ਜਿਸ ਕਿਸੇ ਨੇ ਵੀ ਸਿੱਖ ਇਤਿਹਾਸ ਨੂੰ ਗਹੁ ਨਾਲ ਪੜ੍ਹਿਆ, ਘੋਖਿਆ ਤੇ ਵਿਚਾਰਿਆ ਹੈ ਉਹ ਮੇਰੇ ਨਾਲ ਸਹਿਮਤ ਹੋਵੇਗਾ ਕਿ ਇਹ ਬੰਦਾ ਸਿੰਘ ਬਹਾਦਰ ਹੀ ਸੀ, ਜਿਸ ਦੀ ਸੁਚੱਜੀ ਅਗਵਾਈ ਹੇਠ ਸਿੱਖ ਇਕ ਅਜਿੱਤ ਕੌਮ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਏ। ਪ੍ਰਸਿੱਧ ਇਤਿਹਾਸਕਾਰ ਡਾ.ਗੋਕਲ ਚੰਦ ਨਾਰੰਗ ਆਪਣੀ ਪੁਸਤਕ, ਟ੍ਰਾਂਸਫ਼ਾਰਮੇਸ਼ਨ ਆਫ਼ ਸਿੱਖਇਜ਼ਮ, ਨਵੀਂ ਦਿੱਲੀ, 1960, ਪੰਨਾ 110 ਉਂਤੇ ਲਿਖਦਾ ਹੈ ਕਿ "ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਦਮੀ,ਜਿਸ ਨੇ ਸਿੱਖਾਂ ਦੇ ਆਚਰਣ ਵਿਚ ਇਨਕਲਾਬ ਲਿਆਂਦਾ ਅਤੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ, ਗੁਰੂ ਗੋਬਿੰਦ ਸਿੰਘ ਹੀ ਸਨ।" ਜ਼ਾਹਿਰ ਹੈ, ਬੰਦਾ (ਸਿੰਘ) ਬਹਾਦਰ, ਆਪਣੇ ਸਮੇਂ ਦਾ ਇਕ ਉਂਤਮ ਦਰਜੇ ਦਾ ਯੋਧਾ ਸੀ। ਉਂਘੇ ਇਤਿਹਾਸਕਾਰ ਮੈਕਲੇਗਰ ਅਨੁਸਾਰ-"ਬੰਦਾ ਬਹਾਦਰ ਯੋਧਿਆਂ ਤੇ ਜਰਨੈਲਾਂ ਵਿਚ ਉਂਚੀ ਥਾਂ ਰੱਖਦਾ ਹੈ।
ਉਸ ਦਾ ਨਾਂ ਹੀ ਪੰਜਾਬ ਤੇ ਪੰਜਾਬ ਤੋਂ ਬਾਹਰ ਮੁਗ਼ਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।" ਸੁਆਮੀ ਬੀ. ਸਰਸਵਤੀ ਆਪਣੀ ਪੁਸਤਕ ਬੰਦਾ ਸਿੰਘ ਬਹਾਦਰ, 1944, ਪੰਨਾ 16 ਤੇ ਲਿਖਦਾ ਹੈ ਕਿ "ਬੰਦਾ ਬਹਾਦਰ ਇਕ ਦੇਸ਼ ਭਗਤ ਸੀ, ਇਕ ਚੰਗਾ ਸਿੱਖ ਸੀ ਅਤੇ ਭਾਰਤ ਦੀ ਮੁਕਤੀ (ਕਲਿਆਣ) ਦਾ ਜੁਸ਼ੀਲਾ ਇੱਛੁਕ ਸੀ।" ਆਪਣੀਆਂ ਇਨ੍ਹਾਂ ਖ਼ੂਬੀਆਂ ਸਦਕਾ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚੋਂ ਆਪਣੀ ਥਾਂ ਪਹਿਲੇ ਨੰਬਰ ਤੇ ਸੁਰੱਖਿਅਤ ਕਰ ਲਈ ਹੈ। ਇਹ ਗੱਲ ਵੱਖਰੀ ਹੈ ਕਿ ਖ਼ਾਲਸਾ ਪੰਥ ਦੇ ਵਾਰਸ ਅਖਵਾਉਣ ਵਾਲਿਆਂ ਨੇ ਉਸ ਦੀ ਘਾਲਣਾ ਦੀ ਅਜੇ ਤਕ ਸਹੀ ਅਰਥਾਂ ਵਿਚ ਕਦਰ ਨਹੀਂ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਅਜੇ ਤਕ ਸਿੱਖ ਜਗਤ ਦੇ ਇਸ ਬੇਰੁਖ਼ੀ ਵਾਲੇ ਰਵੱਈਏ ਤੇ ਲੇਖਕ ਦੇ ਮਨ ਚ ਅੱਗ ਮੱਚੀ ਹੋਈ ਹੈ। ਆਖ਼ਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਕੀ ਖੁਨਾਮੀ ਹੋਈ, ਜਿਸ ਦਾ ਬਦਲਾ ਅੱਜ ਸਿੱਖ ਪੰਥ ਉਸ ਤੋਂ ਇਸ ਤਰ੍ਹਾਂ ਲੈ ਰਿਹਾ ਹੈ? ਖ਼ੈਰ! ਇਹ ਇਕ ਵੱਖਰਾ ਵਿਸ਼ਾ ਹੈ।
ਮੁਗ਼ਲਾਂ ਦੀ ਜ਼ੁਲਮ-ਜਬਰ ਨਾਲ ਨੱਕੋ-ਨੱਕ ਭਰੀ ਸਲਤਨਤ ਨੂੰ ਢਹਿ-ਢੇਰੀ ਕਰਨ ਦੀ ਸ਼ੁਰੂਆਤ ਕਰਨ ਵਾਲੇ ਇਸ ਲਾਸਾਨੀ ਯੋਧੇ ਦਾ ਜਨਮ 16 ਅਕਤੂਬਰ, 1670 ਈ. ਨੂੰ ਕਸ਼ਮੀਰ ਦੀ ਰਿਆਸਤ ਪੁਣਛ ਦੇ ਇਕ ਪਿੰਡ ਰਜੌਰੀ ਵਿਖੇ ਸ੍ਰੀ ਰਾਮਦੇਵ ਭਾਰਦਵਾਜ (ਰਾਜਪੂਤ) ਦੇ ਘਰ ਹੋਇਆ। ਉਸ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਬਚਪਨ ਬਾਰੇ ਕੋਈ ਖ਼ਾਸ ਜਾਣਕਾਰੀ ਉਪਲਬਧ ਨਹੀਂ ਹੈ। ਇਸ ਪ੍ਰਥਾਇ, ਡਾ. ਗੰਡਾ ਸਿੰਘ ਦਾ ਕਥਨ ਹੈ- "ਉਨ੍ਹਾਂ ਮਨੁੱਖਾਂ ਦੀ ਤਰ੍ਹਾਂ ਜਿਨ੍ਹਾਂ ਗਰੀਬ ਘਰਾਣਿਆਂ ਵਿਚ ਜਨਮ ਲਿਆ ਅਤੇ ਜੀਵਨ ਦੇ ਆਖਰੀ ਦਿਨੀਂ ਪ੍ਰਸਿੱਧੀ ਪ੍ਰਾਪਤ ਕੀਤੀ ਹੋਵੇ, ਲਛਮਣ ਦਾਸ ਦੇ ਬਚਪਨ ਦਾ ਕੁਝ ਪਤਾ ਨਹੀਂ।"
ਲਛਮਣ ਦਾਸ ਅਜੇ 15 ਕੁ ਵਰ੍ਹਿਆਂ ਦਾ ਹੀ ਸੀ ਕਿ ਇਕ ਗਰਭਵਤੀ ਹਿਰਨੀ ਦੇ ਸ਼ਿਕਾਰ ਦੀ ਮੰਦਭਾਗੀ ਘਟਨਾ ਨੇ ਉਸ ਦੇ ਮਨ ਤੇ ਡੂੰਘਾ ਅਸਰ ਕੀਤਾ ਅਤੇ ਉਹ ਘਰ-ਬਾਰ ਤਿਆਗ ਕੇ ਬੈਰਾਗੀ ਬਣ ਗਿਆ। ਉਸ ਨੇ ਇਕ ਬੈਰਾਗੀ ਸਾਧੂ ਜਾਨਕੀ ਪ੍ਰਸਾਦ ਨੂੰ ਆਪਣਾ ਗੁਰੂ ਧਾਰ ਲਿਆ। ਇਸ ਸਾਧੂ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਮੈਕਾਲਿਫ਼ ਆਪਣੀ ਵਿਸ਼ਵ ਪ੍ਰਸਿੱਧ ਪੁਸਤਕ ਦੀ ਸਿੱਖ ਰਿਲੀਜ਼ਨ, ਆਕਸਫੋਰਡ, 1909, ਜਿਲਦ 5, ਪੰਨਾ 238 ਉਂਤੇ ਲਿਖਦਾ ਹੈ ਕਿ ਬੈਰਾਗੀਆਂ ਦੇ ਟੋਲੇ ਨਾਲ ਵੱਖ ਵੱਖ ਥਾਵਾਂ ਦੀ ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ, ਗੋਦਾਵਰੀ ਦਰਿਆ ਦੇ ਕੰਢੇ, ਇਕ ਸ਼ਾਂਤ ਤੇ ਸੁੰਦਰ ਸਥਾਨ ਤੇ ਆਪਣਾ ਟਿਕਾਣਾ ਬਣਾ ਲਿਆ।
ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਤੇ ਸ਼ਹਾਦਤ ਦੀ ਗੱਲ ਦੀ ਲੜੀ ਨੂੰ ਤੋਰਨ ਤੋਂ ਪਹਿਲਾਂ ਉਸ ਘਟਨਾ ਦਾ ਜ਼ਿਕਰ ਕਰਨਾ ਅਤਿ ਜ਼ਰੂਰੀ ਹੈ, ਜਿਸ ਦੇ ਪ੍ਰਤੀਕਰਮ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਇਤਿਹਾਸਕ ਰੰਗਮੰਚ ਤੇ ਇਕ ਨਾਇਕ ਦੇ ਤੌਰ ਤੇ ਉਭਰ ਕੇ ਸਾਹਮਣੇ ਆਇਆ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਵੱਲੋਂ ਮਿਤੀ 27 ਦਸੰਬਰ, 1704 ਈ. ਨੂੰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਦੀ ਦਿਲ-ਕੰਬਾਊ ਘਟਨਾ ਨੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਮੁਗ਼ਲਾਂ ਵਿਰੁੱਧ ਤਲਵਾਰ ਉਠਾਉਣ ਦਾ ਨਿਸ਼ਚਾ ਕਰ ਲਿਆ ਸੀ।
ਇਤਿਹਾਸ ਦੇ ਇਸ ਨਾਜ਼ੁਕ ਤੇ ਕਾਲੇ ਦੌਰ ਵਿਚ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਸਾਹਿਬ ਨੇ ਬੜੇ ਨਾਟਕੀ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ। 3 ਸਤੰਬ ਰ, 1708 ਨੂੰ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ (ਉਦੋਂ ਮਾਧੋ ਦਾਸ) ਨੂੰ ਉਸ ਦੇ ਡੇਰੇ, ਨਾਂਦੇੜ ਵਿਖੇ ਮਿਲੇ। ਗੁਰੂ ਸਾਹਿਬ ਦੇ ਇਕ ਸਵਾਲ ਦੇ ਜਵਾਬ ਵਿਚ ਮਾਧੋ ਦਾਸ ਨੇ ਬੜੇ ਅਦਬ ਨਾਲ ਕਿਹਾ ਕਿ "ਮੈਂ ਤਾਂ ਹਾਜ਼ਰ ਹਾਂ, ਹਜ਼ੂਰ! ਮੈਂ ਤਾਂ ਆਪ ਦਾ ਬੰਦਾ ਹਾਂ।"- ਅਹਿਮਦ ਸ਼ਾਹ ਬਟਾਲੀਆ। ਇਸ ਤੋਂ ਮਗਰੋਂ ਮਾਧੋ ਦਾਸ ਨੂੰ ਬੰਦਾ ਅਰਥਾਤ ਬਾਬਾ ਬੰਦਾ ਸਿੰਘ ਬਹਾਦਰ ਕਿਹਾ ਜਾਣ ਲੱਗਾ। ਬੱਸ, ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਉਨ੍ਹਾਂ ਦੀ ਕਲਪਨਾ ਦਾ ਬੰਦਾ ਮਿਲ ਗਿਆ, ਜਿਸ ਦੀ ਉਹ ਪਿਛਲੇ ਕਈ ਸਾਲਾਂ ਤੋਂ ਭਾਲ ਕਰ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਉਮਰ ਉਸ ਵੇਲੇ 38 ਵਰ੍ਹਿਆਂ ਦੀ ਸੀ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਲਗਭਗ ਚਾਰ ਸਾਲ ਛੋਟਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੂੰ ਚਿਤਰਦਾ ਹੋਇਆ ਸ. ਕਰਮ ਸਿੰਘ ਆਪਣੀ ਪੁਸਤਕ ਬੰਦਾ ਬਹਾਦਰ ਅੰਮ੍ਰਿਤਸਰ, 1907, ਪੰਨਾ 193 ਉਂਤੇ ਲਿਖਦਾ ਹੈ- "ਉਹ ਇਤਨਾ ਜ਼ੋਰਾਵਰ ਨਹੀਂ ਸੀ, ਜਿਤਨਾ ਕਿ ਛੁਹਲਾ ਸੀ ਅਤੇ ਤੀਰ ਤੇ ਖ਼ੰਜ਼ਰ ਤੋਂ ਬਿਨਾਂ ਹੋਰ ਕੋਈ ਹਥਿਆਰ ਉਸ ਦੇ ਮਨ ਨੂੰ ਨਾ ਭਾਉਂਦਾ। ਉਹ ਤਕੜਾ ਸਵਾਰ ਅਤੇ ਸਰੀਰ ਦਾ ਸਖ਼ਤ ਸੀ ਅਤੇ ਲਗਾਤਾਰ ਕਈ ਦਿਨਾਂ ਦੀਆਂ ਮੰਜ਼ਿਲਾਂ ਉਸ ਉਂਤੇ ਰਤਾ ਵੀ ਅਸਰ ਨਹੀਂ ਸੀ ਕਰਦੀਆਂ।" ਇਸੇ ਤਰ੍ਹਾਂ ਸ. ਸੋਹਣ ਸਿੰਘ ਲਿਖਦਾ ਹੈ ਕਿ "ਫ਼ੁਰਤੀ ਵਿਚ ਬੰਦਾ, ਸ਼ਿਵਾ ਜੀ ਨੂੰ ਵੀ ਪਿੱਛੇ ਛੱਡ ਗਿਆ ਅਤੇ ਉਹ ਮੈਸਮ੍ਰੇਜ਼ਮ ਅਤੇ ਦੂਜੇ ਰਮਜ਼ ਭਰੇ ਵਿਗਿਆਨਾਂ ਦਾ ਅਨੋਖਾ ਉਸਤਾਦ ਸੀ।" (ਦੇਖੋ, ਸੋਹਣ ਸਿੰਘ ਦੀ ਪੁਸਤਕ, ਬੰਦਾ ਦੀ ਬਰੇਵ, ਲਾਹੌਰ 1915,ਪੰਨਾ 151)। ਮਾਲਕੌਮ ਆਪਣੀ ਪੁਸਤਕ ਹਿਸਟਰੀ ਆਫ ਦੀ ਸਿੱਖਸ, ਲੰਡਨ, 1812, ਪੰਨਾ 79 ਉਂਤੇ ਲਿਖਦਾ ਹੈ ਕਿ ਬੰਦਾ ਅਚੰਭੇ ਭਰੀ ਸੂਰਮਗਤੀ ਵਿਖਾਉਂਦਾ ਸੀ ਅਤੇ ਪਇਨੇ ਆਪਣੀ ਪੁਸਤਕ, ਏ ਸ਼ਾਰਟ ਹਿਸਟਰੀ ਆਫ ਦੀ ਸਿੱਖਸ ਦੇ ਪੰਨਾ 47 ਉਂਤੇ ਲਿਖਦਾ ਹੈ ਕਿ "ਖ਼ਾਲਸੇ ਦੀ ਫ਼ਤਹਿ ਲਈ ਅਣਰੁਕੇ ਲੜਦੇ ਜਾਣਾ ਉਸ (ਬਾਬਾ ਬੰਦਾ ਸਿੰਘ ਬਹਾਦਰ) ਦੀ ਫ਼ਿਤਰਤ ਸੀ।" ਬਾਬਾ ਬੰਦਾ ਸਿੰਘ ਬਹਾਦਰ ਦੀ ਬਾਹਰੀ ਦਿੱਖ ਬਾਰੇ ਮੁਹੰਮਦ ਸ਼ਫੀ ਆਪਣੀ ਪੁਸਤਕ, ਮਿਰਾਤ-ਉਲ-ਵਾਰਿਦਾਤ ਵਿਚ ਲਿਖਦਾ ਹੈ ਕਿ "ਉਹ (ਬਾਬਾ ਬੰਦਾ ਸਿੰਘ ਬਹਾਦਰ) ਆਪਣੇ ਆਗੂ (ਗੁਰੂ) ਗੋਬਿੰਦ ਸਿੰਘ ਜੀ ਨਾਲ ਕਈ ਗੱਲਾਂ ਵਿਚ ਮਿਲਦਾ ਸੀ। ਉਸ ਦੀਆਂ ਚਮਕਦੀਆਂ ਅੱਖਾਂ ਤੇ ਤਿੱਖੀ ਨਜ਼ਰ ਉਸ ਦੇ ਦੁਸ਼ਮਣਾਂ ਉਂਤੇ ਵੀ ਅਸਰ ਛੱਡੇ ਬਗੈਰ ਨਹੀਂ ਸਨ ਰਹਿੰਦੀਆਂ।" ਖ਼ੈਰ! ਮੁਗ਼ਲਾਂ ਨਾਲ ਸਿੱਧੀ ਟੱਕਰ ਲੈਣ ਲਈ ਚੁਣੇ ਗਏ ਇਸ ਲਾਸਾਨੀ ਯੋਧੇ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਂ ਅਤੇ ਬਹਾਦੁਰ ਦਾ ਖ਼ਿਤਾਬ ਬਖ਼ਸ਼ਿਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮੁਗ਼ਲ ਹਕੂਮਤ ਨਾਲ ਟੱਕਰ ਲੈਣ ਲਈ ਹਰ ਪੱਖੋਂ ਤਿਆਰ ਹੋ ਗਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ। ਸਲਾਹਕਾਰਾਂ ਵਜੋਂ ਪੰਜ ਪਿਆਰੇ (ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਣ ਸਿੰਘ) ਅਤੇ ਕੁਝ ਹੋਰ ਸਿੰਘ ਨਾਲ ਭੇਜੇ। ਪੰਜ ਤੀਰ ਅਤੇ ਇਕ ਨਗਾਰਾ ਬਖਸ਼ਿਆ। ਬਾਬਾ ਬੰਦਾ ਸਿੰਘ ਬਹਾਦਰ ਅਜੇ ਰਸਤੇ ਵਿਚ ਹੀ ਸੀ ਕਿ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ। (ਬੰਦਾ ਸਿੰਘ ਬਹਾਦਰ ਅਕਤੂਬਰ, 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ)
ਗੁਰੂ ਸਾਹਿਬ ਦੇ ਹੁਕਮਨਾਮਿਆਂ ਸਦਕਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੁੰਬਕੀ ਖਿੱਚ ਕਾਰਨ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਉਸ ਦੇ ਝੰਡੇ ਹੇਠ ਇਕੱਠੀਆਂ ਹੋ ਗਈਆਂ। ਲੁੱਟ-ਮਾਰ ਦੇ ਇਰਾਦੇ ਨਾਲ ਕੁਝ ਚੋਰ-ਡਾਕੂ ਵੀ ਨਾਲ ਆ ਰਲ਼ੇ। ਦਰਅਸਲ ਲੋਕ, ਉਸ ਨੂੰ ਗੁਰੂ ਸਾਹਿਬ ਦਾ ਪ੍ਰਤੀਨਿਧ ਸਮਝਦੇ ਹੋਏ, ਟੋਲੀਆਂ ਵਿਚ ਉਸ ਕੋਲ ਆਉਣ ਲੱਗੇ। ਖ਼ਫ਼ੀ ਖਾਨ ਅਨੁਸਾਰ "2-3 ਮਹੀਨਿਆਂ ਵਿਚ ਹੀ 4000 ਘੋੜ-ਸਵਾਰ ਅਤੇ 7,800 ਪੈਦਲ ਉਸ ਨਾਲ ਆ ਰਲ਼ੇ।" ਡਾ. ਗੋਕਲ ਚੰਦ ਨਾਰੰਗ ਆਪਣੀ ਪ੍ਰਸਿੱਧ ਪੁਸਤਕ, ਟ੍ਰਾਂਸਫ਼ਾਰਮੇਸ਼ਨ ਆਫ਼ ਸਿੱਖਇਜ਼ਮ ਵਿਚ ਲਿਖਦਾ ਹੈ ਕਿ "ਛੇਤੀ ਹੀ ਪੈਦਲ ਸੈਨਿਕਾਂ ਦੀ ਗਿਣਤੀ 8,900 ਹੋ ਗਈ ਅਤੇ ਅੰਤ ਵਿਚ 40,000 ਤਕ ਪਹੁੰਚ ਗਈ।"
ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਮੈਦਾਨ ਫ਼ਤਹਿ : ਦਿੱਲੀ ਟੱਪਦੇ ਹੀ ਸੋਨੀਪਤ ਤੇ ਕੈਥਲ ਤੇ ਕਬਜ਼ਾ ਕਰ ਲਿਆ। 11 ਨਵੰਬਰ, 1709 ਨੂੰ ਸਮਾਣਾ ਤੇ ਕਹਿਰੀ ਹਮਲਾ ਕੀਤਾ ਗਿਆ, ਜਿਸ ਵਿਚ 10,000 ਬੰਦੇ ਮਰਨ ਦਾ ਅੰਦਾਜ਼ਾ ਹੈ। ਫਿਰ ਘੁੜਾਮ, ਠਸਕਾ, ਮੁਸਤਫ਼ਾਬਾਦ ਅਤੇ ਕਪੂਰੀ ਨੂੰ ਫ਼ਤਹਿ ਕੀਤਾ। ਸਢੌਰਾ ਦੇ ਹਾਕਮ ਉਸਮਾਨ ਖ਼ਾਨ ਨੂੰ ਸੋਧਣ ਲਈ ਭਰਵਾਂ ਹੱਲਾ ਕੀਤਾ। ਸਢੌਰਾ ਤੇ ਜਿੱਤ ਪ੍ਰਾਪਤ ਕਰਨ ਉਪਰੰਤ ਸਿੱਖ ਮਾਰੋ-ਮਾਰ ਕਰਦੇ ਛੱਤ-ਬਨੂੜ ਵੱਲ ਵਧੇ। ਬਨੂੜ ਫ਼ਤਹਿ ਕਰਨ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਮੁੱਖ ਨਿਸ਼ਾਨੇ, ਸਰਹਿੰਦ ਦੇ ਬਹੁਤ ਕਰੀਬ ਪਹੁੰਚ ਚੁਕਾ ਸੀ। ਹਰ ਮੈਦਾਨ ਫ਼ਤਹਿ ਦੇ ਝੰਡੇ ਗੱਡਣ ਉਪਰੰਤ ਹੁਣ ਸਿੱਖ ਸਰਹਿੰਦ ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਸੋ, ਸਾਕਾ ਸਰਹਿੰਦ ਦੇ ਮੁੱਖ ਦੋਸ਼ੀ, ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੰਘਾਂ ਨੇ ਸਰਹਿੰਦ ਤੋਂ 12 ਕੋਹ ਦੀ ਵਿੱਥ ਤੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ। (ਚੱਪੜਚਿੜੀ, ਲਾਂਡਰਾਂ ਤੇ ਖਰੜ ਵਿਚਕਾਰ ਸਥਿਤ ਇਕ ਛੋਟਾ ਜਿਹਾ ਪਿੰਡ ਹੈ।) ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ, ਸਿੰਘਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧੀਆਂ, ਪਰ ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ। 12 ਮਈ, 1710 ਨੂੰ ਹੋਈ ਖ਼ੂਨ ਡੋਲ੍ਹਵੀਂ ਲੜਾਈ ਵਿਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਇਸ ਤਰ੍ਹਾਂ ਸਿੱਖਾਂ ਨੇ ਉਸ ਦਾ ਕਰਜ਼ ਵਿਆਜ ਸਮੇਤ ਮੋੜ ਦਿੱਤਾ। ਮੈਦਾਨ ਸਿੱਖਾਂ ਦੇ ਹੱਥ ਆਇਆ। 14 ਮਈ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖਲ ਹੋਏ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਜਿੱਤ ਪ੍ਰਾਪਤ ਕਰਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ। ਵਜ਼ੀਰ ਖ਼ਾਂ ਦਾ ਕਤਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਦਾ ਪਹਿਲੀ ਵੇਰ ਸਰਹਿੰਦ ਤੇ ਕਾਬਜ਼ ਹੋ ਜਾਣਾ, ਇਕ ਅਜਿਹੀ ਵਿਲੱਖਣ ਘਟਨਾ ਸੀ ਜਿਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ ਅਤੇ ਹਿੰਦੁਸਤਾਨੀ ਸਮਾਜ ਦੇ ਡਿੱਗਦੇ ਮਨੋਬਲ ਵਿਚ ਨਵੀਂ ਰੂਹ ਫੂਕ ਦਿੱਤੀ। ਸੱਚ ਤਾਂ ਇਹ ਹੈ ਕਿ ਸਰਹਿੰਦ ਦੀ ਜਿੱਤ ਤੋਂ ਬਾਅਦ ਸਿੱਖ ਉਸ ਸ਼ਾਹ ਰਾਹ ਤੇ ਹੋ ਤੁਰੇ, ਜੋ ਉਨ੍ਹਾਂ ਨੂੰ ਸਿੱਧਾ ਸਿੱਖ ਰਾਜ ਦੀ ਕਾਇਮੀ ਵੱਲ ਲੈ ਜਾ ਰਿਹਾ ਸੀ।
ਸੁਤੰਤਰ ਸਿੱਖ ਰਾਜ ਦੀ ਘੋਸ਼ਣਾ : ਬਾਬਾ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕਰਨ ਉਪਰੰਤ ਸਢੌਰਾ ਤੇ ਨਾਹਨ ਵਿਚਕਾਰ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ ਲੋਹਗੜ੍ਹ ਦਾ ਨਾਂ ਦਿੱਤਾ। ਇਥੋਂ ਹੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਸਿੱਕਾ ਜਾਰੀ ਕੀਤਾ। ਇਸ ਸਿੱਕੇ ਤੇ ਫ਼ਾਰਸੀ ਅੱਖਰਾਂ ਵਿਚ ਉਂਕਰੀ ਇਬਾਰਤ ਦਾ ਅਨੁਵਾਦ ਕਿਸੇ ਸਿਦਕੀ ਸ਼ਾਇਰ ਨੇ ਇਉਂ ਕੀਤਾ ਹੈ:
"ਸਿੱਕਾ ਮਾਰਿਆ ਦੋ ਜਹਾਨ ਉਂਤੇ,
ਬਖ਼ਸ਼ੀਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ਼ ਨੇ ਜੀ।
ਫ਼ਤਹਿ ਸ਼ਾਹੇ-ਸ਼ਾਹਾਨ ਗੁਰੂ ਗੋਬਿੰਦ ਸਿੰਘ ਦੀ,
ਮਿਹਰਾਂ ਕੀਤੀਆਂ ਰੱਬ ਇਕ ਨੇ ਜੀ।"
ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਸਹਾਰਨਪੁਰ, ਜਲਾਲਾਬਾਦ ਅਤੇ ਨਨੌਤਾ ਫ਼ਤਹਿ ਕੀਤਾ। ਮਾਲੇਰਕੋਟਲਾ ਤੇ ਹਮਲੇ ਦੌਰਾਨ ਸ਼ਹਿਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਕਿਉਂਕਿ ਇਥੋਂ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਰੁੱਧ ਭਰੀ ਕਚਹਿਰੀ ਹਾਅ ਦਾ ਨਾਅਰਾ ਮਾਰਿਆ ਸੀ। ਇਸ ਦੇ ਨਾਲ ਹੀ ਮਾਝੇ ਅਤੇ ਦੁਆਬੇ ਵਿਚ ਸਿੱਖ ਉਂਠ ਖੜ੍ਹੇ ਹੋਏ। ਇਸ ਤਰ੍ਹਾਂ ਹੌਲੀ ਹੌਲੀ ਸਿੱਖ ਪੰਜਾਬ ਦੇ ਬਹੁਤ ਵੱਡੇ ਹਿੱਸੇ ਦੇ ਮਾਲਕ ਬਣ ਬੈਠੇ। ਜ਼ਾਹਿਰ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ ਜਾਂ ਇਉਂ ਕਹਿ ਲਵੋ ਕਿ ਸਿੱਖ ਰਾਜ ਦੇ ਉਸਰੱਈਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਦੀ ਚੜ੍ਹਤ ਨੇ ਹਿੰਦੁਸਤਾਨ ਦੇ ਬਾਦਸ਼ਾਹ, ਬਹਾਦਰ ਸ਼ਾਹ ਨੂੰ ਭੈਭੀਤ ਕਰ ਦਿੱਤਾ। ਵਕਤ ਦੀ ਨਜ਼ਾਕਤ ਨੂੰ ਵੇਖਦਿਆਂ, ਬਾਦਸ਼ਾਹ ਖ਼ੁਦ ਵੱਡੀ ਫੌਜ ਲੈ ਕੇ ਪੰਜਾਬ ਵਿਚ ਦਾਖਲ ਹੋਇਆ। ਮੌਕੇ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਵਿਚ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਕਿਲ੍ਹਾ ਛੱਡ ਕੇ ਪਹਾੜਾਂ ਵੱਲ ਨਿਕਲ ਗਿਆ ਅਤੇ ਇਸ ਦੌਰਾਨ ਪੰਥ ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਸੋਧਿਆ। ਚੰਬੇ ਦੇ ਰਾਜੇ ਦੀ ਧੀ ਨਾਲ ਵਿਆਹ ਕਰਵਾ ਲਿਆ ਅਤੇ ਜੰਮੂ ਦੇ ਇਲਾਕੇ ਵੱਲ ਨਿਕਲ ਗਿਆ।
ਮੁਗ਼ਲ ਸਮਰਾਟ ਬਹਾਦਰ ਸ਼ਾਹ, ਜਿਸ ਨੇ ਉਹਨੀਂ ਦਿਨੀਂ ਲਾਹੌਰ ਨੂੰ ਆਪਣਾ ਹੈਂਡ ਕੁਆਟਰ ਬਣਾਇਆ ਹੋਇਆ ਸੀ, ਦੀ ਮਿਤੀ 18 ਫਰਵਰੀ, 1712 ਨੂੰ ਮੌਤ ਹੋ ਗਈ। ਇਸ ਮੌਕੇ ਤੋਂ ਲਾਭ ਉਠਾਉਂਦਿਆਂ, ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਚੋਂ ਨਿਕਲ ਕੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਅਤੇ ਕਈ ਇਲਾਕਿਆਂ ਤੇ ਕਾਬਜ਼ ਹੋ ਗਿਆ। ਇਸੇ ਦੌਰਾਨ ਉਸ ਦੀ ਦੂਜੀ ਸ਼ਾਦੀ ਵਜ਼ੀਰਾਬਾਦ ਦੇ ਖੱਤਰੀ ਸ਼ਿਵ ਰਾਮ ਦੀ ਪੁੱਤਰੀ ਨਾਲ ਹੋਈ, ਜਿਸ ਦੀ ਕੁੱਖੋਂ ਰਣਜੀਤ ਸਿੰਘ ਨਾਮੀ ਪੁੱਤਰ ਦਾ ਜਨਮ ਹੋਇਆ।
ਗ੍ਰਿਫਤਾਰੀ : ਬਾਬਾ ਬੰਦਾ ਸਿੰਘ ਬਹਾਦਰ ਨੇ ਮਾਰਚ 1715 ਵਿਚ ਕਲਾਨੌਰ ਤੇ ਬਟਾਲੇ ਤੇ ਕਬਜ਼ਾ ਕਰ ਲਿਆ। ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖ ਸੈਨਿਕ ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇੰਜ ਕਈ ਮਹੀਨੇ ਘੇਰਾ ਜਾਰੀ ਰਿਹਾ। ਸਿੱਖਾਂ ਨੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਡਟ ਕੇ ਮੁਕਾਬਲਾ ਕੀਤਾ। ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ! ਪ੍ਰਸਿੱਧ ਮੁਸਲਮਾਨ ਇਤਿਹਾਸਕਾਰ, ਖ਼ਫ਼ੀ ਖ਼ਾਨ ਲਿਖਦਾ ਹੈ ਕਿ ਕਾਫ਼ਰਾਂ ਨੇ ਕਈ ਮੌਕਿਆਂ ਤੇ ਸਰਵੋਤਮ ਬਹਾਦਰੀ ਅਤੇ ਜੁੱਰਅਤ ਦਾ ਵਿਖਾਵਾ ਕੀਤਾ ਅਤੇ ਸ਼ਾਹੀ ਸੈਨਾਵਾਂ ਤੇ ਕਾਤਲ ਹਮਲੇ ਵੀ ਕੀਤੇ। ਕੰਵਰ ਖ਼ਾਨ ਇਸ ਤੱਥ ਤੇ ਆਪਣੀ ਮੋਹਰ ਕੁਝ ਇਸ ਤਰ੍ਹਾਂ ਲਗਾਉਂਦਾ ਹੈ - ਇਸ ਸਭ ਕੁਝ ਦੇ ਬਾਵਜੂਦ ਵੀ ਨਰਕੀ ਸਿੱਖ ਮੁਖੀਆ (ਬਾਬਾ ਬੰਦਾ ਸਿੰਘ ਬਹਾਦਰ) ਅਤੇ ਉਸ ਦੇ ਆਦਮੀ, ਸਾਰੀ ਸੈਨਿਕ ਸ਼ਕਤੀ ਦੇ ਸਾਹਮਣੇ, ਜੋ ਕਿ ਮੁਗ਼ਲ ਸਾਮਰਾਜ ਨੇ ਇਕੱਠੀ ਕਰਕੇ ਉਨ੍ਹਾਂ ਵਿਰੁੱਧ ਲਾਈ, ਅੱਠ ਮਹੀਨੇ ਤਕ ਡਟੇ ਰਹੇ। ਮੁਹੰਮਦ ਕਾਸਿਮ, ਜਿਸ ਨੇ ਇਸ ਜੰਗ ਦਾ ਨਜ਼ਾਰਾ ਅੱਖੀਂ ਡਿੱਠਾ ਸੀ, ਸਿੱਖਾਂ ਦੀ ਬਹਾਦਰੀ ਦਾ ਜ਼ਿਕਰ ਆਪਣੀ ਪੁਸਤਕ ਇਬਰਤਨਾਮਾ ਵਿਚ ਇੰਜ ਕਰਦਾ ਹੈ : "ਜਹੱਨਮੀ ਸਿੱਖਾਂ ਦੇ ਬਹਾਦਰੀ ਅਤੇ ਦਲੇਰੀ ਦੇ ਕਾਰਨਾਮੇ ਹੈਰਾਨ ਕਰਨ ਵਾਲੇ ਸਨ।...ਜਦ ਸ਼ਾਹੀ ਫੌਜਾਂ ਉਨ੍ਹਾਂ ਵੱਲ ਅੱਗੇ ਵਧਦੀਆਂ ਤਾਂ ਉਹ ਆਪਣੀਆਂ ਤਲਵਾਰਾਂ ਨਾਲ ਮੁਗ਼ਲਾਂ ਦਾ ਘਾਣ ਕਰ ਦਿੰਦੇ।"
ਦੁਸ਼ਮਣ ਦੁਆਰਾ ਕੀਤੀ ਨਾਕੇਬੰਦੀ ਕਾਰਨ ਗੜ੍ਹੀ ਵਿਚ ਸੈਨਿਕ ਸਾਮਾਨ ਤੇ ਰਸਦ ਮੁੱਕ ਗਈ। ਸਿੱਖ ਫਾਕੇ ਕੱਟਣ ਲੱਗੇ। ਦੂਜਾ, ਬਾਬਾ ਬਿਨੋਦ ਸਿੰਘ ਅਤਿ ਨਾਜ਼ੁਕ ਸਮੇਂ ਆਪਣੇ ਸਾਥੀਆਂ ਸਮੇਤ ਗੜ੍ਹੀ ਨੂੰ ਛੱਡ ਕੇ ਚਲੇ ਗਏ ਸਨ। ਬਸ, ਇਸ ਦੇ ਨਾਲ ਹੀ ਸਿੱਖਾਂ ਦੀ ਹਾਰ ਨਿਸਚਿਤ ਹੋ ਗਈ ਸੀ।
ਅੰਤ, 7 ਦਸੰਬਰ, 1715 ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ਤੇ ਕਬਜ਼ਾ ਕਰ ਲਿਆ। ਜ਼ਰਾ ਧਿਆਨ ਦੇਣਾ, ਸ਼ਾਹੀ ਫੌਜਾਂ ਦੀ ਜਿੱਤ ਬਾਰੇ ਹਾਜੀ ਕ੍ਰਮਵਾਰ ਖਾਨ ਆਪਣੀ ਪੁਸਤਕ ਤਜ਼ਕਿਰਾਤੂ-ਸਲਾਤੀਨ ਚੁਗਤਈਆ ਵਿਚ ਲਿਖਦਾ ਹੈ ਕਿ "ਇਹ ਕਿਸੇ ਦੀ ਅਕਲਮੰਦੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਬਲਕਿ ਰੱਬ ਦੀ ਮਿਹਰਬਾਨੀ ਸੀ। ਕਾਫ਼ਰ ਸਿੱਖ (ਬਾਬਾ ਬੰਦਾ ਸਿੰਘ ਬਹਾਦਰ) ਅਤੇ ਉਸ ਦੇ ਸਾਥੀ ਭੁੱਖ ਨੇ ਅਧੀਨ ਹੋਣ ਲਈ ਮਜਬੂਰ ਕਰ ਦਿੱਤੇ ਸਨ।"
ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਭਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ, ਫਿਰ ਅਤਿ ਖੁਆਰੀ ਦੀ ਹਾਲਤ ਵਿਚ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਜਾਇਆ ਗਿਆ। ਇਸ ਜਲੂਸ ਵਿਚ ਸਿੱਖਾਂ ਦੇ ਵੱਢੇ ਹੋਏ ਸਿਰ ਗੱਡਿਆਂ ਉਂਤੇ ਲੱਦੇ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਨਾਲ ਜਕੜ ਕੇ ਇਕ ਲੋਹੇ ਦੇ ਪਿੰਜਰੇ ਚ ਕੈਦ ਕਰਕੇ ਹਾਥੀ ਤੇ ਬਿਠਾਇਆ ਹੋਇਆ ਸੀ। ਅੰਗਰੇਜ਼ ਇਤਿਹਾਸਕਾਰ ਕਨਿੰਘਮ, ਸਿੱਖ ਕੈਦੀਆਂ ਦੀ ਦੁਰਗਤ ਨੂੰ ਜੇਤੂਆਂ ਵੱਲੋਂ ਕੀਤੀ ਜ਼ਹਾਲਤ ਤੇ ਅੱਧ-ਜੰਗਲੀ ਹਰਕਤ ਕਰਾਰ ਦਿੰਦਾ ਹੈ। ਇਹ ਜਲੂਸ 27 ਫਰਵਰੀ, 1716 ਨੂੰ ਦਿੱਲੀ ਵਿਚ ਦਾਖਲ ਹੋਇਆ। (ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਜਲੂਸ 29 ਫਰਵਰੀ, 1716 ਨੂੰ ਦਿੱਲੀ ਵਿਚ ਦਾਖਲ ਹੋਇਆ)।
ਜਦੋਂ ਜਲੂਸ ਕਿਲ੍ਹੇ ਕੋਲ ਪਹੁੰਚਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਕਰਨ ਲਈ ਇਬਰਾਹੀਮ-ਉਦ-ਦੀਨ ਖ਼ਾਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ। ਬਾਕੀਆਂ ਨੂੰ ਸਰਬਰਾਹ ਖ਼ਾਨ ਦੇ ਹਵਾਲੇ ਕੀਤਾ ਗਿਆ। ਡਾ. ਗੰਡਾ ਸਿੰਘ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ, ਉਸ ਦਾ ਚਾਰ ਵਰ੍ਹਿਆਂ ਦਾ ਪੁੱਤਰ ਅਜੈ ਸਿੰਘ ਅਤੇ ਬੱਚੇ ਦੀ ਦਾਈ ਨੂੰ ਹਰਮ ਦਾ ਨਾਜ਼ਰ ਦਰਬਾਰ ਖ਼ਾਨ ਲੈ ਗਿਆ।
5 ਮਾਰਚ, 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਸਨ। ਸੱਤ ਦਿਨਾਂ ਤਕ ਇਹ ਕਹਿਰੀ ਕਤਲੇਆਮ ਜਾਰੀ ਰਿਹਾ। ਇਨ੍ਹਾਂ ਕਤਲਾਂ ਤੋਂ ਬਾਅਦ ਤਿੰਨ ਮਹੀਨਿਆਂ ਤਕ ਚੁੱਪ ਵਰਤੀ ਰਹੀ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬੋਟੀ ਬੋਟੀ ਹੋ ਗਿਆ: 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਚੋਣਵੇਂ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਚਾਰ ਸਾਲਾ ਪੁੱਤਰ ਅਜੈ ਸਿੰਘ ਵੀ ਨਾਲ ਹੀ ਸੀ। ਇਨ੍ਹਾਂ ਸਾਰਿਆਂ ਨੂੰ ਇਕ ਜਲੂਸ ਦੀ ਸ਼ਕਲ ਵਿਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਤੋਂ ਉਤਾਰ ਕੇ ਜ਼ਮੀਨ ਤੇ ਬਿਠਾ ਦਿੱਤਾ ਗਿਆ ਅਤੇ ਉਸ ਨੂੰ ਇਸਲਾਮ ਜਾਂ ਮੌਤ ਵਿਚੋਂ ਇਕ ਨੂੰ ਚੁਣਨ ਲਈ ਕਿਹਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹਾਦਤ ਦਾ ਰਾਹ ਚੁਣਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਧੱਕੇ ਨਾਲ ਤੁੰਨਣ ਦੀ ਕੋਸ਼ਿਸ਼ ਕੀਤੀ ਗਈ। ਬਾਬਾ ਜੀ ਦੀ ਲਾਸਾਨੀ ਸ਼ਹਾਦਤ ਦਾ ਭਿਆਨਕ ਦ੍ਰਿਸ਼ ਡਾ. ਗੰਡਾ ਸਿੰਘ ਨੇ ਆਪਣੀ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ, ਅੰਮ੍ਰਿਤਸਰ, 1935, ਪੰਨਾ 1233-34 ਉਂਤੇ ਇਉਂ ਚਿਤਰਿਆ ਹੈ: "ਪਹਿਲਾਂ ਬੁੱਚੜ ਨੇ ਛੁਰੇ ਦੀ ਨੋਕ ਨਾਲ ਉਸ ਦੀ ਸੱਜੀ ਅੱਖ ਕੱਢੀ ਅਤੇ ਫਿਰ ਖੱਬੀ। ਇਸ ਤੋਂ ਬਾਅਦ ਉਸ ਦਾ ਖੱਬਾ ਪੈਰ ਕੱਟਿਆ, ਫਿਰ ਉਸ ਦੇ ਦੋਵੇਂ ਹੱਥ ਸਰੀਰ ਤੋਂ ਅਲੱਗ ਕੀਤੇ ਗਏ। ਤਦ ਭਖ਼ਦੀਆਂ ਸਲਾਖਾਂ ਨਾਲ ਉਸ ਦਾ ਮਾਸ ਟੋਟੇ ਟੋਟੇ ਕੀਤਾ ਗਿਆ ਅਤੇ ਅੰਤ ਵਿਚ ਸਿਰ ਲਾਹਿਆ ਗਿਆ ਅਤੇ ਉਸ ਦਾ ਅੰਗ ਅੰਗ ਕੱਟ ਦਿੱਤਾ ਗਿਆ।" ਇਤਿਹਾਸਕਾਰ ਖ਼ਫ਼ੀ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਖ਼ੌਫ਼ਨਾਕ ਹਾਲ ਆਪਣੀ ਅੱਖੀਂ ਡਿੱਠਾ ਸੀ। ਉਹ ਆਪਣੀ ਪੁਸਤਕ ਮੁੰਤਾਖਿਬ-ਉਂਲ-ਲਬਾਬ ਵਿਚ ਲਿਖਦਾ ਹੈ ਕਿ "ਬਹੁਤ ਕੁਝ ਐਸਾ ਵਾਪਰਿਆ, ਜਿਸ ਉਂਪਰ ਚਸ਼ਮਦੀਦ ਗਵਾਹ ਤੋਂ ਇਲਾਵਾ ਕੋਈ ਸ਼ਾਇਦ ਯਕੀਨ ਨਾ ਕਰੇ।" ਇਸ ਹਕੀਕਤ ਤੋਂ ਕੋਈ ਵੀ ਇਤਿਹਾਸਕਾਰ ਮੁਨਕਰ ਨਹੀਂ ਹੈ ਕਿ ਅਸਹਿ ਤੇ ਅਕਹਿ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਤੋਂ ਮਾਸ ਨੋਚਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਨੂੰ ਬਿਆਨ ਕਰਦੀਆਂ, ਹਰਸਾ ਸਿੰਘ ਚਾਤਰ ਦੀਆਂ ਨਿਮਨ ਦਰਜ ਤੁਕਾਂ ਕਿੰਨੀਆਂ ਭਾਵਪੂਰਤ ਤੇ ਦਿਲ ਨੂੰ ਟੁੰਬਣ ਵਾਲੀਆਂ ਹਨ:
ਬੋਟੀ-ਬੋਟੀ ਹੋ ਗਿਆ, ਸਿੱਖੀ ਨਹੀਂ ਸੂਰਮੇ ਹਾਰੀ।
ਵਿਰਲੇ ਜੰਮਣ ਜੱਗ ਤੇ, ਇਹੋ ਜਿਹੇ ਚਾਤਰ ਉਪਕਾਰੀ।
ਇਸ ਤਰ੍ਹਾਂ ਸਿੱਖ ਇਤਿਹਾਸ ਵਿਚ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਕ ਨਿਧੜਕ ਯੋਧੇ ਵਜੋਂ ਮਾਨਤਾ ਹਾਸਲ ਹੈ, ਉਥੇ ਸਿੱਖ ਸ਼ਹੀਦੀ ਪਰੰਪਰਾ ਵਿਚ ਵੀ ਉਨ੍ਹਾਂ ਦਾ ਨਾਂ ਇਕ ਰੌਸ਼ਨ ਸਿਤਾਰੇ ਵਾਂਗ ਚਮਕਦਾ ਹੈ।
ਪੰਥ ਦੇ ਵਾਰਸੋ! ਕੁਝ ਤਾਂ ਸੋਚੋ! : ਤੁਸੀਂ ਵੇਖ ਹੀ ਲਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਦੂਜਾ, ਸੂਬੇਦਾਰ ਵਜ਼ੀਰ ਖ਼ਾਂ ਨੂੰ ਮੌਤ ਦੇ ਘਾਟ ਉਤਾਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਹਿਸ਼, ਜੋ ਸਮੁੱਚੀ ਕੌਮ ਦੀ ਖ਼ਾਹਿਸ਼ ਵੀ ਸੀ, ਨੂੰ ਪੂਰਾ ਕੀਤਾ।
ਕਲਪਨਾ ਕਰੋ! ਜੇ ਬਾਬਾ ਬੰਦਾ ਸਿੰਘ ਬਹਾਦਰ ਸੂਬੇਦਾਰ ਵਜ਼ੀਰ ਖ਼ਾਂ ਦੀ ਸੁਧਾਈ ਅਤੇ ਸਰਹਿੰਦ ਤੇ ਜਿੱਤ ਪ੍ਰਾਪਤ ਨਾ ਕਰਦਾ ਤਾਂ ਸਿੱਖ ਕੌਮ ਦਾ ਕੀ ਬਣਦਾ? ਤੀਜਾ, ਜਿਸ ਇਨਕਲਾਬੀ ਤਹਿਰੀਕ ਦੀ ਨੀਂਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਆਨੰਦਪੁਰ ਸਾਹਿਬ ਵਿਖੇ ਰੱਖੀ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਆਪਣੇ ਸਿਖਰ ਤੇ ਪੁੱਜੀ। ਚੌਥਾ, ਪੰਜਾਬ ਵਿਚ ਸੁਤੰਤਰ ਸਿੱਖ ਰਾਜ ਕਾਇਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੱਤ ਸੌ ਸਾਲ ਤੋਂ ਪਏ ਗ਼ੁਲਾਮੀ ਦੇ ਜੂਲ਼ੇ ਨੂੰ ਪੰਜਾਬ ਦੇ ਗਲ਼ੋਂ ਲਾਹੁਣ ਦੀ ਸ਼ੁਰੂਆਤ ਕੀਤੀ। ਪਰ ਅਸੀਂ ਉਸ ਦੀ ਕੁਰਬਾਨੀ ਦਾ ਕੀ ਮੁੱਲ ਪਾਇਆ ਹੈ? ਡੂੰਘੇ ਦੁੱਖ ਦੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਲਗਭਗ ਅਣਗੌਲਿਆ ਹੀ ਲੰਘ ਜਾਂਦਾ ਹੈ। ਸਿੱਖ ਕੌਮ ਦੀ ਲਾਜ ਰੱਖਣ ਵਾਲੇ ਇਸ ਲਾਸਾਨੀ ਸ਼ਹੀਦ ਨੂੰ ਪੰਥ ਵੱਲੋਂ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ। ਇਸ ਤਰ੍ਹਾਂ ਸਿੱਖ ਇਤਿਹਾਸ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਸਿੱਖ ਸੋਚ ਤੋਂ ਹੈਰਾਨੀ ਅਤੇ ਦੁੱਖ ਹੋਣਾ ਸੁਭਾਵਿਕ ਹੀ ਹੈ। ਪੰਥ ਦੇ ਵਾਰਸੋ! ਹੁਣ ਤਾਂ ਕੁਝ ਸੋਚੋ!! ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਅਤੇ ਉਸ ਵੱਲੋਂ ਦੇਸ਼ ਕੌਮ ਦੀ ਅਜ਼ਾਦੀ ਲਈ ਨਿਭਾਈ ਭੂਮਿਕਾ ਦਾ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਇਹੋ ਜਿਹੇ ਮਹਾਨ ਸ਼ਹੀਦ ਕਿਸੇ ਕੌਮ ਦਾ ਅਮੀਰ ਵਿਰਸਾ ਹੁੰਦੇ ਹਨ ਅਤੇ ਜ਼ਿੰਦਾ ਕੌਮਾਂ ਇਨ੍ਹਾਂ ਨੂੰ ਸਦਾ ਯਾਦ ਰੱਖਦੀਆਂ ਹਨ।