ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਜੀ ਦਾ ਅਸ਼ੀਰਵਾਦ - ਸ. ਗੁਰਸੇਵਕ ਸਿੰਘ ਧੌਲਾ (ਮੋ. 094632-16267)


ਜੇਕਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਥਾਪਨਾ ਪ੍ਰਾਪਤ ਨਾ ਹੁੰਦੀ ਤਾਂ ਸੋਚ ਕੇ ਦੇਖੋ ਕਿ ਕੀ ਉਸ ਨੇ ਸਿਰਫ਼ ਮਾਧੋ ਦਾਸ ਹੀ ਨਹੀਂ ਸੀ ਰਹਿ ਜਾਣਾ? ਜਿਸ ਬੈਰਾਗੀ ਗੱਦੀ ਦੀ ਅਗਵਾਈ ਉਹ ਕਰ ਰਹੇ ਸਨ ਉਸ ਗੱਦੀ 'ਤੇ ਪਹਿਲਾਂ ਵੀ ਅਤੇ ਉਸ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਅਧਿਕਾਰ ਰੱਖਿਆ ਹੈ, ਪ੍ਰੰਤੂ ਕਿਸੇ ਵੀ ਸ਼ਖਸੀਅਤ ਨੂੰ ਕੁਝ ਗਿਣਤੀ ਦੇ ਲੋਕਾਂ ਤੋਂ ਵਧੇਰੇ ਕੋਈ ਨਹੀਂ ਜਾਣਦਾ। ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ਼ ਥਾਪਨੇ ਦੀ ਹੀ ਕਰਾਮਾਤ ਹੈ ਕਿ ਹੁਣ ਹਰ ਲਿਖਾਰੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਲਿਖਦਿਆਂ ਆਪਣੇ ਸ਼ਬਦ ਬੌਣੇ ਪ੍ਰਤੀਤ ਹੁੰਦੇ ਹਨ। ਗੁਰੂ ਜੀ ਦੇ ਅਸ਼ੀਰਵਾਦ ਤੋਂ ਬਾਅਦ ਇਸ ਲਾਸਾਨੀ ਸ਼ਖਸੀਅਤ ਨੇ ਜੋ ਵਿਲੱਖਣ ਕਾਰਨਾਮੇ ਕੀਤੇ ਉਸ ਜਿਹੀਆਂ ਮਸਾਲਾਂ ਦੁਨੀਆਂ ਦੇ ਇਤਿਹਾਸ 'ਤੇ ਬਹੁਤੀਆਂ ਨਹੀਂ ਹਨ।

ਸਿੱਖ ਗੁਰੂਆਂ ਦੇ ਸਰੀਰਕ ਰੂਪ ਵਿਚ ਮੌਜੂਦਗੀ ਤੋਂ ਬਾਅਦ ਇਹ ਅਜਿਹਾ ਵੇਲਾ ਸੀ ਜਦੋਂ ਸਿੱਖਾਂ ਨੂੰ ਸਿੱਖ ਫਿਲਾਸਫੀ ਦਾ ਸਮਾਜਿਕ ਬਰਾਬਰੀ ਵਾਲਾ ਰੁਤਬਾ ਬਹਾਲ ਕਰਨ ਲਈ ਜਥੇਬੰਦਕ ਢੰਗ ਦੀ ਲੋੜ ਸੀ। ਇਸ ਸਮੇਂ ਜੇਕਰ ਹਾਲਾਤ ਸਖਾਵੇ ਹੁੰਦੇ ਤਾਂ ਇਹ ਵੀ ਸੰਭਵ ਸੀ ਕਿ ਬਹੁਤ ਸਾਰੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਥਾਂ ਆਪਣੇ ਆਪ ਨੂੰ ਅਗਲੇ ਗੁਰੂ ਵਜੋਂ ਪ੍ਰਚਾਰਨਾ ਸ਼ੁਰੂ ਕਰ ਦੇਣਾ ਸੀ। ਇਸ ਲਈ ਗੁਰੂ ਜੀ ਵੱਲੋਂ ਬੰਦਾ ਸਿੰਘ ਬਹਾਦਰ ਦੀ ਚੋਣ ਕਮਾਲ ਦੀ ਸੂਝ-ਬੂਝ ਦਾ ਪ੍ਰਤੱਖ ਨਮੂਨਾ ਹੈ। ਇਹ ਵੀ ਗੁਰੂ ਜੀ ਦੇ ਅਸ਼ੀਰਵਾਦ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਿਦਕਦਿਲੀ ਦਾ ਨਮੂਨਾ ਹੈ ਕਿ 1710 ਵਿਚ ਸਰਹਿੰਦ ਦੀ ਜਿੱਤ ਤੋਂ ਪਹਿਲਾਂ ਗਿਆਰਵੀ ਸਦੀ ਤੱਕ ਭਾਰਤ ਨੂੰ ਜਿੱਤ ਪ੍ਰਾਪਤ ਨਹੀਂ ਸੀ ਹੋਈ ਇਸ ਲਈ ਜਨਸਧਾਰਨ ਅਤੇ ਅਜੋਕੀ ਬਹੁਤਗਿਣਤੀ ਨੇ ਮੁਗਲ ਸਾਮਰਾਜ ਨੂੰ ਆਪਣੀ ਹੋਣੀ ਮੰਨ ਲਿਆ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਵਿਦੇਸ਼ੀ ਰਾਜ ਦੀਆਂ ਨੀਂਹਾਂ ਉਖਾੜ ਕੇ ਭਾਰਤ ਵਿਚ ਪਹਿਲੀ ਵਾਰ ਸਵਰਾਜ ਸਥਾਪਿਤ ਕੀਤਾ। ਉਸ ਸਮੇਂ ਸਰਹਿੰਦ ਦੀ ਜਿੱਤ ਅੱਜ ਦੇ ਦਿੱਲੀ ਵਾਲੇ ਤਖ਼ਤ ਨੂੰ ਕਬਜ਼ੇ ਵਿਚ ਲੈਣ ਤੋਂ ਵੀ ਵੱਡੀ ਕਾਰਵਾਈ ਸੀ ਕਿਉਂਕਿ ਸਰਹਿੰਦ ਭਾਰਤ ਵਿਚ ਮੁਗਲ ਸਲਤਨਤ ਦਾ ਅਹਿਮ ਕੇਂਦਰ ਸੀ। ਸਰਹਿੰਦ ਦੀ ਇਸ ਜਿੱਤ ਨਾਲ ਜਿਥੇ ਮੁਗਲ ਸਾਮਰਾਜ ਦੇ ਅਜਿੱਤ ਹੋਣ ਦਾ ਭਰਮ ਟੁੱਟ ਗਿਆ, ਉਥੇ ਗੁਰੂਆਂ ਦੀ ਸਮਾਜਿਕ ਵਿਚਾਰਧਾਰਾ ਨੂੰ ਵੀ ਭਰਵੇਂ ਫੁੱਲ ਨਿਕਲ ਆਏ।


ਤਿੰਨ ਸੌ ਸਾਲਾ ਸਰਹਿੰਦ ਫਤਹਿ ਦਿਵਸ ਜਿਸ ਨੂੰ ਕਿ ‘ਖਾਲਸਾ ਰਾਜ ਦੀ ਸਥਾਪਨਾ' ਵਜੋਂ ਮਨਾਉਣ ਦੇ ਵਿਚਾਰ ਵੀ ਆਏ ਹਨ ਇਸ ਦਿਨ 'ਤੇ ਸਾਨੂੰ ਬੰਦਾ ਸਿੰਘ ਬਹਾਦਰ ਜੀ ਦੀ ਸ਼ਖਸੀਅਤ ਦੇ ਬਹੁਪੱਖੀ ਵਿਸਲੇਸ਼ਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਸ ਮਹਾਨ ਨਾਇਕ ਦੀ ਸਿਦਕਦਿਲੀ ਅਤੇ ਸ਼ਰਧਾ ਵਾਲੇ ਵਲਵਲਿਆਂ ਨੂੰ ਮੁੜ ਸੁਰਜੀਤ ਕਰਨ ਵਿਚ ਮਦਦ ਹੋ ਸਕੇ। ਸਾਨੂੰ ਇਸ ਦਿਹਾੜੇ 'ਤੇ ਇਹ ਸੋਚਣਾ ਪਵੇਗਾ ਕਿ ਆਖਰ ਕੀ ਕਾਰਨ ਸਨ ਕਿ ਬਹੁਤ ਹੀ ਘੱਟ ਗਿਣਤੀ ਸਿੱਖਾਂ ਨੇ ਮਾਮੂਲੀ ਸਾਧਨਾ ਨਾਲ ਵਿਸ਼ਾਲ ਸਲਤਨਤ ਦੀਆਂ ਜੜਾਂ ਕਿਵੇਂ ਉਖਾੜ ਦਿੱਤੀਆਂ?


ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲੇ ਅਸ਼ੀਰਵਾਦ ਤੋਂ ਬਾਅਦ ਲੋਕ ਰਾਜ ਸਥਾਪਿਤ ਕਰਨ ਵਿਚ ਕਾਮਯਾਬੀ ਦਾ ਜੋ ਦੂਸਰਾ ਨੁਕਤਾ ਪ੍ਰਗਟ ਹੁੰਦਾ ਹੈ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲੋਕ ਭਾਵਨਾ ਨੂੰ ਸਮਝਣ ਦਾ ਹੈ। ਉਹਨਾਂ ਦੇ ਪੰਜਾਬ ਪਰਤਣ ਸਮੇਂ ਜੋ ਹੁਕਮਨਾਮੇ ਸਿੱਖ ਸੰਗਤਾਂ ਦੇ ਨਾਮ ਜਾਰੀ ਕੀਤੇ ਉਹਨਾਂ ਵਿਚ ਸਮਾਜਿਕ ਸੁਧਾਰ ਦੀ ਗੱਲ ਸਭ ਤੋਂ ਵੱਧ ਵਾਰ ਅੰਕਿਤ ਕੀਤੀ ਗਈ ਹੈ। ਆਪਣੇ ਪਹਿਲੇ ਹੀ ਹੁਕਮਨਾਮੇ ਰਾਹੀਂ ਸੰਗਤ ਦੇ ਨਾਮ ਸੰਦੇਸ਼ ਵਿਚ ਨਸ਼ਿਆਂ ਦਾ ਤਿਆਗ ਅਤੇ ਸੁਆਦਲੇ ਖਾਣਿਆਂ ਦਾ ਚਸਕਾ ਛੱਡਣ ਦੀ ਤਾਕੀਦ ਕੀਤੀ ਗਈ ਹੈ। ਕਿਉਂਕਿ ਉਸ ਸਮੇਂ ਵੀ ਅੱਜ ਵਾਂਗ ਦਰਮਿਆਨਾ ਸਮਾਜ ਨਸ਼ਿਆਂ ਵਿਚ ਗੁਲਤਾਨ ਅਤੇ ਅਮੀਰ ਵਰਗ ਦੁਨਿਆਵੀ ਚਸਕਿਆਂ ਵਿਚ ਰੁਚਿਤ ਸੀ ਇਹ ਦੋਨਾਂ ਗੱਲਾਂ ਹੀ ਸਮਾਜਿਕ ਵਿਕਾਸ ਦੇ ਰਾਹ ਵਿਚ ਵੱਡੀ ਰੁਕਾਵਟ ਹਨ। ਭਾਵੇਂ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ 'ਤੇ ਸਿੱਖ ਫਲਸਫੇ ਦਾ ਵਿਰੋਧੀ ਹੋਣ ਦੀਆਂ ਬਹੁਤ ਸਾਰੀਆਂ ਊਂਝਾਂ ਲੱਗਦੀਆਂ ਰਹੀਆਂ ਫਿਰ ਵੀ ਇਹ ਇਲਜਾਮਾਂ ਦਾ ਸਿੱਖ ਸੰਗਤ 'ਤੇ ਬਹੁਤਾ ਅਸਰ ਇਸ ਕਰਕੇ ਨਾ ਹੋ ਸਕਿਆ ਕਿਉਂਕਿ ਲੋਕ ਭਾਵਨਾ ਦੀ ਤਰਜਮਾਨੀ ਕਰਨ ਕਾਰਨ ਸਭ ਸਿੱਖ ਉਹਨਾਂ ਦੀ ਤਿਆਗ ਭਾਵਨਾ ਅਤੇ ਨਿੱਜਵਾਦੀ ਲਾਭ ਪ੍ਰਾਪਤ ਕਰਨ ਦੀ ਥਾਂ ਸਮਾਜਿਕ ਸੁਧਾਰ ਨੂੰ ਪਹਿਲ ਦੇਣ ਨੂੰ ਅੱਖੀਂ ਦੇਖ ਰਹੇ ਸਨ। ਅਨੇਕਾਂ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ਜਾਰੀ ਕੀਤੇ ਗਏ ਸਿੱਕੇ 'ਤੇ ਅੰਕਿਤ ਸ਼ਬਦ ਇਸ ਗੱਲ ਦੀ ਪ੍ਰਤੱਖ ਗਵਾਹੀ ਹਨ। ਤਿਆਗ ਦੀ ਭਾਵਨਾ ਦੀ ਸਭ ਤੋਂ ਵੱਡੀ ਮਸਾਲ ਉਹਨਾਂ ਦੁਆਰਾ ਜਿੱਤੇ ਗਏ ਇਲਾਕਿਆਂ 'ਤੇ ਆਪਣੇ ਜਥੇਦਾਰਾਂ ਨੂੰ ਸਥਾਪਿਤ ਕਰਨ ਦੀ ਥਾਂ ਆਮ ਲੋਕਾਂ ਵਿਚੋਂ ਚੁਣੇ ਗਏ ਨੁਮਾਇੰਦਿਆਂ ਦਾ ਹੋਣਾ ਦੇਖਿਆ ਜਾ ਸਕਦਾ ਹੈ। ਤਿਆਗ ਦੀ ਭਾਵਨਾ ਨਾਲ ਉਹਨਾਂ ਸਿੱਖਾਂ ਵਿਚ ਇੰਨਾਂ ਵਿਸ਼ਵਾਸ ਪੈਦਾ ਕਰ ਲਿਆ ਸੀ ਕਿ ਦੁਸ਼ਮਣਾਂ ਦੇ ਕਾਬੂ ਆ ਜਾਣ ਤੋਂ ਬਾਅਦ ਕੋਈ ਸਾਢੇ ਸੱਤ ਸੌ ਦੇ ਕਰੀਬ ਸਿੱਖਾਂ ਸਮੇਤ ਕਿਸੇ ਇਕ ਨੇ ਵੀ ਉਹਨਾਂ ਦੀ ਅਗਵਾਈ ਵਿਚ ਲੜੀ ਗਈ ਲੜਾਈ ਤੋਂ ਇਨਕਾਰ ਨਹੀਂ ਕੀਤਾ। ਬਾਬਾ ਜੀ ਦੀ ਅਗਵਾਈ ਵਿਚ ਅਨੇਕਾਂ ਜ਼ੁਲਮ ਸਹਿਦਿਆਂ ਹੋਇਆਂ ਵੀ ਸਾਨਾਮਤੀ ਸ਼ਹੀਦੀ ਪ੍ਰਾਪਤ ਕੀਤੀ।


ਹੁਣ ਜਦੋਂ ਅਸੀਂ ਇਸ ਮਹਾਨ ਸਿੱਖ ਯੋਧੇ ਦੀ ਯਾਦ ਮਨਾ ਰਹੇ ਹਾਂ ਤਾਂ ਸਾਨੂੰ ਇਹ ਸਾਰੀਆਂ ਗੱਲਾਂ ਵੱਲ ਇਕ ਵਾਰ ਜ਼ਰੂਰ ਝਾਤੀ ਮਾਰ ਕੇ ਆਤਮ ਵਿਸਲੇਸ਼ਨ ਕਰਨਾ ਹੋਵੇਗਾ ਕਿ ਗੁਰੂ ਦੇ ਸਿੱਖ ਹੋਣ ਦੇ ਨਾਤੇ ਕੀ ਅਸੀਂ ਇਹ ਸਾਰੇ ਗੁਣ ਗ੍ਰਹਿਣ ਕਰਨ ਦੀ ਇੱਛਾ ਰੱਖਦੇ ਹਾਂ ਜਾਂ ਫਿਰ ਕੀ ਅਸੀਂ ਯਤਨ ਕਰ ਰਹੇ ਹਾਂ ਕਿ ਗੁਰੂ ਜੀ ਦੀ ਸਿੱਖਿਆ ਅਨੁਸਾਰ ਅਸੀਂ ਆਪਣਾ ਜੀਵਨ ਬਣਾ ਸਕੀਏ। ਜਦੋਂ ਅਸੀਂ ਇਹ ਵਿਸਲੇਸ਼ਨ ਕਰਾਂਗੇ ਤਾਂ ਸਾਨੂੰ ਆਪਣੀਆਂ ਘਾਟਾਂ ਦਾ ਅਹਿਸਾਸ ਵੀ ਜ਼ਰੂਰ ਹੋਵੇਗਾ। ਇਸ ਨਾਲ ਸਾਨੂੰ ਸਿੱਖੀ ਵਿਚ ਆਈ ਮੌਜੂਦਾ ਖੜੌਤ ਦੀ ਸਮਝ ਵੀ ਆ ਜਾਵੇਗੀ। ਅਜਿਹਾ ਵਿਸਲੇਸ਼ਨ ਕਰਦੇ ਸਮੇਂ ਸਾਨੂੰ ਇਹ ਭਾਵਨਾ ਦਿਲ ਵਿਚ ਰੱਖਣੀ ਚਾਹੀਦੀ ਹੈ ਕਿ ਸਾਡੇ ਗੁਰੂ ਹੁਣ ਵੀ ਸਾਡੇ ਨਾਲ ਹਨ ਜੋ ਸਾਨੂੰ ਅਸ਼ੀਰਵਾਦ ਦੇਣ ਲਈ ਤੱਤਪਰ ਹਨ। ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਅਸੀਂ ਚੰਗਾ ਸਮਾਜ ਸਿਰਜਣ ਦੀ ਥਾਂ ਅਸੱਭਿਅਕ ਸਮਾਜ ਸਿਰਜਣ ਵਿਚ ਸਹਾਈ ਹੀ ਹੋ ਰਹੇ ਹਾਂ। ਇਹ ਆਤਮ ਵਿਸਲੇਸ਼ਨ ਦੀ ਘਾਟ ਦਾ ਹੀ ਨਤੀਜਾ ਹੈ ਕਿ ਅਸੀਂ ਗੁਰੂ ਦੇ ਅਸ਼ੀਰਵਾਦ ਤੋਂ ਵਾਂਝੇ ਰਹਿ ਗਏ ਹਾਂ ਅਤੇ ਬੰਦਾ ਸਿੰਘ ਬਹਾਦਰ ਦੇ ਸਾਥੀ ਹੋਣ ਦੀ ਥਾਂ ਅਜੇ ਵੀ ਮਾਧੋ ਦਾਸ ਵਾਲੀ ਅਵਸਥਾ ਵਿਚ ਵਿਚਰ ਰਹੇ ਹਾਂ। ਸਗੋਂ ਕੌੜਾ ਸੱਚ ਤਾਂ ਇਹ ਵੀ ਹੈ ਕਿ ਇਸ ਮਹਾਨ ਨਾਇਕ ਨੂੰ ਜੋ ਅਜੇ ਵੀ ਬੰਦਾ ਸਿੰਘ ਬੈਰਾਗੀ ਦੱਸ ਰਹੇ ਹਨ ਉਹਨਾਂ ਨਾਲ ਖੜ• ਕੇ ਅਸੀਂ ਗੁਰੂ ਦੇ ਅਸ਼ੀਰਵਾਦ ਤੋਂ ਸੱਖਣੇ ਹੋਣ ਵੱਲ ਵਧ ਰਹੇ ਹਾਂ।