ਅਠਾਰ੍ਹਵੀਂ ਸਦੀ ਵਿਚ ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਲਾਸਾਨੀ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਕਾ ਸਰਹਿੰਦ ਦੇ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ। ਵਜ਼ੀਰ ਖਾਂ ਦਾ ਕਤਲ ਅਤੇ ਬੰਦਾ ਬਹਾਦਰ ਦੀ ਕਮਾਨ ਹੇਠ ਸਿੱਖਾਂ ਦਾ ਸਰਹਿੰਦ 'ਤੇ ਕਾਬਜ਼ ਹੋ ਜਾਣਾ, ਇਕ ਅਜਿਹੀ ਵਿਲੱਖਣ ਘਟਨਾ ਸੀ, ਜਿਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ। ਇਸ ਘਟਨਾ ਤੋਂ ਬਾਅਦ ਇਤਿਹਾਸ ਇਕ ਨਵੇਂ ਦੌਰ ਵਿਚ ਦਾਖਲ ਹੁੰਦਾ ਹੈ ਅਤੇ ਨਵੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਹਨ।
ਤੁਸੀਂ ਵੇਖੋਗੇ ਕਿ ਇਸ ਘਟਨਾ ਤੋਂ ਫੌਰਨ ਬਾਅਦ ਇਤਿਹਾਸ ਇਕ ਤਿੱਖਾ ਮੋੜ ਕੱਟਦਾ ਹੈ ਅਤੇ ਸਿੱਖ, ਪਹਿਲੀ ਵੇਰ, ਭਾਰਤ ਦੇ ਨਕਸ਼ੇ 'ਤੇ ਇਕ ਰਾਜਸੀ ਤਾਕਤ ਦੇ ਰੂਪ ਵਿਚ ਉਂਭਰ ਕੇ ਸਾਹਮਣੇ ਆਉਂਦੇ ਹਨ। ਜਾਂ ਇਉਂ ਕਹਿ ਲਵੋ ਕਿ ਸਰਹਿੰਦ ਦੀ ਜਿੱਤ ਤੋਂ ਬਾਅਦ ਸਿੱਖ ਉਸ ਸ਼ਾਹਰਾਹ 'ਤੇ ਹੋ ਤੁਰੇ ਜੋ ਉਨ੍ਹਾਂ ਨੂੰ ਸਿੱਧਾ ਸਿੱਖ ਰਾਜ ਦੀ ਕਾਇਮੀ ਵੱਲ ਲਿਜਾ ਰਿਹਾ ਸੀ। ਜ਼ਾਹਿਰ ਹੈ, ਸਰਹਿੰਦ ਦੀ ਜਿੱਤ ਨੇ ਸਿੱਖ ਇਤਿਹਾਸ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ' ਦੀ ਬਹੁਚਰਚਿਤ ਦਾਸਤਾਨ ਦੇ ਇਤਿਹਾਸਕ ਮਹੱਤਵ ਦੀ ਪਛਾਣ ਕਰਨ ਲਈ, ਇਹ ਜ਼ਰੂਰੀ ਬਣਦਾ ਹੈ ਕਿ ਪਹਿਲਾਂ ਇਸ ਘਟਨਾ ਦੇ ਇਤਿਹਾਸਕ ਪਿਛੋਕੜ ਅਤੇ ਸਮਕਾਲੀ ਅਵਸਥਾ ਬਾਰੇ ਸੰਖੇਪ ਵਿਚ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰ ਲਈ ਜਾਵੇ, ਤਾਂਕਿ ਵਿਸ਼ੇ ਤੋਂ ਬਿਲਕੁਲ ਅਣਜਾਣ ਪਾਠਕ ਨੂੰ ਵੀ ਨਾਲ ਲੈ ਕੇ ਤੁਰਿਆ ਜਾ ਸਕੇ।
ਪਿਛੋਕੜ- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਵੱਲੋਂ ਜ਼ਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰਨ ਦੀ ਮੰਦਭਾਗੀ ਘਟਨਾ ਨੇ ਸਿੱਖ ਸਮਾਜ ਨੂੰ ਗ਼ਮਾਂ ਦੇ ਡੂੰਘੇ ਸਮੁੰਦਰ ਵਿਚ ਡੁਬੋ ਦਿੱਤਾ। ਸਿੱਖ ਮਾਨਸਿਕਤਾ ਲੀਰੋ ਲੀਰ ਹੋ ਗਈ। ਇਸ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਸਿੱਖਾਂ ਦੇ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫਰਤ ਦੀ ਅੱਗ ਭੜਕ ਉਂਠੀ ਅਤੇ ਸਿੱਖਾਂ ਦੇ ਸੰਘਰਸ਼ ਨੇ ਇਕ ਕ੍ਰਾਂਤੀਕਾਰੀ ਲਹਿਰ ਅਤੇ ਜ਼ੁਲਮ ਵਿਰੁੱਧ ਉਂਠੇ ਇਨਕਲਾਬ ਦਾ ਰੂਪ ਧਾਰਨ ਕਰ ਲਿਆ। ਦੂਜੇ ਸ਼ਬਦਾਂ ਵਿਚ ਸ਼ਹਾਦਤ ਦੀ ਇਸ ਬੇਨਜ਼ੀਰ ਘਟਨਾ ਨੇ ਸਿੱਖਾਂ ਨੂੰ ਮੁਗ਼ਲਾਂ ਵਿਰੁੱਧ ਲਾਮਬੰਦ ਹੋਣ ਲਈ ਠੋਸ ਅਧਾਰ ਮੁਹੱਈਆ ਕੀਤਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਾਕਾ ਸਰਹਿੰਦ ਤੇ ਬੰਦਾ ਬਹਾਦਰ ਵੱਲੋਂ ਸਰਹਿੰਦ ‘ਇੱਟ ਨਾਲ ਇੱਟ ਖੜਕਾਉਣ' ਦੀ ਘਟਨਾ ਦਾ ਆਪਸ ਵਿਚ ਸਿੱਧਾ ਸਬੰਧ ਹੈ। ਤੁਸੀਂ ਵੇਖੋਗੇ ਕਿ ਸਾਕਾ ਸਰਹਿੰਦ ਤੋਂ ਥੋੜ੍ਹੇ ਅਰਸੇ ਬਾਅਦ ਹੀ ‘ਬਸਤੀ ਸਰਹਿੰਦ ਕੀ ਈਟੋਂ ਕਾ ਢੇਰ ਥੀ।' (ਅੱਲ੍ਹਾ ਯਾਰ ਖ਼ਾਂ ਜੋਗੀ)। ਇਹ ਕਹਿਣਾ ਸੱਚ ਦੇ ਜ਼ਿਆਦਾ ਕਰੀਬ ਹੋਵੇਗਾ ਕਿ ਬਾਬਾ ਬੰਦਾ ਸਿੰਘ ਬਹਾਦਰ, ਸਾਕਾ ਸਰਹਿੰਦ ਦੇ ਪ੍ਰਤੀਕਰਮ ਵਜੋਂ ਹੀ ਪੰਜਾਬ ਦੇ ਇਤਿਹਾਸਕ ਰੰਗ ਮੰਚ 'ਤੇ ਇਕ ਨਾਇਕ ਦੇ ਰੂਪ ਵਿਚ ਉਂਭਰ ਕੇ ਸਾਹਮਣੇ ਆਏ।
ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਗੋਬਿੰਦ ਸਿੰਘ ਸਭ ਕੁਝ ਲੁਟਾ ਕੇ ਵੀ ਅਡੋਲ ਰਹੇ, ਪਰ ਉਨ੍ਹਾਂ ਨੇ ਦੋਸ਼ੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਨਿਸਚਾ ਕਰ ਲਿਆ ਸੀ। ਇਸ ਕਾਰਜ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਮਾਨਸਿਕ ਤੇ ਜਥੇਬੰਦਕ ਤੌਰ 'ਤੇ ਤਿਆਰ ਕੀਤਾ। ਇਸ ਤਰ੍ਹਾਂ ਸਾਕਾ ਸਰਹਿੰਦ (27 ਦਸੰਬਰ 1704 ਈ.) ਤੋਂ ਲਗਭਗ ਚਾਰ ਸਾਲ ਬਾਅਦ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਸਮੁੱਚਾ ਸਿੱਖ ਜਗਤ, ਇਸ ਜ਼ੁਲਮ ਦਾ ਬਦਲਾ ਲੈਣ ਲਈ ਬੇਸਬਰੀ ਨਾਲ ‘ਪੱਬਾਂ ਭਾਰ ਹੋ ਕੇ' ਵਕਤ ਦਾ ਇੰਤਜ਼ਾਰ ਕਰਨ ਲੱਗਾ। ਇਤਿਹਾਸ ਦੇ ਇਸ ਨਾਜ਼ੁਕ ਤੇ ਕਾਲੇ ਦੌਰ ਵਿਚ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਗੋਬਿੰਦ ਸਿੰਘ ਨੇ ਬੜੇ ਨਾਟਕੀ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ।
ਬੰਦਾ ਬਹਾਦਰ ਦੀ ਉਮਰ ਉਸ ਵੇਲੇ 38 ਵਰ੍ਹਿਆਂ ਦੀ ਸੀ। ... ਚਿਹਰਾ ਬੜਾ ਰੋਅਬ ਦਾਅਬ ਵਾਲਾ ਅਤੇ ਸਭ ਤੋਂ ਵਧ ਕੇ ਵੈਰੀ ਨੂੰ ਖ਼ੌਫ ਜ਼ਦਾ ਕਰਨ ਵਾਲੀਆਂ ਮੋਟੀਆਂ-ਮੋਟੀਆਂ ਦਗਦੀਆਂ ਅੱਖਾਂ। ਨਿਰਾ ਤਾਕਤ ਦਾ ਪਹਾੜ... ਗੁਰੂ ਗੋਬਿੰਦ ਸਿੰਘ ਤੋਂ ਲਗਭਗ ਚਾਰ ਸਾਲ ਛੋਟਾ... ਸਿੱਖ ਕੌਮ ਦੀ ਕਿਸਮਤ ਦੀ ਵਾਗਡੋਰ ਸੰਭਾਲਣ ਵਾਲਾ ਸੁਭਾਗਾ ਵਿਅਕਤੀ, ਜਿਸ ਨੇ ਸਿੱਖਾਂ ਦੀ ਲਾਜ ਰੱਖ ਲਈ।
ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਨੂੰ ‘ਬਹਾਦਰ' ਦਾ ਖਿਤਾਬ ਦੇ ਕੇ, ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਉਂਝ ਵੀ ਪੰਜਾਬ 'ਤੇ ਚੜ੍ਹਾਈ ਕਰਨ ਲਈ ਇਹ ਐਨ ਢੁਕਵਾਂ ਸਮਾਂ ਸੀ, ਕਿਉਂਕਿ ਪੰਜਾਬ ਅੰਦਰ ਅਸਥਿਰਤਾ ਅਤੇ ਰਾਜਸੀ ਉਥਲ ਪੁਥਲ ਦਾ ਮਾਹੌਲ ਪੈਦਾ ਹੋ ਚੁੱਕਾ ਸੀ। ਦੂਜਾ, ਸਿੱਖ ਮਾਨਸਿਕ ਤੇ ਜਥੇਬੰਦਕ ਤੌਰ 'ਤੇ ਟੱਕਰ ਲੈਣ ਲਈ ਤਿਆਰ ਸਨ। ਇਸ ਸਮੇਂ ਬੰਦਾ ਬਹਾਦਰ ਨੂੰ ਮੈਦਾਨ ਵਿਚ ਉਤਾਰਨਾ, ਗੁਰੂ ਸਾਹਿਬ ਦੀ ਤੀਖਣ ਬੁੱਧੀ, ਉਂਚ ਮਨੋਵਿਗਿਆਨਕ ਯੋਗਤਾ, ਜੰਗੀ ਸੂਝ ਬੂਝ ਅਤੇ ਪੈਂਤੜੇਬਾਜ਼ੀ ਦਾ ਸਿਖ਼ਰ ਕਿਹਾ ਜਾ ਸਕਦਾ ਹੈ।
ਆਰੇ ਦੇ ਵਾਂਗ ਚੀਰ ਕੇ ਧਰ ਦਿੱਤਾ ਪਾੜ ਕੇ।
ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਬੰਦਾ ਬਹਾਦਰ ਅਤੇ ਵਜ਼ੀਰ ਖ਼ਾਂ ਦੀ ਆਹਮੋ-ਸਾਹਮਣੇ ਟੱਕਰ ਹੋਈ। ਇਸ ਸਬੰਧ ਵਿਚ ਅੰਗਰੇਜ਼ ਇਤਿਹਾਸਕਾਰ ਮੈਕਾਲਿਫ਼ ਦਾ ਹਵਾਲਾ ਜ਼ਿਕਰਯੋਗ ਹੈ। ਮੈਕਾਲਿਫ਼ ਅਨੁਸਾਰ- 'ਜਦੋਂ ਬਹੁਤ ਸਾਰੇ ਮੁਸਲਮਾਨ ਮਾਰੇ ਗਏ, ਬੰਦਾ ਤੇ ਵਜ਼ੀਰ ਆਪਸ ਵਿਚ ਉਲਝੇ। ...ਬੰਦੇ ਨੇ ਤਲਵਾਰ ਦੇ ਇਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ।' ‘ਸੂਰਜ ਪ੍ਰਕਾਸ਼' ਅਤੇ ‘ਮਹਿਮਾ ਪ੍ਰਕਾਸ਼' ਦੇ ਲੇਖਕਾਂ ਦੀ ਵੀ ਇਹੋ ਰਾਇ ਹੈ ਕਿ ਵਜ਼ੀਰ ਖ਼ਾਂ ਦੀ ਮੌਤ ਬੰਦਾ ਬਹਾਦਰ ਦੇ ਹੱਥੋਂ ਹੋਈ, ਪਰ ਤਲਵਾਰ ਨਾਲ ਨਹੀਂ, ਬਲਕਿ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਤੀਰਾਂ ਵਿਚੋਂ ਇਕ ਨਾਲ। ਇਸ ਸਬੰਧ ਵਿਚ ਭਾਈ ਕਰਮ ਸਿੰਘ ਲਿਖਦਾ ਹੈ ਕਿ ‘ਦੁਵੱਲਿਓਂ ਸੂਰਮੇ ਖਟਾ-ਖਟ ਤਲਵਾਰ ਚਲਾ ਰਹੇ ਸਨ ਕਿ ਅਚਨਚੇਤ ਹੀ ਵਜ਼ੀਰ ਖ਼ਾਂ ਨੂੰ ਇਕ ਤੀਰ ਜਾ ਲੱਗਾ ਅਤੇ ਉਹ ਧੜੱਮ ਕਰਕੇ ਘੋੜੇ ਤੋਂ ਜਾ ਡਿੱਗਾ।' (ਕਰਮ ਸਿੰਘ, 'ਬੰਦਾ ਬਹਾਦਰ', ਪੰਨਾ 72)। ਗਿਆਨੀ ਗਿਆਨ ਸਿੰਘ ਦਾ ਵਿਚਾਰ ਹੈ ਕਿ 'ਇਕ ਸਿੰਘ ਦੇ ਤੀਰ ਨਾਲ ਵਜ਼ੀਰ ਖ਼ਾਂ ਮਾਰਿਆ ਗਿਆ। ... ਫ਼ਤਿਹ ਸਿੰਘ ਨੇ ਵਜ਼ੀਰ ਖ਼ਾਂ ਦੀ ਲਾਸ਼ ਨੂੰ ਚੁੱਕ ਕੇ ਬੰਦੇ ਦੇ ਕੋਲ ਪੁਚਾਇਆ।' ਮੌਤ ਭਾਵੇਂ ਕਿਵੇਂ ਵੀ ਹੋਈ ਹੋਵੇ, ਸਿੱਖਾਂ ਨੇ ਉਸ ਦਾ 'ਕਰਜ਼ ਵਿਆਜ ਸਮੇਤ ਮੋੜ ਦਿੱਤਾ।' ਵਜ਼ੀਰ ਖ਼ਾਂ ਦੀ ਮੌਤ ਨਾਲ ਮੁਗ਼ਲਾਂ ਦੀ ਹਾਰ ਨਿਸ਼ਚਿਤ ਹੋ ਗਈ ਅਤੇ ਮੈਦਾਨ ਸਿੱਖਾਂ ਦੇ ਹੱਥ ਆਇਆ।
ਸਰਹਿੰਦ 'ਤੇ ਕਬਜ਼ਾ- 14 ਮਈ 1710 ਈ. ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖ਼ਲ ਹੋਏ। ਇਤਿਹਾਸਕਾਰ ਸੋਹਣ ਸਿੰਘ ਅਨੁਸਾਰ- 'ਵਜ਼ੀਰ ਖ਼ਾਂ ਦੀਆਂ ਲੱਤਾਂ ਇਕ ਰੱਸੀ ਨਾਲ ਬੰਨ੍ਹ ਦਿੱਤੀਆਂ ਗਈਆਂ, ਉਸ ਨੂੰ ਸ਼ਹਿਰ ਦੇ ਬਜ਼ਾਰਾਂ ਵਿਚ ਘਸੀਟਿਆ ਗਿਆ ਅਤੇ ਇੰਝ ਕੀਤੇ ਜਾਣ ਮਗਰੋਂ ਉਸ ਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ ਗਿਆ, ਜਿਥੇ ਉਸ ਦੀ ਲਾਸ਼ ਇੱਲਾਂ-ਚੀਲਾਂ ਲਈ ਦਾਅਵਤ ਦੇ ਕੰਮ ਆਈ।' (ਦੇਖੋ, ਸੋਹਣ ਸਿੰਘ ਦੀ ਪੁਸਤਕ, 'ਬੰਦਾ ਦੀ ਬਰੇਵ', ਪੰਨਾ 84-85) ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਅਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ।
ਮਹਿਲ-ਮਾੜੀਆਂ ਢਾਹ ਕੇ ਰੱਖ ਦਿੱਤੀਆਂ। ਸੁੱਚਾ ਨੰਦ ਦੀ ਹਵੇਲੀ ਸਵਾਹ ਦੇ ਢੇਰ ਵਿਚ ਬਦਲ ਦਿੱਤੀ, ਜਿਸ ਦਾ ਜ਼ਿਕਰ ਕਰਦਿਆਂ ਮੁਹੰਮਦ ਕਾਸਿਮ ਲਿਖਦਾ ਹੈ-'ਖ਼ਾਸ ਕਰਕੇ ਵਜ਼ੀਰ ਖ਼ਾਂ ਦੇ ਪੇਸ਼ਕਾਰ ਸੁੱਚਾ ਨੰਦ ਦੀ ਹਵੇਲੀ ਅਤੇ ਮਾਲ ਦੌਲਤ ਜਿਵੇਂ ਇਸ ਦਿਨ ਲਈ ਹੀ ਬਣੇ ਅਤੇ ਜਮ੍ਹਾਂ ਕੀਤੇ ਹੋਏ ਸਨ ਕਿ ਸਵਰਗਾਂ ਵਰਗੇ ਮਹਿਲ ਕਾਵਾਂ ਦੇ ਅੱਡੇ ਬਣਨ।' ਲੁੱਟ ਮਾਰ ਦਾ ਜ਼ਿਕਰ ਕਰਦਿਆਂ ਖ਼ਫੀ ਖ਼ਾਨ ਲਿਖਦਾ ਹੈ- 'ਕਿ ਧਨ, ਮਾਲ, ਘੋੜੇ, ਹਾਥੀ ਬੇਦੀਨਿਆਂ ਦੇ ਹੱਥ ਆਏ'। ਸੱਯਦ ਮੁਹੰਮਦ ਲਤੀਫ ਬੰਦਾ ਬਹਾਦਰ ਵਲੋਂ ਸਰਹੰਦ ਦੀ ਤਬਾਹੀ ਦਾ ਜ਼ਿਕਰ ਕਰਦਿਆਂ ਲਿਖਦਾ ਹੈ ‘ਬੰਦਾ ਹੁਣ ਸਰਹਿੰਦ ਵਿਚ ਦਾਖਲ ਹੋਇਆ ਅਤੇ ਸਾਰੇ ਸ਼ਹਿਰ ਨੂੰ ਜੰਗਲੀ ਅਤੇ ਬਦਲਾ ਲਊ ਢੰਗ ਨਾਲ ਸਜ਼ਾ ਦਿੱਤੀ।' ਚੇਤੇ ਰਹੇ! ਸਿੱਖ ਇਤਿਹਾਸ ਨੂੰ ਬਿਆਨ ਕਰਨ ਵਾਲੇ ਬਹੁਤੇ ਮੁਸਲਮਾਨ ਇਤਿਹਾਸਕਾਰਾਂ ਦਾ ਰਵੱਈਆ ਪੱਖਪਾਤੀ ਰਿਹਾ ਹੈ। ਇਹ ਉਨ੍ਹਾਂ ਦੀ ਮਜਬੂਰੀ ਵੀ ਹੋ ਸਕਦੀ ਹੈ।
ਬੇਸ਼ੱਕ ਇਹ ਕਹਿਣਾ ਇਕ ਰਵਾਇਤ ਹੀ ਬਣ ਚੁੱਕੀ ਹੈ ਕਿ ਬੰਦਾ ਬਹਾਦਰ ਨੇ ਸਰਹਿੰਦ ਦੀ 'ਇੱਟ ਨਾਲ ਇੱਟ ਵਜਾ ਦਿੱਤੀ' ਸੀ, ਭਾਵ ਕਿ ਸਰਹਿੰਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ, ਪਰ ਆਧੁਨਿਕ ਖੋਜ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਰਹਿੰਦ ਨੂੰ ਉਦੋਂ ਬੁਰ੍ਹੀ ਤਰ੍ਹਾਂ ਤਬਾਹ ਕੀਤਾ ਗਿਆ ਜਦੋਂ ਸੰਨ 1763 ਵਿਚ ਸ.ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਿੱਖਾਂ ਨੇ ਸਰਹਿੰਦ ਨੂੰ ਮੁੜ ਫ਼ਤਿਹ ਕੀਤਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਇਕ ਬੰਦਾ ਬਹਾਦਰ ਦੀ ਕਮਾਨ ਹੇਠ ਸਰਹਿੰਦ ਨੂੰ ਫ਼ਤਿਹ ਕਰਨ ਉਪਰੰਤ ਸਿੱਖ ਸੈਨਾ ਨੇ ਸਰਹਿੰਦ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਬੰਦਾ ਬਹਾਦਰ ਨੇ, ਸਿੰਘਾਂ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ, ਨਿੱਜੀ ਪੱਧਰ 'ਤੇ ਦਖ਼ਲ ਦੇ ਕੇ ਇਸ ਕਾਰਵਾਈ ਨੂੰ ਬੰਦ ਕਰਵਾ ਦਿੱਤਾ ਸੀ। ਜਿੱਥੇ ਤੱਕ ਲੁੱਟ ਮਾਰ ਦਾ ਸਵਾਲ ਹੈ, ਡਾ. ਗੰਡਾ ਸਿੰਘ ਲਿਖਦਾ ਹੈ ਕਿ 'ਬੰਦੇ ਦੇ ਹੱਥ ਆਏ ਲੁੱਟ ਦੇ ਮਾਲ ਦੀ ਕੀਮਤ ਦਾ ਅੰਦਾਜ਼ਾ 2 ਕਰੋੜ ਹੋਵੇਗਾ, ਜੋ ਕਿ ਵਜ਼ੀਰ ਖ਼ਾਂ ਦੀ ਮਲਕੀਅਤ ਸੀ ਅਤੇ ਕੁਝ ਲੱਖ, ਜੋ ਕਿ ਸੁੱਚਾ ਨੰਦ ਅਤੇ ਦੂਜਿਆਂ ਦੀ ਮਲਕੀਅਤ ਸੀ।' (ਸੁੱਚਾ ਨੰਦ, ਸੂਬੇਦਾਰ ਵਜ਼ੀਰ ਖ਼ਾਂ ਦਾ ਪੇਸ਼ਕਾਰ ਸੀ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਬਹੁਤ ਹੀ ਭੱਦੀ ਭੂਮਿਕਾ ਨਿਭਾਈ ਸੀ।)
ਨਵੇਂ ਇਤਿਹਾਸ ਦੀ ਸਿਰਜਣਾ- ਸਰਹਿੰਦ ਦੀ ਜਿੱਤ ਨੇ ਇਤਿਹਾਸ ਨੂੰ ਨਵੀਆਂ ਨਕੋਰ ਸੇਧਾਂ ਦਿੱਤੀਆਂ। ਸਿੱਖ ਚੜ੍ਹਤ ਤੇ ਗੌਰਵ ਦੀ ਪ੍ਰਤੀਕ ਇਸ ਘਟਨਾ ਨੇ ਸਿੱਖਾਂ ਲਈ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ-ਇਤਿਹਾਸ ਕੁਝ ਸਮੇਂ ਲਈ ਸਿੱਖਾਂ ਦੇ ਹੱਥਾਂ ਵਿਚ 'ਪਾਲਤੂ' ਬਣ ਗਿਆ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਇਤਿਹਾਸ ਦੀ ਸਿਰਜਣਾ ਕਰਨ ਲੱਗੇ। ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸਢੌਰਾ ਅਤੇ ਨਾਹਨ ਵਿਚਕਾਰ ਮੁਖ਼ਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ 'ਲੋਹਗੜ੍ਹ' ਦਾ ਨਾਂ ਦਿੱਤਾ। ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸਿੱਕਾ ਜਾਰੀ ਕਰਕੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕੀਤੀ।
ਸੋ, ਬਾਬਾ ਬੰਦਾ ਸਿੰਘ ਬਹਾਦਰ (1670-1716) ਸਿੱਖਾਂ ਦਾ ਪਹਿਲਾਂ ਸੁਯੋਗ ਆਗੂ ਸੀ, ਜਿਸ ਨੇ ਪੰਜਾਬ ਵਿਚ ਸੁਤੰਤਰ ਸਿੱਖ ਰਾਜ ਕਾਇਮ ਕੀਤਾ ਅਤੇ ਸੱਤ ਸੌ ਸਾਲ ਪਹਿਲਾਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਬੰਦਾ ਬਹਾਦਰ ਨੇ ਸਦੀਆਂ ਦੀ ਗੁਲਾਮੀ ਤੋਂ ਬਾਅਦ ਸਰਹਿੰਦ ਦੀ ਜਿੱਤ ਪ੍ਰਾਪਤ ਕਰਕੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿਚੋਂ ਅਖਵਾਉਣ ਵਾਲਿਆਂ ਦੀ ਆਨ ਅਤੇ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ। ਇਤਫ਼ਾਕਵੱਸ, ਗੁਰੂ ਗੋਬਿੰਦ ਸਿੰਘ ਨੇ 1699 ਈ. ਵਿਚ ਆਨੰਦਪੁਰ ਸਾਹਿਬ ਵਿਖੇ ਜਿਸ ਇਨਕਲਾਬੀ ਤਹਿਰੀਕ ਦੀ ਨੀਂਹ ਰੱਖੀ ਸੀ, ਉਹ ਆਪਣਾ ਰੰਗ ਵਿਖਾਉਣ ਲੱਗੀ। ਮਿੱਟੀ ਮਿਲ ਰਹੇ ਮੁਗ਼ਲ ਸਾਮਰਾਜ ਨੇ ਇਸ ਲਹਿਰ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਹ ਅੰਦੋਲਨ, ਮੁਗ਼ਲਾਂ ਦੇ ਜ਼ੁਲਮੋਂ ਜਬਰ ਨੂੰ ਝੱਲਦਾ ਹੋਇਆ, ਆਪਣੀ ਮੰਜ਼ਿਲ ਵੱਲ ਨਿਰੰਤਰ ਵੱਧਦਾ ਰਿਹਾ।
ਜਿਸ ਸਿੱਖ ਰਾਜ ਦਾ ਨੀਂਹ ਪੱਥਰ ਬੰਦਾ ਬਹਾਦਰ ਨੇ ਸਰਹਿੰਦ 'ਤੇ ਜਿੱਤ ਪ੍ਰਾਪਤ ਕਰਕੇ ਰੱਖਿਆ ਸੀ, ਅੰਤ ਉਹੋ ਛੋਟੀ ਜਿਹੀ ਤਾਕਤ, ਵੱਡੇ ਵੱਡੇ ਸ਼ਹੀਦੀ ਸਾਕਿਆਂ ਤੇ ਘੱਲੂਘਾਰਿਆਂ ਵਿਚੋਂ ਦੀ ਗੁਜ਼ਰਦੀ ਹੋਈ, ਮਹਾਰਾਜਾ ਰਣਜੀਤ ਸਿੰਘ (1780-1839) ਵੇਲੇ ਇਕ ਵਿਸ਼ਾਲ ਸਿੱਖ ਸਲਤਨਤ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ।