੇ 10,000 ਰੁਪਿਆ ਸਾਲਾਨਾ ਨਜ਼ਰਾਨਾ ਖਾਲਸੇ ਨੂੰ ਦੇਣਾ ਮਨਜ਼ੂਰ ਕਰ ਲਿਆ ਸੀ।

ਮਹਾਰਾਜਾ ਜੱਸਾ ਸਿੰਘ 80 ਸਾਲਾਂ ਦੀ ਉਮਰ ਭੋਗ ਕੇ ਅਪ੍ਰੈਲ 1803 ਨੂੰ ਸੰਸਾਰਿਕ ਯਾਤਰਾ ਸੰਪੂਰਨ ਕਰ ਗਏ। ਉਹ ਸ਼ੇਰੇ ਪੰਜਾਬ ਰਣਜੀਤ ਸਿੰਘ ਤੋਂ 57 ਸਾਲ ਵੱਡੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਕਰਾਮਾਤੀ ਤੇਗ ਦੇ ਜੌਹਰਾਂ ਪਿੱਛੋਂ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੀ ਅਗਵਾਈ ਹੇਠ, ਮੁੱਠੀ ਭਰ ਸਿੱਖ ਕੌਮ ਨੇ ਦਸ਼ਮੇਸ਼ ਪਿਤਾ ਦੀ ਮਹਾਨ ਸ਼ਕਤੀ ਦਾ ਦਿਖਾਵਾ ਕੀਤਾ। ਇਕ ਪਾਸੇ ਕਾਬਲ ਦੀ ਅਫਗਾਨ ਹਕੂਮਤ, ਦੂਜੇ ਪਾਸੇ ਦਿੱਲੀ ਦੀ ਮੁਗਲੀਆ ਸਲਤਨਤ ਅਤੇ ਤੀਜੇ ਪਾਸੇ ਮਰਹੱਠਿਆਂ ਦੀ ਮਹਾਨ ਤਾਕਤ ਦੇ ਦੰਦ ਖੱਟੇ ਕਰ ਦਿੱਤੇ ਸਨ।