ਖਾਲਸਈ ਫ਼ਤਹਿ
ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦੁਆਰਾ 12 ਮਈ 1710 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀਆਂ ਫੌਜਾਂ ਨੂੰ ਕਰਾਰੀ ਹਾਰ ਦੇਣ ਦੇ ਨਾਲ ਹੀ ਇਤਿਹਾਸ ਨੇ ਇਕ ਅਹਿਮ ਕਰਵੱਟ ਲੈ ਲਈ ਸੀ। ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਦੀ ਧਰਤੀ ਉਤੇ ਖਾਲਸਈ ਨਿਸ਼ਾਨ ਮੁਕੰਮਲ ਜੇਤੂ ਅੰਦਾਜ਼ ਵਿਚ ਲਹਿਰਾ ਉਠਿਆ ਸੀ। ਭਾਵੇਂ ਕੁੱਝ ਇਤਿਹਾਸਕ ਕਾਰਨਾਂ ਕਰਕੇ ਖਾਲਸੇ ਦਾ ਪਲੇਠਾ ਰਾਜ ਬਹੁਤੀ ਦੇਰ ਟਿਕਿਆ ਨਾ ਰਹਿ ਸਕਿਆ। ਪਰ ਇਸ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਪੰਜਾਬ ਦੇ ਆਰਥਕ, ਸਮਾਜੀ, ਰਾਜਨੀਤਕ ਤੇ ਸਭਿਆਚਾਰਕ ਖੇਤਰਾਂ ਅੰਦਰ ਜੋ ਇਨਕਲਾਬੀ ਉਥਲ-ਪੁਥਲ ਹੋਈ, ਉਸ ਨੇ ਇਸ ਖਿਤੇ ਦੇ ਇਤਹਾਸ ਦੇ ਨਕਸ਼ ਸਥਾਈ ਰੂਪ ਵਿਚ ਬਦਲ ਦਿਤੇ। ਤਿੰਨ ਸਦੀਆਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਘਟਨਾਵਾਂ ਦੀ ਧਮਕ ਅੱਜ ਤਕ ਸੁਣੀ ਜਾ ਸਕਦੀ ਹੈ। ਖਾਲਸੇ ਦੀ ਜਨਮਭੂਮੀ ਪੰਜਾਬ ਅੰਦਰ ਖਾਲਸੇ ਦੀਆਂ ਇਨ੍ਹਾਂ ਗੌਰਵਸ਼ਾਲੀ ਜਿੱਤਾਂ ਦੇ ਤ੍ਰੈਸ਼ਤਾਬਦੀ ਜਸ਼ਨ ਪੂਰੀ ਧੂਮਧਾਮ ਨਾਲ ਮਨਾਏ ਜਾ ਰਹੇ ਹਨ। ਬਾਬਾ ਬੰਦਾ ਸਿਂਘ ਬਹਾਦਰ ਤੇ ਉਸ ਦੀਆਂ ਗੌਰਵਸ਼ਾਲੀ ਪ੍ਰਾਪਤੀਆਂ ਉਤੇ ਅਲੱਗ ਅਲੱਗ ਪੱਖਾਂ ਤੋਂ ਚਾਨਣਾ ਪਾਉਂਦੇ ਕੁੱਝ ਵਿਸ਼ੇਸ਼ ਲੇਖ।
ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗ੍ਰਿਫਤਾਰ ਕਰ ਲੈਣ ਤੋਂ ਬਾਅਦ ਉਹਨ੍ਹਾਂ ਨੂੰ ਸਭ ਤੋਂ ਪਹਿਲਾਂ ਲਾਹੌਰ ਲਿਜਾਇਆ ਗਿਆ। ਭਾਵੇਂ ਉਸ ਨੂੰ ਫੜ ਕੇ ਕੈਦ ਕੀਤਾ ਹੋਇਆ ਸੀ, ਤਾਂ ਵੀ ਉਸ ਦੀਆਂ ਕਰਾਮਾਤੀ ਤਾਕਤਾਂ ਦਾ ਵੈਰੀਆਂ ਦੇ ਮਨਾਂ ਉੱਤੇ ਇੰਨਾ ਭੈਅ ਬੈਠਾ ਹੋਇਆ ਸੀ ਕਿ ਹਰ ਵੇਲੇ ਉਨ੍ਹਾਂ ਨੂੰ ਇਹੋ ਹੀ ਖ਼ਤਰਾ ਪਿਆ ਰਹਿੰਦਾ ਸੀ ਕਿ ਉਹ ਸੜਕੇ ਜਾਂਦਾ ਹੋਇਆ ਕਿਧਰੇ ਬਚ ਕੇ ਨਾ ਨਿਕਲ ਜਾਏ। ਇਸ ਲਈ ਇਕ ਮੁਗ਼ਲ ਅਫ਼ਸਰ ਨੇ ਕਿਹਾ ਕਿ ਮੈਨੂੰ ਭੀ ਉਸ ਦੇ ਨਾਲ ਹੀ ਹਾਥੀ ਉਤੇ ਬੰਨ੍ਹ ਦਿਓ ਤਾਂ ਕਿ ਜਿਸ ਵੇਲੇ ਉਹ ਬਚ ਕੇ ਭੱਜਣ ਲਗੇਗਾ ਤਾਂ ਮੈਂ ਆਪਣਾ ਛੁਰਾ ਉਸ ਦੇ ਢਿੱਡ ਵਿਚ ਖੋਭ ਦਿਆਂਗਾ। ਬੰਦਾ ਸਿੰਘ ਦੇ ਪੈਰੀਂ ਬੇੜੀਆਂ, ਗੋਡਿਆਂ ਨੂੰ ਛੱਲੇ, ਲੱਕ ਦੁਆਲੇ ਸੰਗਲ ਅਤੇ ਗਲ ਵਿਚ ਕੁੰਡਲ ਪਾਏ ਹੋਏ ਸਨ ਅਤੇ ਇਨ੍ਹਾਂ ਨੂੰ ਲਕੜੀ ਦਿਆਂ ਡੰਡਿਆਂ ਨਾਲ ਗੰਢਿਆ ਹੋਇਆ ਸੀ। ਇਸ ਤਰ੍ਹਾਂ ਜਕੜ ਕੇ ਉਸ ਨੂੰ ਲੋਹੇ ਦੇ ਪਿੰਜਰੇ ਵਿਚ ਪਾ ਕੇ ਚਾਰ ਥਾਈਂ ਸੰਗਲ ਲਾਏ ਹੋਏ ਸਨ। ਦੋ ਮੁਗ਼ਲ ਅਫ਼ਸਰ ਉਸ ਦੇ ਨਾਲ ਦੋਹੀਂ ਪਾਸੀਂ ਉਸੇ ਹਾਥੀ ਉੱਤੇ ਬੱਧੇ ਹੋਏ ਸਨ ਤਾਂ ਕਿ ਉਹ ਨਿਕਲ ਨਾ ਜਾਏ। ਬੰਦਾ ਸਿੰਘ ਦੇ ਜਥੇਦਾਰਾਂ ਅਤੇ ਉੱਘੇ ਆਦਮੀਆਂ ਨੂੰ ਬੇੜੀਆਂ ਪਾਈਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਲੰਙੇ, ਮਾੜੂਏ ਅਤੇ ਮਰੀਅਲ ਜਿਹੇ ਖੋਤਿਆਂ ਅਤੇ ਊਠਾਂ ਉੱਤੇ ਚੜ੍ਹਾਇਆ ਹੋਇਆ ਸੀ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਕਾਗਜ਼ ਦੀਆਂ ਟੋਪੀਆਂ ਪਾਈਆਂ ਹੋਈਆਂ ਸਨ। ਇਸ ਤਰ੍ਹਾਂ ਇਨ੍ਹਾਂ ਨੂੰ ਇਕ ਟੋਲੇ ਵਿਚ ਇਕੱਠੇ ਲਿਜਾ ਰਹੇ ਸਨ। ਇਨ੍ਹਾਂ ਦੇ ਅੱਗੇ ਅੱਗੇ ਢੋਲ ਅਤੇ ਬਾਜਾ ਵਜਦਾ ਜਾ ਰਿਹਾ ਸੀ ਅਤੇ ਨੇਜ਼ਿਆਂ ਉੱਤੇ ਟੰਗੇ ਹੋਏ ਸਿਰ ਮੁਗ਼ਲਾਂ ਨੇ ਚੁੱਕੇ ਹੋਏ ਸਨ। ਕੈਦੀਆਂ ਦੇ ਪਿਛੇ ਬਾਦਸ਼ਾਹੀ ਅਮੀਰ, ਫੌਜਦਾਰ ਅਤੇ ਹਿੰਦੂ ਰਾਜੇ ਆਪਣੀਆਂ ਆਪਣੀਆਂ ਫ਼ੌਜਾਂ ਸਮੇਤ ਜਾ ਰਹੇ ਸਨ। ਕਈ ਮੀਲਾਂ ਤਕ ਸ਼ਾਹੀ ਸੜਕ ਦੋਹੀਂ ਪਾਸੀਂ ਖੜੋਤੇ ਤਮਾਸ਼ਾ ਦੇਖਣ ਆਇਆਂ ਨਾਲ ਭਰੀ ਹੋਈ ਸੀ ਅਤੇ ਬਾਜ਼ਾਰ, ਗਲੀਆਂ ਅਤੇ ਕੋਠਿਆਂ ਦੀਆਂ ਛੱਤਾਂ ਮਨੁੱਖੀ ਸਿਰਾਂ ਦਾ ਠਾਠਾਂ ਮਾਰਦਾ ਸਮੁੰਦਰ ਬਣਿਆ ਪਿਆ ਸੀ। ਇਸ ਤਰ੍ਹਾਂ ਅਧਮੋਏ ਕੈਦੀਆਂ ਅਤੇ ਲਹੂ ਭਰੇ ਸਿਰਾਂ ਦੇ ਜਲੂਸ ਨਾਲ ਸੂਬੇਦਾਰ ਅਬਦੁੱਸਮਦ ਖ਼ਾਨ ਸ਼ਹਿਰ ਲਾਹੌਰ ਵਿਚ ਦਾਖ਼ਲ ਹੋਇਆ।
ਅਬਦੁੱਸਮਦ ਖ਼ਾਨ ਨੇ ਇਸ ਉੱਘੇ ਕੈਦੀ ਨੂੰ ਖ਼ੁਦ ਦਿੱਲੀ ਲੈ ਕੇ ਆਉਣ ਦੀ ਆਗਿਆ ਮੰਗੀ, ਜਿਸ ਦੇ ਉੱਤਰ ਵਿਚ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਉਹ ਸੂਬੇ ਦੇ ਰਾਜ ਪ੍ਰਬੰਧ ਵਲ ਦੇਖੇ ਅਤੇ ਕੈਦੀਆਂ ਨੂੰ ਆਪਣੇ ਪੁੱਤਰ ਜ਼ਕਰੀਆ ਖ਼ਾਨ ਅਤੇ ਮੁਹੰਮਦ ਅਮੀਨ ਦੇ ਪੁੱਤਰ ਕਮਰੁੱਦੀਨ ਖ਼ਾਨ ਦੇ ਨਾਲ ਭੇਜ ਦੇਵੇ। ਲਾਹੌਰੋਂ ਤੁਰਨ ਵੇਲੇ ਜ਼ਕਰੀਆ ਖ਼ਾਨ ਨੂੰ ਬਦਾਸ਼ਾਹ ਦੇ ਪੇਸ਼ ਕਰਨ ਲਈ ਦੋ ਕੁ ਸੌ ਸਿੰਘਾਂ ਦੇ ਸਿਰ ਕੁਝ ਥੋੜੇ੍ਹ ਜਾਪੇ। ਇਸ ਲਈ ਉਸ ਨੇ ਇਲਾਕੇ ਵਿਚ ਸਿੰਘਾਂ ਦੀ ਭਾਲ ਸ਼ੁਰੂ ਕਰ ਦਿੱਤੀ। ਫੌਜਦਾਰ ਅਤੇ ਚੌਧਰੀ ਇਲਾਕੇ ਵਿਚ ਫਿਰ ਨਿਕਲੇ ਅਤੇ ਪਿੰਡਾਂ ਵਿਚੋਂ ਅਨੇਕਾਂ ਬੇਗੁਨਾਹ ਲੋਕਾਂ ਨੂੰ ਫੜ ਕੇ ਸਿਰਾਂ ਦੀ ਗਿਣਤੀ ਪੂਰੀ ਕਰਨ ਲਈ ਜ਼ਕਰੀਆ ਖ਼ਾਨ ਪਾਸ ਭੇਜ ਦਿੱਤਾ। ਇਸ ਤਰ੍ਹਾਂ ਥੋੜੇ੍ਹ ਜਿਹੇ ਦਿਨਾਂ ਵਿਚ ਹਜ਼ਾਰਾਂ ਸਿੱਖ ਕੇਵਲ ਸਿੱਖ ਧਰਮ ਦੇ ਅਨੁਯਾਈ ਅਤੇ ਗੈਰ ਮੁਸਲਿਮ ਹੋਣ ਕਰਕੇ ਜੱਲਾਦਾਂ ਦੀਆਂ ਤਲਵਾਰਾਂ ਦੇ ਹਵਾਲੇ ਕਰ ਦਿੱਤੇ ਗਏ ਅਤੇ ਇਨ੍ਹਾਂ ਦੇ ਵੱਢੇ ਹੋਏ ਸਿਰਾਂ ਨਾਲ ਸੱਤ ਸੌ ਗੱਡੇ ਭਰ ਕੇ ਦਿੱਲੀ ਨੂੰ ਤੋਰ ਦਿੱਤੇ ਗਏ।
ਕਨਿੰਘਮ ਲਿਖਦਾ ਹੈ ਕਿ ਬੰਦਾ ਸਿੰਘ ਅਤੇ ਦੂਸਰਿਆਂ (ਕੈਦੀਆਂ) ਨੂੰ ਬੜੀ ਦੁਰਗਤਿ ਨਾਲ, ਜੋ ਜਾਹਲ ਅਤੇ ਅਧ ਜੰਗਲੀ ਜੇਤੂ ਹੀ ਕਰ ਸਕਦੇ ਹਨ, ਦਿੱਲੀ ਨੂੰ ਤੋਰਿਆ ਗਿਆ। ਬੰਦਾ ਸਿੰਘ ਦੀ ਤਰ੍ਹਾਂ ਸਾਰਿਆਂ ਨੂੰ ਪੈਰਾਂ, ਹੱਥਾਂ, ਲੱਕ ਅਤੇ ਗਲਾਂ ਤੋਂ ਸੰਗਲਾਂ ਨਾਲ ਜਕੜਿਆ ਹੋਇਆ ਸੀ ਤੇ ਦੋ ਦੋ ਜਾਂ ਤਿੰਨ ਤਿੰਨ ਕਰਕੇ ਗੱਡਿਆਂ ਵਿਚ ਲੱਦਿਆ ਹੋਇਆ ਸੀ। ਸਰਹੰਦ ਵਿਚ ਉਨ੍ਹਾਂ ਨੂੰ ਬਜ਼ਾਰਾਂ ਵਿਚ ਦੀ ਲੰਘਾਇਆ ਗਿਆ, ਜਿਥੇ ਕਿ ਲੋਕ ਉਨ੍ਹਾਂ ਨੂੰ ਟਿਚਕਰਾਂ ਕਰਦੇ ਅਤੇ ਗਾਲੀਆਂ ਕੱਢਦੇ ਸਨ। ਸਿੰਘਾਂ ਨੇ ਇਹ ਸਭ ਕੁਝ ਸ਼ਬਦ ਪੜ੍ਹਦੇ ਹੋਏ ਬੜੇ ਧੀਰਜ ਨਾਲ ਸਹਿ ਲਿਆ।
27 ਫਰਵਰੀ ਸੰਨ 1716 ਨੂੰ ਸਿੱਖ ਕੈਦੀਆਂ ਦੇ ਅਗਰਾਬਾਦ ਪੁੱਜਣ ਦੀ ਖ਼ਬਰ ਫਰੁੱਖ ਸੀਅਰ ਬਾਦਸ਼ਾਹ ਨੂੰ ਦਿੱਲੀ ਮਿਲੀ। ਬਾਦਸ਼ਾਹ ਨੇ ਇਹਤਮਾਦੁ ਦੌਲਾ ਮੁਹੰਮਦ ਅਮੀਨ ਖ਼ਾਨ ਨੂੰ ਹੁਕਮ ਦਿੱਤਾ ਕਿ ਉਹ ਇਕ ਦਮ ਬਾਹਰ ਜਾ ਕੇ ਸਿੱਖ ਆਗੂ ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅਗਰਾਬਾਦ ਤੋਂ ਬਾਦਸ਼ਾਹੀ ਮਹਿਲ ਤਕ ਜਲੂਸ ਦੀ ਸ਼ਕਲ ਵਿਚ ਲਿਆਉਣ ਦਾ ਪ੍ਰਬੰਧ ਕਰੇ। ਤੀਸਰੇ ਦਿਨ 29 ਫਰਵਰੀ ਨੂੰ ਬੰਦਾ ਸਿੰਘ ਅਤੇ ਉਸ ਦੇ ਸਾਥੀਆਂਨੂੰ ਜਲੂਸ ਦੇ ਰੂਪ ਵਿਚ ਦਿੱਲੀ ਸ਼ਹਿਰ ਵਿਚ ਲਿਆਂਦਾ ਗਿਆ। ਇਸ ਮੌਕੇ ਤੇ ਉਹੋ ਹੀ ਦਿਖਾਵੇ ਦਾ ਢੰਗ ਵਰਤਿਆ ਗਿਆ ਜੋ ਛਤ੍ਰਪਤੀ ਸ਼ਿਵਾ ਜੀ ਦੇ ਪੁੱਤਰ ਸੰਭਾ ਜੀ ਦੇ ਫੜੇ ਜਾਣ ਤੋਂ ਬਾਅਦ ਵਰਤਿਆ ਗਿਆ ਸੀ। ਸਭ ਤੋਂ ਅੱਗੇ ਬਾਂਸਾ ਉੱਤੇ ਟੰਗੇ ਹੋਏ ਦੋ ਹਜ਼ਾਰ ਸਿੰਘਾਂ ਦੇ ਭੂਸੇ ਨਾਲ ਭਰੇ ਹੋਏ ਸਿਰ ਸਨ ਅਤੇ ਉਨ੍ਹਾਂ ਦੇ ਕੇਸ ਹਵਾ ਵਿਚ ਉੜ ਰਹੇ ਸਨ। ਉਨ੍ਹਾਂ ਦੇ ਨਾਲ ਬਾਂਸ ਉੱਤੇ ਇਕ ਮੋਈ ਹੋਈ ਬਿੱਲੀ ਇਹ ਦੱਸਣ ਲਈ ਟੰਗੀ ਹੋਈ ਸੀ ਕਿ ਬਾਦਸ਼ਾਹੀ ਸੂਰਬੀਰਾਂ ਨੇ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਕੀ ਮਨੁੱਖ ਅਤੇ ਕੀ ਕੋਈ ਜਾਨਵਰ, ਕੁਝ ਜੀਉਂਦਾ ਨਹੀਂ ਛਡਿਆ ਅਤੇ ਬਿੱਲੀਆਂ, ਕੁੱਤਿਆਂ ਤਕ ਸਭ ਕੁਝ ਮਾਰ ਮੁਕਾਇਆ ਹੈ। ਇਨ੍ਹਾਂ ਤੋਂ ਬਾਅਦ ਖ਼ੁਦ ਬੰਦਾ ਸਿੰਘ ਸੀ। ਉਸ ਨੂੰ ਲੋਹੇ ਦੇ ਪਿੰਜਰੇ ਵਿਚ ਜਕੜ ਕੇ ਹਾਥੀ ਉੱਤੇ ਚੜ੍ਹਾਇਆ ਹੋਇਆ ਸੀ। ਮਖ਼ੌਲ ਕਰਨ ਲਈ ਉਸ ਦੇ ਸਿਰ ਉੱਤੇ ਤਿੱਲੇ ਕੱਢੀ ਲਾਲ ਪਗੜੀ ਬੱਧੀ ਹੋਈ ਸੀ ਅਤੇ ਤਿੱਲੇ ਨਾਲ ਕੱਢੀ ਹੋਈ ਅਨਾਰਾਂ ਦੇ ਫੁੱਲਾਂ ਭਰੀ ਗੂੜ੍ਹੇ ਲਾਲ ਬਾਦਲੇ ਦੀ ਪੁਸ਼ਾਕ ਪੁਆਈ ਹੋਈ ਸੀ। ਉਸ ਦੇ ਪਿੱਛੇ ਮੁਹੰਮਦ ਅਮੀਨ ਖ਼ਾਨ ਦੇ ਤੂਰਾਨੀ ਮੁਗ਼ਲਾਂ ਵਿਚੋਂ ਇਕ ਸੰਜੋਇ-ਮੜ੍ਹਿਆ ਅਫ਼ਸਰ ਨੰਗੀ ਤਲਵਾਰ ਕੱਢੀ ਖੜਾ ਸੀ। ਬੰਦਾ ਸਿੰਘ ਦੇ ਪਿੱਛੇ ਪਿੱਛੇ ਬੇਪਲਾਣੇ ਊਠਾਂ ਉੱਤੇ ਦੋ ਦੋ ਕਰਕੇ ਬੱਧੇ ਹੋਏ ਸਿੱਖ ਕੈਦੀ ਸਨ ਜਿਨ੍ਹਾਂ ਦੀ ਗਿਣਤੀ 740 ਲਿਖੀ ਹੋਈ ਹੈ। ਇਨ੍ਹਾਂ ਦੇ ਸਿਰਾਂ ਉੱਤੇ ਉੱਚੀਆਂ ਉੱਚੀਆਂ ਹਾਸੋ-ਹੀਣੀ ਸ਼ਕਲ ਦੀਆਂ ਭੇਡਾਂ ਦੀ ਖੱਲ ਦੀਆਂ ਟੋਪੀਆਂ ਪਾਈਆਂ ਹੋਈਆਂ ਸਨ ਜਿਨ੍ਹਾਂ ਨੂੰ ਸ਼ੀਸ਼ੇ ਦੇ ਮਣਕਿਆਂ ਨਾਲ ਸਜਾਇਆ ਹੋਇਆ ਸੀ। ਉਨ੍ਹਾਂ ਦਾ ਇਕ ਹੱਥ ਦੋ ਲਕੜੀਆਂ ਵਿਚਕਾਰ ਪੇਚਾਂ ਨਾਲ ਕੱਸ ਕੇ ਧੌਣ ਨਾਲ ਜਕੜਿਆ ਹੋਇਆ ਸੀ। ਕੁਝ ਉੱਘੇ ਉੱਘੇ ਸਿੰਘਾਂ ਉਤੇ ਜੋ ਬੰਦਾ ਸਿੰਘ ਦੇ ਹਾਥੀ ਦੇ ਨਜ਼ਦੀਕ ਨਜ਼ਦੀਕ ਜਾ ਰਹੇ ਸਨ ਭੇਡਾਂ ਦੀ ਖੱਲ ਪਾਈ ਹੋਈ ਸੀ ਜਿਸ ਦੇ ਵਾਲ ਬਾਹਰਵਾਰ ਸਨ ਤਾਂ ਕਿ ਲੋਕਾਂ ਨੂੰ ਉਹ ਰਿੱਛਾਂ ਵਾਂਗੂੰ ਜਾਪਣ। ਜਲੂਸ ਦੇ ਪਿੱਛੇ ਪਿੱਛੇ ਤਿੰਨ ਬਾਦਸ਼ਾਹੀ ਅਮੀਰ ਘੋੜਿਆਂ ਉਤੇ ਚੜ੍ਹੇ ਆ ਰਹੇ ਸਨ। ਇਹ ਸਨ ਇਤਹਮਾਦੂ ਦੌਲਾ ਨਵਾਬ ਮੁਹੰਮਦ ਅਮੀਨ ਖ਼ਾਨ ਚੀਨ ਬਹਾਦੁਰ ਜਿਸ ਨੂੰ ਬਦਾਸ਼ਾਹ ਫ਼ਰੁੱਖ ਸੀਅਰ ਨੇ ਕੈਦੀਆਂ ਨੂੰ ਸ਼ਹਿਰ ਵਿਚ ਲਿਆਉਣ ਲਈ ਭੇਜਿਆ ਸੀ, ਉਸ ਦਾ ਪੁੱਤਰ ਕਮਰੁੱਦੀਨ ਖ਼ਾਨ ਬਹਾਦੁਰ ਅਤੇ ਉਸ ਦਾ ਜਵਾਈ (ਨਵਾਬ ਅਬਦੁੱਸਮਦ ਖ਼ਾਨ ਦਿਲੋਰਿ ਜੰਗ ਦਾ ਪੁੱਤਰ) ਜ਼ਕਰੀਆ ਖ਼ਾਨ ਬਹਾਦੁਰ, ਜੋ ਬਾਅਦ ਵਿਚ ਪੰਜਾਬ ਦੇ ਇਤਿਹਾਸ ਵਿਚ ਖ਼ਾਨ ਬਹਾਦੁਰ ਨਾਉਂ ਨਾਲ ਪ੍ਰਸਿੱਧ ਹੈ। ਅਗਰਾਬਾਦ ਤੋਂ ਦਿੱਲੀ ਸ਼ਹਿਰ ਦੇ ਲਾਹੌਰੀ ਦਰਵਾਜ਼ੇ ਤਕ ਕਈ ਮੀਲਾਂ ਵਿਚ ਸੜਕ ਦੇ ਦੋਹੀਂ ਪਾਸੀਂ ਫੌਜਾਂ ਖੜ੍ਹੀਆਂ ਸਨ ਅਤੇ ਲੋਕਾਂ ਦੇ ਝੁਰਮਟਾਂ ਦੇ ਝੁਰਮਟ ਖੜ੍ਹੇ ਸਨ ਜੋ ਬੰਦਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੇ ਵਿਲੱਖਣ ਰੂਪ ਦੇਖ ਕੇ ਟਿਚਕਰਾਂ ਕਰਦੇ ਸਨ।
'ਸਵਾਨਿਹ` ਜਾਂ 'ਇਬਰਤ ਨਾਮੇ` ਦਾ ਕਰਤਾ ਮੁਹੰਮਦ ਹਾਰਿਸ਼ੀ ਇਸ ਵੇਲੇ ਦਿੱਲੀ ਵਿਚ ਮੌਜੂਦ ਸੀ ਅਤੇ ਉਹ ਸਿੱਖ ਕੈਦੀਆਂ ਦੇ ਜਲੂਸ ਦਾ 'ਤਮਾਸ਼ਾ` ਦੇਖਣ ਲਈ ਗਿਆ ਸੀ। ਉਹ ਨਕਮ ਮੰਡੀ ਤੋਂ ਲੈ ਕੇ ਬਦਾਸ਼ਾਹੀ ਕਿਲੇ ਤਕ ਉਨ੍ਹਾਂ ਦੇ ਨਾਲ ਗਿਆ ਸੀ। ਉਸ ਨੇ ਜਲੂਸ ਦਾ ਉੱਪਰ ਦਿੱਤਾ ਹਾਲ ਅੱਖੀਂ ਦੇਖ ਕੇ ਲਿਖਿਆ ਹੈ। ਉਹ ਕਹਿੰਦਾ ਹੈ, 'ਮੈਂ ਇਸ ਦਿਨ ਇਹ ਤਮਾਸ਼ਾ ਦੇਖਣ ਲਈ ਨਮਕ ਮੰਡੀ ਤਕ ਗਿਆ ਸੀ ਅਤੇ ਉਥੋਂ ਕਿਲਾ ਮੁਬਾਰਿਕ ਤਕ ਜਲੂਸ ਦੇ ਨਾਲ ਨਾਲ ਸਾਂ। ਸ਼ਹਿਰ ਦਾ ਸ਼ਾਇਦ ਹੀ ਕੋਈ ਬੰਦਾ ਹੋਵੇ ਜੋ ਤਮਾਸ਼ਾ ਤੱਕਣ ਅਤੇ ਇਨ੍ਹਾਂ ਲਾਹਨਤੀਆਂ (ਸਿੱਖਾਂ) ਦਾ ਖਾਤਮਾ ਦੇਖਣ ਲਈ ਬਾਹਰ ਨਾ ਆਇਆ ਹੋਵੇ। ਬਾਜ਼ਾਰਾਂ ਅਤੇ ਗਲੀਆਂ ਵਿਚ ਅਜਿਹੀ ਭੀੜ ਕਦੀ ਘੱਟ ਹੀ ਦੇਖੀ ਗਈ ਸੀ। ਮੁਸਲਮਾਨ ਖੁਸ਼ੀ ਵਿਚ ਫੁੱਲੇ ਨਹੀਂ ਸਮਾ ਰਹੇ ਸਨ। ਪਰ ਉਹ ਮੰਦਭਾਗੇ ਸਿੱਖ ਜੋ ਇਸ ਅੰਤਮ ਦਸ਼ਾ ਨੂੰ ਪੁੱਜੇ ਹੋਏ ਸਨ, ਬੜੇ ਪਰਸੰਨ ਅਤੇ ਆਪਣੀ ਕਿਸਮਤ ਉੱਤੇ ਰਾਜ਼ੀ ਸਨ। ਉਨ੍ਹਾਂ ਦੇ ਚਿਹਰਿਆਂ ਉਤੇ ਉਦਾਸੀ ਜਾਂ ਅਧੀਨਤਾ ਦਾ ਕੋਈ ਮਾਮੂਲੀ ਨਿਸ਼ਾਨ ਜਾਂ ਪ੍ਰਭਾਵ ਵੀ ਨਹੀਂ ਸੀ ਦਿਸ ਰਿਹਾ, ਬਲਕਿ ਉਹ ਬਹੁਤ ਸਾਰੇ ਊਠਾਂ ਉੱਤੇ ਸ਼ਬਦ ਪੜ੍ਹਨ ਵਿਚ ਮਗਨ ਸਨ ਅਤੇ ਬਾਜ਼ਾਰਾਂ ਜਾਂ ਗਲੀਆਂ ਵਿਚੋਂ ਉਨ੍ਹਾਂ ਨੂੰ ਜੇ ਕੋਈ ਕਹਿੰਦਾ ਕਿ ਹੁਣ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ ਤਾਂ ਉਹ ਜਵਾਬ ਦਿੰਦੇ, 'ਕਤਲ ਕਰ ਦਿਓ। ਅਸੀਂ ਕਤਲ ਹੋਣ ਤੋਂ ਕਦ ਡਰੇ ਹਾਂ। ਜੇ ਡਰਦੇ ਹੁੰਦੇ ਤਾਂ ਕਿਉਂ ਤੁਹਾਡੇ ਨਾਲ ਇਸ ਤਰ੍ਹਾਂ ਜੰਗ ਕਰਦੇ? ਸਾਨੂੰ ਤਾਂ ਕੇਵਲ ਭੁੱਖ ਅਤੇ ਖਾਣੇ ਦਾਣੇ ਦੇ ਘਾਟੇ ਨੇ ਤੁਹਾਡੇ ਹੱਥ ਫਸਾ ਦਿੱਤਾ ਹੈ ਨਹੀਂ ਤਾਂ ਸਾਡੀ ਬਹਾਦੁਰੀ ਦੇ ਕਾਰਨਾਮੇ ਤੁਹਾਨੂੰ ਪਤਾ ਹੀ ਹਨ।`
'ਤਬਸਿਰਤੁ-ਨਾਜ਼ਿਰੀਨ` ਦਾ ਲਿਖਾਰੀ ਸੱਯਦ ਮੁਹੰਮਦ ਭੀ ਉਸ ਵੇਲੇ ਉਥੇ ਮੌਜੂਦ ਸੀ। ਉਹ ਕਹਿੰਦਾ ਹੈ : 'ਉਸ ਵੇਲੇ ਮੈਂ ਉਨ੍ਹਾਂ ਵਿਚੋਂ ਇਕ ਨੂੰ ਇਸ਼ਾਰਾ ਕਰ ਕੇ ਕਿਹਾ ਕਿ ਇਹ ਕੀ ਘੁਮੰਡ ਅਤੇ ਨਖਰਾ ਸੀ? ਉਸ ਨੇ ਹੱਥ ਆਪਣਾ ਮੱਥੇ ਉੱਤੇ ਰੱਖਿਆ ਅਤੇ ਆਪਣੀ ਕਿਸਮਤ ਅਤੇ ਨਸੀਬ ਵਲ ਇਸ਼ਾਰਾ ਕੀਤਾ। ਉਸ ਵੇਲੇ ਮੈਨੂੰ ਉਸ ਦੇ ਅੰਦਰਲੇ ਭਾਵ ਦਾ ਦੱਸਣ ਢੰਗ ਬੜਾ ਚੰਗਾ ਲੱਗਾ।` ਉਹ ਸਾਰੇ ਅਨਾਦਰ ਅਤੇ ਮੰਦੇ ਵਰਤਾਉ, ਜੋ ਵੈਰੀਆਂ ਨੇ ਕੀਤੇ, ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੂੰ ਆਪਣੀ ਸੁਭਾਵਕ ਉੱਚ ਮਾਨਸਕ ਅਵੱਸਥਾ ਤੋਂ ਡੁਲਾ ਨਾ ਸਕੇ। ਮੁਹੰਮਦ ਹਾਦੀ ਕਾਮਵਰ ਖਾਨ ਦੱਸਦਾ ਹੈ ਕਿ ਬਿਨਾ ਕਿਸੇ ਉਦਾਸੀ ਜਾਂ ਸ਼ਰਮਿੰਦਗੀ ਦੇ ਉਹ ਸ਼ਾਂਤ ਚਿੱਤ ਅਤੇ ਪਰਸੰਨ ਮੁੱਖ ਜਾ ਰਹੇ ਸਨ ਅਤੇ ਸ਼ਹੀਦਾਂ ਦੀ ਮੌਤ ਮਰਨ ਲਈ ਇੱਛਾਵਾਨ ਦਿਸਦੇ ਸਨ।`
ਜਲੂਸ ਦੇ ਬਾਦਸ਼ਾਹੀ ਕਿਲੇ ਪਾਸ ਪੁੱਜਣ ਪਰ ਬਾਦਸ਼ਾਹ ਫ਼ਰੁੱਖ ਸੀਅਰ ਦੇ ਹੁਕਮ ਨਾਲ ਬੰਦਾ ਸਿੰਘ, ਬਾਜ ਸਿੰਘ, ਭਾਈ ਫ਼ਤਿਹ ਸਿੰਘ ਅਤੇ ਕੁਝ ਹੋਰ ਆਗੂਆਂ ਨੂੰ ਤ੍ਰਿਪੋਲੀਏ ਵਿਚ ਕੈਦ ਕਰਨ ਲਈ ਇਬਰਾਹੀਮ ਖ਼ਾਨ ਮੀਰਿ-ਆਤਿਸ਼ ਦੇ ਹਵਾਲੇ ਕਰ ਦਿੱਤਾ। ਬੰਦਾ ਸਿੰਘ ਦੀ ਘਰ ਵਾਲੀ, ਉਸ ਦੇ ਚਾਰ ਵਰ੍ਹਿਆਂ ਦੇ ਬੱਚੇ ਅਜੈ ਸਿੰਘ ਅਤੇ ਉਸ ਦੀ ਖਿਡਾਵੀ ਨੂੰ ਸ਼ਾਹੀ ਜ਼ਾਨਨਖਾਨੇ ਦਾ ਪ੍ਰਬੰਧਕ ਦਰਬਾਰ ਖ਼ਾਨ ਨਾਜ਼ਰ ਲੈ ਗਿਆ ਅਤੇ ਬਾਕੀ 694 ਸਿੰਘ ਕਤਲ ਕਰ ਦੇਣ ਲਈ ਸਰਬਰਾਹ ਖ਼ਾਨ ਕੋਤਵਾਲ ਦੇ ਸਪੁਰਦ ਕੀਤੇ ਗਏ।
ਇਹਤਮਾਦੂੱ ਦੌਲਾ ਮੁਹੰਮਦ ਅਮੀਨ ਖ਼ਾਨ ਨੂੰ ਬਦਾਸ਼ਾਹ ਵਲੋਂ ਛੇ ਖਿੱਲਤਾਂ, ਇਕ ਜੀਗ਼ਾ ਕਲਗ਼ੀ ਅਤੇ ਇਕ ਸੁਨਹਿਰੀ ਕਾਠੀ ਵਾਲਾ ਘੋੜਾ ਇਨਾਮ ਹੋਇਆ ਅਤੇ ਕਮਰੁੱਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਨੂੰ ਇਕ ਖਾਸ ਖਿੱਲਤ, ਜੀਗ਼ਾ ਕਲਗੀ, ਘੋੜਾ ਅਤੇ ਹਾਥੀ ਬਖ਼ਸਸ਼ ਹੋਏ। ਇਸ ਤੋਂ ਬਾਅਦ ਜ਼ਕਰੀਆ ਖ਼ਾਨ ਹੇਠ ਲਿਖੀਆਂ ਕੀਮਤੀ ਵਸਤੂ ਅਤੇ ਸਿੱਖਾਂ ਦੇ ਹਥਿਆਰ, ਜੋ ਉਹ ਲਾਹੌਰੋਂ ਨਾਲ ਲਿਆਇਆ ਸੀ, ਸ਼ਾਹੀ ਖਜ਼ਾਨੇ ਦੇ ਤਹਿਵੀਲਦਾਰ ਨੂੰ ਦੇਣ ਚਲਾ ਗਿਆ:
ਤਲਵਾਰਾਂ 1000, ਢਾਲਾਂ 278, ਤੀਰ ਕਮਾਨ 173, ਰਾਮਜੰਗੇ (ਬੰਦੂਕਾਂ) 180, ਜਮਦਾੜ੍ਹ 114, ਕਰਦਾਂ 217, ਸੋਨੇ ਦੀਆਂ ਮੋਹਰਾਂ 23, ਰੁਪਏ (ਜ਼ਰਾ ਕੁ ਜ਼ਿਆਦਾ) 600 ਅਤੇ ਸੋਨੇ ਦੇ ਗਹਿਣੇ ਥੋੜੇ ਜਿਹੇ।
ਇਤਿਹਾਸਕਾਰ ਕਾਮਵਰ ਖ਼ਾਨ ਕਹਿੰਦਾ ਹੈ ਕਿ ਇਹ ਸੱਚ ਮੁਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੇ ਥੋੜ੍ਹੇ ਜਿਹੇ ਸਾਮਾਨ ਨਾਲ ਸਿੰਘਾਂ ਨੇ ਆਪਣੇ ਜ਼ਮਾਨੇ ਦੀ ਸਭ ਤੋਂ ਵੱਡੀ ਹਕੂਮਤ ਦਾ ਇਕ ਲੰਮੇ ਸਮੇਂ ਲਈ ਇਸ ਤਰ੍ਹਾਂ ਡਟ ਕੇ ਟਾਕਰਾ ਕੀਤਾ।
5 ਮਾਰਚ ਸੰਨ 1716 ਨੂੰ ਦਿੱਲੀ ਦੇ ਤ੍ਰਿਪੋਲੀਆ ਦਰਵਾਜ਼ੇ ਵਲ ਦੇ ਚਬੂਤਰਾ ਕੋਤਵਾਲੀ (ਠਾਣੇ) ਦੇ ਸਾਹਮਣੇ ਸਰਬਰਾਹ ਖ਼ਾਨ ਕੋਤਵਾਲ ਦੀ ਦੇਖ ਭਾਲ ਹੇਠ ਸਿੰਘਾਂ ਦਾ ਕਤਲ ਸ਼ੁਰੂ ਹੋਇਆ ਅਤੇ ਪਹਿਲੇ ਦਿਨ ਇਕ ਸੌ ਸਿੰਘਾਂ ਦੇ ਕਤਲ ਕੀਤੇ ਜਾਣ ਦੀ ਖ਼ਬਰ ਬਾਦਸ਼ਾਹ ਫ਼ਰੁੱਖ ਸੀਅਰ ਦੀ ਸੇਵਾ ਵਿਚ ਅਰਜ਼ ਹੋਈ ਤਾਂ ਉਸ ਨੇ ਹੁਕਮ ਦੇ ਦਿੱਤਾ ਕਿ ਇਕ ਇਕ ਸੌ ਸਿੰਘ ਹਰ ਰੋਜ਼ ਕਤਲ ਕਰ ਕੇ ਹਫ਼ਤੇ ਵਿਚ ਸਾਰੇ ਮੁਕਾ ਦਿੱਤੇ ਜਾਣ।
ਹਰ ਰੋਜ਼ ਇਕ ਸੌ ਸਿੰਘ ਜੇਲ੍ਹ ਵਿਚੋਂ ਕੱਢ ਕੇ ਕਤਲਗਾਹ ਵਿਚ ਕਤਾਰਾਂ ਲਾ ਕੇ ਬਿਠਾ ਦਿੱਤੇ ਜਾਂਦੇ ਅਤੇ ਜੱਲਾਦਾਂ ਦੀਆਂ ਤਲਵਾਰਾਂ ਤਿੱਖੀਆਂ ਕਰਨ ਲਈ ਲੁਹਾਰ ਤਿਆਰ ਰੱਖੇ ਜਾਂਦੇ। ਸਿੰਘਾਂ ਨੂੰ ਕਿਹਾ ਜਾਂਦਾ ਕਿ ਜਿਹੜਾ ਭੀ ਕੋਈ ਮੁਸਲਮਾਨ ਹੋ ਜਾਏਗਾ ਉਸ ਦੀ ਜਾਨ ਬਖ਼ਸ਼ ਦਿੱਤੀ ਜਾਏਗੀ ਅਤੇ ਉਸ ਨੂੰ ਛੱਡ ਦਿੱਤਾ ਜਾਏਗਾ ਪਰ ਉਨ੍ਹਾਂ ਵਿਚੋਂ ਕੋਈ ਭੀ ਗੁਰੂ ਤੋਂ ਬੇਮੁੱਖ ਨਹੀਂ ਸੀ ਹੁੰਦਾ ਅਤੇ ਜੌਨ ਸਰਮਨ ਅਤੇ ਐਡਵਰਡ ਸਟੀਫ਼ਨਸਨ ਲਿਖਦੇ ਹਨ ਕਿ 'ਅਖੀਰ ਦਮ ਤਕ ਇਹ ਪਤਾ ਨਹੀਂ ਲੱਗਾ ਕਿ ਕਿਸੇ ਇਕ ਨੇ ਭੀ ਆਪਣਾ ਇਹ ਨਵਾਂ ਧਾਰਣ ਕੀਤਾ ਧਰਮ ਤਿਆਗਿਆ ਹੋਵੇ।`
ਸਿੰਘ ਬੜੀ ਨਿਡਰਤਾ ਨਾਲ ਆਪਣੀ ਮੌਤ ਦਾ ਸੁਆਗਤ ਕਰਦੇ, ਹਸੂੰ ਹਸੂੰ ਕਰਦੇ ਚਿਹਰਿਆਂ ਨਾਲ ਜੱਲਾਦਾਂ ਦੇ ਸਾਹਮਣੇ ਆਪਣੀਆਂ ਧੌਣਾਂ ਨੀਵੀਆਂ ਕਰ ਦਿੰਤੇ ਅਤੇ 'ਵਾਹਿਗੁਰੂ` ਦਾ ਜਾਪ ਕਰਦੇ ਪ੍ਰਸੰਨ ਮੁੱਖ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ, ਜਿਸ ਨੂੰ ਦੇਖ ਕੇ ਆਮ ਲੋਕੀਂ ਹੈਰਾਨੀ ਨਾਲ ਵਾਹ-ਵਾਹ ਕਰ ਉਠਦੇ। ਕਤਲ ਦੇ ਵੇਲੇ ਸਿੰਘਾਂ ਦੀ ਦ੍ਰਿੜਤਾ ਬਹੁਤ ਹੀ ਅਸਚਰਜ ਸੀ। 'ਮੈਨੂੰ, ਮੁਕਤੀ ਦਾਤੇ, ਮੈਨੂੰ ਪਹਿਲਾਂ ਕਤਲ ਕਰੋ` ਦੀਆਂ ਖੁਸ਼ੀਆਂ ਭਰੀਆਂ ਬੇਨਤੀਆਂ ਲਗਾਤਾਰ ਜੱਲਾਦਾਂ ਦੇ ਕੰਨਾਂ ਵਿਚ ਪੈਂਦੀਆਂ ਰਹਿੰਦੀਆਂ। ਅਰਵਿਨ ਲਿਖਦਾ ਹੈ ‘ਕੀ ਹਿੰਦੁਸਤਾਨੀ ਤੇ ਕੀ ਯੂਰਪੀਅਨ, ਸਾਰੇ ਹੀ ਦਰਸ਼ਕ ਉਸ ਹੈਰਾਨ ਕਰ ਦੇਣ ਵਾਲੇ ਧੀਰਜ ਅਤੇ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਨ ਵਿਚ ਸਹਿਮਤ ਹਨ ਜਿਸ ਨਾਲ ਕਿ ਇਨ੍ਹਾਂ ਲੋਕਾਂ ਨੇ ਆਪਣੀ ਕਿਸਮਤ ਨੁੰ ਪ੍ਰਵਾਨ ਕੀਤਾ। ਦੇਖਣ ਵਾਲਿਆਂ ਲਈ ਇਨ੍ਹਾਂ ਦਾ ਆਪਣੇ ਆਗੂ ਲਈ ਪ੍ਰੇਮ ਅਤੇ ਭਗਤੀ ਬੜੇ ਅਸਚਰਜਨਕ ਸਨ। ਉਨ੍ਹਾਂ ਨੂੰ ਮੌਤ ਦਾ ਕੋਈ ਭੈਅ ਨਹੀਂ ਸੀ ਅਤੇ ਜੱਲਾਦ ਨੂੰ ਉਹ ਮੁਕਤੀ ਦਾਤਾ ਕਰਕੇ ਬੁਲਾਉਂਦੇ ਸਨ।` ਸੀਅਰੁਲ-ਮੁਤਾਖ਼ਰੀਨ` ਦਾ ਕਰਤਾ ਗੁਲਾਮ ਹੁਸੈਨ ਖ਼ਾਨ ਕਹਿੰਦਾ ਹੈ ਕਿ ‘ਸਭ ਤੋਂ ਵਿਸ਼ੇਸ਼ ਅਨੋਖੀ ਗੱਲ ਇਹ ਹੈ ਕਿ ਇਹ ਲੋਕ ਕੇਵਲ ਕਤਲ ਹੋਣ ਵੇਲੇ ਹੀ ਦ੍ਰਿੜ੍ਹਤਾ ਨਹੀਂ ਸਨ ਵਿਖਾਉਂਦੇ ਬਲਕਿ ਕਤਲ ਹੋਣ ਲਈ ਪਹਿਲ ਕਰਨ ਵਾਸਤੇ ਆਪਸ ਵਿਚ ਝਗੜਦੇ ਸਨ ਅਤੇ ਜੱਲਾਦਾਂ ਨੂੰ ਬੇਨਤੀਆਂ ਕਰਦੇ ਅਤੇ ਵਾਸਤੇ ਪਾਉਂਦੇ ਸਨ।` ਇਕ ਸਾਤਾ ਭਰ ਜੱਲਾਦਾਂ ਦੀ ਤਲਵਾਰ ਕਸਾਈਆਂ ਦਾ ਕੰਮ ਕਰਦੀ ਰਹੀ ਅਤੇ ਇਸ ਤਰ੍ਹਾਂ ਸਾਰੇ ਸਿੱਖ ਕਤਲ ਕਰ ਦਿੱਤੇ ਗਏ। ਸਿਰ ਕੱਟ ਦੇਣ ਤੋਂ ਬਾਅਦ, ਧੜਾਂ ਦੇ ਢੇਰ ਲਾ ਦਿੱਤੇ ਜਾਂਦੇ ਅਤੇ ਰਾਤ ਪੈਣ ਪਰ ਗੱਡਿਆਂ ਉੱਤੇ ਲੱਦ ਕੇ ਸ਼ਹਿਰੋਂ ਬਾਹਰ ਪਹੁੰਚਾਏ ਜਾਂਦੇ ਅਤੇ ਦਰੱਖਤਾਂ ਉੱਤੇ ਟੰਗ ਦਿੱਤੇ ਜਾਂਦੇ।
ਇਬਰਤ-ਨਾਮੇ ਦਾ ਕਰਤਾ ਮਿਰਜ਼ਾ ਮੁਹੰਮਦ ਹਾਰਿਸੀ ਲਿਖਦਾ ਹੈ ਕਿ ਮੈਂ ਕਤਲ ਸ਼ੁਰੂ ਹੋਣ ਦੇ ਦੂਸਰੇ ਦਿਨ (6 ਮਾਰਚ ਨੂੰ) ਕਤਲ ਦਾ ਤਮਾਸ਼ਾ ਵੇਖਣ ਲਈ ਮੌਕੇ ਉਤੇ ਗਿਆ, ਪਰ ਮੈਂ ਉਸ ਵੇਲੇ ਉਥੇ ਪੁੱਜਾ ਜਦ ਕਿ ਉਸ ਦਿਨ ਕਤਲਾਂ ਦਾ ਕੰਮ ਮੁਕ ਚੁੱਕਾ ਹੋਇਆ ਸੀ ਅਤੇ ਧੜ ਹਾਲ ਤਕ ਉਥੇ ਸੂਰਜ ਦੀ ਅੱਗ ਵਰਗੀ ਧੁੱਪ ਵਿਚ ਲਹੂ ਅਤੇ ਧੂੜ ਵਿਚ ਪਏ ਸਨ।
ਉਸ ਵੇਲੇ ਸਿੰਘਾਂ ਦੀ ਆਪਣੇ ਧਰਮ ਅਤੇ ਆਗੂ ਲਈ ਅੋਡਲ ਦ੍ਰਿੜ੍ਹਤਾ ਅਤੇ ਅਟੱਲ ਭਗਤੀ ਦੀਆਂ ਕਈ ਕਹਾਣੀਆਂ ਸੁਣੀਆਂ ਜਾਂਦੀਆਂ ਸਨ। ਉਨ੍ਹਾਂ ਵਿਚੋਂ ਕੁਝ ਅਜਿਹੀਆਂ ਅਸਚਰਜ ਸਨ ਕਿ ਜਿਨ੍ਹਾਂ ਨੇ ਅੱਖੀਂ ਨਹੀਂ ਸੀ ਡਿੱਠਾ ਉਨ੍ਹਾਂ ਨੂੰ ਯਕੀਨ ਨਹੀਂ ਸੀ ਆਉਂਦਾ। ਖਾਫ਼ੀ ਖ਼ਾਨ ਆਪਣੀ ਪੁਸਤਕ 'ਮੁੰਤਖਬੁਲ-ਲੁਬਾਬ` ਦੀ ਦੂਸਰੀ ਜਿਲਦ ਦੇ ਪੰਨ 766 ਪਰ ਇਕ ਕਹਾਣੀ ਲਿਖਦਾ ਹੈ ਜਿਸ ਨੂੰ ਇਥੇ ਕੁਝ ਵੇਰਵੇ ਸਹਿਤ ਦੇਣ ਲਈ ਬਹਿਰੁ-ਲ-ਮੱਵਾਜ, ਮੁਨਵੱਰੁਲ ਕਲਾਮ, ਤਾਰੀਖਿ ਮੁਹੰਮਦ ਸ਼ਾਹੀ ਆਦਿ ਤੋਂ ਸਹਾਇਤਾ ਲਈ ਗਈ। ਲਿਖਿਆ ਹੈ ਕਿ:
ਕਈ ਅਜਿਹੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਅਕਲ ਵਾਸਤੇ ਉਨ੍ਹਾਂ ਨੂੰ ਸੱਚ ਪ੍ਰਵਾਨ ਕਰਨਾ ਮੁਸ਼ਕਲ ਹੈ। ਪਰ ਜੋ ਇਨ੍ਹਾਂ ਵਰਕਿਆਂ ਦੇ ਲਿਖਾਰੀ ਨੇ ਆਪਣੀਆਂ ਅੱਖਾਂ ਨਾਲ ਆਪ ਦੇਖਿਆ ਹੈ ਉਹ ਮੈਂ ਲਿਖਦਾ ਹਾਂ। ਇਨ੍ਹਾਂ ਲੋਕਾਂ ਦੇ ਕਤਲ ਦੇ ਦਿਨੀਂ ਇਨ੍ਹਾਂ ਵਿਚ ਇਕ ਲੜਕਾ ਭੀ ਸੀ। ਉਸ ਦੀ ਮਾਂ ਵਿਧਵਾ ਸੀ ਅਤੇ ਇਹ ਉਸ ਦਾ ਇਕਲੌਤਾ ਪੁੱਤਰ ਸੀ। ਹੁਣੇ ਹੀ ਇਸ ਦਾ ਵਿਆਹ ਹੋਇਆ ਸੀ ਅਤੇ ਵਿਆਹ ਦਾ ਗਾਨਾਂ ਹਾਲ ਤਕ ਉਸ ਦੇ ਹੱਥ ਬੱਧਾ ਹੋਇਆ ਸੀ। ਦੂਸਰੇ ਸਿੰਘਾਂ ਦੀ ਤਰ੍ਹਾਂ ਆਪਣੇ ਪੁੱਤਰ ਦੇ ਸਿਰ ਉੱਤੇ ਭੀ ਕੂਕ ਰਹੀ ਮੌਤ ਦੀ ਗੱਲ ਸੁਣ ਕੇ ਬਿਰਧ ਮਾਈ ਸ਼ਾਹੀ ਵਜ਼ੀਰ ਦੇ ਦੀਵਾਨ ਰਤਨ ਚੰਦ ਪਾਸ ਪੁੱਜੀ ਅਤੇ ਉਸ ਦੀ ਸਹਾਇਤਾ ਨਾਲ ਸੱਯਦ ਅਬਦੁੱਲਾ ਅਤੇ ਫ਼ਰੁੱਖ ਸੀਅਰ ਬਾਦਸ਼ਾਹ ਪਾਸ ਫਰਿਆਦ ਕੀਤੀ। ਬਾਦਸ਼ਾਹ ਦੇ ਇਸ ਹੁਕਮ ਦੀ ਆੜ ਵਿਚ ਕਿ ਜੋ ਸਿੱਖ ਧਰਮ ਤਿਆਗ ਦੇਵੇਗਾ ਉਸ ਨੂੰ ਛੱਡ ਦਿੱਤਾ ਜਾਏਗਾ, ਇਸ ਬੁਢੀ ਮਾਈ ਨੇ, ਸ਼ਾਇਦ ਦੀਵਾਨ ਰਤਨ ਚੰਦ ਦੇ ਸਿਖਾਉਣ ਅਨੁਸਾਰ, ਬੇਨਤੀ ਕੀਤੀ ਕਿ ਮੇਰਾ ਪੁੱਤਰ ਤਾਂ ਸਿੱਖਾਂ ਦੇ ਹੱਥ ਵਿਚ ਕੈਦ ਸੀ ,ਉਹ ਆਪ ਸਿੱਖ ਨਹੀਂ ਹੈ। ਉਨ੍ਹਾਂ ਦੀ ਕੈਦ ਵਿਚ ਹੀ ਉਹ ਇਥੇ ਆਇਆ ਸੀ, ਉਹ ਆਪ ਸਿੱਖ ਨਹੀਂ ਹੈ। ਉਨ੍ਹਾਂ ਦੀ ਕੈਦ ਵਿਚ ਹੀ ਉਹ ਇਥੇ ਆਇਆ ਹੈ ਅਤੇ ਹੁਣ ਬੇਗੁਨਾਹ ਹੀ ਉਨ੍ਹਾਂ ਦੇ ਨਾਲ ਮਾਰਿਆ ਜਾਏਗਾ। ਫ਼ਰੁੱਖ ਸੀਅਰ ਨੂੰ ਉਸ ਮਾਈ ਉਤੇ ਰਹਿਮ ਆ ਗਿਆ ਅਤੇ ਉਸ ਨੇ ਇਕ ਅਫ਼ਸਰ ਨੁੰ ਹੁਕਮ ਦੇ ਕੇ ਭੇਜਿਆ ਕਿ ਇਸ ਮਾਈ ਦੇ ਪੁੱਤਰ ਨੂੰ ਛੱਡ ਦਿੱਤਾ ਜਾਏ। ਉਹ ਮਾਈ ਰਿਹਾਈ ਦਾ ਹੁਕਮ ਲੈ ਕੇ ਉਸ ਵੇਲੇ ਪੁੱਜੀ ਜਿਸ ਵੇਲੇ ਕਿ ਜੱਲਾਦ ਲਹੂ ਭਰੀ ਤਲਵਾਰ ਲੈ ਕੇ ਉਸੇ ਲੜਕੇ ਦੇ ਪਾਸ ਖੜੋਤਾ ਸੀ। ਮਾਈ ਨੇ ਹੁਕਮ ਕੋਤਵਾਲ ਨੂੰ ਦਿੱਤਾ। ਉਹ ਲੜਕੇ ਨੂੰ ਬਾਹਰ ਲੈ ਆਇਆ ਅਤੇ ਕਿਹਾ, ਜਾਹ ਤੈਨੂੰ ਛੱਡ ਦਿੱਤਾ ਗਿਆ ਹੈ। ਪਰ ਉਸ ਲੜਕੇ ਨੇ ਰਿਹਾਅ ਹੋਣੋਂ ਨਾਂਹ ਕਰ ਦਿੱਤੀ ਅਤੇ ਉੱਚੀ ਉੱਚੀ ਕਹਿਣ ਲੱਗਾ, 'ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਦਿਲ ਜਾਨ ਲਾਲ ਆਪਣੇ ਗੁਰੂ ਦਾ ਸਿਦਕੀ ਅਤੇ ਅਨਿਨ ਸਿੱਖ ਹਾਂ। ਮੈਨੂੰ ਛੇਤੀ ਮੇਰੇ ਗੁਰੂ ਭਾਈਆਂ ਪਾਸ ਪਹੰਚਾਓ।` ਤਾਰੀਖਿ-ਮੁਹੰਮਦ ਸ਼ਾਹ ਦਾ ਲਿਖਾਰੀ ਕਹਿੰਦਾ ਹੈ ਕਿ ਉਸ ਦੀ ਮਾਂ ਦੀਆਂ ਦਰਦ ਭਰੀਆਂ ਚੀਕਾਂ ਅਤੇ ਹੰਝੂਆਂ ਭਰੀਆਂ ਮਿਨਤਾਂ ਅਤੇ ਸਰਕਾਰੀ ਅਫ਼ਸਰਾਂ ਦੀਆਂ ਸਮਝੌਤੀਆਂ ਉਸ ਨੂੰ ਆਪਣੇ ਧਰਮ ਲਈ ਸਿਦਕ ਤੋਂ ਡੁਲਾ ਨਾ ਸਕੀਆਂ। ਦਰਸ਼ਕ ਲੋਕ ਹੋਰ ਭੀ ਜ਼ਿਆਦਾ ਹੈਰਾਨ ਹੋ ਗਏ ਜਦ ਉਹ ਸਿਦਕੀ ਬੱਚਾ ਕਤਲਗਾਹ ਨੂੰ ਮੁੜ ਗਿਆ ਅਤੇ ਸ਼ਹੀਦੀ ਪ੍ਰਾਪਤ ਕਰਨ ਲਈ ਉਸ ਨੇ ਆਪਣੀ ਧੌਣ ਜੱਲਾਦ ਦੇ ਸਾਹਮਣੇ ਜਾ ਝੁਕਾਈ। ਅੱਖ ਦੇ ਇਕ ਫੋਰੇ ਵਿਚ ਜੱਲਾਦ ਦੀ ਤਲਵਾਰ ਉੱਪਰ ਨੂੰ ਉੱਠੀ ਅਤੇ ਉਸ ਲੜਕੇ ਦੀ ਧੌਣ ਕੱਟ ਗਈ ਅਤੇ ਇਹ ਲੜਕਾ ਸਿੱਖ ਧਰਮ ਦੇ ਸੱਚੇ ਸ਼ਹੀਦਾਂ ਵਿਚ ਜਾ ਦਾਖ਼ਲ ਹੋਇਆ।
ਇਨ੍ਹਾਂ ਦਿਨਾਂ ਵਿਚ ਕਲਕੱਤੇ ਤੋਂ ਈਸਟ ਇੰਡੀਆ ਕੰਪਨੀ ਦੇ ਦੋ ਆਦਮੀ ਜੌਨ ਸਰਮਨ ਅਤੇ ਐਡਵਰਡ ਸਟੀਫਨਸਨ ਦਿੱਲੀ ਵਿਚ ਆਏ ਹੋਏ ਸਨ, ਜਿਨ੍ਹਾਂ ਨੇ ਸਿੰਘਾਂ ਦੇ ਹੋ ਰਹੇ ਕਤਲ ਅੱਖੀਂ ਦੇਖੇ ਸਨ। ਇਹ ਕੰਪਨੀ ਦੇ ਪ੍ਰਧਾਨ ਦੇ ਨਾਉਂ ਲਿਖੀ ਆਪਣੀ 10 ਮਾਰਚ ਸੰਨ 1716 ਦੀ ਚਿੱਠੀ ਨੰਬਰ 12 ਦੇ ਅੰਤ ਵਿਚ ਲਿਖਦੇ ਹਨ ਕਿ 'ਇਹ ਕੋਈ ਘੱਟ ਅਨੋਖੀ ਗੱਲ ਨਹੀਂ ਕਿ ਕਿਸ ਧੀਰਜ ਅਤੇ ਦ੍ਰਿੜ੍ਹਤਾ ਨਾਲ ਉਹ (ਕਤਲ ਕੀਤੇ ਜਾ ਰਹੇ ਸਿੱਖ) ਆਪਣੀ ਕਿਸਮਤ ਨੂੰ ਪ੍ਰਵਾਣ ਕਰਦੇ ਹਨ ਅਤੇ ਅੰਤ ਤਕ ਇਹ ਪਤਾ ਨਹੀਂ ਲੱਗਾ ਕਿ ਕਿਸੇ ਇਕ ਨੇ ਭੀ ਆਪਣਾ ਨਵਾਂ ਧਾਰਨ ਕੀਤਾ ਧਰਮ ਤਿਆਗਿਆ ਹੋਵੇ।`
10 ਮਾਰਚ ਨੂੰ ਬਾਦਸ਼ਾਹ ਦੇ ਹੁਕਮ ਨਾਲ ਸਰਬਰਾਹ ਖਾਨ ਕੋਤਵਾਲ ਨੇ ਬੰਦਾ ਸਿੰਘ ਅਤੇ ਉਸ ਦੇ 17 ਅਹਿਲਕਾਰਾਂ (ਜਥੇਦਾਰਾਂ ਅਤੇ ਸਰਦਾਰਾਂ) ਨੂੰ ਕਿਲੇ ਵਿਚ ਕੈਦ ਰੱਖਣ ਲਈ ਪਹੁੰਚਾ ਦਿੱਤਾ। ਸਿੰਘਾਂ ਦੇ ਮਾਰਚ ਵਿਚ ਕਤਲਾਂ ਤੋਂ ਤਿੰਨ ਮਹੀਨੇ ਬਾਅਦ ਚੁਪ ਰਹੀ। ਬੰਦਾ ਸਿੰਘ ਅਤੇ ਦੂਸਰੇ ਸਿੰਘਾਂ ਦੀ ਕੈਦ ਅਤੇ ਕਤਲ ਕਰਨ ਵਿਚ ਢਿੱਲ ਦਾ ਕਾਰਨ ਜੌਲ ਸਰਮਨ ਅਤੇ ਐਡਵਰਡ ਸਟੀਫ਼ਨਸਨ ਨੇ ਆਪਣੀ 10 ਮਾਰਚ ਦੀ ਉਪਰੋਕਤ ਚਿੱਠੀ ਵਿਚ ਇਸ ਇਸ ਤਰ੍ਹਾਂ ਦਿੱਤਾ ਹੈ ਕਿ 'ਉਸ (ਬੰਦਾ ਸਿੰਘ) ਦੀ ਅਤੇ ਉਸ ਦੇ ਬਹੁਤ ਸਾਰੇ ਮੁਤਸੱਦੀਆਂ ਦੀ ਜ਼ਿੰਦਗੀ ਇਸ ਵੇਲੇ ਇਸ ਲਈ ਵਧਾ ਦਿੱਤੀ ਗਈ ਹੈ ਕਿ ਉਸ ਦੇ ਖਜ਼ਾਨੇ ਅਤੇ ਉਸ ਦੇ ਸਹਾਇਕਾਂ ਦਾ ਪਤਾ ਕੱਢਿਆ ਜਾ ਸਕੇ। ਇਸ ਤੋਂ ਬਾਅਦ ਉਸ ਨੂੰ ਭੀ ਕਤਲ ਕਰ ਦਿੱਤਾ ਜਾਏਗਾ।` ਅੰਤ 9 ਜੂਨ ਨੂੰ ਉਸ ਨੂੰ ਭੀ ਤਸੀਹੇ ਦੇ ਦੇ ਕੇ ਕਤਲ ਕਰ ਦਿੱਤਾ ਗਿਆ।
ਜੋ ਭਾਣਾ ਬੰਦਾ ਸਿੰਘ ਨਾਲ ਵਰਤਿਆ, ਉਹ ਬਿਆਨ ਕਰਨ ਲਈ ਬਹੁਤ ਹੀ ਭਿਆਨਕ ਅਤੇ ਦੁਖਦਾਈ ਹੈ। 9 ਜੂਨ ਸੰਨ 1716 ਨੂੰ ਜਦ ਕਿ ਸੂਰਜ ਅਸਮਾਨ ਉੱਤੇ ਤਿੰਨ ਕੁ ਨੇਜੇ ਚੜ੍ਹਿਆ ਸੀ, ਬੰਦਾ ਸਿੰਘ ਉਸ ਦੇ ਬੱਚੇ ਅਜੈ ਸਿੰਘ, ਸਰਦਾਰ ਬਾਜ ਸਿੰਘ, ਭਾਈ ਫਤਿਹ ਸਿੰਘ, ਆਲੀ ਸਿੰਘ, ਬਖਸ਼ੀ ਗੁਲਾਬ ਸਿੰਘ ਆਦਿ ਨੂੰ, ਜੋ ਦਿੱਲੀ ਦੇ ਕਿਲੇ ਵਿਚ ਕੈਦ ਸਨ, ਸਰਬਰਾਹ ਖ਼ਾਨ ਕੋਤਵਾਲ ਅਤੇ ਇਬਰਾਹੀਮੁਦੀਨ ਖ਼ਾਨ ਮੀਰਿ-ਆਤਿਸ਼ ਦੀ ਨਿਗਰਾਨੀ ਹੇਠ ਜਲੂਸ ਦੇ ਰੂਪ ਵਿਚ ਕਿਲੇ ਤੋਂ ਬਾਹਰ ਕੱਢਿਆ ਗਿਆ। ਜਿਵੇਂ ਦਿੱਲੀ ਵਿਚ ਆਉਣ ਵਾਲੇ ਦਿਨ ਕੀਤਾ ਗਿਆ ਸੀ ਉਸੇ ਤਰ੍ਹਾਂ ਇਸ ਦਿਨ ਭੀ ਬੇੜੀਆਂ ਨਾਲ ਜਕੜੇ ਹੋਏ ਬੰਦਾ ਸਿੰਘ ਨੂੰ ਤਿੱਲੇ ਨਾਲ ਕੱਢੀ ਹੋਈ ਲਾਲ ਪਗੜੀ ਅਤੇ ਤਿੱਲੇਦਾਰ ਪੁਸ਼ਾਕ ਪਹਿਨਾਈ ਹੋਈ ਸੀ ਅਤੇ ਉਸ ਨੂੰ ਹਾਥੀ ਉੱਤੇ ਚੜ੍ਹਾਇਆ ਹੋਇਆ ਸੀ ਅਤੇ ਦੂਸਰੇ 26 ਸਿੰਘ ਸੰਗਲਾਂ ਨਾਲ ਜਕੜੇ ਹੋਏ ਉਸ ਦੇ ਪਿੱਛੇ ਪਿੱਛੇ ਜਾ ਰਹੇ ਸਨ। ਇਸ ਤਰ੍ਹਾਂ ਇਨ੍ਹਾਂ ਨੂੰ ਪੁਰਾਣੇ ਸ਼ਹਿਰ ਦੀਆਂ ਗਲੀਆਂ ਵਿਚ ਦੀ ਕੁਤਬ ਮੀਨਾਰ ਦੇ ਲਾਗੇ ਖੁਆਜਾ ਕਤਬੁਦੀਨ ਬਖ਼ਤਿਆਰ ਕਾਜ਼ੀ ਦੇ ਰੋਜ਼ੇ ਦੇ ਪਾਸ ਪਹੁੰਚਾਇਆ ਗਿਆ। ਇਥੇ ਉਨ੍ਹਾਂ ਤੋਂ ਬਾਦਸ਼ਾਹ ਬਹਾਦੁਰ ਸ਼ਾਹ ਦੀ ਕਬਰ ਦੀ ਪ੍ਰਕਰਮਾਂ ਕਰਾਈ ਗਈ।`
ਬੰਦਾ ਸਿੰਘ ਨੂੰ ਹਾਥੀ ਤੋਂ ਉਤਾਰ ਕੇ ਭੋਇੰ ਉੱਤੇ ਬਿਠਾ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਮੌਤ ਲਈ ਤਿਆਰ ਹੋ ਜਾਵੋ। ਪਰ ਤਾਰੀਖਿ-ਮੁਜ਼ਫਰੀ` ਦੇ ਸ਼ਬਦਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਚੁਣੇ ਹੋਏ ਸਿੱਖ ਨੇ ਥੋੜੇ ਜਿਹੇ ਦਿਨਾਂ ਦੀ ਜ਼ਿੰਦਗੀ ਲਈ ਆਪਣਾ ਧਰਮ ਤਿਆਗਣ ਦੀ ਥਾਂ ਇਕ ਸਿਦਕੀ ਸਿੱਖ ਦੀ ਤਰ੍ਹਾਂ ਆਪਣੀ ਜਾਨ ਕੁਰਬਾਨ ਕਰਨਾ ਪ੍ਰਵਾਨ ਕਰ ਲਿਆ। ਬੰਦਾ ਸਿੰਘ ਦਾ ਚਾਰ ਸਾਲਾ ਬੱਚਾ ਅਜੈ ਸਿੰਘ ਉਸ ਦੀ ਗੋਦੀ ਦਿੱਤਾ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਇਸ ਨੂੰ ਕਤਲ ਕਰੇ। ਪਰ ਕਦੀ ਕੋਈ ਪਿਤਾ ਭੀ ਆਪਣੇ ਬੱਚੇ ਨੂੰ ਕਤਲ ਕਰ ਸਕਦਾ ਹੈ? ਉਸ ਨੇ ਨਾਂਹ ਕਰ ਦਿੱਤੀ। ਬਸ ਫੇਰ ਕੀ ਸੀ, ਜੱਲਾਦ ਨੇ ਇਕ ਵੱਡੇ ਲੰਬੇ ਛੁਰੇ ਨਾਲ ਬੱਚੇ ਦੇ ਟੋਟੇ ਟੋਟੇ ਕਰ ਦਿਤੇ ਅਤੇ ਉਸ ਦਾ ਤੜਫਦਾ ਤੜਫਦਾ ਦਿਲ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਦੇ ਦਿੱਤਾ। ਪਰ ਸ਼ਾਬਾਸ਼ ਉਸ ਗੁਰੂ ਦੇ ਸਿੰਘ ਦੇ ਜੋ ਵਾਹਿਗੁਰੂ ਦੀ ਰਜ਼ਾ ਵਿਚ ਰਾਜ਼ੀ ਪੱਥਰ ਦੀ ਮੂਰਤ ਦੀ ਤਰ੍ਹਾਂ ਅਡੋਲ ਖਡੋਤਾ ਰਿਹਾ।
ਹੁਣ ਕਤਲ ਲਈ ਬੰਦਾ ਸਿੰਘ ਦੀ ਆਪਣੀ ਵਾਰੀ ਆਈ। ਪਹਿਲਾਂ ਜੱਲਾਦ ਨੇ ਛੁਰੇ ਨਾਲ ਉਸ ਦੀ ਸੱਜੀ ਅੱਖ ਕੱਢ ਦਿੱਤੀ ਅਤੇ ਫਿਰ ਖੱਬੀ। ਇਸ ਤੋਂ ਬਾਅਦ ਉਸ ਦਾ ਖੱਬਾ ਪੈਰ ਵੱਢ ਦਿੱਤਾ ਅਤੇ ਉਸ ਦੇ ਪਿਛੋਂ ਦੋਨੋਂ ਹੱਥ ਵੱਢ ਕੇ ਵੱਖ ਵੱਖ ਕਰ ਦਿੱਤੇ। ਫੇਰ ਭਖਦੇ ਲਾਲ ਗਰਮ ਲੋਹੇ ਦਿਆਂ ਚਿਮਟਿਆਂ ਨਾਲ ਉਸ ਦੇ ਪਿੰਡੇ ਦੇ ਮਾਸ ਦੀਆਂ ਬੋਟੀਆਂ ਖਿੱਚ ਖਿੱਚ ਕੇ ਮੋੜੀਆਂ ਗਈਆਂ ਅਤੇ ਅੰਤ ਉਸ ਦਾ ਸਿਰ ਵੱਢ ਦਿੱਤਾ ਅਤੇ ਸਰੀਰ ਦੇ ਬੰਦ ਬੰਦ ਕੱਟ ਦਿੱਤੇ। ਇਨ੍ਹਾਂ ਸਾਰੇ ਦੁੱਖ ਭਰਿਆਂ ਤਸੀਹਿਆਂ ਵਿਚ ਬੰਦਾ ਸਿੰਘ ਵਾਹਿਗੁਰੂ ਅਤੇ ਗੁਰੂ ਦੀ ਰਜ਼ਾ ਵਿਚ ਰਾਜ਼ੀ ਬਿਲਕੁਲ ਅਡੋਲ ਇਸਥਿਰ ਅਤੇ ਸ਼ਾਂਤ ਚਿਤ ਰਿਹਾ ਅਤੇ ਐਲਫਿੰਸਟਨ ਦੇ ਸ਼ਬਦਾਂ ਵਿਚ ਉਸ ਨੇ ਬੜੇ ਪ੍ਰਪੱਕ ਸਿਦਕ ਨਾਲ 'ਸਮੇਂ ਦੇ ਅਨਿਆਇ ਅਤੇ ਅੱਤਿਆਚਾਰਾਂ ਨੂੰ ਦੂਰ ਕਰਨ ਲਈ ਪ੍ਰਮਾਤਮਾ ਵਲੋਂ ਇਕ ਸਾਧਨ ਹੋਣ ਵਿਚ ਪ੍ਰਸੰਨ ਚਿੱਤ ਪ੍ਰਾਣ ਤਿਆਗੇ।` ਬਾਕੀ ਸਿੰਘਾਂ ਨਾਲ ਭੀ ਇਸੇ ਪ੍ਰਕਾਰ ਦਾ ਭਾਣਾ ਵਰਤਿਆ ਅਤੇ ਸਭ ਦੇ ਸਭ ਕਤਲ ਕਰ ਦਿੱਤੇ ਗਏ।
ਚੱਪੜਚਿੜੀ ਦੇ ਖੂਨੀ ਯੁੱਧ ਦਾ ਬਿਰਤਾਂਤ
ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਸਢੌਰਾ ਦੇ ਜੱਲਾਦਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਬਣਦੀ ਸਜ਼ਾ ਦੇਣ ਤੋਂ ਬਾਅਦ ਸਰਹਿੰਦ ਵੱਲ ਕੂਚ ਕਰ ਦਿਤਾ। ਉਸ ਨੇ ਬਨੂੜ ਲੰਘ ਕੇ, ਸਰਹਿੰਦ ਤੋਂ ਦਸ ਕੁ ਮੀਲ ਉਰ੍ਹਾਂ ਚੱਪੜ ਚਿੜੀ ਦੇ ਸਥਾਨ ਉਤੇ ਡੇਰੇ ਲਾ ਲਏ ਅਤੇ ਉਨ੍ਹਾਂ ਮਝੈਲਾਂ ਤੇ ਦੁਆਬੀਏ ਸਿੱਖਾਂ ਦੀ ਉਡੀਕ ਕਰਨੀ ਸ਼ੁਰੂ ਕਰ ਦਿਤੀ ਜੋ ਸਤਲੁਜ਼ੋਂ ਪਾਰ ਰੁਕੇ ਹੋਏ ਸਨ। ਜਦ ਇਹ ਸਿੰਘ ਰੋਪੜ ਦੇ ਨਜ਼ਦੀਕ ਮੁਸਲਮਾਨੀ ਫੌਜਾਂ ਨੂੰ ਭਾਂਜ ਦੇ ਕੇ ਬੰਦਾ ਸਿੰਘ ਦੇ ਦਲ ਨਾਲ ਆ ਮਿਲੇ ਤਾਂ ਬੰਦਾ ਸਿੰਘ ਦੇ ਦਲ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਵਾਹਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸਾਦ ਦੇ ਖੁਲ੍ਹੇ ਗੱਫੇ ਵਰਤਾਏ ਗਏ। ਸਿੰਘਾਂ ਨੂੰ ਹੁਣ ਗੁਰੂ-ਮਾਰੀ ਸਰਹੰਦ ਅਤੇ ਉਸ ਦੇ ਫੌਜਦਾਰ ਵਜ਼ੀਰ ਖਾਨ ਦੇ ਵਿਰੁੱਧ ਧਰਮ-ਯੁੱਧ ਦੇ ਚਾਓ ਨਾਲ ਲਾਲੀਆਂ ਚੜ੍ਹ ਰਹੀਆਂ ਸਨ ਅਤੇ ਉਹ ਉਤਾਵਲੇ ਹੋ ਰਹੇ ਸਨ। ਇਸ ਦੇ ਨਾਲ ਹੀ ਲੁਟੇਰਿਆਂ ਅਤੇ ਧਾੜਵੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਸੀ ਜੋ ਸਦੀਆਂ ਤੋਂ ਇਕੱਠੀ ਹੋ ਰਹੀ ਇਥੇ ਦੀ ਦੌਲਤ ਦੀ ਲੁੱਟ ਵਲ ਅੱਖਾਂ ਲਾਈ ਬੈਠੇ ਸਨ ਅਤੇ ਬੰਦਾ ਸਿੰਘ ਦੇ ਕਾਫਲੇ ਦੇ ਪਿੱਛੇ ਪਿੱਛੇ ਤੁਰੇ ਆ ਰਹੇ ਸਨ। ਇਹ ਦੇਖ ਕੇ ਬੰਦਾ ਸਿੰਘ ਨੇ ਸਰਹੰਦ ਉਤੇ ਚੜ੍ਹਾਈ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਇਸ ਨਾਲ ਸਿੰਘਾਂ ਦੇ ਡੌਲੇ ਹੋਰ ਫਰਕਣ ਲੱਗ ਪਏ ਅਤੇ ਆਸਮਾਨ 'ਸਤਿ ਸ੍ਰੀ ਅਕਾਲ` ਦੇ ਜੈਕਾਰਿਆਂ ਨਾਲ ਗੂੰਜ ਉਠਿਆ।
ਇਸ ਵੇਲੇ ਸਰਹੰਦ ਦਾ ਇਕ ਹਿੰਦੂ ਅਫ਼ਸਰ (ਗੰਡਾ ਮੱਲ) ਜੋ ਨਵਾਬ ਵਜ਼ੀਰ ਖ਼ਾਨ ਦੇ ਪੇਸ਼ਕਾਰ ਸੁੱਚਾ ਨੰਦ ਦਾ ਭਤੀਜਾ ਸੀ, ਇਕ ਹਜ਼ਾਰ ਆਦਮੀ ਨਾਲ ਲੈ ਕੇ ਬੰਦਾ ਸਿੰਘ ਦੇ ਕੈਂਪ ਵਿਚ ਆ ਗਿਆ ਅਤੇ ਕਹਿਣ ਲੱਗਾ ਕਿ ਮੈਂ ਆਪਣੇ ਅਤੇ ਆਪਣੇ ਟੱਬਰ ਕਬੀਲੇ ਉਤੇ ਹੋਏ ਵਜ਼ੀਰ ਖਾਨ ਦੇ ਜ਼ੁਲਮ ਤੋਂ ਤੰਗ ਆ ਕੇ ਆਪਣੇ ਵਫ਼ਾਦਾਰ ਆਦਮੀਆਂ ਨੂੰ ਨਾਲ ਲੈ ਆਇਆਂ ਹਾਂ। ਅਸਲ ਵਿਚ ਇਹ ਸਭ ਕੁਝ ਬੰਦਾ ਸਿੰਘ ਨੂੰ ਧੋਖਾ ਦੇਣ ਲਈ ਇਕ ਬਣੌਟ ਸੀ ਅਤੇ ਉਸ ਨੂੰ ਵਜ਼ੀਰ ਖਾਨ ਅਤੇ ਸੁੱਚਾ ਨੰਦ ਨੇ ਇਸ ਲਈ ਭੇਜਿਆ ਸੀ ਕਿ ਉਹ ਸਿੰਘਾਂ ਦੇ ਕੈਂਪ ਵਿਚ ਜਾ ਕੇ ਆਪਣਾ ਇਤਬਾਰ ਜਮਾਵੇ ਅਤੇ ਜਦ ਦਾਉ ਲੱਗੇ ਤਾਂ ਬੰਦਾ ਸਿੰਘ ਨੂੰ ਪਾਰ ਬੁਲਾਵੇ, ਪਰ ਜੇ ਉਸ ਨੂੰ ਮੌਕਾ ਨਾ ਮਿਲੇ ਤਾਂ ਸਰਹੰਦ ਉਤੇ ਸਿੰਘਾਂ ਦੇ ਹੱਲੇ ਵੇਲੇ ਕੋਈ ਅਜਿਹੀ ਚਾਲ ਚਲੇ ਕਿ ਸਿੰਘਾਂ ਨੂੰ ਭਾਂਜ ਪੈ ਜਾਏ। ਅਜਿਹੀਆਂ ਧੋਖਾਬਾਜ਼ੀਆਂ ਓਦੋਂ ਕੋਈ ਅਣਹੋਣੀਆਂ ਨਹੀਂ ਸਨ। ਪਰ ਬੰਦਾ ਸਿੰਘ ਨੇ ਸਾਧੂਆਂ ਦੀ ਸੰਗਤ ਵਿਚ ਜੀਵਨ ਬਤੀਤ ਕੀਤਾ ਸੀ। ਉਸ ਨੇ ਸਰਹੰਦੀ ਹਿੰਦੂ ਅਫ਼ਸਰ ਦੀ ਕਹਾਣੀ ਉਤੇ ਇਤਬਾਰ ਕਰ ਲਿਆ ਅਤੇ ਉਸ ਨੂੰ ਆਪਣੇ ਦਲ ਵਿਚ ਰਲ ਜਾਣ ਦੀ ਆਗਿਆ ਦੇ ਦਿੱਤੀ।
ਸਰਹੰਦ ਪੰਜ ਸਾਢੇ ਪੰਜ ਸਾਲ ਤੋਂ ਖਾਲਸਿਆਂ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ। ਇਸ ਨਿਰਦਈ ਧਰਤੀ ਤੇ ਦਸੰਬਰ ਸੰਨ 1704 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਾਸੂਮ ਸਾਹਿਬਜ਼ਾਦੇ ਜੀਉਂਦੇ ਕੰਧ ਵਿਚ ਚਿਣੇ ਅਤੇ ਫੇਰ ਕੋਹ ਕੇ ਕਤਲ ਕੀਤੇ ਗਏ ਸਨ। ਸਰਹੰਦ ਦੀ ਜ਼ੁਲਮੀ ਕਥਾ ਬੰਦਾ ਸਿੰਘ ਅਤੇ ਸਿੰਘਾਂ ਨੂੰ ਸਰਹੰਦ ਉਤੇ ਚੜ੍ਹਾਈ ਕਰਨ ਲਈ ਪ੍ਰੇਰਨਾ ਕਰ ਰਹੀ ਸੀ। ਜੇਮਜ਼ ਬਰਾਉਨ ਲਿਖਦਾ ਹੈ ਕਿ ‘ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉਤੇ ਢਾਹੇ ਗਏ ਜ਼ੁਲਮ ਦੀਆਂ ਸਾਰੀਆਂ ਮਿਸਾਲਾਂ ਵਿਚੋਂ ਇਹ ਸਭ ਤੋਂ ਜ਼ਿਆਦਾ ਕਠੋਰ ਉਪੱਦਰ ਅਤੇ ਨਿਰਦਈ ਅੱਤਿਆਚਾਰ ਹੈ। ਨਿਰਬਲ ਅਤੇ ਨਿਹੱਥੀਆਂ ਇਸਤਰੀਆਂ ਅਤੇ ਬੱਚੇ ਆਮ ਤੌਰ ਤੇ ਧਾਰਮਿਕ ਕਰੋਧ ਤੋਂ ਭੀ ਬਚੇ ਰਹਿੰਦੇ ਰਹੇ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਜੇ ਸਿੱਖਾਂ ਦਾ ਗੁੱਸਾ ਇਤਨਾ ਸਖ਼ਤ ਸੀ।`
ਇਨ੍ਹਾਂ ਬੇ-ਗੁਨਾਹਾਂ ਦੇ ਕਤਲਾਂ ਦੇ ਬਦਲੇ ਦਾ ਡਰ ਵਜ਼ੀਰ ਖ਼ਾਨ ਨੂੰ ਸਭ ਤੋਂ ਜ਼ਿਆਦਾ ਭੈਅ ਭੀਤ ਕਰ ਰਿਹਾ ਸੀ। ਇਸ ਲਈ ਉਸ ਨੇ ਆਪਣੇ ਅਤੇ ਸਰਹੰਦ ਦੇ ਬਚਾਓ ਲਈ ਪੂਰਾ ਪੂਰਾ ਟਿੱਲ ਲਾਇਆ ਅਤੇ ਸਾਰੇ ਸਾਧਨ ਵਰਤੇ। ਚਾਰ ਪੰਜ ਆਪਣੇ ਮਿੱਤਰ ਫੌਜਦਾਰਾਂ ਅਤੇ ਵੱਡੇ ਵੱਡੇ ਜਿਮੀਂਦਾਰਾਂ ਨੂੰ ਮਦਦ ਲਈ ਸੱਦ ਬੁਲਾਇਆ ਅਤੇ ਹਮਾਇਤੀਆਂ ਦੀ ਵੱਧ ਤੋਂ ਵੱਧ ਜਮਾਤ ਜਮ੍ਹਾਂ ਕਰਨ ਲਈ ਸਿੱਖਾਂ ਦੇ ਵਿਰੁੱਧ ਇਸਲਾਮੀ ਜਹਾਦ ਦਾ ਐਲਾਨ ਕਰ ਦਿੱਤਾ। ਜਹਾਦ ਦਾ ਡਗਾ ਵੱਜਣ ਦੀ ਦੇਰ ਸੀ ਕਿ ਆਲੇ ਦੁਆਲਿਓਂ ਦੂਰ ਨੇੜਿਓਂ ਆ ਰਹੀਆਂ ਸਰਕਾਰੀ ਫੌਜਾਂ ਦੇ ਨਾਲੋ ਨਾਲ ਗਾਜ਼ੀਆਂ ਦੇ ਝੁਰਮਟ ਵਜ਼ੀਰ ਖਾਨ ਪਾਸ ਆ ਇਕੱਠੇ ਹੋਏ। ਉਸ ਨੇ ਸਿੱਕੇ ਅਤੇ ਬਰੂਦ ਦੇ ਕੋਠੇ ਭਰ ਲਏ ਅਤੇ ਸਿੰਘਾਂ ਦਾ ਟਾਕਰਾ ਕਰਨ ਲਈ ਤੋਪਾਂ ਦੀ ਲਾਮ ਡੋਰੀ ਅਤੇ ਹਾਥੀ ਲੈ ਆਂਦੇ। ਖਾਫ਼ੀ ਖਾਨ 'ਮੁੰਤਖੱਬੁਲ-ਲੁਬਾਬ` ਵਿਚ ਵਜ਼ੀਰ ਖ਼ਾਨ ਦੀ ਸਾਰੀ ਫੌਜ ਦੀ ਗਿਣਤੀ ਪੰਦਰਾਂ ਹਜ਼ਾਰ ਦੱਸਦਾ ਹੈ ਜਿਸ ਵਿਚ ਸੱਤ ਅੱਠ ਹਜ਼ਾਰ ਬੰਦੂਕਚੀ ਬਰਕੰਦਾਜ਼, ਪੰਜ ਛੇ ਹਜ਼ਾਰ ਘੋੜ-ਚੜ੍ਹੇ ਅਤੇ ਇਨ੍ਹਾਂ ਨਾਲ ਤੋਪਚੀ, ਤੋਪਾਂ ਅਤੇ ਹਾਥੀ ਸਨ। ਮੁਹੰਮਦ ਹਾਰਿਸੀ 'ਇਬਰਤਨਾਮੇ` ਵਿਚ ਇਹ ਗਿਣਤੀ ਬਾਰਾਂ ਹਜ਼ਾਰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਇਨ੍ਹਾਂ ਨੂੰ ਉਚੇਚਾ ਇਸ ਮੁਹਿੰਮ ਲਈ ਇਕੱਠਾ ਕੀਤਾ ਗਿਆ ਸੀ।
ਦੂਸਰੇ ਪਾਸੇ ਬੰਦਾ ਸਿੰਘ ਪਾਸ ਤਿੰਨ ਕਿਸਮ ਦੇ ਆਦਮੀ ਸਨ। ਪਹਿਲੇ ਉਹ ਸੱਚੇ ਸੁੱਚੇ ਅਤੇ ਆਗਿਆਕਾਰ ਦਰਿੜ੍ਹ ਸਿੰਘ ਸਨ ਜਿਨ੍ਹਾਂ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋ ਚੁੱਕੀ ਸੀ ਅਤੇ ਜਿਨ੍ਹਾਂ ਦੇ ਅੰਦਰ ਗੁਰੂ ਮਹਾਰਾਜ ਦੀ ਜਗਾਈ ਹੋਈ ਧਰਮ ਅਤੇ ਦੇਸ਼ ਲਈ ਕੁਰਬਾਨੀ ਦੀ ਜੋਤ ਜਗ ਰਹੀ ਸੀ। ਇਨ੍ਹਾਂ ਵਿਚੋਂ ਕੁਝ ਤਾਂ ਬੰਦਾ ਸਿੰਘ ਦੇ ਨਾਲ ਦੱਖਣ ਤੋਂ ਆਏ ਸਨ ਅਤੇ ਬਾਕੀ ਸਤਿਗੁਰੂ ਦੇ ਹੁਕਮਨਾਮੇ ਪੁੱਜਣ ਪਰ ਧਰਮ ਯੁੱਧ ਲਈ ਸਿਰ ਤਲੀ ਤੇ ਰੱਖ ਕੇ ਆਏ ਸਨ। ਇਨ੍ਹਾਂ ਸਿਰ ਲੱਥ ਸੂਰਿਆਂ ਦੇ ਸਾਹਮਣੇ ਇਕੋ ਨਿਸ਼ਾਨਾ ਸੀ, ਗੁਰੂ ਦੇ ਹੁਕਮ ਅਨੁਸਾਰ ਦੇਸ਼ ਅਤੇ ਧਰਮ ਦੀ ਸੇਵਾ। ਇਨ੍ਹਾਂ ਦਾ ਨਾ ਕੋਈ ਨਿਜੀ ਸੁਆਰਥ ਸੀ ਅਤੇ ਨਾ ਧਨ ਜਾਂ ਲੁੱਟ ਦਾ ਲਾਲਚ। ਬਲਕਿ ਇਨ੍ਹਾਂ ਵਿਚੋਂ ਸੈਂਕੜੇ ਹਥਿਆਰ ਖਰੀਦਣ ਲਈ ਘਰ ਦਾ ਮਾਲ ਮਤਾਹ ਵੇਚ ਕੇ ਬੰਦਾ ਸਿੰਘ ਨਾਲ ਆ ਰਲੇ ਸਨ।
ਦੂਸਰੀ ਕਿਸਮ ਦੇ ਉਹ ਲੋਕ ਸਨ ਜਿਨ੍ਹਾਂ ਨੂੰ ਫੂਲਕਿਆਂ ਆਦਿ ਉਨ੍ਹਾਂ ਸਰਦਾਰਾਂ ਨੇ ਤਨਖ਼ਾਹਾਂ ਉਤੇ ਭਰਤੀ ਕਰਕੇ ਭੇਜਿਆ ਸੀ ਜੋ ਆਪ ਤਾਂ ਕੁਝ ਕਾਰਨਾਂ ਕਰਕੇ ਬੰਦਾ ਸਿੰਘ ਦੀ ਫੌਜ ਵਿਚ ਸ਼ਾਮਲ ਨਹੀਂ ਸਨ ਹੋ ਸਕੇ ਪਰ ਉਨ੍ਹਾਂ ਦੀ ਹਮਦਰਦੀ ਸਿੰਘਾਂ ਦੇ ਨਾਲ ਸੀ ਅਤੇ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦੇ ਚਾਹਵਾਨ ਸਨ।
ਤੀਸਰੇ ਉਹ ਆਜ਼ਾਦ ਮਨਚਲੇ ਸਨ ਜੋ ਕੇਵਲ ਲੁੱਟ ਅਤੇ ਮਾਲ ਦੇ ਲਾਲਚ ਨਾਲ ਬੰਦਾ ਸਿੰਘ ਦੇ ਦਲ ਵਿਚ ਰਲੇ ਹੋਏ ਸਨ। ਇਨ੍ਹਾਂ ਵਿਚ ਬਹੁਤ ਸਾਰੇ ਪੇਸ਼ਾਵਰ ਧਾੜਵੀ ਅਤੇ ਲੁਟੇਰੇ ਸਨ ਜੋ ਇਕੱਲੇ ਰਾਹੀਆਂ ਜਾਂ ਵਪਾਰੀਆਂ ਦੇ ਕਾਫ਼ਲਿਆਂ ਨੂੰ ਲੁੱਟਣ ਦੀ ਥਾਂ ਸ਼ਹਿਰਾਂ ਅਤੇ ਕਸਬਿਆਂ ਨੂੰ ਲੁੱਟ ਸਕਣ ਦਾ ਮੌਕਾ ਦੇਖ ਕੇ ਆ ਇਕੱਠੇ ਹੋਏ ਸਨ। ਇਨ੍ਹਾਂ ਨਾਲ ਹੀ ਕੁਝ ਕੁ ਉਹ ਦੁਖੀ ਕਿਸਾਨ ਜਾਂ ਦੂਸਰੇ ਲੋਕ ਸਨ ਜੋ ਆਪਣੀਆਂ ਨਿਜੀ ਕਿੜਾਂ ਅਤੇ ਰੰਜਸ਼ਾਂ ਕੱਢਣ ਲਈ ਕਿਸੇ ਵੇਲੇ ਦੀ ਤਾੜ ਵਿਚ ਸਨ। ਵਿਸ਼ੇਸ਼ ਕਰਕੇ ਇਹ ਲੋਕ ਸਨ ਜੋ ਸਿੰਘਾਂ ਦੀਆਂ ਇਸ ਵੇਲੇ ਦੀਆਂ ਮੁਹਿੰਮਾਂ ਵਿਚ ਲੁੱਟ ਮਾਰ ਅਤੇ ਕਈ ਥਾਈਂ ਅੰਨ੍ਹੇ ਵਾਹ ਕਤਲਾਂ ਦੇ ਜ਼ਿੰਮੇਵਾਰ ਸਨ। ਇਹ ਕੋਈ ਨਵੀਂ ਗੱਲ ਨਹੀਂ ਸੀ। ਹੋਰ ਤਾਂ ਹੋਰ, ਖ਼ੁਦ ਬਾਬਰ ਬਾਦਸ਼ਾਹ ਆਪਣੀ ਤਿਜ਼ੁਕ ਵਿਚ ਇਸ ਕਿਸਮ ਦੇ ਲੁਟੇਰਿਆਂ ਦਾ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ, 'ਜਦ ਭੀ ਮੈਂ ਹਿੰਦੁਸਤਾਨ ਵਿਚ ਦਾਖ਼ਲ ਹੋਇਆ, ਅਣਗਿਣਤ ਜੱਟ ਅਤੇ ਗੁੱਜਰ ਬਲਦ ਅਤੇ ਮੱਝਾਂ ਲੁੱਟਣ ਲਈ ਆਪਣੇ ਜੰਗਲਾਂ ਅਤੇ ਪਹਾੜਾਂ ਵਿਚੋਂ ਨਿਕਲ ਆਉਂਦੇ। ੀ।ੲ। ਬਦਮਾਸ਼ ਸਨ ਜਿਹੜੇ ਕਿ ਅਸਲ ਵਿਚ ਲੋਕਾਂ ਉਤੇ ਸਖ਼ਤੀਆਂ ਕਰਦੇ ਸਨ ਅਤੇ ਦੇਸ਼ ਵਿਚ ਅਤਿਆਚਾਰ ਦੇ ਗੁਨਾਹਗਾਰ ਸਨ।` ਇਸ ਤਰ੍ਹਾਂ ਦੇ ਬੰਦੇ ਬੜੇ ਖ਼ਤਰਨਾਕ ਅਤੇ ਵਿਸਾਹਘਾਤੀ ਹੁੰਦੇ ਹਨ ਅਤੇ ਬੰਦਾ ਸਿੰਘ ਦੀਆਂ ਲੜਾਈਆਂ ਵਿਚ ਭੀ ਕਈ ਵਾਰੀ ਦੇਖਿਆ ਗਿਆ ਕਿ ਜਦ ਕਦੇ ਵੀ ਹਾਰ ਹੋਣ ਦਾ ਡਰ ਲੱਗਾ, ਇਹ ਲੋਕ ਗਹਿ ਗਚ ਲੜਾਈ ਵਿਚੋਂ ਭੱਜ ਨਿਕਲੇ।
ਬੰਦਾ ਸਿੰਘ ਪਾਸ ਨਾ ਤਾਂ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ, ਬਲਕਿ ਉਸ ਦੇ ਸਾਰੇ ਆਦਮੀਆਂ ਲਈ ਘੋੜੇ ਵੀ ਪੂਰੇ ਨਹੀਂ ਸਨ। ਲੰਮੇ ਨੇਜ਼ੇ, ਤੀਰ ਕਮਾਨ ਅਤੇ ਤਲਵਾਰਾਂ ਹੀ ਸਿੰਘਾਂ ਪਾਸ ਸਾਰਾ ਲੜਾਈ ਦਾ ਸਾਮਾਨ ਸੀ। ਪਰ ਬੰਦਾ ਸਿੰਘ ਅਤੇ ਉਸ ਦੇ ਸ਼ਰਧਾਲੂ ਸਿੰਘਾਂ ਦੀ ਅਜਿੱਤ ਦਲੇਰੀ ਅਤੇ ਅਠੱਲ੍ਹ ਫੁਰਤੀ ਬਹੁਤ ਹੱਦ ਤਕ ਸਾਮਾਨ ਦੇ ਘਾਟੇ ਨੂੰ ਪੂਰਾ ਕਰ ਰਹੀ ਸੀ। ਉਸ ਨੂੰ ਜੇ ਸਭ ਤੋਂ ਵੱਧ ਭਰੋਸਾ ਸੀ ਤਾਂ ਉਹ ਸੀ ਧਰਮ ਯੁੱਧ ਲਈ ਉਸ ਉਤਸ਼ਾਹ ਅਤੇ ਸਾਹਸ ਦਾ ਜੋ ਸਰਹੰਦ ਨੂੰ ਦੇਖਦੇ ਸਾਰ ਸਾਹਿਬਜ਼ਾਦਿਆਂ ਉਤੇ ਹੋਏ ਜ਼ੁਲਮ ਦਾ ਧਿਆਨ ਕਰਕੇ ਸਿੰਘਾਂ ਦੇ ਮਨਾਂ ਵਿਚ ਪੈਦਾ ਹੋ ਜਾਣਾ ਸੀ। ਸਰਹੰਦ ਉਤੇ ਹੱਲੇ ਵੇਲੇ ਸਿੰਘਾਂ ਦੀ ਤਾਕਤ ਕਿੰਨੀ ਕੁ ਹੋ ਗਈ ਸੀ, ਇਸ ਦਾ ਸਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ। ਖ਼ਾਫ਼ੀ ਖ਼ਾਨ ਕਹਿੰਦਾ ਹੈ ਕਿ ਸਿੱਖਾਂ ਦੀ ਗਿਣਤੀ ਤੀਹ ਚਾਲੀ ਹਜ਼ਾਰ ਹੋ ਗਈ ਸੀ। ਪਰ ਇਹ ਗਿਣਤੀ ਮੁਸਲਮਾਨਾਂ ਦੀ ਗਿਣਤੀ ਨਾਲੋਂ ਬਹੁਤ ਵੱਧ ਦੱਸਣ ਲਈ ਬਹੁਤ ਵਧਾ ਕੇ ਦਿੱਤੀ ਹੋਈ ਜਾਪਦੀ ਹੈ।
ਬੰਦਾ ਸਿੰਘ ਦੀਆਂ ਸਰਹੰਦ ਉਤੇ ਹੱਲਾ ਕਰਨ ਦੀ ਤਿਆਰੀ ਦੀਆਂ ਖਬਰਾਂ ਪੁੱਜਦੇ ਸਾਰ ਫੌਜਦਾਰ ਵਜ਼ੀਰ ਖਾਨ ਘੋੜ ਚੜ੍ਹਿਆਂ, ਬਰਕੰਦਾਜ਼ਾਂ, ਤੀਰ ਕਮਾਨੀਆਂ ਅਤੇ ਤੋਪਚੀਆਂ ਆਦਿ ਦੀ ਵੀਹ ਕੁ ਹਜ਼ਾਰ ਦੀ ਫੌਜ ਅਤੇ ਹਾਥੀਆਂ ਦੀ ਲਾਮ ਡੋਰੀ ਲੈ ਕੇ ਸਿੰਘਾਂ ਦਾ ਅੱਗਾ ਰੋਕਣ ਲਈ ਆਪ ਸਰਹਿੰਦੋਂ ਚੜ੍ਹ ਪਿਆ। ਉਧਰ ਬੰਦਾ ਸਿੰਘ ਨੂੰ ਭੀ ਵਜ਼ੀਰ ਖਾਨ ਦੀ ਚੜ੍ਹਾਈ ਦੀ ਸੂਹ ਲੱਗ ਗਈ ਅਤੇ ਉਹ ਭੀ ਟਾਕਰੇ ਲਈ ਤੁਰ ਪਿਆ। ਉਸ ਨੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ ਆਦਿ ਸਿਰ ਕੱਢ ਆਗੂਆਂ ਨੂੰ ਹੁਕਮ ਦਿੱਤਾ ਕਿ ਜਿਵੇਂ ਹੋ ਸਕੇ ਵਜ਼ੀਰ ਖਾਨ ਨੂੰ ਫੜ ਲਿਆ ਜਾਵੇ ਅਤੇ ਜਿਉਂਦਾ ਬਚ ਕੇ ਨਾ ਜਾਣ ਦਿੱਤਾ ਜਾਵੇ, ਉਨ੍ਹਾਂ ਸਾਰੇ ਮੁਸਲਮਾਨਾਂ ਨੂੰ ਜੋ ਚੁਪ ਚਾਪ ਈਨ ਮੰਨ ਲੈਣ ਅਤੇ ਹਿੰਦੂਆਂ ਨੂੰ, ਜੋ ਬੋਦੀ ਵਿਖਾ ਦੇਣ, ਕੁਝ ਨਾ ਕਿਹਾ ਜਾਏ। ਬਾਕੀ ਜੋ ਅੜੇ ਸੋ ਝੜੇ। ਚੱਪੜ-ਚਿੜੀ ਦੀ ਜੂਹ ਵਿਚ 12 ਮਈ ਸਨ 1710 ਈ. ਨੂੰ ਜੁਮੇ ਦੇ ਦਿਨ ਦੋਹਾਂ ਦਲਾਂ ਦਾ ਭੇੜ ਹੋ ਗਿਆ।
ਬੰਦਾ ਸਿੰਘ ਨੇ ਸਿੰਘ ਦਲ ਦੀ ਕਮਾਨ ਭਾਈ ਫਤਿਹ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਅਤੇ ਸ਼ਾਮ ਸਿੰਘ ਦੇ ਹਵਾਲੇ ਕਰ ਦਿੰਤੀ ਅਤੇ ਆਪ ਵਿਚਕਾਰ ਲਾਗੇ ਦੇ ਇਕ ਟਿੱਬੇ ਉੱਤੇ ਹੋ ਕੇ ਫੌਜ ਦੀ ਚਾਲ ਵੇਖਣ ਅਤੇ ਲੋੜ ਅਨੁਸਾਰ ਹੁਕਮ ਦੇਣ ਲਈ ਚੜ੍ਹ ਖੜੋਤਾ। ਲੜਾਈ ਲਗਦੇ ਸਾਰ ਜਦ ਨਵਾਬ ਦੀਆਂ ਤੋਪਾਂ ਨੇ ਅੱਗ ਵਰ੍ਹਾਉਣੀ ਸ਼ੁਰੂ ਕੀਤੀ ਤਾਂ ਧਾੜਵੀ ਅਤੇ ਲੁਟੇਰੇ ਜਿਨ੍ਹਾਂ ਦੀ ਕੋਈ ਸਾਂਝੀ ਕਮਾਨ ਨਹੀਂ ਸੀ ਅਤੇ ਜੋ ਆਏ ਹੀ ਲੁੱਟ ਦੇ ਲਾਲਚ ਨਾਲ ਸਨ, ਪੱਤਰਾ ਵਾਚ ਗਏ। ਇਨ੍ਹਾਂ ਤੋਂ ਛੇਤੀ ਬਾਅਦ ਸੁੱਚਾ ਨੰਦ ਪੇਸ਼ਕਾਰ ਦਾ ਭਤੀਜਾ ਆਪਣੇ ਸਾਥੀਆਂ ਸਣੇ ਭੱਜ ਨਿਕਲਿਆ। ਉਹ ਤਾਂ ਖੈਰ ਰਲਿਆ ਹੀ ਇਸੇ ਬਦਨੀਅਤ ਨਾਲ ਸੀ ਕਿ ਉਸ ਨੂੰ ਭਜਦੇ ਦੇਖ ਕੇ ਸਿੱਖਾਂ ਵਿਚ ਵੀ ਭਗਦੜ ਮੱਚ ਜਾਏਗੀ ਅਤੇ ਉਹ ਮੈਦਾਨ ਖਾਲੀ ਕਰ ਜਾਣਗੇ। ਇਸ ਦੀ ਇਹ ਚਾਲ ਕੁਝ ਕੁ ਸਫ਼ਲ ਭੀ ਹੋ ਗਈ ਅਤੇ ਸਿੰਘਾਂ ਵਿਚ ਹਿਲ ਜੁਲ ਪੈ ਗਈ। ਇਹ ਦੇਖ ਕੇ ਬਾਜ ਸਿੰਘ ਘੋੜਾ ਭਜਾ ਕੇ ਬੰਦਾ ਸਿੰਘ ਪਾਸ ਪੁੱਜਾ। ਉਹ ਇਕ ਸੂਰਬੀਰ ਜਰਨੈਲ ਦੀ ਤਰ੍ਹਾਂ ਇਕ ਦਮ ਆਪਣੀ ਫੌਜ ਦੇ ਅੱਗੇ ਆ ਪੁੱਜਾ ਅਤੇ ਬੜੀ ਦਲੇਰੀ ਅਤੇ ਨਿਰਭੈਤਾ ਨਾਲ ਸਿੰਘਾਂ ਨੂੰ ਜੋੜ ਕੇ ਵੈਰੀ ਉਤੇ ਟੁੱਟ ਪਿਆ। ਹੁਣ ਸਿੰਘਾਂ ਦੇ ਹੌਸਲੇ ਵੱਧ ਗਏ ਅਤੇ ਉਨ੍ਹਾਂ ਦੇ ਪੈਰ ਮੁੜ ਜੰਮ ਗਏ। 'ਵਾਹਿਗੁਰੂ ਜੀ ਕੀ ਫਤਹਿ` ਅਤੇ 'ਸਤਿ ਸ੍ਰੀ ਅਕਾਲ` ਦੇ ਜੈਕਾਰੇ ਗਜਾਉਂਦੇ ਹੋਏ ਉਹ ਲੋਹੇ ਦੀ ਇੰਜਨਦਾਰ ਦੀਵਾਰ ਵਾਂਗ ਵੈਰੀ ਉਤੇ ਜਾ ਪਏ ਅਤੇ ਅਗਲੀ ਕਤਾਰ ਦੇ ਕੁਝ ਸਿੰਘ ਭਗਾਉਤੀਆਂ ਸੂਤ ਕੇ ਹਾਥੀਆਂ ਨੂੰ ਜਾ ਟੱਕਰੇ। ਦੋਂਹ ਨੂੰ ਭੋਇੰ ਡੇਗ ਲਿਆ ਅਤੇ ਕਈਆਂ ਨੂੰ ਜਖ਼ਮੀ ਕਰ ਦਿੱਤਾ। ਚੰਗਿਆੜਾਂ ਮਾਰਦੇ ਜ਼ਖ਼ਮੀ ਹਾਥੀ ਪਿਛੇ ਨੂੰ ਮੁੜ ਪਏ ਅਤੇ ਲਗ ਪਏ ਆਪਣੀ ਹੀ ਫੌਜ ਨੂੰ ਦਰੜਨ। ਮੁਸਲਮਾਨ ਫੌਜੀ ਸਿੰਘਾਂ ਦੇ ਲਗਾਤਾਰ ਖੂੰਖ਼ਾਰ ਹੱਲਿਆ ਦੇ ਸਾਹਮਣੇ ਖੜ੍ਹ ਨਾ ਸਕੇ ਅਤੇ ਖਾਫ਼ੀ ਖ਼ਾਂ ਦੇ ਸ਼ਬਦਾਂ ਵਿਚ, 'ਬਹੁਤ ਸਾਰੇ ਸ਼ਹੀਦੀਆਂ ਪਾ ਗਏ।` ਸ਼ੇਰ ਮੁਹੰਮਦ ਖਾਨ ਅਤੇ ਖੁਆਜਾ ਅਲੀ ਮਲੇਰ ਕੋਟਲੀਏ ਭੀ ਮਾਰੇ ਗਏ। 'ਅਹਿਵਾਲਿ ਸਲਾਤੀਨਿ ਹਿੰਦ` ਦਾ ਕਰਤਾ ਲਿਖਦਾ ਹੈ ਕਿ 'ਸਿੱਖਾਂ ਨੇ ਮੁਸਲਮਾਨੀ ਫੌਜ ਦੇ ਰੂਬਰੂ ਆ ਕੇ ਬੜੀ ਤੇਜ਼ੀ ਨਾਲ ਬੰਦੂਕਾਂ ਦੀ ਵਾੜ ਝਾੜੀ ਅਤੇ ਲੜਾਈ ਨੂੰ ਹੱਥੋ ਹੱਥੀ ਅਤੇ ਹੂਰੇ ਮੁੱਕੀ ਉੱੇਤੇ ਲੈ ਆਂਦਾ। ਆਦਮੀ ਇਸ ਬਹਾਦਰੀ ਨਾਲ ਲੜੇ ਕਿ ਕਾਫ਼ਰਾਂ ਦੇ ਮੁਰਦਿਆਂ ਦੇ ਢੇਰਾਂ ਦੇ ਢੇਰ ਜ਼ਮੀਨ ਉੱਤੇ ਲੱਗ ਗਏ ਅਤੇ ਜੰਗ ਦੇ ਮੈਦਾਨ ਵਿਚ ਚੌਹੀਂ ਪਾਸੀ ਕਿਆਮਤ ਦੇ ਦਿਨ ਵਾਲਾ ਸ਼ੋਰ ਮਚ ਗਿਆ। ਆਖਰ ਮੁਸਲਮਾਨਾਂ ਦੀ ਸਾਰੀ ਫੌਜ ਮਾਰੀ ਗਈ ਅਤੇ ਵਜ਼ੀਰ ਖ਼ਾਨ ਨੇ ਬਾਜ਼ ਸਿੰਘ ਦੇ ਰੂਬਰੂ ਹੋ ਕੇ ਉਸ ਨੂੰ ਲਲਕਾਰਿਆ ਅਤੇ ਨੇਜ਼ਾ ਹੱਥ ਲੈ ਕੇ ਉਸ ਨੂੰ ਮਾਰਿਆ। ਬਾਜ ਸਿੰਘ ਨੇ ਨੇਜਾ ਵਜ਼ੀਰ ਖਾਨ ਦੇ ਹੱਥੋਂ ਖੋਹ ਲਿਆ ਅਤੇ ਉਸ ਦੇ ਘੋੜੇ ਦੇ ਸਿਰ ਵਿਚ ਮਾਰ ਕੇ ਉਸ ਨੂੰ ਜਖ਼ਮੀ ਕਰ ਦਿੱਤਾ। ਕੁਝ ਚਿਰ ਪਿਛੋਂ ਵਜ਼ੀਰ ਖ਼ਾਨ ਨੇ ਇਕ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਬਾਜ਼ ਸਿੰਘ ਦੀ ਬਾਂਹ ਉਤੇ ਮਾਰਿਆ ਅਤੇ ਤਲਵਾਰ ਸੂਤ ਕੇ ਉਸ ਵਲ ਨੂੰ ਵਧਿਆ ਕਿ ਉਸ ਨੂੰ ਮਾਰ ਮੁਕਾਏ। ਇਸ ਵੇਲੇ ਫਤਿਹ ਸਿੰਘ ਨੇ, ਜੋ ਪਿਛਲੇ ਪਾਸੇ ਖੜੋਤਾ ਸੀ, ਆਪਣੀ ਕਿਰਪਾਨ ਮਿਆਨ `ਚੋਂ ਧੂ ਕੇ ਇੰਨੀ ਬਹਾਦਰੀ ਅਤੇ ਜ਼ੋਰ ਨਾਲ ਵਜ਼ੀਰ ਖਾਨ ਦੀ ਪੇਟੀ ਉਤੇ ਮਾਰੀ ਕਿ ਉਹ ਮੋਢੇ ਤੋਂ ਲੈ ਕੇ ਕਮਰ ਤਕ ਚੀਰਦੀ ਸਾਫ ਨਿਕਲ ਗਈ ਅਤੇ ਨਵਾਬ ਦਾ ਸਿਰ ਭੋਇੰ `ਤੇ ਜਾ ਡਿੱਗਿਆ।` ਹੁਣ ਬਾਕੀ ਬਚੇ ਲਸ਼ਕਰ ਵਿਚ ਗੜਬੜ ਮੱਚ ਗਈ ਅਤੇ ਰੌਲਾ ਪੈ ਗਿਆ। ਇਸ ਵੇਲੇ ਸਿੰਘ ਝੁੰਜਲਾ ਕੇ ਉਨ੍ਹਾਂ ਉੱਤੇ ਟੁੱਟ ਪਏ ਅਤੇ ਖਾਫ਼ੀ ਖਾਨ ਦੇ ਕਥਨ ਅਨੁਸਾਰ, 'ਇਸਲਾਮੀ ਲਸ਼ਕਰ ਦਾ ਇਕ ਬੰਦਾ ਭੀ ਸਿਵਾਏ ਆਪਣੀ ਜਾਨ ਅਤੇ ਤਨ ਦੇ ਕਪੜਿਆਂ ਤੋਂ ਬਗੈਰ ਕੁਝ ਹੋਰ ਨਾ ਬਚਾ ਸਕਿਆ। ਅਣਗਿਣਤ ਘੋੜ-ਚੜ੍ਹੇ ਅਤੇ ਪਿਆਦੇ ਸਿੰਘਾਂ ਦੀਆਂ ਤਲਵਾਰਾਂ ਹੇਠ ਸ਼ਹੀਦ ਹੋ ਗਏ।` ਵਜ਼ੀਰ ਖਾਨ ਦੀ ਫੌਜ ਨੂੰ ਪੂਰੀ ਤਰ੍ਹਾਂ ਹਾਰ ਹੋ ਗਈ ਅਤੇ ਉਹ ਮੈਦਾਨ ਛੱਡ ਕੇ ਹਰਨ ਹੋ ਗਈ। ਵਿਜਈ ਬੰਦਾ ਸਿੰਘ ਅਤੇ ਉਸ ਦੇ ਸਾਥੀ ਸਿੰਘ ਹੁਣ ਮੈਦਾਨ ਦੇ ਮਾਲਕ ਸਨ ਅਤੇ ਇਸ ਫਤਿਹ ਨੂੰ ਉਹ ਵਾਹਿਗੁਰੂ ਦੀ ਬਖਸ਼ਿਸ਼ ਸਮਝਦੇ ਸਨ ਅਤੇ ਉਨ੍ਹਾਂ ਦੇ 'ਵਾਹਿਗੁਰੂ ਜੀ ਕੀ ਫਤਿਹ` ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ। ਸਰਹੰਦ ਇਥੋਂ ਦਸ ਕੁ ਮੀਲ ਦੀ ਵਿੱਥ ਉੱਤੇ ਸੀ। ਸਿੰਘਾਂ ਨੇ ਉਥੇ ਨੂੰ ਕੂਚ ਕੀਤਾ। ਸ਼ਹਿਰ ਨੇ ਵਿਜਈਆਂ ਦਾ ਬਹੁਤਾ ਟਾਕਰਾ ਨਹੀਂ ਕੀਤਾ, ਪਰ ਕਿਲੇ ਦੀ ਇਕ ਤੋਪ ਚੋਖਾ ਚਿਰ ਅੱਗ ਵਰ੍ਹਾਉਂਦੀ ਰਹੀ ਜਿਸ ਨਾਲ ਸਿੰਘਾਂ ਦਾ ਬਹੁਤ ਨੁਕਸਾਨ ਹੋਇਆ। ਬੰਦਾ ਸਿੰਘ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਇਸ ਤੋਪ ਨੂੰ ਚੁਪ ਕਰਾਉਣ। ਕੁਝ ਸਿੰਘਾਂ ਨੇ ਚੋ ਦੇ ਲਾਗੇ ਇਕ ਭੱਠੇ ਦੀ ਥੇਹ ਉੱਤੇ ਚੜ੍ਹ ਕੇ ਬੰਦੂਕਾਂ ਦੀ ਇਕ ਅਜਿਹੀ ਵਾੜ ਝਾੜੀ ਕਿ ਉਸ ਦੇ ਤੋਪਚੀ ਉਡਾ ਦਿੱਤੇ ਅਤੇ ਤੋਪ ਨਿਕੰਮੀ ਕਰ ਦਿੱਤੀ। ਫਿਰ ਕਿਲੇ ਉੱਤੇ ਹੱਲਾ ਕੀਤਾ ਗਿਆ। ਇਸ ਵਿਚ ਕੋਈ ਪੰਜ ਕੁ ਸੌ ਸਿੰਘ ਸ਼ਹੀਦ ਹੋਏ। ਜਿਥੇ ਇਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ ਉਥੇ ਸ਼ਹੀਦ ਗੰਜ ਬਣਿਆ ਹੋਇਆ ਹੈ।
14 ਮਈ ਸੰਨ 1710 ਈ. ਨੂੰ ਸਿੰਘ ਸਰਹੰਦ ਵਿਚ ਦਾਖ਼ਲ ਹੋ ਗਏ। ਸਾਹਿਬਜ਼ਾਦਿਆਂ ਦੇ ਕਤਲ ਦੀ ਯਾਦ ਤਾਜ਼ਾ ਹੋ ਜਾਣ ਨਾਲ ਸਿੰਘਾਂ ਦਾ ਰੋਹ ਜਾਗ ਉੱਠਿਆ। ਇਸ ਹਾਲਤ ਵਿਚ ਉਨ੍ਹਾਂ ਨੂੰ ਰੋਕ ਸਕਣਾ ਕੋਈ ਸੌਖੀ ਗੱਲ ਨਹੀਂ ਸੀ। ਮੁਸਲਮਾਨੀ ਮਹੱਲਿਆਂ ਵਿਚ ਮਾਰੋ ਮਾਰ ਸ਼ੁਰੂ ਹੋ ਗਈ। ਇਸ ਵੇਲੇ ਲੁਟੇਰਿਆਂ ਦੀਆਂ ਧਾੜਾਂ ਦੀ ਭੀ ਚੜ੍ਹ ਮੱਚ ਗਈ ਅਤੇ ਸ਼ਹਿਰ ਵਿਚ ਆਮ ਲੁੱਟ ਪੈ ਗਈ। ਕਈਆਂ ਨੂੰ ਆਪਣੇ ਨਿਜੀ ਵੈਰ ਕੱਢਣ ਦਾ ਮੌਕਾ ਮਿਲ ਗਿਆ ਅਤੇ ਉਨ੍ਹਾਂ ਨੇ ਉਧਮ ਮਚਾ ਦਿੱਤਾ।
ਆਪਣੇ ਪਿਓ ਦੇ ਮਾਰੇ ਜਾਣ ਅਤੇ ਫ਼ੌਜ ਦੀ ਹਾਰ ਦੀ ਖ਼ਬਰ ਸੁਣਦੇ ਸਾਰ ਵਜ਼ੀਰ ਖਾਨ ਦਾ ਸਭ ਤੋਂ ਵੱਡਾ ਪੁੱਤਰ ਦੌਲਤ ਮੱਲ ਸਭ ਕੁਝ ਛੱਡ ਛਡਾ ਕੇ ਆਪਣੇ ਖਾਨਦਾਨ ਦੇ ਬੰਦੇ ਲੈ ਕੇ ਦਿੱਲੀ ਨੂੰ ਭੱਜ ਗਿਆ ਸੀ। ਇਸੇ ਤਰ੍ਹਾਂ ਹੋਰ ਕਈ ਧਨਾਢ ਲੋਕ ਭੀ ਜੋ ਕੁਝ ਨਾਲ ਚੁੱਕ ਸਕੇ, ਲੈ ਕੇ ਨਿਕਲ ਗਏ ਸਨ। ਕੇਵਲ ਉਹ ਮੁਸਲਮਾਨ ਹੀ ਮਾਰ ਜਾਂ ਲੁੱਟ ਤੋਂ ਬਚ ਸਕੇ ਜਿਨ੍ਹਾਂ ਨੇ ਜਾਂ ਤਾਂ ਭੇਸ ਵਟਾ ਲਿਆ ਜਾਂ ਹਿੰਦੂਆਂ ਦੇ ਘਰਾਂ ਵਿਚ ਲੁਕ ਛੁਪ ਗਏ। ਇਹ ਮਾਰ ਉਨ੍ਹਾਂ ਨੂੰ ਇਸ ਕਰਕੇ ਨਹੀਂ ਸੀ ਪਈ ਕਿ ਉਹ ਮੁਸਲਮਾਨ ਸਨ ਬਲਕਿ ਇਸ ਕਰਕੇ ਕਿ ਉਨ੍ਹਾਂ ਨੇ ਆਪਣੇ ਰਾਜ ਦੇ ਘੁਮੰਡ ਵਿਚ ਗਰੀਬ ਜਨਤਾ ਉਤੇ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਇਹ ਕੋਈ ਵੱਡੀ ਗੱਲ ਨਹੀਂ ਕਿ ਕਿਧਰੇ ਕਿਧਰੇ ਕੋਈ ਬੇਗੁਨਾਹ ਮੁਸਲਮਾਨ ਭੀ ਦਰੜੇ ਗਏ ਹੋਣ। ਅਜਿਹੇ ਵੇਲੇ ਬਹੁਤੀ ਬਾਰੀਕ ਤਮੀਜ਼ ਹੋ ਸਕਣੀ ਮੁਸ਼ਕਲ ਹੁੰਦੀ ਹੈ। ਹਾਕਮਾਂ ਦੀ ਸ਼ਹਿ ਨਾਲ ਜ਼ੁਲਮ ਕਮਾਉਣ ਵਾਲੇ ਹਿੰਦੂਆਂ ਨੂੰ ਭੀ ਵੀ ਲਪੇਟ ਲਿਆ ਗਿਆ। ਖਾਸ ਕਰ ਸੁੱਚਾ ਨੰਦ ਪੇਸ਼ਕਾਰ ਦੇ ਵਿਰੁੱਧ ਲੋਕਾਂ ਨੂੰ ਬਹੁਤ ਗੁੱਸਾ ਸੀ। ਇਸ ਨੇ ਹੀ ਸ਼ੇਖ ਸਾਅਦੀ ਦਾ ਕਥਨ ਕਿ 'ਸੱਪ ਨੂੰ ਮਾਰਨਾ ਤੇ ਸਪੋਲੀਆਂ ਨੂੰ ਪਾਲਣਾ ਅਕਲਮੰਦਾਂ ਦਾ ਕੰਮ ਨਹੀਂ, ਬਘਿਆੜ ਦਾ ਬੱਚਾ ਆਖਰ ਬਘਿਆੜ ਹੀ ਹੁੰਦਾ ਹੈ` ਸੁਣਾ ਕੇ ਵਜ਼ੀਰ ਖਾਨ ਨੂੰ ਅੰਤੇ ਵੇਲੇ ਹੋਰ ਜ਼ਿਆਦਾ ਭੜਕਾ ਦਿੱਤਾ ਸੀ। ਪਰ ਇਹ ਚਲਾਕ ਬੰਦਾ ਸੀ। ਬਚ ਕੇ ਨਿਕਲ ਗਿਆ। ਪਰ ਇਸ ਦਾ ਘਰ ਘਾਟ ਲੁੱਟ ਪੁੱਟ ਕੇ ਬਰਬਾਦ ਕਰ ਦਿਤਾ ਗਿਆ। 'ਇਬਰਤ ਨਾਮੇ` ਦਾ ਕਰਤਾ ਮੁਹੰਮਦ ਕਾਸਿਮ ਲਿਖਦਾ ਹੈ ਕਿ 'ਖਾਸ ਕਰਕੇ ਵਜ਼ੀਰ ਖਾਨ ਦੇ ਪੇਸ਼ਕਾਰ ਸੁੱਚਾ ਨੰਦ ਦੀ ਹਵੇਲੀ ਅਤੇ ਮਾਲ ਦੌਲਤ ਜਿਵੇਂ ਇਸੇ ਦਿਨ ਲਈ ਹੀ ਬਣੇ ਅਤੇ ਜਮ੍ਹਾਂ ਕੀਤੇ ਹੋਏ ਸਨ ਕਿ ਸੁਰਗਾਂ ਵਰਗੇ ਮਹੱਲ ਕਾਵਾਂ ਦੇ ਅੱਡੇ ਬਣਨ। ਧੰਨ ਹੈ ਉਹ ਰੱਬ ਕਿ ਜਿਸ ਸੱਚੇ ਅਦਾਲਤੀ ਦੀ ਦਰਗਾਹ ਵਿਚੋਂ ਬਲ ਲੈ ਕੇ ਇਕ ਨਿਰਬਲ ਕੀੜੀ ਮਨੁੱਖਾਂ ਦੇ ਦੋਖੀ ਸੱਪ ਨੂੰ ਤੇ ਇਕ ਨਿੱਕਾ ਜਿਹਾ ਕਮਜ਼ੋਰ ਮੱਛਰ ਖੂੰਖਾਰ ਹਾਥੀ ਨੂੰ ਮਾਰ ਦੇਣ ਦਾ ਕਾਰਨ ਬਣ ਜਾਂਦੇ ਹਨ। ਮੈਂ ਆਲੇ ਦੁਆਲੇ ਦੇ ਭੋਰਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ (ਨਵਾਬ ਵਜ਼ੀਰ) ਖਾਨ ਦੀ ਹਕੂਮਤ ਦੀ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈਂ (ਸੁੱਚਾ ਨੰਦ) ਨੇ ਗ਼ਰੀਬਾਂ ਉਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ ਕਿ ਜਿਸ ਦਾ ਫਲ ਇਸ ਨੂੰ ਪ੍ਰਾਪਤ ਹੋਇਆ।` ਵਜ਼ੀਰ ਖਾਨ ਦੀ ਲੁੱਟ ਵਿਚ ਜੋ ਧਨ ਮਾਲ ਵਿਜੱਈਆਂ ਦੇ ਹੱਥ ਆਇਆ ਉਸ ਦਾ ਅੰਦਾਜ਼ਾ ਦੋ ਕਰੋੜ ਦਾ ਲਾਇਆ ਜਾਂਦਾ ਹੈ ਅਤੇ ਹੋਰਨਾਂ ਕੋਲੋਂ ਕੁਝ ਲੱਖ।
ਥੋਰਨਟਨ ਕਹਿੰਦਾ ਹੈ ਕਿ ‘ਸੀਅਰੁਲ-ਮਾਤਖ਼ਰੀਨ (ਅਤੇ ਮੁੰਤਖਬੁਲ-ਲੁਬਾਬ) ਦੇ ਕਰਤਾ ਨੇ ਸਿੱਖਾਂ ਵਲੋਂ ਜ਼ੁਲਮਾਂ ਦਾ ਬੜਾ ਵੇਰਵਾ ਦਿੱਤਾ ਹੋਇਆ ਹੈ, ਪਰ ਇਸ ਗੱਲ ਵਿਚ ਕਿਸੇ ਮੁਸਲਮਾਨ ਖਿਲਾਰੀ ਉਤੇ ਪੱਕਾ ਭਰੋਸਾ ਨਹੀਂ ਕੀਤਾ ਜਾ ਸਕਦਾ।` ਸਿੱਖਾਂ ਦੇ ਨਾਉਂ ਹਰ ਕਿਸਮ ਦੇ ਜ਼ੁਲਮ ਮੜ੍ਹਨ ਲਈ ਬੜੀ ਕਾਮਯਾਬ ਘੜਨ ਸ਼ਕਤੀ ਵਰਤੋਂ ਵਿਚ ਲਿਆਂਦੀ ਗਈ ਹੈ। ਸਿਵਾਏ ਇਕ ਵਾਕੇ ਦੇ ਜਿਸ ਵਿਚ ਕਿ ਸਿੰਘਾਂ ਨੂੰ ਇਕ ਕਬਰ ਪੁੱਟਣੀ ਪਈ ਸੀ ਅਤੇ ਉਹ ਭੀ ਇਕ ਸਿੱਖ ਇਸਤਰੀ ਬੀਬੀ ਅਨੂਪ ਕੌਰ ਦੀ, ਜਿਸ ਨੂੰ ਸ਼ੇਰ ਮੁਹੰਮਦ ਖ਼ਾਨ ਮਲੇਰ ਕੋਟਲੀਆ ਫੜ ਕੇ ਲੈ ਗਿਆ ਸੀ ਅਤੇ ਜਿਸ ਨੇ ਆਪਣਾ ਸਤ ਬਚਾਉਣ ਲਈ ਆਤਮ ਘਾਤ ਕਰ ਲਿਆ ਸੀ ਅਤੇ ਜਿਸ ਨੂੰ ਸ਼ੇਰ ਮੁਹੰਮਦ ਖਾਨ ਦੇ ਹੁਕਮ ਨਾਲ ਕਬਰ ਵਿਚ ਦਫਵਾ ਦਿੱਤਾ ਗਿਆ ਸੀ, ਸਾਰੇ ਸਿੱਖ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ ਜਿਸ ਤੋਂ ਖਾਫ਼ੀ ਖ਼ਾਨ ਆਦਿ ਦੇ ਦੂਖਣਾਂ ਦੀ ਪੁਸ਼ਟੀ ਹੋ ਸਕੇ। ਮੁਸਲਮਾਨ ਮਸੀਤਾਂ ਦੀ ਬੇਹੁਰਮਤੀ ਦਾ ਦੂਖਣ ਭੀ ਉੱਕਾ ਹੀ ਨਿਰਮੂਲ ਹੈ। ਸਰਹੰਦ ਵਿਚ ਸਭ ਤੋਂ ਪ੍ਰਸਿੱਧ ਮੁਸਲਮਾਨੀ ਮਜ਼ਾਰ ਸ਼ੇਖ ਅਹਿਮਦ ਮੁਜੱਦਦ ਅਲਫਸਾਨੀ ਦਾ ਹੈ। ਡਾਕਟਰ ਗੋਕਲ ਚੰਦ ਨਾਰਾਂਗ ਨੇ ਸਰਹਿੰਦ ਦੀ ਬਰਬਾਦੀ ਤੋਂ 202 ਵਰ੍ਹੇ ਪਿਛੋਂ ਸਨ 1912 ਈ. ਵਿਚ ਲਿਖਿਆ ਸੀ ਕਿ ਸਾਰੀਆਂ ਇਮਾਰਤਾਂ ਵਿਚੋਂ ਜ਼ਿਆਦਾ ਸ਼ਾਨਦਾਰ ਅਹਿਮਦ ਸ਼ਾਹ ਦਾ ਮਜ਼ਾਰ ਹੁਣ ਤਕ ਉਸੇ ਤਰ੍ਹਾਂ ਖੜ੍ਹਾ ਹੈ ਜਿਵੇਂ ਕਿ ਲੜਾਈ ਤੋਂ ਪਹਿਲਾਂ ਸੀ।
ਸਰਹੰਦ ਇਕ ਬਹੁਤ ਵੱਡਾ ਅਤੇ ਧਨਾਢ ਸ਼ਹਿਰ ਹੁੰਦਾ ਸੀ, ਪਰ ਇਸ ਬਰਬਾਦੀ ਤੋਂ ਬਾਅਦ ਇਸ ਦੀ ਪੁਰਾਣੀ ਸ਼ਾਨ ਮੱਧਮ ਪੈ ਗਈ। ਜਦ ਇਸ ਸ਼ਹਿਰ ਦੇ ਹਿੰਦੂਆਂ ਨੇ ਬੰਦਾ ਸਿੰਘ ਪਾਸ ਰਹਿਮ ਲਈ ਬੇਨਤੀ ਕੀਤੀ ਅਤੇ ਇਕ ਵੱਡੀ ਰਕਮ ਛੁੜੌਤੀ ਵਜੋਂ ਭਰ ਦਿੱਤੀ ਤਾਂ ਉਸ ਨੇ ਜਾਨ ਬਖਸ਼ੀ ਕਰ ਦਿੱਤੀ ਅਤੇ ਸ਼ਹਿਰ ਨੂੰ ਉਕਾ ਹੀ ਬਰਬਾਦ ਹੋਣੋਂ ਬਚਾ ਲਿਆ। ਇਸ ਦੀ ਅੰਤਮ ਬਰਬਾਦੀ ਜਨਵਰੀ ਸੰਨ 1764 ਈ. ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠ ਸਿੱਖ ਮਿਸਲਦਾਰਾਂ ਦੇ ਹੱਥੋਂ ਹੋਈ। ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਹੋਈ ਕਹੀ-ਜਾਂਦੀ ਭਵਿੱਖ ਬਾਣੀ ਪਿੱਛੋਂ ਪੂਰੀ ਹੋ ਗਈ ਜਦ ਕਿ ਰੇਲਵੇ ਦਾ ਇਕ ਠੇਕੇਦਾਰ ਇਥੇ ਆ ਪੁੱਜਾ ਅਤੇ ਉਸ ਨੇ ਪੁਰਾਣੇ ਸਰਹੰਦ ਦੇ ਮਕਾਨਾਂ ਦੀਆਂ ਇੱਟਾਂ ਦਾ ਮਲਬਾ ਰੇਲ ਦੀਆਂ ਲੀਹਾਂ ਹੇਠ ਵਿਛਾ ਦਿੱਤਾ। ਹੁਣ ਤਕ ਭੀ ਕਈ ਸ਼ਰਧਾਲੂ ਸਿੱਖ ਉੱਤਰ ਜਾਂ ਦੱਖਣ ਨੂੰ ਸਫ਼ਰ ਕਰਦੇ ਹੋਏ ਇਥੋਂ ਇਕ ਅੱਧੀ ਇੱਟ ਚੁੱਕ ਕੇ ਸਤਲੁਜ ਜਾਂ ਜਮਨਾ ਵਿਚ ਲਿਜਾ ਸੁੱਟਦੇ ਹਨ।
ਸਰਹੰਦ ਉੱਤੇ ਕਬਜ਼ੇ ਤੋਂ ਬਾਅਦ ਬੰਦਾ ਸਿੰਘ ਨੇ ਜਿੱਤੇ ਹੋਏ ਇਲਾਕਿਆਂ ਦੇ ਪ੍ਰਬੰਧ ਵਲ ਧਿਆਨ ਦੇਣਾ ਸ਼ੁਰੂ ਕੀਤਾ। ਨੰਦੇੜ ਤੋਂ ਆਪਣੇ ਨਾਲ ਆਏ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਨਿਯਤ ਕੀਤਾ ਅਤੇ ਆਲੀ ਸਿੰਘ ਨੂੰ ਉਸ ਦਾ ਨਾਇਬ ਬਣਾਇਆ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਹਾਕਮ ਪੱਕਾ ਕਰ ਦਿੱਤਾ ਅਤੇ ਬਾਜ ਸਿੰਘ ਦੇ ਭਰਾ ਰਾਮ ਸਿੰਘ ਨੂੰ ਥਾਨੇਸਰ ਦਾ ਹਾਕਮ ਨੀਯਤ ਕੀਤਾ ਅਤੇ ਬਾਬਾ ਬਿਨੋਦ ਸਿੰਘ ਨੂੰ ਉਸ ਦਾ ਸਾਥੀ ਥਾਪਿਆ। ਸਰਹੰਦ ਨੂੰ ਆਪਣਾ ਕੇਂਦਰੀ ਅੱਡਾ ਬਣਾ ਕੇ ਦੱਖਣ, ਚੜ੍ਹਦੇ ਅਤੇ ਲਹਿੰਦੇ ਨੂੰ ਮੱਖਾਂ ਮਾਰਨ ਲਈ ਫੌਜੀ ਦਸਤੇ ਭੇਜੇ ਗਏ। ਸਿੰਘਾਂ ਦਾ ਕੁਝ ਐਸਾ ਡਰ ਅਤੇ ਰੋਹਬ ਪੈ ਗਿਆ ਕਿ ਕੀ ਮੁਸਲਮਾਨ ਅਤੇ ਕੀ ਹਿੰਦੂ, ਸਭ ਸਰਕਾਰੀ ਅਫ਼ਸਰ ਸਿੰਘਾਂ ਦੇ ਪੁਜਦੇ ਸਾਰ ਈਨ ਮੰਨ ਲੈਣ ਵਿਚ ਹੀ ਸੁਖ ਸਮਝਦੇ। ਇਸ ਤਰ੍ਹਾਂ ਥੋੜੇ ਦਿਨਾਂ ਵਿਚ ਹੀ ਛੱਤੀ ਲੱਖ ਸਾਲਾਨਾ ਦੇ ਸਾਰੇ ਛੋਟੇ ਮੋਟੇ ਪਰਗਣੇ ਸਿੰਘਾਂ ਦੇ ਤਹਿਤ ਵਿਚ ਆ ਗਏ।
